.

ਸੁਖਮਨੀ ਦਾ ਸਿਧਾਂਤਿਕ ਪੱਖ

ਕਾਂਡ 3

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਬਾਣੀ ਮਨੁੱਖੀ ਜੀਵਨ ਦੀ ਘਾੜ੍ਹਤ ਘੜ੍ਹਦੀ ਹੈ ਏਸੇ ਤਰ੍ਹਾਂ ਹੀ ਸੁਖਮਨੀ ਸਾਹਿਬ ਜੀ ਦੀ ਬਾਣੀ ਵੀ ਮਨੁੱਖੀ ਜੀਵਨ ਦੀ ਅੰਦਰਲੀ ਤੇ ਬਾਹਰਲੀ ਘਾੜ੍ਹਤ ਘੜ੍ਹਦੀ ਹੈ। ਸੁਖਮਨੀ ਸਾਹਿਬ ਜੀ ਦੀ ਲੰਮੇਰੀ ਬਾਣੀ ਵਿੱਚ ਪਰਮਾਤਮਾ ਦੇ ਨਾਮ ਦੀ ਸਿਫਤਿ-ਸਾਲਾਹ, ਜੀਵਨ ਵਿੱਚ ਆਏ ਕਰਮ-ਕਾਂਡ, ਰੱਬੀ ਨਿਯਮਾਵਲੀ ਤੇ ਆਪਸੀ ਭਾਈ-ਚਾਰਕ ਸਾਂਝ ਸਬੰਧੀ ਵਿਸਥਾਰ ਪੂਰਵਕ ਬ੍ਰਹਮ ਗਿਆਨ ਦੀ ਗੱਲ ਕੀਤੀ ਗਈ ਹੈ। ਸੁਖਮਨੀ ਦੇ ਪਹਿਲੇ ਸਲੋਕ ਵਿੱਚ ਵੱਡੇ ਪਰਮਾਤਮਾ ਨੂੰ ਨਮਸਕਾਰ ਕਰਦਿਆਂ ਪ੍ਰਭੂ ਸਿਮਰਨ (ਗੁਣਾਂ ਨੂੰ ਵਿਚਾਰਨ) `ਤੇ ਜ਼ੋਰ ਦਿੱਤਾ ਗਿਆ ਹੈ।

ਆਦਿ ਗੁਰਏ ਨਮਹ॥ ਜੁਗਾਦਿ ਗੁਰਏ ਨਮਹ॥

ਸਾਤਿਗੁਰਏ ਨਮਹ॥ ਸ੍ਰੀ ਗੁਰਦੇਵਏ ਨਮਹ॥

ਜਦੋਂ ਦੁਨੀਆਂ ਦਾ ਅਰੰਭ ਨਹੀਂ ਹੋਇਆ ਸੀ, ਪਰਮਾਤਮਾ ਦਾ ਹੁਕਮ, ਉਸ ਦੀ ਹੋਂਦ ਜਾਂ ਉਸ ਦੀ ਨਿਯਮਾਵਲੀ ਓਦੋਂ ਵੀ ਇੱਕ ਬੱਜਵੇਂ ਨਿਯਮ ਵਿੱਚ ਕੰਮ ਕਰ ਰਹੀ ਸੀ। ਜਦੋਂ ਜੁਗਾਂ ਦਾ ਅਰੰਭ ਨਹੀਂ ਹੋਇਆ ਸੀ ਪਰਮਾਤਮਾ ਦਾ ਹੁਕਮ ਓਦੋਂ ਵੀ ਇੱਕ ਬੱਜਵੇਂ ਨਿਯਮ ਵਿੱਚ ਚੱਲ ਰਿਹਾ ਸੀ ਐਸੇ ਗੁਰਦੇਵ ਪਰਮਾਤਮਾ ਨੂੰ ਮੇਰੀ ਬਾਰ ਬਾਰ ਨਮਸਕਾਰ ਹੈ। ਗੁਰੂ ਨਾਨਕ ਸਾਹਿਬ ਜੀ ਨੇ ਸ਼ਬਦ, ਭਾਵ ਗਿਆਨ ਨੂੰ ਗੁਰੂ ਕਿਹਾ ਹੈ:- “ਸਬਦੁ ਗੁਰੂ ਸੁਰਤਿ ਧੁਨਿ ਚੇਲਾ” ਕਬੀਰ ਸਾਹਿਬ ਜੀ ਵੀ ਰੱਬੀ--ਗਿਆਨ ਨੂੰ ਗੁਰੂ ਭਾਵ ਰਬੀ ਹੁਕਮ ਜਾਂ ਉਸ ਦੀ ਨਿਯਮਾਵਲੀ ਕਹਿ ਰਹੇ ਹਨ ਕੇ ਮੈਨੂੰ ਉਹ ਪਰਮਾਤਮਾ ਪ੍ਰਾਪਤ ਹੋਇਆ ਹੈ ਜਿਸ ਦਾ ਨਾਮ ‘ਬਿਬੇਕ+’ ਹੈ:-- “ਕਹੁ ਕਬੀਰ ਮੈ ਸੋ ਗੁਰੁ ਪਾਇਆ, ਜਾ ਕਾ ਨਾਉ ਬਿਬੇਕ+”॥

ਪਹਿਲੀ ਅਸਟਪਦੀ ਦੇ ਪਹਿਲੇ ਬੰਦ ਵਿੱਚ ਗੁਰੂ ਅਰਜਨ ਸਾਹਿਬ ਜੀ ਕਹਿ ਰਹੇ ਹਨ ਕਿ ਮੈਂ ਪਰਮਾਤਮਾ ਦੇ ਨਾਮ ਨੂੰ ਸਿਮਰ ਸਿਮਰ ਕਿ ਸੁਖ ਪਰਾਪਤ ਕਰ ਲਿਆ ਹੈ।

ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ॥ ਕਲਿ ਕਲੇਸ ਤਨਿ ਮਾਹਿ ਮਿਟਾਵਉ॥

ਜੇ ਸਰੀਰਕ ਤਲ ਦੇ ਸੁਖਾਂ ਦੀ ਗੱਲ ਕੀਤੀ ਜਾਏ ਤਾਂ ਬਹੁਤ ਸਾਰੇ ਭਗਤਾਂ ਭੱਟਾਂ ਨੂੰ ਉਹ ਸੁੱਖ ਹਾਸਲ ਨਹੀਂ ਸਨ ਜੋ ਅੱਜ ਦੇ ਯੁੱਗ ਵਿੱਚ ਸਾਡੇ ਪਾਸ ਹਨ। ਭਗਤ ਰਵਿਦਾਸ ਜੀ, ਨਾਮਦੇਵ ਜੀ, ਕਬੀਰ ਜੀ ਤਥਾ ਹੋਰ ਬਹੁਤ ਸਾਰੇ ਭਗਤਾਂ ਦੇ ਜੀਵਨ ਦਾ ਆਰਥਿਕ ਪੱਖ ਜਾਂ ਆਮ ਸੁੱਖ ਸਹੂਲਤ ਉਹੋ ਜੇਹੀ ਨਹੀਂ ਸੀ ਜੋ ਉਸ ਸਮੇਂ ਦੇ ਆਮ ਧਨੀ ਲੋਕਾਂ ਪਾਸ ਸੀ। ਸਰੀਰਕ ਜਾਂ ਪਰਵਾਰਕ ਤਲ਼ `ਤੇ ਇਹਨਾਂ ਨੇ ਗ਼ਰੀਬੀ ਨੂੰ ਪੂਰਾ ਹੰਢਾਇਆ ਹੈ, ਉਹਨਾਂ ਦੀ ਬਾਣੀ ਵਿਚੋਂ ਬਹੁਤ ਸਾਰੀਆਂ ਉਦਾਹਰਣਾਂ ਮਿਲ ਜਾਂਦੀਆਂ ਹਨ। “ਚਮਰਟਾ ਗਾਂਠਿ ਨ ਜਨਈ” ਜਾਂ “ਹੀਨੜੀ ਜਾਤਿ ਮੇਰੀ ਜਾਦਿਮ ਰਾਇਆ॥ ਛੀਪੇ ਕੇ ਜਨਮਿ ਕਾਹੇ ਕਉ ਆਇਆ” ਜੇ ਨਿਰੇ ਸਰੀਰ ਦੇ ਸੁਖ ਦੀ ਗੱਲ ਕੀਤੀ ਜਾਏ ਤਾਂ ਸਰੀਰ ਦੇ ਤਲ `ਤੇ ਤਾਂ ਗੁਰੂ ਅਰਜਨ ਪਾਤਸ਼ਾਹ ਜੀ ਤੱਤੀ ਤਵੀ `ਤੇ ਵੀ ਬੈਠੇ ਹਨ, ਉਬਲ਼ਦੀ ਹੋਈ ਦੇਗ ਵਿੱਚ ਵੀ ਬੈਠੇ ਹਨ। ਜੇ ਪਰਵਾਰਕ ਸੁਖ ਦੀ ਗੱਲ ਕੀਤੀ ਜਾਏ ਤਾਂ ਪ੍ਰਿਥੀ ਚੰਦ ਨੇ ਹਰ ਪਰਕਾਰ ਦੇ ਅੜਿੱਕੇ ਗੁਰੂ ਅਰਜਨ ਪਾਤਸ਼ਾਹ ਜੀ ਦੇ ਜੀਵਨ ਵਿੱਚ ਖੜੇ ਕਰਨ ਦੇ ਯਤਨ ਕੀਤੇ ਹਨ। ਜਾਨੀ ਕਿ ਪ੍ਰਿਥੀ ਚੰਦ ਦੇ ਕਾਲੇ ਕਾਰਨਾਮਿਆਂ ਨਾਲ ਇਤਿਹਾਸ ਭਰਿਆ ਪਿਆ ਹੈ। ਫਿਰ ਇਹਨਾਂ ਤੁਕਾਂ ਦੇ ਭਾਵ ਅਰਥ ਨੂੰ ਸਮਝਣ ਦਾ ਯਤਨ ਕਰਨਾ ਚਾਹੀਦਾ ਹੈ। ਜਿਸ ਨਿਰਾਲੇ ਨਿਰਮਲ ਤੇ ਨਿਆਰੇ ਪੰਥ ਦੀ ਨੀਂਹ ਗੁਰੂ ਨਾਨਕ ਸਾਹਿਬ ਜੀ ਨੇ ਰੱਖੀ ਸੀ, “ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ” ਇਹ ਪ੍ਰਭੂ ਦੀ ਭੈ-ਭਾਵਨੀ ਤੇ ਉਸ ਦੇ ਹੁਕਮ ਨੂੰ ਪਛਾਨਣ ਵਾਲਾ ਸੀ ਇਸ `ਤੇ ਚਲਦਿਆਂ ਤੱਤੀ ਤਵੀ, ਉਬਲ਼ਦੀ ਦੇਗ਼, ਮੋਚੀ ਦੀਆਂ ਤਿੱਖੀਆਂ ਰੰਬੀਆਂ, ਆਰੇ ਦੇ ਦੰਦਿਆਂ ਦਾ ਸਫਰ ਤਹਿ ਕਰਨਾ ਹੀ ਪੈਣਾ ਸੀ। ਸਿਮਰਨ ਦਾ ਅਰਥ ਹੈ ਹੇ ਪਰਮਾਤਮਾ ਜੀ! ਮੈਂ ਤੁਹਡੀ ਰੱਬੀ ਨਿਯਮਾਵਲੀ ਨੂੰ ਚੰਗੀ ਤਰ੍ਹਾਂ ਸਮਝ ਲਿਆ ਹੈ ਇਸ ਅਨੁਸਾਰ ਆਪਣਾ ਜੀਵਨ ਢਾਲ਼ ਲਿਆ ਹੈ ਤੇ ਸੱਚ ਨੂੰ ਬਰਕਰਾਰ ਰੱਖਣ ਲਈ ਮੈਨੂੰ ਸ਼ਹਾਦਤ ਵੀ ਦੇਣੀ ਪਏ ਤਾਂ ਮੈਂ ਦਿਆਂਗਾ। ਸਾਧਾਂ ਨੇ ਹਰ ਸਿੱਖ ਨੂੰ ਕੇਵਲ ਸੁਖਮਨੀ ਦੇ ਪਾਠ ਕਰਨ ਲਈ ਹੀ ਕਿਹਾ ਹੈ ਪਰ ਦਰਬਾਰ ਸਾਹਿਬ `ਤੇ ਹਮਲਾ ਹੋਇਆ ਤਾਂ ਕਿਸੇ ਸਾਧ ਦੇ ਕੰਨ `ਤੇ ਜੂੰ ਨਹੀਂ ਸਰਕੀ। ਸ਼ਹੀਦ ਤਾਂ ਕੀ ਹੋਣਾ ਸੀ, ਹਾਅ ਦਾ ਨਾਆਰਾ ਵੀ ਨਹੀਂ ਮਾਰਿਆ ਗਿਆ ਇਹਨਾਂ ਬੂਬਨਿਆਂ ਬਾਬਿਆਂ ਪਾਸੋਂ।

ਛੋਟੇ ਹੁੰਦਿਆਂ ਤਾਇਆ ਜੀ ਨਾਲ ਸ਼ਹਿਰ ਵਿੱਚ ਕਈ ਵਾਰ ਸੌਦਾ ਲੈਣ ਜਾਣਾ ਦਾ ਮੌਕਾ ਬਣਦਾ ਰਹਿੰਦਾ ਸੀ, ਤਾਂ ਕੀ ਦੇਖਦੇ ਸੀ ਕਿ ਉਥੇ ਦੁਕਾਨਦਾਰ ਨੇ ਸੁਖਮਨੀ ਸਾਹਿਬ ਦੀ ਟੇਪ ਲਗਾਈ ਹੋਣੀ, ਇੰਜ ਮਹਿਸੂਸ ਹੁੰਦਾ ਸੀ ਕਿ ਇਹ ਭਾਈ ਤਾਂ ਬਹੁਤ ਹੀ ਰੱਬ ਦੇ ਨੇੜੇ ਹੈ ਤੇ ਇਹ ਦੁਕਾਨ-ਦਾਰ ਬਹੁਤ ਹੀ ਧਰਮੀ ਹੋਏਗਾ? ਪਰ ਵੀਹ ਰੁਪਏ ਵਾਲੀ ਵਸਤੂ ਉਸ ਦੁਕਾਨਦਾਰ ਭਾਈ ਪਾਸੋਂ ਕਈ ਦਫ਼ਾ ਦੁਗਣੇ ਮੁੱਲ ਦੀ ਮਿਲਦੀ ਰਹੀ ਹੈ। ਕੀ ਇਹਨਾਂ ਲੋਕਾਂ ਨੇ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰਲੇ ਤੱਤ ਗਿਆਨ ਨੂੰ ਸਮਝ ਲਿਆ ਹੈ? ਸੁਖਮਨੀ ਸਾਹਬ ਦੀ ਬਾਣੀ ਦਾ ਪਾਠ ਇਹਨਾਂ ਨੇ ਇਸ ਲਈ ਦੁਕਾਨ ਵਿੱਚ ਲਾਇਆ ਹੁੰਦਾ ਹੈ ਕਿ ਲੋਕ ਸਾਨੂੰ ਧਰਮੀ ਸਮਝ ਕੇ ਸਾਡੀ ਹੀ ਦੁਕਾਨ `ਤੇ ਆਉਣ, ਇੰਜ ਸਾਡੀ ਦੁਕਾਨ ਦੀ ਵਿੱਕਰੀ ਵੱਧ ਤੋਂ ਵੱਧ ਹੋਵੇਗੀ, ਵਰਨਾ ਧਰਮ ਨਾਲ ਇਹਨਾਂ ਦਾ ਕੋਈ ਵਾਸਤਾ ਨਹੀਂ ਹੈ।

ਗੁਰੂ ਸਾਹਿਬ ਜੀ ਸਿਮਰਨ ਸਬੰਧੀ ਇੱਕ ਹੋਰ ਵਿਚਾਰ ਦੇ ਰਹੇ ਹਨ ਕਿ:---

ਪ੍ਰਭ ਕੈ ਸਿਮਰਨਿ ਕਾਲੁ ਪਰਹਰੈ॥

ਪ੍ਰਭ ਕੈ ਸਿਮਰਨਿ ਦੁਸਮਨੁ ਟਰੈ॥

ਅਖ਼ਰੀਂ ਅਰਥ ਤਾਂ ਏਹੀ ਬਣਨਗੇ ਕਿ ਪਰਮਾਤਮਾ ਦਾ ਸਿਮਰਨ ਕੀਤਿਆਂ ਦੁਸ਼ਮਣ ਸਾਰੇ ਹੀ ਭੱਜ ਜਾਣਗੇ ਤੇ ਮੌਤ ਮਨੁੱਖ ਪਾਸੋਂ ਦੂਰ ਹੋ ਜਾਏਗੀ। ਪਰ ਦੁਸ਼ਮਣੀਆਂ ਤਾਂ ਗੁਰਦੁਆਰਿਆਂ ਦੇ ਵਿਚੋਂ ਖੁਲ੍ਹੇ ਰੂਪ ਵਿੱਚ ਦੇਖੀਆਂ ਜਾ ਸਕਦੀਆਂ ਹਨ, ਜਿੱਥੇ ਸੁਖਮਨੀ ਸਾਹਿਬ ਜੀ ਦਾ ਪਾਠ ਹੋ ਕੇ ਹਟਿਆ ਹੀ ਹੋਵੇ। ਹਰ ਡੇਰੇ ਦੇ ਮੁਖੀ ਮਰਨ ਤੋਂ ਉਪਰੰਤ ਤਿੰਨ ਚਾਰ ਹੱਟੇ--ਕੱਟੇ ਸਾਧ ਆਪੇ ਹੀ ਪੱਗਾਂ ਬੰਨ੍ਹੀ ਫਿਰਦੇ ਹਨ ਕਿ ਬਾਬਾ ਜੀ ਮੈਨੂੰ ਦਸਤਾਰ ਦੇ ਗਏ ਸੀ। ਇਹਨਾਂ ਦੀਆਂ ਡਾਂਗਾਂ ਖੜਕਦੀਆਂ ਤਲਵਾਰਾਂ ਚਮਕਦੀਆਂ ਅਦਾਲਤੋ ਅਦਾਲਤੀ ਹੁੰਦੇ ਹੋਏ ਥੋਕ ਰੂਪ ਵਿੱਚ ਪੰਜਾਬ ਦੀ ਧਰਤੀ ਦੇ ਹਰ ਡੇਰੇ ਤੋਂ ਮਿਲ ਜਾਣਗੇ ਜਿੱਥੇ ਸੁਖਮਨੀ ਸਾਹਿਬ ਜੀ ਦਾ ਅਕਸਰ ਪਾਠ ਹੁੰਦਾ ਹੀ ਰਹਿੰਦਾ ਹੈ।

ਗੁਰੂ ਸਾਹਿਬ ਜੀ ਤਾਂ ਕਹਿ ਰਹੇ ਹਨ ਕਿ ਹੇ ਭਾਈ ਪਰਮਾਤਮਾ ਦਾ ਸਿਮਰਨ ਕੀਤਿਆਂ ਅੰਦਰਲੇ ਵਿਕਾਰਾਂ ਰੂਪੀ ਦੁਸ਼ਮਣ ਖ਼ਤਮ ਹੋਣਗੇ ਤੇ ਆਤਮਿਕ ਮੌਤ ਦਾ ਡਰ ਸਦਾ ਲਈ ਖ਼ਤਮ ਹੋ ਜਾਂਦਾ ਹੈ, ਜਦੋਂ ਅਸੀਂ ਪਰਮਾਤਮਾ ਦੇ ਸਿਮਰਨ ਦਾ ਆਸਰਾ ਲੈਂਦੇ ਹਾਂ ਭਾਵ ਜਦੋਂ ਅਸੀਂ ਰੱਬ ਜੀ ਦੀ ਬਣਾਈ ਹੋਈ ਨਿਯਮਾਵਲੀ ਨੂੰ ਸਮਝ ਲੈਂਦੇ ਹਾਂ। ਇਸ ਹੁਕਮ ਦੀ ਪਹਿਛਾਣ ਕੀਤਿਆਂ ਆਤਮਿਕ ਸੂਝ, ਗਿਆਨ-ਧਿਆਨ ਤੇ ਗਿਆਨ ਨੂੰ ਸਮਝਣ ਵਾਲੀ ਸੁਰਤੀ ਪੈਦਾ ਹੋ ਜਾਂਦੀ ਹੈ।

ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ॥

ਤੀਰਥਾਂ ਦੇ ਜਾਣ ਦੀ ਭਾਵਨਾ ਖ਼ਤਮ ਹੋ ਜਾਂਦੀ ਹੈ, ਦਿਖਾਵੇ ਦਾ ਜਪ-ਤਪ ਤੇ ਪੂਜਾ ਤੋਂ ਹਮੇਸ਼ਾ ਲਈ ਦੂਰੀ ਬਣ ਜਾਂਦੀ ਹੈ।

ਪ੍ਰਭ ਕੈ ਸਿਮਰਨਿ ਜਪ ਤਪ ਪੂਜਾ॥

ਪ੍ਰਭ ਕੈ ਸਿਮਰਨਿ ਬਿਨਸੈ ਦੂਜਾ॥

ਪ੍ਰਭ ਕੈ ਸਿਮਰਨਿ ਤੀਰਥ ਇਸਨਾਨੀ॥

ਪ੍ਰਭ ਕੈ ਸਿਮਰਨਿ ਦਰਗਹ ਮਾਨੀ॥

ਸਿਮਰਨ ਦਾ ਅਰਥ ਭਾਈ ਕਾਨ੍ਹ ਸਿੰਘ ਜੀ ਨਾਭਾ ਨੇ ਮਹਾਨ ਕੋਸ਼ ਵਿੱਚ ਚੇਤਾ, ਚਿੰਤਨ, ਸੋਚਣਾ ਤੇ ਮਨ ਦੀ ਵ੍ਰਿੱਤੀ ਨੂੰ ਇਕਾਗਰ ਕਰਕੇ ਯਾਦ ਕਰਨਾ ਦੱਸਿਆ ਹੈ। ਇਸ ਦਾ ਭਾਵ ਅਰਥ ਹੈ ਕਿ ਪਰਮਾਤਮਾ ਨੂੰ ਹਰ ਵੇਲੇ ਚੇਤੇ ਵਿੱਚ ਰੱਖਣਾ ਹੈ, ਜੀਵਨ ਨੂੰ ਨਿਯਮ ਦੇ ਵਿੱਚ ਢਾਲਣਾ ਹੈ। ਲਾਲਚ ਦੀ ਬਿਰਤੀ ਦਾ ਖਾਤਮਾ ਹੁੰਦਿਆਂ ਸਾਰ ਆਤਮਿਕ ਸੂਝ ਦਾ ਜਨਮ ਹੁੰਦਾ ਹੈ।

ਪ੍ਰਭ ਕੈ ਸਿਮਰਨਿ ਤ੍ਰਿਸਨਾ ਬੂਝੈ॥

ਪ੍ਰਭ ਕੈ ਸਿਮਰਨਿ ਸਭੁ ਕਿਛੁ ਸੂਝੇ॥

ਇਹ ਲਾਲਚ ਹੀ ਮਨ ਦੀ ਮੈਲ ਹੈ ਪਰ ਸਿਮਰਨਿ ਦੇ ਵਿੱਚ ਬੱਝਣ ਨਾਲ ਮੈਲ ਪੱਕੇ ਤੌਰਤੇ ਦੂਰ ਹੁੰਦੀ ਹੈ। “ਪ੍ਰਭ ਕੈ ਸਿਮਰਨਿ ਮਨ ਕੀ ਮਲੁ ਜਾਇ”॥ ਦੁਨੀਆਂ ਵਿੱਚ ਵਿਚਰਦਿਆਂ ਅਸੀਂ ਜਿੰਨੀਆਂ ਵੀ ਅਰਦਾਸਾਂ ਕਰਦੇ ਹਾਂ, ਸਿਰਫ ਇੱਕ ਹੀ ਗੱਲ `ਤੇ ਜ਼ੋਰ ਦੇਂਦੇ ਹਾਂ, ਕਿ ਹੇ ਪ੍ਰਭੂ ਜੀ! ਸਾਡਾ ਐ ਕਾਰਜ ਰਾਸ ਕਰ ਦਿਓ ਤੇ ਅਸੀਂ ਏਨੇ ਸ੍ਰੀ ਅਖੰਡ-ਪਾਠ ਕਰਾ ਦਿਆਂਗੇ ਜਾਂ ਇਤਨੇ ਸੁਖਮਨੀ ਸਾਹਿਬ ਦੇ ਪਾਠ ਕਰਾ ਦਿਆਂਗੇ। ਜੇ ਸਿਰਫ ਪਾਠਾਂ ਨਾਲ ਹੀ ਕੰਮ ਸਰਦਾ ਹੋਵੇ, ਤਾਂ ਹਰ ਮਨੁੱਖ ਦਾ ਮੁਕੱਦਮਾ ਜਿੱਤਿਆ ਜਾਣਾ ਚਾਹੀਦਾ ਹੈ, ਹਰ ਮਨੁੱਖ ਦਾ ਰੋਗ ਠੀਕ ਹੋ ਜਾਣਾ ਚਾਹੀਦਾ ਹੈ, ਕਿਸੇ ਨੂੰ ਵੀ ਫਾਂਸੀ ਦੀ ਸਜਾ ਨਹੀਂ ਹੋਣੀ ਚਾਹੀਦੀ। ਫਿਰ ਤਾਂ ਔਖੀ ਤੋਂ ਔਖੀ ਵਿਧੀ ਨਾਲ ਵੀ ਅਖੰਡ-ਪਾਠ ਕਰਾਇਆ ਜਾ ਸਕਦਾ ਹੈ। ਹਰ ਪਿੰਡ-ਸ਼ਹਿਰ ਵਿੱਚ ਲੜੀਆਂ ਦੀਆਂ ਲੜੀਆਂ ਚੱਲ ਰਹੀਆਂ ਹਨ, ਪਰ ਪੰਜਾਬ ਵਿੱਚ ਸਭ ਤੋਂ ਵਧ ਨਸ਼ਾ ਵਰਤਿਆ ਜਾ ਰਿਹਾ ਹੈ। ਲੜੀਆਂ ਦੁਆਰਾ ਘੱਟੋ ਘੱਟ ਇਹ ਨਸ਼ੇ ਦਾ ਰੋਗ ਹੀ ਹੱਟ ਜਾਏ। ਸੁਖਮਨੀ ਸਾਹਿਬ ਜੀ ਤਾਂ ਬਾਕੀ ਗੁਰਬਾਣੀ ਵਾਂਗ ਇਹ ਗੱਲ ਡੰਕੇ ਦੀ ਚੋਟ ਨਾਲ ਕਹਿ ਰਹੀ ਹੈ, ਕਿ ਪਰਮਾਤਮਾ ਦੀ ਨਿਯਮਾਵਲੀ ਵਿੱਚ ਆਇਆਂ, ਸ਼ੁਭ ਗੁਣਾਂ ਦਾ ਕਾਰਜ ਰਾਸ ਹੀ ਨਹੀਂ ਹੁੰਦਾ, ਸਗੋਂ ਬੁਰਿਆਈ ਜਨਮ ਹੀ ਨਹੀਂ ਲੈਂਦੀ, ਜਿਸ ਨਾਲ ਪਿੱਛੋਂ ਪਛੁਤਾਉਣਾ ਪਏ। ਇਹਨਾਂ ਗੁਣਾਂ ਦਾ ਹਰ ਵੇਲੇ ਅਭਿਆਸ ਕਰਦੇ ਰਹਿਣ ਨੂੰ ਹੀ ਪਰਮਾਤਮਾ ਦਾ ਸਿਮਰਨ ਆਖਿਆ ਗਿਆ ਹੈ।

ਪ੍ਰਭ ਕੈ ਸਿਮਰਨਿ ਕਾਰਜ ਪੂਰੈ॥

ਪ੍ਰਭ ਕੈ ਸਿਮਰਨਿ ਕਬਹੁ ਨ ਝੁਰੈ॥

ਪਰਮਾਤਮਾ ਦਾ ਚਿੰਤਨ ਕਰਦਿਆਂ ਜੇ ਕਰ ਸਹਿਜ ਅਵਸਥਾ ਨਹੀਂ ਆਈ ਤਾਂ ਸਮਝਣਾ ਚਾਹੀਦਾ ਹੈ ਕਿ ਅਜੇ ਫਿਰ ਅਸੀਂ ਰੱਬ ਜੀ ਨੂੰ ਚੇਤੇ ਨਹੀਂ ਕੀਤਾ। ਗੱਲ `ਤੇ ਗੁਣਾਂ ਦੀ ਚੱਲ ਰਹੀ ਹੈ:--

ਪ੍ਰਭ ਕੈ ਸਿਮਰਨਿ ਹਰਿ ਗੁਨ ਬਾਨੀ॥

ਪ੍ਰਭ ਕੈ ਸਿਮਰਨਿ ਸਹਜਿ ਸਮਾਨੀ॥

ਖਿੜੇ ਹੋਏ ਫੁੱਲ਼ ਵਰਗਾ ਜੀਵਨ ਹੁੰਦਿਆਂ ਦੇਰ ਨਹੀਂ ਲੱਗਦੀ ਜੇ ਸਿਮਰਨ ਦੀ ਅਵਸਥਾ ਨੂੰ ਸਮਝ ਲਈਏ। ਅਸੀਂ ਬਾਰ ਬਾਰ ਬੋਲਣ ਨੂੰ ਸਿਮਰਨ ਸਮਝ ਲਿਆ ਹੈ ਪਰ ਤੱਤ ਦੀ ਗੱਲ ਪੱਲੇ ਪਈ ਕੋਈ ਨਹੀਂ ਹੈ।

ਪ੍ਰਭ ਕੈ ਸਿਮਰਨਿ ਨਿਹਸਲ ਆਸਨੁ॥

ਪ੍ਰਭ ਕੈ ਸਿਮਰਨਿ ਕਮਲ ਬਿਗਾਸਨੁ॥

ਗੁਰੂ ਸਾਹਿਬ ਜੀ ਕਹਿ ਰਹੇ ਹਨ ਰੱਬੀ ਕਨੂਨ ਦੀ ਧਾਰਾ ਨੂੰ ਅਪਨਾਇਆਂ ਹਰ ਵੇਲੇ ਉਸ ਦੇ ਗੁਣਾਂ ਵਿੱਚ ਵਿਚਰਦੇ ਰਹਿਣ ਨਾਲ ਇੱਕ ਰਸ ਦੇ ਵਾਜੇ ਵੱਜਣੇ ਸ਼ੁਰੂ ਹੋ ਜਾਂਦੇ ਹਨ। “ਪ੍ਰਭ ਕੈ ਸਿਮਰਨਿ ਅਨਹਦ ਝੁਨਕਾਰ”॥ ਸੁਭਾਅ ਵਿੱਚ ਟਿਕਾ ਆ ਜਾਂਦਾ ਹੈ। ਜਿਸ ਤਰ੍ਹਾਂ ਬੈਂਡ ਵਾਜੇ ਵਾਲੇ ਪੀਪੀਨੀਆਂ ਵਜਾਉਂਦੇ ਹਨ ਦਰ-ਅਸਲ ਅਸੀਂ ਓਦਾਂ ਦੀ ਪੀਪੀਨੀਆਂ ਵਾਲੀ ਅਵਾਜ਼ ਨੂੰ ਅਨਹਦ ਸ਼ਬਦ ਕਹਿ ਰਹੇ ਹਾਂ, ਅਨਹਦ ਤਾਂ ਇੱਕ ਰਸ ਤੇ ਸਹਿਜ ਅਵਸਥਾ ਦਾ ਨਾਮ ਹੈ।

ਗੁਰਬਾਣੀ ਮੁਲਕਾਂ ਦੀ ਹੱਦਾਂ ਨੂੰ ਤੋੜਦੀ ਹੈ. ਜਾਤ ਬਰਾਦਰੀ ਨੂੰ ਖਤਮ ਕਰਦੀ ਹੈ। ਗੁਰਬਾਣੀ ਕੁੱਝ ਸਿੱਖਾਂ ਲਈ ਜਾਂ ਕੁੱਝ ਡੇਰਿਆਂ ਵਾਸਤੇ ਨਹੀਂ ਹੈ ਇਹ ਤਾਂ ਸਗੋਂ ਸਾਰੀ ਸ੍ਰੇਸ਼ਟੀ ਦੇ ਮਨੁੱਖ ਮਾਤਰ ਲਈ ਹੈ। ਇੱਕ ਡਾਕਟਰੀ ਕਰ ਰਹੇ ਬੱਚੇ ਦਾ ਸਿਮਰਨ ਕੀ ਹੈ? ਕਿ ਉਹ ਆਪਣੇ ਕਿੱਤੇ ਦੀ ਡੱਟ ਕੇ ਪੜ੍ਹਾਈ ਕਰੇ ਏਹੀ ਉਸ ਦਾ ਸਿਮਰਨ ਹੈ। ਕੈਂਸਰ, ਏਡਜ਼ ਆਦਿਕ ਭਿਆਨਕ ਬਿਮਾਰੀਆਂ ਦੀ ਖੋਜ ਕਰ ਰਹੇ ਵਿਗਿਆਨੀਆਂ ਦਾ ਸਿਮਰਨ ਹੀ ਮਨੁੱਖੀ ਭਲਾਈ ਦੇ ਕੰਮ ਕਰਨੇ ਮੰਨੇ ਗਏ ਹਨ। ਕਿਸੇ ਗ਼ਰੀਬ ਜਾਤੀ ਨਾਲ ਸਬੰਧ ਰੱਖਣ ਵਾਲਾ ਬੱਚਾ ਸਖਤ ਮਿਹਨਤ ਕਰਕੇ ਕਿਸੇ ਮੰਜ਼ਿਲ `ਤੇ ਪਾਹੁੰਚਦਾ ਹੈ ਤਾਂ ਸਾਰੇ ਲੋਕ ਉਸ ਨੂੰ ਵਾਹਵਾ ਵਾਹਵਾ ਕਹਿੰਦੇ ਹਨ। ਉਸ ਗ਼ਰੀਬ ਬੱਚੇ ਦਾ ਮਨ ਮਾਰ ਕੇ ਪੜ੍ਹਾਈ ਕਰਨਾ ਹੀ ਸਿਮਰਨ ਹੈ। “ਹਰਿ ਕਾ ਸਿਮਰਨਿ ਨੀਚ ਚਹੁ ਕੁੰਟ ਜਾਤੇ” ਪਰਮਾਤਮਾ ਦੇ ਗੁਣਾਂ ਦਾ ਚਿੰਤਨ ਕਰਦਿਆਂ ਮਨੁੱਖ ਨੇ ਆਪਣੇ ਅੰਦਰੋਂ ਔਗੁਣਾਂ ਦੀ ਸਫ਼ਾਈ ਕਰਨੀ ਹੈ। ਗੁਰੂ ਸਾਹਿਬ ਜੀ ਸਿਮਰਨ ਦੀ ਵਿੱਧੀ ਸਮਝਾਉਂਦਿਆਂ ਦੱਸਦੇ ਹਨ ਕਿ ਸਾਰੀ ਸਮਝ ਗੁਰੂ ਪਾਸੋਂ ਹੀ ਆ ਸਕਦੀ ਹੈ। ਇਸ ਦਾ ਅਰਥ ਹੋਇਆਂ ਕਿ ਗੁਰਬਾਣੀ ਗਿਆਨ ਨੂੰ ਸੁਰਤ ਨਾਲ ਸਮਝ ਕੇ ਆਪਣੇ ਸੁਭਾਅ ਵਿੱਚ ਬਦਲਾ ਲਿਆਉਣਾ ਹੀ ਅਸਲ ਸਿਮਰਨ ਹੈ।

ਕਰਿ ਕਿਰਪਾ ਜਿਸੁ ਆਪਿ ਬੁਝਾਇਆ॥

ਨਾਨਕ ਗੁਰਮੁਖਿ ਹਰਿ ਸਿਮਰਨੁ ਤਿਨਿ ਪਾਇਆ॥

ਗੁਰੂ ਅਰਜਨ ਪਾਤਸ਼ਾਹ ਜੀ ਨੇ ਇਸ ਅਸਟਪਦੀਆਂ ਦੇ ਅਖੀਰਲੇ ਬੰਦ ਵਿੱਚ ਗੁਰੂ ਗਿਆਨ ਦੀ ਰਮਜ਼ ਸਮਝਾ ਦਿੱਤੀ ਹੈ ਕਿ ਗੁਰੂ ਜੀ ਦੇ ਸਨਮੁਖ ਬੈਠਣਾ ਭਾਵ ਗੁਰੂ ਜੀ ਦੇ ਉਪਦੇਸ਼ ਨੂੰ ਸੁਣਨਾ ਤੇ ਆਪਣੇ ਜੀਵਨ ਵਿੱਚ ਲੈ ਕੇ ਆਉਣਾ ਹੀ ਅਸਲ ਸਿਮਰਨ ਹੈ।
.