.

ਗੁਰਬਾਣੀ ਭਾਸ਼ਾ

ਹਾਕਮ ਸਿੰਘ

ਗੁਰਬਾਣੀ ਬ੍ਰਹਮ ਵਿਦਿਆ ਦਾ ਸੋਮਾ ਹੈ। ਬ੍ਰਹਮ ਗਿਆਨ ਬਿਬੇਕ ਬੁੱਧੀ ਦੁਆਰਾ ਪਰਾਪਤ ਹੁੰਦਾ ਹੈ। ਜੋ ਮਨੁੱਖ ਸਤਿ ਅਤੇ ਅਸਤਿ ਦੇ ਭੇਦ ਨੂੰ ਨਹੀਂ ਸਮਝਦਾ ਉਸ ਵਿੱਚ ਬ੍ਰਹਮ ਗਿਆਨ ਪਾਉਣ ਦੀ ਯੋਗਤਾ ਨਹੀਂ ਹੁੰਦੀ। ਗੁਰਬਾਣੀ ਬ੍ਰਹਮ ਵਿਦਿਆ ਦੇ ਆਤਮਕ ਗਿਆਨ ਨੂੰ ਮਨੁਖਤਾ ਦੇ ਕਲਿਆਨ ਹਿਤ ਸੰਸਾਰਕ ਬੋਲੀ ਵਿੱਚ ਰੂਪਮਾਨ ਕਰਦੀ ਹੈ। ਸਤਿਗੁਰੂ ਇਸ ਨੂੰ ਧੁਰ ਕੀ ਬਾਣੀ ਆਖਦੇ ਹਨ। ਸੰਸਾਰਕ ਬੋਲੀ ਮਨੁੱਖੀ ਭਾਵਾਂ ਅਤੇ ਵਿਚਾਰਾਂ ਦੇ ਪ੍ਰਗਟਾਅ ਦਾ ਵਸੀਲਾ ਅਤੇ ਸਮਾਜਕ ਸਬੰਧਾਂ ਅਤੇ ਬੰਧਨਾਂ ਦਾ ਆਧਾਰ ਹੁੰਦੀ ਹੈ ਅਤੇ ਇਹ ਬੋਲੀ ਤ੍ਰੈ ਗੁਣੀ ਮਾਇਆ ਦੇ ਸੰਸਾਰ ਵਿੱਚ ਵਿਚਰਦੀ ਹੈ। ਇਸ ਲਈ ਇਸ ਵਿੱਚ ਆਤਮ ਗਿਆਨ ਸੰਚਾਰਨ ਦੀ ਲੋੜੀਂਦੀ ਯੋਗਤਾ ਨਹੀਂ ਹੁੰਦੀ। ਗੁਰਬਾਣੀ ਦੇ ਅਖਰੀ ਅਰਥ ਕਈ ਵੇਰ ਅਬੋਧ ਅਤੇ ਗੁਮਰਾਹਕੁਨ ਹੁੰਦੇ ਹਨ। ਕੇਵਲ ਗੁਰਬਾਣੀ ਦੇ ਭਾਵ ਅਰਥ ਹੀ ਗੁਰ ਉਪਦੇਸ਼ ਨੂੰ ਦਿਰੜ੍ਹ ਕਰਵਾਉਣ ਦੇ ਸਮਰਥ ਹੁੰਦੇ ਹਨ। ਗੁਰਬਾਣੀ ਦਾ ਤੱਤ ਜਾਨਣ ਲਈ ਮਨ ਦੀ ਇਕਾਗਰਤਾ, ਪਰੇਮ ਭਾਵਨਾ ਅਤੇ ਦਿਰੜ੍ਹ ਵਿਸ਼ਵਾਸ ਦੀ ਲੋੜ ਹੁੰਦੀ ਹੈ। ਗੁਰਬਾਣੀ ਦਾ ਫੁਰਮਾਨ ਹੈ:

ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ।। ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ।। (ਰਾਮਕਲੀ ਮਹਲਾ ੧, ਦਖਣੀ ਉਅੰਕਾਰੁ)

ਭਾਰਤ ਵਿੱਚ ਆਤਮਕ ਗਿਆਨ ਸਦੀਆਂ ਤੋਂ ਬ੍ਰਾਹਮਣੀ ਵਰਗ ਦੀ ਨਿਵੇਕਲੀ ਸੰਪੱਤੀ ਰਿਹਾ ਹੈ। ਬ੍ਰਾਹਮਣ ਆਪਣੇ ਸਵਾਰਥ ਹਿਤ ਲੋਕਾਈ ਨੂੰ ਆਤਮਕ ਗਿਆਨ ਤੋਂ ਵਾਂਝਾ ਰਖਣ ਲਈ ਬਹੁਤ ਹੀ ਭਿਆਨਕ, ਅਤਿਆਚਾਰਕ ਅਤੇ ਅਣਮਨੁਖੀ ਢੰਗ ਵਰਤਦਾ ਰਿਹਾ ਹੈ। ਗੁਰੂ ਨਾਨਕ ਸਾਹਿਬ ਨੇ ਆਤਮਕ ਗਿਆਨ ਨੂੰ ਬ੍ਰਾਹਮਣ ਦੀ ਬੰਦਿਸ਼ ਵਿਚੋਂ ਮੁਕਤ ਕਰਵਾਉਣ ਲਈ ਭਗਤਾਂ ਵਲੋਂ ਚਲਾਏ ਅੰਦੋਲਨ ਦਾ ਮਾਰਗ ਅਪਣਾ ਕੇ ਲੋਕਾਈ ਵਿੱਚ ਗੁਰਮਤਿ ਗਿਆਨ ਦੇ ਖੁਲ੍ਹੇ ਪਰਸਾਰਨ ਦਾ ਮੁੱਢ ਬੰਨ੍ਹਿਆ। ਇਸਦੇ ਨਾਲ ਨਾਲ ਉਹਨਾਂ ਇਸਲਾਮ ਦੇ ਪੈਰੋਕਾਰਾਂ ਨੂੰ ਭੇਖ ਅਤੇ ਜਬਰ ਦਾ ਰਾਹ ਛੱਡ ਕੇ ਧਰਮ ਅਤੇ ਨਿਆਂ ਦੇ ਮਾਰਗ ਤੇ ਚਲਣ ਦਾ ਉਪਦੇਸ਼ ਦਿੱਤਾ। ਗੁਰਵਾਕ ਹਨ:

ਮਿਹਰ ਮਸੀਤ ਸਿਦਕੁ ਮੁਸਲਾ ਹਕੁ ਹਲਾਲੁ ਕੁਰਾਣੁ।। ਸਰਮ ਸੁੰਨਤਿ ਸੀਲ ਰੋਜਾ ਹੋਹੁ ਮੁਸਲਮਾਣੁ।। (ਵਾਰ ਮਾਝ, ਮਹਲਾ ੧)

ਮੁਸਲਮਾਣੁ ਕਹਾਵਣੁ ਮੁਸਕਲੁ ਜਾ ਹੋਇ ਤਾ ਮੁਸਲਮਾਣੁ ਕਹਾਵੈ।। ਅਵਲਿ ਅਉਲਿ ਦੀਨੁ ਕਰਿ ਮਿਠਾ ਮਸਕਲ ਮਾਨਾ ਮਾਲੁ ਮੁਸਾਵੈ।। ਹੋਇ ਮੁਸਲਿਮ ਦੀਨ ਮੁਹਾਣੈ ਮਰਣ ਜੀਵਣ ਕਾ ਭਰਮੁ ਚੁਕਾਵੈ।। ਰਬ ਕੀ ਰਜਾਇ ਮੰਨੇ ਸਿਰ ਉਪਰਿ ਕਰਤਾ ਮੰਨੇ ਆਪੁ ਗਵਾਵੈ।। ਤਉ ਨਾਨਕ ਸਰਬ ਜੀਆ ਮਿਹਰੰਮਤਿ ਹੋਇ ਤ ਮੁਸਲਮਾਣੁ ਕਹਾਵੈ।। (ਵਾਰ ਮਾਝ, ਮਹਲਾ ੧)

ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਉਲੀਕੇ ਮਾਰਗ ਤੇ ਚਲਦਿਆਂ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਕਲਨ ਕਰਕੇ ਮਾਨਵਤਾ ਲਈ ਆਤਮਕ ਗਿਆਨ ਦਾ ਭੰਡਾਰਾ ਲਾ ਦਿੱਤਾ। ਗੁਰੂ ਸਾਹਿਬਾਨ ਨੇ ਆਤਮਕ ਗਿਆਨ ਨੂੰ ਬ੍ਰਾਹਮਣ ਦੀ ਕੈਦ ਤੋਂ ਮੁਕਤ ਹੀ ਨਹੀਂ ਕਰਵਾਇਆ ਬਲਕਿ ਉਸਨੂੰ ਸ਼ਾਸਤ੍ਰੀ ਸੰਸਕ੍ਰਿਤ ਭਾਸ਼ਾ ਦੇ ਪਿੰਜਰੇ ਵਿਚੋਂ ਕੱਢ ਕੇ ਆਮ ਲੋਕਾਂ ਦੀ ਬੋਲੀ ਅਤੇ ਸ਼ੈਲੀ ਵਿੱਚ ਲੋਕ ਪਰੀਆ ਛੰਦਾਂ ਅਤੇ ਗੁਰਮਤਿ ਸੰਗੀਤ ਵਿੱਚ ਉਜਾਗਰ ਕਰਕੇ ਘਰ ਘਰ ਵਿੱਚ ਕੀਰਤਨ ਕਰਨ ਦੀ ਰੀਤ ਚਲਾ ਦਿੱਤੀ। ਹਰ ਘਰ ਵਿੱਚ ਸਿਮਰਨ ਰਾਹੀਂ ਮਨੁੱਖੀ ਆਤਮਾ ਅਤੇ ਪਰਮ-ਆਤਮਾ ਦੇ ਸਿੱਧੇ ਸੁਮੇਲ ਲਈ ਧਰਮਸਾਲ ਬਣ ਗਈ। ਆਮ ਲੋਕਾਂ ਦੀ ਬੋਲੀ ਵਿੱਚ ਉਚਾਰੀ ਧੁਰ ਕੀ ਬਾਣੀ ਨੇ ਆਤਮਕ ਗਿਆਨ ਦੀ ਸੰਜੀਦਗੀ ਅਤੇ ਮਿਆਰ ਨੂੰ ਪੂਰਨ ਤੌਰ ਤੇ ਬਰਕਰਾਰ ਰਖਿਆ। ਆਤਮਕ ਗਿਆਨ ਨੂੰ ਸਮੁਚੀ ਮਾਨਵਤਾ ਦੀ ਸੰਪਤੀ ਦਰਸਾਉਂਦੇ ਹੋਏ ਗੁਰੂ ਸਾਹਿਬਾਨ ਨੇ ਸਾਰੀ ਲੋਕਾਈ ਨੂੰ ਗੁਰੂ ਕੀ ਸੰਗਤ ਦੇ ਰੂਪ ਵਿੱਚ ਇਸ ਗਿਆਨ ਦੀ ਪਰਾਪਤੀ ਲਈ ਨਾਮ ਸਿਮਰਨ ਦਾ ਉਪਦੇਸ਼ ਦਿੱਤਾ। ਉਹਨਾਂ ਇਸ ਰਾਹ ਤੇ ਚਲਣ ਵਾਲਿਆਂ ਨੂੰ ਇਸ ਰਾਹ ਦੀਆਂ ਕਠਨਾਈਆਂ ਬਾਰੇ ਸੁਚੇਤ ਕਰਦੇ ਹੋਏ ਇਸਨੂੰ “ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ” ਦਸਿਆ। ਇਸਦੇ ਨਾਲ ਨਾਲ ਉਹਨਾਂ ਇਹ ਵੀ ਚਿਤਾਵਨੀ ਦਿੱਤੀ ਕਿ ਬਿਬੇਕ ਬੁੱਧੀ, ਮਨ ਦੀ ਇਕਗਰਤਾ ਅਤੇ ਗੁਰੂ ਦੀ ਕਿਰਪਾ ਬਿਨਾ ਨਾਮ ਸਿਮਰਨ ਸੰਭਵ ਨਹੀਂ।

ਗੁਰਬਾਣੀ ਆਤਮਕ ਗਿਆਨ ਨੂੰ ਵਖੋ ਵੱਖ ਧਰਮਾਂ ਅਤੇ ਧਾਰਮਕ ਸੰਸਥਾਵਾਂ ਦੇ ਬੰਧਨਾਂ ਤੋਂ ਮੁਕਤ ਕਰਵਾ ਕੇ ਉਸਨੂੰ ਮਨੁੱਖਤਾ ਦੀ ਸਾਂਝੀ ਸੰਪੱਤੀ ਬਣਾਉਂਦੀ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਧਰਮਾਂ ਦੀਆਂ ਸੀਮਾਵਾਂ ਅਤੇ ਭੇਦ ਮਿਟਾ ਕੇ ਆਤਮਕ ਗਿਆਨ ਨੂੰ ਮਨੁੱਖੀ ਵਿਰਸਾ ਬਣਾ ਦਿੱਤਾ ਹੈ। ਗੁਰਬਾਣੀ ਦਾ “ਉਪਦੇਸ ਚਹੁ ਵਰਨਾ ਕਉ ਸਾਝਾ” ਹੈ, ਇਹ ਉਪਦੇਸ਼ ਹਿੰਦੂ, ਮੁਸਲਿਮ, ਸਿੱਖ, ਈਸਾਈ ਅਤੇ ਮਾਨਵਤਾ ਦੇ ਹਰ ਵਰਗ ਅਤੇ ਖਿੱਤੇ ਲਈ ਹੈ। ਇਹ ਮਨੁੱਖੀ ਮਨ ਨੂੰ ਆਪਣਾ ਮੂਲ ਪਛਾਨਣ ਅਤੇ ਉਸ ਮੂਲ਼ ਨਾਲ ਇੱਕ ਮਿਕ ਹੋਣ ਦੇ ਰਾਹ ਦਾ ਚਾਨਣ ਮੁਨਾਰਾ ਹੈ।

ਸ਼ਰਧਾਲੂਆਂ ਲਈ ਗੁਰਬਾਣੀ ਦੇ ਅਖਰੀ ਅਰਥ ਜਾਨਣੇ ਜ਼ਰੂਰੀ ਹੁੰਦੇ ਹਨ। ਗੁਰਬਾਣੀ ਦੇ ਅਖਰੀ ਅਰਥ ਗੁਰਬਾਣੀ ਦਾ ਗਿਆਨ ਪਰਾਪਤ ਕਰਨ ਦੇ ਮਾਰਗ ਵਿੱਚ ਪਾਠ ਤੋਂ ਅਗਲਾ ਪੜਾ ਹੁੰਦੇ ਹਨ। ਗੁਰਬਾਣੀ ਦੇ ਸ਼ਾਬਦਕ ਅਰਥ ਕਰਨ ਲਈ ਟੀਕਾਕਾਰ ਜਾਂ ਅਨੁਵਾਦਕ ਨੂੰ ਗੁਰਬਾਣੀ ਭਾਸ਼ਾ ਵਿੱਚ ਨਿਪੁੰਨਤਾ ਹੋਣੀ ਚਾਹੀਦੀ ਹੈ। ਭਾਸ਼ਾ ਵਿੱਚ ਨਿਪੁੰਨਤਾ ਵਿਆਕਰਨ ਦੇ ਗਿਆਨ, ਵਿਸ਼ਾਲ ਸ਼ਬਦਾਵਲੀ ਦੀ ਜਾਣਕਾਰੀ ਅਤੇ ਅਰਥ ਬੋਧ ਦੀ ਯੋਗਤਾ ਨਾਲ ਆਉਂਦੀ ਹੈ।

ਨਿਰੰਕਾਰ ਦੀ ਸਾਰੀ ਰਚਨਾ ਉਸਦੇ ਹੁਕਮ ਤੇ ਉਸਦੇ ਸਾਜੇ ਨਿਯਮਾਂ ਅਨੁਸਾਰ ਚਲ ਰਹੀ ਹੈ। “ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ”। ਧੁਰ ਕੀ ਬਾਣੀ ਦੀ ਰਚਨਾ ਵੀ ਗੁਰੂ ਸਾਹਿਬ ਨੇ ਸੂਤਰਬੱਧ ਢੰਗ ਨਾਲ ਅਤੇ ਗੁਰਬਾਣੀ ਵਿਆਕਰਨ ਦੇ ਨਿਯਮ ਨਿਰਧਾਰਤ ਕਰਕੇ ਕੀਤੀ ਹੈ। ਗੁਰਬਾਣੀ ਵਿਆਕਰਨ ਦੇ ਨਿਯਮ ਕਿਸੇ ਉਪਲਬਧ ਲਿਖਤ ਜਾਂ ਗ੍ਰੰਥ ਵਿੱਚ ਅੰਕਤ ਨਾ ਹੋਣ ਕਰਕੇ ਗੁਰਬਾਣੀ ਭਾਸ਼ਾ ਦੇ ਖੋਜੀਆਂ ਨੇ ਉਹਨਾਂ ਦੀ ਛਾਨ ਬੀਨ ਕਰਕੇ ਗੁਰਬਾਣੀ ਵਿਆਕਰਨ ਦੀ ਰਚਨਾ ਕੀਤੀ ਹੈ। ਗੁਰਬਾਣੀ ਭਾਸ਼ਾ ਦੇ ਖੋਜੀ ਗੁਰਬਾਣੀ ਵਿਆਕਰਨ ਤੋਂ ਇਲਾਵਾ ਗੁਰਬਾਣੀ ਭਾਸ਼ਾ ਨਾਲ ਸਬੰਧਤ ਪੰਜ ਹੋਰ ਖੇਤਰਾਂ ਵਿੱਚ ਵੀ ਖੋਜ ਕਰਦੇ ਆ ਰਹੇ ਹਨ। ਉਹ ਖੇਤਰ ਹਨ: (੧) ਗੁਰਬਾਣੀ ਭਾਸ਼ਾ ਦਾ ਵਿਕਾਸ ਅਤੇ ਸਰਬੱਗਤਾ, (੨) ਗੁਰਬਾਣੀ ਸੰਗੀਤ, (੩) ਗੁਰਬਾਣੀ ਵਿੱਚ ਛੰਦਾ ਬੰਦੀ ਅਤੇ ਪਿੰਗਲ, (੪) ਗੁਰਬਾਣੀ ਦੇ ਸ਼ਬਦਾਂ ਦਾ ਉਚਾਰਨ, ਅਤੇ (੫) ਗੁਰਬਾਣੀ ਵਿੱਚ ਧਰਮ ਨਾਲ ਸਬੰਧਤ ਮਿਥਿਹਾਸ।

ਗੁਰਬਾਣੀ ਭਾਸ਼ਾ ਸਾਧ ਭਾਸ਼ਾ ਤੋਂ ਵਿਕਸਤ ਹੋਈ ਹੈ। ਮੱਧਕਾਲੀਨ ਸੰਤ ਭਗਤ ਅਧਿਆਤਮਕ ਗਿਆਨ ਦੇ ਚਰਚੇ ਅਤੇ ਸੰਚਾਰਨ ਲਈ ਉਤਰੀ ਭਾਰਤ ਵਿੱਚ ਜੋ ਭਾਸ਼ਾ ਵਰਤਦੇ ਸਨ ਉਸਨੂੰ ਸਾਧ ਭਾਸ਼ਾ ਦਾ ਨਾਂ ਦਿੱਤਾ ਗਿਆ ਹੈ। ਗੁਰਬਾਣੀ ਭਾਸ਼ਾ ਮੁੱਖ ਤੌਰ ਤੇ ਸਾਧ ਭਾਸ਼ਾ ਪਰਧਾਨ ਪੰਜਾਬੀ ਹੈ। ਗੁਰਬਾਣੀ ਦੀ ਪੰਜਾਬੀ ਭਾਸ਼ਾ ਵਿੱਚ ਪੱਛਮੀ ਅਤੇ ਪੂਰਬੀ ਪੰਜਾਬ ਦੀਆਂ ਉਪਭਾਸ਼ਾਵਾਂ, ਜਿਵੇਂ ਲਹਿੰਦੀ, ਪੋਠੋਹਾਰੀ, ਪਹਾੜੀ, ਬਾਂਗਰਵੀ, ਆਦਿ ਦੀ ਵਰਤੋਂ ਕੀਤੀ ਗਈ ਹੈ। ਗੁਰਬਾਣੀ ਵਿੱਚ ਪੰਜਾਬੀ ਦੇ ਨਾਲ ਬ੍ਰਿਜ, ਅਵਧੀ, ਰਾਜਸਥਾਨੀ, ਸਿੰਧੀ, ਖੜੀ ਬੋਲੀ ਅਤੇ ਹੋਰ ਉਤਰੀ ਭਾਰਤੀ ਭਾਸ਼ਾਵਾਂ ਦੇ ਮਿਸ਼ਰਣ ਦੀ ਬੋਲੀ ਵੀ ਵਰਤੀ ਗਈ ਹੈ। ਇਸਦੇ ਨਾਲ ਨਾਲ ਗੁਰਬਾਣੀ ਭਾਸ਼ਾ ਤੇ ਫਾਰਸੀ ਅਤੇ ਅਰਬੀ ਦਾ ਵੀ ਪਰਭਾਵ ਪਿਆ ਹੈ, ਜੋ ਮੱਧਕਾਲੀਨ ਭਾਰਤੀ ਸ਼ਾਸਨ ਦੀਆਂ ਭਾਸ਼ਾਵਾਂ ਸਨ। ਗੁਰਬਾਣੀ ਵਿੱਚ ਸਹਿਸਕ੍ਰਿਤੀ ਭਾਸ਼ਾ ਵੀ ਵਰਤੀ ਗਈ ਹੈ। ਸਹਿਸਕ੍ਰਿਤੀ ਭਾਸ਼ਾ ਸੰਸਕ੍ਰਿਤ, ਪਾਲੀ, ਪ੍ਰਾਕ੍ਰਿਤ, ਆਦਿ ਦੇ ਯੋਗ ਨਾਲ ਬਣੀ ਉਸ ਸਮੇਂ ਦੇ ਅਧਿਆਤਮਕ ਵਿਚਾਰ ਵਟਾਂਦਰੇ ਦੀ ਭਾਸ਼ਾ ਸੀ। ਇਸ ਤੋਂ ਇਲਾਵਾ ਮਰਾਠੀ, ਸੰਸਕ੍ਰਿਤ ਅਤੇ ਫਾਰਸੀ ਵਿੱਚ ਵੀ ਬਾਣੀ ਉਚਾਰੀ ਗਈ ਹੈ। ਗੁਰੂ ਸਾਹਿਬਾਨ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਵਿੱਚ ਅਧਿਆਤਮਕ ਗਿਆਨ ਦਾ ਭੰਡਾਰ, ਮੱਧਕਾਲੀਨ ਉਤਰੀ ਭਾਰਤੀ ਭਾਸ਼ਾਵਾਂ ਦਾ ਕੋਸ਼, ਪੰਜਾਬੀ ਭਾਸ਼ਾ ਦਾ ਅਥਾਹ ਖਜ਼ਾਨਾ ਪੰਜਾਬੀਆਂ ਨੂੰ ਵਰਾਸਤ ਵਿੱਚ ਦਿੱਤਾ ਹੈ ਅਤੇ ਪੰਜਾਬੀ ਭਾਸ਼ਾ ਨੂੰ ਸੰਪੰਨ ਬਣਾਉਣ ਲਈ ਦੂਜੀਆਂ ਭਾਸ਼ਾਵਾਂ ਦੇ ਸ਼ਬਦਾਂ ਨੂੰ ਪੰਜਾਬੀ ਰੂਪ ਦੇਣ ਦੇ ਢੰਗ ਵੀ ਉਲੀਕ ਦਿੱਤੇ ਹਨ।

ਗੁਰਬਾਣੀ ਭਾਸ਼ਾ ਨੇ ਪੰਜਾਬੀ ਭਾਸ਼ਾ ਅਤੇ ਸਭਿਆਚਾਰ ਅਤੇ ਪੰਜਾਬ ਖੇਤਰ ਉਤੇ ਡੂੰਘਾ ਪਰਭਾਵ ਪਾਇਆ ਹੈ। ਇਹ ਕਹਿਣਾ ਕਿ ਗੁਰਬਾਣੀ ਦੇ ਪਰਭਾਵ ਨੇ ਹੀ ਪੰਜਾਬ ਖੇਤਰ ਦੀ ਰੂਪ ਰੇਖਾ ਨਿਰਧਾਰਤ ਕੀਤੀ ਹੈ ਕੋਈ ਅਤਿਕਥਨੀ ਨਹੀਂ ਹੋਵੇਗੀ। ਪਰੋਫੈਸਰ ਪੂਰਨ ਸਿੰਘ ਜੀ ਤੇ ਗਾ ਉਠੇ ਸਨ ਪੰਜਾਬ ਜੀਉਂਦਾ ਗੁਰਾਂ ਦੇ ਨਾਂ ਤੇ। ਗੁਰਬਾਣੀ ਦੇ ਪਰਭਾਵ ਸਦਕਾ ਹੀ ਪੰਜਾਬ ਇੱਕ ਕੌਮੀ ਖੇਤਰ ਵਜੋਂ ਅਤੇ ਪੰਜਾਬੀਅਤ ਇੱਕ ਸਭਿਅਤਾ ਅਤੇ ਸਭਿਆਚਾਰ ਵਜੋਂ ਹੋਂਦ ਵਿੱਚ ਆਏ ਹਨ। ਗੁਰੂ ਸਾਹਿਬਾਨ ਦੀ ਦੇਣ ਨੂੰ ਵਿਸਾਰਨ ਵਾਲੇ ਅਤੇ ਮਾਂ ਬੋਲੀ ਪੰਜਾਬੀ ਤੋਂ ਮੂੰਹ ਮੋੜਨ ਵਾਲੇ ਅਭਾਗੇ ਯਤੀਮ ਹਨ ਕਿਊਂਕੇ ਉਹ ਆਪਣੇ ਵਡਮੁਲੇ ਵਿਰਸੇ ਤੋਂ ਵਾਂਝੇ ਹੋ ਗਏ ਹਨ ਅਤੇ ਆਪਣੇ ਜੱਦੀ ਅਧਿਕਾਰ ਖੋ ਬੈਠੇ ਹਨ। ਉਹਨਾਂ ਦਾ ਕਹਿਣ ਨੂੰ ਦੇਸ਼ ਤੇ ਹੈ ਪਰ ਆਪਣਾ ਕਿਹਾ ਜਾਣ ਵਾਲਾ ਘਰ ਕਿਸੇ ਥਾਂ ਵੀ ਨਹੀਂ ਹੈ। ਪੰਜਾਬੀ ਬੋਲੀ ਅਤੇ ਸਭਿਆਚਾਰ ਦੀ ਆਕਰਸ਼ਣਸ਼ੀਲਤਾ ਸਦਕਾ ਅੱਜ ਭਾਰਤੀ ਲੋਕ ਪਰੀਆ ਸੰਗੀਤ ਅਤੇ ਨਿਰਤ ਪੰਜਾਬੀ ਦੇ ਰੰਗ ਵਿੱਚ ਰੰਗਿਆ ਪਿਆ ਹੈ।

ਗੁਰੂ ਸਾਹਿਬਾਨ ਵਲੋਂ ਸਿਰਜਿਆ ਪੰਜਾਬ ਭਾਰਤ ਦਾ ਸਿਰਮੋਰ ਅਤੇ ਸ਼ਕਤੀਸ਼ਾਲੀ ਖਿੱਤਾ ਸੀ ਜਿਸ ਨੂੰ ਅੰਗਰੇਜ਼ੀ ਸਰਕਾਰ ਨੇ ਫੌਜੀ ਡਿਸਿਪਲਿਨ ਵਾਲੇ ਪੰਜਾਬ ਸਕੂਲ ਆਫ ਐਡਮਿਨਿਸਟਰੇਸ਼ਨ (Panjab School of Administration) ਦੁਆਰਾ ਅਧੀਨ ਕਰਨ ਦੀ ਸਿਰ ਤੋੜ ਅਸਫਲ ਕੋਸ਼ਿਸ਼ ਕੀਤੀ ਸੀ ਅਤੇ ਅਰਨੈਸਟ ਟਰੰਪ (Ernest Trumpp) ਦੀਆਂ ਸੇਵਾਵਾਂ ਰਾਹੀਂ ਗੁਰਮਤਿ ਨੂੰ ਮਹੱਤਵਹੀਣ ਸਿੱਧ ਕਰਨ ਦਾ ਜਤਨ ਕੀਤਾ ਸੀ। ਜਦੋਂ ਅੰਗ੍ਰੇਜ਼ ਗੁਰੂ ਸਾਹਿਬਾਨ ਵਲੋਂ ਵਰੋਸਾਈ ਮਹਾਨ ਸ਼ਹੀਦਾਂ ਅਤੇ ਜੋਧਿਆਂ ਦੀ ਇਸ ਪੰਜਾਬੀ ਧਰਤੀ ਤੋਂ ਗੁਰਮਤਿ ਵਿਚਾਰਧਾਰਾ ਨੂੰ ਧੁੰਦਲਾਉਣ ਅਤੇ ਮਨੁੱਖੀ ਸੁਤੰਤਰਤਾ ਦੀ ਭਾਵਨਾ ਦਬਾਉਣ ਵਿੱਚ ਅਸਫਲ ਰਹੇ ਤਾਂ ਦਯਾਨੰਦ ਨੇ ਈਰਖਾ ਵੱਸ ਪੰਜਾਬੀ ਸਭਿਆਚਾਰ ਨੂੰ ਮਿਟਾਉਣ ਦੀ ਵਿਊਂਤ ਬਣਾਈ। ਉਸਨੇ ਅੰਗ੍ਰੇਜ਼ੀ ਸਾਮਰਾਜ ਨਾਲ ਰਲ ਕੇ ਪੰਜਾਬੀ ਭਾਈਚਾਰੇ ਵਿੱਚ ਐਸੀ ਕਾਂਜੀ ਘੋਲੀ ਕਿ ਇਹ ਮਹਾਂਬਲੀਆਂ ਦਾ ਦੇਸ਼ ਖਾਨਾਜੰਗੀ ਦੀ ਰਣਭੂਮੀ ਬਣ ਗਿਆ। ਗੁਜਰਾਤ ਤੋਂ ਆਏ ਦਯਾਨੰਦ ਦੀ ਅਗਵਾਈ ਹੇਠ ਉੱਚ ਜਾਤੀ ਦੇ ਪਰਭਾਵਸ਼ਾਲੀ ਪੰਜਾਬੀ ਹਿੰਦੂ ਕਟੜਪੰਥੀ ਦੇ ਰਾਹ ਤੇ ਟੁਰ ਪਏ। ਉਹ ਗੁਰਮਤਿ ਵਿਰਸੇ, ਗੁਰਬਾਣੀ ਅਤੇ ਪੰਜਾਬੀ ਬੋਲੀ ਦੇ ਵਿਰੋਧੀ ਬਣ ਗਏ। ਗੁਰ ਇਤਿਹਾਸ ਅਤੇ ਗੁਰਬਾਣੀ ਨੂੰ ਨਜ਼ਰ ਅੰਦਾਜ਼ ਕਰਕੇ ਉਹ ਪੰਜਾਬੀ ਕੌਮ ਦੀ ਸਦਾਚਾਰਕ ਨੀਂਹ ਨੂੰ ਮਿਟਾਉਣਾ ਚਾਹੁੰਦੇ ਸਨ ਤਾਂ ਜੋ ਉਹ ਪੰਜਾਬੀ ਕੌਮ ਦੀ ਹਸਤੀ ਹੀ ਖਤਮ ਕਰ ਦੇਣ। ਪਰ ਉਹ ਭੁਲ ਗਏ ਕਿ ਅਖਾਂ ਮੀਟਣ ਨਾਲ ਅਸਲੀਅਤ ਅਲੋਪ ਨਹੀਂ ਹੋ ਜਾਂਦੀ। ਦੂਜੇ ਪਾਸੇ ਪੰਜਾਬੀ ਸਾਹਿਤ ਨੂੰ ਕਿੱਸਾ ਕਾਵਿ ਨਾਲ ਸ਼ਿੰਗਾਰਣ ਵਾਲੇ ਪੰਜਾਬੀ ਮੁਸਲਮਾਨਾਂ ਦੀ ਸੰਤਾਨ ਵੀ ਦਯਾਨੰਦ ਦੀਆਂ ਚਾਲਾਂ ਅਤੇ ਕਟੜਪੰਥੀਆਂ ਦੀ ਸਾਜ਼ਿਸ਼ ਦਾ ਸ਼ਿਕਾਰ ਹੋ ਗਈ। ਉਹਨਾਂ ਵੀ ਹਿੰਦੀ ਦੀ ਵਿਰੋਧਤਾ ਵਿੱਚ ਮਾਂ ਬੋਲੀ ਪੰਜਾਬੀ ਦਾ ਤਿਆਗ ਕਰਕੇ ਉਰਦੂ ਜ਼ੁਬਾਨ ਅਪਣਾ ਲਈ। ਬੇਗਾਨਿਆਂ ਦੇ ਮਗਰ ਲੱਗ ਕੇ ਪੰਜਾਬੀਆਂ ਨੇ ਜਿਸ ਟਾਹਣੇ ਤੇ ਬੈਠੇ ਸੀ ਉਸੇ ਨੂੰ ਹੀ ਕੱਟ ਸੁਟਿਆ। ਉਹਨਾਂ ਪੰਜਾਬ ਦਾ ਸਦਾਚਾਰਕ ਕੇਂਦਰ, ਲਾਹੌਰ ਸ਼ਹਿਰ, ਆਪਣੇ ਹੱਥੀਂ ਵੀਰਾਨ ਕਰ ਮਾਰਿਆ। ਉਹ ਇਹ ਸਾਧਾਰਣ ਗੱਲ ਵੀ ਨਾ ਸਮਝ ਪਾਏ ਕਿ ਮਾਂ ਬੋਲੀ ਦਾ ਤਿਅਗ ਸਦਾਚਾਰਕ ਆਤਮ ਹੱਤਿਆ ਹੁੰਦੀ ਹੈ। ੧੯੪੭ ਵਿੱਚ ਜਦੋਂ ਭਾਰਤ ਅਤੇ ਪਾਕਿਸਤਾਨ ਨੂੰ ਮਾਨਵਈ ਮੁਲਾਂ ਅਤੇ ਪੰਜਾਬ ਦੀ ਅਗਵਾਈ, ਜਲਾਲ, ਦਬਦਬੇ ਅਤੇ ਸ਼ਕਤੀ ਦੀ ਲੋੜ ਸੀ ਉਦੋਂ ਪੰਜਾਬੀ ਸਮਾਜ ਲਹੂ ਲੁਹਾਨ ਹੋ ਕੇ ਖੇਰੂੰ ਖੇਰੂੰ ਹੋਇਆ ਪਿਆ ਸੀ, ਅਤੇ ਦਯਾਨੰਦੀਏ ਪੰਜਾਬ ਨੂੰ ਫਟੜ ਕਰਕੇ ਭਾਰਤ ਤੇ ਕਾਬਜ਼ ਸ਼ਕਤੀਆਂ ਦੀ ਮਤੈਹਤੀ ਦਾ ਜਸ਼ਨ ਮਨਾ ਰਹੇ ਸਨ। ਕਰਤੇ ਨੂੰ ਇਵੇਂ ਭਾਉਂਦਾ ਸੀ। ਗੁਰੂ ਸਾਹਿਬਾਨ ਦੀ ਦੇਣ ਨੂੰ ਵਿਸਾਰਨ ਵਾਲਿਆਂ ਨਾਲ ਇਹੋ ਕੁੱਝ ਹੋਣਾ ਸੀ। ਗੁਰਬਾਣੀ ਦਾ ਕਥਨ ਹੈ: “ਸੰਤ ਕਾ ਨਿੰਦਕੁ ਰਾਜ ਤੇ ਹੀਨੁ।। ਸੰਤ ਕਾ ਨਿੰਦਕੁ ਦੁਖੀਆ ਅਰੁ ਦੀਨੁ।। “

ਗੁਰਬਾਣੀ ਵਿਆਕਰਨ

ਵਿਆਕਰਨ ਸ਼ਬਦਾਂ ਦੀ ਸ਼੍ਰੇਣੀ, ਉਹਨਾਂ ਦੇ ਕਾਰਕ, ਲਿੰਗ, ਵਚਨ, ਕਾਲ, ਕਿਰਿਆ ਦੇ ਰੂਪ, ਅਤੇ ਵਾਚ, ਉਹਨਾਂ ਦੇ ਕਰਤੱਵ, ਅਤੇ ਵਾਕਾਂ ਦੀ ਬਣਤਰ ਦੇ ਸਬੰਧਾਂ ਦਾ ਵਿਗਿਆਨ ਹੁੰਦਾ ਹੈ। ਵਿਆਕਰਨ ਦੀ ਸਿਖਿਆ ਤੋਂ ਬਿਨਾ ਕਿਸੇ ਬੋਲੀ ਨੂੰ ਸ਼ੁੱਧ ਬੋਲਣਾ ਤੇ ਲਿਖਣਾ, ਅਤੇ ਠੀਕ ਤਰ੍ਹਾਂ ਸਮਝਣਾ ਸੰਭਵ ਨਹੀਂ ਹੁੰਦਾ। ਗੁਰਬਾਣੀ ਵਿਆਕਰਨ ਦੀ ਸੂਝ ਤੋਂ ਬਿਨਾ ਗੁਰਬਾਣੀ ਦੇ ਸ਼ਾਬਦਕ ਅਰਥਾਂ ਦੀ ਸਮਝ ਪੈਣੀ ਮੁਮਕਿਨ ਨਹੀਂ।

ਪਰੋਫੈਸਰ ਸਾਹਿਬ ਸਿੰਘ ਜੀ ਨੇ ਗੁਰਬਾਣੀ ਸ਼ਬਦਾਵਲੀ ਅਤੇ ਵਿਆਕਰਨ ਬਾਰੇ ਡੂੰਘੀ ਖੋਜ ਉਪਰੰਤ ਗੁਰੂ ਗ੍ਰੰਥ ਦਰਪਨ ਅਤੇ ਗੁਰਬਾਣੀ ਵਿਆਕਰਨ ਪੁਸਤਕਾਂ ਰਚ ਕੇ ਗੁਰਮਤਿ ਦੇ ਧਾਰਨੀਆਂ ਦੀ ਸ਼ਲਾਘਾ ਯੋਗ ਸੇਵਾ ਕੀਤੀ ਹੈ। ਇਹ ਰਚਨਾਵਾਂ ਗੁਰਬਾਣੀ ਪਰੇਮੀਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ। ਕੁੱਝ ਸੰਪ੍ਰਦਾਈ ਸਜਨ ਗੁਰਬਾਣੀ ਵਿਆਕਰਨ ਨੂੰ ਬੇਅਰਥ ਸਮਝਦੇ ਹਨ। ਉਹ ਲੋਕ ਜਾਂ ਤੇ ਅਨਪੜ੍ਹ ਹਨ, ਅਤੇ ਜਾਂ ਗੁਰਬਾਣੀ ਤੋਂ ਅਨਜਾਣ ਹਨ। ਕਿਉਂਕੇ ਜਿਵੇਂ ਵਿਗਿਆਨ ਨੂੰ ਸਮਝਣ ਲਈ ਗਣਿਤ ਦਾ ਗਿਆਨ ਹੋਣਾ ਜ਼ਰੂਰੀ ਹੁੰਦਾ ਹੈ ਤਿਵੇਂ ਹੀ ਧਾਰਮਕ ਰਚਨਾਵਾਂ ਸਮਝਣ ਲਈ ਉਹਨਾਂ ਨਾਲ ਸਬੰਧਤ ਵਿਆਕਰਨ ਦਾ ਗਿਆਨ ਹੋਣਾ ਜ਼ਰੂਰੀ ਹੈ। ਗੁਰਬਾਣੀ ਵਿਆਕਰਣ ਦੇ ਗਿਆਨ ਤੋਂ ਬਿਨਾ ਗੁਰਬਾਣੀ ਵਿੱਚ ਵਰਤੇ ਸ਼ਬਦਾਂ ਦੇ ਅਰਥਾਂ ਅਤੇ ਉਚਾਰਣ ਦੀ ਸੂਝ ਆਉਣੀ ਅਸੰਭਵ ਹੈ। ਇਥੇ ਇਹ ਦਸਣਾ ਵੀ ਉਚਿੱਤ ਹੋਵੇਗਾ ਕਿ ਵੇਦਾਂ ਦੇ ਗਿਆਨ ਨੂੰ ਸਮਝਣ ਲਈ ਵੀ ਨਿਰੁਕਤ ਦੀ ਰਚਨਾ ਕੀਤੀ ਗਈ ਸੀ। ਗੁਰਬਾਣੀ ਵਿੱਚ ਕਈ ਅਜਿਹੇ ਸ਼ਬਦ ਆਉਂਦੇ ਹਨ ਜਿਨ੍ਹਾਂ ਦਾ ਉਚਾਰਣ ਸਮਾਨ ਹੈ ਪਰ ਅਰਥ ਵਖਰੇ ਵਖਰੇ ਹਨ ਅਤੇ ਉਹਨਾਂ ਨੂੰ ਸਮਝਣ ਲਈ ਗੁਰਬਾਣੀ ਵਿਆਕਰਨ ਦੇ ਨਿਯਮਾਂ ਨੂੰ ਜਾਨਣਾ ਜ਼ਰੂਰੀ ਹੈ।

ਗੁਰਬਾਣੀ ਸੰਗੀਤ ਅਤੇ ਛੰਦਾ ਬੰਦੀ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਇੱਕ ਐਸੇ ਪਵਿੱਤਰ ਧਾਰਮਕ ਗ੍ਰੰਥ ਹਨ ਜਿਨ੍ਹਾਂ ਵਿੱਚ ਬਾਣੀ ਅਤੇ ਰਾਗ ਦਾ ਸੰਜੋਗ ਹੈ। ਹੋਰ ਕਿਸੇ ਧਾਰਮਕ ਗ੍ਰੰਥ ਦੀ ਰਚਨਾ ਸੰਗੀਤਬੱਧ ਨਹੀਂ ਹੈ। ਜਪੁਜੀ ਸਾਹਿਬ ਅਤੇ ਕੁੱਝ ਹੋਰ ਬਾਣੀਆਂ ਨੂੰ ਛੱਡ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਰ ਸਾਰੀ ਬਾਣੀ ਰਾਗਬੱਧ ਹੈ। ਇਹ ਧੁਰ ਕੀ ਬਾਣੀ ਨਾਮ ਸਿਮਰਨ ਦਾ ਅਨਹਦ ਨਾਦ ਹੈ।

ਗੁਰਬਾਣੀ ਸੰਗੀਤ ਸ਼ਬਦ-ਪਰਧਾਨ ਹੈ ਅਤੇ ਨਾਮ ਬਾਣੀ ਦੇ ਸੰਚਾਰ ਨੂੰ ਅਨੰਦਮਈ ਬਨਾਉਣ ਦਾ ਸਾਧਨ ਹੈ। ਗੁਰਮਤਿ ਸੰਗੀਤ ਦਾ ਧੁਰਾ ਸ਼ਬਦ ਹੈ ਅਤੇ ਸ਼ਬਦ ਦੇ ਸੰਚਾਰ ਦਾ ਮਾਧਿਅਮ ਸੰਗੀਤ ਹੈ। ਭਾਰਤੀ ਅਧਿਆਤਮਕ ਕੀਰਤਨ ਪਰੰਪਰਾਵਾਂ ਅਨੁਸਾਰ ਗੁਰੂ ਸਾਹਿਬਾਨ ਨੇ ਵੀ ਸੰਗੀਤ ਨੂੰ ਮਨ ਪਰਚਾਵੇ ਅਤੇ ਕਿੱਤੇ ਦੇ ਦਾਇਰੇ ਤੋਂ ਬਾਹਰ ਰੱਖ ਕੇ ਅਧਿਆਤਮਿਕ ਉਪਦੇਸ਼ ਦੇ ਸੰਚਾਰ ਦਾ ਸਾਧਨ ਬਣਾਇਆ ਹੈ। ਗੁਰਬਾਣੀ ਵਿੱਚ ਸ਼ਾਸਤਰੀ, ਦੇਸੀ ਅਤੇ ਪਰਚਲਤ ਰਾਗਾਂ ਅਤੇ ਵਿਭਿੰਨ ਗਾਇਨ ਸ਼ੈਲੀਆਂ ਦੀ ਵਰਤੋਂ ਕੀਤੀ ਗਈ ਹੈ। ਗੁਰਬਾਣੀ ਵਿੱਚ ਕੇਵਲ ਉਹੋ ਰਾਗ ਅਤੇ ਸ਼ੈਲੀਆਂ ਵਰਤੀਆਂ ਗਈਆਂ ਹਨ ਜੋ ਸ਼ਬਦ ਦੇ ਉਪਦੇਸ਼ ਦੇ ਸੰਚਾਰ ਲਈ ਯੋਗ ਸਨ।

ਗੁਰਬਾਣੀ ਕੀਰਤਨ

ਗੁਰਮਤਿ ਵਿੱਚ ਗੁਰਬਾਣੀ ਕੀਰਤਨ ਦੀ ਵਿਸ਼ੇਸ਼ ਥਾਂ ਹੈ। ਗੁਰੂ ਨਾਨਕ ਸਾਹਿਬ ਨੇ ਭਾਈ ਮਰਦਾਨੇ ਦੀ ਸੰਗਤ ਨਾਲ ਗੁਰਬਾਣੀ ਕੀਰਤਨ ਦੀ ਪਰੱਥਾ ਕਾਇਮ ਕੀਤੀ। ਗੁਰਬਾਣੀ ਸ਼ਬਦ ਕੀਰਤਨ ਗੁਰਮਤਿ ਸੰਗੀਤ ਨੂੰ ਭਾਰਤੀ ਸੰਗੀਤ ਪੱਧਤੀਆਂ ਅਤੇ ਅਧਿਆਤਮਕ ਕੀਰਤਨ ਪਰੰਪਰਾਵਾਂ ਤੋਂ ਨਿਵੇਕਲਾ ਸਥਾਨ ਪਰਦਾਨ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਹਰ ਸ਼ਬਦ ਉਤੇ ਮਹਲਾ ਦੇ ਨਾਲ ਕੀਰਤਨ ਦਾ ਰਾਗ ਦਿੱਤਾ ਗਿਆ ਹੈ। ਇਸੇ ਤਰ੍ਹਾਂ ਗੁਰਬਾਣੀ ਦੇ ਸ਼ਬਦਾਂ ਦੀ ਕਾਵਿ ਰਚਨਾ ਦਾ ਸੰਕੇਤ ਵੀ ਸ਼ਬਦ ਦੇ ਸਿਰਲੇਖ ਵਿੱਚ ਹੀ ਕੀਤਾ ਗਿਆ ਹੈ। ਸੰਗੀਤ ਪਖੋਂ ਗੁਰਬਾਣੀ ਵਿੱਚ ਦੋ ਪਰਕਾਰ ਦੇ ਕਵਿਤਾ ਰੂਪ ਹਨ: ਪਹਿਲਾ, ਸ਼ਾਸਤਰੀ ਅੰਗ ਦੇ ਰੂਪ ਜਿਹਨਾਂ ਵਿੱਚ ਅਸਟਪਦੀ, ਪਦੇ, ਪੜਤਾਲ, ਆਦਿ ਸ਼ਾਮਲ ਹਨ। ਦੂਜਾ, ਲੋਕ ਰੰਗ ਦੇ ਰੂਪ ਜਿਹਨਾਂ ਵਿੱਚ ਵਾਰ, ਛੰਤ, ਘੋੜੀਆਂ, ਅਲਾਹੁਣੀਆਂ, ਕਰਹਲੇ, ਪਹਿਰੇ, ਆਦਿ ਆਉਂਦੇ ਹਨ। ਇਹਨਾਂ ਬਾਣੀ ਰੂਪਾਂ ਨੂੰ ਗੁਰਮਤਿ ਸੰਗੀਤ ਵਿਧੀ ਅਨੁਸਾਰ ਗਾਇਨ ਕਰਨ ਦੇ ਆਦੇਸ਼ ਹਨ। ਕੀਰਤਨ ਲਈ ਰਹਾਉ ਦੀ ਤੁਕ ਨੂੰ ਸਥਾਈ ਬਣਾ ਕੇ ਗਾਇਨ ਕੀਤਾ ਜਾਂਦਾ ਹੈ। ਸ਼ਬਦ ਦੇ ਪਿਛੇ ਦਿੱਤੇ ਅੰਕ ਅੰਤਰੇ ਦਾ ਪਰਤੀਕ ਹੁੰਦੇ ਹਨ। ਸਥਾਈ ਪਿਛੋਂ ਇੱਕ ਅੰਤਰਾ ਤੇ ਫਿਰ ਸਥਾਈ ਦਾ ਗਾਇਨ ਲਾਜ਼ਮੀ ਹੁੰਦਾ ਹੈ। ਗੁਰਬਾਣੀ ਵਿੱਚ ਹੋਰ ਸੰਗੀਤਕ ਸੰਕੇਤ ਵੀ ਦਿੱਤੇ ਗਏ ਹਨ, ਜਿਵੇਂ ਘਰੁ, ਜਤਿ, ਆਦਿ।

ਗੁਰੂ ਨਾਨਕ ਸਾਹਿਬ ਨੇ ਗੁਰਮਤਿ ਦੇ ਸੰਚਾਰ ਲਈ ਨਿਰਤ ਨੂੰ ਜੋ ਭਾਰਤੀ ਧਾਰਮਕ ਪੱਧਤੀ ਅਤੇ ਕ੍ਰਿਸ਼ਨ ਭਜਨ ਮੰਡਲੀਆਂ ਦਾ ਮਹਤਵਪੂਰਨ ਅੰਗ ਹੈ ਪਰਵਾਨ ਨਹੀਂ ਕੀਤਾ, ਕਿਊਂਕੇ ਨਾਮ ਸਿਮਰਨ ਲਈ ਮਨ ਦੀ ਇਕਾਗਰਤਾ ਅਤੇ ਸਹਿਜ ਦੀ ਲੋੜ ਹੁੰਦੀ ਹੈ ਜਿਸ ਵਿੱਚ ਨਿਰਤ ਸਹਾਇਕ ਨਹੀਂ ਹੁੰਦਾ।

ਗੁਰਦੁਆਰੇ ਗੁਰਮਤਿ ਦੇ ਸੰਚਾਰ ਕੇਂਦਰ ਹਨ। ਅਜੋਕੇ ਸਮੇਂ ਵਿੱਚ ਬਹੁਤੇ ਗੁਰਦੁਆਰਿਆਂ ਦਾ ਪਰਬੰਧ ਮਹੰਤਾਂ, ਭਾਈਆਂ ਅਤੇ ਸਵੈਕਥਿਤ ਸੰਤਾਂ ਦੇ ਅਧੀਨ ਹੈ। ਇਹਨਾਂ ਪਰਬੰਧਕਾਂ ਵਿਚੋਂ ਬਹੁਤੇ ਗੁਰਮਤਿ ਤੋਂ ਅਨਜਾਣ ਹਨ। ਇਹਨਾਂ ਦੀ ਅੱਖ ਲੋਕਾਂ ਦੀ ਮਾਇਆ ਉਤੇ ਹੁੰਦੀ ਹੈ। ਇਹ ਲੋਕਾਂ ਨੂੰ ਆਕਰਸ਼ਤ ਅਤੇ ਸ਼ਰਧਾਲੂਆਂ ਨੂੰ ਖੁੱਸ਼ ਕਰਨ ਲਈ ਹਰ ਬ੍ਰਾਹਮਣੀ ਜਾਂ ਮਨ ਲੁਭਾਊ ਵਿਹਾਰ ਅਪਨਾਉਣ ਲਈ ਹਰ ਵੇਲੇ ਤਿਆਰ ਰਹਿੰਦੇ ਹਨ। ਇਹ ਸ਼ਰਧਾਲੂਆਂ ਨੂੰ ਭਾਵਕ ਕਰਨ ਲਈ ਗੁਰਬਾਣੀ ਸੰਗੀਤ ਦੀ ਥਾਂ ਧਾਰਨਾ ਦੇ ਆਧਾਰ ਤੇ ਸ਼ਬਦ ਗਾਇਨ ਕਰਦੇ ਹਨ ਅਤੇ ਅਕਸਰ ਗੁਰਬਾਣੀ ਸ਼ਬਦਾਂ ਵਿੱਚ ਅਦਲ ਬਦਲ ਕਰ ਦਿੰਦੇ ਹਨ। ਅਜਿਹਾ ਕਰਨਾ ਗੁਰਬਾਣੀ ਦਾ ਅਨਾਦਰ ਹੈ ਜਿਸਦੀ ਗੁਰਮਤਿ ਪਰਵਾਨਗੀ ਨਹੀਂ ਦਿੰਦੀ।

ਗੁਰਬਾਣੀ ਦਾ ਪਾਠ ਅਤੇ ਕੀਰਤਨ ਕਰਨ ਵਾਲਿਆਂ ਨੂੰ ਵੀ ਗੁਰਬਾਣੀ ਦੇ ਸ਼ੁੱਧ ਉਚਾਰਨ ਵੱਲ ਪੂਰਾ ਪੂਰਾ ਧਿਅਨ ਦੇਣਾ ਚਾਹੀਦਾ ਹੈ ਕਿਉਂਕੇ ਅਸ਼ੁੱਧ ਉਚਾਰਨ ਗੁਰਬਾਣੀ ਦੇ ਉਪਦੇਸ਼ ਬਾਰੇ ਭੁਲੇਖਾ ਪਾਉਂਦਾ ਹੈ ਅਤੇ ਬਾਣੀ ਦੀ ਬੇਅਦਬੀ ਕਰਦਾ ਹੈ।




.