.

ੴ ਸਤਿਗੁਰ ਪ੍ਰਸਾਦਿ॥

ਮਸੰਦ, ਮਹੰਤ, ਸਾਧ, ਸੰਤ ਅਤੇ ਬਾਬੇ

ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨੇ ਜੀ ਨੂੰ ਨਾਲ ਲੈ ਕੇ ਦੇਸ਼ ਅਤੇ ਦੂਰ ਦੂਰ ਬਿਦੇਸ਼ਾਂ ਵਿੱਚ ਜਾ ਕੇ ਸਿੱਖੀ ਪ੍ਰਚਾਰ ਕੀਤਾ। ਸੱਭ ਨੂੰ ਗੁਰਬਾਣੀ ਰਾਹੀਂ ਅਕਾਲ ਪੁਰਖ ਨਾਲ ਜੋੜਿਆ ਅਤੇ ਸਹੀ ਜੀਵਨ ਜਾਚ ਦੱਸੀ। ਇਸ ਤੋਂ ਉਪ੍ਰੰਤ ਜਦੋਂ ਗੁਰੂ ਰਾਮਦਾਸ ਸਾਹਿਬ ਜੀ ਨੇ ਅੰਮ੍ਰਿਤ ਸਰੋਵਰ ਦੀ ਸੇਵਾ ਅਰੰਭ ਕੀਤੀ ਤਾਂ ਉਹਨਾਂ ਨੇ ਸਚਿਆਰ ਗੁਰਸਿੱਖਾਂ ਨੂੰ ਬੜੇ ਬੜੇ ਮੁੱਖ ਕੇਂਦਰਾਂ ਵਿਖੇ ਮਸੰਦ ਬਣਾ ਕੇ ਸਿੱਖੀ ਪ੍ਰਚਾਰ ਲਈ ਭੇਜਿਆ। ਇਸ ਤਰ੍ਹਾਂ ਸਿੱਖੀ ਪ੍ਰਚਾਰ ਸਮੇਂ ਜੋ ਸਿੱਖ ਆਪਣੀ ਧਰਮ ਦੀ ਕਮਾਈ ਵਿਚੋਂ ਦਸਵੰਧ ਦਿੰਦੇ ਸਨ, ਸੱਭ ਮਸੰਦ ਸਾਲ ਵਿੱਚ ਦੋ ਵਾਰ ਗੁਰੂ ਘਰ ਵਿੱਚ ਆਪ ਆ ਕੇ ਭੇਟਾ ਕਰਦੇ ਜਿਸ ਨਾਲ ਸੰਗਤ ਤੇ ਪੰਗਤ, ਅੰਮ੍ਰਿਤ ਸਰੋਵਰ, ਦਰਬਾਰ ਸਾਹਿਬ, ਤਾਰਨਤਰ ਸਾਹਿਬ, ਅਕਾਲ ਤੱਖ਼ਤ ਸਾਹਿਬ, ਕਰਤਾਰਪੁਰ ਸਾਹਿਬ, ਕੀਰਤਪੁਰ ਸਾਹਿਬ, ਅਨੰਦਪੁਰ ਸਾਹਿਬ ਦੀ ਉਸਾਰੀ ਦੇ ਨਾਲ ਨਾਲ ਗਰੀਬ ਅਤੇ ਪੀੜ੍ਹਤ ਪਰਿਵਾਰਾਂ ਦੀ ਵੀ ਸੇਵਾ ਹੁੰਦੀ ਰਹਿੰਦੀ।

ਗੁਰੂ ਗੋਬਿੰਦ ਸਿੰਘ ਜੀ ਦੇ ਖਾਲਸਾ ਸਾਜਨਾ ਦੀ ਤਿਆਰੀ ਅਰੰਭ ਕਰਨ ਦੇ ਨਾਲ ਹੀ, ਮੁਗਲ ਰਾਜ ਅਤੇ ਗੁਲਾਮ ਪਹਾੜੀ ਹਿੰਦੂ ਰਾਜਿਆਂ ਨੇ ਡੱਟ ਕੇ ਵਰੋਧਤਾ ਕਰਨੀ ਸ਼ੁਰੂ ਕਰ ਦਿੱਤੀ ਅਤੇ ਇਹਨਾਂ ਦੀ ਚੁੱਕ ਵਿੱਚ ਆ ਕੇ ਮਸੰਦਾਂ ਨੇ ਵੀ ਬੁਰੀਆਂ ਕੁਰਤੂਤਾਂ ਕਰਨੀਆਂ ਆਰੰਭ ਕਰ ਦਿੱਤੀਆਂ। ਗੁਰੂ ਸਾਹਿਬ ਜੀ ਨੇ ਸੱਭ ਮਸੰਦਾਂ ਨੂੰ ਤਾੜਣਾ ਕੀਤੀ ਅਤੇ ਇਹ ਪ੍ਰੰਪਰਾ ਖੱਤਮ ਕਰਕੇ, ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਅਗੇ ਤੋਂ ਉਹ ਮਸੰਦਾਂ ਨੂੰ ਭੇਟਾ ਨਾ ਦੇਣ ਅਤੇ ਆਪ ਹੀ ਹਾਜ਼ਰ ਹੋ ਕੇ ਖੁਸ਼ੀਆਂ ਪ੍ਰਾਪਤ ਕਰਨ। ਜਦੋਂ ਮੁਗਲ ਸਰਕਾਰ ਨੇ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਤਾਂ ਗੁਰੂ ਅਸਥਾਨਾਂ ਦੀ ਸੇਵਾ ਨਿਰਮਲਿਆਂ, ਸਾਧਾਂ, ਮਹੰਤਾਂ ਨੇ ਸੰਭਾਲ ਲਈ। ਉਸ ਦੁਖਾਂਤ ਸਮੇਂ ਭਾਵੇਂ ਇਹਨਾਂ ਨੇ ਬਹੁਤ ਸੇਵਾ ਕੀਤੀ ਪਰ ਰਣਜੀਤ ਸਿੰਘ ਅਤੇ ਅੰਗ੍ਰੇਜ਼ ਰਾਜ ਸਮੇਂ, ਪੈਸੇ ਤੇ ਜ਼ਮੀਨਾਂ ਦੇ ਲਾਲਚ ਕਰਕੇ, ਬਹੁਤ ਸਾਰੇ ਮਹੰਤ/ਸਾਧ ਵੀ ਮਸੰਦਾਂ ਵਾਂਗ ਭੂਸਰ ਗਏ। ਮਹੰਤ ਨਰੈਣਦਾਸ ਦੀਆਂ ਕੀਤੀਆਂ ਕੁਰੀਤੀਆਂ (ਸਾਕਾ ਨਨਕਾਣਾ ਸਾਹਿਬ) ਵਾਰੇ ਕੌਣ ਨਹੀਂ ਜਾਣਦਾ! ਪਿੰਡਾਂ ਵਿੱਚ ਵੀ ਸਾਧਾਂ ਨੇ ਧਰਮਸਾਲਾਂ, ਗੁਰਦੁਆਰੇ ਅਤੇ ਜ਼ਮੀਨਾਂ ਦੀ ਮਲਕੀਅਤ ਆਪਣੀ ਨਿੱਜੀ ਜਾਇਦਾਦ ਬਣਾ ਲਈਆਂ। ਫਿਰ ਗੁਰਮਤਿ ਦੇ ਆਧਾਰ ਤੇ ਸਿੱਖੀ ਪ੍ਰਚਾਰ ਕਿਸ ਨੇ ਕਰਨਾ ਸੀ?

ਗੁਰਦੁਆਰਾ ਸੁਧਾਰ ਲਹਿਰ ਸਮੇਂ ਅਜੇ ਮਹੰਤਾਂ ਅਤੇ ਸਾਧਾਂ ਦੀ ਸੁਧਾਈ ਹੋ ਹੀ ਰਹੀ ਸੀ ਕਿ ਕਈ ਬੁਧੀਜੀਵਾਂ ਨੇ ਪੈਂਤੜਾ ਬਦਲ ਕੇ ਸੰਤ ਦੀ ਉਪਾਧੀ ਲਾ ਕੇ, ਸਿਰ ਉਪਰ ਗੋਲ ਸਾਫਾ ਬੰਨ੍ਹ ਕੇ ਅਤੇ ਲੰਬਾ ਚੋਲਾ ਪਾ ਕੇ, ਆਪਣੇ ਆਪਣੇ ਡੇਰੇ ਲਾ ਲਏ। ਸਿੱਖ ਇਤਿਹਾਸ ਅਤੇ ਗੁਰਬਾਣੀ ਦੇ ਆਧਾਰ ਤੇ ਸਿੱਖੀ ਪ੍ਰਚਾਰ ਦੀ ਘਾਟ ਹੋਂਣ ਕਰਕੇ, ਆਮ ਸਿੱਖ ਪਰਵਾਰਾਂ ਨੂੰ ਗੁਰਮਤਿ ਦੀ ਸਹੀ ਰੂਪ ਵਿੱਚ ਸੋਝੀ ਨਾ ਮਾਤਰ ਹੀ ਹੈ (ਸ਼ਾਇਦ 9੦% ਪਰਿਵਾਰਾਂ ਨੇ ਸਿੱਖ ਰਹਿਤ ਮਰਯਾਦਾ ਕਦੀ ਪੜ੍ਹੀ ਵੀ ਨਹੀਂ ਹੋਵੇਗੀ)। ਨਵੀਂ ਸੁੱਪਰ-ਮਾਰਕਿੱਟ ਖੁਲ੍ਹਣ ਤੇ ਗ੍ਰਾਹਕਾਂ ਦੀ ਭੀੜ ਤਾਂ ਲੱਗਣੀ ਹੀ ਹੈ, ਇਹ ਹੀ ਹਾਲ ਅੱਜ ਹਰ ਥਾਂ ਡੇਰਿਆਂ ਵਿਖੇ ਦੇਖਿਆ ਜਾ ਸਕਦਾ ਹੈ। ਪਿਛਲੇ ਕਈ ਸਾਲਾਂ ਤੋਂ ਇਹ ਵੀ ਦੇਖ ਰਹੇ ਹਾਂ ਕਿ ਇੱਕਲੀ ਸੰਤ ਪਦਵੀ ਨਾਲ ਕੰਮ ਨਹੀਂ ਚਲ ਰਿਹਾ, ਇਸ ਲਈ ਐਸੇ ਅਖੌਤੀਆਂ ਨੇ ਹੁਣ ਨਾਮ ਨਾਲ ਸੰਤ - ਬਾਬਾ ਲਿਖਣਾ ਸ਼ੁਰੂ ਕਰ ਦਿੱਤਾ ਹੈ ਭਾਵੇਂ ਇਹ ਭੱਧਰ-ਪੁਰਸ਼ ਪੁਰਾਣੇ ਗੁਰਸਿੱਖਾਂ (ਭਾਈ ਲਾਲੋ ਜੀ, ਭਾਈ ਮਰਦਾਨਾ ਜੀ, ਬਾਬਾ ਬੁੱਢਾ ਜੀ, ਭਾਈ ਮੰਝ ਜੀ, ਭਾਈ ਗੁਰਦਾਸ ਜੀ, ਭਾਈ ਮਨੀ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਅਕਾਲੀ ਬਾਬਾ ਫੂਲਾ ਸਿੰਘ ਜੀ) ਦੀ ਚਰਣ-ਧੂੜ੍ਹ ਦੇ ਬਰਾਬਰ ਵੀ ਨਹੀਂ ਹਨ। ਜੇ ਕਿਸੇ ਗੁਰਮੁਖਿ ਪਿਆਰੇ ਉਪਰ ਅਕਾਲ ਪੁਰਖ ਦੀ ਮਿਹਰ ਸਦਕਾ, ਸਿੱਖੀ ਪ੍ਰਚਾਰ ਅਤੇ ਸੇਵਾ ਦੀ ਭਾਵਣਾ ਪੈਦਾ ਹੋ ਗਈ ਹੈ ਤਾਂ ਉਸ ਅਗੇ ਹੱਥ ਜੋੜ ਕੇ ਬੇਨਤੀ ਹੈ ਕਿ ਉਹ ਗ੍ਰਹਿਸਤੀ ਵਿੱਚ ਰਹਿ ਕੇ, ਧਰਮ ਦੀ ਕਮਾਈ ਕਰਕੇ, ਆਪਣੇ ਮਨੁ, ਤਨੁ, ਅਤੇ ਧਨੁ ਦੇ ਦਸਵੰਧ ਦੁਆਰਾ ਆਮ ਗੁਰਸਿੱਖ ਪਰਿਵਾਰਾਂ ਵਾਂਗ, ਨੇੜੇ-ਤੇੜੇ ਗੁਰਦੁਆਰਾ ਸਾਹਿਬ ਵਿਖੇ ਸੰਗਤ ਦੇ ਸਹਿਯੋਗ ਰਾਹੀਂ ਖ਼ਾਲਸਾ ਪੰਥ ਦੀ, ਗੁਰਬਾਣੀ ਅਤੇ ਸਿੱਖ ਰਹਿਤ ਮਰਯਾਦਾ ਅਨੁਸਾਰ, ਨਿਸ਼ਕਾਮ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੇ ਤਾਂ ਚੰਗੀ ਗੱਲ ਹੈ। ਐਸੇ ਅਖੌਤੀ ਬਾਬੇ ਬਾਹਰਲੇ ਦੇਸ਼ਾਂ ਵਿੱਚ ਪੌਂਡ-ਡਾਲਰ ਹੀ ਇੱਕਠੇ ਕਰਨ ਆਉਂਦੇ ਹਨ! !

ਫਿਰ ਵੀ, ਜਿਹੜੇ ਪਰਿਵਾਰ ਇਹਨਾਂ ਅਖੌਤੀ ਸੰਤਾਂ/ਬਾਬਿਆਂ ਦੇ ਡੇਰਿਆਂ/ਟਕਾਣਿਆਂ/ਟਕਸਾਲਾਂ/ਠਾਠਾਂ ਦੇ ਪਿੱਛੇ ਲੱਗ ਕੇ ਖ਼ਾਲਸਾ ਪੰਥ ਦੇ ਸਹੀ ਮਾਰਗੁ ਤੋਂ ਭੱਟਕ ਕੇ ਖੁਆਰ ਹੋ ਰਹੇ ਹਨ, ਦਾਸ ਦੀ ਬੇਨਤੀ ਹੈ ਕਿ ਜੇ ਉਹਨਾਂ ਪਾਸ ਵਧੀਕ ਸਮਾਂ ਨਹੀਂ ਤਾਂ ਘਟੋ-ਘੱਟ, ਸਿੱਖ ਰਹਿਤ ਮਰਯਾਦਾ, ਬਿਪ੍ਰਨ ਦੀ ਰੀਤ ਤੋਂ ਸੱਚ ਦਾ ਮਾਰਗ (ਲੇਖਕ: ਸਰਦਾਰ ਗੁਰਬਖ਼ਸ਼ ਸਿੰਘ ਜੀ), ਮੈਗਜ਼ੀਨ ਸੰਤ ਸਿਪਾਹੀ ਵਿੱਚ ਲਿਖੇ ਲੇਖ (ਅੰਕ ਫਰਵਰੀ 1994, ਦਸੰਬਰ 1996, ਸਤੰਬਰ 1997, ਅਪ੍ਰੈਲ 1998), ਮੈਗਜ਼ੀਨ ਸਿੱਖ ਫੁਲਵਾੜੀ (ਨਵੰਬਰ 1996), ਸਿੱਖ ਰਵਿਯੂ (ਦਸਬੰਰ 1997) ਅਤੇ ਭਾਈ ਸੁਖਵਿੰਦਰ ਸਿੰਘ (ਸਭਰਾ) ਦੀ ਕਿਤਾਬਾਂ ਸੰਤਾ ਦੇ ਕੌਤਕ (ਤਿੰਨ ਭਾਗ) ਤਾਂ ਪੜ੍ਹ ਹੀ ਸਕਦੇ ਹੋ। ਕਿੰਨਾ ਚੰਗਾ ਹੋਵੇ ਜੇ ਅਸੀਂ ਸੱਭ ਪਰਵਾਰ ਅੰਮ੍ਰਿਤ ਦੀ ਦਾਤਿ ਪ੍ਰਾਪਤ ਕਰਕੇ, ਗੁਰਮਤਿ ਅਨੁਸਾਰ ਹੀ ਜੀਵਨ ਬਤੀਤ ਕਰਨਾ ਅਰੰਭ ਕਰ ਦਈਏ ਅਤੇ ਅੱਜ ਤੋਂ ਪ੍ਰਣ ਕਰੀਏ ਕਿ ਅਸੀਂ ਉਹਨਾਂ ਗੁਰਦੁਆਰਿਆਂ ਵਿਖੇ ਹੀ ਸੰਗਤ-ਪੰਗਤ ਕਰਨੀ ਹੈ ਜਿਨ੍ਹਾਂ ਦਾ ਪ੍ਰਬੰਧ ਅਤੇ ਸਿੱਖੀ ਪ੍ਰਚਾਰ, ਸਿੱਖ ਰਹਿਤ ਮਰਯਾਦਾ ਅਨੁਸਾਰ ਹੈ। ਇਸ ਤਰਾਂ ਜਦੋਂ ਅਸੀਂ ਐਸੇ ਡੇਰਿਆਂ ਦਾ ਬਾਈਕਾਟ ਕਰ ਦੇਵਾਂਗੇ, ਅਖੌਤੀ ਸੰਤ/ਬਾਬੇ ਆਪ ਹੀ ਆਪਣੀਆਂ ਦੁਕਾਨਾਂ ਬੰਦ ਕਰਕੇ, ਗੁਰਦੁਆਰਾ ਸਾਹਿਬ ਵਿਖੇ ਆਮ ਸਾਧਾਰਣ ਗੁਰਸਿੱਖਾਂ ਵਾਂਗ ਆ ਕੇ ਹਾਜ਼ਰੀ ਭਰਣ ਲੱਗ ਪੈਣਗੇ। ਆਓ, ਅਸੀਂ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸੌ ਸਾਲਾ ਗੁਰਗੱਦੀ ਦਿਵਸ (7 ਅਕਤੂਬਰ 2੦੦8) ਤੋਂ ਪਹਿਲਾਂ ਅੰਮ੍ਰਿਤ ਦੀ ਦਾਤਿ ਪ੍ਰਾਪਤ ਕਰਕੇ, ਪੂਰਨ ਗੁਰਸਿੱਖ ਬਣ ਕੇ, ਪੁਰਾਤਨ ਗੁਰਸਿੱਖਾਂ ਵਾਂਗ ਗੁਰਬਾਣੀ ਨਾਲ ਫਿਰ ਜੁੜ ਜਾਈਏ ਅਤੇ ਗੁਰੂ ਸਾਹਿਬਾਨ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣ ਕੇ ਆਪ ਚੜ੍ਹਦੀ ਕਲਾ ਵਿੱਚ ਰਹੀਏ ਅਤੇ ਦੂਸਰਿਆ ਨੂੰ ਪ੍ਰਰੇਣਾ ਦਈਏ।

ਹਾਂ, ਜੇ ਕਿਸੇ ਪਰਵਾਰ ਦਾ ਕਿਸੇ ਖ਼ਾਸ ਸੰਤ/ਬਾਬੇ ਨਾਲ ਜ਼ਿਆਦਾ ਹੀ ਝੁਕਾਅ ਹੈ ਤਾਂ ਉਹਨਾਂ ਨੂੰ ਕੁੱਝ ਪੜਚੋਲ ਕਰ ਲੈਣੀ ਚਾਹੀਦੀ ਹੈ ਜਿਵੇਂ: ਐਸੇ ਗੁਰਮੁਖਿ ਦਾ ਕਿਸ ਪਿੰਡ, ਕਿਸ ਪਰਵਾਰ ਅਤੇ ਕਦੋਂ ਜਨਮ ਹੋਇਆ, ਕੀ ਸਾਰਾ ਪਰਿਵਾਰ ਸਿੱਖ ਧਰਮ ਅਨੁਸਾਰ ਹੀ ਸਚਿਆਰਾ ਜੀਵਨ ਬਤੀਤ ਕਰਦੇ ਹਨ ਜਾਂ ਕਿ ਇਹ ਇੱਕਲਾ ਬਚਪਨ ਵਿੱਚ ਹੀ ਘਰੋਂ ਦੌੜ ਕੇ ਕਿਸੇ ਡੇਰੇ ਰਹਿਣ ਲੱਗ ਪਿਆ, ਮੁੱਢਲੀ ਸਕੂਲ/ਕਾਲਜ ਵਿਦਿਆ ਕਿਥੋਂ ਤੇ ਕਿਸ ਕਲਾਸ ਤੱਕ ਪੜ੍ਹੀ ਅਤੇ ਬਾਅਦ ਵਿੱਚ ਗੁਰਮਤਿ/ਰਾਗਿ ਵਿਦਿਆ ਕਿਥੋਂ ਪ੍ਰਾਪਤ ਕੀਤੀ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਖੰਡੇ-ਬਾਟੇ ਦੀ ਅੰਮ੍ਰਿਤ ਦਾਤਿ ਕਿਸ ਸਾਲ ਤੇ ਕਿਥੋਂ ਬਖ਼ਸ਼ਿਸ਼ ਹੋਈ, ਕਿਸ ਉਮਰ ਵਿੱਚ ਅਨੰਦ ਕਾਰਜ ਤੇ ਕਿਹੜੇ ਪਿੰਡ/ਸ਼ਹਿਰ ਅਤੇ ਕਦੋਂ ਹੋਇਆ, ਕੀ ਹੁਣ ਤੱਕ ਗੁਰੂ ਉਪਦੇਸ਼ ਮੁਤਾਬਿਕ ਗ੍ਰਹਿਸਤੀ ਜੀਵਨ ਬਤੀਤ ਕਰਨ ਲਈ ਹੋਰ ਕੀ ਕਮਾਈ ਦਾ ਸਾਧਨ ਹੈ, ਜਿਸ ਡੇਰੇ ਹੁਣ ਸੇਵਾ ਕਰ ਰਹੇ ਹਨ ਕੀ ਉੱਥੇ ਸਿੱਖ ਪੰਥ ਦਾ ਨਿਸ਼ਾਨ ਸਾਹਿਬ ਲਗਾ ਹੋਇਆ ਹੈ, ਦੀਵਾਨ ਹਾਲ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਦੇ ਨਾਲ ਹੀ ਐਸਾ ਬਾਬਾ/ਸੰਤ ਗੁਧੇਲੇ ਜਾਂ ਕੁਰਸੀ ਉੱਪਰ ਬੈਠ ਕੇ ਮੱਥੇ ਤਾਂ ਨਹੀਂ ਟਿਕਾਉਂਦਾ ਜਾਂ ਉਥੇ ਕਿਸੇ ਹੋਰ ਬਾਬਿਆਂ ਦੀਆਂ ਫੋਟੋਆਂ ਦੀ ਪੂਜਾ ਤਾਂ ਨਹੀਂ ਹੁੰਦੀ, ਕੀ ਅਲੱਗ ਕਮਰੇ ਵਿੱਚ ਬੈਠ ਕੇ ਕੋਈ ਭਰਮ-ਭੁਲੇਖਾ ਤਾਂ ਨਹੀਂ ਪਾਉਂਦੇ ਜਾਂ ਬੱਚਿਆਂ ਤੇ ਕਾਰੋਬਾਰ ਦੀ ਤਰੱਕੀ ਲਈ ਰਹਿਮਤਾਂ ਦੇ ਥਾਪੜੇ ਤਾਂ ਨਹੀਂ ਦਿੰਦੇ, ਕੀ ਪਾਠ, ਅਖੰਡ-ਪਾਠ, ਕਥਾ ਅਤੇ ਕੀਰਤਨ ਆਦਿ ਸਿੱਖ ਰਹਿਤ ਮਰਯਾਦਾ ਅਨੁਸਾਰ ਹੁੰਦਾ ਹੈ, ਕੀ ਐਸਾ ਅਸਥਾਨ ਸਮੁੱਚੀ ਸਿੱਖ ਸੰਗਤ ਦੇ ਨਾਮ ਹੈ ਜਾਂ ਕਿ ਕਿਸੇ ਸੰਤ/ਬਾਬੇ ਦੇ ਨਾਮ ਰਜਿਸਟ੍ਰੱਡ ਹੈ ਅਤੇ ਕੀ ਇਸ ਦਾ ਪ੍ਰਬੰਧ ਪੰਜ ਪਿਆਰੇ ਜਾਂ ਚੁਣੀ ਹੋਈ ਕਮੇਟੀ ਚਲਾ ਰਹੀ ਹੈ ਤੇ ਹਰ ਸਾਲ ਸੰਗਤ ਨੂੰ ਹਿਸਾਬ-ਕਿਤਾਬ ਦਿੰਦੇ ਹਨ? ਗੁਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਵੀ ਬੇਨਤੀ ਹੈ ਕਿ ਉਹ ਕਿਸੇ ਬਾਬੇ/ਸੰਤ ਨੂੰ ਸਮਾਂ ਦੇਣ ਤੋਂ ਪਹਿਲਾਂ ਪੜਤਾਲ ਕਰ ਲਿਆ ਕਰ ਲੈਣ ਕਿ ਕੀ ਐਸਾ ਪਰਾਣੀ ਆਪ ਸਿੱਖ ਰਹਿਤ ਮਰਯਾਦਾ ਅਨੁਸਾਰ ਆਪਣਾ ਜੀਵਨ ਬਤੀਤ ਕਰ ਰਿਹਾ ਹੈ ਨਾ ਕਿ ਤੋਤਲੀਆਂ ਅਤੇ ਮਿਥਿਹਾਸ ਕਹਾਣੇ ਸੁਣਾ ਕੇ ਡਾਲਰ ਇੱਕਠੇ ਕਰਨ ਦੀ ਹੀ ਭਾਵਨਾ ਨਾਲ ਬਗਲਾ ਭਗਤ ਬਣਿਆ ਹੋਇਆ ਹੈ? ਅਕਾਲ ਪੁਰਖ ਅਗੇ ਅਰਦਾਸ ਹੈ ਕਿ ਦਾਤਾ ਸਾਨੂੰ ਸੁਮਤਿ ਬਖ਼ਸ਼ੋ ਤਾਂ ਜੋ ਅਸੀਂ ਸੱਭ ਕੇਸਾਂ ਦੀ ਸੰਭਾਲ ਅਤੇ ਅੰਮ੍ਰਿਤ ਦੀ ਦਾਤਿ ਪ੍ਰਾਪਤ ਕਰਕੇ ਆਪਣਾ ਜੀਵਨ ਸਫਲਾ ਕਰੀਏ।

ਗੁਰੂ ਨਾਨਕ ਸਾਹਿਬ ਸੋਝੀ ਬਖਸ਼ਦੇ ਹਨ: ਚਿਟੇ ਜਿਨ ਕੇ ਕਪੜੇ ਮੈਲੇ ਚਿਤੁ ਕਠੋਰ ਜੀਉ॥ ਤਿਨ ਮੁਖਿ ਨਾਮੁ ਨ ਉਪਜੈ ਦੂਜੈ ਵਿਆਪੈ ਚੋਰ ਜੀਉ॥ ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥ 751. ।

ਭਗਤ ਕਬੀਰ ਜੀ ਬਿਆਨ ਕਰਦੇ ਹਨ: ਓਇ ਹਰਿ ਕੇ ਸੰਤ ਨ ਆਖੀਅਹਿ ਬਾਨਾਰਸਿ ਕੇ ਠਗ॥ 476॥

(ਗੁਰੂ ਗ੍ਰੰਥ ਸਾਹਿਬ ਪੰਨਾ 476)

ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ॥

ਗੁਰਮੀਤ ਸਿੰਘ, 9 – Hamlin Street, Quakers Hill, N S W – 2763, Australia; Tel. No.61 2 9837 2787




.