.

ਨਾਮ ਜਪੋ, ਕਿਰਤ ਕਰੋ, ਵੰਡ ਛਕੋ

ਅਤੇ ਅਜੋਕੇ ਪੰਥਕ ਹਾਲਾਤ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

“ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਵਾਲੇ ਵਿਸ਼ੇ ਨੂੰ ਜੇਕਰ ਕੁੱਝ ਹੀ ਲਫ਼ਜ਼ਾਂ `ਚ ਬਿਆਨਣਾ ਹੋਵੇ ਤਾਂ ਇਹ ਸਮਝਣਾ ਹੈ ਕਿ ਨਾਮ” ਦਾ ਹੀ ਸੰਪੂਰਣ ਸਰੂਪ ਹਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ”। ਇਸਤਰ੍ਹਾਂ ਗੁਰਬਾਣੀ ਅਨੁਸਾਰ ਨਾਮ ਜਪੋ’ ਦਾ ਅਰਥ ਹੈ-ਅਪਣੇ ਜੀਵਨ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸਿਖਿਆ ਅਨੁਸਾਰ ਤਿਆਰ ਕਰਨਾ-ਤਾਬਿਆ ਚਲਾਣਾ ਅਤੇ ਗੁਰਬਾਣੀ ਜੀਵਨ ਜਾਚ ਦਾ ਅਨੁਸਾਰੀ ਬਨਾਉਣਾ। ਇਸਤਰ੍ਹਾਂ ਜੇਕਰ ਜੀਵਨ ਦੀ ਇਹੋ ਜਿਹੀ ਉਚੀ-ਆਤਮਿਕ ਅਵਸਥਾ ਬਣ ਆਵੇ ਤਾਂ ਹੀ ਸਮਝ ਆ ਸਕੇਗਾ ਕਿ “ਕਿਰਤ ਕਰਨਾ” ਦੇ ਅਰਥ ਕੀ ਹਨ? ਉਸਤੋਂ ਪਹਿਲਾਂ ਨਹੀਂ। ਇਹ ਤਾਂ ਕੇਵਲ ਗੁਰਬਾਣੀ ਨੇ ਸਾਬਤ ਕਰਨਾ ਹੈ ਕਿ ਜੋ ਕੁੱਝ ਅਸੀਂ ਕਰ ਰਹੇ ਹਾਂ ਉਹ “ਕਿਰਤ” ਹੈ ਵੀ ਜਾਂ ਨਹੀਂ।

ਇਸੇ ਤਰ੍ਹਾਂ ਜਦੋਂ ਸਾਡਾ ਜੀਵਨ ਰਾਹ ਸਭ ਮਹਿ ਜੋਤਿ ਜੋਤਿ ਹੈ ਸੋਇ” (ਪੰ: 13) ਅਨੁਸਾਰ ਸਚਮੁੱਚ ਹੀ ਗੁਰਬਾਣੀ ਸਿਖਿਆ ਵਾਲਾ ਹੁੰਦਾ ਜਾਵੇਗਾ ਤਾਂ ਸਾਡਾ ਜੀਵਨ ਸੁਆਰਥੀ ਜਾਂ ਮੱਤਲਬੀ ਜੀਵਨ ਨਹੀਂ ਰਹਿ ਜਾਵੇਗਾ। ਕਿਉਂਕਿ ਉਸ ਵੇਲੇ ਸੰਤੋਖ-ਪਰੋਪਕਾਰ ਤਾਂ ਸਾਡੇ ਜੀਵਨ ਦਾ ਹਿੱਸਾ ਹੋਣਗੇ। ਉਸੇ ਦਾ ਨਤੀਜਾ ਹੋਵੇਗਾ ਕਿ ‘ਵੰਡ ਛਕੋ’ ਵਾਲਾ ਰੱਬੀ ਉਤਸਾਹ ਸਾਡੇ ਜੀਵਨ `ਚ ਆਪ ਮੁਹਾਰੇ ਪਣਪੇਗਾ। ਉਸ ਸਮੇਂ ‘ਵੰਡ ਛਕੋ’ ਦੇ ਵੀ ਸਾਡੇ ਕੋਲ ਦਾਨ-ਪੁੰਨ ਵਾਲੇ ਬਨਾਵਟੀ, ਪੁਰਾਤਨ, ਕੱਚੇ ਜਾਂ ਗੁਰਮਤਿ ਵਿਰੋਧੀ ਬ੍ਰਾਹਮਣੀ ਅਰਥ ਨਹੀਂ ਹੋਣਗੇ। ਨਹੀਂ ਤਾਂ ਅਸੀਂ ਵੀ, ‘ਵੰਡ ਛਕੋ’ ਦੇ ਉਹੀ ਪੁਰਾਤਨ ਬ੍ਰਾਹਮਣੀ ਅਤੇ ਮਨ-ਮਰਜ਼ੀ ਦੇ ਬਨਾਵਟੀ ਅਰਥਾਂ `ਚ ਹੀ ਡੁੱਬੇ ਰਵਾਂਗੇ, ਜਿਸ ਚਿੱਕੜ ਚੋਂ ਗੁਰਦੇਵ ਨੇ ਸਾਨੂੰ ਦਸ ਜਾਮੇ ਧਾਰਨ ਕਰਕੇ, ਅਨੇਕਾਂ ਘਾਲਣਾ ਘਾਲਕੇ ਕਢਿਆ। ਇਸਤਰ੍ਹਾਂ ਨਾਮ ਜਪੋ’ ਦੇ ਗੁਰਬਾਣੀ ਅਰਥਾਂ ਨਾਲ ਤਿਆਰ ਹੋਇਆ ਜੀਵਨ ਹੀ ਸਾਨੂੰ ਕਿਰਤ ਕਰੋ’ ਅਤੇ ਵੰਡ ਛਕੋ’ ਦੋਨਾਂ ਦੇ ਵੀ ਸਹੀ ਅਰਥ ਦੇ ਸਕੇਗਾ।

ਭਿੰਨ ਭਿੰਨ ਨਹੀਂ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” - ਦਰਅਸਲ ਇਹ ਗੁਰਮਤਿ ਦੇ ਤਿੰਨ ਸਿਧਾਂਤ ਨਹੀਂ ਹਨ, ਜਿਵੇਂ ਕਿ ਅਪਣੀ ਨਾਸਮਝੀ ਕਾਰਣ ਅਜ ਅਸੀਂ ਬਣਾਈ ਬੈਠੇ ਹਾਂ। ਅਜ ਗੁਰਬਾਣੀ ਜੀਵਨ ਬਾਰੇ ਸਾਡੀ ਬਣ ਚੁਕੀ ਦੂਰੀ ਦਾ ਹੀ ਨਤੀਜਾ ਹੈ ਕਿ ਗੁਰਦੇਵ ਰਾਹੀਂ ਇਸ ਮਹਾਨ ਸਿਧਾਂਤਕ ਦੇਣ ਤੋਂ ਨਾ ਤਾਂ ਅਸੀਂ ਕੁੱਝ ਲੈ ਰਹੇ ਹਾਂ ਅਤੇ ਨਾ ਹੀ ਸੰਸਾਰ ਨੂੰ ਕੁੱਝ ਦੇਣ `ਚ ਸਫ਼ਲ ਹੋ ਰਹੇ ਹਾਂ, ਬਲਕਿ ਇਕੋ ਹੀ ਗੁਰਮਤਿ ਸਿਧਾਂਤ ਨੂੰ ਤਿੰਨ ਮੰਨ ਕੇ ਚਲ ਰਹੇ ਹਾਂ। ਅਸਲ `ਚ ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਗੁਰਮਤਿ ਦਾ ਲੜੀਬੱਧ ਇਕੋ ਹੀ ਨਿਵੇਕਲਾ ਅਤੇ ਸਾਡੇ ਜੀਵਨ ਲਈ ਵੱਡਮੁਲਾ ਸਿਧਾਂਤ ਹੈ ਜਿਥੇ “ਕਿਰਤ ਕਰੋ” ਅਤੇ ਵੰਡ ਛਕੋ” - “ਨਾਮ ਜਪੋ” ਦਾ ਹੀ ਵਿਸਤਾਰ ਹਨ। ਸ਼ਰਤ ਹੈ, ਜਦੋਂ ਅਸਾਂ ਨਾਮ ਜਪੋ” ਦੇ ਅਰਥ ਵੀ ਨਿਰੋਲ ਗੁਰਬਾਣੀ ਤੋਂ ਹੀ ਲਏ ਹੋਣ। ਇਥੋਂ ਤੀਕ ਕਿ ਗੁਰਦੇਵ ਨੇ ਤਾਂ ਗੁਰਬਾਣੀ `ਚ ਵੀ ਇਸ ਸਿਧਾਂਤ ਨੂੰ ਬਿਆਨਿਆ ਹੈ ਜਿਵੇਂ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ” (ਪੰ: 1245) ਜਿਸਦੇ ਅਰਥ ਹਨ, ਐ ਬੰਦਿਆ! ਜਦੋਂ ਤੇਰਾ ਜੀਵਨ ਗੁਰਬਾਣੀ ਅਨੁਸਾਰ ਨਾਮ ਜਪੋ’ ਬਣਕੇ ਕਰਤਾਰ ਦੇ ਰੰਗ ਰੰਗਿਆ ਜਾਵੇਗਾ ਤਾਂ-ਤਾਂ ਹੀ ਤੈਨੂੰ ਸਮਝ ਆ ਸਕੇਗੀ ਕਿ ਤੂੰ ਘਾਲਿ ਕਮਾਈ” (ਕਿਰਤ ਕਰੋ) ਕਰ ਵੀ ਰਿਹਾ ਹੈ ਜਾਂ ਨਹੀਂ। ਇਸੇਤਰ੍ਰ੍ਹਾਂ ਤੈਨੂੰ ਤਾਂ ਹੀ ਸਮਝ ਆ ਸਕੇਗੀ ਕਿ ਉਸ ਕਿਰਤ ਕਮਾਈ’ ਨੂੰ ਤੂੰ ਇਕਲਿਆਂ ਨਹੀਂ ਬਲਕਿ ਕਿਛੁ ਹਥਹੁ ਦੇਇ” (ਵੰਡ ਛਕਣਾ) ਹੈ ਕਿਉਂਕਿ ਤੂੰ ਇੱਕ ਸਮਾਜਿਕ `ਤੇ ਧਾਰਮਿਕ ਪ੍ਰਾਣੀ ਹੈਂ ਇਸ ਲਈ ਤੇਰੀਆਂ ਕੁੱਝ ਹੋਰ ਜ਼ਿਮੇਵਾਰੀਆਂ ਵੀ ਹਨ ਅਤੇ ਗੁਰਬਾਣੀ ਸਿਖਿਆ ਤੋਂ ਹੀ ਤੇਰੇ ਅੰਦਰ ਉਨ੍ਹਾਂ ਜ਼ਿਮੇਵਾਰੀਆਂ ਦਾ ਇਹਸਾਸ ਵੀ ਪੈਦਾ ਹੋ ਸਕੇਗਾ। ਜਿਸਦੇ ਲਈ ਗੁਰਦੇਵ ਫ਼ੁਰਮਾਂਦੇ ਹਨ ਨਾਨਕ ਰਾਹੁ ਪਛਾਣਹਿ ਸੇਇ” ਭਾਵ ਇਹੀ ਤਰੀਕਾ ਹੈ ਜਿਸਤੋਂ ਜ਼ਿੰਦਗੀ ਨੂੰ ਠੀਕ ਰਾਹ ਤੇ ਤੋਰਿਆ ਜਾ ਸਕੇ। ਅਗੇ ਚਲਕੇ ਚੌਥੇ ਜਾਮੇ ਸਮੇਂ ਇਸੇ ਵੰਡ ਛਕੋ” ਵਾਲੀ ਹਿਦਾਇਤ ਦਾ ਹੀ ਪ੍ਰਕਟ ਰੂਪ ਹੈ ਦਸਵੰਧ’ ਪ੍ਰਥਾ।

“ਗਿਆਨ ਵਿਹੂਣਾ ਗਾਵੈ ਗੀਤ” - ਸੰਬੰਧਤ ਪੂਰੇ ਸਲੋਕ ਦੇ ਦਰਸ਼ਨ ਕਰੋ ਜੋ ਇਸਤਰ੍ਹਾਂ ਹੈ ਗਿਆਨ ਵਿਹੂਣਾ ਗਾਵੈ ਗੀਤ॥ ਭੁਖੇ ਮੁਲਾਂ ਘਰੇ ਮਸੀਤਿ॥ ਮਖਟੂ ਹੋਇ ਕੈ ਕੰਨ ਪੜਾਏ॥ ਫਕਰੁ ਕਰੇ ਹੋਰੁ ਜਾਤਿ ਗਵਾਏ॥ ਗੁਰੁ ਪੀਰੁ ਸਦਾਏ ਮੰਗਣ ਜਾਇ॥ ਤਾ ਕੈ ਮੂਲਿ ਨ ਲਗੀਐ ਪਾਇ॥ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ” ਇਸਤਰ੍ਹਾਂ ਸਮਝ ਆਉਂਦੇ ਦੇਰ ਨਹੀਂ ਲਗਦੀ ਕਿ ਜਦੋਂ ਨਾਮ ਜਪੋ, ਕਿਰਤ ਕਰੋ” ਵਾਲੇ ਜੀਵਨ ਦੀ ਅਗਿਆਨਤਾ ਕਾਰਣ ਹੀ ਕੁੱਝ ਲੋਕਾਂ ਨੇ ਧਰਮ ਦੇ ਪੜ੍ਹਦੇ ਹੇਠ ਭੋਲੀ ਭਾਲੀ ਲੋਕਾਈ ਨੂੰ ਲੁੱਟਣ ਅਤੇ ਅਪਣੀ ਕਮਾਈ ਲ਼ਈ ਵਿਹਲੜਾ ਵਾਲੇ ਰਸਤੇ ਅਪਣਾਏ ਹੋਣ ਤਾਂ ਵੰਡ ਛਕੋ” ਵਾਲੀ ਅਵਸਥਾ ਬਣੇਗੀ ਕਿਥੋਂ? ਉਥੇ ਤਾਂ ਅਪਣਾ ਢਿੱਡ ਹੀ ਵੱਡਾ ਹੋਇਆ ਹੁੰਦਾ ਹੈ। ਹੋਰ ਤਾਂ ਹੋਰ, ਦੇਖਿਆ ਜਾਵੇ ਤਾਂ ਬਹੁਤਾ ਕਰਕੇ ਅਜ ਸਿੱਖ ਪ੍ਰਚਾਰਕ ਦੀ ਹਾਲਤ ਵੀ ਸੰਗਤਾਂ ਦੀ ਲੁੱਟ-ਖੋਹ ਵਾਲੀ ਹੀ ਬਣੀ ਪਈ ਹੈ। ਇਸੇ ਦਾ ਨਤੀਜਾ ਹੈ ਕਿ ਸਿੱਖ ਨੇ ਦੂਜਿਆਂ ਨੂੰ ਤਾਂ ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਦੇ ਕਿਸ ਜੀਵਨ ਰਾਹ ਤੇ ਪਾਉਣਾ ਸੀ? ਅਜ ਤਾਂ ਇਹ ਅਪਣੇ ਹੀ ਨਿਖਿੱਧ ਪ੍ਰਚਾਰ ਸਿੱਸਟਮ ਦਾ ਮੋਹਤਾਜ, ਦਿਨੋ-ਦਿਨ ਰਸਾਤਲ ਵਲ ਜਾ ਰਿਹਾ ਹੈ।

ਅੰਦਾਜ਼ਾ ਲਾਓ! ਜਿਸ ਕੌਮ ਕੋਲ ਹਰ ਪਖੋਂ ਇੰਨੀ ਮਹਾਨ ਵਿਰਾਸਤ ਹੋਵੇ, ਉਹ ਦੋਸ਼ ਤਾਂ ਭਾਵੇਂ ਕਿਸੇ ਸਿਰ ਮੜ੍ਹਦੀ ਫ਼ਿਰੇ, ਅਸਲੀਅਤ ਹੈ ਕਿ ਉਹ ਮਾਰ ਖਾ ਰਹੀ ਹੈ ਤਾਂ ਅਪਣੇ ਹੀ ਨਿਖਿੱਧ ਪ੍ਰਚਾਰ `ਤੇ ਚੋਣਾਂ ਰਸਤੇ ਛਾਏ ਗੁਰਦੁਆਰਾ ਪ੍ਰਬੰਧ ਸਿੱਸਟਮ ਤੋਂ। ਗੁਰੂ ਨਾਨਕ ਪਾਤਸ਼ਾਹ ਨੇ ਦਸ ਜਾਮੇਂ ਧਾਰਣ ਕਰਕੇ, ਮਨੁੱਖ ਨੂੰ ਗੁਰਬਾਣੀ ਰਾਹੀਂ ਬੇਅੰਤ ਅਮੋਲਕ ਜੀਵਨ-ਸਿਧਾਂਤ ਅਤੇ ਲੰਗਰ, ਪੰਗਤ, ਸਰੋਵਰ” ਜਾਂ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਵਰਗੀਆਂ ਸੰਸਥਾਂਵਾਂ ਬਖਸ਼ੀਆਂ। ਇਨ੍ਹਾਂ ਦਾ ਤੋੜ ਜਾਂ ਬਦਲ ਸੰਸਾਰ ਕੋਲ ਨਹੀਂ। ਇਸਦੇ ਬਾਵਜੂਦ ਅਪਣੇ ਹੀ ਵਿੱਗੜੇ ਤੇ ਵਿਰੋਧੀਆਂ ਰਾਹੀਂ ਨਿੱਤ ਵਿਗਾੜੇ ਜਾ ਰਹੇ ਗੁਰਬਾਣੀ ਪ੍ਰਸਾਰ ਸਿੱਸਟਮ ਕਾਰਣ, ਜਿੰਨੀ ਚੋਟ ਅਸੀਂ ਖਾ ਰਹੇ ਹਾਂ ਉਨੀ ਤਾਂ ਸੰਸਾਰ ਪੱਧਰ ਦੀ ਊਣੀ ਤੋਂ ਊਣੀ ਕੌਮ ਜਾਂ ਵਿਚਾਰਧਾਰਾ ਵੀ ਨਹੀਂ ਖਾ ਰਹੀ।

ਖੂਬੀ ਇਹ ਕਿ ਗਲ-ਗਲ ਤੇ ਦੋਸ਼ ਤਾਂ ਦਿਤਾ ਜਾਂਦਾ ਹੈ ਵਿਰੋਧੀਆਂ ਨੂੰ ਜਿਹੜੇ ਅਜ ਨਵੇਂ ਪੈਦਾ ਨਹੀਂ ਹੋਏ। ਬਲਕਿ ਪਹਿਲੇ ਪਾਤਸ਼ਾਹ ਤੋਂ ਅਰੰਭ ਹੋਕੇ ਦਸਮੇਸ਼ ਪਿਤਾ ਤੀਕ ਦਨ-ਦਣਾਂਦੇ ਰਹੇ। ਇੰਨਾ ਹੋਣ ਦੇ ਬਾਵਜੂਦ ਉਹ ਦੋਖੀ, ਪੰਥਕ ਕਿਲੇ ਅੰਦਰ ਇੱਕ ਸੁਰਾਖ ਵੀ ਨਾ ਕਰ ਸਕੇ। ਇਸ ਸਾਰੇ ਦੇ ਉਲਟ ਅਜ ਪੰਥ ਦੀ ਜਿਹੜੀ ਹਾਲਤ ਹੈ `ਤੇ ਪੰਥ ਖੇਰੂੰ ਖੇਰੂੰ ਹੋਇਆ ਪਿਆ ਹੈ; ਦੋਖੀਆਂ-ਵਿਰੋਧੀਆਂ ਨੇ ਤਾਂ ਕੀ ਕਰਨਾ ਹੈ ਇਹ ਤੱਬਾਹੀ ਹੋ ਰਹੀ ਹੈ ਗੁਰਦੁਆਰਾ ਪਲੇਟਫ਼ਾਰਮ ਰਸਤੇ ਬਹੁਤੇ ਅਣ-ਅਧੀਕਾਰੀ ਚਾਪਲੂਸ ਝੋਲੀ-ਚੁੱਕ ਪ੍ਰਚਾਰਕਾਂ ਜਾਂ ਉਨ੍ਹਾਂ ਉਪਰ ਹਕੂਮਤ ਕਰ ਰਹੇ, ਚੋਣਾਂ ਵਾਲੇ ਨਿਖਿੱਧ ਰਸਤੇ ਛਾਏ ਪ੍ਰਬੰਧਕਾਂ ਕਾਰਣ। ਸ਼ੱਕ ਨਹੀਂ, ਸਾਰੇ ਪ੍ਰਚਾਰਕ ਜਾਂ ਪ੍ਰਬੰਧਕ ਦੋਸ਼ੀ ਨਹੀਂ ਹਨ, ਫ਼ਿਰ ਵੀ ਟਾਵੇਂ-ਟਾਵੇਂ ਹਨ ਜੋ ਯੋਗ `ਤੇ ਦਰਦੀ ਤਾਂ ਹਨ, ਪਰ ਬਹੁਤਿਆਂ ਵਿੱਚਕਾਰ ਅਪਣੇ ਆਪ ਨੂੰ ਬੇਵੱਸ-ਲਾਚਾਰ ਮਹਿਸੂਸ ਕਰਦੇ ਹਨ।

ਕੁਝ ‘ਗੁਰੂ ਗ੍ਰੰਥ ਸਾਹਿਬ’ ਦੀ ਸ਼ਬਦਾਵਲੀ ਬਾਰੇ-ਇਸਦੇ ਨਾਲ ਇਸ `ਚ ਵੀ ਸ਼ੱਕ ਨਹੀਂ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਜੀ ਦੀ ਸ਼ਬਦਾਵਲੀ ਬਹੁਤਾ ਕਰਕੇ ਪੁਰਾਤਨ ਹੀ ਹੈ ਕਿਉਂਕਿ ਬੋਲੀਆਂ ਦਾ ਇਤਿਹਾਸ ਹਮੇਸ਼ਾਂ ਲੰਮੇਰਾ ਹੁੰਦਾ ਹੈ। ਮਿਸਾਲ ਵਜੋਂ “ਗੁਰੂ, ਅੰਮ੍ਰਿਤ, ਧਰਮ, ਜਪ, ਤਪ, ਜਮ, ਨਰਕ, ਸੁਰਗ, ਨਾਮ, ਸਿਮਰਨ ਆਦਿ” ਗੁਰਬਾਣੀ ਵਿਚਲੇ ਅਣਗਿਣਤ ਸ਼ਬਦ ਹਜ਼ਾਰਾਂ ਸਾਲ ਪੁਰਾਣੀਆਂ ਰਚਨਾਵਾਂ `ਚ ਵੀ ਮਿਲ ਜਾਣਗੇ। ਫ਼ਿਰ ਵੀ ਗੁਰਬਾਣੀ `ਚ ਉਹ ਸਾਰੀ ਸ਼ਬਦਾਵਲੀ ਅਪਣੇ ਨਿਵੇਕਲੇ ਅਤੇ ਬਦਲਵੇਂ ਅਰਥਾਂ `ਚ ਹੈ ਅਤੇ ਪਾਤਸ਼ਾਹ ਨੇ ਅਨੇਕਾਂ ਥਾਵੇਂ ਉਸਨੂੰ ਸਾਫ਼ ਵੀ ਕਰ ਦਿਤਾ ਹੈ। ਇਸਲਈ ਜਦੋਂ ਤੀਕ ਸਾਨੂੰ ਇਨ੍ਹਾਂ ਲਫ਼ਜ਼ਾਂ ਦੇ ਗੁਰਮਤਿ ਅਰਥਾਂ ਹੀ ਪਤਾ ਨਹੀਂ, ਅਸੀਂ ਗੁਰਬਾਣੀ ਤੋਂ ਕੁੱਝ ਵੀ ਪ੍ਰਾਪਤ ਨਹੀਂ ਕਰ ਸਕਾਂਗੇ; ਅਜ ਬਹੁਤਾ ਕਰਕੇ ਇਹੀ ਹੋ ਰਿਹਾ ਹੈ। ਇਸਦੇ ਬਾਵਜੂਦ ਗੁਰਬਾਣੀ `ਚ ਸੱਤਰ-ਅੱਸੀ ਲਫ਼ਜ਼ ਉਹ ਵੀ ਹਨ ਜਿਹੜੇ ਪਾਤਸ਼ਾਹ ਦੀ ਨਰੋਈ, ਨਿਵੇਕਲੀ `ਤੇ ਅਪਣੀ ਦੇਣ ਹਨ। ਗੁਰਬਾਣੀ ਰਚਨਾ ਤੋਂ ਪਹਿਲਾਂ ਉਹ ਸ਼ਬਦ ਕਿੱਧਰੇ ਅਤੇ ਕਿਸੇ ਵੀ ਵਿਚਾਰਧਾਰਾ `ਚ ਨਹੀਂ ਮਿਲਦੇ ਜਿਵੇਂ ੴ, ਵਾਹਿਗੁਰੂ, ਕਰਤਾ ਪੁਰਖੁ, ਅਕਾਲਮੂਰਤਿ, ਅੰਮ੍ਰਿਤਵੇਲਾ, ਜੀਵਨਮੁਕਤ, ਸਿੱਖ, ਸਚਿਆਰਾ, ਗੁਰਪ੍ਰਸਾਦਿ ਆਦਿ। ਇਸੇ ਸੰਬੰਧ `ਚ ਜਦ ਤੀਕ ਲੰਗਰ, ਪੰਕਤ ਅਤੇ ਸਰੋਵਰ” ਜਾਂ ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਆਦਿ ਗੁਰਦੇਵ ਦੀਆਂ ਸਿਧਾਂਤਕ ਦੇਣਾ ਨੂੰ ਗੁਰਬਾਣੀ ਆਧਾਰ ਤੇ ਨਹੀਂ ਲਵਾਂਗੇ, ਕੁਰਾਹੇ ਪਏ ਰਵਾਂਗੇ। ਇਸੇ ਕਾਰਣ ਜਦ ਤੀਕ ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਵਿਚੋਂ ਨਾਮ ਜਪੋ’ ਦੇ ਅਰਥ ਸਾਨੂੰ ਗੁਰਬਾਣੀ ਆਧਾਰ ਤੇ ਸਾਫ਼ ਨਹੀਂ, ਉਦੋ ਤੀਕ ਅਸੀਂ ਇਸਦੇ ਅਰਥ ਵੀ ਬ੍ਰਾਹਮਣੀ ਜਾਂ ਅਨਮਤੀ ਲੈਂਦੇ ਰਵਾਂਗੇ ਅਤੇ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਦੇ ਮਹਾਨ ਗੁਰਮਤਿ ਸਿਧਾਂਤ ਨੂੰ ਸਾਰੀ ਉਮਰ ਨਹੀਂ ਸਮਝ ਸਕਾਂਗੇ, ਜਿਵੇਂ ਕਿ ਅਜ ਸਾਡੇ ਨਾਲ ਵਾਪਰ ਰਹੀ ਹੈ।

ਮੁੱਕਦੀ ਗਲ ਜਦੋਂ ਨਾਮ ਜਪੋ’ ਵਾਲੀ ਮਹਾਨ ਦੇਣ ਨੂੰ ਨਿਰੋਲ ਗੁਰਬਾਣੀ ਅਰਥਾਂ `ਚ ਸਮਝ ਲਵਾਂਗੇ ਤਾਂ ਸਾਨੂੰ ਇਹ ਵੀ ਸਮਝ ਆ ਜਾਵੇਗੀ ਕਿ ਗੁਰਦੇਵ ਵਲੋਂ “ਕਿਰਤ ਕਰੋ, ਵੰਡ ਛਕੋ” ਵਾਲੀਆਂ ਹਿਦਾਇਤਾਂ ਕੀ ਹਨ? ਇਸਦੇ ਉਲਟ ਜਦੋਂ ਅਸੀਂ ਨਾਮ ਜਪੋ” ਵਾਲੀ ਮੂਲ ਹਿਦਾਇਤ ਨੂੰ ਹੀ ਅਨਮਤੀ ਅਰਥਾਂ `ਚ ਲੈਂਦੇ ਹਾਂ ਤਾਂ ਨਤੀਜਾ ਹੁੰਦਾ ਹੈ ਕਿ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਵਾਲੇ ਇਕੋ ਹੀ ਮਹਾਨ ਗੁਰਬਾਣੀ ਸਿਧਾਂਤ ਨੂੰ ਮਨਮਰਜ਼ੀ ਦੇ ਵੱਖ ਵੱਖ ਤਿੰਨ ਅਰਥਾਂ `ਚ ਲੈਣ ਦੇ ਦੋਸ਼ੀ ਬਣ ਜਾਂਦੇ ਹਾਂ। ਇੰਨਾ ਹੀ ਨਹੀਂ, ਸਾਡੇ ਉਪਰ ਪਹਿਲਾ ਦੋਸ਼ ਇਹ ਹੁੰਦਾ ਹੈ ਕਿ ਅਸਾਂ ਗੁਰਮਤਿ ਦੇ ਵੱਡਮੁਲੇ ਇਕੋ ਸਿਧਾਂਤ ਨੂੰ ਤਿੰਨ ਭਿੰਨ ਭਿੰਨ ਸਿਧਾਂਤਾਂ `ਚ ਵੰਡ ਦਿਤਾ। ਜੀਵਨ ਕਰਕੇ ਗੁਰਬਾਣੀ ਅਰਥ-ਸਿਧਾਂਤ ਤੋਂ ਟੁੱਟੇ ਹੋਣ ਕਰਕੇ, ਅਸੀਂ ਇਸ ਮਹਾਦੋਸ਼ ਦੇ ਵੀ ਭਾਗੀ ਹੋ ਜਾਂਦੇ ਹਾਂ ਕਿ ਇਨ੍ਹਾਂ ਤਿੰਨਾ ਦੇ ਜਿਹੜੇ ਅਰਥ ਅਸੀਂ ਲੈ ਰਹੇ ਹਾਂ ਉਹ ਸਾਰੇ ਭਿੰਨ-ਭਿੰਨ ਉਭਰ ਰਹੇ ਅਰਥ ਅਸਲ `ਚ ਸਾਡੇ ਮਨਮਤੀ, ਆਪਹੁੱਦਰੇ ਜਾਂ ਅਨਮਤੀ ਅਰਥ ਹੀ ਹੁੰਦੇ ਹਨ ਜੋਕਿ ਗੁਰਬਾਣੀ-ਗੁਰੂ ਦੀ ਘੋਰ ਅਵਗਿਆ ਹਨ। ਸੱਚਾਈ ਇਹ ਹੈ ਕਿ ਮੂਲ ਹਿਦਾਇਤ “ਨਾਮ ਜਪੋ” ਦੇ ਠੀਕ ਅਰਥ ਸਮਝੇ ਬਿਨਾਂ, ਬਾਕੀ ਦੋ ਹਿਦਾਇਤਾਂ ਦੀ ਵੀ ਸਾਨੂੰ ਕਦੇ ਸਮਝ ਨਹੀਂ ਆ ਸਕਦੀ। ਉਪ੍ਰੰਤ ਜਦੋਂ ਅਸੀਂ ਨਾਮ ਜਪੋ” ਨੂੰ ਗੁਰਬਾਣੀ ਅਰਥਾਂ `ਚ ਲੈ ਲ਼ੈਂਦੇ ਹਾਂ ਤਾਂ ਸੱਚਾਈ ਨੂੰ ਸਮਝਦੇ ਦੇਰ ਨਹੀਂ ਲਗਦੀ ਕਿ ਬਾਕੀ ਦੋ ਹਿਦਾਇਤਾਂ ਸੁਤੰਤਰ ਨਹੀਂ ਬਲਕਿ ਨਾਮ ਜਪੋ” ਦਾ ਹੀ ਵਿੱਸਥਾਰ ਹਨ।

“ਅੰਮ੍ਰਿਤ ਨਾਮੁ” ਠਾਕੁਰ ਕਾ ਪਇਓ- ਇਸ ਲਈ ਚਲਦੇ ਪ੍ਰਕਰਣ ਅਨੁਸਾਰ ਪਹਿਲਾਂ ਇਹ ਸਮਝਣਾ ਹੈ ਕਿ ਗੁਰਬਾਣੀ ਮੁਤਾਬਕ ਨਾਮ ਜਪੋ” ਦਾ ਅਰਥ ਹੈ ਕੀ? ਦੂਜਾ-ਗੁਰਬਾਣੀ ਦੀ ਕਸਵੱਟੀ ਤੇ ਜਦੋਂ ਅਸੀਂ ਨਾਮ ਜਪੋ’ ਵਾਲੇ ਜੀਵਨ `ਚ ਪ੍ਰਵੇਸ਼ ਕਰਦੇ ਹਾਂ ਤਾਂ ਸਾਡੇ ਅੰਦਰ ਇਲਾਹੀ ਗੁਣਾਂ ਪਖੋਂ ਕੀ ਲਾਭ ਹੁੰਦੇ ਹਨ? ਤੀਜਾ- ਨਾਮ ਜਪੋ’ ਵਾਲੇ ਜੀਵਨ ਦੌਹਰਾਨ ‘ਵਾਹਿਗੁਰੂ ਰੱਟਣ” ਦੀ ਸੀਮਾਂ ਅਤੇ ਸਥਾਨ ਕੀ ਹੈ? ਅਰੰਭ `ਚ ਦਿਤਾ ਜਾ ਚੁਕਾ ਹੈ, ਨਾਮ ਜਪੋ’ ਦੇ ਅਰਥਾਂ ਨੂੰ ਗੁਰਬਾਣੀ ਅਨੁਸਾਰ ਲਵੀਏ ਤਾਂ ਅਰਥ ਹਨ ਗੁਰਬਾਣੀ ਸੇਧ `ਚ ਕਰਤੇ ਦੀ ਸਿਫ਼ਿਤ ਸਲਾਹ ਰਾਹੀਂ ਜੀਵਨ ਨੂੰ ਕਰਾਤਰ ਦੇ ਰੰਗ `ਚ ਰੰਗਣਾ”। ਗੁਰਬਾਣੀ `ਚ ਅਨੇਕਾਂ ਥਾਵੇਂ ਇਸ ਪ੍ਰਥਾਏ ਭਰਵੀਂ ਵਿਆਖਿਆ ਵੀ ਕੀਤੀ ਹੈ ਫ਼ਿਰ ਵੀ ਇਸ ਬਾਰੇ ਇਸ ਤੋਂ ਵੱਡੀ ਪਹਿਚਾਣ ਹੋਰ ਕੀ ਹੋ ਸਕਦੀ ਹੈ ਕਿ ਪੰਜਵੇਂ ਪਾਤਸ਼ਾਹ ਨੇ ਜਦੋਂ ਅਦਿ ਬੀੜ” ਦੀ ਸੰਪੂਰਣਤਾ ਕੀਤੀ ਤਾਂ ਅੰਤ `ਚ ਉਚੇਚੇ ਦੋ ਸਲੋਕ ਦਰਜ ਕੀਤੇ। ਪਹਿਲਾ ਸਲੋਕ ਜਿਸ `ਚ ਬਿਆਨਿਆ “ਗੁਰੂ ਗ੍ਰੰਥ ਸਾਹਿਬ” ਵਾਲੀ ਇਸ ਇਲਾਹੀ ਰਚਨਾ ਦਾ ਨਿਚੌੜ ਕੀ ਹੈ? ਸਲੋਕ ਹੈ ਥਾਲ ਵਿਚਿ ਤਿੰਨਿ ਵਸਤੂ ਪਈਓ. .” ਅਤੇ ਦੂਜਾ ਸਲੋਕ ਹੈ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ. .” ਜਿਸ `ਚ ਗੁਰਦੇਵ ਨੇ ਆਦਿ ਬੀੜ’ ਦੀ ਸੰਪੂਰਣਤਾ ਉਪਰੰਤ ਕਰਤਾਰ ਦਾ ਸ਼ੁਕਰਾਨਾ ਕੀਤਾ ਹੈ। ਪਰ ਇਥੇ ਜੋ ਗਲ ਦੇਖਣੀ ਹੈ ਉਹ ਇਹ-ਕਿ ਗੁਰਦੇਵ ਨੇ ਪਹਿਲੇ ਸਲੋਕ ਦੀ ਪਾਹਿਲੀ ਪੰਕਤੀ `ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਲਈ ਸ਼ਬਦ ਵਰਤਿਆ ਹੈ “ਥਾਲ” ਅਤੇ ਨਾਲ ਹੀ ਦੂਜੀ ਪੰਕਤੀ `ਚ ਉਸੇ ‘ਅਦਿ ਬੀੜ’ ਲਈ ਲਫ਼ਜ਼ ਵਰਤਿਆ ਹੈ “ਅੰਮ੍ਰਿਤ ਨਾਮੁ” ਭਾਵ ਸਦਾ ਥਿੱਰ ਰਹਿਣ ਵਾਲੇ ਅਕਾਲ ਪੁਰਖ ਦੇ ਨਾਮ ਦਾ ਖਜ਼ਾਨਾ। ਇਸਤਰ੍ਹਾਂ ਇਹ ਭੁਲੇਖਾ ਰਹਿਣਾ ਹੀ ਨਹੀਂ ਚਾਹੀਦਾ ਗੁਰਬਾਣੀ ਅਨੁਸਾਰ ‘ਨਾਮ’ ਦੇ ਅਰਥ ਰਟੌਣੀ ਨਹੀਂ, ਬਲਕਿ ਗੁਰਬਾਣੀ ਅਨੁਸਾਰ ਸੰਪੂਰਣ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਹੀ ‘ਨਾਮ’ - “ਅੰਮ੍ਰਿਤ ਨਾਮੁ” ਹਨ। ਇਸਤਰ੍ਹਾਂ ਹਰ ਪਖੋਂ ਗੁਰਬਾਣੀ ਜੀਵਨ `ਚ ਆਉਣਾ ਹੀ ਗੁਰੂ ਕੇ ਸਿੱਖ ਲਈ ‘ਨਾਮ ਜਪਨਾ’ - “ਨਾਮ ਜਪੋ” ਹੈ।

ਸਪੱਸ਼ਟ ਹੈ ਕਿ ਗੁਰਬਾਣੀ ਅਨੁਸਾਰ ‘ਨਾਮ ਜਪੋ’ ਦੇ ਅਰਥ ਹਨ ਗੁਰਬਾਣੀ ਰਾਹੀਂ ਬਾਰ ਬਾਰ ਪ੍ਰਭੁ ਦਾ ਗੁਣ-ਗਾਣ, ਸਿਫ਼ਤ-ਸਲਾਹ ਅਤੇ ਕਰਤੇ ਦੀਆਂ ਬਾਤਾਂ ਰਾਹੀਂ ਅਪਣੇ ਜੀਵਨ ਦੀ ਸੰਭਾਲ। ਇਹੀ ਇੱਕ ਤਰੀਕਾ ਹੈ ਜਿਸ ਨਾਲ ਸਾਡੇ ਜੀਵਨ ਅੰਦਰ ਦਇਆ, ਸਦਾਚਾਰ, ਉਚਾ ਆਚਰਣ, ਧੀਰਜ, ਸਹਿਣ -ਸ਼ੀਲਤਾ, ਸੰਤੋਖ, ਦ੍ਰਿੜਤਾ, ਅਟੁੱਟ ਵਿਸ਼ਵਾਸ, ਜੀਵਨ ਜੁੱਗਤ, ਦੁਚਿੱਤੀ ਤੋਂ ਛੁੱਟਕਾਰਾ, ਮਨ ਦਾ ਟਿਕਾਅ, ਮਨ ਦੀ ਸ਼ਾਂਤੀ, ਨਿਰਭੈਤਾ, ਅਡੋਲਤਾ, ਨਿਰਵੈਰਤਾ, ਕਾਦਿਰ ਦੀ ਸਹੀ ਪਹਿਚਾਣ ਆਦਿ ਅਨੇਕਾਂ ਰੱਬੀ ਗੁਣ ਸਾਡਾ ਜੀਵਨ ਬਣਦੇ ਜਾਂਦੇ ਹਨ। ਇਸਤਰ੍ਹਾਂ ਇਹ ਇਕੋ ਇੱਕ ਤਰੀਕਾ ਹੈ ਜਿਸਤੋਂ ਅਸੀਂ ਅਪਣੇ ਜੀਵਨ ਨੂੰ ਕਰਤੇ ਦੀ ਰਜ਼ਾ-ਭਾਣੇ `ਚ ਲਿਆਕੇ; ਵਿਕਾਰਾਂ `ਚ ਲੁਪਤ, ਕੁਰਾਹੇ ਪਏ ਅਤੇ ਮੋਹ-ਮਾਇਆ ਦੀ ਅਗਿਆਣਤਾ `ਚ ਡੁੱਬੇ ਹੋਏ ਜੀਵਨ ਤੋਂ ਛੁਟਕਾਰਾ ਪਾ ਸਕਦੇ ਹਾਂ ਜਿਸਤੋਂ ਸਾਡੇ ਜੀਵਨ ਅੰਦਰ ਕਰਤੇ ਦੀ ਬਖਸ਼ਿਸ਼-ਰਹਿਮਤ ਦਾ ਪ੍ਰਵੇਸ਼ ਹੋ ਸਕਦਾ ਹੈ। ਇਹੀ ਹੈ ਸਾਡੇ ਜੀਵਨ ਅੰਦਰ ਗੁਰੂ ਅਥਵਾ ਸਤਿਗੁਰੂ ਦੇ ਪ੍ਰਕਾਸ਼ ਦਾ ਹੋਣਾ। ਅਜੇਹੇ ਇਲਾਹੀ ਗੁਣਾਂ ਦੀ ਅਣਹੋਂਦ ਹੀ ਹੁੰਦੀ ਹੈ ਜਦੋਂ ਸਾਨੂੰ ਸਮਝ ਹੀ ਨਹੀਂ ਆ ਰਹੀ ਹੁੰਦੀ ਸਾਡਾ ਜੀਵਨ ਵਿਕਾਰਾਂ `ਚ ਤੱਬਾਹ ਹੋ ਰਿਹਾ ਹੁੰਦਾ ਹੈ। ਕੁਰਾਹੇ ਪਏ ਅਸੀਂ ਜ਼ਿੰਦਗੀ ਦੇ ਹਨੇਰੇ `ਚ ਠੋਕਰਾਂ ਖਾ ਰਹੇ, ਸ਼ਭ ਕੁਝ ਪਾ ਕੇ ਵੀ ਪ੍ਰੇਸ਼ਾਨ ਰਹਿੰਦੇ ਹਾਂ।

ਸਾਡੇ ਜੀਵਨ ਅੰਦਰ ਇਨ੍ਹਾਂ ਰੱਬੀ ਗੁਣਾਂ ਦੀ ਅਣਹੋਂਦ ਹੀ ਹੁੰਦੀ ਹੈ ਜਦੋਂ ਸਾਡੇ ਮਨੁੱਖਾ ਜੀਵਨ ਦੇ ਦੁਸ਼ਮਣ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਡੇ ਉਪਰ ਹਾਵੀ ਰਹਿੰਦੇ ਹਨ। ਜੀਵਨ ਤ੍ਰਿਸ਼ਨਾ-ਭੱਟਕਣਾ ਦੀ ਭੱਠੀ `ਚ ਸੜ ਰਿਹਾ ਹੁੰਦਾ ਹੈ। ਸੰਸਾਰ ਦੀਆਂ ਬਿਨਸਨਹਾਰ (ਕੂੜ) ਪ੍ਰਾਪਤੀਆਂ ਲਈ ਹਰ ਸਮੇਂ ਸਾਡੀ ਵੱਧ ਰਹੀ ਦੌੜ ਹੀ ਸਾਡੇ ਜੀਵਨ ਨੂੰ ਸੁਤਿਆਂ-ਜਾਗਦਿਆਂ ਬੇਚੈਨ ਕਰਦੀ ਹੈ। ਉਠਦੇ-ਬੈਠਦੇ, ਸੁੱਤੇ-ਜਾਗਦੇ ਹਰ ਸਮੇਂ ਸਾਡੀਆਂ ਇਛਾਵਾਂ-ਕਾਮਨਾਵਾਂ ਹੀ ਸਾਡੇ ਮਾਨਸਿਕ ਤਨਾਅ ਦਾ ਕਾਰਣ ਹੁੰਦੀਆਂ ਹਨ। ਇਸ ਤਰ੍ਹਾਂ ਹਰ ਸਮੇਂ ਦੀ ਭੱਟਕਣਾ-ਬੇਚੈਨੀ-ਮਾਨਸਿਕ ਤਨਾਅ ਦਾ ਨਤੀਜਾ ਹੁੰਦੇ ਹਨ ਸਾਡੇ 99% ਸਰੀਰਕ `ਤੇ ਮਾਨਸਿਕ ਰੋਗ। ਇਸੇ ਤਨਾਅ ਦਾ ਹੀ ਅਗਲਾ ਪੜਾ ਹੁੰਦੇ ਹਨ ਆਪਸੀ ਲੜਾਈਆਂ-ਝੱਗੜੇ-ਖਿਚਾਤਾਣੀਆਂ-ਐਕਸੀਡੈਂਟ-ਮੁਕੱਦਮੇ-ਬਾਜ਼ੀਆਂ-ਸਮਾਜਿਕ ਕਤਲ ਅਤੇ ਹੋਰ ਬਹੁਤ ਕੁਝ। ਅਸਲ `ਚ ਸਾਡੇ ਜੀਵਨ ਅੰਦਰ ‘ਨਾਮ ਜਪੋ’ ਵਾਲੀ ਘਾਟ ਦਾ ਹੀ ਹੋਰ ਅਗਲਾ ਕਦਮ ਹੁੰਦੇ ਹਨ ਡਕੈਤੀਆਂ, ਭਿਆਨਕ ਜੁਰਮ, ਕਿੱਡਨੈਪਿੰਗ, ਵੱਡੇ-ਵੱਡੇ ਸਕੈਂਡਲ-ਖਡਜੰਤ੍ਰ, ਅੰਡਰਵਰਲਡ ਦੇ ਕਾਲੇ ਕਾਰਨਾਮੇ। ਗੁਰਬਾਣੀ ਸੋਝੀ ਵਲੋਂ ਅਗਿਆਨਤਾ (ਨਾਮ ਜਪੋ) ਵਾਲੀ ਘਾਟ ਹੀ ਹੁਦੀ ਹੈ ਜਿਸਦਾ ਨਤੀਜਾ ਮਨੁੱਖ ਕਿਸੇ ਸਮੇਂ ਵੀ ਮਨ ਦੀ ਸ਼ਾਂਤੀ ਅਤੇ ਚੈਨ ਨਾਲ ਨਹੀਂ ਬੈਠ ਸਕਦਾ, ਨਾ ਹੀ ਮਨੁੱਖ ਅੰਦਰ ਦੂਜਿਆਂ ਦੀਆਂ ਜ਼ਿਆਦਤੀਆਂ ਨੂੰ ਸਹਿਣ ਦੀ ਤਾਕਤ ਹੀ ਰਹਿੰਦੀ ਹੈ। ਇਸਦੇ ਉਲਟ ਹਰਸਮੇਂ ਮਨੁੱਖ ਸਰੀਰਕ ਮੰਗਾਂ ਦਾ ਗ਼ੁਲਾਮ ਅਤੇ ਇਨ੍ਹਾਂ ਮੰਗਾਂ ਦੀ ਦੌੜ `ਚ ਹੀ ਪ੍ਰੇਸ਼ਾਨ ਰਹਿੰਦਾ ਹੈ। ਧਰਮ ਦੇ ਪੜ੍ਹਦੇ `ਚ ਬੇਅੰਤ ਫੋਕਟ ਕਰਮ ਕਾਂਡ, ਹਸਤ-ਰੇਖਾਵਾਂ, ਹਾਰੋਸਕੋਪ, ਸਗਨਾਂ-ਅਪਸਗਨਾਂ-ਟੇਵੇ-ਮਹੂਰਤਾਂ-ਜਨਮ ਪਤ੍ਰੀਆਂ, ਗ੍ਰਿਹ-ਨਖਤ੍ਰਾਂ, ਸੁਰਗ-ਨਰਕ-ਧਰਮਰਾਜ-ਜਮਰਾਜ-ਪਿਤ੍ਰ ਲੋਕ, ਪ੍ਰੇਤ ਆਤਮਾਵਾਂ ਆਦਿ ਦੇ ਹਜ਼ਾਰਹਾਂ ਢੋਂਗ- ਮਨੁੱਖ ਦੀਆਂ ਮੰਗਾ, ਬਨਾਵਟੀ ਡੱਰ ਤੇ ਸਹਿਮ ਦਾ ਹੀ ਨਤੀਜਾ ਹੁੰਦੇ ਹਨ। ਇਸਤਰ੍ਹਾਂ ਅਜੇਹੇ ਢੋਂਗਾਂ ਵਹਿਮਾਂ-ਸਹਿਮਾਂ-ਭਰਮ ਭੁਲੇਖਿਆਂ ਨੂੰ ਹਵਾ ਦੇਕੇ ਭੋਲੇ ਭਾਲੇ ਲੋਕਾਂ ਨੂੰ ਲੁੱਟਣ ਵਾਲੇ ਪੈਦਾ ਹੋ ਜਾਂਦੇ ਹਨ ਬੇਅੰਤ ਢੋਗੀ ਧਾਰਮਿਕ ਆਗੂ -ਤਾਂਤ੍ਰਿਕ ਆਦਿ ਅਤੇ ਲੋਕਾਈ ਗੁਮਰਾਹ ਹੋਈ ਰਹਿੰਦੀ ਹੈ।

“ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ” - ਸੰਤੋਖ ਅਤੇ ਸ਼ੁਕਰਾਨੇ ਵਾਲਾ ਸੁਭਾਅ ਜਿਹੜਾ ਕਿ ਗੁਰੂ-ਗੁਰਬਾਣੀ ਦੀ ਸੋਝੀ (ਨਾਮ ਜਪੋ) ਤੋਂ ਬਿਨਾਂ ਸਾਡੇ ਅੰਦਰ ਪੈਦਾ ਹੋ ਹੀ ਨਹੀਂ ਸਕਦਾ। ਉਸੇ ਦੀ ਘਾਟ `ਤੇ ਅਣਹੋਂਦ ਕਾਰਣ ਸੰਸਾਰ ਪੱਧਰ ਦੀ ਜਿਸ ਭੁੱਖ ਅਤੇ ਲੋੜ ਲਈ ਜਿਸ ਪਾਸੇ ਵੀ ਅਸੀਂ ਅਗੇ ਵੱਧਦੇ ਜਾਂ ਵੱਧਣ ਦਾ ਜੱਤਣ ਕਰਦੇ ਹਾਂ, ਉਹੀ ਭੁੱਖਾਂ ਤੇ ਲੋੜਾਂ ਘੱਟਣੀਆਂ ਤਾਂ ਦੂਰ ਸਾਡੇ ਅੰਦਰ ਅਪਣਾ ਵਿਰਾਟ ਰੂਪ ਧਾਰਣ ਕਰਦੀਆਂ ਜਾਂਦੀਆਂ ਹਨ। ਗੁਰਬਾਣੀ ਜੀਵਨ ਵਾਲੇ ਅਸਲ ਮਾਰਗ ਤੋਂ ਅਣਜਾਣ, ਅਸੀਂ ਇਸ ਲਈ ਦੌੜਾਂ ਲਾਂਦੇ ਹਾਂ ਕਿ ਅਜੇਹਾ ਕਰਕੇ ਸਾਡੇ ਜੀਵਨ `ਚ ਟਿਕਾਅ ਤੇ ਸਕੂਣ ਆਵੇਗਾ, ਸਾਡੇ ਮਨ ਨੂੰ ਸ਼ਾਂਤੀ ਤੇ ਤਸੱਲੀ ਮਿਲੇਗੀ; ਹੁੰਦਾ ਹੈ ਉਸ ਦੇ ਉਲਟ। ਸਾਡੀ ਇੱਕ ਮੰਗ ਜਾਂ ਜ਼ਰੂਰਤ ਅਜੇ ਪੂਰੀ ਨਹੀਂ ਹੁੰਦੀ ਕਿ ਸਾਡੀ ਭੱਟਕਣਾ-ਤ੍ਰਿਸ਼ਨਾ `ਤੇ ਅਸ਼ਾਂਤੀ, ਸਾਡਾ ਮਾਨਸਿਕ ਸੰਤੁਲਣ ਪਹਿਲਾਂ ਤੋਂ ਵੀ ਕਈ ਗੁਣਾ ਵੱਧ ਵਿਗਾੜ ਦੇਂਦੀ ਹੈ। ਕਾਰਣ ਹੁੰਦਾ ਹੈ ਕਿ ਸਾਡੀ ਇੱਕ ਮੰਗ ਪੂਰੀ ਹੁੰਦੇ ਹੀ, ਉਸੇ ਤੋਂ ਹਜ਼ਾਰਾਂ ਹੋਰ ਮੰਗਾਂ-ਇਛਾਵਾਂ ਜਨਮ ਲੈ ਲੈਂਦੀਆਂ ਹਨ। ਫ਼ਿਰ ਇਹ ਜ਼ਰੂਰਤਾਂ, ਇਛਾਵਾਂ ਜਾਂ ਭੁੱਖ “ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ” ਅਨੁਸਾਰ ਪੈਸਾ ਕੱਠਾ ਕਰਨ ਦੀ ਹੈ, ਉਹਦਿਆਂ, ਜਾਇਦਾਦਾਂ, ਗਿਆਨ ਵਾਨ ਹੋਣ ਦੀ, ਵਾਹ! ਵਾਹ ਅਤੇ ਮਾਨ ਸਤਿਕਾਰ ਲਈ ਜਾਂ ਕਿਸੇ ਤਰ੍ਹਾਂ ਦੀ ਵੀ।

ਗੁਰਬਾਣੀ ਦਾ ਫ਼ੈਸਲਾ ਹੈ “ਸਹਸ ਖਟੇ ਲਖ ਕਉ ਉਠਿ ਧਾਵੈ॥ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵ॥ ਅਨਿਕ ਭੋਗ ਬਿਖਿਆ ਕੇ ਕਰੈ” ਨਤੀਜਾ “ਨਹ ਤ੍ਰਿਪਤਾਵੈ ਖਪਿ ਖਪਿ ਮਰੈ” (ਪੰ: 279) ਕਿਉਂਕਿ ਕਾਰਣ ਹੈ “ਬਿਨਾ ਸੰਤੋਖ ਨਹੀ ਕੋਊ ਰਾਜੈ” ਇਸਤਰ੍ਹਾਂ ਇਹ ਸੰਸਾਰਕ ਦੌੜ-ਭਜ ਤਾਂ ਅਸਲ `ਚ “ਸੁਪਨ ਮਨੋਰਥ ਬ੍ਰਿਥੇ ਸਭ ਕਾਜੈ” ਹੀ ਹੁੰਦੇ ਹਨ ਅਤੇ ਇਸ ਸਾਰੇ ਦਾ ਇਕੋ ਹੀ ਇਲਾਜ ਹੈ “ਨਾਮ ਰੰਗਿ ਸਰਬ ਸੁਖੁ ਹੋਇ” ਅਥਵਾ “ਨਾਮ ਜਪੋ” ਜੋਕਿ ਬਡਭਾਗੀ ਕਿਸੈ ਪਰਾਪਤਿ ਹੋਇ” (ਪੰ: 279)। ਗੁਰਬਾਣੀ `ਚ ਹੀ ਨੌਵੇ ਪਾਤਸ਼ਾਹ, ਜੀਵਨ ਦੀ ਇਸੇ ਸੱਚਾਈ `ਤੇ ਸਿਧਾਂਤ ਨੂੰ ਇਸਤਰ੍ਹਾਂ ਫ਼ੁਰਮਾਂਦੇ ਹਨ “ਬਿਰਥਾ ਕਹਉ ਕਉਨ ਸਿਉ ਮਨ ਕੀ॥ ਲੋਭਿ ਗ੍ਰਿਸਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ॥ ੧ ॥ ਰਹਾਉ॥ ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ॥ ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ॥ ੧ ॥ ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ॥ ਨਾਨਕ ਹਰਿ ਜਸੁ ਕਿਉ ਨਹੀ ਗਾਵਤ (ਨਾਮ ਜਪੋ) ਕੁਮਤਿ ਬਿਨਾਸੈ ਤਨ ਕੀ॥ ੨ ॥” ਇਸਤਰ੍ਹਾਂ ਗੁਰਬਾਣੀ ਸੋਝੀ ਰਾਹੀਂ ਜਦੋਂ ‘ਨਾਮ ਜਪੋ” ਹੀ ਸਾਡਾ ਜੀਵਨ ਬਣ ਜਾਵੇ ਅਤੇ ਗੁਰਬਾਣੀ ਜੀਵਨ ਜਾਚ ਤੋਂ ਇਲਾਹੀ ਗੁਣ ਹੀ ਸਾਡਾ ਜੀਵਨ ਢੰਗ ਹੋ ਜਾਣ ਤਾਂ ਯਕੀਨਣ ਸਾਡਾ ਜੀਵਨ ਹੀ ‘ਕਿਰਤ ਕਰੋ’ ਹੁੰਦਾ ਜਾਵੇਗਾ ਅਤੇ ਫ਼ਿਰ ਸਾਡੇ ਜੀਵਨ ਅੰਦਰ ਅਨਮਤੀ ਦਾਨ-ਪੁੰਨ ਕਰਮ-ਪਰੋਪਕਾਰ ਵਾਲੀ ਦੌੜ ਨਹੀਂ ਹੋਵੇਗੀ ਕਿਉਂਕਿ ਉਥੇ ਤਾਂ ‘ਵੰਡ ਛਕੋ’ ਸਾਡੇ ਜੀਵਨ ਦਾ ਰੱਬੀ ਤੇ ਇਲਾਹੀ ਗੁਣ ਹੋਵੇਗਾ।

ਕੁਝ ਵਾਹਿਗੁਰੂ ਜਾਪ ਬਾਰੇ- ਇਥੇ ਇਹ ਸਮਝਣਾ ਵੀ ਜ਼ਰੂਰੀ ਹੈ ਕਿ ਡੇਰਿਆਂ ਆਦਿ ਦੇ ਪ੍ਰਭਾਵ ਅਧੀਨ ਅਜ ਅਸੀਂ ਨਾਮ ਜਪੋ” ਦੇ ਜੋ ਅਰਥ ਲੈ ਰਹੇ ਹਾਂ ਉਹ ਸਾਨੂੰ ਤੇਜ਼ੀ ਨਾਲ ਗੁਰਬਾਣੀ ਸੋਝੀ ਅਤੇ ਜੀਵਨ-ਜਾਚ ਤੋਂ ਦੂਰ ਲਿਜਾਕੇ ਅਨਮਤੀਆਂ ਦੀ ਝੌਲੀ `ਚ ਸੁੱਟ ਰਹੇ ਹਨ ਅਤੇ ਗੁਰਬਾਣੀ ਅਨੁਸਾਰ ਨਹੀਂ ਹਨ। ਬਾਕੀ ਗਲ ਤਾਂ ਛਡੋ! ਇਸੇ ਕਾਰਨ ਗੁਰਦੇਵ ਦੀ ਮਹਾਨ ਦੇਣ ਨਾਮ ਜਪੋ’ ਦੇ ਅਰਥਾਂ ਤੋਂ ਕੁੱਝ ਹਾਸਲ ਕਰਨਾ ਤਾਂ ਦੂਰ, ਅਜੇ ਤੀਕ ਅਸੀਂ ਗੁਰਦੇਵ ਦੀ ਮਹਾਨ ਦੇਣ ਵਾਹਿਗੁਰੂ” ਨੂੰ ਹੀ ਨਹੀਂ ਪਹਿਚਾਣ ਪਾਏ। ਇਹੀ ਸਮਝੀ ਬੈਠੇ ਹਾਂ ਕਿ ਸ਼ਾਇਦ ਗੁਰਬਾਣੀ ਸੋਝੀ-ਜੀਵਨ ਤੋਂ ਵਾਂਞੇ ਰਹਿਕੇ ਕੇਵਲ ਵਾਹਿਗੁਰੂ” “ਵਾਹਿਗੁਰੂ” ਦਾ ਰੱਟਣ ਹੀ ਨਾਮ ਜਪੋ’ ਜਾਂ ਨਾਮ ਸਿਮਰਨ’ ਹੈ। ਇਸਦੇ ਉਲਟ ਗੁਰਮਤਿ ਜੀਵਨ `ਚ ਵਾਹਿਗੁਰੂ ਰੱਟਣ ਦਾ ਮਹੱਤਵ ਵੀ ਘੱਟ ਨਹੀਂ ਪਰ ਓਦੋਂ ਜਦੋਂ ਅਸੀਂ ਗੁਰਬਾਣੀ-ਸੋਝੀ ਜੀਵਨ ਪਖੋਂ ਵੀ ਜਾਗਦੇ ਹੋਵੀਏ।

ਵੈਸੇ ਤਾਂ ਨਾਮ ਜਪੋ” ਵਾਲੀ ਗੁਰਮਤਿ ਹਿਦਾਇਤ ਨੂੰ ਅਸੀਂ ਗੁਰਮਤਿ ਪਾਠ ਨੰਬਰ 57 ਨਾਮ ਸਿਮਰਨ ਅਤੇ ਵਾਹਿਗੁਰੂ ਜਾਪ” `ਚ ਲੈ ਚੁਕੇ ਹਾਂ। ਇਸ ਤਰ੍ਹਾਂ ਜਦੋਂ ਵਾਹਿਗੁਰੂ ਜਾਪ’ ਵਾਲੀ ਅਮੁਲੀ ਦੇਣ ਦਾ ਅਰਥ-ਭਾਵ ਹੀ ਗੁਰਬਾਣੀ ਸੋਝੀ-ਜੀਵਨ ਤੋਂ ਕੱਟ ਕੇ ਕੇਵਲ ਵਾਹਿਗੁਰੂ ਰੱਟਣ’ ਹੀ ਲੈ ਲੈਂਦੇ ਹਾਂ ਤਾਂ ਅਸੀਂ ਪੂਰੀ ਤਰ੍ਹਾਂ ਪੁਰਾਤਣ ਬ੍ਰਾਹਮਣੀ ਸੋਚ ਦਾ ਸ਼ਿਕਾਰ ਹੁੰਦੇ ਹਾਂ। ਇਹ ਸਭ ਇਸਤਰ੍ਹਾਂ ਹੁੰਦਾ ਹੈ ਜਿਵੇਂ ਗੁਰਬਾਣੀ `ਚ ਵਰਤੇ ਗਏ ਸ਼ਬਦ ਕੀਰਤਨ’ ਦੇ ਅਰਥ ਬੜੇ ਵਿਰਾਟ ਹਨ, ਜਿਨ੍ਹਾਂ ਚੋਂ ਸਾਜ਼ਾਂ ਰਾਹੀਂ ਗੁਰਬਾਣੀ ਦਾ ਗਾਇਣ ਤਾਂ ਸਮੂਚੇ ਪ੍ਰਭੁ ਕੀਰਤਨ ਦਾ ਕੇਵਲ ਇੱਕ ਢੰਗ ਹੈ। ਹਾਲਾਂਕਿ, ਗੁਰਬਾਣੀ ਖੁੱਦ 31 ਰਾਗਾਂ `ਚ ਦਰਜ ਹੈ ਜਿਸ ਕਰਕੇ ਸਾਜ਼ਾਂ ਨਾਲ ਗੁਰਬਾਣੀ ਕੀਰਤਨ ਦੀ ਮਹਾਨਤਾ ਨੂੰ ਵੀ ਅਖੋਂ ਉਹਲੇ ਨਹੀਂ ਕੀਤਾ ਜਾ ਸਕਦਾ। ਪਰ ਇਸਦੇ ਉਲਟ ਜਦੋਂ ਅਸੀਂ ਜਾਂ ਸਾਡੇ ਕੁੱਝ ਰਾਗੀ ਸੱਜਣ ਅਗਿਆਨਤਾ ਜਾਂ ਸੁਆਰਥ ਵੱਸ ‘ਕੀਰਤਨ’ ਦੇ ਅਰਥ ਹੀ ਕੇਵਲ ਸਾਜ਼ਾਂ ਰਾਹੀਂ ਗੁਰਬਾਣੀ ਦਾ ਕੀਰਤਨ ਪ੍ਰਚਾਰਦੇ ਹਨ ਤਾਂ ਉਸ ਵੇਲੇ ਗੁਰਬਾਣੀ-ਗੁਰਮਤਿ ਦੀ ਮਹਾਨ ਦੇਣ ‘ਕੀਰਤਨ’ ਨੂੰ ਅਸੀਂ ਅਤਿ ਛੋਟੇ ਅਰਥਾਂ `ਚ ਸੰਕੋਚਣ ਦੇ ਦੋਸ਼ੀ ਹੁੰਦੇ ਹਾਂ। ਇਸੇ ਦਾ ਨਤੀਜਾ ਹੈ ਕਿ ਗੁਰਬਾਣੀ ਜੀਵਨ-ਜਾਚ ਨੂੰ ਅਪਣੇ ਜੀਵਨ ਅੰਦਰ ਵਸਾਉਣ ਵਾਲੀ ਇੱਡੀ ਵੱਡੀ ਲੋੜ ਨੂੰ ਨਿਰੋਲ ਕੰਨ ਰੱਸ ਅਤੇ ਗੁਰਬਾਣੀ-ਜੀਵਨ ਬਦਲੇ ਕਲਾਕਾਰੀ ਤਕ ਹੀ ਸਿਮਟ ਕੇ ਰਹਿ ਜਾਂਦੇ ਹਾਂ। ਸਾਡਾ ਇਹੀ ਹਾਲ ‘ਗੁਰਬਾਣੀ ਕਥਾ’ ਬਾਰੇ ਵੀ ਬਣਿਆ ਪਿਆ ਹੈ ਅਤੇ ਇਹ ਦੋਵੇਂ ਵਿਸ਼ੇ ਗੁਰਮਤਿ ਪਾਠ ਕੀਰਤਣ ਗੁਰਬਾਣੀ ਦਾ” ਅਤੇ ਸਭ ਤੇ ਉੱਤਮ ਹਰਿ ਕੀ ਕਥਾ” ਕ੍ਰਮਵਾਰ ਗੁਰਮਤਿ ਪਾਠ ਨੰਬਰ 73 ਅਤੇ 80 `ਚ ਲੈ ਚੁਕੇ ਹਾਂ। ਦੂਜੇ ਪਾਸੇ ਸਾਡਾ ਇਹੀ ਹਾਲ ਨਾਮ ਜਪੋ’ ਨੂੰ ਗੁਰਬਾਣੀ ਸੋਝੀ-ਜੀਵਨ ਵਾਲੀ ਅਵਸਥਾ ਵਲ ਟੁਰੇ ਬਿਨਾਂ ਅਪਣੇ ਆਪ ਨੂੰ ਵਾਹਿਗੁਰੂ ਰੱਟਣ’ ਤੀਕ ਹੀ ਸੀਮਤ ਕਰ ਦੇਣ ਦੇ ਦੋਸ਼ੀ ਹਾਂ। ਇਸਲਈ ਵਾਹਿਗੁਰੂ ਜਾਪ’ ਬਾਰੇ ਪੂਰੀ ਗਲ ਨੂੰ ਸਮਝਣ ਲਈ ਜ਼ਰੂਰੀ ਹੈ ਕਿ ਇਸਦੇ ਨਾਲ-ਨਾਲ ਗੁਰਮਤਿ ਪਾਠ ਨੰ: 57 ਨੂੰ ਵੀ ਪੜ੍ਹ ਲਿਆ ਜਾਵੇ।

ਬਾਕੀ ਰਹੀ ਗਲ ਵਾਹਿਗੁਰੂ’ ਜਾਂ ਵਾਹਗੁਰੂ’ ਰੱਟਣ ਦੀ। ਉਥੇ ਵੀ ਅਸਾਂ ਸਮਝਣਾ ਹੈ ਕਿ ਵਾਹ’ ਸਾਡੇ ਜੀਵਨ ਦੇ ਭਿੰਨ ਭਿੰਨ ਰਸਾਂ ਵਿਚੋਂ ਇੱਕ ਨਿਵੇਕਲਾ ਰਸ ਅਥਵਾ ਸਾਡੀ ਅਵਸਥਾ ਹੈ। ਮਨੁੱਖ ਜਦੋਂ ਕਿਸੇ ਵਿਸ਼ੇ ਵਿਸ਼ੇਸ਼ ਉਪਰ ਅਪਣੀ ਹੈਰਾਨਗੀ ਪ੍ਰਗਟ ਕਰਦਾ ਹੈ ਕਿ ਇਹ ਗਲ ਉਸਦੀ ਸਮਝ ਤੋਂ ਬਾਹਰ ਹੈ ਤਾਂ ਉਹ ਵਿਸਮਾਦ `ਚ ਆ ਜਾਂਦਾ ਹੈ, ਹੈਰਾਨ ਹੋ ਜਾਂਦਾ ਹੈ। ਅਜੇਹੀ ਮਾਨਸਿਕ ਅਵਸਥਾ ਦਾ ਮੱਤਲਬ ਹੁੰਦਾ ਹੈ ਕਿਸੇ ਖਾਸ ਵਿਸ਼ੇ ਸੰਬੰਧੀ ਮਨੁੱਖ ਦੀ ਸੋਚਣੀ ਦਾ ਅਗੇ ਨਾ ਚਲ ਪਾਣਾ, ਉਸ ਅੰਦਰੋਂ ਅਮੁਕੇ ਵਿਸ਼ੇ ਸੰਬੰਧੀ ਹਉਮੈ ਦਾ ਪੂਰਣ ਵਿਨਾਸ। ਠੀਕ ਇਸੇਤਰ੍ਹਾਂ ਜਿਉਂ ਜਿਉਂ ਸਾਡੀ ਸੋਝੀ ਗੁਰਬਾਣੀ ਕਾਰਣ ਉੱਚੀ ਹੁੰਦੀ ਹੈ ਤਾਂ ਸਾਡੇ ਅੰਦਰ ਵਿਸਮਾਦ ਪੈਦਾ ਹੁੰਦਾ ਹੈ। ਉਠਦੇ, ਬੈਠਦੇ, ਚਲਦੇ, ਫ਼ਿਰਦੇ ‘ਵਾਹ’ ਸਾਡੀ ਅਵਸਥਾ ਬਣਦੀ ਜਾਂਦੀ ਹੈ ਅਤੇ ਇਹ ਅਵਸਥਾ ਬਣਦੀ ਹੈ ਗੁਰੂ’ ਭਾਵ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਲਈ ਅਤੇ ਸਾਡੇ ਜੀਵਨ ਅੰਦਰ ਇਸਦਾ ਜੁੱੜਵਾਂ ਲਫ਼ਜ਼ ਉਭਰਦਾ ਹੈ ਵਾਹ ਗੁਰੂ’ ਜਾਂ ‘ਵਾਹਿ ਗੁਰੂ’।

‘ਸਿੱਖ ਰਹਿਤ ਮਰਿਆਦਾ’ ਅਤੇ ‘ਵਾਹਿਗੁਰੂ ਜਾਪ’ - ਸਿੱਖ ਰਹਿਤ ਮਰਿਆਦਾ `ਚ ਇਸਬਾਰੇ ਬੜੀ ਸਪੱਸ਼ਟ ਸੇਧ ਹੈ। ਉਥੇ ਸ਼ਖਸੀ ਰਹਣੀਂ’ ਦੇ ਸਿਰਲੇਖ ਹੇਠ ਲਿਖਿਆ ਹੈ ‘ਸਿੱਖ ਅੰਮ੍ਰਿਤ ਵੇਲੇ (ਪਹਿਰ ਰਾਤ ਰਹਿਂਦੀ) ਜਾਗ ਕੇ ਇਸ਼ਨਾਨ ਕਰੇ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਕਰਦਾ ਹੋਇਆ ‘ਵਾਹਿਗੁਰੂ ਨਾਮ ਜਪੇ’। ਸਪੱਸ਼ਟ ਹੈ ਸ਼ਰਤ ਇਹ ਹੈ ‘ਇਕ ਅਕਾਲਪੁਰਖੁ ਦਾ ਧਿਆਨ ਕਰਦੇ ਹੋਏ’। ਦੇਖਣ ਦੀ ਗਲ ਹੈ-ਜੇ ‘ਵਾਹਿਗੁਰੁ ਜਾਪੁ’ ਦੀ ਗਲ ਕਹੀ ਹੈ ਤਾਂ ਉਸ ਨਾਲ ਸ਼ਰਤ ਹੈ ‘ਇਕ ਅਕਾਲਪੁਰਖ ਦਾ ਧਿਆਨ ਕਰਦੇ ਹੋਏ’ ਅਤੇ ਇੱਕ ਅਕਾਲ ਪੁਰਖ ਦਾ ਧਿਆਨ ਉਦੋਂ ਹੀ ਹੋ ਸਕੇਗਾ ਜਦੋਂ ਸਾਡੇ ਅੰਦਰ ‘ਅਕਾਲਪੁਰਖ ਬਾਰੇ ਸੋਝੀ ਵੀ ਹੋਵੇ। ਇਹ ਸੋਝੀ ਬਾਣੀ ਵਿਚਾਰ-ਜੀਵਨ ਤੋਂ ਬਿਨਾਂ ਸੰਭਵ ਨਹੀਂ। ਉਪ੍ਰੰਤ ‘ਅੰਮ੍ਰਿਤ ਸੰਸਕਾਰ’ ਪੰ: 30 ਹੇਠ “…ਵਾਹਿਗੁਰੂ ਨਾਮ ਦਸ ਕੇ ਮੂਲ ਮੰਤਰ ਰਟਾਉਣ ਦੀ ਗਲ ਕਹੀ ਹੈ” ਪਰ ਕਦੋਂ? ਜਦੋਂ ਅਸੀਂ ‘ਗੁਰੂ ਗ੍ਰੰਥ ਸਾਹਿਬ ਜੀ’ ਨੂੰ ਅਪਣਾ ਗੁਰੂ ਧਾਰਨ ਕਰ ਚੁਕੇ ਹੁੰਦੇ ਹਾਂ ਮਤਲਬ ਕਿ ਜਦੋਂ ‘ਗੁਰਬਾਣੀ ਸਿਖਿਆ ਅਨੁਸਾਰ ਜੀਵਨ ਜੀਊਣ ਦਾ ਪ੍ਰਣ ਲੈ ਚੁੱਕੇ ਹੁੰਦੇ ਹਾਂ। ਖੂਬੀ ਇਹ ਹੈ ਕਿ ਇਥੇ ਮੂਲਮੰਤ੍ਰ ਦਾ ਸਰੂਪ ਵੀ ੴ ਤੋਂ ਲੈਕੇ ਗੁਰਪ੍ਰਸਾਦਿ’ ਤੀਕ ਸਾਫ਼ ਕੀਤਾ ਹੈ। ਹੋਰ ਲਵੋ! ‘ਵਾਹਿਗੂਰੁ’ ਕਹਿਕੇ ਜੋ ਰੱਟਣ ਕਰਵਾਇਆ ਹੈ ਉਹ ਮੂਲਮੰਤ੍ਰ (ਮੰਗਲਾਚਰਣ) ਦਾ’। ਭਾਵ ‘ਵਾਹਿਗੁਰੂ ਜਾਪੁ’ ਤਾਂ ਹੀ ਸਫ਼ਲ ਹੈ ਜਦੋਂ ‘ਮੂਲਮੰਤ੍ਰ’ `ਚ ਬਿਆਨੇ ‘ਅਕਾਲਪੁਰਖੁ’ ਬਾਰੇ ਸਾਡਾ ਮਨ ਸਪੱਸ਼ਟ ਹੋਵੇ, ਨਿਰਾਪੁਰਾ ਰੱਟਣ ਨਹੀਂ। ਪਰ ਅਸਾਂ ਅਸਲ ਗਲ ਤਾਂ ਛੱਡ ਦਿੱਤੀ `ਤੇ ਸੌਖਾ ਰਸਤਾ ਅਪਣਾ ਲਿਆ ‘ਵਾਹਿਗੂਰੁ ਰੱਟਣ’ ਵਾਲਾ। ਸਪਸ਼ਟ ਹੋਇਆ ‘ਵਾਹਿਗੁਰੂ ਜਾਪੁ’ ਉਦੋਂ ਹੀ ‘ਨਾਮ ਅਭਿਆਸ’ ਹੈ ਜਦੋਂ ਸਿੱਖ, ਜੀਵਨ ਕਰਕੇ ਬਾਣੀ ਦੀ ਕਮਾਈ ਕਰ ਰਿਹਾ ਹੈ।

ਇਸਤਰ੍ਹਾਂ ਜਦੋਂ ਅਸੀਂ ਗੁਰਮਤਿ ਦੇ ਇਕੋ ਹੀ ਅਮੁਲੇ ਸਿਧਾਂਤ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਨੂੰ ਤਿੰਨ ਵੱਖ ਵੱਖ ਸਿਧਾਂਤ ਮੰਨ ਬੈਠਦੇ ਹਾਂ ਅਤੇ ਉਨ੍ਹਾਂ ਵਿਚੋਂ ਵੀ ਨਾਮ ਜਪੋ’ ਦੇ ਅਰਥ ਗੁਰਬਾਣੀ ਜੀਵਨ ਤੋਂ ਕੱਟਕੇ ਕੇਵਲ ਵਾਹਿਗੂਰੁ ਰੱਟਣ’ ਹੀ ਮੰਨ ਕੇ ਬੈਠ ਜਾਂਦੇ ਹਾਂ। ਅਜੇਹੀ ਹਾਲਤ `ਚ ਸਾਡੇ ਨਾਲ ‘ਜਪੁ’ ਦੀ ਪਉੜੀ ਨੰ: 32 “ਇਕ ਦੂ ਜੀਭੌ ਲਖ ਹੋਹਿ ਲਖ ਹੋਵਹਿ ਲਖ ਹੋਵਹਿ ਲਖ ਵੀਸ” ਵਾਲੀ ਗਲ ਹੀ ਬਣਕੇ ਰਹਿ ਜਾਂਦੀ ਹੈ। ਉਸ ਪਉੜੀ ਰਾਹੀਂ ਗੁਰੂ ਪਾਤਸ਼ਾਹ ਫੁਰਮਾਂਦੇ ਹਨ ਜੇ ਮਨੁੱਖ ਨੂੰ ਇੱਕ ਜੀਭ ਦੀ ਬਜਾਏ ਲੱਖ ਜੀਭਾਂ, ਫਿਰ ਉਨ੍ਹਾਂ ਲੱਖ ਤੋਂ ਫ਼ਿਰ ਇਕ-ਇਕ ਜੀਭ ਦੇ ਬਦਲੇ ਵੀਹ-ਵੀਹ ਲੱਖ ਜੀਭਾਂ ਪ੍ਰਾਪਤ ਹੋ ਜਾਣ। ਉਪ੍ਰੰਤ ਉਨ੍ਹਾਂ ਲੱਖਾਂ ਜੀਭਾਂ ਨਾਲ ਜੇਕਰ ਪ੍ਰਭੁ ਦਾ ਕੋਈ ਇੱਕ-ਇੱਕ ਨਾਮ ਲੈ ਕੇ ਲੱਖ-ਲੱਖ ਵਾਰੀ ਰਟਿਆ ਜਾਵੇ। ਇਸਤਰ੍ਹਾਂ ਕਰਕੇ ਵੀ ਜੇ ਮਨੁੱਖ ਸਮਝ ਲਵੇ ਕਿ ਉਹ ਕਰਤੇ ਨਾਲ ਇੱਕਮਿੱਕ (ਇਕੀਸ) ਹੋ ਸਕਦਾ ਹੈ ਤਾਂ ਇਹ ਇਸਤਰ੍ਹਾਂ ਹੈ ਜਿਵੇਂ ਆਕਾਸ਼ `ਚ ਉਡਦਿਆਂ ਪੰਛੀਆਂ ਨੂੰ ਤੱਕ ਕੇ, ਕੀੜਿਆਂ ਨੂੰ ਵੀ ਉੱਡਣ ਦੀ ਰੀਸ ਆ ਜਾਵੇ ਜਿਹੜੀ ਕਿ ਅਨਹੋਣੀ ਗਲ ਅਤੇ ਝੂਠ `ਚ ਫਸੇ ਅਗਿਆਨੀ-ਨਾਸਤਕ ਮਨੁੱਖ ਦਾ ਇੱਕ ਕੂੜੀ, ਕੂੜੇ ਠੀਸ” ਝੂਠਾ ਜਿਹਾ ਠਰਕ ਹੈ। ਕਿਉਂਕਿ ਨਾਨਕ ਨਦਰੀ ਪਾਈਐ” ਭਾਵ ਉਸ ਨਾਲ ਇੱਕਮਿਕ (ਇਕੀਸ) ਹੋਣ ਲਈ ਤਾਂ ਉਸਦੀ ਨਦਰਿ-ਕਰਮ-ਬਖਸ਼ਿਸ਼ ਦੀ ਲੋੜ ਹੁੰਦੀ ਹੈ।

‘ਗੁਰੂ ਗ੍ਰੰਥ ਸਾਹਿਬ’ `ਚ ‘ਵਾਹਿਗੁਰੂ’ - ਭੱਟਾਂ ਦੇ ਸਵੈਯਾਂ `ਚ ਤੇਰ੍ਹਾਂ ਵਾਰੀ ਲਫਜ਼ ‘ਵਾਹਿਗੁਰੂ’ `ਤੇ ਤਿੰਨ ਵਾਰੀ ‘ਵਾਹਗੁਰੂ’ ਇਕੋ ਹੀ ਅਰਥ `ਚ ਆਇਆ ਹੈ। ਉਥੇ ਅਕਾਲਪੁਰਖੁ ਨੂੰ ਨਹੀਂ ਬਲਕਿ ਗੁਰੂ ਰਾਮ ਦਾਸ ਜੀ ਨੂੰ ਸੰਬੋਧਨ ਕੀਤਾ ਹੋਇਆ ਹੈ। ਇਸਤਰ੍ਹਾਂ ਭਾਈ ਗੁਰਦਾਸ ਜੀ ਦੀ ਲਿਖਿਤ ‘ਵਾਹਿਗੁਰੂ ਗੁਰਮੰਤ੍ਰ ਹੈ, ਜਪਿ ਹਉਮੈ ਖੋਈ’ ਦੇ ਅਰਥ ਵੀ ਸਮਝ ਆਉਂਦੇ ਦੇਰ ਨਹੀਂ ਲਗੇਗੀ। ਅਰਥ ਹਨ- ਐ ਗੁਰਸਿੱਖ! ਤੇਰੇ ਲਈ “ਗੁਰੂ” ਦੀ ਇਕੋ ਹੀ ਸਲਾਹ-ਸੇਧ (ਗੁਰਮੰਤ੍ਰ) ਹੈ “ਤੂੰ ਗੁਰੂ ਨਾਲ ਜੁੜ” ਇਸਤਰ੍ਹਾਂ ਤੇਰੇ ਅੰਦਰੋ ਹਉਮੈ ਦਾ ਵਿਨਾਸ ਹੋਵੇਗਾ। ਤੇਰੀ ਅਵਸਥਾ ਅਪਣੇ ਆਪ “ਗੁਰੂ’ ਲਈ ‘ਵਾਹ’ ਵਾਲੀ ਬਣ ਜਾਵੇਗੀ। ਉਸ ਅਵਸਥਾ `ਚ ਪੁਜਕੇ ਜਦੋਂ ਤੇਰਾ ਜਪੁ “ਵਾਹਿ+ਗੁਰੂ-ਵਾਹਿ+ਗੁਰੂ” ਬਣੇਗਾ ਤਾਂ ਤੈਨੂੰ ਕਿਸੇ ਤਰ੍ਹਾਂ ਦੇ ਜੰਤ੍ਰਾਂ-ਮੰਤ੍ਰਾਂ-ਤੰਤ੍ਰਾਂ ਦੇ ਭੁਲੇਖੇ ਨਹੀਂ ਰਹਿ ਜਾਣਗੇ। ਅਜੇਹੇ ਸਮੇਂ ਤੇਰੀ ‘ਵਾਹਿਗੁਰੂ’ ਰਟੌਣੀ ਵੀ ਲਾਹੇਵੰਦ ਹੋਵੇਗੀ।

‘ਨਾਮ ਜਪੋ’ ਬਾਰੇ ਸਾਡੀ ਨਾਸਮਝੀ ਦਾ ਨਤੀਜਾ- ਵਿੱਗੜੇ ਹਾਲਾਤ `ਚ ਅਜ ਜਦੋਂ ਅਸੀਂ ਆਪ ਹੀ ‘ਨਾਮ ਜਪੋ’ ਦੇ ਗੁਰਬਾਣੀ ਅਰਥਾਂ ਨੂੰ ਛੱਡਕੇ ਹਜ਼ਾਰਾਂ ਸਾਲ ਪੁਰਾਣੇ ਬ੍ਰਾਹਮਣੀ ਅਰਥ ਲੈ ਰਹੇ ਹਾਂ ਤਾਂ ‘ਵਾਹਿਗੁਰੂ’ ਵਰਗੀ ਵਿਲੱਖਣ ਅਤੇ ਨਿਵੇਕਲੀ ਗੁਰਮਤਿ ਸੇਧ ਨੂੰ ਵੀ ਪ੍ਰਭੁ ਦੇ ਦੂਜੇ ਹਜ਼ਾਰਾਂ ਵਿਸ਼ੇਸ਼ਣਾ ਦੀ ਬਰਾਬਰੀ ਦੇਣ ਦੇ ਦੋਸ਼ੀ ਹੁੰਦੇ ਹਾਂ। ਜਦੋਂ ਸਾਨੂੰ ਆਪ ਹੀ ਨਹੀਂ ਪਤਾ ਕਿ ਬਾਣੀ ਅੰਦਰ ‘ਨਾਮ’ - ‘ਨਾਮ ਜਪੋ’ ਸੰਪੂਰਣ ‘ਗੁਰੂ ਗ੍ਰੰਥ ਸਾਹਿਬ ਜੀ’ ਲਈ ਹੈ ਤਾਂ ਅਸਾਂ ਦੂਜਿਆਂ ਨੂੰ ਕੀ ਸੇਧ ਦੇਣੀ ਹੈ? ਉਸੇ ਦਾ ਨਤੀਜਾ, ਅਜ ਕੁੱਝ ਉਹ ਸੱਜਣ ਉਭੱਰ ਰਹੇ ਹਨ, ਜਿਹੜੇ ਕਹਿੰਦੇ ਹਨ ‘ਵਾਹਿਗੁਰੂ-ਵਾਹਿਗੁਰੂ’ ਕਰੋ, ਬਾਣੀ ਪੜ੍ਹਣ ਦੀ ਕੀ ਲੋੜ? ਦੂਜੇ ਕਹਿੰਦੇ ਹਨ ਕੇਵਲ ਬਾਣੀ ਪੜ੍ਹੋ ਅਰਥ ਬੋਧ ਸਮਝੋ; ‘ਵਾਹਿਗੁਰੂ-ਵਾਹਿਗੁਰੂ’ ਕਰਨ `ਚ ਕੀ ਪਿਆ ਹੈ। ਇਸਤਰ੍ਹਾਂ ਅਜੇਹੇ ਸੱਜਣ ਵੀ ਨਿਰਾ-ਪੁਰਾ ਚੁੰਚ ਗਿਆਨ ਵਲ ਵੱਧਦੇ ਹਨ, ਗੁਰਬਾਣੀ ਜੀਵਨ ਤੀਕ ਉਹ ਵੀ ਨਹੀਂ ਪੁਜਦੇ। ਇਸਤਰ੍ਹਾਂ ਗੁਰਬਾਣੀ ਜੀਵਨ ਜਾਚ ਤੋਂ ਪੈਦਾ ਹੋਣ ਵਾਲੀ ‘ਵਾਹ’ ਜਾਂ ‘ਵਿਸਮਾਦ’ ਵਾਲੀ ਅਵਸਥਾ ਤੋਂ ਦੋਵੇਂ ਖਾਲੀ ਰਹਿੰਦੇ ਹਨ। ਜਦਕਿ ਮਨ ਨੂੰ ਟਿਕਾਅ `ਚ ਲਿਆਉਣ ਲਈ ਕੁੱਝ ਸਮਾਂ ‘ਵਾਹਿਗੁਰੂ ਜਾਪੁ’ “ਸਿੱਖ ਰਹਿਤ ਮਰਿਆਦਾ” `ਚ ਵੀ ਜ਼ਰੂਰੀ ਦਸਿਆ ਹੈ ਪਰ ਉਦੋਂ ਜਦੋਂ ਸਾਡੇ ਅੰਦਰ ਗੁਰਬਾਣੀ-ਸੋਝੀ `ਤੇ ਜੀਵਨ ਵੀ ਹੋਵੇ। ਦੋਵੇਂ ਸੰਬੰਧਤ ਹਨ, ਅੱਡ-ਅਡ ਨਹੀਂ।

ਇਸਤਰ੍ਹਾਂ ਸਾਰੇ ਨਹੀਂ, ਪਰ ਬਹੁਤੇ ਡੇਰੇਦਾਰ ਵੀ ਸਾਡੀ ਇਸੇ ਨਾਸਮਝੀ ਦਾ ਪੂਰਾ ਲਾਭ ਲੈਂਦੇ ਹਨ। ਕਈ ਹਨ ਜਿਨ੍ਹਾਂ ਨੂੰ ਪਹਿਲੀ ਪਉੜੀ ਦੇ ਅਰਥ ਵੀ ਪਤਾ ਨਹੀਂ। ਛੱੜਾ ‘ਵਾਹਿਗੁਰੂ ਜਾਪੁ’ ਕਰਵਾ ਕੇ ਅਤੇ ਗੁਰਬਾਣੀ ਪਿੱਛੇ ਮਿਥਿਹਾਸਕ ਕਹਾਣੀਆਂ ਜੋੜਕੇ ਸੰਗਤਾਂ ਨੂੰ ਭੱਮਲਭੂਸੇ `ਚ ਪਾਉਣ `ਚ ਮਾਹਿਰ ਹਨ। ਉਹ ਸਮਝਦੇ ਹਨ, ਜੇ ਸੰਗਤਾਂ `ਚ ਬਾਣੀ-ਸੋਝੀ ਆ ਗਈ ਤਾਂ ਉਨ੍ਹਾਂ ਦੇ ਡੇਰੇ ਖਾਲੀ ਹੋ ਜਾਣਗੇ ਅਤੇ ਉਨ੍ਹਾਂ ਦੀ ਰੋਟੀ ਰੋਜ਼ੀ ਉਜੜ ਜਾਵੇਗੀ। ਸੰਗਤਾਂ ਉਥੇ ਵੀ ਲਾਈਨਾਂ `ਚ ਲਗੀਆਂ ਹੁੰਦੀਆਂ ਹਨ। ਕਾਰਣ ਹੁੰਦਾ ਹੈ, ਬਾਣੀ ਸੋਝੀ ਦਾ ਨਾ ਹੋਣਾ। ਹਾਲਾਂਕਿ ਉਥੇ ਬਾਣੀ ਦੀ ਭਰਵੀਂ ਬੇਅਦਬੀ ਹੋ ਰਹੀ ਹੁੰਦੀ ਹੈ ਫ਼ਿਰ ਵੀ ਸੰਗਤਾਂ ਸਮਝਦੀਆਂ ਹਨ ‘ਪੜ੍ਹੀ ਤਾਂ ਬਾਣੀ ਹੀ ਜਾ ਰਹੀ ਹੈ’ ਜੋੜ ਤਾਂ ਗੁਰੂ ਨਾਲ ਰਹੇ ਹਨ’। ਇਸਤਰ੍ਹਾਂ ਸੰਗਤਾਂ ਦਿਨ ਦੀਵੀਂ ਲੁਟੀਆਂ ਜਾ ਰਹੀਆਂ ਹਨ। ਲੋੜ ਹੈ ਸਾਨੂੰ ਅਪਣੇ ਅਮੁਲੇ ਸਿਧਾਂਤ “ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਨੂੰ ਗੁਰਬਾਣੀ ਆਧਾਰ ਅਤੇ ਗੁਰਬਾਣੀ ਅਰਥਾ ਅਨੁਸਾਰ ਸਮਝਣ ਅਤੇ ਅਪਨਾਉਣ ਦੀ। #126s07.01s07#

Including this Gurmat Lesson No 126

ਨਾਮ ਜਪੋ, ਕਿਰਤ ਕਰੋ, ਵੰਡ ਛਕੋ

ਅਤੇ ਅਜੋਕੇ ਪੰਥਕ ਹਾਲਾਤ

For all the Gurmat Lessons written by ‘Principal Giani Surjit Singh’ Sikh Missionary, Delhi, all the rights are reserverd with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases upto 500/-)per hundred copies . (+P&P.Extra) From ‘Gurmat Education Centre, Delhi’, Postal Address- J-IV/46- II Fl. Old D/S Lajpat Nagar.-4 New Delhi-110024 Ph. 91-11-26487315 Cell 9811292808

web site- www.gurbaniguru.com
.