.

ਇੱਕਸਵੀਂ ਸਦੀ ਵਿੱਚ ਸਿੱਖ ਕੌਮ (ਮਰਦਾਂ) ਨੂੰ ਚਨੌਤੀਆਂ

Challenges faced by Sikhs in 21st century

ਸਾਡੇ ਜਿਆਦਾ ਤਰ ਦੁੱਖਾਂ ਦਾ ਕਾਰਣ ਅਸੀਂ ਆਪ ਹੀ ਹਾਂ। ਅਸੀਂ ਆਪਣੀਆਂ ਮੁਸ਼ਕਲਾਂ ਆਪ ਹੀ ਸਹੇੜਦੇ ਹਾਂ। ਕੋਈ ਦੂਸਰਾ ਦੇਣ ਵਾਸਤੇ ਨਹੀਂ ਆਉਂਦਾ। ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਔਕੜਾਂ ਗੁਰੂ ਸਾਹਿਬਾਂ ਤੇ ਵੀ ਆਈਆਂ। ਉਨ੍ਹਾਂ ਨੇ ਹਮੇਸ਼ਾਂ ਅਕਾਲ ਪੁਰਖੁ ਦਾ ਓਟ ਆਸਰਾ ਲਿਆ ਤੇ ਹੱਲ ਲੱਭ ਲਿਆ ਤੇ ਮੁਸ਼ਕਲਾਂ ਆਸਾਨ ਕਰ ਲਈਆਂ। ਗੁਰੂ ਸਾਹਿਬਾਂ ਦੇ ਸਮੇਂ ਤੋਂ ਬਾਅਦ, ਸਿੱਖਾਂ ਤੇ ਕਈ ਤਰ੍ਹਾਂ ਦੇ ਰਾਜਨੀਤਕ, ਸਮਾਜਕ, ਧਾਰਮਕ ਤੇ ਆਰਥਕ ਹਮਲੇ ਕੀਤੇ ਗਏ। ਜਿਸ ਨਾਲ ਸਿੱਖਾਂ ਦੀ ਮਾਨਸਕ ਸੋਚ ਬਦਲਣੀ ਸ਼ੁਰੂ ਹੋ ਗਈ ਤੇ ਸਿੱਖ ਕਮਜੋਰ ਹੁੰਦੇ ਗਏ। ਜਦੋਂ ਸਿੱਖ ਜੰਗਲਾਂ ਵਿੱਚ ਚਲੇ ਗਏ ਤਾਂ ਗੁਰਦੁਆਰਾ ਸਾਹਿਬ, ਮਹੰਤਾਂ ਤੇ ਡੇਰੇ ਵਾਲਿਆਂ ਦੇ ਹੱਥ ਆ ਗਏ। ਉਨ੍ਹਾਂ ਨੇ ਆਪਣੇ ਧੰਦੇ ਕਾਇਮ ਕਰਨ ਲਈ ਧਰਮ ਵਿੱਚ ਕਈ ਤਰ੍ਹਾਂ ਦੇ ਕਰਮ ਕਾਂਡ ਤੇ ਰਿਵਾਇਤਾ ਵਾਪਸ ਪਾ ਦਿਤੀਆਂ, ਜਿਨ੍ਹਾਂ ਨੂੰ ਗੁਰੂ ਸਾਹਿਬਾਂ ਨੇ ਬਾਹਰ ਕਢਿਆ ਸੀ। ਅੰਗਰੇਜ਼ਾਂ ਨੇ ਆਪਣੀਆਂ ਖ਼ੂਫੀਆ ਚਾਲਾਂ ਰਾਹੀਂ ਧਰਮ ਵਿੱਚ ਕਈ ਤਰ੍ਹਾਂ ਦੇ ਭੁਲੇਖੇ ਪਾ ਦਿੱਤੇ, ਸਿੱਖਾਂ ਦੀ ਗਿਣਤੀ ਘਟ ਕੇ ਕੁੱਝ ਕੁ ਲੱਖ ਰਹਿ ਗਈ। ਇਸ ਨੂੰ ਠੱਲ ਪਾਉਣ ਲਈ ਸਿੱਖੀ ਦਾ ਪ੍ਰਚਾਰ ਤੇ ਗੁਰਦੁਆਰਾ ਸੁਧਾਰ ਲਹਿਰ ਆਰੰਭ ਹੋਈ, ਜਿਸ ਵਿੱਚ ਕਈ ਸਿੱਖਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ। ਦਸਵੇਂ ਪਾਤਸ਼ਾਹ, ਗੁਰੂ ਗੋਬਿੰਦ ਸਿੰਘ ਨੇ ਆਪਣੇ ਹੁਕਮ ਰਾਹੀਂ ਸਿੱਖਾਂ ਨੂੰ ਜੁਗੋ ਜੁਗ ਅਟੱਲ ਗੁਰੁ ਗਰੰਥ ਸਾਹਿਬ ਦੇ ਲੜ ਲਾਇਆ ਸੀ।

ਦੋਹਰਾ: ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ॥ ਸਬ ਸਿਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ॥ ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾ ਕੀ ਦੇਹ॥ ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸਬਦ ਮੈ ਲੇਹ॥

ਇਸ ਦੋਹਰੇ ਨੂੰ ਅਸੀਂ ਪੜ੍ਹਦੇ ਤਾਂ ਰੋਜਾਨਾਂ ਹਾਂ, ਪਰ ਵਿਚਾਰ ਤੇ ਅਮਲ ਨਹੀਂ ਕਰਦੇ। ਨਤੀਜਾ ਇਹ ਹੋਇਆ ਕਿ ਸਿੱਖ, ਧਰਮੀ ਹੋਣ ਦੀ ਬਜਾਏ, ਕਰਮ ਕਾਂਡੀ ਬਣਨੇ ਸ਼ੁਰੂ ਹੋ ਗਏ ਹਨ। ਸਾਡੀ ਸੱਭ ਤੋਂ ਵੱਡੀ ਭੁੱਲ ਇਹ ਹੈ ਕਿ ਅਸਾਂ ਪਰਮਾਤਮਾ ਨੂੰ ਭੁਲਾ ਦਿੱਤਾ ਹੈ। ਜਿਸ ਕਰਕੇ ਅਸੀਂ ਆਪਣੇ ਦੁੱਖ ਸਹੇੜ ਲੈਂਦੇ ਹਾਂ।

ਕਤਿਕਿ ਕਰਮ ਕਮਾਵਣੇ ਦੋਸੁ ਕਾਹੂ ਜੋਗੁ॥ ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ (੧੩੫)

ਅੱਜਕਲ ਸਾਡੀਆਂ ਸਮਸਿਆਂਵਾਂ ਅਤੇ ਮਸਲੇ ਤਾਂ ਬਹੁਤ ਵਧ ਗਏ ਹਨ। ਧਾਰਮਿਕ, ਸਮਾਜਕ, ਰਾਜਨੀਤਕ, ਸਭਿਆਚਾਰਕ, ਸਦਾਚਾਰਕ, ਪਰਿਵਾਰਕ ਅਤੇ ਆਰਥਕ ਖੇਤਰ ਵਿਚ, ਅਸੀਂ ਆਪਣੀਆਂ ਸਮਸਿਆਂਵਾਂ ਦਾ ਕਾਰਨ ਆਪ ਹੀ ਬਣ ਗਏ ਹਾਂ। ਬਹੁਤ ਸਾਰੀਆ ਮੁਸ਼ਕਲਾਂ ਸਾਨੂੰ ਵਿਰਾਸਤ ਵਿੱਚ ਆਪਣੇ ਬਜੁਰਗਾਂ ਕੋਲੋਂ ਮਿਲੀਆਂ ਹਨ। ਸਾਨੂੰ ਚਾਹੀਦਾ ਸੀ ਕਿ ਉਨ੍ਹਾਂ ਮੁਸ਼ਕਲਾਂ ਨੂੰ ਹੱਲ ਕਰਦੇ ਤਾਂ ਜੋ ਆਉਂਣ ਵਾਲੀ ਪੀੜੀ ਲਈ ਸੁਖਾਵਾਂ ਹੋ ਸਕੇ। ਪਰ ਅਫਸੋਸ ਕਿ ਅਸੀਂ ਸੁਤੇ ਪਏ ਹਾਂ, ਮੁਸ਼ਕਲਾਂ ਘਟਾਣ ਦੀ ਬਜਾਏ ਉਨ੍ਹਾਂ ਵਿੱਚ ਵਾਧਾ ਕਰੀ ਜਾ ਰਹੇ ਹਾਂ। ਕਸੂਰ ਸਾਡਾ ਆਪਣਾ ਹੈ, ਕਿ ਅਸੀਂ ਆਪ ਜੁਗੋ ਜੁਗ ਅਟੱਲ ਗੁਰੁ ਗਰੰਥ ਸਾਹਿਬ ਤੋਂ ਦੂਰ ਹੁੰਦੇ ਜਾ ਰਹੇ ਹਾਂ, ਜਿਸ ਕਰਕੇ ਸਾਡੇ ਬੱਚੇ ਗੁਰਦੁਆਰਿਆਂ ਵਿੱਚ ਜਾਣਾਂ ਨਹੀਂ ਚਾਹੁੰਦੇ ਹਨ। ਅੱਜਕਲ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ ੧੦ ਤੋਂ ੪੦ ਸਾਲ ਦੀ ਉਮਰ ਦੇ ਵਿਰਲੇ ਹੀ ਵਿਖਾਈ ਦਿੰਦੇ ਹਨ, ਪਰ ਫਿਰ ਵੀ ਅਸੀਂ ਆਪਣਾ ਨੁਕਸ ਸਮਝਣ ਦੀ ਬਜਾਏ, ਬੱਚਿਆਂ ਦਾ ਕਸੂਰ ਕਢੀ ਜਾ ਰਹੇ ਹਾਂ। ਭਾਵੇਂ ਸਾਡੇ ਸਾਰੇ ਮਸਲੇ ਸਿੱਖ ਕੌਮ ਦੇ ਮਸਲੇ ਹੀ ਹਨ, ਪਰ ਉਨ੍ਹਾਂ ਦਾ ਅਸਰ ਜਿਆਦਾ ਤਰ ਮਰਦਾਂ ਉਪਰ ਸਿਧੇ ਤੌਰ ਤੇ ਹੋ ਰਿਹਾ ਹੈ। ਬਾਹਰਲੀਆਂ ਕੌਮਾਂ ਦਾ ਜੋਰ ਵੀ ਸਿੱਖ ਮਰਦ ਨੂੰ ਗਿਰਾਉਣ, ਬਦਨਾਮ ਕਰਨ ਤੇ ਉਸ ਦਾ ਮਨੋਬਲ ਡੇਗਣ ਤੇ ਲੱਗਾ ਹੋਇਆ ਹੈ। ਇਹੀ ਕਾਰਨ ਹੈ ਕਿ ਅੱਜ ਦੇ ਸਮੇਂ ਵਿੱਚ ਸਿੱਖ ਮਰਦਾਂ ਨੂੰ ਕਈ ਤਰ੍ਹਾਂ ਦੀਆਂ ਚਨੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਓ ਇਸ ਤਰ੍ਹਾਂ ਦੀਆਂ ਕੁੱਝ ਕੁ ਚਨੌਤੀਆਂ ਸਾਂਝੀਆਂ ਕਰੀਏ ਅਤੇ ਉਨ੍ਹਾਂ ਦੇ ਗੁਰਮਤਿ ਅਨੁਸਾਰ ਹੱਲ ਲੱਭਣ ਲਈ ਯਤਨ ਕਰੀਏ।

ਜਾਤ ਪਾਤ:

ਗੁਰੂ ਸਾਹਿਬਾਂ ਨੇ ਜਾਤ ਪਾਤ ਨੂੰ ਖਤਮ ਕੀਤਾ ਸੀ, ਅਸੀਂ ਆਪਸੀ ਹੱਦਾਂ ਆਪ ਬਣਾ ਲਈਆਂ ਹਨ। ਊਚ ਨੀਚ ਤੇ ਜਾਤ ਪਾਤ ਕਰਕੇ ਅਸੀਂ ਵੰਡੇ ਗਏ ਹਾਂ, ਆਪਸ ਵਿੱਚ ਹੀ ਨਹੀਂ, ਬਲਕਿ ਆਪਣੇ ਰਿਸ਼ਤੇਦਾਰਾਂ ਤੇ ਪਰਿਵਾਰ ਵਿੱਚ ਵੀ ਵੰਡੇ ਗਏ ਹਾਂ। ਸਿੱਖਾਂ ਦੀ ਚੜ੍ਹਦੀ ਕਲ੍ਹਾ ਤੇ ਕੁਰਬਾਨੀਆਂ ਤੋਂ ਪ੍ਰਭਾਵਿਤ ਹੋ ਕੇ ਕਈ ਹਿੰਦੂ ਪਰਿਵਾਰਾਂ ਨੇ ਆਪਣੇ ਇੱਕ ਪੁੱਤਰ ਨੂੰ ਸਿੱਖ ਬਣਾਉਣਾਂ ਸ਼ੁਰੂ ਕਰ ਦਿੱਤਾ ਸੀ, ਇਸ ਲਈ ਕਈਆਂ ਦੀਆਂ ਰਿਸ਼ਤੇਦਾਰੀਆਂ ਹਿੰਦੂਆਂ ਨਾਲ ਹੁੰਦੀਆਂ ਸਨ। ਇਸ ਲਈ ਜਾਤ ਪਾਤ ਪੂਰੀ ਤਰ੍ਹਾਂ ਗਈ ਨਹੀਂ। ਊਚ ਨੀਚ ਤੇ ਜਾਤ ਪਾਤ ਦੇ ਭੇਦ ਭਾਵ, ਗੁਰਦੁਆਰਿਆਂ ਵਿੱਚ ਵੀ ਵੜ ਗਏ ਹਨ। ਆਪਸੀ ਤਨਾਵ ਪੈਦਾ ਹੋ ਗਏ ਹਨ, ਜੋ ਕਿ ਸਿੱਖਾਂ ਲਈ ਇੱਕ ਬਹੁਤ ਵੱਡੀ ਚਨੌਤੀ ਬਣ ਗਏ ਹਨ। ਜਾਤ ਪਾਤ ਇਸ ਲਈ ਹੈ ਕਿ ਮਨ ਵਿੱਚ ਹਉਮੈ ਹੈ। ਹਉਮੈ ਵਾਲੇ ਅਕਸਰ ਡਿੱਗਦੇ ਹਨ, ਪਰ ਸੁਚੇਤ ਨਹੀਂ ਹੁੰਦੇ ਹਨ। ਇਸ ਦਾ ਇਲਾਜ ਸਿਰਫ ਗੁਰੂ ਸਾਹਿਬ ਦਾ ਦਸਿਆ ਗਾਡੀ ਰਾਹ ਹੀ ਹੈ ਜੋ ਕਿ ਗੁਰਬਾਣੀ ਵਿੱਚ ਸ਼ੁਸ਼ੋਭਿਤ ਹੈ।

ਜਾਤਿ ਕਾ ਗਰਬੁ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ ੧॥ ਰਹਾਉ (੧੧੨੭-੧੧੨੮)

ਰਾਜਨੀਤਕ ਪਾਰਟੀਆਂ ਨਿਜੀ ਲਾਭ ਲਈ ਨੀਵੀਆਂ ਜਾਤਾਂ ਵਾਸਤੇ ਮੰਗਾਂ ਪੇਸ਼ ਕਰਦੇ ਹਨ, ਪਰ ਉਹ ਨੀਵੀਆਂ ਜਾਤਾਂ ਨੂੰ ਬਰਾਬਰੀ ਨਹੀਂ ਦਿੰਦੇ ਹਨ, ਕਿਉਕਿ ਨੀਵਿਆਂ ਨੂੰ ਉਪਰ ਨਾ ਉਠਣ ਦੇਣਾ ਉਨ੍ਹਾਂ ਦੀ ਰਾਜਨੀਤਕ ਚਾਲ ਵੀ ਹੈ। ਪਿੰਡਾਂ ਵਿੱਚ ਕਈ ਲੋਕ ਮਜਬੀ ਸਿੱਖਾਂ ਨੂੰ ਅੰਦਰ ਨਹੀਂ ਵੜਨ ਨਹੀਂ ਦਿੰਦੇ ਹਨ। ਅੰਦਰ ਹੋਰ ਤੇ ਬਾਹਰ ਹੋਰ ਵਾਲੇ ਕੰਮ ਨਹੀਂ ਚਲ ਸਕਦੇ ਹਨ। ਅਸੀਂ ਸਾਰੇ ਮਜਬੀ ਸਿੱਖ ਤੇ ਸਹਿਜਧਾਰੀ ਦੂਰ ਕਰ ਦਿਤੇ ਹਨ। ਸਾਰੀਆਂ ਚਨੌਤੀਆਂ ਦਾ ਮੂਲ ਕਾਰਨ ਊਚ ਨੀਚ ਤੇ ਜਾਤ ਪਾਤ ਹੈ, ਜਿਸ ਕਰਕੇ ਆਪਸੀ ਏਕਤਾ ਖਤਮ ਹੋ ਗਈ ਹੈ। ਅਸੀਂ ਆਪਣਾ ਸਾਂਝਾ ਕੇਂਦਰ ਨਹੀਂ ਬਣਾ ਸਕੇ ਹਾਂ, ਸਿੱਖਾਂ ਦੀ ਕੋਈ ਮਸ਼ਹੂਰ ਸੰਨਤ ਨਹੀਂ, ਵੱਡਾ ਹਸਪਤਾਲ ਨਹੀਂ, ਯੂਨੀਵਰਸਟੀ ਨਹੀਂ, ਸਕੂਲ ਜਾਂ ਕਾਲਜ ਨਹੀਂ। ਵੱਖ ਵੱਖ ਜਾਤਾਂ ਵਾਲੇ ਗੁਰਦੁਆਰਾ ਸਾਹਿਬ ਤਾਂ ਬਹੁਤ ਮਿਲਣਗੇ, ਪਰ ਜਿਥੇ ਗੁਰਮਤਿ ਦੀ ਸਿਖਲਾਈ ਦਿੱਤੀ ਜਾਂਦੀ ਹੈ, ਉਹ ਵਿਰਲਾ ਹੀ ਮਿਲੇਗਾ।

ਕਿਸੇ ਵੀ ਗੁਰੂ ਸਾਹਿਬ ਜਾਂ ਉਨ੍ਹਾਂ ਦੇ ਸਮੇਂ ਕਿਸੇ ਵੀ ਸਿੱਖ ਨੇ ਆਪਣੇ ਨਾਮ ਨਾਲ ਜਾਤ ਨਹੀਂ ਵਰਤੀ ਹੈ ਤਾਂ ਫਿਰ ਅਸੀਂ ਕਿਉਂ ਆਪਣੇ ਨਾਮ ਨਾਲ ਜਾਤ ਜਾਂ ਗੋਤ ਲਾਉਂਦੇ ਹਾਂ। ਨਾਮ ਨਾਲ ਜਾਤ ਜਾਂ ਗੋਤ ਲਾਉਂਣਾ ਹਉਮੈਂ ਦਾ ਪ੍ਰਤੀਕ ਹੈ, ਜਿਸ ਦਾ ਰਿਵਾਜ ੧੯੪੭ ਤੋਂ ਬਾਅਦ ਬਹੁਤ ਤੇਜੀ ਨਾਲ ਵਧਿਆ ਹੈ। ਜੇ ਕਰ ਜਾਤ ਪਾਤ ਤੋਂ ਛੁਟਕਾਰਾ ਪਾਉਂਣਾਂ ਹੈ ਤਾਂ ਆਪਣੇ ਨਾਮ ਨਾਲੋਂ ਜਾਤ ਤਿਆਗਣੀ ਪਵੇਗੀ, ਗੁਰਦੁਆਰਿਆਂ ਵਿੱਚ ਲਿਖਣ ਤੇ ਬੋਲਣ ਸਮੇਂ ਜਾਤ ਵਰਤਣੀ ਬੰਦ ਕਰਨੀ ਪਵੇਗੀ, ਰਿਸ਼ਤਾ ਜੋੜਨ ਵੇਲੇ ਜਾਤ ਦੀ ਬਜਾਏ ਇਹ ਪੁਛਣਾਂ ਪਵੇਗਾ ਕਿ ਅੰਦਰ ਸਿੱਖੀ ਕਿਨੀ ਕੁ ਹੈ।

ਇਸਤਰੀਆਂ ਨੂੰ ਨੀਵਾਂ ਗਿਣਨਾਂ:

ਬੰਦੇ ਦੀ ਪਛਾਣ ਬੰਦੇ ਵਿੱਚ ਹੈ। ਬਾਣੀ ਵਿੱਚ ਲਿੰਗ ਤੇ ਜੋਰ ਨਹੀਂ ਹੈ, ਇਤਿਹਾਸ ਨੇ ਸਿੰਘ ਸਿੰਘਣੀਆਂ ਬਣਾ ਦਿਤਾ। ਗੁਰਬਾਣੀ ਇਸ ਨੂੰ ਪਰਵਾਨ ਨਹੀਂ ਕਰਦੀ ਹੈ।

ਇਸੁ ਜਗ ਮਹਿ ਪੁਰਖੁ ਏਕੁ ਹੈ ਹੋਰ ਸਗਲੀ ਨਾਰਿ ਸਬਾਈ॥

ਅੱਜ ਦੇ ਜਿਆਦਾ ਤਰ ਮਰਦ ਪ੍ਰਧਾਨ ਪਰਿਵਾਰਾਂ ਵਿੱਚ ਇਸਤਰੀਆਂ ਦਾ ਸਤਿਕਾਰ ਨਹੀਂ ਹੈ, ਸਿੱਖ ਧਰਮ ਅਨੁਸਾਰ ਮਨੁੱਖਤਾ ਦੇ ਵਿਕਾਸ ਲਈ ਇਸਤਰੀ ਦਾ ਮਾਨ ਤੇ ਸਤਿਕਾਰ ਬਹੁਤ ਜਰੂਰੀ ਹੈ।

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥ (੪੭੩)

ਇਸਤਰੀ ਪਰਵਾਰ ਦੀ ਪਰਫੁੱਲਤਾ ਲਈ ਇੱਕ ਜਰੂਰੀ ਹਿਸਾ ਹੈ, ਪਰ ਉਸ ਨੂੰ ਅੱਗੇ ਆਉਣ ਨਹੀਂ ਦਿਤਾ ਗਿਆ। ਜੇ ਕਰ ਨਾਰੀ ਦਾ ਵਿਕਾਸ ਨਹੀਂ ਹੋ ਰਿਹਾ ਹੈ ਤਾਂ ਚੰਗੇ ਬੱਚੇ ਤੇ ਬੱਚੀਆਂ ਦੀ ਘਾੜਤ ਕਿਸ ਤਰ੍ਹਾਂ ਹੋ ਸਕਦੀ ਹੈ, ਪਰਿਵਾਰ ਤੇ ਆਉਂਣ ਵਾਲੀ ਪਨੀਰੀ ਕਿਸ ਤਰ੍ਹਾਂ ਅੱਗੇ ਵਧ ਸਕੇਗੀ।। ਕੁਦਰਤ ਅਨੁਸਾਰ ਤਾਂ ਇਸਤਰੀਆਂ ਦੀ ਗਿਣਤੀ ਮਰਦਾ ਦੇ ਬਰਾਬਰ (1000:1000) ਹੋਣੀ ਚਾਹੀਦੀ ਹੈ, ਪਰ ਪੰਜਾਬ ਵਿੱਚ ਇਹ ਘਟ ਕੇ 1000:874 ਰਹਿ ਗਈ ਹੈ। 6 ਸਾਲ ਤੋਂ ਘਟ ਵਾਲੀ ਉਮਰ ਵਿੱਚ ਤਾਂ ਇਹ ਸਿਰਫ 1000:793 ਹੀ ਰਹਿ ਗਈ ਹੈ, ਜੋ ਕਿ ਭਵਿੱਖ ਵਿੱਚ ਬਹੁਤ ਖਤਰਨਾਕ ਸਾਬਤ ਹੋ ਸਕਦੀ ਹੈ। ਇਹ ਸਭ ਭਰੂਨ ਹੱਤਿਆ ਦਾ ਨਤੀਜਾ ਹੈ, ਜਿਸ ਨੂੰ ਗੁਰਮਤਿ ਬਿਲਕੁਲ ਪ੍ਰਵਾਨ ਨਹੀਂ ਕਰਦੀ ਹੈ। ਇਥੋਂ ਤਕ ਕਿ ਕੁੜੀਮਾਰ ਨਾਲ ਸਬੰਧ ਤੋੜ ਦੇਣ ਦੀ ਸਖਤ ਤਾਕੀਦ ਹੈ।

ਸਿੱਖਾਂ ਦੀ ਗਿਣਤੀ ਭਾਰਤ ਵਿੱਚ 1.9% ਹੈ ਤੇ ਦੁਨੀਆਂ ਵਿੱਚ ਸਿਰਫ 0.38% ਹੈ। ਸਿੱਖ ਬਾਹਰਲੇ ਦੇਸਾਂ ਵਿੱਚ ਰੁਜਗਾਰ ਲਈ ਗਏ, ਆਪਣੇ ਆਰਥਕ ਸੁਧਾਰ ਲਈ ਤਾਂ ਬਹੁਤ ਮਿਹਨਤ ਕੀਤੀ, ਪਰ ਧਰਮ ਨੂੰ ਆਪਣੇ ਆਪ ਵਿੱਚ ਤੇ ਦੂਸਰਿਆਂ ਤਕ ਫੈਲਾਉਣ ਲਈ ਬਹੁਤ ਘਟ ਉਪਰਾਲੇ ਕੀਤੇ। ਇੰਗਲੈਡ ਦੇ ਸਰਵੇ ਮੁਤਾਬਕ ਸਿੱਖਾਂ ਦੀ ਗਿਣਤੀ 0.6% ਹੈ ਅਤੇ ਇਨ੍ਹਾਂ ਵਿਚੋਂ 23% ਸਿੱਖ ਅਨਪੜ੍ਹ ਹਨ। ਚਾਹੀਦਾ ਤਾਂ ਸੀ ਕਿ ਉੱਚੀ ਸਿਖਿਆ ਲੈ ਕੇ ਅੱਗੇ ਵਧਦੇ ਤੇ ਧਰਮ ਨੂੰ ਅੱਗੇ ਲੈ ਕੇ ਜਾਂਦੇ, ਪਰ ਇਹ ਸੋਚ ਬਹੁਤ ਘਟ ਲੋਕਾਂ ਵਿੱਚ ਹੈ। ਇੰਗਲੈਡ ਦੇ ਸਿਹਤ ਦੇ ਸਰਵੇ ਅਨੁਸਾਰ 10% ਸਿੱਖ ਮਰਦਾਂ ਦੀ ਤੇ 14% ਸਿੱਖ ਬੀਬੀਆਂ ਦੀ ਸਿਹਤ ਠੀਕ ਨਹੀਂ ਹੈ। ਇਹ ਗਿਣਤੀ ਹੋਰਨਾਂ ਕੌਮਾਂ ਦੇ ਮੁਕਾਬਲੇ 3-4% ਜਿਆਦਾ ਹੈ। ਇਹ ਸਭ ਕੁੱਝ ਅਗਿਆਨਤਾ ਦਾ ਨਤੀਜਾ ਹੈ। ਜਦ ਕਿ ਹਰੇਕ ਸਿੱਖ ਲਈ ਭਾਵੇਂ ਕਿਸੇ ਵੀ ਉਮਰ ਦਾ ਹੋਵੇ ਪੜ੍ਹਿਆ ਲਿਖਿਆ ਤੇ ਗਿਆਨਵਾਨ ਹੋਣਾ ਜਰੂਰੀ ਹੈ।

ਗੁਰਮੁਖਿ ਬੁਢੇ ਕਦੇ ਨਾਹੀ ਜਿਨ੍ਹ੍ਹਾ ਅੰਤਰਿ ਸੁਰਤਿ ਗਿਆਨੁ॥ (੧੪੧੮)

ਜਪੁਜੀ ਸਾਹਿਬ ਵਿੱਚ ਧਰਮ ਖੰਡ ਤੋਂ ਬਾਅਦ ਗਿਆਨ ਖੰਡ ਦੀ ਅਵਸਥਾ ਦਾ ਜਿਕਰ ਹੈ। ਜੇ ਕਰ ਗਿਆਨ ਖੰਡ ਵਿੱਚ ਹੀ ਨਹੀਂ ਪਹੁੰਚੇ ਤਾਂ ਸਰਮ ਖੰਡ, ਕਰਮ ਖੰਡ ਤੇ ਸਚ ਖੰਡ ਤਕ ਕਿਸ ਤਰ੍ਹਾਂ ਪਹੁੰਚ ਸਕਦੇ ਹਾਂ। ਬੱਚਿਆਂ ਦੀ ਘਾੜਤ ਇਸਤਰੀਆਂ ਦੇ ਹੱਥ ਵਿੱਚ ਹੈ। ਇਸ ਲਈ ਜੇ ਕਰ ਲਾਇਕ ਤੇ ਗੁਣਵਾਨ ਬੱਚੇ ਬਣਾਉਂਣਾਂ ਚਾਹੁੰਦੇ ਹਾਂ ਤਾਂ ਪਰਿਵਾਰਾਂ ਵਿੱਚ ਇਸਤਰੀਆਂ ਦਾ ਸਤਿਕਾਰ ਕਰਨਾ ਪਵੇਗਾ, ਇਸਤਰੀ ਦਾ ਵਿਕਾਸ ਕਰਨਾ ਲਈ ਉਸ ਦੇ ਗਿਆਨ ਵਿੱਚ ਵਾਧਾ ਕਰਨਾ ਪਵੇਗਾ, ਉਸ ਦੀ ਸੋਚ ਤੇ ਮਨੋਬਲ ਉੱਚਾ ਕਰਨਾ ਪਵੇਗਾ।

ਵਿਖਾਵਾ:

ਹਰੇਕ ਚੀਜ਼ ਇੱਕ ਤਰ੍ਹਾਂ ਦੀ ਹੀ ਹੋਵੇ ਇਹ ਮਨੁੱਖ ਨੂੰ ਪਸੰਦ ਨਹੀਂ, ਇਸ ਲਈ ਬਦਲਣ ਨੂੰ ਮਨ ਕਰਦਾ ਹੈ। ਵਿਹਾਰਿਕ ਜਿੰਦਗੀ ਵਿੱਚ ਜਰੂਰੀ ਨਹੀਂ ਕਿ ਪੁਸ਼ਾਕ ਤੇ ਖਾਣਾਂ ਇੱਕ ਹੀ ਹੋਵੇ। ਕਛਹਿਰੇ ਤੇ ਦਸਤਾਰ ਆਦਿ ਦਾ ਰੰਗ ਇੱਕ ਨਹੀਂ ਕੀਤਾ ਜਾ ਸਕਦਾ ਹੈ। ਇਸ ਦਾ ਇਹ ਭਾਵ ਨਹੀਂ ਕਿ ਮਨ ਪਿਛੇ ਲਗ ਕੇ ਕੁੱਝ ਵੀ ਕਰੀ ਜਾਈਏ, ਆਪਣੀ ਆਮਦਨ ਤੇ ਲੋੜ ਅਨੁਸਾਰ ਖਰਚੇ ਨੂੰ ਸੀਮਤ ਕਰਨਾ ਹੈ। ਅੰਦਰੋਂ ਤਾਂ ਭਾਵੇਂ ਅਸੀਂ ਖੋਖਲੇ ਹੋਈਏ ਪ੍ਰੰਤੂ ਬਾਹਰੀ ਵਿਖਾਵੇ ਤੇ ਬਹੁਤ ਜੋਰ ਦਿੰਦੇ ਹਾਂ। ਵਿਆਹ ਤੇ ਖਰਚੇ, ਘਰ ਵਿੱਚ ਸਜਾਵਟ, ਕੋਈ ਵੀ ਮਾਰਕੀਟ ਵਿੱਚ ਨਵੀਂ ਚੀਜ਼ ਆਵੇ ਉਹ ਦੂਸਰਿਆਂ ਨੂੰ ਵਿਖਾਉਣ ਲਈ ਪਹਿਲਾਂ ਲੈਣੀ, ਔਰਤਾਂ ਦਾ ਸਜਾਵਟ ਤੇ ਜੋਰ, ਤਰ੍ਹਾਂ ਤਰ੍ਹਾਂ ਦੇ ਡੈਕੋਰੇਸ਼ਨ ਪੀਸ, ਕਪੜੇ, ਗਹਿਣੇ, ਆਦਿ ਦੀ ਕੋਈ ਸੀਮਾ ਨਹੀਂ। ਵਿਆਹ ਵਿੱਚ ਨੱਕ ਉੱਚਾ ਰੱਖਣ ਲਈ ਫਾਲਤੂ ਖਰਚੇ ਕੀਤੇ ਜਾਂਦੇ ਹਨ, ਮਰਦ ਸ਼ਰਾਬਾਂ ਵਿੱਚ ਡੁੱਬੇ ਰਹਿੰਦੇ ਹਨ ਤੇ ਔਰਤਾ ਆਪਣੇ ਆਪ ਨੂੰ ਗਹਿਣਿਆਂ ਨਾਲ ਲੱਦ ਲੈਂਦੀਆਂ ਹਨ। ਜਿਹੜੀ ਮਾਇਆ ਧਰਮ ਤੇ ਮਨੁੱਖਤਾ ਦੇ ਵਿਕਾਸ ਲਈ ਵਰਤਣੀ ਸੀ, ਅੱਜ ਉਹ ਝੂਠੇ ਵਿਖਾਵੇ ਲਈ ਬਰਬਾਦ ਕੀਤੀ ਜਾ ਰਹੀ ਹੈ। ਜਿਸ ਦਾਜ਼ ਦੀ ਬੀਮਾਰੀ ਨੂੰ ਗੁਰੂ ਸਾਹਿਬ ਨੇ ਖਤਮ ਕੀਤਾ ਸੀ, ਉਹ ਦੁਬਾਰਾ ਬੜੇ ਜੋਰ ਨਾਲ ਆ ਰਹੀ ਹੈ। ਸਾਨੂੰ ਆਪਣੇ ਆਪ ਨੂੰ ਪੁਛਣਾਂ ਪਵੇਗਾ ਕਿ ਗੁਰੂ ਸਾਹਿਬ ਨੇ ਕਿਹੜਾ ਦਾਜ ਦੇਣ ਲਈ ਕਿਹਾ ਹੈ? ਤੇ ਅੱਜ ਕੱਲ ਦੇ ਮਾਤਾ ਪਿਤਾ ਲੜਕੇ ਤੇ ਲੜਕੀ ਨੂੰ ਕਿਹੜਾ ਦਾਜ ਦਿੰਦੇ ਹਨ?

“ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ॥ ਹਰਿ ਕਪੜੋ ਹਰਿ ਸੋਭਾ ਦੇਵਹੁ ਜਿਤੁ ਸਵਰੈ ਮੇਰਾ ਕਾਜੋ॥” (੭੮-੭੯)

ਜੇ ਕਰ ਪਰਵਾਰ ਦੀ ਬੁਨਿਆਦ ਹੀ ਲਾਲਚ ਤੇ ਝੂਠੇ ਵਿਖਾਵੇ ਤੇ ਖੜੀ ਕਰਾਂਗੇ ਤਾਂ ਸਫਲ ਸਮਾਜ ਕਿਸ ਤਰ੍ਹਾਂ ਬਣਾ ਸਕਾਂਗੇ। ਆਪਸੀ ਸਾਂਝ ਤੇ ਵਿਚਾਰਧਾਰਾ ਵਿੱਚ ਇਕਸਾਰਤਾ ਹੋਣ ਦੀ ਕਮੀ ਕਰਕੇ ਪਰਿਵਾਰਾਂ ਵਿੱਚ ਬਖੇੜਾ ਹੋ ਰਿਹਾ ਹੈ। ਕੋਈ ਵਿਰਲਾ ਹੀ ਪਰਿਵਾਰ ਹੋਵੇਗਾ, ਜਿਸ ਵਿੱਚ ਪਤੀ, ਪਤਨੀ ਤੇ ਬੱਚਿਆਂ ਦੀ ਆਪਸ ਵਿੱਚ ਬਣਦੀ ਹੈ। ਇਨ੍ਹਾਂ ਸਭ ਦਾ ਕਾਰਨ ਹਉਮੈ ਲਾਲਚ ਤੇ ਝੂਠਾ ਵਿਖਾਵਾ ਹੀ ਹੈ। ਜੇ ਕਰ ਸੁਖੀ ਜੀਵਨ ਚਾਹੁੰਦੇ ਹਾਂ ਤਾਂ ਸਾਨੂੰ ਆਪਣੇ ਹਉਮੈ ਤੇ ਕਾਬੂ ਪਾਉਂਣ ਲਈ ਲਾਲਚ ਤੇ ਝੂਠਾ ਵਿਖਾਵਾ ਛੱਡਣਾ ਪਵੇਗਾ।

ਸਾਨੂੰ ਸਮਾਜ ਵਿੱਚ ਇਕੱਠੇ ਹੋ ਕੇ ਰਹਿੰਣਾ ਹੈ, ਇਸ ਲਈ ਏਕਤਾ ਦੀ ਲੋੜ ਹੈ। ਹਰੇਕ ਆਪਣੀ ਮਨ ਮਰਜ਼ੀ ਅਨੁਸਾਰ ਕਰੇ, ਉਸ ਨਾਲ ਏਕਤਾ ਨਹੀਂ ਹੋ ਸਕਦੀ ਹੈ। ਜੇ ਫੌਜ਼ ਨੂੰ ਇੱਕ ਅਨੁਸ਼ਾਸਨ ਦੀ ਲੋੜ ਹੈ ਤਾਂ ਖ਼ਾਲਸੇ (ਅਕਾਲ ਪੁਰਖੁ ਕੀ ਫੌਜ਼) ਲਈ ਵੀ ਅਨੁਸ਼ਾਸਨ ਤੇ ਸਮਾਜਕ ਇਕਸਾਰਤਾ ਜਰੂਰੀ ਹੈ। ਗੁਰੂ ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿੱਚ ਵੱਖ ਵੱਖ ਇਲਾਕਿਆਂ ਦੀਆਂ ਕਈ ਬੋਲੀਆਂ ਵਰਤੀਆਂ, ਪਰ ਇਕਸਾਰਤਾ ਰੱਖਣ ਲਈ ਲਿਪੀ ਇੱਕ ਹੀ ਵਰਤੀ। ਅਨੰਦ ਕਾਰਜ ਸਿੱਖ ਸਮਾਜ ਦੇ ਵਿਕਾਸ ਲਈ ਜਰੂਰੀ ਹੈ, ਇਸ ਲਈ ਇਸ ਵਿੱਚ ਵੀ ਇਕਸਾਰਤਾ ਚਾਹੀਦੀ ਹੈ। ਅਰਦਾਸ, ਅਨੰਦ ਕਾਰਜ, ਪਾਠ, ਨਿਤਨੇਮ ਦੀਆਂ ਰਿਵਾਇਤਾਂ ਇੱਕ ਹੋਣੀਆਂ ਚਾਹੀਦੀਆਂ ਹਨ। ਜਿਹੜਾ ਸੋਸਾਇਟੀ ਨੂੰ ਇਕੱਠਾ ਕਰਨ ਲਈ ਚਾਹੀਦਾ ਹੈ, ਉਥੇ ਏਕਤਾ ਦੀ ਲੋੜ ਹੈ। ਇਸੇ ਲਈ ਰਹਿਤ ਮਰਯਾਦਾ ਵਿੱਚ ਇੱਕ ਸਿੱਖ ਬੱਚੀ ਦਾ ਅਨੰਦ ਕਾਰਜ ਸਿੱਖ ਬੱਚੇ ਨਾਲ ਹੀ ਪ੍ਰਵਾਨ ਕੀਤਾ ਗਿਆ ਹੈ।

ਗੁਰਦੁਆਰਿਆਂ ਦੀ ਹਾਲਤ:

ਲੋਕ ਗੁਰਦੁਆਰੇ ਜਾਂਦੇ ਹਨ ਤਾਂ ਜੋ ਮਨ ਦੀ ਸ਼ਾਂਤੀ ਮਿਲ ਜਾਵੇ। ਜੇਕਰ ਗੁਰਦੁਆਰਿਆਂ ਵਿੱਚ ਹੀ ਮਾਇਆ ਦਾ ਪਸਾਰਾ ਚਲ ਰਿਹਾ ਹੈ ਤਾਂ ਲੋਕੀ ਕਿਥੇ ਜਾਣਗੇ। ਅੱਜਕਲ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਜਿਆਦਾ ਤਰ ਮਰਦਾਂ ਦੇ ਹੱਥ ਵਿੱਚ ਹਨ ਤੇ ਉਨ੍ਹਾਂ ਦਾ ਬੁਰਾ ਹਾਲ ਹੈ। ਕੁੱਝ ਲੋਕ ਇਨ੍ਹਾਂ ਨੂੰ ਡਿਕਟੇਟਰਾਂ ਵਾਂਗੂ ਆਪਣੀ ਜੱਦੀ ਜਾਇਦਾਦ ਸਮਝ ਕੇ ਚਲਾਂਦੇ ਹਨ। ਪ੍ਰਬੰਧਕ ਕਮੇਟੀਆਂ ਵਿੱਚ ਕੁੱਝ ਕੁ ਬੁਧੀ ਜੀਵ ਜਾਂ ਵਿਚਾਰਵਾਨ ਵੀ ਮਿਲਦੇ ਹਨ, ਪਰ ਉਨ੍ਹਾਂ ਦੀ ਕੋਈ ਸੁਣਦਾ ਨਹੀਂ। ਇਹ ਇੱਕ ਵੱਡੀ ਮੁਸ਼ਕਲ ਬਣ ਰਹੀ ਹੈ। ਗੁਰਦੁਆਰਿਆਂ ਵਿੱਚ ਆਪਸੀ ਲੜਾਈ ਦਾ ਕਾਰਨ ਵੀ ਜਾਤ ਪਾਤ, ਹਉਮੈ, ਲਾਲਚ ਤੇ ਵਿਖਾਵਾ ਹੀ ਹੈ।

ਮਾਇਆ ਡਰ ਡਰਪਤ ਹਾਰ ਗੁਰਦੁਅਰੈ ਜਾਵੈ। ਤਹਾ ਜਉ ਮਾਇਆ ਬਿਆਪੈ ਕਹਾ ਠਹਰਾਈਐ॥ ੫੪੪॥

ਸਿੱਖ ਧਰਮ ਕਿਰਤੀਆਂ ਤੇ ਗਰੀਬਾਂ ਦਾ ਧਰਮ ਹੈ। ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਅਮੀਰੀ ਚਾਹੁੰਦੀਆਂ ਹਨ। ਬਾਹਰੀ ਸਜਾਵਟਾ ਤੇ ਚੌਧਰ ਵਖਾਉਣ ਵਾਲੇ ਪ੍ਰੋਗਰਾਮਾਂ ਉਪਰ ਤਾਂ ਬਹੁਤ ਖਰਚੇ ਹੋਣਗੇ ਪਰ ਨਵੀਂ ਪਨੀਰੀ ਦੀ ਗੁਰਮਤਿ ਸਿਖਲਾਈ ਤੇ ਤਾਂ 1% ਤੋਂ ਵੀ ਘੱਟ ਖਰਚਾ ਕੀਤਾ ਜਾਂਦਾ ਹੈ। ਇਹੀ ਕਾਰਨ ਹੈ ਕਿ ਗੁਰਦੁਆਰਾ ਸਾਹਿਬ ਦੇ ਹਾਲ ਵਿੱਚ 40 ਸਾਲ ਤੋਂ ਘਟ ਉਮਰ ਵਾਲਾ ਕੋਈ ਵਿਰਲਾ ਹੀ ਦਿਖਾਈ ਦਿੰਦਾਂ ਹੈ।

ਜੇ ਮਿਸਲਾਂ ਦੀ ਆਪਸ ਵਿੱਚ ਮਤਭੇਦ ਜਾਂ ਲੜਾਈ ਹੁੰਦੀ ਸੀ ਤਾਂ ਉਹ ਵਿਸਾਖੀ ਤੇ ਦਿਵਾਲੀ ਦੇ ਦਿਨ ਸਰਬੱਤ ਖਾਲਸਾ ਦੇ ਰੂਪ ਵਿਚ, ਅਕਾਲ ਤੱਖਤ ਸਾਹਿਬ ਮਿਲਦੇ ਸਨ। ਅਕਾਲ ਤੱਖਤ ਸਾਹਿਬ ਫੈਸਲੇ ਹੁੰਦੇ ਸਨ, ਲੜਾਈਆਂ ਝਗੜੇ ਬੰਦ ਕੀਤੇ ਜਾਂਦੇ ਸਨ ਤੇ ਸਾਰੇ ਸਾਂਝੇ ਹੁਕਮ ਨੂੰ ਮੰਨਦੇ ਸਨ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਸਰਬੱਤ ਖਾਲਸਾ ਦੇ ਰੂਪ ਵਿੱਚ ਇਕੱਠ ਹੋਣਾ ਬੰਦ ਹੋ ਗਿਆ।

ਗੁਰਦੁਆਰਾ ਸਾਹਿਬ ਦੀਆਂ ਮੀਟਿੰਗਾਂ ਦੌਰਾਨ ਆਪਸ ਵਿੱਚ ਬੇਹਤਰੀ ਲਈ ਵਿਚਾਰ ਵਟਾਂਦਰਾ ਬਹੁਤ ਘਟ ਹੁੰਦਾਂ ਹੈ, ਜਿਸ ਕਰਕੇ ਮੀਟਿੰਗਾਂ ਵਿੱਚ ਆਪਸੀ ਝਗੜੇ ਵੇਖਣ ਵਿੱਚ ਆਉਂਦੇ ਹਨ। ਮੀਟਿੰਗ ਕਿਸੇ ਪਹਿਲਾਂ ਸੋਚੇ ਵਿਸ਼ਿਆਂ ਤੇ ਹੋਣ ਦੀ ਬਜਾਏ ਵਿੱਚ ਹੀ ਭਟਕ ਜਾਂਦੀ ਹੈ, ਕਿਉਕਿ ਦੂਸਰੇ ਦੀ ਗਲ ਸੁਣਨ ਤੋਂ ਬਿਨਾ ਹੀ ਜਿਆਦਾ ਤਰ ਲੋਕ ਆਪਣਾ ਨਵਾਂ ਵਿਸ਼ਾ ਆਰੰਭ ਕਰ ਦਿੰਦੇ ਹਨ। ਗੁਰੂ ਨਾਨਕ ਸਾਹਿਬ ਦੂਸਰਿਆ ਨਾਲ ਸੰਬੰਧ ਕਾਇਮ ਕਰਨ ਲਈ ਉਨ੍ਹਾਂ ਕੋਲ ਦੁਨੀਆਂ ਦੇ ਹਰੇਕ ਕੋਨੇ ਤੇ ਗਏ। ਗੁਰੂ ਸਾਹਿਬ ਨੇ ਪੰਗਤ ਆਰੰਭ ਕੀਤੀ ਤਾਂ ਜੋ ਆਪਸੀ ਦੂਰੀ ਖਤਮ ਕੀਤੀ ਜਾ ਸਕੇ। ਜਾਤ ਪਾਤ ਦੀ ਕੈਂਸਰ ਖਤਮ ਕੀਤੀ ਤਾਂ ਜੋ ਹਉਮੈ ਨੂੰ ਕਾਬੂ ਕੀਤਾ ਜਾ ਸਕੇ। ਜੇ ਕਰ ਅਸੀਂ ਆਪਣੇ ਮਸਲੇ ਹੱਲ ਕਰਨਾ ਚਾਹੁੰਦੇ ਹਾਂ ਤਾਂ ਆਪਸ ਵਿੱਚ ਗਲਬਾਤ ਕਰਨੀ ਪਵੇਗੀ, ਦੂਸਰੇ ਦੀ ਗਲ ਧਿਆਨ ਨਾਲ ਸੁਣਨੀ ਪਵੇਗੀ, ਗੁਰਮਤਿ ਅਨੁਸਾਰ ਸਾਂਝ ਪੈਦਾ ਕਰਨੀ ਪਵੇਗੀ, ਆਪਣਾ ਹਉਮੈ ਤਿਆਗਣਾ ਪਵੇਗਾ, ਤਾਂ ਹੀ ਸਾਂਝੀਵਾਲਤਾ ਪੈਦਾ ਕਰਕੇ ਤਰੱਕੀ ਵੱਲ ਜਾ ਸਕਦੇ ਹਾਂ।

ਪ੍ਰਬੰਧਕਾ ਅਤੇ ਲੋਕਾਂ ਵਿੱਚ ਆਪਸੀ ਤਾਲਮੇਲ ਦੀ ਕਮੀਂ:

ਲੋਕ ਸੰਪਰਕ ਅਤੇ ਪਰਸਾਰ ਸੰਬੰਧੀ ਪ੍ਰਬੰਧਕਾ ਤੇ ਸੰਗਤ ਨੂੰ ਕੋਈ ਸਿਖਲਾਈ ਨਹੀਂ ਦਿੱਤੀ ਜਾਂਦੀ ਹੈ। ਜੇ ਕਰ ਪ੍ਰਬੰਧਕ ਲੋਕਾਂ ਦੀ ਬਿਰਤੀ ਨੂੰ ਨਹੀਂ ਸਮਝ ਸਕਦੇ ਹਨ ਤਾਂ ਉਨ੍ਹਾਂ ਨੂੰ ਕਿਸ ਤਰ੍ਹਾਂ ਨਾਲ ਲੈ ਸਕਣਗੇ। ਜਿਆਦਾ ਤਰ ਪ੍ਰਬੰਧਕਾਂ ਤੇ ਲੋਕਾਂ ਦੀ ਆਪਸ ਵਿੱਚ ਨਹੀਂ ਬਣਦੀ ਹੈ ਤੇ ਅਕਸਰ ਲੋਕ ਇੱਕ ਦੂਜੇ ਨਾਲ ਗਲਬਾਤ ਕਰਦੇ ਸਮੇਂ ਪ੍ਰਬੰਧਕਾਂ ਦੇ ਨੁਕਸ ਤੇ ਖਾਮੀਆਂ ਬਾਰੇ ਗਲਾਂ ਕਰਦੇ ਰਹਿੰਦੇ ਹਨ। ਸਿੱਖਾਂ ਦੀ ਮੁੱਖ ਸਮੱਸਿਆ, ਆਪਸੀ ਵਿਚਾਰ ਵਟਾਦਰੇ ਦੀ ਘਾਟ (Communication gap) ਹੈ। ਬਾਹਰਲੇ ਲੋਕਾਂ ਕੋਲ ਜਾ ਕੇ ਨੁਕਸ ਕਢਣ ਦੀ ਬਜਾਏ, ਜੇ ਕਰ ਇਕੱਠੇ ਬੈਠ ਆਪਸ ਵਿੱਚ ਵਿਚਾਰ ਵਟਾਦਰਾ ਕੀਤਾ ਜਾਵੇ, ਇੱਕ ਦੂਜੇ ਦੇ ਵਿਚਾਰਾਂ ਨੂੰ ਧਿਆਨ ਨਾਲ ਸੁਣਿਆ ਜਾਵੇ ਤਾਂ ਬਹੁਤ ਸਾਰੇ ਮਸਲੇ ਆਸਾਨੀ ਨਾਲ ਹੱਲ ਹੋ ਸਕਦੇ ਹਨ।

ਬਾਹਰਲੀ ਦੁਨੀਆਂ ਨਾਲ ਸੰਬੰਧ ਕਾਇਮ ਕਰਨ ਲਈ ਤੇ ਲੋਕਾਂ ਤਕ ਗੁਰਮਤਿ ਦਾ ਸੰਦੇਸ਼ਾ ਪਹੁੰਚਾਣ ਲਈ, ਪ੍ਰਬੰਧਕਾ ਨੂੰ ਲੇਖ ਲਿਖਣ ਦੀ ਜਾਚ, ਸੰਪਾਦਕੀ ਤੇ ਪਰੈਸ ਨੋਟ ਲਿਖਣਾਂ ਆਉਂਣਾ ਚਾਹੀਦਾ ਹੈ। ਇਸ ਲਈ ਪ੍ਰਬੰਧਕਾ ਨੂੰ ਗੁਰਮਤਿ ਮਾਰਗ ਅਤੇ ਆਪਣੇ ਪ੍ਰਬੰਧਕੀ ਕਾਰਜਾਂ ਬਾਰੇ ਪੂਰਾ ਗਿਆਨ ਹੋਣਾ ਚਾਹੀਦਾ ਹੈ। ਛੋਟੇ ਛੋਟੇ ਟਰੈਕਟ ਲਿਖਣ ਦਾ ਢੰਗ, ਛਾਪਣ ਤੇ ਵੰਡਣ ਦੀ ਜਾਚ ਹੋਣੀ ਚਾਹੀਦੀ ਹੈ। ਅਕਾਲ ਪੁਰਖੁ ਦੀ ਮੇਹਰ ਤਾਂ ਹੀ ਪ੍ਰਾਪਤ ਹੋ ਸਕਦੀ ਹੈ ਜੇ ਕਰ ਪ੍ਰੈਸ ਕਾਨਫਰੰਸ, ਇੱਕ ਸੇਵਕ ਬਣ ਕੇ ਦਿੱਤੀ ਜਾਵੇ ਨਾ ਕਿ ਇੱਕ ਪ੍ਰਬੰਧਕ ਬਣ ਕੇ। ਪ੍ਰੈਸ ਕਾਨਫਰੰਸ ਦੇਣ ਵਾਲੇ ਅੰਦਰ, ਗੁਰਮਤਿ ਦਾ ਗਿਆਨ ਤੇ ਗੁਰੂ ਸਾਹਿਬ ਦਾ ਸੰਦੇਸ਼ਾ, ਖਲਕਤ ਤਕ ਪਹੁੰਚਾਣ ਦੀ ਯੋਗਤਾ ਹੋਣੀ ਚਾਹੀਦੀ ਹੈ।

ਗੁਰੂ ਡੰਮ:

ਗੁਰਦੁਆਰਿਆਂ ਵਿੱਚ ਹੀ ਮਾਇਆ ਤੇ ਹਉਮੈ ਦੇ ਪਸਾਰੇ ਨੇ ਲੋਕਾਂ ਨੂੰ ਸ਼ਬਦ ਗੁਰੂ ਨਾਲੋਂ ਤੋੜ ਦਿੱਤਾ ਹੈ। ਜਿਆਦਾਤਰ ਲੋਕ ਗੁਰਦੁਆਰਾ ਸਾਹਿਬ ਵਿੱਚ ਸਿਰਫ ਲੰਗਰ ਖਾਣ, ਪ੍ਰਸਾਦਿ ਲੈਂਣ, ਅਰਦਾਸ ਕਰਵਾਉਂਣ ਜਾਂ ਰਵਾਇਤਾ ਪੂਰੀਆ ਕਰਨ ਹੀ ਆਉਂਦੇ ਹਨ। ਕੋਈ ਵਿਰਲਾ ਹੀ ਸ਼ਬਦ ਗੁਰੂ ਦਾ ਗਿਆਨ, ਜੀਵਨ ਜਾਚ ਜਾਂ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੀ ਖੋਜ ਲਈ ਆਉਂਦਾ ਹੈ। ਅਗਿਆਨਤਾ, ਭਰਮਾਂ ਤੇ ਵਹਿਮਾਂ ਵਿੱਚ ਫਸੇ ਲੋਕ ਆਸਾਨੀ ਨਾਲ ਡੇਰਿਆਂ ਤੇ ਮਹੰਤਾਂ ਦੇ ਝੂਠੇ ਭਰੋਸੇ, ਲਾਲਚ ਤੇ ਕਰਾਮਾਤੀ ਗੱਲਾਂ ਵਿੱਚ ਫਸ ਜਾਂਦੇ ਹਨ ਤੇ ਉਨ੍ਹਾਂ ਨਾਲ ਜੁੜ ਜਾਂਦੇ ਹਨ। ਅਗਿਆਨੀ ਮਨੁੱਖ ਸੱਚ ਦੀ ਪਹਿਚਾਨ ਨਹੀਂ ਕਰ ਸਕਦਾ ਹੈ, ਇਸ ਲਈ ਅਜੇਹੇ ਲੋਕ ਸੱਚੀ ਬਾਣੀ ਛੱਡ ਕੇ ਕੱਚੀ ਬਾਣੀ ਪੜ੍ਹਨ ਵਾਲਿਆਂ ਦੀਆਂ ਟੋਕਰੀਆਂ ਨੋਟਾਂ ਨਾਲ ਭਰਦੇ ਰਹਿੰਦੇ ਹਨ ਤੇ ਆਪਣੇ ਵਿਕਾਰਾਂ ਵਿੱਚ ਵਾਧਾ ਕਰਦੇ ਹਨ। ਡੇਰੇ ਵਾਲੇ ਕਦੇ ਨਹੀਂ ਚਾਹੁੰਣਗੇ ਕਿ ਲੋਕਾਂ ਦੇ ਗਿਆਨ ਵਿੱਚ ਵਾਧਾ ਹੋਵੇ, ਕਿਉਂਕਿ ਜੇ ਕਰ ਲੋਕਾਂ ਦੇ ਗਿਆਨ ਵਿੱਚ ਵਾਧਾ ਹੋ ਗਿਆ ਤਾਂ ਉਨ੍ਹਾਂ ਦਾ ਧੰਦਾ ਬੰਦ ਹੋ ਜਾਵੇਗਾ।

ਮਾਨੁਖ ਕੀ ਟੇਕ ਬ੍ਰਿਥੀ ਸਭ ਜਾਨੁ॥ ਦੇਵਨ ਕਉ ਏਕੈ ਭਗਵਾਨੁ॥ (੨੮੧)

ਗੁਰੂ ਸਾਹਿਬਾਂ ਆਪ ਪੜ੍ਹੇ ਲਿਖੇ ਤੇ ਗਿਆਨਵਾਨ ਸਨ ਤੇ ਸਿੱਖਾਂ ਦੀ ਸਿਖਿਆ ਤੇ ਖਾਸ ਜੋਰ ਦਿਤਾ ਜਾਂਦਾ ਸੀ। ਪਰ ਅਫਸੋਸ ਕਿ ਸਾਨੂੰ ਸਿਖਿਆ ਦੇਣ ਵਾਲੇ ਗਰੰਥੀ ਤੇ ਰਾਗੀ ਆਪ ਹੀ ਅਨਪੜ੍ਹ ਹਨ। ਜਿਨ੍ਹਾਂ ਨੂੰ ਆਪ ਗਿਆਨ ਨਹੀਂ, ਆਪ ਪੜ੍ਹ ਨਹੀਂ ਸਕਦੇ ਹਨ, ਆਪ ਸਮਝ ਨਹੀਂ ਸਕਦੇ ਹਨ, ਉਹ ਲੋਕਾਂ ਨੂੰ ਕੀ ਸਮਝਾ ਸਕਣਗੇ? ਜਿਨ੍ਹਾਂ ਨੂੰ ਆਪ ਜੀਵਨ ਦੇ ਮਾਰਗ ਦਾ ਪਤਾ ਨਹੀਂ, ਉਹ ਦੂਸਰਿਆਂ ਦਾ ਕੀ ਮਾਰਗ ਦਰਸ਼ਨ ਕਰ ਸਕਣਗੇ? ਇਸ ਲਈ ਗੁਰਦੁਆਰਾਂ ਸਾਹਿਬ ਵਿੱਚ ਚੰਗੇ ਪੜ੍ਹੇ ਲਿਖੇ, ਸੂਝਵਾਨ, ਗਿਆਨਵਾਨ, ਗੁਰਮਤਿ ਦੇ ਮਾਰਗ ਨੂੰ ਸਮਝਣ ਵਾਲੇ ਗਰੰਥੀ ਤੇ ਰਾਗੀ ਨਿਯੁਕਤ ਕਰਨੇ ਚਾਹੀਦੇ ਹਨ। ਵਿਸ਼ੇ ਰਹਿਤ ਵਿਚਾਰਾ ਕਰਨ ਦੀ ਬਜਾਏ ਸਿਧੇ ਤੌਰ ਤੇ ਸ਼ਬਦ ਵਿੱਚ ਕੀ ਮਾਰਗ ਦੱਸਿਆ ਜਾ ਰਿਹਾ ਹੈ ਉਸ ਦੀ ਸਿਧੀ ਵਿਚਾਰ ਹੋਣੀ ਚਾਹੀਦੀ ਹੈ ਤਾਂ ਜੋ ਕੋਈ ਗੁਮਰਾਹ ਨਾ ਕਰ ਸਕੇ। ਗੁਰਮਤਿ ਵਿਚਾਰ ਦੇਣ ਵਾਲਾ ਇੱਕ ਚੰਗਾ ਬੁਲਾਰਾ ਹੋਣਾ ਚਾਹੀਦਾ ਹੈ ਤੇ ਉਸ ਨੂੰ ਗੁਰਮਤਿ ਤੇ ਆਮ ਦੁਨੀਆਂ ਦੋਹਾਂ ਦਾ ਗਿਆਨ ਹੋਣਾ ਚਾਹੀਦਾ ਹੈ, ਤਾਂ ਜੋ ਹਰ ਤਰ੍ਹਾਂ ਦੇ ਲੋਕਾਂ ਨੂੰ ਗੁਰਮਤਿ ਦਾ ਮਾਰਗ ਠੀਕ ਤਰੀਕੇ ਨਾਲ ਸਮਝਾਂ ਸਕੇ।

ਲੋਕਾਂ ਨੂੰ ਆਪਣੇ ਨਾਲ ਜੋੜਨ ਲਈ ਤੇ ਪ੍ਰਭਾਵਤ ਕਰਨ ਲਈ ਡੇਰੇ ਵਾਲਿਆਂ ਦਾ ਆਪਣਾ ਪੂਰਾ ਸੰਗਠਣ ਹੁੰਦਾਂ ਹੈ, ਉਨ੍ਹਾਂ ਦੇ ਬੁਲਾਰੇ ਬੜੇ ਚੋਣਵੇ ਤੇ ਪ੍ਰਭਾਵਸ਼ਾਲੀ ਹੁੰਦੇ ਹਨ, ਉਹ ਸ਼ੁਰੂ ਵਿੱਚ ਤਾਂ ਪੂਰਨ ਗੁਰਮਤਿ ਦੀਆਂ ਗੱਲਾਂ ਕਰਦੇ ਹਨ, ਫਿਰ ਹੌਲੀ ਜਿਹੀ ਇੱਕ ਪੰਗਤੀ ਦੇ ਅਰਥ ਤੋੜ ਮਰੋੜ ਕਰਦੇ ਹਨ, ਜੋ ਕਿ ਆਮ ਲੋਕਾਂ ਨੂੰ ਪਤਾ ਵੀ ਨਹੀਂ ਲਗਦਾ ਹੈ ਤੇ ਆਪਣੀ ਪੂਰੀ ਬਿਲਡਿੰਗ ਖੜੀ ਕਰ ਲੈਦੇ ਹਨ। ਉਨ੍ਹਾਂ ਦੇ ਬਹੁਤ ਸਾਰੇ ਸੇਵਕ ਹੁੰਦੇ ਹਨ, ਜੋ ਕਿ ਲੋਕਾਂ ਵਿੱਚ ਵਿਚਰ ਕੇ ਆਪਣੇ ਪੱਖ ਨੂੰ ਪੇਸ਼ ਕਰਦੇ ਹਨ। ਵੈਸੇ ਵੀ ਆਮ ਸਿੱਖਾਂ ਦਾ ਹਾਲ ‘ਨੀਮ ਹਕੀਮ ਖਤਰਾ ਜਾਨ ਵਾਲਾ ਹੈ। ਬਿਨਾ ਗੁਰਬਾਣੀ ਪੜ੍ਹੇ ਤੇ ਵਿਚਾਰੇ ਆਪਣੇ ਆਪ ਨੂੰ ਪੂਰਨ ਗੁਰਸਿੱਖ ਕਹਿਲਾਂਦੇ ਹਨ। ਜਿਹੜਾਂ ਮਰਜੀ ਚਾਹੇ ਆਪਣੇ ਨਾਮ ਨਾਲ ਗਿਆਨੀ, ਸੰਤ ਜਾਂ ਖ਼ਾਲਸੇ ਦੀ ਡਿਗਰੀ ਲਗਾ ਲੈਂਦਾ ਹੈ। ਆਮ ਤੌਰ ਡਿਗਰੀ ਦੇਣ ਵਾਲੇ ਦੀ ਯੋਗਤਾ, ਲੈਣ ਵਾਲੇ ਦੀ ਯੋਗਤਾ ਤੋਂ ਕਿਤੇ ਜਿਆਦਾ ਹੁੰਦੀ ਹੈ। ਪਰ ਇਥੇ ਤਾਂ ਸੰਤ ਦੀ ਡਿਗਰੀ, ਚੇਲੇ ਜਾਂ ਆਮ ਲੋਕੀ ਦਿੰਦੇ ਹਨ, ਜੋ ਕਿ ਖੁਦ ਅਗਿਆਨੀ ਹਨ। ਅਜੇਹਾ ਤਰੀਕਾ, ਨਾ ਤਾਂ ਕਿਸੇ ਯੂਨੀਵਰਸਟੀ ਵਿੱਚ ਹੈ, ਤੇ ਨਾ ਹੀ ਸਿੱਖ ਧਰਮ ਦੇ ਅਸੂਲਾ ਜਾਂ ਇਤਿਹਾਸ ਅਨੁਸਾਰ ਹੈ। ਸਿੱਖ ਧਰਮ ਵਿੱਚ ਤਾਂ “ਏਵਡੁ ਊਚਾ ਹੋਵੈ ਕੋਇ॥ ਤਿਸੁ ਊਚੇ ਕਉ ਜਾਣੈ ਸੋਇ॥ ()” ਦਾ ਸਿਧਾਤ ਹੈ। ਭਾਈ ਲਹਿਣਾਂ ਜੀ ਦੀ ਚੋਣ ਗੁਰੂ ਨਾਨਕ ਸਾਹਿਬ ਨੇ ਕੀਤੀ ਜੋ ਆਪ ਸਰਬ ਕਲ੍ਹਾ ਸਮਰਥ ਸਨ। ਇਸੇ ਤਰ੍ਹਾਂ ਬਾਕੀ ਗੁਰੂ ਸਾਹਿਬਾਂ ਦੀ ਚੋਣ ਹੋਈ ਤੇ ਅੰਤ ਵਿੱਚ ਸਦੀਵੀ ਕਾਲ ਲਈ ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ ਨੂੰ ਗੁਰਗੱਦੀ ਦੇ ਦਿੱਤੀ ਗਈ। ਪਤਾ ਨਹੀਂ ਅੱਜ ਦੇ ਲੋਕ ਸੰਤ ਦੀ ਡਿਗਰੀ ਦੇਣ ਸਮੇਂ ਇਹ ਕੁੱਝ ਕਿਉਂ ਨਹੀਂ ਸੋਚਦੇ ਹਨ। ਸੋਝੀ ਤਾਂ ਹੀ ਆ ਸਕਦੀ ਹੈ ਜੇ ਕਰ ਅਸੀਂ ਗੁਰਬਾਣੀ ਨੂੰ ਰਵਾਇਤੀ ਤੌਰ ਤੇ ਪੜ੍ਹਨ ਦੀ ਬਜਾਏ ਸਮਝ ਕੇ ਤੇ ਸੋਚ ਵਿਚਾਰ ਕੇ ਪੜ੍ਹਨੀ ਆਰੰਭ ਕਰੀਏ।

ਸਬਰ ਦੀ ਕਮੀ:

ਆਮ ਮਨੁੱਖ ਦੇ ਅੰਦਰ ਹਉਮੈਂ ਕਰਕੇ ਸਬਰ ਦੀ ਕਮੀ ਰਹਿੰਦੀ ਹੈ। ਬਿਨਾ ਸੁਣੇ, ਸੋਚੇ, ਸਮਝੇ ਅਤੇ ਵਿਚਾਰੇ, ਨਤੀਜਾ ਕੱਢ ਕੇ, ਫੈਸਲਾ ਕਰ ਲਿਆ ਜਾਂਦਾ ਹੈ ਜਾਂ ਲਾਗੂ ਕਰ ਦਿਤਾ ਜਾਂਦਾ ਹੈ, ਜਿਸ ਦੇ ਨਤੀਜੇ ਬਾਅਦ ਵਿੱਚ ਭੁਗਤਣੇ ਪੈਂਦੇ ਹਨ। ਹਉਮੈਂ ਦੇ ਨਾਲ ਨਾਲ, ਸਬਰ ਦਾ ਸਿਧਾ ਸਬੰਧ ਤ੍ਰਿਸ਼ਨਾ ਨਾਲ ਵੀ ਹੈ। ਬਿਨਾ ਸੋਚੇ ਸਮਝੇ ਮਨੁੱਖ ਕੋਈ ਨਵੀਂ ਚੀਜ ਲੈਣ ਲਈ ਚਲ ਪੈਂਦਾ ਹੈ। ਅੱਜਕਲ ਐਡਵਰਡਟਾਈਜ਼ਮੈਂਟ ਵਾਲੇ ਸਬਰ ਦੀ ਕਮੀ ਤੇ ਝੂਠੇ ਵਿਖਾਵੇ ਦੀ ਆਦਤ ਦਾ ਫਾਇਦਾ ਉਠਾ ਕੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਭਾਵੇਂ ਬੇਸਬਰੀ ਦੀ ਆਦਤ ਮਨੁੱਖ ਨੂੰ ਉਦਮ ਕਰਨ ਤੇ ਤਰੱਕੀ ਵੱਲ ਲੈ ਕੇ ਜਾਂਦੀ ਹੈ, ਪਰ ਨਾਲ ਹੀ ਆਪਸੀ ਝਗੜਿਆਂ, ਮਾਨਸਿਕ ਅਸ਼ਾਂਤੀ, ਖਿਝਣਾ, ਬਲੱਡ ਪਰੈਸ਼ਰ ਵਰਗੀਆਂ ਬਿਮਾਰੀਆਂ ਦਾ ਕਾਰਣ ਵੀ ਬਣਦੀ ਹੈ।

ਸਬਰ ਅੰਦਰਿ ਸਾਬਰੀ ਤਨੁ ਏਵੈ ਜਾਲੇਨਿ੍ਹ੍ਹ॥ ਹੋਨਿ ਨਜੀਕਿ ਖੁਦਾਇ ਦੈ ਭੇਤੁ ਕਿਸੈ ਦੇਨਿ॥ ੧੧੬॥ (੧੩੮੪)

ਇਸ ਲਈ ਸਾਨੂੰ ਚਾਹੀਦਾ ਹੈ ਕਿ ਪਹਿਲਾਂ ਦੂਸਰੇ ਦੀ ਗੱਲ ਜਾਂ ਸੁਝਾਵ ਨੂੰ ਧਿਆਨ ਨਾਲ ਸੁਣੀਏ, ਸਮਝੀਏ ਤੇ ਫਿਰ ਸੋਚ ਵਿਚਾਰ ਕੇ ਆਪਣੀ ਰਾਏ ਦਈਏ। ਇਸ ਤਰ੍ਹਾਂ ਕਰਨ ਨਾਲ ਅੰਦਰ ਸਬਰ ਤੇ ਸੰਤੋਖ ਪੈਦਾ ਹੋਵੇਗਾ ਤੇ ਆਪਸੀ ਤਨਾਵ ਘਟ ਜਾਣਗੇ। ਜੇਕਰ ਸੋਚ ਵਿਚਾਰ ਕੇ ਕੋਈ ਚੀਜ਼ ਖਰੀਦਣ ਜਾਵਾਂਗੇ ਤਾਂ ਬਹੁਤ ਸਾਰਾ ਫਾਲਤੂ ਖਰਚਾ ਬਚ ਜਾਵੇਗਾ ਤੇ ਘਰ ਵਿੱਚ ਆਪਣੇ ਆਪ ਸਬਰ ਸੰਤੋਖ ਵਾਲਾ ਮਹੌਲ ਬਣ ਜਾਵੇਗਾ।

ਰਾਜਨੀਤਕ:

ਕਿਸੇ ਵੀ ਕੌਮ ਦੇਸ਼ ਜਾਂ ਸੰਸਥਾ ਨੂੰ ਤੋੜਨ ਲਈ ਇਹ ਚਾਰ ਚਾਲਾਂ ਵਰਤੀਆਂ ਜਾਂਦੀਆਂ ਹਨ। (੧) ਸਾਮ (ਡਿਪਲੋਮੇਸੀ, ਰਾਜਨੀਤਕ ਚਾਲ, ਅੰਦਰ ਵੜ ਕੇ ਖਰਾਬੀ ਕਰਨੀ), (੨) ਦਾਮ (ਖਰੀਦਣਾਂ, ਲਾਲਚ), (੩) ਦੰਡ (ਸਜਾ, ਕਤਲ, ਕਿਸੇ ਕੇਸ ਵਿੱਚ ਫਸਾਉਣਾਂ) ਅਤੇ (੪) ਭੇਦ (ਆਪਸੀ ਫੁਟ, ਜਾਤ ਪਾਤ)

ਅੰਗਰੇਜ਼ਾਂ ਤੇ ਬਾਅਦ ਦੀ ਸਰਕਾਰ ਦੀ ਇਹੀ ਨੀਤੀ ਰਹੀ, ਕਿ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਨੂੰ ਬਦਨਾਮ ਕਰੋ ਤੇ ਉਨ੍ਹਾਂ ਬਾਰੇ ਭੁਲੇਖੇ ਪਾ ਦਿਉ। ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਨੂੰ ਵੱਖ ਕਰ ਦਿਉ। ਗੁਰੂ ਗਰੰਥ ਸਾਹਿਬ ਬਾਰੇ ਭੁਲੇਖੇ ਪਾ ਦਿਉ। ਅੰਗਰੇਜ਼ਾਂ ਨੇ ਦਲੀਪ ਸਿੰਘ ਨੂੰ ਇਸਾਈ ਬਣਾਇਆ, ਉਸ ਨੇ ਇਸ਼ਟ ਛਡਿਆ, ਗੁਰੂ ਨਾਨਕ ਸਾਹਿਬ ਛੱਡ ਦਿਤਾ, ਗੁਰੂ ਗਰੰਥ ਸਾਹਿਬ ਛੱਡ ਦਿਤਾ।

ਅੱਜ ਵੀ ਸਿੱਖ ਮਰਦਾ ਦਾ ਮਨੋਬਲ ਗਿਰਾਉਣ ਲਈ ਇਹ ਚਾਰੇ ਚਾਲਾਂ ਵਰਤੀਆਂ ਜਾ ਰਹੀਆਂ ਹਨ। ਜਿਸ ਕਰਕੇ ਅੱਜ ਦੇ ਸਿੱਖ ਮਰਦਾਂ ਨੂੰ ਕਈ ਤਰ੍ਹਾਂ ਦੀਆਂ ਚੁਨੌਤੀਆਂ ਨੇ ਆ ਘੇਰਿਆ ਹੈ। ਕ੍ਰਿਪਾਨ ਤੇ ਰੋਕ, ਵਿਦੇਸ਼ਾਂ ਵਿੱਚ ਦਸਤਾਰ ਤੇ ਰੋਕ, ਨੌਕਰੀ ਤੇ ਤਰੱਕੀ ਵਿੱਚ ਵਿਤਕਰਾ, ਟੀ. ਵੀ. ਤੇ ਅਖਬਾਰਾਂ ਵਿੱਚ ਮਖੌਲ, ਬੱਚਿਆਂ ਲਈ ਸਕੂਲਾਂ ਵਿੱਚ ਮੁਸ਼ਕਲਾਂ, ਆਦਿ। ਮੁਸ਼ਕਲਾਂ ਹਰ ਗੁਰੂ ਸਾਹਿਬਾਨਾਂ ਨੂੰ ਹਕੂਮਤ ਤੇ ਹੋਰ ਲੋਕਾਂ ਕੋਲੋ ਆਈਆਂ, ਪਰੰਤੂ ਉਨ੍ਹਾਂ ਨੇ ਉਸ ਦਾ ਹੱਲ ਵੀ ਲੱਭਿਆ, ਪਰ ਅਸੀਂ ਸੁੱਤੇ ਪਏ ਹਾਂ।

ਗੁਰਮਤਿ ਦਾ ਮਾਰਗ, ਸੁਚੇਤ ਰਹਿ ਕੇ, ਸਹੀ ਦਿਸ਼ਾ ਵਲ ਜਾਣ ਦਾ ਸੂਖਮ ਮਾਰਗ ਹੈ। ਕੋਈ ਗੁਮਰਾਹ ਨਾ ਕਰ ਸਕੇ, ਇਸ ਲਈ ਸੱਚ ਦੀ ਪਹਿਚਾਨ ਜਰੂਰੀ ਹੈ, ਜੋ ਕਿ ਆਪਣੀ ਹਉਮੈਂ ਤਿਆਗ ਕੇ, ਗੁਰਬਾਣੀ ਨੂੰ ਸਮਝਣ ਤੇ ਵਿਚਾਰਨ ਨਾਲ ਹੀ ਹੋ ਸਕਦੀ ਹੈ। ਰਵਇਤੀ ਤੌਰ ਤੇ ਪਾਠ ਜਾਂ ਕੀਰਤਨ ਕਰਵਾਉਣ ਨਾਲ ਸੱਚ ਨੂੰ ਸਮਝਣਾ ਮੁਸ਼ਕਲ ਹੈ।

ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥ ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ॥ ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ॥ ੧੪॥ (੯੧੮-੯੧੯)

ਗੁਰੂ ਨਾਨਕ ਸਾਹਿਬ ਨੇ ਸਿੱਖੀ ਲਈ ਦੂਰ ਅੰਦੇਸ਼ੀ ਦੀ ਯੋਜਨਾ ਬਣਾਈ ਅਤੇ ਉਸ ਨੂੰ ਕਰ ਕੇ ਵਿਖਾਇਆ ਸੀ। ਗੁਰੂ ਨਾਨਕ ਸਾਹਿਬ ਨੇ ਹਰ ਕਾਰਜ ਬੜੀ ਸੋਚ ਸਮਝ ਕੇ ਕੀਤਾ ਤੇ ਦੂਸਰਿਆਂ ਨੂੰ ਉਸ ਅਨੁਸਾਰ ਚਲਣ ਲਈ, ਉਨ੍ਹਾਂ ਦੀ ਭਾਸ਼ਾ ਵਿੱਚ ਬੜੇ ਸਰਲ ਤੇ ਸਪੱਸ਼ਟ ਤਰੀਕੇ ਨਾਲ ਸਮਝਾਇਆ। ਉਨ੍ਹਾਂ ਦੇ ਜੀਵਨ ਕਾਲ ਵਿੱਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆਈਆਂ ਤੇ ਸਭ ਨੂੰ ਪੂਰੀ ਸੂਝ ਬੂਝ ਨਾਲ ਸੁਲਝਾਇਆ। ਬਾਕੀ ਗੁਰੂ ਸਾਹਿਬਾਂ ਨੇ ਪੰਥ ਦੇ ਇਸ ਮਹਾਨ ਕਾਰਜ ਨੂੰ ਪੂਰੀ ਸੂਝ ਬੂਝ, ਹਿੰਮਤ ਤੇ ਦੂਰ ਅੰਦੇਸ਼ੀ ਨਾਲ ਪੂਰਨਤਾ ਦੀ ਦਿਸ਼ਾ ਵੱਲ ਅੱਗੇ ਵਧਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਹਰੇਕ ਕਾਰਜ ਤੇ ਹਰੇਕ ਯੁੱਧ ਪੂਰੀ ਯੋਜਨਾ ਨਾਲ ਕੀਤਾ ਤੇ ਕਰ ਕੇ ਵਿਖਾਇਆ। ਅਨੰਦਪੁਰ ਸਹਿਬ ਦਾ ਘੇਰਾ ਕਈ ਮਹੀਨੇ ਤਕ ਰਿਹਾ, ਪਰ ਦੁਸ਼ਮਣ ਕੁੱਝ ਵੀ ਨਾ ਕਰ ਸਕਿਆ। ਚਮਕੌਰ ਦੀ ਕੱਚੀ ਗੜ੍ਹੀ ਵਿੱਚ, ਪੂਰੇ ਦਿਨ ਲਈ ਹਜ਼ਾਰਾਂ ਦੀ ਫੌਜ਼ ਨੂੰ ਸਿਰਫ 45 ਸਿੰਘਾਂ ਨੇ ਰੋਕੀ ਰੱਖਣਾਂ, ਦੁਨੀਆਂ ਵਿੱਚ ਯੁੱਧ ਦੀ ਨੀਤੀ ਦੀ ਇੱਕ ਨਿਵੇਕਲੀ ਮਿਸਾਲ ਹੈ। ਇਸ ਦੀ ਉਦਾਹਰਣ ਅੱਜ ਵੀ ਦੁਨੀਆਂ ਦੀਆਂ ਚੰਗੀਆਂ ਫੌਜ਼ਾਂ ਦੀ ਸਿਖਲਾਈ ਵਿੱਚ ਦਿੱਤੀ ਜਾਂਦੀ ਹੈ।

ਸਿੱਖਾਂ ਨਾਲ ਧਰਮ ਸਬੰਧੀ ਭੇਦ ਭਾਵ ਵਿਦੇਸ਼ਾਂ ਵਿੱਚ ਵੀ ਹੁੰਦਾ ਰਿਹਾ ਹੈ। 1907 ਵਿੱਚ ਅਮਰੀਕਾ ਵਿੱਚ ਸਿੱਖਾਂ ਨੂੰ ਨੌਕਰੀ ਦੇਣ ਸਮੇਂ ਕੇਸ ਕੱਟਣ ਲਈ ਮਜਬੂਰ ਕੀਤਾ ਜਾਂਦਾ ਸੀ। ਨੀਲਾ ਤਾਰਾ ਕਾਂਡ ਸਮੇਂ ਹਰਿਮੰਦਰ ਸਾਹਿਬ ਤੇ ਹਮਲੇ ਤੋ ਬਾਅਦ ਸਿੱਖਾਂ ਦੀ ਧਰਮ ਵਿੱਚ ਰੁਚੀ ਘਟ ਗਈ। ਇੰਦਰਾ ਗਾਂਧੀ ਤੋਂ ਬਾਅਦ ਕਈ ਸਿੱਖਾਂ ਦੇ ਕਤਲ ਕੀਤੇ ਗਏ। ਟਾਡਾ ਦੇ ਅਧੀਨ ਕਈਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਕਈ ਨੌਜਵਾਨ ਸਦਾ ਲਈ ਲਾ ਪਤਾ ਹੋ ਗਏ। ਕਈਆਂ ਨੇ ਰਾਜਨੀਤਕ ਤੇ ਆਰਥਕ ਕਾਰਨਾ ਕਰਕੇ ਪੰਜਾਬ ਤੋਂ ਬਾਹਰ ਜਾਂ ਵਿਦੇਸ਼ਾਂ ਵਿੱਚ ਜਾਣਾ ਸ਼ੁਰੂ ਕਰ ਦਿਤਾ।

ਪੰਜਾਬ ਦੇ ਰਾਜਨੀਤਕ, ਆਪਣੀ ਨੀਤੀ ਘੜਨ ਸਮੇਂ, ਅਕਸਰ ਪੰਜਾਬ ਤੋਂ ਬਾਹਰ ਰਹਿ ਰਹੇ ਸਿੱਖਾਂ ਦਾ ਧਿਆਨ ਨਹੀਂ ਰੱਖਦੇ ਹਨ। 11 ਸਤੰਬਰ 2001 ਤੋਂ ਬਾਅਦ ਸਿੱਖਾਂ ਤੇ ਹਮਲੇ ਕੀਤੇ ਗਏ, ਅੱਜਕਲ ਫਰਾਂਸ ਵਿੱਚ ਦਸਤਾਰ ਦਾ ਮਸਲਾ ਚਲ ਰਿਹਾ ਹੈ। ਆਰਥਕ, ਰਾਜਨੀਤਕ ਤੇ ਮਾਨਸਕ ਦਬਾਅ ਕਰਕੇ ਸਿੱਖ ਮਰਦ ਦੀ ਸੋਚ ਵਿੱਚ ਵੀ ਫਰਕ ਪੈ ਗਿਆ ਹੈ।

ਅੱਜਕਲ ਬਾਹਰੀ ਤਾਕਤਾਂ ਗੁਰੂ ਗਰੰਥ ਸਾਹਿਬ ਦੀ ਥਾਂ ਤੇ ਬਚਿਤਰ ਨਾਟਕ ਨੂੰ ਅੱਗੇ ਲਿਆਉਂਣ ਲਈ ਲੱਗੀਆਂ ਹੋਈਆਂ ਹਨ। ਜੋ ਭੇਦ ਭਾਵ ਦੂਸਰੇ ਪੈਦਾ ਕਰਦੇ ਸਨ, ਅਫਸੋਸ ਕਿ ਅਸੀਂ ਉਹ ਅੱਜ ਆਪ ਕਰੀ ਜਾ ਰਹੇ ਹਾਂ। ਅਸਾਂ ਕੀਰਤਨ ਤਬਾਹ ਕੀਤਾ, ਬਾਣੀ ਤੇ ਬਾਣਾ ਤਬਾਹ ਕੀਤਾ, ਆਪਣੇ ਇਤਿਹਾਸਕ ਸਥਾਨਾਂ ਤੇ ਇਮਾਰਤਾਂ ਦੇ ਸਬੂਤ ਆਪਣੇ ਹੱਥੀ ਖਤਮ ਕੀਤੇ। ਇਸ ਲਈ ਜੇ ਕਰ ਬਚਣਾ ਚਾਹੁੰਦੇ ਹਾਂ ਤਾਂ ਆਪ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਪੜ੍ਹਨਾਂ, ਸੁਣਨਾਂ, ਸਮਝਣਾ, ਵਿਚਾਰਨਾ ਤੇ ਅਮਲੀ ਜੀਵਨ ਵਿੱਚ ਅਪਨਾਉਂਣਾ ਆਰੰਭ ਕਰਨਾ ਪਵੇਗਾ। ਜੇ ਕਰ ਅੰਦਰ ਸ਼ਬਦ ਗੁਰੂ ਦਾ ਵਾਸਾ ਹੋਵੇਗਾ ਤਾਂ ਸੱਚ ਨੂੰ ਪਹਿਚਾਨ ਸਕਾਂਗੇ, ਦੂਸਰੇ ਦੀ ਚਾਲ ਨੂੰ ਸਮਝ ਸਕਾਂਗੇ, ਤੇ ਉਸ ਚਾਲ ਨੂੰ ਠੱਲ ਪਾਉਂਣ ਲਈ ਲੋੜੀਂਦੀ ਕਾਰਵਾਈ ਕਰ ਸਕਾਂਗੇ।

ਗਲਤ ਚੋਣ ਪਰਨਾਲੀ:

ਅੱਜ ਸਿੱਖ ਮੁਜਾਹਰੇ ਕਰਦੇ ਹਨ, ਪਰੰਤੂ ਉਨ੍ਹਾਂ ਵਿਚੋ ਕਿਸੇ ਵਿਰਲੇ ਨੂੰ ਹੀ ਪਤਾ ਹੁੰਦਾਂ ਹੈ ਕਿ ਇਹ ਕਿਸ ਲਈ ਕੀਤੇ ਜਾ ਰਹੇ ਹਨ। ਇਸ ਦਾ ਭਵਿੱਖ ਵਿੱਚ ਕੀ ਅਸਰ ਹੋਵੇਗਾ। ਲੀਡਰਾਂ ਦੀ ਕੋਈ ਦੂਰ ਅੰਦੇਸ਼ੀ ਨਹੀਂ ਹੁੰਦੀ ਹੈ। ਸਿੱਖਾਂ ਦੀ ਢਹਿੰਦੀ ਕਲਾ ਦਾ ਕਾਰਣ ਗਲਤ ਨੇਤਾਵਾਂ ਦੀ ਚੋਣ ਹੈ। ਰਾਜਨੀਤੀ ਗਿਣਤੀ ਦਾ ਕੰਮ ਹੈ, ਧਰਮ ਗਿਣਤੀ ਦਾ ਕੰਮ ਨਹੀਂ ਹੈ, ਧਰਮ ਖਾਸੀਅਤ (quality) ਦਾ ਕੰਮ ਹੈ। ਲੋਕਮਤ ਦੀ ਚੋਣ ਪਰਣਾਲੀ ਗਲਤ ਹੈ। ਚੋਣਾਂ ਵਿੱਚ ਹਰ ਕੋਈ ਕਹਿੰਦਾ ਹੈ ਕਿ ਮੈਂ ਚੰਗਾ ਹਾਂ ਤੇ ਦੂਸਰਾ ਬੁਰਾ ਹੈ। ਪਰ ਸਿੱਖੀ ਦਾ ਨਿਯਮ ਇਸ ਦੇ ਉਲਟ ਹੈ। ਹਮ ਨਹੀ ਚੰਗੇ ਬੁਰਾ ਨਹੀ ਕੋਇ॥ ਪ੍ਰਣਵਤਿ ਨਾਨਕੁ ਤਾਰੇ ਸੋਇ॥ਕਹਿਣਾ ਇਹ ਚਾਹੀਦਾ ਹੈ ਕਿ ਮੈਂ ਇਹ ਹਾਂ ਤੇ ਇਹ ਕੁੱਝ ਕਰਨ ਦਾ ਉਪਰਾਲਾ ਕਰਾਂਗਾ। ਬਾਕੀ ਅਕਾਲ ਪੁਰਖੁ ਉੱਪਰ ਛਡਣਾ ਚਾਹੀਦਾ ਹੈ। ਚੋਣਾਂ ਵਾਲੀ ਰਾਜਨੀਤੀ ਨੇ ਸਿੱਖ ਮਰਦਾ ਵਿੱਚ ਆਪਸੀ ਫੁਟ ਤੇ ਘਿਰਣਾ ਪੈਦਾ ਕਰ ਦਿੱਤੀ ਹੈ।

ਪਹਿਲੇ ਪੰਜ ਗੁਰੂ ਸਾਹਿਬ ਸਮੇਂ ਜਿਆਦਾ ਜੋਰ ਧਰਮ ਦੀ ਸਿਖਿਆ ਤੇ ਸੀ ਤੇ ਗੁਰੂ ਹਰਿਗੋਬਿੰਦ ਸਾਹਿਬ ਨੇ ਪੀਰੀ ਤੇ ਮੀਰੀ ਦੀਆਂ ਦੋ ਕ੍ਰਿਪਾਨਾਂ ਪਹਿਨੀਆਂ ਨੇ ਧਰਮ ਦੀ ਰੱਖਿਆ ਦਾ ਫਰਜ਼ ਵੀ ਆਰੰਭ ਕਰ ਦਿੱਤਾ। ਨੇਤਾ ਉਹੀ ਲੋਕਾਂ ਦਾ ਭਲਾ ਕਰੇਗਾ, ਜਿਸ ਲਈ ਧਰਮ ਪਹਿਲਾਂ ਤੇ ਰਾਜਨੀਤੀ ਬਾਅਦ ਵਿਚ। ਪਰ ਲੋਕਮਤ ਦੀ ਚੋਣ ਪਰਣਾਲੀ ਨੇ ਧਰਮ ਨੂੰ ਬਹੁਤ ਪਿਛੇ ਕਰ ਦਿਤਾ ਹੈ ਤੇ ਸਿਰਫ ਰਾਜਨੀਤੀ ਹੀ ਰਹਿ ਗਈ ਹੈ। ਜਿਤਨੀ ਦੇਰ ਤਕ ਸਾਨੂੰ ਖੁਦ ਸਿੱਖ ਧਰਮ ਦਾ ਹੀ ਪਤਾ ਨਹੀਂ ਤੇ ਸਿਰਫ ਰਵਾਇਤਾ ਤੇ ਕਰਮ ਕਾਂਡਾਂ ਵਿੱਚ ਹੀ ਫਸੇ ਹਾਂ, ਉਤਨੀ ਦੇਰ ਤਕ ਸਾਨੂੰ ਸਹੀ ਨੇਤਾ ਦੀ ਪਹਿਚਾਨ ਵੀ ਨਹੀਂ ਹੋ ਸਕੇਗੀ। ਸੱਚ ਨੂੰ ਪਛਾਨਣ ਲਈ ਗੁਰਬਾਣੀ ਨੂੰ ਪੜ੍ਹਨਾਂ, ਸੁਣਨਾਂ, ਸਮਝਣਾਂ, ਵਿਚਾਰਨਾ, ਖੋਜਣਾ ਤੇ ਅਮਲੀ ਜੀਵਨ ਵਿੱਚ ਅਪਨਾਉਂਣਾ ਪਵੇਗਾ।

ਆਲਸ ਤੇ ਨਸ਼ੇ:

ਅੱਜਕਲ ਸਿੱਖਾਂ ਵਿੱਚ ਆਲਸ ਪੁਣਾ ਤੇ ਢਹਿੰਦੀ ਕਲਾ ਵਧ ਰਹੀ ਹੈ। ਕੋਈ ਵਿਰਲਾ ਹੀ ਰੋਜ਼ਾਨਾ ਸਰੀਰਕ ਕਸਰਤ ਕਰਦਾ ਹੈ। ਗੁਰੂ ਸਾਹਿਬ ਨੇ ਤਾਂ ਸਿੱਖ ਨੂੰ ਕਿਰਤ ਕਰਨ ਲਈ ਪ੍ਰੇਰਿਆ ਸੀ, ਉੱਦਮੀ ਬਣਾਇਆ ਸੀ।

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ॥ ੧॥ (੫੨੨)

ਅੱਜ ਦੇ ਸਿੱਖ ਮਰਦ ਆਲਸੀ ਹੋ ਗਏ ਹਨ, ਹੱਥੀ ਕਿਰਤ ਕਰਨ ਦੀ ਬਜਾਏ, ਆਰਾਮ ਵਾਲੀਆਂ ਨੌਕਰੀਆਂ ਵੱਲ ਭੱਜਦੇ ਹਨ। ਕਿਸਾਨ ਅਤੇ ਉਨ੍ਹਾਂ ਦੇ ਬੱਚੇ ਕਾਰਾਂ ਮੋਟਰਸਾਈਕਲਾਂ ਤੇ ਘੁੰਮਦੇ ਹਨ। ਉਨ੍ਹਾਂ ਨੇ ਬਿਹਾਰੀ ਨੌਕਰਾਂ ਤੇ ਨਿਰਭਰ ਕਰਨਾ ਸ਼ੁਰੂ ਕਰ ਦਿਤਾ ਹੈ। ਜਿਸ ਦਾ ਨਤੀਜਾ ਇਹ ਹੋਇਆ ਹੈ ਕਿ ਸਿੱਖਾਂ ਦੀ ਸਿਹਤ ਕਮਜੋਰ ਹੋਣੀ ਸ਼ੁਰੂ ਹੋ ਗਈ ਹੈ। ਨਸ਼ਿਆਂ ਤੇ ਬੀਮਾਰੀਆਂ ਨੇ ਘੇਰ ਲਿਆ ਹੈ। ਪੰਜਾਬ ਵਿੱਚ ੫੦% ਤੋਂ ਜਿਆਦਾ ਬੱਚੇ ਤੇ ਬੱਚੀਆਂ ਨਸ਼ੇ ਦੇ ਸ਼ਿਕਾਰ ਹੋ ਚੁਕੇ ਹਨ। ਅੱਜਕਲ ਸਿੱਖਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਵਧ ਰਹੀਆਂ ਹਨ। ਬੀ. ਪੀ. , ਦਿਲ ਦਾ ਦੌਰਾ, ਮੋਟਾਪਾ, ਸ਼ੂਗਰ, ਆਦਿ ਤਾਂ ਆਮ ਹੋ ਗਏ ਹਨ। ਜਿਸ ਤਰ੍ਹਾਂ ਯੂ: ਪੀ: ਤੇ ਬਿਹਾਰੀ ਲੋਕਾਂ ਦੀ ਗਿਣਤੀ ਪੰਜਾਬ ਵਿੱਚ ਵਧ ਰਹੀ ਹੈ, ਉਹ ਇੱਕ ਦਿਨ ਸਮਾਜਕ ਤੇ ਰਾਜਨੀਤਕ ਤੌਰ ਤੇ ਵੀ ਸੰਭਾਲਣੀ ਮੁਸ਼ਕਲ ਹੋ ਜਾਵੇਗੀ। ਕਾਨੂੰਨ ਅਵਸਥਾ ਬਹੁਤ ਮਾੜੀ ਹੋ ਗਈ ਹੈ। ਮੁਸ਼ਲਕਾਂ ਵਧ ਰਹੀਆਂ ਹਨ, ਖੇਤੀਬਾੜੀ ਤੇ ਸਾਰੇ ਪਰਿਵਾਰ ਨਿਰਭਰ ਨਹੀਂ ਕਰ ਸਕਦੇ ਹਨ। ਰੁਜਗਾਰ ਤੇ ਤਕਨੀਕੀ ਤਰੱਕੀ ਕਰਨ ਲਈ ਹੋਰ ਸਾਧਨ ਕਾਇਮ ਕਰਨੇ ਪੈਣਗੇ। ਸਾਨੂੰ ਆਪਣੇ ਆਪ ਦੇ ਸੁਧਾਰ ਲਈ ਆਪ ਹੀ ਹਿੰਮਤ, ਸੂਝ ਬੂਝ ਤੇ ਦੂਰਦ੍ਰਿਸ਼ਟੀ ਨਾਲ ਉਪਰਾਲੇ ਕਰਨੇ ਪੈਂਣਗੇ।

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ ੨੦॥

ਆਮ ਲੋਕਾਂ ਦਾ ਕੰਮ ਹੈ ਕਿ ਸਾਰਾ ਦਿਨ ਪਦਾਰਥ ਇਕੱਠੇ ਕਰੋ ਤੇ ਉਨ੍ਹਾਂ ਨੂੰ ਭੋਗੋ, ਪਰ ਇਹ ਕੰਮ ਤਾਂ ਜਾਨਵਰ ਵੀ ਕਰਦੇ ਹਨ। ਜੇ ਕਰ ਸਿੱਖ ਵੀ ਆਮ ਲੋਕ ਦੀ ਤਰ੍ਹਾਂ ਕਰਦੇ ਹਨ, ਤਾਂ ਗੁਰੂ ਸਾਹਿਬ ਦੀ ਨਜ਼ਰ ਵਿੱਚ ਅਜੇਹੇ ਸਿੱਖਾਂ ਲਈ ਕੋਈ ਥਾਂ ਨਹੀਂ। ਸਿੱਖ ਦਾ ਫਰਜ਼ ਹੈ ਕਿ ਕਿਰਤ ਕਮਾਈ ਵੀ ਕਰੇ ਤੇ ਦੂਸਰਿਆਂ ਨਾਲ ਸਾਂਝ ਵੀ ਕਰੇ, ਨਾ ਕਿ ਨਸ਼ਿਆਂ ਵਿੱਚ ਡੁੱਬ ਕੇ ਮਰ ਜਾਵੇ।

ਸਲੋਕ ਮਃ ੩॥ ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥ ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥ ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ॥ ਸਦਾ ਸਾਹਿਬ ਕੈ ਰੰਗਿ ਰਹੈ ਮਹਲੀ ਪਾਵੈ ਥਾਉ॥ ੧॥ (੫੫੪)

ਅੱਜਕਲ ਬੱਚੇ ਤੇ ਬੱਚੀਆਂ ਦਾ ਨਸ਼ੇ ਦੇ ਸ਼ਿਕਾਰ ਹੋਣ ਦਾ ਕਾਰਨ ਇਹ ਹੈ ਕਿ ਉਨ੍ਹਾਂ ਨੂੰ ਕਿਸੇ ਨੇ ਜੀਵਨ ਦਾ ਸਹੀ ਮੰਤਵ ਨਹੀਂ ਸਮਝਾਇਆ ਹੈ। ਆਜਾਦੀ ਤੋਂ ਬਾਂਅਦ ਜੋ ਵਿਦੇਸ਼ਾਂ ਵਿੱਚ ਗਏ, ਉਨ੍ਹਾਂ ਨੇ ਜਿਆਦਾ ਪੈਸੇ ਦੀ ਸਹੀ ਵਰਤੋਂ ਨਹੀਂ ਕੀਤੀ ਤੇ ਸ਼ਰਾਬ ਦਾ ਦੌਰ ਆਰੰਭ ਕਰ ਦਿੱਤਾ। ਜੇ ਕਰ ਇੱਕ ਵਾਰੀ ਨਸ਼ੇ ਦੀ ਆਦਤ ਪੈ ਜਾਵੇ ਤਾਂ ਉਹ ਵਧਦੀ ਰਹਿੰਦੀ ਹੈ। ਨਤੀਜਾ ਇਹ ਹੋਇਆ ਕਿ ਜਿਥੇ ਪੰਜਾਬ ਪਹਿਲਾਂ ਸ਼ਰਾਬ ਦਾ ਘਰ ਬਣਿਆ, ਹੁਣ ਇਥੇ ਬਾਕੀ ਖਤਰਨਾਕ ਨਸ਼ਿਆਂ ਦੀ ਭਰਮਾਰ ਹੋ ਰਹੀ ਹੈ। ਗੁਰਬਾਣੀ ਅਨੁਸਾਰ ਤਾਂ ਨਸ਼ਿਆਂ ਦੀ ਸਖਤ ਮਨਾਹੀ ਹੈ, ਪਰ ਅਸੀਂ ਸੁਣਨ ਨੂੰ ਤਿਆਰ ਨਹੀਂ। ਇਲਾਜ ਤਾਂ ਹੀ ਹੋ ਸਕਦਾ ਹੈ ਜੇਕਰ ਅਸੀਂ ਟੀ. ਵੀ. ਤੇ ਫਿਲਮਾਂ ਦੇ ਨਾਚ ਗਾਣੇ, ਵਿਹਾਵਾਂ ਦੇ ਵਿਖਾਵੇ ਤੇ ਫਜੂਲ ਖਰਚੇ ਛੱਡ ਕੇ, ਆਪ ਤੇ ਬੱਚਿਆਂ ਨੂੰ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਦੀ ਸਹੀ ਜਾਣਕਾਰੀ ਹਾਸਲ ਕਰਾਈਏ। ਗੁਰਦੁਆਰਿਆਂ ਤੇ ਘਰਾਂ ਵਿੱਚ ਬਾਣੀ ਨੂੰ ਕਰਮ ਕਾਂਡੀ ਰੂਪ ਦੇ ਕੇ ਜੋ ਅੱਜਕਲ ਪਰਚਾਰਿਆਂ ਜਾ ਰਿਹਾ ਹੈ, ਉਸ ਨਾਲ ਨਵੀਂ ਪਨੀਰੀ ਸਿੱਖੀ ਤੋਂ ਹੋਰ ਦੂਰ ਹੁੰਦੀ ਜਾ ਰਹੀ ਹੈ। ਗੁਰਦੁਆਰਾਂ ਸਾਹਿਬ ਦੇ ਹਾਲ ਵਿੱਚ ੪੦ ਸਾਲ ਤੋਂ ਘਟ ਉਮਰ ਦਾ ਕੋਈ ਵਿਰਲਾ ਹੀ ਦਿਖਾਈ ਦਿੰਦਾਂ ਹੈ, ਇਸ ਨੂੰ ਠੱਲ ਪਾਉਂਣ ਦੀ ਲੋੜ ਹੈ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਕਰ ਅਸੀਂ ਆਪ ਬਾਣੀ ਸਮਝਣੀ, ਵਿਚਾਰਨੀ ਤੇ ਅਮਲੀ ਰੂਪ ਵਿੱਚ ਅਪਨਾਉਂਣੀ ਆਰੰਭ ਕਰੀਏ।

ਡੀਗਾਂ ਮਾਰਨੀਆਂ:

ਕਈ ਵਾਰੀ ਅਜੇਹੇ ਲੋਕ ਵੀ ਮਿਲ ਜਾਂਦੇ ਹਨ ਜੋ ਕਿ ਭਾਂਵੇ ਦੱਸਵੀਂ ਪਾਸ ਹੀ ਹੋਣ, ਪਰ ਆਪਣੇ ਆਪ ਨੂੰ ਐਮ: ਏ: ਦੱਸਣ ਦੀ ਕੋਸ਼ਿਸ਼ ਕਰਦੇ ਹਨ। ਕਈਆਂ ਨੂੰ ਆਪਸੀ ਗੱਲ ਬਾਤ ਕਰਨ ਸਮੇਂ ਬਹੁਤ ਡੀਗਾਂ ਮਾਰਨ ਦੀ ਆਦਤ ਹੁੰਦੀ ਹੈ। ਭਾਵੇਂ ਕਰਨ ਕੁੱਝ ਵੀ ਨਾ ਕਰਨ, ਪਰ ਗਲਾਂ ਨਾਲ ਪਹਾੜ ਖੜਾ ਕਰ ਦੇਣਗੇ, (ਥੋਥਾ ਚਨਾ ਬਾਜੇ ਘਣਾਂ), ਪਰੰਤੂ ਗੁਰਬਾਣੀ ਤਾਂ ਸੱਚ ਬੋਲਣ ਦੀ ਪ੍ਰੇਰਨਾਂ ਦਿੰਦੀ ਹੈ।

ਬੋਲੀਐ ਸਚੁ ਧਰਮੁ ਝੂਠੁ ਨ ਬੋਲੀਐ॥ ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ॥   ॥ (੪੮੮)

ਝੂਠ ਬੋਲਣ ਦੀ ਆਦਤ ਦਾ ਕਾਰਨ, ਅਨਪੜ੍ਹਤਾ ਤੇ ਅਗਿਆਨਤਾ ਹੈ, ਜੋ ਕਿ ਹੀਣ ਭਾਵਨਾ ਪੈਦਾ ਕਰਦੀ ਹੈ। ਸਿੱਖ ਨੂੰ ਤਾਂ ਸੱਚ ਤੇ ਧਰਮ ਹੀ ਬੋਲਣਾ ਚਾਹੀਦਾ ਹੈ, ਝੂਠ ਨਹੀਂ ਬੋਲਣਾ ਚਾਹੀਦਾ ਹੈ। ਆਪਣੇ ਆਪ ਵਿੱਚ ਸਵੈ ਵਿਸ਼ਵਾਸ ਤੇ ਚੜ੍ਹਦੀ ਕਲ੍ਹਾ ਵਾਲਾ ਜੀਵਨ ਤਾਂ ਹੀ ਹੋ ਸਕਦਾ ਹੈ ਜੇ ਕਰ ਗੁਰਮਤਿ ਦਾ ਗਿਆਨ ਹਾਸਲ ਕਰਕੇ, ਗੁਰੂ ਸਾਹਿਬ ਦੇ ਦੱਸੇ ਮਾਰਗ ਤੇ ਮੁਰੀਦਾਂ ਵਾਂਗ ਚੱਲਾਂਗੇ। ਅਸੀਂ ਜਿੰਨੇ ਮਰਜ਼ੀ ਗਿਰ ਜਾਈਏ, ਗੁਰੂ ਫਿਰ ਵੀ ਹੱਥ ਰੱਖ ਕੇ ਬਚਾ ਲੈਂਦਾਂ ਹੈ, ਪਰ ਸ਼ਰਤ ਇਹ ਹੈ ਕਿ ਅਸੀਂ ਆਪਣਾ ਹੱਥ ਗੁਰੂ ਨੂੰ ਫੜਾ ਦਈਏ।

ਪਰਿਵਾਰਕ ਪਰੇਸ਼ਾਨੀਆਂ:

ਪਹਿਲਾਂ ਬੱਚੇ, ਮਾਂ ਬਾਪ ਦਾ ਸਤਿਕਾਰ ਕਰਦੇ ਸਨ, ਹੁਣ ਘਟਦਾ ਜਾ ਰਿਹਾ ਹੈ। ਬਜੁਰਗ ਅਸੀਸਾਂ ਦਿੰਦੇ ਸਨ, ਪਰ ਹੁਣ ਇਹ ਅਲੋਪ ਹੋ ਗਿਆ ਹੈ। ਪਿਆਰ ਦਾ ਰਿਸ਼ਤਾ ਸੁੱਕਦਾ ਜਾ ਰਿਹਾ ਹੈ। ਸਿੱਖ ਰਹਿਤ ਮਰਯਾਦਾ ਵਿੱਚ ਸਪੱਸ਼ਟ ਲਿਖਿਆ ਹੈ ਕਿ ਸਿੱਖ ਆਪਣੀ ਲੜਕੀ, ਸਿੱਖ ਨੂੰ ਹੀ ਦੇਵੇ, ਪਰ ਕਈ ਫਿਲਮਾਂ ਤੇ ਹੋਰ ਪ੍ਰਭਾਵ ਵਿੱਚ ਆ ਕੇ ਆਪਣੇ ਭਵਿੱਖ ਲਈ ਮੁਸੀਬਤਾਂ ਖਰੀਦ ਰਹੇ ਹਨ। ਵਿਦੇਸ਼ਾਂ ਵਿੱਚ ਡਾਲਰ ਲਈ ਵਿਆਹ ਕਰਨ ਦਾ ਰਿਵਾਜ ਬਹੁਤ ਪੈ ਗਿਆ ਹੈ, ਜਿਸ ਕਰਕੇ ਕਈ ਬੱਚੀਆਂ ਦਾ ਜੀਵਨ ਤੇ ਪਰਿਵਾਰ ਬਰਬਾਦ ਹੋ ਰਹੇ ਹਨ।

ਜਿਆਦਾ ਤਰ ਮਾਤਾ ਪਿਤਾ ਸਿਰਫ ਧਰਮ ਦੀਆਂ ਰਵਾਇਤਾ ਹੀ ਪੂਰੀਆਂ ਕਰਦੇ ਹਨ, ਨਾ ਤਾਂ ਆਪਣੇ ਆਪ ਨੂੰ ਸਿੱਖ ਧਰਮ ਦੀ ਅਸਲੀਅਤ ਪਤਾ ਹੁੰਦੀ ਹੈ, ਤੇ ਨਾ ਹੀ ਆਪਣੇ ਬੱਚਿਆਂ ਨੂੰ ਸੇਧ ਦੇ ਸਕਦੇ ਹਨ। ਜਿਆਦਾ ਤਰ ਗੁਰਦੁਆਰਾ ਸਹਿਬਾਂ ਵਿੱਚ ਵੀ ਰਵਾਇਤਾ ਹੀ ਪੂਰੀਆਂ ਕੀਤੀਆਂ ਜਾਂਦੀਆਂ ਹਨ। ਜਦੋਂ ਬੱਚੇ ਰਵਾਇਤਾ ਤੋਂ ਮੁੱਖ ਮੋੜਦੇ ਹਨ ਤਾਂ ਮਾਤਾ ਪਿਤਾ ਦੁਖੀ ਹੁੰਦੇ ਹਨ। ਬਿਹਤਰ ਇਹੀ ਹੈ ਕਿ ਮਾਤਾ ਪਿਤਾ ਸਿੱਖ ਧਰਮ ਦੀ ਅਸਲੀਅਤ ਤੇ ਸਚਾਈ ਨੂੰ ਆਪ ਸਮਝਣ ਤੇ ਬੱਚਿਆਂ ਨਾਲ ਸਾਂਝੀ ਕਰਨ, ਤਾਂ ਜੋ ਬਾਅਦ ਵਿੱਚ ਪਛਤਾਣਾਂ ਨਾ ਪਵੇ।

ਮਾਤਾ ਪਿਤਾ ਇਸ ਕਰਕੇ ਕਿਸੇ ਦੀ ਗੱਲ ਨਹੀਂ ਸੁਣਦੇ ਹਨ, ਕਿਉਕਿ ਉਨ੍ਹਾਂ ਦੇ ਹਉਮੈ ਨੂੰ ਚੋਟ ਲੱਗਦੀ ਹੈ। ਸਮਾਜ ਵਿੱਚ ਸਵੈ ਇੱਜਤ ਦਾ ਫਿਕਰ ਬਹੁਤ ਜਿਆਦਾ ਹੈ। ਇਸ ਲਈ ਜੇ ਕੋਈ ਗਲਤੀ ਕਰਦਾ ਵੀ ਹੈ ਤਾਂ ਦੂਸਰਾ ਦੱਸਦਾ ਨਹੀਂ ਕਿ ਕਿਤੇ ਬੁਰਾ ਨਾ ਮੰਨ ਲਏ। ਇਹੀ ਕਾਰਣ ਹੈ ਕਿ ਵੱਡਿਆਂ ਦਾ ਸੁਧਾਰ ਰੁਕ ਜਾਂਦਾ ਹੈ। ਸਿਰਫ ਗੁਰੂ ਦੀ ਗੱਲ ਸੁਣਨ ਦੀ ਆਦਤ ਪਾ ਕੇ ਵੱਡੇ ਆਪਣੇ ਆਪ ਨੂੰ ਸੁਧਾਰ ਸਕਦੇ ਹਨ। ਬੱਚਿਆਂ ਅੰਦਰ ਹਉਮੈ ਘੱਟ ਹੁੰਦਾਂ ਹੈ, ਇਸ ਲਈ ਦੂਸਰਿਆਂ ਦੀ ਗੱਲ ਸੁਣ ਲੈਂਦੇ ਹਨ। ਸਵੈ ਇੱਜਤ ਦਾ ਘੱਟ ਫਿਕਰ ਹੁੰਦਾਂ ਹੈ, ਇਸ ਲਈ ਜੇ ਕੋਈ ਗਲਤੀ ਵੀ ਕਰਦਾ ਹੈ ਤਾਂ ਦੂਸਰਾ ਦੱਸ ਦਿੰਦਾਂ ਹੈ, ਜਿਸ ਨਾਲ ਸੁਧਾਰ ਹੋ ਜਾਂਦਾ ਹੈ। ਬੱਚੇ ਆਪਣੇ ਮਾਤਾ ਪਿਤਾ ਅਤੇ ਗੁਰੂ ਦੀ ਗੱਲ ਸੁਣਨ ਦੀ ਆਦਤ ਪਾ ਕੇ ਆਪਣੇ ਆਪ ਨੂੰ ਸੁਧਾਰ ਸਕਦੇ ਹਨ।

ਕੋਈ ਵਿਰਲਾ ਸਿੱਖ ਹੀ ਸਿੱਖ ਦੀ ਮਦਦ ਕਰਦਾ ਹੈ:

ਨੌਕਰੀਆਂ ਲਈ ਵੀ ਇੱਕ ਸਿੱਖ ਦੂਸਰੇ ਸਿੱਖ ਦੀ ਮਦਦ ਨਹੀਂ ਕਰਦਾ ਹੈ। ਜੇ ਕਰ ਚੰਗਾਂ ਔਹਦਾ ਮਿਲ ਗਿਆ ਤਾਂ ਹੰਕਾਰ ਕਰਕੇ ਛੋਟਿਆ ਵੱਲ ਵੇਖਦਾ ਵੀ ਨਹੀਂ। ਮੂੰਹ ਪਰੇ ਕਰਕੇ ਨਿਕਲ ਜਾਣਾ ਤਾਂ ਅਕਸਰ ਵੇਖਿਆ ਜਾਂਦਾ ਹੈ, ਕਿਤੇ ਸਹਾਇਤਾ, ਕੰਮ ਜਾਂ ਸਫਾਰਸ਼ ਲਈ ਨਾ ਕਹਿ ਦੇਵੇ। ਦੁਸਰੀਆਂ ਕੌਮਾਂ ਵਾਲੇ ਆਪਣੇ ਲੋਕਾਂ ਦੀ ਹਰ ਤਰ੍ਹਾਂ ਮਦਦ ਕਰਦੇ ਹਨ, ਭਾਵੇਂ ਉਨ੍ਹਾਂ ਵਿੱਚ ਕਾਬਲੀਅਤ ਹੋਵੇ ਜਾਂ ਨਾ ਹੋਵੇ। ਸਿੱਖਾਂ ਦਾ ਜਿਆਦਾ ਤਰ ਇਹ ਹਾਲ ਹੈ ਕਿ ਨਾ ਤਾਂ ਆਪਣੇ ਮਦਦ ਕਰਦੇ ਹਨ ਤੇ ਨਾ ਹੀ ਦੂਸਰੇ। ਮੁਸ਼ਕਲਾਂ ਤਾਂ ਹੀ ਹੱਲ ਹੋ ਸਕਦੀਆਂ ਹਨ ਜੇ ਕਰ ਇੱਕ ਦੂਜੇ ਦਾ ਸਾਥ ਦੇਵਾਂਗੇ। ਸਿਰਫ ਸਮਾਜਕ ਜਾਂ ਦੁਨਿਆਵੀ ਪੱਧਰ ਤੇ ਸਾਥ ਹੀ ਨਹੀਂ, ਬਲਕਿ ਆਪਣੀ ਵਿਚਾਰਧਾਰਾ ਵੀ ਗੁਰੂ ਗਰੰਥ ਸਾਹਿਬ ਅਨੁਸਾਰ ਇੱਕ ਕਰਨੀ ਪਵੇਗੀ।

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ ੧॥ (੧੧੮੫)

ਅਕਿਰਤਘਣ:

ਕਈ ਵਾਰੀ ਵੇਖਣ ਵਿੱਚ ਆਉਂਦਾ ਹੈ ਕਿ ਜੇ ਕਰ ਕੋਈ ਕਿਸੇ ਦੀ ਮਦਦ ਕਰਦਾ ਹੈ ਤਾਂ ਮਦਦ ਲੈਣ ਵਾਲਾ ਕਦੀ ਧੰਨਵਾਦ ਨਹੀਂ ਕਰਦਾ ਹੈ। ਜੇ ਕਰ ਲੋੜ ਹੈ ਤਾਂ ਕਈ ਕਈ ਵਾਰੀ ਚਿਠੀਆਂ, ਟੈਲੀਫ਼ੂਨ ਤੇ ਈ. ਮੇਲ ਕਰਨਗੇ। ਲੋੜ ਪੂਰੀ ਹੋ ਗਈ ਤਾਂ ਕੋਈ ਉੱਤਰ ਨਹੀਂ ਕਿ ਚੀਜ਼ ਮਿਲ ਗਈ ਹੈ ਜਾਂ ਕੰਮ ਹੋ ਗਿਆ ਹੈ। ਜੇ ਕਰ ਅਕਿਰਤਘਣ ਬਣਾਗੇ ਤਾਂ ਦੂਸਰਾ ਸਾਡੀ ਸਹਾਇਤਾ ਕਿਥੋਂ ਤਕ ਕਰੇਗਾ।

ਨਾ ਤਿਸੁ ਭਾਰੇ ਜੀਅ ਜੰਤ ਅਣਗਣਤ ਫਿਰੰਦੇ॥ ਭਾਰੇ ਭੁਈਂ ਅਕਿਰਤਘਣ ਮੰਦੀ ਹੂ ਮੰਦੇ ੮॥ (੩੫-)

ਗੁਰੂ ਸਾਹਿਬ ਨੇ ਤਾਂ ਸਿੱਖ ਦਾ ਸੁਭਾਅ ਤੇ ਆਚਾਰ ਬਦਲਿਆ ਸੀ:

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥    (੬੨)

ਅਸੀਂ ਸੱਚਾ ਆਚਾਰ ਗਵਾ ਲਿਆ। ਫਿਰ ਉਹੋ ਜਿਹੇ ਬਣ ਗਏ ਹਾਂ, ਜੋ 500 ਸਾਲ ਪਹਿਲਾ ਸੀ। ਗੁਰੂ ਸਾਹਿਬਾਂ ਨੇ ਤਾਂ 239 ਸਾਲ ਲਗਾ ਕੇ ਸਾਨੂੰ ਸੁਧਾਰਿਆ ਸੀ ਤੇ ਪੂਰਣ ਗੁਰਸਿੱਖ ਬਣਾਇਆ ਸੀ, ਤਾਂ ਹੀ ਅਸੀਂ ਖ਼ਾਲਸੇ ਦੇ ਖਾਸ ਰੂਪ ਤਕ ਪਹੁੰਚ ਸਕੇ।

ਖ਼ਾਲਸਾ ਮੇਰੋ ਰੂਪ ਹੈ ਖਾਸ॥ ਖ਼ਾਲਸੇ ਮੈਂ ਹੌਂ ਕਰੋਂ ਨਿਵਾਸ (ਪੋਥੀ ੨੯੧-੨੯੨)

ਪਰੰਤੂ ਸਵਾਰਥ, ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਸਾਡੇ ਤੇ ਭਾਰੂ ਹੋ ਗਿਆ। ਗੁਰੂ ਸਾਹਿਬ ਜੀ ਦੀ ਚਿਤਾਵਨੀ ਭੁਲ ਗਏ ਤੇ ਭਰਮਾਂ, ਵਹਿਮਾਂ ਤੇ ਕਰਮ ਕਾਂਡਾਂ ਵਿੱਚ ਫਸ ਗਏ।

ਜਬ ਲਗ ਖ਼ਾਲਸਾ ਰਹੇ ਨਿਆਰਾ॥ ਤਬ ਲਗ ਤੇਜ ਦੀਉ ਮੈ ਸਾਰਾ॥ ਜਬ ਇਹ ਗਹੈ ਬਿਪਰਨ ਕੀ ਰੀਤ॥ ਮੈ ਕਰੋ ਇਨ ਕੀ ਪ੍ਰਤੀਤ॥ (ਪੋਥੀ ੨੯੧-੨੯੨)

ਇਸ ਲਈ ਜੇ ਕਰ ਆਪਣਾ ਭਲਾ ਚਾਹੁੰਦੇ ਹਾਂ, ਤਾਂ ਅਕਿਰਤਘਣ ਬਣਨਾ ਛੱਡਣਾਂ ਪਵੇਗੇ। ਜੇ ਕਰ ਕੋਈ ਦੂਸਰਾ ਸਿੱਖ ਸਾਡੀ ਸਹਾਇਤਾ ਕਰਦਾ ਹੈ ਤਾਂ ਉਸ ਦਾ ਧੰਨਵਾਦ ਤੇ ਕਦਰ ਕਰਨੀ ਸਿਖੀਏ। ਇਹ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਕਰ ਕੱਚੀ ਬਾਣੀ ਛੱਡ ਕੇ ਸੱਚੀ ਬਾਣੀ ਨਾਲ ਜੁੜੀਏ ਤਾਂ ਜੋ ਸੱਚ ਦੀ ਸਮਝ ਆ ਸਕੇ।

ਤ੍ਰਿਸ਼ਨਾ ਤੇ ਲਾਲਚ:

ਮਾਇਆ ਇਕੱਠੀ ਕਰਨ ਨਾਲ ਪਾਪ ਸ਼ੁਰੂ ਹੋ ਜਾਂਦੇ ਹਨ, ਜਿਸ ਕਰਕੇ ਅਸੀਂ ਅਪਣੇ ਗੌਰਵ ਤੋਂ ਡਿੱਗਦੇ ਜਾ ਰਹੇ ਹਾਂ। ਅੱਜਕਲ ਪਰਿਵਾਰਾ ਵਿੱਚ ਅਸ਼ਾਂਤੀ ਤਾਂ ਆਮ ਹੀ ਹੋ ਗਈ ਹੈ। ਅਕਸਰ ਪਰਿਵਾਰਾਂ ਵਿੱਚ ਲੜਾਈ ਝਗੜੇ ਹੁੰਦੇ ਰਹਿੰਦੇ ਹਨ। ਜਿਸ ਰਫ਼ਤਾਰ ਨਾਲ ਵਿਆਹਾਂ ਵਿੱਚ ਫਾਲਤੂ ਖਰਚੇ ਵਧ ਰਹੇ ਹਨ, ਉਸੇ ਤੇਜ਼ੀ ਨਾਲ ਤਲਾਕਾਂ ਦੀ ਗਿਣਤੀ ਵਧ ਰਹੀ ਹੈ। ਦਾਜ ਦੇ ਵਿਖਾਵੇ ਤੇ ਝਗੜੇ ਵਧ ਗਏ ਹਨ। ਲੈਂਣ ਦੇਣ ਕਰਕੇ ਆਪਸੀ ਅਣਬਣ ਅਕਸਰ ਹੁੰਦੀ ਰਹਿੰਦੀ ਹੈ। ਤੇਰੇ ਪੇਕਿਆਂ ਨੇ ਕੀ ਦਿੱਤਾ, ਮੇਰੇ ਪੇਕਿਆਂ ਨੇ ਕੀ ਦਿੱਤਾ, ਤੂੰ ਤੂੰ, ਮੈਂ ਮੈਂ, ਦਾ ਕਾਰਣ ਬਣ ਗਏ ਹਨ।। ਇਨ੍ਹਾਂ ਸੱਭ ਦਾ ਕਾਰਣ ਲਾਲਚੀ ਸੁਭਾ ਹੈ। ਤ੍ਰਿਸ਼ਨਾ ਦੀ ਪੂਰਤੀ ਕਦੀ ਨਹੀਂ ਹੋ ਸਕਦੀ ਹੈ।

ਭੁਖਿਆ ਭੁਖ ਉਤਰੀ ਜੇ ਬੰਨਾ ਪੁਰੀਆ ਭਾਰ ()

ਮਃ ੨॥ ਆਖਣੁ ਆਖਿ ਰਜਿਆ ਸੁਨਣਿ ਰਜੇ ਕੰਨ॥ ਅਖੀ ਦੇਖਿ ਰਜੀਆ ਗੁਣ ਗਾਹਕ ਇੱਕ ਵੰਨ॥ ਭੁਖਿਆ ਭੁਖ ਉਤਰੈ ਗਲੀ ਭੁਖ ਜਾਇ॥ ਨਾਨਕ ਭੁਖਾ ਤਾ ਰਜੈ ਜਾ ਗੁਣ ਕਹਿ ਗੁਣੀ ਸਮਾਇ॥ ੨॥ (੧੪੭)

ਪਤੀ ਨਾਲ ਪਿਆਰ ਘੱਟ, ਪਤੀ ਦੀ ਦੌਲਤ ਨਾਲ ਜਿਆਦਾ। ਪਤਨੀ ਨਾਲ ਪਿਆਰ ਘੱਟ, ਪਤਨੀ ਦੇ ਦਾਜ ਨਾਲ ਜਿਆਦਾ। ਜੇ ਕਰ ਮੰਗ ਪੂਰੀ ਤਾਂ ਖੁਸ਼, ਨਹੀਂ ਤਾਂ ਕਲੇਸ਼। ਘਰਾਂ ਵਿੱਚ ਜੋ ਚੀਜ਼ਾਂ ਖਰੀਦੀਆਂ ਜਾਂਦੀਆਂ ਹਨ, ਅਕਸਰ ਉਨ੍ਹਾਂ ਦੀ ਜ਼ਰੂਰਤ ਨਹੀਂ ਹੁੰਦੀ।

Too many demands ® More resources required ® More efforts & Time required on job ® Unfair means ® Cheating and bribes ® Breaking of social system ® Unhappiness in the country ® Sin & Crime ® The net effects comes back to us one day

ਆਸਾ ਮਹਲਾ ੧॥॥   ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥   ॥ (੪੧੭)

ਪੰਜਾਬ ਹੇਰਾਫੇਰੀ ਤੇ ਰਿਸ਼ਵਤਖੋਰੀ (Corruption) ਦੇ ਸਕੇਲ ਵਿੱਚ ਹੋਰਨਾ ਪ੍ਰਾਂਤਾਂ ਦੇ ਮੁਕਾਬਲੇ ਵਿੱਚ ਸਤਵੇਂ ਨੰਬਰ ਤੇ ਹੈ। ਜਿਆਦਾ ਹੇਰਾਫੇਰੀ ਤੇ ਰਿਸ਼ਵਤਖੋਰੀ ਪੁਲੀਸ, ਨਿਆਂ ਪਾਲਿਕਾ, ਨਗਰ ਪਾਲਿਕਾ (Municipality), ਲੋਕਾ ਨੂੰ ਵੰਡ ਕਰਨ ਵਾਲੇ ਵਿਭਾਗਾਂ (Public Distribution Departments) ਵਿੱਚ ਹੈ। ਪਾਪ ਦੀ ਕਮਾਈ ਘਰ ਵਿੱਚ ਅਸ਼ਾਤੀ, ਦੁਖ ਕਲੇਸ਼ ਦਾ ਕਾਰਣ ਬਣਦੀ ਹੈ। ਗੁਰੁ ਸਾਹਿਬ ਨੇ ਤਾਂ ਕਿਰਤ ਵਿਰਤ ਕਰ ਧਰਮ ਦੀ ਹਥਹੁੰ ਦੇਕੇ ਭਲਾ ਮਨਾਵੈ॥ ਸਿਖਾਇਆ ਸੀ, ਪਰ ਅਸੀਂ ਕਿਸ ਪਾਸੇ ਵਲ ਤੁਰ ਪਏ।

ਇਸ ਲਈ ਜੇ ਕਰ ਜੀਵਨ ਵਿੱਚ ਸੁਖ ਚਾਹੁੰਦੇ ਹਾਂ, ਤਾਂ ਲਾਲਚ ਕਰਨਾ ਛੱਡਣਾ ਪਵੇਗਾ, ਦਾਜ ਲੈਣਾਂ ਬੰਦ ਕਰਨਾ ਪਵੇਗਾ, ਹੇਰਾਫੇਰੀ ਤੇ ਰਿਸ਼ਵਤਖੋਰੀ ਤੋਂ ਦੂਰ ਰਹਿਣਾਂ ਪਵੇਗੇ। ਆਪਣੀ ਕਿਰਤ ਕਮਾਈ ਵਿੱਚ ਸੰਤੁਸ਼ਟ ਹੋ ਕੇ ਦੂਸਰੇ ਲੋੜਵੰਦ ਗੁਰਸਿੱਖਾਂ ਦੀ ਸਹਾਇਤਾ ਕਰਨੀ ਪਵੇਗੀ।

ਆਰਥਕ, ਸਮਾਜਕ, ਰਾਜਨੀਤਕ ਤੇ ਵਿਦੇਸ਼ਾਂ ਵਿੱਚ ਮੁਸ਼ਕਲਾਂ:

ਪੰਜਾਬ ਤੋਂ ਬਾਹਰ ਤੇ ਵਿਦੇਸ਼ਾਂ ਵਿੱਚ ਸਿੱਖ ਬੱਚਿਆਂ ਨਾਲ ਵਿਤਕਰਾ ਤੇ ਮਖੌਲ ਕੀਤੇ ਜਾਂਦੇ ਹਨ। ਸਕੂਲਾਂ ਵਿੱਚ ਸਿੱਖ ਬੱਚਿਆਂ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੇ ਮੁਸ਼ਕਲਾਂ ਦਾ ਸਾਮਣਾ ਕਰਨਾ ਪੈਂਦਾ ਹੈ। ਅੱਜਕਲ ਲੋਕ ਮਾਇਆ ਦੀ ਖਾਤਰ ਜਮੀਨਾਂ ਵੇਚ ਕੇ ਤੇ ਘਰਬਾਰ ਛੱਡ ਕੇ ਵਿਦੇਸ਼ਾਂ ਨੂੰ ਜਾ ਰਹੇ ਹਨ। ਉਸ ਦਾ ਇੱਕ ਕਾਰਨ ਇਹ ਵੀ ਹੈ ਕਿ ਸਾਡੇ ਦੇਸ਼ ਅਤੇ ਖਾਸ ਤੌਰ ਤੇ ਪੰਜਾਬ ਵਿੱਚ ਕੋਈ ਨੌਕਰੀਆਂ ਨਹੀਂ ਹਨ। ਜਿਸ ਕਰਕੇ ਮਜਬੂਰਨ ਬੱਚਿਆਂ ਨੂੰ ਬਾਹਰ ਜਾਣਾ ਪੈ ਰਿਹਾ ਹੈ। ਜਿਹੜੇ ਸਿੱਖ ਬਾਹਰਲੇ ਦੇਸਾਂ ਵਿੱਚ ਜਾਂਦੇ ਹਨ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਮਣਾ ਕਰਨਾ ਪੈਦਾ ਹੈ, ਜਿਸ ਤਰ੍ਹਾਂ ਕਿ ਵੀਸਾ ਮਿਲਣ ਵਿੱਚ ਮੁਸ਼ਕਲਾਂ, ਕਈ ਰਿਸ਼ਵਤਾਂ ਦੇ ਕੇ ਬਾਹਰ ਜਾਂਦੇ ਹਨ, ਕਈ ਤਰ੍ਹਾਂ ਦੇ ਸਕੈਂਡਲ ਹੋ ਚੁਕੇ ਹਨ, ਕੁੱਝ ਕੁ ਤਾਂ ਜੇਲ ਦੀ ਹਵਾ ਖਾ ਕੇ ਵਾਪਿਸ ਆ ਜਾਂਦੇ ਹਨ। ਵਿਦੇਸ਼ਾਂ ਵਿੱਚ ਜਾ ਕੇ ਸਿੱਖਾਂ ਨੂੰ ਕਈ ਤਰ੍ਹਾਂ ਦੀਆਂ ਆਰਥਕ ਤੇ ਸਮਾਜਕ ਮੁਸ਼ਕਲਾਂ ਦਾ ਸਾਮਣਾ ਕਰਨਾ ਪੈਂਦਾ ਹੈ। ਵਿਦੇਸ਼ੀ ਭਾਸ਼ਾ ਵਿੱਚ ਗਲ ਨਹੀਂ ਕਰ ਸਕਦੇ ਹਨ। ਸਮਾਜਕ ਤੇ ਆਰਥਕ ਪ੍ਰੇਸ਼ਾਨੀਆਂ ਕਰਕੇ ਕਈ ਆਪਣੇ ਕਕਾਰ ਵੀ ਤਿਆਗ ਦਿੰਦੇ ਹਨ। ਕਈਆਂ ਨੂੰ ਘੱਟ ਕਾਬਲੀਅਤ ਕਰਕੇ ਚੰਗੇ ਕੰਮ ਨਹੀਂ ਮਿਲਦੇ ਹਨ। ਸਿੱਖ ਸੰਸਥਾਵਾਂ ਵੀ ਬਹੁਤ ਘਟ ਹਨ ਜੋ ਕਿ ਇਨ੍ਹਾਂ ਮੁਸ਼ਕਲ ਨੂੰ ਹੱਲ ਕਰਨ ਵਿੱਚ ਸਹਾਈ ਹੋ ਸਕਣ।

ਘਰੇਲੂ ਝਗੜੇ, ਸ਼ਰਾਬ ਤੇ ਨਸ਼ੇ, ਬਜੁਰਗਾਂ ਦੀਆਂ ਮੁਸ਼ਕਲਾਂ, ਔਰਤਾਂ ਤੇ ਜੁਲਮ, ਬੱਚਿਆਂ ਨਾਲ ਝਗੜੇ, ਨਸਲ ਭੇਦ ਭਾਵ ਤੇ ਜ਼ੁਲਮ, ਸਿੱਖਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਕਰ ਦਿੰਦੇ ਹਨ, ਜਿਸ ਕਰਕੇ ਸਿੱਖਾਂ ਨੂੰ ਵਿਦੇਸ਼ਾਂ ਵਿੱਚ ਅਨਪੜ੍ਹ, ਗੰਦੇ ਤੇ ਮੁਜਰਮ ਸਮਝਿਆ ਜਾਂਦਾ ਹੈ। ਭਾਵੇਂ ਦੂਸਰੀਆਂ ਕੌਮਾਂ (ਯਹੂਦੀਆਂ) ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਨ੍ਹਾਂ ਨੇ ਆਪਸੀ ਸਹਾਇਤਾ ਲਈ ਸੰਸਥਾਵਾਂ ਕਾਇਮ ਕੀਤੀਆ ਹਨ। ਸਿੱਖਾਂ ਵਿੱਚ ਇੱਕ ਦੂਜੇ ਦੀ ਸਹਾਇਤਾ ਕਰਨ ਲਈ ਕੋਈ ਸੰਸਥਾ ਨਹੀਂ ਹੈ। ਅਮੀਰ ਸਿੱਖ ਦੂਜੇ ਸਿੱਖਾਂ ਦੀ ਸਹਾਇਤਾ ਨਹੀਂ ਕਰਦਾ ਹੈ, ਬਲਕਿ ਉਲਟਾ ਹੰਕਾਰ ਵਿੱਚ ਕੇ ਸਿੱਖੀ ਤੋਂ ਦੂਰ ਹੋ ਜਾਂਦਾ ਹੈ।

We will have to carry out the following types of organizational efforts to overcome these difficulties

· To increase the educational level of Sikh children and to help them in learning English and other foreign languages.

· To pull them out of the rituals contrary to Sikhism and to educate them the basic understanding of Sikh religion and way of life which is not ritualistic as there is difference between ritual and practice.

· To bring the community together at one platform, which is at present divided due to caste and creed (Jats, Lohanas, Ramgarhias, etc.)

· Interpersonal skills to enable them to perform simple domestic and other tasks with competence and confidence.

· Helping the children for their homework, school education, aptitude test, personality development and vocational guidance, etc.

· Training the parents to address the children problems in the school and colleges.

· Education regarding the basic laws and rules of foreign country and their social behavior.

· Educating the standard safety procedures (e.g. what to do during a fire, a medical emergence, etc.) and communication with the local authorities.

· Educating the types of public assistance available in the country they live.

· Daycare center for the children and old age home for the elderly Sikhs.

· Utilizing the help of the radio station for general information and educational activities.

· A Sikh Community centre can be created with facilities like computer centre, a library a recreational facility, classrooms, seminar hall, and a counseling centre, etc.

ਸਿੱਖਾਂ ਕੋਲ ਸਭ ਤਰ੍ਹਾਂ ਦੀਆਂ ਤਾਕਤਾਂ ਹਨ, ਸ਼ਾਨਦਾਰ ਤੇ ਵਿਸ਼ਾਲ ਵਿਰਸਾ, ਰੁਹਾਨੀ ਤਾਕਤ, ਗੋਲਕ, ਚੜ੍ਹਦੀ ਕਲਾ ਵਾਲਾ ਇਤਿਹਾਸ, ਕੁਰਬਾਨੀ, ਯੁਧ ਵਿੱਚ ਨਿਪੁੰਨਤਾ, ਜੀਵਨ ਦੇ ਹਰ ਪਹਿਲੂ ਦਾ ਮਾਰਗ ਦਰਸ਼ਨ ਕਰਨ ਲਈ ਗੁਰੂ ਗਰੰਥ ਸਾਹਿਬ। ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਦੀ ਮਿਹਰ ਸਦਕਾ, ਅਸੀਂ ਘਟੀਆਂ ਲੀਡਰ ਮਿਲਣ ਦੇ ਬਾਵਜੂਦ ਵੀ ਆਪਣੀ ਹਸਤੀ ਕਾਇਮ ਰੱਖ ਸਕੇ ਹਾਂ, ਪਰੰਤੂ ਅਫਸੋਸ ਕਿ ਹੁਣ ਸਵਾਰਥੀ ਤੇ ਘਟੀਆ ਲੀਡਰਾਂ ਕਰਕੇ, ਅਸੀਂ ਗੁਰੂ ਗਰੰਥ ਸਾਹਿਬ ਤੋਂ ਹੀ ਬੇਮੁੱਖ ਹੋ ਰਹੇ ਹਾਂ।

ਸਾਡੀਆਂ ਸਾਰੀਆਂ ਸਮਸਿਆਂਵਾਂ ਦਾ ਹੱਲ ਗੁਰਬਾਣੀ ਵਿੱਚ ਮਾਜੂਦ ਹੈ, ਲੋੜ ਹੈ ਇਸ ਨੂੰ ਗੁਰੂ ਗਰੰਥ ਸਾਹਿਬ ਵਿਚੋਂ ਖੋਜਣ ਦੀ। ਹੇਠ ਲਿਖੀਆਂ ਪੰਗਤੀਆਂ ਇਸ ਗੱਲ ਦੀ ਗਵਾਹੀ ਦਿੰਦੀਆਂ ਹਨ।

ਸਿਰੀਰਾਗੁ ਮਹਲਾ ੫॥ ਜਾ ਕਉ ਮੁਸਕਲੁ ਅਤਿ ਬਣੈ ਢੋਈ ਕੋਇ ਨ ਦੇਇ॥ ਲਾਗੂ ਹੋਏ ਦੁਸਮਨਾ ਸਾਕ ਭਿ ਭਜਿ ਖਲੇ॥ ਸਭੋ ਭਜੈ ਆਸਰਾ ਚੁਕੈ ਸਭੁ ਅਸਰਾਉ॥ ਚਿਤਿ ਆਵੈ ਓਸੁ ਪਾਰਬ੍ਰਹਮੁ ਲਗੈ ਨ ਤਤੀ ਵਾਉ॥   ਸਾਹਿਬੁ ਨਿਤਾਣਿਆ ਕਾ ਤਾਣੁ॥ ਆਇ ਨ ਜਾਈ ਥਿਰੁ ਸਦਾ ਗੁਰ ਸਬਦੀ ਸਚੁ ਜਾਣੁ॥ ੧ ॥ ਰਹਾਉ॥   (੭੦)

ਬਹੁਤ ਸਾਰੀਆਂ ਮੁਸ਼ਕਲਾਂ ਬਾਹਰੋ ਆਂਉਦੀਆਂ ਹਨ, ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਅੰਦਰ ਆਉਣ ਦਈਏ ਕਿ ਨਾ, ਸਾਨੂੰ ਆਪਣੇ ਆਪ ਨੂੰ ਉਨ੍ਹਾਂ ਤੋਂ ਬਚਾਉਣਾਂ ਹੈ। ਸਭ ਤਰ੍ਹਾਂ ਦੀਆਂ ਚੁਨੌਤੀਆਂ ਦਾ ਮੁਕਾਬਲਾ ਕਰਨ ਲਈ ਸਾਨੂੰ ਆਪਣੇ ਆਪ ਨੂੰ ਬਦਲਣਾ ਪਵੇਗਾ, ਆਪਣੀ ਸੋਚ ਗੁਰਮਤਿ ਅਨੁਸਾਰ ਬਣਾਉਣੀ ਪਵੇਗੀ। ਮੁਸ਼ਕਲਾਂ ਹੱਲ ਕਰਨ ਦੇ ਹੇਠ ਲਿਖੇ ਕੁੱਝ ਤਰੀਕੇ ਅਪਨਾਏ ਜਾ ਸਕਦੇ ਹਨ।

ਵੰਡ ਛਕਣਾਂ (“ਘਾਲਿ ਖਾਇ ਕਿਛੁ ਹਥਹੁ ਦੇਇ ), ਆਪਣੇ ਅੰਦਰ ਗੁਣ ਲੱਭੋ ਅਤੇ ਉਹਨਾਂ ਵਿੱਚ ਵਾਧਾ ਕਰੋ, ਸਮੇਂ ਦੀ ਸੰਭਾਲ, ਉਹੀ ਕੰਮ ਕਰੋ ਜਿਹੜਾ ਠੀਕ ਤਰਾਂ ਕਰ ਸਕਦੇ ਹੋ। ਚੰਗੇ ਮਿਤੱਰ, ਚੰਗੀਆਂ ਪੁਸਤਕਾਂ, ਗਿਆਨ ਵਿੱਚ ਵਾਧਾ ਕਰੋ। , ਧੰਨਵਾਦ ਕਰਨਾ ਤੇ ਗਲਤੀ ਮੰਨਣੀ ਸਿੱਖੋ। ਜਿਹੜਾ ਕੰਮ ਠੀਕ ਨਹੀਂ ਜਾਂ ਸਮਰੱਥਾ ਤੋ ਬਾਹਰ ਹੈ ਉਸ ਲਈ ਨਾਂਹ ਕਰਨੀ ਸਿੱਖੋ। ਸਿਆਣਿਆਂ ਤੇ ਵੱਡਿਆਂ ਦੇ ਕਹੇ ਦਾ ਬੁਰਾ ਨਹੀਂ ਮੰਨਣਾ, ਕਿਸੇ ਦਾ ਬੁਰਾ ਨਹੀਂ ਕਰਨਾ, ਗੁੱਸਾ ਨਹੀਂ ਕਰਨਾ, ਪਰੇਸ਼ਾਨੀ ਸਮੇਂ ਇਕੱਲੇ ਨਾ ਬੈਠੋ ਬਲਕਿ ਗੁਰਬਾਣੀ ਦੀ ਸਤਿਸੰਗਤ ਕਰੋ। ਸੱਭ ਤੋਂ ਉੱਤਮ ਤਰੀਕਾ ਹੈ, ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾਓ ਜੀ।

ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ॥ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ॥ ੮॥ (੭੫੯)

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ)

(Dr. Sarbjit Singh)

ਆਰ ਐਚ ੧ / ਈ - ੮, ਸੈਕਟਰ - ੮,

RH1 / E-8, Sector-8,

ਵਾਸ਼ੀ, ਨਵੀਂ ਮੁੰਬਈ - ੪੦੦੭੦੩.

Vashi, Navi Mumbai - 400703.

Web = http://www.geocities.com/sarbjitsingh/

Web = http://www.gurbani.us
.