.

ਨਿਰਗੁਨ ਅਤੇ ਸਰਗੁਨ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਨਿਰਗੁਨੁ-ਸਰਗੁਨ ਦਾ ਬਖੇੜਾ- ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਲੋਕਾਈ ਵਿਚਾਲੇ ਵੱਡਾ ਭਰਮ ਸੀ, ਜਿਸ ਤੋਂ ਲੋਕਾਈ ਦੋ ਵੱਡੇ ਹਿਸਿਆਂ `ਚ ਵੰਡੀ ਪਈ ਸੀ। ਇੱਕ ਉਹ ਜੋ ਮੰਨਦੇ ਸਨ ਕਿ ਪ੍ਰਮਾਤਮਾ ਦਾ ਕੋਈ ਰੂਪ, ਰੰਗ, ਆਕਾਰ ਨਹੀਂ। ਇਹ ਸੱਜਨ ਪ੍ਰਭੂ ਨੂੰ ਨਿਰਗੁਨ ਕਹਿੰਦੇ ਹੋਏ ਵੀ ਇਸ ਸਚਾਈ ਨੂੰ ਪ੍ਰਗਟ ਨਾ ਕਰ ਸਕੇ ਕਿਉਂਕਿ ਉਹ ਆਪ ਵੀ ਕੇਵਲ ਇੱਕ ਪੱਖ `ਤੇ ਹੀ ਅਟਕੇ ਹੋਏ ਸਨ। ਦੂਜੇ ਉਹ, ਜੋ ਕਹਿੰਦੇ, ਪ੍ਰਭੂ ਨੂੰ ਯਾਦ ਤੇ ਉਸਦਾ ਸਿਮਰਨ ਕਰਣ ਲਈ, ਉਸ `ਚ ਧਿਆਨ ਟਿਕਾਉਣ ਲਈ, ਅਖਾਂ ਸਾਹਮਣੇ ਕੁੱਝ ਹੋਣਾ ਜ਼ਰੂਰੀ ਹੈ। ਨਹੀਂ ਤਾਂ ਉਸਨੂੰ ਯਾਦ ਨਹੀਂ ਕੀਤਾ ਜਾ ਸਕਦਾ, ਦਰਅਸਲ ਅਜੇਹੇ ਲੋਕਾਂ ਨੂੰ ਹੀ ਸਰਗੁਨ ਦੇ ਉਪਾਸ਼ਕ ਕਿਹਾ ਜਾਂਦਾ ਸੀ। ਇਸ ਤਰ੍ਹਾਂ ਮੂਰਤੀ-ਪੱਥਰ ਪੂਜਾ ਉਸੇ ਦੂਜੀ ਵਿਚਾਰਧਾਰਾ ਦੀ ਹੀ ਉਪਜ ਹਨ। ਚੂੰਕਿ ਇਹ ਦੋਵੇਂ ਵਿਸ਼ਵਾਸ ਕਰਤਾਰ ਬਾਰੇ ਸੋਝੀ ਤੋਂ ਦੂਰ, ਅਧੂਰੇ ਅਤੇ ਪ੍ਰਭੂ ਬਾਰੇ ਅਗਿਆਨਤਾ ਦੀ ਹੀ ਉਪਜ ਸਨ। ਇਸੇ ਦਾ ਨਤੀਜਾ-ਜਿੱਥੇ ਕਰਤਾਰ ਨੂੰ ਰੂਪ, ਰੰਗ ਆਕਾਰ ਤੋਂ ਨਿਆਰਾ ਕਹਿਣ ਵਾਲੇ ਆਪਣੇ ਪੱਖ ਨੂੰ ਨਹੀਂ ਖੋਲ ਸਕੇ। ਦੂਜੇ ਪਾਸੇ ਉਸਨੂੰ ਸਰੂਪ ਵਾਲਾ ਭਾਵ ਸਰਗੁਣ ਕਹਿਣ ਵਾਲੇ ਇਸ ਆਧਾਰ `ਤੇ ਕਿ ਪ੍ਰਭੂ ਦਾ ਧਿਆਨ ਟਿਕਾਉਣ ਲਈ ਅਖਾਂ ਸਾਹਮਣੇ ਕੁੱਝ ਹੋਣਾ ਜ਼ਰੂਰੀ ਹੈ। ਚੂੰਕਿ ਇਹ ਵਿਚਾਰ ਵੀ ਮੂਲੋਂ ਹੀ ਗ਼ਲਤ ਤੇ ਗੁਰਮਾਰਹਕੁਨ ਸੀ, ਉਸੇ ਦਾ ਨਤੀਜਾ, ਉਨ੍ਹਾਂ ਨੂੰ ਹੋਰ ਗੁਮਰਾਹ ਕਰਣ ਅਤੇ ਲੁਟੱਣ ਵਾਲੇ ਵੀ ਭਿੰਨ-ਭਿੰਨ ਅਤੇ ਬੇਅੰਤ ਪੈਦਾ ਹੋ ਗਏ ਤੇ ਨਿੱਤ ਹੋ ਰਹੇ ਹਨ।

ਪਹਿਲਾਂ ਇਸੇ ਵਿਚਾਰਧਾਰਾ ਦਾ ਨਤੀਜਾ ਦੇਵੀ-ਦੇਵਤਾ ਪੂਜਾ ਅਤੇ ਫ਼ਰਜ਼ੀ ਭਗਵਾਨਾਂ ਦੀ ਪੂਜਾ ਨੇ ਜਨਮ ਲਿਆ। ਫ਼ਿਰ ਉਸੇ ਤੋਂ ਕਰੋੜਾਂ ਦੇਵੀ-ਦੇਵਤੇ, ਬੇਅੰਤ ਭਗਵਾਨ ਅਤੇ ਉਨ੍ਹਾਂ ਦੀਆਂ ਮੂਰਤੀਆਂ ਪੈਦਾ ਕੀਤੀਆਂ ਗਈਆਂ। ਉਨ੍ਹਾਂ ਬਾਰੇ ਅਨੇਕਾਂ ਕਹਣੀਆਂ ਅਤੇ ਉਨ੍ਹਾਂ ਦੇ ਭਿੰਨ ਭਿੰਨ ਰੂਪ-ਸ਼ਕਲਾਂ ਪ੍ਰਚਲਤ ਰਚੇ ਗਏ। ਫ਼ਿਰ ਇਨ੍ਹਾਂ ਦਾ ਹੀ ਵਿਸਤਾਰ ਪ੍ਰਭੂ ਦੀਆਂ ਵੱਖ-ਵੱਖ ਸ਼ਕਤੀਆਂ ਹਵਾ, ਪਾਣੀ, ਅੱਗ, ਉਸਦੀ ਪੈਦਾ ਕਰਣ ਵਾਲੀ, ਪਾਲਨਾ ਤੇ ਸੰਘਾਰ ਸ਼ਕਤੀ ਨੂੰ ਵੱਖ-ਵੱਖ ਨਾਂ ਦਿਤੇ ਗਏ। ਉਪਰੰਤ ਇਨ੍ਹਾਂ ਦਾ ਹੀ ਵਿਸਤਾਰ ਨਦੀਆਂ, ਬਿਰਖਾਂ, ਮੜ੍ਹੀਆਂ, ਪਸ਼ੂਆਂ, ਸਪਾਂ ਤੀਕ ਦੀ ਪੂਜਾ, ਉਸੇ ਤੋਂ ਇੱਕ ਕਰਤੇ ਨੂੰ ਵਿਸਾਰ ਕੇ ਸਰੀਰਾਂ ਦੀ ਪੂਜਾ ਨੇ ਅਨੇਕਾਂ ਭਿਅੰਕਰ ਰੂਪ ਧਾਰਨ ਕਰ ਲਏ। ਇਸੇ ਦਾ ਹੀ ਅਗਲਾ ਪੜਾਅ ਹਨ ਸ਼ਗਨ, ਰੀਤਾਂ, ਵਹਿਮ-ਸਹਿਮ, ਰੀਤਾਂ, ਟੇਵੇ, ਕਹੂਰਤ, ਜੋਤਸ਼, ਅਨੇਕਾਂ ਬੇਸਿਰ ਪੈਰ ਦੇ ਤਿਉਹਾਰ, ਰੀਤੀ ਰਿਵਾਜ, ਵਿਤਕਰੇ, ਭੇਦ ਭਾਵ। ਮਨੁੱਖ ਪਰੋਪਕਾਰੀ ਹੋਣ ਦੀ ਬਜਾਏ ਨਿਹਿਤ ਸੁਆਰਥੀ ਹੁੰਦਾ ਗਿਆ। ਇਸੇ ਸੁਆਰਥੀ ਪੁਣੇ ਤੋਂ ਜਨਮ ਲਿਆ ਅਨੇਕਾਂ ਘਿਨਾਉਣੇ ਅਪਰਾਧਾਂ-ਜੁਰਮਾਂ, ਧਰਮ ਦੇ ਨਾਂ `ਤੇ ਅਨਗਿਣਤ ਪਾਖੰਡਾਂ ਨੇ।

“ਨਿਰਗੁਨੁ ਆਪਿ ਸਰਗੁਨੁ ਭੀ ਓਹੀ” (ਪੰ: 287) -ਇਹ ਮਾਣ ਗੁਰੂ ਨਾਨਕ ਪਾਤਸ਼ਾਹ ਨੂੰ ਹੀ ਪ੍ਰਾਪਤ ਹੈ ਕਿ ਚਿਰਾਂ ਤੋਂ ਪਏ ਇਸ ਬਖੇੜੇ ਦਾ ਨਿਪਟਾਰਾ ਹੀ ਨਹੀਂ ਕੀਤਾ ਬਲਕਿ ਸਦਾ ਲਈ ਇਸ ਵਿਸ਼ੇ ਨੂੰ ਗੁਰਬਾਣੀ ਰਾਹੀਂ ਸਪਸ਼ਟ ਵੀ ਕਰ ਦਿਤਾ। ਸਚਾਈ ਤੀਕ ਪੁੱਜਣ ਤੋਂ ਪਹਿਲਾਂ ਸਮਝਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਇਹ ਵਿਸ਼ਾ ਆਖਿਰ ਹੈ ਕੀ? ਕਿਉਂਕਿ ਪਹਿਲਾਂ ਤਾਂ ਬਹੁਤਿਆਂ ਨੂੰ ਇਹੀ ਪਤਾ ਨਹੀਂ ਕਿ ਇਹ ਵਿਸ਼ਾ ਹੈ ਕੀ? ਜਿਵੇਂ ਕਿ ਕੁੱਝ ਜ਼ਿਕਰ ਆ ਚੁੱਕਾ ਹੈ ਕਿ ਪੁਰਤਾਨ ਸਮੇਂ ਤੋਂ ਬ੍ਰਾਹਮਣੀ ਵਿਸ਼ਵਾਸਾਂ ਅਧੀਨ ਦੋ ਵਿਸ਼ਵਾਸ ਪ੍ਰਧਾਨ ਹਨ। ਪਹਿਲੇ ਹਨ ਅਦਵੈਤ ਮੱਤ ਵਾਲੇ ਅਤੇ ਦੂਜੇ ਹਨ ਸਾਕਤ ਮੱਤੀਏ ਜਾਂ ਮੂਰਤੀਪੂਜਕ। ਜਿਥੇ ਅਦਵੈਤ ਮੱਤ ਵਾਲੇ ਇਸ ਵਿਸ਼ਵਾਸ ਦੇ ਹਨ ਕਿ ਪ੍ਰਮਾਤਮਾ ਦਾ ਕੋਈ ਰੂਪ ਰੰਗ, ਆਕਾਰ ਨਹੀਂ-ਉਨ੍ਹਾਂ ਨੂੰ ‘ਨਿਰਗੁਣ’ ਦੇ ਉਪਾਸ਼ਕ ਕਿਹਾ ਜਾਂਦਾ ਹੈ। ਦੂਜੇ ਹਣ ਜੋ ਸ਼ਕਤੀ ਦੇ ਪੁਜਾਰੀ ਭਾਵ ਸਾਕਤ ਮੱਤੀਏ। ਉਨ੍ਹਾਂ ਦੇ ਜਾੀਵਨ ਦਾ ਆਧਾਰ ਹੈ ਬੇਅੰਤ ਦੇਵੀ-ਦੇਵਤਿਆਂ, ਆਪ ਮਿੱਥੇ ਭਗਵਾਨਾਂ, ਹਵਾ-ਪਾਣੀ-ਅੱਗ-ਸੂਰਜ-ਚੰਦ ਆਦਿ ਦੀਆਂ ਬੇਅੰਤ ਮੂਰਤੀਆਂ ਸਥਾਪਤ ਕਰਕੇ ਉਨ੍ਹਾਂ ਦੀ ਪੂਜਾ। ਇਸੇ ਸ਼ਕਤੀ ਪੂਜਾ ਦੀ ਅਗਲਾ ਵਿਗਾੜ ਹੈ ਨਦੀਆਂ, ਸੱਪਾਂ, ਮੜ੍ਹੀਆਂ, ਪੰਖੀਆਂ, ਪਸ਼ੂਆਂ ਆਦਿ ਦੀ ਪੂਜਾ। ਮੜ੍ਹੀ ਪੂਜਾ ਦਾ ਹੀ ਰੂਪ ਹੈ, ਕੱਬਰਾਂ ਦੀ ਪੂਜਾ ਤੇ ਹੋਰ ਕਈ ਰੂਪ। ਇਸ ਤਰ੍ਹਾਂ ਜੇ ਕਰ ਨਜ਼ਰ ਮਾਰੀਏ ਤਾਂ ਲੋਕਾਈ ਸਦਾ ਤੋਂ ਦੋ ਵੱਡੇ ਹਿਸਿਆਂ `ਚ ਵੰਡੀ ਪਈ ਸੀ ਨਿਰਗੁਰਨ ਅਤੇ ਸਰਗੁਨ ਪਰ ਦੋਨਾਂ ਵਿਚਾਲੇ ਵੱਡਾ ਪਾੜਾ ਸੀ। ਇਸ ਲਈ ਇਹ ਮਾਣ ਕੇਵਲ ਗੁਰੂ ਨਾਨਕ ਪਾਤਸ਼ਾਹ ਨੂੰ ਹੀ ਜਾਂਦਾ ਹੈ ਜਿਨ੍ਹਾਂ ਨੇ ਲੋਕਾਈ ਨੂੰ ਇਸ ਫ਼ਰਜ਼ੀ ਵੰਡ ਚੋਂ ਕਢਿਆ ਅਤੇ ਸਪਸ਼ਟ ਕੀਤਾ ਕਿ ਬਦਲਵੇਂ ਅਰਥਾਂ `ਚ ‘ਨਿਰਗੁਰਨ ਅਤੇ ਸਰਗੁਨ’ ਕਰਤਾਰ ਦੇ ਆਪਣੇ ਹੀ ਦੋ ਰੂਪ ਹਨ ਭਿੰਨ ਨਹੀਂ। ਕਰਤਾਰ ਨੂੰ ਨਿਰਾ ਪੁਰਾ ਰੂਪ ਰੰਗ, ਆਕਾਰ ਤੋਂ ਨਿਆਰਾ ਮੰਨ ਕੇ ਖੋਖਲੇ ਅਧਿਆਤਮ ਵਾਦ ਵਾਲੇ ਪਾਸੇ ਟੁਰ ਪੈਣਾ ਜਾਂ ਸਾਕਤ ਮੱਤੀਏ ਹੋ ਕੇ ਰਹਿ ਜਾਣਾ, ਦੋਵੇਂ ਹੀ ਅਗਿਆਨਤਾ `ਤੇ ਆਧਾਰਤ ਪੱਖ ਹਨ।

ਸਰਗੁਨ ਨਿਰਗੁਨ ਨਿਰੰਕਾਰ- ਅਕਾਲਪੁਰਖ ਆਪ ਹੀ ਨਿਰਗੁਨ ਵੀ ਹੈ ਅਤੇ ਸਰਗੁਨ ਵੀ, ਲੋੜ ਹੈ ਤਾਂ ਅਸਲੀਅਤ ਨੂੰ ਸਮਝਣ ਦੀ। ਮੂਲ਼ ਰੂਪ `ਚ ਕਰਤਾਰ ਦਾ ਕੋਈ ਵੀ ਰੂਪ, ਆਕਾਰ ਰੰਗ ਨਹੀਂ ਹੈ। ਉਹ ਅਜੂਨੀ, ਅਜਨਮਾ ਤੇ ਸੈਭੰ ਹੈ। ਇਸੇ ਕਰਕੇ ਉਸਨੂੰ ਮਾਤਾ ਦੇ ਗਰਭ ਜਾਂ ਕਿਸੇ ਮੰਦਿਰ-ਸ਼ਿਵਾਲਯ ਆਦਿ `ਚ ਸਥਾਪਤ ਕੀਤਾ ਜਾਂ ਟਿਕਾਇਆ ਨਹੀਂ ਜਾ ਸਕਦਾ ਹੈ। ਬਾਣੀ ਜਪੁ `ਚ ਹੀ ਗੁਰਦੇਵ ਫ਼ੁਰਮਾਉਂਦੇ ਹਣ ਥਾਪਿਆ ਨ ਜਾਇ ਕੀਤਾ ਨ ਹੋਇ॥ ਆਪੇ ਆਪਿ ਨਿਰੰਜਨੁ ਸੋਇ” ਉਹ ਆਪਣੇ ਆਪ ਤੋਂ ਹੈ ਅਤੇ ਰਚਨਾ ਦਾ ਰਚਨਹਾਰ ਹੈ। ਇਹ ਸਾਰੀ ਰਚਨਾ ਉਸੇ ਦੀ ਬਣਾਈ ਹੋ ਹੈ ਫ਼ਿਰ ਵੀ ਉਹ ਸਦੀਵੀ, ਅਬਿਨਾਸੀ ਅਤੇ ਸਤਿ ਭਾਵ ਸਦਾ ਥਿਰ ਰਹਿਣ ਵਾਲਾ ਹੈ। ਸੰਸਾਰ ਰਚਨਾ ਜੋ ਵੀ ਅਸੀਂ ਦੇਖਦੇ, ਛੂਹੰਦੇ ਹਾਂ ਸਭ ਬਿਨਸਨਹਾਰ, ਕੂੜ, ਨਾਸ ਹੋਣ ਵਾਲਾ ਅਤੇ ਚਲਾਇਮਾਨ ਹੈ। ਇਸਦੇ ਉਲਟ ਸਾਰੀ ਰਚਨਾ `ਚ ਵਿਆਪਕ ਹੁੰਦੇ ਹੋਈ ਵੀ ਉਹ ਕਦੇ ਬਿਨਸਦਾ ਜਾਂ ਖਤਮ ਨਹੀਂ ਹੋਣ ਵਾਲਾ ਨਹੀਂ। ਗੁਰਦੇਵ ਦਾ ਨਿਰਣਾ ਹੈ ਆਦਿ ਸਚੁ, ਜੁਗਾਦਿ ਸਚੁ॥ ਹੈ ਭੀ ਸਚੁ, ਨਾਨਕ ਹੋਸੀ ਭੀ ਸਚੁ” ਜਾਂ ਆਦਿ ਅਨੀਲੁ ਅਨਾਦਿ ਅਨਾਹਤਿ ਜੁਗੁ ਜੁਗੁ ਏਕੋ ਵੇਸੁ” (ਬਾਣੀ ਜਪੁ)। ਤਾਂ ਤੇ ਜਦੋਂ ਇਹ ਦੋਵੇਂ ਸਰੂਪ ਹੈਣ ਹੀ ਅਕਾਲਪਰਖ ਦੇ ਤਾਂ ਫ਼ਿਰ ਉਨ੍ਹਾਂ ਦੀ ਪਰੀਭਾਸ਼ਾ ਤੇ ਪਹਿਚਾਣ ਕੀ ਹੈ ਅਤੇ ਸਾਰੀ ਰਚਨਾ `ਚ ਵਿਆਪਕ ਕਿੱਥੇ ਹੈ?

ਅਕਾਲਪੁਰਖ ਦਾ ਨਿਰਗੁਨ ਸਰੂਪ- ਅਕਾਲਪੁਰਖ ਦੇ ਨਿਰਗੁਨ ਸਰੂਪ ਨੂੰ ਸਮਝਾਉਣ ਲਈ ਗੁਰਦੇਵ ਫ਼ੁਰਮਾਂਉਦੇ ਹਨ “ਰੂਪੁ ਨ ਰੇਖ ਨ ਪੰਚ ਤਤ ਠਾਕੁਰ ਅਬਿਨਾਸ” (ਪੰ: 816) ਹੋਰ ਲਵੋ “ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥ ਤਿਸਹਿ ਬੁਝਾਏ ਨਾਨਕਾ ਜਿਸੁ ਹੋਵੈ ਸੁਪ੍ਰਸੰਨ” (ਪੰ: 283) ਸਪਸ਼ਟ ਹੈ ਕਿ ਮੂਲ ਰੂਪ `ਚ ਅਕਾਲਪੁਰਖ ਦਾ ਨਾ ਹੀ ਕੋਈ ਰੂਪ ਹੈ, ਨਾ ਅਕਾਰ ਅਤੇ ਨਾ ਹੀ ਰੰਗ। ਤਾਂ ਤੇ ਮਨੁੱਖ ਦੇ ਮਨ `ਚ ਅਚਨਚੇਤ ਜੋ ਸੁਆਲ ਪੈਦਾ ਹੋਵੇਗਾ ਕਿ ਜਦੋਂ ਪ੍ਰਮਾਤਮਾ ਹੈ ਹੀ ਰੂਪ, ਰੰਗ, ਆਕਾਰ ਤੋਂ ਨਿਆਰਾ ਤਾਂ ਉਸਦੀ ਪਹਿਚਾਣ ਕਿਵੇਂ ਹੋਵੇ। ਇਸ ਸੁਆਲ ਠੀਕ ਉਸੇ ਤਰ੍ਹਾਂ ਹੈ ਜੇ ਕਰ ਕੋਈ ਕਹੇ ਕਿ ਉਸਨੇ ਇੰਜੀਨੀਅਰ ਬਨਣਾ ਹੈ ਪਰ ਬਣੇ ਕਿਵੇਂ? ਜ਼ਰੂਰੀ ਹੈ ਕਿ ਉਸਨੂੰ ਇਸ ਵਿਸ਼ੇ ਉਪਰ ਪਹਿਲਾਂ 12-14 ਸਾਲ ਮੂਲ ਅਤੇ ਸਕੂਲੀ ਵਿਦਿਆ ਲੈਣੀ ਹੋਵੇਗੀ। ਫ਼ਿਰ ਉਸੇ ਦੇ ਆਧਾਰ `ਤੇ ਉਸਨੂੰ ਇੰਜਿਨਿਅਰਿੰਗ ਦੇ ਕੋਰਸ ਕਰਣੇ ਪੈਣਗੇ ਅਤੇ ਇਥੇ ਵੀ ਬੱਸ ਨਹੀਂ। ਇਸ ਤੋਂ ਬਾਅਦ ਉਸਨੂੰ ਕਿਸੇ ਇੰਜੀਨੀਅਰ ਨਾਲ ਮਿਲ ਕੇ ਕੁੱਝ ਸਮਾਂ ਆਪਣੇ ਆਪ ਨੂੰ ਉਸ ਕਿੱਤੇ ਲਈ ਰਵਾਂ ਕਰਣਾ ਜਾਂ ਪ੍ਰੈਕਟਿਸ ਕਰਨੀ ਪਵੇਗੀ, ਤਾਂ ਜਾ ਕੇ ਉਹ ਇਸ ਕਿੱਤੇ ਤੀਕ ਪੁੱਜੇਗਾ। ਇਸ ਤਰ੍ਹਾਂ ਇਹੀ ਉਸ ਨੂੰ ਚਾਰਟਡ-ਅਕਾਉਂਟੈਂਟ, ਵਕੀਲ ਜਾਂ ਆਦਿ ਬਨਣ ਜਾਂ ਹਰੇਕ ਕਿੱਤੇ ਲਈ ਜ਼ਰੂਰੀ ਹੈ। ਦੂਰ ਕਿਉਂ ਜਾਵੋ, ਇਹ ਤਾਂ ਉਹ ਵਿਸ਼ੇ ਹਣ, ਜਿੱਥੇ ਪੜ੍ਹਾਈ ਲਿਖਾਈ ਦੀ ਵਧੇਰੇ ਲੋੜ ਹੈ। ਇਸ ਦੇ ਨਾਲ ਉਹ ਕਿੱਤੇ ਜਿੱਥੇ ਪੜ੍ਹਾਈ-ਲਿਖਾਈ ਦੀ ਬਹੁਤੀ ਲੋੜ ਨਹੀਂ, ਜਿਵੇਂ ਹਲਵਾਈ, ਤਰਖਾਨ, ਮਿਸਤ੍ਰੀ ਆਦਿ, ਇਨ੍ਹਾਂ ਨੂੰ ਵੀ ਪਹਿਲਾਂ ਕੁੱਝ ਸਮਾਂ ਅਮੁੱਕੇ ਕਿੱਤੇ ਦੇ ਯੋਗ ਉਸਤਾਦ ਨਾਲ ਰਲ ਕੇ ਜਾਂ ਉਸ ਅਧੀਨ ਕੰਮ ਕਰਕੇ ਆਪਣੀ ਤਿਆਰੀ ਕਰਣੀ ਪਵੇਗੀ, ਤਾਂ ਜਾ ਕੇ ਉਹ ਉਸ ਕਿੱਤੇ ਜਾਂ ਉਹਦੇ ਤੀਕ ਪੁੱਜੇਗਾ, ਉਂਝ ਨਹੀਂ।

ਠੀਕ ਇਸੇ ਤਰ੍ਹਾਂ ਇਸਦਾ ਉੱਤਰ ਗੁਰਦੇਵ ਬਾਣੀ `ਚ ਆਪ ਹੀ ਫ਼ੁਰਮਾਂਉਂਦੇ ਹਨ, ਭਾਵੇਂ ਕਿ ਕਰਤਾਰ ਸਦੀਵੀ, ਅਬਿਨਾਸੀ ਅਤੇ ਜ਼ਰੇ-ਜ਼ਰੇ `ਚ ਸਮਇਆ ਦਾ ਹੈ ਪਰ ਉਸਦੀ ਪਹਿਚਾਣ ਕਰਣ ਲਈ ਮਨੁੱਖ ਦੀ ਪਹਿਲੀ ਲੋੜ ਹੈ “ਰੂਪੁ ਨ ਰੇਖਿਆ ਮਿਤਿ ਨਹੀ, ਕੀਮਤਿ ਸਬਦਿ ਭੇਦਿ ਪਤੀਆਇਦਾ (ਪੰ: 1934) ਅਥਵਾ “ਰੂਪੁ ਨ ਰੇਖਿਆ ਜਾਤਿ ਨ ਹੋਤੀ, ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ” (ਪੰ: 945) ਸ਼ਬਦ ਭਾਵ ਰੱਬੀ ਗਿਆਨ `ਚ ਚੁੱਭੀ ਲਾਉਣੀ ਪਵੇਗੀ। ਗੁਰਬਾਣੀ `ਚ ਇਸੇ ਰੱਬੀ ਗਿਆਨ ਰੂਪੀ ਸ਼ਬਦ ਨੂੰ ਗੁਰੂ, (ਸਦਾ ਥਿਰ) ਸਤਿਗੁਰੂ ਵੀ ਕਿਹਾ ਹੈ ਅਤੇ ਉਹ ਕਰਤਾਰ ਤੋਂ ਭਿੰਨ ਨਹੀਂ। ‘ਗੁਰੂ’ ਜਾਂ ‘ਸ਼ਬਦ’ ਉਸ ਅਕਾਲਪੁਰਖ ਦਾ ਹੀ ਵਿਸ਼ੇਸ਼ ਗੁਣ ਹੈ ਜਿਸ ਤੋਂ ਬਿਨਾ ਮਨੁੱਖਾ ਜਨਮ ਦੀ ਅਗਿਆਣਤਾ ਕੱਟੀ ਹੀ ਨਹੀਂ ਜਾ ਸਕਦੀ। ਇਸੇ ਲਈ ਇਹ ਸ਼ਬਦ ਵੀ ਅਕਾਲਪਰਖ ਦੀ ਤਰ੍ਹਾਂ ਹੀ ਸਬਦੁ ਦੀਪਕੁ ਵਰਤੈ ਤਿਹੁ ਲੋਇ॥ ਜੋ ਚਾਖੈ ਸੋ ਨਿਰਮਲੁ ਹੋਇ” (ਪੰ: 664) ਜਾਂ ਸੁ ਸਬਦ ਕਉ ਨਿਰੰਤਰਿ ਵਾਸੁ ਅਲਖੰ ਜਹ ਦੇਖਾ ਤਹ ਸੋਈ” (ਪੰ: 944)। ਸਮਝਣ ਦਾ ਵਿਸ਼ਾ ਹੈ ਕਿ ਗੁਰਬਾਣੀ ਅਥਵਾ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਉਸੇ ਹੀ ਇਲਾਹੀ ਸ਼ਬਦ-ਗੁਰੂ-ਸਤਿਗੁਰੂ ਦਾ ਹੀ ਪ੍ਰਗਟਾਵਾ ਹਨ।

ਤਾਂ ਤੇ ਜਿਵੇਂ ਅਸਥਿਰ ਦੁਨਿਆਵੀ ਗਿਆਨਾਂ, ਕਿੱਤਿਆਂ, ਡਿਗਰੀਆਂ, ਡਿਪਲੋਮਿਆਂ ਨੂੰ ਪ੍ਰਾਪਤ ਕਰਣ ਲਈ, ਸਮਰਪਣ ਭਾਵਨਾ ਨਾਲ, ਸਾਨੂੰ ਜ਼ਿੰਦਗੀ ਦੇ ਕਈ-ਕਈ ਸਾਲ ਦੇਣੇ ਹੁੰਦੇ ਹਨ। ਠੀਕ ਉਨ੍ਹਾਂ ਹੀ ਲੀਹਾਂ `ਤੇ ਮਨੁੱਖੀ ਜੀਵਨ ਦੀਆਂ ਸਚਾਈਆਂ ਨੂੰ ਸਮਝਣ ਅਤੇ ਰੂਪ, ਰੰਗ, ਆਕਾਰ ਤੋਂ ਨਿਆਰੇ ਪ੍ਰਭੂ ਦੀ ਪਹਿਚਾਣ ਕਰਣ ਲਈ ਮਨ-ਬਚ-ਕਰਮ ਕਰਕੇ ਪੂਰੀ ਸਮਰਪਣ ਦੀ ਭਾਵਨਾ ਨਾਲ, ਉਸ ‘ਇਲਾਹੀ ਸ਼ਬਦ’ ਦਾ ਪ੍ਰਗਟਾਵਾ ਗੁਰਬਾਣੀ ਦੇ ਖਜ਼ਾਨੇ, “ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸਿਖਿਆ ਅੰਦਰ ਚੁੱਭੀਆਂ ਲਾਉਣ ਤੇ ਦੁਰਮਤਿ ਘਣੀ ਵਿਗੂਤੀ ਭਾਈ ਦੂਜੈ ਭਾਇ ਖੁਆਈ” (ਪੰ: 635) ਅਨੁਸਾਰ ਆਪਣੀ ਮਨਮੱਤ, ਹੂੜਮੱਤ, ਦੁਚਿੱਤੀ ਆਦਿ ਨੂੰ ਤਿਆਗਣ ਦੀ ਲੋੜ ਹੈ, ਤਾਂ ਜਾ ਕੇ ਗਲ ਬਣ ਸਕੇਗੀ। ਇਸਤੋਂ ਬਿਨਾ, ਇਸ ਇਲਾਹੀ ਮਾਰਗ ਦਾ ਪਾਂਧੀ ਹੋਣ ਲਈ ਜੇ ਕਰ ਸਬਦੁ ਗੁਰ ਪੀਰਾ ਗਹਿਰ ਗੰਭੀਰਾ” (ਪੰ: 635) ਨਹੀਂ ਤਾਂ ਫ਼ੈਸਲਾ ਹੈ “ਬਿਨੁ ਸਬਦੈ ਜਗੁ ਬਉਰਾਨੰ” (ਪੰ: 635)। ਇਸਤੋਂ ਬਿਨਾ ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ॥ ਬਾਹਰਿ ਭੇਖ ਅੰਤਰਿ ਮਲੁ ਮਾਇਆ॥ ਛਪਸਿ ਨਾਹਿ ਕਛੁ ਕਰੈ ਛਪਾਇਆ॥ ਬਾਹਰਿ ਗਿਆਨ ਧਿਆਨ ਇਸਨਾਨ॥ ਅੰਤਰਿ ਬਿਆਪੈ ਲੋਭੁ ਸੁਆਨੁ॥ ਅੰਤਰਿ ਅਗਨਿ ਬਾਹਰਿ ਤਨੁ ਸੁਆਹ॥ ਗਲਿ ਪਾਥਰ ਕੈਸੇ ਤਰੈ ਅਥਾਹ. .” (ਪੰ: 267) ਅਨੁਸਾਰ ਇਨਸਾਨ ਸੰਸਾਰ ਪੱਧਰ `ਤੇ ਭਾਵੇਂ ਕੁੱਝ ਵੀ ਬਣ ਜਾਵੇ ਅਉਗਨਾਂ ਵਲ ਹੀ ਵਧੇਗਾ। ਉਹ ਸਹੀ ਅਰਥਾਂ `ਚ ਕਦੇ ਵੀ ਚੰਗਾ ਗੁਣਵਾਣ ਇਨਸਾਨ ਨਹੀਂ ਬਣ ਸਕੇਗਾ।

ਅਕਾਲਪੁਰਖ ਦਾ ਹੀ ਸਰਗੁਨ ਸਰੂਪ ਕੀ ਹੈ? -ਅਗਲਾ ਸੁਆਲ ਹੈ ਕਿ ਕਰਤਾਰ ਦਾ ਹੀ ਸਰਗੁਨ ਸਰੂਪ ਕੀ ਹੈ? ਦਰਅਸਲ ਜਿਉਂ ਜਿਊਂ ਗੁਰਬਾਣੀ ਦੀ ਸੋਝੀ ਹੁੰਦੀ ਜਾਵੇ ਇਹ ਗਲ ਸਮਝਦੇ ਦੇਰ ਨਹੀਂ ਲਗਦੀ ਕਿ ਕਿਸੇ ਮੂਰਤੀ ਆਦਿ ਨੂੰ ਭਗਵਾਨ ਦਾ ਰੂਪ ਮੰਨ ਕੇ ਉਸੇ ਦੀ ਪੂਜਾ-ਆਰਤੀ `ਚ ਉਲਝ ਜਾਣਾ, ਪ੍ਰਭੂ ਜੀ ਦੇ ਸਰਗੁਨ ਸਰੂਪ ਬਾਰੇ ਪੂਰਣ ਨਾਸਮਝੀ ਹੈ। ਇਹ ਸਾਰੀ ਰਚਨਾ ਹੀ ਉਸਦਾ ਸਰਗੁਨ ਸਰੂਪ ਅਤੇ ਪ੍ਰਗਟਾਵਾ ਹੈ। ਆਖਿਰ ਭੁੱਲੜ ਲੋਕਾਈ ਨੂੰ ਇਹੀ ਗਲ ਸਮਝਾਉਣ ਤਾਂ ਗੁਰੂ ਨਾਨਕ ਪਾਤਸ਼ਾਹ ਜਗੰਨਾਥ ਪੁਰੀ ਗਏ ਸਨ। ਉਥੇ ਇਹੀ ਤਾਂ ਸਮਝਾਇਆ ਸੀ ਕਿ ਐ ਦੁਨੀਆਂ ਦੇ ਲੋਕੋ! ਜਿਸ ਮੂਰਤੀ ਨੂੰ ਤੁਸੀਂ ਜਗੰਨਾਥ ਜਾਂ ਰੱਬ ਮੰਨੀ ਬੈਠੇ ਹੋ, ਇਹ ਜਗਤ ਦਾ ਨਾਥ ਨਹੀਂ ਹੋ ਸਕਦੀ। ਪ੍ਰਭੂ ਤਾਂ ਹਰੇਕ ਜੀਵ ਅਤੇ ਸਾਰੀ ਰਚਨਾ `ਚ ਆਪਣੇ ਸਰਗੁਨ ਸਰੂਪ `ਚ ਹੀ ਵਿਆਪਕ ਹੈ। ਲੋੜ ਹੈ ਤਾਂ ਉਥੋਂ ਉਸਦੇ ਇਸ ਸਰਗੁਨ ਸਰੂਪ ਦੀ ਪਹਿਚਾਣ ਕਰਨ ਦੀ। ਆਪ ਨੇ ਫ਼ੁਰਮਾਇਆ ਸਹਸ ਤਵ ਨੈਨ, ਨਨ ਨੈਨ ਹਹਿ ਤੋਹਿ ਕਉ, ਸਹਸ ਮੂਰਤਿ, ਨਨਾ ਏਕ ਤ+ਹੀ॥ ਸਹਸ ਪਦ ਬਿਮਲ, ਨਨ ਏਕ ਪਦ, ਗੰਧ ਬਿਨੁ ਸਹਸ ਤਵ ਗੰਧ, ਇਵ ਚਲਤ ਮੋਹੀ” (ਪੰ: 12) ਕਿਉਂਕਿ “ਸਭ ਮਹਿ ਜੋਤਿ ਜੋਤਿ ਹੈ ਸੋਇ. .” (ਪੰ: 12) ਹੋਰ ਲਵੋ “ਸਰਗੁਨ ਨਿਰਗੁਨ ਨਿਰੰਕਾਰ, ਸੁੰਨ ਸਮਾਧੀ ਆਪਿ॥ ਆਪਨ ਕੀਆ ਨਾਨਕਾ, ਆਪੇ ਹੀ ਫਿਰਿ ਜਾਪਿ” (ਪੰ: 290) ਅਤੇ ਨਿਰਗੁਨੁ ਆਪਿ ਸਰਗੁਨੁ ਭੀ ਓਹੀ॥ ਕਲਾ ਧਾਰਿ ਜਿਨਿ ਸਗਲੀ ਮੋਹੀ” (ਪੰ: 287) ਭਾਵ ਇਹ ਸਾਰੀ ਰਚਨਾ ਉਸੇ ਨਿਰਗੁਨ ਅਕਾਲਪੁਰਖ ਦਾ ਹੀ ਸਰਗੁਨ ਪਸਾਰਾ ਹੈ ਅਤੇ ਕਲਾ (ਰਚਨਾ) ਰੂਪ ਹੋ ਕੇ ਉਹ ਆਪ ਹੀ ਇਸਦੀ ਸੰਭਾਲ ਵੀ ਕਰ ਰਿਹਾ ਹੈ। ਇਸ ਤਰ੍ਹਾਂ ਮੈ ਨਾਹੀ, ਪ੍ਰਭ ਸਭੁ ਕਿਛੁ ਤੇਰਾ॥ ਈਘੈ ਨਿਰਗੁਨ, ਊਘੈ ਸਰਗੁਨ ਕੇਲ ਕਰਤ ਬਿਚਿ ਸੁਆਮੀ ਮੇਰਾ (ਪੰ: 827)। ਇਸ ਤਰੀਕੇ ਉਹ ਆਪ ਹੀ ਨਿਰਗੁਨ ਹੈ ਅਤੇ ਇਹ ਸਾਰਾ ਪਸਾਰਾ, ਉਸੇ ਪ੍ਰਭੂ ਦਾ ਹੀ ਸਰਗੁਨ ਸਰੂਪ ਹੈ। ਕੇਲ ਕਰਤ ਬਿਚਿ” ਬੇਅੰਤ ਰਚਨਾ `ਚ ਸਾਰੀਆਂ ਖੇਡਾਂ ਵੀ ਉਹ ਆਪ ਹੀ ਕਰ ਰਿਹਾ ਹੈ।

“ਸਰਗੁਣ ਨਿਰਗੁਣ ਥਾਪੈ ਨਾਉ” - ਪਾਤਸ਼ਾਹ ਫ਼ੁਰਮਾਂਦੇ ਹਨ ਕਿ ਕਮਾਲ ਦੀ ਗਲ ਤਾਂ ਇਹ ਹੈ ਕਿ ਜਿਵੇਂ ਇੱਕ ਪੇੜ ਦੇ ਅੰਦਰ ਉਸ ਦੀਆਂ ਜੜਾਂ ਵੀ ਹਨ, ਫ਼ਿਰ ਇਨ੍ਹਾਂ ਜੜਾਂ ਦੇ ਉਪਰ ‘ਤਨਾ’ ਖਲੋਤਾ ਹੈ। ਉਸ ਇਕੋ ਹੀ ਤਨੇ ਦੀਆਂ ਅਨੇਕਾਂ ਸ਼ਾਖਾਵਾਂ ਦਾ ਵਿਸਥਾਰ ਹੈ। ਉਪਰੰਤ ਇਨ੍ਹਾਂ ਅਨੇਕ ਸ਼ਾਖਾਵਾਂ ਤੋਂ ਹੀ ਹੋਰ ਅਗੇ ਉਨ੍ਹਾਂ ਤੋਂ ਵੱਧ ਪਤੇ, ਪਤਿਆਂ ਤੋਂ ਅੱਗੇ ਫੁੱਲ ਅਤੇ ਫੱਲ। ਇਹ ਹੈ ਤਾਂ ਸਾਰਾ ਇਕੋ ਹੀ ਪੇੜ ਦਾ ਵਿਸਥਾਰ। ਖੂਬੀ ਇਹ ਹੈ ਕਿ ਪ੍ਰਭੂ ਇਸ ਪੇੜ ਦੇ ਹਰੇਕ ਅੰਗ `ਚ ਸਮਾ ਕੇ ਵੀ ਸਾਰੇ ਪੇੜ ਦੀ ਸੰਭਾਲ ਵੀ ਆਪ ਹੀ ਕਰ ਰਿਹਾ ਹੈ। ਫ਼ੁਰਮਾਨ ਹੈ “ਆਪੇ ਪੇਡੁ ਬਿਸਥਾਰੀ ਸਾਖ॥ ਅਪਨੀ ਖੇਤੀ ਆਪੇ ਰਾਖ” ਇਸੇ ਹੀ ਸ਼ਬਦ `ਚ ਗੁਰਦੇਵ ਹੋਰ ਸਮਝਾਉਂਦੇ ਹਨ “ਜਤ ਕਤ ਪੇਖਉ ਏਕੈ ਓਹੀ॥ ਘਟ ਘਟ ਅੰਤਰਿ ਆਪੇ ਸੋਈ (ਪੰ: 387) ਇਸਤਰ੍ਹਾਂ ਰਚਨਾ ਦੇ ਜ਼ਰੇ ਜ਼ਰੇ `ਚ ਪ੍ਰਭੂ ਆਪ ਵਸ ਰਿਹਾ ਹੈ, ਹਰੇਕ ਹਿਰਦੇ `ਚ ਉਸੇ ਦੀ ਹੋਂਦ ਹੈ। ਗੁਰਦੇਵ ਦੇ ਇਸੇ ਹੀ ਕਥਨ ਨੂੰ ਥੋੜਾ ਹੋਰ ਘੋਖ ਲਈਏ। ਅਸੀਂ ਚਲਦੇ ਫ਼ਿਰਦੇ, ਗਲ ਬਾਤ ਕਰਦੇ, ਜੀਵਨ ਦੀ ਹਰੇਕ ਕਾਰ ਨੂੰ ਚਲਾ ਰਹੇ ਹਾਂ। ਕੇਵਲ ਸਾਡਾ ਇਹ ਸਰੀਰ ਹੀ ਨਹੀਂ ਪ੍ਰਭੂ ਦੀ ਸਾਰੀ ਰਚਨਾ ਦਾ ਆਧਾਰ ਗੁਰਬਾਣੀ `ਚ ਪੰਜ ਤੱਤ-ਅਗਨੀ, ਹਵਾ, ਪਾਣੀ, ਧਰਤੀ (ਮਿੱਟੀ) ਅਤੇ ਆਕਾਸ਼ ਹੀ ਬਿਆਨੇ ਹਨ। ਇਥੋਂ ਤੀਕ ਕਿ ਸਾਡੇ ਸੁਆਸ ਵੀ ਉਸੇ ਪੰਜ ਤੱਤਾਂ ਵਾਲੀ ਹਵਾ ਤੋਂ ਹੀ ਚਲ ਰਹੇ ਹਨ।

ਵੱਡੇ, ਵੱਡੇ ਸਿਆਣੇ ਡਾਕਟਰ ਸਿਰ `ਤੇ ਖੜੇ ਹਨ। ਸਾਰੇ ਵਾਯੂਮੰਡਲ `ਚ ਇਹ ਪੰਜੇ ਤੱਤ ਵੀ ਕਾਇਮ ਹੁੰਦੇ ਹਨ, ਫ਼ਿਰ ਵੀ ਸਾਡਾ ਹੀ ਨਹੀਂ, ਉਨ੍ਹਾਂ ਡਾਕਟਰਾਂ ਤੀਕ ਦਾ ਸਰੀਰ ਵੀ ਇੱਕ ਦਿਨ ਮਿੱਟੀ ਦੀ ਢੇਰ ਹੋ ਜਾਂਦਾ ਹੈ। ਵਾਤਾਵਰਣ `ਚ ਹਵਾ ਉਸੇ ਤਰ੍ਹਾਂ ਮੌਜੂਦ ਹੈ, ਜਿਵੇਂ ਸਾਡੇ ਜਨਮ ਤੋਂ ਪਹਿਲਾਂ ਵੀ ਮੌਜੂਦ ਸੀ। ਤਾਂ ਫ਼ਿਰ ਉਹ ਕੀ ਹੈ ਜਿਸਦੇ ਵੱਖ ਹੋਣ ਨਾਲ ਹੀ ਸਾਡਾ ਸਰੀਰ ਮਿੱਟੀ ਦਾ ਢੇਰ ਹੋ ਜਾਂਦਾ ਹੈ, ਉਹ ਹੈ ਪ੍ਰਭੂ ਦਾ ਅੰਸ਼ ਜਿਸ ਨੂੰ ਗੁਰਬਾਣੀ `ਚ ‘ਜਗਜੀਵਨ’ ਕਹਿ ਕੇ ਵੀ ਬਿਆਨਿਆ ਹੈ। ਇਸ ਸਚਾਈ ਨੂੰ ਸਮਝਣ ਲਈ ਗੁਰਬਾਣੀ ਚੋਂ ਹੀ ਇੱਕ ਹੋਰ ਫ਼ੁਰਮਾਨ ਲੈਂਦੇ ਹਾਂ, ਢੁਰਮਾਨ ਹੈ ਹਰਿ ਜੀਉ ਗੁਫਾ ਅੰਦਰਿ ਰਖਿ ਕੈ ਵਾਜਾ ਪਵਣੁ ਵਜਾਇਆ” (ਪੰ: 922) ਇਥੇ ‘ਗੁਫ਼ਾ’ ਹੈ ਸਾਡਾ ਸਰੀਰ, ‘ਵਾਜਾ ਪਵਣੁ’ ਹੈ ਸਾਡੀ ਸੁਆਸਾਂ ਦੀ ਲੜੀ ਅਤੇ ਜੀਉ’ ਹੈ ਸਾਡੇ ਅੰਦਰ ਕਰਤੇ ਦਾ ‘ਨੂਰ’ ਜਾਂ ‘ਅੰਸ਼’ ਜੋ ਕਿ ਸਾਡੀ ਜ਼ਿੰਦਗੀ ਦਾ ਆਧਾਰ ਹੈ। ਇਹ ਹੈ ਪ੍ਰਭੂ ਦਾ ਨਿਰਗੁਨ ਸਰੂਪ ਜੋ ਕਦੇ ਵੀ ਵਿਗਿਆਨ ਜਾਂ ਡਾਕਟਰੀ ਵਿਗਿਆਨ ਦੀ ਪੱਕੜ `ਚ ਨਹੀਂ ਆ ਸਕੇਗਾ। ਕਿਉਂਕਿ ਉਸ ਦਾ ਕੋਈ ਰੂਪ, ਰੰਗ ਜਾਂ ਆਕਾਰ ਨਹੀਂ। ਇਸੇ `ਚ ਜੋ ਗਲ ਸਮਝਣ ਦੀ ਹੈ ਉਹ ਇਹ ਕਿ ਸਾਡੀ ਆਤਮਾ ਕਦੇ ਵੀ ਨਾਸ ਹੋਣ ਵਾਲੀ ਨਹੀਂ। ਨਾਸਵਾਨ, ਸਾਡਾ ਸਰੀਰ ਹੈ, ਜੋ ਪ੍ਰਭੂ ਦੀ ਹੋਂਦ ਦਾ ਹੀ ਪ੍ਰਗਟਾਵਾ ਜਾਂ ਉਸੇ ਦਾ ਸਰਗੁਨ ਸਰੂਪ ਹੈ। ਇਹੀ ਨੀਯਮ ਉਸਦੀ ਸੰਪੂਰਨ ਰਚਨਾ ਉਪਰ ਵੀ ਲਾਗੂ ਹੁੰਦਾ ਹੈ। ਮਤਲਬ ਇਹ ਕਿ ਪ੍ਰਭੂ ਅੰਸ਼ ਨੂੰ ਕਾਇਮ ਰਹਿਣ ਲਈ ਸਾਡੀ ਲੋੜ ਨਹੀਂ, ਇਸਦੇ ਉਲਟ ਇਸ ਆਤਮਾ ਭਾਵ ਪ੍ਰਭੂ ਦੇ ਨੂਰ ਤੋਂ ਬਿਨਾ ਸਾਡੇ ਸਰੀਰ ਦਾ ਕੋਈ ਮੁੱਲ ਨਹੀਂ।

ਠੀਕ ਇਸੇ ਤਰ੍ਹਾਂ, ਸਾਰੀ ਰਚਨਾ ਨੂੰ ਕਰਤੇ ਦੇ ਨੂਰ ਭਾਵ ਨਿਰਗੁਨ ਸਰੂਪ ਦੀ ਤਾਂ ਲੋੜ ਹੈ ਪਰ ਪ੍ਰਭੂ ਆਪਣੇ ਸਰਗੁਨ ਸਰੂਪ ਭਾਵ ਰਚਨਾ ਦਾ ਮੋਹਤਾਜ ਨਹੀਂ। ਫ਼ੁਰਮਾਨ ਹੈ ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ” (ਪੰ: 294) ਅਰਥ ਹਨ, ਇਹ ਸਾਰੀ ਰਚਨਾ ਕੇਵਲ ਉਸ ਕਰਤਾਰ ਦੀ ਹੀ ਘੜੀ ਹੋਈ ਹੈ। ਜੇ ਉਸ ਨੂੰ ਚੰਗਾ ਲਗਦਾ ਹੈ ਤਾਂ ਜਿੰਨਾ ਚਾਹੇ ਇਸ ਪਸਾਰੇ ਨੂੰ ਫੈਲਾਂਦਾ ਜਾਵੇ ਅਤੇ ਚਾਹੇ ਤਾਂ ਸਾਰੇ ਨੂੰ ਆਪਣੇ ਅੰਦਰ ਹੀ ਸਮੇਟ ਲਵੇ। ਇਸੇ ਤਰ੍ਹਾਂ ਗੁਰਬਾਣੀ `ਚ ਹੀ ਨਾਮਦੇਵ ਜੀ ਫ਼ੁਰਮਾਉਂਦੇ ਹਣ ਜਲ ਤਰੰਗ ਅਰੁ ਫੇਨ ਬੁਦਬੁਦਾ, ਜਲ ਤੇ ਭਿੰਨ ਨ ਹੋਈ॥ ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ, ਬਿਚਰਤ ਆਨ ਨ ਹੋਈ” (ਪੰ: 485) ਇਹ ਸਾਰੀ ਲੀਲਾ ਅਥਵਾ ਰਚਨਾ ਜਾਂ ਬਨਾਵਟ ਉਸ ਕਰਤਾਰ ਦੀ ਹੀ ਹੈ। ਇਸ ਨਾਲ ਇਹ ਵੀ ਸੱਚ ਹੈ ਕਿ ਕਰਤਾਰ ਤੋਂ ਵੱਖ ਹੋ ਕੇ ਇਸ ਰਚਨਾ ਦੀ ਆਪਣੀ ਕੋਈ ਹੋਂਦ ਨਹੀਂ। ਮਿਸਾਲ ਦੇਂਦੇ ਹਨ, ਜਿਵੇਂ ਪਾਣੀ ਤੋਂ ਹੀ ਲਹਿਰਾਂ ਉਠਦੀਆਂ ਹਣ, ਬੁਲਬਲੇ ਅਤੇ ਝੱਗ ਬਣਦੀ ਹੈ ਪਰ ਪਾਣੀ ਤੋਂ ਬਿਨਾ ਇਨ੍ਹਾਂ ਸਾਰਿਆਂ ਦਾ ਕੋਈ ਵਜੂਦ ਨਹੀਂ। ਬਸ ਇਹੀ ਫ਼ਰਕ ਹੈ ਨਿਰਗੁਨ ਤੇ ਸਰਗੁਨ ਦਾ। ਇਥੇ ਹੀ ਦੇਖੋ! ਜਿਵੇਂ ਪਾਣੀ ਦਾ ਵਜੂਦ ਤਾਂ ਕਾਇਮ ਹੈ ਪਰ ਲਹਿਰ ਆਦਿ ਦਾ ਪਾਣੀ ਤੋਂ ਬਿਨਾ ਕੋਈ ਵਜੂਦ ਨਹੀਂ। ਇਹੀ ਫ਼ਰਕ ਹੈ ਪ੍ਰਭੂ ਦੇ ਨਿਰਗੁਨ ਅਤੇ ਸਰਗੁਨ ਸਰੂਪ ਦਾ। ਗੁਰਦੇਵ ਫ਼ੁਰਮਾਉਂਦੇ ਹਣ ਸਰਗੁਣ ਨਿਰਗੁਣ ਥਾਪੈ ਨਾਉ॥ ਦੁਹ ਮਿਲਿ ਏਕੈ ਕੀਨੋ ਠਾਉ” ਅਤੇ ਇਸੇ ਸ਼ਬਦ `ਚ ਗੁਰਦੇਵ ਫ਼ੁਰਮਾਉਂਦੇ ਹਨ “ਆਪੇ ਸੂਰੁ ਕਿਰਣਿ ਬਿਸਥਾਰੁ॥ ਸੋਈ ਗੁਪਤੁ ਸੋਈ ਆਕਾਰੁ” (ਪੰ: 387) ਭਾਵ ਇਹ ਰਚਨਾ ਤਾਂ ਪ੍ਰਭੂ ਦਾ ਆਪਣਾ ਹੀ ਵਿਸਤਾਰ ਹੈ ਜਿਵੇਂ ਸੂਰਜ ਤੇ ਸੂਰਜ ਦੀਆਂ ਕਿਰਣਾਂ। ਨਹੀਂ ਤਾਂ ਸਭ ਮਹਿ ਜੋਤਿ ਜੋਤਿ ਹੈ ਸੋਇ. .” (ਪੰ: 12) ਅਨੁਸਾਰ ਗੁਪਤ ਰੂਪ `ਚ ਸਾਰੇ ਸੰਸਾਰ ਦੇ ਜ਼ਿੰਦਗੀ ਦਾ ਸੋਮਾਂ ਉਹ ਆਪ ਹੈ ਅਤੇ ਜੋਤਿ ਰੂਪ ਹੋ ਕੇ ਸਾਰਿਆਂ ਅੰਦਰ ਉਹ ਆਪ ਹੀ ਵਰਤ ਰਿਹਾ ਹੈ, ਕੋਈ ਦੂਜਾ ਨਹੀਂ। ਹੋਰ ਸਭਿ ਘਟ ਭੋਗਵੈ ਅਲਿਪਤੁ ਰਹੈ ਅਲਖੁ ਨ ਲਖਣਾ ਜਾਈ” (ਪੰ: 592) ਇਸਦੇ ਉਲਟ ਜਿਸ ਉਪਰ ਵਿਚਾਰ ਵੀ ਹੋ ਚੁੱਕੀ ਹੈ, ‘ਰੱਬੀ ਗਿਆਨ’ ਜਿਸਨੂੰ ਬਾਣੀ ਗੁਰੂ, ਸਤਿਗੁਰੂ ਅਤੇ ਸ਼ਬਦ ਵੀ ਕਿਹਾ ਹੈ ਅਤੇ ਗੁਰਬਾਣੀ ਹੀ ਉਸਦਾ ਪ੍ਰਗਟਾਵਾ ਹੈ। ਪੂਰੈ ਗੁਰਿ ਵੇਖਾਲਿਆ ਸਬਦੇ ਸੋਝੀ ਪਾਈ” (ਪੰ: 592) ਭਾਵ ਗੁਰਬਾਣੀ ਬਿਨਾ ਪ੍ਰਭੂ ਦੀ ਸਮਝ ਹੀ ਨਹੀਂ ਆ ਸਕਦੀ। ਇਹ ਹਨ ਕਰਤਾਰ ਦੇ ਹੀ ਦੋ ਰੂਪ ਇੱਕ ਉਹ ਜਿਸ ਲਈ ਗੁਰਦੇਵ ਫ਼ੁਰਮਉਂਦੇ ਹਨ “ਰੂਪੁ ਨ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ” (ਪੰ: 283) ਭਾਵ ਉਸ ਦਾ ਨਿਰਗੁਨ ਸਰੂਪ ਅਤੇ ਦੂਜਾ ਹੈ ਉਸੇ ਦਾ ‘ਸਰਗੁਨ ਸਰੂਪ’ ਜੋ ਕਿ ਇਹ ਸਾਰੀ ਰਚਨਾ ਉਸੇ ਕਰਤਾਰ ਦਾ ਹੀ ਪ੍ਰਗਟਾਵਾ ਹੈ। ਇਸਤਰ੍ਹਾ ਨਿਰਗੁਨ ਅਤੇ ਸਰਗੁਨ ਦੋ ਭਿੰਨ ਨਹੀਂ ਹਨ, ਸਾਨੂੰ, ਅਸਾਂ ਇਨ੍ਹਾਂ ਭਰਮਾਂ ਚੋਂ ਨਿਕਲਣਾ ਹੈ।

“ਆਪੀਨ੍ਹ੍ਹੈ ਆਪੁ ਸਾਜਿਓ” - ਖੂਬੀ ਇਹ, ਸਾਰੀ-ਸਾਰੀ ਉਮਰ ਗੁਰਬਾਣੀ ਦੇ ਚਰਣਾਂ `ਚ ਮੱਥਾ ਟੇਕ ਕੇ ਵੀ, ਗੁਰਬਾਣੀ ਦੇ ਪ੍ਰਚਾਰ ਅਤੇ ਗੁਰਦੁਆਰਾ ਪ੍ਰਬੰਧ ਦੀਆਂ ਕਮਜ਼ੋਰੀਆਂ ਕਾਰਨ ਅੱਜ ਅਸੀਂ ਵੀ ਉਸੇ ਅਗਿਆਨਤਾ ਦੇ ਖੂਹ `ਚ ਡੁੱਬੇ ਪਏ ਹਾਂ, ਜਿਸ ਚੋਂ ਗੁਰਬਾਣੀ ਨੇ ਮਨੁੱਖ ਨੂੰ ਕਢਿਆ ਹੈ। ਉਂਝ ਤਾਂ ਗੁਰਬਾਣੀ `ਚ ਇਸ ਨਿਰਗੁਨ ਤੇ ਸਰਗੁਨ ਦੇ ਵਿਸ਼ੇ ਨੂੰ ਬੜਾ ਖੋਲ ਕੇ ਅਨੇਕਾਂ ਵਾਰੀ ਸਪਸ਼ਟ ਕੀਤਾ ਹੈ ਫ਼ਿਰ ਵੀ ਵਿਸ਼ੇ ਨੂੰ ਸਮਝਣ ਲਈ ਇਕ-ਦੋ ਮਿਸਾਲਾਂ ਹੋਰ ਲੈਂਦੇ ਹਾਂ। ਗੁਰਦੇਵ ਫ਼ੁਰਮਾਉਂਦੇ ਹਣ ਆਪੀਨ੍ਹ੍ਹੈ ਆਪੁ ਸਾਜਿਓ, ਆਪੀਨ੍ਹ੍ਹੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ, ਕਰਿ ਆਸਣੁ ਡਿਠੋ ਚਾਉ॥ ਦਾਤਾ ਕਰਤਾ ਆਪਿ ਤੂੰ, ਤੁਸਿ ਦੇਵਹਿ ਕਰਹਿ ਪਸਾਉ॥ ਤੂੰ ਜਾਣੋਈ ਸਭਸੈ, ਦੇ ਲੈਸਹਿ ਜਿੰਦੁ ਕਵਾਉ॥ ਕਰਿ ਆਸਣੁ ਡਿਠੋ ਚਾਉ” (ਪੰ: 462) ਭਾਵ ਇਹ ਕਰਤਾਰ ਦੀ ਹੋਂਦ ਆਪਣੇ ਆਪ ਤੋਂ ਹੈ ਉਸਨੂੰ ਕਿਸੇ ਬਨਾਇਆ ਜਾਂ ਪੈਦਾ ਨਹੀਂ ਕੀਤਾ। ਉਸ ਦੀਆਂ ਸਿਫ਼ਤਾਂ ਵਡਿਆਈਆਂ-ਸਿਫ਼ਤਾਂ (ਨਾਉ) ਵੀ ਉਸੇ ਦੀ ਰਚਨਾ ਚੋਂ ਆਪਣੇ ਆਪ ਪੈਦਾ ਹੁੰਦੀਆਂ ਹਨ। ਇਸ ਤੋਂ ਬਾਅਦ ‘ਦੁਯੀ ਕੁਦਰਤਿ’ ਭਾਵ ਇਹ ਰਚਨਾ ਵੀ ਉਸੇ ਨੇ ਹੀ ਘੜੀ ਹ ਇਹ ਰਚਨਾ ਹੀ ਉਸਦਾ ਪ੍ਰਗਟਾਵਾ ਅਥਵਾ ਸਰਗੁਨ ਸਰੂਪ ਵੀ ਹੈ। ਕਾਰਨ ਕਿ ਪ੍ਰਭੂ ਇਸਤੋਂ ਅੱਡ ਜਾਂ ਵੱਖ ਨਹੀਂ ਬਲਕਿ ਬੜੀ ਪ੍ਰਸੰਨਤਾ ਨਾਲ ਆਪ ਆਪ ਵੀ ਇਸੇ ਅੰਦਰ ਟਿਕਿਆ ਹੋਇਆ ਹੈ। ਇਥੋਂ ਤੀਕ ਕਿ ਇਸ ਸੰਸਾਰ ਨੂੰ ਪੈਦਾ ਕਰਣ ਵਾਲਾ, ਇਸ ਦੀ ਪਾਲਣਾ ਤੇ ਸੰਘਾਰ ਕਰਣ ਵਾਲਾ ਵੀ ਉਹ ਆਪ ਹੀ ਹੈ ਅਤੇ ਪ੍ਰਚਲਤ ਕੀਤੇ ਬ੍ਰਹਮਾ-ਵਿਸ਼ਨੂ-ਮਹੇਸ਼ (ਸ਼ਿਵ ਜੀ) ਆਦਿ ਵੀ ਨਹੀਂ ਹਨ। ਹੋਰ ਲਵੋ! “ਆਪਹਿ ਏਕ ਆਪਹਿ ਅਨੇਕ॥ ਮਰੈ ਨ ਬਿਨਸੈ ਆਵੈ ਨ ਜਾਇ॥ ਨਾਨਕ ਸਦ ਹੀ ਰਹਿਆ ਸਮਾਇ॥ ੬ ॥ ਆਪਿ ਉਪਦੇਸੈ ਸਮਝੈ ਆਪਿ॥ ਆਪੇ ਰਚਿਆ ਸਭ ਕੈ ਸਾਥਿ॥ ਆਪਿ ਕੀਨੋ ਆਪਨ ਬਿਸਥਾਰੁ” (ਪੰ: 279) ਜਾਂ “ਤੂੰ ਪੇਡੁ ਸਾਖ ਤੇਰੀ ਫੂਲੀ॥ ਤੂੰ ਸੂਖਮੁ ਹੋਆ ਅਸਥੂਲੀ॥ ਤੂੰ ਜਲਨਿਧਿ ਤੂੰ ਫੇਨੁ ਬੁਦਬੁਦਾ ਤੁਧੁ ਬਿਨੁ ਅਵਰੁ ਨ ਭਾਲੀਐ ਜੀਉ (ਪੰ: 102)। ਮੁੱਕਦੀ ਗਲ, ਹੇ ਕਰਤਾਰ! ਤੂੰ ਆਪ ਹੀ ਸਾਰੀ ਰਚਨਾ ਦਾ ਵਜੂਦ-ਪ੍ਰਗਟਾਵਾ (ਸਰਗੁਨ) ਅਤੇ ਨਿਰਗੁਨ ਸਰੂਪ ਵੀ ਤੂੰ ਆਪ ਹੀ ਹੈਂ।

ਸਰਬ ਵਿਆਪਕ ਪ੍ਰਭੂ- ਬੇਸ਼ਕ ਪ੍ਰਭੂ ਦੇ ਨਿਰਗੁਨ ਤੇ ਸਰਗੁਨ ਦੇ ਵਿਸ਼ੇ ਨੂੰ ਸਪਸ਼ਟ ਕਰਦੇ, ‘ਅਕਾਲਪੁਰਖ’ ਦੇ ਸਰਬ-ਵਿਆਪਕ ਗੁਣ ਬਾਰੇ ਬਹੁਤ ਵਾਰੀ ਵਿਚਾਰ ਹੋ ਚੁੱਕੀ ਹੈ ਅਤੇ ਕਿਉਂਕਿ ਵਿਸ਼ੇ ਆਪਸ `ਚ ਮਿਲਵੇਂ ਹਨ। ਫ਼ਿਰ ਵੀ ਬਹੁਤੇ ਵੇਰਵੇ ਨਾਲ ਨਾ ਸਹੀ, ਗੁਰਬਾਣੀ ਵਿਚੋਂ ਹੀ ਕੁੱਝ ਪ੍ਰਮਾਣ ਲੈ ਕੇ ਅਸਾਂ ਇਹ ਵੀ ਪੱਕਾ ਕਰਨਾ ਹੈ ਕਿ ਉਸਦੇ ‘ਸਰਗੁਨ’ ਸਰੂਪ ਦਾ ਮਤਲਬ ਹੀ, ਉਸਦਾ ਰਚਨਾ ਦੇ ਜ਼ਰੇ ਜ਼ਰੇ `ਚ ਵਿਆਪਕ ਹੋਣਾ ਹੈ। ਇਸ ਲਈ ਇਸ ਵਿਸ਼ੇ ਉਪਰ ਬਹੁਤੇ ਅਰਥਾਂ ਨੂੰ ਦਿਤੇ ਬਿਨਾ ਇਸ ਦੀ ਪ੍ਰੌੜਤਾ `ਚ ਅਸੀਂ ਕੁੱਝ ਪ੍ਰਮਾਣ ਦੇ ਰਹੇ ਹਾਂ ਜਿਵੇਂ “ਤੂ ਕਰਤਾ, ਤੇਰਾ ਸਭੁ ਕੀਆ॥ ਤੁਝੁ ਬਿਨੁ, ਅਵਰੁ ਨ ਕੋਈ ਬੀਆ॥ ਆਦਿ ਮਧਿ ਅੰਤਿ ਪ੍ਰਭੁ ਤੂਹੈ, ਸਗਲ ਪਸਾਰਾ ਤੁਮ ਤਨਾ (ਪੰ: 1029) ਹੋਰ ਦੇਖੋ! “ਆਪੇ ਸੂਤੁ, ਆਪੇ ਬਹੁ ਮਣੀਆ, ਕਰਿ ਸਕਤੀ ਜਗਤੁ ਪਰੋਇ, ਆਪੇ ਹੀ ਸੂਤਧਾਰੁ ਹੈ ਪਿਆਰਾ, ਸੂਤੁ ਖਿੰਚੇ ਢਹਿ ਢੇਰੀ ਹੋਇ (ਪੰ: 604) ਪੁਨਾ “ਆਪੇ ਰਸੀਆ, ਆਪਿ ਰਸੁ, ਆਪੇ ਰਾਵਣਹਾਰੁ॥ ਆਪੇ ਹੋਵੈ ਚੋਲੜਾ, ਆਪੇ ਸੇਜ ਭਤਾਰੁ॥ ੧ ॥ ਰੰਗਿ ਰਤਾ ਮੇਰਾ ਸਾਹਿਬੁ, ਰਵਿ ਰਹਿਆ ਭਰਪੂਰਿ॥ ੧ ॥ ਰਹਾਉ॥ ਆਪੇ ਮਾਛੀ ਮਛੁਲੀ, ਆਪੇ ਪਾਣੀ ਜਾਲੁ॥ ਆਪੇ ਜਾਲ ਮਣਕੜਾ, ਆਪੇ ਅੰਦਰਿ ਲਾਲੁ॥ ੨ ॥ ਆਪੇ ਬਹੁ ਬਿਧਿ ਰੰਗੁਲਾ, ਸਖੀਏ ਮੇਰਾ ਲਾਲੁ॥ ਨਿਤ ਰਵੈ ਸੋਹਾਗਣੀ ਦੇਖੁ ਹਮਾਰਾ ਹਾਲੁ॥ ੩ ॥ ਪ੍ਰਣਵੈ ਨਾਨਕੁ ਬੇਨਤੀ, ਤੂ ਸਰਵਰੁ ਤੂ ਹੰਸੁ॥ ਕਉਲੁ ਤੂ ਹੈ, ਕਵੀਆ ਤੂ ਹੈ, ਆਪੇ ਵੇਖਿ ਵਿਗਸੁ॥ ੪ ॥” (ਪੰ: 23) ਮੁੱਕਦੀ ਗਲ, ਨਿਰਜੀਵ ਜਾਂ ਜੀਵ ਧਾਰੀ-ਮਨੁੱਖ, ਪਸ਼ੂ, ਪੰਛੀ, ਕੀੜੇ-ਮਕੌੜੇ, ਪਾਣੀ ਦੇ ਜੀਵ, ਫੁਲ, ਪੌਧੇ ਸਭ ਅੰਦਰ ਨੂਰ ਤੇ ਹੋਂਦ ਕਰਤਾਰ ਦੀ ਹੀ ਹੈ, ਉਸਤੋਂ ਬਿਨਾ ਕੁੱਝ ਵੀ ਨਹੀਂ। ਇਸੇ ਲਈ “ਆਪੇ ਭਵਰਾ ਫੂਲ ਬੇਲਿ॥ ਆਪੇ ਸੰਗਤਿ ਮੀਤ ਮੇਲਿ॥ ੧ ॥ ਐਸੀ ਭਵਰਾ ਬਾਸੁ ਲੇ॥ ਤਰਵਰ ਫੂਲੇ ਬਨ ਹਰੇ॥ ੧ ॥ ਰਹਾਉ॥ ਆਪੇ ਕਵਲਾ ਕੰਤੁ ਆਪਿ॥ ਆਪੇ ਰਾਵੇ ਸਬਦਿ ਥਾਪਿ॥ ੨ ॥ ਆਪੇ ਬਛਰੂ ਗਊ ਖੀਰੁ॥ ਆਪੇ ਮੰਦਰੁ ਥੰਮ੍ਹ੍ਹü ਸਰੀਰੁ॥ ੩ ॥ ਆਪੇ ਕਰਣੀ ਕਰਣਹਾਰੁ॥ ਆਪੇ ਗੁਰਮੁਖਿ ਕਰਿ ਬੀਚਾਰੁ॥ ੪ ॥ ਤੂ ਕਰਿ ਕਰਿ ਦੇਖਹਿ ਕਰਣਹਾਰੁ॥ ਜੋਤਿ ਜੀਅ ਅਸੰਖ ਦੇਇ ਅਧਾਰੁ॥ ੫ ॥ ਤੂ ਸਰੁ ਸਾਗਰੁ ਗੁਣ ਗਹੀਰੁ॥ ਤੂ ਅਕੁਲ ਨਿਰੰਜਨੁ ਪਰਮ ਹੀਰੁ॥ ੬ ॥ ਤੂ ਆਪੇ ਕਰਤਾ ਕਰਣ ਜੋਗੁ॥ ਨਿਹਕੇਵਲੁ ਰਾਜਨ ਸੁਖੀ ਲੋਗੁ॥ ੭ ॥ ਨਾਨਕ ਧ੍ਰਾਪੇ ਹਰਿ ਨਾਮ ਸੁਆਦਿ॥ ਬਿਨੁ ਹਰਿ ਗੁਰ ਪ੍ਰੀਤਮ ਜਨਮੁ ਬਾਦਿ॥ ੮ ॥ (ਪੰ: 1190) ਇਸੇ ਕਾਰਨ ਪ੍ਰਭੂ ਨੂੰ ਗੁਰਬਾਣੀ `ਚ ਅਨੇਕਾਂ ਥਾਵੇਂ ‘ਪ੍ਰਾਨ ਆਧਾਰ” ਅਤੇ ‘ਜਗ ਜੀਵਨ ਦਾਤਾ’ ਭਾਵ ਸਾਰੀ ਰਚਨਾ ਦਾ ਜੀਵਨ ਕਰਕੇ ਵੀ ਕਿਹਾ ਹੈ ਜਿਵੇਂ ਜਗਜੀਵਨ ਪ੍ਰਾਨ ਆਧਾਰਾ” (ਪੰ: 655) “ਜਗਜੀਵਨ ਨਾਮੁ ਤੁਮਾਰਾ॥ ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ” (ਪੰ: 625) ਆਦਿ। ਇਸਤੋਂ ਬਾਅਦ ਇਸੇ ਵਿਸ਼ੇ `ਤੇ ਦੋ ਹੋਰ ਜ਼ਰੂਰੀ ਪੱਖ ਹਣ, ਜੋ ਵਿਚਾਰ ਮੰਗਦੇ ਹਨ। ਪਹਿਲਾ- ਇਸ ਦੀ ਪਹਿਚਾਣ ਕਿਵੇਂ ਹੋਵੇ ਕਿ ਸਚਮੁੱਚ ਕਰਤਾ ਹੀ ਸਾਰੀ ਰਚਨਾ `ਚ ਵਿਆਪਕ ਹੈ। ਦੂਜਾ-ਸਾਡੇ ਆਪਣੇ ਜੀਵਨ ਵਿਚੋਂ ਹੀ ਕਿਵੇਂ ਸਮਝ ਆਵੇ ਕਿ ਸਾਡੇ ਅੰਦਰ ਵੱਸ ਰਹੇ ਉਸ ਨਿਰਗੁਨ ਨਾਲ ਸਾਡਾ ਜੀਂਦੇ ਜੀਅ ਮਿਲਾਪ ਹੋ ਗਿਆ ਹੈ ਅਤੇ ਉਸ ਦੀ ਸਾਨੂੰ ਆਪਣੇ ਅੰਦਰੋਂ ਹੀ ਪਛਾਣ ਆ ਜਾਵੇ। ਇਹ ਦੋਵੇਂ ਆਪਣੇ ਆਪ `ਚ ਸੰਪੂਰਣ ਵਿਸ਼ੇ ਹਨ ਫ਼ਿਰ ਵੀ ਇਥੇ ਇਸ਼ਾਰੇ ਮਾਤ੍ਰ ਵਿਚਾਰ ਜ਼ਰੂਰੀ ਸਮਝਦੇ ਹਾਂ।

ਪੁਰਖਾਂ ਬਿਰਖਾਂ ਤੀਰਥਾਂ-ਬਾਣੀ ‘ਆਸਾ ਕੀ ਵਾਰ’ ਦੇ ਸਲੋਕ ‘ਪੁਰਖਾਂ ਬਿਰਖਾਂ ਤੀਰਥਾਂ ਨੂੰ ਗਹੁ ਨਾਲ ਵਿਚਾਰੋ! ਗੁਰਦੇਵ ਦੱਸਦੇ ਹਨ, ਸਾਡੇ ਇੱਕ ਇਕ ਮਨੁੱਖਾ ਸਰੀਰ ਦੀ ਪਾਲਣਾ ਲਈ ਹਰੇਕ ਸਮੇਂ ਅਰਬਾਂ ਜੀਵ ਲਗੇ ਹੋਏ ਹਨ, ਨਹੀਂ ਤਾਂ ਸਾਡਾ ਇਹ ਸਰੀਰ ਚਲ ਹੀ ਨਹੀਂ ਸਕਦਾ। ਫ਼ਿਰ ਇੱਕ ਇਕ ਬਿਰਖ ਨਾਲ, ਅੱਗੇ ਕਰੋੜਾਂ ਜੀਵਾਂ ਦਾ ਹਰ ਸਮੇਂ ਸੰਬੰਧ ਹੈ। ਜਿੱਥੇ ਨਜ਼ਰ ਮਾਰੋ ਆਕਾਸ਼, ਧਰਤੀ, ਪਾਣੀ, ਬੇਅੰਤ ਰਚਨਾ ਪਰ ਜੀਵ ਹੀ ਜੀਵ “ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ॥ ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ॥ ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ॥ ਸੋ ਕਰਤਾ ਚਿੰਤਾ ਕਰੇ. .” ਜੀਵਾਂ ਦਾ ਅੰਤ ਨਹੀਂ। ਉਸਤੋਂ ਬਾਅਦ ਜਨਮ-ਮਰਣ ਤੇ ਮਨੁੱਖ ਦੀ ਤਰ੍ਹਾਂ ਹੀ ਹਰੇਕ ਜੀਵਨ ਦੀਆਂ ਬੇਅੰਤ ਲੋੜਾਂ, ਆਖਿਰ ਇਹ ਸਾਰਾ ਸਿਲਸਿਲਾ ਕਿਵੇਂ ਚਲ ਰਿਹਾ ਹੈ? ਇਨਸਾਨ ਤਾਂ ਇਨਸਾਨ, ਪੱਥਰਾਂ-ਚਟਾਣਾਂ ਅੰਦਰ ਵੀ ਜੀਵ ਜਨਮ ਲੈਂਦੇ ਹਨ, ਉਨ੍ਹਾਂ ਦਾ ਭੋਜਨ ਵੀ ਉਨ੍ਹਾਂ ਦੇ ਜਨਮ ਤੋਂ ਪਹਿਲਾਂ ਤੇ ਪੂਰੇ ਜੀਵਨ `ਚ ਉਨ੍ਹਾਂ ਨੂੰ ਮਿਲਦਾ ਹੈ। ਮੌਤ ਤੋਂ ਬਾਅਦ ਫ਼ਿਰ ਜਨਮ ਦਾ ਅਨੰਤ ਸਿਲਸਲਾ, ਬੜੇ ਨਿਯਮ-ਬਧ ਤਰੀਕੇ ਆਪ ਮੁਹਾਰੇ ਤਾਂ ਨਹੀਂ, ਆਖਿਰ ਕੌਣ ਚਲਾ ਰਿਹਾ ਹੈ? (ਮਨੁੱਖ ਨੂੰ ਛੱਡ ਕੇ) ਨਾ ਹੀ ਤਾਂ ਕੋਈ ਜੀਵ ਭੁੱਖਾ ਮਰਦਾ ਜਾਂ ਫਾਕੇ ਕੱਟਦਾ ਹੈ ਤੇ ਨਾ ਹੀ ਆਤਮ-ਹਤਿਆ ਕਰਦਾ ਹੈ। ਤਾਂ ਫ਼ਿਰ ਉਹ ਕਿਹੜੀ ਹਸਤੀ ਹੈ, ਜਿਸ ਦੇ ਅੱਡ ਹੁੰਦੇ ਹੀ ਸਰੀਰ ਤਾਂ ਕਾਇਮ ਹੈ, ਪਰ ਇਹ ਮਿੱਟੀ ਦਾ ਢੇਰ ਹੋ ਜਾਂਦਾ ਹੈ ਅਤੇ ਹਰੇਕ ਸ਼੍ਰੇਣੀ `ਚ ਇਹ ਮੌਤ ਵਾਲਾ ਨਿਯਮ ਬੇਰੋਕ ਚਲ ਰਿਹਾ ਹੈ। ਇਸੇ ਤਰ੍ਹਾਂ ਪਉੜੀ ਦੋ ਦੇ ਸਲੋਕ `ਚ ਗੁਰਦੇਵ ਫ਼ੁਰਮਾਉਂਦੇ ਹਣ “ਵਡੀ ਵਡਿਆਈ ਬੁਝੈ ਸਭਿ ਭਾਉ॥ ਵਡੀ ਵਡਿਆਈ ਜਾ ਪੁਛਿ ਨ ਦਾਤਿ … “ ਭਾਵ ਕੇਵਲ ਅਕਾਲਪੁਰਖ ਹੀ ਹੈ ਜੋ ਕਿਸੇ ਨੂੰ ਪੁਛ ਕੇ ਦਾਤਾਂ ਨਹੀਂ ਦੇਂਦਾ ਬਲਕਿ ਹਰੇਕ ਜੀਵ ਦੀਆਂ ਲੋੜਾਂ ਤੋਂ ਅੱਗੇ ਉਨ੍ਹਾਂ ਦੀ ਭਾਵਨਾ ਤੀਕ ਨੂੰ ਬੁਝਦਾ ਹੈ। “ਵਿਸਮਾਦੁ ਨਾਦ ਵਿਸਮਾਦੁ ਵੇਦ॥ ਵਿਸਮਾਦੁ ਜੀਅ ਵਿਸਮਾਦੁ ਭੇਦ॥ ਵਿਸਮਾਦੁ ਰੂਪ ਵਿਸਮਾਦੁ ਰੰਗ॥ ਵਿਸਮਾਦੁ ਨਾਗੇ ਫਿਰਹਿ ਜੰਤ. .” ਵਾਲੇ ਸਲੋਕ `ਚ ਪਾਤਸ਼ਾਹ ਦਸਦੇ ਹਨ ਬੇਅੰਤ ਰੰਗਾਂ-ਸ਼੍ਰੇਣੀਆਂ ਦੇ ਜੀਵ, ਉਨ੍ਹਾਂ ਦੀਆਂ ਵੱਖ ਵੱਖ ਲੋੜਾਂ, ਸਭ ਆਪਣੇ ਆਪ ਪੂਰੀਆਂ ਹੁੰਦੀਆਂ ਹਨ। ਸਚਾਈ ਇਹ ਹੈ ਕਿ ਰਚਨਾ ਦੀ ਗਹਰਾਈ ਵਲ ਵੱਧ ਕੇ ਵਿਸਮਾਦ ਅਵਸਥਾ `ਚ ਆਏ ਬਿਨਾ, ਰਚਨਾ ਚੋਂ ਉਸ ਪ੍ਰਭੂ ਦੇ ਦਰਸ਼ਨ ਨਹੀਂ ਹੋ ਸਕਦੇ। ਗੁਰਦੇਵ ਫ਼ੁਰਮਾਉਂਦੇ ਹਨ ਕਿ ਅਜਿਹਾ ਸੋਚਣਾ ਹੀ ਕਰਤੇ ਪ੍ਰਤੀ ਅਗਿਆਨਤਾ ਅਤੇ ਮਨੁੱਖ ਦੀ ਮਾਨਸਿਕ ਕਮਜ਼ੋਰੀ ਹੈ ਕਿ ਧਿਆਨ ਟਿਕਾਉਣ ਲਈ ਕਿਸੇ ਮੂਰਤੀ, ਫ਼ੋਟੋ ਜਾਂ ਸਰੂਪ ਦੀ ਲੋੜ ਹੈ ਉਸ ਦਾ ਸਰੂਪ ਤਾਂ ਉਸ ਦੀ ਬੇਅੰਤ ਰਚਨਾ ਹੈ। ਤਾਂ ਤੇ ਪ੍ਰਭੂ `ਚ ਮੰਨ ਜੋੜਣ ਲਈ, ਉਸਦੀ ਬੇਅੰਤ ਰਚਨਾ ਚੋਂ “ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥ ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ … “ ਅਨੁਸਾਰ ਉਸ ਦੇ ਦਰਸ਼ਨ, ਉਸ ਦੀ ਬੇਅੰਤ ਰਚਨਾ `ਚੋਂ ਹੀ ਹੋਣਗੇ, ਲੋੜ ਹੈ ਕੇਵਲ ਉਸ ਬਾਰੇ ਸਮਝ ਤੇ ਦਰਸ਼ਨਾਂ ਦੀ ਜਾਚ ਦੀ।

ਨਿਰਗੁਨ ਪ੍ਰਭੂ ਦੇ ਆਪਣੇ ਅੰਦਰੋਂ ਦਰਸ਼ਨ? ਅਕਾਲਪੁਰਖ ਤਾਂ ਸਾਡੇ ਅੰਦਰ ਵਸਦਾ ਹੈ ਉਸੇ ਕਾਰਨ ਸਾਡਾ ਸਰੀਰ ਜ਼ਿੰਦਾ ਹੈ। ਵਿਸ਼ਾ ਇਹ ਕਿ ਸਾਡਾ ਸਰੀਰ, ਪ੍ਰਭੂ ਦੇ ਹੀ ਸਰਗੁਨ ਸਰੂਪ ਦਾ ਪ੍ਰਗਟਾਵਾ ਹੈ ਤਾਂ ਪਛਾਣ ਕਿਵੇਂ ਆਏ ਕਿ ਅਸਾਂ ਪ੍ਰਭੂ ਨੂੰ ਪ੍ਰਾਪਤ ਕਰ ਲਿਆ ਹੈ ਜਾਂ ਉਸਨੂੰ ਪ੍ਰਗਟ ਕਰ ਲਿਆ ਹੈ। ਇਸ ਨੂੰ ਸਮਝਣ ਲਈ ਅਸੀਂ ਬਾਣੀ ਵਿਚੋਂ ਨਾਮਦੇਵ ਜੀ ਦਾ ਫ਼ੁਰਮਾਨ ਲੈਂਦੇ ਹਾਂ ਨਾਦਿ ਸਮਾਇਲੋ ਰੇ, ਸਤਿਗੁਰੁ ਭੇਟਿਲੇ ਦੇਵਾ” ਭਾਵ ਮਨੁੱਖ ਦੇ ਜੀਵਨ ਅੰਦਰ ਅਕਾਲਪੁਰਖ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਉਸ ਜੀਵਨ ਅੰਦਰੋ ਵਾਸ਼ਨਾ, ਭਟਕਣਾ, ਤ੍ਰਿਸ਼ਨਾ, ਵਿਕਾਰ, ਆਸ਼ਾ-ਨਿਰਾਸ਼ਾ ਸ਼ਾਂਤ ਹੋ ਜਾਂਦੇ ਹਨ। ਜੀਵਨ ਪ੍ਰਭੂ ਪਿਆਰ ਦੇ ਰੰਗ `ਚ ਰੰਗਿਆ ਜਾਂਦਾ ਅਤੇ ਟਿਕਾਅ `ਚ ਆ ਜਾਂਦਾ ਹੈ। ਪੂਰਾ ਸ਼ਬਦ ਹੈ “ਜਬ ਦੇਖਾ, ਤਬ ਗਾਵਾ॥ ਤਉ ਜਨ ਧੀਰਜੁ ਪਾਵਾ॥ ੧॥ ਨਾਦਿ ਸਮਾਇਲੋ ਰੇ, ਸਤਿਗੁਰੁ ਭੇਟਿਲੇ ਦੇਵਾ॥ ੧॥ ਰਹਾਉ॥ ਜਹ ਝਿਲਿਮਿਲਿਕਾਰੁ ਦਿਸੰਤਾ॥ ਤਹ ਅਨਹਦ ਸਬਦ ਬਜੰਤਾ॥ ਜੋਤੀ ਜੋਤਿ ਸਮਾਨ੍ਹ੍ਹੀ॥ ਮੈ ਗੁਰ ਪਰਸਾਦੀ ਜਾਨੀ॥ ੨॥ ਰਤਨ ਕਮਲ ਕੋਠਰੀ॥ ਚਮਕਾਰ ਬੀਜੁਲ ਤਹੀ॥ ਨੇਰੈ ਨਾਹੀ ਦੂਰਿ॥ ਨਿਜ ਆਤਮੈ ਰਹਿਆ ਭਰਪੂਰਿ॥ ੩॥ ਜਹ ਅਨਹਤ ਸੂਰ ਉਜBਾਰਾ॥ ਤਹ ਦੀਪਕ ਜਲੈ ਛੰਛਾਰਾ॥ ਗੁਰ ਪਰਸਾਦੀ ਜਾਨਿਆ॥ ਜਨੁ ਨਾਮਾ ਸਹਜ ਸਮਾਨਿਆ॥ ੪॥ ੧॥ (ਪੰ: 656) ਭਾਵ ‘ਪ੍ਰਭੂ ਦੀ ਬਖਸ਼ਿਸ਼ ਨਾਲ ਜੀਵਨ ਅੰਦਰ ਗੁਰੂ ਗਿਆਨ ਦਾ ਬੇਅੰਤ ਪ੍ਰਕਾਸ਼ ਹੋ ਗਿਆ ਹੈ। ਇਸ ਤਰ੍ਹਾਂ ਮੇਰੇ ਜਿਸ ਜੀਵਨ `ਚ ਪਹਿਲਾਂ ਬੜੀ ਚੰਚਲਤਾ, ਉਛਲ-ਕੂਦ ਭਰੀ ਹੋਈ ਸੀ, ਹੁਣ ਮੈਨੂੰ ਆਪਣੇ ਅੰਦਰੋਂ ਹੀ ਪ੍ਰਭੂ ਦੇ ਦਰਸ਼ਨ ਹੋ ਰਹੇ ਹਨ ਤੇ ਮੇਰੇ ਕੋਲ ਹੈ। ਹੀਰੇ-ਜਵਾਹਰਾਤਾਂ ਤੋਂ ਮਹਿੰਗੇ, ਉਸ ਦੇ ਗੁਣ ਮੇਰੇ ਜੀਵਨ ਅੰਦਰੋਂ ਪ੍ਰਗਟ ਹੋ ਗਏ ਹਨ ਅਤੇ ਆਪਣੇ ਆਪ ਹੀ ਅਉਗਣਾਂ ਦਾ ਨਾਸ ਹੋ ਰਿਹਾ ਹੈ। ਅਗਿਆਣਤਾ ਦੇ ਘੁੱਪ ਹਨੇਰਾ ਮੁੱਕ ਗਿਆ ਹੈ ਤੇ ਗਿਆਨ ਦਾ ਸੂਰਜ ਪ੍ਰਗਟ ਹੋ ਗਿਆ ਹੈ। #131s08.01.08#

Including this Gurmat Lesson No 131

ਨਿਰਗੁਨ ਅਤੇ ਸਰਗੁਨ

For all the Gurmat Lessons written by ‘Principal Giani Surjit Singh’ Sikh Missionary, Delhi, all the rights are reserverd with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases upto 500/-)per hundred copies . (+P&P.Extra) From ‘Gurmat Education Centre, Delhi’, Postal Address- J-IV/46- II Fl. Old D/S Lajpat Nagar.-4 New Delhi-110024 Ph. 91-11-26487315 Cell 9811292808

web site- www.gurbaniguru.com




.