.

ਜੇ ਕਰ ਗਧੀ ਹੀ ਚੁੰਘਣੀ ਸੀ ਤਾਂ ----

ਅੱਜ ਤੋਂ ਕੋਈ 27 ਕੁ ਸਾਲ ਪਹਿਲਾਂ ਦੀ ਗੱਲ ਹੈ ਕਿ ਮੈਂ ਕੁੱਝ ਨਿਹੰਗ ਸਿੰਘਾਂ ਨਾਲ ਸਿੱਖੀ ਬਾਰੇ ਵਿਚਾਰ ਵਿਟਾਂਦਰਾ ਕਰ ਰਿਹਾ ਸੀ। ਗੱਲਾਂ-ਗੱਲਾਂ ਵਿੱਚ ਹੀ ਗੱਲ ਚੱਲ ਪਈ ਕਿ ਇਸ ਵੇਲੇ ਸਿੱਖੀ ਸਰੂਪ ਦੀ ਸੰਭਾਲ ਕਿਸ ਇਲਾਕੇ ਵਿੱਚ ਜ਼ਿਆਦਾ ਹੈ। ਮੈਂ ਕਿਹਾ ਕਿ ਫਲਾਨੇ ਇਲਾਕੇ ਵਿੱਚ ਸਿੱਖੀ ਨਾਲ ਲੋਕਾਂ ਦੀ ਸ਼ਰਧਾ ਜ਼ਿਆਦਾ ਹੈ ਅਤੇ ਲੋਕਾਂ ਨੇ ਦਾੜੀ ਕੇਸ ਵੀ ਜ਼ਿਆਦਾ ਗਿਣਤੀ ਵਿੱਚ ਰੱਖੇ ਹੋਏ ਹਨ। ਤਾਂ ਇੱਕ ਨਿਹੰਗ ਸਿੰਘ ਕਹਿਣ ਲੱਗਾ ਕਿ ਗੱਲ ਤਾਂ ਤੁਹਾਡੀ ਠੀਕ ਹੈ ਪਰ ਉਹ ਦਾੜੀ ਕੇਸ ਰੱਖ ਕੇ ਪੁੱਠੇ ਕੰਮ ਵੀ ਬਾਕੀਆਂ ਨਾਲੋਂ ਜ਼ਿਆਦਾ ਕਰਦੇ ਹਨ। ਮੈਂ ਪੁੱਛਿਆ ਉਹ ਕਿਵੇਂ, “ਕਹਿੰਦਾ ਹਾਲੇ ਕੁੱਝ ਦਿਨ ਹੀ ਹੋਏ ਹਨ ਅਸੀਂ ਇੱਕ ਸਿਆਣੀ ਉਮਰ ਦੇ ਬੰਦੇ ਨੂੰ ਚਾਹਟਾ ਛਕਾ ਕੇ ਆਏ ਹਾਂ।” ਮੈਂ ਪੁੱਛਿਆ ਕਿ ਚਾਹਟਾ ਕਿਹੜੀ ਗੱਲ ਦਾ ਅਤੇ ਛਕਾਇਆ ਕਿਵੇਂ, “ਕਹਿੰਦਾ ਉਸ ਨੇ ਦਾੜੀ ਕੇਸ ਵੀ ਰੱਖੇ ਹੋਏ ਸਨ ਅਤੇ ਸੜਕੇ ਤੁਰਿਆ ਜਾਂਦਾ ਬੜੇ ਆਰਾਮ ਨਾਲ ਗਧੀ ਵੀ ਚੁੰਘ ਰਿਹਾ ਸੀ। ਅਸੀਂ ਕੀ ਕੀਤਾ ਕਿ ਜੀਪ ਵਿਚੋਂ ਉਤਰ ਕੇ ਫਟਾ ਫਟ 5-7 ਖੂੰਡੇ ਉਸ ਦੇ ਮੋਰਾਂ ਵਿੱਚ ਧਰ ਕੇ ਪੁੱਛਿਆ ਕਿ ਜੇ ਕਰ ਗਧੀ ਹੀ ਚੁੰਘਣੀ ਸੀ ਤਾਂ ਆਹ ਦਾੜੀ ਕੇਸ ਰੱਖ ਕੇ ਪੱਗ ਕਿਉਂ ਬੰਨੀ ਹੋਈ ਹੈ? ਦੋਹਾਂ `ਚੋਂ ਇੱਕ ਕੰਮ ਕਰ, ਜਾਂ ਸਿਰ ਮੂੰਹ ਮਨਾ ਕੇ ਗਧੀ ਚੁੰਘਣ (ਸਿਗਟਾਂ ਪੀਣ) ਦਾ ਅਨੰਦ ਲੈ ਅਤੇ ਜਾਂ ਫਿਰ ਕੇਸਾਂ ਦਾ ਸਤਿਕਾਰ ਚੰਗਾ ਸਿੱਖ ਬਣ ਕੇ ਕਰ।”

ਉਦੋਂ ਮੈਨੂੰ ਕੋਈ ਗੁਰਮਤਿ ਦੀ ਕੋਈ ਬਹੁਤੀ ਸੂਝ ਨਹੀਂ ਸੀ ਅਤੇ ਮੈਂ ਨਿਹੰਗਾਂ ਦੇ ਇਸ ਬਹਾਦਰੀ ਵਾਲੇ, ਪਰ ਕਾਨੂੰਨ ਤੋਂ ਉਲਟ ਕਾਰਨਾਮੇ ਤੇ ਖੁਸ਼ ਹੋ ਰਿਹਾ ਸੀ। ਉਸ ਬੰਦੇ ਨੂੰ ਕੁਟਾਪੇ ਦੀ ਬਜਾਏ ਪ੍ਰੇਮ ਨਾਲ ਵੀ ਸਮਝਾਇਆ ਜਾ ਸਕਦਾ ਸੀ। ਤੇ ਨਿਹੰਗ ਸਿੰਘ ਖੁਦ ਆਪ ਵੀ ਬਥੇਰੇ ਪੁੱਠੇ ਕੰਮ ਕਰਦੇ ਹਨ। ਹੱਥੀਂ ਕਿਰਤ ਕੋਈ ਵਿਰਲਾ ਹੀ ਕਰਦਾ ਹੈ। ਬਸ ਸਾਰੀ ਦਿਹਾੜੀ ਜਾਂ ਤਾਂ ਭੰਗ ਘੋਟ-ਘੋਟ ਕੇ ਪੀਈ ਜਾਂਦੇ ਹਨ ਅਤੇ ਜਾਂ ਫਿਰ ਇੱਕ ਗੰਦੀ ਜਿਹੀ ਕਿਤਾਬ, ‘ਦਸਮ ਗ੍ਰੰਥ’ ਨੂੰ ਸੋਹਣੇ-ਸੋਹਣੇ ਰੁਮਾਲਿਆਂ ਵਿੱਚ ਰੱਖ ਕੇ ਉਸ ਤੋਂ ਪਾਠ ਕਰੀ ਜਾਂਦੇ ਹਨ। ਜਿੱਥੇ ਇਹ ਰਹਿੰਦੇ ਹਨ ਉਥੋਂ ਦੇ ਰਹਿਣ ਵਾਲੇ ਲੋਕ ਇਹਨਾ ਤੇ ਘੱਟ ਹੀ ਖੁਸ਼ ਹੁੰਦੇ ਹਨ ਕਿਉਂਕਿ ਇਹ ਬਹੁਤੇ ਕੰਮ ਧੱਕੇ ਨਾਲ ਹੀ ਕਰਦੇ ਹਨ।

ਸਮੁੱਚੀ ਦੁਨੀਆ ਹੁਣ ਇੱਕ ਗਲੋਬਲ ਪਿੰਡ ਬਣ ਚੁੱਕੀ ਹੈ। ਹਰ ਚੰਗੀ ਜਾਂ ਮਾੜੀ ਗੱਲ ਇਲਿਕਟਰਾਂਨਿਕ ਮੀਡੀਏ ਰਾਹੀਂ ਕੁੱਝ ਸਕਿੱਟਾਂ ਵਿੱਚ ਹੀ ਸਾਰੀ ਦੁਨੀਆ ਵਿੱਚ ਪਹੁੰਚ ਜਾਂਦੀ ਹੈ। ਸਿੱਖ ਇਸ ਵੇਲੇ ਲੱਗ ਭੱਗ ਸਾਰੀ ਦੁਨੀਆ ਵਿੱਚ ਹੀ ਵਸੇ ਹੋਏ ਹਨ। ਦੁਨੀਆ ਦੇ ਲੈਵਲ ਤੇ ਨਾ ਤਾਂ ਸਾਡੀ ਕੋਈ ਕੇਂਦਰੀ ਜਥੇਬੰਦੀ ਹੈ ਜਿਹੜੀ ਕਿ ਸਹੀ ਢੰਗ ਨਾਲ ਗੁਰਮਤਿ ਦਾ ਸਹੀ ਪ੍ਰਚਾਰ ਕਰ ਸਕੇ ਅਤੇ ਨਾ ਹੀ ਕੋਈ ਪੁੱਛਣ ਵਾਲਾ ਹੈ ਕਿ ਇਹ ਜੋ ਇਕੱਲੇ ਦੁਕੱਲੇ ਸਿੱਖੀ ਸਰੂਪ ਵਿੱਚ ਗਲਤ ਕੰਮ ਕਰ ਰਹੇ ਹਨ ਇਹਨਾ ਨੂੰ ਕਿੰਝ ਸਮਝਾਇਆ ਜਾਏ। ਸ਼੍ਰੋਮਣੀ ਕਮੇਟੀ ਸਿਆਸਤ ਦੀ ਦਲ-ਦਲ ਵਿੱਚ ਨਾਸਾਂ ਤੱਕ ਧਸ ਚੁੱਕੀ ਹੈ। ਤਖ਼ਤਾ ਦੇ ਪੁਜਾਰੀ ਸਿਆਸੀ ਲੋਕਾਂ ਦੀਆਂ ਕਠਪੁਤਲੀਆਂ ਬਣ ਚੁੱਕੇ ਹਨ। ਜਿਸ ਧੜੇ ਦੀ ਰਾਜਨੀਤਕ ਲੋਕਾਂ ਤੱਕ ਪਹੁੰਚ ਹੋਵੇ ਉਹ ਆਪਣੇ ਵਿਰੋਧੀਆਂ ਨੂੰ ਅਖੌਤੀ ਤੌਰ ਤੇ ਪੰਥ ਵਿਚੋਂ ਛੇਕਣ ਦੇ ਪਖੰਡਨਾਮੇ ਜਾਰੀ ਕਰਵਾ ਸਕਦੇ ਹਨ। ਇਨਸਾਨੀਅਤ ਦੇ ਕਾਤਲਾਂ ਨੂੰ ਬੜੇ ਵੱਡੇ ਸ਼ਹੀਦ ਬਣਾ ਕੇ ਪੇਸ਼ ਕਰ ਸਕਦੇ ਹਨ ਪਰ ਸਿੱਖੀ ਸਰੂਪ ਨੂੰ ਬਦਨਾਮ ਕਰਨ ਵਾਲੇ ਡਰੱਗ ਸਮਗਲਰਾਂ ਬਾਰੇ ਅਤੇ ਹੋਰ ਸ਼ਰੇਆਮ ਕੁਰਹਿਤਾਂ ਕਰਨ ਵਾਲਿਆਂ ਬਾਰੇ ਬਹੁਤੇ ਚੁੱਪ ਗੜੁੱਪ ਹੀ ਹਨ। ਕਈ ਤਾਂ ਕੌਡੇ ਰਾਖਸ਼ਾਂ ਵਾਲੀ ਵਿਰਤੀ ਦੇ ਬੰਦਿਆਂ ਨੂੰ ਵੀ ਮਹਾਨ ਸ਼ਖਸ਼ੀਹਤਾਂ ਬਣਾ ਕੇ ਪੇਸ਼ ਕਰਦੇ ਹਨ, ਕਿਉਂਕਿ ਉਹ ਉਹਨਾ ਦੇ ਧੜੇ ਦੇ ਜੂ ਹੋਏ।

ਕਨੇਡਾ ਅਮਰੀਕਾ ਵਿੱਚ ਬਹੁਤ ਸਾਰੇ ਬੰਦੇ ਜੋ ਕਿ ਸਿੱਖ ਭਾਈਚਾਰੇ ਨਾਲ ਸੰਬੰਧਤ ਹਨ, ਡਰੱਗ ਦੇ ਧੰਦੇ ਨਾਲ ਜੁੜੇ ਹੋਏ ਹਨ। ਇਹਨਾ ਵਿੱਚ ਕਈ ਸਿੱਖੀ ਸਰੂਪ ਵਿੱਚ ਵੀ ਹਨ। ਆਪਸੀ ਖਹਿਬਾਜ਼ੀ ਨਾਲ ਕਈ ਦਰਜਨਾ ਮੌਤਾਂ ਹੋ ਚੁੱਕੀਆਂ ਹਨ। ਫਡਰੇਸ਼ਨ ਦਾ ਇੱਕ ਪ੍ਰਧਾਨ ਜਿਹੜਾ ਕਿ ਵਿਰੋਧੀ ਧੜੇ ਨੇ ਦਿਨ ਦਿਹਾੜੇ ਕਤਲ ਕਰ ਦਿੱਤਾ ਸੀ, ਅਤੇ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕਤਲ ਹੁੰਦਾ ਹੈ ਤਾਂ ਉਸ ਸਿੱਖੀ ਸਰੂਪ ਵਾਲੇ ਨੂੰ ਵੀ ਬਹੁਤੀ ਵਾਰੀ ਟੀ. ਵੀ. ਦੀ ਸਕਰੀਨ ਤੇ ਦਿਖਾਇਆ ਜਾਂਦਾ ਹੈ। ਹਾਲੇ ਕੁੱਝ ਹਫਤਿਆਂ ਦੀ ਗੱਲ ਹੈ ਕਿ ਤਿੰਨ ਡਰੱਗ ਸਮਗਲਰ ਪੰਜਾਬੀ ਅਮਰੀਕਾ ਤੋਂ ਡਰੱਗ ਲਿਆਂਉਂਦੇ ਹੋਏ ਕਨੇਡਾ ਦੇ ਬਾਰਡਰ ਤੇ ਪਕੜੇ ਗਏ ਸਨ। ਸਭ ਤੋਂ ਨਿਮੋਸ਼ੀ ਵਾਲੀ ਗੱਲ ਇਹ ਸੀ ਕਿ ਇਹਨਾ ਦੇ ਨਾਲ ਰਲਿਆ ਹੋਇਆ ਇੱਕ ਬਾਰਡਰ ਆਫੀਸਰ ਬੀਬੀ ਜਿਹੀ ਦਾੜੀ ਵਾਲਾ ਇੱਕ ਸਿੱਖ ਸੀ। ਕਈ ਟਰੱਕ ਡਰਾਈਵਰ ਵੀ ਇਸ ਡਰੱਗ ਦੇ ਧੰਦੇ ਨਾਲ ਜੁੜੇ ਹੋਏ ਹਨ। ਕੁੱਝ ਦਿਨਾ ਬਾਅਦ ਹੀ ਇਹਨਾ ਦੇ ਫੜੇ ਜਾਣ ਦੀ ਖਬਰ ਪੜ੍ਹਨ ਸੁਣਨ ਨੂੰ ਮਿਲਦੀ ਹੈ ਅਤੇ ਕਈਆਂ ਨੂੰ ਕੈਦ ਦੀ ਸਜ਼ਾ ਵੀ ਹੋ ਚੁੱਕੀ ਹੈ। ਜਿਸ ਤਰ੍ਹਾਂ ਕਿ ਇੰਡੀਆ ਦੇ ਸ਼ਹਿਰਾਂ ਵਿੱਚ ਦੋ ਨੰਬਰ ਦੀ ਕਮਾਈ ਨਾਲ ਚੌਧਰ ਦੀ ਖਾਤਰ ਕਈ ਗੁਰਦੁਆਰੇ ਬਣਾਏ ਜਾਣ ਦੀਆਂ ਖਬਰਾਂ ਹਨ ਇਸੇ ਤਰ੍ਹਾਂ ਇੱਥੇ ਕਨੇਡਾ ਵਿੱਚ ਵੀ ਇੱਕ ਗੁਰਦੁਆਰਾ ਡਰੱਗ ਦੇ ਧੰਦੇ ਦੀ ਕਮਾਈ ਨਾਲ ਬਣਾਇਆ ਹੋਇਆ ਦੀ ਅਫਵਾਹ, ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਮੇਰੇ ਰਿਸ਼ਤੇਦਾਰ ਦਾ ਇੱਕ ਜਾਣੂ ਬੰਦਾ ਕੁੱਝ ਸਾਲ ਪਹਿਲਾਂ ਮੈਨੂੰ ਮਿਲਣ ਆਇਆ। ਉਹ ਜੁਆਨੀ ਵਿੱਚ ਬੜੀਆਂ ਜੁਸ਼ੀਲੀਆਂ ਗੱਲਾਂ ਕਰ ਰਿਹਾ ਸੀ ਅਤੇ ਇੱਕ ਡੇਰੇ ਵਾਲੇ ਸਾਧ ਦੀਆਂ ਬੜੀਆਂ ਸਿਫਤਾਂ ਕਰ ਰਿਹਾ ਸੀ। ਥੋੜੇ ਸਮੇਂ ਬਾਅਦ ਹੀ ਉਹ ਟੀ. ਵੀ. ਦੀਆਂ ਖਬਰਾਂ ਵਿੱਚ ਸੀ। ਹੁਣ ਉਹ ਇੱਕ ਮਿਲੀਅਨਏਅਰ ਬਣ ਚੁੱਕਾ ਸੀ। ਉਸ ਕੋਲ ਬਹੁਤ ਵੱਡਾ ਘਰ ਅਤੇ ਉਸ ਦੇ ਆਪਣੇ ਟਰੱਕ ਚਲਦੇ ਸਨ। ਉਸ ਦੇ ਘਰ ਤੇ ਗੋਲੀਆਂ ਵੱਜੀਆਂ ਸਨ ਅਤੇ ਮੀਡੀਏ ਵਾਲੇ ਇਸ ਨੂੰ ਡਰੱਗ ਦੇ ਧੰਦੇ ਨਾਲ ਜੋੜਦੇ ਸਨ ਅਤੇ ਉਹਨਾ ਦਾ ਪੱਖ ਜਾਨਣਾ ਚਾਹੁੰਦੇ ਸਨ। ਪਰ ਉਹ ਦੋਵੇਂ ਬੀਬੀਆਂ ਦਾੜੀਆਂ ਵਾਲੇ ਪਿਉ ਪੁੱਤ ਆਪਣਾ ਪੱਖ ਦੱਸਣ ਤੋਂ ਸ਼ਰਮਾ ਰਹੇ ਸਨ।

ਕਨੇਡਾ ਖਾਸ ਕਰਕੇ ਬੀ. ਸੀ. ਵਿੱਚ ਬਹੁਤੇ ਦਾੜੀ ਕੇਸਾ ਵਾਲੇ ਸਿੱਖ ਬੱਚੇ ਸ਼ਰਾਬ ਕਲੱਬਾਂ ਵਿੱਚ ਆਮ ਹੀ ਜਾ ਕੇ ਸ਼ਰਾਬਾਂ ਪੀਂਦੇ ਸੁਣੀਦੇ ਹਨ। ਕਈਆਂ ਬਾਰੇ ਤਾਂ ਇਹ ਸੁਣ ਕੇ ਵੀ ਹੈਰਾਨੀ ਹੁੰਦੀ ਹੈ ਕਿ ਉਹ ਗੋਰੀਆਂ ਨਾਲ ਰੰਗ ਰਲੀਆਂ ਵੀ ਮਨਾਉਂਦੇ ਹਨ ਅਤੇ ਸਿਗਰਟਾਂ ਵੀ ਆਮ ਹੀ ਪੀਂਦੇ ਹਨ। ਮੈਨੂੰ ਨਹੀਂ ਸਮਝ ਆਉਂਦੀ ਕਿ ਕੀ ਥੁੜਿਆ ਪਿਆ ਹੈ ਅਜਿਹੀ ਸਿੱਖੀ ਵਾਲੇ ਭੇਖ ਖੁਣੋਂ?

ਕਈ ਸਿੱਖ ਬੱਚੇ ਮਿਹਨਤ ਨਾਲ ਪੜ੍ਹਾਈ ਕਰ ਕੇ ਅਤੇ ਚੰਗੀ ਨੌਕਰੀ ਕਰਕੇ ਆਪਣਾ ਚੰਗਾ ਜੀਵਨ ਬਤੀਤ ਕਰ ਰਹੇ ਹਨ ਅਤੇ ਕਈ ਬਿਨਾ ਮਿਹਨਤ ਦੇ ਅਤੇ ਪੜ੍ਹਾਈ ਦੇ ਰਾਤੋ ਰਾਤ ਅਮੀਰ ਬਣ ਕੇ ਚੰਗਾ ਘਰ ਅਤੇ ਮਹਿੰਗੀ ਕਾਰ ਰੱਖਣਾ ਚਾਹੁੰਦੇ ਹਨ। ਉਹ ਇਹ ਕੰਮ ਫਿਰ ਡਰੱਗ ਦੇ ਧੰਦੇ ਨਾਲ ਕਰਦੇ ਹਨ। ਇਹਨਾ ਵਿਚੋਂ ਫਿਰ ਬਹੁਤਿਆਂ ਦਾ ਇਹ ਐਸ਼ ਭਰਿਆ ਜੀਵਨ ਥੋੜ ਚਿਰਾ ਹੀ ਹੁੰਦਾ ਹੈ। ਜਾਂ ਤਾਂ ਉਹ ਵਿਰੋਧੀ ਧੜੇ ਵਲੋਂ ਗੋਲੀ ਦਾ ਸ਼ਿਕਾਰ ਹੋ ਜਾਂਦੇ ਹਨ ਅਤੇ ਜਾਂ ਫਿਰ ਕਿਸੇ ਨੂੰ ਮਾਰ ਕੇ ਆਪ ਜੇਲ ਵਿੱਚ ਜਾਂਦੇ ਹਨ।

ਸਾਡੇ ਪੰਜਾਬੀ ਸਿੱਖਾਂ ਵਿੱਚ ਜਨਾਨੀਆਂ ਵਾਂਗ ਈਰਖਾ ਦੀ ਇੱਕ ਬੜੀ ਭੈੜੀ ਬਿਮਾਰੀ ਹੈ ਕਿ ਫਲਾਨੇ ਨੇ ਇੱਕ ਵੱਡਾ ਘਰ ਬਣਾਇਆ ਹੈ। ਮੇਰਾ ਘਰ ਉਸ ਤੋਂ ਵੀ ਵੱਡਾ ਹੋਣਾ ਚਾਹੀਦਾ ਹੈ ਅਤੇ ਜੇ ਕਰ ਕਿਸੇ ਕੋਲ ਕੋਈ ਵਧੀਆ ਮਹਿੰਗੀ ਕਾਰ ਹੈ ਤਾਂ ਮੇਰੇ ਕੋਲ ਉਸ ਨਾਲੋਂ ਵੀ ਵਧੀਆ ਹੋਣੀ ਚਾਹੀਦੀ ਹੈ ਤਾਂ ਹੀ ਮੈਨੂੰ ਚੈਨ ਆਵੇਗਾ। ਇਸ ਈਰਖਾ ਵਾਲੀ ਭੈੜੀ ਵਾਦੀ ਨੇ ਅਤੇ ਗਲਤ ਰੀਸ ਕਰਨ ਵਾਲੀ ਆਦਤ ਨੇ ਵੀ ਕਈਆਂ ਨੂੰ ਪੁੱਠੇ ਪਾਸੇ ਲਾਇਆ ਹੈ। ਕਈ ਮਾਤਾ ਪਿਤਾ ਬੇ-ਬਸ ਹਨ ਅਤੇ ਕਈ ਜਾਣ ਬੁੱਝ ਕੇ ਘੇਸਲ ਵੱਟ ਲੈਂਦੇ ਹਨ ਕਿ ਕੋਈ ਨੀ ਹੋਰ ਵੀ ਕਈ ਕਰਦੇ ਹਨ ਜੇ ਇਸ ਨੇ ਗਲਤ ਤਰੀਕੇ ਨਾਲ ਕੋਈ ਕਮਾਈ ਕਰ ਲਈ ਤਾਂ ਕੀ ਹਰਜ਼ ਹੈ। ਸਾਡੀ ਬਹੁ ਸੰਮਤੀ ਦੀ ਸੋਚਣੀ ਬੱਸ ਇੱਥੇ ਹੀ ਟਿਕੀ ਹੋਈ ਹੈ ਕਿ ਵੱਧ ਤੋਂ ਵੱਧ ਪੈਸੇ ਜੋੜਨੇ ਹਨ (ਜ਼ਾਇਜ਼ ਨਜ਼ਾਇਜ਼ ਢੰਗ ਨਾਲ) ਅਤੇ ਵੱਡੇ ਤੋਂ ਵੱਡਾ ਘਰ ਬਣਾਉਣਾ ਹੈ। ਗੁਰਮਤਿ ਦੀ ਕੋਈ ਚੰਗੀ ਸੂਝ ਲੈਣ ਵਾਸਤੇ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਣਾ। ਬੱਸ ਸਿੱਖੀ ਦਾ ਭੇਸ ਚਾਹੀਦਾ ਹੈ ਕੰਮ ਜੋ ਮਰਜੀ ਕਰੋ। ਸਭ ਇਹੀ ਸੋਚਦੇ ਹਨ ਕਿ ਮੌਤ ਮੈਨੂੰ ਨਹੀਂ ਅਉਣੀ ਇਸ ਲਈ ਕੋਈ ਚੰਗੀ ਗੱਲ ਸੋਚਣ ਲਈ ਸਾਡੇ ਕੋਲ ਟਾਈਮ ਨਹੀਂ ਹੈ। ਹਾਲੇ ਤਾਂ ਸਾਡੀ ਸੋਚਣੀ ਦੇ ਦਿਨ ਰਾਤ ਦੇ ਸੁਪਨੇ ਮਹਿਲ ਮਾੜੀਆਂ ਤੱਕ ਹੀ ਸੀਮਤ ਹਨ।

ਕੋਠੇ ਮੰਡਪ ਮਾੜੀਆ ਲਗਿ ਪਏ ਗਾਵਾਰੀ॥ ਜਿਨਿ੍ਹ੍ਹ ਕੀਏ ਤਿਸਹਿ ਨ ਜਾਣਨੀ ਮਨਮੁਖਿ ਗੁਬਾਰੀ॥ ਜਿਸੁ ਬੁਝਾਇਹਿ ਸੋ ਬੁਝਸੀ ਸਚਿਆ ਕਿਆ ਜੰਤ ਵਿਚਾਰੀ॥ ੮॥ {ਪੰਨਾ ੭੮੮}

ਅਰਥ:- ਪਰ ਮੂਰਖ ਮਨੁੱਖ ਘਰਾਂ ਮਹਲ ਮਾੜੀਆਂ (ਦੇ ਮੋਹ) ਵਿੱਚ ਲੱਗ ਪੈਂਦੇ ਹਨ, ਮਨਮੁਖ (ਮੋਹ ਦੇ) ਘੁੱਪ ਹਨੇਰੇ ਵਿੱਚ ਫਸ ਕੇ ਉਸ ਨੂੰ ਪਛਾਣਦੇ ਹੀ ਨਹੀਂ ਜਿਸ ਨੇ ਪੈਦਾ ਕੀਤਾ ਹੈ।

ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ! ਜੀਵ ਵਿਚਾਰੇ ਕੀਹ ਹਨ ? ਤੂੰ ਜਿਸ ਨੂੰ ਸਮਝ ਬਖ਼ਸ਼ਦਾ ਹੈਂ ਉਹੀ ਸਮਝਦਾ ਹੈ। ੮।

ਫਰੀਦਾ ਕੋਠੇ ਮੰਡਪ ਮਾੜੀਆ, ਉਸਾਰੇਦੇ ਭੀ ਗਏ॥ ਕੂੜਾ ਸਉਦਾ ਕਰਿ ਗਏ, ਗੋਰੀ ਆਇ ਪਏ॥ ੪੬॥ {ਪੰਨਾ ੧੩੮੦}

ਅਰਥ: — ਹੇ ਫਰੀਦ! ( ‘ਵਿਸੁ ਗੰਦਲਾਂ’ ਦੇ ਵਪਾਰੀਆਂ ਵਲ ਤੱਕ!) ਘਰ ਮਹਲ ਮਾੜੀਆਂ ਉਸਾਰਨ ਵਾਲੇ ਭੀ (ਇਹਨਾਂ ਨੂੰ ਛੱਡ ਕੇ) ਚਲੇ ਗਏ। ਉਹੋ ਹੀ ਸਉਦਾ ਕੀਤੋ ਨੇ, ਜੋ ਨਾਲ ਨਾਹ ਨਿਭਿਆ ਤੇ (ਅੰਤ ਖ਼ਾਲੀ ਹੱਥ) ਕਬਰੀਂ ਜਾ ਪਏ। ੪੬।

ਫਰੀਦਾ ਕੋਠੇ ਮੰਡਪ ਮਾੜੀਆ, ਏਤੁ ਨ ਲਾਏ ਚਿਤੁ॥ ਮਿਟੀ ਪਈ ਅਤੋਲਵੀ, ਕੋਇ ਨ ਹੋਸੀ ਮਿਤੁ॥ ੫੭॥ {ਪੰਨਾ ੧੩੮੦}

ਅਰਥ: — ਹੇ ਫਰੀਦ! (ਇਹ ਜੋ ਤੇਰੇ) ਘਰ ਤੇ ਮਹਲ-ਮਾੜੀਆਂ (ਹਨ, ਇਹਨਾਂ ਦੇ) ਇਸ (ਸਿਲਸਿਲੇ) ਵਿੱਚ ਚਿੱਤ ਨਾਹ ਜੋੜ। (ਮਰਨ ਤੇ ਜਦੋਂ ਕਬਰ ਵਿੱਚ ਤੇਰੇ ਉੱਤੇ) ਅਤੋਲਵੀਂ ਮਿੱਟੀ ਪਏਗੀ ਤਦੋਂ (ਇਹਨਾਂ ਵਿਚੋਂ) ਕੋਈ ਭੀ ਸਾਥੀ ਨਹੀਂ ਬਣੇਗਾ। ੫੭।

ਮੱਖਣ ਸਿੰਘ ਪੁਰੇਵਾਲ,

ਦਸੰਬਰ 09, 2007.
.