.

ਬਾਣੀ ‘ਅਲਾਹਣੀਆ’ ਵਾਲੀ ਪੰਥ ਨੂੰ ਦੇਣ

(ਕੇਵਲ ਸੰਖੇਪ ਅਤੇ ਸਰਲ ਅੱਖਰੀਂ ਅਰਥਾਂ `ਚ)

(ਉਪਰੰਤ ਇਸੇ ਗੁਰਮਤਿ ਪਾਠ ਦੇ ਅੰਤ `ਚ ਸੰਪੂਰਣ ਬਾਣੀ ਅਲਾਹਣੀਆਂ ਵੀ ਦਰਜ ਹੈ)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

ਇਸ ਦੀ ਲੋੜ ਕਿਉਂ ਪਈ? - ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਇਹ ਰਚਨਾ ਪੰ: 578 ਤੋਂ 582 ਤੀਕ ਪਹਿਲੇ ਪਾਤਸ਼ਾਹ ਦੀ ਉਪਰੰਤ ਇਸ ਦੇ ਨਾਲ ਹੀ ਅੱਗੇ ਇਹੀ ਰਚਨਾ ਤੀਜੇ ਪਾਤਸ਼ਾਹ ਦੀ ਚਲ ਰਹੀ ਹੈ ਜੋ ਪੰਨਾ 583 ਤੋਂ 585 ਤੀਕ ਚਲਦੀ ਹੈ ਇਸ ਤਰ੍ਹਾਂ ਕੁਲ ਮਿਲਾਕੇ ਇਹ ਰਚਨਾ ਪੰਨਾ 578 ਤੋਂ 585 ਤੀਕ ਦਰਜ ਹੈ। ਥੋੜੇ ਬਹੁਤ ਫ਼ਰਕ ਨਾਲ ਲਗਭਗ ਭਾਰਤ ਦੇ ਸਾਰੇ ਪ੍ਰਾਂਤਾਂ `ਚ, ਫ਼ਿਰ ਵੀ ਪੰਜਾਬ `ਚ ਜਦੋਂ ਪਤੀ ਦੇਵ ਚਲਾਣਾ ਕਰ ਜਾਣ ਤਾਂ ਇੱਕ ਰਿਵਾਜ ਹੈ ਜਿਸ ਨੂੰ ‘ਅਲਾਹਣੀਆ’ ਕਿਹਾ ਜਾਂਦਾ ਹੈ। ‘ਅਲਾਹਣੀਆ’ ਦਾ ਲਫ਼ਜ਼ੀ ਅਰਥ ਵੀ ਇਹੀ ਹੈ, ਕਿਸੇ ਦੇ ਮਰਨ `ਤੇ ਗਾਏ ਜਾਣ ਵਾਲੇ ਗੀਤ। ਹੁੰਦਾ ਇਹ ਹੈ ਕਿ ਜਦੋਂ ਪਤੀ ਦੀ ਮੌਤ ਹੁੰਦੀ ਹੈ ਤਾਂ ਭਾਈਚਾਰੇ ਦੀਆਂ ਜ਼ਨਾਨੀਆਂ, ਰਿਵਾਜਣ ਮਿਲ ਕੇ ਰੋਂਦੀਆਂ ਤੇ ਵੈਣ ਪਾਂਦੀਆਂ ਹਨ। ਉਸ ਸਮੇਂ ਉਚੇਚੇ ਇੱਕ ਮਿਰਾਸਣ ਆਉਂਦੀ ਜਾਂ ਬੁਲਾਈ ਜਾਂਦੀ ਹੈ। ਇਹ ਮਿਰਾਸਣ ਮਰੇ ਪ੍ਰਾਣੀ ਦੀ ਸਿਫ਼ਤਿ `ਚ ਕਵਿਤਾ ਦੀ ਸੁਰ `ਚ ਕੋਈ ਤੁੱਕ ਪੜ੍ਹਦੀ ਹੈ। ਉਸ ਨੂੰ ਹਾੜੇ ਜਾਂ ਵੈਣ ਪਾਉਣਾ ਵੀ ਕਿਹਾ ਜਾਂਦਾ ਹੈ। ਅੱਗੇ ਅੱਗੇ ਮਿਰਾਸਣ ਤੇ ਪਿੱਛੇ ਪਿੱਛੇ ਉਹੀ ਤੁੱਕ ਸਾਰੀਆਂ ਜ਼ਨਾਨੀਆਂ ਰਲ ਕੇ ਉਸੇ ਸੁਰ ਅਤੇ ਉਸੇ ਤਾਲ `ਤੇ ਉਸੇ ਤੁੱਕ ਨੂੰ ਪੜ੍ਹਦੀਆਂ ਤੇ ਨਾਲ ਨਾਲ ਪਿੱਟਦੀਆਂ ਹਨ। ਇਸ ਤਰ੍ਹਾਂ ਮਿਰਾਸਣ ਦੇ ਉਨਾਂ ਗੀਤਾਂ ਭਾਵ ਪਾਏ ਹੋਏ ‘ਵੈਣਾ’ ਨੂੰ ‘ਅਲਾਹਣੀਆਂ ਦੇ ਗੀਤ’ ਕਿਹਾ ਜਾਂਦਾ ਹੈ।

ਗੁਰਮਤਿ ਨੇ ਸਪਸ਼ਟ ਕੀਤਾ ਕਿ “ਜੋ ਉਪਜਿਓ ਸੋ ਬਿਨਸਿ ਹੈ, ਪਰੋ ਆਜੁ ਕੈ ਕਾਲਿ. .” (ਪੰ: 1429) ਭਾਵ ਜਿਸਨੇ ਜਨਮ ਲਿਆ ਹੈ ਉਸਨੇ ਜਾਣਾ ਅਵੱਸ਼ ਹੈ, ਲੋੜ ਹੈ ਤਾਂ ਇਸ ਮਨੁੱਖਾ ਜਨਮ ਦੀ ਅਮੁਲਤਾ ਨੂੰ ਸਮਝਣ ਦੀ। “ਹੁਕਮੇ ਉਪਜੈ ਹੁਕਮਿ ਸਮਾਵੈ” (ਪੰ: 277) ਅਨੁਸਾਰ ਮਨੁੱਖ ਆਉਂਦਾ ਵੀ ਉਸ ਕਰਤਾਰ ਦੇ ਭਾਣੇ `ਚ ਹੈ ਅਤੇ ਜਾਂਦਾ ਵੀ ਉਸ ਦੇ ਭਾਣੇ `ਚ ਹੈ। ਇਸ ਤਰ੍ਹਾਂ ਜਨਮ ਸਮੇਂ ਬਹੁਤੀਆਂ ਖੁਸ਼ੀਆ, ਉਛਲ ਕੂਦ ਤੇ ਚਲਾਣੇ ਸਮੇਂ ਰੋਣ-ਪਿਟਣ-ਸਿਆਪੇ- ਫੂਹੜੀ ਆਦਿ ਸਿੱਖਾਂ-ਗੁਰਮੁਖਾਂ ਦਾ ਨਹੀਂ ਬਲਕਿ ਮਨਮੁਖਾਂ ਦਾ ਕਰਮ ਹੈ। ਗੁਰਦੇਵ ਇਥੋਂ ਤੀਕ ਸਮਝਾਉਂਦੇ ਹਨ “ਮਤ ਮੈ ਪਿਛੈ ਕੋਈ ਰੋਵਸੀ, ਸੋ ਮੈ ਮੂਲਿ ਨ ਭਾਇਆ” (ਪੰ: ੯੨੩) ਅਥਵਾ “ਰੋਵਣ ਵਾਲੇ ਜੇਤੜੇ, ਸਭਿ ਬੰਨਹਿ ਪੰਡ ਪਰਾਲਿ” (ਪੰ: 15) ਬਲਕਿ ਇਹ ਵੀ ਫੁਰਮਾਇਆ ਹੈ “ਤੁਮ ਰੋਵਹੁਗੇ ਓਸ ਨੋ, ਤੁਮ੍ਹ੍ਹ ਕਉ ਕਉਣੁ ਰੋਈ” (ਪੰ: ੪੧੮)। ਦਰਅਸਲ ਪਾਤਸ਼ਾਹ ਨੇ ਮਨੁੱਖ ਨੂੰ ਇਸ ਰੋਣ-ਪਿਟਣ-ਸਿਆਪਿਆਂ ਤੋਂ ਵਰਜ ਕੇ ਪ੍ਰਮਾਤਮਾ ਦੀ ਰਜ਼ਾ `ਚ ਤੁਰਨ ਤੇ ਉਸ ਦੀ ਸਿਫ਼ਤਿ-ਸਾਲਾਹ ਕਰਨ ਦਾ ਉਪਦੇਸ਼ ਦਿੱਤਾ ਹੈ। ਫ਼ਿਰ ਵੀ ਇਹ ਵੱਖਰਾ ਅਤੇ ਸੰਪੂਰਣ ਵਿਸ਼ਾ ਹੈ। ਹੱਥਲੇ ਗੁਰਮਤਿ ਪਾਠ ਦਾ ਸੰਬੰਧ ‘ਸਦੁ ਬਾਣੀ’ ਨਾਲ, ਜੋ ਕਿ ਇਸੇ ਸਮੇਂ ਨਾਲ ਸੰਬੰਧਤ ਹੈ ਉਸ ਨਾਲ ਵੀ ਨਹੀਂ ਕੇਵਲ ‘ਅਲਾਹਣੀਆ’ ਤੀਕ ਹੀ ਸੀਮਤ ਹੈ। ਇਸ ਲਈ ਕਿ ਅੱਜ ਜਦੋਂ ਕੋਈ ਸੱਜਣ ਚਲਾਣਾ ਕਰਦਾ ਹੈ ਤਾਂ ਸਸਕਾਰ ਉਪਰੰਤ ਸੰਗਤ ਗੁਰਦੁਆਰੇ ਆਉਂਦੀ ਹੈ। ਉਥੇ ‘ਸਦੁ ਬਾਣੀ’ ਪੰਨਾ 923 ਜਾਂ ਅਲਾਹਣੀਆ ਦਾ ਪਾਠ ਕਰਕੇ ਭੋਗ ਪਾਇਆ ਜਾਂਦਾ ਹੈ। ਇਸ ਤਰ੍ਹਾਂ ਉਸ ਸਮੇਂ ਬਹੁਤਾ ਕਰਕੇ ਸੰਗਤਾਂ ਨੂੰ ਤਾਂ ਦੂਰ, ਬਲਕਿ ਕਈ ਵਾਰੀ ਭਾਈ ਸਾਹਿਬ ਤੀਕ ਨੂੰ ਵੀ ਇਸਦੇ ਅਰਥ ਪਤਾ ਨਹੀਂ ਹੁੰਦੇ; ਕੇਵਲ ਇੱਕ ਰੀਤ ਹੀ ਪੂਰੀ ਕੀਤੀ ਜਾ ਰਹੀ ਹੁੰਦੀ ਹੈ। ਇਸੇ ਦਾ ਨਤੀਜਾ ਹੁੰਦਾ ਹੈ ਕਿ ਸਮੇਂ ਨਾਲ ਸੰਬੰਧਤ ਬਾਣੀਆ ਦਾ ਪਾਠ ਕਰਕੇ ਵੀ ਸਾਰੇ ਕਰਮ ਬ੍ਰਾਹਮਣੀ ਜਾਂ ਅਣਮਤੀ ਹੀ ਕੀਤੇ ਜਾ ਰਹੇ ਹੁੰਦੇ ਹਨ, ਜੋ ਕਿ ਗੁਰਬਾਣੀ ਦੀ ਸਰਾਸਰ ਬੇਅਦਬੀ ਹੈ।

ਹੁਣ ਅਸੀਂ ਪਰਤਦੇ ਹਾਂ ਆਪਣੇ ਇਸ ਅਸਲ ਮਜ਼ਮੂਨ ਵਲ, ਇਹ ਰਚਨਾ ਵਡਹੰਸ ਰਾਗ `ਚ ਹੈ ਅਤੇ ਪਹਿਲੇ ਨੰਬਰ `ਤੇ ਪੰਜ ਭਾਗਾਂ `ਚ ਪਹਿਲੇ ਪਾਤਸ਼ਾਹ ਦੇ ਵਾਰੀ ਵਾਰੀ ਚਾਰ, ਚਾਰ, ਅੱਠ, ਚਾਰ ਅੰਤ ਫ਼ਿਰ ਚਾਰ ਬੰਦ ਹਨ। ਉਪਰੰਤ ਤੀਜੇ ਪਾਤਸ਼ਾਹ ਦੀ ਰਚਨਾ ਹੈ ਉਸਦੇ ਵੀ ਚਾਰ-ਚਾਰ ਬੰਦਾ ਦੇ ਚਾਰ ਭਾਗ ਹਨ। ਇਸ ਰਚਨਾ `ਚ ਗੁਰਦੇਵ ਨੇ ਸਮਝਾਇਆ ਹੈ ਕਿ ਕੁੱਝ ਖਾਸ ਰਿਸ਼ਤਿਆਂ ਵਿਚਕਾਰ ਕੁੱਝ ਸਮਾਂ ਵਿਛੋੜੇ ਦੀ ਭਾਵਨਾ ਤਾਂ ਕੁਦਰਤੀ ਹੈ ਪਰ ਰਿਵਾਜੀ ਤੌਰ ਤੇ ਇਸ ਰੋਣੇ-ਧੋਣੇ ਦਾ ਕੀ ਮੱਕਸਦ? ਅਸਲ ਗਲ ਸਮਝਣ ਵਾਲੀ ਇਹ ਹੈ ਕਿ ਜਦ ਤੋਂ ਸੰਸਾਰ ਬਣਿਆ ਹੈ, ਜੀਵਾਂ ਦਾ ਮਿਲਣ ਤੇ ਵਿਛੜਣ ਦਾ ਨਿਯਮ, ਸਦਾ ਤੋਂ ਚਲਦਾ ਆ ਰਿਹਾ ਹੈ ਅਤੇ ਕਿਸੇ ਨਾਲ ਵੀ ਇਹ ਅਣਹੋਣੀ ਗਲ ਨਹੀਂ ਹੁੰਦੀ। ਵੱਡੇ ਰੋਣ ਪਿੱਟਣ ਵਾਲੇ ਵੀ ਇਸ ਵਿਛੋੜੇ ਦੀ ਦਰਦ ਨੂੰ ਕੁੱਝ ਦਿਨਾਂ `ਚ ਭੁੱਲ ਕੇ ਆਪਣੇ ਦੁਨਿਆਵੀ ਆਹਰ-ਧੰਦਿਆ `ਚ ਲਗ ਜਾਂਦੇ ਹਣ। ਦੂਜੀ ਗਲ ਇਹ ਸਮਝਣ ਦੀ ਹੈ ਕਿ ਇਸਦੇ ਉਲਟ “ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ” (ਪੰ: 591) ਅਨੁਸਾਰ ਜੋ ਗਲ ਮਨੁੱਖਾ ਜਨਮ ਮਿਲਣ ਤੋਂ ਬਾਅਦ ਸਦਾ ਚੇਤੇ ਰਖਣ ਅਤੇ ਸਮਝਣ ਵਾਲੀ ਹੈ, ਉਹ ਇਹ ਕਿ ਅਸੀਂ ਸਾਰੀਆਂ ਹੀ ਪ੍ਰਭੂ ਪਤੀ ਦੀਆਂ ਜੀਵ ਇਸਤ੍ਰੀਆਂ ਹਾਂ। ਪਰ ਸੰਸਾਰ ਦੀ ਮੋਹ-ਮਾਇਆ, ਵਿਕਾਰਾਂ `ਚ ਡੁੱਬ ਕੇ, ਕੁੱਝ ਘੰਟਿਆਂ ਜਾਂ ਕੁੱਝ ਦਿਨਾਂ ਲਈ ਹੀ ਨਹੀਂ ਬਲਕਿ ਆਪਣਾ ਸਾਰਾ ਜੀਵਨ ਉਸ ਪਤੀ ਪ੍ਰਮਾਤਮਾ ਤੋਂ ਨਿੱਖੜ ਕੇ ਰੋਂਦੇ-ਕਲਪਦੇ-ਖੁਆਰ ਹੁੰਦੇ ਕਟਦੀਆਂ, ਪ੍ਰੇਸ਼ਾਨ ਹੁੰਦੀਆਂ ਰਹਿੰਦੀਆਂ ਹਾਂ। ਪ੍ਰਭੂ ਤੋਂ ਸਾਡਾ ਇਹੀ ਵਿਛੋੜਾ ਸਾਡੇ ਜੀਵਨ ਅੰਦਰ ਅਨੇਕਾਂ ਗੁਣਾਹਾਂ ਨੂੰ ਜਨਮ ਦੇ ਦੇਂਦਾ ਹੈ ਪਰ ਗੁਰੂ ਗਿਆਨ ਦੀ ਅਣਹੋਂਦ ਕਾਰਣ ਸਾਨੂੰ ਇਸਦੀ ਸੋਝੀ ਨ੍ਹੀਂ ਹੁੰਦੀ ਅਤੇ ਇਸਤੋਂ ਸਾਨੂੰ ਛੁਟਕਾਰਾ ਵੀ ਨਹੀਂ ਮਿਲ ਸਕਦਾ।

ਨੌਵੇਂ ਪਾਤਸ਼ਾਹ ਇਸ ਵਿਛੋੜੇ ਨੂੰ ਇਸ ਤਰ੍ਹਾਂ ਬਿਆਨ ਕਰਦੇ ਹਨ, ਫ਼ੁਰਮਾਨ ਹੈ “ਬਲੁ ਛੁਟਕਿਓ, ਬੰਧਨ ਪਰੇ, ਕਛੂ ਨ ਹੋਤ ਉਪਾਇ॥ ਕਹੁ ਨਾਨਕ ਅਬ ਓਟ ਹਰਿ, ਗਜ ਜਿਉ ਹੋਹੁ ਸਹਾਇ॥ ੫੩ ॥” ਪਰ ਇਸਦੇ ਉਲਟ ਇਹੀ ਜੀਵ ਇਸਤ੍ਰੀ ਜਦੋਂ ਇਸ ਵਿਛੋੜੇ ਤੋਂ ਉਭਰ ਆਉਂਦੀ ਹੈ ਅਤੇ ਉਸਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ ਤਾਂ ਉਸਦੀ ਸੋਝੀ `ਚ ਆ ਜਾਂਦਾ ਹੈ ਕਿ “ਬਲੁ ਹੋਆ ਬੰਧਨ ਛੁਟੇ ਸਭੁ ਕਿਛੁ ਹੋਤੁ ਉਪਾਇ॥ ਨਾਨਕ ਸਭੁ ਕਿਛੁ ਤੁਮਰੈ ਹਾਥ ਮੈ ਤੁਮ ਹੀ ਹੋਤ ਸਹਾਇ॥ ੫੪ ਤਾਂ ਤੇ ਪ੍ਰਭੂ ਪਤੀ ਤੋਂ ਇਸ ਵਿਛੋੜੇ ਦਾ ਦੁਖ ਇੰਨਾ ਲੰਮਾ ਹੈ ਕਿ ਜਦੋਂ ਤਕ ਜੀਵ ਗੁਰਮੁਖ ਨਹੀਂ ਬਣਦਾ ਅਥਵਾ ਗੁਰੂ ਦੇ ਦਸੇ ਮਾਰਗ `ਤੇ ਚਲ ਕੇ ਉਸਨੂੰ ਪਭੂ ਪਤੀ ਵਾਲਾ ਮਿਲਾਪ ਨਹੀਂ ਹੋ ਜਾਂਦਾ, ਉਤਨੀ ਦੇਰ ਉਸਦਾ ਇਸ ਦੁਖ ਤੋਂ ਛੁਟਕਾਰਾ ਹੀ ਸੰਭਵ ਨਹੀਂ। ਕਮਾਲ ਦੀ ਗਲ ਤਾਂ ਇਹ ਹੈ ਕਿ ਇੱਕ ਵਿਗੜੀ ਹੋਈ ਸਾਮਾਜਿਕ ਅਤੇ ਬਣ ਚੁਕੀ ਵੱਕਤੀ ਰੀਤ ‘ਅਲਾਹਣੀਆਂ’ ਨੂੰ ਆਧਾਰ ਬਣਾ ਕੇ ਪਾਤਸ਼ਾਹ ਨੇ ਸਾਨੂੰ ਉਸ ਵਿਛੋੜੇ ਤੋਂ ਸੁਚੇਤ ਕੀਤਾ ਹੈ ਜਿਸਦੇ ਕਾਰਣ ਅਸੀਂ ਆਪਣਾ ਅਮੁਲਾ ਸਾਰਾ ਮਨੁੱਖਾ ਜਨਮ ਨਿਰਾਸ਼ਾ, ਤ੍ਰਿਸ਼ਨਾ, ਭਟਕਣਾ, ਵਿਕਾਰਾਂ ਅੰਤ ਭਿਅੰਕਰ ਗੁਣਾਹਾਂ ਤੀਕ ਦਾ ਸ਼ਿਕਾਰ ਹੋ ਕੇ ਬਤੀਤ ਤਾਂ ਕਰ ਦੇਂਦੇ ਹਾਂ ਪਰ ਆਪਣੀ ਸੰਭਾਲ ਕਰਣ `ਚ ਸਫ਼ਲ ਨਹੀਂ ਹੁੰਦੇ। ਆਓ ਹੁਣ ਥੋੜਾ ਜਿਹਾ ਇਸ ਬਾਣੀ ਨੂੰ ਲੜੀਵਾਰ ਸਰਲ ਅਰਥਾਂ `ਚ ਸਮਝਣ ਦਾ ਯਤਨ ਕਰੀਏ:

ਰਾਗੁ ਵਡਹੰਸੁ ਮਹਲਾ ਘਰੁ ਅਲਾਹਣੀਆ (ਪੰਨਾ 578)- (ਕੇਵਲ ਸੰਖੇਪ ਅਤੇ ਸਰਲ ਅੱਖਰੀਂ ਅਰਥਾਂ `ਚ) “ਜਿਸ ਪ੍ਰਭੂ ਨੇ ਜਗਤ ਨੂੰ ਮਾਇਆ ਦੇ ਆਹਰ `ਚ ਲਾ ਰੱਖਿਆ ਹੈ ਉਹੀ ਸਿਰਜਣਹਾਰ ਪਾਤਸ਼ਾਹ ਵਡਿਆਉਣ-ਜੋਗ ਹੈ। ਉਹ ਸਦਾ ਕਾਇਮ ਰਹਿਣ ਵਾਲਾ ਹੈ। ਇਸਦੇ ਉਲਟ, ਜਦੋਂ ਜੀਵ ਨੂੰ ਮਿਲਿਆ ਜੀਵਨ ਦਾ ਸਮਾਂ ਮੁੱਕ ਜਾਂਦਾ ਹੈ, ਇਸ ਦੀ ਉਮਰ ਵਾਲੀ ਪਾਈ ਭਾਵ ਪਿਆਲਾ ਭਰ ਜਾਂਦਾ ਹੈ। ਜਦੋਂ ਇਸਦੇ ਜੀਵਨ ਦੇ ਅੰਤ ਲਈ ਪ੍ਰਮਾਤਮਾ ਦਾ ਹੁਕਮ ਆ ਜਾਂਦਾ ਹੈ ਤਾਂ ਸਰੀਰ ਦੇ ਪਿਆਰੇ ਸਾਥੀ ‘ਜੀਵਾਤਮਾ’ ਨੂੰ ਫੜ ਕੇ ਅੱਗੇ ਲਾ ਲਿਆ ਜਾਂਦਾ ਹੈ, ਸੱਜਨ-ਸੰਬੰਧੀ ਸਾਰੇ ਰੋਂਦੇ ਹਨ। ਇਸ ਤਰ੍ਹਾਂ ਸਮਾਂ ਮੁਕਣ `ਤੇ ਸਰੀਰ ਤੇ ਜੀਵਾਤਮਾ ਦਾ ਵਿਛੋੜਾ ਹੋ ਜਾਂਦਾ ਹੈ। ਇਸ ਅੰਤ ਸਮੇੰ ਤੋਂ ਪਹਿਲਾਂ ਜੋ ਅਤੇ ਜਿਹੜੇ ਕਰਮ ਜੀਵ ਨੇ ਕੀਤੇ ਹੁੰਦੇ ਹਨ ਉਹੋ ਜਿਹਾ ਹੀ ਫਲ ਜੀਵ ਨੂੰ ਭੁਗਤਣਾ ਪੈਂਦਾ ਹੈ। ੧।

ਹੇ ਮੇਰੇ ਭਰਾਵੋ! ਉਸ ਸਾਹਿਬ ਦਾ ਸਿਮਰਨ ਕਰੋ। ਇਸ ਦੁਨੀਆ ਤੋਂ ਤਾਂ ਸਾਰਿਆਂ ਨੇ ਹੀ ਕੂਚ ਕਰਨਾ ਹੈ। ਇਸ ਦੁਨੀਆ `ਚ ਮਾਇਆ ਦਾ ਬਿਨਸਨਹਾਰ ਆਹਰ ਜਿਸ `ਚ ਮਨੁੱਖ ਉਲਝਿਆ ਰਹਿੰਦਾ ਹੈ, ਕੇਵਲ ਚਾਰ ਦਿਨਾਂ ਲਈ ਹੀ ਹੈ। ਹਰੇਕ ਨੇ ਇਥੋਂ ਜਾਣਾ ਜ਼ਰੂਰ ਹੈ ਕਿਉਂਕਿ ਇਥੇ ਸੰਸਾਰ `ਚ ਤਾਂ ਅਸੀਂ ਪਰਾਹੁਣਿਆਂ ਵਾਂਗ ਹੀ ਹਾਂ। ਕਿਸੇ ਵੀ ਧਨ, ਔਹਦੇ, ਮਾਣ, ਗਿਆਨ ਆਦਿ ਦਾ ਮਾਣ ਕਾਹਦਾ? ਇਸ ਲਈ ਉਸ ਪ੍ਰਮਾਤਮਾ ਦਾ ਗੁਣ-ਗਾਣ ਹੀ ਕਰਨਾ ਚਾਹੀਦਾ ਹੈ ਜਿਸ ਨਾਲ ਪ੍ਰਮਾਤਮਾ ਦੀ ਦਰਗਾਹ `ਚ ਮਾਣ ਤੇ ਆਤਮਕ ਆਨੰਦ ਮਿਲੇ। ਸੰਸਾਰ `ਚ ਸਾਡੀਆਂ ਜ਼ਿਆਦਤੀਆਂ-ਆਪਹੁਦਰੀਆਂ ਤਾਂ ਚੱਲ ਜਾਂਦੀਆਂ ਹਨ, ਪਰ ਪ੍ਰਭੂ ਦੇ ਨਿਆਂ `ਚ ਕਿਸੇ ਦਾ ਭੀ ਹੁਕਮ ਨਹੀਂ ਚੱਲ ਸਕਦਾ, ਉਥੇ ਤਾਂ ਹਰੇਕ ਦੇ ਸਿਰ ਉਤੇ ਆਪੋ ਆਪਣੇ ਕੀਤੇ ਅਨੁਸਾਰ ਹੀ ਬੀਤਦੀ ਹੈ। ਇਸ ਲਈ ਹੇ ਮੇਰੇ ਭਰਾਵੋ! ਉਸ ਸਾਹਿਬ ਦਾ ਹੀ ਸਿਮਰਨ ਕਰੋ ਕਿਉਂਕਿ ਅਖੀਰ ਤਾਂ ਸਾਰਿਆਂ ਨੇ ਉਥੇ ਜਾਣਾ ਹੀ ਹੈ॥ ੨॥

ਜਗਤ ਦੇ ਜੀਵਾਂ ਦਾ ਉੱਦਮ ਤਾਂ ਕੇਵਲ ਇੱਕ ਬਹਾਨਾ ਹੈ, ਉਹੀ ਹੁੰਦਾ ਹੈ ਜੋ ਉਸ ਸਮ੍ਰਥ ਪ੍ਰਭੂ ਨੂੰ ਭਾਉਂਦਾ ਹੈ। ਉਹ ਸਿਰਜਣਹਾਰ ਪਾਣੀ, ਧਰਤੀ, ਆਕਾਸ਼ ਤੇ ਸਾਰੀ ਰਚਨਾ `ਚ ਮੌਜੂਦ ਹੈ। ਉਹ ਸਭਨੂੰ ਪੈਦਾ ਕਰਨ ਵਾਲਾ, ਅਦਿ੍ਰਸ਼ਟ ਤੇ ਬੇਅੰਤ ਹੈ, ਕੋਈ ਵੀ ਉਸਦਾ ਅੰਤ ਨਹੀਂ ਪਾ ਸਕਦਾ। ਸੰਸਾਰ `ਚ ਆਉਣਾ, ਉਨ੍ਹਾਂ ਦਾ ਹੀ ਸਫਲ ਹੈ ਜਿਨ੍ਹਾਂ ਨੇ ਉਸਨੂੰ ਇੱਕ ਮਨ ਹੋ ਕੇ ਸਿਮਰਿਆ ਹੈ। ਪ੍ਰਭੂ ਆਪ ਹੀ ਰਚਨਾ ਨੂੰ ਢਾਹੁੰਦਾ ਤੇ ਢਾਹ ਕੇ ਫ਼ਿਰ ਬਣਾਂਦਾ ਵੀ ਹੈ। ਉਹੀ ਚੰਗੇ ਬਣ ਜਾਂਦੇ ਹਨ ਜਿਹੜੇ ਉਸ ਦੇ ਹੁਕਮ `ਚ ਚਲਦੇ ਹਨ। ੩॥

ਵਿਛੁੜੇ ਸੰਬੰਧੀਆਂ ਦੀ ਮੌਤ ਤੇ ਤਾਂ ਸਾਰੇ ਰੋਂਦੇ ਹਨ, ਪਰ ਇਹ ਵੈਰਾਗ ਕਿਸੇ ਅਰਥ ਨਹੀਂ, ਉਸ ਮਨੁੱਖ ਨੂੰ ਹੀ ਸਹੀ ਅਰਥਾਂ `ਚ ਵੈਰਾਗ `ਚ ਆਇਆ ਸਮਝੋ ਜੋ ਪ੍ਰਭੂ ਮਿਲਾਪ ਦੀ ਤੜਪ `ਚ ਰੋਵੇ। ਪ੍ਰਮਾਤਮਾ ਨੂੰ ਭੁੱਲਾ ਹੋਇਆ ਮਨੁੱਖ, ਜਗਤ ਦੀ ਮਾਇਆ ਖ਼ਾਤਰ ਹੀ ਰੋਂਦਾ ਹੈ। ਦੁਨੀਆਵੀ ਧਨ ਪਦਾਰਥਾਂ ਖ਼ਾਤਰ ਜੋ ਰੋਈ ਦਾ ਹੈ ਉਹ ਰੋਣਾ ਵਿਅਰਥ ਹੁੰਦਾ ਹੈ। ਇਸ ਸੰਸਾਰਕ ਵਲੇਵੇਂ `ਚੋਂ ਤਾਂ ਮਨੁੱਖ ਨੂੰ ਚੰਗੇ ਮੰਦੇ ਦੀ ਪਛਾਣ ਵੀ ਨਹੀਂ ਆਉਂਦੀ ਅਤੇ ਇਹ ਜੀਵ ਇਸ ਮਨੁੱਖਾ ਸਰੀਰ ਨੂੰ ਵਿਅਰਥ ਹੀ ਨਾਸ ਕਰਦਾ ਹੈ। ਜੋ ਵੀ ਜਗਤ `ਚ ਆਇਆ ਹੈ ਆਪਣਾ ਸਮਾਂ ਮੁਕਾ ਕੇ ਜਾਣਾ ਸਭ ਨੇ ਹੈ। ਇਸ ਲਈ ਨਾਸਵੰਤ ਜਗਤ ਦੇ ਮੋਹ `ਚ ਫਸ ਕੇ ਮੈਂ-ਮੇਰਾ ਦਾ ਹੰਕਾਰ ਕਰਣਾ ਜਾਂ ਰੋਣਾ ਵਿਅਰਥ ਹੈ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਅਸਲ ਰੋਣਾ ਉਹੀ ਹੈ ਜੇ ਕੋਈ ਪ੍ਰਭੂ ਮਿਲਾਪ ਦੀ ਤੜਪ `ਚ ਹੋਵੇ। ੪। ੧।

ਵਡਹੰਸੁ ਮਹਲਾ ੧- (ਕੇਵਲ ਸਰਲ ਤੇ ਸੰਖੇਪ ਅੱਖਰੀਂ ਅਰਥਾਂ `ਚ) “ਹੇ ਸਤਸੰਗੀ ਜਨੋਂ! ਆਓ ਤੇ ਅਸੀਂ ਰਲ ਕੇ ਥਿਰ ਪ੍ਰਮਾਤਮਾ ਦਾ ਸਦਾ-ਨਾਮ ਸਿਮਰੀਏ। ਆਓ! ਪ੍ਰਭੂ ਤੋਂ ਆਪਣੇ ਵਿੱਛੜੇ ਹੋਣ ਨੂੰ ਮੁੜ ਮੁੜ ਚੇਤੇ ਕਰੀਏ। ਆਪਣੇ ਇਸ ਸਰੀਰ ਦੇ ਭਰਮ `ਚ ਭੁਲਾਏ ਹੋਏ, ਪ੍ਰਭੂ ਦੇ ਅਸਲ ਵਿਛੋੜੇ ਨੂੰ ਦੂਰ ਕਰਨ ਲਈ, ਉਸਨੂੰ ਸਦਾ ਯਾਦ ਕਰੀਏ। ਉਸ ਰਸਤੇ ਨੂੰ ਤੱਕੀਏ, ਜਿਸ ਰਸਤੇ ਸਭ ਜਾਂਦੇ ਹਨ ਅਤੇ ਆਖ਼ਿਰ ਅਸਾਂ ਭੀ ਉਥੇ ਹੀ ਜਾਣਾ ਹੈ। ਜਿਸ ਪ੍ਰਭੂ ਨੇ ਸਾਨੂੰ ਜਨਮ ਦਿੱਤਾ ਹੈ, ਉਸੇ ਦੀ ਰਜ਼ਾ `ਚ ਉਸੇ ਨੇ ਸਾਨੂੰ ਵਪਿਸ ਵੀ ਬੁਲਾ ਲੈਣਾ ਹੈ। ਇਥੇ ਜਗਤ `ਚ ਜੀਵ ਨੇ ਜੋ ਕੁੱਝ ਕੀਤਾ ਹੈ ਉਹੀ ਉਸਦੇ ਅੱਗੇ ਆਉਂਦਾ ਹੈ; (ਇਸ ਰੱਬੀ ਨਿਯਮ ਅੱਗੇ) ਕਿਸੇ ਦਾ ਜ਼ੋਰ ਨਹੀਂ ਚਲ੍ਹ ਸਕਦਾ ਲੋੜ ਹੈ, ਉਸ ਦਾ ਨਾਮ ਸਿਮਰੀਏ ਤੇ ਸਤਿਸੰਗ ਰਾਹੀਂ ਉਸਨੂੰ ਸਦਾ ਚੇਤੇ ਰਖੀਏ। ੧।

ਹੇ ਲੋਕੋ! ਮੌਤ ਨੂੰ ਮਾੜਾ ਨਾਹ ਕਹੋ, ਮੌਤ ਚੰਗੀ ਹੈ ਪਰ ਉਦੋਂ ਜੇ ਕੋਈ ਉਸ ਤਰੀਕੇ ਜੀਵਨ ਜਿਊਂ ਕੇ, ਮਰਨਾ ਜਾਣਦਾ ਹੋਵੇ। ਤਰੀਕਾ ਹੈ, ਸਰਬ ਸਮ੍ਰਥ ਮਾਲਕ ਨੂੰ ਸਿਮਰੋ, ਤਾਂ ਕਿ ਜੀਵਨ ਸਫ਼ਰ ਸੌਖਾ ਹੋ ਜਾਏ। ਸਿਫ਼ਤ ਸਲਾਹ ਦੀ ਬਰਕਤਿ ਨਾਲ ਸੌਖੇ ਜੀਵਨ ਰਸਤੇ ਤੁਰੋਗੇ ਤਾਂ ਇਸ ਸੰਸਾਰ `ਚ ਇਸਦਾ ਫਲ ਭੀ ਮਿਲੇਗਾ ਤੇ ਪ੍ਰਭੂ ਦੀ ਹਜ਼ੂਰੀ `ਚ ਇਜ਼ਤ ਵੀ। ਜੇ ਪ੍ਰਭੂ ਦੀ ਸਿਫ਼ਤ ਸਲਾਹ ਵਾਲੀ ਭੇਟਾ ਲੈ ਕੇ ਜਾਓਗੇ ਤਾਂ ਉਸ ਸਦਾ-ਥਿਰ ਪ੍ਰਭੂ ਦਾ ਹੀ ਰੂਪ ਹੋ ਜਾਓਗੇ, ਕੀਤੇ ਕਰਮਾਂ ਦਾ ਲੇਖਾ ਹੋਣ ਸਮੇਂ ਇਜ਼ਤ ਤੇ ਪ੍ਰਭੂ ਨੂੰ ਚੰਗੇ ਵੀ ਲਗੋ ਗੇ, ਉਸਦੀ ਹਜ਼ੂਰੀ `ਚ ਥਾਂ ਵੀ ਮਿਲੇਗੀ। ਜਿਹੜਾ ਜੀਵ ਇਹ ਭੇਟਾ ਲੈ ਕੇ ਜਾਂਦਾ ਹੈ ਉਹ ਆਤਮਕ ਆਨੰਦ ਮਾਣਦਾ ਅਤੇ ਪ੍ਰਭੂ ਦੀ ਦਰਗਾਹ `ਚ ਵੀ ਮਾਣ ਪਾਂਦਾ ਹੈ। ੨।

ਉਨ੍ਹਾਂ ਦਾ ਮਰਨਾ ਹੀ ਅਸਲ ਮਰਨਾ ਹੈ, ਜਿਹੜੇ ਜੀਊਂਦੇ ਜੀਅ ਪ੍ਰਭੂ ਦੀਆਂ ਨਜ਼ਰਾਂ `ਚ ਕਬੂਲ ਹੋ ਜਾਂਦੇ ਹਨ। ਅਜਿਹੇ ਮਨੁੱਖ ਪ੍ਰਭੂ ਦੀ ਦਰਗਾਹ `ਚ ਵੀ ਮਾਣ ਪਾਉਂਦੇ ਹਨ। ਉਨ੍ਹਾਂ ਦਾ ਮਰਨਾ ਇਸ ਲੋਕ ਤੇ ਪਰਲੋਕ `ਚ ਵੀ ਸਲਾਹਿਆ ਜਾਂਦਾ ਹੈ। ਮਰਨ ਤੋਂ ਬਾਅਦ ਵੀ ਉਹ ਜਨਮ-ਮਰਨ ਦੇ ਦੁਖ ਨਹੀਂ ਭੋਗਦੇ। ਉਹ, ਪ੍ਰਮਾਤਮਾ ਨੂੰ ਜਿਸ ਪ੍ਰਭੂ ਦਾ ਸਿਮਰਨ ਕੀਤਿਆਂ ਜੀਵਨ ਦਾ ਹਰੇਕ ਡਰ-ਸਹਿਮ ਦੂਰ ਹੋ ਜਾਂਦਾ ਹੈ, ਹਰ ਥਾਂ ਵਿਆਪਕ ਜਾਣ ਕੇ ਸਿਮਰਦੇ ਤੇ ਉਸ ਦੇ ਦਰ ਤੋਂ ਇਸਦਾ ਫਲ ਵੀ ਪ੍ਰਾਪਤ ਕਰਦੇ ਹਨ। ਤਾਂ ਤੇ ਹੰਕਾਰ ਦਾ ਬੋਲ ਨਹੀਂ ਬੋਲਣਾ ਚਾਹੀਦਾ, ਆਪਣੇ ਆਪ ਨੂੰ ਕਾਬੂ `ਚ ਰਖਣਾ ਹੈ, ਉਹ ਅੰਤਰਜਾਮੀ ਹਰੇਕ ਦੇ ਦਿਲ ਦੀ ਆਪ ਜਾਣਦਾ ਹੈ। ਸਚਾਈ ਇਹੀ ਹੈ ਕਿ ਮਰਣਾ ਉਨ੍ਹਾਂ ਦਾ ਹੀ ਸਫ਼ਲ ਹੈ ਜੋ ਕਰਤਾਰ ਦੀ ਦਰਗਾਹ `ਚ ਮਨਜ਼ੂਰ ਹੋਏ ਹਨ। ੩।

ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਇਹ ਜਗ ਪ੍ਰਭੂ ਦੀ ਖੇਡ ਹੈ ਜਿਸਨੂੰ ਉਹ ਬਣਾਂਦਾ ਤੇ ਢਾਹੰਦਾ ਰਹਿੰਦਾ ਹੈ, ਇਸ ਲਈ ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ। ਮਾਲਕ-ਪ੍ਰਭੂ ਆਪਣੇ ਪੈਦਾ ਕੀਤੇ ਹੋਏ ਜਗਤ ਦੀ ਸੰਭਾਲ ਵੀ ਆਪ ਹੀ ਕਰਦਾ ਹੈ, ਇਸਦਾ ਧਿਆਨ ਰੱਖਦਾ ਅਤੇ ਇਸ ਨੂੰ ਆਸਰਾ-ਸਹਾਰਾ ਵੀ ਆਪ ਹੀ ਦੇਂਦਾ ਹੈ। ਜਿਸ ਪ੍ਰਭੂ ਨੇ ਇਹ ਜਗਤ ਰਚਿਆ ਹੈ, ਇਸ ਦੀਆਂ ਲੋੜਾਂ ਭੀ ਉਹੀ ਜਾਣਦਾ ਹੈ। ਪ੍ਰਭੂ ਆਪ ਹੀ ਸਭ ਦੇ ਕੀਤੇ ਕਰਮਾਂ ਨੂੰ ਵੇਖਦਾ ਹੈ, ਆਪ ਹੀ ਸਭ ਦੇ ਦਿਲਾਂ ਦੀ ਸਮਝਦਾ ਹੈ, ਆਪ ਹੀ ਆਪਣੇ ਹੁਕਮ ਨੂੰ ਪਛਾਣਦਾ ਅਤੇ ਵਰਤਾਂਦਾ ਵੀ ਹੈ। ਉਸ ਪ੍ਰਭੂ ਦਾ ਸਰੂਪ ਬੇਅੰਤ ਹੈ, ਇਹ ਸੰਸਾਰ ਕੇਵਲ ਉਸ ਦੀ ਖੇਡ ਹੈ ਜਿਸ ਨੇ ਸਦਾ ਬਣਦੇ-ਭਜਦੇ ਰਹਿਣਾ ਹੈ ਤਾਂ ਤੇ ਕਿਸੇ ਦੇ ਮਰਨ ਤੇ ਰੋਣਾ ਵਿਅਰਥ ਹੈ। ੪। ੨।

ਵਡਹੰਸੁ ਮਹਲਾ ੧ ਦਖਣੀ- (ਕੇਵਲ ਸਰਲ ਅਤੇ ਸੰਖੇਪ ਅੱਖਰੀਂ ਅਰਥਾਂ `ਚ) ਗੁਰੂ ਪਾਤਸ਼ਾਹ ਦ੍ਰਿੜ ਕਰਵਾਉਂਦੇ ਹਨ ਕਿ ਇਹ ਸੰਸਾਰ ਦੇ ਲੋਕੋ! ਨਿਸ਼ਚਾ ਕਰ ਲਵੋ ਕਿ ਜਗਤ ਨੂੰ ਪੈਦਾ ਕਰਣ ਵਾਲਾ ਪ੍ਰਮਾਤਮਾ ਹੀ ਸਦਾ-ਥਿਰ ਰਹਿਣ ਅਤੇ ਸਾਰਿਆਂ ਦੀ ਪਾਲਣਾ ਕਰਣ ਵਾਲਾ ਹੈ। ਉਸ ਨੇ ਆਪ ਹੀ ਆਪਣੇ ਆਪ ਨੂੰ ਜਗਤ ਦੇ ਰੂਪ `ਚ ਪ੍ਰਗਟ ਕੀਤਾ ਹੋਇਆ ਹੈ ਭਾਵ ਇਹ ਸਾਰਾ ਸੰਸਾਰ ਉਸ ਪ੍ਰਭੂ ਦਾ ਹੀ ਸਰਗੁਣ ਸਰੂਪ ਹੈ। ਉਹ ਅਦਿ੍ਰਸ਼ਟ ਹੈ ਅਤੇ ਬੇਅੰਤ ਹੈ। ਧਰਤੀ ਤੇ ਆਕਾਸ਼ ਮਾਨੋ ਦੋ ਪੁੜ ਜੋੜ ਕੇ ਉਸਨੇ ਸੰਸਾਰ ਦੀ ਰਚਨਾ ਕੀਤੀ ਹੋਈ ਹੈ ਅਤੇ ਜੀਵਾਂ ਨੂੰ ਮਾਇਆ ਦੇ ਮੋਹ `ਚ ਫਸਾ ਕੇ ਆਪਣੇ ਤੋਂ ਵਿਛੋੜਿਆ ਹੋਇਆ ਹੈ। ਜੀਵ ਸੰਸਾਰਕ ਮੋਹ `ਚ ਫਸ ਕੇ ਪ੍ਰਭੂ ਨੂੰ ਭੁਲਾ ਦੇਂਦੇ ਹਨ। ਕਿਉਂਕਿ ਗੁਰੂ ਦੀ ਸੋਝੀ ਬਿਨਾ, ਸੰਸਾਰ `ਚ ਮਾਇਆ ਮੋਹ ਦਾ ਹੀ ਘੁੱਪ ਹਨੇਰਾ ਹੈ। ਉਸ ਪ੍ਰਭੂ ਨੇ ਹੀ ਸੂਰਜ ਤੇ ਚੰਦ ਬਣਾਏ ਹਨ, ਜੋ ਦਿਨ ਤੇ ਰਾਤ ਨੂੰ ਵੀ ਰੋਸ਼ਨੀ ਦੇਂਦੇ ਅਤੇ ਬਣਾਂਦੇ ਹਨ। ਤਾਂ ਤੇ ਹੇ ਭਾਈ! ਚੇਤੇ ਰੱਖੋ ਕਿ ਪ੍ਰਭੂ ਦਾ ਬਣਾਇਆ ਇਹ ਜਗਤ ਇੱਕ ਤਮਾਸ਼ਾ ਹੈ। ੧।

ਉਪ੍ਰੰਤ ਇਸ ਬਾਣੀ ਦਾ ਨਿਚੋੜ ਰਹਾਉ ਵਾਲਾ ਬੰਦ ਹੈ ਜੋ ਇਸ ਤਰ੍ਹਾਂ ਹੈ “ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ॥ ਰਹਾਉ॥” ਅਰਥ-ਹੇ ਪ੍ਰਭੂ! ਤੂੰ ਸਦਾ ਹੀ ਥਿਰ ਰਹਿਣ ਵਾਲਾ ਅਤੇ ਸਾਰੇ ਸੰਸਾਰ ਦਾ ਮਾਲਕ ਹੈਂ। ਤੂੰ ਆਪ ਹੀ ਸਭ ਜੀਵਾਂ ਨੂੰ ਸਦਾ-ਥਿਰ ਰਹਿਣ ਵਾਲੇ ਪਿਆਰ ਦੀ ਦਾਤਿ ਦੇਂਦਾ ਹੈਂ ਭਾਵ ਉਸ ਦੀ ਇਸੇ ਦਾਤ ਦਾ ਬਝਾ ਸੰਸਾਰ ਚਕ੍ਰ ਚਲਦਾ ਰਹਿੰਦਾ ਹੈ।

ਹੇ ਪ੍ਰਭੂ! ਤੂੰ ਹੀ ਸ੍ਰਿਸ਼ਟੀ ਪੈਦਾ ਕੀਤੀ ਤੇ ਦੁਖ ਤੇ ਸੁਖ ਦੇਣ ਵਾਲਾ ਭੀ ਤੂੰ ਹੀ ਹੈਂ। ਜਗਤ `ਚ ਇਸਤ੍ਰੀਆਂ ਤੇ ਮਰਦ ਭੀ ਤੂੰ ਪੈਦਾ ਕੀਤੇ ਹਨ, ਮਾਇਆ ਦਾ ਮੋਹ ਭਾਵ ਜਿਸ ਮੋਹ ਤੋਂ ਬਿਨਾ ਸੰਸਾਰ ਦਾ ਮਤਲਬ ਹੀ ਮੁੱਕ ਜਾਂਦਾ ਹੈ, ਇਹ ਵੀ ਤੂੰ ਹੀ ਬਣਾਇਆ ਹੈ ਪਰ ਜਦੋਂ ਇਸਦੀ ਅਸਲੀਅਤ ਭਾਵ ਤੈਨੂੰ ਵਿਸਾਰ ਕੇ ਮਨੁੱਖ ਇਸ ਮੋਹ `ਚ ਹੀ ਡੁੱਬ ਜਾਦਾ ਹੈ ਤਾਂ ਇਹੀ ਮੋਹ ਮਨੁੱਖ ਲਈ ਜ਼ਹਿਰ ਵੀ ਬਣ ਜਾਂਦਾ। ਜੀਵ-ਉਤਪਤੀ ਦੀਆਂ ਖਾਣੀਆਂ ਤੇ ਜੀਵਾਂ ਦੀਆਂ ਬੋਲੀਆਂ ਭੀ ਤੇਰੀਆਂ ਹੀ ਰਚੀ ਦੀਆਂ ਹਨ ਜੋ ਜੀਵਾਂ ਦੇ ਜੀਵਨ ਲਈ ਤੂੰ ਆਸਰਾ ਬਣਾ ਰਖਿਆ ਹੈ। ਇਸ ਦੇ ਨਾਲ ਹੀ ਪ੍ਰਭੂ ਤੂੰ ਸਾਰੀ ਰਚਨਾ ਮਾਨੋ ਇਨ੍ਹਾਂ ਦੇ ਬੈਠਣ ਲਈ ਇੱਕ ਤਖ਼ਤ ਬਣਾਇਆ ਦਾ ਹੈ ਤੇ ਇਸ ਤਖ਼ਤ `ਤੇ ਜੀਵਾਂ ਦੀਆਂ ਕਰਣੀਆਂ ਦਾ ਨਿਬੇੜਾ ਵੀ ਤੂੰ ਆਪ ਹੀ ਕਰਣ ਵਾਲਾ ਹੈਂ। ੨।

ਹੇ ਕਰਣਹਾਰ ਕਰਤਾਰ! ਜੀਵਾਂ ਲਈ ਜਨਮ ਮਰਨ ਦਾ ਗੇੜ ਤੂੰ ਹੀ ਬਣਾਇਆ ਦਾ ਹੈ, ਫ਼ਿਰ ਵੀ ਤੂੰ ਆਪ ਸਦਾ ਥਿੱਰ ਰਹਿਣ ਵਾਲਾ ਭਾਵ ਤੂੰ ਜਨਮ-ਮਰਨ `ਚ ਨਹੀਂ ਆਉਂਦਾ। ਮਾਇਆ ਦੇ ਮੋਹ ਕਾਰਣ, ਵਿਕਾਰਾਂ `ਚ ਬੱਝਾ ਇਹ ਜੀਵ ਨਿੱਤ ਜੰਮਦਾ ਤੇ ਮਰਦਾ ਹੈ, ਅਤੇ ਇਸ ਨੂੰ ਜਨਮ ਮਰਣ ਦਾ ਚੱਕਰ ਪਿਆ ਹੀ ਰਹਿੰਦਾ ਹੈ। ਇਸ ਮਾਇਆ ਮੋਹ `ਚ ਡੁੱਬ ਜਾਣ ਕਾਰਣ ਹੀ ਜੀਵ ਬੇਕਾਰ ਦੇ ਕੰਮਾਂ `ਚ ਗ਼ਰਕ ਹੋ ਜਾਂਦਾ ਹੈ। ਤੇਰੀਆਂ ਦਾਤਾਂ ਨੂੰ ਭੁਲਣ ਕਰਕੇ ਹੀ ਮੋਹ-ਮਾਇਆ `ਚ ਡੁੱਬੇ ਦੀ, ਉਸ ਚੋਂ ਨਿਕਲਣ ਲਈ ਕੋਈ ਪੇਸ਼ ਨਹੀਂ ਜਾਂਦੀ। ਇਸੇ ਕਾਰਣ ਗੁਣਾਂ ਤੋਂ ਹੱਟ ਕੇ ਜੀਵ ਵਿਕਾਰਾਂ ਦਾ ਜ਼ਹਿਰ ਇਕੱਠਾ ਕਰ ਲੈਂਦਾ ਹੈ ਇਸ ਤਰ੍ਹਾਂ ਸਾਰੀ ਉਮਰ ਔਗੁਣਾਂ ਦਾ ਹੀ ਵਣਜ ਕਰਦਾ ਰਹਿ ਜਾਂਦਾ ਹੈ। ੩।

ਜਦੋਂ ਸਦਾ-ਥਿਰ ਰਹਿਣ ਵਾਲੇ ਕਰਤਾਰ ਦੇ ਹੁਕਮ `ਚ ਉਨ੍ਹਾਂ ਪਿਆਰ ਕਰਣ ਵਾਲਿਆਂ ਨੂੰ, ਜਿਹੜੇ ਇਕੱਠੇ ਜੀਵਨ ਬਿਤਾਅ ਰਹੇ ਹੁੰਦੇ ਹਨ, ਕੂਚ ਕਰਨ ਲਈ ਸੱਦੇ ਆਉਂਦੇ ਹਨ ਤਾਂ ਉਨ੍ਹਾਂ ਇਸਤ੍ਰੀ-ਮਰਦਾਂ ਦੇ ਵਿਛੋੜੇ ਹੋ ਜਾਂਦੇ ਹਨ। ਇਨ੍ਹਾਂ ਵਿਛੁੜਿਆ ਨੂੰ ਮੇਲਣ ਵਾਲਾ ਵੀ ਪ੍ਰਭੂ ਸੀ ਅਤੇ ਵਿਛੁੜਣ ਵਾਲਾ ਨਿਯਮ ਵੀ ਉਸੇ ਦੇ ਹੁਕਮ `ਚ ਹੈ। ਪ੍ਰਭੂ ਵਲੋਂ ਇਸ ਪਿਆਰ ਨੂੰ ਤੋੜਣ ਵੇਲੇ ਕਿਸੇ ਦੀ ਸੁੰਦਰਤਾ-ਰੂਪ ਜਾਂ ਬੱਚਾ-ਬਿਰਧ ਹੋਣਾ ਨਹੀਂ ਦੇਖਿਆ ਜਾਂਦਾ। ੪।

ਪ੍ਰਭੂ ਦੇ ਹੁਕਮ ਵਿੱਚ ਮੌਤ ਦਾ ਸੱਦਾ ਆਉਂਦਾ ਹੈ ਤਾਂ ਸਰੀਰ ਦੇ ਸਾਰੇ ਨੌ ਦਰਵਾਜ਼ੇ ਬੰਦ ਹੋ ਜਾਂਦੇ ਹਨ ਅਤੇ ਜੀਵਾਤਮਾ ਕਿਤੇ ਆਕਾਸ਼ `ਚ ਉਡਾਰੀ ਲਾ ਕੇ ਚਲੀ ਜਾਂਦੀ ਹੈ। ਜਿਸ ਦਾ ਪਤੀ ਮਰ ਜਾਂਦਾ ਹੈ ਉਹ ਵਿਧਵਾ, ਅਸਥਿਰ ਮਾਇਆ ਦੇ ਵੇਹੜੇ `ਚ ਲੁੱਟੀ ਹੁੰਦੀ ਹੈ। ਪਤੀ ਦੀ ਲੋਥ ਘਰ ਦੇ ਵੇਹੜੇ `ਚ ਪਈ ਅਤੇ ਉਹ ਦਲਹੀਜਾਂ `ਚ ਬੈਠੀ ਲਾਸ਼ ਨੂੰ ਵੇਖ ਵੇਖ ਰੋਂਦੀ ਤੇ ਆਖਦੀ ਹੈ ਹੇ ਮਾਏ! ਇਸ ਮੌਤ ਕਾਰਣ ਤਾਂ ਮੇਰੀ ਅਕਲ ਟਿਕਾਣੇ ਨਹੀਂ ਰਹੀ।

ਹੇ ਪ੍ਰਭੂ-ਕੰਤ ਦੀਆਂ ਜੀਵ ਇਸਤ੍ਰੀਓ! (ਇਹ ਸਰੀਰ ਦੇ ਵਿਛੋੜੇ ਵਾਲਾ ਸਿਲਸਿਲਾ ਤਾਂ ਬੰਦ ਹੋਣਾ ਨਹੀਂ ਅਤੇ ਕਿਸੇ ਨੇ ਇਥੇ ਬੈਠ ਨਹੀਂ ਰਹਿਣਾ, ਇਸ ਲਈ ਇਸ ਵੱਕਤੀ ਰੋਣੇ ਬਦਲੇ) ਜੇਕਰ ਤੁਸੀਂ ਸਦਾ-ਥਿਰ ਪ੍ਰਮਾਤਮਾ ਦੀ ਸਿਫ਼ਤਿ-ਸਲਾਹ ਨੂੰ ਹਿਰਦੇ `ਚ ਵਸਾ ਕੇ ਪ੍ਰਭੂ-ਪਤੀ ਦੇ ਵਿਛੋੜੇ ਕਾਰਣ ਵੈਰਾਗ `ਚ ਆ ਜਾਓ ਤਾਂ ਤੁਹਾਡਾ ਇਹ ਜੀਵਨ ਸਫਲ ਹੋਵੇਗਾ। ੫।

ਸਾਕ-ਸੰਬੰਧੀ ਪ੍ਰਾਣੀ ਦੀ ਲੋਥ ਨੂੰ ਪਾਣੀ ਨਾਲ ਮਲ ਕੇ ਇਸ਼ਨਾਨ ਕਰਾਂਦੇ ਤੇ ਰੇਸ਼ਮ ਆਦਿ ਕਪੜੇ ਨਾਲ ਲਪੇਟਦੇ ਹਨ। ਮਸਾਣਾਂ `ਚ ਲੈ ਜਾਣ ਸਮੇਂ, ਕਰਤਾਰ ਨੂੰ ਚੇਤੇ ਕਰਦੇ (ਰਾਮ ਨਾਮ ਸਤਿ ਜਾਂ ਵਾਹਿਗੁਰੂ ਸਤਿਨਾਮ ਆਦਿ) ਕੁੱਝ ਬੋਲਦੇ ਅਤੇ ਉਸ ਸਮੇਂ ਸੰਬੰਧੀ ਮਿੱਤਰ ਸਾਰੇ ਉਦਾਸ ਮਨ, ਮਰਿਆਂ ਵਾਂਙ ਹੁੰਦੇ ਹਨ। ਪਤਨੀ ਰੋਂਦੀ ਤੇ ਕਹਿੰਦੀ ਹੈ ਕਿ ਜੀਵਨ ਸਾਥੀ ਦੇ ਮਰਨ ਨਾਲ ਮੈਂ ਭੀ ਮੋਇਆ ਵਰਗੀ ਹੋ ਗਈ ਹਾਂ, ਹੁਣ ਸੰਸਾਰ `ਚ ਮੇਰਾ ਜੀਊਣਾ ਵੀ ਧ੍ਰਿਗਾਕਾਰ ਹੈ। (ਬੇਸ਼ਕ ਇਹ ਵਿਛੋੜਾ ਦੁਖਦਾਈ ਹੈ ਪਰ) ਪਰ ਉਹ ਜੀਵ ਇਸਤ੍ਰੀਆਂ ਧੰਨਤਾ ਦੇ ਯੋਗ ਹਣ ਜੋ ਸੰਸਾਰ `ਚ ਕਿਰਤ-ਕਾਰ ਕਰਦੇ, ਸਦਾ-ਥਿਰ ਪ੍ਰਭੂ ਦੇ ਪ੍ਰੇਮ `ਚ ਟਿਕੀਆਂ ਰਹਿੰਦੀਆਂ ਹਨ। ੬।

ਹੇ ਜੀਵ-ਇਸਤ੍ਰੀਓ! ਜਿੰਨਾ ਚਿਰ ਸੰਸਾਰ `ਚ ਤੁਹਾਨੂੰ ਮਾਇਆ ਦੇ ਮੋਹ ਨੇ ਠੱਗਿਆ ਹੋਇਆ ਹੈ, ਸਹੀ ਅਰਥਾਂ `ਚ ਤੁਸੀਂ ਦੁਖੀ ਤੇ ਰੋਂਦੀਆਂ ਹੀ ਰਹੋਗੀਆਂ। ਇਸ ਲਈ ਜਦ ਤੀਕ ਮੈਂ ਭਾਵ ਜੀਵ ਇਸਤ੍ਰੀ ਮਾਇਅਕ ਵਲੇਵਿਆਂ `ਚ ਹੀ ਠੱਗੀ ਜਾ ਰਹੀ ਹਾਂ, ਤਦ ਤੀਕ ਪ੍ਰਭੂ ਪਤੀ ਤੋਂ ਛੁਟੱੜ ਅਤੇ ਨਿਖਸਮੀ ਹੀ ਰਹਾਂਗੀ। ਪ੍ਰਭੂ ਤਾਂ ਹਰੇਕ ਜੀਵ-ਇਸਤ੍ਰੀ ਦੇ ਹਿਰਦੇ `ਚ ਵੱਸ ਰਿਹਾ ਹੈ ਫ਼ਿਰ ਵੀ ਉਸ ਦੇ ਦਰ ਤੇ ਆਂ ਪ੍ਰਵਾਣਤ ਉਹੀ ਹਨ ਜੋ ਉਸ ਸੋਹਣੇ ਪ੍ਰਭੂ ਦੇ ਵੈਰਾਗ `ਚ ਬੇਹਬਲ ਰਹਿੰਦੀਆਂ ਹਨ। ਸਚਾਈ ਇਹੀ ਹੈ ਕਿ ਜਦੋਂ ਮੈਂ ਭਾਵ ਜੀਵ ਇਸਤ੍ਰੀ ਪ੍ਰਭੂ ਪ੍ਰੇਮ `ਚ ਗੜੁੱਚ ਰਹਿੰਦੀ ਹਾਂ ਮੇਰਾ ਭਾਵ ਇਸ ਜੀਵ ਇਸਤ੍ਰੀ ਦਾ ਤਨ ਤੇ ਮਨ ਖਿੜਿਆ ਰਹਿੰਦਾ ਹੈ। ੭।

ਜੇ ਗੁਰੂ ਮਿਲ ਪਏ ਤਾਂ ਜੀਵ-ਇਸਤ੍ਰੀ ਦੀ ਕਾਇਆਂ ਪਲਟ ਜਾਂਦੀ ਹੈ। ਅਜੇਹੀ ਜੀਵ-ਇਸਤ੍ਰੀ ਸਦਾ-ਥਿਰ ਪ੍ਰਭੂ ਦੀ ਸਿਫ਼ਤ ਸਲਾਹ ਨੂੰ ਹੀ ਆਪਣੇ ਜੀਵਨ ਦਾ ਸਿੰਗਾਰ ਬਣਾ ਲੈਂਦੀ ਹੈ। ਤਾਂ ਤੇ ਹੇ ਸਤਸੰਗੀ ਸਹੇਲੀਹੋ! ਆਓ, ਰਲ ਕੇ ਸਿਰਜਣਹਾਰ ਦਾ ਸਿਮਰਨ ਕਰੀਏ। ਜਿਹੜੀ ਜੀਵ-ਇਸਤ੍ਰੀ ਪ੍ਰਭੂ ਦੇ ਨਾਮ `ਚ ਜੁੜਦੀ ਹੈ ਉਹ ਸੁਹਾਗ-ਭਾਗ ਵਾਲੀ ਹੋ ਜਾਂਦੀ ਹੈ, ਸਦਾ-ਥਿਰ ਪ੍ਰਭੂ ਉਸ ਦੇ ਜੀਵਨ ਨੂੰ ਸੋਹਣਾ ਬਣਾ ਦੇਂਦਾ ਹੈ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਓ, ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ `ਚ ਵਸਾਉ, ਫਿਰ ਕਦੇ ਉਸ ਤੋਂ ਵਿਛੋੜਾ ਨਹੀਂ ਹੋਵੇਗਾ (ਜਦਕਿ ਇਹ ਦੁਨੀਆਵੀ ਵਿਛੋੜੇ ਤਾਂ ਪ੍ਰਭੂ ਦਾ ਅਟੱਲ ਨਿਯਮ ਹੈ ਤੇ ਟੱਲ ਨਹੀਂ ਸਕਦੇ)। ੮। ੩।

ਵਡਹੰਸੁ ਮਹਲਾ ੧- – (ਕੇਵਲ ਸਰਲ ਅਤੇ ਸੰਖੇਪ ਅੱਖਰੀਂ ਅਰਥਾਂ `ਚ) ਜਿਸ ਪ੍ਰਮਾਤਮਾ ਨੇ ਜਗਤ ਪੈਦਾ ਕਰ ਕੇ ਇਸ `ਚ ਆਪਣੇ ਆਪ ਨੂੰ ਲੀਨ ਵੀ ਕੀਤਾ ਹੋਇਆ ਹੈ। ਉਸ ਪ੍ਰਭੂ ਨੂੰ ਉਸ ਦੀ ਕੁਦਰਤ ਵਿਚੋਂ ਹੀ ਜਾਣਿਆ ਜਾ ਸਕਦਾ ਹੈ। ਸਦਾ-ਥਿਰ ਪ੍ਰਭੂ ਨੇ ਰਚਨਾ ਰਚੀ ਹੈ ਅਤੇ ਜੀਵ-ਜੀਵ `ਚ ਮੌਜੂਦ ਹੈ, ਉਸਦੀ ਪਛਾਣ ਸ਼ਬਦ (ਗੁਰੂ ਗਿਆਨ) ਰਾਹੀਂ ਹੀ ਹੋਣੀ ਹੈ। ਉਸਦੀ ਰਚਨਾ ਨੂੰ ਛੱਡ ਕੇ ਉਸਨੂੰ ਕਿਧਰੇ ਦੂਰੋਂ ਜਾਂ ਬਾਹਰੋਂ ਲੱਭਣ ਦੀ ਲੋੜ ਨਹੀਂ। ਜਦੋਂ ਮਨੁੱਖ ਉਸਦੇ ਨਾਮ ਨੂੰ ਸਿਮਰਦਾ ਹੈ ਤਦੋਂ ਉਹ ਆਤਮਕ ਆਨੰਦ ਮਾਣਦਾ ਹੈ ਭਾਵ ਉਸ ਉਪਰ ਵਿਕਾਰਾਂ ਦਾ ਜ਼ੋਰ ਨਹੀਂ ਪੈ ਸਕਦਾ। ਇਸਦੇ ਉਲਟ ਬਿਨਾ ਸਿਫ਼ਤ ਸਲਾਹ ਮਨੁੱਖ ਦਾ ਇਹ ਜੀਵਨ ਕੱਚਾ ਹੀ ਰਹਿ ਜਾਂਦਾ ਹੈ ਭਾਵ ਮਨੁੱਖ ਜਨਮ-ਮਰਣ ਦੇ ਗੇੜ `ਚ ਹੀ ਫ਼ਸਿਆ ਰਹਿੰਦਾ ਹੈ ਅਤੇ ਨਾਮ ਤੋਂ ਬਿਨਾ ੳਲੁਕਾਈ ਵਿਕਾਰਾਂ ਦੇ ਟਾਕਰੇ ਤੋਂ ਅਸਮਰਥ ਹੋ ਜਾਂਦੀ ਹੈ।

ਜਿਸ ਪ੍ਰਮਾਤਮਾ ਨੇ ਰਚਨਾ ਰਚੀ ਹੈ ਉਹੀ ਇਸ ਦੀ ਰਖਿਆ ਦੀ ਵਿਧੀ ਭੀ ਜਾਣਦਾ ਹੈ, ਕੋਈ ਜੀਵ ਉਸ ਦੇ ਉਲਟ ਕੋਈ ਹੋਰ ਉਪਦੇਸ਼ ਨਹੀਂ ਕਰ ਸਕਦਾ। ਜਿਸ ਪ੍ਰਭੂ ਨੇ ਜਗਤ ਪੈਦਾ ਕਰ ਕੇ ਇਸ ਦੇ ਉਪਰ ਮਾਇਆ ਦੇ ਮੋਹ ਦਾ ਜਾਲ ਵਿਛਾਅ ਰਖਿਆ ਹੈ ਉਹੀ ਮੰਨਿਆ-ਪ੍ਰਮੰਨਿਆ ਮਾਲਕ ਹੈ ਤੇ ਉਹੀ ਇਸ ਮਾਇਆ ਜਾਲ `ਚੋਂ ਜੀਵਾਂ ਨੂੰ ਬਚਾਉਣ ਦੇ ਸਮ੍ਰਥ ਵੀ ਹੈ। ੧।

ਜਿਹੜਾ ਜੀਵ ਜਗਤ `ਚ ਆਇਆ ਹੈ ਉਸਨੇ ਜਾਣਾ ਜ਼ਰੂਰ ਹੈ ਕਿਉਂਕਿ ਇਸ ਸੰਸਾਰ `ਚ ਉਹ ਅਧਵਾਟੇ ਭਾਵ ਜਨਮ ਮਰਨ ਦੇ ਗੇੜ `ਚ ਹੀ ਪਿਆ ਹੁੰਦਾ ਹੈ। ਸਦਾ-ਥਿਰ ਪ੍ਰਭੂ ਨੇ ਹਰੇਕ ਜੀਵ ਦੇ ਸਿਰ `ਤੇ ਉਸ ਦੇ ਪੂਰਬਲੇ ਕਰਮਾਂ ਦੇ ਦੁਖ ਤੇ ਸੁਖ ਦੇ ਲੇਖ ਲਿਖੇ ਹੁੰਦੇ ਹਨ। ਹਰੇਕ ਜੀਵ ਦੇ ਕੀਤੇ ਕਰਮਾਂ ਦਾ ਸਮੂਹ ਉਸ ਦੇ ਨਾਲ ਹੀ ਨਿਭਦਾ ਹੈ। ਜੀਵ ਦੇ ਕੀਤੇ ਹੋਏ ਕਰਮਾ ਦੇ ਆਧਾਰ `ਤੇ ਪ੍ਰਭੂ ਆਪ ਹੀ ਜਿਹੋ ਜਿਹੇ ਕਰਮ ਜੀਵਾਂ ਪਾਸੋਂ ਕਰਾਂਦਾ ਹੈ ਉਹੋ ਜਿਹੇ ਕਰਮ ਜੀਵ ਕਰਦੇ ਹਨ, ਕੋਈ ਜੀਵ ਪ੍ਰਭੂ ਦੀ ਰਜ਼ਾ ਤੋਂ ਲਾਂਭੇ ਜਾ ਕੇ ਕੋਈ ਕੰਮ ਨਹੀਂ ਕਰ ਸਕਦਾ। ਕਰਤਾਰ ਆਪ ਤਾਂ ਮਾਇਆ ਅਥਵਾ ਕਰਮਾ ਤੋਂ ਨਿਰਲੇਪ ਹੈ, ਪਰ ਲੁਕਾਈ ਆਪੋ ਆਪਣੇ ਕਰਮਾਂ ਅਨੁਸਾਰ ਮਾਇਕ ਧੰਦਿਆਂ ਚ ਬਝੀ ਪਈ ਹੈ। ਜੀਵਾਂ ਦੇ ਭੀ ਕੀਹ ਵੱਸ? ਕਿਉਂਕਿ ਇਹਨਾਂ ਮਾਇਕ ਬੰਧਨਾਂ ਤੋਂ ਛੁਡਾਉਣ ਦੇ ਸਮ੍ਰਥ ਵੀ ਪ੍ਰਭੂ ਆਪ ਹੀ ਹੈ। ਮਾਇਕ ਬੰਧਨਾਂ ਤੋਂ ਮੁਕਤ ਹੋਣ ਲਈ ਤਾਂ ਇਹ ਮਨੁੱਖਾ ਜਨਮ ਮਿਲਦਾ ਹੈ ਅਤੇ ਇਸ ਜਨਮ `ਚ ਪ੍ਰਭੁ ਦਾ ਗੁਣਗਾਣ ਕਰਕੇ ਮਨੁੱਖ ਨੇ ਸਚਿਆਰਾ ਬਨਣਾ ਹੈ ਪਰ ਇਸਦੇ ਉਲਟ ਮਾਇਆ ਦੇ ਮੋਹ `ਚ ਫ਼ਸਿਆ ਜੀਵ, ਨਾਮ ਸਿਮਰਨ ਵਲੋਂ ਆਲਸ ਕਰਦਾ ਹੈ। ਅੱਜ ਸਿਮਰਨ ਕਰਦਾ ਹਾਂ, ਭਲਕੇ ਕਰਾਂਗਾ ਇਹੀ ਟਾਲ-ਮਟੋਲੇ ਕਰਦੇ ਨੂੰ ਉਮਰ ਪੁੱਗ ਜਾਂਦੀ ਅਤੇ ਮੌਤ ਆ ਦਬਾਂਦੀ ਹੈ। ਇਸ ਤਰ੍ਹਾਂ ਪ੍ਰਭੂ ਨੂੰ ਵਿਸਾਰ ਕੇ ਮਾਇਆ ਦੇ ਮੋਹ ਵਿੱਚ ਫਸਿਆ ਹੋਰ ਦੂਜੇ ਵਿਅਰਥ ਕੰਮ ਕਰਦਾ ਰਹਿੰਦਾ (ਜੀਵਨ ਕੱਚਾ ਕਰਕੇ ਚਲਾ ਜਾਂਦਾ) ਹੈ। ੨।

ਸਾਰੀ ਉਮਰ ਮਾਇਆ ਦੀ ਦੌੜ-ਭੱਜ `ਚ ਰਹਿ ਕੇ ਪ੍ਰਮਾਤਮਾ ਦਾ ਨਾਮ ਭੁਲਾਣ ਦੇ ਕਾਰਣ ਆਖ਼ਰ ਮੌਤ ਆਉਣ ਤੇ ਜੀਵ ਜਨਮ-ਮਰਣ ਦੇ ਗੇੜ `ਚ ਪੈ ਜਾਂਦਾ ਹੈ ਜੇਹੜਾ ਕਿ ਇਸ ਦੇ ਲਈ ਉਜਾੜ ਹੀ ਉਜਾੜ ਅਤੇ ਉਥੇ ਅਗਿਆਨਤਾ ਦਾ ਘੁੱਪ ਹਨੇਰਾ ਹੁੰਦਾ ਹੈ, ਜੀਵ ਨੂੰ ਕੁੱਝ ਸੁਝਦਾ ਨਹੀਂ ਕਿ ਇਸ ਬਿਪਤਾ `ਚੋਂ ਕਿਵੇਂ ਨਿਕਲੇ। ਸਾਰੀ ਉਮਰ ਦੁਨੀਆ ਦੇ ਪਦਾਰਥ ਇਕੱਠੇ ਕਰਦਾ ਰਿਹਾ, ਪਰ ਜਨਮ-ਮਰਣ ਦੇ ਇਸ ਰਸਤੇ ਪੁੱਜੇ ਨਾ ਲੇਫ, ਨਾ ਤੁਲਾਈ ਨਾ ਕਿਸੇ ਕਿਸਮ ਦਾ ਭੋਜਨ, ਨਾ ਠੰਢਾ ਪਾਣੀ, ਨਾ ਸੋਹਣਾ ਕਪੜਾ, ਨਾ ਸਰੀਰ ਲਈ ਹਾਰ-ਸ਼ਿੰਗਾਰ ਭਾਵ ਉਮਰ ਭਰ ਇਕੱਠੇ ਕੀਤੇ ਸਾਰੇ ਪਦਾਰਥ ਮੌਤ ਨੇ ਖੋਹ ਲਏ ਤੇ ਸੰਸਾਰ ਵਿੱਚ ਹੀ ਧਰੇ ਧਰਾਏ ਰਹਿ ਗਏ। ਪ੍ਰਭੂ ਦਾ ਮੌਤ ਵਾਲਾ ਅਟੱਲ ਹੁਕਮ ਤੇ ਦੂਜੇ ਪਾਸੇ ਜੀਵ ਦੇ ਗਲ `ਚ ਪਿਆ ਹੋਇਆ ਮਾਇਆ-ਮੋਹ ਵਾਲਾ ਸੰਗਲ, ਸਿਰ `ਤੇ ਖਲੋਤਾ ਚੋਟਾਂ ਮਾਰਦਾ ਹੈ। ਇਹਨਾਂ ਚੋਟਾਂ ਤੋਂ ਬਚਣ ਲਈ ਇਸ ਨੂੰ ਕੋਈ ਆਸਰਾ ਨਹੀਂ ਦਿਸਦਾ। ਇਸਤਰ੍ਹਾਂ ਜਦੋਂ ਜਮਾਂ (ਮੁੜ ਜਨਮ-ਮਰਣ) ਦੀਆਂ ਚੋਟਾਂ ਪੈ ਰਹੀਆਂ ਹੁੰਦੀਆਂ ਹਨ ਤਾਂ ਉਸ ਵੇਲੇ ਦੇ ਬੀਜੇ ਸਿਮਰਨ ਸੇਵਾ ਆਦਿ ਦੇ ਬੀਜ ਉੱਗ ਨਹੀਂ ਸਕਦੇ। ਪਛੁਤਾਂਦਾ ਹੈ ਪਰ ਕੀਤੇ ਪਾਪਾਂ ਦਾ ਭਾਰ ਸਿਰ `ਤੇ ਪਿਆ ਲਹਿੰਦਾ ਨਹੀਂ। ਤਾਂ ਤਜੇ ਇਸ ਅਟੱਲ ਵਿਚਾਰ ਨੂੰ ਚੇਤੇ ਰਖੋ ਕਿ ਸਦਾ-ਥਿਰ ਰਹਿਣ ਵਾਲੇ ਪ੍ਰਮਾਤਮਾ ਤੋਂ ਬਿਨਾ ਹੋਰ ਕੋਈ ਸਾਥੀ ਨਹੀਂ ਬਣਦਾ। ੩।

ਗੁਰੂ ਨਾਨਕ ਪਾਤਸ਼ਾਹ ਪੱਕਾ ਕਰਦੇ ਹਨ ਕਿ ਜਿਹੜਾ ਭੀ ਜੀਵ ਸਾਧ ਸੰਗਤਿ ਨਾਲ ਰਲ ਕੇ ਪ੍ਰਭੂ ਦੇ ਗੁਣ ਹਿਰਦੇ `ਚ ਵਸਾਂਦਾ ਤੇ ਮਾਇਕ ਖਿਚਾਂ ਵਲੋਂ ਵੈਰਾਗਵਾਨ ਹੋ ਜਾਂਦਾ ਹੈ ਉਹ ਲੋਕ ਪਰਲੋਕ `ਚ ਆਦਰ ਪਾਂਦਾ ਹੈ। ਪਰ ਜਿਸ ਜੀਵ-ਇਸਤ੍ਰੀ ਨੂੰ ਮਾਇਆ ਦੇ ਮੋਹ ਨੇ ਲੁੱਟ ਰਖਿਆ ਹੈ ਉਹ ਸਦਾ ਦੁਖੀ ਰਹਿੰਦੀ ਹੈ। ਇਸ ਤਰ੍ਹਾਂ ਮਾਇਆ ਮੋਹ `ਚ ਫਸੇ ਇਹ ਜੀਵ ਸਾਰੀ ਉਮਰ ਧੰਧਾ ਪਿੱਟਦੇ ਤੇ ਦੁਖੀ ਹੀ ਰਹਿੰਦੇ ਹਨ। ਜਿਹੜੇ ਜੀਵ ਸਾਰੀ ਉਮਰ ਮਾਇਆ ਦੇ ਧੰਦਿਆਂ `ਚ ਹਨ ਉਹ ਆਪਣੇ ਮਨ ਤੋਂ ਕਦੇ ਮੋਹ-ਮਾਇਆ-ਵਿਕਾਰਾਂ ਦੀ ਮੈਲ ਨਹੀਂ ਧੋਂਦੇ, ਉਨ੍ਹਾਂ ਲਈ ਸਾਰੀ ਉਮਰ ਹੀ, ਸੁਪਨਾ ਬਣ ਕੇ ਰਹਿ ਜਾਂਦੀ ਹੈ ਅਤੇ ਆਪਣੇ ਜੀਵਨ ਚੋਂ ਕੁੱਝ ਵੀ ਖੱਟ ਕੇ ਨਹੀਂ ਜਾਂਦੇ। ਕਿਉਂਕਿ, ਜਿਵੇਂ ਮਨੁੱਖ ਸੁਪਨੇ `ਚ ਦੌੜ-ਭੱਜ ਤਾਂ ਬਹੁਤ ਕਰਦਾ ਹੈ ਪਰ ਜਾਗ ਆਉਣ ਤੇ ਉਸ ਦੇ ਹੱਥ-ਪੱਲੇ ਕੁੱਝ ਵੀ ਨਹੀਂ ਹੁੰਦਾ। ਠੀਕ ਉਸੇਤਰ੍ਹਾਂ ਜਿਵੇਂ ਬਾਜ਼ੀਗਰ ਤਮਾਸ਼ਾ ਵਿਖਾਂਦਾ ਹੈ, ਵੇਖਣ ਵਾਲਾ ਤਮਾਸ਼ੇ `ਚ ਰੁਝਿਆ ਤਾਂ ਰਹਿੰਦਾ ਹੈ ਫ਼ਿਰ ਵੀ ਆਪਣੇ ਆਪ `ਚ ਖਾਲੀ ਹੀ ਹੁੰਦਾ ਹੈ। ਇਸੇ ਤਰ੍ਹਾਂ ਕੂੜੇ ਮੋਹ ਦੀ ਠੱਗੀ, ਜੀਵ-ਇਸਤ੍ਰੀ ਮਾਇਕ ਭਟਕਣਾ `ਚ ਕੁਰਾਹੇ ਪਈ ਕੂੜੀ ਮਾਇਆ ਦਾ ਬਹੁਤ ਹੰਕਾਰ ਕਰਦੀ ਹੈ। ਅੰਤ ਗੁਰਦੇਵ ਫ਼ੈਸਲਾ ਦੇਂਦੇ ਹਨ ਕਿ ਇਨ੍ਹਾਂ ਜੀਵਾਂ ਦੇ ਵੀ ਕੀਹ ਵੱਸ? ਪ੍ਰਭੂ ਆਪ ਹੀ ਜੀਵਾਂ ਨੂੰ ਸਹੀ ਰਸਤੇ ਪਾਉਣ ਦੇ ਸਮ੍ਰਥ ਹੈ, ਆਪ ਹੀ (ਉਨ੍ਹਾਂ ਦੇ ਕਰਮਾ ਅਨੁਸਾਰ) ਜੀਵਾਂ `ਚ ਵਿਆਪਕ ਹੋ ਕੇ ਉਨ੍ਹਾਂ ਤੋਂ ਕਰਮ ਕਰਵਾ ਰਿਹਾ ਹੈ। ਸਚਾਈ ਇਹ ਕਿ ਜਿਹੜੇ ਪ੍ਰਭੂ ਦੇ ਨਾਮ ਰੰਗ `ਚ ਰੰਗੇ ਰਹਿੰਦੇ ਹਨ, ਉਹ ਪੂਰੇ ਗੁਰੂ ਦੀ ਸਿਖਿਆ ਤੇ ਚਲ ਕੇ ਮਾਇਆ ਮੋਹ ਤੋਂ ਬੱਚ ਜਾਂਦੇ ਤੇ ਆਤਮਕ ਅਡੋਲਤਾ `ਚ ਟਿਕੇ, ਸਹਿਜ ਸੁਭਾਅ ਹੀ ਪ੍ਰਭੂ ਪ੍ਰੇਮ `ਚ ਜੁੜੇ ਰਹਿੰਦੇ ਹਨ। ੪। ੪॥

ਵਡਹੰਸੁ ਮਹਲਾ ੧॥ (ਕੇਵਲ ਸਰਲ ਅਤੇ ਸੰਖੇਪ ਅੱਖਰੀਂ ਅਰਥਾਂ `ਚ) ਸੰਸਾਰ `ਚ ਜਿਹੜਾ ਭੀ ਜਨਮ ਲੈ ਕੇ ਆਇਆ ਹੈ ਉਸ ਨੇ ਇਥੋਂ ਕੂਚ ਕਰਣਾ ਹੀ ਹੈ, ਕਿਉਂਕਿ ਇਹ ਸੰਸਾਰ ਹੈ ਹੀ ਬਿਨਸਣਹਾਰ ਖਿਲਾਰਾ। ਜੇ ਸਦਾ-ਥਿਰ ਰਹਿਣ ਵਾਲੇ ਪ੍ਰਮਾਤਮਾ ਦਾ ਸਿਮਰਨ ਕਰੀਏ ਤਾਂ ਜੀਵ ਪਵਿਤ੍ਰ ਜੀਵਨ ਵਾਲਾ ਤੇ ਸਦਾ-ਥਿਰ ਪ੍ਰਭੂ ਦਾ ਹੀ ਪ੍ਰਗਟਾਵਾ ਹੋ ਜਾਂਦਾ ਹੈ।

ਇਸ ਦੇ ਉਲਟ, ਜਿਹੜਾ ਮਨੁੱਖ ਮਾਇਆ ਦੇ ਲੋਭ-ਮੋਹ `ਚ ਫਸਿਆ ਰਹਿੰਦਾ ਹੈ ਉਸ ਨੂੰ ਪ੍ਰਭੂ ਦੀ ਹਜ਼ੂਰੀ `ਚ ਥਾਂ ਨਹੀਂ ਮਿਲਦੀ। ਠੀਕ ਉਸੇ ਤਰ੍ਹਾਂ ਜਿਵੇਂ ਸੁੰਞੇ ਘਰ `ਚ ਕਾਂ ਨੂੰ ਕਿਸੇ ਰੋਟੀ- ਟੁੱਕੜਾ ਆਦਿ ਕੁੱਝ ਨਹੀਂ ਪਾਣਾ, ਤਿਵੇਂ ਮਾਇਆ ਦੇ ਲੋਭ-ਮੋਹ `ਚ ਫਸੇ ਨੂੰ ਪ੍ਰਭੂ ਦੀ ਹਜ਼ੂਰੀ `ਚ ਕਿਸੇ ਨਹੀਂ ਆਖਣਾ “ਆਓ ਜੀ, ਅੰਦਰ ਲੰਘ ਆਓ ਤੇ ਬੈਠ ਜਾਓ”। ਉਸ ਮਨੁੱਖ ਲਈ ਜਨਮ ਮਰਨ ਦੇ ਬਾਰ ਬਾਰ ਗੇੜ ਤੇ ਪ੍ਰਭੂ ਮਿਲਾਪ ਲਈ ਲੰਮਾ ਵਿਛੋੜਾ ਬਣ ਆਉਂਦਾ ਹੈ, ਕਿਉਂਕਿ ਸੰਸਾਰ ਹੈ ਹੀ ਬਿਨਸਣਹਾਰ ਅਤੇ ਲੰਮਾ ਸਫ਼ਰ। ਤਾਂ ਤੇ ਮਾਇਕ ਖਿਚਾਂ ਦੇ ਮੋਹ-ਲਾਲਚ ਵਾਲੇ ਆਹਰਾਂ `ਚ ਉਲਝਿਆ ਮਨੁੱਖ, ਜੀਵਨ ਦੇ ਸਹੀ ਰਾਹ ਤੋਂ ਖੁੰਝਿਆ ਰਹਿੰਦਾ ਹੈ, ਇਸੇ ਕਾਰਣ ਜਨਮ-ਮਰਣ ਦੇ ਗੇੜ `ਚ ਫਸਿਆ ਸਦਾ ਰੋਂਦਾ ਤੇ ਦੁਖੀ ਹੀ ਰਹਿੰਦਾ ਹੈ। ੧।

ਹੇ ਭਰਾਵੋ! ਆਓ, ਰਲ ਕੇ ਬੈਠੀਏ, ਤੇ ਮਿਲ ਕੇ ਵਿਛੁੜੇ ਸਾਥੀ ਨੂੰ ਅਸੀਸਾਂ ਦੇਵੀਏ ਅਤੇ ਪ੍ਰਭੂ-ਦਰ ਤੇ ਅਰਦਾਸਾਂ ਕਰੀਏ ਕਿ ਪ੍ਰਭੂ-ਪ੍ਰੀਤਮ ਨਾਲ ਉਸ ਦਾ ਮਿਲਾਪ ਹੋ ਜਾਵੇ। ਸਦਾ ਲਈ ਮੇਲ ਤਾਂ ਸਿਰਫ਼ ਪ੍ਰਮਾਤਮਾ ਨਾਲ ਹੀ ਹੁੰਦਾ ਹੈ ਤੇ ਉਹ ਸਦਾ-ਥਿਰ ਹੋ ਜਾਣ ਵਾਲਾ ਮਿਲਾਪ ਕਦੇ ਮੁੱਕਦਾ ਨਹੀਂ। ਹੇ ਸਤਸੰਗੀਓ! ਰਲ ਕੇ ਵਿਛੁੜੇ ਸਾਥੀ ਲਈ ਅਰਦਾਸਾਂ ਕਰੋ ਤੇ ਆਪ ਭੀ ਪ੍ਰਮਾਤਮਾ ਦੀ ਭਗਤੀ ਕਰੋ ਜਿਸ ਦੀ ਬਰਕਤਿ ਨਾਲ ਪ੍ਰਮਾਤਮਾ ਦੇ ਚਰਣਾਂ `ਚ ਮਿਲਾਪ ਹੋ ਜਾਂਦਾ ਹੈ ਕਿਉਂਕਿ ਜਿਹੜੇ ਪ੍ਰਭੂ-ਚਰਣਾਂ ਨਾਲ ਜੁੜ ਜਾਂਦੇ ਹਨ ਉਨ੍ਹਾਂ ਦਾ ਫਿਰ ਵਿਛੋੜਾ ਨਹੀਂ ਹੁੰਦਾ। ਕਈ ਐਸੇ ਜੋ ਪ੍ਰਮਾਤਮਾ ਦੇ ਨਾਮ ਤੋਂ ਖੁੰਝੇ ਤੇ ਜੀਵਨ ਦੇ ਅਸਲ ਮਾਰਗ ਤੋਂ ਉਖੜੇ ਹੀ ਰਹਿਂਦੇ ਹਨ, ਉਹ ਵੀ ਗੁਰੂ ਦੀ ਸਿਖਿਆ ਤੇ ਚਲ ਕੇ ਪ੍ਰਭੂ ਨਾਲ ਇੱਕ ਮਿਕ ਹੋ ਸਕਦੇ ਹਨ, ਉਂਝ ਨਹੀਂ। ਜਿਹੜੇ ਗੁਰੂ ਦੇ ਸ਼ਬਦ `ਚ ਲੀਨ ਰਹਿੰਦੇ ਹਨ ਉਹ ਜਨਮ-ਮਰਣ ਦੇ ਗੇੜ `ਚ ਨਹੀਂ ਪੈਂਦੇ, ਉਹ ਸਦਾ ਲਈ ਉਸ ਸਦਾ ਥਿਰ ਪ੍ਰਮਾਤਮਾ `ਚ ਜੁੜੇ ਰਹਿੰਦੇ ਹਨ। ਇਸ ਲਈ ਹੇ ਸਤਸੰਗੀਓ! ਸਤਸੰਗ `ਚ ਰਲ ਕੇ ਬੈਠੋ, ਜਿਹੜੇ ਸਤਸੰਗ `ਚ ਆਉਂਦੇ ਹਨ, ਗੁਰੂ ਨਾਲ ਮਿਲ ਕੇ ਭਾਵ ਗੁਰੂ ਦੇ ਮਾਰਗ ਤੇ ਚਲ ਕੇ ਉਨ੍ਹਾਂ ਦੇ ਮਾਇਆ ਮੋਹ ਵਾਲੇ ਫਾਹੇ ਕੱਟ ਜਾਂਦੇ ਹਨ। ੨।

ਜੀਵ ਆਪਣੇ ਕੀਤੇ ਕਰਮਾਂ ਅਨੁਸਾਰ, ਪ੍ਰਮਾਤਮਾ ਦੀ ਦਰਗਾਹ `ਚੋਂ ਹੀ ਇਸ ਨਵੇਂ ਜੀਵਨ ਲਈ ਮੱਥੇ `ਤੇ ਦੁਖ-ਸੁਖ ਦੇ ਲੇਖ ਲਿਖਾ ਕੇ ਜਗਤ ਚ ਨੰਗਾ ਭਾਵ ਖਾਲੀ ਹੱਥ ਹੀ ਆਉਂਦਾ ਹੈ। ਜਨਮ ਦੇ ਨਾਲ ਉਹ ਸਮਾਂ ਭੀ ਨਿਯਤ ਹੁੰਦਾ ਹੈ ਜਦੋਂ ਇਸਨੇ ਸੰਸਾਰ ਤੋਂ ਵਾਪਸ ਜਾਣਾ ਹੈ, ਉਹ ਜਾਣ ਵਾਲਾ ਮੁਕਰਰ ਸਮਾਂ ਤੇ ਉਹ ਦੁਖ ਸੁਖ ਵਾਪਰਨੋਂ ਬਦਲਦੇ ਹਨ ਜੋ ਪਿਛਲੇ ਜਨਮਾਂ `ਚ ਉਸਨੇ ਕਰਮ ਕਰ ਕੇ ਕਮਾਈ ਕੀਤੀ ਹੁੰਦੀ ਹੈ। ਉਨ੍ਹਾਂ ਕੀਤੇ ਕਰਮਾਂ ਅਨੁਸਾਰ, ਸਦਾ-ਥਿਰ ਪ੍ਰਮਾਤਮਾ ਨੇ ਸੋਚ-ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ-ਸਫ਼ਰ `ਚ ਨਾਮ-ਅੰਮ੍ਰਿਤ ਦਾ ਵਪਾਰੀ ਬਨਣਾ ਹੈ ਜਾਂ ਮਾਇਆ-ਜ਼ਹਿਰ `ਚ ਹੀ ਡੁੱਬੇ ਰਹਿਣਾ ਹੈ, ਤਾਂ ਤੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦੀ ਰਜ਼ਾ `ਚ ਜਿਧਰ ਜੀਵ ਨੂੰ ਲਾਇਆ ਜਾਂਦਾ ਹੈ, ਜੀਵ ਓਧਰ ਹੀ ਲਗਦਾ ਹੈ। ਜੀਵ ਦੇ ਕੀਤੇ ਕਰਮਾ ਅਨੁਸਾਰ ਹੀ, ਆਪਣੇ ਮਾਇਆ ਜਾਲ `ਚ ਫ਼ਸਾਉਣ ਵਾਲੀ (ਜਾਦੂ ਟੂਣੇ ਕਰਨ ਵਾਲੀ) ਮਾਇਆ, ਜੀਵ `ਤੇ ਆਪਣਾ ਜਾਦੂ ਪਾ ਦੇਂਦੀ ਹੈ, ਇਸ ਦੇ ਗਲ `ਚ ਕਈ ਰੰਗਾਂ ਵਾਲਾ ਧਾਗਾ ਭਾਵ ਆਪਣੇ ਕਈ ਢੰਗਾਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ। ਇਸ ਮਨਮੋਹਣੀ ਮਾਇਆ ਦੇ ਪ੍ਰਭਾਵ `ਚ ਫ਼ਸਿਆ ਜੀਵ ਆਪਣੀ ਹੋਛੀ ਮੱਤ ਕਾਰਣ ਥੋੜ੍ਹ-ਵਿਤਾ ਹੋ ਜਾਂਦਾ ਹੈ ਭਾਵ, ਇਸ `ਚ ਵਿਤਕਰੇ-ਮੇਰ-ਤੇਰ-ਸੁਆਰਥ ਆਦਿ ਕਈ ਅਉਗਣ ਆ ਜਾਂਦੇ ਹਨ। ਆਪਣੇ ਨਿੱਕੇ ਨਿੱਕੇ ਸੁਅਰਥਾਂ `ਚ ਫਸਿਆ ਮਨੁੱਖ ਠੀਕ ਉਸੇ ਤਰ੍ਹਾਂ ਜਿਵੇਂ ਗੁੜ ਖਾਂਦੀ-ਖਾਂਦੀ ਮੱਖੀ ਗੁੜ ਨਾਲ ਚੰਬੜ ਕੇ ਹੀ ਮਰ ਜਾਂਦੀ ਹੈ, ਤਿਵੇਂ ਇਹ ਜੀਵ ਮਾਇਕ ਸੁਆਦਾਂ ਦੀ ਪੱਕੜ `ਚ ਹੀ ਆਤਮਕ ਮੌਤੇ ਮਰ ਜਾਂਦਾ ਹੈ। ਉਸੇ ਦਾ ਨਤੀਜਾ- ਜੀਵ ਜਗਤ `ਚ ਨੰਗਾ (ਖਾਲੀ ਹੱਥ) ਆਉਂਦਾ ਤੇ ਨੰਗਾ (ਖਾਲੀ ਹੱਥ) ਹੀ ਬੰਨ੍ਹ ਕੇ ਅੱਗੇ ਲਾ ਲਿਆ ਜਾਂਦਾ ਹੈ। ੩।

ਹੇ ਭਾਈ! ਇਹ ਪ੍ਰਭੂ ਦਾ ਅਟੱਲ ਨਿਯਮ ਹੈ, ਜਿਸ ਜੀਵ ਲਈ ਸੱਦਾ ਆ ਜਾਂਦਾ ਹੈ, ਰੋ ਰੋ ਕੇ ਸੱਦੇ ਨੂੰ ਟਾਲ ਨਹੀਂ ਸਕੀਦਾ, ਫਿਰ ਭੀ ਜੇ ਕਿਸੇ ਨੇ ਇਸਨੂੰ ਟਾਲਣ ਲਈ ਰੋਣਾ ਹੀ ਹੈ ਤਾਂ ਰੋ ਕੇ ਦੇਖ ਲਵੋ। ਉਸ ਵੇਲੇ ਤਾਂ ਪ੍ਰਾਣੀ ਨੂੰ ਬੰਨ੍ਹ ਕੇ ਅੱਗੇ ਤੋਰ ਲਿਆ ਜਾਂਦਾ ਹੈ, ਕਿਉਂਕਿ ਉਸ ਦੇ ਇਥੋਂ ਕੂਚ ਲਈ ਪ੍ਰਮਾਤਮਾ ਦੀ ਦਰਗਾਹ ਦਾ ਹੁਕਮ ਮਿਟਾਇਆ ਨਹੀਂ ਜਾ ਸਕਦਾ। ਇਸ ਲਈ ਪ੍ਰਮਾਤਮਾ ਨੂੰ ਆਪਣੀ ਰਜ਼ਾ `ਚ ਜਦੋਂ ਚੰਗਾ ਲਗਦਾ ਹੈ, ਤਾਂ ਜੀਵ ਲਈ ਕੂਚ ਦਾ ਸੱਦਾ ਆ ਜਾਂਦਾ ਹੈ, ਰੋਣ ਵਾਲੇ ਸੰਬੰਧੀ ਰੋਂਦੇ ਹਨ। ਪੁੱਤਰ, ਭਰਾ, ਭਤੀਜੇ, ਪਿਆਰੇ ਸੰਬੰਧੀ ਸਾਰੇ ਹੀ ਰੋਂਦੇ ਹਨ। ਉਹ ਸਾਰੇ ਪ੍ਰਾਣੀ ਪਿਛੋਂ ਆਪਣੇ ਉਪਰ ਦੁਨੀਆ `ਚ ਵਾਪਰਨ ਵਾਲੇ ਦੁਖਾਂ ਦੇ ਸਹਮ ਤੇ ਉਸ ਦੇ ਗੁਣਾਂ, ਉਸ ਤੋਂ ਆਪਣੇ ਸੁਖਾਂ ਨੂੰ ਮੁੜ ਮੁੜ ਚੇਤੇ ਕਰਕੇ ਰੋਂਦੇ ਹਨ, ਪਰ ਮੁਏ ਪ੍ਰਾਣੀ ਨਾਲ ਕਦੇ ਕੋਈ ਮਰਦਾ ਨਹੀਂ, ਆਪਣਾ ਜੀਊਣਾ ਹਰੇਕ ਨੂੰ ਪਿਆਰਾ ਲਗਦਾ ਹੈ ਅਤੇ ਆਈ ਤੋਂ ਬਿਨਾ ਕੋਈ ਮਰ ਵੀ ਨਹੀਂ ਸਕਦਾ। ਗੁਰੂ ਨਾਨਕ ਪਾਤਸ਼ਾਹ ਫ਼ੈਸਲਾ ਦੇਂਦੇ ਹਨ ਕਿ ਮਰਨ ਤੇ ਜੰਮਣ ਦਾ ਇਹ ਸਿਲਸਲਾ ਤਾਂ ਜਾਰੀ ਹੀ ਰਹਿਣਾ ਹੈ ਪਰ ਉਹੀ ਸਿਆਣੇ ਹਨ ਜੋ ਸੱਚੇ ਪ੍ਰਭੂ ਦੇ ਗੁਣ ਹਿਰਦੇ `ਚ ਵਸਾ ਕੇ ਮਾਇਆ ਦੇ ਮੋਹ ਵਲੋਂ ਜਿਊਂਦੇ ਜੀਅ ਮਰਦੇ ਹਨ। ੪। ੫।

ੴਸਤਿ ਗੁਰਪ੍ਰਸਾਦਿ॥ ਵਡਹੰਸੁ ਮਹਲਾ ੩ ਮਹਲਾ ਤੀਜਾ (ਕੇਵਲ ਸੰਖੇਪ ਅਤੇ ਸਰਲ ਅੱਖਰੀਂ ਅਰਥਾਂ `ਚ) ਹੇ ਭਾਈ! ਸਦਾ ਕਾਇਮ ਰਹਿਣ ਵਾਲੇ ਹਰੀ-ਪ੍ਰਭੂ ਦੀ ਸਿਫ਼ਤਿ-ਸਲਾਹ ਕਰਨੀ ਚਾਹੀਦੀ ਹੈ, ਉਹ ਸਭ ਕੁੱਝ ਕਰਨ ਦੀ ਸਮ੍ਰਥਾ ਰੱਖਣ ਵਾਲਾ ਹੈ। ਜਿਸ ਜੀਵ-ਇਸਤ੍ਰੀ ਨੇ ਸਿਰਜਣਹਾਰ ਪ੍ਰੀਤਮ-ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ ਅਤੇ ਕਰਤਾਰ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਉਚਾਰਦੀ ਹੈ, ਉਹ ਕਦੇ ਨਿ-ਖਸਮੀ ਨਹੀਂ ਹੁੰਦੀ, ਨਾਹ ਹੀ ਉਸ ਨੂੰ ਕਦੇ ਕੋਈ ਚਿੰਤਾ ਵਿਆਪਦੀ ਹੈ, ਨਾ ਗ਼ਮ। ਉਹ ਹਰ ਵੇਲੇ ਪ੍ਰਮਾਤਮਾ ਦਾ ਨਾਮ-ਰਸ ਮਾਣਦੀ ਤੇ ਸਦਾ ਪ੍ਰਭੂ ਦੇ ਚਰਨਾਂ `ਚ ਲੀਨ ਹੀ ਰਹਿੰਦੀ ਹੈ। ਇਸ ਤਰ੍ਹਾਂ ਜਿਨ੍ਹਾਂ ਜੀਵ-ਇਸਤ੍ਰੀਆਂ ਨੇ ਜੀਵ ਦੇ ਕਰਮਾਂ ਨੂੰ ਘੜਣ ਵਾਲੇ ਪ੍ਰਭੂ ਨੂੰ ਸਮਝਿਆ ਹੈ, ਅਜੇਹੇ ਗੁਣਾਂ ਵਾਲੀਆਂ ਪ੍ਰਮਾਤਮਾ ਦੇ ਗੁਣ ਚੇਤੇ ਕਰਦੀਆਂ ਰਹਿੰਦੀਆਂ ਅਤੇ ਪ੍ਰਭੂ-ਖਸਮ ਨੂੰ ਆਪਣੇ ਹਿਰਦੇ `ਚ ਵਸਾਈ ਰਖਦੀਆਂ ਹਨ; ਉਨ੍ਹਾਂ ਨੂੰ ਪ੍ਰਮਾਤਮਾ ਨਾਲੋਂ ਕਦੇ ਵਿਛੋੜਾ ਨਹੀਂ ਹੁੰਦਾ। ਤਾਂ ਤੇ ਹੇ ਭਾਈ! ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ-ਪਤੀ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਉਹ ਪ੍ਰਭੂ ਸਭ ਕੁੱਝ ਕਰਨ ਦੇ ਸਮ੍ਰਥ ਹੈ। ੧।

ਗੁਰੂ ਦੇ ਸ਼ਬਦ ਵਿੱਚ ਜੁੜ ਕੇ ਸਦਾ ਕਾਇਮ ਰਹਿਣ ਵਾਲੇ ਮਾਲਕ-ਪ੍ਰਭੂ ਨਾਲ ਸਾਂਝ ਪੈ ਸਕਦੀ ਹੈ, ਪ੍ਰਭੂ ਆਪ ਹੀ (ਜੀਵ ਨੂੰ) ਆਪਣੇ ਨਾਲ ਮਿਲਾ ਲੈਂਦਾ ਹੈ। ਜਿਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦੀ ਹੈ ਉਹ ਪ੍ਰਭੂ-ਪਤੀ ਦੇ ਪ੍ਰੇਮ-ਰੰਗ `ਚ ਰੰਗੀ ਜਾਂਦੀ ਹੈ। ਇਸ ਤਰ੍ਹਾਂ ਜਿਹੜੀ ਜੀਵ-ਇਸਤ੍ਰੀ ਆਪਣੇ ਅੰਦਰੋਂ ਆਪਾ-ਭਾਵ ਗੁਆ ਲੈਂਦੀ ਹੈ, ਉਸ ਨੂੰ ਕਦੇ ਆਤਮਕ ਮੌਤ ਨਹੀਂ ਵਾਪਰਦੀ, ਗੁਰੂ ਦੀ ਸ਼ਰਨ `ਚ ਪੈ ਕੇ ਉਹ ਜੀਵ-ਇਸਤ੍ਰੀ ਇੱਕ ਪ੍ਰਮਾਤਮਾ ਨਾਲ ਹੀ ਡੂੰਘੀ ਸਾਂਝ ਪਾਈ ਰਖਦੀ ਹੈ। ਉਸ ਜੀਵ-ਇਸਤ੍ਰੀ ਦੀ ਚਿਰਾਂ ਦੀ ਪ੍ਰਭੂ-ਮਿਲਾਪ ਵਾਲੀ ਇਛਾ ਪੂਰੀ ਹੋ ਜਾਂਦੀ ਹੈ, ਉਹ ਅੰਦਰੋਂ (ਨਾਮ-ਰਸ ਨਾਲ) ਭਿੱਜ ਜਾਂਦੀ ਹੈ, ਉਸ ਨੂੰ ਜਗਤ ਦੇ ਜੀਵਨ ਦਾ ਦਾਤਾ, ਪ੍ਰਭੂ ਮਿਲ ਪੈਂਦਾ ਹੈ। ਤਾਂ ਤੇ ਜਿਹੜੀ ਜੀਵ-ਇਸਤ੍ਰੀ ਗੁਰ-ਸ਼ਬਦ ਦੇ ਰੰਗ `ਚ ਰੰਗੀ ਜਾਂਦੀ ਹੈ, ਉਹ ਨਾਮ ਰੰਗ `ਚ ਹੀ ਮਸਤ ਰਹਿੰਦੀ ਹੈ, ਉਹ ਪ੍ਰਭੂ-ਪਤੀ ਦੀ ਗੋਦ `ਚ ਲੀਨ ਰਹਿੰਦੀ ਹੈ। ਉਹ ਗੁਰੂ ਦੇ ਸ਼ਬਦ ਰਾਹੀਂ ਹੀ ਸਦਾ-ਥਿਰ ਮਾਲਕ-ਪ੍ਰਭੂ ਨਾਲ ਜਾਣ-ਪਛਾਣ ਬਣ ਜਾਂਦੀ ਹੈ ਤੇ ਅਜੇਹੀ ਜੀਵ ਇਸਤ੍ਰੀ ਪ੍ਰਭੂ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ। ੨।

ਹੇ ਜੀਵ ਇਸਤ੍ਰੀ! ਜਿਨ੍ਹਾਂ ਸਤਸੰਗਣਾਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਨ੍ਹਾਂ ਨੂੰ ਪੁਛਦੀ ਹਾਂ ਭਾਵ ਪ੍ਰਭੂ ਪਤੀ ਨੂੰ ਪਾਉਣ ਦਾ ਕੀ ਢੰਗ ਹੈ। ਉੱਤਰ ਹੈ ਕਿ ਜੀਵ ਨੂੰ ਆਪਾ-ਭਾਵ ਮਿਟਾ ਕੇ ਸੇਵਾ ਕਰਣ ਨਾਲ (ਗੁਰੂ ਦੀ ਸਿਖਿਆ ਤੇ ਚਲਣ ਨਾਲ) ਸਦਾ ਕਾਇਮ ਰਹਿਣ ਵਾਲਾ ਪ੍ਰਭੂ-ਪਤੀ ਸਹਿਜੇ ਹੀ ਮਿਲ ਜਾਂਦਾ ਹੈ। ਉਸ ਜੀਵ-ਇਸਤ੍ਰੀ ਨੂੰ ਸਦਾ-ਥਿਰ ਪ੍ਰਭੂ ਆ ਕੇ ਮਿਲ ਪੈਂਦਾ ਹੈ, ਜਿਹੜੀ ਸਦਾ-ਥਿਰ ਹਰਿ-ਨਾਮ ਸਿਮਰਨ ਦੀ ਕਮਾਈ ਕਰਦੀ ਹੈ, ਉਹ ਜੀਵ-ਇਸਤ੍ਰੀ ਸਦਾ ਸੁਹਾਗਣ ਹੀ ਰਹਿੰਦੀ ਹੈ ਤੇ ਕਦੇ ਨਿ-ਖਸਮੀ ਨਹੀਂ ਹੁੰਦੀ, ਉਸ ਅੰਦਰ ਆਤਮਕ ਅਡੋਲਤਾ ਦੀ ਸਦਾ ਸਮਾਧੀ ਹੀ ਲੱਗੀ ਰਹਿੰਦੀ ਹੈ। ਪ੍ਰਭੂ-ਪਤੀ ਤਾਂ ਹਰ ਥਾਂ ਮੌਜੂਦ ਹੈ, ਹੇ ਜੀਵ ਇਸਤ੍ਰੀ! ਉਸ ਨੂੰ ਤੂੰ ਆਪਣੇ ਅੰਗ-ਸੰਗ ਵੱਸਦਾ ਵੇਖ, ਇਸ ਤਰ੍ਹਾਂ ਆਤਮਕ ਅਡੋਲਤਾ ਵਿੱਚ ਟਿਕ ਕੇ ਤੇ ਸਹਿਜੇ ਹੀ ਉਸ ਦੇ ਪ੍ਰੇਮ `ਚ ਜੁੜ ਕੇ, ਉਸ ਦੇ ਮਿਲਾਪ ਦਾ ਆਨੰਦ ਮਾਣ। ਕਿਉਂਕਿ ਜਿਨ੍ਹਾਂ ਸੰਤਸੰਗੀਆਂ ਨੇ ਆਪਣੇ ਖਸਮ-ਪ੍ਰਭੂ ਨਾਲ ਸਾਂਝ ਪਾ ਲਈ ਹੈ, ਮੈਂ ਜਾ ਕੇ ਉਹਨਾਂ ਨੂੰ ਪੁਛਦੀ ਹਾਂ ਕਿ ਉਸ ਪ੍ਰਭੂ ਨਾਲ ਮਿਲਾਪ ਕਿਵੇਂ ਹੋ ਸਕਦਾ ਹੈ? । ੩।

ਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ ਜੇਕਰ ਅਸੀਂ ਸਦਾ ਥਿਰ ਗੁਰੂ ਦੀ ਚਰਨੀਂ ਲਗੀਏ ਤਾਂ। ਗੁਰੂ ਸਦਾ ਹੀ ਦਇਆਲ ਹੁੰਦਾ ਹੈ, ਉਹ ਸ਼ਰਨ ਪਿਆਂ ਦੇ ਅਵਗੁਣ, ਸ਼ਬਦ ਰਾਹੀਂ ਸਾੜ ਦੇਂਦਾ ਹੈ। ਇਸ ਤਰ੍ਹਾਂ ਗੁਰੂ, ਸ਼ਰਨ ਪਿਆਂ ਦੇ ਔਗਣ, ਗੁਰ-ਸ਼ਬਦ ਦਾ ਰੰਗ ਚੜ੍ਹਾ ਕੇ ਸਾੜ ਦੇਂਦਾ ਅਤੇ ਜੀਵ ਅੰਦਰੋਂ ਮਾਇਕ ਪੱਕੜ ਖਤਮ ਕਰ ਦੇਂਦਾ ਹੈ। ਇਸ ਤੋਂ ਜੀਵ ਅੰਦਰੋ ਹਉਮੈ ਵਾਲਾ ਭਰਮ ਵੀ ਖਤਮ ਹੋ ਜਾਂਦਾ ਹੈ। ਪ੍ਰਭੂ-ਪਤੀ ਤਾਂ ਪਵਿਤ੍ਰ ਕਰਨ ਅਤੇ ਸਦਾ ਸੁਖ ਦੇਣ ਵਾਲਾ ਹੈ, ਗੁਰੂ ਸ਼ਬਦ ਦੇ ਗਿਆਨ ਰਾਹੀਂ ਜੀਵ ਨੂੰ ਪ੍ਰਭੂ ਨਾਲ ਮਿਲਾ ਦੇਂਦਾ ਹੈ। ਤਾਂ ਤੇ ਅਸੀਂ ਜੀਵ-ਇਸਤ੍ਰੀਆਂ ਪ੍ਰਭੂ-ਪਤੀ ਤੋਂ ਵਿਛੁੜੀਆਂ ਹੋਈਆਂ ਫਿਰ ਭੀ ਉਸ ਨੂੰ ਮਿਲ ਸਕਦੀਆਂ ਹਾਂ, ਜੇ ਅਸੀਂ ਸਦਾ ਥਿਰ ਰਹਿਣ ਵਾਲੇ ਸੱਚੇ ਗੁਰੂ ਦੀ ਚਰਨੀਂ ਲੱਗ ਜਾਈਏ। ੪। ੧।

ਵਡਹੰਸੁ ਮਹਲਾ - (ਕੇਵਲ ਸੰਖੇਪ ਤੇ ਅੱਖਰੀਂ ਅਰਥਾਂ `ਚ) ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! ਮੇਰੀ ਗੱਲ ਸੁਣ ਲੈਣੀ, ਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਦੇ ਗੁਣਾਂ ਦਾ ਵਿਚਾਰ ਕਰ ਕੇ ਪ੍ਰਭੂ-ਪਤੀ ਦੀ ਸੇਵਾ-ਭਗਤੀ ਕਰਿਆ ਕਰੋ। ਜਿਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ ਨਾਲ ਡੂੰਘੀ ਸਾਂਝ ਨਹੀਂ ਪਾਂਦੀ, ਉਹ ਔਗੁਣਾਂ ਨਾਲ ਭਰੀ ਰਹਿੰਦੀ ਹੈ, ਪ੍ਰਭੂ-ਪਤੀ ਨੂੰ ਭੁਲਾ ਕੇ ਉਹ ਆਤਮਕ ਜੀਵਨ ਲੁਟਾ ਲੈਂਦੀ ਤੇ ਦੁਖੀ ਰਹਿੰਦੀ ਹੈ। ਦੂਜੇ ਪਾਸੇ, ਜਿਹੜੀ ਜੀਵ-ਇਸਤ੍ਰੀ ਪ੍ਰਭੂ ਪਤੀ ਨੂੰ ਹਿਰਦੇ `ਚ ਵਸਾ ਕੇ ਪ੍ਰਭੂ ਦੇ ਗੁਣਾਂ ਨੂੰ ਸਦਾ ਚੇਤੇ ਕਰਦੀ ਅਤੇ ਉਸਦੇ ਦਰ ਤੇ ਅਰਜ਼ੋਈਆਂ ਕਰਦੀ ਰਹਿੰਦੀ ਹੈ, ਉਸ ਦਾ ਉਹ ਪਤੀ ਭਾਵ ਪ੍ਰਮਾਤਮਾ ਨਾ ਕਦੇ ਮਰਦਾ ਅਤੇ ਨਾ ਹੀ ਉਸਨੂੰ ਕਦੇ ਛੱਡ ਕੇ ਹੀ ਜਾਂਦਾ ਹੈ।

ਜਿਹੜੀ ਜੀਵ-ਇਸਤ੍ਰੀ ਗੁਰੂ ਦੀ ਸ਼ਰਨ ਪੈ ਕੇ ਪ੍ਰਭੂ ਨਾਲ ਡੂੰਘੀ ਸਾਂਝ ਪਾਂਦੀ ਹੈ, ਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਨਾਲ ਜਾਣ-ਪਛਾਣ ਬਣਾਂਦੀ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਵਿੱਚ ਲੀਨ ਰਹਿੰਦੀ ਹੈ। ਇਸਦੇ ਉਲਟ, ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਨਾਲ ਸਾਂਝ ਨਹੀਂ ਪਾਈ ਉਹ ਪ੍ਰਭੂ ਜੋ ਸਭ ਜੀਵਾਂ ਨੂੰ ਉਨ੍ਹਾਂ ਦੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈ, ਉਸ ਕੂੜ ਦੀ ਵਣਜਾਰਨ ਨੂੰ ਮਾਇਆ ਦਾ ਮੋਹ ਠੱਗੀ ਰੱਖਦਾ ਹੈ। ਇਸ ਲਈ, ਹੇ ਪ੍ਰਭੂ-ਪਤੀ ਦੀ ਜੀਵ-ਇਸਤ੍ਰੀਓ! ਸੁਣੋ ਕਿ ਗੁਰੂ ਦੇ ਸ਼ਬਦ ਰਾਹੀਂ ਪ੍ਰਭੂ ਦੇ ਗੁਣਾਂ ਦੀ ਵਿਚਾਰ ਕਰ ਕੇ ਪ੍ਰਭੂ ਦੀ ਸੇਵਾ-ਭਗਤੀ ਕਰਿਆ ਕਰੋ। ੧।

ਹੇ ਭਾਈ! ਸਾਰਾ ਜਗਤ, ਤੇ ਜਗਤ ਚ ਜਨਮ ਮਰਨ ਦਾ ਚਕ੍ਰ ਪ੍ਰਮਾਤਮਾ ਨੇ ਆਪ ਹੀ ਬਣਾਇਆ ਹੈ। ਜਿਹੜੇ ਜੀਵ ਮਾਇਆ ਦੇ ਮੋਹ `ਚ ਗੁਆਚ ਜਾਂਦੇ ਹਨ, ਉਹ ਮੁੜ ਮੁੜ ਜੰਮਦੇ-ਮਰਦੇ ਰਹਿੰਦੇ ਹਨ। ਇਸ ਲਈ ਮੁੜ ਮੁੜ ਜੰਮਦੇ-ਮਰਦੇ ਰਹਿੰਦੇ ਹਨ ਕਿਉਂਕਿ ਮਾਇਆ ਦੇ ਮੋਹ `ਚ ਫਸ ਕੇ ਜੀਵ ਅੰਦਰ ਵਿਕਾਰ ਵਧਦੇ ਅਤੇ ਮਾਇਆ ਦੇ ਮੋਹ `ਚ ਠੱਗੇ ਰਹਿੰਦੇ ਹਨ, ਇਸ ਤਰ੍ਹਾਂ ਆਤਮਕ ਜੀਵਨ ਦੀ ਸੂਝ ਤੋਂ ਸੱਖਣੀ ਦੁਨੀਆ ਆਤਮਕ ਜੀਵਨ ਦੀ ਪੂੰਜੀ ਲੁਟਾ ਬੈਠਦੀ ਹੈ। ਗੁਰੂ ਦੇ ਸ਼ਬਦ ਤੋਂ ਬਿਨਾ ਜੀਵ ਇਸਤ੍ਰੀ, ਪ੍ਰਭੂ-ਪਤੀ ਦਾ ਮਿਲਾਪ ਪ੍ਰਾਪਤ ਨਹੀਂ ਕਰ ਸਕਦੀ; ਜਿਸ ਦਾ ਨਤੀਜਾ, ਔਗੁਣਾਂ ਨਾਲ ਭਰੀ, ਤੇ ਝੂਠੇ ਮੋਹ `ਚ ਫਸੀ ਹੋਈ ਦੁਖੀ ਰਹਿ ਕੇ, ਆਪਣਾ ਜਨਮ ਅਜਾਈਂ ਗੁਆ ਲੈਂਦੀ ਹੈ। ਕਿਉਂਕਿ ਪ੍ਰਭੂ ਆਪ ਹੀ ਜਗਤ ਦੇ ਜੀਵਨ ਦਾ ਆਸਰਾ ਹੈ, ਤਾਂ ਤੇ ਕਿਸੇ ਦੀ ਸਰੀਰਕ ਮੌਤ ਮਰਨ ਤੇ ਰੋਣਾ ਭੀ ਕੀਹ ਰੋਣਾ ਹੋਇਆ? ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਭੁਲਾ ਕੇ ਤਾਂ ਹਰ ਸਮੇਂ ਦੁਖੀ ਅਤੇ ਰੋਂਦੀ ਹੀ ਰਹਿੰਦੀ ਹੈ। ਨਹੀਂ ਤਾਂ, ਸਾਰੇ ਜਗਤ ਨੂੰ ਪ੍ਰਭੂ ਨੇ ਆਪ ਹੀ ਪੈਦਾ ਕੀਤਾ ਅਤੇ ਜਗਤ ਦਾ ਜਨਮ ਮਰਨ ਵੀ ਪ੍ਰਭੂ ਨੇ ਹੀ ਬਣਾਇਆ ਹੈ। ੨।

ਉਹ ਪ੍ਰਭੂ-ਪਤੀ ਸਦੀਵੀ ਹੈ ਅਤੇ ਸਦਾ ਥਿਰ ਰਹਿਣ ਵਾਲਾ ਹੈ; ਉਹ ਨਾ ਮਰਦਾ ਹੈ ਅਤੇ ਨਾ ਹੀ ਕਦੇ ਜੰਮਦਾ ਹੈ। ਅੰਞਾਣ ਜੀਵ-ਇਸਤ੍ਰੀ ਪ੍ਰਭੂ ਤੋਂ ਖੁੰਝੀ ਮਾਇਆ ਦੇ ਮੋਹ `ਚ ਫਸ ਕੇ ਉਸ ਤੋਂ ਵਿਛੁੜੀ ਰਹਿੰਦੀ ਹੈ। ਮਾਇਕ ਖਿੱਚਾਂ `ਚ ਫਸੀ, ਪ੍ਰਭੂ ਪਤੀ ਤੋਂ ਵਿਛੁੜੀ ਨਿਖਸਮੀ, ਇਹ ਵੀ ਜਾਣਦੀ ਕਿ ਮਾਇਆ ਦੇ ਮੋਹ `ਚ ਫਸ ਕੇ ਦੁਖ ਸਹਿੰਦੀ ਅਤੇ ਇਸ ਮੋਹ `ਚ ਫਸੀ ਦੀ ਹੀ ਉਮਰ ਗੁਜ਼ਰਦੀ ਜਾਂਦੀ ਤੇ ਸਰੀਰ ਕਮਜ਼ੋਰ ਹੁੰਦਾ ਜਾਂਦਾ ਹੈ। ਸੰਸਾਰ ਦਾ ਤਾਂ ਨਿਯਮ ਹੀ ਇਹੀ ਹੈ ਕਿ ਜੋ ਕੁੱਝ ਇਥੇ ਜੰਮਿਆ-ਬਣਿਆ ਹੈ ਉਹ ਸਭ ਕੁੱਝ ਨਾਸ ਹੋ ਜਾਂਦਾ ਹੈ, ਪਰ ਮਾਇਅਕ ਰਸਾਂ ਕਾਰਣ ਇਸ ਰੱਬੀ ਨਿਯਮ ਨੂੰ ਭੁਲਾ ਕੇ ਹੀ ਜੀਵ ਨੂੰ ਕਿਸੇ ਦੇ ਮਰਨ ਤੇ ਦੁਖ ਹੁੰਦਾ ਹੈ। ਸੰਸਾਰ `ਚ ਮਾਇਆ ਖ਼ਾਤਰ ਹੀ ਲੜਦਾ-ਝਗੜਦਾ ਰਹਿੰਦਾ ਹੈ। ਇਸ ਨੂੰ ਆਪਣੇ ਸਿਰ `ਤੇ ਖਲੌਤੀ ਮੌਤ ਵੀ ਭੁਲੀ ਰਹਿੰਦੀ ਹੈ ਅਤੇ ਲੋਭ-ਲਾਲਚ `ਚ ਹੀ ਚਿੱਤ ਲਾਈ ਰਖਦਾ ਹੈ। ਤਾਂ ਤੇ ਹੇ ਭਾਈ! ਕੇਵਲ ਉਹ ਪ੍ਰਭੂ-ਪਤੀ ਹੀ ਸਦਾ ਥਿਰ ਤੇ ਸਦਾ ਰਹਿਣ ਵਾਲਾ ਹੈ, ਉਹ ਨਾਹ ਮਰਦਾ ਹੈ ਨਾਹ ਜੰਮਦਾ ਹੈ। ੩।

ਇਕ ਉਹ ਜੀਵ-ਇਸਤ੍ਰੀਆਂ ਹਨ ਜੋ ਪ੍ਰਭੂ-ਪਤੀ ਤੋਂ ਵਿਛੁੜ ਕੇ ਦੁਖੀ ਰਹਿੰਦੀਆਂ ਹਨ। ਇਸ ਤਰ੍ਹਾਂ ਮਾਇਆ ਦੇ ਮੋਹ `ਚ ਅੰਨ੍ਹੀ ਹੋਈ ਜੀਵ-ਇਸਤ੍ਰੀ ਇਹ ਨਹੀਂ ਸਮਝਦੀ ਕਿ ਪ੍ਰਭੂ-ਪਤੀ ਤਾਂ ਹਰ ਵੇਲੇ ਉਸਦੇ ਨਾਲ ਵਸਦਾ ਹੈ। ਇਸ ਲਈ ਜਿਹੜੀ ਜੀਵ ਇਸਤ੍ਰੀ ਗੁਰੂ ਦੀ ਕਿਰਪਾ ਨਾਲ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ `ਚ ਵਸਾਈ ਰਖਦੀ ਹੈ, ਉਸ ਨੂੰ ਪ੍ਰਭੂ ਆਪਣੇ ਅੰਦਰੋਂ ਹੀ ਸਦਾ ਅੰਗ-ਸੰਗ ਦਿਸਦਾ ਹੈ। ਦੂਜੇ ਪਾਸੇ, ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤ੍ਰੀ ਨੂੰ, ਪ੍ਰਭੂ ਸਦਾ ਦੂਰ ਹੀ ਦਿਸਦਾ ਹੈ। ਹੇ ਭਾਈ! ਜਿਸ ਜੀਵ-ਇਸਤ੍ਰੀ ਨੇ ਪ੍ਰਭੂ ਪਤੀ ਨੂੰ ਅੰਗ-ਸੰਗ ਵਸਦਾ ਨਹੀਂ ਪਹਿਚਾਣਿਆ, ਉਸ ਦਾ ਇਹ ਸਰੀਰ ਵਿਕਾਰਾਂ-ਅਉਗਣਾਂ `ਚ ਹੀ ਰੁਲਦਾ ਹੈ ਤੇ ਕਿਸੇ ਕੰਮ ਨਹੀਂ ਆਉਂਦਾ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਜਿਹੜੀ ਜੀਵ-ਇਸਤ੍ਰੀ, ਗੁਰੂ ਦੀ ਕਿਰਪਾ ਨਾਲ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ `ਚ ਵਸਾਈ ਰਖਦੀ ਹੈ, ਉਹ ਪ੍ਰਭੂ ਨੂੰ ਮਿਲ ਪੈਂਦੀ ਹੈ। ਤਾਂ ਤੇ ਇੱਕ ਉਹ ਹਨ ਜੋ ਆਪਣੇ ਆਪ ਨੂੰ ਪ੍ਰਭੂ-ਪਤੀ ਤੋਂ ਵਿਛੁੜੀਆਂ ਮੰਨ ਕੇ ਦੁਖੀ ਹੁੰਦੀਆਂ ਹਨ ਪਰ ਦੂਜੀਆਂ ਮਾਇਆ ਦੇ ਮੋਹ `ਚ ਅੰਨ੍ਹੀ ਹੋਈ ਜੀਵ-ਇਸਤ੍ਰੀ ਇਹ ਨਹੀਂ ਸਮਝਦੀ ਕਿ ਪ੍ਰਭੂ-ਪਤੀ ਤਾਂ ਹਰ ਵੇਲੇ ਜੀਵ ਦੇ ਨਾਲ ਹੀ ਵਸਦਾ ਹੈ। ੪। ੨।

ਵਡਹੰਸੁ ਮਃ ੩॥ (ਕੇਵਲ ਸੰਖੇਪ ਅਤੇ ਅੱਖਰੀਂ ਅਰਥਾਂ `ਚ) - ਪ੍ਰਭੂ-ਪਤੀ ਤੋਂ ਵਿਛੁੜੀਆਂ ਜੀਵ-ਇਸਤ੍ਰੀਆਂ ਸਦਾ ਦੁਖੀ ਰਹਿੰਦੀਆਂ ਹਨ ਕਿਉਂਕਿ ਉਹ ਇਹ ਨਹੀਂ ਜਾਣਦੀਆਂ ਕਿ ਮੇਰਾ ਪ੍ਰਭੂ-ਪਤੀ ਸਦਾ ਥਿਰ ਹੈ ਅਤੇ ਸਦਾ ਨਾਲ ਵਸਦਾ ਹੈ। ਜਿਨ੍ਹਾਂ ਨੇ ਹਿਰਦੇ `ਚ ਦ੍ਰਿੜ ਕਰ ਲਿਆ ਹੈ ਕਿ ਅਸੀਂ ਇਥੇ ਰਹਿਣ ਲਈ ਨਹੀਂ ਆਏ ਤਾਂ ਉਹ ਗੁਰੂ ਦੇ ਦੱਸੇ ਮਾਰਗ `ਤੇ ਚਲ ਕੇ ਸਦਾ ਪ੍ਰਮਾਤਮਾ ਦੇ ਹੀ ਗੁਣ-ਗਾਣ ਕਰਦੇ ਹਨ। ਇਸ ਤਰ੍ਹਾਂ ਉਹ ਜੀਵ ਇਸਤ੍ਰੀਆਂ ਪ੍ਰਭੂ ਨੂੰ ਸਦਾ ਹਿਰਦੇ `ਚ ਵਸਾਂਦੀਆਂ ਅਤੇ ਗੁਰੂ ਦੀ ਸਿਖਿਆ ਉਪਰ ਚਲਦੀਆਂ ਹਨ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ, ਮੌਤ ਵਾਲੇ ਡਰ ਨੂੰ ਦੂਰ ਕਰਕੇ ਉਹ ਜੀਵ ਇਸਤ੍ਰੀ ਸਦਾ-ਥਿਰ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਂਦੀ ਅਤੇ ਉਸ ਨੂੰ ਮੁੜ ਜਨਮ ਮਰਨ ਦਾ ਗੇੜ ਨਹੀਂ ਵਿਆਪਦਾ। ਮਾਲਕ-ਪ੍ਰਭੂ ਸਦਾ ਥਿਰ ਅਤੇ ਉਸ ਦੀ ਵਡਿਆਈ ਵੀ ਸਦਾ ਕਾਇਮ ਰਹਿਣ ਵਾਲੀ ਹੈ, ਪ੍ਰਭੂ ਮੇਹਰ ਦੀ ਨਿਗਾਹ ਕਰ ਕੇ ਸਾਰਿਆਂ ਦੀ ਸੰਭਾਲ ਕਰਦਾ ਹੈ। ਦੂਜੇ ਪਾਸੇ, ਪ੍ਰਭੂ-ਪਤੀ ਤੋਂ ਵਿਛੁੜੀਆਂ, ਜੀਵ-ਇਸਤ੍ਰੀਆਂ ਸਦਾ ਭਟਕਣਾ, ਤ੍ਰਿਸ਼ਨਾ, ਵਿਕਾਰਾਂ ਕਾਰਣ ਸਦਾ ਦੁਖੀ ਰਹਿੰਦੀਆਂ ਹਨ ਅਤੇ ਨਹੀਂ ਜਾਣਦੀਆਂ ਕਿ ਮੇਰਾ ਪ੍ਰਭੂ-ਪਤੀ ਸਦਾ ਰਹਿਣ ਵਾਲਾ ਭਾਵ ਜਨਮ-ਮਰਣ `ਚ ਨਹੀਂ ਅਤੇ ਸਦਾ ਸਾਡੇ ਨਾਲ ਹੀ ਵਸਦਾ ਹੈ। ੧।

ਮੇਰਾ ਮਾਲਕ-ਪ੍ਰਭੂ ਸਭਨਾਂ ਨਾਲੋਂ ਉੱਚਾ ਹੈ ਤੇ ਮੈਂ ਜੀਵ-ਇਸਤ੍ਰੀ ਬੜੇ ਨੀਵੇਂ ਜੀਵਨ ਵਾਲੀ ਹਾਂ, ਇਸ ਲਈ ਮੈਂ ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲ ਸਕਦੀ ਹਾਂ? ਫ਼ਿਰ ਵੀ, ਜਦੋਂ ਗੁਰੂ ਨੇ ਹੀ ਜੀਵ-ਇਸਤ੍ਰੀ ਨੂੰ ਪ੍ਰਭੂ ਨਾਲ ਮਿਲਾ ਦਿੱਤਾ ਤਾਂ ਜੀਵਨ ਆਤਮਕ ਅਡੋਲਤਾ `ਚ ਆ ਜਾਂਦਾ ਹੈ ਤੇ ਪ੍ਰਭੂ ਉਸਦੇ ਹਿਰਦੇ ਘਰ `ਚ ਟਿੱਕ ਜਾਂਦਾ ਹੈ। ਅਜਿਹੀ ਜੀਵ-ਇਸਤ੍ਰੀ ਪ੍ਰਭੂ ਨੂੰ ਸਦਾ ਆਪਣੇ ਹਿਰਦੇ `ਚ ਵਸਾਂਦੀ ਤੇ ਪਿਆਰੇ ਦੇ ਪਿਆਰ `ਚ ਡੁੱਬੀ ਰਹਿੰਦੀ ਹੈ ਜਦਕਿ ਪ੍ਰਭੂ-ਪਤੀ ਦਾ ਦਰਸ਼ਨ, ਗੁਰੂ ਦੀ ਰਾਹੀਂ ਹੀ ਹੁੰਦਾ ਹੈ। ਦੂਝੇ ਪਾਸੇ, ਮਾਇਆ ਦਾ ਮੋਹ ਚੋਲਾ, ਕੇਵਲ ਕੱਚੇ ਰੰਗ ਵਾਲਾ ਹੀ ਹੁੰਦਾ ਹੈ; ਜੇ ਇਹੀ ਪਹਿਨ ਰਖੀਏ ਤਾਂ ਆਤਮਕ ਜੀਵਨ ਪੱਖੋਂ ਮਨੁੱਖ ਦਾ ਪੈਰ ਡੋਲਦਾ ਹੀ ਰਹਿੰਦਾ ਹੈ। ਪ੍ਰਭੂ-ਪਤੀ ਦੇ ਪ੍ਰੇਮ-ਰੰਗ `ਚ ਰੰਗਿਆ ਹੋਇਆ ਚੋਲਾ ਹੀ ਪੱਕੇ ਰੰਗ ਵਾਲਾ ਹੁੰਦਾ ਹੈ, ਜੇ ਉਹ ਪਹਿਨ ਕੇ ਪ੍ਰਭੂ ਦਾ ਨਾਮ ਰੰਗ ਹਿਰਦੇ `ਚੋਂ ਮਾਇਆ ਦੀ ਤਿ੍ਰਸ਼ਨਾ ਦੂਰ ਕਰ ਦੇਂਦਾ ਹੈ। ਚੇਤੇ ਰਹੇ ਕਿ ਮਾਲਕ-ਪ੍ਰਭੂ ਹੀ ਸਭਨਾਂ ‘ਤੋਂ ਉੱਚਾ ਹੈ ਤੇ ਮੈਂ ਜੀਵ-ਇਸਤ੍ਰੀ ਬੜੇ ਨੀਵੇਂ ਜੀਵਨ ਵਾਲੀ ਹਾਂ, ਇਸ ਲਈ ਮੈਂ ਉਸ ਪਿਆਰੇ ਪ੍ਰੀਤਮ ਨੂੰ ਕਿਵੇਂ ਮਿਲ ਸਕਦੀ ਹਾਂ? । ੨।

ਗੁਰੂ ਦੀ ਬਖਸ਼ਿਸ਼ ਨਾਲ, ਮੈਂ ਸਦਾ ਥਿਰ ਪ੍ਰਮਾਤਮਾ ਨੂੰ ਪਾ ਲਿਆ ਹੈ ਜਿਸ ਦੀ ਸੋਝੀ ਤੋਂ ਬਿਨਾ ਹੋਰ ਜੀਵ ਇਸਤ੍ਰੀ ਆਪਣੇ ਔਗੁਣਾਂ ਕਾਰਣ ਹੀ ਪੁਠੇ ਰਾਹ ਪਈ ਰਹਿੰਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਸਦਾ-ਥਿਰ ਪ੍ਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨ ਕਰਕੇ ਮੈਨੂੰ ਭਾਵ ਜੀਵ ਇਸਤ੍ਰੀ ਨੂੰ ਪ੍ਰਭੂ-ਪਤੀ ਸਦਾ ਆਪਣੇ ਚਰਨਾਂ ਨਾਲ ਜੋੜੀ ਰਖਦਾ ਹੈ। ਜਿਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਰਾਹੀਂ ਸਦਾ-ਥਿਰ ਪ੍ਰਭੂ ਦੇ ਗੁਣਾਂ ਦੀ ਵਿਚਾਰ ਮਨ `ਚ ਵਸਾਂਦੀ ਹੈ, ਉਹ ਪ੍ਰਭੂ ਪ੍ਰੇਮ ਦੇ ਰੰਗ `ਚ ਰੰਗੀ ਰਹਿੰਦੀ ਹੈ। ਗੁਰੂ ਨੂੰ ਮਿਲ ਕੇ ਉਹ ਪ੍ਰੀਤਮ-ਪ੍ਰਭੂ ਨੂੰ ਆਪਣੇ ਅੰਦਰੋਂ ਹੀ ਲੱਭ ਲੈਂਦੀ ਹੈ। ਆਪਣੇ ਅੰਤਰ ਆਤਮੇ ਪ੍ਰਮਾਤਮਾ ਦੇ ਪਿਆਰ-ਰੰਗ `ਚ ਰੰਗੀ ਰਹਿੰਦੀ ਹੈ ਅਤੇ ਉਹ ਆਤਮਕ ਅਡੋਲਤਾ `ਚ ਮਸਤ ਰਹਿੰਦੀ ਹੈ, ਉਸ ਲਈ ਵਿਕਾਰ ਆਦਿ ਮਨੁੱਖਾ ਜੀਵਨ ਦਾ ਸਾਰੇ ਵੈਰੀ ਤੇ ਦੁਖ ਦੂਰ ਹੋ ਜਾਂਦੇ ਹਨ। ਜੇਕਰ, ਇਹ ਤਨ ਤੇ ਮਨ ਆਪਣੇ ਗੁਰੂ ਦੇ ਹਵਾਲੇ ਕਰ ਦੇਈਏ ਤਾਂ ਮਨ ਹਰਿ ਨਾਮ-ਰਸ ਨਾਲ ਭਿਜਦਾ ਹੈ ਤੇ ਗੁਰੂ ਮਨੁੱਖ ਦੇ ਤਿ੍ਰਸ਼ਨਾ ਆਦਿ ਦੁਖ ਦੂਰ ਕਰ ਦੇਂਦਾ ਹੈ। ਗੁਰੂ ਨੇ ਬਖਸ਼ਿਸ਼ ਕਰਕੇ ਮੈਨੂੰ ਆਪਣੀ ਪਹਿਚਾਣ ਦੇ ਦਿੱਤੀ ਹੈ ਨਹੀਂ ਤਾਂ ਦੂਜੀਆਂ ਜੀਵ ਇਸਤ੍ਰੀਆਂ ਕੁਰਾਹੇ ਪਈਆਂ ਅਉਗੁਣਾ ਨਾਲ ਹੀ ਭਰਪੂਰ ਰਹਿੰਦੀਆਂ ਹਨ। ੩।

ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਨੇ ਆਪ ਹੀ ਇਹ ਸੰਸਾਰ ਰਚਿਆ ਹੈ, ਪਰ ਗੁਰੂ ਭਾਵ ਇਲਾਹੀ ਗਿਆਨ ਤੋਂ ਬਿਨਾ, ਜੀਵ ਆਤਮਕ ਜਾਗ੍ਰਤੀ ਵਿਹੂਣਾ ਅਗਿਆਣਤਾ ਦੇ ਘੁੱਪ ਹਨੇਰੇ `ਚ ਹੀ ਭਟਕਦਾ ਹੈ। ਪ੍ਰਮਾਤਮਾ ਆਪ ਹੀ ਜੀਵ ਨੂੰ ਗੁਰੂ ਗਿਆਨ ਦੀ ਰੋਸ਼ਨੀ ਦੇ ਕੇ ਆਪਣੇ ਨਾਲ ਮਿਲਾਂਦਾ ਅਤੇ ਆਪਣੇ ਚਰਨਾਂ ਦਾ ਪਿਆਰ ਬਖ਼ਸ਼ਦਾ ਹੈ। ਪ੍ਰਭੂ ਆਪ ਹੀ ਆਪਣਾ ਪਿਆਰ ਦੇ ਕੇ ਜੀਵ ਨੂੰ ਆਤਮਕ ਅਡੋਲਤਾ `ਚ ਲਿਆਉਂਦਾ ਅਤੇ ਗੁਰੂ ਦੀ ਸ਼ਰਨ `ਚ ਪਾ ਕੇ ਉਸ ਤੋਂ ਸਿਫ਼ਤ ਸਲਾਹ ਵਾਲਾ ਵਣਜ ਕਰਵਾ ਲੈਂਦਾ ਹੈ। ਇਸ ਤਰ੍ਹਾਂ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਆ ਕੇ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ, ਉਸ ਦਾ ਜਗਤ `ਚ ਆਉਣਾ ਸਫਲ ਹੋ ਜਾਂਦਾ ਹੈ, ਉਹ ਸਦਾ-ਥਿਰ ਪ੍ਰਭੂ ਦੇ ਦਰ ਲਈ ਸੁਰਖ਼ਰੂ ਹੋ ਜਾਂਦਾ ਹੈ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਗੁਰੂ ਤੋਂ ਮਿਲੇ ਰੱਬੀ ਗਿਆਨ ਦਾ ਨਤੀਜਾ, ਮਨੁੱਖ ਦੇ ਹਿਰਦੇ `ਚ ਆਤਮਕ ਚਾਨਣ ਹੋ ਜਾਂਦਾ ਹੈ। ਤਾਂ ਤੇ ਸਦਾ ਥਿਰ ਪ੍ਰਮਾਤਮਾ ਨੇ ਆਪ ਜਗਤ ਪੈਦਾ ਕੀਤਾ, ਪਰ ਗੁਰੂ ਦੀ ਸ਼ਰਨ ਪੈਣ ਬਿਨਾ ਜੀਵ ਨੂੰ ਆਤਮਕ ਜੀਵਨ ਪੱਖੋਂ ਘੁੱਪ ਹਨੇਰਾ ਹੀ ਬਣਿਆ ਰਹਿੰਦਾ ਹੈ। ੪। ੩।

ਵਡਹੰਸੁ ਮਹਲਾ ੩॥ (ਕੇਵਲ ਸੰਖੇਪ ਅਤੇ ਸਰਲ ਅੱਖਰੀਂ ਅਰਥਾਂ `ਚ) - ਇਹ ਸਰੀਰ ਪੁਰਾਣਾ ਹੋਣ ਵਾਲਾ ਤੇ ਅਖੀਰ ਇਸ ਨੂੰ ਬੁਢੇਪਾ ਆ ਦਬਾਂਦਾ ਹੈ, ਮਨੁੱਖ ਫ਼ਿਰ ਵੀ ਇਸਦੇ ਮੋਹ ਨੂੰ ਨਹੀਂ ਛੱਡਦਾ। ਜਿਹੜੇ ਮਨੁੱਖ ਗੁਰੂ ਦੀ ਸਿਖਿਆ `ਤੇ ਚਲਦੇ ਹਨ ਉਹ ਡੁਬਣ ਤੋਂ ਬਚ ਜਾਂਦੇ ਹਨ ਪਰ ਜਿਹੜੇ ਗੁਰੂ ਦੀ ਸ਼ਰਨ `ਚ ਨਹੀਂ ਆਉਂਦੁ, ਉਹ ਮੋਹ-ਮਾਇਆ `ਚ ਫਸ ਕੇ ਮੁੜ ਜਨਮ-ਮਰਣ ਦੇ ਗੇੜ `ਚ ਪੈ ਜਾਂਦੇ ਹਨ। ਅਜਿਹੇ ਮਨੁੱਖ ਜਿਹੜੇ ਮੁੜ ਤੋਂ ਜਨਮ-ਮਰਣ ਦੇ ਗੇੜ `ਚ ਪੈ ਜਾਂਦੇ ਹਨ ਉਹ ਇਸਦੇ ਲਈ ਪਛਤਾਂਦੇ ਹਨ, ਕਿਉਂਕਿ ਪ੍ਰਭੂ ਦੀ ਸਿਫ਼ਤ ਤੋਂ ਬਿਨਾ ਜੀਵਨ ਦਾ ਸੱਚਾ ਸੁਖ ਨਸੀਬ ਨਹੀਂ ਹੁੰਦਾ ਅਤੇ ਜੀਵ ਜਨਮ-ਮਰਣ ਦੇ ਦੁਖਾਂ ਤੋਂ ਨਹੀਂ ਬਚ ਸਕਦਾ। ਇਸ ਦੇ ਲਈ ਇਹ ਮਨੁੱਖਾ ਜਨਮ ਹੀ ਹੈ ਜਿਸ ਦੀ ਕਮਾਈ ਨੇ ਹੀ ਕੰਮ ਆਉਣਾ ਹੈ। ਮਨਮੁਖ ਪ੍ਰਭੂ ਦੀ ਦਰਗਾਹ `ਚ ਆਪਣੀ ਇਜ਼ਤ ਗੁਆ ਲੈਂਦਾ ਹੈ। ਹੇ ਭਾਈ! ਜਨਮ-ਮਰਣ ਦੇ ਗੇੜ `ਚ ਸਦਾ ਅਗਿਆਨਤਾ ਦਾ ਘੁਪ ਹਨੇਰਾ ਹੀ ਹੁੰਦਾ ਹੈ ਜਿਸ `ਚ ਕੋਈ ਵੀ ਸੰਸਾਰਕ ਭੈਣ ਜਾਂ ਭਰਾ ਆਦਿ ਦਾ ਰਿਸ਼ਤਾ ਸਹਾਈ ਨਹੀਂ ਹੋ ਸਕਦਾ। ਇਹ ਮਨੁੱਖਾ ਸਰੀਰ ਨਾਸ ਹੋਣ ਵਾਲਾ ਹੈ ਤਾਂਤੇ ਇਸ ਦਾ ਲਾਭ ਲੈਣਾ ਹੈ। ੧।

ਮਨੁੱਖ ਦਾ ਸਰੀਰ ਤਦੋਂ ਸੋਨੇ ਵਾਂਗ, ਬਿਨਾ ਖੋਟ) ਹੋ ਜਾਂਦਾ ਹੈ, ਜਦੋਂ ਗੁਰੂ, ਇਸ ਨੂੰ ਪ੍ਰਭੂ ਚਰਨਾਂ ਨਾਲ ਜੋੜ ਦੇਂਦਾ ਹੈ। ਇਸ ਤਰ੍ਹਾਂ ਮਨੁੱਖ, ਸਦਾ-ਥਿਰ ਪ੍ਰਭੂ ਦੀ ਸਿਫ਼ਤ ਸਲਾਹ `ਚ ਲੀਨ ਹੋ ਜਾਂਦਾ ਤੇ ਇਸ ਅੰਦਰੋਂ ਮਾਇਆ ਦੀ ਭਟਕਣਾ-ਭਰਮ ਦੂਰ ਹੋ ਜਾਂਦਾ ਹੈ, ਇਸਦਾ ਜੀਵਨ ਟਿਕਾਅ `ਚ ਆ ਜਾਂਦਾ ਹੈ। ਅਜੇਹਾ ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ `ਚ ਲੀਨ ਹੋ ਜਾਂਦਾ ਹੈ ਅਤੇ ਉਸ ਪ੍ਰਭੂ ਦੇ ਗੁਣ ਗਾ ਕੇ ਜੀਵਨ ਦਾ ਸੱਚਾ ਸੁਖ ਪ੍ਰਾਪਤ ਕਰਂਦਾ ਹੈ। ਅਜੇਹਾ ਮਨੁੱਖ ਦਿਨ ਰਾਤ, ਹਰ ਸਮੇਂ, ਪ੍ਰਭੂ ਨਾਲ ਮਿਲ ਕੇ ਆਪਣੇ ਅੰਦਰੋਂ ਹਉਮੈ ਦਾ ਵਿਨਾਸ ਕਰ ਲੈਂਦਾ ਹੈ ਅਤੇ ਸਦੀਵੀ ਅਨੰਦ ਮਾਣਦਾ ਹੈ। ਤਾਂ ਤੇ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ `ਚ ਆਪਣਾ ਚਿੱਤ ਜੋੜਿਆ ਹੈ, ਮੈਂ ਉਨ੍ਹਾਂ ਦੇ ਚਰਨੀਂ ਲੱਗਦਾ ਹਾਂ। ਅਸਲੀਅਤ ਇਹੀ ਹੈ ਕਿ ਜੀਵਨ ਸੋਨੇ ਵਾਂਗ ਬਿਨਾ ਖੋਟ ਤਾਂ ਹੀ ਪਵਿਤ੍ਰ ਹੋ ਸਕਦਾ ਹੈ, ਜਦੋਂ ਗੁਰੂ ਇਸਨੂੰ ਪ੍ਰਭੂ ਦੇ ਚਰਨਾਂ ਨਾਲ ਜੋੜ ਦੇਂਦਾ ਹੈ। ੨।

ਸਦਾ ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਤਦੋਂ ਹੀ ਕੀਤੀ ਜਾ ਸਕਦੀ ਹੈ, ਜੇ ਗੁਰੂ ਇਸਦੇ ਲਈ ਸੋਝੀ ਦੇ ਦੇਵੇ ਤਾਂ। ਗੁਰੂ ਦੀ ਸ਼ਰਨ ਪਏ ਬਿਨਾ ਭਾਵ ਗੁਰੂ ਦੀ ਸਿਖਿਆ `ਤੇ ਨਾ ਚਲੇ ਬਿਨਾ, ਜਿਹੜੀਆਂ ਜੀਵ-ਇਸਤ੍ਰੀਆਂ ਮਾਇਕ ਭਟਕਣਾ-ਤ੍ਰਿਸ਼ਨਾ ਕਾਰਨ ਕੁਰਾਹੇ ਪਈਆਂ, ਜੀਵਨ ਬਤੀਤ ਕਰ ਦੇਂਦੀਆਂ ਹਨ, ਉਹ ਪ੍ਰਭੂ ਦਰ `ਤੇ ਵੀ ਸ਼ਰਮ-ਸਾਰ ਹੁੰਦੀਆਂ ਹਨ। ਪ੍ਰਭੂ ਦਰ `ਤੇ ਆਪਣਾ ਮੂੰਹ ਨਹੀਂ ਦਿਖਾ ਸਕਦੀਆਂ, ਪਛੁਤਾਂਦੀਆਂ ਤੇ ਦੁਖੀ ਹੁੰਦੀਆਂ ਹਨ। ਪ੍ਰਭੂ ਦੇ ਨਾਮ ਰੰਗ `ਚ ਰੰਗੀਆਂ ਹੋਈਆਂ ਜੀਵ-ਇਸਤ੍ਰੀਆਂ ਪ੍ਰਮਾਤਮਾ ਦੇ ਚਰਨਾਂ `ਚ ਲੀਨ ਹੋ ਕੇ ਉਸ ਦੇ ਗੂੜ੍ਹੇ ਪ੍ਰੇਮ-ਰੰਗ `ਚ ਮਸਤ ਰਹਿੰਦੀਆਂ ਹਨ। ਕਿੳਂਕਿ ਪ੍ਰਮਾਤਮਾ ਤੋਂ ਵੱਡਾ ਹੋਰ ਕੋਈ ਨਹੀਂ ਇਸ ਲਈ ਉਸਤੋਂ ਬਿਨਾ ਕਿਸ ਅੱਗੇ ਅਰਜ਼ੋਈ ਕਰਨੀ ਵਿਅਰਥ ਹੈ। ਪਰ ਸਦਾ ਥਿਰ ਪ੍ਰਮਾਤਮਾ ਦੀ ਸਿਫ਼ਤਿ-ਸਾਲਾਹ ਤਾਂ ਹੀ ਕੀਤੀ ਜਾ ਸਕਦੀ ਹੈ, ਜੇ ਸਦੀਵੀ ਗੁਰੂ ਹੀ ਇਸ ਲਈ ਸਮਝ ਬਖ਼ਸ਼ ਦੇਵੇ। ੩।

ਜਿਨ੍ਹਾਂ ਜੀਵ ਇਸਤ੍ਰੀਆਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ, ਮੈਂ ਉਨ੍ਹਾਂ ਦੀ ਚਰਨੀਂ ਲਗਦਾ ਹਾਂ। ਉਹ ਜੀਵ ਇਸਤ੍ਰੀਆਂ ਅਡੋਲ-ਚਿੱਤ ਅਤੇ ਨਿਰਮਲ ਹੋ ਜਾਂਦੀਆਂ ਹਨ, ਉਨ੍ਹਾਂ ਦਾ ਮਿਲਾਪ ਮਨੁੱਖ ਅੰਦਰੋਂ ਵਿਕਾਰਾਂ ਦੀ ਮੈਲ ਮੁੱਕਾ ਦੇਂਦਾ ਹੈ ਅਤੇ ਉਹ ਸੁਭਾਵਕ ਹੀ ਪ੍ਰਭੂ ਦੇ ਨਾਮ-ਸਰੋਵਰ `ਚ ਇਸ਼ਨਾਨ ਕਰਦੇ ਹਨ। ਪ੍ਰਮਾਤਮਾ ਦਾ ਨਾਮਨਾ, ਮਾਇਆ ਦੀ ਕਾਲਖ ਤੋਂ ਬਚਾਉਣ ਵਾਲਾ, ਸਾਡੀ ਸੂਝ ਤੋਂ ਬਹੁਤ ਗਿਹਿਰਾ, ਸਾਡੇ ਗਿਆਨ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ; ਇਹ ਸੋਝੀ ਵੀ ਸਦੀਵੀ-ਸੱਚੇ ਗੁਰੂ ਤੋਂ ਹੀ ਮਿਲਦੀ ਹੈ। ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਕਿ ਉਹ ਜੀਵ ਇਸਤ੍ਰੀਆਂ ਸਦਾ-ਥਿਰ ਪ੍ਰਭੂ `ਚ ਲੀਨ ਹੋ ਕੇ ਦਿਨ-ਰਾਤ ਹਰ ਵੇਲੇ ਨਾਮ-ਰੰਗ `ਚ ਹੀ ਰੰਗੀਆਂ ਰਹਿੰਦੀਆਂ ਹਨ। ਇਸ ਲਈ ਜਿਨ੍ਹਾਂ ਨੇ ਸਦਾ ਥਿਰ ਪ੍ਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦਾ ਉੱਦਮ ਬਣਾ ਲਿਆ ਹੈ, ਮੈਂ ਉਨ੍ਹਾਂ ਦੀ ਚਰਨੀਂ ਲਗਦਾ ਹਾਂ। ੪। ੪। (ਸਮਾਪਤ)

-------------------------------------------------------------------------------------------------------------------

ਰਾਗੁ ਵਡਹੰਸੁ ਮਹਲਾ ੧ ਘਰੁ ੫ ਅਲਾਹਣੀਆ ੴ ਸਤਿ ਗੁਪ੍ਰਸਾਦਿ॥

ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ॥ ਮੁਹਲਤਿ ਪੁਨੀ ਪਾਈ ਭਰੀ ਜਾਨੀਅੜਾ ਘਤਿ ਚਲਾਇਆ॥ ਜਾਨੀ ਘਤਿ ਚਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਏ॥ ਕਾਂਇਆ ਹੰਸ ਥੀਆ ਵੇਛੋੜਾ ਜਾਂ ਦਿਨ ਪੁੰਨੇ ਮੇਰੀ ਮਾਏ॥ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬਿ ਕਮਾਇਆ॥ ਧੰਨੁ ਸਿਰੰਦਾ ਸਚਾ ਪਾਤਿਸਾਹੁ ਜਿਨਿ ਜਗੁ ਧੰਧੈ ਲਾਇਆ॥ ੧ ॥ ਸਾਹਿਬੁ ਸਿਮਰਹੁ ਮੇਰੇ ਭਾਈਹੋ ਸਭਨਾ ਏਹੁ ਪਇਆਣਾ॥ ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾ॥ ਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ॥ ਜਿਤੁ ਸੇਵਿਐ ਦਰਗਹ ਸੁਖੁ ਪਾਈਐ ਨਾਮੁ ਤਿਸੈ ਕਾ ਲੀਜੈ॥ ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ॥ ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਇਹੁ ਪਇਆਣਾ॥ ੨ ॥ ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ॥ ਜਲਿ ਥਲਿ ਮਹੀਅਲਿ ਰਵਿ ਰਹਿਆ ਸਾਚੜਾ ਸਿਰਜਣਹਾਰੋ॥ ਸਾਚਾ ਸਿਰਜਣਹਾਰੋ ਅਲਖ ਅਪਾਰੋ ਤਾ ਕਾ ਅੰਤੁ ਨ ਪਾਇਆ॥ ਆਇਆ ਤਿਨ ਕਾ ਸਫਲੁ ਭਇਆ ਹੈ ਇੱਕ ਮਨਿ ਜਿਨੀ ਧਿਆਇਆ॥ ਢਾਹੇ ਢਾਹਿ ਉਸਾਰੇ ਆਪੇ ਹੁਕਮਿ ਸਵਾਰਣਹਾਰੋ॥ ਜੋ ਤਿਸੁ ਭਾਵੈ ਸੰਮ੍ਰਥ ਸੋ ਥੀਐ ਹੀਲੜਾ ਏਹੁ ਸੰਸਾਰੋ॥ ੩ ॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ॥ ਵਾਲੇਵੇ ਕਾਰਣਿ ਬਾਬਾ ਰੋਈਐ ਰੋਵਣੁ ਸਗਲ ਬਿਕਾਰੋ॥ ਰੋਵਣੁ ਸਗਲ ਬਿਕਾਰੋ ਗਾਫਲੁ ਸੰਸਾਰੋ ਮਾਇਆ ਕਾਰਣਿ ਰੋਵੈ॥ ਚੰਗਾ ਮੰਦਾ ਕਿਛੁ ਸੂਝੈ ਨਾਹੀ ਇਹੁ ਤਨੁ ਏਵੈ ਖੋਵੈ॥ ਐਥੈ ਆਇਆ ਸਭੁ ਕੋ ਜਾਸੀ ਕੂੜਿ ਕਰਹੁ ਅਹੰਕਾਰੋ॥ ਨਾਨਕ ਰੁੰਨਾ ਬਾਬਾ ਜਾਣੀਐ ਜੇ ਰੋਵੈ ਲਾਇ ਪਿਆਰੋ॥ ੪ ॥ ੧ 

ਵਡਹੰਸੁ ਮਹਲਾ ੧॥ ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾਂ॥ ਰੋਵਹ ਬਿਰਹਾ ਤਨ ਕਾ ਆਪਣਾ ਸਾਹਿਬੁ ਸੰਮ੍ਹ੍ਹਾਲੇਹਾਂ॥ ਸਾਹਿਬੁ ਸਮ੍ਹ੍ਹਾਲਿਹ ਪੰਥੁ ਨਿਹਾਲਿਹ ਅਸਾ ਭਿ ਓਥੈ ਜਾਣਾ॥ ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ॥ ਜੋ ਤਿਨਿ ਕਰਿ ਪਾਇਆ ਸੁ ਆਗੈ ਆਇਆ ਅਸੀ ਕਿ ਹੁਕਮੁ ਕਰੇਹਾ॥ ਆਵਹੁ ਮਿਲਹੁ ਸਹੇਲੀਹੋ ਸਚੜਾ ਨਾਮੁ ਲਏਹਾ॥ ੧ ॥ ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ॥ ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ॥ ਪੰਥਿ ਸੁਹੇਲੈ ਜਾਵਹੁ ਤਾਂ ਫਲੁ ਪਾਵਹੁ ਆਗੈ ਮਿਲੈ ਵਡਾਈ॥ ਭੇਟੈ ਸਿਉ ਜਾਵਹੁ ਸਚਿ ਸਮਾਵਹੁ ਤਾਂ ਪਤਿ ਲੇਖੈ ਪਾਈ॥ ਮਹਲੀ ਜਾਇ ਪਾਵਹੁ ਖਸਮੈ ਭਾਵਹੁ ਰੰਗ ਸਿਉ ਰਲੀਆ ਮਾਣੈ॥ ਮਰਣੁ ਨ ਮੰਦਾ ਲੋਕਾ ਆਖੀਐ ਜੇ ਕੋਈ ਮਰਿ ਜਾਣੈ॥ ੨ ॥ ਮਰਣੁ ਮੁਣਸਾ ਸੂਰਿਆ ਹਕੁ ਹੈ ਜੋ ਹੋਇ ਮਰਨਿ ਪਰਵਾਣੋ॥ ਸੂਰੇ ਸੇਈ ਆਗੈ ਆਖੀਅਹਿ ਦਰਗਹ ਪਾਵਹਿ ਸਾਚੀ ਮਾਣੋ॥ ਦਰਗਹ ਮਾਣੁ ਪਾਵਹਿ ਪਤਿ ਸਿਉ ਜਾਵਹਿ ਆਗੈ ਦੂਖੁ ਨ ਲਾਗੈ॥ ਕਰਿ ਏਕੁ ਧਿਆਵਹਿ ਤਾਂ ਫਲੁ ਪਾਵਹਿ ਜਿਤੁ ਸੇਵਿਐ ਭਉ ਭਾਗੈ॥ ਊਚਾ ਨਹੀ ਕਹਣਾ ਮਨ ਮਹਿ ਰਹਣਾ ਆਪੇ ਜਾਣੈ ਜਾਣੋ॥ ਮਰਣੁ ਮੁਣਸਾਂ ਸੂਰਿਆ ਹਕੁ ਹੈ ਜੋ ਹੋਇ ਮਰਹਿ ਪਰਵਾਣੋ॥ ੩ ॥ ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ॥ ਕੀਤਾ ਵੇਖੈ ਸਾਹਿਬੁ ਆਪਣਾ ਕੁਦਰਤਿ ਕਰੇ ਬੀਚਾਰੋ॥ ਕੁਦਰਤਿ ਬੀਚਾਰੇ ਧਾਰਣ ਧਾਰੇ ਜਿਨਿ ਕੀਆ ਸੋ ਜਾਣੈ॥ ਆਪੇ ਵੇਖੈ ਆਪੇ ਬੂਝੈ ਆਪੇ ਹੁਕਮ ਪਛਾਣੈ॥ ਜਿਨਿ ਕਿਛੁ ਕੀਆ ਸੋਈ ਜਾਣੈ ਤਾ ਕਾ ਰੂਪੁ ਅਪਾਰੋ॥ ਨਾਨਕ ਕਿਸ ਨੋ ਬਾਬਾ ਰੋਈਐ ਬਾਜੀ ਹੈ ਇਹੁ ਸੰਸਾਰੋ॥ ੪ ॥ ੨ 

ਵਡਹੰਸੁ ਮਹਲਾ ੧ ਦਖਣੀ॥ ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ॥ ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ॥ ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ॥ ਸੂਰਜ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ॥ ੧ ॥ ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ॥ ਰਹਾਉ॥ ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ॥ ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ॥ ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ॥ ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥ ੨ ॥ ਆਵਾ ਗਵਣੁ ਸਿਰਜਿਆ ਤੂ ਥਿਰੁ ਕਰਣੈਹਾਰੋ॥ ਜੰਮਣੁ ਮਰਣਾ ਆਇ ਗਇਆ ਬਧਿਕੁ ਜੀਉ ਬਿਕਾਰੋ॥ ਭੂਡੜੈ ਨਾਮੁ ਵਿਸਾਰਿਆ ਬੂਡੜੈ ਕਿਆ ਤਿਸੁ ਚਾਰੋ॥ ਗੁਣ ਛੋਡਿ ਬਿਖੁ ਲਦਿਆ ਅਵਗੁਣ ਕਾ ਵਣਜਾਰੋ॥ ੩ ॥ ਸਦੜੇ ਆਏ ਤਿਨਾ ਜਾਨੀਆ ਹੁਕਮਿ ਸਚੇ ਕਰਤਾਰੋ॥ ਨਾਰੀ ਪੁਰਖ ਵਿਛੁੰਨਿਆ ਵਿਛੁੜਿਆ ਮੇਲਣਹਾਰੋ॥ ਰੂਪੁ ਨ ਜਾਣੈ ਸੋਹਣੀਐ ਹੁਕਮਿ ਬਧੀ ਸਿਰਿ ਕਾਰੋ॥ ਬਾਲਕ ਬਿਰਧਿ ਨ ਜਾਣਨੀ ਤੋੜਨਿ ਹੇਤੁ ਪਿਆਰੋ॥ ੪ ॥ ਨਉ ਦਰਿ ਠਾਕੇ ਹੁਕਮਿ ਸਚੈ ਹੰਸੁ ਗਇਆ ਗੈਣਾਰੇ॥ ਸਾ ਧਨ ਛੁਟੀ ਮੁਠੀ ਝੂਠਿ ਵਿਧਣੀਆ ਮਿਰਤਕੜਾ ਅੰਙਨੜੇ ਬਾਰੇ॥ ਸੁਰਤਿ ਮੁਈ ਮਰੁ ਮਾਈਏ ਮਹਲ ਰੁੰਨੀ ਦਰ ਬਾਰੇ॥ ਰੋਵਹੁ ਕੰਤ ਮਹੇਲੀਹੋ ਸਚੇ ਕੇ ਗੁਣ ਸਾਰੇ॥ ੫ ॥ ਜਲਿ ਮਲਿ ਜਾਨੀ ਨਾਵਾਲਿਆ ਕਪੜਿ ਪਟਿ ਅੰਬਾਰੇ॥ ਵਾਜੇ ਵਜੇ ਸਚੀ ਬਾਣੀਆ ਪੰਚ ਮੁਏ ਮਨੁ ਮਾਰੇ॥ ਜਾਨੀ ਵਿਛੁੰਨੜੇ ਮੇਰਾ ਮਰਣੁ ਭਇਆ ਧ੍ਰਿਗੁ ਜੀਵਣੁ ਸੰਸਾਰੇ॥ ਜੀਵਤੁ ਮਰੈ ਸੁ ਜਾਣੀਐ ਪਿਰ ਸਚੜੈ ਹੇਤਿ ਪਿਆਰੇ॥ ੬ ॥ ਤੁਸੀ ਰੋਵਹੁ ਰੋਵਣ ਆਈਹੋ ਝੂਠਿ ਮੁਠੀ ਸੰਸਾਰੇ॥ ਹਉ ਮੁਠੜੀ ਧੰਧੈ ਧਾਵਣੀਆ ਪਿਰਿ ਛੋਡਿਅੜੀ ਵਿਧਣਕਾਰੇ॥ ਘਰਿ ਘਰਿ ਕੰਤੁ ਮਹੇਲੀਆ ਰੂੜੈ ਹੇਤਿ ਪਿਆਰੇ॥ ਮੈ ਪਿਰੁ ਸਚੁ ਸਲਾਹਣਾ ਹਉ ਰਹਸਿਅੜੀ ਨਾਮਿ ਭਤਾਰੇ॥ ੭ ॥ ਗੁਰਿ ਮਿਲਿਐ ਵੇਸੁ ਪਲਟਿਆ ਸਾ ਧਨ ਸਚੁ ਸੀਗਾਰੋ॥ ਆਵਹੁ ਮਿਲਹੁ ਸਹੇਲੀਹੋ ਸਿਮਰਹੁ ਸਿਰਜਣਹਾਰੋ॥ ਬਈਅਰਿ ਨਾਮਿ ਸ+ਹਾਗਣੀ ਸਚੁ ਸਵਾਰਣਹਾਰੋ॥ ਗਾਵਹੁ ਗੀਤੁ ਨ ਬਿਰਹੜਾ ਨਾਨਕ ਬ੍ਰਹਮ ਬੀਚਾਰੋ॥ ੮ ॥ ੩ 

ਵਡਹੰਸੁ ਮਹਲਾ ੧॥ ਜਿਨਿ ਜਗੁ ਸਿਰਜਿ ਸਮਾਇਆ ਸੋ ਸਾਹਿਬੁ ਕੁਦਰਤਿ ਜਾਣੋਵਾ॥ ਸਚੜਾ ਦੂਰਿ ਨ ਭਾਲੀਐ ਘਟਿ ਘਟਿ ਸਬਦੁ ਪਛਾਣੋਵਾ॥ ਸਚੁ ਸਬਦੁ ਪਛਾਣਹੁ ਦੂਰਿ ਨ ਜਾਣਹੁ ਜਿਨਿ ਏਹ ਰਚਨਾ ਰਾਚੀ॥ ਨਾਮੁ ਧਿਆਏ ਤਾ ਸੁਖੁ ਪਾਏ ਬਿਨੁ ਨਾਵੈ ਪਿੜ ਕਾਚੀ॥ ਜਿਨਿ ਥਾਪੀ ਬਿਧਿ ਜਾਣੈ ਸੋਈ ਕਿਆ ਕੋ ਕਹੈ ਵਖਾਣੋ॥ ਜਿਨਿ ਜਗੁ ਥਾਪਿ ਵਤਾਇਆ ਜਾਲ+ ਸੋ ਸਾਹਿਬੁ ਪਰਵਾਣੋ॥ ੧ ॥ ਬਾਬਾ ਆਇਆ ਹੈ ਉਠਿ ਚਲਣਾ ਅਧ ਪੰਧੈ ਹੈ ਸੰਸਾਰੋਵਾ॥ ਸਿਰਿ ਸਿਰਿ ਸਚੜੈ ਲਿਖਿਆ ਦੁਖੁ ਸੁਖੁ ਪੁਰਬਿ ਵੀਚਾਰੋਵਾ॥ ਦੁਖੁ ਸੁਖੁ ਦੀਆ ਜੇਹਾ ਕੀਆ ਸੋ ਨਿਬਹੈ ਜੀਅ ਨਾਲੇ॥ ਜੇਹੇ ਕਰਮ ਕਰਾਏ ਕਰਤਾ ਦੂਜੀ ਕਾਰ ਨ ਭਾਲੇ॥ ਆਪਿ ਨਿਰਾਲਮੁ ਧੰਧੈ ਬਾਧੀ ਕਰਿ ਹੁਕਮੁ ਛਡਾਵਣਹਾਰੋ॥ ਅਜੁ ਕਲਿ ਕਰਦਿਆ ਕਾਲੁ ਬਿਆਪੈ ਦੂਜੈ ਭਾਇ ਵਿਕਾਰੋ॥ ੨ ॥ ਜਮ ਮਾਰਗ ਪੰਥੁ ਨ ਸੁਝਈ ਉਝੜੁ ਅੰਧ ਗੁਬਾਰੋਵਾ॥ ਨਾ ਜਲੁ ਲੇਫ ਤੁਲਾਈਆ ਨਾ ਭੋਜਨ ਪਰਕਾਰੋਵਾ॥ ਭੋਜਨ ਭਾਉ ਨ ਠੰਢਾ ਪਾਣੀ ਨਾ ਕਾਪੜੁ ਸੀਗਾਰੋ॥ ਗਲਿ ਸੰਗਲੁ ਸਿਰਿ ਮਾਰੇ ਊਭੌ ਨਾ ਦੀਸੈ ਘਰ ਬਾਰੋ॥ ਇਬ ਕੇ ਰਾਹੇ ਜੰਮਨਿ ਨਾਹੀ ਪਛੁਤਾਣੇ ਸਿਰਿ ਭਾਰੋ॥ ਬਿਨੁ ਸਾਚੇ ਕੋ ਬੇਲੀ ਨਾਹੀ ਸਾਚਾ ਏਹੁ ਬੀਚਾਰੋ॥ ੩ ॥ ਬਾਬਾ ਰੋਵਹਿ ਰਵਹਿ ਸੁ ਜਾਣੀਅਹਿ ਮਿਲਿ ਰੋਵੈ ਗੁਣ ਸਾਰੇਵਾ॥ ਰੋਵੈ ਮਾਇਆ ਮੁਠੜੀ ਧੰਧੜਾ ਰੋਵਣਹਾਰੇਵਾ॥ ਧੰਧਾ ਰੋਵੈ ਮੈਲੁ ਨ ਧੋਵੈ ਸੁਪਨੰਤਰੁ ਸੰਸਾਰੋ॥ ਜਿਉ ਬਾਜੀਗਰੁ ਭਰਮੈ ਭੂਲੈ ਝੂਠਿ ਮੁਠੀ ਅਹੰਕਾਰੋ॥ ਆਪੇ ਮਾਰਗਿ ਪਾਵਣਹਾਰਾ ਆਪੇ ਕਰਮ ਕਮਾਏ॥ ਨਾਮਿ ਰਤੇ ਗੁਰਿ ਪੂਰੈ ਰਾਖੇ ਨਾਨਕ ਸਹਜਿ ਸੁਭਾਏ॥ ੪ ॥ ੪ 

ਵਡਹੰਸੁ ਮਹਲਾ ੧॥ ਬਾਬਾ ਆਇਆ ਹੈ ਉਠਿ ਚਲਣਾ ਇਹੁ ਜਗੁ ਝੂਠੁ ਪਸਾਰੋਵਾ॥ ਸਚਾ ਘਰੁਸਚੜੈ ਸੇਵੀਐ ਸਚੁ ਖਰਾ ਸਚਿਆਰੋਵਾ॥ ਕੂੜਿ ਲਬਿ ਜਾਂ ਥਾਇ ਨ ਪਾਸੀ ਅਗੈ ਲਹੈ ਨ ਠਾਓ॥ ਅੰਤਰਿ ਆਉ ਨ ਬੈਸਹੁ ਕਹੀਐ ਜਿਉ ਸੁੰਞੈ ਘਰਿ ਕਾਓ॥ ਜੰਮਣੁ ਮਰਣੁ ਵਡਾ ਵੇਛੋੜਾ ਬਿਨਸੈ ਜਗੁ ਸਬਾਏ॥ ਲਬਿ ਧੰਧੈ ਮਾਇਆ ਜਗਤੁ ਭੁਲਾਇਆ ਕਾਲੁ ਖੜਾ ਰੂਆਏ॥ ੧ ॥ ਬਾਬਾ ਆਵਹੁ ਭਾਈਹੋ ਗਲਿ ਮਿਲਹ ਮਿਲਿ ਮਿਲਿ ਦੇਹ ਆਸੀਸਾ ਹੇ॥ ਬਾਬਾ ਸਚੜਾ ਮੇਲੁ ਨ ਚੁਕਈ ਪ੍ਰੀਤਮ ਕੀਆ ਦੇਹ ਅਸੀਸਾ ਹੇ॥ ਆਸੀਸਾ ਦੇਵਹੋ ਭਗਤਿ ਕਰੇਵਹੋ ਮਿਲਿਆ ਕਾ ਕਿਆ ਮੇਲੋ॥ ਇਕਿ ਭੂਲੇ ਨਾਵਹੁ ਥੇਹਹੁ ਥਾਵਹੁ ਗੁਰ ਸਬਦੀ ਸਚੁ ਖੇਲੋ॥ ਜਮ ਮਾਰਗਿ ਨਹੀ ਜਾਣਾ ਸਬਦਿ ਸਮਾਣਾ ਜੁਗਿ ਜੁਗਿ ਸਾਚੈ ਵੇਸੇ॥ ਸਾਜਨ ਸੈਣ ਮਿਲਹੁ ਸੰਜੋਗੀ ਗੁਰ ਮਿਲਿ ਖੋਲੇ ਫਾਸੇ॥ ੨ ॥ ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ॥ ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ॥ ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ॥ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ॥ ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ॥ ਨਾ ਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ॥ ੩ ॥ ਬਾਬਾ ਰੋਵਹੁ ਜੇ ਕਿਸੈ ਰੋਵਣਾ ਜਾਨੀਅੜਾ ਬੰਧਿ ਪਠਾਇਆ ਹੈ॥ ਲਿਖਿਅੜਾ ਲੇਖੁ ਨ ਮੇਟੀਐ ਦਰਿ ਹਾਕਾਰੜਾ ਆਇਆ ਹੈ॥ ਹਾਕਾਰਾ ਆਇਆ ਜਾ ਤਿਸੁ ਭਾਇਆ ਰੁੰਨੇ ਰੋਵਣਹਾਰੇ॥ ਪੁਤ ਭਾਈ ਭਾਤੀਜੇ ਰੋਵਹਿ ਪ੍ਰੀਤਮ ਅਤਿ ਪਿਆਰੇ॥ ਭੈ ਰੋਵੈ ਗੁਣ ਸਾਰਿ ਸਮਾਲੇ ਕੋ ਮਰੈ ਨ ਮੁਇਆ ਨਾਲੇ॥ ਨਾਨਕ ਜੁਗਿ ਜੁਗਿ ਜਾਣ ਸਿਜਾਣਾ ਰੋਵਹਿ ਸਚੁ ਸਮਾਲੇ॥ ੪ ॥ ੫ 

ਵਡਹੰਸੁ ਮਹਲਾ ੩ ਮਹਲਾ ਤੀਜਾ ੴ ਸਤਿਗੁਰ ਪ੍ਰਸਾਦਿ॥

ਪ੍ਰਭੁ ਸਚੜਾ ਹਰਿ ਸਾਲਾਹੀਐ ਕਾਰਜੁ ਸਭੁ ਕਿਛੁ ਕਰਣੈ ਜੋਗੁ॥ ਸਾ ਧਨ ਰੰਡ ਨ ਕਬਹੂ ਬੈਸਈ ਨਾ ਕਦੇ ਹੋਵੈ ਸੋਗੁ॥ ਨਾ ਕਦੇ ਹੋਵੈ ਸੋਗੁ ਅਨਦਿਨੁ ਰਸ ਭੋਗ ਸਾ ਧਨ ਮਹਲਿ ਸਮਾਣੀ॥ ਜਿਨਿ ਪ੍ਰਿਉ ਜਾਤਾ ਕਰਮ ਬਿਧਾਤਾ ਬੋਲੇ ਅੰਮ੍ਰਿਤ ਬਾਣੀ॥ ਗੁਣਵੰਤੀਆ ਗੁਣ ਸਾਰਹਿ ਅਪਣੇ ਕੰਤ ਸਮਾਲਹਿ ਨਾ ਕਦੇ ਲਗੈ ਵਿਜੋਗੋ॥ ਸਚੜਾ ਪਿਰੁ ਸਾਲਾਹੀਐ ਸਭੁ ਕਿਛੁ ਕਰਣੈ ਜੋਗੋ॥ ੧ ॥ ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ॥ ਸਾ ਧਨ ਪ੍ਰਿਅ ਕੈ ਰੰਗਿ ਰਤੀ ਵਿਚਹੁ ਆਪੁ ਗਵਾਏ॥ ਵਿਚਹੁ ਆਪੁ ਗਵਾਏ ਫਿਰਿ ਕਾਲੁ ਨ ਖਾਏ ਗੁਰਮੁਖਿ ਏਕੋ ਜਾਤਾ॥ ਕਾਮਣਿ ਇਛ ਪੁੰਨੀ ਅੰਤਰਿ ਭਿੰਨੀ ਮਿਲਿਆ ਜਗਜੀਵਨੁ ਦਾਤਾ॥ ਸਬਦ ਰੰਗਿ ਰਾਤੀ ਜੋਬਨਿ ਮਾਤੀ ਪਿਰ ਕੈ ਅੰਕਿ ਸਮਾਏ॥ ਸਚੜਾ ਸਾਹਿਬੁ ਸਬਦਿ ਪਛਾਣੀਐ ਆਪੇ ਲਏ ਮਿਲਾਏ॥ ੨ ॥ ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ॥ ਆਪੁ ਛੋਡਿ ਸੇਵਾ ਕਰੀ ਪਿਰੁ ਸਚੜਾ ਮਿਲੈ ਸਹਜਿ ਸੁਭਾਏ॥ ਪਿਰੁ ਸਚਾ ਮਿਲੈ ਆਏ ਸਾਚੁ ਕਮਾਏ ਸਾਚਿ ਸਬਦਿ ਧਨ ਰਾਤੀ॥ ਕਦੇ ਨ ਰਾਂਡ ਸਦਾ ਸੋਹਾਗਣਿ ਅੰਤਰਿ ਸਹਜ ਸਮਾਧੀ॥ ਪਿਰੁ ਰਹਿਆ ਭਰਪੂਰੇ ਵੇਖੁ ਹਦੂਰੇ ਰੰਗੁ ਮਾਣੇ ਸਹਜਿ ਸੁਭਾਏ॥ ਜਿਨੀ ਆਪਣਾ ਕੰਤੁ ਪਛਾਣਿਆ ਹਉ ਤਿਨ ਪੂਛਉ ਸੰਤਾ ਜਾਏ॥ ੩ ॥ ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ॥ ਸਤਿਗੁਰੁ ਸਦਾ ਦਇਆਲੁ ਹੈ ਅਵਗੁਣ ਸਬਦਿ ਜਲਾਏ॥ ਅਉਗੁਣ ਸਬਦਿ ਜਲਾਏ ਦੂਜਾ ਭਾਉ ਗਵਾਏ ਸਚੇ ਹੀ ਸਚਿ ਰਾਤੀ॥ ਸਚੈ ਸਬਦਿ ਸਦਾ ਸੁਖੁ ਪਾਇਆ ਹਉਮੈ ਗਈ ਭਰਾਤੀ॥ ਪਿਰੁ ਨਿਰਮਾਇਲੁ ਸਦਾ ਸੁਖਦਾਤਾ ਨਾਨਕ ਸਬਦਿ ਮਿਲਾਏ॥ ਪਿਰਹੁ ਵਿਛੁੰਨੀਆ ਭੀ ਮਿਲਹ ਜੇ ਸਤਿਗੁਰ ਲਾਗਹ ਸਾਚੇ ਪਾਏ॥ ੪ ॥ ੧ 

ਵਡਹੰਸੁ ਮਹਲਾ ੩॥ ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਹਿ ਸਬਦਿ ਵੀਚਾਰਿ॥ ਅਵਗਣਵੰਤੀ ਪਿਰੁ ਨ ਜਾਣਈ ਮੁਠੀ ਰੋਵੈ ਕੰਤ ਵਿਸਾਰਿ॥ ਰੋਵੈ ਕੰਤ ਸੰਮਾਲਿ ਸਦਾ ਗੁਣ ਸਾਰਿ ਨਾ ਪਿਰੁ ਮਰੈ ਨ ਜਾਏ॥ ਗੁਰਮੁਖਿ ਜਾਤਾ ਸਬਦਿ ਪਛਾਤਾ ਸਾਚੈ ਪ੍ਰੇਮਿ ਸਮਾਏ॥ ਜਿਨਿ ਅਪਣਾ ਪਿਰੁ ਨਹੀ ਜਾਤਾ ਕਰਮ ਬਿਧਾਤਾ ਕੂੜਿ ਮੁਠੀ ਕੂੜਿਆਰੇ॥ ਸੁਣਿਅਹੁ ਕੰਤ ਮਹੇਲੀਹੋ ਪਿਰੁ ਸੇਵਿਹੁ ਸਬਦਿ ਵੀਚਾਰੇ॥ ੧ ॥ ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰਾ॥ ਮਾਇਆ ਮੋਹੁ ਖੁਆਇਅਨੁ ਮਰਿ ਜੰਮੈ ਵਾਰੋ ਵਾਰਾ॥ ਮਰਿ ਜੰਮੈ ਵਾਰੋ ਵਾਰਾ ਵਧਹਿ ਬਿਕਾਰਾ ਗਿਆਨ ਵਿਹੂਣੀ ਮੂਠੀ॥ ਬਿਨੁ ਸਬਦੈ ਪਿਰੁ ਨ ਪਾਇਓ ਜਨਮੁ ਗਵਾਇਓ ਰੋਵੈ ਅਵਗੁਣਿਆਰੀ ਝੂਠੀ॥ ਪਿਰੁ ਜਗਜੀਵਨੁ ਕਿਸ ਨੋ ਰੋਈਐ ਰੋਵੈ ਕੰਤੁ ਵਿਸਾਰੇ॥ ਸਭੁ ਜਗੁ ਆਪਿ ਉਪਾਇਓਨੁ ਆਵਣੁ ਜਾਣੁ ਸੰਸਾਰੇ॥ ੨ ॥ ਸੋ ਪਿਰੁ ਸਚਾ ਸਦ ਹੀ ਸਾਚਾ ਹੈ ਨਾ ਓਹੁ ਮਰੈ ਨ ਜਾਏ॥ ਭੂਲੀ ਫਿਰੈ ਧਨ ਇਆਣੀਆ ਰੰਡ ਬੈਠੀ ਦੂਜੈ ਭਾਏ॥ ਰੰਡ ਬੈਠੀ ਦੂਜੈ ਭਾਏ ਮਾਇਆ ਮੋਹਿ ਦੁਖੁ ਪਾਏ ਆਵ ਘਟੈ ਤਨੁ ਛੀਜੈ॥ ਜੋ ਕਿਛੁ ਆਇਆ ਸਭੁ ਕਿਛੁ ਜਾਸੀ ਦੁਖੁ ਲਾਗਾ ਭਾਇ ਦੂਜੈ॥ ਜਮਕਾਲੁ ਨ ਸੂਝੈ ਮਾਇਆ ਜਗੁ ਲੂਝੈ ਲਬਿ ਲੋਭਿ ਚਿਤੁ ਲਾਏ॥ ਸੋ ਪਿਰੁ ਸਾਚਾ ਸਦ ਹੀ ਸਾਚਾ ਨਾ ਓਹੁ ਮਰੈ ਨ ਜਾਏ॥ ੩ ॥ ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨਾ ਜਾਣੈ ਪਿਰੁ ਨਾਲੇ॥ ਗੁਰ ਪਰਸਾਦੀ ਸਾਚਾ ਪਿਰੁ ਮਿਲੈ ਅੰਤਰਿ ਸਦਾ ਸਮਾਲੇ॥ ਪਿਰੁ ਅੰਤਰਿ ਸਮਾਲੇ ਸਦਾ ਹੈ ਨਾਲੇ ਮਨਮੁਖਿ ਜਾਤਾ ਦੂਰੇ॥ ਇਹੁ ਤਨੁ ਰੁਲੈ ਰੁਲਾਇਆ ਕਾਮਿ ਨ ਆਇਆ ਜਿਨਿ ਖਸਮੁ ਨ ਜਾਤਾ ਹਦੂਰੇ॥ ਨਾਨਕ ਸਾ ਧਨ ਮਿਲੈ ਮਿਲਾਈ ਪਿਰੁ ਅੰਤਰਿ ਸਦਾ ਸਮਾਲੇ॥ ਇਕਿ ਰੋਵਹਿ ਪਿਰਹਿ ਵਿਛੁੰਨੀਆ ਅੰਧੀ ਨ ਜਾਣੈ ਪਿਰੁ ਹੈ ਨਾਲੇ॥ ੪ ॥ ੨ 

ਵਡਹੰਸੁ ਮਃ ੩॥ ਰੋਵਹਿ ਪਿਰਹਿ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ॥ ਜਿਨੀ ਚਲਣੁ ਸਹੀ ਜਾਣਿਆ ਸਤਿਗੁਰੁ ਸੇਵਹਿ ਨਾਮੁ ਸਮਾਲੇ॥ ਸਦਾ ਨਾਮੁ ਸਮਾਲੇ ਸਤਿਗੁਰੁ ਹੈ ਨਾਲੇ ਸਤਿਗੁਰੁ ਸੇਵਿ ਸੁਖੁ ਪਾਇਆ॥ ਸਬਦੇ ਕਾਲੁ ਮਾਰਿ ਸਚੁ ਉਰਿ ਧਾਰਿ ਫਿਰਿ ਆਵਣ ਜਾਣੁ ਨ ਹੋਇਆ॥ ਸਚਾ ਸਾਹਿਬੁ ਸਚੀ ਨਾਈ ਵੇਖੈ ਨਦਰਿ ਨਿਹਾਲੇ॥ ਰੋਵਹਿ ਪਿਰਹੁ ਵਿਛੁੰਨੀਆ ਮੈ ਪਿਰੁ ਸਚੜਾ ਹੈ ਸਦਾ ਨਾਲੇ॥ ੧ ॥ ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਵ ਮਿਲਾਂ ਪ੍ਰੀਤਮ ਪਿਆਰੇ॥ ਸਤਿਗੁਰਿ ਮੇਲੀ ਤਾਂ ਸਹਜਿ ਮਿਲੀ ਪਿਰੁ ਰਾਖਿਆ ਉਰ ਧਾਰੇ॥ ਸਦਾ ਉਰ ਧਾਰੇ ਨੇਹੁ ਨਾਲਿ ਪਿਆਰੇ ਸਤਿਗੁਰ ਤੇ ਪਿਰੁ ਦਿਸੈ॥ ਮਾਇਆ ਮੋਹ ਕਾ ਕਚਾ ਚੋਲਾ ਤਿਤੁ ਪੈਧੈ ਪਗੁ ਖਿਸੈ॥ ਪਿਰ ਰੰਗਿ ਰਾਤਾ ਸੋ ਸਚਾ ਚੋਲਾ ਤਿਤੁ ਪੈਧੈ ਤਿਖਾ ਨਿਵਾਰੇ॥ ਪ੍ਰਭੁ ਮੇਰਾ ਸਾਹਿਬੁ ਸਭ ਦੂ ਊਚਾ ਹੈ ਕਿਉ ਮਿਲਾ ਪ੍ਰੀਤਮ ਪਿਆਰੇ॥ ੨ ॥ ਮੈ ਪ੍ਰਭੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ॥ ਮੈ ਸਦਾ ਰਾਵੇ ਪਿਰੁ ਆਪਣਾ ਸਚੜੈ ਸਬਦਿ ਵੀਚਾਰੇ॥ ਸਚੈ ਸਬਦਿ ਵੀਚਾਰੇ ਰੰਗਿ ਰਾਤੀ ਨਾਰੇ ਮਿਲਿ ਸਤਿਗੁਰ ਪ੍ਰੀਤਮੁ ਪਾਇਆ॥ ਅੰਤਰਿ ਰੰਗ ਰਾਤੀ ਸਹਜੇ ਮਾਤੀ ਗਇਆ ਦੁਸਮਨੁ ਦੂਖੁ ਸਬਾਇਆ॥ ਅਪਨੇ ਗੁਰ ਕੰਉ ਤਨੁ ਮਨੁ ਦੀਜੈ ਤਾਂ ਮਨੁ ਭੀਜੈ ਤ੍ਰਿਸਨਾ ਦੂਖ ਨਿਵਾਰੇ॥ ਮੈ ਪਿਰੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ॥ ੩ ॥ ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ॥ ਆਪਿ ਮਿਲਾਏ ਆਪਿ ਮਿਲੈ ਆਪੇ ਦੇਇ ਪਿਆਰੋ॥ ਆਪੇ ਦੇਇ ਪਿਆਰੋ ਸਹਜਿ ਵਾਪਾਰੋ ਗੁਰਮੁਖਿ ਜਨਮੁ ਸਵਾਰੇ॥ ਧਨੁ ਜਗ ਮਹਿ ਆਇਆ ਆਪੁ ਗਵਾਇਆ ਦਰਿ ਸਾਚੈ ਸਚਿਆਰੋ॥ ਗਿਆਨਿ ਰਤਨਿ ਘਟਿ ਚਾਨਣੁ ਹੋਆ ਨਾਨਕ ਨਾਮ ਪਿਆਰੋ॥ ਸਚੜੈ ਆਪਿ ਜਗਤੁ ਉਪਾਇਆ ਗੁਰ ਬਿਨੁ ਘੋਰ ਅੰਧਾਰੋ॥ ੪ ॥ ੩ 

ਵਡਹੰਸੁ ਮਹਲਾ ੩॥ ਇਹੁ ਸਰੀਰੁ ਜਜਰੀ ਹੈ ਇਸੁ ਨੋ ਜਰੁ ਪਹੁਚੈ ਆਏ॥ ਗੁਰਿ ਰਾਖੇ ਸੇ ਉਬਰੇ ਹੋਰੁ ਮਰਿ ਜੰਮੈ ਆਵੈ ਜਾਏ॥ ਹੋਰਿ ਮਰਿ ਜੰਮਹਿ ਆਵਹਿ ਜਾਵਹਿ ਅੰਤਿ ਗਏ ਪਛੁਤਾਵਹਿ ਬਿਨੁ ਨਾਵੈ ਸੁਖੁ ਨ ਹੋਈ॥ ਐਥੈ ਕਮਾਵੈ ਸੋ ਫਲੁ ਪਾਵੈ ਮਨਮੁਖਿ ਹੈ ਪਤਿ ਖੋਈ॥ ਜਮ ਪੁਰਿ ਘੋਰ ਅੰਧਾਰੁ ਮਹਾ ਗੁਬਾਰੁ ਨਾ ਤਿਥੈ ਭੈਣ ਨ ਭਾਈ॥ ਇਹੁ ਸਰੀਰੁ ਜਜਰੀ ਹੈ ਇਸ ਨੋ ਜਰੁ ਪਹੁਚੈ ਆਈ॥ ੧ ॥ ਕਾਇਆ ਕੰਚਨੁ ਤਾਂ ਥੀਐ ਜਾਂ ਸਤਿਗੁਰੁ ਲਏ ਮਿਲਾਏ॥ ਭ੍ਰਮੁ ਮਾਇਆ ਵਿਚਹੁ ਕਟੀਐ ਸਚੜੈ ਨਾਮਿ ਸਮਾਏ॥ ਸਚੈ ਨਾਮਿ ਸਮਾਏ ਹਰਿ ਗੁਣ ਗਾਏ ਮਿਲਿ ਪ੍ਰੀਤਮ ਸੁਖੁ ਪਾਏ॥ ਸਦਾ ਅਨੰਦਿ ਰਹੈ ਦਿਨੁ ਰਾਤੀ ਵਿਚਹੁ ਹੰਉਮੈ ਜਾਏ॥ ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ ਤਿਨ ਕੈ ਹੰਉ ਲਾਗਉ ਪਾਏ॥ ਕਾਂਇਆ ਕੰਚਨੁ ਤਾਂ ਥੀਐ ਜਾ ਸਤਿਗੁਰੁ ਲਏ ਮਿਲਾਏ॥ ੨ ॥ ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ॥ ਬਿਨੁ ਸਤਿਗੁਰ ਭਰਮਿ ਭੁਲਾਣੀਆ ਕਿਆ ਮੁਹੁ ਦੇਸਨਿ ਆਗੈ ਜਾਏ॥ ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ ਦੁਖੋ ਦੁਖੁ ਕਮਾਏ॥ ਨਾਮਿ ਰਤੀਆ ਸੇ ਰੰਗਿ ਚਲੂਲਾ ਪਿਰ ਕੈ ਅੰਕਿ ਸਮਾਏ॥ ਤਿਸੁ ਜੇਵਡ ਅਵਰੁ ਨ ਸੂਝਈ ਕਿਸੁ ਆਗੈ ਕਹੀਐ ਜਾਏ॥ ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ॥ ੩ ॥ ਜਿਨੀ ਸਚੜਾ ਸਚੁ ਸਲਾਹਿਆ ਹੰਉ ਤਿਨ ਲਾਗਉ ਪਾਏ॥ ਸੇ ਜਨ ਸਚੇ ਨਿਰਮਲੇ ਤਿਨ ਮਿਲਿਆ ਮਲੁ ਸਭ ਜਾਏ॥ ਤਿਨ ਮਿਲਿਆ ਮਲੁ ਸਭ ਜਾਏ ਸਚੈ ਸਰਿ ਨਾਏ ਸਚੈ ਸਹਜਿ ਸੁਭਾਏ॥ ਨਾਮੁ ਨਿਰੰਜਨੁ ਅਗਮੁ ਅਗੋਚਰੁ ਸਤਿਗੁਰਿ ਦੀਆ ਬੁਝਾਏ॥ ਅਨਦਿਨੁ ਭਗਤਿ ਕਰਹਿ ਰੰਗਿ ਰਾਤੇ ਨਾਨਕ ਸਚਿ ਸਮਾਏ॥ ਜਿਨੀ ਸਚੜਾ ਸਚੁ ਧਿਆਇਆ ਹੰਉ ਤਿਨ ਕੈ ਲਾਗਉ ਪਾਏ॥ ੪ ॥ ੪ 

++++++++++++++++++++++++++++++++++++++++++++++++++++++

Including this Self Learning Gurmat Lesson No 129

ਬਾਣੀ ‘ਅਲਾਹਣੀਆ’ ਵਾਲੀ ਪੰਥ ਨੂੰ ਦੇਣ

Apart from the regular series of Gurmat Lessons this Lesson is from G series which is an extra summarized special series &

For all the Gurmat Lessons written by ‘Principal Giani Surjit Singh’ Sikh Missionary, Delhi, all the rights are reserverd with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases upto 500/-)per hundred copies . (+P&P.Extra) From ‘Gurmat Education Centre, Delhi’, Postal Address- J-IV/46- II Fl. Old D/S Lajpat Nagar.-4 New Delhi-110024 Ph. 91-11-26487315 Cell 9811292808

web site- www.gurbaniguru.com
.