.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 07)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸੋ ਅਸੀਂ ਵੇਖਿਆ ਹੈ ਕਿ ਗੁਰਮਤਿ ਅੰਦਰ ਸਾਧ, ਸੰਤ ਅਤੇ ਬ੍ਰਹਮਗਿਆਨੀ ਆਦਿ ਸ਼ਬਦਾਂ ਦੀ ਵਰਤੋਂ ਪਾਰਬ੍ਰਹਮ ਪ੍ਰਮਾਤਮਾ ਅਥਵਾ ਉਸਦਾ ਭੇਦ ਜਾਣ ਚੁਕੇ ਪਰਮ ਮਨੁੱਖ ਲਈ ਕੀਤੀ ਗਈ ਹੈ ਅਤੇ ਜਿਸ ਦੀ ਸ਼ੋਭਾ ਨੂੰ ਜਾਨਣਾ ਵੀ ਕਿਸੇ ਆਮ ਵਿਅਕਤੀ ਦੇ ਵੱਸ ਦੀ ਗੱਲ ਨਹੀ ਬਲਕਿ ‘ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਨੀ’ ਦੀ ਟੂਕ ਅਨੁਸਾਰ ਬ੍ਰਹਮਗਿਆਨੀ ਦੂਸਰੇ ਬ੍ਰਹਮਗਿਆਨੀ ਦਾ ਭੇਦ ਪਾ ਸਕਦਾ ਹੈ, ਪ੍ਰੰਤੂ ਅਜਕਲ੍ਹ ਸਾਨੂੰ ਆਪਣੇ ਆਲੇ-ਦੁਆਲੇ ਅੰਦਰ ਇਨ੍ਹਾਂ ਸਬਦਾਂ ਦੀ ਵਰਤੋਂ ਏਨੀ ਆਮ ਜਿਹੀ ਮਿਲਦੀ ਹੈ ਕਿ ਚਾਰ ਕੁ ਚੇਲੇ ਨਾਲ ਲੈ ਕੇ ਲੰਬੇ ਚੋਲੇ ਵਾਲੇ ਵਿਹਲੜ੍ਹ ਆਪਣੇ ਨਾਮ ਅੱਗੇ ਸੰਤ, ਬ੍ਰਹਮਗਿਆਨੀ ਆਦਿ ਸ਼ਬਦ ਲਗਾਈ ਫਿਰਦੇ ਹਨ। ਪ੍ਰੰਤੂ ਇਹਨਾਂ ਨੂੰ ਖ਼ੁਦ ਗੁਰਮਤਿ ਅਨੁਸਾਰ ਸੰਤ ਦੀ ਮਹਿਮਾ ਦਾ ਵੀ ਗਿਆਨ ਨਹੀ ਹੁੰਦਾ ਬਲਕਿ ਇਹ ਤਾਂ ਆਪਣੇ ਬਾਹਰੀ ਭੇਖ ਅਤੇ ਚੇਲਿਆਂ ਦੀ ਵਾਹਵਾ ‘ਤੇ ਖ਼ੁਸ਼ ਹੋ ਕੇ ਹੀ ਆਪਣੇ ਆਪ ਨੂੰ ਸੰਤ ਆਖੀ ਜਾ ਰਹੇ ਹਨ। ਇਹਨਾਂ ਅਖੋਤੀ ਸੰਤਾ ਦੀ ਉਮਰ ਦਾ ਵੀ ਕੋਈ ਟਿਕਾਣਾ ਨਹੀ ਹੁੰਦਾ। ੧੦-੧੫ ਸਾਲ ਦੀ ਉਮਰ ਤੋਂ ਲੈ ਕੇ ਹਰ ਉਮਰ ਦਾ ਵਿਅਕਤੀ ਸੰਤ ਦੇ ਰੂਪ ਵਿੱਚ ਵੇਖਣ ਨੂੰ ਮਿਲੇਗਾ। ਕਈ ਸੰਤਾਂ ਨੇ ਤਾਂ ਅਜਕਲ੍ਹ ਸੰਤ’ ਦੀ ਡਿਗਰੀ ਅੰਦਰ ਵੀ ਊਚ-ਨੀਚ ਪੈਦਾ ਕਰ ਦਿੱਤੀ ਹੈ। ਭਾਵੇਂ ਸਾਨੂੰ ਗੁਰੂ ਅਰਜਨ ਸਾਹਿਬ ਨੇ ਪੂਰਨ ਅਤੇ ਅਪੂਰਨ ਦਾ ਭੇਦ ਨਹੀ ਸੀ ਦੱਸਿਆ ਅਤੇ ਸੰਤ ਦੀ ਮਹਿਮਾ ਇੰਨੀ ਵਿਸ਼ਾਲ ਦੱਸੀ ਹੈ ਜੋ ਕਿ ਪਾਰਬ੍ਰਹਮ ਤੋਂ ਘੱਟ ਨਹੀਂ ਸੀ, ਪ੍ਰੰਤੂ ਅਜੋਕੇ ਭੇਖੀ ਸੰਤਾਂ ਨੂੰ ਇਸਦੀ ਪੂਰਨ ਸੋਝੀ ਹੈ। ਮਿਸਾਲ ਵਜੋਂ ਅੱਜ ਕਈ ਸੰਤਾਂ ਦੇ ਨਾਮ ਅੱਗੇ ਪੂਰਨ ਬ੍ਰਹਮ-ਗਿਆਨੀ, ਪਰਮ ਸੰਤ, ਮਹਾਂ ਤਪੱਸਵੀ, ਮਹਾਯੋਗੀ ਸ੍ਰੀ ਮਾਨ ਸੰਤ ਬਾਬਾ … … … ਸਿੰਘ ਜੀ --- ਆਦਿ ਲਗਾਇਆ ਗਿਆ ਮਿਲਦਾ ਹੈ। ਭੋਲੀਓ ਸੰਗਤੋ! ਜੇਕਰ ਕੋਈ ਪੁੱਛਣ ਵਾਲਾ ਹੋਵੇ ਤਾਂ ਕੀ ਅਜੋਕੇ ਸੰਤ ਗੁਰਮਤਿ ਅੰਦਰ ਦੱਸੇ ਗਏ ਸੰਤ ਦੇ ਲੱਛਣਾਂ ਨੂੰ ਵੀ ਉਲੰਘ ਗਏ ਹਨ? ਜੋ ਇਹ ਆਪਣੇ ਨਾਮ ਅੱਗੇ ਪੂਰਨ ਜਾਂ ਪਰਮ ਸੰਤ ਲਗਾਉਣ ਲੱਗ ਪਏ ਹਨ। ਕੀ ਇਹ ਪਹਿਲੇ ਸੰਤ (ਗੁਰੂ) ਅਧੂਰੇ ਹਨ, ਜਿਹੜੀ ਕਸਰ ਇਹ ਅਖੌਤੀ/ਪਾਖੰਡੀ ਬਾਬੇ ਪੂਰੀ ਕਰ ਰਹੇ ਹਨ? ਜਦੋਂ ਕਿ ਗੁਰਮਤਿ ਅੰਦਰ ਤਾਂ ਸੰਤ ਦੀ ਮਹਿਮਾ ਨੂੰ ਹੀ ਪਹੁੰਚਣਾ ਕਠਿਨ ਹੀ ਨਹੀ, ਬਲਕਿ ਅਸੰਭਵ ਵੀ ਹੈ। ਗੁਰੂ ਸਾਹਿਬਾਨ ਨੇ ਵੀ ਆਪਣੇ ਨਾਮ ਜਾਂ ਆਪਣੇ ਕਿਸੇ ਗੁਰਸਿੱਖ ਦੇ ਨਾਮ ਅੱਗੇ ਸੰਤ ਨਹੀ ਲਗਾਇਆ ਜਾਂ ਸੰਤ ਸ਼ਬਦ ਦੀ ਵਰਤੋਂ ਨਹੀ ਕੀਤੀ ਬਲਕਿ ਭਾਈ’ ਜਾਂ ਗੁਰਸਿੱਖ’ ਸ਼ਬਦ ਹੀ ਵਰਤਿਆ ਗਿਆ ਹੈ।

ਇਤਿਹਾਸ ਗਵਾਹ ਹੈ ਕਿ ਗੁਰੂ ਘਰ ਦੀ ਸੇਵਾ ਕਰਦਿਆ ਲੋਕ ਭਲਾਈ ਦਾ ਪ੍ਰਚਾਰ ਕਰਦਿਆਂ ਗੁਰੂ ਸਾਹਿਬਾਂ ਦੇ ਦਰਸਾਏ ਗਏ ਮਾਰਗ ਤੇ ਚੱਲਣ ਵਾਲੇ ਸ਼ਹੀਦਾਂ ਸੇਵਕਾਂ ਜਾਂ ਖੁਦ ਗੁਰੂਆ ਨੂੰ ਜਿਨ੍ਹਾਂ ਨੂੰ ਬਾਅਦ ਵਿੱਚ ਗੁਰਗੱਦੀ ਪ੍ਰਦਾਨ ਕੀਤੀ ਗਈ, ਦੇ ਅੱਗੇ ਸੰਤ ਸ਼ਬਦ ਆਦਿ ਨਹੀ ਵਰਤਿਆ ਗਿਆ। ਗੁਰੂ ਨਾਨਕ ਦੇਵ ਜੀ ਨਾਲ ਕੋਈ ਅੱਧੀ ਸਦੀ ਰਹਿ ਕੇ ਰਬਾਬੀ ਦੀ ਸੇਵਾ ਕਰਦਿਆਂ ਦੇਸ਼ਾਂ, ਦੇਸ਼ਾਤਰਾਂ ਵਿੱਚ ਘੁੰਮਣ ਦਾ ਮਾਣ ਹਾਸਿਲ ਕਰਨ ਵਾਲੇ ਰਬਾਬੀ ਮਰਦਾਨਾਂ ਨੂੰ ਅਸੀ ਸਤਿਕਾਰ ਵਜੋਂ ਭਾਈ’ ਸ਼ਬਦ ਨਾਲ ਹੀ ਸੰਬੋਧਿਤ ਹੁੰਦੇ ਹਾਂ। ਗੁਰੂ ਅਰਜਨ ਦੇਵ ਜੀ ਦੇ ਸਮੇਂ ਜਿਸ ਗੁਰਸਿੱਖ ਭਾਈ ਗੁਰਦਾਸ ਜੀ ਨੇ ਗੁਰੂ ਗ੍ਰੰਥ ਸਾਹਿਬ ਦੀ ਸਰੂਪ ਲਿਖਣ ਦੀ ਸੇਵਾ ਨਿਭਾਈ ਨੂੰ ਵੀ ਅਸੀ ਸਤਿਕਾਰ ਵਜੋਂ ਭਾਈ’ ਸ਼ਬਦ ਨਾਲ ਹੀ ਸੰਬੋਧਿਤ ਕਰਦੇ ਹਾਂ। ਬਾਬਾ ਬੁੱਢਾ ਜੀ ਜਿਨ੍ਹਾਂ ਨੇ ਪੰਜ ਗੁਰੂ ਸਾਹਿਬਾਨਾਂ ਨੂੰ ਆਪਣੀ ਹੱਥੀਂ ਗੁਰਗੱਦੀ ਪ੍ਰਦਾਨ ਕਰਨ ਦੀ ਰਸਮ ਅਦਾ ਕੀਤੀ ਅਤੇ ਜਿਹਨਾਂ ਨੂੰ ਆਦਿ ਗ੍ਰੰਥ’-ਦਾ ਪਹਿਲਾ ਗ੍ਰੰਥੀ ਹੋਣ ਦਾ ਮਾਣ ਵੀ ਹਾਸਿਲ ਹੈ, ਉਹਨਾਂ ਨੇ ----ਸਾਲ ਕੌਮ ਦੀ ਸੇਵਾ ਕੀਤੀ ਨੂੰ ਵੀ ਅਸੀ ਬਜ਼ੁਰਗ ਹੋਣ ਕਰਕੇ ਬਾਬਾ’ ਸ਼ਬਦ ਨਾਲ ਸੰਬੋਧਿਤ ਹੁੰਦੇ ਹਾਂ। ਇਸੇ ਤਰ੍ਹਾਂ ਹੀ ਉਹ ਮਹਾਨ ਗੁਰਸਿੱਖ ਜਿਨ੍ਹਾਂ ਗੁਰੂ ਘਰ ਦੀ ਸੰਗਤ ਤੇ ਲੰਗਰ ਦੀ ਸੇਵਾ ਕੀਤੀ ਤੇ ਤਨ, ਮਨ, ਧਨ ਤੋਂ ਗੁਰੂ ਘਰ ਦੀ ਸੇਵਾ ਵੀ ਕੀਤੀ ਤੇ ਧਰਮ ਦੇ ਸੱਚੇ ਮਾਰਗ ਤੇ ਚਲਦਿਆਂ ਸ਼ਹੀਦੀਆਂ ਵੀ ਪ੍ਰਾਪਤ ਕੀਤੀਆਂ ਜਿਵੇਂ ਭਾਈ ਮੰਝ ਜੀ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਭਾਈ ਜੈਤਾ (ਜੀਵਨ ਸਿੰਘ) ਭਾਈ ਲੱਖੀ ਸ਼ਾਹ, ਭਾਈ ਮੱਖਣ ਸ਼ਾਹ, ਆਦਿ ਸਭ ਨੂੰ ਅਸੀ ਸਤਿਕਾਰ ਵਜੋਂ ਭਾਈ’ ਸ਼ਬਦ ਨਾਲ ਹੀ ਸਤਿਕਾਰਦੇ ਹਾਂ। ਖੰਡੇ ਬਾਟੇ ਦਾ ਸਭ ਤੋਂ ਪਹਿਲਾਂ ਅੰਮ੍ਰਿਤ ਛਕਣ ਤੇ ਸੀਸ ਵੱਟੇ ਸਿੱਖੀ ਲੈਣ ਵਾਲੇ ਪੰਜ ਪਿਆਰਿਆਂ ਭਾਈ ਦਇਆ ਸਿੰਘ, ਭਾਈ ਧਰਮ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ, ਭਾਈ ਹਿੰਮਤ ਸਿੰਘ, ਜਿਨ੍ਹਾਂ ਨੇ ਧਰਮ ਯੁਧਾਂ ਵਿੱਚ ਅਤਿਅੰਤ ਬਹਾਦਰੀ ਵਿਖਾਈ, ਨੂੰ ਵੀ ਅਸੀਂ ਸਤਿਕਾਰ ਵਜੋਂ ਭਾਈ’ ਸ਼ਬਦ ਨਾਲ ਮੁਖਾਤਿਬ ਹੁੰਦੇ ਹਾਂ। ਗੁਰਦੁਆਰਾ ਹਰਿਮੰਦਰ ਸਾਹਿਬ ਦੀ ਬੇ-ਅਦਬੀ ਕਰਨ ਵਾਲੇ ਮੱਖ਼ਸੇ ਰੰਘੜ ਦਾ ਸਿਰ ਲਿਆਉਣ ਵਾਲੇ ਬਹਾਦਰ ਸੂਰਬੀਰਾਂ ਨੂੰ ਵੀ ਅਸੀ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਕਹਿੰਦੇ ਹਾਂ। ਜਿਨ੍ਹਾਂ ਸਿੱਖ ਧਾਰਮਿਕ ਅਸਥਾਨਾਂ ਦੀ ਬੇ-ਅਦਬੀ ਤੇ ਰਹਿਤ ਮਰਿਯਾਦਾ ਨੂੰ ਭੰਗ ਕਰਨ ਵਾਲੇ ਦੁਸ਼ਟ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਉਹ ਮਹਾਨ ਗੁਰਸਿੱਖ ਵਿਦਵਾਨ ਜਿਸਨੇ ਆਪਣੇ ਹੱਥੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਨੂੰ ਲਿਖਣ ਦੀ ਸੇਵਾ ਕੀਤੀ (ਕਿਉਂਕਿ ਉਸ ਸਮੇ ਛਾਪੇਖਾਨੇ ਦੀ ਕਾਢ ਨਹੀ ਸੀ ਤੇ ਉਤਾਰਾ ਹੱਥੀਂ ਹੀ ਕੀਤਾ ਜਾਂਦਾ ਸੀ) ਅਤੇ ਧਰਮ ਦੇ ਰਾਹ ਚਲਦਿਆਂ ਆਪਣੇ ਸੱਤ ਭਰਾਵਾਂ ਤੇ ਗਿਆਰਾਂ ਪੁੱਤਰਾਂ ਨੂੰ ਸਿੱਖੀ ਵੱਲ ਪ੍ਰੇਰ ਕੇ ਸ਼ਹੀਦ ਕਰਵਾਇਆ। ਇਥੇ ਹੀ ਬਸ ਨਹੀ ਸਗੋਂ ਖੁਦ ਆਪਣਾ ਵੀ ਬੰਦ-ਬੰਦ ਕਟਵਾ ਕੇ ਸ਼ਹੀਦ ਹੋਇਆ, ਨੂੰ ਭਾਈ ਮਨੀ ਸਿੰਘ ਕਹਿੰਦੇ ਹਾਂ। ਭਾਈ ਤਾਰੂ ਸਿੰਘ ਜਿਸਨੇ ਆਪਣੇ ਸਿੱਖੀ ਧਰਮ ‘ਤੇ ਚਲਦਿਆ ਖੋਪਰੀ ਤੱਕ ਲੁਹਾ ਦਿੱਤੀ ਨੂੰ ਵੀ ਅਸੀਂ ਸਤਿਕਾਰ ਵਜੋਂ ਭਾਈ’ ਸ਼ਬਦਾਂ ਨਾਲ ਸੰਬੋਧਿਤ ਕਰਦੇ ਹਾਂ। ਉਹ ਮਹਾਨ ਜਰਨੈਲ, ਜਿਸਨੇ ਆਪਣੇ ਚਾਰ ਸਾਲ ਦੇ ਬੱਚੇ ਅਜੈ ਸਿੰਘ ਦੀਆਂ ਆਂਦਰਾਂ ਜਿੱਤ ਦਾ ਹਾਰ ਸਮਝ ਕੇ ਆਪਣੇ ਗਲ ਪਵਾਈਆਂ, ਨੂੰ ਸਤਿਕਾਰ ਵਜੋਂ ਬਾਬਾ ਬੰਦਾ ਸਿੰਘ ਬਹਾਦਰ ਕਹਿ ਕੇ ਪੁਕਾਰਦੇ ਹਾਂ। ਮਹਾਨ ਵਿਦਵਾਨ ਤੇ ਭਗਤੀ ਵਿਚੋਂ ਸ਼ਕਤੀ ਪ੍ਰਾਪਤ ਕਰਨ ਵਾਲਾ ਯੋਧਾ ਜਿਸ ਨੇ ਚਾਰ ਬੀੜਾਂ ਆਪਣੇ ਹੱਥੀ ਲਿਖ ਕੇ ਚਾਰ ਤਖ਼ਤਾਂ ਤੇ ਪਹੁੰਚਾਈਆਂ ਤੇ ਜਿਸਨੇ ੭੮ ਸਾਲਾ ਦੀ ਬਿਰਧ ਅਵਸਥਾ ਵਿੱਚ ਵੀ ੧੮ ਸੇਰ ਦਾ ਖੰਡਾ ਮੈਦਾਨੇ ਜੰਗ ਵਿੱਚ ਖੜਕਾਇਆ, ਜਿਸ ਬਹਾਦਰੀ ਦੀ ਮਿਸਾਲ ਦੁਨੀਆਂ ਦੇ ਕਿਸੇ ਇਤਿਹਾਸ ਵਿੱਚ ਨਹੀਂ ਮਿਲਦੀ, ਨੂੰ ਵੀ ਅਸੀਂ ਬਾਬਾ ਦੀਪ ਸਿੰਘ ਜੀ ਸ਼ਹੀਦ ਕਹਿ ਕੇ ਪੁਕਾਰਦੇ ਹਾਂ। ਗੱਲ ਕੀ ਪੰਜਾਬ ਦੀ ਧਰਤੀ ਦਾ ਤਾਂ ਚੱਪਾ-ਚੱਪਾ ਸ਼ਹੀਦਾਂ ਦੀ ਦਾਸਤਾਨ ਦੱਸਦਾ ਹੈ। ਸਿੱਖ ਕੌਮ ਦੀ ਤਾਂ ਬੁਨਿਆਦ ਹੀ ਸ਼ਹੀਦਾਂ ਦੀਆਂ ਹੱਡੀਆ ਉਤੇ ਉਸਰੀ ਹੋਈ ਹੈ। ਗੁਰੂ ਸਾਹਿਬਾਨ ਦੇ ਸਮੇਂ ਤੇ ਉਸ ਤੋਂ ਬਾਅਦ ਵੀ ਸ਼ਬਦ-ਗੁਰੂ ਗੁਰੂ’ ਗ੍ਰੰਥ ਸਾਹਿਬ ਜੀ ਤੋਂ ਪ੍ਰੇਰਨਾ ਲੈਂਦੇ ਹੋਏ ੧੮ ਵੀਂ ਸਦੀ ਦੇ ਸਿੱਖ ਯੋਧਿਆਂ ਦੀ ਲਾਸਾਨੀ ਦੀ ਬਹਾਦਰੀ ਵੱਡਾ ਘੱਲੂਘਾਰਾ, ਸਾਕਾ ਨਨਕਾਣਾ ਸਾਹਿਬ, ਕੂਕਾ ਲਹਿਰ, ਅਕਾਲੀ ਲਹਿਰ ਆਦਿ ਦੌਰਾਨ ਅਨੇਕਾਂ ਗੁਰਸਿੱਖ ਸ਼ਹੀਦ ਹੋਏ ਹਨ: ਜੋ ਧਰਮ ਅਤੇ ਸਿੱਖੀ ਦੀ ਰੱਖਿਆ ਲਈ ਸ਼ਹੀਦ ਹੋਏ: ਸਭ ਨੂੰ ਅਸੀ ਮਾਣ ਸਤਿਕਾਰ ਵਜੋਂ ਭਾਈ ਜੀ ਜਾਂ ਬਜੁਰਗ ਹੋਣ ਕਰਕੇ ਬਾਬਾ ਜੀ ਪੁਕਾਰਦੇ ਹਾਂ: ਇਥੋਂ ਤੱਕ ਕਿ ਗੁਰੂ ਸਾਹਿਬਾਨ ਦੇ ਨਾਵਾਂ ਨਾਲ ਵੀ ਗੁਰਗੱਦੀ ਪ੍ਰਾਪਤੀ ਤੋਂ ਪਹਿਲਾਂ ਕਿਸੇ ਨਾਲ ਵੀ ਸੰਤ ਸ਼ਬਦ ਨਹੀ ਮਿਲਦਾ। ਜੇਕਰ ਕੋਈ ਨਾਮ ਮਿਲਦਾ ਹੈ ਤਾਂ ਉਹ ਗਰੁਸਿੱਖ ਹੀ ਮਿਲਦਾ ਹੈ, ਜਿਸ ਦੀ ਸਾਖੀ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿੱਚ ਦਰਜ ਕੀਤਾ ਹੈ, ਜਿਵੇਂ:

ਸਤਿਗੁਰ ਨਾਨਕ ਦੇਉ ਆਪੁ ਉਪਾਇਆ।

ਗੁਰ ਅੰਗਦੁ ਗੁਰਸਿੱਖੁ ਬਬਾਣੇ ਆਇਆ।

ਗੁਰਸਿੱਖੁ ਹੈ ਗੁਰ ਅਮਰੁ ਸਤਿਗੁਰ ਭਾਇਆ।

ਰਾਮਦਾਸੁ ਗੁਰਸਿਖੁ ਗੁਰੁ ਸਦਵਾਇਆ।

ਗੁਰੁ ਅਰਜਨੁ ਪਰਗਟੀ ਆਇਆ।

ਗੁਰਸਿਖੁ ਹਰਿਗੋਬਿੰਦ ਨ ਲੂਕੇ ਲੁਕਾਇਆ॥॥

(ਭਾਈ ਗੁਰਦਾਸ ਵਾਰ --)

ਗੱਲ ਕੀ, ਗੁਰਮਤਿ ਅੰਦਰ ਸੰਤ ਅਤੇ ਬ੍ਰਹਮਗਿਆਨੀ ਦੀ ਸ਼ੋਭਾ ਇੰਨੀ ਮਹਾਨ ਤੇ ਉੱਚੀ ਹੈ ਕਿ ਜਿਸ ਨੂੰ ਪਹੁੰਚਣਾ ਸੰਭਵ ਪ੍ਰਤੀਤ ਨਹੀ ਹੁੰਦਾ, ਜਿਵੇ:

ਜਿਨਾ ਸਾਸਿ ਗਿਰਾਸਿ ਨ ਵਿਸਰੈ

ਹਰਿ ਨਾਮਾ ਮਨਿ ਮੰਤ॥

ਧੰਨੁ ਸਿ ਸੇਈ ਨਾਨਕ ਪੂਰਨੁ ਸੋਈ ਸੰਤੁ॥

ਇਸ ਤਰ੍ਹਾਂ ਗਰਸਿੱਖੀ ਦਾ ਮਾਰਗ ਸੁਖਾਲਾ ਨਹੀ, ਪ੍ਰੰਤੂ ਅੱਜ ਹਰ ਕੋਈ ਹੀ ਆਪਣੇ ਨਾਮ ਨਾਲ ਸੰਤ ਲਗਾਈ ਫਿਰਦਾ ਹੈ। ਭੇਖੀ, ਪਾਖੰਡੀ ਸਾਧੂ, ਕਾਰ ਸੇਵਾ ਵਾਲੇ ਸੰਤ, ਨਿਰੰਕਾਰੀ, ਡੇਰੇਦਾਰ, ਦੇਹਧਾਰੀ ਗੁਰੂ, ਰੂਪੀ ਸੰਤ, ਰਾਧਾ ਸੁਵਾਮੀ ਆਦਿ ਪਤਾ ਨਹੀ ਕਿੰਨੇ ਕੁ ਸੰਤ ਮਿਲਦੇ ਹਨ। ਚਲੋ, ਉਹਨਾਂ ਸੰਤਾਂ ਦੀ ਗੱਲ ਤਾਂ ਛੱਡੋ; ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਵੱਖਰੇ ਰੂਪ ਵਿੱਚ ਕਿਸੇ ਦੇਹਧਾਰੀ ਗੱਦੀ ਦੇ ਰੂਪ ਵਿੱਚ ਸੰਤ ਅਖਵਾਉਂਦੇ ਹਨ, ਪਰ ਗੁਰੂ ਗ੍ਰੰਥ ਸਾਹਿਬ’ ਨੂੰ ਗੁਰੂ ਮੰਨਣ ਵਾਲੇ ਲੋਕ ਰਾਗੀ, ਢਾਡੀ, ਡੇਰੇਦਾਰ ਵਿਅਕਤੀ/ਬਾਬੇ ਵੀ ਸੰਤ ਨੂੰ ਵੇਖੋ-ਵੇਖੀ ਵਰਤੀ ਜਾ ਰਹੇ ਹਨ। ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਇਹ ਸੰਤ ਪਤਾ ਨਹੀ ਆਪਣੇ ਸੰਤ ਹੋਣ ਦੀ ਡਿਗਰੀ ਕਿਸ ਸੰਤ ਮਹਾਂਪੁਰਸ਼ ਜਾਂ ਯੂਨੀਵਰਸਟੀ/ਅਦਾਰੇ ਆਦਿ ਤੋਂ ਲੈ ਕੇ ਆਉਂਦੇ ਹਨ, ਜਿਨ੍ਹਾਂ ਨੂੰ ਕੋਈ ਪੁੱਛਦਾ ਹੀ ਨਹੀ। ਈਸਾਈ ਧਰਮ ਅੰਦਰ ਜਿਸ ਵਿਅਕਤੀ ਨੂੰ ਸੰਤ’ (SAINT) ਦੀ ਉਪਾਧੀ ਦਿੱਤੀ ਜਾਂਦੀ ਹੈ, ਉਸਦੀ ਇੱਕ ਖਾਸ ਪ੍ਰਕਿਰਿਆ ਹੈ। ਪਹਿਲਾਂ ਧਾਰਮਿਕ ਮਹਾਂਪੁਰਸ਼ਾਂ ਵਲੋਂ ਉਸਦੇ ਸੰਤ ਹੋਣ ਸਬੰਧੀ ਵਿਸ਼ਲੇਸ਼ਣ ਤੇ ਪੁਸ਼ਟੀ ਕੀਤੀ ਜਾਂਦੀ ਹੈ ਅਤੇ ਬਾਅਦ ਵਿੱਚ ਇੱਕ ਵੱਡੇ ਇਕੱਠ ਦੋਰਾਨ ਈਸਾਈਆਂ ਦੇ ਪਰਮ ਪਾਦਰੀ/ਸੰਤ ਵੱਲੋ ਉਸ ਵਿਅਕਤੀ ਦੇ ਨਾਮ ਅੱਗੇ ਸੰਤ ਜੋੜਨ ਦੀ ਖੁਲ ਪ੍ਰਦਾਨ ਕੀਤੀ ਜਾਂਦੀ ਹੈ, ਪਰ ਸਾਡੇ ਸਿੱਖ ਧਰਮ ਦੇ ਸੰਤਾਂ ਨੂੰ ਤਾਂ ਅਜਿਹੀ ਕਿਸੇ ਵੀ ਪ੍ਰਕਿਰਿਆ ਵਿਚੋਂ ਨਹੀਂ ਗੁਜ਼ਰਨਾ ਪੈਦਾ ਬਲਕਿ ਆਪਣੇ ਡੇਰੇ ਦੇ ਬਾਹਰ ਆਪੇ ਹੀ ਬੈਨਰ ਜਾਂ ਬੋਰਡ ਵਗੈਰਾ ਲਗਾ ਕੇ ਹੀ ਆਪਣੇ ਸੰਤ ਹੋਣ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਸਿੱਖਾਂ ਦੀ ਸਰਬ-ਉੱਚ ਸੰਸਥਾ ਅਕਾਲ ਤਖਤ ਵੱਲੋ ਇਸ ਤਰ੍ਹਾਂ ਦੀ ਡਿਗਰੀ ਕਿਸੇ ਵਿਅਕਤੀ ਨੂੰ ਨਹੀ ਦਿੱਤੀ ਗਈ, ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਇਸ ਸੰਸਥਾ ਵਲੋਂ ਸੰਤ’ ਸ਼ਬਦ ਦੀ ਵਰਤੋ ਕਰਨ ਵਾਲੇ ਵਿਅਕਤੀਆਂ ਨੂੰ ਕਦੇ ਨੱਥ ਨਹੀਂ ਪਾਈ ਗਈ। ਇਥੋਂ ਤਕ --ਸਿੱਖਾਂ ਦੀ ਕੱਟੜ ਸੰਪਰਦਾ ਦਮਦਮੀ ਟਕਸਾਲ ਨੇ ਵੀ ਹੁਣ ਕਈ ਵਿਅਕਤੀਆਂ ਦੇ ਨਾਮ ਨਾਲ ਸੰਤ ਸ਼ਬਦ ਲਾਉਣਾ ਸ਼ੁਰੂ ਕਰ ਦਿਤਾ ਹੈ। ਪ੍ਰੰਤੂ ਉਪਰੋਕਤ ਵਿਸ਼ਲੇਸ਼ਣ ਵਿੱਚ ਗੁਰਮਤਿ ਸੰਤ ਅਤੇ ਗੁਰੂ ਇਤਿਹਾਸ ਵਿੱਚ ਸਿੱਖ ਧਰਮ ਦੇ ਪ੍ਰਚਾਰ ਅਤੇ ਰੱਖਿਆ ਲਈ ਯੋਗਦਾਨ ਪਾਉਣ ਵਾਲੇ ਗੁਰਸਿੱਖਾਂ ਦਾ ਜੋ ਸੰਖੇਪ ਇਤਿਹਾਸ ਪ੍ਰਸਤੁਤ ਕੀਤਾ ਗਿਆ ਹੈ, ਉਹਨਾਂ ਅੰਦਰ ਕਿਸੇ ਵੀ ਦੇਹਧਾਰੀ ਮਨੁੱਖ ਨੂੰ ਸੰਤ ਸ਼ਬਦ ਨਾਲ ਸੰਬੋਧਨ ਨਹੀ ਕੀਤਾ ਗਿਆ, ਬਲਕਿ ਭਾਈ, ਬਾਬਾ ਗੁਰਸਿੱਖ ਸ਼ਬਦ ਹੀ ਵਰਤੋਂ ਵਿੱਚ ਆਏ ਹਨ, ਪ੍ਰੰਤੂ ਉਹ ਕਿਹੜੇ ਕਾਰਨ ਹਨ? ਜਿਹਨਾਂ ਕਾਰਨ ੨੦ ਵੀਂ ਸਦੀ ਦੇ ਦੇ ਪਦਾਰਥਵਾਦੀ ਯੁੱਗ ਵਿੱਚ ਸੰਤਾਂ ਦੀ ਇੱਕ ਦਮ ਭੀੜ ਹੀ ਕਿਧਰੋਂ ਆ ਗਈ ਨਜ਼ਰੀ ਆਉਂਦੀ ਹੈ। ਅਸਲ ਵਿੱਚ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਆਮ ਮਨੁੱਖੀ ਮਨ ਨੇ ਬਹੁਤ ਸਾਰੀਆਂ ਇਛਾਵਾਂ ਪਾਲੀਆਂ ਹੋਈਆਂ ਹਨ, ਜਿਨ੍ਹਾਂ ਦੀ ਪੂਰਤੀ ਇਸ ਮਹਿੰਗਾਈ ਯੁੱਗ ਵਿੱਚ ਨਾ ਪੂਰੀ ਹੋਣ ‘ਤੇ ਮਨੁੱਖੀ ਮਨ ਦੀ ਭਟਕਣਾ ਵਧਦੀ ਹੈ। ਬੇਰੁਜ਼ਗਾਰੀ ਤੰਗ ਆਰਥਿਕਤਾ ਛੇਤੀ ਅਮੀਰ ਹੋਣ ਦੀ ਲਾਲਸਾ, ਲਾਇਲਾਜ ਬਿਮਾਰੀ ਅਤੇ ਆਪਣੇ ਕਿੱਤੇ ਵਿੱਚ ਅਸਫਲਤਾ ਜਿਹੀਆਂ ਸਮੱਸਿਆਵਾਂ ਹੋਣ ਕਰਕੇ ਤੰਗੀਆਂ, ਤੁਰਸ਼ੀਆਂ, ਚਿੰਤਾਂਵਾਂ ਆਦਿ ਵਿੱਚ ਘਿਰਿਆ ਮਨੁੱਖ ਇਹਨਾਂ ਦਾ ਚੁਟਕੀ ਨਾਲ ਹੱਲ ਹੋਣਾ ਲੋਚਦਾ ਹੈ. ਜਿਸ ਦੇ ਸਿਟੇ ਵਜੋਂ ਉਹ ਕੁਟੀਆ, ਡੇਰਿਆਂ ਤੇ ਹਰ ਧਾਰਮਿਕ ਸਥਾਨਾ ‘ਤੇ ਬਾਬਿਆਂ, ਸਾਧਾਂ, ਸੰਤਾਂ, ਮਹਾਤਮਾਵਾਂ, ਯੋਗੀਆਂ ਆਦਿ ਕੋਲ ਜਾਣ ਲੱਗ ਪਿਆ ਹੈ। ਉਥੇ ਕਾਬਜ਼ ਡੇਰੇਦਾਰ, ਸਾਧਾਂ, ਸੰਤਾਂ, ਮਹੰਤਾਂ, ਬਾਬਿਆਂ ਆਦਿ ਦੇ ਚਤੁਰ ਦਿਮਾਗ ਨੇ ਅਗਿਆਨਤਾ ਵੱਸ ਭੁਲੇ-ਭਟਕੇ, ਬੇਸਮਝ ਭੋਲੇ-ਭਾਲੇ ਆਮ ਮਨੁੱਖ ਦੀ ਕਮਜ਼ੋਰੀ ਦਾ ਖੂਬ ਫਾਇਦਾ ਉਠਾਇਆ ਹੈ। ਸਿੱਟੇ ਵਜੋਂ ਸਾਧਾਂ ਸੰਤਾਂ ਦੀਆਂ ਡਾਰਾਂ ਬਣ ਗਈਆਂ ਹਨ ਤੇ ਜਿਨ੍ਹਾਂ ਦੀ ਅੱਜ ਹਰ ਛੋਟੇ ਵੱਡੇ ਸ਼ਹਿਰਾਂ, ਕਸਬਿਆਂ, ਪਿੰਡਾਂ ਅੰਦਰ ਭਗਵੇਂ ਚਿੱਟੇ ਜਾਂ ਕਿਸੇ ਹੋਰ ਖਾਸ ਕਿਸਮ ਦੇ ਬਾਣੇ ਵਿੱਚ ਭੀੜਾਂ ਨਜ਼ਰੀਂ ਆਉਂਦੀਆਂ ਹਨ। ਪੰਜਾਬ ਦਾ ਭੂਗੋਲਿਕ ਖੇਤਰ ਅਜਿਹਾ ਹੈ ਜਿਥੇ ਦੇਸੀ ਮਹੀਨੇ ਭਾਦੋਂ ਵਿੱਚ ਇੱਕ ਪਾਸੇ ਬਰਸਾਤ ਵੀ ਬਹੁਤ ਹੁੰਦੀ ਹੈ, ਉਥੇ ਨਾਲੋ-ਨਾਲ ਭਾਦੋਂ ਦੀ ਧੁੱਪ ਦੇ ਗਰਮ ਮਰੋੜਿਆਂ ਬਾਰੇ ਅਸੀਂ ਬਚਪਨ ਤੋਂ ਹੀ ਬਜੁਰਗਾਂ ਤੋਂ ਸੁਣਦੇ ਆਏ ਹਾਂ ਕਿ ਭਾਦੋਂ’ ਦਾ ਭਜਾਇਆ ਜੱਟ ਸਾਧ ਹੋ ਗਿਆ ਕਹਾਵਤ ਇਹਨਾਂ ਸਾਧਾਂ ਸੰਤਾਂ ਤੇ ਪੂਰੀ ਢੁੱਕਦੀ ਹੈ।

ਇਸ ਸ਼ਬਦ ਦੀ ਵਰਤੋਂ ਦੇ ਮੁੱਢ ਬਾਰੇ ਤਾਂ ਨਹੀਂ ਪਤਾ, ਹਾਂ ਇੰਨਾ ਜ਼ਰੂਰ ਹੈ ਕਿ ਸਭ ਤੋਂ ਪਹਿਲਾਂ ਇਹ ਸ਼ਬਦ ਗੁਰੂ ਘਰ ਦੀ ਰਹਿਤ ਮਰਿਯਾਦਾ ਤੋਂ ਅਣਜਾਣ ਗੁਰਬਾਣੀ ਦੇ ਗਿਆਨ ਤੋਂ ਵਿਰਵੇ ਕਿਸੇ ਦੇਹਧਾਰੀ ਵਿਅਕਤੀ ਦੁਆਰਾ ਵਰਤਿਆ ਗਿਆ ਹੋਵੇਗਾ। ਸਿੱਖ ਧਰਮ ਅੰਦਰ ਜਦੋਂ ਕਿਉਂਕਿ ਪਤਾ ਨਹੀ ਕਿੰਨੀਆਂ ਕੁ ਸੰਪਰਦਾਵਾਂ ਪੈਦਾ ਹੋ ਗਈਆਂ ਹਨ ਤੇ ਹਰ ਇੱਕ ਨੇ ਆਪਣੀ ਸੰਪਰਦਾ ਨੂੰ ਉੱਚਾ ਅਤੇ ਆਪਣੇ ਆਪ ਨੂੰ ਪ੍ਰਭੂ ਦੇ ਨੇੜੇ ਸਿੱਧ ਕਰਨ ਲਈ ਮੁਕਾਬਲੇ ਦੀ ਅਵਸਥਾ ਪੈਦਾ ਕਰ ਦਿੱਤੀ ਹੈ ਤਾਂ ਸੰਤ ਸ਼ਬਦ ਆਪਣਾ ਤੋਰੀ ਫੁਲਕਾ ਚਲਾਉਣ ਲਈ ਤੇ ਇੱਕ ਦੂਸਰੇ ਦੀ ਰੀਸ ਵਿੱਚ ਹੀ ਪ੍ਰਚਲਿਤ ਹੋ ਚੁੱਕਾ ਹੈ ਜਦੋਂ ਕਿ ਇਹਨਾਂ ਅਖੌਤੀ ਸੰਤਾਂ ਨੂੰ ਨਾ ਤਾਂ ਤਰਕ ਨਜ਼ਰੀਏ ਨਾਲ ਗੁਰਬਾਣੀ ਦਾ ਗਿਆਨ ਹੈ ਅਤੇ ਨਾ ਹੀ ਬਾਣੀ ਮਹਿਮਾਂ ਦਾ ਪਤਾ ਹੈ। ਸ਼ਾਇਦ ਭਗਤ ਕਬੀਰ ਜੀ ਨੇ ਇਹੋ ਜਿਹੇ ਪਾਖੰਡੀਆਂ, ਪੰਡਤਾਂ, ਸੰਤਾਂ ਲਈ ਹੀ ਇਹ ਸ਼ਬਦ ਉਚਾਰਿਆ ਹੋਵੇਗਾ।

ਗਜ ਸਾਢੇ ਤੈ ਤੈ ਧੋਤੀਆ ਤਿਹਰੇ ਪਾਇਨਿ ਤਗ॥

ਗਲੀ ਜਿਨ੍ਹਾ ਜਪਮਾਲੀਆ, ਲੋਟੇ ਹਥਿ ਨਿਬਗ॥

ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸ ਨੇ ਠਗ॥

ਐਸੇ ਸੰਤ ਨ ਮੋਕਉ ਭਾਵਹਿ॥ ਡਾਲਾ ਸਿਉ ਪੇਡਾ ਗਟਕਾਵਹਿ॥

ਅਜਿਹੇ ਹੀ ਧਾਰਮਿਕ ਭੇਖੀ ਵਿਅਕਤੀ ਸਬੰਧੀ ਇੱਕ ਸਿੱਖ ਵਿਚਾਰਕ ਦਾ ਕਥਨ ਹੈ “ਗੁਰਦੁਆਰਿਆਂ ਦੇ ਗ੍ਰੰਥੀ ਬ੍ਰਾਹਮਣਾਂ ਦਾ ਰੂਪ ਲੈ ਚੁੱਕੇ ਹਨ ਤੇ ਪੰਜਾਂ ਤਖ਼ਤਾਂ ਦੇ ਜਥੇਦਾਰ ਸ਼ੰਕਰਚਾਰੀਆ ਪੀਠਾਂ ਦਾ ਸਾਧਾਂ-ਸੰਤਾਂ ਨੇ ਲੋਕਾਂ ਦੇ ਦਿਮਾਗ ਬਿਮਾਰ ਕਰ ਦਿੱਤੇ ਹਨ ਅਤੇ ਝੂਠੀਆਂ ਸੱਚੀਆਂ ਸਾਖੀਆਂ ਸੁਣਾ-ਸੁਣਾ ਕੇ ਏਨਾ ਕਚਰਾ ਭਰ ਦਿਤਾ ਹੈ, ਜੋ ਹੁਣ ਕੱਢਿਆ ਨਹੀ ਜਾ ਸਕਦਾ। ਦਸ ਗੁਰੂ ਸਾਹਿਬਾਨ, ਜਿਨ੍ਹਾਂ ਨੇ ਪੂਰੇ ਦੋ ਸੋ ਸਾਲ ਵਿੱਚ ਸਿੱਖਾ ਦਾ ਰੂਪ ਤੇ ਸਿਧਾਂਤ’ ਤਿਆਰ ਕੀਤਾ ਸੀ, ਦਸ ਗੁਰੂ ਸਾਹਿਬਾਨ ਨੇ ਜਿਹੜਾ ਕੰਮ ਸਿੱਖਾਂ ਨੂੰ ਨਾ ਕਰਨ ਦੀ ਹਦਾਇਤ ਕੀਤੀ ਸੀ, ਉਹ ਕੰਮ ਸਗੋਂ ਜ਼ਰੂਰ ਹੀ ਕਰਵਾਉਣ ਲਈ ਸਾਧ ਸੰਤ ਹਰ ਹੀਲਾ-ਵਸੀਲਾ ਵਰਤ ਰਹੇ ਹਨ।”

(ਕੁਲਬੀਰ ਸਿੰਘ ਕੌੜਾ, … …. ਤੇ ਸਿੱਖ ਵੀ ਨਿਗਲਿਆ ਗਿਆ)
.