.

ਰਿਜ਼ਕ, ਬੇਰੁਜ਼ਗਾਰੀ, ਪਤਿੱਤਪੁਣਾ

ਰੋਟੀ ਰੋਜ਼ੀ ਦਾ ਮਸਲਾ

ਅਤੇ ਸਿੱਖ ਧਰਮ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਪਾਤਸ਼ਾਹ ਨੇ ਮਨੁੱਖ ਨੂੰ ਜੀਵਨ ਦਾ ਉਹ ਸੁਨਹਿਰੀ ਅਸੂਲ ਬਖਸ਼ਿਆ ਹੈ ਜਿਸਦੀ ਮਿਸਾਲ ਦੁਨੀਆਂ ਭਰ `ਚ ਮਿਲਨੀ ਅਸੰਭਵ ਹੈ। ਇਹ ਅਸੂਲ ਹੈ ਨਾਮ ਜਪੋ, ਕਿਰਤ ਕਰੋ, ਵੰਡ ਛਕੋ”। ਅਜ ਜਦੋਂ ਕਿ ਗੁਰੂ ਕਾ ਸਿੱਖ ਬਾਣੀ ਜੀਵਨ ਤੋਂ ਬਹੁਤ ਦੂਰ ਜਾ ਚੁਕਾ ਹੈ, ਇਸਦੇ ਬਾਵਜੂਦ ਅਜ ਦੇ ਜ਼ਮਾਨੇ `ਚ ਵੀ ਸਿੱਖਾਂ ਵਿਚਕਾਰ ਭਿਖਾਰੀ ਨਾ ਦੇ ਬਰਾਬਰ ਮਿਲਣਗੇ। ਉਸਦਾ ਕਾਰਣ ਉਨ੍ਹਾਂ ਦਾ ਇਹੀ ਰੱਬੀ ਗੁਣ ਹੈ ‘ਕਿਰਤ ਕਰਨੀ ਹੈ, ਮੰਗ ਕੇ ਨਹੀਂ ਖਾਣਾ’। ਉਸੇ ਦਾ ਨਤੀਜਾ, ਜਿੱਥੇ ਅਜ ਸਿੱਖ ਸਾਰੀ ਦੁਨੀਆਂ `ਚ ਫੈਲ ਚੁਕਾ ਹੈ ਉਥੇ ਨਾਲ ਇਹ ਸੱਚਾਈ ਵੀ ਹੈ ਕਿ ਕਈ ਦੇਸ਼ਾਂ ਨੂੰ ਤਾਂ ਸਿੱਖਾਂ ਤੇ ਮਾਣ ਹੀ ਇਸ ਵਾਸਤੇ ਹੈ ਕਿਉਂਕਿ ਸਿੱਖਾਂ ਦੇ ਉਥੇ ਵੱਸ ਜਾਣ ਕਰਕੇ, ਸਿੱਖਾਂ ਦੇ ਨਾਲ ਨਾਲ ਉਨ੍ਹਾਂ ਮੁਲਕਾਂ ਨੂੰ ਆਰਥਿਕ ਪਖੋਂ ਵੀ ਬੜਾ ਲਾਭ ਹੋਇਆ ਹੈ।

ਉਂਝ ਉਹ ਮਿਸਾਲਾਂ ਵੀ ਹਨ ਜਦੋਂ ਕੁੱਝ ਮੁਲਕਾਂ ਅਤੇ ਉਥੋਂ ਦੇ ਮੂਲ ਵਸਨੀਕਾਂ ਨੂੰ ਸਿੱਖਾਂ ਨਾਲ ਇਸ ਪਖੋਂ ਸਾੜਾ ਹੋ ਜਾਂਦਾ ਹੈ ਕਿ ਇਹ ਬਹਾਦੁਰ ਕੌਮ ਉਨ੍ਹਾਂ ਦੇ ਦੇਖਦੇ ਦੇਖਦੇ ਉਨ੍ਹਾਂ ਤੋਂ ਵੱਧ ਅਮੀਰ, ਧੰਨਾਢ `ਤੇ ਸੰਪਨ ਹੋ ਜਾਂਦੀ ਹੈ, ਜਦਕਿ ਉਥੋਂ ਦੇ ਮੂਲ ਵਾਸੀ ਹੁੰਦੇ ਹੋਏ ਵੀ ਉਹ ਲੋਕ, ਸਿੱਖਾਂ ਤੋਂ ਪਿੱਛੇ ਰਹਿ ਜਾਂਦੇ ਹਨ। ਹਾਲਾਂਕਿ ਕਈ ਵਾਰੀ ਸਿੱਖਾਂ ਨੂੰ ਅਪਣੇ ਇਸ ਰੱਬੀ ਗੁਣ ਲਈ ਭਾਰੀ ਕੀਮਤ ਵੀ ਅਦਾ ਕਰਨੀ ਪੈਂਦੀ ਹੈ। ਦੂਰ ਕਿਉਂ ਜਾਵੋ! ਭਾਰਤ ਦੀ ਆਜ਼ਾਦੀ ਦੇ ਆਂਕੜੇ ਸਾਹਮਣੇ ਹਨ। ਜਿਸ ਨੂੰ ਹਾਸਲ ਕਰਨ `ਚ ਵੱਡਾ ਹਿੱਸਾ ਸਿੱਖਾਂ ਦਾ ਬਲਕਿ ਅਪਣੀ ਗਿਣਤੀ ਦੇ ਮੁਕਾਬਲੇ ਕਈ ਗੁਣਾ ਵੱਧ ਹੈ, ਫ਼ਿਰ ਵੀ ਸੰਨ 1947 ਵਾਲੀ ਦੇਸ਼ ਦੀ ਵੰਡ ਸਮੇਂ ਪੂਰੀ ਤਰ੍ਹਾਂ ਉਜੜ ਕੇ ਆਉਣ ਤੋਂ ਬਾਦ ਸਿੱਖ ਜਦੋਂ ਪੂਰੇ ਭਾਰਤ `ਚ ਫੈਲ ਗਏ ਤਾਂ ਅਪਣੇ ‘ਕਿਰਤ ਕਰੋ’ ਵਾਲੀ ਸਤਿਗੁਰਾਂ ਦੀ ਦੇਣ ਕਾਰਣ, ਪੂਰੀ ਤਰ੍ਹਾਂ ਉਜੜਣ ਤੋਂ ਬਾਦ ਫ਼ਿਰ ਤੋਂ ਚੰਗੇ ਵਧੇ-ਫੁਲੇ; ਸੰਪਨ `ਤੇ ਧੰਨਾਢ ਹੋਕੇ ਉਭਰੇ। ਸੰਨ 1984 ਦੇ ਘਲੂਘਾਰੇ `ਚ ਸਿੱਖਾਂ ਦੀ ਕਤਲੋ-ਗ਼ਾਰਤ ਅਤੇ ਉਨ੍ਹਾ ਦੀਆਂ ਜਾਇਦਾਦਾਂ ਨੂੰ ਸਾੜਣ-ਫੂਕਣ-ਲੁੱਟਣ ਪਿਛੇ ਬਹੁਤਾ ਕਰਕੇ ਦੂਜਿਆਂ ਦਾ ਇਹ ਸਾੜਾ ਹੀ ਸੀ। ਇਸ ਤਰ੍ਹਾਂ ਜਦੋਂ ਸਿੱਖ ਦੀ ਜੜ੍ਹ ਵਿੱਚ ਹੀ ‘ਕਿਰਤ ਕਰੋ’ ਵਾਲੀ ਗਲ ਹੈ ਤਾਂ ਇਸ `ਚ ਸਤਿਗੁਰੂ ਆਪ ਹੀ ਉਸਦੇ ਸਹਾਈ ਵੀ ਹੁੰਦੇ ਹਨ।

ਸਚਾਈ ਨੂੰ ਸਮਝਦੇ ਦੇਰ ਨਹੀਂ ਲਗਣੀ ਚਾਹੀਦੀ ਕਿ ਬਾਣੀ ਜੀਵਨ ਤੋਂ ਬਹੁਤ ਦੂਰ ਜਾਕੇ ਵੀ ਖਾਲੀ ਗੁਰੂ ਵਿਸ਼ਵਾਸ `ਚ ਬਚੀ ਹੋਈ ‘ਕਿਰਤ ਕਰੋ’ ਵਾਲੀ ਭਾਵਨਾ ਹੀ ਜੇਕਰ ਸਿੱਖ ਨੂੰ ਸੰਸਾਰ ਅੰਦਰ ਇੰਨਾ ਉਚਾ ਰੁੱਤਬਾ ਦੁਆ ਰਹੀ ਹੈ ਤਾਂ ਜੇਕਰਂ ਗੁਰਬਾਣੀ ਨਾਲ ਜੁੜਿਆ ਰਹਿਕੇ ਇਸਦਾ ਜੀਵਨ ਹੀ ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਸੀ ਤਾਂ ਉਦੋਂ ਤੀਕ ਇਸਦਾ ਇਤਿਹਾਸ ਵੀ ਨਿਰਾਲਾ, ਨਿਵੇਕਲਾ `ਤੇ ਚਮਕਦਾ ਇਤਿਹਾਸ ਸੀ। ਇਥੋਂ ਤੀਕ ਕਿ ਵਿਰੋਧੀਆਂ ਦੀਆਂ ਕਚਿਹਰੀਆਂ `ਚ ਖਲੋ ਕੇ ਗਵਾਹੀ ਵੀ ਸਿੱਖ ਦੀ ਹੀ ਸੱਚੀ ਮਨੀ ਜਾਂਦੀ ਰਹੀ। ਕੇਵਲ ਉਦੋਂ ਤੱਕ ਜਦੋਂ ਤੀਕ ਇਸਦਾ ਅਟੁੱਟ ਵਿਸ਼ਵਾਸ ਵੀ ਅਪਣੇ ਗੁਰੂ ਤੇ ਸੀ ਅਤੇ ਇਧਰ-ਓਧਰ ਨਹੀਂ ਸੀ ਡੋਲਦਾ। ਸਖ਼ਤ ਤੋਂ ਸਖ਼ਤ ਹਾਲਾਤ `ਚ, ਉਸ ਲਈ ਭੁੱਜੇ ਛੋਲੇ ਵੀ ਬਦਾਮ ਹੁੰਦੇ ਸਨ, ਹਮੇਸ਼ਾਂ ਚੜ੍ਹਦੀਆਂ ਕਲਾ `ਚ ਰਿਹਾ ਅਤੇ ਇਸੇ ਲਈ ਇਸਨੂੰ ਗੁਰੂ ਦੀ ਬਖਸ਼ਿਸ਼ ਵੀ ਹਾਸਲ ਰਹੀ। ਉਹ ਬਖਸ਼ਿਸ਼ ਜਿਹੜੀ ਕਿ ਅਜ ਆਪਹੁਦਰਾ ਹੋਕੇ ਇਹ ਗੁਆਈ ਬੈਠਾ ਹੈ।

ਦੋ ਰਾਵਾਂ ਨਹੀਂ ਕਿ ‘ਰੋਟੀ ਕਪੜਾ `ਤੇ ਮਕਾਨ’ ਮਨੁੱਖ ਦੀਆਂ ਮੁੱਖ ਲੋੜਾਂ ਹਨ, ਇਸਦੀ ਉਗਾਹੀ ਬਾਣੀ ਨੇ ਵੀ “ਭੂਖੇ ਭਗਤਿ ਨ ਕੀਜੈ॥ ਯਹ ਮਾਲਾ ਅਪਨੀ ਲੀਜੈ” (ਪੰ:656) ਕਹਿਕੇ ਭਰੀ ਹੈ। ਉਸਦੇ ਨਾਲ ਅਜ ਜਦੋਂ ਮਨੁੱਖ ‘ਰੋਟੀ ਕਪੜਾ `ਤੇ ਮਕਾਨ’ ਵਾਲੀਆਂ ਮੂਲ ਲੋੜਾਂ ਤੋਂ ਵੀ ਆਤੁਰ ਹੋ ਜਾਵੇ ਅਤੇ ਇਸ ਕੋਲੋਂ ਗੁਰੂ ਵਾਲਾ ਵਿਸ਼ਵਾਸ ਵੀ ਖੋਹਿਆ ਜਾ ਚੁਕਾ ਹੋਵੇ ਤਾਂ ਉਸਦੀ ਹਾਲਤ ਇਹੀ ਹੋਵੇਗੀ ਜਿਹੜੀ ਅਜ ਸਿੱਖ ਪਨੀਰੀ ਅੰਦਰ ਘਰ ਕਰ ਚੁਕੀ ਹੈ। ਪਨੀਰੀ ਧੱੜਾ ਧੱੜ ਪਤਿੱਤਪੁਣੇ ਵਲ ਵੱਧ ਰਹੀ ਅਤੇ ਦੂਜਿਆਂ ਦੀ ਝੋਲੀ `ਚ ਡਿੱਗ ਰਹੀ ਹੈ। ਖੈਰ! ਉਹ ਸਾਰਾ ਵਿਸ਼ਾ, ਗੁਰਮਤਿ ਪਾਠ ਨੰ: 28 “ਗੁਰਦੁਆਰਿਆਂ ਦਾ ਮਨੋਰਥ ਅਤੇ ਅਸੀਂ” `ਚ ਲੈ ਚੁਕੇ ਹਾਂ, ਦੋਹਰਾਨ ਦੀ ਲੋੜ ਨਹੀਂ। ਸ਼ਕ ਨਹੀਂ, ਇਸ `ਚ ਵੱਡਾ ਦੋਸ਼ ਮੌਜੂਦਾ ਪੰਥਕ ਆਗੂਆਂ, ਚੋਣਾਂ ਰਸਤੇ ਚੁਣੇ ਪ੍ਰਬੰਧਕਾਂ `ਤੇ ਚਾਪਲੂਸ ਪ੍ਰਚਾਰਕਾਂ ਦਾ ਹੈ। ਫ਼ਿਰ ਵੀ ਸੰਸਾਰ ਪੱਧਰ ਤੇ ਇਸ ਸੱਚਾਈ ਨੂੰ ਸਮਝਣਾ ਹੋਵੇ ਤਾਂ ‘ਰੋਟੀ ਕਪੜਾ ਮਕਾਨ’ ਵਾਲੀਆਂ ਮੂਲ ਲੋੜਾਂ ਦਾ ਆਧਾਰ ਹੈ ਮਨੁੱਖ ਦੀ ਰੋਟੀ-ਰੋਜ਼ੀ-ਰੁਜ਼ਗਾਰ ਦਾ ਮੱਸਲਾ। ਅਜ ਸਿੱਖਾਂ `ਚ ਜੋ ਬੇਰੁਜ਼ਗਾਰੀ, ਪਤਿੱਤਪੁਣਾ ਹਦੋਂ ਟੱਪ ਰਿਹਾ ਹੈ, ਇਸ ਪਿਛੇ ਭਾਵੇਂ ਸਿੱਖ ਵਿਰੋਧੀਆਂ ਦੀਆਂ ਸਾਜ਼ਿਸ਼ਾਂ ਵੀ ਕੰਮ ਕਰ ਰਹੀਆਂ ਹਨ ਪਰ ਇਸਦਾ ਮੁੱਖ ਕਾਰਣ ਹੈ ਸਿੱਖਾਂ ਅੰਦਰ ਗੁਰਬਾਣੀ ਸੋਝੀ ਪਖੋਂ ਨਿੱਤ ਭਰੀ ਜਾ ਰਹੀ ਅਗਿਆਨਤਾ ਅਤੇ ਪਨੀਰੀ ਦਾ ਗੁਰੂ ਤੋਂ ਡੋਲਿਆ ਵਿਸ਼ਵਾਸ। ਇਸਤਰ੍ਹਾਂ ਸਿੱਖ ਮਾਨਸ ਜਦੋਂ ਆਪ ਹੀ ਗੁਰੂ ਵਲ ਪਿੱਠ ਕਰਕੇ-ਹੂੜਮੱਤ, ਅਨਮਤ, ਵਿਪਰਨ ਰੀਤਾਂ, ਦੁਰਮੱਤਾ, ਵਿੱਭਚਾਰ, ਕੁਕਰਮਾਂ ਨੂੰ ਜਫ਼ੇ ਮਾਰੀ ਬੈਠਾ ਹੈ ਤਾਂ ਗੁਰੂ ਤੋਂ ਬਖਸ਼ਿਸ਼ ਦੀ ਉਮੀਦ ਕਿਵੇਂ ਕਰ ਸਕਦਾ ਹੈ? ਨਹੀਂ ਤਾਂ, ਇਹ ਗੁਰੂ ਕਾ ਉਹੀ ਸਿੱਖ ਹੈ ਜੋ ਮਿੱਟੀ ਨੂੰ ਹੱਥ ਪਾਂਦਾ ਸੀ ਤਾਂ ਉਹ ਵੀ ਸੋਨਾ ਉਗਲਦੀ ਸੀ। ਆਖਿਰ ਨੈਨੀਤਾਲ ਵਰਗੇ ਦੁਰਗਮ ਇਲਾਕਿਆਂ ਨੂੰ ਵੀ ਹਰਾ-ਭਰਾ ਕਰਣ ਦਾ ਸ਼੍ਰੇਅ ਕਿਸ ਨੂੰ ਹੈ? ਕੇਵਲ ਸਿੱਖਾਂ ਨੂੰ। ਫ਼ਿਰ, ਅਜ ਉਥੇ ਵੀ ਇਸਦੀ ਜੋ ਹਾਲਤ ਬਣ ਚੁਕੀ ਹੈ, ਉਸਦਾ ਕਾਰਣ ਹੈ ਕਿ ਅਜ ਇਹ ਗੁਰੂ ਵਲ ਪਿੱਠ ਕਰੀ ਬੈਠਾ ਹੈ।

“ਕਾਹੇ ਰੇ ਮਨ ਚਿਤਵਹਿ ਉਦਮੁ” -ਸਾਡੇ ਹੱਥਲੇ ਗੁਰਮਤਿ ਪਾਠ ਦਾ ਮੱਕਸਦ ਮੋਟੇ ਤੌਰ ਤੇ ਸਿੱਖ ਨੂੰ ਯਕੀਣੀ ਬਨਾਉਣਾ ਹੈ ਕਿ ਇਨ੍ਹਾਂ ਪੈਦਾ ਹੋ ਚੁਕੇ ਹਾਲਾਤਾਂ ਦਾ ਮੁੱਖ ਕਾਰਣ ਤੁਹਾਡੇ ਵਿਚਕਾਰ ਗੁਰਬਾਣੀ ਵਲੋਂ ਅਗਿਆਨਤਾ ਹੀ ਜ਼ਿਮੇਵਾਰ ਹੈ, ਹੋਰ ਕੁੱਝ ਨਹੀਂ। ਇਸ `ਚ ਦੋਸ਼, ਤੁਹਾਡਾ ਵੀ ਘੱਟ ਨਹੀਂ ਕਿਉਂਕਿ ਪੜ੍ਹਾਈ ਲਿਖਾਈ ਦੇ ਬਾਵਜੂਦ ਅਜ ਤੁਸੀ ਵੀ ਗੁਰਬਾਣੀ ਵਲੋਂ ਅਵੇਸਲੇ ਚਲਣ ਕਰਕੇ, ਸੱਚਾਈ ਤੋਂ ਭੱਟਕੇ ਹੋਏ ਹੋ। ਜੇਕਰ ਅਜ ਵੀ ਤੁਸੀਂ ਅਪਣੇ ਰੋਟੀ-ਰੋਜ਼ੀ ਦੇ ਮੱਸਲੇ ਨੂੰ ਗੁਰਬਾਣੀ ਦੀ ਰੋਸ਼ਨੀ `ਚ ਸਮਝੋ ਤਾਂ-ਗੁਰੂ ਤੋਂ ਬੇਮੁੱਖ ਹੋਣਾ, ਪਤਿੱਤ ਹੋਣਾ ਤਾਂ ਦੂਰ, ਦੂਜਿਆਂ ਲਈ ਵੀ ਚਾਨਣ ਮੁਨਾਰਾ ਬਣ ਸਕਦੇ ਹੋ। ਇਸ ਲਈ ਰੋਟੀ-ਰੋਜ਼ੀ ਦੇ ਕੁੱਦਰਤੀ ਨੀਯਮ ਨੂੰ ਸਮਝਣ ਲਈ ਪਹਿਲਾਂ ਕਰਤਾਰ ਦੀ ਰਚਨਾ ਵਿਚੋਂ ਹੀ ਦੋ-ਇਕ ਮਿਸਾਲਾਂ ਸਾਂਝੀਆਂ ਕਰਦੇ ਹਾਂ ਉਪਰੰਤ ਗੁਰਬਾਣੀ ਵਿਚੋਂ ਇਸ ਰੱਬੀ ਨੀਯਮ ਨੂੰ ਸਮਝਣ ਦਾ ਜਤਨ ਕਰਾਂਗੇ।

ਅੰਦਾਜ਼ਾ ਲਗਾਓ! ਸੰਸਾਰ ਰਚਨਾ `ਚ ਆਂਕੜਿਆਂ ਮੁਤਾਬਕ ਜੰਗਲੀ ਜਾਨਵਰਾਂ, ਪਸ਼ੂਆਂ, ਪੰਛੀਆਂ, ਕੀੜਿਆਂ-ਮਕੌੜਿਆਂ, ਡੱਡੀਆਂ-ਮੱਛੀਆਂ-ਮਗਰਮੱਛਾਂ ਆਦਿ (ਹਵਾ-ਪਾਣੀ ਦੇ ਸੂਖਮ ਜੀਵਾਂ ਨੂੰ ਵੀ ਛਡਕੇ) ਮਨੁੱਖ ਜਾਤੀ ਨਾਲੋਂ ਉਨ੍ਹਾਂ ਦੀ ਗਿਣਤੀ ਕਈ ਗੁਣਾਂ ਵੱਧ ਹੈ। ਫ਼ਿਰ ਵੀ ਉਨ੍ਹਾਂ ਅਣਗਿਣਤ ਜੀਵਾਂ `ਚੋਂ ਕਦੇ ਕਿਸੇ ਨਹੀਂ ਸੁਣਿਆ ਕਿ ਕੋਈ ਜੀਵ ਭੁੱਖਾ ਮਰਿਆ ਹੋਵੇ ਜਾਂ ਕਿਸੇ ਨੇ ਆਤਮ ਹਤਿਆ ਕੀਤੀ ਹੋਵੇ। ਇਹ ਸਭ ਕੇਵਲ ਮਨੁੱਖ ਹੀ ਕਰਦਾ ਹੈ ਕਿਉਂ? ਦੂਰ ਕਿਉਂ ਜਾਵੋ! ਪੰਛੀ ਪੋਹ ਫੁੱਟਦੇ, ਘੋਂਸਲਿਆਂ ਚੋਂ ਉੱਡਦੇ `ਤੇ ਰੋਟੀ-ਰੋਜ਼ੀ ਦਾ ਆਹਰ ਕਰਕੇ ਰਜ-ਪੁਜ ਕੇ ਸਮੇਂ ਨਾਲ ਘੋਂਸਲਿਆਂ `ਚ ਵਾਪਿਸ ਪੁਜ ਜਾਂਦੇ ਹਨ। ਉਹ ਤਾਂ ਅਗਲੇ ਡੰਗ ਦੀ ਚਿੰਤਾ `ਚ ਨਾ ਹੀ ਕੁੱਝ ਨਾਲ ਲਿਆਉਂਦੇ ਅਤੇ ਨਾ ਹੀ ਉਨ੍ਹਾਂ ਦੇ ਘੋਂਸਲਿਆਂ `ਚ ਦੂਜੇ ਵੱਕਤ ਲਈ ਕੁੱਝ ਪਿਆ ਹੁੰਦਾ ਹੈ। ਦੂਜੇ ਪਾਸੇ, ਮਨੁੱਖ ਤਾਂ ਆਉਣ ਵਾਲੀਆਂ ਪੁਸ਼ਤਾਂ ਲਈ ਵੀ ਘਬਰਾਇਆ ਫ਼ਿਰਦਾ ਹੈ, ਕਿਉਂਕਿ ਉਸਨੂੰ ਮਾਲਿਕ ਤੇ ਨਹੀਂ; ਅਪਣੇ ਤੇ ਯਕੀਨ ਵੱਧ ਹੁੰਦਾ ਹੈ ਅਤੇ ਫ਼ਿਰ ਵੀ ਸਦਾ ਤੱੜਫਦਾ ਰਹਿੰਦਾ ਹੈ। ਇਸਦੇ ਉਲਟ ਜੇਕਰ ਸਿੱਖ ਅਜ ਵੀ ਉਦਮ ਤਾਂ ਕਰੇ ਪਰ ਅਪਣੀ ਸੋਝੀ, ਵਿਸ਼ਵਾਸ, ਸੇਧ ਗੁਰਬਾਣੀ ਤੋਂ ਲਵੇ ਤਾਂ ਇਸਤਰ੍ਹਾਂ ਜੇਕਰ ਗੁਰੂ ਦੇ ਅਕੱਟ ਵਿਸ਼ਵਾਸ `ਚ ਰਹਿੰਦਾ ਹੋਇਆ ਅਪਣੇ ਅਸਲੀ ਸਿੱਖੀ ਜੀਵਨ `ਚ ਵਾਪਿਸ ਆ ਜਾਵੇ ਤਾਂ ਯਕੀਨਣ ਅਜ ਵੀ ਉਸਨੂੰ ਵਿਰੋਧੀਆਂ ਦੀ ਝੌਲੀ `ਚ ਡਿੱਗਣ, ਪਤਿੱਤ `ਤੇ ਕਰੂਪ ਹੋਣ ਜਾਂ ਇਧਰ-ਓਧਰ ਭੱਟਕਣ, ਝਾਕਣ `ਤੇ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ-ਗੁਰੂ ਆਪ ਹੀ ਉਸਨੂੰ ਅਪਣੀ ਬਖਸ਼ਿਸ਼ ਵਾਲੀ ਨਿੱਘੀ ਗੋਦ `ਚ ਬਿਠਾ ਲਵੇਗਾ ਅਤੇ ਸਾਰਾ ਮੱਸਲਾ ਅਪਣੇ ਆਪ ਹੱਲ ਹੋ ਜਾਵੇਗਾ।

ਗੁਰਦੇਵ ਇਥੋਂ ਤੀਕ ਸਮਝਾਂਦੇ ਹਨ, ਬੰਦਿਆ! ਮਨੁੱਖਾ ਸਰੀਰ ਤਾਂ ਤੈਨੂੰ ਇਸ ਲਈ ਦਿਤਾ ਹੈ ਕਿ ਸਾਧਸੰਗਤ `ਚ ਪੁਜਕੇ ਗੁਰੂ ਦੀ ਬਖਸ਼ਿਸ਼ ਦਾ ਪਾਤ੍ਰ ਬਣ ਤਾਕਿ ਬਾਰ ਬਾਰ ਦੇ ਜਨਮ ਮਰਣ ਦੇ ਗੇੜ੍ਹ ਚੋਂ ਨਿਕਲਕੇ ਅਪਣੇ ਅਸਲੇ ਨਾਲ ਅਭੇਦ ਹੋ ਜਾਵੇਂ। ਜੀਵਨ ਨੂੰ ਚਲਾਉਣ ਜਾਂ ਰੋਜ਼ੀ ਰੋਟੀ ਲਈ ਤਾਂ ਪਸ਼ੂ, ਪੰਛੀ, ਕੀੜੇ-ਮਕੌੜੇ ਵੀ ਉਦਮ ਕਰਦੇ ਹਨ। ਕਿਉਂਕਿ ‘ਉਦਮ’ ਤਾਂ ਹਰੇਕ ਜੀਵ ਦੇ ਸਰੀਰ ਲਈ ਕਰਤੇ ਨੇ ਘੜਿਆ ਹੈ। ਫ਼ੈਸਲਾ ਹੈ ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥ ੧ ॥ ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ॥ ੧ ॥ ਰਹਾਉ॥ …. ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ॥ ੨ ॥ ਊਡੇ ਊਡਿ ਆਵੈ ਸੈ ਕੋਸਾ ਤਿਸੁ ਪਾਛੈ ਬਚਰੇ ਛਰਿਆ॥ ਤਿਨ ਕਵਣੁ ਖਲਾਵੈ ਕਵਣੁ ਚੁਗਾਵੈ ਮਨ ਮਹਿ ਸਿਮਰਨੁ ਕਰਿਆ…” (ਪੰ: 10) ਇਸ ਲਈ ਬੰਦਿਆ! ਅਪਣੇ ਆਹਰ ਰਿਜ਼ਕ ਲਈ ਉਦੱਮ ਤਾਂ ਤੂੰ ਵੀ ਕਰਨਾ ਹੈ ਪਰ ਚਿੰਤਾ ਵਾਲਾ ਉਦੱਮ (ਚਿਤਵਹਿ ਉਦਮੁ) ਨਹੀਂ ਕਰਨਾ। ਪਾਤਸ਼ਾਹ ਮਿਸਾਲਾਂ ਦੇ ਕੇ ਸਮਝਾਂਦੇ ਹਨ ਕਿ ਪੱਥਰਾਂ `ਤੇ ਚੱਟਾਨਾਂ `ਚ ਵੀ ਕਰਤਾਰ ਜੀਵ ਪੈਦਾ ਕਰਦਾ ਹੈ ਪਰ ਉਨ੍ਹਾਂ ਦਾ ਰਿਜ਼ਕ ਵੀ ਉਥੇ ਹੀ ਦਿਤਾ ਹੁੰਦਾ ਹੈ। ਕੂੰਜਾਂ ਦੀ ਮਿਸਾਲ ਦੇਂਦੇ ਹਨ ਜਿਹੜਿਆਂ ਬਚਿਆਂ ਨੂੰ ਜਨਮ ਦੇਂਦੇ ਸਾਰ ਸੈਂਕੜੇ ਕੋਹਾਂ ਦੀ ਉਡਾਰੀ ਮਾਰ ਜਾਂਦੀਆਂ `ਤੇ ਵਾਪਿਸ ਨਹੀਂ ਆਉਂਦੀਆਂ, ਪਰ ਬੱਚੇ ਉਨ੍ਹਾਂ ਦੇ ਵੀ ਭੁੱਖੇ ਨਹੀਂ ਮਰਦੇ ਅਤੇ ਪਲਦੇ ਹਨ ਕਿਉਂਕਿ ਪ੍ਰਭੁ ਨੇ ਉਨ੍ਹਾਂ ਦੇ ਰਿਜ਼ਕ ਦਾ ਪ੍ਰਬੰਧ ਵੀ ਉਨਾਂ ਦੇ ਜਨਮ ਤੋਂ ਪਹਿਲਾਂ ਕੀਤਾ ਹੋਇਆ ਹੈ।

“ਨਾਨਕ ਚਿੰਤਾ ਮਤਿ ਕਰਹੁ. .”-ਗੁਰਬਾਣੀ ਤਾਂ ਉਚੀ ਆਵਾਜ਼ `ਚ ਸਮਝਾ ਰਹੀ ਹੈ ਇਹ ਇਨਸਾਨ! ਰੋਜ਼ੀ ਤਾਂ ਤੈਨੂੰ ਜਨਮ ਤੋਂ ਪਹਿਲਾਂ ਹੀ ਕਰਤਾਰ ਨੇ ਦਿਤੀ ਹੋਈ ਹੈ, ਕੇਵਲ ਗੁਰੂ ਤੇ ਟੇਕ ਰਖ, ਗੁਰਬਾਣੀ ਜੀਵਨ ਦੀ ਸੇਧ `ਚ ਚਲਕੇ, ਗੁਰੂ ਬਖਸ਼ੇ ਸਰੀਰ ਨਾਲ ਇਸ ਲਈ ਉਦਮ ਕਰ, ਤੈਨੂੰ ਕਿਸੇ ਤਰ੍ਹਾਂ ਵੀ ਘਾਟਾ ਨਹੀਂ ਹੋਵੇਗਾ। ਜੇ ਤੂੰ ਗੁਰੂ ਦਾ ਹੈਂ ਤਾਂ ਤੈਨੂੰ ਰੋਜ਼ੀ ਲਈ ਚਿੰਤਾ ਕਰਨ ਦੀ ਲੋੜ ਨਹੀਂ। ਇਸਦੇ ਉਲਟ ਅਜ ਨਾ ਤੇਰੇ ਜੀਵਨ ਅੰਦਰ ਨਾ ਗੁਰਬਾਣੀ ਦੀ ਰੋਸ਼ਨੀ ਹੈ ਅਤੇ ਨਾ ਤੈਨੂੰ ਅਪਣੇ ਪੈਦਾ ਦਾ ਕਰਨ ਵਾਲੇ ਤੇ ਭਰੋਸਾ। ਇਸੇ ਲਈ ਦਰ ਦਰ ਦੇ ਧੱਕੇ ਖਾ `ਤੇ ਖੁਆਰ ਹੋ ਰਿਹਾ ਹੈ। ਆਹ ਦੇਖ! ਗੁਰਬਾਣੀ ਤੈਨੂੰ ਕਿਸ ਰੱਬੀ ਸੱਚਾਈ ਨਾਲ ਜੋੜ ਰਹੀ ਹੈ, ਫ਼ੁਰਮਾਨ ਹੈ ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥ ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ॥ ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ॥ ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥ ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ” (ਪੰ: 955)। ਬਾਣੀ ਦਾ ਫ਼ੈਸਲਾ ਹੈ ‘ਚਿੰਤਾ’ ਵਾਲਾ ਰੋਗ ਮਨੁੱਖ ਦਾ ਅਪਣਾ ਪੈਦਾ ਕੀਤਾ ਹੋਇਆ ਹੈ, ਪ੍ਰਭੁ ਨੇ ਨਹੀਂ ਦਿਤਾ। ਇਹ ਰੋਗ ਅਪਣੀ ਹੂੜਮੱਤ `ਤੇ ਕਰਤਾਰ ਨੂੰ ਭੁਲਣ ਕਰਕੇ ਮਨੁੱਖ ਨੇ ਆਪ ਹੀ ਪੈਦਾ ਕੀਤਾ ਹੈ।

ਗੁਰਦੇਵ ਸੇਧ ਦੇਂਦੇ ਹਨ “ਸਿਰਿ ਸਿਰਿ ਰਿਜਕੁ ਸੰਬਾਹੇ ਠਾਕੁਰੁ ਕਾਹੇ ਮਨ ਭਉ ਕਰਿਆ” (ਪੰਨਾ10) ਇਸਲ ਈ ਬੰਦਿਆ! ਅਜੇਹਾ ਡਰ ਜਾਂ ਚਿੰਤਾ ਅਪਣੇ ਅੰਦਰੋਂ ਤਿਆਗ ਦੇ, ਤੂੰ ਤਾਂ ਕੇਵਲ ਉਦਮ ਕਰਨਾ ਹੈ। ਜਿਸ ਕਰਤਾਰ ਨੇ ਤੈਨੂੰ ਪੈਦਾ ਕੀਤਾ ਹੈ ਉਹ ਰਿਜ਼ਕ ਵੀ ਜ਼ਰੂਰ ਦੇਵੇਗਾ ਇਸ ਸੱਚਾਈ ਨੂੰ ਸਮਝ ਕਿ ਨਕਿ ਨਥ ਖਸਮ ਹਥ ਕਿਰਤੁ ਧਕੇ ਦੇ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ” (ਪੰ: 653)। ਇਸ ਰੋਟੀ-ਰੋਜ਼ੀ ਖਾਤਿਰ ਤੈਨੂੰ ਬੇ-ਸਬਰੇਪਣ `ਚ ਹੂੜਮੱਤ ਜਾਂ ਅਗਿਆਨਤਾ ਦਾ ਸ਼ਿਕਾਰ ਹੋਕੇ ਧਰਮ-ਇਮਾਨ, ਅਸੂਲ ਵੇਚਣ ਦੀ ਲੋੜ ਨਹੀਂ ਕੇਵਲ ਗੁਰੂ ਦੇ ਅਕੱਟ ਵਿਸ਼ਵਾਸ `ਚ ਉਦਮ ਦੀ ਲੋੜ ਹੈ। ਚੇਤੇ ਰੱਖ! ਗੁਰੂ ਤੋਂ ਬੇਮੁੱਖ ਹੋਕੇ ਸੰਸਾਰ ਦੀ ਕਿਸੇ ਗੰਦਗੀ-ਚਿੱਕੜ `ਚ ਡਿੱਗ ਪੈਣਾ ਉਪਰੰਤ ਅਪਣੀ ਉਲਾਦ ਲਈ ਉਸੇਤਰ੍ਹਾਂ ਗੱਢੇ ਖੋਦਕੇ ਚਲੇ ਜਾਣਾ ਪਰਲੇ ਦਰਜੇ ਦੀ ਨੀਚਤਾ ਅਤੇ ਮੂਰਖਤਾ ਹੈ। ਰੋਟੀ-ਰੋਜ਼ੀ (ਰਿਜ਼ਕ) ਤਾਂ ਕਰਤੇ ਦੀ ਅਜੇਹੀ ਦਾਤ ਹੈ ਜੋ ਬਿਨਾ ਵਿੱਤਕਰਾ, ਕਰਤਾਰ ਸਭ ਨੂੰ ਹੀ ਅਪੜਾਉਂਦਾ ਹੈ ਆਪੇ ਭਾਂਤਿ ਬਣਾਏ ਬਹੁ ਰੰਗੀ ਸਿਸਟਿ ਉਪਾਇ ਪ੍ਰਭਿ ਖੇਲੁ ਕੀਆ॥ ਕਰਿ ਕਰਿ ਵੇਖੈ ਕਰੇ ਕਰਾਏ ਸਰਬ ਜੀਆ ਨੋ ਰਿਜਕੁ ਦੀਆ” (ਪੰ: 1334) ਲੋੜ ਹੈ ਤਾਂ ਕੇਵਲ ਇਸਦੇ ਲਈ ਉਦਮ ਦੀ, ਤਾਂਤੇ ਚੇਤੇ ਰਖੀਏ ਕਿ ਗੁਰੂ ਦੇ ਓਟ-ਆਸਰੇ ਇਸ ਰਿਜ਼ਕ ਲਈ ਕੇਵਲ ਉਦੱਮ ਕਰਨਾ ਹੈ, ਚਿੰਤਾ ਨਹੀਂ।

ਰੋਟੀ ਰੋਜ਼ੀ, ਬੇਮੁੱਖਤਾਈ, ਪਤਿੱਤਪੁਣਾ- ਐ ਗੁਰੂ ਕੇ ਸਿੱਖ! ਅਜ ਜਿਹੜੀ ਤੇਰੀ ਹਾਲਤ ਬਣ ਚੁਕੀ ਹੈ, ਤੂੰ ਦੂਜਿਆਂ ਦੀ ਝੋਲੀ ਡਿੱਗ ਰਿਹਾਂ ਹੈ ਜਾਂ ਪਤਿੱਤਪੁਣੇ ਵਾਲਾ ਅਜਗਰ ਤੈਨੂੰ ਨਿਗਲ ਕੇ ਤੇਰੀ ਹੋਂਦ ਤੇ ਹੀ ਸੁਆਲੀਆ ਨਿਸ਼ਾਨ ਲਗਾ ਰਿਹਾ ਹੈ। ਕਾਰਣ ਇਕੋ ਹੈ ਕਿ ਤੈਨੂੰ ਅਪਣੇ ਗੁਰੂ ਤੇ ਵਿਸ਼ਵਾਸ ਨਹੀਂ ਅਤੇ ਨਾ ਹੀ ਗੁਰੂ ਦੀ ਸਿਖਿਆ ਹੀ ਕਿਸੇ ਰਸਤੇ, ਤੇਰੇ ਜੀਵਨ ਅੰਦਰ ਆ ਰਹੀ ਹੈ। ਫ਼ੁਰਮਾਨ ਹੈ ਸਿਸਟਿ ਉਪਾਈ ਸਭ ਤੁਧੁ ਆਪੇ ਰਿਜਕੁ ਸੰਬਾਹਿਆ” (ਪੰ: 85) ਪਰ ਅਜ ਜੋ ਤੇਰੀ ਹਾਲਤ ਹੈ ਉਹ ਹੈ “ਇਕਿ ਵਲੁ ਛਲੁ ਕਰਿ ਕੈ ਖਾਵਦੇ ਮੁਹਹੁ ਕੂੜੁ ਕੁਸਤੁ ਤਿਨੀ ਢਾਹਿਆ…” (ਉਹੀ ਸ਼ਬਦ) ਪਰ ਇਸੇ ਸ਼ਬਦ `ਚ ਗੁਰਦੇਵ ਅਗੇ ਫ਼ੁਰਮਾਂਦੇ ਹਨ ਇਕਨਾ ਸਚੁ ਬੁਝਾਇਓਨੁ ਤਿਨਾ ਅਤੁਟ ਭੰਡਾਰ ਦੇਵਾਇਆ॥ ਹਰਿ ਚੇਤਿ ਖਾਹਿ ਤਿਨਾ ਸਫਲੁ ਹੈ ਅਚੇਤਾ ਹਥ ਤਡਾਇਆ” (ਪੰ: 85) ਭਾਵ ਜਿਹੜੇ ਜੀਵਨ ਦੇ ਸੱਚ ਨੂੰ ਪਹਿਚਾਣ ਲੈਂਦੇ ਹਨ ਉਹ ਕਦੇ ਘਾਟੇ `ਚ ਨਹੀਂ ਰਹਿੰਦੇ। ਤਾਂਤੇ ਸਮਝਣ ਦੀ ਲੋੜ ਹੈ ਕਿ ਸਾਡੀ ਅਜ ਦੀ ਤੱਬਾਹੀ ਲਈ ਕੋਈ ਹੋਰ ਨਹੀਂ ਬਲਕਿ ਸਾਡੇ ਅੰਦਰ ਗੁਰੂ ਲਈ ਵਿਸ਼ਵਾਸ ਦਾ ਨਾ ਹੋਣਾ ਹੀ ਇਸਦੇ ਲਈ ਜ਼ਿਮੇਵਾਰ ਹੈ।

“ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ. .”- ਚੇਤੇ ਰਖੀਏ, ਸਾਡਾ ਫ਼ਰਜ਼ ਇਮਨਦਾਰੀ ਨਾਲ ਕਿਰਤ ਕਰਨਾ ਹੈ, ਅਗਿਆਨਤਾ ਵੱਸ ਰੋਟੀ ਰੋਜ਼ੀ ਲਈ ਚਿੰਤਾ ਕਰਕੇ ਅਪਣਾ ਧਰਮ-ਇਮਾਨ ਵੇਚਣਾ ਨਹੀਂ। ਬਾਣੀ ‘ਆਸਾ ਕੀ ਵਾਰ’ ਦੇ ਸਲੋਕ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ. .” `ਚ ਗੁਰਦੇਵ ਇਥੋਂ ਤੀਕ ਫ਼ੁਰਮਾਂਦੇ ਹੈ ਕਿ ਮਨੁਖਾਂ ਦੇ ਸਰੀਰ, ਫ਼ਿਰ ਇਕ-ਇਕ ਮਨੁੱਖਾ ਸਰੀਰ ਨੂੰ ਜ਼ਿੰਦਾ ਰਖਣ ਤੇ ਚਲਾਉਣ ਲਈ ਅਰਬਾਂ-ਖਰਬਾਂ ਜੀਵ, ਇਸੇਤਰ੍ਹਾ ਇੱਕ ਇਕ ਬਿਰਖ, ਫ਼ਿਰ ਉਸ ਇੱਕ ਇਕ ਬਿਰਖ ਦੇ ਜੀਵਨ ਦੀ ਲੌੜ ਲਈ ਅਤੇ ਬਿਰਖਾਂ ਆਸਰੇ ਪਲਣ ਵਾਲੇ ਅਣਗਿਣਤ ਜੀਵ, ਨਦੀਆਂ, ਪਰਬਤਾਂ, ਸਰੋਵਰਾਂ, ਖੇਤਾਂ `ਤੇ ਬਦਲਾਂ ਭਾਵ ਹਰ ਪਾਸੇ ਜੀਵ ਹੀ ਜੀਵ ਇਥੋਂ ਤੀਕ “. . ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ॥ ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ॥ ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ. .” (ਪੰ: 467)। ਦੇਖਣ ਦੀ ਗਲ, ਕਿ ਬੰਦਾ ਤਾਂ ਉਸ ਬੇਅੰਤ ਜੀਵ ਰਚਨਾ ਦਾ ਅੰਦਾਜ਼ਾ ਤੀਕ ਨਹੀਂ ਲਗਾ ਸਕਦਾ। ਬੇਅੰਤ ਰਚਨਾ, ਫ਼ਿਰ ਵੀ ਨਾ ਹੀ ਕਦੇ ਕੋਈ ਜੀਵ ਭੁੱਖਾ ਜਾਂ ਰਿਜ਼ਕ ਖੁਣੋਂ ਮਰਦਾ ਹੈ ਅਤੇ ਨਾ ਹੀ ਇਸਦੇ ਲਈ ਆਤਮ ਹਤਿਆ ਕਰਦਾ ਹੈ। ਬੇਅੰਤ ਜੀਵ ਰਚਨਾ, ਉਦਮ ਵਾਲੀ ਲੋੜ ਤਾਂ ਸਭ ਲਈ ਹੈ ਪਰ ਰਿਜ਼ਕ ਸਭ ਨੂੰ ਮਿਲਦਾ ਹ। ਕੇਵਲ ਬੇਸਬਰਾ ਮਨੁੱਖ ਹੈ ਜਿਹੜਾ ਹਰ ਸਮੇਂ ਰੋਟੀ ਰੋਜ਼ੀ ਲਈ ਹਾਏ ਤੋਬਾ ਮਚਾਈ ਰਖਦਾ ਅਤੇ ਇਸਲਈ ਆਤਮ-ਹਤਿਆ ਵਰਗੇ ਘਿਣਾਉਣੇ ਕਰਮ ਕਰਦਾ ਹੈ।

ਰੱਬੀ ਸੱਚਾਈ ਤੋਂ ਅਣਜਾਣ ਅਤੇ ਤ੍ਰਿਸ਼ਨਾ `ਚ ਡੁੱਬਾ ਮਨੁੱਖ ਇਸਦੇ ਲਈ ਠੱਗੀਆਂ, ਹਰਾਫ਼ੇਰੀਆਂ, ਕਤਲੋਗ਼ਾਰਤ, ਧਰਮ ਦੇ ਪੜਦੇ `ਚ ਝੂਠ ਦਾ ਵਪਾਰ ਤੀਕ ਕਰੀ ਫ਼ਿਰਦਾ ਹੈ। ਗੁਰਦੇਵ ਮਿਸਾਲ ਦੇਂਦੇ ਹਨ “ਪੜਿ ਪੜਿ ਪੰਡਿਤ ਬੇਦ ਵਖਾਣਹਿ ਮਾਇਆ ਮੋਹ ਸੁਆਇ॥ ਦੂਜੈ ਭਾਇ ਹਰਿ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ॥ ਜਿਨਿ ਜੀਉ ਪਿੰਡੁ ਦਿਤਾ ਤਿਸੁ ਕਬਹੂੰ ਨ ਚੇਤੈ ਜੋ ਦੇ؈ਦਾ ਰਿਜਕੁ ਸੰਬਾਹਿ॥ ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ” (ਪੰ: 85)। ਜੇ ਗਹੁ ਨਾਲ ਦੇਖਿਆ ਜਾਵੇ ਤਾਂ ਅਜ ਬਹੁਤੇ ਸਿੱਖ ਪ੍ਰਚਾਰਕ, ਉਨ੍ਹਾਂ ਉਪਰ ਚੋਂਣਾ ਰਸਤੇ ਸ਼ਾਸਨ ਕਰ ਰਹੇ ਪ੍ਰਬੰਧਕ ਵੀ ਗੁਰਮਤਿ-ਗੁਰਬਾਣੀ ਤੋਂ ਦੂਰ, ਇਸੇ ਦੌੜ `ਚ ਲਗੇ ਹਨ? ਇਨ੍ਹਾਂ ਦਾ ਨਿਸ਼ਾਨਾ ਵੀ ਅਪਣੀ ਭੱਲ ਬਨਾਣਾ, ਜਇਦਾਦਾਂ, ਸਹੂਲਤਾਂ ਜਾਂ ਚੌਧਰ ਪੱਕੀ ਕਰਨਾ ਹੀ ਰਹਿ ਗਿਆ ਹੈ। ਤਾਂਤੇ ਸਮਝ ਲੈਣਾ ਚਾਹੀਦਾ ਹੈ ਕਿ ਗੁਰੂ ਦਾ ਨਿਆਂ ਇਨ੍ਹਾਂ ਲਈ ਵੀ ਵੱਖ ਨਹੀਂ ਉਹੀ ਹੈ ਜਿਸ ਲਈ ਗੁਰਦੇਵ ਫ਼ੁਰਮਾਅ ਰਹੇ ਹਨ ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵੈ ਜਾਇ”। ਅਜ ਸੰਗਤਾਂ ਵਿਚਾਲੇ ਗੁਰਮਤਿ ਪਖੋਂ ਨਿੱਤ ਵੱਧ ਰਹੀ ਅਗਿਆਨਤਾ ਦਾ ਬੋਲਬਾਲਾ ਉਸਦਾ ਨਤੀਜਾ ਸ਼ਿਖਰਾਂ ਤੇ ਪੁਜ ਚੁਕਾ ਪਤਿੱਤਪੁਣਾ; ਇਸਲਈ ਇਹੀ ਲੋਕ ਜ਼ਿਮੇਵਾਰ ਹਨ, ਕੋਈ ਦੂਜਾ ਨਹੀਂ। ਸਾਰੇ ਦਾ ਇਕੋ ਹੱਲ ਹੈ, ਗੁਰਬਾਣੀ ਕੋਲੋਂ ਜੀਵਨ ਦੀ ਅਸਲੀਅਤ ਨੂੰ ਪਛਾਨਣਾ ਅਤੇ ਤ੍ਰਿਸ਼ਨਾ ਭੱਟਕਨਾ ਵਾਲੇ ਬਖਸ਼ਿਸ਼ ਵਿਹੂਣੇ ਨਕਲੀ ਜੀਵਨ `ਚੋਂ ਬਾਹਿਰ ਨਿਕਲਣਾ।

“ਪਾਲੇ ਬਾਲਕ ਵਾਗਿ. .”- ਗੁਰਦੇਵ ਤਾਂ ਬਾਣੀ `ਚ ਇੱਕ ਵਾਰੀ ਨਹੀਂ ਅਨੇਕ ਵਾਰੀ ਫ਼ੈਸਲਾ ਦੇਂਦੇ ਹਨ ਸਿਮਰਿ ਸਾਹਿਬੁ ਸੋ ਸਚੁ ਸੁਆਮੀ ਰਿਜਕੁ ਸਭਸੁ ਕਉ ਦੀਏ ਜੀਉ” (ਪੰ: 105) ਅਤੇ ਆਪਿ ਉਪਾਏ ਧੰਧੈ ਲਾਏ॥ ਲਖ ਚਉਰਾਸੀ ਰਿਜਕੁ ਆਪਿ ਅਪੜਾਏ” (ਪੰ: 112) ਗੁਰਦੇਵ ਨੇ ਬਾਣੀ `ਚ ਤਾਂ ਇਥੋਂ ਤੀਕ ਸਾਫ਼ ਕੀਤਾ ਹੈ ਕਿ ਪਹਿਲੋ ਦੇ ਤੈ ਰਿਜਕੁ ਸਮਾਹਾ॥ ਪਿਛੋ ਦੇ ਤੈ ਜੰਤੁ ਉਪਾਹਾ” (ਪੰ: 130) ਹੋਰ ਲਵੋ ਝਝੈ ਝੂਰਿ ਮਰਹੁ ਕਿਆ ਪ੍ਰਾਣੀ ਜੋ ਕਿਛੁ ਦੇਣਾ ਸੁ ਦੇ ਰਹਿਆ॥ ਦੇ ਦੇ ਵੇਖੈ ਹੁਕਮੁ ਚਲਾਏ ਜਿਉ ਜੀਆ ਕਾ ਰਿਜਕੁ ਪਇਆ” (ਪੰ: 433) ਫ਼ਿਰ ਦੇਖੋ ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ॥ ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ” (ਪੰ: 435) ਗੁਰਬਾਣੀ ਦਾ ਫ਼ੈਸਲਾ ਹੈ ਕਿ ਬੰਦੇ ਦਾ ਕੰਮ ਰਿਜ਼ਕ ਲਈ ਕਿਰਤ (ਇਮਾਨਦਾਰੀ ਦੀ ਮੇਹਨਤ) ਕਰਨਾ ਹੈ, ਨਹੀਂ ਤਾਂ ਕਰਤਾਰ ਮਨੁਖ ਨੂੰ ਇਸਤਰ੍ਹਾਂ ਪਾਲਦਾ ਹੈ ਜਿਵੇਂ ਮਾਂ-ਬਾਪ ਅਪਣੇ ਬਚਿਆਂ ਨੂੰ ਪਾਲਦੇ ਹਨ। ਫ਼ੁਰਮਾਨ ਹੈ ਦੇਵਣਹਾਰੁ ਦਾਤਾਰੁ ਕਿਤੁ ਮੁਖਿ ਸਾਲਾਹੀਐ॥ ਜਿਸੁ ਰਖੈ ਕਿਰਪਾ ਧਾਰਿ ਰਿਜਕੁ ਸਮਾਹੀਐ॥ ਕੋਇ ਨ ਕਿਸ ਹੀ ਵਸਿ ਸਭਨਾ ਇੱਕ ਧਰ॥ ਪਾਲੇ ਬਾਲਕ ਵਾਗਿ ਦੇ ਕੈ ਆਪਿ ਕਰ” (ਪੰ: 957) ਇਥੋਂ ਤੀਕ “ਓਹੁ ਨਿਰਗੁਣੀਆਰੇ ਪਾਲਦਾ ਭਾਈ ਦੇਇ ਨਿਥਾਵੇ ਥਾਉ॥ ਰਿਜਕੁ ਸੰਬਾਹੇ ਸਾਸਿ ਸਾਸਿ ਭਾਈ ਗੂੜਾ ਜਾ ਕਾ ਨਾਉ” (ਪੰ: 640) ਭਾਵ ਰਿਜ਼ਕ ਦੇਣ ਸਮੇਂ ਕਰਤਾਰ ਤਾਂ ਇਸ `ਚ ਵੀ ਭੇਦ ਨਹੀਂ ਕਰਦਾ ਕਿ ਕੌਣ ਗੁਣਵਾਣ ਹੈ `ਤੇ ਕੌਣ ਗੁਣਾਹਗਾਰ। ਕੋਣ ਉਚੇ-ਸੁਚੇ ਸਦਾਚਾਰਕ-ਆਦਰਸ਼ਕ ਜੀਵਨ ਵਾਲਾ ਹੈ `ਤੇ ਕੌਣ ਕੁਕਰਮੀ।

“ਆਪੇ ਸਾਜੇ ਅਵਰੁ ਨ ਕੋਈ” - ਮਨੁੱਖ ਨੇ ਤਾਂ ਇਹ ਵੀ ਭੁਲੇਖੇ ਪਾਏ ਹਨ, ਜਿਵੇਂ ਕਿ ਅਕਾਲਪੁਰਖ ਨੇ ਵੱਖ ਵੱਖ ਡਿਪਾਰਟਮੈਂਟ ਬਣਾ ਰਖੇ ਹਨ। ਮਿਸਾਲ ਵਜੋਂ ਮਾਰਨ ਵਾਲਾ ਸ਼ਿਵਜੀ ਹੈ, ਪੈਦਾ ਕਰਣ ਵਾਲਾ ਬ੍ਰਹਮਾ `ਤੇ ਪਾਲਨਾ ਕਰਨ, ਰਿਜ਼ਕ ਅਪੜਾਉਣ ਵਾਲੀ ਹੱਸਤੀ ਵਿਸ਼ਨੂੰ ਹੈ। ਇਸਦੇ ਉਲਟ ਗੁਰਬਾਣੀ `ਚ ਗੁਰਦੇਵ ਨੇ ਇੱਕ ਵਾਰੀ ਨਹੀਂ ਬਲਕਿ ਸੈਂਕੜੇ ਵਾਰੀ ਇਸ ਵਿਚਾਰ ਦਾ ਖੰਡਣ ਕੀਤਾ `ਤੇ ਸਾਫ਼ ਕੀਤਾ ਹੈ ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ॥ ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ॥ ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ॥ ਸੋ ਕਰੇ ਜਿ ਤਿਸੈ ਰਜਾਇ॥ ੨੪ ॥” (ਪੰ: 475)। ਇਸੇਤਰ੍ਹਾਂ ਬਾਣੀ ਜਪੁ ਪਉੜੀ ਨੰ: 30 “ਏਕਾ ਮਾਈ ਜੁਗਤਿ ਵਿਆਈ. .” `ਚ ਬਿਆਨਿਆ ਹੈ “ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ” ਭਾਵ ਇਹ ਸਾਰੀ ਖੇਡ ਤਾਂ ਅਕਾਲਪੁਰਖ ਦੀ ਅਪਣੀ ਵਰਤ ਰਹੀ ਹੈ ਇਸ `ਚ ਕਿਸੇ ਦਾ ਕੋਈ ਦਖਲ ਨਹੀਂ। ਹੈਰਾਨੀ ਤਾਂ ਇਹ ਹੈ ਕਿ ਜਿਨ੍ਹਾਂ ਨੇ ਅਜੇਹੀਆਂ ਬ੍ਰਹਮਾ, ਵਿਸ਼ਨੂੰ, ਮਹੇਸ਼ ਵਾਲੀਆਂ ਕਹਾਣੀਆਂ `ਚ ਲੋਕਾਂ ਨੂੰ ਉਲਝਾਇਆ ਹੈ ਅਸਲ `ਚ ਉਨ੍ਹਾਂ ਨੂੰ ਪ੍ਰਮਾਤਮਾ ਦੀ ਸਮਝ ਹੀ ਨਹੀਂ ਆਈ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ”। ਇਥੇ ਤਾਂ “ਸਭਨਾ ਰਿਜਕੁ ਸਮਾਹਦਾ ਪਿਆਰਾ ਦੂਜਾ ਅਵਰੁ ਨ ਕੋਇ” (ਪੰ: 615) ਹੋਰ ਲਵੋ! ਸਭ ਮਹਿ ਵਰਤੈ ਏਕੋ ਸੋਈ॥ ਗੁਰ ਪਰਸਾਦੀ ਪਰਗਟੁ ਹੋਈ॥ ਸਭਨਾ ਪ੍ਰਤਿਪਾਲ ਕਰੇ ਜਗਜੀਵਨੁ ਦੇਦਾ ਰਿਜਕੁ ਸੰਬਾਹਾ ਹੇ” (ਪੰ: 1055)। ਪੁਨਾ ਦੇਸੀ ਰਿਜਕੁ ਸੰਬਾਹਿ ਜਿਨਿ ਉਪਾਈ ਮੇਦਨੀ॥ ਏਕੋ ਹੈ ਦਾਤਾਰੁ ਸਚਾ ਆਪਿ ਧਣੀ” (ਪੰ: 755) ਜਾਂ ਸਭਨਾ ਰਿਜਕੁ ਸਮਾਹੇ ਆਪੇ, ਕੀਮਤਿ ਹੋਰ ਨ ਹੋਈ ਹੇ” (ਪੰ: 1045) ਹੋਰ ਦੇਖੋ ਹੈ ਭੀ ਸਾਚਾ ਹੋਸੀ ਸੋਈ॥ ਆਪੇ ਸਾਜੇ ਅਵਰੁ ਨ ਕੋਈ॥ ਸਭਨਾ ਸਾਰ ਕਰੇ ਸੁਖਦਾਤਾ ਆਪੇ ਰਿਜਕੁ ਪਹੁਚਾਇਦਾ” (ਪੰ: 1060) ਸਪੱਸ਼ਟ ਹੈ ਰੋਟੀ-ਰੋਜ਼ੀ ਨਾਲ ਸੰਬੰਧਤ ਅਜੋਕੇ ਪੰਥਕ ਹਾਲਾਤ ਗੁਰਬਾਣੀ ਸੋਝੀ ਬਾਰੇ ਘਾਟ ਦੀ ਉਪਜ ਹਨ, ਹੋਰ ਕੁੱਝ ਨਹੀਂ।

“ਬਗੁਲਾ ਕਾਗੁ ਨ ਰਹਈ ਸਰਵਰਿ. .”- ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਸਾਡੇ ਖਾਣ ਪੀਣ ਦੇ ਪਦਾਰਥਾਂ (ਰਿਜ਼ਕ) ਦਾ ਸੰਬੰਧ ਸਾਡੇ ਮਨ ਦੀ ਤਿਆਰੀ ਨਾਲ ਹੈ। ਜਿਵੇਂ ਜਿਨ੍ਹਾਂ ਜੀਵਾਂ ਨੂੰ ਜਨਮ ਹੀ ਵਿਸ਼ਟਾ-ਗੰਦਗੀ `ਚ ਮਿਲਿਆ ਹੈ, ਸਰੀਰ ਚਲਾਉਣ ਲਈ ਕਰਤਾਰ ਨੇ ਉਨ੍ਹਾਂ ਦਾ ਰਿਜ਼ਕ ਵੀ ਨਹੀਂ ਖੋਹਿਆ, ਭੁੱਖੇ ਉਨ੍ਹਾਂ ਨੂੰ ਵੀ ਰਖਿਆ। ਫ਼ੁਰਮਾਨ ਹੈ ਬਗੁਲਾ ਕਾਗੁ ਨ ਰਹਈ ਸਰਵਰਿ ਜੇ ਹੋਵੈ ਅਤਿ ਸਿਆਣਾ॥ ਓਨਾ ਰਿਜਕੁ ਨ ਪਇਓ ਓਥੈ ਓਨ੍ਹ੍ਹਾ ਹੋਰੋ ਖਾਣਾ” (ਪੰ: 956) ਕਿਉਂਕਿ ਜੀਵਨ ਦੀ ਹਰੇਕ ਰਹਿਣੀ `ਚ ਰਿਜ਼ਕ ਤਾਂ ਪਹਿਲੀ ਲੋੜ ਹੈ। ਕਰਤਾ ਇਸ ਵਿਸ਼ੇ ਤੇ ਵੀ ਕਿਸੇ ਨਾਲ ਭੇਦ ਨਹੀਂ ਕਰਦਾ ਜੇਕਰ ਕਿਸੇ ਦਾ ਜੀਵਨ ਗੰਦਾ-ਵਿੱਭਚਾਰੀ ਹੈ ਤਾਂ ਕਰਤਾ ਅਜੇਹੇ ਬੰਦਿਆਂ ਨੂੰ ਵੀ ਰਿਜ਼ਕ ਅਪੜਾਉਂਦਾ ਹੈ। ਗੁਰਦੇਵ ਮਿਸਾਲ ਦੇ ਕੇ ਸਮਝਾਂਦੇ ਹਨ ਕਿ ਰਿਜ਼ਕ ਕੌਵੇ ਨੂੰ ਵੀ ਚਾਹੀਦਾ ਹੈ ਤੇ ਹੰਸ ਨੂੰ ਵੀ ਬੇਸ਼ਕ ਦੋਨਾਂ ਦੇ ਰਿਜ਼ਕ `ਚ ਫ਼ਰਕ ਹੈ ਪਰ ਮਿਲਦਾ ਦੋਨਾਂ ਨੂੰ ਹੈ। ਇਸਤਰ੍ਹਾਂ ਜਦਤੀਕ ਚੰਗੀ ਸੰਗਤ `ਚ ਆਕੇ ਮਾੜੇ ਲੋਕਾਂ ਦਾ ਜੀਵਨ ਹੀ ਨਾ ਸੁਧਰ ਜਾਵੇ, ਵਿੱਭਚਾਰੀ-ਸ਼ਰਾਬੀ-ਨਸ਼ੇਈ ਲੋਕਾਂ ਨੂੰ ਵੀ ਜੀਉ ਦੀਆ ਸੁ ਰਿਜਕੁ ਅੰਬਰਾਵੈ॥ ਸਭ ਘਟ ਭੀਤਰਿ ਹਾਟੁ ਚਲਾਵੈ” (ਪੰ: 794) ਅਨੁਸਾਰ ਕਰਤਾਰ ਰਿਜ਼ਕ ਦੇਣ `ਚ ਵਿੱਤਕਰਾ ਉਨ੍ਹਾਂ ਨਾਲ ਵੀ ਨਹੀਂ ਕਰਦਾ। ਲੋੜ ਹੈ, ਕਰਤੇ ਨੇ ਜੇਕਰ ਸਾਨੂੰ ਮਨੁੱਖ ਦਾ ਜਨਮ ਬਖਸ਼ਿਆ ਹੈ ਤਾਂ ਕਰਿ ਬੰਦਿਗੀ ਛਾਡਿ ਮੈ ਮੇਰਾ॥ ਹਿਰਦੈ ਨਾਮੁ ਸਮ੍ਹ੍ਹਾਰਿ ਸਵੇਰਾB” (ਪੰ: 794) ਅਸਾਂ ਰੋਜ਼ੀ ਲਈ ਉਦਮ ਕਰਨਾ ਹੈ, ਜ਼ਰੂਰ ਮਿਲੇਗੀ ਪਰ ਇਸ ਲਈ ਚਿੰਤਾ ਜਾਂ ਬੇ-ਅਸੂਲੇ ਹੋਕੇ ਜੀਵਨ ਗੰਦਾ ਨਹੀਂ ਕਰਨਾ।

“ਕਿਆ ਮਾਣਸੁ ਡੋਲੈ” - ਬਾਣੀ ਦੀ ਇੰਨੀ ਸਪੱਸ਼ਟ ਸੇਧ ਤੋਂ ਬਾਦ ਵੀ ਜਿਹੜੇ ਸਾਡੇ ਬੱਚੇ ਜਾਂ ਬੱਚੀਆਂ, ਰੋਟੀ-ਰੋਜ਼ੀ ਤੇ ਕਮਾਈ ਦੀ ਆੜ `ਚ ਸ਼ਰਾਬਾਂ, ਵਿੱਭਚਾਰ `ਚ ਡੁੱਬਦੇ ਅੰਤ ਸਰੂਪ ਤਿਆਗ ਕਰੂਪ ਹੋ ਜਾਂਦੇ ਹਨ ਉਨ੍ਹਾਂ ਨੂੰ ਗੁਰਬਾਣੀ ਦੀ ਰੋਸ਼ਨੀ `ਚ ਇਸ ਵਿਸ਼ੇ ਨੂੰ ਸਮਝਣ ਦੀ ਲੋੜ ਹੈ। ਜੇਕਰ ਗੁਰਬਾਣੀ ਦੀ ਰੋਸ਼ਨੀ ਅਤੇ ਗੁਰੂ ਵਿਸ਼ਵਾਸ `ਚ ਰਹਿਣਗੇ ਤਾਂ ਅਜੇਹਾ ਕਰਨ ਨਾਲ ਉਹ ਅਪਣਾ ਜੀਵਨ ਤਾਂ ਸੁਆਰਣਗੇ ਹੀ, ਉਨ੍ਹਾਂ ਦੀ ਦੇਖਾ-ਦੇਖੀ ਜਿਹੜੇ ਦੂਜੇ ਕੁਰਾਹੇ ਪੈ ਕੇ ਅਪਣਾ ਜੀਵਨ ਬਰਬਾਦ ਕਰ ਲੈਂਦੇ ਹਨ, ਉਨ੍ਹਾ ਲਈ ਵੀ ਚਾਨਣ ਮੁਨਾਰਾ ਬਨਣਗੇ, ਉਨ੍ਹਾਂ ਨੂੰ ਵੀ ਗੰਦਗੀ ਭਰੇ ਜੀਵਨ `ਚ ਡੁੱਬਣ ਤੋਂ ਬਚਾਉਣਗੇ। ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਜੀਅ ਜੰਤ ਸਭਿ ਪਾਛੈ ਕਰਿਆ ਪ੍ਰਥਮੇ ਰਿਜਕੁ ਸਮਾਹਾ” (ਪੰ: 1235) ਦਰਅਸਲ ਸਾਡੇ ਜੀਵਨ ਅੰਦਰੋਂ ਇਸ ਸੱਚਾਈ ਬਾਰੇ ਅਗਿਆਨਤਾ ਹੀ ਸਾਡਾ ਸਰਬਨਾਸ ਕਰ ਰਹੀ ਹੈ, ਹੋਰ ਕੁੱਝ ਨਹੀਂ। ਗੁਰਦੇਵ ਚੇਤਾਵਣੀ ਦੇਂਦੇ ਹਨ ਕਰਣ ਕਾਰਣ ਸਮਰਥੁ ਹੈ ਘਟਿ ਘਟਿ ਸਭ ਬੋਲੈ॥ ਰਿਜਕੁ ਸਮਾਹੇ ਸਭਸੈ ਕਿਆ ਮਾਣਸੁ ਡੋਲੈ” (ਪੰ: 1103) ਕਿਉਂਕਿ ਵਾਹੁ ਵਾਹੁ ਤਿਸ ਨੋ ਆਖੀਐ ਜਿ ਦੇਦਾ ਰਿਜਕੁ ਸਬਾਹਿ” (ਪੰ: 515)। ਸਾਹਮਣੇ ਦੇਖ ਰਹੇ ਹਾਂ ਕਿ ਬੱਚਾ ਜਨਮ ਬਾਦ `ਚ ਲੈਂਦਾ ਹੈ ਪਰ ਮਾਂ ਦੀਆਂ ਛਾਤੀਆਂ `ਚ ਦੁੱਧ ਪਹਿਲਾਂ ਆਉਂਦਾ ਹੈ। ਇਸੇਤਰ੍ਹਾਂ ਜਨਮ ਲੈਂਦੇ ਸਾਰ ਮਾਂ ਦਾ ਦੁੱਧ ਚੁੰਙਣਾ ਮਨੁੱਖ ਨਹੀਂ ਸਿਖਾਂਦਾ ਬਲਕਿ ਇਸ ਦੇ ਲਈ ਬੱਚੇ ਨੂੰ ਸੋਝੀ ਧੁਰੋਂ ਮਿਲਦੀ ਹੈ। ਇਸਦੇ ਉਲਟ ਦੂਜੇ ਭਾਇ ਨਾਮੁ ਵਿਸਾਰਿਆ ਮਨ ਮੂਰਖ ਮਿਲੈ ਸਜਾਇ॥ ਜਿਨਿ੍ਹ੍ਹ ਕੀਤੇ ਤਿਸੈ ਨ ਸੇਵਨ੍ਹ੍ਹੀ ਦੇਦਾ ਰਿਜਕੁ ਸਮਾਇ॥ ਜਮ ਕਾ ਫਾਹਾ ਗਲਹੁ ਨ ਕਟੀਐ ਫਿਰਿ ਫਿਰਿ ਆਵਹਿ ਜਾਇ” (ਪੰ: 1249) ਜੀਵਨ ਦੀ ਅਸਲੀਅਤ ਨੂੰ ਸਮਝੇ ਬਿਨਾਂ ਜਦੋ ਅਸੀਂ ਗੁਰੂ ਤੋਂ ਬੇਮੁੱਖ ਹੋਕੇ ਚਲਦੇ ਹਾਂ ਤਾਂ ਪ੍ਰਭੁ ਬਖਸ਼ਿਆ ਅਪਣਾ ਅਮੁਲਾ ਮਨੁੱਖਾ ਜਨਮ ਗੁਆਕੇ ਫ਼ਿਰ ਤੋਂ ਜਨਮ-ਮਰਣ ਦੇ ਦੁਖਾਂ ਨੂੰ ਸਹੇੜ ਲੈਂਦੇ ਹਾਂ।

“ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ” - ਪਾਤਸ਼ਾਹ ਇਸਬਾਰੇ ਬਾਣੀ `ਚ ਇਥੋਂ ਤੀਕ ਫ਼ੁਰਮਾਂਦੇ ਹਨ ਐ ਬੰਦਿਆ! ਇਸ ਰੱਬੀ ਸੱਚਾਈ ਨੂੰ ਸਮਝ ਕਿ ਅਜ ਜਿਸ ਰੋਟੀ-ਰੋਜ਼ੀ ਅਤੇ ਰਿਜ਼ਕ ਲਈ ਅਪਣੀ ਅਗਿਆਨਤਾ ਵੱਸ ਤੂੰ ਅਪਣਾ ਧਰਮ-ਇਮਾਨ-ਅਸੂਲ ਸਭ ਛੱਡਣ ਨੂੰ ਤਿਆਰ ਹੋ ਜਾਂਦਾ ਹੈ। ਇਸੇ ਰੋਟੀ ਰੋਜ਼ੀ ਦੇ ਚੱਕਰ `ਚ ਠੱਗ, ਕਾਤਿਲ, ਸਮਗਲਰ, ਡਾਕੂ ਆਦਿ ਬਣਕੇ ਸਮਾਜ ਨੂੰ ਗੰਦਾ ਕਰਦਾ ਹੈਂ, ਧਰਮ ਦੇ ਪੜ੍ਹਦੇ `ਚ ਝੂਠ ਬੋਲ ਬੋਲ ਕੇ ਲੋਕਾਈ ਨੂੰ ਕੁਰਾਹੇ ਪਾਂਦਾ ਹੈ। ਜ਼ਰਾ ਸੋਚ! ਜਦੋਂ ਤੂੰ ਮਾਂ ਦੇ ਗਰਭ `ਚ ਸੈਂ ਉਥੇ ਤੈਨੂੰ ਤੇਰਾ ਭੋਜਨ ਕੌਣ ਪੁਚਾ ਰਿਹਾ ਸੀ? ਉਹ ਕਰਤਾਰ ਜਿਹੜਾ ਉਸ ਅਗਨੀ `ਚ ਜਦੋਂ ਤੇਰਾ ਇਹ ਸਰੀਰ ਘੜਿਆ ਜਾ ਰਿਹਾ ਸੀ ਤਾਂ ਵੀ ਤੈਨੂੰ ਆਹਾਰ ਪੁਚਾ ਰਿਹਾ ਸੀ, ਤਾਂ ਕੀ ਹੁਣ ਤੈਨੂੰ ਭੁੱਖਾ ਮਾਰੇਗਾ? ਕਤੱਈ ਨਹੀਂ। ਫ਼ੁਰਮਾਨ ਹੈ ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ॥ ਮਨਹੁ ਕਿਉ ਵਿਸਾਰੀਐ ਏਵਡੁ ਦਾਤਾ, ਜਿ ਅਗਨਿ ਮਹਿ ਆਹਾਰੁ ਪਹੁਚਾਵਏ॥ ਓਸ ਨੋ ਕਿਹੁ ਪੋਹਿ ਨ ਸਕੀ, ਜਿਸ ਨਉ ਆਪਣੀ ਲਿਵ ਲਾਵਏ॥ ਆਪਣੀ ਲਿਵ ਆਪੇ ਲਾਏ, ਗੁਰਮੁਖਿ ਸਦਾ ਸਮਾਲੀਐ॥ ਕਹੈ ਨਾਨਕੁ, ਏਵਡੁ ਦਾਤਾ, ਸੋ ਕਿਉ ਮਨਹੁ ਵਿਸਾਰੀਐ” (ਪੰ: 920)। ਬਾਣੀ ਸੁਖਮਨੀ `ਚ ਤਾਂ ਗੁਰਦੇਵ ਕਹਿੰਦੇ ਹਨ ਮੂਰਖਾ! ਚੇਤੇ ਕਰ, ਤੇਰਾ ਅਰੰਭ ਕੀ ਸੀ ਅਤੇ ਅਜ ਤੂੰ ਕੀ ਨਜ਼ਰ ਆ ਰਿਹਾਂ ਹੈ। ਤਾਂਤੇ ਕਰਤਾਰ ਨੂੰ ਭੁਲਾਕੇ ਇਸ ਰਿਜ਼ਕ ਦੀ ਚਿੰਤਾ `ਚ ਨਾ ਪੈ। ਰਿਜ਼ਕ ਦੇ ਲਈ ਤਾਂ ਤੂੰ ਕੇਵਲ ਉਦਮ ਕਰਨਾ ਹੈ, ਉਹ ਤਾਂ ਪ੍ਰਭੁ ਨੇ ਤੇਰੇ ਲਈ ਪਹਿਲਾਂ ਤੋਂ ਰਖਿਆ ਹੈ ਫ਼ੁਰਮਾਨ ਹੈ “ਨਿਰਗੁਨੀਆਰ ਇਆਨਿਆ ਸੋ ਪ੍ਰਭੁ ਸਦਾ ਸਮਾਲਿ॥ ਜਿਨਿ ਕੀਆ ਤਿਸੁ ਚੀਤਿ ਰਖੁ, ਨਾਨਕ ਨਿਬਹੀ ਨਾਲਿ” ਅਤੇ ਨਾਲ ਹੀ ਰਮਈਆ ਕੇ ਗੁਨ ਚੇਤਿ ਪਰਾਨੀ॥ ਕਵਨ ਮੂਲ ਤੇ ਕਵਨ ਦ੍ਰਿਸਟਾਨੀ॥ ਜਿਨਿ ਤੂੰ ਸਾਜਿ ਸਵਾਰਿ ਸੀਗਾਰਿਆ॥ ਗਰਭ ਅਗਨਿ ਮਹਿ ਜਿਨਹਿ ਉਬਾਰਿਆ॥ ਬਾਰ ਬਿਵਸਥਾ ਤੁਝਹਿ ਪਿਆਰੈ ਦੂਧ॥ ਭਰਿ ਜੋਬਨ ਭੋਜਨ ਸੁਖ ਸੂਧ॥ ਬਿਰਧਿ ਭਇਆ ਊਪਰਿ ਸਾਕ ਸੈਨ॥ ਮੁਖਿ ਅਪਿਆਉ ਬੈਠ ਕਉ ਦੈਨ॥ ਇਹੁ ਨਿਰਗੁਨੁ ਗੁਨੁ ਕਛੂ ਨ ਬੂਝੈ॥ ਬਖਸਿ ਲੇਹੁ ਤਉ ਨਾਨਕ ਸੀਝੈ” (ਪੰ: 266)। ਇਸੇਤਰ੍ਹਾਂ “ਮਾਤ ਗਰਭ ਮਹਿ ਜਿਨਿ ਪ੍ਰਤਿਪਾਲਿਆ॥ ਸਾਸਿ ਗ੍ਰਾਸਿ ਹੋਇ ਸੰਗਿ ਸਮਾਲਿਆ॥ ਸਦਾ ਸਦਾ ਜਪੀਐ ਸੋ ਪ੍ਰੀਤਮੁ ਵਡੀ ਜਿਸੁ ਵਡਿਆਈ ਹੇ” (ਪੰ: 1071) ਲੋੜ ਹੈ ਤਾਂ ਬਾਣੀ ਰਾਹੀਂ ਮਨੁੱਖਾ ਜਨਮ ਦੀ ਅਸਲੀਅਤ ਨਾਲ ਜੁੜਕੇ, ਇਸਨੂੰ ਸਫ਼ਲ ਕਰਨ ਦੀ।

ਵਰਤਾਂ ਵਾਲਾ ਭੁਲੇਖਾ- ਕੁੱਝ ਲੋਕਾਂ ਨੂੰ ਭਰਮ ਦਿਤਾ ਗਿਆ ਹੈ ਕਿ ਸ਼ਾਇਦ ਅਨਾਜ ਨਾ ਖਾਣ `ਤੇ ਵਰਤ ਰਖਣ ਨਾਲ ਪ੍ਰਭੁ ਪ੍ਰਸੰਨ ਹੁੰਦਾ ਹੈ। ਸਮਝਣ ਦੀ ਗਲ ਹੈ ਜੇਕਰ ਪ੍ਰਭੁ ਨੇ ਰਿਜ਼ਕ ਦਿਤਾ ਹੀ ਨਾ ਹੁੰਦਾ ਤਾਂ ਇਹ ਜੀਵ ਜੀਂਦਾ ਕਿਸਤਰ੍ਹਾਂ? ਅਸੀਂ ਦੇਖ ਚੁਕੇ ਹਾਂ ਕਿ ਕਰਤਾਰ ਪਹਿਲਾਂ ਰਿਜ਼ਕ ਦੇਂਦਾ ਹੈ ਅਤੇ ਬਾਦ `ਚ ਜਨਮ ਦੇਂਦਾ ਹੈ। ਤਾਂਤੇ ਅਜੇਹਾ ਸੋਚਣਾ ਕਿ ਰਿਜ਼ਕ (ਭੋਜਣ) ਨਾ ਖਾਣ ਜਾਂ ਵਰਤ ਰਖਣ ਨਾਲ ਪ੍ਰਭੂ ਪ੍ਰਸੰਨ ਹੋਵੇਗਾ, ਮੂਲੋਂ ਗ਼ਲਤ ਅਤੇ ਗੁਰਬਾਣੀ ਨੇ ਅਜੇਹੀ ਵਿਚਾਰਧਾਰਾ ਦਾ ਭਰਵਾਂ ਖੰਡਣ ਕੀਤਾ ਹੈ। ਗੁਰਦੇਵ ਦਾ ਇਸ ਬਾਰੇ ਇਥੋਂ ਤੀਕ ਫ਼ੁਰਮਾਨ ਹੈ ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ॥ ਖਾਣਾ ਪੀਣਾ ਪਵਿਤ੍ਰü ਹੈ ਦਿਤੋਨੁ ਰਿਜਕੁ ਸੰਬਾਹਿ” (ਪੰ: ੪੭੨) ਭਾਵ ਜੀਵਾਂ ਦਾ ਜਮਨਾ-ਮਰਨਾ ਅਤੇ ਕਾਦਿਰ ਰਾਹੀਂ ਰਿਜ਼ਕ ਦਾ ਨੀਯਮ, ਦੋਨੋਂ ਵਿਸ਼ੇ ਸੰਬੰਧਕ ਅਤੇ ਇੱਕ ਦੂਜੇ ਤੋਂ ਵੱਖ ਨਹੀਂ ਹਨ। ਬਲਕਿ ਵੁਠੇ ਮੇਘ ਸੁਹਾਵਣੇ ਹੁਕਮੁ ਕੀਤਾ ਕਰਤਾਰਿ॥ ਰਿਜਕੁ ਉਪਾਇਓਨੁ ਅਗਲਾ ਠਾਂਢਿ ਪਈ ਸੰਸਾਰਿ॥ ਤਨੁ ਮਨੁ ਹਰਿਆ ਹੋਇਆ ਸਿਮਰਤ ਅਗਮ ਅਪਾਰ॥ ਕਰਿ ਕਿਰਪਾ ਪ੍ਰਭ ਆਪਣੀ ਸਚੇ ਸਿਰਜਣਹਾਰ॥ ਕੀਤਾ ਲੋੜਹਿ ਸੋ ਕਰਹਿ ਨਾਨਕ ਸਦ ਬਲਿਹਾਰ” (ਪੰ: 1252) ਭਾਵ ਕਰਤਾਰ ਰਾਹੀਂ ਬਾਰਿਸ਼ ਦੇ ਨੀਯਮ ਪਿਛੇ ਇਹ ਦੇਣ ਵੀ ਹੈ ਕਿ ਸੰਸਾਰ ਦੀ ਹਰਿਆਵਲ ਬਣੀ ਰਹੇ ਅਤੇ ਰਿਜ਼ਕ ਦੀ ਘਾਟ ਨਾ ਆਵੇ।

ਤਾਂਤੇ ਰੋਟੀ ਰੋਜ਼ੀ ਜਾਂ ਰਿਜ਼ਕ ਦੇ ਭੁਲੇਖੇ ਬੇ-ਸੱਬਰੇ, ਅਗਿਆਣਤਾ ਵਸ ਗੁਰੂ ਤੋਂ ਬੇਮੁੱਖ ਹੋਣਾ, ਦੂਜਿਆਂ ਦੀ ਝੋਲੀ `ਚ ਪੈ ਜਾਣਾ, ਅਪਣਾ ਜੀਵਨ ਤੱਬਾਹ ਕਰ ਲੈਣਾ ਜਾਂ ਪਤਿੱਤਪੁਣੇ ਵਲ ਵਧਨਾ, ਸਭ ਦਾ ਮੁੱਖ ਕਾਰਣ ਹੈ ਗੁਰਬਾਣੀ ਦੀ ਰੋਸ਼ਨੀ `ਚ ਨਾ ਆਕੇ ਨਕਲੀ ਜੀਵਨ ਜੀਣਾ ਤੇ ਖੁਆਰ ਹੋਣਾ। ਰਿਜ਼ਕ ਦੇ ਸੰਬੰਧ `ਚ ਗੁਰਬਾਣੀ ਚੋਂ ਹੀ ਕੁੱਝ ਹੋਰ ਪ੍ਰਮਾਣ ਸਭਨਾ ਰਿਜਕੁ ਸੰਬਾਹਿਦਾ ਤੇਰਾ ਹੁਕਮੁ ਨਿਰਾਲਾ॥ ਆਪੇ ਆਪਿ ਵਰਤਦਾ ਆਪੇ ਪ੍ਰਤਿਪਾਲਾ” (ਪੰ: 785) “ਆਪੇ ਕਰਤਾ ਆਪੇ ਭੁਗਤਾ ਦੇਦਾ ਰਿਜਕੁ ਸਬਾਈ” (ਪੰ: 912) “ਕੁਦਰਤਿ ਕਰਨੈਹਾਰ ਅਪਾਰਾ॥ ਕੀਤੇ ਕਾ ਨਾਹੀ ਕਿਹੁ ਚਾਰਾ॥ ਜੀਅ ਉਪਾਇ ਰਿਜਕੁ ਦੇ ਆਪੇ ਸਿਰਿ ਸਿਰਿ ਹੁਕਮੁ ਚਲਾਇਆ” (ਪੰ: 1042) “ਜੀਅ ਜੰਤ ਕਉ ਰਿਜਕੁ ਸੰਬਾਹੇ॥ ਕਰਣ ਕਾਰਣ ਸਮਰਥ ਆਪਾਹੇ॥ ਖਿਨ ਮਹਿ ਥਾਪਿ ਉਥਾਪਨਹਾਰਾ ਸੋਈ ਤੇਰਾ ਸਹਾਈ ਹੇ॥ ੨ ॥”ਨਾਨਕ ਨਾਮੁ ਸਲਾਹਿ ਤੂ ਸਭਨਾ ਜੀਆ ਦੇਦਾ ਰਿਜਕੁ ਸੰਬਾਹਿ” (ਪੰ: 1281) “ਨਾਨਕ ਸੋ ਸਾਲਾਹੀਐ ਜਿ ਦੇਂਦਾ ਸਭਨਾਂ ਜੀਆ ਰਿਜਕੁ ਸਮਾਇ” (ਪੰ: 1285) “ਨ ਰਿਜਕੁ ਦਸਤ ਆ ਕਸੇ॥ ਹਮਾ ਰਾ ਏਕੁ ਆਸ ਵਸੇ” (ਪੰ: 144) ਲੋੜ ਹੈ ਤਾਂ ਰਿਜ਼ਕ ਦੇ ਸੰਬੰਧ `ਚ ਗੁਰਬਾਣੀ ਸੱਚ ਨੂੰ ਸਮਝਣ ਅਤੇ ਸੰਭਲਣ ਦੀ। #125s07.01so7#

Including this Self Learning Gurmat Lesson No 125

ਰਿਜ਼ਕ, ਬੇਰੁਜ਼ਗਾਰੀ, ਪਤਿੱਤਪੁਣਾ

ਰੋਟੀ ਰੋਜ਼ੀ ਦਾ ਮੱਸਲਾ

ਅਤੇ ਸਿੱਖ ਧਰਮ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.com
.