.

ਸਵਾਗਤੀ ਸ਼ਬਦ

ਸ. ਮਹਿੰਦਰ ਸਿੰਘ ਡਿੱਡਨ ਜੀ ਦੀ ਕਲਮ ਤੋਂ ਸੁਸਜਿੱਤ ਇਹ ਉਪਦੇਸ਼ਕ ਟ੍ਰੇਕਟ ਖੋਜਭਰਭੂਰ ਤੇ ਪ੍ਰੇਰਣਾਦਾਯਕ ਹੈ। ਡਿੱਡਨ ਜੀ ਨੇ ਸਾਨੂੰ ਸ਼ਬਦ ਗੁਰੂ ਦੀ ਜਰੂਰਤ ਤੇ ਮਹੱਤਵ ਬਾਰੇ ਵਿਸਥਾਰ ਨਾਲ ਦਰਸਾਇਆ ਹੈ।

ਅਜ ਜਿਸ ਤਰ੍ਹਾਂ ਦੇ ਹਾਲਾਤ ਹਨ, ਦੁਨਿਆਵੀ ਗੁਰੂ ਡੇਰੇ ਲਗਾਕੇ ਆਮ ਧਾਰਮਿਕ ਲੋਕਾਂ ਨੂੰ ਗੁਮਰਾਹ ਕਰਕੇ ਧਨ ਕਮਾਉਣ ਵਿਚ ਲਗੇ ਹੋਏ ਹਨ। ਉਨ੍ਹਾਂ ਦਾ ਲੋਕਾਂ ਨੂੰ ਭਟਕਣ ਤੋਂ ਦੂਰ ਕਰਕੇ ਸਚੇ ਸ਼ਬਦ ਗੁਰੂ ਦੇ ਲੜ ਲਾਣ ਦਾ ਇਹ ਇਕ ਵਡਾ ਉਪਰਾਲਾ ਹੈ। ਗੁਰੂ ਦੀ ਮਹਿਮਾ ਅਪਰੰਪਾਰ ਹੈ। ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿਚ ਗੁਰੂ ਦੀ ਮਹਿਮਾ ਦਾ ਵਰਣਨ ਇਸ ਤਰਾਂ ਕੀਤਾ ਹੈ।

“ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ” ਅਜ ਸੰਸਾਰਿਕ ਅਗਿਆਨਤਾ, ਵਿਸ਼ਾ-ਵਾਸਨਾ ਭਰਸ਼ਟਾਚਾਰ ਤੋਂ ਸਾਨੂੰ ਸਚਾ ਸ਼ਬਦ ਗੁਰੂ ਹੀ ਬਚਾ ਸਕਦਾ ਹੈ। ਗੁਰੂ ਹੀ ਪਰਮਾਤਮਾ ਦਾ ਰੂਪ ਹੈ।

“ਗੁਰੂ ਭੇਟੇ ਪਾਰਸ ਭਏ ਜੋਤੀ ਜੋਤਿ ਮਿਲਾਏ”।

ਗੁਰਮੁੱਖੀ ਲਿਪੀ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਬੜੇ ਹੀ ਵਿਗਿਆਨਕ ਤੇ ਵਿਕਸਿਤ ਰੂਪ ਵਿਚ ਰਚੀ। ਇਸ ਲਿਪੀ ਵਿਚ ਸਾਡੇ ਧਾਰਮਿਕ ਗ੍ਰੰਥ ਰਚੇ ਗਏਹਨ। ਮਹਿੰਦਰ ਸਿੰਘ ਜੀ ਨੇ ਪੰਜਾਬੀ ਲਿਖਣ, ਬੋਲਣ ਤੇ ਪੜ੍ਹਨ ਲਈ ਜੋਰਦਾਰ ਪ੍ਰੇਰਣਾ ਦਿਤੀ ਹੈ।

ਬੜਾ ਹੀ ਸ਼ਲਾਘਾਯੋਗ ਉਪਰਾਲਾ ਓਹਨਾ ਨੇ ਕੀਤਾ ਹੈ।

ਆਪ ਜਪੈ ਅਵਰਹੁ ਨਾਮ ਜਪਾਵੇ।।

ਜਿਨੀ ਨਾਮ ਧਿਆਇਆ ਗਏ ਮਸ਼ਕਤ ਘਾਲ।।

ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ।।

ਦੇ ਮਹਾਵਾਕ ਅਨੁਸਾਰ ਡਿੱਡਨ ਜੀ ਦਾ ਇਹ ਉਪਰਾਲਾ ਉਹਨਾਂ ਦੇ ਉੱਚੇ ਤੇ ਸੁੱਚਜੇ ਜੀਵਨ ਦਾ ਪਰਿਚਾਯਕ ਹੈ ਨਾਲ ਹੀ ਇਹ ਨਿਸਵਾਰਥ ਤੇ ਨਿਸ਼ਕਾਮ ਸੇਵਾ ਕਰਕੇ ਆਪਣਾ ਤੇ ਹੋਰ ਸਭਨਾਂ ਦੇ ਜੀਵਨ ਲਈ ਚਾਨਣ ਮੁਨਾਰਾ ਹਨ।

ਵਾਹਿਗੁਰੂ ਪਾਸ ਅਰਦਾਸ ਹੈ ਕਿ ਉਹਨਾਂ ਨੂੰ ਨਿਰੋਗ ਜੀਵਨ ਅਤੇ ਲੰਬੀ ਉਮਰ ਬਖਸ਼ਨ ਤਾਂਕਿ ਉਹ ਇਸੇ ਤਰਾਂ ਸਿੱਖ ਧਰਮ ਦੀ ਸੇਵਾ ਕਰ ਸਕਣ।

ਜੁਗਿੰਦਰ ਕੌਰ

ਸਾਬਕਾ ਪ੍ਰਿੰਸੀਪਲ

ਮਹਾਰਾਜਾ ਅਗਰਸੇਨ ਗਰਲਜ਼ ਇੰਟਰ ਕਾਲਜ

ਦੇਵਰਿਆ, ਯੂ. ਪੀ.

ਸਿੱਖ ਧਰਮ ਅਤੇ ਅਜੋਕਾ ਸਿੱਖ

ਧਰਮ ਕੀ ਹੈ ? ਇਸ ਬਾਰੇ ਪੰਜਵੇਂ ਗੁਰੂ ਜੀ ਨੇ ਫੁਰਮਾਇਆ ਹੈ।

ਸਰਬ ਧਰਮ ਮਹਿ ਸ੍ਰੇਸਟ ਧਰਮੁ॥

ਹਰਿ ਕੋ ਨਾਮੁ ਜਪਿ ਨਿਰਮਲ ਕਰਮੁ॥ (ਅੰਗ-੨੬੬)

ਅਤੇ

ਤਜਿ ਸਭਿ ਭਰਮ ਭਜਿਓ ਪਾਰਬ੍ਰਹਮੁ॥

ਕਹੁ ਨਾਨਕ ਅਟਲ ਇਹੁ ਧਰਮੁ॥ (ਅੰਗ-੧੯੬)

ਮਜ਼ਹਬ ਜਾਂ ਧਰਮ ਦਾ ਅਸਲ ਮਨੋਰਥ ਮਨੁੱਖ ਨੂੰ ਜੀਵਨ ਜਾਚ ਸਿਖਾ ਕੇ ਉਸ ਦੀਆਂ ਸਾਰੀਆਂ ਜੀਵਨ ਸਮਸਿਆਵਾਂ ਹੱਲ ਕਰਨਾ ਅਤੇ ਉਸ ਨੂੰ ਸੁਖੀ ਜੀਵਨ ਦੇਣਾ ਹੈ। ਸਿੱਖ ਧਰਮ ਇਕ ਕਿਰਿਆਤਮਕ ਧਰਮ ਹੈ ਜਿਹੜਾ ਆਸਾਂ ਤੇ ਉਤਸ਼ਾਹ ਨਾਲ ਭਰਿਆ ਹੋਇਆ ਹੈ। ਇਹ ਪੂਰਨ ਤੌਰ ਤੇ ਇਕ-ਈਸ਼ਵਰਵਾਦੀ ਹੈ। ਜਿਸ ਦਾ ਵਿਸ਼ਵਾਸ ਇੱਕ ਸਰਵ ਸ਼ਕਤੀਮਾਨ ਰੱਬ ਵਿਚ ਹੈ। ਜਿਹੜਾ ਕਿ ਸਰਵ ਵਿਆਪੀ, ਸਾਰੀ ਕੁਦਰਤ ਦਾ ਕਾਦਰ, ਹਰ ਥਾਂ ਹਾਜ਼ਰ ਨਾਜ਼ਰ, ਨਿਰਵੈਰ ਤੇ ਨਿਰਭਉ ਸਾਰੇ ਪਸਾਰੇ ਵਿਚ ਇਕਸਾਰ ਵਿਆਪਕ ਹੈ ਅਤੇ ਮਾਇਆ ਤੋਂ ਨਿਰਲੇਪ ਹੈ। ਉਹ ਕਿਸੇ ਇੱਕ ਸਮਾਜ, ਦੇਸ਼ ਜਾਂ ਕਾਲ ਦਾ ਨਹੀਂ। ਉਹ ਤਾਂ ਸਮੁੱਚੀ ਮਨੁੱਖਤਾ ਦਾ ਹੈ, ਉਹ ਸਰਵਦੇਸ਼ੀ ਹੈ, ਉਹ ਸਰਵ ਕਾਲੀ ਹੈ, ਉਹ ਦਯਾਲੂ ਹੈ। ਉਹ ਨਿਰਲੇਪ ਹੈ, ਉਹ ਨਿਰਵੈਰ ਹੈ, ਉਹ ਜਨਮ ਮਰਨ ਤੋਂ ਰਹਿਤ ਹੈ, ਉਹ ਕਿਸੇ ਦਾ ਬਣਾਇਆ ਹੋਇਆ ਜਾਂ ਥਾਪਿਆ ਹੋਇਆ ਨਹੀਂ ਹੈ ਉਹ ਤਾਂ ਆਪਣੇ ਆਪ ਤੋਂ ਹੀ ਹੈ।

ਵੈਸੇ ਤਾਂ ਸਿੱਖ ਸ਼ਬਦ ਦੇ ਅਰਥ ਹਨ ਵਿਦਿਆਰਥੀ, ਪਰ ਗੁਰਸਿੱਖ ਉਹ ਵਿਦਿਆਰਥੀ ਜਾਂ ਸਿਖਿਆਰਥੀ ਹੈ ਜੋ ਸਤਿਗੁਰ ਅਧਿਆਪਕ ਦੀ ਸਤ ਸੰਗਤ ਰੂਪੀ ਚਟਸਾਲ ਵਿਚ ਹਰੀ ਦੇ ਗੁਣਾਂ ਦੀ ਸਿਖਿਆ ਪ੍ਰਾਪਤ ਕਰਦਾ ਹੈ। ਗੁਰੂ ਰਾਮ ਦਾਸ ਜੀ ਨੇ ਗੁਰਸਿੱਖ ਦੀ ਪਰਿਭਾਸ਼ਾ ਇਉ ਦਸੀ ਹੈ।

ਗੁਰ ਸਤਿਗੁਰ ਕਾ ਜੋ ਸਿਖੁ ਅਖਾਏ

ਸੁ ਭਲਕੇ ਉਠਿ ਹਰਿ ਨਾਮੁ ਧਿਆਵੈ॥

ਉਦਮੁ ਕਰੇ ਭਲਕੇ ਪਰਭਾਤੀ

ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ॥

ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ

ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ॥

ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ

ਬਹਦਿਆ ਉਠਦਿਆ ਹਰਿ ਨਾਮੁ ਧਿਆਵੈ॥

ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ

ਸੋ ਗੁਰਸਿਖੁ ਗੁਰੂ ਮਨਿ ਭਾਵੈ॥

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ

ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ॥

ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ

ਜੋ ਆਪਿ ਜਪੈ ਅਵਰਹ ਨਾਮੁ ਜਪਾਵੈ॥ (ਅੰਗ ੩0੫-੬)

ਗੁਰਸਿੱਖ ਸਤਿਗੁਰੂ ਦੀ ਚਟਸਾਲ ਦਾ ਇੱਕ ਅਭਿਆਸੀ ਵਿਦਿਆਰਥੀ ਹੈ। ਉਹ ਗੁਰੂ ਤੇ ਸੰਗਤ ਦੀ ਓਟ ਵਿਚ ਰਹਿ ਕੇ ਸਹਿਜੇ ਸਹਿਜੇ ਅਧਿਆਤਮਕ ਪਉੜੀਆਂ ਚੜ੍ਹਦਾ ਹੈ। ਗੁਰਸਿੱਖੀ ਇਕ ਸਫਲ ਜੀਵਨ ਸਫਰ ਹੈ ਜਿਥੇ ਇਕ ਸਾਧਾਰਣ ਵਿਅਕਤੀ ਗੁਰੂ ਉਪਦੇਸ਼ ਨੂੰ ਕਮਾਂਦਾ ਹੋਇਆ ਅਗੇ ਵਧਦਾ ਹੈ ਅਤੇ ਗੁਰੂ ਅਤੇ ਪ੍ਰਭੂ ਦੀ ਕਿਰਪਾ ਨਾਲ ਇਕ ਚਿੱਤ ਆਪਣੇ ਟੀਚੇ ਨੂੰ ਪ੍ਰਾਪਤ ਕਰ ਲੈਂਦਾ ਹੈ। ਸਰਮ ਖੰਡ ਵਿਚ ਪੈਦਾ ਹੋ ਕੇ ਗੁਰਸਿੱਖ ਗਿਆਨ ਖੰਡ, ਧਰਮ ਖੰਡ ਅਤੇ ਕਰਮ ਖੰਡ ਬਾਣੀ ਹੁੰਦਾ ਹੋਇਆ ਸਚਿਖੰਡ ਵਿਚ ਪੁਜਦਾ ਹੈ। ਇਹ ਇਕ ਬਹੁਤ ਉੱਚੀ ਆਤਮਕ ਅਵਸਥਾ ਹੈ, ਐਥੇ ਪੁਜਣ ਵਾਸਤੇ ਗੁਰੂ ਉੱਤੇ ਅਤੁੱਟ ਭਰੋਸਾ ਅਤੇ ਲਗਨ ਦੀ ਡਾਡੀ ਲੋੜ ਹੁੰਦੀ ਹੈ। ਇਸ ਸਫਰ ਵਿਚ ਅਭਿਆਸੀ ਗੁਰਸਿੱਖ ਅਤੇ ਸਤਿਗੁਰੂ ਉਸ ਨੂੰ ਸੇਧ ਬਖਸ਼ਦੇ ਰਹਿੰਦੇ ਹਨ। ਸਾਡੇ ਸਾਖਸ਼ਾਤ ਗੁਰੂ “ਗ੍ਰੰਥ ਸਾਹਿਬ” ਹਨ। ਗੁਰੂ ਕੋਈ ਦੇਹ ਨਹੀਂ ਉਹ ਤਾਂ ਗੁਰੂ ਸ਼ਬਦ ਹੈ ਇਸੇ ਲਈ ਕਿਹਾ ਗਿਆ ਹੈ “ਗੁਰ ਮੂਰਤਿ ਗੁਰ ਸ਼ਬਦ ਹੈ”। ਇਸ ਲਈ ਗੁਰਸਿੱਖ ਦਾ ਫਰਜ ਬਣਦਾ ਹੈ ਕਿ ਗੁਰਬਾਣੀ ਦੀ ਟੇਕ ਲੈ ਕੇ ਅਧਿਆਤਮਕ ਮੰਡਲ ਵਿਚ ਵਿਚਰੇ। ਜਦੋ ਕਦੇ ਵੀ ਉਸਨੂੰ ਰੁਕਾਵਟ ਮਹਿਸੂਸ ਹੋਵੇ ਉਹ ਗੁਰਬਾਣੀ ਦੀ ਅਤੇ ਗੁਰਮੁੱਖਾਂ ਦੀ ਸੰਗਤ ਵਿਚ ਦੂਰ ਕੀਤੀ ਜਾ ਸਕਦੀ ਹੈ। ਗੁਰਸਿੱਖੀ ਕੋਈ ਫੋਕਟ ਸਿਧਾਂਤ ਨਹੀਂ ਇਹ ਤਾਂ ਇਕ ਅਮਲ ਹੈ ਜੋ ਜੀਵਨ ਵਿਚ ਕਮਾਇਆ ਜਾ ਸਕਦਾ ਹੈ ਅਤੇ ਇਸ ਨੂੰ ਕਮਾਉਣਾਂ ਲਾਜ਼ਮੀ ਵੀ ਹੈ।

ਪਰ ਇਹ ਬੜੇ ਅਫਸੋਸ ਦੀ ਗੱਲ ਹੈ ਕਿ ਜਿਨ੍ਹਾਂ ਆਗੂਆਂ ਉਤੇ ਧਰਮ ਪ੍ਰਚਾਰ ਅਤੇ ਪ੍ਰਸਾਰ ਦੀ ਜਿੰਮੇਵਾਰੀ ਸੀ ਉਹ ਆਪਣੇ ਫਰਜ਼ ਨੂੰ ਠੀਕ ਤਰ੍ਹਾਂ ਨਹੀਂ ਨਿਭਾ ਸਕੇ। ਉਹ ਆਪਣੇ ਧਰਮ ਨੂੰ ਠੀਕ ਅਤੇ ਨਿਰੋਲ ਰੂਪ ਵਿਚ ਦੁਨੀਆਂ ਦੇ ਸਾਹਮਣੇ ਪੇਸ਼ ਕਰਨ ਵਿਚ ਅਸਮਰਥ ਰਹੇ ਹਨ ਜਾਂ ਇੰਜ ਕਹਿ ਲਵੋ ਕਿ ਇਸ ਧਰਮ ਨੂੰ ਦੁਨੀਆਂ ਦੇ ਸਾਹਮਣੇ ਲਿਆਂਦਾ ਹੀ ਨਹੀਂ ਗਿਆ ਅਤੇ ਨ ਹੀ ਇਸ ਤੇ ਕਦੀ ਜੋਰ ਦਿੱਤਾ ਗਿਆ ਹੈ। ਇਹ ਸਿਰਫ ਸਾਡੇ ਆਗੂਆਂ ਦੀ ਕਮਜੋਰੀ ਹੀ ਨਹੀਂ ਬਲਕਿ ਇਸ ਵਿਚ ਵਕਤ ਦੀਆਂ ਹਕੂਮਤਾਂ ਦੀ ਸਾਜਿਸ਼ ਵੀ ਕੰਮ ਕਰ ਰਹੀ ਹੁੰਦੀ ਹੈ।

ਆਪ ਜੀ ਵਿਚੋਂ ਜਿਨ੍ਹਾਂ ਲੋਕਾਂ ਨੂੰ ਸਮੁੰਦਰ ਦੇ ਕਿਨਾਰੇ ਕੁੱਝ ਸਮਾਂ ਬਿਤਾਉਣ ਦਾ ਅਵਸਰ ਮਿਲਿਆ ਹੋਵੇਗਾ ਉਹ ਭਲੀ ਪਰਕਾਰ ਇਸ ਗੱਲ ਤੋਂ ਜਾਣੁ ਹੋਣਗੇ ਕਿ ਮੱਛੁਆਰੇ ਨੇ ਜਦੋਂ ਮੱਛੀਆਂ ਫੜਨੀਆਂ ਹੁੰਦੀਆਂ ਹਨ ਉਸ ਤੋਂ ਕਈ ਚਿਰ ਪਹਿਲਾਂ ਤੋਂ ਹੀ ਉਹ ਜਾਲ ਬੁਣਨਾ ਸ਼ੁਰੂ ਕਰ ਦਿੰਦਾ ਹੈ ਅਤੇ ਕਈ ਕਈ ਬੰਦੇ ਰੱਲ ਕੇ ਜਾਲ ਨੂੰ ਬੁਣਨ ਵਿਚ ਲਗ ਜਾਂਦੇ ਹਨ। ਬੜਾ ਸਮਾਂ ਲਗਦਾ ਹੈ ਜਾਲ ਬੁਣਨ ਨੂੰ। ਹੁਣ ਜਦੋਂ ਜਾਲ ਬੁਣ ਕੇ ਤਿਆਰ ਹੋ ਗਿਆ ਤਾਂ ਵਾਰੀ ਆਈ ਇਸ ਨੂੰ ਸਮੁੰਦਰ ਵਿਚ ਸੁਟਣ ਦੀ। ਇਸ ਦੀ ਵੀ ਆਪਣੀ ਇਕ ਵਿਉਂਤ ਅਤੇ ਤਰਤੀਬ ਹੁੰਦੀ ਹੈ। ਮੱਛੁਆਰਾ ਜਾਲ ਉਥੇ ਕਦੀ ਵੀ ਨਹੀ ਸੁਟਦਾ ਜਿਥੇ ਮੱਛੀਆਂ ਬਹੁਤਾਤ ਵਿਚ ਹੋਣ। ਜਾਲ ਨੂੰ ਤਾਂ ਉਹ ਉਨ੍ਹਾਂ ਮੱਛੀਆਂ ਤੋਂ ਬੜੇ ਦੂਰ ਜਾ ਕੇ ਸੁਟਦਾ ਹੈ। ਫਿਰ ਹੋਲੇ ਹੋਲੇ ਉਹ ਆਪਣੇ ਵਿਛਾਏ ਹੋਏ ਜਾਲ ਨੂੰ ਸਮੇਟਦਾ ਹੈ। ਜਿਉਂ ਜਿਉਂ ਜਾਲ ਨੂੰ ਉਹ ਕੱਠਾ ਕਰਦਾ ਹੈ ਮੱਛੀਆਂ ਉਸ ਜਾਲ ਦੇ ਅੰਦਰ ਫਸਦੀਆਂ ਜਾਂਦੀਆਂ ਹਨ। ਹੁਣ ਤਕ ਜੇੜ੍ਹੀ ਮੱਛੀ ਬੇਖੋਫ ਅਤੇ ਬੇ-ਫਿਕਰ ਪਾਣੀ ਵਿਚ ਇੱਧਰ ਉੱਧਰ ਕਲੋਲਾਂ ਕਰਦੀ ਅਤੇ ਆਪਣੇ ਜੀਵਨ ਦੇ ਸਾਰੇ ਸੁੱਖਾਂ ਨੂੰ ਪਈ ਮਾਣਦੀ ਸੀ ਉਸ ਨੂੰ ਕੋਈ ਝੀਵਰ ਬਰਦਾਸ਼ਤ ਨਾ ਕਰ ਸਕਿਆ ਅਤੇ ਉਸ ਦੀ ਮੌਤ ਦੀ ਵਿਉਂਤ ਘੜ ਦਿੱਤੀ। ਭਾਵੇਂ ਉਹ ਮੱਛੀ ਜਾਲ ਵਿਚ ਵੀ ਫਸੀ ਹੋਈ ਹੈ, ਪਰ ਉਹ ਅਜੇ ਜਦ ਤੀਕਰ ਪਾਣੀ ਵਿਚ ਹੈ ਉਹ ਮਰਦੀ ਨਹੀਂ। ਇਸ ਕਰਕੇ ਉਹ ਮੱਛੁਆਰਾ ਉਸ ਮੱਛੀ ਨੂੰ ਪਾਣੀ ਤੋਂ ਵੱਖ ਕਰਦਾ ਹੈ। ਕਿਉਂਕਿ ਪਾਣੀ ਤਾਂ ਮੱਛੀ ਦਾ ਜੀਵਨ ਹੈ। ਪਾਣੀ ਤੋਂ ਵੱਖ ਹੁੰਦਿਆਂ ਹੀ ਮੱਛੀ ਤੜਫੀ ਤੇ ਤੜਫ ਤੜਫ ਕੇ ਮਰ ਗਈ। ਝੀਵਰ ਨੂੰ ਇਸ ਗਲ ਦੀ ਸਮਝ ਹੈ ਕਿ ਮੱਛੀ ਪਾਣੀ ਤੋਂ ਵਖ ਕੀਤੇ ਬਗੈਰ ਹੋਰ ਕਿਸੇ ਤਰੀਕੇ ਵੀ ਮਾਰੀ ਨਹੀਂ ਜਾ ਸਕਦੀ। ਮਛੀ ਜਦ ਤਕ ਪਾਣੀ ਵਿਚ ਹੈ ਉਸ ਨੂੰ ਮਾਰਨਾ ਨਾ ਮੁਮਕਿਨ ਹੈ। ਇਸੀ ਕਰਕੇ ਮਛੁਆਰੇ ਨੂੰ ਏਨਾ ਸਮਾਂ ਲਗਾ ਕੇ ਏਨੀ ਲੰਮੀ ਚੋੜੀ ਸਾਜਿਸ਼ ਰਚਣੀ ਪੈਂਦੀ ਹੈ। ਬਸ ਇਹੀ ਹਾਲਤ ਗੁਰਸਿੱਖ ਦੀ ਵੀ ਹੈ। ਗੁਰੂ ਦਾ ਫੁਰਮਾਨ ਹੈ :-

ਜਿਉ ਪ੍ਰਾਣੀ ਜਲ ਬਿਨੁ ਹੈ ਮਰਤਾ

ਤਿਉ ਸਿਖੁ ਗੁਰ ਬਿਨੁ ਮਰਿ ਜਾਈ॥ (ਅੰਗ-੭੫੭)

ਮਛੁਲੀ ਜਾਲੁ ਨ ਜਾਣਿਆ ਸਰੁ ਖਾਰਾ ਅਸਗਾਹੁ॥

ਅਤਿ ਸਿਆਣੀ ਸੋਹਣੀ ਕਿਉ ਕੀਤੋ ਵੇਸਾਹੁ॥ (ਅੰਗ-੫੫)

ਜਿਉ ਮਛੀ ਤਿਉ ਮਾਣਸਾ ਪਵੈ ਅਚਿੰਤਾ ਜਾਲੁ॥ (ਅੰਗ-੫੫)

ਗੁਰਸਿੱਖ ਵਾਸਤੇ ਸਾਗਰ ਹੈ ਉਸ ਦਾ ਗੁਰੂ ਗ੍ਰੰਥ ਸਾਹਿਬ ਅਤੇ ਪਾਣੀ ਹੈ ਉਸ ਦੇ ਅੰਦਰ ਰਖੇ ਹੋਏ ਗੁਰੂ ਸਿਧਾਂਤ। ਜਿਸ ਦਿਨ ਗੁਰਸਿੱਖ ਗੁਰੂ ਦੇ ਦਸੇ ਹੋਏ ਸਿਧਾਂਤ ਤੋਂ ਟੁੱਟ ਗਿਆ ਸਮਝੋ ਉਸ ਦਿਨ ਗੁਰਸਿੱਖ ਦੀ ਮੋਤ ਹੋ ਗਈ। ਬਸ ਅੱਜ ਗੁਰ ਸਿੱਖ ਨੂੰ ਗੁਰੂ ਦੇ ਸਿਧਾਂਤ ਤੋਂ ਤੋੜਿਆ ਜਾ ਰਿਹਾ ਹੈ। ਅਜੋਕਾ ਸਿੱਖ ਅਵਲ ਤੇ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਦਾ ਹੀ ਨਹੀਂ। ਜੇਹੜੇ ਕੁੱਝ ਪੜ੍ਹਦੇ ਵੀ ਹਨ ਉਹ ਸਿਰਫ ਰਸਮੀ ਜਹੇ ਪਾਠ ਗਿਣਤੀਆਂ ਮਿਣਤੀਆਂ ਦੇ ਪਾਠ, ਕਈ ਕਿਸਮ ਦੇ ਅਖੰਡ ਪਾਠ ਅਤੇ ਹੋਰ ਕਈ ਕਿਸਮ ਦੇ ਕਰਮ ਕਾਂਡ ਕਰੀ ਜਾ ਰਹੇ ਹਨ। ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹਨਾ ਅਤੇ ਪੜ੍ਹ ਕੇ ਉਸ ਨੂੰ ਸਮਝਣ ਦੀ ਤਾਂ ਕਦੀ ਲੋੜ ਹੀ ਮਹਿਸੂਸ ਨਹੀਂ ਕੀਤੀ ਜਾਂਦੀ ਬਸ ਇਸੀ ਕਰਕੇ ਅਸੀਂ ਆਪਣੇ ਗੁਰੂ ਸਿਧਾਂਤ ਤੋਂ ਟੁੱਟੇ ਹੋਏ ਹਾਂ। ਇਹ ਸਭ ਕੁੱਝ ਸੁਭਾਵਿਕ ਹੀ ਨਹੀਂ ਹੋ ਰਿਹਾ। ਇਸ ਦੇ ਪਿੱਛੇ ਇਕ ਬੜੀ ਵੱਡੀ ਤੇ ਗਹਿਰੀ ਸਾਜਿਸ਼ ਕੰਮ ਕਰ ਰਹੀ ਹੈ। ਇਸ ਨੂੰ ਇਉਂ ਨ ਸਮਝੋ ਕਿ ਇਹ ਤਾਂ ਸਭ ਬਸ ਆਪਣੇ ਆਪ ਤੇ ਸੁਭਾਵਕ ਹੀ ਹੋ ਰਿਹਾ ਹੈ। ਨਹੀਂ ਇਹ ਇੱਕ ਸੋਚੀ ਸਮਝੀ ਚਾਲ ਹੈ ਕਿਸੀ ਝੀਵਰ ਦੀ ਕਿਸੇ ਮਾਨਵਤਾ ਦੇ ਦੁਸ਼ਮਣ ਦੀ। ਜਿਹੜਾ ਪਤਾ ਨਹੀਂ ਕਿੰਨੇ ਕੁ ਚਿਰ ਤੋਂ ਆਪਣਾ ਜਾਲ ਬੁਣ ਰਿਹਾ ਹੈ ਅਤੇ ਪਤਾ ਨਹੀ ਕਿਤਨੇ ਤੇ ਕਿਹੜੇ ਕਿਹੜੇ ਬੰਦੇ ਉਸ ਦਾ ਸਾਥ ਦੇ ਰਹੇ ਹਨ, ਸਾਡੇ ਵਿਚੋਂ ਵੀ ਕਿਨੇ ਉਸ ਦੇ ਨਾਲ ਜਾਣੇ ਯਾ ਅਣਜਾਣੇ ਕਿਸੀ ਭੈ ਕਰਕੇ ਜਾਂ ਕਿਸੇ ਲਾਲਚ ਵੱਸ ਹੋ ਕੇਰਲੇ ਹੋਏ ਹੋਣਗੇ ਕੋਈ ਨਹੀਂ ਕਹਿ ਸਕਦਾ (ਇਸ ਭੈ ਅਤੇ ਲਾਲਚ ਦਾ ਵਿਸਥਾਰ ਸਾਡੀ ਕੌਮ ਦੇ ਲੀਡਰ ਹੀ ਬਿਆਨ ਕਰ ਸਕਦੇ ਹਨ)।

ਇਥੇ ਇਕ ਮਿਸਾਲ ਮੈਂ ਹੋਰ ਵੀ ਦੇਣਾ ਜਰੂਰੀ ਸਮਝਦਾ ਹਾਂ। ਪਾਣੀ ਗੰਦਾ ਤੇ ਬਦਬੂਦਾਰ ਕਦੋਂ ਹੁੰਦਾ ਹੈ ? ਜਦੋਂ ਉਹ ਕਿਧਰੇ ਰੁਕ ਜਾਵੇ। ਜਦੋਂ ਪਾਣੀ ਕਿਧਰੇ ਰੁਕ ਜਾਂਦਾ ਹੈ ਤਾਂ ਉਸ ਵਿਚੋਂ ਬਦਬੂ ਆਉਂਣੀ ਸ਼ੁਰੂ ਹੋ ਜਾਂਦੀ ਹੈ। ਉਸ ਵਿਚ ਕੀੜੇ ਵੀ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਹੁਣ ਉਹ ਪਾਣੀ ਕਿਸੀ ਵੀ ਕੰਮ ਨਹੀਂ ਆਉਂਦਾ ਨਾ ਪੀਣ ਦੇ ਨਾ ਕਪੜੇ ਧੋਣ ਦੇ ਅਤੇ ਨਾ ਹੀ ਕਿਸੇ ਹੋਰ ਕੰਮ। ਹੁਣ ਤਾਂ ਉਹ ਪਾਣੀ ਮਲੇਰੀਆਂ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਜਨਮ ਦਿੰਦਾ ਹੈ ਅਤੇ ਫੈਲਾਉਂਦਾ ਹੈ। ਹੁਣ ਇਹ ਸਮਾਜ ਵਾਸਤੇ ਵੀ ਖਤਰਾ ਬਣ ਜਾਂਦਾ ਹੈ। ਪਰ ਅਸੀਂ ਕਦੀ ਸੋਚੀਏ ਕਿ ਪਾਣੀ ਰੁਕਿਆ ਕਿਉਂ ? ਕਿਉਂਕਿ ਇਸ ਦਾ ਵਹਿਣ ਮੁਕ ਗਿਆ ਅਤੇ ਵਹਿਣ ਉਦੋਂ ਮੁਕਿਆ ਜਦੋਂ ਇਹ ਆਪਣੇ ਮੁਖ ਸਰੋਤ ਤੋਂ ਟੁੱਟ ਗਿਆ। ਅਗਰ ਇਹ ਮੁੜ ਆਪਣੇ ਮੁੱਖ ਸਰੋਤ ਨਾਲ ਜੋੜ ਦਿੱਤਾ ਜਾਵੇ ਤਾਂ ਆਪਣੇ ਆਪ ਹੀ ਆਪ ਮੁਹਾਂਦਰੇ ਹੀ ਕੁੱਝ ਸਮੇਂ ਦੇ ਅੰਦਰ ਇਹ ਮੁੜ ਸਾਫ ਤੇ ਨਿਰਮਲ ਹੋ ਨਿਬੜੇਗਾ। ਅਜ ਅਸੀਂ ਸੋਚੀਏ ਕਿ ਸਾਡੀ ਇਹ ਹਾਲਤ ਕਿਵੇਂ ਤੇ ਕਿਉਂ ਹੋਈ ਕਿਉਂਕਿ ਅਸੀਂ ਆਪਣੇ ਮੁੱਖ ਸਰੋਤ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਗਏ ਹਾਂ ਜਾਂ ਇੰਜ ਕਹਿ ਲਵੋ ਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਦਿੱਤਾ ਗਿਆ ਹੈ। ਸਾਨੂੰ ਲੋੜ ਹੈ ਮੁੜ ਆਪਣੇ ਮੁਖ ਸਰੋਤ ਆਪਣੇ ਬਖਸ਼ਿਸ਼ਾਂ ਦੇ ਝਰਨੇ ਆਪਣੇ ਗਿਆਨ ਦੇ ਸਾਗਰ ਗੁਰੂ ਗ੍ਰੰਥ ਸਾਹਿਬ ਦੇ ਵਿਚ ਦਸੇ ਹੋਏ ਸਿਧਾਂਤ ਨਾਲ ਜੁੜਨ ਦੀ ਰਸਮੀ ਪਾਠਾਂ ਤੋਂ ਛੁਟ ਗੁਰੂ ਸਿਧਾਂਤ ਨੂੰ ਕਮਾਉਣ ਦੀ, ਆਪਣੇ ਜੀਵਨ ਵਿਚ ਢਾਲਣ ਦੀ।

ਇਥੇ ਹੀ ਬਸ ਨਹੀਂ ਅਜੋਕੇ ਸਮੇਂ ਇਕ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪੰਜਾਬੀ ਪੜ੍ਹਨ ਅਤੇ ਪੜ੍ਹਾਉਣ ਨੂੰ ਵੀ ਢਾ ਲਾਈ ਜਾ ਰਹੀ ਹੈ। ਤਾਂ ਜੋ ਕੋਈ ਇਸ ਗਿਆਨ ਦੇ ਸਾਗਰ ਗੁਰੂ ਗ੍ਰੰਥ ਨੂੰ ਪੜ੍ਹ ਹੀ ਨਾ ਸਕੇ, ਜੇ ਪੜ੍ਹੇਗਾ ਹੀ ਨਹੀਂ ਤਾਂ ਵਿਚਾਰਨਾ ਕਿਥੋਂ ਹੋਇਆ। ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਬਿਲਕੁਲ ਵੀ ਨਹੀਂ ਕਰਾਈ ਜਾ ਰਹੀ। ਪੰਜਾਬੀ ਦੇ ਵਿਦਿਆਰਥੀਆਂ ਨੂੰ ਤਾਂ ਨਖਿੱਦ ਸਮਝਿਆ ਜਾਂਦਾ ਹੈ। ਆਗੂ ਅਤੇ ਸਰਕਾਰਾਂ ਵੀ ਇਸ ਪੱਧਰ ਤੇ ਕੋਈ ਸਕਾਰਾਤਮਕ ਕੰਮ ਨਹੀਂ ਕਰ ਰਹੇ। ਅਜ ਜਿਹੜੇ ਸਕੂਲ ਗੁਰਦੁਆਰਾ ਕਮੇਟੀਆਂ ਦੇ ਅਧੀਨ ਚਲਾਏ ਜਾ ਰਹੇ ਹਨ ਉਥੇ ਵੀ ਬਹੁਤਾ ਜ਼ੋਰ ਹਿੰਦੀ ਜਾਂ ਅੰਗ੍ਰੇਜੀ ਤੇ ਹੀ ਲਾਇਆ ਜਾ ਰਿਹਾ ਹੈ। ਕਹਿਣ ਨੂੰ ਤਾਂ ਇਹ ਕਾਨਵੈਂਟ ਅਤੇ ਪਬਲਿਕ ਸੂਕਲ ਹਨ। ਸਿਫਾਰਸ਼ੀ ਟੀਚਰ ਅੰਗ੍ਰੇਜੀ ਬੋਲ ਹੀ ਨਹੀਂ ਸਕਦੇ ਪੰਜਾਬੀ ਬੋਲਣੀ ਨਹੀਂ, ਬਸ ਹਿੰਦੀ ਹੀ ਇਕ ਵਿੱਕਲਪ ਬੱਚਦਾ ਹੈ। ਸਭ ਬੱਚੇ ਅਤੇ ਟੀਚਰ ਆਪਸ ਵਿਚ ਹਿੰਦੀ ਵਿਚ ਹੀ ਗੱਲਾਂ ਕਰਦੇ ਹਨ ਅਤੇ ਘਰਾਂ ਵਿਚ ਵੀ ਹਿੰਦੀ ਹੀ ਬੋਲਦੇ ਹਨ।

ਇਥੇ ਇਕ ਗੱਲ ਹੋਰ ਬੜੇ ਅਫਸੋਸ ਨਾਲ ਕਹਿਣੀ ਪੈ ਰਹੀ ਹੈ ਕਿ ਸਿੱਖਾਂ ਨੇ ਆਪ ਗੁਰੂ ਗ੍ਰੰਥ ਸਾਹਿਬ ਦਾ ਜਿਤਨਾ ਨਿਰਾਦਰ ਕੀਤਾ ਹੈ ਹੋਰ ਕਿਸੇ ਨੇ ਵੀ ਆਪਣੇ ਗੁਰੂ ਦਾ ਇਤਨਾ ਅਪਮਾਨ ਨਹੀਂ ਕੀਤਾ ਹੋਣਾ। ਅਸੀਂ ਬਾਹਰਲੇ ਵਿਖਾਵੇ ਵਜੋਂ ਤਾਂ ਸੋਹਣੇ ਸੋਹਣੇ ਕੀਮਤੀ ਰੁਮਾਲੇ ਚੰਦੋਏ ਅਤੇ ਹੋਰ ਬਹੁਤ ਸਾਰੀਆਂ ਕੀਮਤੀ ਵਸਤੂਆਂ ਭੇਟ ਕਰਦੇ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਕਮਰੇ ਵਿਚ ਏਅਰ ਕੰਡੀਸ਼ਨਰ ਅਤੇ ਹੀਟਰ ਵੀ ਮੋਸਮ ਦੇ ਮੁਤਾਬਕ ਲਗਾਂਦੇ ਹਾਂ ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਨੂੰ ਆਪਣੇ ਜੀਵਨ ਵਿਚ ਅਤੇ ਆਪਣੇ ਹਿਰਦੇ ਵਿਚ ਥਾਂ ਨਹੀਂ ਦਿੰਦੇ। ਜਦਕਿ ਗੁਰੂ ਗ੍ਰੰਥ ਸਾਹਿਬ ਵਿਚ ਤਾਂ ਸਪਸ਼ਟ ਹੁਕਮ ਹੈ :-

ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥

ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ॥

(ਅੰਗ-੧੧੧੮)

(ਭਾਵ :- ਹੇ ਭਾਈ ! ਜਿਨ੍ਹਾਂ ਮਨੁੱਖਾਂ ਨੇ ਗੁਰੂ ਮਹਾਪੁਰਖ ਦੀ ਸ਼ਰਨ ਨਹੀਂ ਫੜੀ ਜਿਨ੍ਹਾਂ ਨੇ ਸ਼ਬਦ ਵਿਚਾਰਇਆ ਨਹੀਂ ਅਤੇ ਸ਼ਬਦ ਵਿਚ ਆਪਣਾ ਮਨ ਨਹੀਂ ਜੋੜਿਆ ਉਹ ਬੰਦੇ ਮਨੁੱਖਾ ਜੂਨ ਵਿਚ ਆਏ ਨਹੀਂ ਕਹੇ ਜਾ ਸਕਦੇ, ਉਹ ਤਾਂ ਮਰੇ ਹੋਏ ਪਸ਼ੂ ਹਨ, ਉਹ ਮਹਾ ਮੂਰਖ ਹਨ)।

ਪਰ ਇਹੋ ਜਿਹੇ ਗੁਰ ਉਪਦੇਸ਼ਾਂ ਨੂੰ ਛੱਡ ਕੇ ਅਸੀਂ ਆਪਣੀ ਮਨਮਤਿ ਅਨੁਸਾਰ ਬਾਹਰਲੇ ਵਿਖਾਵੇ ਅਤੇ ਕਰਮ ਕਾਂਡ ਹੀ ਕਰੀ ਜਾ ਰਹੇ ਹਾਂ। ਗੁਰੂ ਜੀ ਦਾ ਇਹ ਫੁਰਮਾਨ ਤਾਂ ਅਸੀਂ ਮੁਡੋ ਹੀ ਭੁਲੀ ਬੈਠੇ ਹਾਂ।

ਜਾਨਨਹਾਰ ਪ੍ਰਭੂ ਪਰਬੀਨ॥

ਬਾਹਿਰ ਭੇਖ ਨ ਕਾਹੂ ਭੀਨ॥ (ਅੰਗ-੨੬੯)

ਉਹ ਪ੍ਰਭੂ ਤਾਂ ਸਭ ਕੁਝ ਜਾਣਦਾ ਹੈ ਅਤੇ ਸਾਡੇ ਬਾਹਰਲੇ ਭੇਖ ਨੂੰ ਵੇਖ ਕੇ ਪਰਮਾਤਮਾ ਕਦੀ ਵੀ ਪ੍ਰਸਨ ਨਹੀਂ ਹੁੰਦਾ।

ਵੱਡੇ ਵੱਡੇ ਗੁਰਦੁਆਰੇ ਬਣਾ ਲੈਣੇ, ਉਨ੍ਹਾਂ ਵਿਚ ਕੀਮਤੀ ਸਜਾਵਟਾਂ ਕਰ ਲੈਣੀਆਂ, ਵੱਡੇ ਵੱਡੇ ਜਲੂਸ ਕੱਢ ਲੈਣੇ ਫੇਰ ਉਨ੍ਹਾਂ ਜਲੂਸਾਂ ਵਿਚ ਕਈ ਕਿਸਮ ਦੇ ਖੀਰ, ਪੂੜੀਆਂ, ਜਲੇਬੀਆਂ ਪਕੋੜੇ ਅਤੇ ਆਈਸ ਕਰੀਮਾਂ ਦੇ ਪ੍ਰਸ਼ਾਦ ਵੰਡਣੇ ਆਦਿਕ ਕੰਮ ਵੀ ਧਰਮ ਨਹੀਂ ਅਤੇ ਵੱਡੇ ਵੱਡੇ, ਮਹਿੰਗੇ ਰਾਗੀ ਜੱਥੇ ਬੁਲਾਕੇ ਕੀਰਤਨ ਦਰਬਾਰ ਕਰਵਾ ਲੈਣੇ ਵੀ ਸਿੱਖੀ ਨਹੀਂ। ਅਜ ਅਸਾਨੂੰ ਇਹ ਭਰਮ ਹੈ ਕਿ ਮਹਿੰਗੇ ਰਾਗੀ ਜਥੇ ਬੁਲਾ ਕੇ ਕੀਰਤਨ ਕਰਵਾ ਲੈਣਾ ਅਤੇ ਪ੍ਰਚਾਰਕਾਂ ਉਤੇ ਢੇਰ ਸਾਰਾ ਸੰਗਤ ਦਾ ਪੈਸਾ ਲੁਟਾ ਦੇਣਾ ਹੀ ਗੁਰੂ ਦਾ ਸਤਿਕਾਰ ਕਰਨਾ ਹੈ। ਪਰ ਨਹੀਂ ਇਹ ਗੁਰੂ ਦਾ ਸਤਕਾਰ ਨਹੀਂ ਬਲਕਿ ਇਹ ਤਾਂ ਗੁਰੂ ਦੀ ਆਗਿਆ ਦੀ ਸਾਫ ਤੌਰ ਤੇ ਅਵਗਿਆ ਹੈ। ਗੁਰੂ ਦੀ ਬੇਅਦਬੀ ਹੈ। ਗੁਰੂ ਨਾਨਕ ਦੇਵ ਜੀ ਦਾ ਤਾਂ ਬੜਾ ਸਪਸ਼ਟ ਹੁਕਮ ਹੈ।

ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥

ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ॥ (ਅੰਗ-੧੨੪੫)

(ਭਾਵ :- ਜੋ ਮਨੁੱਖ ਪ੍ਰਾਮਤਮਾ ਦਾ ਨਾਮ ਵੇਚਦੇ ਹਨ ਉਨ੍ਹਾਂ ਦੇ ਜੀਉਣ ਨੂੰ ਲਾਹਨਤ ਹੈ। ਜੇ ਉਹ ਬੰਦਗੀ ਭੀ ਕਰਦੇ ਹਨ ਤਾਂ ਵੀ ਉਹਨਾਂ ਦੀ ਨਾਮ ਵਾਲੀ ਫਸਲ ਇਸ ਤਰ੍ਹਾਂ ਨਾਲੋ ਨਾਲ ਹੀ ਉਜੜਦੀ ਜਾਂਦੀ ਹੈ ਤੇ ਜਿਨ੍ਹਾਂ ਦੀ ਫਸਲ ਨਾਲੋ ਨਾਲ ਉਜੜਦੀ ਜਾਏ ਉਨ੍ਹਾਂ ਦਾ ਖਲਵਾੜਾ ਕਿੱਥੇ ਬਣਨਾ ਹੋਇਆ ? ਭਾਵ ਉਸ ਬੰਦਗੀ ਦਾ ਚੰਗਾ ਸਿਟਾ ਨਹੀਂ ਨਿਕਲ ਸਕਦਾ, ਕਿਉਂਕਿ ਉਹ ਬੰਦਗੀ ਦੇ ਸਹੀ ਰਾਹ ਤੋਂ ਖੁੰਝੇ ਰਹਿੰਦੇ ਹਨ)।

ਇੱਕੀ ਹਜਾਰ, ਇੱਕਤੀ ਹਜਾਰ ਰੁਪਏ ਲੈ ਕੇ ਇਕ ਘੰਟਾ ਕੀਰਤਨ ਜਾਂ ਕੱਥਾ ਕਰਨ ਵਾਲੇ ਨੂੰ ਐਸੇ ਬਾਣੀ ਦੇ ਸੋਦਾਗਰ ਨੂੰ ਫਿਟਕਾਰ ਹੈ। ਪਰ ਅੱਜ ਸਾਡੀ ਅੰਤਰ ਆਤਮਾ ਹੀ ਮਰ ਚੁਕੀ ਹੈ ਅਸੀਂ ਉਹ ਸਾਰੇ ਕੰਮ ਬੜੇ ਸ਼ੋਕ ਅਤੇ ਚਾਅ ਨਾਲ ਆਪਣਾ ਧਰਮ ਸਮਝ ਕੇ ਕਰਦੇ ਹਾਂ ਜਿਨ੍ਹਾਂ ਤੋਂ ਸਾਨੂੰ ਗੁਰੂ ਜੀ ਨੇ ਵਰਜਿਆ ਹੈ। ਇਹ ਸਾਡੀ ਅਗਿਆਨਤਾ ਦੀ ਇਨਤਿਹਾ ਹੈ। ਸਾਡੇ ਲੀਡਰਾਂ ਅਤੇ ਜਥੇਦਾਰਾਂ ਨੂੰ ਆਪਣੇ ਨਿਜੀ ਸੁਆਰਥਾਂ, ਸਿਆਸੀ ਚਲਾਕੀਆਂ, ਵਡਿਆਈਆਂ ਦੀ ਭੁੱਖ ਤੇ ਪੈਸੇ ਦੇ ਲਾਲਚ ਪਿਛੇ ਪੰਥ ਨੂੰ ਵੇਚਣਾ ਵੀ ਪ੍ਰਵਾਨ ਹੈ। ਅਜ ਅਸੀ ਗੁਰਦੁਆਰੇ ਵਿਚ ਚਾਰ ਪੰਜ ਜਗ੍ਹਾ ਮੱਥਾ ਟੇਕ ਕੇ ਗੁਰਦੁਆਰੇ ਦਾ ਚਕਰ ਲਗਾ ਕੇ ਵਾਜੇ ਉਤੇ ਪੈਸੇ ਰੱਖ ਕੇ, ਕੜਾਹ ਪ੍ਰਸ਼ਾਦ ਕਰਵਾ ਕੇ ਅਤੇ ਫੁੱਲ ਭੇਟਾ ਕਰਕੇ ਆਪਣੇ ਧਰਮੀ ਹੋਣ ਦਾ ਪ੍ਰਗਟਾਵਾ ਵੀ ਕਰ ਲੈਂਦੇ ਹਾਂ। ਇਸ ਤਰ੍ਹਾਂ ਅਸੀਂ ਅਪਣੀ ਗਿਰਾਵਟ ਦੇ ਖੁਦ ਜਿੰਮੇਵਾਰ ਬਣੇ ਹੋਏ ਹਾਂ ਸਾਡੇ ਪੰਥ ਦੇ ਆਗੂਆਂ, ਜਥੇਦਾਰਾਂ ਅਤੇ ਸਾਡੇ ਲੀਡਰਾਂ ਨੂੰ ਨਾ ਤਾਂ ਏਨਾ ਸਮਾਂ ਹੈ ਨਾ ਸ਼ੋਕ ਹੈ ਅਤੇ ਨਾ ਹੀ ਏਨੀ ਸੋਚ ਹੈ ਕਿ ਜਿਸ ਸਿੱਖੀ ਨੂੰ ਗੁਰੂ ਅਰਜਨ ਦੇਵ ਜੀ ਤੇ ਗੁਰੂ ਤੇਗ ਬਹਾਦਰ ਜੀ ਨੇ ਆਪਣਾ ਖੂਨ ਦੇ ਕੇ ਸੀਂਚਿਆਂ ਸੀ, ਸਾਹਿਬਜਾਦਿਆਂ ਨੇ ਆਪਣੀ ਜਾਨ ਕੁਰਬਾਨ ਕਰਨਾ ਅਤੇ ਨੀਹਾਂ ਵਿਚ ਚਿਣੇ ਜਾਣਾ ਪਰਵਾਨ ਕੀਤਾ ਉਸੇ ਸਿੱਖੀ ਦੀ ਸੁੱਚਤਾ ਦਾ ਸਾਡੇ ਜੀਵਨ ਵਿਚ ਵੀ ਪ੍ਰਗਟਾਵਾ ਹੋਵੇ। ਪਰ ਉਹ ਤਾਂ ਆਪਣੇ ਨਿਜੀ ਸੁਆਰਥਾਂ ਵਿਚ ਇਥੋਂ ਤਕ ਗਿਰ ਚੁੱਕੇ ਹਨ ਕਿ ਸ਼ਰਾਬਾਂ ਪਿਲਾ ਕੇ, ਪੈਸੇ ਦੇ ਕੇ ਅਤੇ ਗੁੰਡਾ ਗਰਦੀ ਨਾਲ ਗੁਰਦੁਆਰੇ ਦੇ ਮੈਂਬਰ ਬਣਨ ਵਿਚ ਵੀ ਕੋਈ ਸ਼ਰਮ ਮਹਿਸੂਸ ਨਹੀਂ ਕਰਦੇ। ਉਹ ਆਪਣੇ ਨਿਜੀ ਸੁਆਰਥਾਂ ਵਿਚ ਐਨੇ ਜਕੜੇ ਹੋਏ ਹਨ ਕਿ ਚੰਗੇ ਅਤੇ ਮੰਦੇ ਦਾ ਫਰਕ ਹੀ ਭੁਲ ਗਏ ਹਨ।

ਬੁਧੀ ਜੀਵੀ ਅਤੇ ਹੋਰ ਪ੍ਰਤਿਸ਼ਠਿਤ ਸਿੱਖ ਸੇਮੀਨਾਰ ਕਰਵਾਕੇ ਅਖਬਾਰਾਂ ਵਿਚ ਲੇਖ ਲਿੱਖ ਕੇ ਹੀ ਤੱਸਲੀ ਕਰ ਲੈਂਦੇ ਹਨ। ਉਹ ਇਸੀ ਨੂੰ ਹੀ ਆਪਣੀ ਉਪਲੱਬਦੀ ਮਨ ਲੈਂਦੇ ਹਨ। ਅਸੀਂ ਆਮ ਸਿੱਖ ਬਧੇ ਹੋਏ ਹਾਂ ਆਪਣੇ ਕਰਮ ਕਾਂਡਾ ਵਿਚ। ਅਜ ਅਸੀਂ ਬ੍ਰਾਹਮਣੀ ਕਰਮ ਕਾਂਡ ਕਰਕੇ ਹੀ ਆਪਣੇ ਆਪ ਨੂੰ ਧਰਮੀ ਸਮਝਣ ਲੱਗ ਪੈਂਦੇ ਹਾਂ। ਇਹ ਤਾਂ ਅਸੀਂ ਉਕਾ ਹੀ ਭੁਲੀ ਬੈਠੇ ਹਾਂ ਕਿ ਗੁਰੂ ਜੀ ਨੇ ਸਿੱਖੀ ਕਮਾਉਂਣ ਦੇ ਕਿਹੜੇ ਅਸੂਲ ਦੱਸੇ ਹਨ। ਗੁਰੂ ਜੀ ਨੇ ਫੁਰਮਾਇਆ ਹੈ :-

ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ॥

ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ

ਜੰਮਹਿ ਵਾਰੋ ਵਾਰਾ॥ (ਅੰਗ-੬0੧)

ਸੋ ਪੜਿਆ ਸੋ ਪੰਡਿਤੁ ਬੀਨਾ ਗੁਰ ਸਬਦਿ ਕਰੇ ਵੀਚਾਰੁ॥

ਅੰਦਰੁ ਖੋਜੈ ਤਤੁ ਲਹੈ ਪਾਏ ਮੋਖ ਦੁਆਰੁ॥ (ਅੰਗ-੬੫0)

ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ॥

ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ॥ (ਅੰਗ-੬੮੭)

ਸਚਾ ਭੋਜਨੁ ਭਾਉ ਸਚੁ ਸਚੁ ਨਾਮੁ ਅਧਾਰਾ॥

ਸਚੀ ਬਾਣੀ ਸੰਤੋਖਿਆ ਸਚਾ ਸਬਦੁ ਵੀਚਾਰਾ॥ (ਅੰਗ-੧00੯)

ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ॥

(ਅੰਗ-੧0੩0)

ਅਜ ਸਾਨੂੰ ਇਹ ਸ਼ੌਕ ਹੀ ਨਹੀਂ ਕਿ ਅਸੀਂ ਬਾਣੀ ਨੂੰ ਵੀਚਾਰ ਕੇ ਪੜ੍ਹੀਏ ਮੋਹ ਮਾਇਆ ਵਿਚ ਫਸੇ ਲੀਡਰ ਪੈਸੇ ਦੇ ਭੁੱਖੇ ਪ੍ਰਚਾਰਕ ਸੱਚ ਦਾ ਪ੍ਰਚਾਰ ਕਰ ਹੀ ਨਹੀਂ ਸਕਦੇ। ਇਹੋ ਕਾਰਣ ਹੈ ਕਿ ਗੁਰਦੁਆਰਿਆਂ ਵਿਚ ਜੋ ਸੰਗਤ ਜੁੜਦੀ ਵੀ ਹੈ ਉਹ ਸਿਰਫ ਤੇ ਸਿਰਫ ਮਾਇਕ ਮੰਗਾਂ ਵਾਸਤੇ। ਗੁਰਦੁਆਰੇ ਵਿਚ ਮਾਇਆ ਦੇ ਕੇ ਮਹਿੰਗੇ ਮਹਿੰਗੇ ਰੁਮਾਲੇ ਭੇਟਾ ਕਰ ਕੇ ਅਸੀਂ ਸੋਚਦੇ ਹਾਂ ਕਿ ਅਸੀਂ ਗੁਰੂ ਨੂੰ ਮਾਇਆ ਨਾਲ ਰਿੱਝਾ ਲਵਾਂਗੇ। ਪਰ ਨਹੀਂ ਅਸੀਂ ਭੁਲ ਹੀ ਗਏ ਕਬੀਰ ਸਾਹਿਬ ਦਾ ਇਹ ਸ਼ਬਦ :-

ਕੰਚਨ ਸਿਉ ਪਾਈਐ ਨਹੀ ਤੋਲਿ॥

ਮਨੁ ਦੇ ਰਾਮੁ ਲੀਆ ਹੈ ਮੋਲਿ॥ (ਅੰਗ-੩੨੭)

ਸਾਡੇ ਅੰਦਰ ਗੁਰਮਤਿ ਦੇ ਆਧਾਰ ਤੇ ਜੀਣ ਦਾ ਸ਼ੋਕ ਹੀ ਨਹੀਂ ਰਿਹਾ। ਅਸੀਂ ਜਾਤ ਪਾਤ, ਅਮੀਰ ਗਰੀਬ ਦੇ ਚੱਕਰ ਵਿਚ ਫਸੇ ਹੋਈ ਹਾਂ। ਜੱਟ ਦਾ ਵੱਖਰਾ ਗੁਰਦੁਆਰਾ, ਰਾਮਗੜ੍ਹੀਆਂ ਦਾ ਵਖਰਾ ਤੇ ਭਾਪਿਆਂ ਦਾ ਵਖਰਾ ਗੁਰਦੁਆਰਾ ਬਣ ਗਿਆ ਹੈ ਜਿੱਥੇ ਗਿਆਨ ਨੂੰ ਛੱਡ ਰਸਮੀ ਕਰਮ ਕਾਂਡ ਹੀ ਕੀਤੇ ਜਾ ਰਹੇ ਹਨ।

ਜਦ ਅਸੀਂ ਪੰਜਾਬੀ ਪੜ੍ਹਨ ਅਤੇ ਬੋਲਣ ਤੋਂ ਹੀ ਟੁੱਟ ਗਏ ਤਾਂ ਫੇਰ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਥੋਂ ਕਰਨਾ ਹੈ ? ਸਮਝਣਾ ਤਾਂ ਗੱਲ ਹੀ ਬੜੇ ਦੂਰ ਦੀ ਹੈ। ਪੰਜਾਬੀ ਬੋਲੀ ਦੇ ਵਿਕਾਸ ਲਈ ਬਣੀਆਂ ਜਥੇਬੰਦੀਆਂ ਅਤੇ ਸੰਸਥਾਵਾਂ ਵੀ ਇਸ ਲਈ ਜਿੰਮੇਵਾਰ ਹਨ। ਪੰਜਾਬੀ ਭਾਸ਼ਾ ਨਾਲ ਸਿਰਫ ਰਾਜਨੀਤੀ ਖੇਡੀ ਜਾ ਰਹੀ ਹੈ। ਸਾਡੇ ਆਗੂ ਪੰਜਾਬੀ ਬੋਲੀ ਬਾਰੇ ਸਿਰਫ ਬਿਆਨ ਦੇਣ ਤਕ ਹੀ ਸੀਮਿਤ ਰਹਿੰਦੇ ਹਨ ਕੋਈ ਸਕਾਰਾਤਮਕ ਕੰਮ ਨਹੀਂ ਕੀਤਾ ਜਾ ਰਿਹਾ। ਸਿਆਸੀ ਪਾਰਟੀਆਂ ਵਲੋਂ ਵੀ ਪੰਜਾਬੀ ਨੂੰ ਲੈ ਕੇ ਹਮੇਸ਼ਾਂ ਸਿਆਸੀ ਖੇਡ ਹੀ ਖੇਡੀ ਜਾਂਦੀ ਹੈ। ਵੈਸੇ ਗਹੁ ਨਾਲ ਵੇਖਿਆ ਜਾਵੇ ਤਾਂ ਅਸੀਂ ਪੰਜਾਬੀ ਬੋਲਣ ਜਾਂ ਪੜ੍ਹਨ ਤੋਂ ਗੁਰੇਜ਼ ਕਿਉਂ ਕਰਦੇ ਹਾਂ? ਜਦਕਿ ਪੰਜਾਬੀ ਜੁਬਾਨ ਸੱਭ ਭਾਸ਼ਾਵਾਂ ਨਾਲੋਂ ਸੋਖੀ ਮਿਠੀ ਵਿਗਿਆਨਿਕ ਅਤੇ ਅਧੁਨਿਕ ਭਾਸ਼ਾ ਹੈ। ਇਸ ਭਾਸ਼ਾ ਦੀ ਵਰਣਮਾਲਾ ਨੂੰ ਆਕਰਸ਼ਕ ਅਤੇ ਵਿਕਸਿਤ ਰੂਪ ਦੇਣ ਵਿਚ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਬਹੁਤ ਵੱਡਾ ਯੋਗਦਾਨ ਪਾਇਆ ਹੈ। ਪੰਜਾਬੀ ਦੀ ਵਰਣਮਾਲਾ, ਹਿੰਦੀ ਵਰਣਮਾਲਾ ਨਾਲੋਂ ਵਧੇਰੇ ਸੋਖੀ, ਸੁੰਦਰ, ਸੰਖੇਪ, ਵਿਕਸਿਤ ਅਤੇ ਵਿਗਿਆਨਕ ਹੈ। ਇਸ ਵਰਣਮਾਲਾ ਵਿਚ ਅੱਖਰ ਸ਼੍ਰੇਣੀ ਵਾਰ ਤੇ ਉਪ ਸ਼੍ਰੇਣੀਵਾਰ ਇੱਕਠੇ ਰਖੇ ਗਏ ਹਨ। ਪਹਿਲੀ ਪੰਕਤੀ ਵਿਚ ਤਿੰਨ ਸਵਰ ਅੱਖਰ ਰਖੇ ਗਏ ਹਨ (ੳ, ਅ, ੲ), ਇਨ੍ਹਾਂ ਨੂੰ Sibilent ਸ੍ਰੇਣੀ ਦੇ ਆਖਿਆ ਗਿਆ ਹੈ ਅਗਲੇ ਅੱਖਰ (ਸ, ਹ) ਨੂੰ Aspirate ਸ੍ਰੇਣੀ ਦਾ। Sibilent ਸ਼੍ਰੇਣੀ ਦੇ ਅੱਖਰਾਂ ਦੀ ਆਵਾਜ਼ ਅੱਧੇ ਬੰਦ ਹੋਠਾਂ ਦੇ ਵਿਚੋ ਨਿਕਲਦੀ ਹੈ ਅਤੇ ਥੋੜੀ ਤਿੱਖੀ ਜਿਹੀ ਹੁੰਦੀ ਹੈ। ਜਦ ਕਿ Aspirate ਸ੍ਰੇਣੀ ਦੇ ਅੱਖਰਾਂ ਦੀ ਆਵਾਜ ਸਾਹ ਨੂੰ ਬਾਹਰ ਕੱਢਦੇ ਹੋਇਆ ਨਿਕਲਦੀ ਹੈ। ਪਹਿਲੀ ਪੰਕਤੀ ਦੇ ਪੰਜ ਅੱਖਰ (ੳ ਤੋਂ ਹ) ਤਕ ਨੂੰ ਸਵਰ ਅੱਖਰ ਜਾਂ Vovels ਕਿਹਾ ਜਾ ਸਕਦਾ ਹੈ। ਅਗਲੀਆਂ ਪੰਜ ਪੰਕਤੀਆਂ ਵਿਚ (ਕ ਤੋਂ ਮ ਤਕ) ਅਧੂਰੀ ਆਵਾਜ਼ ਵਾਲੇ ਅੱਖਰ ਹਨ ਜਿਨ੍ਹਾਂ ਨੂੰ ਵਿਅੰਜਨ Consonants ਕਿਹਾ ਜਾ ਸਕਦਾ ਹੈ। ਪਰ ਇਨ੍ਹਾਂ ਵਿਚੋਂ ਹਰ ਇਕ ਕਤਾਰ ਵਿਚ ਪੰਜ ਪੰਜ ਅੱਖਰ ਹਨ ਜੋ ਪੰਜ ਅਲਗ-ਅਲਗ ਸ੍ਰੇਣੀਆਂ ਦੇ ਹਨ। ਇਸ ਦੀ ਖੂਬਸੂਰਤੀ ਇਹ ਹੈ ਕਿ ਇਹ ਪੰਜੇ ਸ੍ਰੇਣੀਆਂ ਦੇ ਅੱਖਰ ਸਾਡੇ ਮੂੰਹ ਦੇ ਅੰਦਰਲੇ ਅੰਗਾਂ ਦੀ ਗੱਲੇ ਤੋਂ ਸ਼ੁਰੂ ਹੋ ਕੇ ਬੁੱਲਾਂ ਤੀਕ ਦੀ ਕ੍ਰਿਆ ਨਾਲ ਨਿਕਲਦੇ ਹਨ ਅਤੇ ਬੜੀ ਤਰਤੀਬ ਵਾਰ ਰਖੇ ਗਏ ਹਨ। ਇਨਾਂ ਅੰਗਾਂ ਵਿਚੋਂ ਸਭ ਤੋਂ ਪਹਿਲਾਂ ਗਲੇ ਵਿਚੋਂ ਨਿਕਲਣ ਵਾਲੇ ਅਖਰ ਹਨ। (ਕ, ਖ, ਗ, ਘ, ਙ)। ਇਸ ਤੋਂ ਬਾਅਦ ਦੇ ਪੰਜ ਅਖਰਾਂ ਦੀ ਆਵਾਜ਼ ਜੀਭ ਦੇ ਅਗਲੇ ਸਿਰੇ ਨੂੰ ਉਪਰਲੇ ਦੰਦਾ ਦੇ ਅੰਦਰਲੇ ਪਾਸੇ ਛੁਆ ਕੇ ਨਿਕਲਦੀ ਹੈ ਇਹ ਹਨ (ਚ, ਛ, ਜ, ਝ, ਵ) ਚੋਥੀ ਪੰਕਤੀ ਦੇ ਪੰਜ ਅੱਖਰਾਂ ਦੀ ਆਵਾਜ਼ ਜੀਭ ਦੇ ਅਗਲੇ ਸਿਰੇ ਨੂੰ ਤਾਲੂ ਉਪਰ ਛੁਆਉਣ ਨਾਲ ਨਿਕਲਦੀ ਹੈ। ਇਹ ਹਨ (ਟ, ਠ, ਡ, ਢ, ਣ) ਇਸ ਤੋਂ ਬਾਦ ਵਾਰੀ ਆਉਂਦੀ ਹੈ ਜੀਭ ਨੂੰ ਉਪਰਲੇ ਅਤੇ ਥਲਵੇਂ ਦੰਦਾਂ ਦੇ ਵਿਚਕਾਰ ਰਖਕੇ ਆਵਾਜ ਨਿਕਲਣ ਵਾਲਿਆਂ ਅੱਖਰਾਂ ਦੀ ਇਹ ਹਨ (ਤ, ਥ, ਦ, ਧ, ਨ) ਇਸ ਤੋਂ ਬਾਦ ਦੇ ਪੰਜ ਅੱਖਰ ਬੋਲਣ ਵਾਸਤੇ ਦੋਹਾਂ ਬੁਲਾਂ ਨੂੰ ਆਪਸ ਵਿਚ ਮਿਲਾ ਕੇ ਥੋੜਾ ਜਿਹਾ ਜੋਰ ਲਾਉਣਾ ਪੈਂਦਾ ਹੈ। ਇਹ ਅੱਖਰ ਹਨ (ਪ, ਫ, ਬ, ਭ, ਮ) ਇਸ ਤੋਂ ਬਾਦ ਦੇ ਪੰਜ ਅੱਖਰ (Semi Vovels) ਅਰਧ ਸਵਰ ਹਨ ਜੋ ਜੀਭ ਨੂੰ ਮੂੰਹ ਦੇ ਅੰਦਰ ਵੱਖ ਵੱਖ ਥਾਵਾਂ ਤੇ ਟਕਰਾਉਣ ਨਾਲ ਬੋਲੇ ਜਾਂਦੇ ਹਨ ਇਹ ਹਨ (ਯ, ਰ, ਲ, ਵ, ੜ) ਇਹ ਸਾਰੇ ਅੱਖਰ ਹਰ ਪੰਕਤੀ ਵਿਚ ਇਕਸਾਰਤਾ ਅਨੁਸਾਰ ਕਰਮਬੱਧ ਕੀਤੇ ਗਏ ਹਨ। ਹਰ ਸ੍ਰੇਣੀ ਦੇ ਆਖਰੀ ਅੱਖਰ ਦੀ ਆਵਾਜ ਥੋੜੀ ਨਕ ਚੋਂ ਨਿਕਲਦੀ ਹੈ ਇਸ ਨੂੰ Nasal Sound ਕਿਹਾ ਗਿਆ ਹੈ। ਇਹ ਇਸ ਬੋਲੀ ਦੀ ਆਪਣੀ ਇਕ ਖੂਬੀ ਹੈ। ਇਹ ਤਾਂ ਸਮਾਜ ਦੇ ਠੇਕੇਦਾਰਾਂ ਅਤੇ ਲੀਡਰਾਂ ਦੇ ਮੰਦੇ ਭਾਗ ਹਨ ਜਿਨ੍ਹਾਂ ਨੇ ਇਤਨੀ ਖੂਬਸੂਰਤ ਵਿਲਖੱਣ ਅਤੇ ਵਿਗਿਆਨਕ ਭਾਸ਼ਾ ਦਾ ਰੁਤਬਾ ਹੁਣ ਤਕ ਕੁਝ ਸਿਆਸੀ ਕਾਰਣਾ ਕਰਕੇ ਨਹੀਂ ਕਬੂਲਿਆ ਅਤੇ ਕਿਸੀ ਵੀ ਧਰਮ ਦਾ ਵਿਕਾਸ ਅਤੇ ਵਿਗਾਸ ਉਸ ਧਰਮ ਦੀ ਭਾਸਾ ਦੇ ਵਿਕਾਸ ਤੇ ਹੀ ਨਿਰਭਰ ਕਰਦਾ ਹੈ। ਜੇ ਅਸੀਂ ਭਾਸ਼ਾ ਨੂੰ ਹੀ ਨਾ ਪੜ੍ਹਿਆ ਜਾਂ ਸਮਝਿਆਂ ਤਾਂ ਧਰਮ ਨੂੰ ਕਿੱਥੋਂ ਸਿੱਖਣਾ ਤੇ ਸਮਝਣਾ ਹੈ ?

ਇਹ ਧਰਮ ਗੁਰੂ ਨਾਨਕ ਦੇਵ ਜੀ ਨੇ ਇੱਕ-ਈਸ਼ਵਰਵਾਦ ਦੇ ਨੁਕਤੇ ਨੂੰ ਮੁੱਖ ਰਖਕੇ ਸਾਰੇ ਸੰਸਾਰ ਦੇ ਧਾਰਮਿਕ ਵਖੇਵਿਆਂ ਨੂੰ ਦੂਰ ਕਰਨ ਲਈ ਸਰਬ ਸਾਂਝੀ ਵਾਲਤਾ ਨੂੰ ਧਿਆਨ ਵਿਚ ਰੱਖਦੇ ਹੋਏ ਕਾਇਮ ਕੀਤਾ ਸੀ। ਪਰ ਉਨ੍ਹਾਂ ਤੋਂ ਇਕ ਸਦੀ ਬਾਅਦ ਹੀ ਬੁੱਧ ਧਰਮ ਵਾਂਗ ਵੱਖੋ-ਵੱਖ ਫਿਰਕੂ ਜਥੇਬੰਦੀਆਂ ਵਿਚ ਵੰਡਿਆਂ ਜਾਣਾ ਸ਼ੁਰੂ ਹੋ ਗਿਆ, ਇਸ ਲਈ ਸਿੱਖ ਧਰਮ ਦੇ ਅਸਲੀ ਅਸੂਲ ਜੋ ਅਧਿਆਤਮਵਾਦ ਜਾਂ ਰੁਹਾਨੀਅਤ ਨਾਲ ਗਹਿਰਾ ਸੰਬਧ ਰਖਦੇ ਹਨ ਹੋਲੀ ਹੋਲੀ ਭੁਲਾਏ ਜਾਣ ਲੱਗ ਪਏ ਤੇ ਨਾਮ ਬਾਣੀ ਦਾ ਪਿਆਰ ਘਟਣ ਤੇ ਉਹ ਥਾਂ ਫਿਰਕੂ ਗੁਟ ਬੰਦੀਆਂ ਨੇ ਲੈ ਲਈ। ਇਸੇ ਕਾਰਨ ਸਿੱਖ ਰਹੁਰੀਤਾਂ ਅਤੇ ਪਹਿਰਾਵੇ ਵੀ ਬਦਲਣ ਲੱਗ ਪਏ। ਅੱਜ ਚਿਟੀ ਪੱਗ, ਨੀਲੀ ਪੱਗ, ਕਾਲੀ ਪੱਗ, ਗੇਰੂ ਪੱਗ, ਲਾਲ ਪੱਗ, ਸਿੱਧੀ ਪੱਗ, ਟੇਡੀ ਪੱਗ ਆਦਿ ਸਿੱਖਾਂ ਦੀਆਂ ਅਨੇਕ ਪੱਗਾ ਅਨੇਕ ਰੂਪ ਵਿਚ ਦੇਖਣ ਵਿਚ ਆਉਦੀਆਂ ਹਨ। ਅੱਜ ਕੋਈ ਕਿਸੇ ਸੰਤ ਜੀ ਦਾ ਸਿੱਖ ਹੈ, ਕੋਈ ਕਿਸੀ ਵੀਰ ਜੀ ਦਾ ਅਤੇ ਕੋਈ ਕਿਸੀ ਮਹਾਰਾਜ ਜੀ ਦਾ ਸਿੱਖ ਹੈ। ਕੋਈ ਵੀ ਆਪਣੇ ਆਪ ਨੂੰ ਗੁਰੂ ਗ੍ਰੰਥ ਦਾ ਸਿੱਖ ਨਹੀਂ ਕਹਿੰਦਾ। ਸਾਡੀ ਬਾਣੀ ਇਕ ਨਹੀਂ ਰਹਿ ਗਈ ਸਾਡਾ ਬਾਣਾ ਇਕ ਨਹੀਂ ਰਹਿ ਗਿਆ।

ਸਿੱਖ ਮਤ ਤਾਂ ਸਹਿਜ ਦਾ ਧਰਮ ਹੈ ਇਸ ਨੂੰ ਕੁਦਰਤੀ ਧਰਮ ਵੀ ਕਿਹਾ ਜਾ ਸਕਦਾ ਹੈ। ਇਹ ਤਾਂ ਵਿਗਿਆਨਕ ਧਰਮ ਹੈ। ਇਸ ਉਤੇ ਗੁਰੂ ਜੀ ਨੇ ਦਲੀਲ ਅਤੇ ਨਿਰਣਾ ਸ਼ਕਤੀ ਦੀ ਨਸ਼ਤਰ ਥਾਂ ਥਾਂ ਲਾਈ ਅਤੇ ਕੱਚ ਨੂੰ ਸੱਚ ਨਾਲੋਂ ਨਖੇੜ ਕੇ ਪਹਿਲਾਂ ਹੀ ਵੱਖ ਕਰ ਸੁਟਿਆ ਸੀ। ਰੱਲਿਆਂ ਤੋਂ ਬਚਾਉਣ ਦਾ ਉਨ੍ਹਾਂ ਨੂੰ ਇਨਾਂ ਫਿਕਰ ਸੀ ਕਿ ਗੁਰਬਾਣੀ ਉੱਤੇ ਇਕ ਆਪਣੀ ਖਾਸ ਵਿਆਕਰਣ ਲਾਗੂ ਕਰ ਦਿੱਤੀ ਸੀ। ਤਾਂ ਜੋ ਗੁਰਮਤਿ ਦੇ ਅਸਲ ਭਾਵ ਗਲਤ ਮਲਤ ਨਾ ਹੋ ਜਾਣ। ਪਰ ਫੇਰ ਵੀ ਗਲਤ ਲੀਹਾਂ ਪੈ ਗਈਆਂ ਹਨ ਅਤੇ ਸਮੇਂ ਨਾਲ ਇਨ੍ਹਾਂ ਨੂੰ ਹੀ ਠੀਕ ਮਨ ਲਿਆ ਗਿਆ ਹੈ। ਕਿਉਂਕਿ ਧਰਮ ਦੀਆਂ ਅਸਲ ਬੁਨਿਆਦੀ ਕੀਮਤਾਂ ਤੇ ਜੋਰ ਨਹੀਂ ਦਿਤਾ ਗਿਆ, ਇਸ ਕਰਕੇ ਸਾਰਾ ਕੁੱਝ ਕਰਮ ਕਾਂਡ, ਬਾਣੀਆਂ ਦੇ ਰਸਮੀ ਪੜ੍ਹਨ ਅਤੇ ਬਾਹਰਲੀ ਰਹਿਤ ਮਰਿਆਦਾ ਆਦਿਕ ਤੇ ਹੀ ਖਤਮ ਕਰ ਦਿੱਤਾ ਜਾਂਦਾ ਹੈ ਅਤੇ ਇਸ ਨੂੰ ਹੀ ਸਿੱਖ ਧਰਮ ਸਮਝ ਲਿਆ ਗਿਆ ਹੈ। ਮੁਖ ਲੋੜ ਤਾਂ ਅੰਦਰਲੀ ਸਿੱਖੀ ਨੂੰ ਮਜਬੂਤ ਕਰਨ ਦੀ ਹੈ। ਜੇ ਅੰਦਰੋਂ ਪੱਕੇ ਹੋ ਜਾਈਏ ਤਾਂ ਬਾਹਰਲੀ ਸਿੱਖੀ ਆਪੇ ਹੀ ਮਜਬੂਤ ਰਹਿੰਦੀ ਹੈ। ਕਿਉਂਕਿ ਬਾਹਰਲੀ ਸਿੱਖੀ ਅੰਦਰਲੀ ਸਿੱਖੀ ਦੀ ਲਿਖਾਇਕ ਬਣਨਾ ਚਾਹੁੰਦੀ ਹੈ। ਪਰ ਨਿਰੀ ਬਾਹਰਲੀ ਸਿੱਖੀ ਤੋਂ ਅੰਦਰਲੀ ਸਿੱਖੀ ਕਦੀ ਵੀ ਪ੍ਰਕਟ ਨਹੀਂ ਹੋ ਸਕਦੀ। ਹਰ ਹਾਲਤ ਵਿਚ ਇਸ ਗੱਲ ਦੀ ਲੋੜ ਸਭ ਤੋਂ ਪਹਿਲਾਂ ਹੈ, ਕਿ ਸਿੱਖੀ ਨੂੰ ਨਿਰੋਲ ਰੂਪ ਵਿਚ ਸਮਝਿਆ ਜਾਏ ਤਾਂ ਹੀ ਉਸ ਤੇ ਅਮਲ ਦਾ ਸਵਾਲ ਚਲਦਾ ਹੈ। ਗੁਰੂ ਜੀ ਨੇ ਫੁਰਮਾਇਆ ਹੈ :-

ਜਾਗਤ ਜੋਤਿ ਜਪੈ ਨਿਸ ਬਾਸੁਰ ਏਕ ਬਿਨਾਂ ਮਨ ਨੈਕ ਨ ਆਨੈ।

ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਟ ਭੂਲ ਨ ਮਨੈ।

ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ।

ਪੂਰਨ ਜੋਤ ਜਗੈ ਘਟ ਮੈ ਤਬ ਖ਼ਾਲਸ ਤਾਹਿ ਨਖ਼ਾਲਸ ਜਾਨੈ।

(ਗੁਰੂ ਗੋਬਿੰਦ ਸਿੰਘ ਜੀ)

ਪਰ ਗੁਰੂ ਜੀ ਦੇ ਇਹੋ ਜਿਹੇ ਸ਼ਬਦਾਂ ਅਤੇ ਨਸੀਹਤਾਂ ਦੇ ਹੁੰਦਿਆਂ ਹੋਇਆ ਵੀ ਅੱਜ ਸਿੱਖ ਧਰਮ ਦਿਨ ਪ੍ਰਤੀ ਦਿਨ ਗਿਰਾਵਟ ਵਲ ਜਾ ਰਿਹਾ ਹੈ। ਯੂਰਪ ਤੇ ਅਮਰੀਕਾ ਵਿਚ ਵੱਧਦੀ ਸਿੱਖ ਧਰਮ ਦੀ ਲਹਿਰ ਨੂੰ ਵੇਖ ਕੇ ਜਾਪਦਾ ਹੈ ਕਿ ਜਿਵੇਂ ਭਾਰਤ ਦਾ ਬੁੱਧ ਧਰਮ ਚੋਖੇ ਸਮੇਂ ਤੋਂ ਆਪਣਾ ਦੇਸ਼ ਛੱਡ ਕੇ ਵਿਦੇਸ਼ਾਂ ਵਿਚ ਜਾ ਵਸਿਆ ਹੈ ਉਸੀ ਤਰ੍ਹਾਂ ਸਿੱਖ ਧਰਮ ਵੀ ਕਿਸੇ ਦਿਨ ਵਿਦੇਸ਼ਾਂ ਵਿਚ ਜਾ ਕੇ ਹੀ ਫੈਲੇਗਾ। ਔਰ ਅਗਰ ਹੁਣ ਵੀ ਅਸੀਂ ਸੁਚੇਤ ਨ ਹੋਏ ਤਾਂ ਪੰਜਾਬ ਜਾਂ ਭਾਰਤ ਵਿਚ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਦਾ ਇਹ ਧਰਮ ਵਧੇਰੇ ਚਿਰ ਨਹੀਂ ਠਹਿਰ ਸਕੇਗਾ। ਬਸ ਇਹੋ ਸਿੱਖ ਧਰਮ ਦਾ ਭਵਿੱਖ ਸਪਸ਼ੱਟ ਰੂਪ ਵਿਚ ਦਿਖ ਰਿਹਾ ਹੈ। ਸੋ ਅੱਜ ਸਾਨੂੰ ਲੋੜ ਹੈ ਰਸਮੀ ਕਰਮ-ਕਾਡਾਂ ਨੂੰ ਛੱਡ ਕੇ ਗੁਰਮੱਤਿ ਨੂੰ ਪੜ੍ਹਨ ਦੀ, ਵਿਚਾਰਨ ਦੀ, ਸਮਝਣ ਦੀ, ਕਮਾਉਣ ਦੀ ਅਤੇ ਆਪਣੇ ਜੀਵਨ ਵਿਚ ਢਾਲਣ ਦੀ।
.