.

ਸੰਤਾਂ ਦੇ ਕੌਤਕ .....?
(ਭਾਗ ਤੀਜਾ, ਕਿਸ਼ਤ ਨੰ: 01)

ਭਾਈ ਸੁਖਵਿੰਦਰ ਸਿੰਘ ‘ਸਭਰਾ’

(ਨੋਟ:- ਸਰਦਾਰ ਸੁਖਵਿੰਦਰ ਸਿੰਘ ਸਭਰਾ ਦੀ ਪੁਸਤਕ ‘ਸੰਤਾਂ ਦੇ ਕੌਤਕ’ ਪਹਿਲੇ ਦੋ ਭਾਗ ‘ਸਿੱਖ ਮਾਰਗ’ ਤੇ ਛਪ ਚੁੱਕੇ ਹਨ। ਹੁਣ ਇਹ ਤੀਜਾ ਭਾਗ ਸ਼ੁਰੂ਼ ਕਰ ਰਹੇ ਹਾਂ। ਸਾਡੇ ਕੋਲ ਨਾ ਤਾਂ ਉਹਨਾ ਵਲੋਂ ਵਰਤੇ ਹੋਏ ਫੌਂਟਸ ਹਨ ਅਤੇ ਨਾ ਹੀ ਇਹ ਤੀਜੇ ਭਾਗ ਵਾਲੀ ਕਿਤਾਬ ਹੈ। ਅਸੀਂ ਰਲਦੇ ਮਿਲਦੇ ਫੌਂਟਸ ਵਰਤ ਕੇ ਬੁੱਤਾ ਸਾਰ ਰਹੇ ਹਾਂ ਅਤੇ ਕੋਸ਼ਿਸ਼ ਕਰਾਂਗੇ ਕਿ ਸਪੈਲਿੰਗ ਠੀਕ ਹੋਣ। ਜਿੱਥੇ ਸਾਨੂੰ ਕੋਈ ਦਿੱਕਤ ਆਵੇਗੀ ਅਸੀਂ ਉਸ ਥਾਂ ਨੂੰ ਬਿੰਦੀਆਂ ਪਾ ਕੇ ਖਾਲੀ ਛੱਡ ਦੇਵਾਂਗੇ। ਪਹਿਲੇ ਦੋ ਭਾਗਾਂ ਦੀਆਂ ਕਿਤਾਬਾਂ ਗੁਰਸ਼ਰਨ ਸਿੰਘ ਕਸੇਲ ਨੇ ਸਾਨੂੰ ਭੇਜ ਦਿੱਤੀਆਂ ਸਨ ਅਤੇ ਅਸੀਂ ਉਹਨਾ ਨਾਲ ਮਿਲਾ ਲੈਂਦੇ ਸੀ। ਇਸ ਲਈ ਪਹਿਲਾਂ, ਹੁਣ ਨਾਲੋਂ ਦਿੱਕਤ ਕੁੱਝ ਘੱਟ ਆਈ ਸੀ-ਸੰਪਾਦਕ)

ਅਖੌਤੀ ਸੰਤ ਅਤੇ ਸਿੱਖ ਕੌਮ

ਕੋਈ ਸਮਾਂ ਸੀ ਜਦੋਂ ਗੁਰੂ ਹਰਿ ਕ੍ਰਿਸ਼ਨ ਸਾਹਿਬ ਜੀ ਜੋਤੀ ਜੋਤ ਸਮਾਉਣ ਲੱਗੇ ਆਖ ਗਏ ਸਨ ਕਿ ਸਾਡੇ ਤੋਂ ਬਾਅਦ ਗੁਰੂ ‘ਬਾਬਾ ਬਕਾਲੇ’ ਹਨ। (ਗੁਰੂ) ਤੇਗ ਬਹਾਦਰ ਜੀ, ਜੋ ਗੁਰੂ ਹਰਿ ਕ੍ਰਿਸ਼ਨ ਦੇ ਬਾਬਾ ਜੀ ਸਨ ਬਕਾਲੇ ਸ਼ਹਿਰ ਵਿੱਚ ਭੋਰੇ ਵਿੱਚ ਭਗਤੀ ਕਰ ਰਹੇ ਸਨ। (ਭੋਰੇ ਵਿਚ ਭਗਤੀ ਵਾਲੀ ਗੱਲ ਗੁਰਮਤਿ ਅਨੁਸਾਰ ਠੀਕ ਨਹੀਂ ਲਗਦੀ-ਸੰਪਾਦਕ) ਉਸ ਸਮੇਂ ਕੁੱਝ ਪਖੰਡੀ ਗੁਰੂ ਜੀ ਦੇ ਉਚਾਰੇ ਬਚਨਾਂ ਦਾ ਨਜਾਇਜ਼ ਫਾਇਦਾ ਉਠਾਉਣ ਲਈ ਅਤੇ ਆਪਣੇ ਆਪ ਨੂੰ ਗੁਰੂ ਸਾਬਿਤ ਕਰਨ ਲਈ ੨੨ ਮੰਜੀਆਂ ਡਾਹ ਕੇ ਗੁਰੂ ਬਣ ਬੈਠੇ ਸਨ। ਉਹਨਾਂ ਆਪਣੀਆਂ ਦੁਕਾਨਦਾਰੀਆਂ ਚਲਾਉਣ ਲਈ ਆਪਣੇ ਏਜੰਟ ਛੱਡੇ ਹੋਏ ਸਨ, ਜੋ ਸੱਚੇ ਗੁਰੂ ਦੀ ਭਾਲ ਵਿੱਚ ਬਕਾਲੇ ਆ ਰਹੀਆਂ ਸੰਗਤਾਂ ਨੂੰ ਵਰਗਲਾ ਕੇ ਆਪਣੇ ਆਪਣੇ ਡੇਰੇ ਲੈ ਜਾਂਦੇ ਸਨ। ਉਸ ਸਮੇਂ ਭਾਈ ਮੱਖਣ ਸ਼ਾਹ ਲੁਬਾਣੇ ਨੇ ਸੱਚੇ ਗੁਰੂ ਨੂੰ ਲੱਭ ਕੇ ਪਖੰਡੀਆਂ ਦਾ ਪਾਜ ਉਘਾੜਿਆ ਸੀ।

ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾਉਣ ਵੇਲੇ ਸੰਗਤਾਂ ਨੂੰ ਹੁਕਮ ਕਰ ਗਏ ਸਨ ਕਿ ਮੇਰਾ ਸਰੀਰ ਪੰਥ ਵਿੱਚ ਅਤੇ ਜੋਤ ਗਰੰਥ ਵਿੱਚ ਹੈ। ਗੁਰੂ ਸਾਹਿਬ ਦਾ ਫੁਰਮਾਨ ਸੀ।

ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਿਓ ਗਰੰਥ॥

ਪਰ ਭਾਣਾ ਕੁਦਰਤ ਦਾ ਅੱਜ ਬਹੁਤੇ ਸਿੱਖ ਗਰੰਥ ਤਾਂ ਮੰਨਦੇ ਹਨ ਪਰ ਗੁਰੂ ਨਹੀਂ। ਉਹ ਅੱਜ ਵੀ ਮਨ ਦੀ ਸ਼ਾਂਤੀ ਲਈ ਗੁਰੂ ਗ੍ਰੰਥ ਸਾਹਿ ਦਾ ਓਟ ਆਸਰਾ ਛੱਡ ਕੇ ਕਿਸੇ ਨਾ ਕਿਸੇ ਪਖੰਡੀ ਸੰਤ ਦਾ ਲੜ ਫੜ੍ਹੀ ਬੈਠੇ ਹਨ।

ਅੱਜ ਦੇ ਸਮੇਂ ਵਿੱਚ ਕਿਸੇ ਕਮਾਈ ਵਾਲੇ ਯੋਗ ਪੰਥਕ ਲੀਡਰ ਦੀ ਘਾਟ ਕਾਰਨ ਸਿੱਖ ਪੰਥ ਨੂੰ ਢਾਹ ਲਾਉਣ ਲਈ ਕਈ ਪਖੰਡੀ ਸੰਤ ਗੁਰੂ ਬਣ ਬੈਠੇ ਹਨ। ਉਹ ਸੰਗਤਾਂ ਨੂੰ ਧੋਖਾ ਦੇਣ ਲਈ ਆਪਣੇ ਨਾਮ ਉਤੇ ਬਣੇ ਡੇਰਿਆਂ ਵਿੱਚ ਪ੍ਰਕਾਸ਼ ਤਾਂ ਗੁਰੂ ਗਰੰਥ ਸਾਹਿਬ ਜੀ ਦਾ ਕਰਦੇ ਹਨ, ਪਰ ਆਪਣੇ ਡੇਰਿਆਂ ਵਿੱਚ ਇੱਕ ਵੱਖਰੀ ਗੱਦੀ ਲਗਾ ਕੇ ਆਪਣੇ ਏਜੰਟਾਂ ਰਾਹੀਂ ਆ ਰਹੀਆਂ ਭੋਲੀਆਂ-ਭਾਲੀਆਂ ਸੰਗਤਾਂ ਪਾਸੋਂ ਮੱਥਾ-ਟਿਕਾ ਕੇ ਆਪਣੇ ਮਨ ਦਾ ਹੰਕਾਰ ਪੂਰਾ ਕਰਦੇ ਹਨ ਤੇ ਵਿਚਾਰੀ ਸੰਗਤ ਇਹ ਸੋਚ ਕੇ ਕਿ ਸ਼ਾਇਦ ਇਥੋਂ ਹੀ ਮਨ ਦੀ ਸ਼ਾਂਤੀ ਮਿਲ ਜਾਵੇ, ਉਸ ਨੂੰ ਉਹ ਆਪਣਾ ਗੁਰੂ ਮੰਨ ਬੈਠਦੀ ਹੈ। ਅਚਾਰੀਆ ਰਜਨੀਸ਼ ਨੇ ਆਪਣੀ ਕਿਤਾਬ ‘ੴ ਸਤਿਨਾਮ’ ਵਿੱਚ ਇੱਕ ਗੱਲ ਬਹੁਤ ਵਧੀਆ ਕਹੀ ਹੈ ਕਿ ਇੱਕ ਕਤਲ ਕਰਨ ਵਾਲਾ ਏਨਾ ਵੱਡਾ ਕਾਤਿਲ ਨਹੀਂ ਹੁੰਦਾ ਜਿੰਨਾਂ ਕਿ ਇੱਕ ਗਲਤ ਰਸਤਾ ਦੱਸਣ ਵਾਲਾ ਕਿ ਜੇਕਰ ਕਿਸੇ ਨੇ ਕਿਸੇ ਪ੍ਰਮਾਤਮਾ ਦੇ ਘਰ ਦਾ ਉਹ ਰਸਤਾ ਦੱਸ ਦਿੱਤਾ ਜਿਹੜਾ ਕਿ ਉਹਦੇ ਘਰ ਨੂੰ ਹੀ ਨਹੀਂ ਜਾਂਦਾ ਤਾਂ ਇਨਸਾਨ ਸਾਰੀ ਉਮਰ ਹੋਰ ਹੀ ਰਸਤੇ ਉਤੇ ਤੁਰਿਆ ਰਹੇਗਾ ਅਤੇ ਅੰਤ ਨੂੰ ਚੁਰਾਸੀ ਦੇ ਗੇੜ ਵਿੱਚ ਪੈ ਜਾਵੇਗਾ। ਇਹ ਪਖੰਡੀ ਸੰਤ ਜਿਨ੍ਹਾਂ ਨੂੰ ਥੋੜ੍ਹਾ ਜਿਹਾ ਹੀ ਰਸਤੇ ਦਾ ਪਤਾ ਹੁੰਦਾ ਹੈ, ਸੰਗਤਾਂ ਨੂੰ ਵਧਾ ਚੜ੍ਹਾ ਕੇ ਦੱਸ ਕੇ ਚੁਰਾਸੀ ਦੇ ਗੇੜ ਵਿੱਚ ਪਾ ਦਿੰਦੇ ਹਨ।

ਅਜਿਹੇ ਪਖੰਡੀ ਸੰਤਾਂ ਤੋਂ ਕੌਮ ਨੂੰ ਭਾਰੀ ਖਤਰਾ ਪੈਦਾ ਹੋ ਗਿਆ ਹੈ। ਇਹਨਾਂ ਡੇਰੇਦਾਰਾਂ ਨੇ ਸਰਕਾਰ ਨਾਲ ਗਾਂਠ ਸਾਂਠ ਕਰਕੇ ਸਿੱਖ ਰਹਿਤ ਮਰਿਆਦਾ ਵਿੱਚ ਰਲਗੱਡ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਆਪਣੀ ਨਵੀਂ ਮਰਿਆਦਾ ਸੰਗਤਾਂ ਨੂੰ ਪ੍ਰਚਾਰ ਕੇ ਮੁੜ ਬ੍ਰਾਹਮਣਵਾਦ ਦੇ ਜਾਲ ਵਿੱਚ ਸੰਗਤਾਂ ਨੂੰ ਫਸਾ ਰਹੇ ਹਨ। ਇਹ ਸੰਤ ਆਪਣੇ ਆਪ ਨੂੰ ਕਰਨੀ ਵਾਲੇ ਸੰਤ ਅਖਵਾਉਣ ਲਈ ਵੱਖ ਵੱਖ ਤਰ੍ਹਾਂ ਦੀਆਂ ਕਹਾਣੀਆਂ ਘੜ ਕੇ ਆਪਣੇ ਚੇਲਿਆਂ ਰਾਹੀਂ ਪ੍ਰਚਾਰਦੇ ਹਨ।

ਇਕ ਅਖੌਤੀ ਸੰਤ ਦੇ ਚੇਲਿਆਂ ਦਾ ਕਹਿਣਾ ਹੈ ਕਿ ਇੱਕ ਵਾਰੀ ਡੇਰੇ ਵਿੱਚ ਸਮਾਗਮ ਦੌਰਾਨ ੮-੧੦ ਬੋਰੀਆਂ ਖੰਡ ਦੀਆਂ ਆਈਆਂ ਸਨ। ਜਦੋਂ ਸਮਾਗਮ ਦੀ ਸਮਾਪਤੀ ਉਪਰੰਤ ਦੁਕਾਨਦਾਰ ਆਪਣੀ ਖੰਡ ਦੇ ਪੈਸੇ ਲੈਣ ਆਇਆ ਤਾਂ ਉਸ ਸੰਤ ਨੇ ਕਿਹਾ, “ਜਾਹ ਭਾਈ ਤੈਨੂੰ ਗੁਰੂ ਘਰ ਦੀਆਂ ਖੁਸ਼ੀਆਂ ਦਿੱਤੀਆਂ।” ਪਰ ਦੁਕਾਨਦਾਰ ਨੇ ਕਿਹਾ, “ਬਾਬਾ ਜੀ, ਮੈਨੂੰ ਖੁਸ਼ੀਆਂ ਨਹੀਂ ਪੈਸੇ ਚਾਹੀਦੇ ਹਨ ।” ਤਾਂ ਬਾਬਾ ਜੀ ਨੇ ਇੱਕ ਵਾਰ ਫਿਰ ਕਿਹਾ, ਜਾਹ ਭਾਈ ਤੈਨੂੰ ਗੁਰੂ ਘਰ ਦੀਆ ਖੁਸ਼ੀਆਂ ਦਿੱਤੀਆ।” ਤਾਂ ਦੁਕਾਨਦਾਰ ਨੇ ਫਿਰ ਕਿਹਾ, ਬਾਬਾ ਜੀ ਮੈਂ ਪੈਸੇ ਲਏ ਬਗੈਰ ਨਹੀਂ ਹਟਾਂਗਾ ਤਾਂ ਉਹਨਾਂ ਨੇ ਇੱਕ ਸ਼ਰਧਾਲੂ ਕੋਲੋਂ ਪੈਸੇ ਲੈ ਕੇ ਦੁਕਾਨਦਾਰ ਨੂੰ ਦੇ ਦਿੱਤੇ ਅਤੇ ਕਿਹਾ ਕਿ ਤੂੰ ਕਹਿ ਕੇ ਤੁਹਾਡੀਆਂ ਖੁਸ਼ੀਆਂ ਵਾਪਸ ਦਿੱਤੀਆਂ । ਉਸ ਦੁਕਾਨਦਾਰ ਨੇ ਉਸੇ ਤਰ੍ਹਾਂ ਕਿਹਾ ਤੇ ਚਲਾ ਗਿਆ। ਦੂਜੇ ਦਿਨ ਸੰਤ ਦੇ ਏਜੰਟ ਚੇਲਿਆ ਨੇ ਧੁਮਾ ਦਿੱਤਾ ਕਿ ਉਸ ਦੁਕਾਨਦਾਰ ਨੂੰ ੫੦ ੦੦੦ ਰੁਪਏ ਦਾ ਘਾਟਾ ਪੈ ਗਿਆ।

ਅਜਿਹੀਆਂ ਮਨਘੜਤ ਗੱਲਾਂ ਨਾਲ ਸੰਗਤਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਸਾਰੀ ਉਮਰ ਉਨ੍ਹਾਂ ਦੇ ਪੈਸਿਆਂ ਤੇ ਐਸ਼ ਕਰਦੇ ਹਨ। ਅੱਗੇ ਇਹਨਾਂ ਦੇ ਏਜੰਟ ਵੀ ਇਹਨਾਂ ਵਾਂਗ ਹੀ ਕਰਦੇ ਹਨ। ਜੇਕਰ ਕੋਈ ਸੰਤ ਵਿਦੇਸ਼ ਗਿਆ ਹੋਵੇ ਅਤੇ ਕੋਈ ਸੱਜਣ ਉਹਨਾਂ ਨੂੰ ਮਿਲਣ ਉਹਨਾਂ ਦੇ ਡੇਰੇ ਤੇ ਆ ਜਾਵੇ ਤਾਂ ਏਜੰਟ ਪਹਿਲਾਂ ਹੀ ਫੋਨ ਚੁੱਕ ਕੇ ਬਾਬੇ ਨਾਲ ਵਿਦੇਸ਼ ਗੱਲਾਂ ਕਰਨ ਲੱਗ ਪੈਂਦੇ ਹਨ। ਜਦੋਂ ਉਹ ਸੱਜਣ ਉਸ ਏਜੰਟ ਕੋਲ ਆ ਬੈਠਦਾ ਹੈ ਤਾਂ ਏਜੰਟ ਫੋਨ ਤੇ ਇਸ ਤਰ੍ਹਾਂ ਦਾ ਪ੍ਰਗਟਾਵਾ ਕਰਦਾ ਹੈ ਕਿ ਬਾਬਾ ਜੀ ਨੂੰ ਵਿਦੇਸ਼ ਵਿੱਚ ਬੈਠੇ ਹੀ ਪਤਾ ਲੱਗ ਗਿਆ ਕਿ ਫਲਾਣਾ ਸੱਜਣ ਉਹਨਾਂ ਦੇ ਡੇਰੇ ਬੈਠਾ ਹੈ, ਉਸ ਨੂੰ ਇਹ ਸੇਵਾ ਲਾ ਦਿਉ। ਪਾਸ ਬੈਠਾ ਸੱਜਣ ਬਹੁਤ ਖੁਸ਼ ਹੁੰਦਾ ਹੈ ਕਿ ਬਾਬਾ ਜੀ ਕਿੰਨੀ ਕਰਨੀ ਵਾਲੇ ਹਨ ਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਇਸ ਵੇਲੇ ਇਥੇ ਹਾਜ਼ਿਰ ਹਾਂ। ਇਸ ਤਰ੍ਹਾਂ ਭੋਲੀਆਂ ਭਾਲੀਆਂ ਸੰਗਤਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਅਰਾਮ ਦੀ ਜਿੰਦਗੀ ਬਤੀਤ ਕਰਦੇ ਹਨ।

ਏਨੇ ਕਰਨੀ ਵਾਲੇ ਸੰਤਾਂ ਦੇ ਆਮ ਜੀਵਨ ਵੱਲ ਨਜ਼ਰ ਮਾਰੀਏ ਤਾਂ ਇਹ ‘ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ’ ਦੇ ਅਮਲੀ ਸਿਧਾਂਤ ਤੋਂ ਕੋਹਾਂ ਦੂਰ ਹੁੰਦੇ ਹਨ। ਇਹ ਨਾ ਕਿਸੇ ਗਰੀਬ ਸਿੱਖ ਨਾਲ ਬੈਠ ਕੇ ਲੰਗਰ ਛਕ ਸਕਦੇ ਹਨ ਅਤੇ ਨਾਂ ਹੀ ਉਤਨੇ ਉਤਸ਼ਾਹ ਨਾਲ ਮਿਲਦੇ ਹਨ ਜਿੰਨੇ ਕਿ ਕਿਸੇ ਅਮੀਰਜ਼ਾਦੇ ਨਾਲ ਮਿਲਦੇ ਹਨ। ਭਾਈ ਲਾਲੋ ਵਰਗੇ ਸਿੱਖਾਂ ਨੂੰ ਦਰਵਾਜ਼ੇ ਤੋਂ ਹੀ ਮੋੜ ਦਿੰਦੇ ਹਨ ਜਦਕਿ ਅਮੀਰ ਵਿਅਕਤੀ ਦੀ ਪੂਰਨ ਆਉ ਭਗਤ ਹੁੰਦੀ ਹੈ।

ਵੱਡੇ ਸਮਾਗਮ ਦੌਰਾਨ ਸਟੇਜ ਉੱਪਰ ਸ਼ਸ਼ੋਭਤ ਇਹ ਸੰਤ ਸੰਗਤ ਨੂੰ ਅੰਮ੍ਰਿਤ ਛਕਣ ਲਈ ਪ੍ਰੇਰਦੇ ਹਨ ਪਰ ਸਟੇਜ ਤੋਂ ਹੇਠਾਂ ਜਦੋਂ ਕੋਈ ਸ਼ਰਧਾਲੂ ਇਹਨਾਂ ਨੂੰ ਮਿਲਦਾ ਹੈ ਤਾਂ ਉਸਨੂੰ ਥਾਪੜਾ ਦੇਣ ਅਤੇ ਸੇਵਾ ਲਾਉਣ ਤੋਂ ਇਲਾਵਾ ਕਦੇ ਵੀ ਅੰਮ੍ਰਿਤ ਛਕਣ ਲਈ ਨਹੀਂ ਪ੍ਰੇਰਦੇ। ਅਜੋਕੇ ਸਮੇਂ ਵਿੱਚ ਚੱਲੀ ਅੰਮ੍ਰਿਤ ਸੰਚਾਰ ਦੀ ਲਹਿਰ ਨੂੰ ਦੇਖਦੇ ਹੋਏ ਇਹਨਾਂ ਨੇ ਅੰਮ੍ਰਿਤ ਛਕਾਉਣਾ ਤਾਂ ਸ਼ੁਰੂ ਕਰ ਦਿੱਤਾ ਪਰ ਮਹੱਤਤਾ ਪੰਜ ਪਿਆਰਿਆ ਨੂੰ ਦੇਣ ਦੀ ਬਜਾਏ ਆਪਣੇ ਆਪ ਨੂੰ ਦਿੰਦੇ ਹਨ। ਕਿਸੇ ਵੀ ਡੇਰੇ ਤੋਂ ਅੰਮ੍ਰਿਤ ਛਕਣ ਵਾਲਾ ਵਿਅਕਤੀ ਇਹ ਹੀ ਆਖਦਾ ਮਿਲੇਗਾ ਕਿ ਮੈਂ ਫਲਾਣੇ ਸੰਤ ਦਾ ਅੰਮ੍ਰਿਤ ਛਕਿਆ ਹੈ ਜਾਂ ਢਮਕੇ ਸੰਤ ਦਾ। ਗੁਰੂ ਗੋਬਿੰਦ ਸਿੰਘ ਵਲੋਂ ਬਖਸ਼ੀ ਅੰਮ੍ਰਿਤ ਦੀ ਦਾਤ ਹੁਣ ਅਖੋਤੀ ਸੰਤਾਂ ਦੀ ਦਾਤ ਬਣਦੀ ਜਾ ਰਹੀ ਹੈ।

ਅਜੋਕੇ ਯੁਗ ਦਾ ਸਭ ਤੋਂ ਅਮੀਰ ਆਦਮੀ ‘ਪਖੰਡੀ ਸੰਤ’ ਹੋ ਗਿਆ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਪਖੰਡੀ ਸੰਤ ਸਭ ਤੋਂ ਅਮੀਰ ਕਿਵੇਂ ਹੋ ਸਕਦਾ ਹੈ ਜਦ ਕਿ ਸੰਤ ਦਾ ਤਾਂ ਕੋਈ ਕਾਰੋਬਾਰ ਨਹੀਂ ਚਲਦਾ। ਇਹਨਾਂ ਨੂੰ ਤਾਂ ਨਾਮ ਸਿਮਰਨ ਤੋਂ ਇਲਾਵਾ ਹੋਰ ਕੋਈ ਕੰਮ ਹੀ ਨਹੀਂ। ਪਰ ਅੱਜ ਦੇ ਪਖੰਡੀ ਸੰਤ ਕੋਲ ਮਾਇਆ ਇਕੱਠੀ ਕਰਨ ਦਾ ਸਮਾਂ ਹੈ, ਸਿਮਰਨ ਦਾ ਨਹੀਂ। ਕਦੇ ਸੁਖਮਨੀ ਸਾਹਿਬ ਨੂੰ ਵਿਚਾਰ ਨਾਲ ਪੜ੍ਹ ਕੇ ਵੇਖੋ ਤਾਂ ਪਤਾ ਲੱਗੇਗਾ ਕਿ ਸੰਤ ਵਿੱਚ ਬ੍ਰਹਮਗਿਆਨੀ ਵਿੱਚ ਕਿਹੜੇ ਗੁਣ ਹਨ। ਫਿਰ ਜ਼ਰਾ ਅਖੌਤੀ ਸੰਤ ਦੇ ਗੁਣਾਂ ਵੱਲ ਵੇਖੋ ਤੇ ਪਤਾ ਲੱਗੇਗਾ ਕਿ ਸੰਤ ਕਿਸਨੂੰ ਕਹਿੰਦੇ ਹਨ। ਬਾਕੀ ਰਹੀ ਗੱਲ ਮਾਇਆ ਇਕੱਠੀ ਕਰਨ ਦੀ। ਤਾਂ ਇਹ ਲੋਕ ਮਾਇਆ ਇਕੱਠੀ ਕਰਨ ਲਈ ਵਿਦੇਸ਼ ਜਾਂਦੇ ਹਨ ਅਤੇ ਥੋੜ੍ਹੀ ਬਹੁਤ ਰਿਧੀ ਸਿਧੀ ਨਾਲ ਸੰਗਤਾਂ ਨੂੰ ਆਪਣੇ ਮਗਰ ਲਾਉਂਦੇ ਹਨ ਅਤੇ ਬਹਾਨਾ ਕਰਦੇ ਹਨ ਕਿ ਪ੍ਰਚਾਰ ਕਰਨ ਲਈ ਸੰਤ ਵਿਦੇਸ਼ ਆਏ ਹਨ। ਇਹਨਾਂ ਪਾਖੰਡੀ ਸੰਤਾਂ ਨੂੰ ਪੁੱਛੋ ਕਿ ਇਹ ਆਪਣੇ ਦੇਸ਼ ਵਿੱਚ ਸਿੱਖੀ ਦਾ ਕੀ ਪ੍ਰਚਾਰ ਕਰਕੇ ਆਏ ਹਨ, ਜਦ ਕਿ ਉਥੋਂ ਦੀ ਨੌਜਵਾਨ ਪੀੜ੍ਹੀ ਧੜਾ ਧੜ ਸਿਰ ਮੂੰਹ ਮਨਾ ਰਹੀ ਹੈ। ਬਜ਼ੁਰਗ ਆਪਣੇ ਆਪ ਨੂੰ ਜਵਾਨ ਦੱਸਣ ਲਈ ਸਿਰ ਮੂੰਹ ਕਾਲੇ ਕਰਦੇ ਹਨ ਪਰ ਇਹ ਅਖੌਤੀ ਸੰਤ ਪ੍ਰਚਾਰ ਵਿਦੇਸ਼ ਵਿੱਚ ਕਰਨ ਆਏ ਹਨ।

ਅੱਜ ਇੱਕ ਆਮ ਇਨਸਾਨ ਜੋ ਦਿਨ ਰਾਤ ਮਿਹਨਤ ਕਰਦਾ ਹੈ ਉਸ ਕੋਲੋਂ ਆਪਣੇ ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਚਲਦਾ ਹੈ। ਇੱਕ ਅਮੀਰ ਆਦਮੀ ਜੋ ਕਿ ਕਾਫੀ ਪੈਸਾ ਕਾਰੋਬਾਰ ਵਿੱਚ ਲਗਾ ਕੇ ਆਪਣੀ ਕਮਾਈ ਕਰ ਕੇ ਆਪਣੀਆਂ ਜਰੂਰਤਾਂ ਪੂਰੀਆਂ ਕਰਦਾ ਹੈ। ਉਸ ਕੋਲ ਮਰਸਡੀਜ਼ ਗੱਡੀਆਂ, ਰਹਿਣ ਲਈ ਵਧੀਆ ਕੋਠੀ, ਪਹਿਨਣ ਲਈ ਵਧੀਆ ਬਸਤਰ, ਸੌਣ ਲਈ ਵਧੀਆ ਬੈਡ ਅਤੇ ਖਾਣ ਲਈ ਤਰ੍ਹਾਂ ਤਰ੍ਹਾਂ ਦੇ ਪਦਾਰਥ ਹੁੰਦੇ ਹਨ, ਉਹ ਕਿਥੋਂ ਆਉਂਦੇ ਹਨ? ਏਨਾ ਅਰਾਮ ਤਾਂ ਕਿਸੇ ਸਭ ਤੋਂ ਅਮੀਰ ਆਦਮੀ ਕੋਲ ਵੀ ਨਹੀਂ ਹੋਵੇਗਾ ਜਿਸ ਕੋਲ ਬੇਸ਼ੁਮਾਰ ਦੌਲਤ ਹੁੰਦੀ ਹੈ। ਫਿਰ ਐਨੀਆਂ ਸਹੂਲਤਾਂ ਇਹਨਾਂ ਨੂੰ ਕਿਉਂ ਮਿਲਦੀਆਂ ਹਨ? ਕੌਣ ਦਿੰਦਾ ਹੈ ਇਹ ਸਹੂਲਤਾਂ? ਕਿਥੋਂ ਆਉਂਦਾ ਹੈ ਇਹ ਪੈਸਾ? ਜੇਕਰ ਅਮੀਰ ਲੋਕ ਇਹਨਾਂ ਨੂੰ ਏਨਾ ਧੰਨ ਦਿੰਦੇ ਹਨ ਤਾਂ ਕਿਉਂ? ਕੀ ਇਹ ਗੱਲ ਕਿੰਤੂ ਕਰਨ ਲਈ ਜਰੂਰੀ ਨਹੀਂ?

ਸਮਾਂ ਬਹੁਤ ਭਿਆਨਕ ਹੈ। ਅਗਨ ਦਾ ਰੱਥ ਕਲਜੁਗ, ਜਿਸ ਦਾ ਰਥਵਾਨ ਕੂੜ ਹੈ ਆਪਣਾ ਪੂਰਾ ਜ਼ਰ ਲਾ ਰਿਹਾ ਹੈ। ਗੁਰਬਾਣੀ ਵਿੱਚ ਅਸਲੀ ਸੰਤ ਦੀ ਪ੍ਰੀਭਾਸ਼ਾ ਦੱਸੀ ਹੈ ਕਿ:

“ਜਿਨਾ ਸਾਸਿ ਗਿਰਾਸਿ ਨ ਵਿਸਰੈ ਹਰਿ ਨਾਮਾ ਮਨ ਮੰਤੁ॥

ਧੰਨੁ ਸਿ ਸੇਈ ਨਾਨਕਾ ਪੂਰਨੁ ਸੋਈ ਸੰਤੁ॥”

ਭਾਵੇਂ ਜਿਹੜਾ ਮਨੁੱਖ ਹਰ ਸਮੇਂ ਉਸ ਪ੍ਰਮਾਤਮਾ ਹਰੀ ਦੇ ਨਾਮ ਨਾਲ ਜੁੜਿਆ ਹੋਇਆ ਹੈ, ਉਹ ਪੂਰਨ ਸੰਤ ਹੈ। ਪਰ ਅੱਜ ਦੇ ਅਖੌਤੀ ਸੰਤ ਨਾਮ ਸਿਮਰਨ ਤਾਂ ਇੱਕ ਪਾਸੇ, ਨਿਤਨੇਮ ਵੀ ਨਹੀਂ ਕਰਦੇ। ਜੇਕਰ ਕਿਸੇ ਦਾ ਟੈਲੀਫੋਨ ਆ ਜਾਵੇ ਕਿ ਸੰਤ ਜੀ ਨੂੰ ਮਿਲਣਾ ਹੈ ਤਾਂ ਉਸ ਉਪਰ ਪ੍ਰਭਾਵ ਪਾਉਣ ਲਈ ਕਹਿੰਦੇ ਹਨ: ਸੰਤ ਜੀ ਸਿਮਰਨ ਕਰ ਰਹੇ ਹਨ ਜਾਂ ਆਰਾਮ ਕਰ ਰਹੇ ਹਨ।

ਨਾਨਕਸਰ ਵਿਖੇ ਲੰਗਰ ਤਿਆਰ ਨਹੀਂ ਹੁੰਦਾ, ਕੜਾਹ ਪ੍ਰਸ਼ਾਦਿ ਦੀ ਦੇਗ ਨਹੀਂ ਵਰਤਦੀ, ਮਾਇਆ ਗੋਲਕ ਵਿੱਚ ਨਹੀਂ ਪਾਈ ਜਾਂਦੀ, ਜਦਕਿ ਅਖੰਡ ਪਾਠ ਦੀ ਲੜੀ ਨਿਰੰਤਰ ਚਲਦੀ ਰਹਿੰਦੀ ਹੈ। ਅਖੰਡ ਪਾਠ ਸਾਹਿਬ ਦੀ ਅਰੰਭਤਾ, ਮੱਧ ਅਤੇ ਸਮਾਪਤੀ ਉਤੇ ਦੇਗ ਜਰੂਰ ਬਣਦੀ ਹੋਵੇਗੀ। ਕੀ ਬਾਬਾ ਨੰਦ ਸਿੰਘ ਜੀ ਦੀ ਇਹ ਸੋਚ ਨਹੀਂ ਹੋ ਸਕਦੀ ਸੀ ਕਿ ਜੇਕਰ ਇਤੇ ਲੰਗਰ ਬਣਨ ਲੱਗ ਪਿਆ ਜਾਂ ਮਾਇਆ ਗੋਲਕ ਵਿੱਚ ਪੈਣ ਲੱਗ ਪਈ ਤਾਂ ਇਸ ਜਗ੍ਹਾ ਤੇ ਇੱਕ ਹੋਰ ਡੇਰਾ ਬਣ ਜਾਵੇਗਾ ਅਤੇ ਅੱਗੋਂ ਗੱਦੀ ਦੀ ਪਰੰਪਰਾ ਸ਼ੁਰੂ ਹੋ ਜਾਵੇਗੀ? ਇੱਕ ਵੱਖਰਾ ਮੱਤ ਉਭਰ ਕੇ ਸਾਹਮਣੇ ਆ ਜਾਵੇਗਾ ਜੋ ਕਿ ਕੌਮ ਲਈ ਅਤਿਅੰਤ ਖਤਰਨਾਕ ਹੋ ਜਾਵੇਗਾ। ਇਥੇ ਲੰਗਰ ਨਹੀਂ ਬਣਨਾ ਮਾਇਆ ਗੋਲਕ ਵਿੱਚ ਨਹੀਂ ਪਾਉਣੀ, ਇਹ ਇਥੋਂ ਦੀ ਮਰਿਆਦਾ ਹੀ ਸਾਬਤ ਹੋ ਨਿਬੜੀ। ਮੰਨ ਲਓ ਜੇਕਰ ਬਾਬਾ ਨੰਦ ਸਿੰਘ ਜੀ ਕਿਸੇ ਸੇਵਕ ਨੂੰ ਆਪਣੀ ਪ੍ਰੰਪਰਾ ਅਨੁਸਾਰ ਆਪਣੀ ਗੱਦੀ ਉਪਰ ਬਿਠਾ ਕੇ ਗਏ ਹੋਣ ਤਾਂ ਗੱਦੀ ਦਾ ਵਾਰਸ ਇੱਕ ਹੀ ਹੋ ਸਕਦਾ ਹੈ। ਪਰ ਮਨ ਨੂੰ ਬਹੁਤ ਤਕਲੀਫ ਹੁੰਦੀ ਹੈ ਜਦੋਂ ਜਾ ਕੇ ਵੇਖੀਦਾ ਹੈ ਕਿ ਕਿੰਨੇ ਹੀ ਆਪਣੇ ਆਪ ਨੂੰ ਨਾਨਕਸਰ ਦੇ ਸੰਤ ਕਹਾਉਂਦੇ ਹਨ। ਜੇਕਰ ਗੱਦੀ ਇੱਕ ਹੈ। ਵਾਰਸ ਇੱਕ ਹੈ ਤਾਂ ਬਾਕੀ ਕੌਣ ਹਨ? ਕਿਉਂ ਇਹਨਾਂ ਸੰਤਾਂ ਦੇ ਸੇਵਾਦਾਰ ਕਿਸੇ ਵਿਅਕਤੀ ਨੂੰ ਆਪਣੇ ਹੀ ਸੰਤ ਨੂੰ ਮਿਲਾਉਣ ਦੀ ਕੋਸ਼ਿਸ਼ ਕਰਦੇ ਹਨ?

ਕੌਮ ਨੂੰ ਸੁਚੇਤ ਹੋਣ ਦੀ ਲੋੜ ਹੈ। ਸਾਰੀਆਂ ਪ੍ਰਚਾਰਕ ਸੁਸਾਇਟੀਆਂ, ਸਿੰਘ ਸਭਾਵਾਂ ਨੂੰ ਇਹ ਫੈਸਲਾ ਕਰਨਾ ਚਾਹੀਦਾ ਹੈ।

ਪੇਸ਼ਕਾਰੀ

ਅੱਜ ਸਿੱਖ ਧਰਮ ਨੂੰ ਸਭ ਤੋਂ ਵੱਧ ਖ਼ਤਰਾ ਡੇਰਿਆਂ ਅਤੇ ਪਖੰਡੀ ਸਾਧਾਂ ਤੋਂ ਹੈ। ਸਿੱਖ ਪੰਥ ਦੇ ਦੂਜੇ ਦੁਸ਼ਮਣਾਂ ਦੀ ਪਛਾਣ ਤਾਂ ਸ਼ਰੇਆਮ ਹੋ ਜਾਂਦੀ ਹੈ ਪਰ ਸਿੱਖ, ਸੰਤ, ਮਹਾਂਪੁਰਖ, ਬ੍ਰਹਮਗਿਆਨੀ, ਜਥੇਦਾਰ, ਸਿੰਘ ਸਾਹਿਬ, ਬਾਬਾ ਜੀ ਦੇ ਮੁਖੌਟੇ ਹੇਠ ਹਜ਼ਾਰਾਂ "ਬਾਨਾਰਸ ਕੇ ਠੱਗ" ਸਿਖ ਕੌਮ ਦੇ ਜੜੀਂ ਤੇਲ ਦੇ ਰਹੇ ਹਨ। ਇਹ ਦੰਭੀ ਠੱਗ ਲੋਕਾਂ ਨੂੰ ਭਰਮ ਤਾਂ ਧਰਮ ਪ੍ਰਚਾਰ ਦਾ ਦੇਂਦੇ ਹਨ ਪਰ ਦਰਅਸਲ ਇਹ ਪ੍ਰਚਾਰ ਹਰਨਾਖ਼ਸ਼, ਨਮਰੂਦ, ਪ੍ਰਿਥੀ ਚੰਦ, ਰਾਮ ਰਾਏ, ਹੰਦਾਲ, ਧੀਰ ਮੱਲ, ਵਾਲੀ ਸੋਚ ਦਾ ਕਰਦੇ ਹਨ।

ਇਨ੍ਹਾਂ ਵਿਚੋਂ ਬਹੁਤੇ ਡੇਰੇਦਰ, ਬਾਬੇ, ਸੰਤ, ਬ੍ਰਹਮਗਿਆਨੀ ਕਾਮੀ ਗੁਨਾਹਗਾਰ ਵੀ ਹਨ, ਪੈਸੇ ਦੇ ਲਾਲਚੀ ਵੀ ਹਨ, ਹਉਮੈ ਦੇ ਮਾਰੇ ਵੀ ਹਨ, ਕਰੋਧ ਦਾ ਖਜ਼ਾਨਾ ਵੀ ਹਨ, ਸਾੜੇ ਵਿੱਚ ਲਿੱਬੜੇ ਹੋਏ ਵੀ ਹਨ, ਸ਼ੁਹਰਤ ਦੋਲਤ ਅਤੇ ਹੁਸਨ ਦੇ ਗ੍ਰਸੇ ਹੋਏ ਵੀ ਹਨ। ਪਿਛਲੇ ਕਈ ਸਾਲਾਂ ਤੋਂ ਹਰ ਸਾਲ ਜ਼ਬਰ ਜ਼ਨਾਹ (ਵਿਭਚਾਰ) ਦੀਆਂ ਦਰਜਨਾਂ ਹਰਕਤਾਂ ਵਿੱਚ ਇਨਾਂ ਨੂੰ ਸਜ਼ਾਵਾਂ ਵੀ ਹੋ ਚੁਕੀਆਂ ਹਨ। ਅਜਿਹਾ ਜਾਪਦਾ ਹੈ ਕਿ ਇਹ ਪਾਪੀਆਂ ਦਾ ਇੱਕ ਟੋਲਾ ਹੈ ਜੋ ਭਗਵੇ ਕਪੜੇ ਪਾਈ ਫਿਰਦਾ ਹੈ। ੧੯੨੦ ਵਿੱਚ ਗੁਰਦੁਆਰਾ ਸੁਧਾਰ ਲਹਿਰ ਚਲਣ ਤੋਂ ਪਹਿਲਾਂ ਨਨਕਾਣਾ ਸਾਹਿਬ ਦੇ ਮਹੰਤ ਨਰੈਣੂ ਵਾਂਗ ਤਕਰੀਬਨ ਸਾਰੇ ਮਹੰਤ ਇਹੋ ਜਿਹੇ ਹੀ ਸਨ। ਗੁਰੂ ਗੋਬਿੰਦ ਸਿੰਘ ਸਾਹਿਬ ਵੇਲੇ ਮਸੰਦਾਂ ਦਾ ਟੋਲਾ ਵੀ ਇਹੋ ਕੁੱਝ ਕਰਦਾ ਸੀ।

ਅੱਜ ਸਿੱਖ ਪੰਥ ਨੂੰ ਸਿਆਸੀ ਪੱਖੋਂ ਦਰਪੇਸ਼, ਕੁਨਬਾ-ਪ੍ਰਸਤੀ ਬਦਮਾਸ਼ੀ ਦੇ ਗੈਂਗ ਸੋਚ ਨੇ ਘੇਰਿਆ ਹੋਇਆ ਹੈ; ਗੁਰਦੁਆਰਿਆਂ ਉੱਤੇ ਮਹੰਤਾਂ ਅਤੇ ਮਸੰਦਾਂ ਦਾ ਕਬਜ਼ਾ ਹੈ; ਧਰਮ ਪ੍ਰਚਾਰ ਨੂੰ ਇਨ੍ਹਾਂ ਸਾਧਾਂ ਦੇ ਧਾਰਮਿਕ ਮਾਫੀਆਂ ਦੇ ਦਿਓ ਨੇ ਆਪਣੇ ਜ਼ਾਲਮ ਪੰਜਿਆਂ ਵਿੱਚ ਜਕੜਿਆ ਹੋਇਆ ਹੈ। ਇਨ੍ਹਾਂ ਦੈਂਤਾਂ ਦੀ ਕੈਦ `ਚੋਂ ਨਿਕਲਣ ਵਾਸਤੇ ਪੰਥ ਆਪਣੇ ਖੰਭ ਫੜਫੜਾ ਰਿਹਾ ਹੈ। ਪੰਥ ਦੀ ਹਾਲਤ ਇੰਞ ਹੈ ਜਿਵੇਂ ਕਿਸੇ ਗਿਰਝ ਦੇ ਹੱਥ ਵਿੱਚ ਕੂੰਜ ਆ ਗਈ ਹੋਵੇ ਜਾਂ ਜਿਵੇਂ ਇੱਕ ਬਘਿਆੜ ਦੀ ਪਕੜ ਵਿੱਚ ਇੱਕ ਲੇਲਾ ਆ ਗਿਆ ਹੋਵੇ।

ਪਰ ਇਸ ਤੋਂ ਵਧ ਅਫ਼ਸੋਸ ਦਾ ਮੁਕਾਮ ਇਹ ਹੈ ਕਿ ਪੰਥ ਨੂੰ ਇਸ ਤੂਫ਼ਾਨ, ਅੱਗ ਅਤੇ ਜ਼ੁਲਮ ਵਿਚੋਂ ਕੱਢਣ ਵਾਸਤੇ ਇੱਕ ਵੀ ਜਥੇਬੰਦੀ ਸੰਜੀਦਗੀ ਨਾਲ ਰੋਲ ਅਦਾ ਨਹੀਂ ਕਰ ਰਹੀ। ਹਾਂ ਕੁੱਝ ਪਿਆਰੀਆਂ ਰੂਹਾਂ ਇੱਕਲੀਆਂ-ਇੱਕਲੀਆਂ ਆਪਣੇ ਤੌਰ `ਤੇ, ਆਪਣੀ ਵਿਤ ਮੁਤਾਬਿਕ, ਹੱਥ ਪੈਰ ਮਾਰ ਰਹੀਆਂ ਹਨ। ਕਮਜ਼ੋਰ ਅਤੇ ਸਿੱਖ-ਦੁਸ਼ਮਣ-ਮਾਫ਼ੀਆਂ ਦੇ ਹਮਲਿਆਂ ਦੇ ਬਾਵਜੂਦ ਇਹ ਸਖ਼ਸੀਅਤਾਂ ਇੰਞ ਹਨ ਜਿਵੇਂ ਗੁਰਬਾਣੀ ਦਾ ਫ਼ੁਰਮਾਨ ਹੈ; "ਕੋਈ ਹਰਿਆ ਬੂਟ ਰਹਿਓ ਰੀ।"

ਸ, ਸੁਖਵਿੰਦਰ ਸਿੰਘ ਸਭਰਾ ਨਾ ਤਾਂ ਆਗੂ ਹਨ, ਨਾ ਤਵਾਰੀਖ਼ਦਾਨ, ਤੇ ਨਾ ਹੀ ਕਿਸੇ ਅਦਾਰੇ ਨਾਲ ਜੁੜੇ ਹੋਏ ਹਨ। ਉਹ ਇੱਕ ਪੰਥ ਦਰਦੀ ਹਨ। ਉਨ੍ਹਾਂ ਨੂੰ ਪੰਥ ਦੀ ਨਿਘਰੀ ਹਾਲਤ ਨੇ ਕਲਮ ਚੁੱਕਣ `ਤੇ ਮਜਬੂਰ ਕੀਤਾ ਤਾਂ ਉਨ੍ਹਾਂ ਨੇ ਭੇਖੀਆਂ ਤੇ ਠੱਗਾਂ ਦੇ ਨਕਾਬ ਲਾਹੁਣੇ ਸ਼ੁਰੂ ਕੀਤੇ।

ਸ. ਸੁਖਵਿੰਦਰ ਸਿੰਘ ਪਹਿਲੋਂ ਵੀ ਅਖੌਤੀ ਬਾਬਿਆਂ ਦੀਆਂ ਕਾਲੀਆਂ ਕਰਤੂਤਾਂ ਬਾਰੇ ਦੋ ਕਿਤਾਬਾਂ ਲਿਖ ਚੁਕੇ ਹਨ। ਹਥਲੀ ਕਿਤਾਬ ਉਨ੍ਹਾਂ ਦਾ ਹੀ ਤੀਜਾ ਹਿੱਸਾ ਹੈ। ਸ੍ਰ. ਸੁਖਵਿੰਦਰ ਸਿੰਘ ਸ. ਸ਼ਾਮ ਸਿੰਘ ਅਟਾਰੀਵਾਲਾ ਦੇ ਸ਼ਹੀਦੀ ਅਸਥਾਨ ਦੇ ਵਾਸੀ ਹਨ, ਇਸ ਕਰਕੇ ਉਨ੍ਹਾਂ ਦੀ ਕਲਮ ਨੂੰ ਸ਼ਹੀਦ ਅਟਾਰੀਵਾਲਾ ਦੀ ਕਿਰਪਾਨ ਦੀ ਪਾਹੁਲ ਮਿਲੀ ਹੋਈ ਹੈ। ਇਹ ਕਿਤਾਬ ਉਨ੍ਹਾਂ ਦੇ ਪੰਥਕ ਜਜ਼ਬਾਤ, ਦ੍ਰਿੜਤਾ, ਦਰਦ ਭਰੇ ਰੋਹ ਅਤੇ ਪੰਥ ਪਿਆਰ ਦਾ ਮੁਜੱਸਮਾਂ ਹੈ। ਪਾਠਕਾਂ ਨੂੰ ਇਸ ਵਿਚੋਂ ਨਿੱਕੇ-ਮੋਟੇ ਨੁਕਸ ਲੱਭਣ ਦੀ ਥਾਂ ਸ. ਸੁਖਵਿੰਦਰ ਸਿੰਘ ਦੇ ਸੱਚੇ ਦਿਲ ਦੇ ਜਜ਼ਬਾਤ ਵੇਖਣੇ ਚਾਹੀਦੇ ਹਨ। ਮੈਂ ਇਸ ਕਿਤਾਬ ਨੂੰ ਨਿੱਘੇ ਪਿਆਰ ਨਾਲ ਜੀ ਆਇਆ ਆਖਦਾ ਹਾਂ।

ਡਾ. ਹਰਜਿੰਦਰ ਸਿੰਘ ‘ਦਿਲਗੀਰ’

ਨੈਸ਼ਨਲ ਪ੍ਰੋਫੈਸਰ ਆਫ ਸਿੱਖ ਸੱਟਡੀਜ਼ ਸਿੱਖ ਯੂਨਵਰਿਸਟੀ

ਸਾਬਕਾ ਡਾਇਰੈਕਟਰ: ਸਿੱਖ ਇਤਿਹਾਸ ਰੀਸਰਚਚ ਬੋਰਡ,

ਸ਼੍ਰੋ: ਗੁ: ਪ੍ਰ: ਕਮੇਟੀ ਅੰਮ੍ਰਿਤਸਰ




.