.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 08)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਆਓ। ਜ਼ਰਾ ਹੁਣ ਵਿਚਾਰ ਕਰੀਏ ਕਿ ਅਜੋਕੇ ਸੰਤਾਂ ਦੇ ਕਰਮ ਕੀ ਹਨ? ਗੁਰਬਾਣੀ ਅਤੇ ਗੁਰੂ ਇਤਿਹਾਸ ਨਾਲ ਸਬੰਧਿਤ ਵਿਅਕਤੀਆਂ/ਗੁਰਸਿੱਖਾਂ ਨਾਲੋਂ ਇਨ੍ਹਾਂ ਦੇ ਕਰਮ ਕੀ ਵਡੇਰੇ ਹਨ? ਸਿੱਖ ਧਰਮ ਦਾ ਇਤਿਹਾਸ ਜਿਵੇਂ ਕਿ ਵਕਤੀ ਹਕੂਮਤਾਂ ਨੇ ਵਹਿਸ਼ੀਆਨਾ/ਜਾਬਰਾਨਾਂ ਵਿਵਹਾਰ ਕੀਤਾ ਹੈ ਅਤੇ ਅੱਜ ਵੀ ਇਹ ਬਾ-ਦਸਤੂਰ ਜਾਰੀ ਹੈ, ਪ੍ਰੰਤੂ ਸਿੱਖ ਇਤਿਹਾਸ ਵਿੱਚ ਜਿਉਂ-ਜਿਉਂ ਕੋਈ ਸੰਕਟ ਪੈਦਾ ਹੋਇਆ ਹੈ ਤਾਂ ਜਾਬਰ ਅਨਿਆਕਾਰੀ ਹਕੂਮਤ ਅਤੇ ਵਿਅਕਤੀਆਂ ਨਾਲ ਦਸਤ-ਪੰਜਾ ਲੈਣ ਲਈ ਗੁਰਸਿੱਖ, ਭਾਈ, ਬਾਬੇ, ਸਾਹਮਣੇ ਆਏ ਹਨ ਤੇ ਉਹਨਾਂ ਨੇ ਆਪਣੀ ਸ਼ਹੀਦੀ ਤੇ ਬਹਾਦਰੀ ਰਾਹੀ ਨਵਾਂ ਇਤਿਹਾਸ ਰਚਿਆ ਹੈ, ਪ੍ਰੰਤੂ ਕੀ ਅਜੌਕੇ ਡੇਰੇਦਾਰ ਪਖੰਡੀ ਸੰਤ ਵੀ ਅਜਿਹਾ ਕੁੱਝ ਕਰ ਸਕਦੇ ਹਨ? --- ਈ: ਤੋਂ --- ਈ: ਤੱਕ ਸਾਨੂੰ ਕਿਸੇ ਦੇਹਧਾਰੀ ਸੰਤ ਦੇ ਦਰਸ਼ਨ ਨਹੀ ਹੁੰਦੇ ਬਲਕਿ ਨਾਮਧਾਰੀ ਪਰੰਪਰਾ ਜੋ ਕਿ ਗੁਰੂ ਪਰੰਪਰਾ ਨੂੰ ਗੁਰੂ ਗ੍ਰੰਥ ਸਾਹਿਬ ਦੀ ਇਲਾਹੀ ਜੋਤ ਤੋਂ ਬਾਅਦ ਹੀ ਦੇਹਧਾਰੀ ਗੁਰੂ ਦੇ ਰੂਪ ਵਿੱਚ ਵੇਖਦੇ ਹਨ, ਨੇ ਰਾਮ ਸਿੰਘ ਲਈ ਬਾਬਾ ਗੁਰੂ ਰਾਮ ਸਿੰਘ ਸ਼ਬਦ ਦੀ ਵਰਤੋ ਕੀਤੀ ਹੈ ਆਜ਼ਾਦੀ ਤੋਂ ਉਪਰੰਤ ਅਤੇ ਪੰਜਾਬ ਸੰਕਟ ਤੋਂ ਵਿਚਲੇ ਦੌਰ ਅੰਦਰ ਕੁੱਝ ਇੱਕ ਸੰਤ ਮਿਲਦੇ ਹਨ, ਜਿਵੇਂ ਸੰਤ ਗੁਰਬਚਨ ਸਿੰਘ ਨਿਰੰਕਾਰੀ ਸੰਤ ਹਰਚੰਦ ਸਿੰਘ ਲੌਗੋਵਾਲ, ਸੰਤ ਮਾਨ ਸਿੰਘ, ਸੰਤ ਚੰਨਣ ਸਿੰਘ, ਸੰਤ ਦਇਆ ਸਿੰਘ, ਸੰਤ ਈਸਰ ਸਿੰਘ, ਸੰਤ ਵਰਿਆਮ ਸਿੰਘ, ਸੰਤ ਫਤਿਹ ਸਿੰਘ ਆਦਿ ਸੰਤ ਮੁੱਖ ਰੂਪ ਵਿੱਚ ਸਾਹਮਣੇ ਆਉਂਦੇ ਹਨ, ਪ੍ਰੰਤੂ ਜੇਕਰ ਇਹਨਾਂ ਦੇ ਗੁਰੂ ਘਰ ਨਾਲ ਜੁੜੇ ਹੋਣ ਨੂੰ ਵੇਖਿਆ ਜਾਵੇ ਤਾਂ ਇਹ ਸੰਤ ਅਕਾਲ ਤਖਤ ਤੋਂ ਵੱਖਰੀ ਕਿਸੇ ਸੰਪਰਦਾ ਦੇ ਰੂਪ ਵਿੱਚ ਸਿੱਖ ਧਰਮ ਨਾਲ ਆਪਣਾ ਸਬੰਧ ਜੋੜਦੇ ਹਨ। ਪੰਜਾਬ ਸਮੱਸਿਆ (--) ਤੋਂ ਬਾਅਦ ਵੇਲੇ ਜਦੋਂ ਸਿੱਖ ਅਤੇ ਸਿੱਖੀ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਹੀ ਸੀ ਤਾਂ ਕਿਸੇ ਵੀ ਸੰਪਰਦਾ ਦਾ ਮੋਹਰੀ ਵਿਅਕਤੀ ਸਿੱਖੀ ਦੇ ਬਚਾਅ ਲਈ ਸਾਹਮਣੇ ਆਇਆ ਨਜ਼ਰੀ ਨਹੀਂ ਆਉਂਦਾ, ਬਲਕਿ ਇਨ੍ਹਾਂ ਸੰਤਾਂ ਨੇ ਆਪਣੀ ਜਾਨ ਦੇ ਬਚਾਅ ਲਈ ਵਿਦੇਸ਼ਾਂ ਵਿੱਚ ਜਾ ਕੇ ਪਨਾਹ ਲੈ ਲਈ ਅਤੇ ਇਹ ਅਲੋਪ ਹੀ ਹੋ ਗਏ। --- ਈ: ਤੋਂ ਬਾਅਦ ਪੰਜਾਬ ਅੰਦਰ ਕੁੱਝ ਸ਼ਾਂਤੀ ਵਾਲਾ ਮਾਹੋਲ ਪੈਦਾ ਹੋਣ ਤੋ ਬਾਅਦ ਸੰਤ ਲਹਿਰ ਬੜੇ ਜੋਰਾਂ `ਤੇ ਚੱਲੀ ਹੈ ਅਤੇ ਗਰਮੀ ਦੀ ਬਰਸਾਤ ਤੋਂ ਬਾਅਦ ਪੈਦਾ ਹੋਣ ਵਾਲੇ ਕੀੜਿਆਂ ਵਾਂਗ ਪਤਾ ਨਹੀ ਸੰਤਾਂ ਦੀ ਡਾਰ ਕਿਥੋਂ ਆਈ ਹੈ? ਗੁਰਮਤਿ ਦੀ ਸਧਾਰਨ ਸੋਝੀ ਰੱਖਣ ਵਾਲਾ --- ਸਾਲਾਂ ਦਾ ਬਾਲਕ ਵੀ ਆਪਣੇ ਆਪ ਨੂੰ ਮਹਾਂ ਤਪੱਸਵੀ ਸੰਤ ਦੱਸਦਾ ਹੈ। ਪਿਛਲੇ ਵਰ੍ਹਿਆਂ ਵਿੱਚ ਕੁੱਝ ਸ਼ਰਾਰਤੀ ਤੇ ਗੁਰੂ ਘਰ ਨੂੰ ਢਾਹ ਲਾਉਣ ਵਾਲੇ ਵਿਅਕਤੀਆਂ ਵਲੋਂ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦੀ ਬੇਅਦਬੀ ਅਤੇ ਗੁਰੂ ਰਹਿਤ ਮਰਿਯਾਦਾ ਨੂੰ ਢਾਹ ਲਾਉਣ ਦੇ ਕੋਝੇ ਯਤਨ ਵੇਖਣ ਵਿੱਚ ਸਾਹਮਣੇ ਆਏ ਜੋ ਕਿ ਇਹਨਾਂ ਹੀ ਸੰਤਾਂ ਦੇ ਮੁਕਾਬਲੇ ਸਥਾਪਿਤ ਡੇਰੇਦਾਰਾਂ ਵਲੋਂ ਕੀਤੇ ਗਏ ਹਨ, ਪ੍ਰੰਤੂ ਅੱਜਤਕ ਕੋਈ ਵੀ ਅਜੋਕਾ ਸੰਤ ਸਿੱਖ ਧਰਮ ਦੀ ਹੋਈ ਬੇਅਦਬੀ ਦਾ ਬਦਲਾ ਲੈਣ ਲਈ ਸਾਹਮਣੇ ਨਹੀ ਆਇਆ, ਬਲਕਿ ਇਹ ਸੰਤ ਤਾਂ ਆਪਣੀ ਰੋਜ਼ੀ-ਰੋਟੀ ਚਲਾਉਣ ਲਈ ਰਾਜੀਨਿਤਕ ਵਿਅਕਤੀਆਂ ਦੇ ਤਲਵੇ ਚਟਦੇ ਫਿਰਦੇ ਹਨ। ਇਸ ਯਾਰੀ ਦੇ ਹਰਜ਼ਾਨੇ ਵਜੋਂ ਹੀ ਭਨਿਆਰੇ ਵਾਲਾ, ਨੂਰਮਹਿਲੀਏ ਤੇ ਚੰਦਰਾਸਵਾਮੀ ਸ਼ੰਕਰਚਾਰੀ ਜੈ ਇੰਦਰ ਸਰਸਵਤੀ ਵਰਗੇ ‘ਵੱਡੇ ਸੰਤ’ ਜੇਲ ਯਾਤਰਾ ਕਰ ਚੁੱਕੇ ਹਨ। ਚੋਣਾਂ ਦੇ ਦਿਨਾਂ ਵਿੱਚ ਵੱਡੇ ਸਿਆਸੀ ਲੀਡਰ ਸਾਧਾਂ, ਸੰਤਾਂ ਤੋਂ ਅਸ਼ੀਰਵਾਦ ਲੈਂਦੇ ਹਨ ਤੇ ਉਥੇ ਜਾਣ ਵਾਲੀ ਜਨਤਾ ਸੰਤਾਂ ਦੇ ਕਹੇ ਨੂੰ ‘ਸਤਿਬਚਨ’ ਕਹਿ ਕੇ ਮੰਨਦੀ ਹੈ। ਗੱਲ ਕੀ ਸਿੱਖ ਇਤਿਹਾਸ ਦੀ ਮਰਿਯਾਦਾ ਨੂੰ ਯਾਦ ਕਰਕੇ ਇਨ੍ਹਾਂ ਨੇ ਸਿੱਖੀ ਦੇ ਬਚਾਅ ਲਈ ਕਿਤੇ ਵੀ ਕੋਈ ਕੁਰਬਾਨੀ ਨਹੀਂ ਦਿੱਤੀ, ਬਲਕਿ ਸੰਗਤ ਨੂੰ ਵੀ ਭੇਡਾਂ ਬਣਾ ਕੇ ਆਪਣੇ ਮਗਰ ਲਾ ਲਿਆ ਹੈ।

ਅਜੋਕੇ ਸਮੇਂ ਦੇ ਸੰਤ, ਬ੍ਰਹਮਗਿਆਨੀ, ਸਾਧੂਆਂ, ਬ੍ਰਹਮਜੋਗੀਆਂ ਦਾ ਜੀਵਨ ਅਗਰ ਗੁਰਮਤਿ ਅਨੁਸਾਰ ਪਿਛੇ ਦੱਸੇ ਗਏ ਗੁਣਾਂ ਨਾਲ ਮਿਲਾਈਏ ਤਾਂ ਇਹ ਉਸ ਤੋਂ ਕੋਹਾਂ ਦੂਰ ਹਨ। ਗੁਰਮਤਿ ਤੋਂ ਉਲਟ ਸਾਰੇ ਹੀ ਕਰਮ-ਕਾਂਡ ਇਹ ਭੇਖੀ ਕਰੀ ਜਾ ਰਹੇ ਹਨ। ਇਥੋਂ ਤੱਕ ਕਿ ਇਹਨਾਂ ਨੇ ਤਾਂ ਖੰਡੇ-ਬਾਟੇ ਦੇ ਅੰਮ੍ਰਿਤ ਵਿੱਚ ਵੀ ਵੰਡੀਆਂ ਪਾ ਦਿਤੀਆਂ ਹਨ। ਇਹਨਾਂ ਵਾਸਤੇ ਪਤਾਸੇ ਵੀ ਫਿੱਕੇ ਹੋ ਗਏ ਹਨ। ਜਿਹਨਾਂ ਨੇ ਇਹਨਾਂ ਦੇ ਡੇਰੇ ਤੋਂ ਅੰਮ੍ਰਿਤ ਨਹੀ ਛਕਿਆ, ਉਸ ਨੂੰ ਇਹ ਅੰਮ੍ਰਿਤ ਦੁਬਾਰਾ ਛਕਾਉਂਦੇ ਹਨ। ਇਹਨਾਂ ਨੂੰ ਅੰਮ੍ਰਿਤ ਦੀ ਕੀਮਤ ਦਾ ਕੀ ਪਤਾ? ਇਹਨਾ ਨੇ ਕਿਹੜਾ ਆਪਣਾ ਸੀਸ ਭੇਟ ਕੀਤਾ ਹੈ? ਇਹਨਾਂ ਦੇ ਮਨ ਦਾ ਮੁੱਖ ਆਸ਼ਾ ਤਾਂ ਆਪਣੇ ਡੇਰੇ ਦੀ ਪ੍ਰਸਿੱਧੀ ਕਰਨਾ ਹੈ। ਅੰਮ੍ਰਿਤ ਛਕਣ ਵਾਲੇ ਮੇਰੇ ਵੀਰ ਤੇ ਭੈਣਾਂ ਵੀ ਇਹੀ ਕਹਿੰਦੇ ਹਨ ਕਿ ਮੈ ਫਲਾਣੇ ਸੰਤਾਂ ਦਾ ਫਲਾਣੇ ਬਾਬਿਆਂ ਦਾ ਆਦਿ-ਆਦਿ ਦਾ ਅੰਮ੍ਰਿਤ ਛਕਿਆ ਹੈ। ਗੁਰੂ ਪਿਆਰਿਓ! ਗੁਰੂ ਗੋਬਿੰਦ ਸਿੰਘ ਜੀ ਵਲੋਂ ਸਾਜੇ-ਨਿਵਾਜੇ ‘ਖੰਡੇ-ਬਾਟੇ’ ਦੇ ਅੰਮ੍ਰਿਤ ਤੋਂ ਬਿਨਾਂ ਕਿਸੇ ਹੋਰ ਦਾ ਅੰਮ੍ਰਿਤ ਉਤੇ ਕੋਈ ਹੱਕ ਨਹੀ ਹੈ।

ਸਾਡੇ ਦਿਮਾਗ ਵਿੱਚ ਅਕਸਰ ਇਹੀ ਸੁਆਲ ਹੁੰਦਾ ਹੈ ਕਿ ਸੁਖਮਨੀ ਸਾਹਿਬ ਵਿੱਚ ਆਏ ਸਬਦ ਸੰਤ ਦੀ ਨਿੰਦਿਆ ਕਰਨ ਵਾਲੇ ਦੀ ਟਿਕਟ ਸਿੱਧੀ ਨਰਕਾਂ ਦੀ ਕੱਟੀ ਜਾਂਦੀ ਹੈ, ਜਿਵੇਂ:

ਸੰਤ ਕੈ ਦੂਖਨਿ ਆਰਜਾ ਘਟੈ॥

ਸੰਤ ਕੈ ਦੂਖਨਿ ਜਮ ਤੇ ਨਹੀ ਛੂਟੈ॥

ਸੰਤ ਕੈ ਦੂਖਨਿ ਸੁਖੁ ਸਭੁ ਜਾਇ॥

ਸੰਤ ਕੈ ਦੂਖਨਿ ਨਰਕ ਮਹਿ ਪਾਇ॥

… … … … … … … … … … … … … … … … … …, ,

ਸੰਤ ਕਾ ਨਿੰਦਕੁ ਮਹਾ ਹਤਿਆਰਾ॥

ਸੰਤ ਕਾ ਨਿੰਦਕੁ ਪਰਮੇਸੁਰਿ ਮਾਰਾ॥

(ਗਉੜੀ ਸੁਖਮਨੀ

ਇਹਨਾਂ ਪੰਕਤੀਆਂ ਵਿੱਚ ਪਿਛੇ ਕੀਤੀ ਗਈ ਵਿਚਾਰ ਅਨੁਸਾਰ ‘ਗੁਰੂ ਸੰਤ’ ਦੀ ਨਿੰਦਿਆ ਕਰਨ ਵਾਲੇ ਬਾਰੇ ਲਿਖਿਆ ਹੈ ਨਾ ਕਿ ਕਿਸੇ ਦੇਹਧਾਰੀ ਪਾਖੰਡੀ ਸੰਤ ਦੀ ਨਿੰਦਾ ਬਾਰੇ। ਕਿਸੇ ਭੇਖੀ, ਪਾਖੰਡੀ, ਅਖੌਤੀ ਬਾਬੇ/ਸੰਤ ਦੀਆਂ ਕਾਲੀਆਂ ਕਰਤੂਤਾਂ ਨੂੰ ਸਾਹਮਣੇ ਲਿਆਉਣਾ ਜਾਂ ਜਾਹਰ ਕਰਨਾ ਨਿੰਦਿਆ ਨਹੀ, ਬਲਕਿ ਸੱਚ ਬੋਲਣ ਦੀ ਜੁਅਰਤ ਕਿਹਾ ਜਾਂਦਾ ਹੈ ਸੱਚ ਬੋਲਣ ਦੀ ਹਿੰਮਤ ਹੋਣੀ ਚਾਹੀਦੀ ਹੈ ਕਿਉਂਕਿ ਸੱਚ ਹਮੇਸ਼ਾ ਨੰਗਾ ਹੋ ਕੇ ਨੱਚਦਾ ਹੈ, ਪਰਦੇ ਤਾਂ ਕੇਵਲ ਝੂਠ ਦੇ ਹੀ ਪਾਉਣੇ ਪੈਂਦੇ ਹਨ। ਸੱਚ ਬੋਲਣ ਦੀ ਪਿਰਤ ਤਾਂ ਸਾਡੇ ਗੁਰੂ ਨਾਨਕ ਦੇਵ ਜੀ ਨੇ ਸਮਕਾਲੀ ਤਾਕਤਵਰ ਹਾਕਮਾਂ ਸਾਹਮਣੇ ਤੇ ਮੰਦਰ/ਮਸਜਿਦਾਂ ਅੰਦਰ ਸੱਚ ਬੋਲ ਕੇ ਪਾਈ ਹੈ, ਪਰ ਅੱਜ ਹਰ ਅਖੌਤੀ ਬਾਬਾ/ਸੰਤ ਆਪਣੀ ਸੁਰੱਖਿਆ ਲਈ ਗੰਨਮੈਨਾਂ/ਰੱਖਿਅਕਾਂ ਦੀ ਸਹਾਇਤਾ ਲੈ ਰਿਹਾ ਹੈ, ਜਦੋਂ ਕਿ ਗੁਰਬਾਣੀ ਅੰਦਰ ਸਜੋਏ ਸੰਤ, ਸਾਧ ਅਨੁਸਾਰ ਅਜਿਹੇ ਮਹਾਂਪੁਰਖ ਨਿਰਭਉ, ਨਿਰਵੈਰ ਹੁੰਦੇ ਹਨ ਅਤੇ ਉਹਨਾਂ ਨੂੰ ਕਿਸੇ ਜਮਦੂਤ ਦਾ ਡਰ ਨਹੀ ਹੁੰਦਾ, ਜਿਵੇਂ:

ਟੋਹੇ ਟਾਹੇ ਬਹੁ ਭਵਨ ਬਿਨੁ ਨਾਵੇ ਸੁਖੁ ਨਾਹਿ॥

ਟਲਹਿ ਜਾਮ ਕੇ ਦੂਤ ਤਿਹ ਜੁ ਸਾਧੂ ਸੰਗਿ ਸਮਾਹਿ॥

ਬਾਰਿ ਬਾਰਿ ਜਾਉ ਸੰਤ ਸਦਕੇ॥ ਨਾਨਕ ਪਾਪ ਬਿਨਾਸੇ ਕਦਿਕੇ॥

(ਬਾਵਨ ਅਖਰੀ)

ਅੱਜ ਸਿੱਖ ਕੌਮ ਅੰਦਰ ਬਹੁਤ ਸਾਰੀਆਂ ਸੁਖਮਨੀ ਸੋਸਾਇਟੀਆਂ ਹਨ, ਕਿਉਂਕਿ ‘ਸੁਖਮਨੀ’ ਬਾਣੀ ਅੰਦਰ ਬਹੁਤ ਵਾਰੀ ਸੰਤ, ਬ੍ਰਹਮਗਿਆਨੀ, ਸਾਧ, ਪੰਡਿਤ ਆਦਿ ਸ਼ਬਦ ਆਏ ਹਨ, ਇਹਨਾਂ ਸ਼ਬਦਾਂ ਦੇ ਉਲਟ ਅਰਥ ਕੱਢ ਕੇ ਇਹਨਾਂ ਸਵਾਰਥੀ ਅਖੌਤੀ ਬਾਬਿਆਂ ਨੇ ਆਪਣੀ ਵਡਿਆਈ ਕਰਾਉਣ ਲਈ, ਆਪਣੇ ਹਿੱਤ ਵਿੱਚ ਵਰਤ ਲਏ ਹਨ, ਪਰ ‘ਆਸਾ ਦੀ ਵਾਰ’ ਕੀ ਤਾਂ ਸਾਨੂੰ ਕੋਈ ਸੋਸਾਇਟੀ ਵੇਖਣ ਨੂੰ ਨਹੀ ਮਿਲਦੀ, ਕਿਉਂਕਿ ‘ਆਸਾ ਕੀ ਵਾਰ’ ਬਾਣੀ ਅੰਦਰ ਇਹਨਾਂ ਭੇਖੀ, ਪਾਖੰਡੀ ਬਾਬਿਆਂ, ਕਾਜ਼ੀਆਂ, ਧਾਰਮਕ ਪੈਰੋਕਾਰਾਂ, ਰਾਜਿਆਂ ਉਪਰ ਕਰੜੇ ਵਿਅੰਗ ਕੀਤੇ ਹੋਏ ਹਨ, ਬ੍ਰਾਹਮਣੀ ਕਰਮਕਾਡਾਂ ਦੀ ਖਲੜੀ ਉਧੇੜੀ ਹੋਈ ਹੈ, ਜਿਵੇਂ:

ਪੜਿ ਪੁਸਤਕ ਸੰਧਿਆ ਬਾਦੰ॥ ਸਿਲ ਪੁਜਸਿ ਬਗੁਲ ਸਮਾਧੰ॥

ਮੁਖਿ ਝੂਠ ਬਿਭੂਖਣ ਸਾਰੰ॥ ਤ੍ਰੈਪਾਲ ਤਿਹਾਲ ਬਿਚਾਰੰ॥

ਗਲਿ ਮਾਲਾ ਤਿਲਕੁ ਲਿਲਾਟੰ॥ ਦੁਇ ਧੋਤੀ ਬਸਤ੍ਰ ਕਪਾਟੰ॥

ਜੇ ਜਾਣਸਿ ਬ੍ਰਹਮੰ ਕਰਮੰ॥ ਸਭਿ ਫੋਕਟ ਨਿਸਚਉ ਕਰਮੰ॥

ਕਹੁ ਨਾਨਕ ਨਿਸਚਉ ਧਿਆਵੈ॥ ਵਿਣੁ ਸਤਿਗੁਰ ਵਾਟ ਨ ਪਾਵੈ॥

(ਆਸਾ ਕੀ ਵਾਰ)

ਇਸ ਤਰ੍ਹਾਂ ਸੁਖਮਨੀ ਅੰਦਰ ਆਏ ਸੰਤ ਦੀ ਨਿੰਦਿਆ ਦਾ ਅਜੋਕੇ ਸੰਤ ਭੋਲੀ-ਭਾਲੀ ਸੰਗਤ ਦੇ ਦਿਮਾਗ ਵਿੱਚ ਡਰ ਬਿਠਾ ਕੇ ਆਪਣੀ ਪੂਜਾ ਕਰਵਾ ਰਹੇ ਹਨ। ਉਲਟੀ ਗੰਗਾ ਵਹਾ ਕੇ ਆਪਣਾ ਤੋਰੀ ਫੁਲਕਾ ਚਲਾ ਰਹੇ ਹਨ, ਜਿਨ੍ਹਾਂ ਬਾਰੇ ਗੁਰੂ ਨਾਨਕ ਦੇਵ ਜੀ ‘ਆਸਾ ਦੀ ਵਾਰ’ ਵਿੱਚ ਕਹਿ ਰਹੇ ਹਨ, ਜਿਵੇਂ:

ਵਾਇਨਿ ਚੇਲੇ ਨਚਨਿ ਗੁਰ॥ ਪੈਰ ਹਲਾਇਨਿ ਫੇਰਨਿ ਸਿਰ॥

ਉਡਿ ਉਡਿ ਰਾਵਾ ਝਾਟੈ ਪਾਇ॥ ਵੇਖੈ ਲੋਕੁ ਹਸੈ ਘਰਿ ਜਾਇ॥

ਰੋਟੀਆ ਕਾਰਣਿ ਪੂਰਹਿ ਤਾਲ॥ ਆਪੁ ਪਛਾੜਹਿ ਧਰਤੀ ਨਾਲਿ॥

ਅਜੋਕੇ ਅਖੌਤੀ ਸੰਤਾਂ ਨੇ ਗੁਰੂ ਦੇ ਨਾਮ ਤੇ ਧਨ ਇੱਕਠਾ ਕਰਨਾ ਤੇ ਆਪਣੇ ਚੇਲਿਆਂ ਦੁਆਰਾ ਮੰਗਣਾ ਆਪਣਾ ਜਨਮ ਸਿਧ ਅਧਿਕਾਰ ਸਮਝ ਰੱਖਿਆ ਹੈ, ਜਦੋਂ ਕਿ ਗੁਰੂ ਸਾਹਿਬ ਨੇ ਤਾਂ ਸਾਨੂੰ ਮੰਗਣ ਤੋਂ ਵਰਜਦੇ ਹੋਏ ਹੱਥੀਂ ਕਿਰਤ ਕਰਕੇ ਖਾਣ ਨੂੰ ਹੀ ਮੁਕਤੀ ਦਾ ਰਾਹ ਦੱਸਿਆ ਹੈ, ਜਿਵੇਂ ਫਰੁਮਾਣ ਹੈ:-

ਗੁਰੁ ਪੀਰੁ ਸਦਾਏ ਮੰਗਣ ਜਾਇ॥

ਤਾ ਕੈ ਮੂਲਿ ਨਾ ਲਗੀਐ ਪਾਇ॥

ਘਾਲਿ ਖਾਇ ਕਿਛੁ ਹਥਹੁ ਦੇਇ॥

ਨਾਨਕ ਰਾਹੁ ਪਛਾਣਹਿ ਸੇਇ॥

ਗੁਰਮਤਿ ਵਿਚਾਰਧਾਰਾ ਦਾ ਇਹ ਮੁੱਢਲਾ ਸਿਧਾਂਤ ਹੈ ਕਿ ਕਿਰਤ ਕਰੋ, ਨਾਮ ਜਪੋ, ਵੰਡ ਛੱਕੋ। ਜਿਸ ਨੂੰ ਅਸਲੀ ਰੂਪ ਦੇਣ ਲਈ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਅੰਤਲੇ ਸਮੇਂ ਕਰਤਾਰਪੁਰ ਵਿਖੇ ਹੱਥੀ ਖੇਤੀ ਕਰਕੇ ਸੱਚ ਕਰ ਦਿਖਾਇਆ ਤੇ ਦੂਸਰੇ ਗੁਰੂ ਸਾਹਿਬ ਵੀ ਇਸੇ ਰਸਤੇ ਹੀ ਚਲਦੇ ਰਹੇ ਤੇ ਆਪਣਾ ਜੀਵਨ ਕਿਰਤ ਅਨੁਸਾਰੀ ਜਿਉ ਕੇ ਵਿਖਾਇਆ, ਪਰ ਅੱਜ ਇੱਕ ਵੀ ਸੰਤ, ਬਾਬਾ ਜਾਂ ਡੇਰੇਦਾਰ ਅਜਿਹਾ ਨਹੀ ਮਿਲੇਗਾ ਜੋ ਦਸਾਂ ਨਹੁਆਂ ਦੀ ਕਿਰਤ ਕਰਕੇ ਉਸ ਵਿਚੋਂ ਦਸਵੰਧ ਕੱਢ ਕੇ ਗੁਰੂ ਘਰ ਜਾਂ ਗੁਰੂ ਰੂਪ ਸੰਗਤ ਦੇ ਲੇਖੇ ਲਾਉਦਾ ਹੋਵੇ, ਅਜਿਹੇ ਭੇਖੀਆਂ ਬਾਰੇ ਗੁਰੂ ਅਮਰਦਾਸ ਜੀ ਕਹਿ ਰਹੇ ਹਨ, ਜਿਵੇਂ:

ਹਿਰਦੈ ਜਿਨ ਕੈ ਕਪਟੁ ਵਸੈ ਬਾਹਰਹੁ ਸੰਤ ਕਹਾਹਿ॥

ਤ੍ਰਿਸਨਾ ਮੂਲਿ ਨ ਚੁਕਈ ਅੰਤਿ ਗਏ ਪਛੁਤਾਇ॥

ਇਹ ਅਖੋਤੀ ਸੰਤ ਦੂਸਰਿਆਂ ਨੂੰ ਹੀ ਮੱਤਾਂ ਦਿੰਦੇ ਹਨ, ਜਦੋਂ ਕਿ ਇਹਨਾਂ ਦੀ ਕਹਿਣੀ ਨੂੰ ਇਨ੍ਹਾਂ ਨੇ ਖ਼ੁਦ ਆਪ ਕਰਨੀ ਅਨੁਸਾਰ ਨਹੀਂ ਜੀਵਿਆ, ਜਿਸ ਬਾਰੇ ਕਬੀਰ ਜੀ ਕਹਿ ਰਹੇ ਹਨ:

ਕਬੀਰਾ ਅਵਰਹ ਕਉ ਉਪਦੇਸ ਤੇ ਮੁਖ ਮੈ ਪਰਿ ਹੈ ਰੇਤੁ॥

ਰਾਸਿ ਬਿਰਾਨੀ ਰਾਖਤੇ ਖਾਯਾ ਘਰ ਕਾ ਖੇਤੁ॥

ਇਨ੍ਹਾਂ ਪਾਖੰਡੀਆਂ ਦੇ ਭਰਮ-ਜਾਲ ਵਿੱਚ ਆ ਕੇ ਅੱਜ ਸੰਗਤ ਵੀ ਇਸੇ ਖੁਸ਼ੀ ਵਿੱਚ ਹੈ ਕਿ ਫਲਾਣੇ ਬਾਬਿਆਂ ਨੇ ਗੁਰੂਦੁਆਰਾ ਬਣਾ ਦਿਤਾ ਹੈ, ਸਕੂਲ ਦੀ ਇਮਾਰਤ ਬਣਾ ਦਿੱਤੀ ਹੈ ਜਾਂ ਕਿਸੇ ਹੋਰ ਦੀ ਮੱਦਦ ਕਰ ਦਿੱਤੀ ਹੈ। ਪਰ ਅਸੀਂ ਇਹਨਾਂ ਦੀ ਚਾਣਕਿਆ ਨੀਤੀ ਬਾਰੇ ਕਦੇ ਨਹੀਂ ਸੋਚਦੇ ਕਿਉਂਕਿ ਹਰ ਬਾਬਾ/ਸੰਤ ਪਹਿਲਾਂ ਆਪਣਾ ਡੇਰਾ ਬਣਾਉਂਦਾ ਹੈ ਜਦੋਂ ਵਾਹਵਾ ਧਨ ਇਕੱਠਾ ਹੋ ਜਾਏ ਤਾਂ ਫਿਰ ਸਕੂਲ ਬਣਾਉਂਦਾ ਹੈ ਤੇ ਉਸ ਸਕੂਲ ਨੂੰ ਆਪਣੇ ਨਾਮ ਜਾਂ ਕਿਸੇ ਵਡੇਰੇ ਸੰਤ ਦੇ ਨਾਂ ਤੇ ਅਕੈਡਮੀ ਦੀ ਜ਼ਮੀਨ ਦੀ ਰਜਿਸਟਰੀ ਇਹਨਾਂ ਦੇ ਆਪਣੇ ਨਾਮ ਤੇ ਹੁੰਦੀ ਹੈ। ਉਸ ਅਕੈਡਮੀ ਵਿੱਚ ਪੜ੍ਹਦੇ ਬੱਚਿਆਂ ਦੀ ਨਰਸਰੀ ਜਮਾਤ ਦੀ ਫੀਸ ਵੀ --- ਹਜ਼ਾਰ ਸਲਾਨਾ ਤੋਂ ਘੱਟ ਨਹੀ ਹੁੰਦੀ। ਭਵਿੱਖ ਵਿੱਚ ਉਸਦਾ ‘ਸੰਤ-ਪੁਣੇ’ ਦਾ ਧੰਦਾ ਬੰਦ ਵੀ ਹੋ ਜਾਏ ਤਾਂ ਸਕੂਲ (ਅਕੈਡਮੀ) ਦੀ ਆਮਦਨ ਨਾਲ ਤਾਂ ਇਹ ਆਪਣੀਆਂ ਕਈ ਪੁਸ਼ਤਾਂ ਦੀਆਂ ਰੋਟੀਆਂ ਪੱਕੀਆਂ ਕਰ ਜਾਂਦੇ ਹਨ। ਇਥੋਂ ਤੱਕ ਕੇ ਕੁੱਝ ਦਿਨ (--ਮਈ -- ਪੰਜਾਬੀ ਟ੍ਰਿਬਿਊਨ ਮੁਤਾਬਿਕ) ਪਹਿਲਾਂ ਇੱਕ ਸੰਤ ਸਮਾਜ ਦੀ ਭਰਵੀਂ ਮੀਟਿੰਗ ਹੋਈ, ਜਿਸ ਵਿੱਚ ਸੰਤ ਸ਼ੰਕਰਾ ਨੰਦ ਜੀ ਭੂਰੀ ਵਾਲੇ, ਸੰਤ ਬੰਤ ਸਿੰਘ ਸੈਪਲੀ ਵਾਲੇ, ਸੰਤ ਨਛੱਤਰ ਸਿੰਘ ਕਾਲੀ ਕੰਬਲੀ ਵਾਲੇ (ਪਟਿਆਲਾ) ਸੰਤ ਏਕਮ ਸਿੰਘ ਸਿੱਧਸਰ ਸਾਹਿਬ ਵਾਲੇ ਸੰਤ ਕਰਨੈਲ ਸਿੰਘ ਨਕੋਦਰ ਵਾਲੇ ਸੰਤ ਦਰਬਾਰਾ ਦਾਸ, ਸੰਤ ਸਿੰਗਾਰਾ ਸਿੰਘ, ਸੰਤ ਦਰਬਾਰਾ ਸਿੰਘ ਮਾਲੋਵਾਲ ਟਿੱਬੀ ਵਾਲੇ, ਸੰਤ ਜਗਤਾਰ ਸਿੰਘ, ਗਹਿਲਾ ਮੂਸਾ ਵਾਲੇ, ਸੰਤ ਪੰਜਾਬ ਸਿੰਘ ਮਾਦਪੁਰ ਵਾਲੇ, ਸੰਤ ਲਾਲ ਦਾਸ ਜੀ, ਸੰਤ ਅਮਰਜੀਤ ਸਿੰਘ ਰਾੜਾ ਸਾਹਿਬ ਜਲੰਧਰ ਵਾਲੇ, ਸੰਤ ਅਵਤਾਰ ਸਿੰਘ ਸਵਾਮੀ ਰਾਮ ਦਾਸ, ਸੰਤ ਜੰਗ ਸਿੰਘ ਕੁੱਪ ਕਲਾਂ ਵਾਲੇ ਸੰਤ ਸੁਰਜੀਤ ਸਿੰਘ ਲੀਲਾ ਵਾਲੇ, ਬਾਬਾ ਜੁਗਰਾਜ ਸਿੰਘ ਲੋਪੇਵਾਲੇ, ਸੰਤ ਸੁਰਜੀਤ ਸਿੰਘ ਲੀਲਾ ਵਾਲੇ ਸੰਤ ਗੇਜਾ ਸਿੰਘ, ਸੰਤ ਗੁਰਦਿਆਲ ਸਿੰਘ, ਸੰਤ ਚਰਨਜੀਤ ਸਿੰਘ ਸਹੋਲੀ ਵਾਲੇ, ਸੰਤ ਬਾਬਾ ਸਵਰਨ ਸਿੰਘ ਬਾਰਾਂਦਰੀ ਵਾਲੇ ਸੰਤ ਬਾਬਾ ਕਿਸ਼ਨ ਸਿੰਘ ਹਰਖੋਵਾਲ ਆਦਿ ਸੰਤਾਂ ਨੇ ਮੀਟਿੰਗ ਵਿੱਚ ਯੂਨੀਵਰਸਿਟੀ ਬਣਾਉਣ ਤੱਕ ਦਾ ਵੀ ਫੈਸਲਾ ਕਰ ਲਿਆ ਹੈ।

ਗੁਰੂ ਪਿਆਰੀ ਗੁਰੂ ਰੂਪ ਸੰਗਤ ਜੀਓ! ਅਸੀਂ ਇਹ ਵੀ ਕਦੇ ਸੋਚਣ ਦੀ ਕੋਸ਼ਿਸ਼ ਨਹੀ ਕੀਤੀ ਕਿ ਜੋ ਬਾਬਾ ਜੀ ਰੁਪਇਆ ਲਗਾ ਰਹੇ ਹਨ ਉਹ ਕਿਥੋਂ ਆਇਆ ਹੈ? ਸਗੋਂ ਉਹ ਤਾਂ ਸਾਡੇ ਹੀ ਦਸਵੰਧ ਵਿਚੋਂ ਆਪਣਾ, ਆਪਣੇ ਚੇਲਿਆਂ (ਗੰਨਮੈਨਾਂ) ਦਾ, ਮਹਿੰਗੀਆਂ ਗੱਡੀਆਂ ਦਾ, ਮਖ਼ਮਲੀ ਜੁੱਤੀਆ ਦਾ, ਕੀਮਤੀ ਵਸਤਰਾਂ ਦਾ ਏਅਰ ਕੰਡੀਸ਼ਨਰ ਭੋਰਿਆਂ ਦਾ ਨਗਾਂ ਵਾਲੀਆਂ ਮੁੰਦਰੀਆਂ ਦਾ, ਆਲੀਸ਼ਾਨ ਬਿਲਡਿੰਗਾਂ ਦਾ ਜਹਾਜ਼ਾਂ ਦੇ ਕਿਰਾਏ ਦਾ ਆਦਿ ਖਰਚਾ ਕੱਢ ਕੇ ਹੀ ਬਚਿਆ-ਖੁਚਿਆ ਲਾਉਂਦੇ ਹਨ। ਕੀ ਸਾਡਾ ਦਸਵੰਧ ਗੁਰੂ ਜੀ ਦੇ ਹੁਕਮ ਅਨੁਸਾਰ (ਗਰੀਬ ਦਾ ਮੂੰਹ ਗੁਰੂ ਕੀ ਗੋਲਕ) ਦੇ ਲੇਖੇ ਲੱਗ ਰਿਹਾ ਹੈ ਜਾਂ ਬਾਬਾ ਜੀ ਦੀ ੩੫ ਲੱਖ ਵਾਲੀ ਗੱਡੀ (ਕਾਰ) ਵਿੱਚ ਪੈਟਰੋਲ ਦੇ ਰੂਪ ਵਿੱਚ ਫੂਕਿਆ ਜਾ ਰਿਹਾ ਹੈ। ਇਹਨਾਂ ਦੇ ਵਿਹਲੜ ਚੇਲੇ ਵੀ ਆਮ ਪ੍ਰਚਾਰ ਕਰਦੇ ਹਨ ਕਿ ਬਾਬਾ ਜੀ ਸਿੱਖੀ ਦੇ ਪ੍ਰਚਾਰ ਵਾਸਤੇ ਵਿਦੇਸ਼ ਜਾ ਰਹੇ ਹਨ। ਕੀ ਕਦੇ ਇਹਨਾਂ ਭੇਖੀਆਂ ਨੇ ਉਹਨਾਂ ਦੇਸ਼ਾਂ ਵੱਲ ਮੂੰਹ ਕੀਤਾ ਹੈ, ਜਿਹਨਾਂ ਦੀ ਕਰੰਸੀ ਦੀ ਕੀਮਤ ਭਾਰਤੀ ਰੁਪਏ ਨਾਲੋਂ ਘੱਟ ਹੈ? ਕੀ ਇਹਨਾਂ ਨੇ ਪੰਜਾਬ ਜਾਂ ਭਾਰਤ ਦੇ ਬਾਕੀ ਹਿੱਸੇ ਵਿੱਚ ਸਾਰਿਆਂ ਨੂੰ ਸਿੱਖ ਬਣਾ ਲਿਆ ਹੈ? ਜੋ ਇਹ ਪ੍ਰਚਾਰ ਕਰਨ ਲਈ ਵਿਦੇਸ਼ਾਂ ਨੂੰ ਤੁਰ ਪਏ ਹਨ? ਇਨ੍ਹਾਂ ਭੇਖੀ ਸੰਤਾਂ ਦੀ ਸਾਰੀ ਠਾਠ-ਬਾਠ ਕੀ ਗੁਰੂ ਨਾਨਕ ਦੇ ਫੁਰਮਾਣ ਨਾਲ ਮੇਲ ਖਾਂਦੀ ਹੈ? ਜਿਵੇਂ ਫੁਰਮਾਣ ਹੈ:

ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥

ਨਾਨਕ ਤਿਨ ਕੇ ਸੰਗਿ ਸਾਥਿ ਵਡਿਆ ਸਿਉ ਕਿਆ ਰੀਸ॥

(ਸਿਰੀ ਰਾਗ)

ਅਜੋਕੇ ਇਹ ਸੰਤ ਗ੍ਰਹਿਸਥ ਧਰਮ ਤੋਂ ਮੁਨਕਰ ਹੋ ਕੇ ਆਪਣੇ ਆਪ ਨੂੰ ਬ੍ਰਹਮਚਾਰੀ ਅਖਵਾਉਣ ਲੱਗ ਪਏ ਹਨ ਜੋ ਕਿ ਇਹਨਾ ਦੇ ਇਸ਼ਤਿਹਾਰ, ਬੈਨਰਾਂ ਆਦਿ ਤੇ ਵੀ ਲਿਖਿਆ ਵੇਖਣ ਨੂੰ ਮਿਲਦਾ ਹੈ, ਜਦ ਕਿ ਗੁਰੂ ਸਾਹਿਬਾਨ ਨੇ ਤਾਂ ਗ੍ਰਿਹਸਥ ਮਾਰਗ ਨੂੰ ਜੀਵਿਆ ਹੀ ਨਹੀ, ਸਗੋਂ ਵਡਿਆਇਆ ਵੀ ਹੈ ਤੇ ਬ੍ਰਹਮਚਾਰੀ ਅਖਵਾਉਣ ਵਾਲੇ ਮਨੁੱਖ ਨੂੰ ਭਗਤ ਕਬੀਰ ਜੀ ਨੇ ਖੁਸਰੇ ਦੀ ਨਿਆਈ ਦੱਖ਼ਸਿਆ ਹੈ, ਜਿਵੇਂ:

ਬਿੰਦ ਰਾਖਿ ਜੋ ਤਰੀਐ ਭਾਈ॥

ਖਸੁਰੈ ਕਿਉ ਨ ਪਰਮ ਗਤਿ ਪਾਈ॥

(ਗਉੜੀ ਕਬੀਰ ਜੀ,)

ਗੱਲ ਕੀ ਸਿਧੇ-ਸਾਦੇ ਸਿੱਖ ਧਰਮ ਦੇ ਮਾਡਲ ਨੂੰ ਇਹਨਾਂ ਸੰਤਾਂ ਨੇ ਬੰਦਸ਼ਾਂ ਲਾ ਕੇ ਇੰਨਾ ਜਟਿਲ ਤੇ ਗੁੰਝਲਦਾਰ ਬਣਾ ਦਿੱਤਾ ਹੈ ਕਿ ਅੱਜ ਆਮ ਲੋਕ ਸਿੱਖੀ ਤੋਂ ਮੁਨਕਰ ਹੋ ਕੇ ਬ੍ਰਹਮਣਵਾਦ ਦੇ ਦਰਿਆ ਵਿੱਚ ਰੁੜ੍ਹ ਰਿਹਾ ਹੈ। ਹੁਣ ਤਾਂ ਇਹਨਾਂ ਦੇ ਕਈ ਇਸ਼ਤਿਹਾਰਾਂ ਤੇ ਇਹਨਾਂ ਦੇ ਚੇਲਿਆਂ ਵਲੋਂ ਇਹਨਾਂ ਨੂੰ ਪ੍ਰਮਾਤਮਾ (ਨਰਾਇਣ) ਵੀ ਦਰਸਾਇਆ ਗਿਆ ਹੈ ਤੇ ਸਬੂਤ ਵਜੋਂ ਗੁਰੂ ਗ੍ਰੰਥ ਸਾਹਿਬ ਦੀ ਤੁਕ ਦਿੱਤੀ ਜਾਂਦੀ ਹੈ, ਜਿਵੇਂ ਕਿ ਸੰਤ ਨਰਾਇਣ ਸਿੰਘ ਦੇ ਇਸ਼ਤਿਹਾਰਾਂ ਵਿੱਚ ਵੇਖਣ ਨੂੰ ਮਿਲਿਆ ਸੀ:

ਆਪਿ ਨਰਾਇਣੁ ਕਲਾ ਧਾਰਿ ਜਗ ਮਹਿ ਪਰਵਰਿਯਉ॥

ਜਦੋਂ ਕਿ ਇਹ ਮਹਾਂਵਾਕ ਤਾਂ ਭੱਟਾਂ ਨੇ ਆਪਣੇ ਗੁਰੂ ਉਸਤਤਿ ਲਈ ਵਰਤਿਆ ਸੀ, ਪਰ ਅੱਜ ਇਹਨਾਂ ਅਖੌਤੀਆਂ ਨੇ ਆਪਣੇ ਗੱਦੀਦਾਰਾਂ ਲਈ ਅਜਿਹੇ ਉਸਤਤਿ ਭਰੇ ਵਾਕ ਇਸ਼ਤਿਹਾਰਾਂ ਵਿੱਚ ਵਰਤ ਰਹੇ ਹਨ।

ਇਸੇ ਤਰ੍ਹਾਂ ਹੀ ਨਿਰੰਕਾਰੀਆਂ ਨੇ ਨਿਰੰਕਾਰੀ ਸੰਪਰਦਾ ਦੇ ਗੁਰੂ/ਸੰਤ ਗੁਰਬਚਨ ਸਿੰਘ ਨਿਰੰਕਾਰੀ ਲਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀ ਗੁਰਬਾਣੀ ਦੀਆਂ ਤੁਕਾਂ ਦੇ ਉਲਟ ਅਰਥ ਕੱਢਕੇ, ਭਾਵ ਗੁਰੂ ਦੇ ਬਚਨ ਨੂੰ ਗੁਰਬਚਨ ਕਹਿ ਕੇ ਗੁਰਬਚਨ ਸਿੰਘ ਦੀ ਵਡਿਆਈ ਹਿੱਤ ਵਰਤਿਆ ਸੀ, ਜਿਵੇਂ:

ਗੁਰਿ ਬਚਨ ਗੁਰੂ ਹੈ ਜਗਤੁ ਕਾ ਸਭ ਕਾ ਪਾਲਣ ਹਾਰ॥

ਇਕ ਹੋਰ ਮਿਸਾਲ ਵਜੋਂ ਅੱਜ ਸਰਸੇ ਵਾਲੇ ਸੱਚਾ-ਸੌਦਾ ਦੇ ਨਾਮ ਵਜੋਂ ਜਾਣੇ ਜਾਂਦੇ ਡੇਰੇ ਦੇ ਚੇਲੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰੂ ਅਮਰਦਾਸ ਜੀ ਦੀ ਬਾਣੀ ਆਨੰਦ ਸਾਹਿਬ ਦੀ ਤੁਕ ਦੇ ਉਲਟ ਅਰਥ ਕੱਢਕੇ ਇਸ਼ਤਿਹਾਰਾਂ ਵਿੱਚ ਵਰਤਦੇ ਹੋਏ ਕਹਿੰਦੇ ਹਨ ਕਿ ਸੰਤ, ਮਹਾਤਮਾ ਸਰਸੇ ਵਿੱਚ ਹੀ ਪੈਦਾ ਹੋਣਗੇ, ਜਿਵੇਂ:

ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ॥

ਅਜੋਕੇ ਸਮੇਂ ਦੇ ਸੰਤ, ਬ੍ਰਹਮਗਿਆਨੀ, ਬ੍ਰਹਮਚਾਰੀ, ਸਾਧੂਆਂ ਆਦਿ ਦਾ ਜੀਵਨ ਗੁਰਮਤਿ ਅਨੁਸਾਰ ਦੱਸੇ ਗਏ ‘ਸੰਤ’ ਨਾਲ ਮਿਲਾਈਏ ਤਾ ਇਹ ਉਸ ਤੋਂ ਕੋਹਾਂ ਦੂਰ ਹਨ। ਉਹ ਗੁਰਮਤਿ ਤੋਂ ਉਲਟ ਕਿਹੜਾ ਕਰਮ ਕਾਂਡ ਹੈ ਜੋ ਇਹ ਨਹੀ ਕਰਦੇ। ਹਰ ਅਹੁਦੇਦਾਰ ਨੂੰ ਭਾਵੇ ਉਹ ਚੋਰ ਹੀ ਕਿਉਂ ਨਾ ਹੋਵੇ? ਘੱਟੋ-ਘੱਟ ਸਾਲ ਵਿੱਚ ਇੱਕ ਵਾਰ ਤਾਂ ਲੇਖਾ-ਜੋਖਾ ਦੇਣਾ ਹੀ ਪੈਦਾ ਹੈ, ਜਿਸ ਨਾਲ ਹੇਰਾਫੇਰੀ ਦੀ ਗੁੰਜਾਇਸ਼ ਕਾਫੀ ਘੱਟ ਜਾਂਦੀ ਹੈ, ਪਰ ਇਨ੍ਹਾਂ ਮਸੰਦਾਂ ਤੋਂ ਨਾ ਕੋਈ ਹਿਸਾਬ ਮੰਗਣ ਦੀ ਹਿੰਮਤ ਕਰਦਾ ਹੈ ਕਿਉਂਕਿ ਇਹਨਾਂ ਨੇ ਵਿਹਲੜ ਚੇਲੇ ਜੁ ਪਾਲੇ ਹੋਏ ਹਨ, ਉਹ ਕਿਸ ਕੰਮ ਆਉਣਗੇ ਤੇ ਨਾ ਹੀ ਇਹ ਕਿਸੇ ਨੂੰ ਕੋਈ ਹਿਸਾਬ ਦੇਣਗੇ, ਕਿਉਂਕਿ ਹਿਸਾਬ ਲੈਣ ਵਾਲੇ ਕੋਲ ਇਹਨਾਂ ਦੀ ਮਾਇਆ ਦਾ ਕੋਈ ਸਬੂਤ ਹੀ ਨਹੀਂ। ਇਹ ਸਭ ਕੁੱਝ ਇਸ ਕਰਕੇ ਵੀ ਹੋ ਰਿਹਾ ਹੈ ਕਿਉਂਕਿ ਇਹਨਾਂ ਬਾਬਿਆਂ ਨੇ ਸੰਗਤ ਨੂੰ ਅਸਲੀ ਅਰਥਾਂ ਵਿੱਚ ਗੁਰਬਾਣੀ ਦੀ ਸੋਝੀ ਦੇਣ ਦੀ ਕੋਸ਼ਿਸ਼ ਹੀ ਨਹੀ ਕੀਤੀ। ਮਨ ਅੰਦਰ ‘ਇਲਾਹੀ ਜੋਤਿ’ ਜਗਾਉਣ ਦੀ ਥਾਂ, ਸਗੋਂ ਇਹਨਾਂ ਖ਼ੁਦ ਵੀ ਘਿਉ ਦੀ ਜੋਤ ਨਾਲ ਕੰਮ ਚਲਾਇਆ ਹੋਇਆ ਹੈ। ਅਸਲੀਅਤ ਤਾਂ ਇਹ ਹੈ ਕਿ ਇਹ ਆਪ ਵੀ ਉਸ ਰੂਹਾਨੀ ਜੋਤਿ ਤੋਂ ਸੱਖਣੇ ਹਨ। ਮਨ ਵਿੱਚ ਵਸੇ ਪ੍ਰਮਾਤਮਾ ਨੂੰ ਇਹ ਢੋਲਕੀਆਂ ਛੈਣਿਆਂ ਦੀ ਜ਼ੋਰਦਾਰ ਆਵਾਜ਼ ਨਾਲ ਲੱਭਣ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਨ। ਅਜਿਹੇ ਦੇਹਧਾਰੀ ਪਾਖੰਡੀਆਂ ਬਾਰੇ ਪਿਛੇ ਲੱਗਣਵਾਲਿਆਂ ਨੂੰ ਸੁਚੇਤ ਕਰਦੇ ਹੋਏ ਭਾਈ ਗੁਰਦਾਸ ਜੀ ਕਹਿੰਦੇ ਹਨ:

ਭੇਡ ਪੁਛਲਿ ਲਗਿਆ ਕਿਉ ਪਾਰ ਲੰਘੀਐ॥

ਭੂਤ ਕੇਰੀ ਦੋਸਤੀ ਨਿਤ ਸਹਸਾ ਜੀਐ॥

ਨਦੀ ਕਿਨਾਰੇ ਰੁਖੜਾ ਵੇਸਾਹੁ ਨ ਕੀਐ॥

ਮਿਰਤਕ ਨਾਲਿ ਵਿਆਹੀਐ ਸੋਹਾਗੁ ਨ ਥੀਐ॥

ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦਾਂ ਨੂੰ ਗੁਰੂ ਘਰ ਦੀ ਬਰਾਬਰਤਾ ਕਰਨ ਤੇ ਗੁਰੂ ਘਰ ਦੀ ਇਕੱਠੀ ਕੀਤੀ ਹੋਈ ਮਾਇਆ ਹੜ੍ਹੱਪਣ ਕਰਕੇ ਬਹੁਤ ਸਖ਼ਤ ਸਜਾਵਾਂ ਦਿੱਤੀਆ ਸਨ ਤੇ ਹੁਕਮ ਕੀਤਾ ਸੀ।

ਜੋ ਕਰਿ ਸੇਵਾ ਮਸੰਦਨ ਕੀ ਕਹੇ ਆਨ ਪ੍ਰਸਾਦਿ ਸਭੈ ਮੋਹਿ ਦੀਜੈ॥

ਜੋ ਕਿਛੁ ਮਾਲ ਤਵਾਲਯ ਮੇਂ, ਸੋ ਅਬ ਹੀ ਉਠਿ ਭੇਟ ਹਮਾਰੀ ਕੀਜੈ॥

ਮੇਰੋ ਹੀ ਧਿਆਨ ਧਰੇ ਨਿਸਬਾਸਰ, ਭੂਲਕੇ ਔਰ ਕੋ ਨਾਮ ਨ ਲੀਜੈ॥

ਦੀਨੇ ਕੋ ਨਾਮ ਸੁਨੇ ਭਜਿ ਰਾਤਹਿ, ਲੀਨੇ ਬਿਨਾ ਨਹਿ ਨੈਕ ਪਸੀਜੈ॥

ਤਜ ਮਸੰਦ ਪ੍ਰਭੁ ਏਕ ਜਪ ਯਹ ਬਿਬੇਕ ਤਹਿ ਕੀਨ॥ (ਗੁਰ ਸੋਭਾ)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ੧੫ ਨਵੰਬਰ ੧੯੨੦ ਨੂੰ ਜਦੋਂ ਹੋਂਦ ਵਿੱਚ ਆਈ ਸੀ ਤਾਂ ਇਸਦਾ ਮੁਖ-ਮੰਤਵ ਗੁਰੂਦੁਆਰਿਆਂ ਦੀ ਸਾਂਭ ਸੰਭਾਂਲ ਸਿੱਖ ਧਰਮ ਦੀ ਤਰੱਕੀ ਵਿਕਾਸ ਤੇ ਸਿੱਖ ਧਰਮ ਨੂੰ ਹੀ ਪ੍ਰਮੁੱਖਤਾ ਦੇਣੀ ਆਦਿ ਸਿਧਾਂਤਾਂ ਨੂੰ ਮੁੱਖ ਰੱਖਣਾ ਮੁੱਢਲੇ ਮੁੱਦੇ ਸਨ। ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਅਕਾਲ ਤਖ਼ਤ ਦੇ ਸਾਹਮਣੇ ਦੋ ਨਿਸ਼ਾਨ ਸਾਹਿਬ ਹਨ ਜੋ ਅਸਲ ਵਿੱਚ ਇੱਕ ਧਰਮ ਤੇ ਦੂਜਾ ਰਾਜਨੀਤੀ ਦੇ ਪ੍ਰਤੀਕ ਹਨ, ਭਾਵ ਮੀਰੀ ਤੇ ਪੀਰੀ ਨੂੰ ਪ੍ਰਗਟਾਉਂਦੇ ਹਨ। ਕਹਿੰਦੇ ਹਨ ਕਿ ਧਰਮ ਦੇ ਪ੍ਰਤੀਕ ਵਾਲੇ ਨਿਸ਼ਾਨ ਸਾਹਿਬ ਦੀ ਉਚਾਈ ੧੦੧ ਫੁੱਟ ਹੈ ਤੇ ਰਾਜਨੀਤੀ ਦੇ ਪ੍ਰਤੀਕ ਵਾਲੇ ਨਿਸ਼ਾਨ ਸਾਹਿਬ ਦੀ ਉਚਾਈ ੧੦੦ ਫੁੱਟ ਹੈ। ਧਰਮ ਦੇ ਪ੍ਰਤੀਕ ਵਜੋਂ ਜਾਣੇ ਜਾਂਦੇ ਨਿਸ਼ਾਨ ਸਾਹਿਬ ਦੀ ਉਚਾਈ ਇੱਕ ਫੁੱਟ ਇਸ ਕਰਕੇ ਵਧੇਰੇ ਹੈ ਕਿ ਧਰਮ ਹਮੇਸ਼ਾ ਰਾਜਨੀਤੀ ਉਤੇ ਭਾਰੂ ਰਹੇ। ਪਰ ਅਫਸੋਸ! ਅੱਜ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਜੱਥੇਦਾਰ ਵੀ ਗਰੀਬ ਦਾ ਦਸਵੰਧ ਰਾਜਨੀਤੀ ਵਿੱਚ ਆਪਣੇ ਹਿੱਤ ਪਾਲਣ ਖਾਤਿਰ ਰਾਜਨੀਤੀ ਦੀਆਂ ਚੋਣਾਂ ਵਿੱਚ ਲਗਾ ਰਹੇ ਹਨ। ਧਰਮ ਨੂੰ ਪਤਲਾ ਪਾ ਦਿੱਤਾ ਹੈ। ਸ਼੍ਰੋਮਣੀ ਗੁ: ਪ੍ਰੰ: ਕਮੇਟੀ ਦੇ ਬੱਜਟ ਦੀ ਕੋਈ ਕਮੀ ਨਹੀ, ਘਾਟ ਤਾਂ ਇਸ ਗੱਲ ਦੀ ਹੈ ਕਿ ਸਿੱਖ ਕੌਮ ਦੇ ਪ੍ਰਚਾਰ ਦੀ ਬਜਾਏ ਇਹ ਪੈਸਾ ਵੋਟਾਂ ਇਕੱਠੀਆਂ ਕਰਨ ਵਿੱਚ ਲੱਗ ਰਿਹਾ ਹੈ। ਇਹ ਵੀ ਸਿੱਖੀ ਦੇ ਨਿਘਾਰ ਦਾ ਇੱਕ ਕਾਰਨ ਬਣ ਰਿਹਾ ਹੈ। ਈਸਾਈ ਧਰਮ ਦੇ ਪ੍ਰਚਾਰਕ ਬਾਹਰੋਂ ਆ ਕੇ ਸਾਡੇ (ਪੰਜਾਬ ਦੇ ਸਕੂਲ) ਵਿੱਚ ਮੁਫਤ ਲਿਟਰੇਚਰ (ਸਾਹਿਤ) ਵੰਡ ਰਹੇ ਹਨ ਪਰ ਸ਼੍ਰੋ: ਗੁ: ਪ੍ਰੰ: ਕਮੇਟੀ ਇਹ ਕੰਮ ਪੰਜਾਬ ਵਿੱਚ ਵੀ ਨਹੀ ਕਰ ਰਹੀ।

ਆਓ ਜ਼ਰਾ ਇਮਾਨਦਾਰੀ ਨਾਲ ਸੋਚੀਏ ਕਿ ਅਜੋਕੇ ਪਾਖੰਡੀ ਸੰਤਾਂ, ਬਾਬਿਆਂ, ਡੇਰੇਦਾਰਾਂ, ਜੱਥੇਦਾਰ ਅਤੇ ਗੁਰੂ ਗੋਬਿੰਦ ਸਿੰਘ ਜੀ ਵੇਲੇ ਦੇ ਮਸੰਦਾਂ ਵਿੱਚ ਕੋਈ ਅੰਤਰ ਹੈ? ਸਗੋਂ ਇਹ ਤਾਂ ਉਸ ਵੇਲੇ ਦੇ ਮਸੰਦਾਂ ਨੂੰ ਵੀ ਬਹੁਤ ਪਿਛੇ ਛੱਡ ਗਏ ਹਨ। ਜੇਕਰ ਅਸੀ ਸੰਤ, ਬ੍ਰਹਮਗਿਆਨੀ, ਸਾਧ ਦੀ ਸਹੀ ਅਰਥਾਂ ਵਿੱਚ ਪਹਿਚਾਣ ਦੱਸਣ/ਕਰਵਾਉਣ ਵਿੱਚ ਸਫਲ ਹੋ ਜਾਂਦੇ ਹਾਂ, ਤਦ ਹੀ ਇਸ ਅਜੋਕੀ ਉਪਜੀ ਮਸੰਦ ਪ੍ਰਥਾ ਨੂੰ ਨੱਥ ਪਾਈ ਜਾ ਸਕਦੀ ਹੈ ਤੇ ਬ੍ਰਾਹਮਣਵਾਦ ਦੇ ਛਾਏ ਹੋਏ ਗਲਬੇ ਤੋਂ ਸਿੱਖ ਪੰਥ ਨੂੰ ਛੁਟਕਾਰਾ ਦਿਵਾਇਆ ਜਾ ਸਦਕਾ ਹੈ। ਕਿਉਂਕਿ ਇਹ ਆਪ ਤਾਂ ਦੋ ਵਕਤ ਦੀਆਂ ਰੋਟੀਆਂ ਵੀ ਖੁਦ ਕਿਰਤ ਕਰਕੇ ਨਹੀ ਕਮਾ ਸਕਦੇ ਪਰ ਦੂਜਿਆਂ ਦੇ ਜਨਮ-ਜਨਮਾਂ ਦੀ ਭੁੱਖ ਮਿਟਾ ਰਹੇ ਹਨ।

ਗੁਰੂ ਪਿਆਰਿਓ! ਆਪਣੇ ਨਿੱਜ ਰੂਪ ਨੂੰ ਪਛਾਨਣ ਲਈ ਸਿਰਫ ਸਹਿਜ ਹੋਣ ਦੀ ਲੋੜ ਹੈ ਕਿਉਂਕਿ ‘ਸਹਜੇ ਹੋਇ ਸੁ ਹੋਇ’, ਪਰ ਸਾਡੇ ਸੁਭਾਉ ਵਿੱਚ ਸਹਿਜਤਾ ਨਹੀ ਰਹੀ, ਅਸੀ ਅੰਦਰੋਂ ਹੋਰ ਤੇ ਬਾਹਰੋਂ ਹੋਰ ਹੋ ਗਏ ਹਾਂ। ਇਹ (ਅਜੋਕੇ ਸੰਤ) ਗੱਲਾਂ ਤਾਂ ਸੇਵਾ ਸਹਿਜਤਾ ਨਿਮਰਤਾ ਸੱਚ ਦੀਆਂ ਕਰ ਰਹੇ ਹਨ, ਪਰ ਸੋਚਦੇ ਲੋਕਾਈ ਨੂੰ ਲੁੱਟਣ ਬਾਰੇ ਹਨ। ਸਾਡੀ ਕਥਨੀ, ਕਰਨੀ, ਬਚਨੀ ਵਿੱਚ ਸੁਮੇਲਤਾ ਨਹੀ ਰਹੀ। ਅਸੀ ਅੰਦਰੋਂ ਕਾਲੇ ਹਾਂ ਤੇ ਬਾਹਰੋਂ ਚਿੱਖ਼ਟੇ ਬਗਲੇ ਦਿਖਣ ਦਾ ਭੁਲੇਖਾ ਪਾ ਰਹੇ ਹਾਂ ਅਜਿਹੇ ਸਰੂਪ ਬਾਰੇ ਗੁਰੂ ਨਾਨਕ ਦੇਵ ਜੀ ਦਾ ਫੁਰਮਾਣ ਹੈ:

ਗਲੀ ਅਸੀ ਚੰਗੀਆ ਆਚਾਰੀ ਬੁਰੀਆਹ॥

ਮਨਹੁ ਕੁਸੁਧਾ ਕਾਲੀਆਂ ਬਾਹਰਿ ਚਿਟਵੀਆਹ॥

(ਵਾਰ ਸ੍ਰੀ ਰਾਗ)

ਭੋਲੀਓ ਸੰਗਤੋ! ਜਦੋਂ ਸਾਡਾ ਤੇ ਇਹਨਾਂ ਆਪੇ ਬਣੇ ਪਾਖੰਡੀਆਂ ਦਾ ਗੁਰੂ ਇਕੋ ਹੈ, ਭਾਵ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਹੀ ਹਨ ਤਾਂ ਫਿਰ ਅਸੀਂ ਗੁਰੂ-ਭਾਈ ਹੋਏ ਤੇ ਫਿਰ ਅਸੀਂ ਇਨ੍ਹਾਂ `ਤੇ ਕਿਉਂ ਆਸਾਂ-ਉਮੀਦਾਂ ਲਗਾਈ ਬੈਠੇ ਹਾਂ? ਕਿਉਂ ਅਸੀ ਇਹਨਾਂ ਨੂੰ ਵਿਚੋਲੇ ਪਾ ਕੇ ਲੁਟ ਕਰਵਾ ਰਹੇ ਹਾਂ। ਜਦੋਂ ਕਿ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਅੰਦਰ ਦਰਜ ਗੁਰਬਾਣੀ ਅਸਲੀ ਅਰਥਾਂ ਵਿੱਚ ਜੀਵਨ-ਜਾਂਚ ਜਿਉਣ ਦਾ ਸੁਚੱਜਾ ਮਾਡਲ ਤੇ ਸਾਡੀ ਰੂਹ ਦੀ ਅਸਲੀ ਨਾਮ ਰੂਪ ਖੁਰਾਕ ਦੀ ਪੂਰਤੀ ਕਰਦੀ ਹੈ, ਤਾਂ ਫਿਰ ਅਸੀ ਕਿਉਂ ਮੋਮਬੱਤੀਆਂ, ਦੀਵਿਆਂ ਦੇ ਪਿਛੇ ਲੱਗ ਕੇ ਸੱਚ ਦੇ ਸੂਰਜ ਨੂੰ ਓਹਲੇ ਕਰੀ ਬੈਠੇ ਹਾਂ, ਜਦੋਂ ਕਿ ਇਹਨਾਂ ਦੀਵਿਆਂ ਦੇ ਆਪਣੇ ਥੱਲੇ ਵੀ ਹਨੇਰਾ ਪਸਰਿਆ ਹੋਇਆ ਹੈ। ਉਹ ਤੁਹਾਨੂੰ ਚਾਨਣ ਕਿਵੇਂ ਦੇ ਸਕਣਗੇ। ਇਹ ਆਧੁਨਿਕ ਸੰਤ/ਬਾਬੇ ਤਾਂ ਖੁਦ ਆਪ ਸਮਾਜ ਦੀਆਂ ਜਿੰਮੇਵਾਰੀਆਂ ਤੋਂ ਭੱਜੇ ਹੋਏ ਹਨ। ਇਹਨਾਂ ਦੀ ਆਪਣੀ ਤ੍ਰਿਸ਼ਨਾ ਭਟਕਣ ਤਾਂ ਕਦੇ ਖਤਮ ਨਹੀ ਹੋਈ, ਪਰ ਦੂਜਿਆਂ ਨੂੰ ਸ਼ਾਂਤੀ ਵਰਤਾ ਰਹੇ ਹਨ।

ਗੁਰੂ ਰੂਪ ਖਾਲਸਾ ਜੀ ਸੁਚੇਤ ਹੋਵੇ:

ਅਕਾਲਪੁਰਖ ਸਭ ਨੂੰ ਸੁਮੱਤ ਬਖਸ਼ੇ ਜੀ॥

ਵਾਹਿਗੁਰੁ ਜੀ ਕਾ ਖਾਲਸਾ॥

ਵਾਹਿਗੁਰੁ ਜੀ ਕੀ ਫ਼ਤਿਹ॥
.