.

ਗੁੱਸਾ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁੱਸੇ ਦਾ ਦੂਜਾ ਨਾਂ ਹੈ ਕ੍ਰੋਧ, ਤੇ ਇਹ ਕਿਉਂ ਆਉਂਦਾ ਹੈ? ਕੀ ਇਸ ਤੋਂ ਬਚਿਆ ਜਾ ਸਕਦਾ ਹੈ? ਅਸੀਂ ਕਦੇ ਵੀ ਇਸ ਦੇ ਬਚਾਅ ਬਾਰੇ ਵਿਚਾਰ ਨਹੀਂ ਕੀਤੀ, ਹਾਂ ਕੀਤੀ ਹੈ ਓਦੋਂ ਜਦੋਂ ਇਸ ਦੀ ਅੱਗ ਵਿੱਚ ਭਸਮ ਹੋ ਚੁੱਕੇ ਹੁੰਦੇ ਹਾਂ। ਇਸ ਗੱਲ ਨੂੰ ਸਮਝਣ ਲਈ ਮੈਂ ਤੁਹਾਡੇ ਨਾਲ਼ ਇੱਕ ਸਲੋਕ ਦੀ ਗੱਲ ਕਰਨ ਲੱਗਾਂ ਹਾਂ ਜੋ ਬਾਬਾ ਫ਼ਰੀਦ ਜੀ ਦਾ ਉਚਾਰਨ ਕੀਤਾ ਹੋਇਆ ਹੈ।

ਫਰੀਦਾ ਬੁਰੇ ਦਾ ਭਲਾ ਕਰਿ, ਗੁਸਾ ਮਨਿ ਨ ਹਢਾਇ॥

ਦੇਹੀ ਰੋਗੁ ਨ ਲਗਈ, ਪਲੈ ਸਭੁ ਕਿਛ ਪਾਇ॥

ਸਲੋਕ ਫ਼ਰੀਦ ਜੀ ਪੰਨਾ 1382 –

ਫਰੀਦ ਜੀ ਨੇ ਇੱਕ ਮੁੱਦਾ ਉਠਾਇਆ ਹੈ ਕਿ ਐ ਇਨਸਾਨ ਤੂੰ ਆਪਣੇ ਮਨ ਵਿੱਚ ਗੁੱਸਾ ਨਾ ਆਉਣ ਦੇ। ਇਸ ਲਈ ਸ਼ਬਦ ਵਰਤਿਆ ਹੈ “ਨ ਹਢਾਇ” ਭਾਵ ਗੱਸਾ ਆਪਣੇ ਨੇੜੇ ਨਾ ਆਉਣ ਦੇ। ਮਨੁੱਖ ਨੂੰ ਇਹ ਪਤਾ ਲੱਗ ਜਾਏ ਕਿ ਇਸ ਦਰਿਆ ਵਿੱਚ ਹੜ੍ਹ ਆਉਣਾ ਹੈ ਤਾ ਹੜ੍ਹ ਤੋਂ ਬਚਣ ਲਈ ਦਰਿਆ `ਤੇ ਮਜ਼ਬੂਤ ਬੰਨ੍ਹ ਮਾਰਿਆ ਜਾਂਦਾ ਹੈ ਤਾਂ ਕਿ ਹੜ੍ਹ ਦਾ ਪਾਣੀ ਮਨੁੱਖੀ ਜੀਵਨ ਵਿੱਚ ਤਬਾਹੀ ਨਾ ਮਚਾਏ। ਸੜਕ `ਤੇ ਚੱਲਣ ਲਈ ਕੁੱਝ ਕਨੂਨ ਬਣੇ ਹਨ ਜੋ ਮਨੁੱਖ ਨੂੰ ਦੁਰਘਟਨਾਵਾਂ ਤੋਂ ਬਚਾਉਂਦੇ ਹਨ। ਘਰਾਂ ਵਿੱਚ ਸੇਫ਼ਟੀ ਅਲਾਰਮ ਕਿਉਂ ਲਗਾਏ ਜਾਂਦੇ ਹਨ? ਇਸ ਲਈ ਕਿ ਆਉਣ ਵਾਲੇ ਸਮੇਂ ਵਿੱਚ ਅਣ-ਚਾਹੀ ਭੈੜੀ ਘਟਨਾ ਤੋਂ ਬਚਿਆ ਜਾ ਸਕੇ। ਹਵਾਈ ਜਹਾਜ਼ ਦਾ ਸਫਰ ਕਰਨ ਵਾਲੇ ਵੀਰ ਜਾਣਦੇ ਹਨ ਕਿ ਹਵਾਈ ਸਫਰ ਦੀ ਜਦੋਂ ਅਰੰਭਤਾ ਹੁੰਦੀ ਹੈ ਤਾਂ ਜਹਾਜ਼ ਦੇ ਸੁਰੱਖਿਆ ਕਰਮਚਾਰੀ ਹਰ ਮੁਸਾਫਰ ਦੀ ਯਾਤਰਾ ਨੂੰ ਸਫਲ ਬਣਾਉਣ ਲਈ ਕੁੱਝ ਨਿਯਮ ਦੱਸਦੇ ਹਨ, ਤਾਂ ਕਿ ਆਉਣ ਵਾਲੀ ਮਸੀਬਤ ਤੋਂ ਬਚਿਆ ਜਾ ਸਕੇ। ਕਿਰਸਾਨ ਆਪਣੀਆਂ ਫਸਲਾਂ `ਤੇ ਦਵਾਈ ਦਾ ਛਿੜਕਾਅ ਇਸ ਲਈ ਕਰਦਾ ਹੈ ਕਿ ਮੇਰੀ ਪਲ਼ ਰਹੀ ਫਸਲ ਤੇ ਕੋਈ ਕੀੜਾ-ਮਕੌੜਾ ਹਮਲਾ ਨਾ ਕਰੇ। ਜੇ ਕਰ ਕਿਰਸਾਨ ਲੋੜੀਂਦੀ ਦਵਾਈ ਨਾ ਪਾਏ ਤਾਂ ਉਸ ਦੀ ਕੀਤੀ ਹੋਈ ਮਿਹਨਤ ਅਜਾਈਂ ਚਲੇ ਜਾਂਦੀ ਹੈ। ਗੱਲ ਕੀ ਹਰ ਸਿਆਣਾ ਮਨੁੱਖ ਆਪਣੇ ਪਰਵਾਰ ਨੂੰ ਚਲਾਉਣ ਲਈ ਤੇ ਆਉਣ ਵਾਲੀਆਂ ਚਨੌਤੀਆਂ ਦਾ ਸਾਹਮਣਾ ਕਰਨ ਲਈ ਆਗਾਉਂ ਪ੍ਰਬੰਧ ਕਰਦਾ ਹੈ। ਅਜ-ਕਲ੍ਹ ਹਰ ਇਨਸਾਨ ਘਿਉ, ਖੰਡ ਦੀ ਵਰਤੋਂ ਬੜੇ ਹੀ ਸੰਕੋਚਵੇਂ ਤਰੀਕੇ ਨਾਲ ਕਰਦਾ ਹੈ ਇਸ ਲਈ ਕਿ ਮਤਾ ਕਿਤੇ ਮੇਰੇ ਸਰੀਰ ਵਿੱਚ ਕਲਾਸਟ੍ਰਿਡ ਜਾਂ ਸ਼ੁਗਰ ਨਾ ਵੱਧ ਜਾਏ ਤੇ ਮੈਨੂੰ ਅਣਚਾਹੀਆਂ ਬਿਮਾਰੀਆਂ ਵਿੱਚ ਫਸਣਾ ਪੈ ਜਾਏ। ਦਰ-ਅਸਲ ਇਹ ਸਾਰੇ ਬਚਾ ਕਰਮ ਸਰੀਰਕ ਮੌਤ ਤੋਂ ਬਚਣ ਲਈ ਹਨ ਪਰ ਇਸ ਨੇ ਆਤਮਿਕ ਮੌਤ ਤੋਂ ਬਚਣ ਲਈ ਕੁੱਝ ਵੀ ਨਹੀਂ ਕੀਤਾ।

ਬਾਹਰਲੇ ਤਲ਼ `ਤੇ ਮਨੁੱਖ ਨੇ ਬਚਣ ਲਈ ਬਹੁਤ ਸਾਰੇ ਉਪਾਅ ਤਾਂ ਕਰ ਲਏ ਹਨ ਪਰ ਆਤਮਿਕ ਗੁਣਾਂ ਦੇ ਬਚਾ ਵਾਸਤੇ ਜੋ ਕੁੱਝ ਇਸ ਨੇ ਕਰਨਾ ਸੀ ਉਸ ਲਈ ਇਸ ਨੇ ਕੁੱਝ ਵੀ ਨਹੀਂ ਕੀਤਾ। ਆਤਮਿਕ ਗੁਣਾਂ ਦੇ ਬਚਾ ਵਾਸਤੇ ਵੀ ਇਸ ਨੇ ਬਾਹਰਲੇ ਤਲ਼ ਹੀ ਲੋਕ ਦਿਖਾਵੇ ਲਈ ਕੁੱਝ ਕੀਤਾ ਹੈ। ਜਿਸ ਤਰ੍ਹਾਂ ਰਸਮੀ ਅਖੰਡ-ਪਾਠ ਕਰਾ ਲਿਆ, ਬਹੁਤ ਹੀ ਮਹਿੰਗਾ ਰੁਮਾਲਾ ਚੜਾਅ ਦਿੱਤਾ, ਵੱਧੀਆ ਤੋਂ ਵਧੀਆ ਲੰਗਰ ਲਗਾ ਦਿੱਤਾ ਜਾਂ ਕਿਸੇ ਧਾਰਮਿਕ ਅਸਥਾਨ ਦੀਆਂ ਚੌਂਕੀਆਂ ਭਰ ਲਈਆਂ। ਕੀ ਅਜੇਹਾ ਕਰਨ ਨਾਲ ਸਾਡੇ ਕਲ਼ੇਸ਼ ਮੁੱਕ ਗਏ ਹਨ, ਝਗੜੇ ਖਤਮ ਹੋ ਗਏ ਹਨ, ਕਚਿਹਰੀਆਂ ਦੇ ਚੱਕਰਾਂ ਤੋਂ ਬਚ ਗਏ ਹਾਂ। ਧਾਰਮਿਕ ਰਸਮਾਂ ਨਿਬਾਹੁੰਣ ਨਾਲ ਸੱਸ ਦਾ ਨੂੰਹ ਨਾਲ਼ ਧੀ ਵਰਗਾ ਰਿਸ਼ਤਾ ਹੋ ਗਿਆ ਹੈ ਜਾਂ ਨੂੰਹ-ਰਾਣੀ ਨੇ ਆਪਣੀ ਸੱਸ ਨੂੰ ਆਪਣੀ ਮਾਂ ਦਾ ਦਰਜਾ ਦੇ ਦਿੱਤਾ ਹੈ। ਕੀ ਅਸੀਂ ਆਪਣੇ ਮਨ ਅੰਦਰਲੇ ਗੱਸੇ `ਤੇ ਕੰਟਰੋਲ ਕਰ ਲਿਆ ਹੈ ਜੇ ਅਜੇਹਾ ਨਹੀਂ ਹੋਇਆ ਤਾਂ ਸਮਝਣਾ ਪਏਗਾ ਅਜੇ ਅਸੀਂ ਆਤਮਿਕ ਗੁਣਾਂ ਤੋਂ ਕੋਹਾਂ ਦੂਰ ਬੈਠੇ ਹਾਂ। ਜਿਸ ਤਰ੍ਹਾਂ ਸੰਸਾਰ ਦੇ ਬਾਕੀ ਕੰਮਾਂ-ਕਾਰਾਂ ਲਈ ਅਸੀਂ ਇਤਿਆਦ ਵਰਤਦੇ ਹਾਂ ਏਸੇ ਤਰ੍ਹਾਂ ਹੀ ਸਾਨੂੰ ਕ੍ਰੋਧ ਜਾਂ ਗੁੱਸੇ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਵੀ ਬਚਣ ਲਈ ਕੁੱਝ ਨੁਕਤੇ ਫਰੀਦ ਜੀ ਨੇ ਦਿੱਤੇ ਹਨ। ਹੜ੍ਹਾਂ ਦੇ ਪਾਣੀ ਤੋਂ ਬਚਣ ਲਈ ਪਹਿਲਾਂ ਪ੍ਰਬੰਧ ਕੀਤਾ ਜਾਂਦਾ ਹੈ ਇੰਜ ਹੀ ਗੁੱਸੇ ਤੋਂ ਬਚਣ ਲਈ ਵੀ ਪਹਿਲਾਂ ਪ੍ਰਬੰਧ ਕਰਨਾ ਪਏਗਾ।

ਫਰੀਦ ਜੀ ਆਖਦੇ ਹਨ, ਕਿ ਐ ਬੰਦੇ, ਕ੍ਰੋਧ ਜਾਂ ਗੱਸੇ ਤੋਂ ਬਚਣ ਲਈ ਤੈਨੂੰ ਇੱਕ ਸਖਤ ਅਭਿਆਸ ਕਰਨਾ ਪਏਗਾ। ‘ਗੁਸਾ ਮਨਿ ਨ ਹਢਇ’ ਭਾਵ ਗੁੱਸਾ ਆਪਣੇ ਨੇੜੇ ਨਾ ਆਉਣ ਦੇ। ਫਿਰ ਸਾਨੂੰ ਕੀ ਕਰਨਾ ਪਏਗਾ, ਉੱਤਰ ਸਾਫ ਹੈ ਕਿ ਬੁਰੇ ਦਾ ਭਲਾ ਕਰ। ਅਸੀਂ ਆਮ ਕਰਕੇ ਇਹ ਅਰਥ ਕਰ ਜਾਂਦੇ ਹਾਂ ਕਿ ਬੁਰੇ ਆਦਮੀ ਨਾਲ ਵੀ ਭਲਾ ਕਰ, ਪਰ ਫਰੀਦ ਜੀ ਤਾਂ ਗੱਲ ਮਨ ਦੀ ਕਰ ਰਹੇ ਹਨ। ਜੇ ਇਹ ਗੱਲ ਮਨੁੱਖੀ ਤਲ਼ `ਤੇ ਲਾਗੂ ਹੁੰਦੀ ਹੋਵੇ ਤਾਂ ਫਿਰ ਮੱਸੇ ਰੰਘੜ ਦਾ ਸਿਰ ਕਦੇ ਵੀ ਵੱਢਣ ਦੀ ਲੋੜ ਨਹੀਂ ਸੀ। ਜੇ ਏਸੇ ਗੱਲ ਨੂੰ ਹਰ ਥਾਂ `ਤੇ ਲਾਗੂ ਕੀਤਾ ਜਾਏ ਰੇਪ ਕਰਨ ਵਾਲੇ ਮਨੁੱਖ ਨੂੰ ਜੱਜ ਕਦੇ ਵੀ ਸਜ਼ਾ ਨਹੀਂ ਸੁਣਾਏਗਾ, ਤਾਂ ਫਿਰ ਕੀ ਉਸ ਦੇ ਗੱਲ ਵਿੱਚ ਹਾਰ ਪਾਏ ਜਾਣ? ਗੁਰਬਾਣੀ ਤਾਂ ਗੱਲ ਅੰਦਰਲੇ ਮਨ ਦੀ ਕਰ ਰਹੀ ਹੈ ਪਰ ਅਸੀਂ ਵਿਚਾਰ ਮਨੁੱਖੀ ਤਲ਼ ਦੀ ਕਰ ਰਹੇ ਹਾਂ। ਸਮਾਜ ਵਿੱਚ ਕਤਲ ਜਾਂ ਰੇਪ ਵਰਗੀਆਂ ਘਟਨਾਵਾਂ ਵਾਪਰ ਹੀ ਨਹੀਂ ਸਕਦੀਆਂ ਜੇ ਕਰ ਅਸੀਂ ਫਰੀਦ ਜੀ ਦੇ ਇਸ ਵਾਕ ਨੂੰ ਧਿਆਨ ਵਿੱਚ ਲੈ ਆਵਾਂਗੇ ਤਾਂ “ਫਰੀਦਾ ਬੁਰੇ ਦਾ ਭਲਾ ਕਰਿ” ਭਾਵ ਕਿ ਹੇ ਮਨੁੱਖ ਤੂੰ ਆਪਣੇ ਮਨ ਵਿੱਚ ਜੋ ਹਮੇਸ਼ਾਂ ਬੁਰੀਆਂ ਸੋਚਾਂ ਸੋਚਦਾ ਰਹਿੰਦਾ ਏਂ ਉਹਨਾਂ ਨੂੰ ਚੰਗਿਆਈਆਂ ਵਿੱਚ ਤਬਦੀਲ ਕਰਨ ਦਾ ਯਤਨ ਕਰ। ਬੁਰੀ ਸੋਚ ਨੂੰ ਚੰਗੀ ਸੋਚ ਵਿੱਚ ਤਬਦੀਲ ਕਰਨ ਲਈ ਇੱਕ ਲੰਬੇ ਅਭਿਆਸ ਦੀ ਜ਼ਰੂਰਤ ਹੈ। ਗੁੱਸਾ ਜਾਂ ਕ੍ਰੋਧ ਕਿਉਂ ਆਉਂਦਾ ਹੈ ਜਦੋਂ ਮਨ ਵਿੱਚ ਬੁਰੀ ਭਾਵਨਾ ਜਨਮ ਲੈਂਦੀ ਹੈ। ਫਰੀਦ ਜੀ ਆਖ ਰਹੇ ਹਨ ਕਿ ਬੁਰੀ ਸੋਚ ਨੂੰ ਤਬਦੀਲ ਕਰ, ਭਾਵ ਚੰਗਾ ਸੋਚਣ ਦਾ ਯਤਨ ਕਰ ਤਾਂ ਕਿ ਆਤਮਿਕ ਗੁਣਾਂ ਦੀ ਰਾਖੀ ਹੋ ਸਕੇ। ਕ੍ਰੋਧ ਕਦੋਂ ਆਉਂਦਾ ਹੈ ਜਦੋਂ ਸਾਡੇ ਮਨ ਦੀ ਭਾਵਨਾਂ ਪੂਰੀ ਨਾ ਹੁੰਦੀ ਹੋਵੇ ਜਾਂ ਸਾਡੀ ਹਉਮੇ `ਤੇ ਸੱਟ ਵੱਜਦੀ ਹੋਵੇ।

ਪਰਵਾਰ, ਸਮਾਜ ਤੇ ਅਸੀਂ ਆਪਣੇ ਨਿਜੀ ਜੀਵਨ ਵਿੱਚ ਜਦੋਂ ਬੁਰਿਆਈਆਂ ਨੂੰ ਚੰਗਿਆਈਆਂ ਵਿੱਚ ਤਬਦੀਲ ਕਰਨ ਦਾ ਯਤਨ ਕਰਾਂਗੇ ਤਾਂ ਕੁਦਰਤੀ ਹੀ ਆਤਮਿਕ ਗੁਣਾਂ ਦਾ ਵਿਕਾਸ ਹੋਵੇਗਾ। ਸਲੋਕ ਦੀ ਦੂਸਰੀ ਤੁਕ ਵਿੱਚ ਸਰੀਰ ਨੂੰ ਬਿਮਾਰੀ ਨਾ ਲੱਗਣ ਦੀ ਗੱਲ ਕੀਤੀ ਗਈ ਹੈ। ‘ਦੇਹੀ ਰੋਗੁ ਨ ਲਗਈ’ ਕੀ ਸਾਡੇ ਸਮਾਜ ਵਿੱਚ ਵਿਚੋਂ ਬਿਮਾਰੀਆਂ ਮੁੱਕ ਗਈਆਂ ਹਨ? ਕੀ ਸਾਡੇ ਸਰੀਰ ਨੂੰ ਬਿਮਾਰੀਆਂ ਨਹੀਂ ਲੱਗਣਗੀਆਂ? ਫਰੀਦ ਜੀ ਸਰੀਰਕ ਰੋਗ ਦੀ ਗੱਲ ਨਹੀਂ ਕਰ ਰਹੇ, ਦੇਹੀ ਰੋਗ ਤੋਂ ਭਾਵ ਹੈ ਸਾਡੇ ਗਿਆਨ ਇੰਦਰਿਆਂ ਨੂੰ ਬੁਰਾ ਦੇਖਣ ਦਾ ਰੋਗ, ਕੰਨਾਂ ਨੂੰ ਬੁਰਾ ਨਾ ਸੁਣਨ ਦੀ ਆਦਤ ਖਤਮ ਹੋ ਜਾਏਗੀ। ਕਿਉਂਕਿ ਬੁਰਿਆਈਆਂ ਨੂੰ ਚੰਗਿਆਈਆਂ ਵਚ ਤਬਦੀਲ ਕਰਨ ਦਾ ਰੁਝਾਨ ਪੈਦਾ ਹੋ ਗਿਆ ਹੈ। “ਪਲੈ ਸਭੁ ਕਿਛੁ ਪਾਏ” ਤੇ ਸਭ ਕੁੱਝ ਤਾਂ ਪਰਮਾਤਮਾ ਹੀ ਹੈ, ਜਿਸ ਨੂੰ ਪੱਲੇ ਵਿੱਚ ਪਾਉਣਾ ਹੈ ਭਾਵ ਹਿਰਦੇ ਵਿੱਚ ਟਿਕਾਉਣਾ ਹੈ, ਇੰਜ ਸਾਰੇ ਹੀ ਸ਼ੁਭ ਗੁਣਾਂ ਨੂੰ ਸਾਂਭਣ ਦਾ ਸਾਰਥਿਕ ਯਤਨ ਹੈ। ਜਦੋਂ ਗੁੱਸਾ ਖਤਮ ਹੋ ਗਿਆ ਸ਼ੁਭ ਗੁਣ ਆ ਗਏ ਏਹੀ ਪਰਮਾਤਮਾ ਦੀ ਪ੍ਰਾਪਤੀ ਹੈ।

ਕ੍ਰੋਧ ਜਾਂ ਗੁੱਸਾ ਐਸੀ ਨਾ-ਮੁਰਾਦ ਬਿਮਾਰੀ ਹੈ ਜਿਸ ਨਾਲ ਚੰਗੇ ਤੋਂ ਚੰਗੇ ਸ਼ਿਰੇਸ਼ਟ ਮਨੁੱਖ ਦਾ ਵੀ ਕੀਮਤੀ ਗਿਆਨ ਗੁਆਚ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਫਰਮਾਉਂਦੇ ਹਨ ਕਿ ਨਾ ਵੱਸ ਵਿੱਚ ਆਉਣ ਵਾਲਾ ਕ੍ਰੋਧ ਮਨੁੱਖ ਦੇ ਹੋਸ਼ ਹਵਾਸ਼ ਸਾਰੇ ਹੀ ਗੁਆ ਦੇਂਦਾ ਹੈ।

ਕਠਨ ਕਰੋਧ ਘਟ ਹੀ ਕੇ ਭਤਿਰਿ ਜਿਹ ਸੁਧਿ ਸਭ ਬਿਸਰਾਈ॥

ਰਤਨੁ ਗਿਆਨੁ ਸਭ ਕੋ ਹਿਰਿ ਲੀਨਾ ਤਾ ਸਿਉ ਕਛੁ ਨ ਬਸਾਈ॥

ਗੁਰੂ ਸਾਹਿਬਾਨ ਜੀ ਦੇ ਜੀਵਨ ਵਿਚੋਂ ਸਾਨੂੰ ਬਹੁਤ ਸਾਰੀਆਂ ਐਸੀਆਂ ਘਟਨਾਵਾਂ ਮਿਲਦੀਆਂ ਹਨ ਕਿ ਉਹਨਾਂ ਨੂੰ ਕਦੇ ਵੀ ਗੁੱਸਾ ਜਾਂ ਕ੍ਰੋਧ ਨਹੀਂ ਆਇਆ। ਗੁਰੂ ਅਰਜਨ ਸਾਹਿਬ ਜੀ ਨੂੰ ਤੱਤੀ ਤਵੀ `ਤੇ ਬਿਠਾਇਆ ਗਿਆ ਹੈ ਪਰ ਮਨ ਵਿੱਚ ਰੰਚਕ ਮਾਤਰ ਵੀ ਕਿਸੇ ਪ੍ਰਤੀ ਗੱਸਾ ਨਹੀਂ ਆਇਆ। ਗੁਰੂ ਤੇਗ ਬਹਾਦਰ ਜੀ ਨੂੰ ਚਾਂਦਨੀ ਚੌਂਕ ਵਿੱਚ ਸ਼ਹੀਦ ਕੀਤਾ ਗਿਆ ਪਰ ਉਹਨਾਂ ਨੂੰ ਭੋਰਾ ਭਰ ਵੀ ਗੱਸਾ ਜਾਂ ਕ੍ਰੋਧ ਨਹੀਂ ਆਇਆ, ਕਿਉਂਕਿ ਬੁਰਿਆਈਆਂ ਨੂੰ ਚੰਗਿਆਈਆਂ ਵਿੱਚ ਤਬਦੀਲ ਕੀਤਾ ਹੋਇਆ ਹੈ।

ਅਸੀਂ ਰੋਜ਼-ਮਰਾ ਦੀ ਜ਼ਿੰਦਗੀ ਵਿੱਚ ਜਦੋਂ ਨਿਗ੍ਹਾ ਮਾਰ ਕੇ ਦੇਖਦੇ ਹਾਂ ਤਾਂ ਨਿੱਕੀਆਂ ਨਿੱਕੀਆਂ ਗੱਲਾਂ ਤੇ ਗੁੱਸਾ ਕਰੀ ਬੈਠੇ ਹਾਂ। ਡੈਡੀ ਜੀ ਨੂੰ ਸਵੇਰੇ ਦਾਹੜੀ ਵਾਲ਼ਾ ਬਰੁਸ਼ ਨਾ ਲੱਭਾ ਤਾਂ ਮੰਮੀ ਜੀ ਨਾਲ ਗੁੱਸਾ, ਡੈਡੀ ਜੀ ਨੇ ਬਰੁਸ਼ ਆਪ ਨਹੀ ਲੱਭਿਆ ਮੰਮੀ ਜੀ ਗੁੱਸੇ। ਗੁੱਸਾ ਐਸੀ ਗਲਤੀ ਹੈ ਜਿਸ ਨਾਲ ਮਨੁੱਖ ਆਪ ਤਾਂ ਪਰੇਸ਼ਾਨ ਹੁੰਦਾ ਹੈ ਪਰ ਦੂਸਰਿਆਂ ਨੂੰ ਮੁਫਤ ਵਿੱਚ ਗੁੱਸੇ ਦੀ ਅੱਗ ਵਿੱਚ ਬਾਲ਼ਦਾ ਹੈ। ਫ਼ਰੀਦ ਜੀ ਨੇ ਬੜਾ ਸੁੰਦਰ ਸੁਝਾਅ ਦਿੱਤਾ ਹੈ ਕਿ ਬੁਰੀ ਸੋਚ ਨੂੰ ਆਪਣੇ ਨੇੜੇ ਨਾ ਢੁੱਕਣ ਦਿਓ, ਸਗੋਂ ਬੁਰੀ ਸੋਚ ਨੂੰ ਭਲੀ ਸੋਚ ਵਿੱਚ ਤਬਦੀਲ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਇੰਜ ਕਰਨ ਨਾਲ ਸਾਡੇ ਸਰੀਰ ਦੇ ਗਿਆਨ ਇੰਦ੍ਰਿਆਂ ਨੂੰ ਭਿਆਨਕ ਬਿਮਾਰੀਆਂ ਨਹੀਂ ਲੱਗਣਗੀਆਂ ਤੇ ਰੱਬੀ ਗੁਣ ਆਪਣੇ ਆਪ ਹਿਰਦੇ ਵਿੱਚ ਆ ਜਾਣਗੇ।

ਸਿਦਕੁ ਸਬੂਰੀ ਸਾਦਿਕਾ, ਸਬਰੁ ਤੋਸਾ ਮਲਾਇਕਾਂ॥

ਦੀਦਾਰੁ ਪੂਰੈ ਪਾਇਸਾ, ਥਾਉ ਨਾਹੀ ਖਾਇਕਾ॥

ਸਲੋਕ ਮ: 1 ਪੰਨਾ 83 --
.