.

ਬਾਣੀ ‘ਸਦੁ’ ਰਾਹੀਂ ਸੰਗਤਾਂ ਨੂੰ ਆਦੇਸ਼

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

‘ਬਾਣੀ ਸਦੁ’ - ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ 1430 ਵਾਲੀ ਪੰਨੇ ਵਾਲੀਆਂ ਬੀੜਾਂ `ਤੇ ਪੰਨਾ ਨੰਬਰ 923 ਉਪਰ ‘ਰਾਮਕਲੀ ਸਦੁ’ ਦੇ ਸਿਰਲੇਖ ਹੇਠ ਦਰਜ ਹੈ। ਇਥੇ ਰਾਮਕਲ਼ੀ, ਰਾਗ ਹੈ ਅਤੇ ‘ਸਦੁ’ ਤੋਂ ਭਾਵ ਹੈ ਸ੍ਰੀ ਗੁਰੂ ਅਮਰਦਾਸ ਜੀ ਨੂੰ ਅਕਾਲਪੁਰਖ ਵਲੋਂ ਸੱਦਾ। ਦਰਅਸਲ ਤੀਜੇ ਪਾਤਸ਼ਾਹ ਨੇ ਜੋਤੀ ਜੋਤ ਸਮਾਉਣ ਸਮੇਂ ਵੱਡਾ ਇਕੱਠ ਕੀਤਾ। ਇਸ ਸਮਾਗਮ `ਚ ਆਪ ਦੇ ਸਾਰੇ ਸੰਬੰਧੀ, ਦੂਰ ਦੂਰ ਤੀਕ ਫੈਲ ਚੁੱਕੀਆਂ ਗੁਰੂ ਕੀਆਂ ਸੰਗਤਾਂ ਅਤੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਪ੍ਰਵਾਰਾਂ ਨਾਲ ਸੰਬੰਧਤ ਸੱਜਣ ਵੀ ਸ਼ਾਮਲ ਹੋਏ। ਇਸ ਸਮੇਂ ਗੁਰਦੇਵ ਨੇ ਸੰਗਤਾਂ ਨੂੰ ਅਜੇਹੇ ਸਮਿਆਂ ਲਈ ਸੰਗਤਾਂ ਨੂੰ ਕੁੱਝ ਆਦੇਸ਼ ਅਥਵਾ ਗੁਰਮਤਿ ਰੀਤੀ ਸਮਝਾਈ। ਪਹਿਲੀ ਗਲ ਕਿ ਇਹ ਸਭ ਆਦੇਸ਼ ਵਿਲੋਕਿਤਰੇ ਤਰੀਕੇ, ਮੂਲ ਰੂਪ `ਚ ਪਹਿਲੇ ਪਾਤਸ਼ਾਹ ਦੀ ਬਾਣੀ `ਚ ਦਰਜ ਸਨ। ਦੂਜਾ- ਚੂੰਕਿ ਸਿੱਖ ਅਥਵਾ ਗੁਰਮਤਿ ਵਿਚਾਰਧਾਰਾ ਦਾ ਜਨਮ ਹੀ ਬਹੁਤਾ ਕਰਕੇ ਬ੍ਰਾਹਮਣੀ ਵਾਤਾਵਰਣ `ਚ ਹੋਇਆ ਸੀ ਅਤੇ ਗੁਰਮਤਿ ਉਸਤੋਂ 100% ਹੀ ਭਿੰਨ ਬਲਕਿ ਉਸਦੇ ਵਿਰੁਧ ਹੈ ਇਸ ਲਈ ਇਸ ਵਿਸ਼ੇ ਨੂੰ ਸਮਝਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।

ਸ਼ਾਇਦ ਇਸੇ ਲਈ ਗੁਰਦੇਵ ਨੇ ਇਸ ਵਿਸ਼ੇ ਨੂੰ ਗੁਰੂ ਕੀਆਂ ਸੰਗਤਾਂ ਲਈ ਇਕੋ ਵਸੀਅਤ ਦੇ ਰੂਪ `ਚ ਦੇਣਾ ਜ਼ਰੂਰੀ ਸਮਝਿਆ। ਇਹ ਮੂਲ ਰੂਪ `ਚ ਵਾਰਤਕ ਹੀ ਸੀ, ਇਸਨੂੰ ਸਤਿਗੁਰਾਂ ਦੇ ਪੜਪੌਤੇ ਸੁੰਦਰ ਜੀ ਨੇ ਕਾਵਿ ਰੂਪ ਦਿੱਤਾ ਤੇ ਪੰਜਵੇਂ ਪਾਤਸ਼ਾਹ ਨੇ ‘ਆਦਿ ਬੀੜ’ ਦੀ ਸੰਪਾਦਨਾ ਸਮੇਂ ਇਸਨੂੰ ਗੁਰਬਾਣੀ ਦਾ ਅਣਿਖੜਵਾਂ ਅੰਗ ਬਣਾ ਕੇ ਦਰਜ ਕਰ ਦਿੱਤਾ। ਇਸ ਦੇ ਉਲਟ, ਅੱਜ ਕੀ ਹੋ ਰਿਹਾ ਹੈ? ਗੁਰਬਾਣੀ ਪ੍ਰਚਾਰ ਤੇ ਗੁਰਦੁਆਰਾ ਪ੍ਰਬੰਧ `ਚ ਆ ਚੁੱਕੇ ਭਾਰੀ ਵਿਗਾੜ ਕਾਰਨ ਅਜੇਹੇ ਸਮਿਆਂ `ਤੇ ਸੰਗਤਾਂ ਮੁੜ ਗੁਰ-ਆਦੇਸ਼ਾਂ ਤੋਂ ਦੂਰ ਬ੍ਰਾਹਮਣੀ ਜਾਲ `ਚ ਫਸ ਚੁੱਕੀਆਂ ਹਣ। ਉਸੇ ਦਾ ਨਤੀਜਾ, ਜਦੋਂ ਕੋਈ ਪ੍ਰਾਣੀ ਚਲਾਣਾ ਕਰਦਾ ਹੈ ਤਾਂ ਭਾਵੇਂ ਸੰਗਤਾਂ ਵਿਚਾਲੇ ਪਿੜਤ ਤਾਂ ਹੈ ਕਿ ਸਸਕਾਰ ਉਪਰੰਤ ਗੁਰਦੁਆਰੇ ਪੁੱਜਣਾ ਅਤੇ ‘ਸੱਦ’ ਜਾਂ ‘ਅਲਾਹਣੀਆਂ’ ਦਾ ਪਾਠ ਸੁਣ ਕੇ ਘਰਾਂ ਨੂੰ ਪਰਤਣਾ। ਫ਼ਿਰ ਵੀ ਅਜਿਹੇ ਸਮਿਆਂ `ਤੇ ਖੁਦ ਸਿੱਖ ਘਰਾਣਿਆਂ `ਚ ਹੋ ਰਹੇ ਕਰਮਕਾਂਡ, ਸਿੱਖ ਧਰਮ ਦੇ ਪ੍ਰਚਾਰ ਲਈ ਬੜੀ ਵੱਡੀ ਰੁਕਾਵਟ ਅਤੇ ਗੁਰਬਾਣੀ ਸਿਖਿਆ ਦੇ ਉਲਟ ਹੁੰਦੇ ਹਨ। ਇੱਕ ਪਾਸੇ ਇਨ੍ਹਾਂ ਦੇ ਅਰਥ-ਬੋਧ ਤੋਂ ਸੰਗਤਾਂ ਅਣਜਾਣ ਹੁੰਦੀਆਂ ਹਨ। ਸਾਰੇ ਕਰਮ ਬ੍ਰਾਹਮਣੀ ਅਤੇ ਉਲਟ ਹੀ ਹੋ ਰਹੇ ਹੁੰਦੇ ਹਨ। ਇਸੇ ਦਾ ਨਤੀਜਾ ਹੈ ਕਿ ਪਨੀਰੀ ਤੋਂ ਬਾਅਦ ਪਨੀਰੀ ਸਿੱਖੀ ਤੇ ਗੁਰਬਾਣੀ ਜੀਵਨ ਤੋਂ ਅਣਜਾਣ, ਤੇਜ਼ੀ ਨਾਲ ਪਤਿਤਪੁਣੇ ਵਲ ਹੀ ਵੱਧ ਰਹੀ ਹੈ।

ਤਾਂ ਤੇ ਲੋੜ ਹੈ ਕਿ ਅਜਿਹੇ ਅਟੱਲ ਸਮੇਂ ਲਈ ਗੁਰਬਾਣੀ ਰੀਤੀ ਨੂੰ ਸਮਝਾਉਣ ਲਈ ਹੱਥਲੇ ਪਾਠ ਤੋਂ ਇਲਾਵਾ ਅਲਾਹਣੀਆਂ’, ‘ਮਿਰਤਕ ਸੰਸਕਾਰ’, ‘ਸਿੱਖ ਧਰਮ ਅਤੇ ਸਰਾਧ’, ‘ਆਵਾਗਉਣ ਮਿਟੇ’. . , ‘ਕਵਨੁ ਨਰਕੁ ਕਿਆ ਸੁਰਗੁ ਬਿਚਾਰਾ…’ ਗੁਰਮਤਿ ਪਾਠ 129, 26, 10, 127, 128 ਵੀ ਦਿੱਤੇ ਜਾ ਚੁੱਕੇ ਹਨ। ਇਸ ਤਰ੍ਹਾਂ ਇਸਦੀ ਮੂਲ ਬਾਣੀ ਸਮੇਤ ਪਉੜੀ ਵਾਰ ਨਿਰੋਲ ਪਰ ਸੰਖੇਪ ਅੱਖਰੀ ਅਰਥਾਂ `ਚ ਸੰਗਤਾਂ ਲਈ ਦਿੱਤੀ ਜਾ ਰਹੀ ਹੈ। ਜੇਕਰ ਇੰਨੀ ਸਪਸ਼ਟ ਸ਼ਬਦਾਵਲੀ ਤੋਂ ਬਾਅਦ ਵੀ ਆਪਣੇ ਆਪ ਨੂੰ ਗੁਰੂ ਨਾਨਕ ਦੇ ਅਖਵਾਉਣ ਵਾਲੇ ਕੁੱਝ ਸੱਜਨ ਜਾਣ-ਬੁਝ ਕੇ ਬ੍ਰਾਹਮਣ ਭਗਤ ਬਣੇ ਰਹਿਣ ਤਾਂ ਕਹਿਣਾ ਪਵੇਗਾ ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ॥ ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ” (ਪੰ: 1376)

ਹਿੰਦੂ ਮੱਤ ਅਨੁਸਾਰ ਅੰਤਮ ਸੰਸਕਾਰ- ਜਦੋਂ ਕਿਸੇ ਹਿੰਦੂ-ਘਰ `ਚ ਪ੍ਰਾਣੀ ਮਰਨ ਲਗਦਾ ਹੈ, ਤਾਂ ਉਸ ਦੇ ਵਾਰਸ ਸ਼ਾਸਤ੍ਰਾਂ ਦੀ ਮਰਯਾਦਾ ਅਨੁਸਾਰ ਉਸ ਨੂੰ ਮੰਜੇ ਤੋਂ ਹੇਠਾਂ ਲਾਹ ਦੇਂਦੇ ਹਨ। ਭੁੰਞੇ ਦੱਭ ਵਿਛਾ ਕੇ (ਹਾਲਾਂਕਿ ਹੁਣ ਇਹ ਕਰਮ ਲਗਭਗ ਮੁੱਕ ਚੁੱਕਾ ਹੈ) ਕਪੜਾ ਵਿਛਾਂਦੇ ਹਨ। ਉਸ ਦੀ ਤਲੀ `ਤੇ ਆਟੇ ਦਾ ਦੀਵਾ ਜਗਾਂਦੇ ਤੇ ਦੀਵੇ `ਚ ਬ੍ਰਾਹਮਣ ਲਈ ਸਮ੍ਰਥਾ ਅਨੁਸਾਰ ਮਾਇਆ ਜਾਂ ਚਾਂਦੀ ਸੋਨੇ ਦਾ ਸਿੱਕਾ ਪਾਂਦੇ ਹਨ। ਉਸ ਤੋਂ ਅੰਨ ਆਦਿ ਮਨਸਵਾਂਉਂਦੇ ਹਣ। ਸਾਲਗ੍ਰਾਮ, ਗੰਗਾ ਜਾਂ ਤੁਲਸੀ ਜਲ ਉਸਦੇ ਮੂੰਹ `ਚ ਪਾਂਦੇ ਤੇ ਪੁੱਤਰ ਆਦਿ ਦਾ ਮੁੰਡਣ ਜ਼ਰੂਰ ਕਰਦੇ ਹਨ। ਬ੍ਰਾਹਮਣ, ਪੁਰਾਣ ਆਦਿ ਦੇ ਮੰਤ੍ਰ ਪੜ੍ਹਦਾ ਹੈ। ਸਸਕਾਰ ਤੋਂ ਪਹਿਲਾਂ ਜਵਾਂ ਦੇ ਆਟੇ ਦੇ ਪੇੜੇ ਪੱਤਲਾਂ `ਤੇ ਰੱਖ ਕੇ ਮਣਸੇ ਅਤੇ ਸੂਰਜ ਵਲ ਮੂੰਹ ਕਰ ਕੇ ਪਾਣੀ ਦੀਆਂ ਚੁਲੀਆਂ ਵੀ ਕੀਤੀਆਂ ਜਾਂਦੀਆਂ ਹਨ। ਇਹ ਸਭ ਵਿੱਛੜੀ ਆਤਮਾ ਲਈ ਖ਼ੁਰਾਕ ਮੰਨੀ ਜਾਂਦੀ ਹੈ।

ਘਰੋਂ ਤੁਰ ਕੇ ਅਧਵਾਟੇ ਪਰ ਅੱਜ ਸ਼ਮਸ਼ਾਨ ਭੂਮੀਆਂ `ਚ ਹੀ ਉਚੇਚੇ ਬਣਾਏ ਥੱੜੇ `ਤੇ ਅਰਥੀ ਨੂੰ ਰੱਖ ਦਿੱਤਾ ਜਾਂਦਾ ਹੈ। ਘਰੋਂ ਤੁਰਨ ਲਗੇ ਮਿੱਟੀ ਦਾ ਕੋਰਾ ਘੜਾ ਨਾਲ ਲੈਂਦੇ ਤੇ ਉਸਨੂੰ ਉਸ ਥੱੜੇ `ਤੇ ਭੰਨਦੇ ਹਣ। ਪ੍ਰਾਣੀ ਦਾ ਪੁੱਤਰ ਆਦਿ ਉੱਚੀ ਡਰਾਉਣੀ ਆਵਾਜ਼ `ਚ ਢਾਹ ਮਾਰਦਾ ਹੈ। ਵਿਸ਼ਵਾਸ ਹੁੰਦਾ ਹੈ ਕਿ ਪ੍ਰਾਣੀ ਦੀ ਆਤਮਾ ਪ੍ਰਵਾਰਕ ਮੋਹ ਕਰਕੇ ਅਜੇ ਸਰੀਰ ਦੁਆਲੇ ਹੀ ਘੁੰਮ ਰਹੀ ਹੈ, ਇਸ ਤਰ੍ਹਾਂ ਢਾਹ ਮਾਰ ਕੇ ਉਸ ਨੂੰ ਡਰਾਂਦੇ ਹਨ ਤਾ ਕਿ ਚਲੀ ਜਾਏ। ਸਸਕਾਰ ਵੇਲੇ ਅਚਾਰਜੀ ਫਿਰ ਮੰਤ੍ਰ ਪੜ੍ਹਦਾ ਹੈ। ਚਿੱਤਾ ਨੂੰ ਅਗਨ ਭੇਟ ਉਪਰੰਤ ਕਪਾਲ ਕਿਰਿਆ (ਸਿਰ `ਚ ਡੰਡਾ ਮਾਰਣਾ), ਘਾਹ ਤੋੜਣਾ, ਪਾਣੀ ਦੇ ਉਲਟੇ ਸਿੱਧੇ ਛੱਟੇ ਜਾਂ ਉਚੇਚਾ ਸਨਾਨ। ਉਪਰੰਤ ਸਵੇਰ-ਸ਼ਾਮ, ਬੁਧ-ਐਤ ਦੇ ਭਰਮ ਪੂਰੇ ਕਰਕੇ ਚੌਥਾ ਭਾਵ ਚਿਤਾ `ਚੋਂ ਪ੍ਰਾਣੀ ਦੀਆਂ ਹੱਡੀਆਂ (ਅਸਥੀਆਂ) ਚੁਣ ਕੇ ਹਰਿਦੁਆਰ ਗੰਗਾ `ਚ ਪਾਉਣੀਆਂ। ਉਨ੍ਹਾਂ ਅਨੁਸਾਰ ਜਿਸ ਦੀਆਂ ਅਸਥੀਆਂ ਗੰਗਾ `ਚ ਨਾ ਪੈਣ ਉਸ ਦੀ ਗਤੀ ਨਹੀਂ ਹੁੰਦੀ ਤੇ ਪ੍ਰੇਤ ਜੂਨ `ਚ ਪੈਂਦਾ ਹੈ। 13 (ਤੇਰਾਂ) ਦਿਨਾਂ ਤੀਕ ਪ੍ਰਾਣੀ ਦੀ ਆਤਮਾ ਪ੍ਰੇਤ (ਅੰਗੂਠੇ ਜਿੰਨੀ ਜਿਸਨੂੰ ਇਹ ਪ੍ਰਾਣੀ ਦਾ ਹੀ ਸੂਖਮ ਸਰੀਰ ਮੰਨਦੇ ਹਨ) ਬਣੀ, ਆਪਣੇ ਘਰਾਂ ਦੁਆਲੇ ਹੀ ਭੌਂਦੀ ਹੈ। ਇਸ ਲਈ ਸੰਬੰਧੀ-ਮਿੱਤਰ ਰਾਤ ਨੂੰ ਪ੍ਰਾਣੀ ਦੇ ਘਰ ਆ ਕੇ ਸੌਂਦੇ ਹਨ। ਲਗਾਤਾਰ 13 ਦਿਨ, ਪਹਿਰ ਰਾਤ ਰਹਿੰਦੀ ਜਾਂ ਸਵੇਰੇ, ਪ੍ਰਾਣੀ ਦਾ ਪੁੱਤਰ ਆਦਿ ਢਾਹਾਂ ਮਾਰਦਾ ਹੈ, ਸਮੇਂ ਨਾਲ ਇਹ ਰੀਤ ਵੀ ਲਗਭਗ ਮੁੱਕ ਚੁੱਕੀ ਹੈ। ਇਸ ਪਿਛੇ ਵੀ ਮਿਰਤਕ ਦੀ ਆਤਮਾ ਨੂੰ ਡਰਾਉਣ ਵਾਲੀ ਹੀ ਸੋਚ ਹੈ ਤਾ ਕਿ ਪ੍ਰਵਾਰ ਦੇ ਨੇੜੇ ਨਾ ਆਏ।

ਤੇਰ੍ਹਵੇਂ ਦਿਨ ਅਚਾਰਜੀ, ਕਿਰਿਆ ਦੀ ਰਸਮ ਕਰਾਂਦਾ ਹੈ ਜਿਸਦਾ ਮਤਲਬ ਪ੍ਰਣੀ ਨੂੰ ਪ੍ਰੇਤ ਜੂਨ `ਚੋਂ ਕੱਢ ਕੇ ਪਿੱਤਰ ਲੋਕ ਤੀਕ ਅਪੜਾਉਣਾ ਹੁੰਦਾ ਹੈ। ਸ਼ਾਸਤ੍ਰਾਂ-ਪੁਰਾਨਾਂ ਅਨੁਸਾਰ ਪਿੱਤਰ ਲੋਕ ਅਪੜਨ ਲਈ 360 ਦਿਨ, ਅਤੇ 4600 ਜੋਜਨ ਲੰਮਾਂ, ਧੁਪਾਂ, ਹਨੇਰਿਆਂ, ਬਾਰਿਸ਼ਾਂ ਭਰਪੂਰ ਅਣਡਿੱਠਾ-ਬਿਖੜਾ-ਡਰਾਉਣਾ ਪੈਂਡਾ ਦਸਿਆ ਹੈ। ਇਸ ਲਈ ‘ਕਿਰਿਆ’ ਵੇਲੇ 360 ਦੀਵੇ ਵੱਟੀਆਂ, ਲੋੜੀਂਦਾ ਤੇਲ ਲਿਆ ਰਖਦੇ ਹਨ ਜਿਸਨੂੰ ਮੰਤਾਂ੍ਰ ਨਾਲ ਰਸਮ ਪੂਰੀ ਕਰਕੇ, ਵੱਟੀਆਂ ਤੇਲ `ਚ ਭਿਉਂ ਕੇ ਇਕੱਠੀਆਂ ਹੀ ਬਾਲ ਦਿੱਤੀਆਂ ਜਾਂਦੀਆਂ ਹਨ। ਇਹ ਪ੍ਰਾਣੀ ਨੂੰ 360 ਦਿਨ ਹੀ ਚਾਨਣ ਮਿਲਣ ਦੀ ਗਲ ਕਹੀ ਹੈ। ਯਾਰਵੇਂ ਮਹੀਨੇ (ਸਾਲ ਜਾਂ 365 ਤੋਂ ਘਟਵੇਂ ਦਿਨਾਂ `ਚ) ਮਰਨ ਦੀ ਥਿੱਤ `ਤੇ ਵਰ੍ਹੀਣਾ ਕੀਤਾ ਜਾਂਦਾ ਹੈ। ਛਨਿਛਰ ਦੇ ਮੰਦਰ `ਚ ਰੋਜ਼ਾਨਾ ਸਾਲ ਭਰ ਦੀਵਾ ਬਾਲਣ ਲਈ ਤੇਲ ਭੇਜਿਆ ਜਾਂਦਾ ਹੈ। ‘ਕਿਰਿਆ’ ਵਾਲੇ ਦਿਨ ਵੀ ਪ੍ਰਾਣੀ ਦੀ ਖ਼ੁਰਾਕ ਲਈ ਪਿੰਡ ਭਰਾਏ ਜਾਂਦੇ ਹਨ ਜਿਸਤੋਂ ਸੂਖਮ ਸਰੀਰ ਅੰਗੂਠਾ ਪ੍ਰਮਾਣ ਤੋਂ ਇਕ ਹੱਥ ਲੰਮਾ ਹੋ ਜਾਂਦਾ ਹੈ। ਕਿਰਿਆ ਤੋਂ ਲੈ ਕੇ ਸਾਲ ਤੀਕ ਰੋਜ਼ਾਨਾ ਬ੍ਰਾਹਮਣ ਨੂੰ ਭੋਜਨ ਖੁਆਉਣ ਦਾ ਨਿਯਮ ਹੈ। ਕਿਰਿਆ ਤੀਕ ਗਰੁੜ ਪੁਰਾਣ ਦੀ ਕਥਾ, ਚਾਹੇ ਤਾਂ ਬ੍ਰਾਹਮਣ ਆਪਣੇ ਘਰ ਬੈਠ ਕੇ ਹੀ ਕਰ ਲਵੇ। ਵਰੀਨੇ `ਤੇ ਛੱਤਰੀ, ਕੱਚਾ ਅੰਨ, ਪੱਕਾ ਅੰਨ, ਭਾਂਡੇ, ਬਿਸਤਰੇ, ਲਵੇਰੀ ਗਊ, ਜੁਤੀਆਂ ਆਦਿ ਬ੍ਰਾਹਮਣ ਨੂੰ 13 ਪਦਾਂ ਦੀ ਦਛਣਾ ਤੋਂ ਇਲਾਵਾ ਭੋਜਣ ਤੇ ਕਪੜੇ ਦਿੱਤੇ ਜਾਂਦੇ ਹਨ। ਤਿੰਨ ਪੀੜੀਆਂ ਤੀਕ ਹਰ ਸਾਲ ਸਰਾਧ ਤੇ ਬ੍ਰਾਹਮਣਾਂ ਨੂੰ ਭੋਜਣ ੳਾਦਿ ਕਰਾਉਣ ਦਾ ਨਿਯਮ ਹੈ। ਪ੍ਰਾਣੀ ਪੋਤਿਆਂ-ਪੜਪੋਤਿਆਂ ਵਾਲਾ ਹੋ ਕੇ ਮਰੇ ਤਾਂ ਸਸਕਾਰ ਲਈ ‘ਵੱਡਾ ਕਰਣਾ’ ਕਹਿੰਦੇ ਹਨ। ਉਸਦੀ ਅਰਥੀ ਨੂੰ ਸੋਹਣੇ ਕਪੜਿਆਂ- ਫੁੱਲਾਂ ਨਾਲ ਸਜਾਂਦੇ ਹਣ। ਲਿਜਾਂਦਿਆਂ ਪੋਤਰੇ-ਪੜਪੌਤਰੇ ਅਰਥੀ `ਤੇ ਛੁਹਾਰੇ ਮਖਾਣੇ ਪੈਸੇ ਆਦਿ ਸੁੱਟਦੇ ਹਣ, ਇਸਨੂੰ ‘ਬੇਬਾਣ’ ਕ ‘ਢਣਾ ਕਹਿੰਦੇ ਅਤੇ ਮਿੱਠੇ ਪਕਵਾਨ ਕਰਦੇ ਹਨ। ਇਸੇ ਤਰ੍ਹਾਂ ਸੁਹਾਗਣ, ਵਿਧਵਾ, ਬੱਚੇ, ਜੁਆਨ ਲਈ ਵੱਖ-ਵੱਖ ਨਿਯਮ ਅਤੇ ਬਹੁਤ ਕੁਝ। ਹੁਣ ਲੈਂਦੇ ਹਾਂ ‘ਬਾਣੀ ਸਦੁ’ ਦੀ ਲੜੀਵਾਰ ਸੰਖੇਪ ਤੇ ਅੱਖਰੀ ਵਿਚਾਰ ਤਾ ਕਿ ਪਤਾ ਲਗੇ ਕਿ ਗੁਰੂ ਕੀਆਂ ਸੰਗਤਾਂ ਪੜ੍ਹ ਕੀ ਰਹੀਆਂ ਹਣ ਅਤੇ ਕਰ ਕੀ ਰਹੀਆਂ ਹਨ। ਇਸ ਦੀਆਂ ਕੁਲ ਛੇ ਪਉੜੀਆਂ ਹਨ।

ਪਉੜੀ ਨੰ: 1- ਅਕਾਲਪੁਰਖ ਜੋ ਸੰਸਾਰ `ਚ ਜੀਵਾਂ ਨੂੰ ਦਾਤਾਂ ਬਖ਼ਸ਼ਣ ਵਾਲਾ ਅਤੇ ਸਾਰੀ ਰਚਨਾ `ਚ ਆਪਣੇ ਭਗਤਾਂ ਨੂੰ ਪਿਆਰ ਕਰਦਾ ਹੈ। ਗੁਰੂ ਅਮਰਦਾਸ ਜੀ ਸਦਾ ਉਸ ਕਰਤਾਰ ਦੇ ਸ਼ਬਦ `ਚ ਹੀ ਲੀਨ ਰਹੇ। ਸ਼ਬਦ ਦੀ ਬਰਕਤਿ ਨਾਲ ਹੀ, ਕਰਤਾਰ ਤੋਂ ਬਿਨਾ ਹੋਰ ਕਿਸੇ ਨੂੰ ਉਸ ਤੁੱਲ ਨਹੀਂ ਸਨ ਮੰਨਦੇ। ਕੇਵਲ ਉਸੇ ਦਾ ਗੁਣ-ਗਾਣ ਕਰਦੇ, ਇਸ ਤਰ੍ਹਾਂ ਗੁਰੂ ਨਾਨਕ ਤੇ ਗੁਰੂ ਅੰਗਦ ਜੀ ਦੀ ਕਿਰਪਾ ਨਾਲ ਉਹ ਬਹੁਤ ਉੱਚੇ ਦਰਜੇ ਨੂੰ ਪ੍ਰਾਪਤ ਕਰ ਚੁਕੇ ਹਨ। ਗੁਰੂ ਅਮਰਦਾਸ ਜੋ ਸਦਾ ਅਕਾਲ ਪੁਰਖ ਦੇ ਨਾਮ `ਚ ਹੀ ਲੀਨ ਰਹਿੰਦੇ ਸਨ, ਜਗਤ `ਚ ਰਹਿੰਦਿਆਂ ਉਨ੍ਹਾਂ ਨੇ ਉਸ ਅਮਰ, ਅਟੱਲ, ਅਤੋਲ ਠਾਕੁਰ ਨੂੰ ਆਪਣੀ ਭਗਤੀ ਰਾਹੀਂ ਪ੍ਰਾਪਤ ਕਰ ਲਿਆ ਹੋਇਆ ਸੀ। ਤਾਂ ਉਸ ਅਕਾਲਪੁਰਖ ਵਲੋਂ ਹੀ ਉਨ੍ਹਾਂ ਨੂੰ ਚੱਲਣ ਦਾ ਸੱਦਾ ਆ ਗਿਆ। ੧।

ਪਉੜੀ ਨੰ: 2-ਇਸ ਤਰ੍ਹਾਂ ਗੁਰੂ ਅਮਰਦਾਸ ਜੀ ਨੂੰ ਅਕਾਲਪੁਰਖ ਦੀ ਰਜ਼ਾ ਪਿਆਰੀ ਲੱਗੀ ਅਤੇ ਸਤਿਗੁਰੂ ਜੀ, ਉਸ ਕੋਲ ਜਾਣ ਨੂੰ ਤਿਆਰ ਹੋ ਪਏ। ਗੁਰੂ ਅਮਰਦਾਸ ਜੀ ਨੇ ਅਕਾਲ ਪੁਰਖ ਅੱਗੇ ਬੇਨਤੀ ਕੀਤੀ ਕਿ ਹੇ ਪ੍ਰਭੂ ਜੀ! ਮੇਰੀ ਅਰਦਾਸ ਹੈ ਕਿ ਮੇਰੀ ਲਾਜ ਰੱਖ ਲਵੋ। ਨਾਲ ਹੀ ਅਰਦਾਸ ਇਹ ਵੀ ਹੈ ਕਿ ਪ੍ਰਭੂ! ਆਪਣੇ ਸੇਵਕਾਂ ਦੀ ਲਾਜ ਰੱਖੋ ਅਤੇ ਮਾਇਆ ਤੋਂ ਨਿਰਲੇਪ ਕਰਨ ਵਾਲਾ ਆਪਣਾ ਨਾਮ ਬਖ਼ਸ਼ੋ। ਉਹ ਨਾਮ ਜਿਹੜਾ ਜਨਮ-ਮਰਣ ਦੇ ਗੇੜ੍ਹ ਤੋਂ ਬਚਾਉਣ ਵਾਲਾ ਅਤੇ ਅਖ਼ੀਰ ਚੱਲਣ ਵੇਲੇ ਸਾਥੀ ਬਣੇ। ਸਤਿਗੁਰਾਂ ਦੀ ਕੀਤੀ ਬੇਨਤੀ, ਅਰਦਾਸ, ਅਕਾਲ ਪੁਰਖ ਨੇ ਸੁਣ ਲਈ ਤੇ ਮਿਹਰ ਕਰ ਕੇ ਉਸ ਨੇ ਗੁਰੂ ਅਮਰਦਾਸ ਜੀ ਨੂੰ ਆਪਣੇ ਚਰਨਾਂ `ਚ ਜੋੜ ਲਿਆ ਤੇ ਆਖਿਆ, ‘ਸ਼ਾਬਾਸ਼! ਤੂੰ ਧੰਨ ਹੈਂ, ਤੂੰ ਧੰਨ ਹੈਂ’। ੨।

ਪਉੜੀ ਨੰ: 3- ਗੁਰਦੇਵ ਨੇ ਫ਼ੁਰਮਾਇਆ ‘ਹੇ ਮੇਰੇ ਸਿੱਖੋ, ਪੁੱਤ੍ਰੋ ਤੇ ਭਰਾਵੋ! ਸੁਣੋ, “ਅਕਾਲ ਪੁਰਖ ਨੂੰ ਇਹ ਚੰਗਾ ਲੱਗਾ ਤੇ ਮੈਨੂੰ ਹੁਕਮ ਕੀਤਾ ਕਿ ‘ਮੇਰੇ ਕੋਲ ਆਉ’। ਅਕਾਲਪੁਰਖ ਦੀ ਰਜ਼ਾ ਗੁਰੂ ਜੀ ਨੂੰ ਮਿੱਠੀ ਲੱਗੀ ਅਤੇ ਦਸਿਆ ਕਿ “ਪ੍ਰਭੂ, ਮੈਨੂੰ ਸ਼ਾਬਾਸ਼ ਦੇ ਰਿਹਾ ਹੈ”। ਗੁਰਦੇਵ ਨੇ ਕਿਹਾ ਕਿ ਉਹੀ ਮਨੁੱਖ ਭਗਤ ਤੇ ਪੂਰਾ ਗੁਰੂ ਵੀ ਹੈ, ਜਿਸ ਨੂੰ ਰੱਬ ਦਾ ਭਾਣਾ ਮਿੱਠਾ ਲੱਗਦਾ ਹੈ; ਉਸ ਅੰਦਰ ਇੱਕ-ਰਸ ਆਨੰਦ ਦੇ ਵਾਜੇ ਵੱਜਦੇ ਹਨ। ਕਰਤਾਰ ਉਸਨੂੰ ਆਪ ਆਪਣੇ ਗਲ ਲਾਉਂਦਾ ਹੈ। ਤਾਂ ਤੇ “ਤੁਸੀਂ ਮੇਰੇ ਪੁੱਤਰ, ਭਰਾ ਤੇ ਮੇਰਾ ਪ੍ਰਵਾਰ ਹੋ; ਮਨ `ਚ ਪੱਕਾ ਸਮਝ ਲਵੋ ਕਿ ਧੁਰੋਂ ਆਇਆ ਪ੍ਰਵਾਣਾ ਕਦੇ ਟਲ ਨਹੀਂ ਸਕਦਾ; ਇਸ ਲਈ ਗੁਰੂ, ਅਕਾਲ ਪੁਰਖ ਕੋਲ ਜਾ ਰਿਹਾ ਹੈ”। ੩।

ਪਉੜੀ ਨੰ: 4- ਗੁਰੂ ਅਮਰਦਾਸ ਜੀ ਨੇ ਬੈਠ ਕੇ ਆਪਣੀ ਮਰਜ਼ੀ ਨਾਲ ਸਾਰੇ ਪ੍ਰਵਾਰ ਨੂੰ ਸੱਦ ਘਲਿਆ; ਤੇ ਕਿਹਾ ‘ਮੇਰੇ ਪਿਛੋਂ ਕੋਈ ਰੋਏ ਗਾ ਨਹੀਂ ਕਿਉਂਕਿ ਰੋਣ ਵਾਲਾ ਮੈਨੂੰ ਉੱਕਾ ਚੰਗਾ ਨਹੀਂ ਲੱਗੇਗਾ। ਜਿਸਨੂੰ ਆਪਣੇ ਮਿਤ੍ਰ ਦੀ ਤਰੱਕੀ ਚੰਗੀ ਲਗਦੀ ਹੈ, ਜਦੋਂ ਉਸ ਦੇ ਮਿਤ੍ਰ ਨੂੰ ਕੋਈ ਆਦਰ ਮਿਲਦਾ ਹੈ ਤਾਂ ਉਹ ਖ਼ੁਸ਼ ਹੁੰਦਾ ਹੈ। ਤੁਸੀਂ ਮੇਰੇ ਪੁਤਰੋ ਤੇ ਭਰਾਵੋ! ਹੁਣ ਵਿਚਾਰ ਕੇ ਦੇਖ ਲਵੋ ਕਿ ਅਕਾਲਪੁਰਖ, ਗੁਰੂ ਨੂੰ ਸਿਰੋਪਾ ਦੇ ਰਿਹਾ ਹੈ ਇਸ ਲਈ ਤੁਸੀਂ ਵੀ ਖ਼ੁਸ਼ ਹੋਵੋ” ਇਸ ਤਰ੍ਹਾਂ ਇਹ ਉਪਦੇਸ਼ ਦੇ ਕੇ, ਗੁਰੂ ਅਮਰਦਾਸ ਜੀ ਨੇ ਆਪਣੇ ਸਰੀਰ `ਚ ਹੁੰਦਿਆਂ ਆਪ ਗੁਰਿਆਈ ਬਖਸ਼ ਦਿੱਤੀ ਤੇ ਸਾਰੇ ਸਿਖਾਂ, ਸਾਕਾਂ, ਪੁਤ੍ਰਾਂ, ਭਰਾਵਾਂ ਨੂੰ (ਗੁਰੂ) ਰਾਮਦਾਸ ਜੀ ਦੀ ਚਰਨੀਂ ਲਾ ਦਿੱਤਾ। ੪।

ਪਉੜੀ ਨੰ: 5- ਅੰਤ ਜੋਤੀ ਜੋਤਿ ਸਮਾਉਣ ਵੇਲੇ ਗੁਰੂ ਅਮਰਦਾਸ ਜੀ ਨੇ ਕਿਹਾ “ਹੇ ਭਾਈ! ‘ਮੇਰੇ ਪਿੱਛੋਂ ਨਿਰਬਾਣ (ਮਨ ਤੇ ਰਸਨਾ ਕਰਕੇ) ਕੀਰਤਨ ਕਰਿਓ। ਅਕਾਲਪੁਰਖ ਦੇ ਪੰਡਿਤਾਂ ਭਾਵ ਸਾਧ ਸੰਗਤ ਨੂੰ ਜੋੜਣਾ ਅਤੇ ਹਰੀ ਪੁਰਾਣ ਭਾਵ ਹਰੀ ਜੱਸ ਦੀਆਂ ਹੀ ਬਾਤਾਂ ਕਰਣੀਆਂ ਹਨ। ਤਾਂ ਤੇ ਉਸ ਅਕਾਲ ਪੁਰਖ ਦੀਆਂ ਬਾਤਾਂ ਹੀ ਕਰਣੀਆਂ ਤੇ ਸੁਨਣੀਆਂ ਹਨ। ਪ੍ਰਭੂ ਦੇ ਰੰਗ `ਚ ਰੰਗੇ ਹੋਣਾ ਹੀ ਤੁਹਾਡੇ ਰਾਹੀਂ ਬੇਬਾਣ ਕੱਢਣਾ ਹੋਵੇਗਾ ਅਤੇ ਉਹੀ ਬੇਬਾਣ ਪ੍ਰਭੂ ਨੂੰ ਚੰਗਾ ਵੀ ਲਗੇਗਾ। ਪਿੰਡ, ਪਤਲਿ, ਕਿਰਿਆ, ਦੀਵਾ, ਫੁੱਲ (ਅਸਥੀਆਂ ਚੁਨਣੀਆਂ) ਆਦਿ ਕਰਮ, ਮੈਂ ਸਾਧਸੰਗਤ (ਹਰਿਸਰ) ਤੋਂ ਕੁਰਬਾਣ ਕਰਦਾ ਹਾਂ ਭਾਵ ਨਹੀਂ ਕਰਨੇ। ਗੁਰੂ ਅਮਰਦਾਸ ਜੀ ਨੇ ਮਨੁੱਖ ਮਾਤ੍ਰ ਦੀ ਹਮੇਸ਼ਾਂ ਲਈ ਰਹਿਨੁਮਈ ਕਰਣ ਵਾਲੀ ਗੁਰਬਾਣੀ ਦੇ ਖਜ਼ਾਨੇ ਰਾਹੀਂ, ਸੋਢੀ ਕੁਲ ਦੇ ਰਾਮਦਾਸ ਜੀ ਨੂੰ ਗੁਰਿਆਈ ਦੀ ਜ਼ਿਮੇਵਾਰੀ ਬਖਸ਼ ਦਿੱਤੀ। ਸੁੰਦਰ ਜੀ ਕਹਿੰਦੇ ਹਨ, ਕਿ ਗੁਰੂ ਜੀ ਨੇ ਕਿਹਾ ਮੈਂ ਉਹੀ ਕੁੱਝ ਕੀਤਾ ਹੈ ਜੋ ਅਕਾਲਪੁਰਖ ਨੂੰ ਚੰਗਾ ਲਗਿਆ ਹੈ। ੫।

ਪਉੜੀ ਨੰ: 6- ਛੇਵੀਂ ਤੇ ਅੰਤਮ ਪਉੜੀ `ਚ ਸੁੰਦਰ ਜੀ ਦਸਦੇ ਹਨ, ਜਦੋਂ ਗੁਰੂ ਅਮਰਦਾਸ ਜੀ ਨੇ ਬਚਨ ਕੀਤਾ ਕਿ ਹੁਣ ਸਾਰੀ ਸੰਗਤ ਗੁਰੂ ਰਾਮਦਾਸ ਦੇ ਚਰਨੀਂ ਲੱਗੇ, ਤਾਂ ਸਿੱਖਾਂ ਨੇ ਗੁਰੂ ਅਮਰਦਾਸ ਜੀ ਦਾ ਹੁਕਮ ਮੰਨ ਲਿਆ। ਸਭ ਤੋਂ ਪਹਿਲਾਂ, ਗੁਰੂ ਅਮਰਦਾਸ ਜੀ ਦੇ ਸਪੁੱਤ੍ਰ ਬਾਬਾ ਮੋਹਰੀ ਜੀ ਨੇ ਰਾਮਦਾਸ ਜੀ ਦੇ ਚਰਣਾਂ ਤੇ ਮੱਥਾ ਟੇਕਿਆ। ਉਹ ਗੁਰੂ ਰਾਮਦਾਸ ਜੀ, ਜਿਨ੍ਹਾਂ ਅੰਦਰ ਗੁਰੂ ਅਮਰਦਾਸ ਜੀ ਨੇ ਆਪਣੀ ਆਤਮਕ ਜੋਤ ਟਿਕਾਅ ਦਿੱਤੀ ਸੀ। ਇਸ ਤਰ੍ਹਾਂ ਸਾਰੀ ਲੋਕਾਈ ਗੁਰੂ ਰਾਮਦਾਸ ਜੀ ਦੇ ਚਰਣਾਂ `ਚ ਆ ਗਈ। ਜੇ ਕਿਸੇ ਨੂੰ ਕੋਈ ਸ਼ਿਕਾਇਤ ਸੀ ਅਤੇ ਪਹਿਲਾਂ ਨਹੀਂ ਭੀ ਨਿੰਵਿਆ, ਉਸ ਨੂੰ ਭੀ ਗੁਰੂ ਅਮਰਦਾਸ ਜੀ ਨੇ ਆਪ ਗੁਰੂ ਰਾਮਦਾਸ ਜੀ ਦੀ ਚਰਣੀ ਲਾ ਦਿੱਤਾ। ਸੁੰਦਰ ਜੀ ਕਹਿੰਦੇ ਹਨ ਕਿ ਹੇ ਸਤਸੰਗੀਓ ਸੁਣੋ! ਅਕਾਲਪੁਰਖ ਅਤੇ ਗੁਰੂ ਅਮਰਦਾਸ ਜੀ ਨੂੰ ਇਹੀ ਚੰਗਾ ਲੱਗਾ ਜੋ ਉਨ੍ਹਾਂ ਨੇ ਗੁਰੂ ਰਾਮਦਾਸ ਜੀ ਨੂੰ ਗੁਰਗੱਦੀ ਵਾਲੀ ਵਡਿਆਈ ਬਖ਼ਸ਼ੀ; ਅਸਲ `ਚ ਧੁਰੋਂ ਅਕਾਲਪੁਰਖ ਦਾ ਇਹੀ ਤਾਂ ਹੁਕਮ ਆਇਆ ਸੀ; ਇਸ ਲਈ ਸਾਰਾ ਜਗਤ ਇਸ ਪਦ ਦੇ ਅਜੌਕੇ ਮਾਲਿਕ ਗੁਰੂ ਰਾਮਦਾਸ ਜੀ ਦੀ ਚਰਣੀ ਲਗ ਗਿਆ। ੬। ੧।

ਪੰਜਵੀਂ ਪਉੜੀ ਬਾਰੇ ਵਿਸ਼ੇਸ਼- ਗੁਰਬਾਣੀ ਅਤੇ ਗੁਰਬਾਣੀ ਸਿਧਾਂਤ ਦੀ ਗਹਿਰਾਈ `ਚ ਗਏ ਬਿਨਾ ਸਾਡੇ ਬਹੁਤੇ ਵਿਦਵਾਨਾਂ-ਬੁਲਾਰਿਆਂ ਨੇ ਇਸ ਰਚਨਾ ਦੀ ਪੰਜਵੀ ਪਉੜੀ ਬਾਰੇ ਕੁੱਝ ਵੱਡੇ ਭੁਲੇਖੇ ਖਾਧੇ ਹਨ। ਇਸੇ ਕਰਕੇ ਉਨ੍ਹਾਂ ਇਸ ਪਉੜੀ ਨੂੰ ਗ਼ਲਤ ਅਤੇ ਗੁਰਮਤਿ ਵਿਰੋਧੀ ਅਰਥਾਂ `ਚ ਦੇ ਕੇ ਸੰਗਤਾਂ ਨੂੰ ਕੁਰਾਹੇ ਵੀ ਪਾਇਆ ਹੈ। ਇਹ ਮਾਣ ਪੰਥ ਦੀ ਚਲਦੀ-ਫ਼ਿਰਦੀ ਯੂਨੀਵਰਸਿਟੀ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਨੂੰ ਹੀ ਜਾਂਦਾ ਹੈ ਜਿਨ੍ਹਾਂ ‘ਗੁਰੂ ਗ੍ਰੰਥ ਦਰਪਣ’ ਰਾਹੀਂ ਅਨੇਕਾਂ ਭੁਲੇਖੇ ਕਢੇ ਅਤੇ ਲਗਾਤਾਰ ਗੁਰਬਾਣੀ ਦੇ ਕਈ ਅੰਗਾਂ ਦੇ ਹੋ ਰਹੇ ਗ਼ਲਤ ਅਰਥਾਂ ਨੂੰ ਵੰਗਾਰਿਆ, ਉਸੇ ਗਿਣਤੀ `ਚ ਸੰਬੰਧਤ ਪਉੜੀ ਵੀ ਆਉਂਦੀ ਹੈ। ਖੈਰ ਆਓ! ਮੁੱਦੇ ਵਲ ਆਈਏ। ਜੇਕਰ ਥੋੜੇ ਲਫ਼ਜ਼ਾਂ `ਚ ਇਸ ਪਉੜੀ ਦੇ ਅਰਥ-ਭਾਵ ਨੂੰ ਬਿਆਨਣਾ ਹੋਵੇ ਤਾਂ ਇਸਦੇ ਅਰਥ ਹਨ ਅਜਿਹੇ ਸਮਿਆਂ `ਤੇ ਗੁਰੂ ਕੀਆਂ ਸੰਗਤਾਂ ਨੇ ਜੁੜ ਕੇ ਬੈਠਣਾ ਹੈ ਅਤੇ ਇਸ ਵਿਸ਼ੇ ਸੰਬੰਧੀ ਸੇਧ ਕੇਵਲ ਗੁਰਬਾਣੀ ਗੁਰੂ ਤੋਂ ਹੀ ਲੈਣੀ ਹੈ। ਦੂਜਿਆਂ ਰਾਹੀਂ ਦੱਸੇ ਜਾਂ ਕੀਤੇ ਜਾ ਰਹੇ ਕੋਈ ਅਨਮੱਤੀ ਜਾਂ ਬ/ਰਾਹਮਣੀ ਕਰਮ ਨਹੀਂ ਕਰਨੇ। ਇਸ ਤਰ੍ਹਾਂ ਇਥੇ ਕੀਰਤਨ, ਕਥਾ, ਪੁਰਾਣ, ਬੇਬਾਣ ਆਦਿ ਸਭ ਦਾ ਇਕੋ ਹੀ ਮਤਲਬ ਹੈ ਕਿ ਕੇਵਲ ਹਰੀ ਜਸ ਹੀ ਕਰਨਾ ਹੈ। ਇਥੇ ਗੁਰਦੇਵ ਨੇ ਸਪਸ਼ਟ ਆਦੇਸ਼ ਕੀਤਾ ਹੈ ਕਿ ਕਿਸੇ ਪੰਡਤ (ਅਚਾਰਜੀ) ਨੂੰ ਨਹੀਂ ਬੁਲਾਉਣਾ ਅਤੇ ਗਰੁੜ ਪੁਰਾਣ ਦੀ ਕਥਾ ਵੀ ਨਹੀਂ ਕਰਵਾਉਣੀ। ਚਿਤਾ ਚੋਂ ਫੁਲ (ਅਸਥੀਆਂ) ਚੁਣ ਕੇ ਗੰਗਾ-ਹਰਿਦੁਆਰ ਆਦਿ ਨਹੀਂ ਪਹੁੰਚਾਣੀਆਂ। ਕਿਸੇ ਪੋਤੇ-ਪੜਪੋਤਿਆਂ ਆਦਿ ਵਾਲੇ ਦੇ ਚਲਾਣੇ ਸਮੇਂ ਬੇਬਾਣ ਨਹੀਂ ਕਢਣੇ ਅਤੇ ਪਿੰਡ-ਪੱਤਲ-ਕਿਰਿਆ- ਦੀਵਾ ਵੱਟੀ ਆਦਿ ਵੀ ਨਹੀਂ ਕਰਨਾ। ‘ਸਦ ਬਾਣੀ ਦਾ ਮੂਲ ਸਰੂਪ’ ---

{ਰਾਮਕਲੀ ਸਦੁ ੴ ਸਤਿਗੁਰ ਪ੍ਰਸਾਦਿ॥ ਜਗਿ ਦਾਤਾ ਸੋਇ ਭਗਤਿ ਵਛਲੁ ਤਿਹੁ ਲੋਇ ਜੀਉ॥ ਗੁਰ ਸਬਦਿ ਸਮਾਵਏ ਅਵਰੁ ਨ ਜਾਣੈ ਕੋਇ ਜੀਉ॥ ਅਵਰੋ ਨ ਜਾਣਹਿ ਸਬਦਿ ਗੁਰ ਕੈ ਏਕੁ ਨਾਮੁ ਧਿਆਵਹੇ॥ ਪਰਸਾਦਿ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹੇ॥ ਆਇਆ ਹਕਾਰਾ ਚਲਣਵਾਰਾ ਹਰਿ ਰਾਮ ਨਾਮਿ ਸਮਾਇਆ॥ ਜਗਿ ਅਮਰੁ ਅਟਲੁ ਅਤੋਲੁ ਠਾਕੁਰੁ ਭਗਤਿ ਤੇ ਹਰਿ ਪਾਇਆ॥ ੧ ॥ ਹਰਿ ਭਾਣਾ ਗੁਰ ਭਾਇਆ ਗੁਰੁ ਜਾਵੈ ਹਰਿ ਪ੍ਰਭ ਪਾਸਿ ਜੀਉ॥ ਸਤਿਗੁਰੁ ਕਰੇ ਹਰਿ ਪਹਿ ਬੇਨਤੀ ਮੇਰੀ ਪੈਜ ਰਖਹੁ ਅਰਦਾਸਿ ਜੀਉ॥ ਪੈਜ ਰਾਖਹੁ ਹਰਿ ਜਨਹ ਕੇਰੀ ਹਰਿ ਦੇਹੁ ਨਾਮੁ ਨਿਰੰਜਨੋ॥ ਅੰਤਿ ਚਲਦਿਆ ਹੋਇ ਬੇਲੀ ਜਮਦੂਤ ਕਾਲੁ ਨਿਖੰਜਨੋ॥ ਸਤਿਗੁਰੂ ਕੀ ਬੇਨਤੀ ਪਾਈ ਹਰਿ ਪ੍ਰਭਿ ਸੁਣੀ ਅਰਦਾਸਿ ਜੀਉ॥ ਹਰਿ ਧਾਰਿ ਕਿਰਪਾ ਸਤਿਗੁਰੁ ਮਿਲਾਇਆ ਧਨੁ ਧਨੁ ਕਹੈ ਸਾਬਾਸਿ ਜੀਉ॥ ੨ ॥ ਮੇਰੇ ਸਿਖ ਸੁਣਹੁ ਪੁਤ ਭਾਈਹੋ ਮੇਰੈ ਹਰਿ ਭਾਣਾ ਆਉ ਮੈ ਪਾਸਿ ਜੀਉ॥ ਹਰਿ ਭਾਣਾ ਗੁਰ ਭਾਇਆ ਮੇਰਾ ਹਰਿ ਪ੍ਰਭੁ ਕਰੇ ਸਾਬਾਸਿ ਜੀਉ॥ ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ॥ ਆਨੰਦ ਅਨਹਦ ਵਜਹਿ ਵਾਜੇ ਹਰਿ ਆਪਿ ਗਲਿ ਮੇਲਾਵਏ॥ ਤੁਸੀ ਪੁਤ ਭਾਈ ਪਰਵਾਰੁ ਮੇਰਾ ਮਨਿ ਵੇਖਹੁ ਕਰਿ ਨਿਰਜਾਸਿ ਜੀਉ॥ ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ॥ ੩ ॥ ਸਤਿਗੁਰਿ ਭਾਣੈ ਆਪਣੈ ਬਹਿ ਪਰਵਾਰੁ ਸਦਾਇਆ॥ ਮਤ ਮੈ ਪਿਛੈ ਕੋਈ ਰੋਵਸੀ ਸੋ ਮੈ ਮੂਲਿ ਨ ਭਾਇਆ॥ ਮਿਤੁ ਪੈਝੈ ਮਿਤੁ ਬਿਗਸੈ ਜਿਸੁ ਮਿਤ ਕੀ ਪੈਜ ਭਾਵਏ॥ ਤੁਸੀ ਵੀਚਾਰਿ ਦੇਖਹੁ ਪੁਤ ਭਾਈ ਹਰਿ ਸਤਿਗੁਰੂ ਪੈਨਾਵਏ॥ ਸਤਿਗੁਰੂ ਪਰਤਖਿ ਹੋਦੈ ਬਹਿ ਰਾਜੁ ਆਪਿ ਟਿਕਾਇਆ॥ ਸਭਿ ਸਿਖ ਬੰਧਪ ਪੁਤ ਭਾਈ ਰਾਮਦਾਸ ਪੈਰੀ ਪਾਇਆ॥ ੪ ॥ ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥ ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥ ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ॥ ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ॥ ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ॥ ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ॥ ੫ ॥ ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ॥ ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ॥ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ॥ ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ॥ ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ॥ ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ॥ ੬ ॥ ੧ ॥}

ਵਿਦਵਾਨ ਗੁਮਰਾਹ ਕਿੱਥੇ ਹਨ? - ਇਸ ਪਉੜੀ `ਚ ਇਹ ਗਲ ਖਾਸ ਧਿਆਨ ਮੰਗਦੀ ਹੈ, ਆਖਿਰ ਸਾਡੇ ਵਿਦਵਾਨ ਗੁਮਰਾਹ ਹੈਨ ਕਿੱਥੇ? ਪੂਰੀ ਪਉੜੀ ਇਸ ਤਰ੍ਹਾਂ ਹੈ “ਅੰਤੇ ਸਤਿਗੁਰੁ ਬੋਲਿਆ ਮੈ ਪਿਛੈ ਕੀਰਤਨੁ ਕਰਿਅਹੁ ਨਿਰਬਾਣੁ ਜੀਉ॥ ਕੇਸੋ ਗੋਪਾਲ ਪੰਡਿਤ ਸਦਿਅਹੁ ਹਰਿ ਹਰਿ ਕਥਾ ਪੜਹਿ ਪੁਰਾਣੁ ਜੀਉ॥ ਹਰਿ ਕਥਾ ਪੜੀਐ ਹਰਿ ਨਾਮੁ ਸੁਣੀਐ ਬੇਬਾਣੁ ਹਰਿ ਰੰਗੁ ਗੁਰ ਭਾਵਏ॥ ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ॥ ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ॥ ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ॥ ੫ ॥” ਇਥੇ ਲਫ਼ਜ਼ ਆਇਆ ਹੈ ‘ਕੇਸੋ ਗੋਪਾਲ ਪੰਡਿਤ’ ਪਹਿਲੀ ਗਲ ਕਿ ਇਥੇ ਪੰਡਿਤ, ਵਿਆਕਰਣ ਅਨੁਸਾਰ ਬਹੁ-ਵਚਨ ਹੈ ਇਕ-ਵਚਨ ਨਹੀਂ। ਇਸ ਲਈ ਇਥੇ ਇਹ ਲਫ਼ਜ਼ ਕਿਸੇ ਇੱਕ ਪੰਡਤ ਜਾਂ ਅਚਾਰਜੀ ਲਈ ਨਹੀਂ। ਹਾਲਾਂਕਿ ਬ੍ਰਾਹਮਣੀ ਚਲਣ ਅਨੁਸਾਰ ਜੇਕਰ ਇਥੇ ਕਿਸੇ ਪੰਡਤ ਦੀ ਗਲ ਹੁੰਦੀ ਤਾਂ ਲਫ਼ਜ਼ ਇਕ-ਵਚਨ ਹੁੰਦਾ, ਬਹੁ ਵਚਨ ਨਹੀਂ, ਅਤੇ ‘ਤ’ ਹੇਠਾਂ ‘-’ ਹੋਣਾ ਸੀ। ਕਿਉਂਕਿ ਅਜੇਹੇ ਸੰਮਿਆਂ `ਤੇ ਪੰਡਿਤ ਬਹੁਤੇ ਨਹੀਂ ਬਲਕਿ ਇੱਕ ਅਚਾਰਜੀ ਹੀ ਹੁੰਦਾ ਹੈ। ਉਪਰੰਤ ‘ਹਰਿ ਹਰਿ ਕਥਾ ਪੜਹਿ’ ਵਿੱਚ ‘ਪੜਹਿ’ ਵੀ ਬਹੁਵਚਨ ਦੀ ਕਿਰਿਆ ਹੈ, ਕਿ ਵਚਨ ਦੀ ਨਹੀਂ। ਜੇ ਕਿਸੇ ਇੱਕ ‘ਅਚਾਰਜੀ’ ਨੇ ਹੀ ਆ ਕੇ ਕਥਾ ਕਰਣੀ-ਪੜ੍ਹਣੀ ਹੁੰਦੀ ਤਾਂ ਕਿਰਿਆ ਪੜਹਿ’ ਨਹੀਂ ‘ਪੜੈ’ ਹੁੰਦੀ। ਹੋਰ ਦੇਖੋ! ਇਥੇ ਹਰਿ ਹਰਿ ਕਥਾ ਪੜਹਿ ਪੁਰਾਣੁ’ ਹੈ ਕਿਸੇ ਗਰੁੜ ਪੁਰਾਣ ਦੀ ਨਹੀਂ, ਗਲ ‘ਹਰੀ’ ਦੀ ਹੀ ਕਹੀ ਜਾ ਰਹੀ ਹੈ। ਇਸਤੋਂ ਇਲਾਵਾ ‘ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ’ `ਚ ‘ਪਾਵਏ’ ਦਾ ਅਰਥ ਹੈ ਪਾਉਂਦਾ ਹਾਂ। ਇਸ ਦੇ ਉਲਟ ਜੇਕਰ ਉਹ ਫੋਕਟ ਕਰਮਾਂ ਲਈ ਹੀ ਹਿਦਾਇਤ ਹੁੰਦੀ ਤਾਂ ਇਹ ਕਿਰਿਆ ਵਰਤਮਾਨ ਕਾਲ ਦੀ ਨਹੀਂ ਬਲਕਿ ਭਵਿਖ ਵਾਸਤੇ ਹਿਦਾਇਤ ਹੁੰਦੀ, ‘ਪਾਉਂਦਾ ਹਾਂ’ ਦੀ ਬਜਾਏ ‘ਪਾ ਦੇਣੇ’ ਹੁੰਦਾ। ਇੰਨਾ ਹੀ ਨਹੀਂ, ਇਥੇ ਲਫ਼ਜ਼ ਹਰਿਸਰ’ ਆਇਆ ਹੈ ਜਦਕਿ ਹਰਦੁਆਰ ਲਈ ‘ਹਰਿਸਰ’ ਲਫ਼ਜ਼ ਵੇਦਾਂ-ਸਾਂਸਤ੍ਰਾਂ-ਪੁਰਾਣਾਂ ਆਦਿ ਕਿਸੇ ਬ੍ਰਾਹਮਣੀ ਜਾਂ ਪੁਰਾਤਨ ਰਚਨਾ `ਚ ਕਦੇ ਕਿਧਰੇ ਨਹੀਂ ਆਇਆ। ਇਹ ਲਫ਼ਜ਼ ਵੀ ‘ਸਾਧਸੰਗਤ’ ਲਈ ਹੈ ਜਿਵੇਂ ਗੁਰਬਾਣੀ `ਚ ਹੀ ‘ਅੰਮ੍ਰਿਤਸਰ’, ਰਾਮਸਰ ਆਦਿ ਭਾਵ ਹਰੀ-ਅਕਾਲਪੁਰਖ ਦਾ ਸਰੋਵਰ ਅਤੇ ਅਰਥ ਹਨ ‘ਇਹ ਸਾਰੇ ਕਰਮ ਕਾਂਡ ਮੈਂ ਕਰਤੇ ਦੀ ਸਿਫ਼ਤ ਸਲਾਹ ਤੋਂ ਕੁਰਬਾਨ ਕਰਦਾ ਹਾਂ’। ਇਸ ਲਈ ਲੋੜ ਹੈ ਕਿ ਗੁਰਬਾਣੀ ਦੇ ਅਰਥ ਸਮਝਣ ਵੇਲੇ ਅਸੀਂ ਅਰਥ-ਸੇਧ ਵੀ ਗੁਰਬਾਣੀ ਤੋਂ ਹੀ ਲਈਏ।

“ਗੰਗ ਬਨਾਰਸਿ ਸਿਫਤਿ ਤੁਮਾਰੀ. .”- ਇਸ ਪਉੜੀ ਨੰਬਰ ਪੰਜ ਰਾਹੀਂ ਅਜੇਹੇ ਸਮੇਂ ਲਈ ਤੀਜੇ ਪਾਤਸ਼ਾਹ ਨੇ ਜੋ ਹਿਦਾਇਤਾਂ ਕੀਤੀਆਂ, ਵਿਲੋਕਿਤਰੇ ਤਰੀਕੇ ਉਹ ਸਾਰੀਆਂ ਹਿਦਾਇਤਾਂ ਗੁਰਬਾਣੀ `ਚ ਪਹਿਲਾਂ ਵੀ ਸਨ। ਉਂਝ ਸਮਗ੍ਰ ਰੂਪ `ਚ ਕਿੱਧਰੇ ਇੱਕ ਜਗ੍ਹਾ `ਤੇ ਨਹੀਂ ਸਨ। ਮਿਸਾਲ ਵਜੋਂ ਪਹਿਲੇ ਪਾਤਸ਼ਾਹ ‘ਗਿਆ’ ਦੇ ਸਥਾਨ `ਤੇ ਗਏ ਤਾਂ ਉਨ੍ਹਾਂ ਨੇ ਅਜੇਹੇ ਹੀ ਕਰਮਕਾਂਡਾਂ ਤੋਂ ਲੋਕਾਈ ਨੂੰ ਵਰਜਿਆ ਅਤੇ ਸ਼ਬਦ ਗਾਇਆ ਆਸਾ ਮਹਲਾ ੧॥ ਦੀਵਾ ਮੇਰਾ ਏਕੁ ਨਾਮੁ, ਦੁਖੁ, ਵਿਚਿ ਪਾਇਆ ਤੇਲੁ॥ ਉਨਿ ਚਾਨਣਿ ਓਹੁ ਸੋਖਿਆ, ਚੂਕਾ ਜਮ ਸਿਉ ਮੇਲੁ॥ ੧॥ ਲੋਕਾ ਮਤ ਕੋ ਫਕੜਿ ਪਾਇ॥ ਲਖ ਮੜਿਆ ਕਰਿ ਏਕਠੇ, ਏਕ ਰਤੀ ਲੇ ਭਾਹਿ॥ ੧॥ ਰਹਾਉ॥ ਪਿੰਡੁ ਪਤਲਿ ਮੇਰੀ ਕੇਸਉ, ਕਿਰਿਆ ਸਚੁ ਨਾਮੁ ਕਰਤਾਰੁ॥ ਐਥੈ ਓਥੈ ਆਗੈ ਪਾਛੈ, ਏਹੁ ਮੇਰਾ ਆਧਾਰੁ॥ ੨॥ ਗੰਗ ਬਨਾਰਸਿ ਸਿਫਤਿ ਤੁਮਾਰੀ, ਨਾਵੈ ਆਤਮ ਰਾਉ॥ ਸਚਾ ਨਾਵਣੁ ਤਾਂ ਥੀਐ, ਜਾਂ ਅਹਿਨਿਸਿ ਲਾਗੈ ਭਾਉ॥ ੩॥ ਇੱਕ ਲੋਕੀ ਹੋਰੁ ਛਮਿਛਰੀ, ਬ੍ਰਾਹਮਣੁ ਵਟਿ ਪਿੰਡੁ ਖਾਇ॥ ਨਾਨਕ ਪਿੰਡੁ ਬਖਸੀਸ ਕਾ, ਕਬਹੂੰ ਨਿਖੂਟਸਿ ਨਾਹਿ॥ ੪॥ (ਪੰ: 358) ਹੁਣ ਦੇਖੋ! ਗੁਰਦੇਵ ਫ਼ੁਰਮਾਅ ਰਹੇ ਹਨ ਕਿ ‘ਪਿੰਡ, ਪਤਲ, ਕਿਰਿਆ, ਗੰਗਾਂ ਅਸਥੀਆਂ ਲੈਜਾਣੀਆਂ ਜਾਂ ਬਨਾਰਸ ਜਾ ਕੇ ਮਰਨਾ- ਪ੍ਰਭੂ ਦੀ ਸਿਫ਼ਤ ਸਲਾਹ ਦੇ ਮੁਕਾਬਲੇ ਇਨ੍ਹਾਂ ਸਾਰੇ ਕਰਮਾਂ ਦਾ ਕੋਈ ਮੁੱਲ ਨਹੀਂ। ਲੋੜ ਹੈ ਕਿ ਮਨੁੱਖ ਨੇ, ਪ੍ਰਭੂ ਦੇ ਨਾਮ ਭਾਵ ਸਿਫ਼ਤ ਸਲਾਹ `ਚ ‘ਨਾਵੈ ਆਤਮ ਰਾੳ’ ਅਨੁਸਾਰ ਹੀ ਆਪਣੀ ਆਤਮਾ ਨੂੰ ਸਨਾਨ ਕਰਾਉਣਾ ਹੈ। ਦੀਵਾ-ਵੱਟੀ ਕਿਰਿਆ ਆਦਿ ਨਹੀਂ ਕਰਨੀ ਤੇ ਨਾ ਹੀ ਵਰ੍ਹੀਨੇ-ਸਰਾਧ ਕਰਕੇ ਬ੍ਰਾਹਮਣਾਂ ਨੂੰ ਭੋਜਣ ਹੀ ਕਰਵਾਉਣੇ ਹਨ। ਹੋਰ ਦੇਖੋ! ਪਹਿਲੇ ਪਾਤਸ਼ਾਹ ਨੇ ਵੀ ਅਕਾਲਪੁਰਖ ਲਈ ਲਫ਼ਜ਼ ‘ਕੇਸਉ’ ਹੀ ਵਰਤਿਆ ਜਿਵੇਂ ‘ਪਿੰਡੁ ਪਤਲਿ ਮੇਰੀ ਕੇਸਉ’ ਅਤੇ ਗੋਪਾਲ’ ਲਫ਼ਜ਼ ਵੀ ਬਾਣੀ `ਚ ਅਨੇਕਾਂ ਵਾਰੀ ਅਕਾਲਪੁਰਖ ਲਈ ਹੀ ਆਇਆ ਹੈ। ਜਿਵੇਂ ਕਬੀਰ ਕੇਸੋ ਕੇਸੋ ਕੂਕੀਐ’ (ਪੰ: 1376) ਜਾਂ ਕੇਸਵਾ ਬਚਉਨੀ ਅਈਏ ਮਈਏ ਏਕ ਆਨ ਜੀਉ” (ਪੰ: 693) ਅਤੇ ਗੋਪਾਲ ਤੇਰਾ ਆਰਤਾ’ (ਪੰ: 695) ਜਾਂ ਗੋਪਾਲ ਗੁਣ ਨਿਧਿ ਸਦਾ ਸੰਗੇ” (ਪੰ: 1278)। ਇਸ ਪਉੜੀ `ਚ ਵੀ ਗੁਰਦੇਵ ਨੇ ਲਫ਼ਜ਼ ‘ਕੇਸੋ ਗੋਪਾਲ ਪੰਡਿਤ ਸਦਿਅਹੁ’ ਵਰਤਿਆ ਹੈ ਜਿਸਦੇ ਅਰਥ ਹਨ ‘ਅਕਾਲਪੁਰਖ ਦੇ ਪੰਡਿਤਾਂ ਨੂੰ ਹੀ ਸਦਣਾ ਭਾਵ ਸੰਗਤ ਜੋੜ ਕੇ ਕਰਤਾਰ ਦੀਆਂ ਹੀ ਗਲਾਂ ਕਰਨੀਆਂ ਹਨ। ਇਥੇ ਨਾ ਹੀ ‘ਕੇਸੋ ਗੋਪਾਲ’ ਕਿਸੇ ਪੰਡਿਤ ਦਾ ਨਾਮ ਹੈ ਅਤੇ ਨਾ ਹੀ ਕਿਸੇ ਪੰਡਤ ਭਾਵ ਅਚਾਰਜੀ ਨੂੰ ਸਦਣ ਦੀ ਹੀ ਗੱਲ ਹੈ।

ਰਾਮਦਾਸ ਸੋਢੀ ਤਿਲਕੁ ਦੀਆ. .”- ਜਿਸਦੇ ਅਰਥ ਹਣ ਸੋਢੀ ਕੁਲ ਦੇ ਰਾਮਦਾਸ ਜੀ ਨੂੰ ਗੁਰਗੱਦੀ ਦੀ ਬਸ਼ਸ਼ਿਸ਼ ਕੀਤੀ ਅਤੇ ਇਹ ਬਖਸ਼ਿਸ਼ ਕਿਵੇਂ ਕੀਤੀ ਇਸਦਾ ਵੇਰਵਾ ਵੀ ਨਾਲ ਹੈ ‘ਗੁਰ ਸਬਦੁ ਸਚੁ ਨੀਸਾਣੁ ਜੀਉ’ ਅਰਥ ਹਣ ਮਨੁੱਖ ਮਾਤ੍ਰ ਦੀ ਰਾਹਦਾਰੀ ਕਰਣ ਵਾਲੇ ਗੁਰਬਾਣੀ ਸ਼ਬਦ ਦੇ ਖਜ਼ਾਨੇ ਰਾਹੀਂ। ਇਥੇ ਵੀ ਸਾਡੇ ਅਣਪੜ੍ਹ ਕਿਸਮ ਦੇ ਪ੍ਰਚਾਰਕਾਂ, ਪ੍ਰਬੰਧਕਾਂ, ਲਿਖਾਰੀਆਂ ਨੇ ਅਧਮੂਲ਼ ਮਚਾ ਰਖਿਆ ਹੈ। ਇਥੇ ਤਿਲਕ’ ਦੇ ਅਰਥ ਹਨ ਜ਼ਿਮੇਵਾਰੀ ਅਤੇ ਇਸਦਾ ਵੇਰਵਾ ਵੀ ਨਾਲ ਹੀ ਦਿੱਤਾ ਹੈ ‘ਗੁਰ ਸਬਦੁ ਸਚੁ ਨੀਸਾਣੁ ਜੀਉ’ ਗੁਰਸ਼ਬਦ ਦੇ ਖਜ਼ਾਨੇ ਰਾਹੀਂ। ਇਥੇ ਵੀ ਅਗਲੀ ਗਲ ਤਾਂ ਉਨ੍ਹਾਂ ਦੀ ਸਮਝ `ਚ ਨਹੀਂ ਆਈ। ਇਸਦੇ ਉਲਟ ਤਿਲਕ ਦੇ ਬ੍ਰਾਹਮਣੀ ਮੱਥੇ `ਤੇ ਲਗਣ ਵਾਲੇ ਤਿਲਕ ਨੂੰ ਲੈ ਕੇ ਪਤਾ ਨਹੀਂ ਕਿਥੋਂ, ਇਸ ਨਾਲ ਨਾਰੀਅਲ ਤੇ ਟੱਕਾ ਲਫ਼ਜ਼ ਵੀ ਜੋੜ ਲਏ। ਜਦਕਿ ਉਨ੍ਹਾਂ ਦਾ ਤਾਂ ਜ਼ਿਕਰ ਵੀ ਕਿੱਧਰੇ ਨਹੀਂ ਪਰ ਬਦੋਬਦੀ ਕੌਮ ਨੂੰ ਗੁਰੂ ਦੀ ਨਿਘੀ ਗੋਦੀ ਚੋਂ ਕਢ ਕੇ ਬ੍ਰਾਹਮਣ ਦੀ ਗੋਦੀ `ਚ ਸੁਟਣਾ ਸ਼ੁਰੂ ਕਰ ਦਿੱਤਾ। ਇਹ ਸ਼ਬਦਾਵਲੀ ਵੀ ਇਸੇ ਹੀ ਪਉੜੀ ਨੰ: ਪੰਜ ਦੀ ਹੈ ਅਤੇ ਅਜੇਹੇ ਗੁਰਮਤਿ ਵਿਰੋਧੀ ਅਰਥਾਂ ਤੋਂ ਸੁਚੇਤ ਹੋਣ ਦੀ ਲੋੜ ਹੈ।

ਹਿੰਦੂ ਤੇ ਸਿੱਖ ਰਹਿਣੀ `ਚ ਜ਼ਮੀਨ ਅਸਮਾਨ ਦਾ ਅੰਤਰ- ਗੁਰਮਤਿ ਅਨੁਸਾਰ ਜੀਵ ਸੰਸਾਰ `ਚ ਆਉਂਦਾ ਵੀ ਅਕਾਲ ਪੁਰਖ ਦੇ ਭਾਣੇ-ਹੁਕਮ-ਰਜ਼ਾ `ਚ ਹੈ ਅਤੇ ਜਾਂਦਾ ਵੀ ਉਸੇ ਦੇ ਭਾਣੇ-ਹੁਕਮ-ਰਜ਼ਾ `ਚ ਹੈ। ਜਿਹੜੇ ਭਾਗਾਂ ਵਾਲੇ ਸਾਧਸੰਗਤ `ਚ ਆ ਕੇ ਗੁਰਬਾਣੀ ਸਿਖਿਆ ਅਨੁਸਾਰ ਆਪਣੇ ਜੀਵਣ ਨੂੰ ਗੁਣਵਾਨ ਬਣਾ ਲੈਂਦੇ ਹਨ, ਉਨ੍ਹਾਂ ਦਾ ਜੀਵਨ ਉੱਚਾ-ਸੁੱਚਾ ਤੇ ਸਮਾਜ `ਚ ਵੀ ਸਤਿਕਾਰ ਭਰਪੂਰ ਹੋ ਜਾਂਦਾ ਹੈ। ਉਹ ਮੌਤ ਬਾਅਦ ਜਨਮ ਮਰਨ ਦੇ ਗੇੜ੍ਹ `ਚ ਨਹੀਂ ਪੈਂਦੇ ਅਤੇ ਅਸਲੇ ਭਾਵ ਕਰਤੇ ਵਿੱਚ ਹੀ ਸਮਾ ਜਾਂਦੇ ਹਨ, ਇਕ-ਮਿੱਕ ਹੋ ਜਾਂਦੇ ਹਨ। ਬਾਕੀ ਮਨੁੱਖਾ ਜਨਮ ਜ਼ਾਇਆ ਕਰਕੇ ਮੁੜ ਜਨਮ-ਮਰਨ ਦੇ ਗੇੜ੍ਹ `ਚ ਫਸ ਜਾਂਦੇ ਹਨ। “ਕਿਥਹੁ ਆਇਆ ਕਹ ਗਇਆ, ਕਿਹੁ ਨ ਸੀਓ ਕਿਹੁ ਸੀ” (ਪੰ: 1287) ਅਨੁਸਾਰ ਨਾ ਹੀ ਤਾਂ ਮਨੁੱਖ ਨੂੰ ਇਹ ਪਤਾ ਹੁੰਦਾ ਹੈ ਕਿ ਪਹਿਲਾਂ ਉਹ ਕਿੱਥੇ ਸੀ ਤੇ ਨਾ ਹੀ ਪਤਾ ਹੁੰਦਾ ਹੈ ਸਰੀਰ ਤਿਆਗਣ ਬਾਅਦ ਉਸ ਜਾਣਾ ਕਿੱਥੇ ਹੈ। ਸੰਸਾਰ ਦੇ ਸਾਰੇ ਰਿਸ਼ਤੇ ਸਾਡੇ ਜੀਵਨ ਨੂੰ ਸੌਖਾ ਚਲਾਉਣ ਵਾਸਤੇ, ਪ੍ਰਭੁ ਵਲੋਂ ਮਨੁੱਖ ਨੂੰ ਇੱਕ ਦਾਤ ਹੁੰਦੇ ਹਨ। ਜਨਮ ਦੇ ਨਾਲ ਹੀ ਅਚਾਨਕ ਇਹ ਸਾਰੇ ਰਿਸ਼ਤੇ ਜੁੜਦੇ ਹਨ, ਇਸੇ ਤਰ੍ਹਾਂ ਮੌਤ ਦੇ ਨਾਲ ਟੁੱਟਦੇ ਵੀ ਅਚਾਨਕ ਹੀ ਹਨ। ਗੁਰੂ ਦਾ ਸਿੱਖ, ਗੁਰਬਾਣੀ ਆਗਿਆ `ਚ, ਇਸ ਖੇਡ ਨੂੰ ਖਿੜੇ ਮੱਥੇ ਪ੍ਰਵਾਨ ਕਰਦਾ ਹੈ ਅਤੇ ਭਾਣਾ ਮਿੱਠਾ ਕਰਕੇ ਮੰਨ ਸਕੇ-ਇਸ ਵਾਸਤੇ ਅਕਾਲ ਪੁਰਖ ਦੇ ਚਰਣਾਂ ਵਿੱਚ ਅਰਦਾਸ ਕਰਦਾ ਹੈ ਉਸਤੋਂ ਇਸ ਦੇ ਲਈ ਤਾਕਤ ਮੰਗਦਾ ਹੈ।

ਦੂਜੇ ਪਾਸੇ- ਬ੍ਰਾਹਮਣ ਅਨੁਸਾਰ ਉਸਨੂੰ ਸਭ ਪਤਾ ਹੈ ਕਿ ਮਰਨ ਤੋਂ ਬਾਅਦ ਕੀ ਹੁੰਦਾ ਹੈ। ਉਥੇ ਸੁਰਗ-ਨਰਕ ਆਦਿ ਅਨੇਕਾਂ ਕਹਾਣੀਆਂ ਰਚੀਆਂ ਹਨ। ਹਿੰਦੂ ਧਰਮ `ਚ ਗੁਜ਼ਰੇ ਪ੍ਰਾਣੀ ਦੀ ਸੱਦਗਤੀ ਅਤੇ ਭੂਤਾਂ ਪ੍ਰੇਤਾਂ ਦੇ ਬਹੁਤੇਰੇ ਵਹਿਮ-ਭਰਮ ਪਾ ਕੇ, ਅਨੇਕਾਂ ਕਰਮਕਾਂਡ ਰਚੇ ਹੋਏ ਹਨ। ਸਾਰੇ ਦਾ ਆਧਾਰ ਸੁਰਗ-ਨਰਕ, ਜੰਮਲੋਕ, ਧਰਮਰਾਜ, ਜੰਮਰਾਜ, ਚਿਤਰਗੁਪਤ, ਸ਼ਿਵਪੁਰੀ, ਪਿੱਤਰ ਲੋਕ, ਸੂਰਜ ਲੋਕ, ਵੈਤਰਨੀ ਨਦੀ ਆਦਿ। ਫ਼ਿਰ `ਚ ਕਲਪ-ਪਾਰਜਾਤ ਬ੍ਰਿਛ, ਕਾਮਧੇਨੂੰ ਗਊ. ਗੰਦਰਵ, ਕਿਂਰ ਤੇ ਪਰੀਆਂ ਦੇਵਤੇ ਆਦਿ। ਜਦਕਿ ਗੁਰਮਤਿ ਅਨੁਸਾਰ ਇਹ ਸਭ ਲੋਕਾਈ ਨੂੰ ਗੁਮਰਾਹ ਕੀਤਾ ਹੋਇਆ ਹੈ। ਇਹ ਸਾਰਾ ਪਾਖੰਡ ਤੇ ਮਾਇਆ ਜਾਲ ਹੈ ਜੋ ਉਸਦੀ ਰੋਟੀ-ਰੋਜ਼ੀ ਦਾ ਵਸੀਲਾ ਹੈ। ਪ੍ਰਭੂ ਨੇ ਇਹ ਜਨਮ ਬਖਸ਼ਿਆ ਹੀ ਇਸੇ ਲਈ ਹੈ ਕਿ ਮਨੁੱਖ ਜੀਉਂਦੇ ਜੀਅ ਗੁਰਬਾਣੀ ਸਿਖਿਆ ਰਾਹੀਂ ਆਪਣੇ ਅੰਦਰ ਪ੍ਰਭੂ ਵਾਲੇ ਗੁਣ ਪੈਦਾ ਕਰਕੇ, ਜੀਵਨ ਨੂੰ ਉਚੇਰਾ ਅਤੇ ਗੁਣਵਾਣ ਬਣਾਏ, ਜੀਵਨ-ਮੁਕਤ ਹੋ ਜਾਵੇ। ਵਿਕਾਰਾਂ ਵਹਿਮਾਂ-ਸਹਿਮਾਂ-ਭਰਮਾਂ, ਭੱਟਕਣਾ, ਤ੍ਰਿਸ਼ਨਾ, ਨਿਰਾਸ਼ਾ, ਚਿੰਤਾ, ਮਾਨਸਿਕ ਤਨਾਅ ਆਦਿ ਤੋਂ ਮੁੱਕਤ ਹੋ ਕੇ ਪ੍ਰਭੂ ਆਸਰੇ ਸੌਖਾ, ਅਨੰਦ ਮਈ, ਟਿਕਾਅ ਭਰਪੂਰ, ਸੰਤੋਖੀ ਜੀਵਨ ਬਤੀਤ ਕਰੇ। ਮੁੱਕਦੀ ਗਲ, ਗੁਰੂ ਕੀਆਂ ਸੰਗਤਾਂ ਨੇ ਕੇਵਲ ਗੁਰਬਾਣੀ ਤੋਂ ਹੀ ਸੇਧ ਲੈਣੀ ਹੈ, ਇਨ੍ਹਾਂ ਧਾਰਮਕ ਠੱਗੀਆਂ ਦਾ ਸ਼ਿਕਾਰ ਨਹੀਂ ਹੋਣਾ ਤੇ ਨਾ ਹੀ ਪਾਖੰਡ ਕਰਮਾਂ `ਚ ਫ਼ਸ ਕੇ ਆਪਣੇ ਲਈ ਸੰਸਾਰਕ ਭੱਟਕਣਾ-ਤ੍ਰਿਸ਼ਨਾ ਹੀ ਸਹੇੜਣੀ ਹੈ। ਜੇਕਰ ਸਾਡਾ ਅਕੀਦਾ-ਵਿਸ਼ਵਾਸ “ਗੁਰੂ ਗ੍ਰੰਥ ਸਾਹਿਬ ਜੀ” ਹੀ ਹਨ ਤਾਂ ਸਪਸ਼ਟ ਹੈ ਕਿ ਸੰਗਤ ਨੇ ਕੇਵਲ ਬਾਣੀ ਸਿਖਿਆ `ਤੇ ਹੀ ਅਮਲ ਕਰਨਾ ਹੈ, ਕਿਸੇ ਦੂਜੇ ਰਸਤੇ ਨਹੀਂ ਚਲਣਾ।

ਗੁਰਮਤਿ ਅਨੁਸਾਰ ਗੁਜ਼ਰੇ ਪ੍ਰਾਣੀ ਦੀ ਸੰਭਾਲ: ਗੁਰਬਾਣੀ ਸਿਖਿਆ ਅਨੁਸਾਰ-ਪ੍ਰਾਣੀ ਨੂੰ ਮੰਜੇ-ਬਿਸਤੇ ਆਦਿ ਤੋਂ ਉਤਾਰ ਕੇ ਭੂੰਜੇ ਪਾਉਣ ਦੀ ਲੋੜ ਨਹੀਂ, ਉਸ ਨੇੜੇ ਕੇਵਲ ਸ਼ਬਦ-ਕੀਰਤਨ, ਗੁਰਬਾਣੀ ਦੀਆਂ ਵਿਚਾਰਾਂ ਜਾਂ ਸਤਿਨਾਮ-ਵਾਹਿਗੁਰੂ ਦਾ ਜਾਪ ਕਰਨਾ ਹੈ। ਸਸਕਾਰ ਵਾਸਤੇ ਚਲਨ ਸਮੇਂ ਉਸਨੂੰ ਇਸ਼ਨਾਨ ਕਰਵਾਕੇ ਸੁਅੱਛ ਕਪੜੇ ਪੁਆਏ ਜਾਣ, ਨਵੇਂ ਜ਼ਰੂਰੀ ਨਹੀਂ ਹਨ। ਲੋੜ ਅਨੁਸਾਰ ਦਫ਼ਨਾਇਆ ਜਾਂ ਜਲਪ੍ਰਵਾਹ ਵੀ ਕੀਤਾ ਜਾ ਸਕਦਾ ਹੈ। ਸ਼ਮਸ਼ਾਨ ਘਾਟ ਤੀਕ, ਸ਼ਬਦ-ਕੀਰਤਨ ਕਰਦੇ ਲਿਜਾਣਾ ਹੈ। ਚਿੱਤਾ ਤਿਆਰ ਹੋਣ ਤੀਕ ਮਿਲਕੇ ਬਾਣੀ ‘ਜਪੁ’ ਦਾ ਪਾਠ ਕਰਨਾ ਹੈ। ਉਪਰੰਤ ਅਰਦਾਸਾ ਸੋਧ ਕੇ, ਪ੍ਰਾਣੀ ਨੂੰ ਅਗਨਭੇਟ ਕਰਨਾ ਹੈ। ਚਿੱਤਾ ਦੇ ਪੂਰੀ ਤਰ੍ਹਾਂ ਜਲ ਉਠਣ ਤੀਕ ਨੇੜੇ ਸ਼ਬਦ-ਕੀਰਤਨ ਜਾਂ ਗੁਰਮਤਿ ਵਿਚਾਰਾਂ ਕਰਣੀਆਂ ਹਨ। ਅੰਤ ‘ਸੋਹਿਲਾ’ ਦਾ ਪਾਠ ਅਤੇ ਅਰਦਾਸਾ ਸੋਧਿਆ ਜਾਵੇ। ਫਿਰ ਨੇੜੇ ਦੇ ਗੁਰਦੁਆਰੇ `ਚ ਜਾ ਕੇ ਬਾਣੀ ‘ਸੱਦ’ ਜਾਂ ‘ਅਲਾਹਣੀਆਂ’ ਦੇ ਪਾਠ ਤੋਂ ਬਾਅਦ ਕੜਾਹਪ੍ਰਸ਼ਾਦਿ ਦੀ ਦੇਗ਼ ਵਰਤਾਈ ਜਾਏ। ਉਪਰੰਤ ਗ੍ਰਹਿ ਵਿਖੇ ਨਿਤਾਪ੍ਰਤੀ ਸਹਿਜ ਪਾਠ ਅਤੇ ਗੁਰਬਾਣੀ ਕੀਰਤਨ ਦਾ ਪ੍ਰਵਾਹ ਚਲਾਇਆ ਜਾਵੇ। ਅੰਗੀਠੇ ਦੇ ਠੰਡਾ ਹੋਣ ਦਾ ਅੰਦਾਜ਼ਾ ਲੈ ਕੇ, ਸਸਕਾਰ ਤੋਂ ਤੀਜੇ-ਚੌਥੇ ਦਿਨ (ਦਿਨ-ਵਾਰ ਦਾ ਭਰਮ ਨਹੀਂ) ਸਾਰੇ ਅੰਗੀਠੇ ਨੂੰ ਇਕੱਠਾ ਕਰਕੇ ਨੇੜੇ ਚਲਦੇ ਪਾਣੀ `ਚ ਜਲ-ਪ੍ਰਵਾਹ ਕਰ ਦਿੱਤਾ ਜਾਵੇ। ਜੇਕਰ ਚਲਦਾ ਪਾਣੀ ਨੇੜੇ ਨਾ ਹੋਵੇ ਤਾਂ ਟੋਆ ਖੋਦ ਕੇ, ਨੇੜੇ ਹੀ ਦਬਾਅ ਦਿੱਤਾ ਜਾਵੇ। ਬਿਜਲੀ ਦੇ ਸਸਕਾਰ ਬਾਅਦ, ਇਨ੍ਹਾ ਕੰਮਾਂ ਦੀ ਵੀ ਲੋੜ ਨਹੀਂ, ਕੇਵਲ ਦੋ- ਤਿੰਨ ਘੰਟੇ ਬਾਅਦ ਹੀ, ਛੋਟੀ ਜਹੀ ਂਥੈਲੀ `ਚ ਰਾਖ ਪ੍ਰਾਪਤ ਕਰਕੇ ਨੇੜੇ ਜਲਪ੍ਰਵਾਹ ਕਰ ਦੇਣੀ ਹੈ।

ਚਿੱਤਾ ਦੀ ਗਰਮੀ ਤੋਂ ਕਿਸੇ ਨੂੰ ਨੁਕਸਾਨ ਨਾ ਪੁੱਜੇ, ਲੋੜ ਅਨੁਸਾਰ ਉਸ `ਤੇ ਪਹਿਲਾਂ ਕੱਚੀ ਲੱਸੀ ਨਹੀਂ, ਸਾਦੇ ਪਾਣੀ ਦਾ ਛਿੜਕਾਅ ਕਰ ਲਿਆ ਜਾਵੇ। ਸਹੂਲਤ ਅਨੁਸਾਰ ਅੰਤਮ ਅਰਦਾਸ ਦਾ ਦਿਨ ਪੱਕਾ ਕਰ ਲਿਆ ਜਾਵੇ, ਦਿਨਾਂ ਦੀ ਗਿਣਤੀ ਨਹੀਂ। ਉਸ ਦਿਨ ਕੇਵਲ, ਸ਼ਬਦ ਕੀਰਤਨ ਅਤੇ ਗੁਰਮਤਿ ਵਿਚਾਰਾਂ ਹੋਣੀਆਂ ਹਨ। ਅੰਤਮ ਅਰਦਾਸ ਕੇਵਲ ਦੋ ਪੱਖਾਂ ਤੇ ਹੋਣੀ ਹੈ “ਸੱਚੇ ਪਾਤਸ਼ਾਹ ਗੁਜ਼ਰੇ ਪ੍ਰਣੀ ਨੂੰ ਆਪਣੇ ਚਰਣਾਂ `ਚ ਨਿਵਾਸ ਬਖਸ਼ੋ ਅਤੇ ਪਿੱਛੇ ਪ੍ਰਵਾਰ-ਸੰਬੰਧੀਆਂ-ਮਿੱਤਰਾਂ ਨੂੰ ਭਾਣਾ ਮਿੱਠਾ ਕਰਕੇ ਮੰਨਣ ਦਾ ਬਲ ਬਖਸ਼ੋ ਜੀ”। ਇਸ ਨੂੰ ਸ਼ਰਧਾਂਜਲੀ ਸਭਾ ਨਾ ਬਣਾ ਦਿੱਤਾ ਜਾਵੇ, ਰਸਮ ਪੱਗੜੀ ਸਿੱਖ ਧਰਮ ਦਾ ਨਿਯਮ ਨਹੀਂ। #130s01.01s08#

Including this Self Learning Gurmat Lesson No 130

ਬਾਣੀ ‘ਸਦੁ’ ਰਾਹੀਂ ਸੰਗਤਾਂ ਨੂੰ ਆਦੇਸ਼

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.com
.