.

“ਕੋਟਨ ਮੈ ਨਾਨਕ ਕੋਊ ਨਾਰਾਇਨੁ ਜਿਹ ਚੀਤਿ” “ਕਈ ਜਨਮ ਹੈਵਰ ਬ੍ਰਿਖ ਜੋਇਓ. .”

ਆਵਾ ਗਵਨੁ ਮਿਟੈ ਪ੍ਰਭ ਸੇਵ. .

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫ਼ਾਊਂਡਰ ਸਿੱਖ ਮਿਸ਼ਨਰੀ ਲਹਿਰ ਸੰਨ 1956

ਆਵਾ ਗਉਣੁ ਹੈ ਸੰਸਾਰਾ- ਆਵਾ ਗਉਣ ਦੇ ਅੱਖਰੀ ਅਰਥ ਹਨ ‘ਆਉਣਾ ਅਤੇ ਜਾਣਾ’। ਜਿਸਦਾ ਜਨਮ ਹੈ, ਉਸਦਾ ਮਰਣ ਵੀ ਅਵਸ਼ ਹੈ। ਇਸ ਸੰਸਾਰ `ਚ ਮਨੁੱਖ, ਪਸ਼ੂ, ਪੰਛੀ ਪਰਬਤ, ਸਮੁੰਦ੍ਰ, ਚੰਦ, ਸੂਰਜ ਜੋ ਕੁੱਝ ਵੀ ਦੇਖਦੇ ਜਾਂ ਛੂ ਸਕਦੇ ਹਾਂ, ਸਭ ਦਾ ਜਨਮ ਵੀ ਹੈ ਅਤੇ ਮਰਣ ਵੀ-ਇਨ੍ਹਾਂ ਦਾ ਸੰਸਾਰ `ਚ ਆਉਣਾ ਵੀ ਹੈ ਅਤੇ ਮੁੜ ਵਾਪਿਸ ਜਾਣਾ ਵੀ, ਇਸੇ ਦਾ ਨਾਂ ਹੈ ‘ਆਵਾਗਉਣ’। ਇਹ ਸਾਰੀ ਰਚਨਾ, ਇਸਦੇ ਰਚਨਹਾਰ ਪ੍ਰਭੂ ਦੇ ਅਪਣੇ ਹੀ ਸਰਗੁਣ ਸਰੂਪ ਦਾ ਪਸਾਰਾ ਹੈ। ਪ੍ਰਭੂ ਆਪ ਸਦੀਵੀ “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ” ਹੈ ਅਤੇ ਨਾਲ ਹੀ “ਕਰਿ ਆਸਣੁ ਡਿਠੋ ਚਾਉ” (ਵਾਰ ਆਸਾ) ਇਸ ਰਚਨਾ ਦੇ ਜ਼ਰੇ-ਜ਼ਰੇ `ਚ ਵਿਆਪਕ ਵੀ ਹੈ। “ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ(ਪੰ: 294) ਅਨੁਸਾਰ ਉਹ ਜਿੰਨਾ ਚਾਹੇ ਇਸ ਨੂੰ ਵਧਾ ਲਏ ਅਤੇ ਜਦੋਂ ਚਾਹੇ ਇਸਨੂੰ ਆਪਣੇ ਅੰਦਰ ਸਮੇਟ ਲਏ, ਇਹ ਸਭ ਉਸੇ ਦੇ ਭਾਣੇ ਅਤੇ ਉਸੇ ਦੀ ਖੇਡ ਹੈ।

ਕਿਥਹੁ ਆਇਆ ਕਹ ਗਇਆ” - ਇਸਦੇ ਬਾਵਜੂਦ ਕੋਈ ਨਹੀਂ ਜਾਣਦਾ ਕਿ ਕੋਈ ਮਨੁੱਖ ਸੰਸਾਰ `ਚ ਕਿਥੋਂ ਆਇਆ ਹੈ ਸਰੀਰ ਛੱਡਣ ਬਾਦ ਉਸਨੇ ਜਾਣਾ ਕਿਥੇ ਹੈ? ਫ਼ੁਰਮਾਨ ਹੈ ਕਿਥਹੁ ਉਪਜੈ ਕਹ ਰਹੈ, ਕਹ ਮਾਹਿ ਸਮਾਵੈ॥ ਜੀਅ ਜੰਤ ਸਭਿ ਖਸਮ ਕੇ, ਕਉਣੁ ਕੀਮਤਿ ਪਾਵੈ” (ਪੰ: 1193) ਪੁਨਾ “ਕਿਥਹੁ ਆਇਆ ਕਹ ਗਇਆ, ਕਿਹੁ ਨ ਸੀਓ ਕਿਹੁ ਸੀ” (ਪੰ: 1287) ਜਾਂ ਮੌਤ ਤੋਂ ਬਾਦ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ” (ਪੰ: 642) ਅਤੇ “ਨਾਨਕ ਜਿਨਿ ਕਰਤੈ ਕਾਰਣੁ ਕੀਆ ਸੋ ਜਾਣੈ ਕਰਤਾਰੁ” (ਪੰ: 466) ਇਸ ਤੋਂ ਬਾਦ ਇਹ ਵੀ ਫ਼ੁਰਮਾਨ ਹੈ “ਆਵਾ ਗਉਣੁ ਹੈ ਸੰਸਾਰਾ॥ ਮਾਇਆ ਮੋਹੁ ਬਹੁ ਚਿਤੈ ਬਿਕਾਰਾ” (ਪੰ: 1051) ਤਾਂ ਤੇ ਸਰੀਰ ਕਰਕੇ ਤਾਂ ਸਭ ਨੇ ਮਰਨਾ ਹੀ ਹੈ ਫ਼ਿਰ ਵੀ “ਮਨਿ ਮੁਖਿ ਗਲਾ ਗੋਈਆ ਕੀਤਾ ਚਾਉ ਰਲੀ॥ ਨਾਨਕ ਸਚੇ ਨਾਮ ਬਿਨੁ ਸਿਰ ਖੁਰ ਪਤਿ ਪਾਟੀ” (ਪੰ: 1287) ਜਾਂ ਥਿਰੁ ਸਾਚਾ ਸਾਲਾਹੀ ਸਦ ਹੀ, ਜਿਨਿ ਗੁਰ ਕਾ ਸਬਦੁ ਪਛਾਤਾ ਹੇ” (ਪੰ: 1051) ਭਾਵ ਜਿਹੜੇ ਜੀਂਦੇ ਜੀਅ ਸਦਾ ਥਿੱਰ ਪ੍ਰਭੁ ਦਾ ਰੂਪ ਹੋ ਜਾਂਦੇ ਹਨ, ਸਰੀਰ ਛੱਡਣ ਬਾਦ ਵੀ ਪ੍ਰਭੁ `ਚ ਹੀ ਸਮਾ ਜਾਂਦੇ ਹਨ, ਗੁਰਬਾਣੀ `ਚ ਉਨ੍ਹਾਂ ਨੂੰ ਜੀਵਨ-ਮੁਕਤ ਵੀ ਕਿਹਾ ਭਾਵ ਜੀਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਣਾ।

“ਮੋਹ ਮਗਨ ਮੀਠ ਜੋਨਿ ਫਾਸੇ” - “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਨੇ ਬਿਨਾ ਵਿਤਕਰਾ ਰੰਗ, ਨਸਲ, ਲਿੰਗ, ਦੇਸ਼-ਸਾਰੇ ਸੰਸਾਰ ਦੇ ਮਨੁੱਖਾਂ ਲਈ, ਕਰਤਾਰ ਵਲੋਂ ਨੀਯਤ ਇਕੋ ਰੱਬੀ ਧਰਮ, ਇਕੋ ਭਾਈਚਾਰੇ, ਇਕੋ ਗੁਰੂ ਤੇ ਸਾਰੇ ਸੰਸਾਰ ਦੇ ਇਕੋ ਹੀ ਪ੍ਰਮਾਤਮਾ, ਅਕਾਲਪੁਰਖ, ਰੱਬ ਜੀ ਦੀ ਗਲ ਸਮਝਾਈ ਹੈ। ਗੁਰਦੇਵ ਨੇ ਸਾਰੀ ਬਾਣੀ `ਚ ਸੰਪੂਰਣ ਮਨੁੱਖ ਮਾਤ੍ਰ ਨੂੰ ਉਸਦੇ ਕਰਮਾਂ ਸੰਸਕਾਰਾਂ ਦੇ ਆਧਾਰ ਤੇ ਕੇਵਲ ਦੋ ਹਿਸਿਆਂ `ਚ ਵੰਡਿਆ ਹੈ, ਮਨਮੁਖ ਅਤੇ ਗੁਰਮੁਖ। ਅਨੇਕਾਂ ਧਰਮ ਤਾਂ ਮਨੁੱਖ ਨੇ ਆਪ ਘੜ ਲਏ ਹਨ, ਪ੍ਰਭੂ ਨੇ ਨਹੀਂ ਬਣਾਏ। ਪ੍ਰਭੁ ਵਲੋਂ ਮਨੁੱਖਾ ਜਨਮ ਪ੍ਰਾਪਤ ਹੋਣ ਦੇ ਬਾਵਜੂਦ ਜਿਨ੍ਹਾਂ ਨੇ ਇਸ ਜਨਮ ਦੀ ਸੰਭਾਲ ਨਹੀਂ ਕੀਤੀ ਅਤੇ “ਮੋਹ ਮਗਨ ਮੀਠ ਜੋਨਿ ਫਾਸੇ (ਪੰ: 251) ਅਨੁਸਾਰ ਸੰਸਾਰਕ ਰਸਾਂ, ਮੋਹ-ਮਾਇਆ `ਚ ਖੱਚਤ ਰਹਿ ਕੇ ਜਨਮ ਬਤੀਤ ਕਰ ਦਿੱਤਾ, ਉਹ ਮਨਮੁਖ ਹਨ। ਦੂਜੇ ਗੁਰਮੁਖ ਹਨ ਜਿਨ੍ਹਾਂ ਗੁਰੂ-ਗੁਰਬਾਣੀ ਤੋਂ ਸੇਧ ਲੈਕੇ ਅਪਣੇ ਜੀਵਨ ਦੀ ਸੰਭਾਲ ਕੀਤੀ, ਜ਼ਰੇ ਜ਼ਰੇ ਵਿਚੋਂ ਪ੍ਰਭੂ ਦੇ ਦਰਸ਼ਨ ਕੀਤੇ, ਇਸ ਤਰ੍ਹਾਂ ਪ੍ਰਭੂ ਬਖਸ਼ੀਆਂ ਦਾਤਾਂ ਦਾ ਆਨੰਦ ਮਾਣਦੇ ਹੋਏ, ਉਸ ਦੇ ਰੰਗ `ਚ ਰੰਗੇ ਰਹਿ ਕੇ, ਜੀਵਨ ਨੂੰ ਪ੍ਰਭੂ ਗੁਣਾਂ ਨਾਲ ਭਰਪੂਰ ਕੀਤਾ। ਇਸਤਰ੍ਹਾਂ ਉਨ੍ਹਾਂ ਗੁਰਮੁਖਾਂ ਨੇ ਆਪਣੇ ਜਨਮ ਨੂੰ ਸਫ਼ਲ਼ ਕਰ ਲਿਆ।

ਇਹੀ ਕਾਰਣ ਹਨ ਕਿ ਗੁਰੂ ਗਿਆਨ ਤੋਂ ਦੂਰ, ਅਗਿਆਨਤਾ ਦੇ ਹਨੇਰੇ `ਚ ਵਿਚਰਨ ਵਾਲੇ ਮਨਮੁਖ ਦੇ ਜੀਵਨ `ਚ ਹੂੜਮੱਤ-ਦੁਰਮੱਤ, ਵਿਕਾਰ, ਵਿਭਚਾਰ, ਅਉਗਣ-ਜੁਰਮ, ਵਿਤਕਰੇ, ਮੇਰ-ਤੇਰ, ਤ੍ਰਿਸ਼ਨਾ, ਭਟਕਣਾ, ਅਸ਼ਾਂਤੀ, ਨਿਰਾਸ਼ਾ, ਜੀਵਨ ਦਾ ਉਖਾੜ, ਕਰਮਕਾਂਡ, ਵਹਿਮ-ਸਹਿਮ, ਭਰਮ-ਭੁਲੇਖੇ, ਦੁਚਿਤੀ, ਸਗਣ-ਰੀਤਾਂ ਆਦਿ ਪ੍ਰਧਾਨ ਰਹਿੰਦੇ ਹਨ। ਜਦਕਿ ਗੁਰਮੁਖ ਦੇ ਜੀਵਨ `ਚ ਗੁਰੂ ਗਿਆਨ, ਗੁਰਬਾਣੀ ਦੀ ਸੋਝੀ, ਗੁਰਬਾਣੀ ਤੋਂ ਪ੍ਰਾਪਤ ਜੀਵਨ ਜਾਚ ਕਾਰਣ ਅਕਾਲਪੁਰਖ ਦੀ ਬਖਸ਼ਿਸ਼, ਮਨ ਦੀ ਸ਼ਾਂਤੀ-ਟਿਕਾਅ, ਸਦੀਵੀ ਅਨੰਦ, ਜੀਵਨ ਦੀ ਸਦਾਚਾਰਕ ਉਚਤਾ ਅਦਿ ਰੱਬੀ-ਇਲਾਹੀ ਗੁਣ ਆਪਣੇ ਆਪ, ਜੀਵਨ ਦਾ ਸ਼ਿੰਗਾਰ ਬਣਦੇ ਜਾਂਦੇ ਹਨ। ਇਸ ਤਰ੍ਹਾਂ ਅਜੇਹੇ ਗੁਰਮੁਖਾਂ ਦਾ ਮਨੁੱਖਾ ਜਨਮ ਆਪਣੇ ਆਪ ਹੀ ਸਫ਼ਲ ਹੋ ਜਾਂਦਾ ਹੈ।

“ਸੁਰਗ ਬਾਸੁ ਨ ਬਾਛੀਐ ਡਰੀਐ ਨ ਨਰਕਿ ਨਿਵਾਸੁ” (ਪੰ: 337) - ਆਵਾਗਉਣ ਜਾਂ ਜਨਮ-ਮਰਨ ਦੇ ਗੁਰਮਤਿ ਸਿਧਾਂਤ ਨੂੰ ਸਮਝਣ ਤੋਂ ਪਹਿਲਾਂ ਸਾਨੂੰ ਇਹ ਗਲ ਪੂਰੀ ਤਰ੍ਹਾਂ ਸਾਫ਼ ਰਹਿਣੀ ਚਾਹੀਦੀ ਹੈ ਕਿ ਸੰਪੂਰਣ ਗੁਰਬਾਣੀ `ਚ ਗੁਰਦੇਵ ਨੇ ਬ੍ਰਾਹਮਣ ਮੱਤ ਰਾਹੀਂ ਪ੍ਰਗਟ ਕਿਸੇ ਵੀ ਸੁਰਗ, ਨਰਕ, ਜਮ ਲੋਕ, ਦੇਵ ਲੋਕ, ਇੰਦ੍ਰ ਲੋਕ, ਜਮ ਰਾਜ, ਧਰਮ ਰਾਜ, ਪਿਤ੍ਰ ਲੋਕ, ਮੌਤ ਤੋਂ ਬਾਦ ਉਸ ਰਾਹੀਂ ਦਸੇ ਗਏ ਲਮੇਂ ਚੌੜੇ ਰਸਤਿਆਂ-ਨਗਰੀਆਂ-ਪੁਰੀਆਂ, ਬੇਤਰਨੀ ਨਦੀ ਭਾਵ ਗਰੁੜ ਪੁਰਾਣ ਆਦਿ `ਚ ਕਹੀ, ਹਰੇਕ ਗਲ ਨੂੰ ਨਕਾਰਿਆ ਹੈ। ਇਸੇ ਤਰ੍ਹਾਂ ਰੂਹਾਂ-ਬਦਰੂਹਾਂ, ਭੂਤ-ਪ੍ਰੇਤ ਆਦਿ ਤੇ ਦੂਜੇ ਮੱਤਾਂ ਦੇ ਬਹਿਸ਼ਤ-ਦੋਜ਼ਖ, ਹੈਵਨ-ਹੈਲ ਦੀਆਂ ਥਿਉਰੀਆਂ ਨੂੰ ਵੀ ਪ੍ਰਵਾਨ ਨਹੀਂ ਕੀਤਾ। ਦੂਰ ਕਿਉਂ ਜਾਵੀਏ “ਕਿਥਹੁ ਆਇਆ ਕਹ ਗਇਆ. .” (ਪੰ: 1287) ਅਨੁਸਾਰ ਜਨਮ ਤੋਂ ਪਹਿਲਾਂ ਅਸੀਂ ਕਿੱਥੇ ਤੇ ਕਿਸ ਜੂਨੀ `ਚ ਸਾਂ ਤੇ “ਬਿਨਸਿ ਗਇਆ ਜਾਇ ਕਹੂੰ ਸਮਾਨਾ. .” (ਪੰ: 487) ਜਾਂ ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ” (ਬਾਣੀ ਜਪੁ) ਅਨੁਸਾਰ ਸਰੀਰ ਛੱਡਣ ਬਾਦ ਸਾਡਾ ਕੀ ਤੇ ਕਿਥੇ ਹੋਵਾਂਗੇ ਇਹ ਕੇਵਲ ਕਰਤਾਰ ਹੀ ਜਾਣਦਾ ਹੈ।

ਗੁਰਮਤਿ ਅਤੇ ਬ੍ਰਾਮਣਵਾਦ ਵਿਚਾਲੇ ਫ਼ਾਸਲਾ- ਇਸਤਰ੍ਹਾਂ ਜਦੋਂ ਇਹ ਸਪਸ਼ਟ ਹੋ ਗਿਆ ਕਿ ਜਿਥੋਂ ਤੀਕ ਬ੍ਰਾਹਮਣ ਮੱਤ ਜਾਂ ਗਰੁੜ ਪੁਰਾਣ ਆਧਾਰਤ ਆਵਾਗਉਣ ਦੇ ਚੱਕਰ ਦਾ ਸੰਬੰਧ ਹੈ, ਗੁਰਮਤਿ ਨੇ ਉਸਨੂੰ ਉੱਕਾ ਪ੍ਰਵਾਨ ਨਹੀਂ ਕੀਤਾ, ਉਸ ਦਾ ਪੂਰੀ ਤਰ੍ਹਾਂ ਖੰਡਣ ਕੀਤਾ ਹੈ। ਤਾਂ ਤੇ ਗੁਰੜ ਪੁਰਾਨ ਆਦਿ ਦੇ ਆਧਾਰ ਤੇ ਪ੍ਰਗਟ ਅਨੇਕਾਂ ਕਰਮਕਾਂਡ-ਵਿਸ਼ਵਾਸ ਜਿਵੇਂ “ਪ੍ਰਾਣੀ ਦਾ ਸੰਸਕਾਰ ਜ਼ਰੂਰੀ ਹੈ, ਫ਼੍ਹੂੜੀ ਪਾਉਣੀ, ਦੱਭ ਵਿਛਾਉਣੀ, ਪ੍ਰਾਣੀ ਨੂੰ ਮੰਜੇ ਬਿਸਤਰੇ ਤੋਂ ਉਤਾਰ ਕੇ ਜ਼ਮੀਨ ਤੇ ਪਾਉਣਾ, ਜੇਕਰ ਸਨਾਨ ਉਪਰੰਤ ਹੀ ਮ੍ਰਿਤੂ ਹੋਈ ਹੋਵੇ ਤਾਂ ਵੀ ਸਨਾਨ ਕਰਵਾਉਣਾ ਜ਼ਰੂਰੀ ਸਸਕਾਰ ਲਈ ਚਲਣ ਤੋਂ ਪਹਿਲਾਂ ਉਚੇਚੇ ਨਵੇਂ ਤੇ ਬਿਨਾਂ ਸੀਤੇ ਕਪੜੇ ਪੁਆਉਣੇ, ਅਰਥੀ ਨੂੰ ਮੌਲੀ ਬੰਣਨੀ, ਕਾਲੇ ਤਿੱਲ, ਬੇਬਾਣ ਕੱਢਣੇ ਭਾਵ ਬਿਰਧ ਦੀ ਅਰਥੀ ਨੂੰ ਸਜਾਉਣਾ ਤੇ ਉਸ ਤੋਂ ਫੁਲ ਮਖਾਣੇ-ਸਿੱਕੇ ਆਦਿ ਵਾਰਣੇ, ਰੋਣ-ਪਿੱਟਣ-ਢਾਹਾਂ-ਸਿਆਪੇ, ਦੀਵਾ-ਵੱਟੀ, ਗੰਗਾ ਜਲ-ਤੁਲਸੀ, ਹਥੋਂ ਅੰਨ ਆਦਿ ਮਨਸਾਉਣਾ, ਸ਼ਮਸ਼ਾਨ ਭੂਮੀ `ਚ ਉਚੇਚਾ ਬਣਾਏ ਗਏ ਥੱੜੇ ਤੇ ਪਾਉਣਾ ਉਪਰੰਤ ਘੜਾ ਭੰਨਣਾ ਤੇ ਪਿੰਡ-ਪੱਤਲ, ਸ਼ਮਸ਼ਾਨ ਅੰਦਰ ਜਾਂਦੇ ਪ੍ਰਾਣੀ ਦੀ ਸਰ੍ਹਾਂਦੀ-ਪੁਆਂਦੀ ਤੱਕਣੀ, ਰਸੀਆਂ ਕੱਟਣ ਉਪਰ ਵਹਿਮ ਤੇ ਉਨ੍ਹਾਂ ਰਸੀਆਂ ਨੂੰ ਉਚੇਚਾ ਤੋੜਣਾ ਪਰ ਕੱਟਣਾ ਨਹੀਂ, ਪ੍ਰਾਣੀ ਉਪਰ ਚਵਰ ਤੇ ਉਸ ਦੀ ਪ੍ਰਕਰਮਾ, ਕਪਾਲ ਕਿਰਿਆ (ਪ੍ਰਾਣੀ ਦੇ ਸਿਰ `ਚ ਡੰਡਾ ਮਾਰਨਾ), ਵਾਪਸੀ ਵੇਲੇ ਅਚਾਰਜੀ ਰਾਹੀਂ ਦਿੱਤਾ ਘਾਹ ਤੋੜਣਾ, ਪਾਣੀ ਦੇ ਉਲਟੇ-ਸਿੱਧੇ ਛੱਟੇ ਜਾਂ ਉਚੇਚਾ ਇਸ਼ਨਾਨ, ਅਸਥੀਆਂ (ਫ਼ੁਲ) ਚੁੰਨਣੀਆਂ ਅਤੇ ਚੁਨਣ ਲਈ ਸੂਰਜ ਨਿਕਲਣ ਦਾ ਸਮਾਂ ਜਾਂ ਇਤਵਾਰ-ਬੁੱਧ ਆਦਿ ਦਾ ਹਿਸਾਬ ਲਾਉਣਾ, ਚੌਥਾ, ਕਿਰਿਆ, ਰਸਮ ਪੱਗੜੀ, ਵਰੀਨਾ (ਯਾਹਰਵੇ ਮਹੀਨੇ), ਸਾਲ ਦੇ ਸਾਲ ਸਰਾਧ ਗੁਰਮਤਿ `ਚ ਅਜੇਹਾ ਕੁੱਝ ਵੀ ਪ੍ਰਵਾਣ ਨਹੀਂ। ਹਰੇਕ ਗੁਰੂ ਨਾਨਕ ਨਾਮ ਲੇਵਾ ਨੇ ਨਾ ਇਹ ਸਭ ਕਰਨਾ ਹੈ ਅਤੇ ਗੁਰਮਤਿ ਅਨੁਸਾਰ ਨਾ ਹੀ ਇਨ੍ਹਾਂ ਕਰਮਕਾਂਡਾ ਦਾ ਪ੍ਰਾਣੀ ਨਾਲ ਕੋਈ ਸੰਬੰਧ ਹੈ। ਗੁਰਬਾਣੀ ਅਨੁਸਾਰ ਕੀ ਕਰਨਾ ਹੈ, ਵੇਰਵਾ ਗੁਰਮਤਿ ਪਾਠ ਨੰ: 26 “ਮਿਰਤਕ ਸੰਸਕਾਰ-ਗੁਰਸਿੱਖ ਰੀਤੀ `ਚ ਦਿੱਤਾ ਜਾ ਚੁੱਕਾ ਹੈ, ਇਥੇ ਦੋਹਰਾਨ ਦੀ ਲੋੜ ਨਹੀਂ।

ਗੁਰਮਤਿ ਅਨੁਸਾਰ ਆਵਾਗਉਣ ਦੇ ਤਿੰਨ ਰੂਪ- ਗੁਰਬਾਣੀ ਨੂੰ ਗੋਹ ਨਾਲ ਵਿਚਾਰੋ ਸਮਝ ਆਉਂਦੇ ਦੇਰ ਨਹੀਂ ਲਗੇਗੀ ਕਿ ਆਵਾਗਉਣ ਬਾਰੇ ਜਿੱਥੇ ਪਾਤਸ਼ਾਹ ਨੇ ਬ੍ਰਾਹਮਣ ਮੱਤ ਰਾਹੀਂ ਦਿੱਤੇ ਸੰਪੂਰਣ ਵਿਸ਼ਵਾਸਾਂ ਅਤੇ ਗਰੁੜ ਪੁਰਾਨ ਆਧਾਰਤ ਸਾਰੀ ਵਿਚਾਰਧਾਰਾ ਨੂੰ ਕਟਿਆ ਹੈ, ਉਥੇ ਗੁਰਬਾਣੀ `ਚ ਇਸ ਨੂੰ ਬਿਲਕੁਲ ਵੱਖਰੇ ਤੇ ਨਿਵੇਕਲੇ ਢੰਗ ਨਾਲ ਤਿੰਨ ਰੂਪਾਂ `ਚ ਸਮਝਾਇਆ ਵੀ ਹੈ। ਪਹਿਲਾ- ਮਨਮੁੱਖ ਅਤੇ ਗੁਰਮੁਖ ਭਾਵ ਸਫ਼ਲ ਅਤੇ ਅਸਫ਼ਲ ਜੀਵਨ। ਗੁਰਮੁਖ ਜੀਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਂਦਾ ਹੈ ਜਦਕਿ ਮਨਮੁਖ ਨੂੰ ਮੁੜ ਜਨਮਾਂ ਦੇ ਗੇੜ `ਚ ਪਾ ਦਿਤਾ ਜਾਂਦਾ ਹੈ। ਦੂਜਾ-ਮਨੁੱਖਾ ਜਨਮ `ਚ ਹੁੰਦੇ ਹੋਏ ਵੀ ਕਈ ਪੱਖਾਂ ਤੋਂ ਮਨੁੱਖ ਭਿੰਨ ਭਿੰਨ ਜੂਨੀਆਂ `ਚ ਹੀ ਜੀਅ ਰਿਹਾ ਹੁੰਦਾ ਹੈ। ਇਕੋ ਸਮੇਂ ਕਿਸੇ ਪੱਖ ਤੇ ਡਰਪੌਕ (ਗਿੱਦੜ) ਹੁੰਦਾ ਹੈ ਪਰ ਉਸੇ ਸਮੇਂ ਦੂਜੇ ਕੰਮ-ਸੋਚਣੀ ਜਾਂ ਦੂਜੇ ਲਈ ਖੂੰਖਾਰ-ਜ਼ਾਲਮ (ਸ਼ੇਰ) ਦੀ ਜੂਨ `ਚ ਹੁੰਦਾ ਹੈ। ਇਸ ਤਰ੍ਹਾਂ ਕਿਧਰੇ ‘ਖੋਤਾ’ ਤੇ ਕਿਧਰੇ ‘ਕੁੱਤਾ’। ਤੀਜਾ- ਪ੍ਰਮਾਤਮਾ ਦੀ ਸੋਝੀ ਅਤੇ ਆਪਣੇ ਆਤਮਕ ਜੀਵਨ ਤੋਂ ਅਨਜਾਣ, ਸਰੀਰ ਕਰਕੇ ਮਨੁੱਖ ਹੁੰਦਾ ਹੋਇਆ ਵੀ, ਹਰ ਸਮੇਂ ਆਪਣੀ ਜ਼ਿੰਦਗੀ ਦੇ ਹਰੇ ਪਲ `ਚ ਮਨੁੱਖ ਮਾਨੋ ਆਵਾਗਉਣ `ਚ ਪਿਆ ਰਹਿੰਦਾ ਹੈ।

ਇਸ ਲਈ ਗੁਰਬਾਣੀ ਵਿਚੋਂ ਜਦੋਂ ਤੀਕ ਆਵਾਗਉਣ ਦੇ ਵਿਸ਼ੇ ਨੂੰ ਪ੍ਰਕਰਣ ਅਨੁਸਾਰ ਘੋਖਣ ਦਾ ਜੱਤਨ ਨਹੀਂ ਕਰਾਂਗੇ, ਉੱਤਨੀ ਦੇਰ ਗੁਰਬਾਣੀ `ਚ ਸਮਝਾਈ ਜਾ ਰਹੇ ਅਵਾਗਉਣ ਦੇ ਅਸਲ ਵਿਸ਼ੇ ਤੀਕ ਨਹੀਂ ਪਹੁੰਚ ਪਾਵਾਂਗੇ। ਇਹ ਵੱਖਰੀ ਗਲ ਹੈ ਕਿ ਸਾਡੇ ਸਰੀਰ ਦੇ ਅੰਤ ਭਾਵ ਮੌਤ ਨਾਲ, ਆਵਾਗਉਣ ਵਾਲੇ ਕੇਵਲ ਇਸ ਪਹਿਲੇ ਰੂਪ ਦਾ ਹੀ ਤਾਲੁਕ ਹੈ। ਬਾਕੀ ਦੋਵੇਂ ਰੂਪ ਜੀਂਦੇ ਸਰੀਰ ਨਾਲ ਹੀ ਸੰਬੰਧਤ ਹਨ। ਤਾਂ ਤੇ ਇਸ ਗੁਰਮਤਿ ਪਾਠ ਦੇ ਚਲਦੇ, ਗੁਰਬਾਣੀ ਵਿਚੋਂ ਅਸੀਂ ਆਵਾਗਉਣ ਦੇ ਇਨ੍ਹਾਂ ਤਿੰਨਾਂ ਹੀ ਰੂਪਾਂ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ।

ਗੁਰਬਾਣੀ ਅਨੁਸਾਰ ਆਵਾਗਉਣ ਦਾ ਮੁੱਖ ਰੂਪ- ਗੁਰਬਾਣੀ ਵਿਚੋਂ ਜਿੱਥੋਂ ਵੀ ਦਰਸ਼ਨ ਕਰੋ! ਮਨੁੱਖ ਇਸ ਦੁਨੀਆ `ਚ ਰਹਿਣ ਲਈ ਨਹੀਂ ਆਇਆ ਬਲਕਿ ਇਹ ਦੁਨੀਆਂ ਤਾਂ ਉਸ ਲਈ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ (ਬਾਣੀ ਜਪੁ) ਧਰਮ ਕਮਾਉਣ ਲਈ ਕੇਵਲ ਇੱਕ ਰੈਣ-ਬਸੇਰਾ ਹੀ ਹੈ। ਇਸ `ਚ ਇਸ ਦੀ ਵੁੱਕਤ ਇੱਕ ਪਾਣੀ ਦੇ ਬੁਲਬੁਲੇ ਤੋਂ ਵੱਧ ਨਹੀਂ, ਜੋ ਹੁਣ ਤੇ ਹੁਣੇ ਖਤਮ। ਇਸ ਨੂੰ ਸੰਸਾਰ `ਚ ਜਿਸ ਪ੍ਰਭੂ ਨੇ ਭੇਜਿਆ ਹੈ, ਉਸ ਨੇ ਵਾਪਿਸ ਵੀ ਬੁਲਾ ਲੈਣਾ ਹੈ। ਫ਼ੁਰਮਾਨ ਹੈ ਜਿਨਿ ਤੁਮ ਭੇਜੇ ਤਿਨਹਿ ਬੁਲਾਏ. .” (ਪੰ: 678) ਅਤੇ “ਜਾ ਆਏ ਤਾ ਤਿਨਹਿ ਪਠਾਏ ਚਾਲੇ ਤਿਨੈ ਬੁਲਾਇ ਲਇਆ” (ਪੰ: 907) ਹੋਰ “ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ” (ਪੰ: 1239)। ਇਸਨੂੰ ਇਸ ਮਨੁੱਖ ਦਾ ਪੇਕਾ ਘਰ ਕਹਿਕੇ ਇਸ ਤਰ੍ਹਾਂ ਵੀ ਸਮਝਾਇਆ ਹੈ ਜਿਵੇਂ ਸਭਨਾ ਸਾਹੁਰੈ ਵੰਞਣਾ ਸਭਿ ਮੁਕਲਾਵਣਹਾਰ॥ ਨਾਨਕ ਧੰਨੁ ਸੋਹਾਗਣੀ ਜਿਨ ਸਹ ਨਾਲਿ ਪਿਆਰੁ (ਪੰ: ੫੦)। ਦੂਜਾ- “ਕਰਮੀ ਆਵੈ ਕਪੜਾ” (ਜਪੁ) ਅਨੁਸਾਰ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਤਾਂ ਸਾਨੂੰ ਮਨੁੱਖਾ ਜਨਮ ਇਸ ਲਈ ਮਿਲਿਆ ਕਿ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: 12) ਅਨੁਸਾਰ ਪ੍ਰਭੂ ਨਾਲ ਇੱਕ ਮਿੱਕ ਹੋਣ ਲਈ, ਨਹੀਂ ਤਾਂ ਇਸੇ ਹੀ ਜੀਵਨ ਦਾ ਉਲਟਾ ਪੱਖ “ਜਨਮੁ ਬ੍ਰਿਥਾ ਜਾਤ ਰੰਗਿ ਮਾਇਆ ਕੈ” (ਉਹੀ ਸ਼ਬਦ) ਵੀ ਹੈ ਪਰ ਇਸ ਵੇਰਵੇ ਦੀ ਲੋੜ ਇਸ ਲਈ ਪਈ ਕਿ:

… ਅਜ ਪੰਥ `ਚ ਨਵੀਂ ਚਲ ਚੁੱਕੀ ਹਵਾ, ਜਦੋਂ ਸਾਡੇ ਹੀ ਕੁੱਝ ਸੱਜਣ ਕਹਿ ਰਹੇ ਹਨ ਕਿ ਗੁਰਮਤਿ ਅਨੁਸਾਰ ‘ਆਵਾਗਉਣ’ ਹੈ ਹੀ ਕੋਈ ਚੀਜ਼ ਨਹੀਂ। ਤਾਂ ਤੇ ਅਜੇਹੇ ਸੱਜਣ ਦਸਣ ਕਿ ਜੀਵਨ ਦੇ ਇਹ ਦੋ ਪੱਖ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” ਅਤੇ “ਜਨਮੁ ਬ੍ਰਿਥਾ ਜਾਤ” ਕੀ ਹਨ? ਇਹੀ ਨਹੀਂ ਜਿਥੋਂ ਚਾਹੋ ਬਾਣੀ `ਚੋਂ ਦਰਸ਼ਨ ਕਰ ਲਵੋ! ਸੰਪੂਰਣ ਗੁਰਬਾਣੀ `ਚ ਮਨੁੱਖਾ ਜੀਵਨ ਦੇ ਇਹ ਦੋਵੇਂ ਪੱਖ ਬਿਆਨੇ ਹਨ-ਇਕ ਸਫ਼ਲ ਅਤੇ ਦੂਜਾ ਅਸਫ਼ਲ ਜੀਵਨ। ਸਫ਼ਲ ਨੂੰ ‘ਗੁਰਮੁਖ’ ਅਤੇ ਅਸਫ਼ਲ ਨੂੰ ‘ਮਨਮੁਖ’ ਦਸਿਆ ਹੈ। ਇਸੇ ਤਰ੍ਹਾਂ ਹੋਰ ਲਵੋ “ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ॥ ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ॥ ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ” (ਪੰ: 450) ਭਾਵ ਮਨੁੱਖਾ ਜਨਮ ਹੀ ਨਾਮ (ਪ੍ਰਭੂ ਦੀ ਸਿਫ਼ਤ ਸਲਾਹ) ਲਈ ਰੁੱਤ ਹੈ ਅਤੇ ਜੇ ਕੇਰ ਇਸ ਰੁੱਤ `ਚ ਨਾਮ ਨਾ ਬੀਜਿਆ ਤਾਂ ਫ਼ਿਰ ਲਫ਼ਜ਼ ‘ਅਗੇ’ ਕੀ ਹੈ? ਅਤੇ ‘ਭੁਖਾ ਹੋਣਾ’ ਕੀ ਹੈ? ਹੋਰ ਦੇਖੋ ਪ੍ਰਾਣੀ ਤੂੰ ਆਇਆ ਲਾਹਾ ਲੈਣਿ॥ ਲਗਾ ਕਿਤੁ ਕੁਫਕੜੇ ਸਭ ਮੁਕਦੀ ਚਲੀ ਰੈਣਿ” (ਪੰ: 43) ਤਾਂ ਤੇ ਇਹ ‘ਲਾਹਾ ਲੈਣਾ’ ਕੀ ਹੈ? ਅਤੇ ‘ਕੁਫ਼ਕੜੇ ਲਗਣਾ’ ਕੀ ਹੈ? ਸਮਝਣ ਦਾ ਵਿਸ਼ਾ ਹੈ।

ਤੀਜਾ- ਜੇਕਰ ਮਨੁੱਖ ਜੀਂਦੇ ਜੀਅ ਕਰਤੇ ਨਾਲ ਇਕ-ਮਿੱਕ ਨਹੀਂ ਹੁੰਦਾ, ਇਸ ਤਰ੍ਹਾਂ ਜਦੋਂ ਉਸਦਾ ਜਨਮ ਅਸਫ਼ਲ ਹੋ ਜਾਂਦਾ ਹੈ ਤਾਂ ਅਪਣੇ ਚੰਗੇ-ਮੰਦੇ ਕਰਮਾਂ ਦਾ ਲੇਖਾ ਉਸ ਨੂੰ ਦੇਣਾ ਹੀ ਪੈਂਦਾ ਹੈ। ਫ਼ੁਰਮਾਨ ਹੈ ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹ੍ਹਾ ਮੇਲੁ॥ ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ” (ਪੰ: 473)। ਭਾਵ ਜੀਵਾਂ ਦੇ ਚੰਗੇ-ਮੰਦੇ ਦਾ ਲੇਖਾ ਕਰਣ ਵਾਲਾ ਅਖਉਤੀ ਧਰਮ ਜਾਂ ਜਮ ਰਾਜ ਨਹੀਂ ਬਲਕਿ “ਦੀਬਾਨੁ ਏਕੋ ਕਲਮ ਏਕਾ” ਅਨੁਸਾਰ ਕੇਵਲ ਅਕਾਲਪੁਰਖ ਆਪ ਹੀ ਹੈ ਪਰ ਲੇਖਾ ਹੁੰਦਾ ਅਵੱਸ਼ ਹੈ ਕਿਉਂਕਿ ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਜਪੁ) ਮੁਤਾਬਕ ਹਉਮੈ ਅਧੀਨ ਕੀਤੇ ਚੰਗੇ ਜਾਂ ਮਾੜੇ ਕਰਮ- ਇਹ ਕਰਮ ਹੀ ਮਨੁੱਖ ਨੂੰ ਫ਼ਿਰ ਤੋਂ ਜਨਮ-ਮਰਣ ਦੇ ਗੇੜ `ਚ ਪਾਉਣ ਦਾ ਕਾਰਣ ਬਣਦੇ ਹਨ। ਚੌਥਾ- ਹਉਮੈ ਅਧੀਨ ਅਪਣੇ ਕਰਮਾਂ ਅਨੁਸਾਰ ਹੀ ਮਨੁੱਖ “ਹਉ ਵਿਚਿ ਨਰਕਿ ਸੁਰਗਿ ਅਵਤਾਰੁ” (ਪੰ: 466) ਭਾਵ ਜੂਨ ਭਾਵੇਂ ਕੋਈ ਵੀ ਮਿਲੇ, ਫ਼ਰਕ ਹੁੰਦਾ ਹੈ ਪਰੋਪਕਾਰੀ-ਦਾਨੀ ਆਦਿ ਸੁਭਾਅ ਵਾਲੇ ਭਲੇ-ਲੋਕਾਂ ਨੂੰ ਸੌਖਾ-ਆਰਾਮਦੇਹ ਜੀਵਨ ਮਿਲਦਾ ਹੈ ਤੇ ਮਾੜੇ ਪਾਪੀ-ਗੰਦੇ-ਨੀਚ ਕਰਮੀਆਂ ਨੂੰ ਜ਼ਲਾਲਤ-ਦੁਖਾਂ ਭਰਿਆ-ਅਉਖਾ ਜੀਵਨ ਮਿਲਦਾ ਹੈ। ਇਹ ਨਹੀਂ ਹੋ ਸਕਦਾ ਕਿ ਮੁੜ ਤੋਂ ਜਨਮ-ਮਰਣ ਦੇ ਗੇੜ `ਚ ਨਾ ਪੈਣ, ਵੈਸੇ ਇਸਦਾ ਕਾਰਣ ਉਨ੍ਹਾਂ ਦੀ ਆਪਣੀ ਹਉਮੈ ਹੀ ਹੁੰਦੀ ਹੈ। ਧਿਆਨ ਰਹੇ ਕਿ ਇਥੇ ਵੀ ਕਿਸੇ ਬ੍ਰਾਹਮਣੀ ਸੁਰਗ-ਨਰਕ ਦੀ ਗਲ ਨਹੀਂ ਜਿਸ ਦੀ ਹੋਂਦ ਨੂੰ ਗੁਰਮਤਿ ਨੇ ਪ੍ਰਵਾਣ ਹੀ ਨਹੀਂ ਕੀਤਾ।

ਇਸ ਪ੍ਰਥਾਏ ਹੋਰ ਫ਼ੁਰਮਾਨ- “ਕਪੜੁ ਰੂਪੁ ਸੁਹਾਵਣਾ (ਸੋਹਣਾ ਮਨੁੱਖਾ ਸਰੀਰ) ਛਡਿ ਦੁਨੀਆ ਅੰਦਰਿ ਜਾਵਣਾ॥ ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਵਣਾ॥ ਹੁਕਮ ਕੀਏ ਮਨਿ ਭਾਵਦੇ (ਹੰਕਾਰੀ ਹੋਕੇ ਕੀਤੇ ਹੁਕਮ-ਜ਼ਿਆਦਤੀਆਂ-ਕਰਮ) ਰਾਹਿ ਭੀੜੈ ( “ਵਡੀ ਵਡਿਆਈ ਜਾ ਸਚੁ ਨਿਆੳ” ਅਨੁਸਾਰ ਅਕਾਲਪੁਰਖ ਦੇ ਨਿਆਂ ਵਾਲੇ ਤੰਗ ਰਸਤੇ ਚੋਂ, ਜਿੱਥੇ ਨਾ ਰਿਆਇਤ ਹੇ ਅਤੇ ਨਾ ਹੀ ਜ਼ਿਆਦਤੀ)॥ ਨੰਗਾ (ਨਸ਼ਰ ਕਰਕੇ) ਦੋਜਕਿ ਚਾਲਿਆ (ਫ਼ਿਰ ਤੋਂ ਜਨਮ-ਮਰਣ ਦੇ ਗੇੜ `ਚ ਪਾ ਦਿੱਤਾ) ਤਾ ਦਿਸੈ ਖਰਾ ਡਰਾਵਣਾ (ਜ਼ਲਾਲਤ-ਦੁਖਾਂ ਭਰਪੂਰ)॥ ਕਰਿ ਅਉਗਣ ਪਛੋਤਾਵਣਾ” (ਪੰ: 470) ਇਥੇ ਵੀ ਤੱਕ ਲਵੋ ਸਾਫ਼ ਲਫ਼ਜ਼ਾਂ `ਚ ਇਨਸਾਫ਼ ਦੀ ਗਲ “. . ਛਡਿ ਦੁਨੀਆ ਅੰਦਰਿ ਜਾਵਣਾ” ਭਾਵ ਹੈ ਹੀ ਸਰੀਰ ਦੇ ਛਡਣ ਤੋਂ ਬਾਦ -ਤਾਂ ਫ਼ਿਰ ਇਨਸਾਫ਼ ਦਾ ਇਹ ਢੰਗ ਕੀ ਹੈ? “ਫ਼ਿਰ ਤੋਂ ਜਨਮ-ਮਰਣ ਦੇ ਗੇੜ `ਚ ਪੈਣਾ” ਇਸ ਬਾਰੇ ਗੁਰਬਾਣੀ `ਚ ਹਜ਼ਾਰਾਂ ਵਾਰੀ ਫ਼ੈਸਲਾ ਮੌਜੂਦ ਹੈ।

ਪੰਜਵਾਂ- ਮਨੁੱਖ ਜਨਮ ਲੈਣ ਤੋਂ ਪਹਿਲਾਂ “ਕਿਥਹੁ ਉਪਜੈ.” ਕਿੱਥੇ ਸੀ ਅਤੇ “ਕਿਥਹੁ ਆਇਆ. .” ਗੁਰਮਤਿ ਪਾਠ ਦੇ ਆਰੰਭ `ਚ ਦਿੱਤੇ ਮਹਾਵਾਕਾਂ ਅਨੁਸਾਰ ਅਸੀਂ ਆਏ ਕਿਥੋਂ ਹਾਂ, ਇਹ ਵੀ ਕਰਤਾ ਹੀ ਜਾਣਦਾ ਹੈ ਜਿਸਨੇ ਭੇਜਿਆ ਹੈ। ਉਸਨੇ ਸਾਨੂੰ ਸਿੱਧਾ ਹੀ ਭੇਜਿਆ ਹੈ (ਜਿਵੇਂ ਦਸ ਪਾਤਸ਼ਾਹੀਆਂ ਬਾਰੇ ਇਹ ਗਲ ਸਾਫ਼ ਹੈ ਕਿ ਧੁਰੋਂ ਹੀ ਥਾਪੇ ਹੋਏ ਸਨ) ਜਾਂ ਕਹਿੜੀਆਂ ਜੂਨਾ ਚੋਂ ਕਢ ਕੇ “ਅਬ ਕਲੂ ਆਇਓ ਰੇ॥ ਇਕੁ ਨਾਮੁ ਬੋਵਹੁ ਬੋਵਹੁ॥ ਅਨ ਰੂਤਿ ਨਾਹੀ ਨਾਹੀ॥ ਮਤੁ ਭਰਮਿ ਭੂਲਹੁ ਭੂਲਹੁ” (ਪੰ: 1185) ਅਨੁਸਾਰ ਮਾਲਿਕ ਨੇ ਅਵਸਰ ਬਖਸ਼ਿਆ ਹੈ, ਸਾਨੂੰ ਇਸ ਜਨਮ-ਮਰਣ ਦੇ ਗੇੜ ਚੋਂ ਨਿਕਲਣ ਦਾ। ਇਸਬਾਰੇ ਵੀ ਗੁਰਬਾਣੀ ਸਪਸ਼ਟ ਹੈ ਜਿਵੇਂ “ਮਾਤ ਪਿਤਾ ਬਨਿਤਾ ਸੁਤ ਬੰਧਪ ਇਸਟ ਮੀਤ ਅਰੁ ਭਾਈ॥ ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤਹਿ ਕੋ ਨ ਸਹਾਈ (ਪੰ: 700) ਹੁਣ ਇਹ ਤਾਂ ਸਾਰੀ ਗਲ ਹੀ “ਪੂਰਬ ਜਨਮ ਕੇ ਮਿਲੇ ਸੰਜੋਗੀ” ਭਾਵ ਇਹ ਜਨਮ ਲੈਣ ਤੋਂ ਪਹਿਲਾਂ ਦੀ ਹੈ। ਹੋਰ ਲਵੋ “ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ॥ ਤੁਮਰੀ ਕਿ੍ਰਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ” (ਪੰ: 207)। ਗੁਰਬਾਣੀ ਵਿਚੋਂ ਹੀ ਇਸ ਬਾਰੇ ਹੋਰ ਪ੍ਰਮਾਣ “ਏਊ ਜੀਅ ਬਹੁਤੁ ਗ੍ਰਭ ਵਾਸੇ॥ ਮੋਹ ਮਗਨ ਮੀਠ ਜੋਨਿ ਫਾਸੇ (ਪੰ: 251) ਹੁਣ ਇਥੇ ਹੀ ਦੇਖੋ ਜੇਕਰ ਇਸੇ ਹੀ ਜਨਮ ਦੋਹਰਾਨ ਦੂਜੀਆਂ ਜੂਨੀਆਂ ਦੀ ਗਲ ਹੁੰਦੀ ਤਾਂ ਏਊ ਜੀਅ ਬਹੁਤੁ ਗ੍ਰਭ ਵਾਸੇ” (ਪੰ: 251) ਨਹੀਂ ਸੀ ਹੋ ਸਕਦਾ।

ਇਸੇਤਰ੍ਹਾਂ “ਅਸਥਾਵਰ ਜੰਗਮ ਕੀਟ ਪਤੰਗਾ॥ ਅਨਿਕ ਜਨਮ ਕੀਏ ਬਹੁ ਰੰਗਾ॥ ੧ ॥ ਐਸੇ ਘਰ ਹਮ ਬਹੁਤੁ ਬਸਾਏ॥ ਜਬ ਹਮ ਰਾਮ ਗਰਭ ਹੋਇ ਆਏ॥ ੧ ॥ ਰਹਾਉ॥ ਜੋਗੀ ਜਤੀ ਤਪੀ ਬ੍ਰਹਮਚਾਰੀ॥ ਕਬਹੂ ਰਾਜਾ ਛਤ੍ਰਪਤਿ ਕਬਹੂ ਭੇਖਾਰੀ” (ਪੰ: 326) ਪਰ ਸਾਕਤ ਮਰਹਿ ਸੰਤ ਸਭਿ ਜੀਵਹਿ. (ਪੰ: 326) ਇਥੇ ਵੀ ਇਸਦੇ ਅਰਥ ਕੀ ਹਨ? ਭਾਵ ਜਦੋਂ ਇਹ ਜਨਮ ਲਿਆ ਤਾਂ ਇਹ ਸਭ ਉਸ ਤੋਂ ਪਹਿਲਾਂ ਭਾਵ ਪਿਛਲੇ ਜਨਮਾਂ ਦਾ ਜ਼ਿਕਰ ਹੈ। ਬਿਲਕੁਲ ਉਨ੍ਹਾਂ ਹੀ ਅਰਥਾਂ `ਚ ਹੋਰ ਲਵੋ “ਜੁੜਿ ਜੁੜਿ ਵਿਛੁੜੇ, ਵਿਛੁੜਿ ਜੁੜੇ॥ ਜੀਵਿ ਜੀਵਿ ਮੁਏ, ਮੁਏ ਜੀਵੇ॥ ਕੇਤਿਆ ਕੇ ਬਾਪ, ਕੇਤਿਆ ਕੇ ਬੇਟੇ, ਕੇਤੇ ਗੁਰ ਚੇਲੇ ਹੂਏ॥ ਆਗੈ ਪਾਛੈ ਗਣਤ ਨ ਆਵੈ, ਕਿਆ ਜਾਤੀ ਕਿਆ ਹੁਣਿ ਹੂਏ” (ਪੰ: 1238) ਇਸ ਬਾਰੇ ਗੁਰਬਾਣੀ `ਚੋਂ ਹੀ ਕੇਵਲ ਇੱਕ ਪ੍ਰਮਾਣ ਹੋਰ ਦੇ ਕੇ ਗਲ ਨੂੰ ਅਗੇ ਟੋਰਦੇ ਹਾਂ, ਫ਼ੁਰਮਾਇਆ ਹੈ “ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ੧ ॥ ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ॥ ੧ ॥ ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ. .” (ਪੰ: 176) ਹੁਣ ਦੇਖੋ! ਜੇਕਰ ਇਸੇ ਹੀ ਜਨਮ `ਚ ਭਿੰਨ ਭਿੰਨ ਜੂਨੀਆਂ ਦੀ ਗਲ ਹੁੰਦੀ ਤਾਂ “ਚਿਰੰਕਾਲ ਇਹ ਦੇਹ ਸੰਜਰੀਆ” ਦੀ ਗਲ ਨਹੀਂ ਸੀ ਹੋ ਸਕਦੀ। ਬਲਕਿ ਇਸ ਜਨਮ ਲਈ ਇਸੇ ਹੀ ਸ਼ਬਦ `ਚ ਗੁਰਦੇਵ ਅਗੇ ਫ਼ੁਰਮਾਅ ਰਹੇ ਹਨ “ਸਾਧਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ. .” (ਪੰ: 176) ਐ ਭਾਈ! ਇਹ ਜਨਮ ਤੈਨੂੰ ਮਿਲਿਆ ਹੀ ਗੁਰੂ ਦੀ ਮੱਤ ਲੈ ਕੇ ਸਾਧ ਸੰਗਤ ਰਾਹੀਂ ਸਫ਼ਲਾ ਕਰਨ ਲਈ ਹੈ।

ਗੁਰਬਾਣੀ `ਚ ਹੀ ਆਵਾਗਉਣ ਦਾ ਹੀ ਦੂਜਾ ਰੂਪ- ਮਨੁੱਖ ਹੈ ਤਾਂ ਮਨੁੱਖਾ ਜਨਮ `ਚ ਪਰ ਜਦੋਂ ਇਸ ਦੀਆਂ ਕਰਤੂਤਾਂ-ਰਹਿਣੀ-ਅਕਲ ਮਨੁੱਖਾਂ ਵਾਲੀ ਨਹੀਂ ਤਾਂ ਗੁਰਦੇਵ ਫ਼ੁਰਮਾਂਦੇ ਹਨ “ਕਰਤੂਤਿ ਪਸੂ ਕੀ ਮਾਨਸ ਜਾਤਿ (ਪੰ: 267) ਇਥੋਂ ਤੀਕ ਕਿ ਫੀਲੁ ਰਬਾਬੀ ਬਲਦੁ ਪਖਾਵਜ ਕਊਆ ਤਾਲ ਬਜਾਵੈ॥ ਪਹਿਰਿ ਚੋਲਨਾ ਗਦਹਾ ਨਾਚੈ ਭੈਸਾ ਭਗਤਿ ਕਰਾਵੈ॥ ੧ ॥ ਰਾਜਾ ਰਾਮ ਕਕਰੀਆ ਬਰੇ ਪਕਾਏ॥ ਕਿਨੈ ਬੂਝਨਹਾਰੈ ਖਾਏ॥ ੧ ॥ ਰਹਾਉ॥ ਬੈਠਿ ਸਿੰਘੁ ਘਰਿ ਪਾਨ ਲਗਾਵੈ ਘੀਸ ਗਲਉਰੇ ਲਿਆਵੈ॥ ਘਰਿ ਘਰਿ ਮੁਸਰੀ ਮੰਗਲੁ ਗਾਵਹਿ ਕਛੂਆ ਸੰਖੁ ਬਜਾਵੈ. .” (ਪੰ: 477) ਅਰਥ ਹਨ:- (ਮਨ ਦਾ) ਫੀਲ ਭਾਵ ਹਾਥੀ (ਵਾਲਾ ਸੁਭਾਉ) ਰਬਾਬੀ (ਬਣ ਗਿਆ ਹੈ), ਬਲਦ (ਵਾਲਾ ਸੁਭਾਉ) ਜੋੜੀ ਵਜਾਣ ਵਾਲਾ (ਹੋ ਗਿਆ ਹੈ) ਅਤੇ ਕਾਂ (ਵਾਲਾ ਸੁਭਾਉ) ਤਾਲ ਵਜਾ ਰਿਹਾ ਹੈ। ਖੋਤਾ (—ਖੋਤੇ ਵਾਲਾ ਸੁਭਾਉ) (ਪ੍ਰੇਮ ਰੂਪੀ) ਚੋਲਾ ਪਾ ਕੇ ਨੱਚ ਰਿਹਾ ਹੈ, ਅਤੇ ਭੈਂਸਾ (ਭਾਵ, ਭੈਂਸੇ ਵਾਲਾ ਸੁਭਾਉ) ਭਗਤੀ ਕਰਦਾ ਹੈ। ੧। (ਮਨ-) ਸਿੰਘ ਆਪਣੇ ਸ੍ਵੈ-ਸਰੂਪ ਵਿੱਚ ਟਿਕ ਕੇ (ਭਾਵ, ਮਨ ਦਾ ਨਿਰਦਇਤਾ ਵਾਲੇ ਸੁਭਾਉ ਤੋਂ ਹਟ ਕੇ ਹੁਣ ਇਹ) ਸੇਵਾ ਦਾ ਆਹਰ ਕਰਦਾ ਹੈ ਤੇ (ਮਨ-) ਘੀਸ ਪਾਨਾਂ ਦੇ ਬੀੜੇ ਵੰਡ ਰਹੀ ਹੈ, (ਭਾਵ, ਮਨ ਤਿ੍ਰਸ਼ਨਾ ਛੱਡ ਕੇ ਹੋਰਨਾਂ ਦੀ ਸੇਵਾ ਕਰਦਾ ਹੈ)। ਸਾਰੀਆਂ ਇੰਦ੍ਰੀਆਂ ਆਪੋ ਆਪਣੇ ਗੋਲਕ-ਅਸਥਾਨ ਵਿੱਚ ਰਹਿ ਕੇ ਹਰੀ-ਜਸ ਰੂਪ ਮੰਗਲ ਗਾ ਰਹੀਆਂ ਹਨ ਤੇ (ਉਹੀ) ਮਨ (ਜੋ ਪਹਿਲਾਂ) ਕਛੂ-ਕੁੰਮਾ (ਸੀ, ਭਾਵ, ਜੋ ਪਹਿਲਾਂ ਸਤਸੰਗ ਤੋਂ ਦੂਰ ਭੱਜਦਾ ਸੀ, ਹੁਣ) ਹੋਰਨਾਂ ਨੂੰ ਉਪਦੇਸ਼ ਕਰ ਰਿਹਾ ਹੈ (ਧੰਨਵਾਦ ਸਹਿਤ ਗੁਰੂ ਗ੍ਰੰਥ ਸਾਹਿਬ ਦਰਪਣ-ਪ੍ਰੋਫ਼ੈਸਰ ਸਾਹਿਬ ਸਿੰਘ)।

ਹੁਣ ਇਥੇ ਇਸ ਸ਼ਬਦ `ਚ ਹੀ ਦੇਖ ਲਵੋ! ਮਨੁੱਖ ਦੇ ਭਿੰਨ ਭਿੰਨ ਸੁਭਾਅ ਕਾਰਣ ਉਸਦੀ ਤੁਲਨਾ ਹਾਥੀ, ਬਲਦ, ਕਾਂ, ਖੋਤਾ, ਭੈਂਸਾ, ਸਿੰਘ (ਸ਼ੇਰ) ਵਰਗੇ ਖੂਂਖਾਰ ਜਾਨਵਰ ਜਾਂ ਘੀਸ ਨਾਲ ਕੀਤੀ ਹੈ। ਇਸੇ ਤਰ੍ਹਾਂ ਬਾਣੀ `ਚੋਂ ਹੋਰ ਅਨੇਕਾਂ ਜਗ੍ਹਾ ਤੇ ਜਿਵੇਂ ਬਲਦ ਦਾ ‘ਆਲਸ’ ਦਾ ਸੁਭਾਅ ਪ੍ਰਸਿੱਧ ਹੈ। ਫੀਲ (ਹਾਥੀ), ਗਦਹੇ ਤੇ ਭੈਂਸੇ ਵਾਸਤੇ ਬਾਣੀ `ਚ ਪ੍ਰਮਾਣ ਹਨ (1) “ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ, ਤਿ੍ਰਪਤੈ ਵਿਸਟਾ ਖਾਇ ਮੁਖਿ ਗੋਹੈ” ਜਾਂ (2) “ਹਰੀ ਅੰਗੂਰੀ ਗਦਹਾ ਚਰੈ” (3) “ਮਾਤਾ ਭੈਸਾ ਅਮੁਹਾ ਜਾਇ॥ ਕੁਦਿ ਕੁਦਿ ਚਰੈ ਰਸਾਤਲਿ ਪਾਇ” (4) “ਹਰਿ ਹੈ ਖਾਂਡ ਰੇਤੁ ਮਹਿ ਬਿਖਰਿਓ, ਹਾਥੀ ਚੁਨੀ ਨ ਜਾਇ” ਇਸੇ ਤਰ੍ਹਾਂ ਜੂਨ ਤਾਂ ਮਨੁੱਖ ਦੀ ਹੈ ਪਰ ਉਸ ਦੇ ਮਨ ਦੇ ਭਿੰਨ ਭਿੰਨ ਸੁਭਾਵਾਂ ਕਾਰਣ ਉਸਦੀ ਬਰਾਬਰੀ ਮਨੁਖ ਹੁੰਦੇ ਹੋਏ ਗੁਰਬਾਣੀ `ਚ ਹੀ ਕਈ ਜਗ੍ਹਾ `ਤੇ ਪਸ਼ੂਆਂ, ਸੱਪਾਂ, ਕਾਵਾਂ, ਮੱਖੀਆਂ, ਕੁਤਿਆਂ ਆਦਿ ਜੂਨੀਆਂ ਨਾਲ ਕੀਤੀ ਹੈ। ਗੁਰਦੇਵ ਅਜੇਹੇ ਲੋਕਾਂ ਲਈ ਇਥੋਂ ਤੀਕ ਫ਼ੁਰਮਾਂਦੇ ਹਨ ਓਇ ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ” (ਪੰ: 1418) ਹੋਰ ਦੇਖੋ! ਨੌਵੇ ਪਾਤਸ਼ਾਹ ਵੀ ਮਨੁੱਖ ਲਈ ਹੀ ਤਾਂ ਫ਼ੁਰਮਾਅ ਰਹੇ ਹਨ “ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ” ਭਾਵ ਮਨੁੱਖ ਹੁੰਦਾ ਹੋਇਆ ਵੀ ਲੋਭ ਦਾ ਮਾਰਿਆ ਅਪਣੇ ਫ਼ਰਜ਼ੀ ਸੁਖਾਂ ਦੀ ਪ੍ਰਾਪਤੀ ਲਈ ਇੱਕ ਅਕਾਲਪੁਰਖ ਦਾ ਲੜ ਛੱਡਕੇ ਹਰੇਕ ਦੁਆਰ ਤੇ ਇਸ ਤਰ੍ਹਾਂ ਧੱਕੇ ਖਾਂਦਾ ਤੇ ਦੁਖੀ ਹੋ ਰਿਹਾ ਹੈ ਜਿਵੇਂ ਕੁੱਤਾ। ਕੁੱਤਾ ਜਦੋਂ ਇੱਕ ਦੁਆਰੇ ਤੋਂ ਦੁਰਕਾਰਿਆ ਜਾਂਦਾ ਹੈ ਤਾਂ ਉਸੇ ਤਰ੍ਹਾਂ ਦੂਜੇ-ਤੀਜੇ-ਚੌਥੇ ਦਰਵਾਜ਼ੇ ਨੂੰ ਖੜਕਾਉਂਦਾ ਹੈ।

ਗੁਰਬਾਣੀ `ਚ ਹੀ ਆਵਾਗਉਣ ਦਾ ਤੀਜਾ ਰੂਪ- ਇਸੇਤਰ੍ਹਾਂ ਗੁਰਬਾਣੀ `ਚ ਜਨਮ-ਮਰਣ ਭਾਵ ਆਵਾਗਉਣ ਦਾ ਇੱਕ ਹੋਰ ਰੂਪ ਵੀ ਹੈ ਜਦੋਂ ਗਲ ਪਿਛਲੇ ਜਨਮਾਂ ਤੋਂ ਇਲਾਵਾ ਇਸੇ ਜਨਮ ਦੀ ਵੀ ਹੈ। ਬਲਕਿ ਉਸ ਘੜੀ-ਪਲ ਤੀਕ ਦੀ ਹੈ ਜਦੋਂ ਤੀਕ ਕਿ ਜੀਵ ਗੁਰੂ ਦੀ ਸ਼ਰਣ `ਚ ਆਕੇ ਆਤਮਕ ਤੌਰ ਤੇ ਜਾਗਦਾ ਨਹੀਂ। ਤਦ ਤੀਕ ਮਨੁੱਖ, ਦੇਖਣ ਨੂੰ ਮਨੁੱਖ ਹੁੰਦਾ ਹੋਇਆ ਵੀ ਅਨੇਕਾਂ ਜੂਨਾਂ `ਚ ਹੀ ਭਟਕ ਰਿਹਾ ਹੁੰਦਾ ਹੈ। ਜਿਵੇਂ ਕਿ ਭਗਤ ਧੰਨਾ ਜੀ ਗੁਰਬਾਣੀ `ਚ ਫ਼ੁਰਮਾਂਦੇ ਹਨ ਭ੍ਰਮਤ ਫਿਰਤ ਬਹੁ ਜਨਮ ਬਿਲਾਨੇ ਤਨੁ ਮਨੁ ਧਨੁ ਨਹੀ ਧੀਰੇ” (ਪੰ: 487) ਹੁਣ ਇਥੇ ਕੋਈ ਜ਼ਰੂਰੀ ਨਹੀਂ ਕਿ ਉਹ ਪਿਛਲੇ ਜਨਮਾਂ ਦੀ ਹੀ ਗਲ ਕਰ ਰਹੇ ਹਨ, ਬਲਕਿ ਉਸ ਘੜੀ ਪਲ ਤੀਕ ਦੀ ਗਲ ਕਰ ਰਹੇ ਹਨ ਜਦੋਂ ਤੱਕ ਕਿ ਉਹ ਅਪਣੀ ਆਤਮਕ ਅਵਸਥਾ ਨੂੰ ਨਹੀਂ ਪੁਜੇ ਅਤੇ ਰੱਬੀ ਗਿਆਨ-ਗੁਰੂ ਨਾਲ ਸਾਂਝ ਨਹੀਂ ਸੀ ਬਣ ਆਈ। ਗੁਰਬਾਣੀ ਵਿਚੋਂ ਹੀ ਇਸ ਤਰ੍ਹਾਂ ਦੇ ਅਨੇਕਾਂ ਪ੍ਰਮਾਣ ਮਿਲ ਸਕਦੇ ਹਨ ਜਿਵੇਂ ਕਿਰਤਿ ਕਰਮ ਕੇ ਵੀਛੁੜੇ ਕਰਿ ਕਿਰਪਾ ਮੇਲਹੁ ਰਾਮ॥ ਚਾਰਿ ਕੁੰਟ ਦਹ ਦਿਸ ਭ੍ਰਮੇ ਥਕਿ ਆਏ ਪ੍ਰਭ ਕੀ ਸਾਮ” (ਪੰ: 133) ਜਾਂ ਬਹੁਤ ਜਨਮ ਬਿਛੁਰੇ ਥੇ ਮਾਧਉ ਇਹੁ ਜਨਮੁ ਤੁਮ੍ਹ੍ਹਾਰੇ ਲੇਖੇ॥ ਕਹਿ ਰਵਿਦਾਸ ਆਸ ਲਗਿ ਜੀਵਉ ਚਿਰ ਭਇਓ ਦਰਸਨੁ ਦੇਖੇ” (ਪੰ: 694) ਹੋਰ ਕੋਟਿ ਜਨਮ ਭ੍ਰਮਿ ਆਇਆ ਪਿਆਰੇ ਅਨਿਕ ਜੋਨਿ ਦੁਖੁ ਪਾਇ॥ ਸਾਚਾ ਸਾਹਿਬੁ ਵਿਸਰਿਆ ਪਿਆਰੇ ਬਹੁਤੀ ਮਿਲੈ ਸਜਾਇ” (ਪੰ: 640) ਇਤਿਆਦ।

“ਬਹੁਰਿ ਹਮ ਕਾਹੇ ਆਵਹਿਗੇ” - ਇਸਤੋਂ ਬਾਦ ਜੇਕਰ ਨਾਸਤਕ ਲੋਕ ਜੋ ਕਿ ਆਪਣੇ ਇਲਾਹੀ ਧਰਮ ਬਾਰੇ, ਕਰਤਾਰ ਦੀ ਸੋਝੀ ਬਾਰੇ ਅਗਿਆਨੀ ਹੋਣ ਕਾਰਣ ਜਾਂ ਫ਼ਿਰ ਧਰਮ ਦੇ ਲੇਬਲ ਹੇਠ ਹੋ ਰਹੇ ਬੇਅੰਤ ਪਾਖੰਡਾਂ-ਕਰਮਕਾਂਡਾਂ ਤੋਂ ਦੁਖੀ ਹੋ ਕੇ ਨਾਸਤਿਕਤਾ ਤੀਕ ਪੁਜ ਜਾਂਦੇ ਹਨ, ਉਨ੍ਹਾਂ ਦੀ ਗਲ ਤਾਂ ਛੱਡ ਦੇਵੋ! ਪਰ ਜਿਹੜੇ ਸਿੱਖ ਜਾਂ ਕਈ ਵਾਰੀ ਸਿੱਖ ਵਿਦਵਾਨ ਤੀਕ ਇਸ ਗਲ ਤੇ ਹੱਠ ਕਰਦੇ ਹਨ ਜਾਂ ਅਜੇਹਾ ਕਹਿੰਦੇ ਹਨ ਕਿ ਗੁਰਮਤਿ ਨੇ ਜਨਮ-ਮਰਣ ਦੇ ਵਿਸ਼ੇ ਨੂੰ ਮੰਨਿਆ ਹੀ ਨਹੀਂ, ਉਨ੍ਹਾਂ ਦੇ ਚਰਣਾਂ `ਚ ਦੋ ਹੱਥ ਜੋੜ ਕੇ, ਸਨਿਮ੍ਰ ਬੇਨਤੀ ਹੈ ਕਿ ਇਸ ਵਿਸ਼ੇ ਨੂੰ ਗੁਰਬਾਣੀ ਦੇ ਸੰਦਰਭ `ਚ ਮੁੜ ਵਿਚਾਰਣ ਦੀ ਕੋਸ਼ਿਸ਼ ਕਰਣ ਤਾਂ ਇਹ ਭੁਲੇਖਾ ਆਪੇ ਹੀ ਮੁੱਕ ਜਾਏਗਾ। ਇਸ ਸੰਬੰਧ `ਚ ਅਸੀਂ ਗੁਰਬਾਣੀ ਵਿਚੋਂ ਹੀ ਕੁੱਝ ਹੋਰ ਪ੍ਰਮਾਣ ਦੇਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਜਿਥੋਂ ਗੁਰਬਾਣੀ ਆਧਾਰ ਤੇ ਸਾਡੇ ਤੀਕ ਇਹ ਵਿਸ਼ਾ ਹੋਰ ਖੁੱਲ ਸਕੇ। ਪਹਿਲੀ ਗਲ ਜਿਵੇਂ ਕਿ ਆਰੰਭ `ਚ ਵੀ ਬੇਨਤੀ ਕਰ ਚੁੱਕੇ ਹਾਂ ਗੁਰਬਾਣੀ `ਚ ਮਨੁਖਾ ਜੀਵਨ ਦੇ ਦੋ ਪੱਖ ਸਮਝਾਏ ਹਨ ਪਹਿਲਾ-ਸਫ਼ਲ ਜੀਵਨ ਜਿਨ੍ਹਾਂ ਬਾਰੇ ਫ਼ੁਰਮਾਇਆ ਹੈ ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ” (ਪੰ: 278) ਜਾਂ ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ” (ਬਾਣੀ ਜਪੁ) ਹੋਰ “ਸੂਰਜ ਕਿਰਣਿ ਮਿਲੇ ਜਲ ਕਾ ਜਲੁ ਹੂਆ ਰਾਮ॥ ਜੋਤੀ ਜੋਤਿ ਰਲੀ ਸੰਪੂਰਨੁ ਥੀਆ ਰਾਮ (ਪੰ: 846) ਜੀਵਨ ਦੀ ਇਸ ਅਵਸਥਾ ਨੂੰ ਬਾਣੀ `ਚ ਗੁਰਮੁਖ, ਜੀਵਨਮੁਕਤ, ਸਚਿਆਰਾ ਆਦਿ ਹੋਰ ਬਹੁਤ ਵਿਸ਼ੇਸ਼ਨਾਂ ਨਾਲ ਬਿਆਨਿਆ ਹੈ।

ਅਜੇਹੇ ਸਚਿਆਰੇ ਮਨੁੱਖਾਂ ਦੀ ਜੀਵਨ ਰਹਿਣੀ ਕੀ ਬਣ ਜਾਂਦੀ ਹੈ, ਗੁਰਦੇਵ ਬਾਣੀ `ਚ ਹੀ ਫ਼ੁਰਮਾਉਂਦੇ ਹਨ ਬ੍ਰਹਮੁ ਦੀਸੈ ਬ੍ਰਹਮੁ ਸੁਣੀਐ ਏਕੁ ਏਕੁ ਵਖਾਣੀਐ॥ ਆਤਮ ਪਸਾਰਾ ਕਰਣਹਾਰਾ ਪ੍ਰਭ ਬਿਨਾ ਨਹੀ ਜਾਣੀਐ॥ ਆਪਿ ਕਰਤਾ ਆਪਿ ਭੁਗਤਾ ਆਪਿ ਕਾਰਣੁ ਕੀਆ॥ ਬਿਨਵੰਤਿ ਨਾਨਕ ਸੇਈ ਜਾਣਹਿ ਜਿਨ੍ਹ੍ਹੀ ਹਰਿ ਰਸੁ ਪੀਆ” (ਪੰ: 846) ਜਾਂ “ਤਹ ਜਨਮ ਨ ਮਰਣਾ ਆਵਣ ਜਾਣਾ ਬਹੁੜਿ ਨ ਪਾਈਐ ਜ+ਨੀਐ” (ਪੰ: 783) ਪੁਨਾ “ਆਵਾ ਗਵਨੁ ਮਿਟੈ ਪ੍ਰਭ ਸੇਵ॥ ਆਪੁ ਤਿਆਗਿ ਸਰਨਿ ਗੁਰਦੇਵ” (ਪੰ: 288) ਅਤੇ ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ॥ ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ” (ਪੰ: 1247) ਆਦਿ ਅਨੇਕਾਂ ਪ੍ਰਮਾਣ। ਇਸ ਤਰ੍ਹਾਂ ਸਫ਼ਲ ਜੀਵਨ ਉਹ ਹਨ ਜੋ ਮਨੁੱਖਾ ਜਨਮ ਪ੍ਰਾਪਤ ਕਰਕੇ ਸਾਧਸੰਗਤ ਅਤੇ ਗੁਰੂ-ਗੁਰਬਾਣੀ ਜੀਵਨ-ਜਾਚ ਰਾਹੀਂ ਜੀਂਦੇ ਜੀਅ ਅਕਾਲਪੁਖ `ਚ ਅਭੇਦ ਹੋ ਜਾਂਦੇ ਹਨ। ਅਜੇਹੇ ਸਫ਼ਲ ਜੀਉੜਿਆਂ ਬਾਰੇ ਗੁਰਬਾਣੀ ਦਾ ਫ਼ੈਸਲਾ ਹੈ ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ” (ਪੰ: 1411)। ਇਸ ਲਈ ਇਸ ਜਨਮ-ਮਰਣ ਦੇ ਗੇੜ `ਚੋਂ ਉਹੀ ਨਿਕਲ ਸਕਦੇ ਹਨ ਜਿਨ੍ਹਾਂ ਨੇ ਅਪਣੇ ਮਨੁੱਖਾ ਜਨਮ ਨੂੰ ਕਮਾਇਆ ਹੈ, ਗੁਰਬਾਣੀ ਦਾ ਫ਼ੁਰਮਾਨ ਹੈ “ਬਹੁਰਿ ਹਮ ਕਾਹੇ ਆਵਹਿਗੇ॥ ਆਵਨ ਜਾਨਾ ਹੁਕਮੁ ਤਿਸੈ ਕਾ ਹੁਕਮੈ ਬੁਝਿ ਸਮਾਵਹਿਗੇ” (ਪੰ: 1103)

“ਕੀਆ ਅਪਣਾ ਪਾਵਏ” - ਦੂਜੇ ਹਣ ਅਸਫ਼ਲ ਜੀਵਨ ਜਿਸਦੇ ਲਈ ਗੁਰਦੇਵ ਇਥੋਂ ਤੀਕ ਫ਼ੁਰਮਾਂਦੇ ਹਨ “ਮੂਰਖ ਸਚੁ ਨ ਜਾਣਨ੍ਹ੍ਹੀ ਮਨਮੁਖੀ ਜਨਮੁ ਗਵਾਇਆ॥ ਵਿਚਿ ਦੁਨੀਆ ਕਾਹੇ ਆਇਆ(ਪੰ: 467)। ਅਜੇਹੇ ਲੋਕ ਹੁੰਦੇ ਹਨ ਜੋ ਮਨੁੱਖਾ ਜਨਮ ਪ੍ਰਾਪਤ ਕਰਕੇ ਵੀ ਉਸ ਦੀ ਅਮੁਲਤਾ ਨੂੰ ਨਹੀਂ ਪਹਿਚਾਣਦੇ ਅਤੇ ਜਨਮ ਜ਼ਾਇਆ ਕਰਕੇ ਮੁੜ ਜੂਨਾਂ `ਚ ਧੱਕ ਦਿਤੇ ਜਾਂਦੇ ਹਨ। ਗੁਰਦੇਵ ਦਾ ਫ੍ਰਰਮਾਣ ਹੈ “ਉਦਮ ਕਰਹਿ ਅਨੇਕ ਹਰਿ ਨਾਮੁ ਨ ਗਾਵਹੀ॥ ਭਰਮਹਿ ਜੋਨਿ ਅਸੰਖ ਮਰਿ ਜਨਮਹਿ ਆਵਹੀ॥ ਪਸੂ ਪੰਖੀ ਸੈਲ ਤਰਵਰ ਗਣਤ ਕਛੂ ਨ ਆਵਏ॥ ਬੀਜੁ ਬੋਵਸਿ ਭੋਗ ਭੋਗਹਿ ਕੀਆ ਅਪਣਾ ਪਾਵਏ॥ (ਅਤੇ) ਰਤਨ ਜਨਮੁ ਹਾਰੰਤ ਜੂਐ ਪ੍ਰਭੂ ਆਪਿ ਨ ਭਾਵਹੀ (ਪੰ: 705) ਵਰਨਾ ਪ੍ਰਭੂ ਮਿਲਾਪ ਤੋਂ ਬਿਨਾ ਪਾਤਸ਼ਾਹ ਫ਼ੁਰਮਾਂਦੇ ਹਨ ਕਿ ਇਹ ਮਨੁਖ ਹਰਹਟ ਦੀ ਮਾਲ ਦੀ ਨਿਆਈ ਹੈ ਜਿਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਜਿਵੇਂ “ਜੈਸੇ ਹਰਹਟ ਕੀ ਮਾਲਾ ਟਿੰਡ ਲਗਤ ਹੈ ਇੱਕ ਸਖਨੀ ਹੋਰ ਫੇਰ ਭਰੀਅਤ ਹੈ॥ ਤੈਸੋ ਹੀ ਇਹੁ ਖੇਲੁ ਖਸਮ ਕਾ ਜਿਉ ਉਸ ਕੀ ਵਡਿਆਈ” (ਪੰ: 1329) ਇਸਤਰ੍ਹਾਂ “ਤੈਸੋ ਹੀ ਇਹੁ ਖੇਲੁ ਖਸਮ ਕਾ” ਪੰਗਤੀ ਵਿਸ਼ੇਸ਼ ਧਿਆਨ ਮੰਗਦੀ ਹੈ।

“ਆਵਨ ਜਾਨਾ ਤਿਹ ਮਿਟੈ” - ਭਾਵ ਜਨਮ ਮਰਣ ਦਾ ਚੱਕਰ ਇਸ ਤੋਂ ਬਿਨਾ ਨਹੀਂ ਮੁੱਕ ਸਕਦਾ ਜਦੋਂ ਤੀਕ ਕਿ “ਨਾਨਕ ਜਿਹ ਮਨਿ ਸੋਇ”। ਫ਼ੁਰਮਾਣ ਹੈ “ਆਵਨ ਆਏ ਸ੍ਰਿਸਟਿ ਮਹਿ ਬਿਨੁ ਬੂਝੇ ਪਸੁ ਢੋਰ॥ ਨਾਨਕ ਗੁਰਮੁਖਿ ਸੋ ਬੁਝੈ ਜਾ ਕੈ ਭਾਗ ਮਥੋਰ…… ਆਵਨ ਜਾਨਾ ਤਿਹ ਮਿਟੈ ਨਾਨਕ ਜਿਹ ਮਨਿ ਸੋਇ” (ਪੰ: 251)। ਕੀ ਇਸ ਬਾਰੇ ਇਸ ਤੋਂ ਵਧ ਵੀ ਸਮਝਣ ਦੀ ਲੋੜ ਹੈ ਜਦੋਂ ਪਾਤਸ਼ਾਹ ਇਥੋਂ ਤੀਕ ਫ਼ੁਰਮਾਅ ਰਹੇ ਹਨ ਕਿ ਮਨੁੱਖ ਨੇ ਜੇਕਰ ਮਨੁੱਖਾ ਜਨਮ ਲੈ ਕੇ ਵੀ ਪ੍ਰਭੂ ਦੀ ਪਹਿਚਾਣ ਨਹੀਂ ਕੀਤੀ, ਉਸਦਾ ਰੂਪ ਨਹੀਂ ਬਣਿਆ ਤਾਂ ਉਥੇ ਹੀ ਖਲੋਤਾ ਹੈ ਜਿੱਥੇ ਇੱਕ ਪਸ਼ੂ ਜਨਮਾਂ ਦੇ ਗੇੜ ਭੁਗਤਾ ਰਿਹਾ ਹੈ। ਇਸਤਰ੍ਹਾਂ ਇਹ ਮਨੁੱਖਾ ਜਨਮ ਲੈ ਕੇ ਵੀ ਜਨਮ-ਮਰਣ ਦੇ ਗੇੜ `ਚੋਂ ਨਿਕਲ ਨ ਸਕਿਆ।

ਤਾਂ ਤੇ ਸੁਆਲ ਪੈਦਾ ਹੁੰਦਾ ਹੈ ਕਿ ਮਨੁੱਖ ਦੇ ਮੁੜ ਮੁੜ ਇਸ ਜਨਮ-ਮਰਣ ਦੇ ਗੇੜ `ਚ ਪੈਣ ਦਾ ਕਾਰਣ ਕੀ ਹੈ, ਇਥੇ ਵੀ ਗੁਰਬਾਣੀ ਅਗਵਾਈ ਕਰਦੀ ਹੈ ਹਉ ਵਿਚਿ ਆਇਆ ਹਉ ਵਿਚਿ ਗਇਆ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ” (ਪੰ: 466) ਜਾਂ ਫ਼ਿਰ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ” (ਪੰ: 466)। ਤਾਂ ਤੇ ਗੁਰਦੇਵ ਫ਼ੁਰਮਾਂਦੇ ਹਨ ਇਸ ਤੋਂ ਬਚਣ ਦਾ ਇਕੋ ਤਰੀਕਾ ਹੈ “ਨੈਨ ਅਲੋਵਉ ਸਾਧ ਜਨੋ॥ ਹਿਰਦੈ ਗਾਵਹੁ ਨਾਮ ਨਿਧੋ॥ ੫ ॥ ਕਾਮ ਕ੍ਰੋਧ ਲੋਭੁ ਮੋਹੁ ਤਜੋ॥ ਜਨਮ ਮਰਨ ਦੁਹੁ ਤੇ ਰਹਿਓ” (ਪੰ: 241) ਜਾਂ “ਭ੍ਰਮੁ ਭਉ ਕਾਟਿ ਕੀਏ ਨਿਹਕੇਵਲ ਜਬ ਤੇ ਹਉਮੈ ਮਾਰੀ॥ ਜਨਮ ਮਰਣ ਕੋ ਚੂਕੋ ਸਹਸਾ ਸਾਧਸੰਗਤਿ ਦਰਸਾਰੀ” (ਪੰ: 207) ਨਹੀਂ ਤਾਂ ਚਲੇ ਜੁਆਰੀ ਦੁਇ ਹਥ ਝਾਰਿ” (ਪੰ: 1158) ਅੰਤ `ਚ ਗੁਰਬਾਣੀ ਅਨੁਸਾਰ ਅਸਲੀਅਤ ਇਹੀ ਹੈ ਕਿ “ਨਾਨਕ ਸਚੁ ਧਿਆਇਨਿ ਸਚੁ” ਪਰ ਨਾਲ ਹੀ ਦੂਜੇ ਪਾਸੇ “ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ: 463) ਜਾਂ “ਤੇਰੈ ਨਾਇ ਰਤੇ ਸੇ ਜਿਣਿ ਗਏ” ਭਾਵ ਜੀਵਨ ਦੀ ਬਾਜ਼ੀ ਜਿੱਤ ਕੇ ਗਏ ਹਨ ਜਦਕਿ ਦੂਜੇ ਪਾਸੇ ਹਾਰਿ ਗਏ ਸਿ ਠਗਣ ਵਾਲਿਆ” (ਪੰ: 463)। #127s07.01s07#

Including this Self Learning Gurmat Lesson No 127

ਆਵਾ ਗਵਨੁ ਮਿਟੈ ਪ੍ਰਭ ਸੇਵ. . (ਪੰ: 288)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.com




.