.

ਕਿਸਮਤ-ਕਰਮ-ਲੇਖ-ਭਾਗ ਬਨਾਮ ਕਿਰਤ ਕਮਾਈ

(ਅਵਤਾਰ ਸਿੰਘ ਮਿਸ਼ਨਰੀ-510-432-5827)

ਮਹਾਂਨ ਕੋਸ਼ ਅਨੁਸਾਰ ਕਿਸਮਤ ਅਰਬੀ ਦਾ ਲਫਜ਼ ਹੈ ਜਿਸਦਾ ਅਰਥ ਹੈ-ਭਾਗ, ਹਿੱਸਾ, ਪ੍ਰਾਲਬਧ ਅਤੇ ਨਸੀਬ। ਕਰਮ ਸੰਸਕ੍ਰਿਤ ਦਾ ਲਫਜ਼ ਹੈ ਜਿਸ ਦੇ ਕ੍ਰਮਨੁਸਾਰ ਅਰਥ ਹਨ-ਕੰਮ, ਭਾਗ, ਲੇਖ ਅਤੇ ਬਖਸ਼ਿਸ਼। ਲੇਖ ਵੀ ਸੰਸਕ੍ਰਿਤ ਦਾ ਲਫਜ਼ ਹੈ ਜਿਸਦਾ ਅਰਥ ਹੈ-ਰੇਖਾ, ਲੀਕ, ਲਿਖਤ, ਮਜ਼ਬੂਨ, ਭਾਗ, ਨਸੀਬ, ਹਿਸਾਬ, ਗਿਣਤੀ ਅਤੇ ਚਿੱਤਰ। ਭਾਗ ਵੀ ਸੰਸਕ੍ਰਿਤ ਦਾ ਲਫਜ਼ ਹੈ ਅਰਥ ਹਨ-ਭੱਜਨਾ-ਨੱਸਨਾ, ਹਿੱਸਾ, ਕਿਸਮਤ, ਦੇਸ਼ ਅਤੇ ਮੁਲਕ। ਕਿਰਤ ਵੀ ਸੰਸਕ੍ਰਤ ਦਾ ਲਫਜ਼ ਹੈ ਅਰਥ ਹਨ-ਕਰਮ, ਕੰਮ, ਮਿਹਨਤ, ਘਾਲ, ਕਰਣੀ, ਕਰਤੂਤ ਅਤੇ ਕੀਤਾ ਹੋਇਆ। ਆਓ ਇਸ ਬਾਰੇ ਵਿਚਾਰ ਕਰੀਏ:-ਜੀਵ ਸੰਸਾਰ ਵਿੱਚ ਆ ਕੇ ਭਾਵ ਪੈਦਾ ਹੋ ਕੇ ਜਿਉਂ ਜਿਉਂ ਵਧਦਾ ਫੁਲਦਾ ਸਿਆਣਾ ਹੁੰਦਾ ਹੈ ਅਤੇ ਕਰਮ ਕਰਦਾ ਹੈ ਤਿਉਂ ਤਿਉਂ ਆਪਣੀ ਕਿਸਮਤ ਘੜਦਾ, ਲੇਖ ਲਿਖਦਾ ਅਤੇ ਭਾਗ ਬਣੌਦਾ ਹੈ। ਕਰਤਾਰ ਨੇ ਇਸ ਸੰਸਾਰ ਵਿੱਚ ਸਭ ਕੁੱਝ ਪੈਦਾ ਕੀਤਾ ਹੈ ਮਨੁੱਖ ਉਸ ਦੀ ਸੁਯੋਗ ਵਰਤੋਂ ਕਰਕੇ ਲਾਹੇ ਅਤੇ ਦੁਰਵਰਤੋਂ ਕਰਕੇ ਘਾਟੇ ਪ੍ਰਾਪਤ ਕਰਦਾ ਹੈ। ਕਰਤਾਰ ਤੋਂ ਬਿਨਾਂ ਆਪਣੇ ਆਪ ਕੁੱਝ ਵੀ ਪੈਦਾ ਨਹੀਂ ਹੁੰਦਾ ਅਤੇ ਐਕਸ਼ਨ ਨਾਲ ਹੀ ਰੀਐਕਸ਼ਨ ਹੁੰਦਾ ਹੈ ਪਰ ਵਿਹਲੜ ਰਹਿਣੇ ਧਾਰਮਿਕ ਆਗੂਆਂ ਅਖੌਤੀ ਸਾਧਾਂ ਸੰਤਾਂ ਸਾਧੂਆਂ ਨੇ ਮਿਹਨਤ ਕਰਮ ਕਰਨ ਦੀ ਥਾਂ ਕਿਸਮਤ, ਕਰਮ, ਲੇਖ, ਭਾਗ ਸ਼ਬਦ ਵਰਤ ਕੇ ਲੁਕਾਈ ਨੂੰ ਉਪਰਾਮ ਅਤੇ ਨਿਰਾਸ਼ਾਵਾਦੀ ਬਣਾਇਆ ਪਰ ਗੁਰੂਆਂ ਭਗਤਾਂ ਨੇ ਆਸ਼ਾ ਜਨਕ ਕਰਮਯੋਗੀ ਅਤੇ ਉਦਮੀ ਹੋਣ ਦਾ ਉਪਦੇਸ਼ ਦਿੱਤਾ-ਉਦਮ ਕਰੇਂਦਿਆਂ ਜੀਉ ਤੂੰ ਕਮਾਵਦਿਆਂ ਸੁਖ ਭੁੰਚਿ॥ ਧਿਆਇਦਿਆਂ ਤੂੰ ਪ੍ਰਭੂ ਮਿਲਿ ਨਾਨਕ ਉਤਰੀ ਚਿੰਤਿ॥ (522) ਸਿੱਖ ਨੇ ਉਦਮ ਨਾਲ ਕਿਰਤ ਕਮਾਈ ਕਰਦੇ ਹੋਏ ਆਪਣਾ, ਆਪਣੇ ਪ੍ਰਵਾਰ ਦਾ ਗੁਜਰਾਨ ਕਰਨਾ ਅਤੇ ਹੋਰ ਲੋੜਵੰਦ ਸੰਸਾਰ ਨਾਲ ਵੰਡ ਛੱਕਣਾ ਹੈ ਕੇਵਲ ਕਿਸਮਤ-ਭਾਗਾਂ ਆਦਿਕ ਨੂੰ ਹੀ ਨਹੀਂ ਕੋਸਦੇ ਰਹਿਣਾ। ਗੁਰੂ ਨਾਨਕ ਜੀ ਦੇ ਸੰਸਾਰ ਵਾਸਤੇ ਤਿੰਨ ਸੁਨਹਿਰੀ ਉਪਦੇਸ਼ ਹਨ:-

1. ਕਿਰਤ ਕਰੋ 2. ਵੰਡ ਛਕੋ 3. ਨਾਮ ਜਪੋ

ਗੁਰੂਆਂ ਅਤੇ ਰੱਬੀ ਭਗਤਾਂ ਨੇ ਆਪ ਕਿਰਤ ਕਰਦਿਆਂ ਹੋਇਆਂ ਨਾਲ ਨਾਲ ਜਨਤਾ ਨੂੰ ਰੱਬੀ ਗਿਆਨ ਵੀ ਵੰਡਿਆ। ਅੱਜ ਦੇ ਡੇਰੇਦਾਰ ਸੰਤਾਂ, ਸੰਪ੍ਰਦਾਈ ਸਾਧਾਂ ਅਤੇ ਅਖੌਤੀ ਕਥਾਵਾਚਕਾਂ ਵਾਂਗ ਵਿਹਲੜਪੁਣਾ ਨਹੀਂ ਅਪਣਾਇਆ ਸਗੋਂ ਇਨ੍ਹਾਂ ਮਖੱਟੂਆਂ ਬਾਰੇ ਕਿਹਾ-ਮਖਟੂ ਹੋਇ ਕੈ ਕੰਨਿ ਪੜਾਏ॥ (1245) ਵੰਡ ਕੇ ਛੱਕਣ ਬਾਰੇ ਵੀ ਫੁਰਮਾਇਆ ਹੈ-ਘਾਲਿ ਖਾਇ ਕਿਛੁ ਹਥੋਹੁ ਦੇਇ ਨਾਨਕ ਰਾਹੁ ਪਛਾਣੇ ਸੇਇ॥ (1245) ਕਿਰਤ ਕਰਨ ਵਾਲਾ ਹੀ ਲੋੜਵੰਦਾਂ ਨਾਲ ਵੰਡ ਕੇ ਛੱਕ ਸਕਦਾ ਹੈ। ਦੂਜਿਆਂ ਤੇ ਆਸ ਰੱਖਣ ਵਾਲਾ ਅਤੇ ਇਹ ਕਹਿਣ ਵਾਲਾ ਕਿ ਜੋ ਭਾਗਾਂ ਵਿੱਚ ਲਿਖਿਆ ਹੈ ਉਹ ਹੀ ਮਿਲਣਾ ਹੈ ਮਖੱਟੂ ਹੋ ਕੇ ਕਿਰਤੀਆਂ ਤੇ ਬੋਝ ਬਣ ਕੇ ਡੇਰੇ ਉਸਾਰ ਕੇ, ਕਈ ਤਰ੍ਹਾਂ ਦੇ ਕਰਮਕਾਂਡ ਅਤੇ ਪਾਖੰਡ ਰਚ ਕੇ, ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਹੜੱਪ ਕੇ, ਐਸ਼ਪ੍ਰਤ ਬਣ ਜਾਂਦਾ ਹੈ। ਨਾਮ ਵੀ ਕਿਰਤ ਕਰਕੇ ਵੰਡ ਛੱਕਣ ਵਾਲਾ ਹੀ ਜਪ ਸਕਦਾ ਹੈ। ਭੁੱਖਾ ਬੰਦਾ ਕਦੇ ਨਾਮ ਵੀ ਨਹੀਂ ਜਪ ਸਕਦਾ ਫੁਰਮਾਨ ਹੈ-ਭੂਖੇ ਭਗਤਿ ਨ ਕੀਜੈ॥ ਯੇ ਮਾਲਾ ਅਪੁਨੀ ਲੀਜੈ॥ (656) ਪੰਜਾਬੀ ਦੀ ਵੀ ਕਹਾਵਤ ਹੈ ਕਿ “ਪੇਟ ਨਾਂ ਪਈਆਂ ਰੋਟੀਆਂ ਤਾਂ ਸਭੇ ਗੱਲਾਂ ਖੋਟੀਆਂ” ਸੋ ਪਹਿਲੇ ਨੰਬਰ ਤੇ ਕਿਰਤ ਕਰਨਾ ਦੂਜੇ ਤੇ ਵੰਡ ਛੱਕਣਾ ਅਤੇ ਤੀਜੇ ਨੰਬਰ ਤੇ ਨਾਮ ਜਪਣਾ ਹੈ। ਨਿਰਾ ਕਿਸਮਤ ਤੇ ਹੀ ਟੇਕ ਰੱਖਣ ਨਾਲ ਜਿੰਦਗੀ ਨਹੀਂ ਬਦਲਦੀ ਅਤੇ ਖੁਸ਼ਹਾਲ ਹੁੰਦੀ ਸਗੋਂ ਕਰਮਯੋਗੀ ਹੋ ਕਿਰਤ ਕਰਦੇ ਹੋਏ ਰੱਬੀ ਯਾਦ ਅਤੇ ਅਕਾਲ ਪੁਰਖ ਦੀ ਰਹਿਮਤ ਦੀ ਵੀ ਅਤਿਅੰਤ ਲੋੜ ਹੈ। ਵਾਹਿਗੁਰੂ ਦੀ ਰਹਿਮਤ ਨਾਲ ਕਿਸਮਤ, ਕਰਮ, ਲੇਖ ਅਤੇ ਭਾਗ ਬਦਲੇ ਜਾ ਸਕਦੇ ਹਨ। ਇਤਿਹਾਸ ਪੜ੍ਹ ਕੇ ਦੇਖੋ ਭਾਰਤ ਜੇ ਪਹਿਲਾਂ ਮੁਗਲਾਂ ਅਤੇ ਫਿਰ ਅੰਗ੍ਰੇਜਾਂ ਦੇ ਗੁਲਾਮ ਹੋਇਆ ਹੈ ਤਾਂ ਇਹ ਸਾਰਾ ਕਸੂਰ ਸਾਡੇ ਅਖੌਤੀ ਧਾਰਮਿਕ ਆਗੂਆਂ ਦੀ ਇਸ ਸਿਖਿਆ ਕਰਕੇ ਕਿ ਸਾਡੇ ਕਰਮਾਂ ਚ’ ਹੀ ਐਸਾ ਹੋਣਾ ਲਿਖਿਆ ਸੀ। ਜਿਨ੍ਹਾਂ ਚਿਰ ਇਹ ਵਿਚਾਰਧਾਰਾ ਭਾਰਤ ਵਿੱਚ ਪ੍ਰਚਲਤ ਰਹੀ ਇੱਥੋਂ ਦੀ ਪਰਜਾ ਨਿਰਬਲ, ਨਿਰਾਸ਼ ਅਤੇ ਜ਼ੁਲਮ ਸਹਿਣ ਦੀ ਆਦੀ ਬਣੀ ਰਹੀ। ਇਸੇ ਵਿਚਾਰਧਾਰਾ ਤੋਂ ਹੀ ਭੇਖਾਰੀ ਤੱਬਕੇ ਦਾ ਜਨਮ ਹੋਇਆ।

ਜਦ ਜ਼ਾਲਮ ਵੈਰੀ ਇੱਥੋਂ ਦੀ ਇਜ਼ਤ ਆਬਰੂ ਅਤੇ ਦੌਲਤ ਲੁੱਟ ਕੇ ਲੈ ਜਾਂਦਾ ਤਾਂ ਉਸ ਦਾ ਮੁਕਾਬਲਾ ਕਰਨ ਦੀ ਬਜਾਏ ਵਿਹਲੜ ਸਾਧਾਂ ਸੰਤਾਂ ਦੀ ਇਹ ਸਿਖਿਆ ਕਿ “ਹਮ ਅਹਿੰਸਾ ਕੇ ਪੁਜਾਰੀ ਹੈਂ ਅਤੇ ਯੇ ਸਭ ਕੁੱਝ ਹਮਾਰੀ ਕਿਸਮਤ ਮੇਂ ਹੀ ਲਿਖਾ ਹੂਆ ਹੈ” ਅੱਗੋਂ ਹੱਥ ਨਾ ਚੁਕਿਆ ਜਾਂਦਾ। ਇਉਂ ਅਮੀਰ ਤੇ ਜ਼ਾਲਮ ਤਬਕਾ ਗਰੀਬਾਂ ਦਾ ਖੂਨ ਪੀਣ ਲੱਗ ਪਿਆ। ਰਾਜੇ, ਅਮੀਰ ਅਤੇ ਚਤੁਰ ਅਖੌਤੀ ਧਾਰਮਿਕ ਆਗੂ ਆਮ ਜਨਤਾ ਨੂੰ ਅਗਿਆਨੀ ਰੱਖ ਕੇ ਲੁਟਦੇ ਰਹੇ ਕਿਉਂਕਿ ਪਰਜਾ ਗਿਆਨ ਤੋਂ ਬਿਨਾ ਅੰਨ੍ਹੀ ਸੀ-ਪਰਜਾ ਅੰਧੀ ਗਿਆਨ ਬਿਨ …॥ (ਭਾ. ਗੁ.)

ਫਿਰ ਸਮਾਂ ਆਇਆ ਪ੍ਰਭੂ ਪਿਆਰੇ ਰੱਬੀ ਭਗਤਾਂ ਅਤੇ ਗੁਰੂਆਂ ਨੇ ਡੰਕੇ ਦੀ ਚੋਟ ਨਾਲ ਪਰਜਾ ਨੂੰ ਗਿਆਨ ਦੇ ਕੇ ਅਖੌਤੀ ਆਗੂਆਂ ਦੀ ਨਿਰਾਸ਼ਾਵਾਦੀ ਸਿਖਿਆ ਅਤੇ ਭਰਮਜਾਲ-ਕਰਮਕਾਂਡਾਂ ਆਦਿ ਦੇ ਚੁੰਗਲ ਚੋਂ ਕੱਢਿਆ ਤੇ ਕਿਹਾ-ਕਰਮ ਧਰਮ ਪਾਖੰਡ ਜੋ ਦੀਸਹਿ ਤਿੰਨ ਜਮ ਜਾਗਾਤੀ ਲੂਟੈ॥ (747) ਘਾਲਿ ਖਾਇ ਕਿਛੁ ਹਥੋ ਦੇਇ ਨਾਨਕ ਰਾਹੁ ਪਛਾਣੇ ਸੇਇ॥ (1245) ਗੁਰੂਆਂ ਭਗਤਾਂ ਦੀ ਅਜਿਹੀ ਸਿਖਿਆ ਸਦਕਾ ਭਾਰਤੀ ਜਨਤਾ ਆਤਮਕ ਅਤੇ ਸਰੀਰਕ ਤੌਰ ਤੇ ਬਲਵਾਨ ਹੋ ਗਈ ਅਤੇ ਜ਼ਾਲਮਾਂ ਤੇ ਲੋਟੂ ਸਾਧਾਂ ਨੂੰ ਵੰਗਾਰਨ ਲੱਗ ਪਈ। ਕਿਸਮਤ ਨੂੰ ਕੋਸਣ ਵਾਲੇ ਆਪਣੀ ਕਿਸਮਤ ਆਪ ਘੜਨ ਲੱਗੇ। ਜੋਤਸ਼ੀਆਂ ਪੰਡਿਤਾਂ ਅਤੇ ਅਖੌਤੀ ਸਾਧਾਂ ਦੇ ਭਰਮਜਾਲ ਤੋਂ ਮੁਕਤ ਹੋ ਗਏ। ਆਪ ਪੜ੍ਹਨ ਪੜ੍ਹਾਨ ਦਾ ਕੰਮ ਸ਼ੁਰੂ ਹੋ ਗਿਆ। ਗਰੀਬ ਅਤੇ ਅਖੌਤੀ ਸ਼ੂਦਰ ਵੀ ਸਰਦਾਰ ਹੋ ਗਏ-ਸ਼ਹਿਨਸ਼ਾਹ ਖੁਦ ਹੀ ਕੋ ਭਾਖਤ। ਕਾਨ ਨਾ ਕਾਹੂੰ ਕੀ ਰਾਖਤ। ਬਾਬਾ ਬੰਦਾ ਸਿੰਘ ਬਹਾਦਰ, ਨਵਾਬ ਕਪੂਰ ਸਿੰਘ, ਬਾਬਾ ਦੀਪ ਸਿੰਘ, ਭਾ. ਮਨੀ ਸਿੰਘ ਅਤੇ ਸ੍ਰ. ਜੱਸਾ ਸਿੰਘ ਆਹਲੂਵਾਲੀਆ ਵਰਗੇ ਸੁਲਤਾਨੁਲ ਕੌਮ ਬਣ ਗਏ। ਮਿਸਲਾਂ ਤੋਂ ਬਾਅਦ ਮਹਾਂਰਾਜਾ ਰਣਜੀਤ ਸਿੰਘ ਦਾ ਰਾਜ ਆਇਆ ਪਰਜਾ ਸੁਖੀ ਹੋਈ, ਪੰਜਾਬੀ ਅਮੀਰ ਹੋ ਸਿੱਖ ਵਿਰਸੇ ਤੋਂ ਕਾਫੀ ਦੂਰ ਹੋ ਗਏ। ਮਹਾਂਰਾਜੇ ਨੇ ਵੀ ਅੰਨ੍ਹੀ ਸ਼ਰਧਾ ਵੱਸ ਵਿਹਲੜ ਸਾਧਾਂ ਸੰਤਾਂ ਅਤੇ ਡੇਰਾਵਾਦੀਆਂ ਦੇ ਨਾਂ ਜਗੀਰਾਂ ਲਾ ਦਿੱਤੀਆਂ, ਤਾਂ ਫਿਰਤੋਂ ਅੰਧ ਵਿਸ਼ਵਾਸ਼ਾਂ, ਕਰਮਕਾਂਡਾਂ, ਅੰਨ੍ਹੀ ਸ਼ਰਧਾਂ ਵਿੱਚ ਪੂਜਾ ਪਾਠਾਂ ਦਾ ਦੌਰ ਸ਼ੁਰੂ ਹੋ ਗਿਆ।

ਗੁਰਦੁਆਰਿਆਂ ਵਿੱਚ ਵੀ ਇਨ੍ਹਾਂ ਮਹੰਤਾਂ ਨੇ ਇਹ ਸਭ ਕੁੱਝ ਕਰਮਕਾਂਡ ਪੂਜਾ ਪਾਠ ਚਲਾ ਦਿੱਤੇ। ਇਨ੍ਹਾਂ ਡੇਰਿਆਂ ਚੋਂ ਪੜ੍ਹੇ ਗਿਆਨੀ-ਕਥਾਵਾਚਕ ਫਿਰ ਗੁਰਬਾਣੀ ਨਾਲ ਮਿਥਿਹਾਸਕ, ਕਿਸਮਤ, ਕਰਮ, ਭਾਗ ਅਤੇ ਲੇਖਾਂ ਦੀਆਂ ਕਲਪਿਤ ਕਥਾ ਕਹਾਣੀਆਂ ਸੁਣਾ ਕੇ ਬਹਾਦਰ ਅਤੇ ਕਰਮਯੋਗੀ ਸਿੱਖ ਕੌਮ ਨੂੰ ਵੀ ਭਰਮ ਭੁਲੇਖਿਆਂ ਵਿੱਚ ਪਾ ਕੇ ਆਪਣਾ ਹਲਵਾ ਮੰਡਾ ਚਲਾਉਣ ਲੱਗ ਪਏ। ਅਜਿਹੇ ਲੋਕ ਗੁਰਬਾਣੀ ਚੋਂ ਕੁੱਝ ਪੰਗਤੀਆਂ ਚੁਣ ਕੇ ਜਿਵੇਂ-ਲੇਖ ਨਾ ਮਿਟੀ ਹੇ ਸਖੀ ਜੋ ਲਿਖਿਆ ਕਰਤਾਰ॥ (937) ਕਿ ਗੁਰਬਾਣੀ ਵਿੱਚ ਵੀ ਅਜਿਹਾ ਲਿਖਿਆ ਹੈ। ਸਾਧ ਸੰਗਤ ਜੀ ਇਹ ਤੁਕ ਓਅੰਕਾਰ ਬਾਣੀ ਵਿੱਚੋਂ ਹੈ ਜਿਸ ਬਾਣੀ ਦਾ ਮੁੱਖ ਭਾਵ ਹੈ-ਸੁਣ ਪਾਂਡੇ ਕਿਆ ਲਿਖਹੁ ਜੰਜਾਲਾ॥ ਲਿਖੁ ਰਾਮ ਨਾਮ ਗੁਰਮੁਖਿ ਗੋਪਾਲਾ॥ ਰਹਾਉ॥ (930) ਇਹ ਗੁਰੂ ਸਾਹਿਬ ਦੀ ਪੰਡਿਤਾਂ ਨਾਲ ਗੱਲ ਬਾਤ ਹੋ ਰਹੀ ਹੈ। ਲੇਖਾਂ, ਕਰਮਾਂ, ਭਾਗਾਂ ਅਤੇ ਕਿਸਮਤ ਦੀਆਂ ਗੱਲਾਂ ਪੰਡਿਤ ਕਰਦੇ ਸਨ ਪਰ ਗੁਰੂ ਸਾਹਿਬ ਅਜਿਹੇ ਲੇਖਿਆਂ ਜੋਖਿਆਂ ਵਿੱਚ ਨਹੀਂ ਪੈਂਦੇ ਅਤੇ ਫਰਮਾਂਦੇ ਹਨ ਕਿ ਕਰਮਯੋਗੀ ਹੋ ਰੱਬੀ ਰਹਿਮਤ ਤੇ ਭਰੋਸਾ ਕਰਕੇ ਲੇਖ-ਭਾਗ-ਕਰਮ ਬਦਲੇ ਜਾ ਸਕਦੇ ਹਨ। ਹਾਂ ਕਰਤਾਰ ਦੇ ਕੁਦਰਤੀ ਅਤੇ ਅਟੱਲ ਨਿਯਮਾਂ ਨੂੰ ਨਹੀਂ ਬਦਲਿਆ ਜਾ ਸਕਦਾ। ਵਰਤਦਾ ਸਭ ਕਰਤਾਰ ਦਾ ਹੀ ਭਾਣਾ ਹੈ ਪਰ ਭਾਣੇ ਨੂੰ ਸਮਝਣ ਅਤੇ ਹੁਕਮ ਰਜ਼ਾਈ ਚਲਣ ਦੀ ਅਤਿਅੰਤ ਲੋੜ ਹੈ। ਜੋ ਬੀਜਾਂਗੇ ਉਹ ਹੀ ਵੱਢਾਂਗੇ-ਫਰੀਦਾ ਲੋੜੈ ਦਾਖਿ ਬਿਜੌਰੀਆਂ ਕਿਕਰ ਬੀਜੈ ਜਟੁ॥ ਹੰਢੈ ਉਨ੍ਹ ਕਤਾਇਦਾ ਪਹਿਦਾ ਲੋੜੇ ਪਟੁ॥ (1379) ਭਾਵ ਕਿਕਰਾਂ ਬੀਜ ਕੇ ਕਿਸਾਨ (ਜੱਟ) ਕਦੇ ਬਿਜੌਰ ਦੀਆਂ ਦਾਖਾਂ ਨਹੀਂ ਪ੍ਰਾਪਤ ਕਰ ਸਕਦਾ। ਸੋ ਭਗਤਾਂ ਤੇ ਗੁਰੂਆਂ ਨੇ ਆਪ ਕਿਰਤ ਕਮਾਈ ਕੀਤੀ ਅਤੇ ਕਿਰਤ ਕਮਾਈ ਕਰਦੇ ਹੋਏ ਹੀ ਨਾਮ ਜਪਣ ਭਾਵ ਕਰਤਾਰ ਨੂੰ ਯਾਦ ਰੱਖਣ ਦਾ ਉਪਦੇਸ਼ ਦਿੱਤਾ। ਜੇ ਸਾਡੇ ਰੱਬੀ ਭਗਤ ਅਤੇ ਗੁਰੂ ਸਾਹਿਬਾਨ ਕਿਰਤ ਕਰਦੇ ਸਨ ਫਿਰ ਅੱਜ ਦੇ ਹੱਟੇ-ਕੱਟੇ ਲੰਮੇ ਲੰਮੇ ਚੋਲਿਆਂ ਵਾਲੇ ਸਾਧ ਕਿਉਂ ਨਹੀਂ ਕਿਰਤ ਕਰਦੇ? ਕੀ ਇਹ ਗੁਰੂਆਂ ਭਗਤਾਂ ਤੋਂ ਵੱਡੇ ਮਹਾਂਪੁਰਖ ਹਨ? ਕੀ ਸਾਨੂੰ ਗੁਰੂਆਂ ਭਗਤਾਂ ਦੇ ਮਾਰਗ ਤੇ ਚਲਦੇ ਹੋਏ ਕਿਰਤ ਕਮਾਈ ਕਰਦੇ ਹੀ ਉਸ ਨੂੰ ਯਾਦ ਰੱਖਣਾ ਚਾਹੀਦਾ ਹੈ ਜਾਂ ਅਜੋਕੇ ਅਖੌਤੀ ਸਾਧਾਂ ਸੰਤਾਂ, ਪੰਡਿਤਾਂ ਜੋਤਸ਼ੀਆਂ ਅਤੇ ਲੋਟੂ ਡੇਰੇਦਾਰਾਂ ਦੇ ਮੱਗਰ ਲੱਗ ਕੇ ਲੇਖਾਂ-ਭਾਗਾਂ ਵੱਲ ਹੀ ਤੱਕਦੇ ਰਹਿਣ ਚਾਹੀਦਾ ਹੈ? ਅੰਨ੍ਹੀ ਸ਼ਰਧਾਂ ਵਾਲੇ ਲੋਕ ਆਪਣੇ ਘਰ ਪ੍ਰਵਾਰ ਵੱਲ ਤਾਂ ਧਿਆਨ ਨਹੀਂ ਦਿੰਦੇ ਪਰ ਕਿਸਮਤ ਦੱਸਣ ਅਤੇ ਤਰ੍ਹਾਂ ਤਰ੍ਹਾਂ ਦੇ ਪਾਠ ਪੂਜਾ, ਹਵਨ, ਆਰਤੀਆਂ, ਚਲੀਹੇ ਕੱਟਣ ਵਾਲਿਆਂ ਨੂੰ ਸਭ ਕੁੱਝ ਲੁਟਾਈ ਜਾ ਰਹੇ ਹਨ ਐਸਾ ਕਿਉਂ? ਮੁਕਦੀ ਗੱਲ ਸਾਨੂੰ ਇਸ ਗੁਰ ਸਿਧਾਂਤ ਦੀ ਹੀ ਪਾਲਣਾ ਕਰਨੀ ਚਾਹੀਦੀ ਹੈ ਕਿ- ਘਾਲਿ ਖਾਇ ਕਿਛੁ ਹਥਹੁ ਦੇਇ ਨਾਨਕ ਰਾਹੁ ਪਛਾਣੇ ਸੇਇ॥ (1245) ਆਪ ਕਿਰਤ ਕਰੋ-ਵੰਡ ਛਕੋ ਅਤੇ ਨਾਮ ਜਪੋ ਗੁਰਬਾਣੀ ਪੜੋ ਅਤੇ ਵਿਚਾਰ ਕਰੋ। ਬਚੋ ਕਿਸਮਤ-ਭਾਗ ਦੱਸਣ ਵਾਲੇ ਮੋਮਣ ਠੱਗਾਂ ਤੋਂ! ! ! ! ! ਗੁਰੂ ਭਲੀ ਕਰੇ। ਕਰਤਾਰ ਚਿੱਤ ਆਵੇ। ਕਰਮਕਾਂਡਾਂ, ਵਹਿਮਾਂ ਭਰਮਾਂ ਤੋਂ ਸਾਡਾ ਬੇੜਾ ਪਾਰ ਹੋ ਜਾਵੇ।




.