.

“ਸਭ ਤੇ ਵਡਾ ਸਤਿਗੁਰੁ ਨਾਨਕ”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਬਲਿ ਬਲਿ ਸਦ ਬਲਿਹਾਰਿ’ (ਪੰ: ੧੩੮੫) - ਜਗਤ ਗੁਰੂ, ਗੁਰੂ ਨਾਨਕ ਪਾਤਸ਼ਾਹ ਦਾ ਜੀਵਨ ਉਨ੍ਹਾਂ ਵਿਲਖਣਤਵਾਂ ਨਾਲ ਭਰਪੂਰ ਹੈ, ਜਿਹੜੀਆਂ ਨਾ ਹੀ ਗਿਣੀਆਂ ਜਾ ਸਕਦੀਆਂ ਹਨ ਅਤੇ ਨਾ ਹੀ ਬਿਆਨੀਆਂ ਜਾ ਸਕਦੀਆਂ ਹਨ। ਇਸ ਸਚਾਈ ਨੂੰ ਸਮਝਣ ਲਈ, ਕਿਸੇ ਹੋਰ ਸਬੂਤ ਦੀ ਲੋੜ ਨਹੀਂ ਕਿ ਗੁਰੂ ਨਾਨਕ ਪਾਤਸ਼ਾਹ ਦੀ ਹੀ ਜੋਤ, ਪੰਚਮ ਪਾਤਸ਼ਾਹ ਨੇ ‘ਆਦਿ ਬੀੜ’ ਦੀ ਸੰਪਾਦਨਾ ਸਮੇਂ ਜਦੋਂ ਭੱਟਾਂ ਦੇ ਸਵਯੇ ਦਰਜ ਕੀਤੇ ਤਾਂ ਅਰੰਭ `ਚ “ਸਵਯੇ ਸ੍ਰੀ ਮੁਖਬਾਕB ਮਹਲਾ ੫” ਦੇ ਸਿਰਲੇਖ ਹੇਠ ਆਪਣੇ ਵਲੋਂ 20 ਸਵਯੇ ਅਕਾਲਪੁਖ ਅਤੇ ਉਸ ਵਲੋਂ ਵਿਸ਼ੇਸ਼ ਰੂਪ `ਚ ਥਾਪੇ ਗੁਰੂ ਨਾਨਕ ਪਾਤਸ਼ਾਹ ਦੀ ਉਸਤੱਤ `ਚ ਦਰਜ ਕੀਤੇ। ਇਨ੍ਹਾਂ ਹੀ 20 ਸਵੇਯਾਂ ਦੀ ਲੜੀ `ਚ ਗੁਰਦੇਵ ਪਹਿਲੇ ਚਾਰ ਸਵਯਾਂ ਦੀ ਸਮਾਪਤੀ ਜਿਨ੍ਹਾਂ ਸ਼ਬਦਾਂ ਨਾਲ ਕਰਦੇ ਹਨ ਉਹ ਹਨ “ਜਨੁ ਨਾਨਕੁ ਭਗਤੁ, ਦਰਿ ਤੁਲਿ, ਬ੍ਰਹਮ ਸਮਸਰਿ, ਏਕ ਜੀਹ ਕਿਆ ਬਖਾਨੈ॥ ਹਾਂ ਕਿ ਬਲਿ ਬਲਿ, ਬਲਿ ਬਲਿ ਸਦ ਬਲਿਹਾਰਿ”। ਇਨ੍ਹਾਂ ਪੰਕਤੀਆਂ ਦੇ ਅਰਥ ਪੰਥ ਦੀ ਚਲਦੀ ਫ਼ਿਰਦੀ ਯੁਨੀਵਰਸਟੀ, ਪ੍ਰੋਫ਼ੈਸਰ ਸਾਹਿਬ ਸਿੰਘ ਜੀ ਮੁਤਾਬਕ “(ਹਰੀ ਦਾ) ਭਗਤ ਸੇਵਕ (ਗੁਰੂ) ਨਾਨਕ (ਹਰੀ ਦੇ) ਦਰ ਤੇ ਪਰਵਾਨ (ਹੋਇਆ ਹੈ) ਤੇ ਹਰੀ ਵਰਗਾ ਹੈ। (ਮੇਰੀ) ਇੱਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਥਨ ਕਰ ਸਕਦੀ ਹੈ? ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ।” ਦੇਖਣ ਦੀ ਗਲ ਹੈ ਕਿ ਪੰਜਵੇਂ ਪਾਤਸ਼ਾਹ ਵਰਗੀ ਹੱਸਤੀ, ਜੋ ਆਪ ਗੁਰੂ ਨਾਨਕ ਦੀ ਜੋਤ ਹਨ, ਜਿਨ੍ਹਾਂ ਨੂੰ ਗੁਰਬਾਣੀ ਰਚਨਾ ਦੇ ਨਾਲ ਨਾਲ, ‘ਨਾਨਕ’ ਪਦ ਵਰਤਣ ਦਾ ਵੀ ਹੱਕ ਹੈ। ਇਥੋਂ ਤੀਕ ਕਿ, ਲਗਭਗ ਅੱਧੀ ਗੁਰਬਾਣੀ ਹੈ ਹੀ ਪੰਜਵੇਂ ਪਾਤਸ਼ਾਹ ਦੀ ਰਚਨਾ। ਫ਼ਿਰ ਜਦੋਂ ਆਪ ਵੀ ਇੱਕ ਵਾਰੀ ਨਹੀਂ ਬਲਕਿ ਬਾਰ ਬਾਰ ਬਿਆਨਦੇ ਹਨ” ਕਿ ਗੁਰੂ ਨਾਨਕ ਪਾਤਸ਼ਾਹ ਤੋਂ ਮੈਂ ਬਲਿਹਾਰ ਜਾਂਦਾ ਹਾਂ, ਮੈਂ ਬਲਿਹਾਰ ਜਾਂਦਾ ਹਾਂ” ਤਾਂ ਇਸਦਾ ਕੋਈ ਛੋਟਾ ਜਿਹਾ ਮਤਲਬ ਨਹੀਂ ਰਹਿ ਜਾਂਦਾ।

ਬਲਿਓ ਚਰਾਗੁ ਅੰਧ੍ਹਾਰ ਮਹਿ- ਇਥੇ ਹੀ ਬੱਸ ਨਹੀਂ, ਇਨ੍ਹਾਂ ਹੀ ਸਵੇਯਾਂ ਦੇ ਚਲਦੇ ਨੰਬਰਵਾਰ ਸਵੇਯਾ ਨੰਬਰ ੫, ੬, ੭, ੮, ੯ ਦੀ ਸਮਾਪਤੀ `ਤੇ ਫ਼ਿਰ ਪੰਜਵੇਂ ਗੁਰਦੇਵ ਫ਼ੁਰਮਾਉਂਦੇ ਹਨ “… ਹਰਿ ਗੁਰੁ ਨਾਨਕੁ ਜਿਨ ਪਰਸਿਅਉ ਸਿ ਜਨਮ ਮਰਣ ਦੁਹ ਥੇ ਰਹਿਓ॥ ੫ ॥” “… ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤਿਨ੍ਹ੍ਹ ਸਭ ਕੁਲ ਕੀਓ ਉਧਾਰੁ॥ ੬ ॥” “… ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤੇ ਬਹੁੜਿ ਫਿਰਿ ਜੋਨਿ ਨ ਆਏ॥ ੭ ॥” “… ਹਰਿ ਗੁਰੁ ਨਾਨਕੁ ਜਿਨ੍ਹ੍ਹ ਪਰਸਿਓ ਤੇ ਇਤ ਉਤ ਸਦਾ ਮੁਕਤੇ॥ ੮ ॥” “… ਬਲਿਓ ਚਰਾਗੁ ਅੰਧ੍ਹਾਰ ਮਹਿ ਸਭ ਕਲਿ ਉਧਰੀ ਇੱਕ ਨਾਮ ਧਰਮ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮੁ॥ ੯ ਵਾਰੀ ਵਾਰੀ ਅਰਥ ਹਨ “. . ਇਹੋ ਜਿਹੇ ਹਰੀ-ਰੂਪ ਗੁਰੂ ਨਾਨਕ ਦੇ ਚਰਨਾਂ ਨੂੰ ਜਿਨ੍ਹਾਂ ਪਰਸਿਆ ਹੈ, ਉਹਨਾਂ ਮਨੁੱਖਾਂ ਨੇ ਆਪਣੀ ਸਾਰੀ ਕੁਲ ਦਾ ਬੇੜਾ ਪਾਰ ਕਰ ਲਿਆ ਹੈ। ੬. . ਅਜਿਹੇ ਗੁਣਾਂ ਵਾਲੇ ਅਕਾਲਪੁਰਖ ਦੇ ਰੂਪ ਗੁਰੂ ਨਾਨਕ ਦੇ ਚਰਨਾਂ ਨੂੰ ਜਿਨ੍ਹਾਂ ਪਰਸਿਆ ਹੈ, ਉਹ ਮੁੜ ਜਨਮ-ਮਰਣ ਦੇ ਗੇੜ੍ਹ `ਚ ਨਹੀਂ ਆਉਂਦੇ। ੭। … ਇਹੋ ਜਿਹੇ ਉਪ੍ਰੋਕਤ ਗੁਣਾਂ ਵਾਲੇ ਹਰੀ ਦੇ ਰੂਪ, ਗੁਰੂ ਨਾਨਕ ਨੂੰ ਜਿਨ੍ਹਾਂ ਨੇ ਪਰਸਿਆ ਹੈ, ਉਹ ਲੋਕ ਪ੍ਰਲੋਕ, ਦੋਵੇਂ ਪਾਸੇ ਮਾਇਆ ਦੇ ਬੰਧਨਾਂ ਤੋਂ ਬਚੇ ਹੋਏ ਹਨ। ੮। . . ਗੁਰੂ ਨਾਨਕ ਮਾਨੋ (ਅਗਿਆਨਤਾ ਦੇ) ਹਨੇਰੇ `ਚ ਦੀਵਾ ਜਗ ਪਏ ਨੇ, ਜਿਨ੍ਹਾਂ ਦੇ ਦੱਸੇ ਹੋਏ ਨਾਮ ਮਾਰਗ ਅਥਵਾ ਸਿਫ਼ਤ ਸਲਾਹ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ। ੯।

“ਮਿਟੀ ਧੁੰਧੁ ਜਗਿ ਚਾਨਣੁ ਹੋਆ” - ਇਸੇ ਤਰ੍ਹਾਂ ਭਾਈ ਗੁਰਦਾਸ ਜੀ ਗੁਰੂ ਨਾਨਕ ਪਾਤਸ਼ਾਹ ਬਾਰੇ ਫ਼ੁਰਮਾਉਂਦੇ ਹਨ “ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥ ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ”। ਦੇਖਣ ਦੀ ਗਲ ਹੈ, ਭਾਈ ਸਾਹਿਬ ਇਥੇ ਕਿਸੇ ਹਨੇਰੇ ਜਾਂ ਘੁੱਪ ਹਨੇਰੇ ਦੀ ਗਲ ਨਹੀਂ ਬਲਕਿ ਧੁੰਦ-ਕੋਰੇ, ਜਿਸਨੂੰ ਅੰਗ੍ਰੇਜ਼ੀ `ਚ ਫ਼ਰਾਸਟ ਵੀ ਕਹਿੰਦੇ ਹਨ (Frost) ਉਸਦੀ ਗਲ ਕਰ ਰਹੇ ਹਨ। ਹਨੇਰਾ ਚਾਹੇ ਕਿੰਨਾ ਵੀ ਭਾਰੀ ਹੋਵੇ ਪਰ ਉਸ ਘੁੱਪ ਹਨੇਰੇ `ਚ ਕੀਤੀ ਕੁੱਝ ਵੀ ਰੋਸ਼ਨੀ ਆਪਣੀ ਸੀਮਾਂ ਤੀਕ ਪ੍ਰਭਾਵ ਜ਼ਰੂਰ ਰਖਦੀ ਹੈ। ਇਸਦੇ ਉਲਟ ਧੁੰਦ ਜਾਂ ਕੋਰੇ ਦਾ ਹਨੇਰਾ ਉਹ ਹਨੇਰਾ ਹੁੰਦਾ ਹੈ, ਜਿਸ ਨੂੰ ਕੱਰਦੀ ਦੀ ਕਟਣ ਲਈ ਵੱਡੀਆਂ-ਵੱਡੀਆਂ ਰੋਸ਼ਨੀਆਂ ਵੀ ਸਫ਼ਲ ਨਹੀਂ ਹੁੰਦੀਆਂ। ਇਥੇ ਧਿਆਨ ਦੀ ਗਲ ਹੈ ਕਿ ਭਾਈ ਸਾਹਿਬ ਫ਼ੁਰਮਾਅ ਰਹੇ ਹਨ ਕਿ ਜਗਤ `ਚ ਜਿਹੜੀਆਂ ਧਰਮ ਦੇ ਪੜਦੇ ਹੇਠ ਠੱਗੀਆਂ, ਪਾਖਡਾਂ, ਅਗਿਆਣਤਾ, ਕੁਕਰਮਾ, ਨਾਸਤਿਕਤਾ, ਜੁਰਮਾਂ ਆਦਿ ਦੀ ਜੋ ਬਹੁਤ ਗਹਿਰੀ ਧੁੰਦ ਛਾਈ ਹੋਈ ਸੀ, ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਨਾਲ ਉਹ ਧੁੰਦ ਵੀ ਛੱਟ ਗਈ ਅਤੇ ਚਾਨਣ ਹੀ ਚਾਨਣ ਹੋ ਗਿਆ। ਉਹ ਰੋਸ਼ਨੀ ਜਿਵੇਂ ਸੂਰਜ ਉਦੇ ਹੋਣ `ਤੇ ਆਕਾਸ਼ `ਚ ਤਾਰੇ ਹੁੰਦੇ ਹੋਏ ਵੀ ਇਤਨੇ ਬੇ-ਅਸਰ ਹੋ ਜਾਂਦੇ ਹਣ ਕਿ ਦਿਖਾਈ ਤੀਕ ਨਹੀਂ ਦੇਂਦੇ। ਦੂਜੇ ਲਫ਼ਜ਼ਾਂ `ਚ ਇਹ ਧੁੰਦ ਸੀ ਅਕਾਲਪੁਰਖ ਤੇ ਅਮੁਲੇ ਮਨੁੱਖਾ ਜੀਵਨ ਸੰਬੰਧੀ ਅਗਿਆਣਤਾ ਦੀ ਧੁੰਦ। ਧਰਮ ਦੇ ਨਾਂ ਹੇਠ, ਹੋ ਰਿਹਾ ਬੇਅੰਤ ਪਾਖੰਡ, ਰਾਜ ਅਤੇ ਧਾਰਮਿਕ ਪਧਰ `ਤੇ ਹੋ ਰਿਹਾ ਦੱਬੇ ਕੁਚਲਿਆਂ ਦਾ ਸ਼ੋਸ਼ਣ, ਵਰਣ ਵੰਡ ਵਾਲੀਆਂ ਕਾਲੀਆਂ ਲਕੀਰਾਂ ਹੇਠ ਦਬਾਏ ਜਾ ਚੁੱਕੇ ਬਾਕੀ ਤਿੰਨ ਵਰਣ ਤੇ ਖਾਸਤੌਰ `ਤੇ ਅਖੌਤੀ ਸ਼ੂਦਰਾਂ ਦੀ ਜੋ ਦੁਰਦਸ਼ਾ ਹੋ ਰਹੀ ਸੀ ਉਸ ਤੋਂ ਤਾਂ ਕਰਤਾਰ ਹੀ ਬਚਾਏ। ਕੇਵਲ ਗੋਰੇ-ਕਾਲੇ, ਪੁਰਖ ਵਰਗ ਰਾਹੀਂ ਇਸਤ੍ਰੀ ਵਰਗ ਦੀ ਅਵਹੇਲਣਾ, ਜਨਮ ਪਤ੍ਰੀਆਂ, ਟੇਵੇ-ਮਹੂਰਤਾਂ, ਵਰਾਂ-ਸਰਾਪਾਂ ਵਾਲਾ ਪਾਖੰਡ ਹੀ ਨਹੀਂ ਸਮੂਚੀ ਮਨੁੱਖ ਜਾਤੀ ਦੇ ਜੀਵਨ ਅੰਦਰ ਬੇਅੰਤ ਪ੍ਰਦੂਸ਼ਨ, ਜਿਸ ਤੋਂ ਮਨੁੱਖ ਦੇ ਜਨਮ ਨਾਲੋਂ ਕਈ ਗੁਣਾਂ ਸੁਖਾਵਾਂ-ਸ਼ਾਂਤ ਜੀਵਨ ਸੀ, ਪਸ਼ੂਆਂ ਦਾ।

ਇਕ ਅਕਾਲਪੁਖ ਵਾਲੀ ਸਚਾਈ- ਗੁਰੂ ਸਾਹਿਬ ਦੇ ਪ੍ਰਕਾਸ਼ ਤੋਂ ਪਹਿਲਾਂ, ਸ਼ੱਕ ਨਹੀਂ ਸੰਸਾਰ ਦੇ ਕੁੱਝ ਵਰਗਾਂ `ਚ ਇੱਕ ਅਕਾਲਪੁਰਖ ਵਾਲੀ ਗਲ ਤਾਂ ਮਿਲਦੀ ਹੈ, ਪਰ ਅਧੂਰੀ। ਮਿਸਾਲ ਵਜੋਂ ਮੁਸਲਮਾਨ ‘ਇਕ ਅਲ੍ਹਾ ਤਾਲਾ’ ਦੀ ਗਲ ਤਾਂ ਕਰਦੇ ਹਨ ਪਰ ਉਨ੍ਹਾਂ ਦਾ ਰੱਬ ਇਸਾਈਆਂ ਦੇ ‘ਗਾਡ’ ਨਾਲ ਨਹੀਂ ਸੀ ਮਿਲਦਾ। ਇਕੋ ਇੱਕ ਦੇ ਪੁਜਾਰੀ ਹੋਣ ਦੇ ਬਾਵਜੂਦ ਮਨੁੱਖ-ਮਨੁੱਖ ਤੋਂ ਕੱਟਿਆ ਵੱਖ-ਵੱਖ ਖੈਮਿਆਂ `ਚ ਖਲੋਤਾ, ਇੱਕ ਦੂਜੇ ਦੇ ਖੂਨ ਦਾ ਪਿਆਸਾ ਸੀ। ਇਹ ਗਲ ਤਾਂ ਉਨ੍ਹਾਂ ਦੀ ਹੈ ਜੋ ਵਾਹਿਦ ਹਸਤੀ ਰੂਪ-ਰੰਗ-ਕੁਲ ਤੋਂ ਨਿਆਰੇ ਰੱਬ ਦੀ ਗਲ ਕਰਦੇ ਸਨ। ਇਸਤੋਂ ਵੱਧ ਤਾਂ ਉਹ ਕੁਰਾਹੇ ਪਏ ਸਨ, ਜਿਨ੍ਹਾਂ ਦੇ ਇਸ਼ਟਾਂ-ਭਗਵਾਨਾ ਦੀ ਗਿਣਤੀ ਹੀ ਨਹੀਂ ਸੀ ਹੋ ਸਕਦੀ। ਜਿਨ੍ਹਾਂ ਦੇ ਭਗਵਾਨ ਇੱਕ ਦੇ ਬਚਾਅ ਤੇ ਦੂਜੇ ਨੂੰ ਮਾਰਣ ਲਈ ਜਾਂ ਦੂਜੇ ਦੇ ਵਿਰੋਧ `ਚ ਬਾਰ ਬਾਰ ਜਨਮ ਧਾਰ ਕੇ ਆਉਂਦੇ ਅਤੇ ਜਨਮ-ਮਰਣ ਦੀ ਖੇਡ `ਚ ਹੀ ਫ਼ਸੇ ਰਹਿੰਦੇ ਸਨ। ਇਸ ਅਗਿਆਨਤਾ ਦਾ ਇੱਕ ਹੋਰ ਪੱਖ ਵੀ ਹੈ ਸ਼ਕਤੀ ਦੀ ਪੂਜਾ ਜਿਸਨੂੰ ਗੁਰਬਾਣੀ `ਚ ਸਾਕਤ ਪੂਜਾ ਅਤੇ ਅਜੇਹਾ ਕਰਣ ਵਾਲੇ ਨੂੰ ਸਾਕਤ ਕਿਹਾ ਗਿਆ ਹੈ। ਇਹ ਜੀਵਨ ਦਾ ਉਹ ਢੰਗ ਹੈ ਜਿੱਥੇ ਕਰਤੇ ਦੀ ਹਰੇਕ ਦਾਤ ਤੇ ਦੇਣ ਨੂੰ ਵੱਖ-ਵੱਖ ਨਾਮ ਦੇ ਕੇ ਉਸ ਦੀ ਪੂਜਾ ਕੀਤੀ ਜਾ ਰਹੀ ਸੀ। ਜਿਵੇਂ ਪੈਦਾ ਕਰਣ, ਪਾਲਣ ਅਤੇ ਮਾਰਣ ਦੀਆਂ ਵੱਖ ਵੱਖ ਸ਼ਕਤੀਆਂ- ਬ੍ਰਹਮਾ, ਵਿਸ਼ਨੂੰ ਮਹੇਸ਼। ਉਪਰੰਤ ਹਵਾ, ਪਾਣੀ. ਅੱਗ ਆਦਿ ਦੀ ਪੂਜਾ ਨੇ ਵੀ ਇਥੋਂ ਹੀ ਜਨਮ ਲਿਆ ਅਤੇ ਦੇਵੀ-ਦੇਵਤਾ ਵਾਦ। ਅਜੇਹੇ ਹੀ ਸਾਕਤ ਜਾਂ ਭਗਵਾਨ ਵਾਦ ਪ੍ਰਗਟ ਹੋਈ ਅਗਿਆਣਤਾ ਤੋਂ ਉਪਰਾਮ ਹੋਣ ਦਾ ਹੀ ਅਗਲਾ ਪੜਾਅ ਹੈ ਨਾਸਤਿਕਤਾ ਜਾਂ ਕਮੁਨਿਜ਼ਮ।

ਇਹ ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਹਿੱਸੇ ਹੀ ਆਉਂਦਾ ਹੈ ਜਦੋਂ ਆਪ ਨੇ ਸੰਸਾਰ ਨੂੰ ਵੰਗਾਰ ਕੇ ਕਿਹਾ “ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ” (ਜੁਪ) ਜਾਂ “ਪੂਰਿ ਰਹਿਆ ਸ੍ਰਬ ਠਾਇ ਹਮਾਰਾ ਖਸਮੁ ਸੋਇ॥ ਏਕੁ ਸਾਹਿਬੁ ਸਿਰਿ ਛਤੁ ਦੂਜਾ ਨਾਹਿ ਕੋਇ” (ਪੰ: ੩੯੮) ਅਤੇ “ਏਕੋ ਏਕੁ ਆਪਿ ਇਕੁ, ਏਕੈ ਏਕੈ ਹੈ ਸਗਲਾ ਪਾਸਾਰੇ” (ਪੰ: ੩੭੯)। ਹੇ ਦੁਨੀਆ ਦੇ ਲੋਕੋ! ਪ੍ਰਭੂ ਵੱਖ ਵੱਖ ਲੋਕਾਂ ਦਾ ਵੱਖ-ਵੱਖ ਨਹੀਂ, ਸਾਰੇ ਸੰਸਾਰ ਦਾ ਕਰਤਾ-ਹਰਤਾ-ਰਾਜ਼ਕ ਕੇਵਲ ਇਕੋ ਹੀ ਹੈ। ਫ਼ੁਰਮਾਣ ਹੈ “ਆਪੀਨ੍ਹ੍ਹੈ ਆਪੁ ਸਾਜਿਓ ਆਪੀਨ੍ਹ੍ਹੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥ ਦਾਤਾ ਕਰਤਾ ਆਪਿ ਤੂੰ ਤੁਸਿ ਦੇਵਹਿ ਕਰਹਿ ਪਸਾਉ॥ ਤੂੰ ਜਾਣੋਈ ਸਭਸੈ ਦੇ ਲੈਸਹਿ ਜਿੰਦੁ ਕਵਾਉ॥ ਕਰਿ ਆਸਣੁ ਡਿਠੋ ਚਾਉ” (ਪੰ: ੪੬੨) ਇਸ ਤਰਾਂ ਗੁਰਦੇਵ ਨੇ ਉਚੀ ਆਵਾਜ਼ ਦੇ ਕੇ ਮਾਨਵ ਜਾਤੀ ਵਿਚੋਂ ਇੰਨਾ ਵੱਡਾ ਭੁਲੇਖਾ ਕਢਿਆ।

ਸਾਰੇ ਸੰਸਾਰ ਦਾ ਗੁਰੂ ਇਕੋ ਹੀ- ਸੰਸਾਰ ਪੱਧਰ `ਤੇ ਇਹ ਭੇਦ ਵੀ ਖੋਲਿਆ ਅਤੇ ਐਲਾਨਿਆ ਕਿ ਸਾਰੇ ਸੰਸਾਰ ਦਾ ਗੁਰੂ ਇਕੋ ਹੀ ਹੈ, ਭਿੰਨ ਭਿੰਨ ਨਹੀਂ ਅਤੇ ਕਿਸੇ ਸਰੀਰ ਦਾ ਨਾਮ ਗੁਰੂ ਨਹੀਂ ਹੁੰਦਾ। ਗੁਰੂ ਤਾਂ ਸਤਿਗੁਰੂ’ ਭਾਵ ਸਦੀਵੀ ਤੇ ਸਦਾ ਥਿਰ ਰਹਿਣ ਵਾਲਾ ਹੁੰਦਾ ਹੈ, ਜਨਮ ਮਰਣ `ਚ ਨਹੀਂ ਆਉਂਦਾ। ਗੁਰੂ-ਅਕਾਲਪੁਰਖ ਦਾ ਹੀ ਨਿਜ-ਗੁਣ ਹੈ ਜਿਸ ਦੀ ਰੋਸ਼ਨੀ-ਉਜਾਲੇ ਤੋਂ ਬਿਨਾ, ਮਨੁੱਖਾ ਜੀਵਨ `ਚੋਂ ਅਗਿਆਨਤਾ-ਭਟਕਣਾ-ਤ੍ਰਿਸ਼ਨਾ ਦਾ ਨਾਸ ਨਹੀਂ ਹੋ ਸਕਦਾ। ਇਥੋਂ ਤੀਕ ਸਪਸ਼ਟ ਕੀਤਾ ਕਿ ਸੰਸਾਰ ਦੇ ਹਜ਼ਾਰਾਂ ਗਿਆਨ (ਸੂਰਜ) ਮਿਲ ਕੇ ਵੀ ਮਨੁੱਖਾ ਜੀਵਨ ਅੰਦਰੋ ਅਗਿਆਨਤਾ ਦੇ ਹਨੇਰੇ ਨੂੰ ਨਹੀਂ ਧੋ ਸਕਦੇ, ਫ਼ੁਰਮਾਨ ਹੈ “ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ” (ਪੰ: 463)। ਮਨੁੱਖਾ ਜੀਵਨ ਦੇ ਨਿ-ਰਸ ਅਤੇ ਇਸ ਅੰਦਰ ਹਜ਼ਾਰਾਂ ਅਉਗਣਾਂ-ਜੁਰਮਾਂ ਦਾ ਇਕੋ ਇੱਕ ਕਾਰਣ ਹੁੰਦਾ ਹੈ, ਗੁਰੂ’ ਦੀ ਅਣਹੋਂਦ, ਫ਼ੁਰਮਾਨ ਹੈ “ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: ੯੨੦)। ਇਹ ਸਮ੍ਰਥਾ ਕੇਵਲ ਗੁਰੂ `ਚ ਹੁੰਦੀ ਹੈ ਕਿ ਮਨੁੱਖਾ ਜੀਵਨ ਅੰਦਰੋਂ ਹਉਮੈ ਖਤਮ ਕਰਕੇ, ਸਿੱਧਾ ਅਕਾਲਪੁਰਖ ਨਾਲ ਜੋੜਦਾ ਹੈ। ਮੂਲ ਰੂਪ `ਚ ਇਹ ਸਾਰਾ ਵਿਸ਼ਾ ਗੁਰਮਤਿ ਪਾਠ ਨੰ: 109 ‘ਗੁਰਬਾਣੀ ਅਨੁਸਾਰ-ਗੁਰੂ, ਸਤਿਗੁਰੂ ਅਤੇ ਸ਼ਬਦ ਗੁਰੂ`ਚ ਲਿਆ ਜਾ ਚੁੱਕਾ ਹੈ।

ਇਥੇ ਤਾਂ ਕੇਵਲ ਧਿਆਨ ਪੁਆਉਣਾ ਹੈ ਕਿ ਮਨੁੱਖ ਨੇ ਹਮੇਸ਼ਾਂ ਤੋਂ ਗੁਰੂ ਵਾਲੀ ਲੋੜ ਨੂੰ ਮਹਿਸੂਸ ਤਾਂ ਕੀਤਾ ਪਰ ਉਸਦੀ ਪਹਿਚਾਣ ਨਾ ਕਰ ਸਕਿਆ। ਭਾਰਤ ਦੀਆਂ ਪੁਰਾਤਣ ਰਚਨਾਵਾਂ ਵੇਦਾਂ ਸ਼ਾਸਤ੍ਰਾਂ ਆਦਿ `ਚ ਵੀ ਗੁਰੂ ਦੀ ਲੋੜ ਤੇ ਉਸਦੇ ਗੁਣ ਤਾਂ ਗਾਏ ਗਏ ਪਰ ਮਨੁੱਖ ਗੁਰੂ ਬਾਰੇ ਸਪਸ਼ਟ ਨਾ ਹੋ ਸਕਿਆ। ਇਸੇ ਦਾ ਨਤੀਜਾ ਸੀ ਕਿ ਜਣਾ-ਖਣਾ ਗੁਰੂ’ ਉਚਾਰਿਆ ਜਾਣ ਲਗਾ। ਮਾਮੂਲੀ ਤੋਂ ਮਾਮੂਲੀ ਸੰਸਾਰਕ ਹੁਨਰ ਚਾਹੇ ਰਾਗ ਵਿਦਿਆ ਹੈ, ਮਲ ਅਖਾੜੇ, ਯੋਗ, ਤੈਰਾਕੀ ਜਾਂ ਪਾਠਸ਼ਾਲਾਵਾਂ `ਚ ਅਧਿਆਪਕ-ਸਾਰੇ ਗੁਰੂ ਹੀ ਬਣ ਬੈਠੇ ਤੇ ਕਹੇ ਜਾਣ ਲਗ ਪਏ ਪਰ ਮਨੁੱਖ ਦੇ ਇਕੋ-ਇਕ ਇਲਾਹੀ ਗੁਰੂ “ਗੁਰੁ ਪਰਮੇਸਰੁ ਪਾਰਬ੍ਰਹਮੁ. .” (ਪੰ: 49) ਦੀ ਕਿਸੇ ਨੂੰ ਸਮਝ ਨਾ ਆਈ। ਉਸ ਗੁਰੂ ਦੀ, ਜਿਸ ਬਾਰੇ ਫ਼ੁਰਮਾਨ ਹੈ “ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ” (ਪੰ: 470) ਅਤੇ ਉਹ ਗੁਰੂ ਜੋ “ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: 759) ਜਿਸ ਨੂੰ ਗੁਰਬਾਣੀ `ਚ ਸਤਿਗੁਰ (ਸਦਾ ਥਿਰ) ਜਾਂ ਸ਼ਬਦ ਗੁਰੂ’ ਵੀ ਕਿਹਾ ਹੈ। ਗੁਰੂ ਦਾ ਇਹ ਵੱਡਾ ਗੁਣ ਕਿ ਜੀਵਨ ਅੰਦਰੋਂ ਹਉਮੈ ਦਾ ਵਿਨਾਸ ਕਰਦਾ ਅਤੇ ਇੱਕ ਕਰਤਾਰ ਨਾਲ ਹੀ ਜੋੜਦਾ ਹੈ, ਇੁਸਨੂੰ ਭੁਲਵਾ ਕੇ ਗੁਰਬਾਣੀ ਅੰਦਰੋਂ ‘ਗੁਰੂ’ ਦੇ ਹੋਰ ਅਨੇਕਾਂ ਗੁਣਾਂ ਦੇ ਦਾਅਵੇਦਾਰ ਪਖੰਡੀਆਂ-ਢੋਂਗੀਆਂ ਦੀਆਂ ਦੁਕਾਨਾ ਖੁਲਦੀਆਂ ਆਈਆਂ ਹਨ। ਇਸ ਸਾਰੇ ਦੇ ਬਾਵਜੂਦ ਇਹ ਸਪਸ਼ਟ ਕਰਨਾ ਕਿ ਸੰਸਾਰ ਦਾ ਗੁਰੂ ਇਕੋ ਹੀ ਹੁੰਦਾ ਹੈ ਤੇ ਉਸਦੇ ਜੀਵਨ `ਚ ਉਜਾਲੇ ਤੋਂ ਬਿਨਾ, ਮਨੁੱਖਾ ਜਨਮ ਹੀ ਵਿਅਰਥ ਹੋ ਜਾਂਦਾ ਹੈ, ਇਸ ਸਚਾਈ ਨੂੰ ਪ੍ਰਗਟ ਕਰਨਾ ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਹਿੱਸੇ ਹੀ ਆਇਆ।

ਸੰਸਾਰ ਦਾ ਇਕੋ ਹੀ ਭਾਈਚਾਰਾ- ਅੱਜ ਦੀ ਤਾਰੀਖ `ਚ ਵੀ ਮਨੁੱਖ ਉਹੀ ਵਿਤਕਰੇ ਪਾਲ ਰਿਹਾ ਹੈ ਜੋ ਇਸਨੂੰ ਕੇਵਲ ਤੱਬਾਹੀ ਵਲ ਲੈ ਜਾ ਰਹੇ ਹਨ, ਕਿਸੇ ਉਸਾਰੀ ਵਲ ਨਹੀਂ। ਜਦੋਂ ਤੀਕ ਮਨੁੱਖ, ਗੁਰੂ ਨਾਨਕ ਪਾਤਸ਼ਾਹ ਰਾਹੀ ਬਖਸ਼ੀ ਸਚਾਈ ਨੂੰ ਨਹੀਂ ਸਮਝੇਗਾ ਕਿ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ” (ਪੰ: ੧੩) ਜਾਂ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ” (ਪੰ: ੧੩੪੯)। ਗੁਰਦੇਵ ਫ਼ੈਸਲਾ ਦੇ ਰਹੇ ਹਨ ਕਿ ਮਨੁੱਖ ਚਾਹੇ ਕੋਈ ਅਤੇ ਕਿਸੇ ਵੀ ਜਾਤ, ਧਰਮ, ਦੇਸ ਦਾ ਵਾਸੀ ਕਿਉਂ ਨਾ ਹੋਵੇ, ਸਭ ਦੇ ਅੰਦਰ ਵਾਸਾ ਕੇਵਲ ਅਕਾਲਪੁਰਖ ਦਾ ਹੀ ਹੈ। ਦੂਜੇ ਪਾਸੇ- ਬੰਦੇ ਦੀ ਤੱਬਾਹੀ ਵਲ ਦੇਖੋ! ਕਿਧਰੇ ਕਾਲੇ-ਗੋਰੇ ਦੇ ਫ਼ਰਕ, ਕਿਧਰੇ ਜਾਤ-ਪਾਤ ਦੀ ਵੰਡ, ਕਿਧਰੇ ਦੇਸੀ-ਵਿਦੇਸੀ ਦੇ ਝਗੜੇ, ਕਿਧਰੇ ਬ੍ਰਾਹਮਣ ਰਾਹੀਂ ਪ੍ਰਗਟ ਕੀਤਾ ਵਰਣ-ਵੰਡ ਵਾਲਾ ਰਾਖਸ ਹੈ ਜਿਸਨੇ ਲੱਖਾਂ ਨੂੰ ਸ਼ੁਦਰ ਬਨਾ ਕੇ ਰਖ ਦਿੱਤਾ ਤੇ ਬਾਕੀ ਵਰਣਾ ਨੂੰ ਵੀ ਬਿਨਾ ਤਨਖਾਹ ਉਸ ਦੇ ਗ਼ੁਲਾਮ। ਇਸਦੇ ਉਲਟ ਇਹ ਵੀ ਗੁਰਦੇਵ ਦਾ ਫ਼ੈਸਲਾ ਹੈ “ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ” (ਪੰ: ੭੪੭) ਭਾਵ ਸਾਰਿਆਂ ਨੂੰ ਪੈਦਾ ਕਰਣ ਵਾਲੇ ਅਕਾਲਪੁਰਖ ਨੇ, ਵੱਖ ਵੱਖ ਵਰਣ ਨਹੀਂ ਬਨਾਏ ਇਸ ਲਈ” ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ, ਘਟਿ ਘਟਿ ਨਾਨਕ ਮਾਝਾ “(ਪੰ: ੭੪੭) ਸਦਾ ਥਿਰ ਗੁਰੂ ਭਾਵ ਸਤਿਗੁਰੂ ਦੇ ਰਾਹ `ਤੇ ਚਲਣ ਵਾਲੇ ਇਨ੍ਹਾਂ ਵਾਧੂ ਦੇ ਝਮੇਲਿਆਂ `ਚ ਨਹੀਂ ਪੈਂਦੇ। ਖੂਬੀ ਇਹ ਕਿ ਵਰਣ ਵੰਡ ਦੇ ਨਾਮ ਤੇ ਦੂਜਿਆਂ ਨੂੰ ਆਪਣੇ ਅਧੀਨ ਰਖਣ ਵਾਲਾ ਬ੍ਰਾਹਮਣ, ਅੱਜ ਆਪ ਵੀ ਅਨੇਕਾਂ ਜਾਤਾਂ-ਗੋਤਾਂ ਤੋਂ ਨਹੀਂ ਬਚ ਸਕਿਆ।

ਸਾਰੇ ਮਨੁੱਖਾਂ ਦਾ ਧਰਮ ਵੀ ਇਕੋ- ਮਨੁੱਖ ਮਾਤ੍ਰ ਸੰਸਾਰ ਪੱਧਰ ਤੇ ਹਜ਼ਾਰਾਂ ਹੀ ਧਰਮਾਂ-ਫ਼ਿਰਕਿਆਂ `ਚ ਵੰਡਿਆ ਪਿਆ ਹੈ। ਗੁਰਬਾਣੀ ਦੀ ਜਿਉਂ-ਜਿਉਂ ਗਹਿਰਾਈ `ਚ ਜਾਵੋ, ਸਮਝ ਆਉਂਦੇ ਦੇਰ ਨਹੀਂ ਲਗਦੀ ਕਿ ਗੁਰੂ ਨਾਨਕ ਪਾਤਸ਼ਾਹ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਪ੍ਰਭੂ ਨੇ ਮਨੁੱਖ ਨੂੰ ਵੱਖ-ਵੱਖ ਧਰਮਾਂ-ਫ਼ਿਰਕਿਆਂ `ਚ ਨਹੀਂ ਵੰਡਿਆ, ਜਿਸ ਨੂੰ ਅਸੀਂ ਵੱਖ-ਵੱਖ ਧਰਮ ਮੰਨ ਬੈਠੇ ਹਾਂ ਇਹ ਤਾਂ ਕੇਵਲ ਮਨੁੱਖ-ਮਨੁੱਖ ਦੇ ਵਿਚਾਰਾਂ ਦਾ ਟਕਰਾਅ, ਅਗਿਆਨਤਾ, ਸੁਆਰਥ, ਲੁੱਟ-ਖੋਹ-ਠਗੀਆਂ ਦੀ ਉਪਜ ਹਨ। “ਸਰਬ ਸਬਦੰ ਏਕ ਸਬਦੰ” (ਪੰ: ੪੬੯) ਅਨੁਸਾਰ ਸਾਰੇ ਮਨੁੱਖਾਂ ਦਾ ਧਰਮ ਇਕੋ ਹੀ ਹੈ ਪਰ ਕਦੋਂ? ਜਦੋਂ “ਜੇ ਕੋ ਜਾਣੈ ਭੇਉ” (ਪੰ: ੪੬੯) ਉਸਨੂੰ ਸਮਝ ਆ ਜਾਏ ਕਿ ਸਾਰਿਆਂ ਅੰਦਰ ਇਕੋ ਹੀ ਅਕਾਲਪੁਰਖ ਦਾ ਵਾਸਾ ਤੇ ਉਸੇ ਦਾ ਪਸਾਰਾ ਹੈ। ਪੇਟ ਦਰਦ, ਸਿਰ ਦਰਦ ਭਾਵ ਕੋਈ ਵੀ ਸਰੀਰਕ ਬਿਮਾਰੀ ਹੁੰਦੀ ਹੈ ਤਾਂ ਹਿੰਦੂ, ਮੁਸਲਿਮ, ਸਿੱਖ, ਇਸਾਈ, ਵਿਦੇਸ਼ੀ-ਭਾਰਤੀ ਨੂੰ ਵੱਖ ਵੱਖ ਨਹੀਂ ਹੁੰਦੀ। ਜਨਮ ਵੇਲੇ ਬਚਿਆਂ ਦੀ ਹਸਣ, ਖੇਡਣ, ਰੋਣ, ਭੁੱਖ, ਨੀਂਦਰ ਦੀ ਬੋਲੀ `ਚ ਧਰਮਾਂ-ਦੇਸਾਂ ਕਰਕੇ ਅੰਤਰ ਨਹੀਂ ਹੁੰਦਾ। ਗੁੰਗਾ ਭਾਵੇਂ ਕਿਸੇ ਵੀ ਦੇਸ-ਧਰਮ ਦਾ ਹੋਵੇ, ਬੋਲੀ ਵੱਖ-ਵੱਖ ਨਹੀਂ ਹੁੰਦੀ। ਸ਼ੇਖ ਫ਼ਰੀਦ ਪਾਕਪੱਟਣ ਦੇ ਅਤੇ ਜਨਮ ਤੋਂ ਮੁਸਲਮਾਨ ਹਨ, ਤ੍ਰਲੋਚਨ ਜੀ ਜਨਮ ਦੇ ਬ੍ਰਾਹਮਣ ਅਤੇ ਬੰਗਾਲ ਦੇ ਵਾਸੀ, ਜੈਦੇਵ ਜੀ ਗੁਜਰਾਤ ਦੇ, ਨਾਮਦੇਵ ਜੀ ਅਖੌਤੀ ਸ਼ੁਦਰਾਂ ਚੋਂ ਮਹਾਰਸ਼ਟਰ ਦੇ ਪਰ “ਪੰਚਾ ਕਾ ਗੁਰੁ ਏਕੁ ਧਿਆਨੁ” (ਜਪੁ) ਅਨੁਸਾਰ ਪੰਚ ਅਵਸਥਾ `ਚ ਆਉਣ ਤੋਂ ਬਾਅਦ ਉਨ੍ਹਾਂ ਦਾ ਗੁਰੂ ਜਾਂ ਧਰਮ ਵੱਖ ਵੱਖ ਨਹੀਂ ਰਹਿ ਗਏ। ਹੋਰ ਵੇਰਵੇ ਲਈ ਇਹ ਵਿਸ਼ਾ ਅਸਾਂ ਗੁਰਮਤਿ ਪਾਠ ਨੰ: ੩੯ “ਆਦਿ ਕਾਲ ਦਾ ਧਰਮ-ਸਿੱਖ ਧਰਮ” ਚ ਲਿਆ ਹੈ, ਪੜਿਆ ਜਾ ਸਕਦਾ ਹੈ।

ਇਸਤ੍ਰੀ-ਪੁਰਖ ਵਾਲਾ ਵਿਤਕਾਰ - ਇਥੇ ਹੀ ਬਸ ਨਹੀਂ, ਸੰਸਾਰ ਪਧਰ `ਤੇ ਦੇਖੋ! ਪੁਰਖ ਪ੍ਰਧਾਨ ਸਮਾਜ, ਇਸਤ੍ਰੀ ਨੂੰ ਦੁਬੇਲ ਬਣਾਕੇ ਰਖਣ ਦੀ ਬਿਰਤੀ `ਚ ਫਸਿਆ ਹੰਕਾਰੀ ਮਨੁੱਖ, ਅਕਾਲਪਰਖ ਰਾਹੀਂ ਬਖਸ਼ੀ ਇਸਤ੍ਰੀ-ਪੁਰਖ ਦੀ ਕੁਲ ੧੦੦% ਤਾਕਤ `ਚੋਂ ੭੫% ਹਿੱਸਾ ਤਾਂ ਇਸੇ ਉਪਰ ਤਬਾਹ ਕਰ ਰਿਹਾ ਹੈ। ਭਾਰਤ `ਚ ਹੀ, ਇਸਤ੍ਰੀ ਵਰਗ ਦੀ ਦੇਵੀਆਂ ਕਹਿਕੇ ਪੂਜਾ ਕਰਣ ਵਾਲੇ ਬ੍ਰਾਹਮਣ ਨੇ, ਰੀਤੀ ਰਿਵਾਜਾਂ ਸਗਨਾਂ-ਤਿਉਹਾਰਾਂ, ਧਰਮ ਕਰਮਾਂ ਦੇ ਪੜਦੇ ਹੇਠ ਇਹੀ ਕੀਤਾ ਹੈ। ਉਂਝ ਇਹ ਵਿਸ਼ਾ ਅਸੀਂ ਵੱਖਰੇ ਤੌਰ ਤੇ ਗੁਰਮਤਿ ਪਾਠ ਨੰ: ੧੧੧” ਸੋ ਕਿਉ ਮੰਦਾ ਆਖੀਐ … “`ਚ ਲੈ ਚੁੱਕੇ ਹਾਂ। ਇਥੇ ਤਾਂ ਇਸ ਬਾਰੇ ਕੇਵਲ ਇੰਨ੍ਹਾਂ ਹੀ ਧਿਆਨ ਪੁਆਉਣਾ ਹੈ ਕਿ ਸੰਸਰ ਪੱਧਰ ਇਸ ਵਿਸ਼ੇ ਉਪਰ ਵੀ ਸਭ ਤੋਂ ਪਹਿਲਾਂ ਕੇਵਲ ਗੁਰੂ ਨਾਨਕ ਪਾਤਸ਼ਾਹ ਹੀ ਸਨ ਜਿਨ੍ਹਾਂ ਨੇ ਪੁਰਖ ਸਮਾਜ ਨੂੰ ਸਖ਼ਤ ਤਾੜਣਾ ਕੀਤੀ। ਆਪ ਨੇ “ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ” (ਪੰ: ੪੭੩) ਸਪਸ਼ਟ ਕੀਤਾ ਸੰਸਾਰ `ਚ ਜੋ ਲੋੜਾਂ ਇਸਤ੍ਰੀ ਸਰੀਰ ਦੀਆਂ ਹਨ ਉਹ ਮਨੁੱਖ ਪੂਰੀਆਂ ਨਹੀਂ ਕਰ ਸਕਦਾ ਅਤੇ ਜੋ ਮਨੁੱਖ ਸਰੀਰ ਦੀਆਂ ਹਨ, ਉਨ੍ਹਾਂ ਨੂੰ ਇਸਤ੍ਰੀ ਨਹੀਂ ਨਿਭਾਅ ਸਕਦੀ। ਸੰਸਾਰ `ਚ ਦੋਨਾਂ ਦੀ ਲੋੜ ਇਕੋ ਜਹੀ ਹੈ, ਇੱਕ ਦੀ ਘੱਟ ਜਾਂ ਦੂਜੇ ਵੱਧ ਨਹੀਂ। ਦੋਵੇਂ ਇੱਕ ਦੂਜੇ ਦੇ ਪੂਰਕ ਤੇ ਬਰਾਬਰ ਦੇ ਸਤਿਕਾਰ ਦੇ ਪਾਤ੍ਰ ਹਨ। ਇਸ ਲਈ ਜਿਥੋਂ ਤਾਈਂ ਸੰਸਾਰ `ਚ ਪੁਰਖ ਵਰਗ, ਆਪਣੇ ਸੁਆਰਥਾਂ ਜਾਂ ਕਾਮ-ਭੁਖ ਦਾ ਗ਼ੁਲਾਮ ਹੋ ਕੇ, ਇਸਤ੍ਰੀ ਵਰਗ ਨਾਲ ਜ਼ੁਲਮ-ਜ਼ਿਆਦਤੀਆਂ ਕਰਦਾ ਹੈ, ਉਹ ਸਮਾਜ ਦੀ ਵੱਡੀ ਤਾਕਤ ਨੂੰ ਤੱਬਾਹ ਕਰਦਾ ਹੈ। ਇਸ ਤਰ੍ਹਾਂ ਮਨੁਖ ਅਨੇਕਾਂ ਸਮਾਜਕ ਗੁਣਾਹਾਂ ਨੂੰ ਜਨਮ ਦੇਣ ਵਾਲਾ ਅਤੇ ਕਰਤਾਰ ਦੇ ਨਿਆਂ `ਚ ਵੀ ਵੱਡਾ ਨਿੰਦਣ-ਯੋਗ ਹੈ। ਇਸ ਵਿਸ਼ੇ `ਤੇ ਗੁਰਦੇਵ ਨੇ ਗੁਰਬਾਣੀ `ਚ ਕਈ ਥਾਵੇਂ ਵੰਗਾਰਿਆ ਹੈ ਜਿਵੇਂ “ਨਰੀ ਪੁਰਖੁ, ਪੁਰਖੁ ਸਭ ਨਾਰੀ, ਸਭੁ ਏਕੋ ਪੁਰਖੁ ਮੁਰਾਰੇ” (ਪੰ: ੯੮੩) ਭਾਵ ਇਸਤ੍ਰੀਆਂ ਹੋਣ ਜਾਂ ਪੁਰਖ ਸਾਰਿਆਂ ਅੰਦਰ ਕੇਵਲ ਇਕੋ ਕਰਤੇ ਦਾ ਨੂਰ ਹੀ ਵੱਸ ਰਿਹਾ ਹੈ। ਹੋਰ ਦਰਸ਼ਨ ਕਰੋ, “ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ” (ਪੰ: ੮੭੯) ਭਾਵ ਪੁਰਖ ਹੋਵੇ ਜਾਂ ਇਸਤ੍ਰੀ, ਇਸ `ਚ ਭੇਦ ਨਹੀਂ, ਪਰ ਨਾਲ ਹੀ ਫ਼ੈਸਲਾ ਹੈ, ਇਸ ਰੱਬੀ ਸਚਾਈ ਨੂੰ ਸਮਝਣ ਲਈ ਵੀ ਪ੍ਰਭੁ-ਗਿਆਨ ਦੀ ਲੋੜ ਹੈ। ਨਹੀਂ ਤਾਂ ਇਸ ਇਲਾਹੀ ਸਚਾਈ ਤੋਂ ਨਾ-ਸਮਝ ਮਨੁੱਖ ਇੰਨਾਂ ਵਾਧੂ ਦੀਆਂ ਗਲਾਂ `ਚ ਹੀ ਫ਼ਸਿਆ ਰਹਿ ਜਾਂਦਾ ਹੈ। ਇਥੇ ਤਾਂ “ਏਤੇ ਅਉਰਤ ਮਰਦਾ ਸਾਜੇ, ਏ ਸਭ ਰੂਪ ਤੁਮ੍ਹ੍ਹਾਰੇ” (ਪੰ: ੧੩੪੯) ਭਾਵ ਹੇ ਪ੍ਰਭੂ! ਮਰਦ ਹਨ ਜਾਂ ਔਰਤਾਂ, ਇਨ੍ਹਾਂ ਸਾਰਿਆਂ ਅੰਦਰ ਤੇਰਾ ਹੀ ਵਾਸਾ ਹੈ। ਗੁਰਦੇਵ ਨੇ “ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ. .” (ਪੰ: ੪੭੨) `ਚ ਵੀ ਬੜੀ ਦ੍ਰਿੜਤਾ ਨਾਲ ਇਸੇ ਵਿਸ਼ੇ ਨੂੰ ਨਿਭਾਇਆ ਹੈ ਇਤਿਆਦ।

ਨਿਰਗੁਨ ਸਰਗੁਨ ਵਾਲਾ ਪਾੜਾ- ਉਂਝ ਤਾਂ ਇਹ ਵਿਸ਼ਾ ਅਸੀਂ ਗੁਰਮਤਿ ਪਾਠ ੧੩੧ “ਨਿਰਗੁਨੁ ਅਤੇ ਸਰਗੁਨ” `ਚ ਨਿਭਾਅ ਚੁਕੇ ਹਾਂ ਅਤੇ ਵੇਰਵੇ ਲਏ ਜਾ ਸਕਦੇ ਹਨ। ਇਥੇ ਤਾਂ ਕੇਵਲ ਇਹ ਦੇਖਣਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਲੋਕਾਈ ਵਿਚਾਲੇ ਇਹ ਵੀ ਇੱਕ ਵੱਡਾ ਭਰਮ ਸੀ, ਜਿਸ ਤੋਂ ਲੋਕਾਈ ਦੋ ਵੱਡੇ ਹਿਸਿਆਂ `ਚ ਵੰਡੀ ਪਈ ਸੀ। ਇੱਕ ਉਹ, ਜੋ ਕਹਿੰਦੇ ਕਿ ਪ੍ਰਮਾਤਮਾ ਦਾ ਕੋਈ ਰੂਪ, ਰੰਗ, ਆਕਾਰ ਨਹੀਂ। ਅਜੇਹੇ ਲੋਕ ਪ੍ਰਭੂ ਨੂੰ ਨਿਰਗੁਨ ਕਹਿੰਦੇ ਹੋਏ ਵੀ ਸਚਾਈ ਨੂੰ ਪ੍ਰਗਟ ਨਾ ਕਰ ਸਕੇ ਕਿਉਂਕਿ ਉਹ ਵੀ ਕੇਵਲ ਇੱਕ ਪੱਖ `ਤੇ ਹੀ ਅਟਕੇ ਸਨ। ਦੂਜੇ ਉਹ, ਜੋ ਕਹਿੰਦੇ, ਪ੍ਰਭੂ ਨੂੰ ਯਾਦ, ਉਸਦਾ ਸਿਮਰਨ, ਉਸਦੀ ਪੂਜਾ-ਅਰਚਾ ਜਾਂ ਧਿਆਨ ਟਿਕਾਉਣ ਲਈ, ਅਖਾਂ ਸਾਹਮਣੇ ਕੁੱਝ ਹੋਣਾ ਜ਼ਰੂਰੀ ਹੈ। ਅਜੇਹੇ ਲੋਕਾਂ ਨੂੰ ਹੀ ਸਰਗੁਨ ਦੇ ਉਪਾਸ਼ਕ ਕਿਹਾ ਜਾਂਦਾ ਸੀ। ਇਸੇ ਤੋਂ ਮੂਰਤੀ-ਪੱਥਰ ਪੂਜਾ ਨੇ ਜਨਮ ਲਿਆ। ਇਸੇ ਤੋਂ ਜਨਮ ਲਿਆ ਦੇਵੀ-ਦੇਵਤਾ ਤੇ ਫ਼ਰਜ਼ੀ ਭਗਵਾਨਾਂ ਦੀ ਪੂਜਾ ਨੇ। ਹਵਾ, ਪਾਣੀ, ਅੱਗ, ਪੈਦਾ-ਪਾਲਣਾ ਤੇ ਸੰਘਾਰ ਭਾਵ ਪ੍ਰਭੂ ਦੀਆਂ ਵੱਖ-ਵੱਖ ਸ਼ਕਤੀਆਂ ਨੂੰ ਵੱਖ-ਵੱਖ ਨਾਂ ਦਿੱਤੇ ਗਏ। ਉਨ੍ਹਾਂ ਦੇ ਭਿੰਨ ਭਿੰਨ ਰੂਪ ਮੂਰਤੀਆਂ, ਉਨ੍ਹਾਂ ਬਾਰੇ ਅਨੇਕਾਂ ਕਹਾਣੀਆਂ ਘੜੀਆਂ ਗਈਆਂ। ਉਪਰੰਤ ਇਸੇ ਦਾ ਵਾਧਾ ਹਨ-ਨਦੀਆਂ, ਬਿਰਖਾਂ, ਮੜ੍ਹੀਆਂ, ਪਸ਼ੂਆਂ, ਸਪਾਂ ਤੀਕ ਦੀ ਪੂਜਾ। ਇਸੇ ਤੋਂ ਸਰੀਰ ਪੂਜਾ ਨੇ ਅਨੇਕਾਂ ਭਿਅੰਕਰ ਰੂਪ ਧਾਰਨ ਕਰ ਲਏ। ਸ਼ਗਨ, ਰੀਤਾਂ, ਵਹਿਮ-ਸਹਿਮ, ਰੀਤਾਂ, ਟੇਵੇ, ਮਹੂਰਤ, ਜੋਤਸ਼, ਵਿਤਕਰੇ, ਭੇਦ-ਭਾਵ, ਬੇਸਿਰਪੈਰ ਦੇ ਤਿਉਹਾਰ, ਰੀਤੀ ਰਿਵਾਜ, ਬਲੀਆਂ ਤੇ ਬਹੁਤ ਕੁਝ। ਮਨੁੱਖ ਪਰੋਪਕਾਰੀ ਹੋਣ ਦੀ ਬਜਾਏ ਨਿਹਿਤ ਸੁਆਰਥੀ ਹੁੰਦਾ ਗਿਆ। ਇਹੀ ਸੁਆਰਥ-ਵਾਦ ਵਧਿਆ ਬੇਅੰਤ ਘਿਨਾਉਣੇ ਅਪਰਾਧਾਂ-ਜੁਰਮਾਂ, ਧਰਮ ਦੇ ਨਾਂ `ਤੇ ਪਾਖੰਡਾਂ-ਠਗੀਆਂ ਵਲ। ਇਹ ਸਭ ਇਸੇ ਸਰਗੁਨ ਵਾਦ ਦੇ ਰੂਪ ਸਨ। ਇਹ ਸ਼ਰੇਅ ਵੀ ਗੁਰੂ ਨਾਨਕ ਪਾਤਸ਼ਾਹ ਨੂੰ ਹੀ ਜਾਂਦਾ ਹੈ ਜਿਨ੍ਹਾਂ ਨੇ ਕੇਵਲ ਕਿਹਾ ਹੀ ਨਹੀਂ ਬਲਕਿ ਹਰ ਪਖੋਂ ਸਪਸ਼ਟ ਵੀ ਕੀਤਾ ਕਿ “ਨਿਰਗੁਨੁ ਆਪਿ, ਸਰਗੁਨੁ ਭੀ ਓਹੀ” (ਪੰ: 287) ਭਾਵ ਇਹ ਦੋਵੇਂ ਗੁਣ, ਕਰਤਾਰ ਦੇ ਆਪਣੇ ਹੀ ਦੋ ਪ੍ਰਗਟਾਵੇ ਹਨ। ਇਹ ਵੀ ਸਮਝਾਇਆ ਕਿ ਮੂਰਤੀ-ਤਸਵੀਰ, ਦੇਵੀ-ਦੇਵ ਪੂਜਾ, ਪ੍ਰਭੂ ਦਾ ਜੂਨੀਆਂ `ਚ ਆਉਣਾ, ਸਰੀਰ ਪੂਜਾ ਆਦਿ ਨੂੰ ਅਗਿਆਨਤਾ ਸਾਬਤ ਕੀਤਾ। ਜੇ ਸਚਮੁਚ ਅੱਜ ਵੀ ਮਨੁੱਖ ਗੁਰੂ ਨਾਨਕ ਪਾਤਸ਼ਾਹ ਰਾਹੀਂ ਪ੍ਰਗਟ ਸਚਾਈ ਨੂੰ ਸਮਝ ਲਵੇ ਤਾਂ ਬੇਅੰਤ ਪਾਖੰਡਾ, ਧਰਮ ਦੇ ਨਾਮ ਹੋ ਰਹੀਆਂ ਠੱਗੀਆਂ, ਜੁਰਮਾਂ ਦੇ ਦਬਾਅ ਤੋਂ ਨਿਕਲ ਸਕਦਾ ਹੈ। ਇਸੇ ਦੇ ਨਾਲ ਹੀ ਨਦੀਆਂ, ਬਿਰਖਾਂ, ਮੜ੍ਹੀਆਂ, ਪਸ਼ੂਆਂ, ਸਪਾਂ ਦੀ ਪੂਜਾ ਅਤੇ ਪਾਖੰਡੀ-ਦੰਮੀਂ ਗੁਰੂਆਂ-ਸੰਤਾਂ-ਸਾਧਾਂ ਦਾ ਆਪਣੇ ਆਪ ਹੀ ਭੋਗ ਵੀ ਪੈ ਜਾਂਦਾ ਹੈ। ਇਸ ਤਰਾਂ ਹਜ਼ਾਰਾਂ ਪਾਖੰਡ ਦੀਆਂ ਦੁਕਾਨਾਂ ਦੇ ਬੰਦ ਹੁੰਦੇ ਦੇਰ ਨਹੀਂ ਲਗੇਗੀ।

“ਨਾਮ ਜਪੋ, ਕਿਰਤ ਕਰੋ, ਵੰਡ ਛਕੋ” - ਪਾਤਸ਼ਾਹ ਦੀ ਇਸ ਮਹਾਨ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਵਾਲੀ ਮਹਾਨ ਦੇਣ ਦੇ ਵਿਚੋਂ ਜੇਕਰ ਸਾਨੂੰ ਕੇਵਲ ‘ਨਾਮ ਜਪੋ’ ਦੇ ਅਰਥ ਹੀ ਸਾਨੂੰ ਗੁਰਬਾਣੀ ਅਨੁਸਾਰ ਆ ਜਾਣ। ਉਪ੍ਰੰਤ ਇਸੇ ਦਾ ਵਿਸਤਾਰ ‘ਕਿਰਤ ਕਰੋ, ਵੰਡ ਛਕੋ’ ਦੇ ਅਰਥ ਵੀ ਗੁਰਬਾਣੀ ਚੋਂ ਹੀ ਲਏ ਜਾਣ ਤਾਂ ਸਮਝ ਆਉਂਦੇ ਦੇਰ ਨਹੀਂ ਲਗੇਗੀ ਕਿ ਸੰਸਾਰ ਦੀਆਂ ਬੇਅੰਤ ਸਮਸਿਆਵਾਂ ਦਾ ਹੱਲ, ਗੁਰੂ ਨਾਨਕ ਪਾਤਸ਼ਾਹ ਰਾਹੀਂ ਬਖਸ਼ੇ ਕੇਵਲ ਇਕੋ ਹੀ ਸਿਧਾਂਤ `ਚ ਛੁਪਿਆ ਹੈ। “ਨਾਮ ਜਪੋ’ ਦੇ ਅਰਥ ਕਿਸੇ ਇੱਕ ਲਫ਼ਜ਼ ਦਾ ਰੱਟਾ ਜਾਂ ਲੰਮੀਆਂ ਮਾਲਾ ਫ਼ੇਰਣੀਆਂ, ਸਮਾਧੀਆਂ ਲਾਉਣੀਆਂ ਨਹੀਂ। “ਨਾਮ ਜਪੋ’ ਦੇ ਅਰਥ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਅੰਦਰੋਂ ਲੈਣੇ ਹਣ ਤਾਂ ਸਾਨੂੰ ਸਮਝ ਆ ਜਾਵੇਗੀ ਕਿ ਸੰਪੂਰਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਹੀ ਨਾਮ ਜਪੋ’ ਦਾ ਪ੍ਰਗਟਾਵਾ ਹਨ। ਅਕਾਲਪੁਰਖ ਦੇ ਗੁਣਾਂ ਨਾਲ ਜੁੜਣਾ ਤੇ ਉਸਦੀਆਂ ਦਾਤਾਂ ਨੂੰ ਪਹਿਚਾਨਣਾ, ਇਹੀ ਹੈ ਜੀਵਨ ਅੰਦਰ ਨਾਮ ਨੂੰ ਵਸਾਉਣਾ ਅਤੇ ‘ਨਾਮ ਜਪੋ’ ਦਾ ਰਾਹੀ ਹੋਣਾ।

ਇਸ ਤੋਂ ਬਾਅਦ ਹੀ ਸਾਨੂੰ ਗੁਰਮਤਿ ਅਨੁਸਾਰ ‘ਕਿਰਤ ਕਰੋ’ ਦੇ ਅਰਥ ਸਾਫ਼ ਹੋਣਗੇ ਅਤੇ ‘ਵੰਡ ਛਕੋ’ ਸਾਡਾ ਜੀਵਨ ਬਣ ਸਕੇਗਾ। ਮਨੁੱਖ ਅੰਦਰੋਂ ਜਦੋਂ ਇਹ ਸੋਚ ਹੀ ਮੁੱਕ ਜਾਵੇ ਕਿ ਉਸਨੇ ਕਿਸੇ ਦਾ ਹੱਕ ਖਾਣਾ ਹੈ, ਜਾਬਰ ਬਣ ਕੇ ਨਹੀਂ ਜੀਉਣਾ, ਸਾਰਿਆਂ ਅੰਦਰ ਵੱਸ ਰਹੇ ਕਰਤੇ ਦੇ ਨੂਰ ਨੂੰ ਹੀ ਪਛਾਨਣਾ ਹੈ ਤਾਂ ਦੂਜੇ ਦੇ ਮੁਲਕਾਂ ਉਪਰ ਹਮਲਿਆਂ-ਕਬਜ਼ਿਆਂ ਵਾਲੀ ਦੌੜ ਹੀ ਮੁੱਕ ਜਾਵੇਗੀ। ਇਹੀ ਇਸੇ ਤੋਂ ਮਨੁੱਖ ਆਪਣੇ ਸਮੂਚੇ ਭਾਈਚਾਰੇ ਨੂੰ ਪਹਿਚਾਣ ਸਕਦਾ ਹੈ ਉਂਝ ਨਹੀਂ। ਇਥੋਂ ਹੀ ਜੀਵਨ ਦੀ ਉਚਾਈ ਗੁਰਬਾਣੀ ਦੇ ਫ਼ੁਰਮਾਉਣ “ਬੇਗਮ ਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ “(੩੪੫) ਅਨੁਸਾਰ ਹੋਵੇਗੀ। ਫ਼ਿਰ ਕੌਣ ਦਲਿਤ ਅਤੇ ਕੌਣ ਬਾਦਸ਼ਾਹ? ਫ਼ਿਰ ਕਿਹੜਾ ਜਾਰਜ ਬੁਸ਼ ਤੇ ਕੌਣ ਸਦਾਮ ਹੁਸੈਨ? ਕਿਥੋਂ ਰਸਤਾ ਮਿਲੇਗਾ ਸੰਸਾਰ ਪੱਧਰ ਦੀਆਂ ਠਗੀਆਂ ਨੂੰ? ਦੂਜਿਆਂ ਨੂੰ ਤਾਂ ਕੀ ਸਮਝਾਉਣਾ ਹੈ ਅੱਜ ਸਿੱਖ ਧਰਮ `ਚ ਹੀ ਪੈਦਾ ਹੋ ਚੁੱਕੀ ‘ਪੁਜਾਰੀ ਸ਼੍ਰੇਣੀ’ ਅਤੇ ਅਜੋਕੇ ਸਿੱਖ ਰਾਜਸੀ ਆਗੂ-ਨੇਤਾ’, ਇਨ੍ਹਾਂ ਸਾਰਿਆਂ ਦਾ ਜੀਵਨ ਹੀ ਪਾਤਸ਼ਾਹ ਰਾਹੀਂ ਬਖਸ਼ੇ ਇਸ ਮਹਾਨ ਗੁਰਮਤਿ ਸਿਧਾਂਤ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਤੋਂ ਕੋਹਾਂ ਦੂਰ ਖਲੋਤਾ ਹੈ। ਲੋੜ ਹੈ ਗੁਰਬਾਣੀ ਰਾਹੀਂ ਬਖਸ਼ੀ ਇਸ ਸੇਧ ਨੂੰ ਆਪ ਵੀ ਸਮਝੀਏ ਤੇ ਸੰਸਾਰ ਨੂੰ ਵੀ ਵੰਡੀਏ। ਫ਼ਿਰ ਪਤਾ ਲਗ ਸਕੇਗਾ ਕਿ ਪੰਜਵੇਂ ਪਾਤਸ਼ਾਹ ਦੀਆਂ ਲਿਖਤਾਂ “ਗਿਆਨੁ ਧਿਆਨੁ ਕਿਛੁ ਕਰਮੁ ਨ ਜਾਣਾ ਸਾਰ ਨ ਜਾਣਾ ਤੇਰੀ॥ ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ” (ਪੰ: ੭੫੦) “ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ॥ ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ” (ਪੰ: ੬੧੨) ਦੇ ਕੀ ਅਰਥ ਹਨ?

ਰਜ਼ਾ-ਭਾਣੇ ਅਤੇ ਹੁਕਮ ਦਾ ਜੀਵਨ–- ਅਸਲ `ਚ ਮਨੁੱਖ ਅੱਜ ਨਕਲੀ ਜੀਵਨ ਹੀ ਜੀਅ ਰਿਹਾ ਹੈ। ਇਹ ਪ੍ਰਭੂ ਦੇ ਘੜੇ ਹੋਏ ਸੰਸਾਰ `ਚ ਨਹੀਂ ਬਲਕਿ ਆਪਣੇ ਹਊਮੈ ਅਧੀਨ ਬਨਾਏ ਸੰਸਾਰ `ਚ ਦੁਖਦਾਈ ਜੀਵਨ ਹੀ ਬਿਤਾਅ ਰਿਹਾ ਹੈ। ਇਸ ਦੇ ਸਾਰੇ ਕਰਮ ਇਸ ਦੀ ਇਸੇ ਸੋਚਣੀ ਅਧੀਨ ਹਨ ਮੈਂ ਇਹ ਕਰ ਸਕਦਾ ਹਾਂ, ਮੈਂ ਉਹ ਕਰ ਸਕਦਾ ਹਾਂ”। ਉਹ ਇਹ ਵੀ ਭੁੱਲ ਜਾਂਦਾ ਹੈ ਕਿ ਉਸਨੂੰ ਭੇਜਿਆ ਕਿਸ ਨੇ ਹੈ ਤੇ ਪ੍ਰਗਟਾਵਾ ਕਿਸ ਦਾ ਹੈ? ਮਨੁੱਖ ਦੀ ਅਸਲੀਅਤ ਹੈ ਜਿਵੇਂ ਪਾਣੀ ਤੋਂ ਹੀ ਬੁਲਬੁਲਾ, ਝੱਗ, ਲਹਿਰਾਂ ਪਰ ਇਨ੍ਹਾਂ ਦਾ ਵਜੂਦ ਪਾਣੀ ਹੀ ਹੈ। ਇਸੇ ਤਰ੍ਹਾਂ “ਇਹੁ ਜਗੁ ਸਚੈ ਕੀ ਹੈ ਕੋਠੜੀ, ਸਚੇ ਕਾ ਵਿਚਿ ਵਾਸੁ” (ਪੰ: ੪੬੩) ਅਤੇ “ਦੁਯੀ ਕੁਦਰਤਿ ਸਾਜੀਐ, ਕਰਿ ਆਸਣੁ ਡਿਠੋ ਚਾਉ” (ਪੰ: ੪੬੩) -ਸੰਸਾਰ ਹੈ ਹੀ ਪ੍ਰਭੂ ਦਾ ਸਰਗੁਣ ਸਰੂਪ, ਉਸ ਤੋਂ ਬਿਨਾ ਇਸਦਾ ਤੇ ਸਾਡਾ ਆਪਣਾ ਕੋਈ ਵਜੂਦ ਨਹੀਂ। ਇਸ ਦੇ ਉਲਟ ਜਦੋਂ ਅਸੀਂ ਆਪਣੀ ਹੋਂਦ ਹੀ ਕਰਤੇ ਨੂੰ ਵਿਸਾਰ ਕੇ ਹਉਮੈ ਅਧੀਨ ਵੱਖਰੀ ਸਮਝ ਬੈਠੇ ਤਾਂ ਸਾਡੀ ਹਾਲਤ ਪਾਣੀ ਤੋਂ ਬਿਨਾ ਝੱਗ, ਬੁਲਬੁਲੇ, ਲਹਿਰਾਂ ਵਾਲੀ ਹੀ ਹੁੰਦੀ ਹੈ ਜਿਸਦਾ ਕੋਈ ਵਜੂਦ ਨਹੀਂ।

ਇਸ ਤਰ੍ਹਾਂ ਆਪਣੇ ਜੀਵਨ ਸੋਮੇ, ਪ੍ਰਭੂ ਨੂੰ ਵਿਸਾਰ ਕੇ ਜਦੋਂ ਜੀਵਨ ਜੀਅ ਰਹੇ ਹੁੰਦੇ ਹਾਂ ਤਾਂ ਸਾਡੇ ਇਸ ਨਕਲੀ ਜੀਵਨ ਦੀ ਹੀ ਉਪਜ ਹੁੰਦੇ ਹਨ ਵਿਤਕਰੇ, ਸਗਨ, ਰੀਤਾਂ, ਉਪਾਅ, ਹੱਥ ਦੇਖਣੇ-ਦਿਖਾਉਣੇ, ਟੇਵੇ-ਮਹੂਰਤ, ਵਰ-ਸਰਾਪ, ਦੇਵੀਆਂ-ਦੇਵਤੇ, ਮੰਗਾ-ਕਾਮਨਾਵਾਂ, ਆਪ ਮਿਥੇ ਦਾਨ, ਪੁੰਨ, ਤੱਪ, ਸਮਾਧੀਆਂ, ਯੋਗ ਸਾਧਨਾਵਾਂ ਆਦਿ ਬੇਅੰਤ ਢਕਵੰਜ। ਅਸਲੀ ਜੀਵਨ ਤੋਂ ਦੂਰ ਆਪਣੇ ਹੀ ਘੜੇ ਹੋਏ ਸੰਸਾਰ `ਚ ਅਸੀਂ ਹਰ ਸਮੇਂ ਦੁਖਦਾਈ ਜੀਵਨ ਹੀ ਬਤੀਤ ਕਰ ਰਹੇ ਹੁੰਦੇ ਹਾਂ। ਇਹ ਗਲ ਵੀ ਕੇਵਲ ਗੁਰੂ ਨਾਨਕ ਪਾਤਸ਼ਾਹ ਨੇ ਹੀ ਸਮਝਾਈ ਕਿ ਐ ਮਨੁੱਖ! ਜੇਕਰ ਇਸ ਦੁਖਦਾਈ, ਵਾਸ਼ਨਾਵਾਂ, ਮੰਗਾਂ ਵਾਲੇ ਜੀਵਨ ਤੋਂ ਨਜਾਤ ਚਾਹੁੰਦਾ ਹੈ ਤਾਂ “ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ” (ਪੰ: ੧੪੨੭) ਅਨੁਸਾਰ ਆਪਣਾ ਨਕਲੀ ਜੀਵਨ ਤਿਆਗ ਕੇ ਆਪਣੇ ਸੋਮੇਂ ਅਕਾਲਪੁਰਖ ਨਾਲ ਜੁੜ ਜਾ, ਰਜ਼ਾਅ ਤੇ ਭਾਣੇ ਦੇ ਜੀਵਨ `ਚ ਆ ਜਾ। ਇਹੀ ਹੱਲ ਹੈ ਨਿਰੰਕਾਰ ਦੇ ਦੇਸ਼ ਵਾਪਿਸ ਪਰਤਣ ਦਾ ਅਤੇ ਬਨਾਵਟੀ ਜੀਵਨ ਤੋਂ ਛੁਟਕਾਰਾ ਪਾ ਕੇ ਆਨੰਦ-ਮਈ ਜੀਵਨ ਬਤੀਤ ਕਰਣ ਦਾ। ਇਸਦੇ ਉਲਟ, ਤੇਰੇ ਆਪਣੇ ਘੜੇ ਹੋਏ ਸੁਖ “ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ॥ ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ” (ਪੰ: ੪੧੧) ਅਨੁਸਾਰ ਤੈਨੂੰ ਦੁਖੀ ਹੀ ਰਖਣਗੇ ਅਤੇ ਜੀਵਨ ਭਰ ਉਨ੍ਹਾਂ ਫ਼ਰਜ਼ੀ ਸੁਖਾਂ ਲਈ ਤੇਰੀ ਦੌੜ ਮ੍ਰਿਗ-ਤ੍ਰਿਸ਼ਨਾ ਤੋਂ ਵੱਧ ਨਹੀਂ। “ਜਤਨ ਬਹੁਤ ਸੁਖ ਕੇ ਕੀਏ ਦੁਖ ਕੋ ਕੀਓ ਨ ਕੋਇ॥ ਕਹੁ ਨਾਨਕ ਸੁਨਿ ਰੇ ਮਨਾ ਹਰਿ ਭਾਵੈ ਸੋ ਹੋਇ” (ਪੰ: ੧੪੨੮) ਬੰਦਿਆ! ਇੰਨਾਂ ਤਾਂ ਸੋਚ ਕਿ ਤੂੰ ਤਾਂ ਸਦਾ ਸੁਖ ਹੀ ਮੰਗਦਾ ਹੈ ਤੂੰ ਕਦੇ ਦੁਖ ਤਾਂ ਮੰਗੇ ਨਹੀਂ ਫ਼ਿਰ ਦੁਖ ਵੀ ਹਰੇਕ ਜੀਵਨ ਦਾ ਅਣਿਖੜਵਾਂ ਅੰਗ ਹਨ ਤਾਂ ਕਿਉਂ? ਕਿਉਂਕਿ ਇਹ ਖੇਡ ਉਸੇ ਕਰਤਾਰ ਦੀ ਹੈ ਜਿਸਦੀ ਇਹ ਰਚਨਾ ਹੈ। ਉਸਦੀ ਰਜ਼ਾਅ, ਭਾਣੇ ਨੂੰ ਸਮਝੇਂਗਾ ਤਾਂ ਕਦੇ ਦੁਖੀ ਨਹੀਂ ਹੋਵੇਂਗਾ।

“ਰਾਜੁ ਜੋਗੁ ਜਿਨਿ ਮਾਣਿਓ” - (ਪੰ: ੧੩੮੯) ਦਰਅਸਲ ਵਿਸ਼ਾ ਇਤਨਾ ਵੱਡਾ ਹੈ ਜਿਸ ਦਾ ਕਿ ਅੰਤ ਨਹੀਂ। ਦੂਜਾ, ਚੇਤੇ ਰਖੀਏ ਕਿ ਜਦੋਂ ਅਸੀਂ ਗੁਰੂ ਨਾਨਕ ਦੀ ਗਲ ਕਰਦੇ ਹਾਂ ਤਾਂ ਬਾਕੀ ਨੌਂ ਜਾਮੇ ਉਨ੍ਹਾਂ ਤੋਂ ਭਿੰਨ ਨਹੀਂ ਹਨ। ਫ਼ਿਰ ਵੀ ਸਾਰੇ ਦਾ ਮੂਲ਼ ਪਹਿਲੀ ਪਾਤਸ਼ਾਹੀ “ਸਭ ਤੇ ਵਡਾ ਸਤਿਗੁਰੁ ਨਾਨਕੁ. .” ਹੀ ਹਨ। ਮੁੱਕਦੀ ਗਲ, ਗੁਰਬਾਣੀ ਖਜ਼ਾਨੇ ਚੋਂ ਭੱਟਾਂ ਦੇ ਸਵੇਯਾਂ ਉਪਰ ਹੀ ਜੇਕਰ ਧਿਆਨ ਦਿਤਾ ਜਾਏ ਤਾਂ ਭੱਟ ਕਹਿੰਦੇ ਹਨ ਕਿ ਇਤਿਹਾਸਕ-ਮਿਥਿਹਾਸਕ ਤੇ ਅਜੋਕੇ ਸਾਰੇ ਭਗਤਾਂ-ਮਹਾਪੁਰਸ਼ਾਂ ਤੋਂ ਵੀ ਗੁਰੂ ਨਾਨਕ ਪਾਤਸ਼ਾਹ ਦਾ ਦਰਜਾ ਸਭ ਤੋਂ ਉਪਰ ਹੈ। “ਰਾਜੁ ਜੋਗੁ ਜਿਨਿ ਮਾਣਿਓ” (ਪੰ: ੧੩੮੯) ਅਨੁਸਾਰ ਗੁਰੂ ਨਾਨਕ ਪਾਤਸ਼ਾਹ ਨੇ ਮਨੁੱਖਾ ਜੀਵਨ ਨੂੰ ਇੱਕ ਪੂਰਣ ਮਨੁੱਖ ਦੇ ਰੂਪ `ਚ ਕੇਵਲ ਪ੍ਰਗਟ ਹੀ ਨਹੀਂ ਕੀਤਾ ਬਲਕਿ ਮਾਣਿਆ ਵੀ। ਇਸ ਦੇ ਉਲਟ ਮਨੁੱਖ, ਸਦਾ ਤੋਂ ਮੰਨਦਾ ਆਇਆ ਸੀ ਕਿ ਅਧਿਆਤਮ ਵਾਦੀ ਹੋਰ ਹੈ ਅਤੇ ਸੰਸਾਰੀ-ਗ੍ਰਿਹਸਥੀ ਹੋਰ ਹਨ। ਇਸੇ ਲਈ ਗ੍ਰਿਹਸਥੀਆਂ ਨੂੰ ਧਾਰਮਿਕ ਕਾਰਜਾਂ ਲਈ ਰਿਸ਼ੀਆਂ, ਮੁਨੀਆਂ, ਸਾਧੂਆਂ, ਬ੍ਰਾਹਮਣਾਂ, ਜੋਗੀਆਂ, ਤਪੀਸਰਾ ਆਦਿ ਵਿਚੋਲਿਆਂ ਦੀ ਲੋੜ ਹੀ ਰਹਿੰਦੀ ਸੀ, ਉਨ੍ਹਾਂ ਤੋਂ ਬਿਨਾ ਗ੍ਰਿਹਸਥੀ ਧਰਮ-ਕਰਮ ਨਹੀਂ ਸਨ ਕਰ ਸਕਦੇ। ਸਚਾਈ ਕੇਵਲ ਗੁਰੂ ਨਾਨਕ ਪਾਤਸ਼ਾਹ ਨੇ ਹੀ ਪ੍ਰਗਟ ਅਤੇ ਸਹੀ ਅਰਥਾਂ `ਚ ਮਨੁੱਖ ਨੂੰ ਸਮਝਾਈ ਕਿ ਧਰਮੀ ਹੋਏ ਬਿਨਾ ਮਨੁੱਖ ਸੰਸਾਰੀ ਤਾਂ ਕੀ, ਪਸ਼ੂਆਂ ਤੋਂ ਵੀ ਹੇਠਾਂ ਹੁੰਦਾ ਹੈ। ਦੂਜੇ ਪਾਸੇ- ਜੋਗੀ, ਸਨਿਆਸੀ, ਨਾਂਗੇ, ਬਿਭੂਤਧਾਰੀ, ਸਾਧੂ, ਸੰਤਾਂ, ਬ੍ਰਾਹਮਣਾਂ, ਮੌਲਵੀਆਂ ਆਦਿ ਵਿਚੋਲਿਆਂ ਦੇ ਭੇਖ ਧਾਰਣ ਕਰਕੇ, ਕੋਈ ਮਨੁੱਖ ਧਰਮ ਦਾ ਠੇਕੇਦਾਰ ਨਹੀਂ ਬਣ ਜਾਂਦਾ। “ਹਮ ਕਿਛੁ ਨਾਹੀ ਏਕੈ ਓਹੀ॥ ਆਗੈ ਪਾਛੈ ਏਕੋ ਸੋਈ” (ਪੰ: ੩੯੧) ਇਸ ਲਈ ਹਰੇਕ ਨੂੰ ਸੰਸਾਰੀ ਹੋਣ ਲਈ ਪਹਿਲ਼ਾਂ ਧਰਮੀ ਹੋਣਾ ਅਤੇ ਅੰਦਰ ਵਸ ਰਹੇ ਪ੍ਰਭੂ ਦੀ ਪਛਾਣ ਕਰਕੇ, ਉਸ ਦੇ ਇਲਾਹੀ ਗੁਣਾਂ ਨੂੰ ਜੀਵਨ `ਚ ਧਾਰਨ ਕਰਣਾ ਹੈ। ਤਾਂ ਹੀ ਆਪਣੇ ਜੀਵਨ ਅੰਦਰੋਂ ਅਉਗਣਾਂ-ਵਿਕਾਰਾਂ ਦਾ ਨਾਸ ਕੀਤਾ ਜਾ ਸਕਦਾ ਹੈ।

ਇਸ ਦੇ ਲਈ ਵਿਚੋਲਿਆਂ, ਘੰਟੀਆਂ ਵਜਾਉਣ, ਰੋਜ਼ੇ-ਵਰਤ ਰਖਣ, ਸਮਾਧੀਆਂ ਲਾਉਣ, ਮਾਲਾ, ਹੱਠ-ਤੱਪ, ਪ੍ਰਵਾਰ ਤਿਆਗ ਕੇ ਜੰਗਲਾਂ-ਪਹਾੜਾਂ- ਤੀਰਥਾਂ `ਤੇ ਸਨਾਨ-ਦਾਨ-ਪੁੰਨ ਆਦਿ ਕਰਮਕਾਂਡਾ ਦਾ ਨਾਮ ਧਰਮ ਨਹੀਂ। ਧਰਮ ਤਾਂ ਜੀਵਨ ਦੀ ਸਾਧਨਾ ਹੈ ਜਿਸਦੀ ਸੁਆਸ ਸੁਆਸ ਲੋੜ ਹੈ, ਧਰਮ ਰੀਤੀ ਰਿਵਾਜਾਂ ਦਾ ਨਾਮ ਵੀ ਨਹੀਂ। ਭੱਟ ਕਹਿੰਦੇ ਹਨ ਕਿ ਸਤਿਗੁਰ ਨਾਨਕ ਇਸ ਲਈ ਵੀ ਸਭ ਤੋਂ ਵੱਡੇ ਹਨ ਕਿ ਉਨ੍ਹਾਂ ਨੇ ਕੇਵਲ ਆਪ ਹੀ ਰਾਜ-ਜੋਗ ਨੂੰ ਨਹੀਂ ਮਾਣਿਆ ਬਲਕਿ ਸੰਸਾਰ ਨੂੰ ਵੀ ਸਿਖਾਇਆ ਕਿ ਸੁਆਸ-ਸੁਆਸ ਧਰਮੀ ਜੀਵਨ ਬਿਤਾਉਂਦੇ, ਸੰਸਾਰੀ ਹੋਣਾ ਹੈ। ਭੱਟਾਂ ਨੇ ਫ਼ੁਰਮਾਇਆ “ਬ੍ਰਹਮੰਡ ਖੰਡ ਪੂਰਨ ਬ੍ਰਹਮੁ, ਗੁਣ ਨਿਰਗੁਣ ਸਮ ਜਾਣਿਓ॥ ਜਪੁ ਕਲ ਸੁਜਸੁ ਨਾਨਕ ਗੁਰ, ਸਹਜੁ ਜੋਗੁ ਜਿਨਿ ਮਾਣਿਓ” (ਪੰ: ੧੩੯੦) ਭਾਵ ਗੁਰੂ ਨਾਨਕ ਪਾਤਸ਼ਾਹ ਨੇ ਸਰਗੁਣ ਸੰਸਾਰ ਵਿਚੋਂ ਹੀ ਨਿਰਗੁਣ-ਰੂਪ, ਰੰਗ ਤੋਂ ਨਿਆਰੇ ਪ੍ਰਭੂ ਨੂੰ ਪਛਾਣ ਲਿਆ। ਇਕੋ ਸਮੇਂ ਪਾਤਸ਼ਾਹ ਸੰਸਾਰੀ-ਗ੍ਰਿਹਸਥੀ-ਦੁਨੀਆਦਾਰ ਵੀ ਸਨ ਅਤੇ ਜੀਵਨ ਕਰਕੇ ਸਹਿਜੇ ਹੀ ਪ੍ਰਭੂ ਨਾਲ ਵੀ ਜੁੜੇ ਹੋਏ ਸਨ ਅਤੇ ਇਹੀ ਜੀਵਨ ਮਾਰਗ ਉਨ੍ਹਾਂ ਨੇ ਸੰਸਾਰ ਨੂੰ ਵੀ ਦਿੱਤਾ। #132s01.1s08#

Including this Gurmat Lesson No 132

“ਸਭ ਤੇ ਵਡਾ ਸਤਿਗੁਰੁ ਨਾਨਕ”

For all the Gurmat Lessons written by ‘Principal Giani Surjit Singh’ Sikh Missionary, Delhi, all the rights are reserverd with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases upto 500/-)per hundred copies . (+P&P.Extra) From ‘Gurmat Education Centre, Delhi’, Postal Address- J-IV/46- II Fl. Old D/S Lajpat Nagar.-4 New Delhi-110024 Ph. 91-11-26487315 Cell 9811292808

web site- www.gurbaniguru.com




.