.

--- ‘ਗਏ ਮਸਕਤਿ ਘਾਲਿ’

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਗੁਰੂ ਨਾਨਕ ਸਾਹਿਬ ਜੀ ਨੇ ਭਾਈ ਲਾਲੋ ਨੂੰ ਆਪਣੇ ਗਲ਼ ਨਾਲ ਲਗਾਇਆ ਕਿਉਂਕਿ ਉਹ ਦਸਾਂ ਨੁੰਹਾਂ ਦੀ ਹੱਥੀਂ ਕਿਰਤ ਕਰਦਿਆਂ ਵੰਡ ਛੱਕਦਾ ਸੀ। ਮਲਕ ਭਾਗੋ ਦੂਜਿਆਂ ਦੀ ਕਿਰਤ `ਤੇ ਪਲ਼ਦਾ ਸੀ ਇਸ ਲਈ ਗੁਰੂ ਨਾਨਕ ਸਾਹਿਬ ਜੀ ਨੇ ਭਰੀ ਪੰਚਾਇਤ ਵਿੱਚ ਉਸਦੇ ਕਿਰਦਾਰ ਨੂੰ ਉਸ ਦੇ ਸਾਹਮਣੇ ਰੱਖਿਆਂ ਤੇ ਜ਼ਿੰਦਗੀ ਦਾ ਸਹੀ ਰਸਤਾ ਦਿਖਾਇਆ। ਕੰਮੀ ਉਸ ਨੂੰ ਕਿਹਾ ਜਾਂਦਾ ਹੈ ਜੋ ਕਿਰਤ ਕਰਦਾ ਹੈ ਤੇ ਕਮੀਨਾ ਉਸ ਨੂੰ ਕਿਹਾ ਜਾਂਦਾ ਹੈ ਜੋ ਕੰਮੀਆਂ ਦੀ ਕਿਰਤ `ਤੇ ਪਲ਼ਦਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਹੱਥੀਂ ਕਿਰਤ ਕਰਨ ਨੂੰ ਪਹਿਲੇ ਤਰਜੀਹ ਦਿੱਤੀ ਹੈ। ਵਿਹਲਾ ਮਨੁੱਖ ਉਹਨਾਂ ਨੂੰ ਪਰਵਾਨ ਨਹੀਂ ਹੈ। ਏਹੀ ਕਾਰਨ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ ਤਥਾ ਉਹਨਾਂ ਸਾਰਿਆਂ ਮਹਾਂਪੁਰਸ਼ਾਂ ਦੀ ਬਾਣੀ ਦਰਜ ਹੈ ਜੋ ਕਿਰਤੀ ਸਨ। ਹੱਥੀਂ ਕਿਰਤ ਤੋਂ ਭਾਵ ਹੈ ਕੰਮ ਕਰਨਾ ਨਾ ਕਿ ਵਿਹਲਾ ਬੈਠਣਾ। ਵਿਦਿਆਰਥੀ ਨੇ ਆਪਣੀ ਪੜ੍ਹਾਈ ਮਨ ਮਾਰ ਕੇ ਕਰਨੀ, ਇਹ ਉਸ ਦੀ ਕਿਰਤ ਹੈ। ਗੱਲ ਕੀ ਸੇਵਾਦਾਰ ਤੋਂ ਲੈ ਕੇ ਇੱਕ ਜੱਜ ਤੀਕ ਜੇ ਇਮਾਨਦਾਰੀ ਨਾਲ ਕੰਮ ਕਰਦੇ ਹਨ ਤਾਂ ਇਹ ਸਾਰੇ ਕਿਰਤ ਵਿੱਚ ਆਉਂਦੇ ਹਨ। ਆਲਸ ਦਾ ਤਿਆਗ ਕਰਕੇ ਉਦਮ ਦੀ ਜ਼ਿੰਦਗੀ ਨੂੰ ਪਹਿਲ ਦੇਣੀ ਮੰਜ਼ਿਲ `ਤੇ ਪਾਹੁੰਚਣ ਦਾ ਉਪਰਾਲਾ ਹੈ। ਜਿਸ ਤਰ੍ਹਾਂ ਸਰੀਰ ਦੁਆਰਾ ਕਿਰਤ ਕਰਨੀ ਹੈ ਇੰਜ ਹੀ ਮਨ ਦੁਆਰਾ ਵੀ ਗੁਰੂ ਨਾਨਾਕ ਸਾਹਿਬ ਜੀ ਨੇ ਕਿਰਤ ਕਰਨ ਨੂੰ ਕਿਹਾ ਹੈ। ਮਨ ਦੁਆਰਾ ਕਿਹੜੀ ਕਿਰਤ ਕਰਨੀ ਹੈ, ਇਸ ਦੀਆਂ ਬਰੀਕੀਆਂ ਨੂੰ ਸਮਝਣ ਲਈ ਜਪੁ ਬਾਣੀ ਦਾ ਅਖੀਰਲਾ ਸਲੋਕ ਵਿਚਾਰ ਲਈ ਲਿਆ ਹੈ।

ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ॥

ਦਿਵਸ ਰਾਤਿ ਦੁਇ ਦਾਈ ਦਾਇਆ, ਖੇਲੈ ਸਗਲ ਜਗਤੁ॥

ਚੰਗਿਆਈਆ ਬੁਰਿਆਈਆ ਵਾਚੈ ਧਰਮੁ ਹਦੂਰਿ॥

ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ॥

ਜਿਨੀ ਨਾਮੁ ਧਿਆਇਆ, ਗਏ ਮਸਕਤਿ ਘਾਲਿ॥

ਨਾਨਕ, ਤੇ ਮੁਖ ਉਜਲੇ, ਕੇਤੀ ਛੁਟੀ ਨਾਲਿ॥

ਜਪੁ ਨੀਸਾਣੁ ਪੰਨਾ ੮ ---

ਆਮ ਕਰਕੇ ਗੁਰਬਾਣੀ ਵਿੱਚ ਜਦੋਂ ਕਿਸੇ ਪਉੜੀ ਨੂੰ ਸਮਝਣਾ ਹੈ ਤਾਂ ਉਸ ਦੀ ਮਗਰਲੀ ਤੁਕ ਦਾ ਅਧਾਰ ਬਣਾਇਆ ਜਾਂਦਾ ਹੈ। "ਨਾਨਕ, ਤੇ ਮੁਖ ਉਜਲੇ, ਕੇਤੀ ਛੁੱਟੀ ਨਾਲਿ"॥ ਹੇ ਨਾਨਕ! ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖ ਦਾ ਨਾਮ ਸਿਮਰਿਆ ਹੈ ਭਾਵ ਸਦੀਵ ਕਾਲ ਗੁਣਾਂ ਨੂੰ ਪਾ ਲਿਆ ਹੈ, ਉਹ ਮੁੱਖ ਉੱਜਲ ਵਾਲੇ ਹੋ ਗਏ ਹਨ। ਕਈ ਜੀਵ ਉਹਨਾਂ ਦੀ ਸੰਗਤ ਵਿੱਚ ਰਹਿ ਕੇ ਭਾਵ ਵਿਚਾਰ-ਵਟਾਂਦਰਾ ਕਰਕੇ ਵਿਕਾਰਾਂ ਵਲੋਂ ਮੁਕਤ ਹੋ ਗਏ। ‘ਮੁਖ ਉਜਲੇ’ ਅੰਦਰੋਂ ਤੇ ਬਾਹਰੋਂ ਇਕੋ ਜੇਹੇ ਹੋ ਗਏ। ਹਿਰਦੇ ਤੇ ਜੀਵਨ ਵਿਚੋਂ ਕੂੜ-ਕਪਟ ਖਤਮ ਹੋ ਕੇ ਸੱਚ ਦੀ ਪ੍ਰਾਪਤੀ ਵਲ ਨੂੰ ਵੱਧਣਾ, ਹੋਰਨਾਂ ਨੂੰ ਇਸ ਰਸਤੇ `ਤੇ ਤੋਰਨ ਦਾ ਯਤਨ ਕਰਨਾ ‘ਕੇਤੀ ਛੁੱਟੀ ਨਾਲਿ’ ਹੈ।

ਗੁਰੂ ਨਾਨਕ ਸਾਹਿਬ ਜੀ ਨੇ ਸਾਰੇ ਸੰਸਾਰ ਨੂੰ ਸਚਿਆਰ ਬਣਨ ਦਾ ਸੁਨੇਹਾ ਦਿੱਤਾ ਹੈ, ਪਰ ਮਨੁੱਖ ਦੇ ਮਨ ਵਿੱਚ ਕੂੜ ਦੀ ਕੰਧ ਬਣੀ ਪਈ ਹੈ, ਜੋ ਇਸ ਨੂੰ ਸਚਿਆਰ ਬਣਨ ਨਹੀਂ ਦੇਂਦੀ। "ਕਿਵ ਸਚਿਆਰਾ ਹੋਈਐ, ਕਿਵ ਕੂੜੈ ਤੁਟੈ ਪਾਲਿ"॥ ਕੂੜ ਦੀ ਦੀਵਾਰ ਨੂੰ ਤੋੜਨ ਦਾ ਸਮਾਧਾਨ, "ਹੁਕਮਿ ਰਜਾਈ ਚਲਣਾ, ਨਾਨਕ ਲਿਖਿਆ ਨਾਲਿ" ਦੱਸਿਆ ਹੈ। ਇਸ ਸਲੋਕ ਵਿੱਚ ‘ਮੁਖ ਉਜਲੇ’ ਸਚਿਆਰ ਦਾ ਹੀ ਮੂੰਹ ਮੁਹਾਂਦਰਾ ਤਥਾ ਰੂਪ ਰੇਖਾ ਹੈ।

ਸੋਨੇ ਨੂੰ ਸੁੰਦਰ ਗਹਿਣਾ ਬਣਨ ਲਈ ਕਈ ਵਾਰ ਅੱਗਨੀ ਪ੍ਰੀਖਿਆ ਦੇਣੀ ਪੈਂਦੀ ਹੈ, ਤਾਂ ਜਾ ਕੇ ਕਿਤੇ ਉਸ ਵਿੱਚ ਸੁੰਦਰਤਾ ਆਉਂਦੀ ਹੈ। ਸੁਰਮਾਂ ਅੱਖ ਦਾ ਸ਼ਿੰਗਾਰ ਤਾਹੀਂ ਬਣਿਆ ਜਦੋਂ ਉਸ ਨੇ ਖਰਲ ਵਿੱਚ ਆਪਣੇ ਆਪ ਨੂੰ ਕਈ ਵਾਰ ਪਿਸਾਇਆ। "ਕਰਤੂਤਿ ਪਸੁ ਕੀ ਮਾਨਸ ਜਾਤਿ" ਵਾਲੇ ਮਨੁੱਖ ਨੂੰ ਵੀ ਇੱਕ ਲੰਬੀ ਜਦੋ--ਜਹਿਦ ਤਥਾ ਭਾਰੀ ਮੁਸ਼ੱਕਤ ਉਪਰੰਤ ਸਚਿਆਰ ਬਣਨ ਦਾ ਅਵਸਰ ਮਿਲ ਜਾਂਦਾ ਹੈ। ਇਹ ਮੁਸ਼ੱਕਤ ਸਰੀਰਕ ਨਹੀਂ ਸਗੋਂ ਮਨ ਕਰਕੇ ਨਾਮ ਧਿਆਉਣ ਦਾ ਅਧਾਰ ਮਿੱਥਿਆ ਗਿਆ ਹੈ ਜਿਸ ਦਾ ਬਾਕੀ ਸਲੋਕ ਵਿੱਚ ਵਿਸਥਾਰ ਹੈ। "ਜਿਨੀ ਨਾਮੁ ਧਿਆਇਆ, ਗਏ ਮੁਸਕਤਿ ਘਾਲਿ" ਅੱਖਰੀ ਅਰਥ ਤਾਂ ਏਹੀ ਬਣਨਗੇ ਕਿ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਧਿਆਇਆ ਹੈ ਉਹਨਾਂ ਨੇ ਆਪਣੀ ਮਿਹਨਤ ਨੂੰ ਸਫ਼ਲ ਕਰ ਲਿਆ ਹੈ। ਕੀ ਕੁੱਝ ਅੱਖਰਾਂ ਦਾ ਬਾਰ ਬਾਰ ਉਚਾਰਣ ਕਰਨ ਨੂੰ ਨਾਮ ਧਿਆਉਣਾ ਮਿਥਿਆ ਗਿਆ ਹੈ? ਪਰ ਜੇ ਸਲੋਕ ਦੇ ਵਿਸਥਾਰ ਵਿੱਚ ਜਾ ਕੇ ਦੇਖਿਆ ਜਾਏ ਤਾਂ ਤੱਥ ਕੁੱਝ ਹੋਰ ਹੀ ਉੱਗੜ ਕੇ ਸਾਹਮਣੇ ਆਉਂਦੇ ਹਨ। ਸਖ਼ਤ ਮੁਸ਼ੱਕਤ ਕਰਨੀ ਹੈ ਨਾਮ ਧਿਆੳਣ ਦੀ ਤਾਂ ਕਿ ਸਾਡਾ ਮੁੱਖ ਉਜਲ ਭਾਵ ਸਚਿਆਰ ਹੋ ਜਾਏ।

ਸਲੋਕ ਦੀਆਂ ਅਰੰਭਕ ਤੁਕਾਂ ਵਿੱਚ "ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ"॥ ਆਇਆ ਹੈ। ਸਾਰਾ ਭਾਰਤ ਪਾਣੀ, ਪਵਨ ਤੇ ਧਰਤੀ ਨੂੰ ਦੇਵਤਿਆਂ ਦਾ ਦਰਜਾ ਦੇ ਕੇ ਕੁਦਰਤ ਦੀਆਂ ਇਹਨਾਂ ਅਥਾਹ ਸ਼ਕਤੀਆਂ ਦੀ ਪੂਜਾ ਕਰ ਰਿਹਾ ਹੈ। ਕੀ ਸਿੱਖ ਵੀ ਇਹਨਾਂ ਨੂੰ ਦੇਵਤੇ ਮੰਨ ਕੇ ਇਹਨਾਂ ਦੀ ਪੂਜਾ ਜਾਂ ਇਹਨਾਂ ਦਾ ਨਾਮ ਧਿਆਇਆ ਕਰੇ? ਨਹੀਂ ਇਹਨਾਂ ਦੇ ਭਾਵ ਅਰਥ ਨੂੰ ਸਮਝਣ ਦੀ ਜ਼ਰੂਰਤ ਹੈ। ਆਦਮੀ ਦੀ ਹੋਂਦ ਇੱਕ ਦਮ ਦੀ ਹੈ, "ਹਮ ਆਦਮੀ ਹਾਂ ਇੱਕ ਦਮੀ ਮੁਹਲਤਿ ਮੁਹਤੁ ਨ ਜਾਣਾ"। ਪੰਨਾ ੬੬੦, ਇਸ ਲਈ ਸਵਾਸ ਆ ਗਿਆ ਤਾਂ ਆਦਮੀ ਹਾਂ ਨਹੀਂ ਤਾਂ ਮਿੱਟੀ ਦੀ ਢੇਰੀ। ਸਰੀਰ ਲਈ ਹਵਾ ਜ਼ਰੂਰੀ ਹੈ ਤੇ ਆਤਮਿਕ ਸੂਝ ਲਈ ਗੁਰੂ ਦੇ ਗਿਆਨ ਦੀ ਅਵੱਸ਼ਕਤਾ ਹੈ। ਹਵਾ ਦੀ ਕੋਈ ਹੱਦ ਬੰਦੀ ਨਹੀਂ ਹੈ, ਜੇ ਜੇਹਲ ਵਿੱਚ ਬੈਠਾ ਦਰੋਗਾ ਹਵਾ ਲੈ ਰਿਹਾ ਹੈ, ਤਾਂ ਜੇਹਲ ਅੰਦਰ ਕੈਦ ਕੀਤਾ ਹੋਇਆ ਕੈਦੀ ਵੀ ਹਵਾ ਦਾ ਅਨੰਦ ਲੈ ਰਿਹਾ ਹੈ। ਇਸ ਦਾ ਅਰਥ ਹੋਇਆ ਹਵਾ ਸਭ ਲਈ ਸਾਂਝੀ ਹੈ ਤੇ ਗੁਰੂ ਜੀ ਦਾ ਉਪਦੇਸ਼ ਵੀ ਸਭ ਲਈ ਸਾਂਝਾ ਹੈ। ਸਰੀਰਾਂ ਨੂੰ ਜ਼ਿਉਂਦਾ ਰੱਖਣ ਲਈ ਹਵਾ ਤੇ ਆਤਮਾ ਨੂੰ ਤਰੋ-ਤਾਜ਼ਾ ਰੱਖਣ ਲਈ ਗੁਰੂ ਦੇ ਗਿਆਨ ਦਾ ਹੋਣਾ ਜ਼ਰੂਰੀ ਹੈ। ਹਵਾ ਦਾ ਖ਼ਾਸ ਗੁਣ ਸਾਂਝੀਵਾਲਤਾ ਦਾ ਤੇ ਗੁਰੂ ਦਾ ਗਿਆਨ ਵੀ ਸਾਂਝੀਵਾਲਤਾ ਦਾ ਸਾਂਝਾ ਉਪਦੇਸ਼ ਹੈ। ਇਸ ਲਈ ਨਾਮ ਧਿਆਉਣ ਦਾ ਪਹਿਲਾ ਵੱਡਾ ਉਪਦੇਸ਼ ਸਾਂਝੀਵਾਲਤਾ ਦਾ ਹੈ, ਜਿਸ ਨੂੰ ਸਰਬੱਤ ਦੇ ਭਲੇ ਵਜੋਂ ਲਿਆ ਹੈ। ਸਾਂਝੀਵਾਲਤਾ ਨੂੰ ਹਰ ਵੇਲੇ ਆਪਣੇ ਧਿਆਨ ਵਿੱਚ ਰੱਖਣਾ ਨਾਮ ਧਿਆਉਣਾ ਹੈ।

‘ਪਾਣੀ ਪਿਤਾ’ ਕੀ ਪਾਣੀ ਨੂੰ ਵਰਨ ਦੇਵਤਾ ਜਾਂ ਪਿਤਾ ਸਮਝ ਕੇ ਇਸ ਦੀ ਪੂਜਾ ਕੀਤੀ ਜਾਏ। ਸਰੀਰ ਦੀ ਹੋਂਦ ਪਿਤਾ ਦੁਆਰਾ ਹੈ ਤੇ ਆਤਮਿਕ ਹੋਂਦ ਸੰਤੋਖ ਰੂਪੀ ਪਿਤਾ ਦੁਆਰਾ ਹੈ। ਗੁਰੂ ਨਾਨਕ ਸਾਹਿਬ ਜੀ ਨੇ ਗੁਰਬਾਣੀ ਵਿੱਚ ਸੰਤੋਖ ਨੂੰ ਪਿਤਾ ਕਿਹਾ ਹੈ ਫਿਰ ਨਾਮ ਧਿਆਉਣ ਦਾ ਦੂਜਾ ਗੁਣ ਸੰਤੋਖ ਹੋਇਆ। ਪਾਣੀ ਦੀ ਪੂਜਾ ਨਹੀਂ ਸਗੋਂ ਇਸ ਵਿਚਲੇ ਨਿਰਮਲਤਾ ਸਾਫ਼-ਗੋਈ ਤੇ ਮੌਕਾ ਮਿਲਦਿਆਂ ਹਰ ਵੇਲੇ ਗਤੀਸ਼ੀਲਤਾ ਦੇ ਗੁਣ ਨੂੰ ਆਤਮਿਕ ਸੂਝ ਦਾ ਦੀਵਾ ਬਣਾਉਣਾ ਹੈ।

ਲੁਧਿਆਣੇ ਸ਼ਹਿਰ ਦੇ ਇੱਕ ਸਰਦਾਰ ਜੀ ਨੇ ਨਵੀਂ ਫੈਕਟਰੀ ਦਾ ਨੀਂਹ ਪੱਥਰ ਰੱਖਣ ਲੱਗਿਆਂ ਪੰਡਿਤ ਜੀ ਪਾਸੋਂ ਇਸ ਲਈ ਪੂਜਾ ਕਰਾਈ ਕਿ ਧਰਤੀ ਮਾਤਾ ਜੀ ਸੁੱਤੀ ਹੋਈ ਹੈ, ਜੇ ਕਰ ਸੁੱਤੀ ਹੋਈ ਧਰਤੀ ਨਾ ਜਗਾਇਆ ਗਿਆ ਤਾਂ ਫੈਕਟਰੀ ਚੱਲਣ ਵਿੱਚ ਕਈ ਅੜਿੱਕੇ ਆ ਸਕਦੇ ਹਨ। ਹਾਲਾਂ ਕਿ ਸਾਰਦਾਰ ਜੀ ਨੇ ਸਿਰੀ ਅਖੰਡ-ਪਾਠ ਵੀ ਕਰਾਇਆ ਹੋਇਆ ਸੀ। ਫਿਰ ਕੀ, ਪੰਡਿਤ ਜੀ ਨੇ ਆਪਣੇ ਢੰਗ ਨਾਲ ਧਰਤੀ ਮਾਤਾ ਜੀ ਦੀ ਪੂਜਾ ਕਰ ਦਿੱਤੀ ਤੇ ਆਪਣੀ ਦੱਛਣਾ ਲੈ ਕੇ ਰਾਹ ਨਾਪਦਾ ਤੁਰਦਾ ਬਣਿਆ। ਧਰਤੀ ਦੇ ਬਹੁਤ ਸਾਰੇ ਗੁਣਾਂ ਵਿਚੋਂ ਇੱਕ ਵੱਡਾ ਗੁਣ ਹੈ ਕਿ ਇਸ ਵਿੱਚ ਜੋ ਬੀਜੋਗੇ ਉਸ ਨੂੰ ਕਈ ਗੁਣਾਂ ਵਧਾ ਕਿ ਵਾਪਸ ਕਰਦੀ ਹੈ। "ਧਰਤੀ ਦੇਗ ਮਿਲੈ ਇੱਕ ਵੇਰਾ ਭਾਗੁ ਤੇਰਾ ਭੰਡਾਰੀ" ਪੰਨਾ ੧੧੯੧। ਧਰਤੀ ਧੀਰਜ ਸਹਿਜ ਤੇ ਨਿਰਮਾਣਤਾ ਦਾ ਗਹਿਰਾ ਨਾਮ ਧਿਆਉਣ ਦਾ ਉਪਦੇਸ਼ ਦੇਂਦੀ ਹੈ।

ਸਾਂਝੀਵਾਲਤਾ, ਨਿਰਮਲਤਾ ਤੇ ਧੀਰਜ ਦੇ ਅਭਿਆਸ ਕਰਨ ਦਾ ਨਾਂ ਮੁਸ਼ੱਕਤ ਹੈ ਜੋ ਸਚਿਆਰ ਬਣਨ ਲਈ ਜਾਂ ਮੁੱਖ ਉੱਜਲ ਹੋਣ ਲਈ ਲੋੜੀਂਦਾ ਹੈ। ਜਿਉਂ ਹੀ ਮਨੁੱਖ ਨੇ ਹੋਸ਼ ਸੰਭਾਲ਼ੀ ਤੇ ਇਸ ਦੀ ਅਵਸਥਾ ਬਣ ਗਈ:---

"ਸਉ ਓਲਾਮੇ ਦਿਨੈ ਕੇ ਰਾਤੀ ਮਿਲਨਿ ਸਹੰਸ॥

ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ॥

ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ॥

ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ"॥

ਸਲੋਕ ਮ: ੧ -- ਪੰਨਾ ੭੯੦—

ਸਾਂਝੀਵਾਲਤਾ, ਨਿਰਮਲਤਾ ਤੇ ਧੀਰਜ ਵਰਗੇ ਦੈਵੀ ਗੁਣਾਂ ਨੂੰ ਛੱਡ ਕੇ ਦਿਵਸ ਰਾਤ ਵਿੱਚ ਖੇਡ ਰਿਹਾ ਹੈ। ‘ਦਿਵਸ ਰਾਤਿ ਦੁਇ ਦਾਇਆ ਖੇਲੈ ਸਗਲ ਜਗਤੁ’ ਬੱਚੇ ਖਿਡਾਉਣ ਵਾਲੀ ਜਾਂ ਵਾਲਾ ਹਮੇਸ਼ਾਂ ਕੋਸ਼ਿਸ਼ ਕਰੇਗਾ ਕੇ ਬੱਚਾ ਨਾ ਰੋਵੇ, ਇਸ ਲਈ ਬੱਚੇ ਨੂੰ ਵਰਚਾਉਣ ਲਈ ਕਈ ਪ੍ਰਕਾਰ ਦੇ ਆਹਰ ਪਾਹਰ ਕਰੇਗਾ ਪਰ ਬੱਚੇ ਨੂੰ ਕਿਸੇ ਵੀ ਅਸਲੀਅਤ ਦਾ ਪਤਾ ਨਹੀਂ ਹੁੰਦਾ। ਇੰਜ ਹੀ ਸਾਰਾ ਜਗਤ ਦਿਨੇ ਰਾਤ ਕਾਰ ਵਿਹਾਰ ਵਿੱਚ ਪਰਚਿਆ ਪਿਆ ਹੈ ਤੇ ਸਾਂਝੀਵਾਲਤਾ ਵਰਗੇ ਆਤਮਿਕ ਗੁਣਾਂ ਨੂੰ ਭੁੱਲ ਗਿਆ ਹੈ। ‘ਸਉ ਓਲਾਮੇ ਦਿਨੈ ਕੇ ਰਾਤੀ ਮਿਲਨਿ ਸਹੰਸ’ ਦਿਨੇ ਤੁਰ ਫਿਰਕੇ ਤੇ ਰਾਤ ਨੂੰ ਸੌਂ ਕੇ ਜ਼ਿੰਦਗੀ ਗ਼ੁਜ਼ਾਰ ਦਿੱਤੀ ਪਰ ਸ਼ੁਭ ਗੁਣਾਂ ਦਾ ਨਾਮ ਧਿਆਇਆ ਹੀ ਨਹੀਂ ਹੈ। ਸ਼ਬਦ ਦੀਆਂ ਦੂਸਰੀਆਂ ਤੁਕਾਂ ਵਿੱਚ ਪਹਿਲੀਆਂ ਦੋਹਾਂ ਤੁਕਾਂ ਨੂੰ ਹੋਰ ਵਿਸਥਾਰ ਨਾਲ ਲਿਆ ਹੈ ।

ਚੰਗਿਆਈਆ ਬੁਰਿਆਈਆ, ਵਾਚੈ ਧਰਮੁ ਹਦੂਰਿ॥

ਕਰਮੀ ਆਪੋ ਆਪਣੀ ਕੈ ਨੇੜੇ ਕੇ ਦੂਰਿ॥

‘ਵਾਚੈ ਧਰਮੁ ਹਦੂਰਿ’ ਇੰਜ ਸਮਝਿਆ ਜਾਂਦਾ ਰਿਹਾ ਹੈ ਕਿ ਜਿਸ ਤਰ੍ਹਾਂ ਪਰਮਾਤਮਾ ਮਨੁੱਖ ਦੇ ਰੂਪ ਵਿੱਚ ਕਿਤੇ ਦੂਰ ਦੁਰਾਡੇ ਆਪਣੀ ਕਚਿਹਰੀ ਲਗਾ ਕੇ ਬੈਠਾ ਹੋਇਆ ਹੈ ਤੇ ਜਮ ਮਰੇ ਚੁੱਕੇ ਮਨੁੱਖ ਦੀ ਰੂਹ ਨੂੰ ਰੱਬ ਦੇ ਸਾਹਮਣੇ ਲਿਜਾ ਕੇ ਪੇਸ਼ ਕਰਦੇ ਹਨ। ਰੱਬ ਮਨੁੱਖ ਦਾ ਵਹੀ-ਖਾਤਾ ਖੋਲ੍ਹ ਕੇ ਦੇਖਦਾ ਹੈ, ਤੇ ਇਸ ਦੇ ਕੀਤੇ ਹੋਏ ਕਰਮਾਂ ਅਨੁਸਾਰ ਇਸ ਨੂੰ ਨਰਕ ਜਾਂ ਸਵਰਗ ਵਿੱਚ ਜਗ੍ਹਾ ਦਿੱਤੀ ਜਾਂਦੀ ਹੈ। ਗੁਰੂ ਨਾਨਕ ਸਾਹਿਬ ਜੀ ਦਾ ਤੇ ਰੱਬ ਜੰਮਦਾ ਹੀ ਨਹੀਂ ਹੈ ਤੇ ਨਾ ਹੀ ਉਸ ਦੀ ਕੋਈ ਮੂਰਤ-ਸ਼ਕਲ ਹੈ ਪਰ ਉਸ ਦੀ ਸਤਾ ਜ਼ਰੇ ਜ਼ਰੇ ਅੰਦਰ ਸਮਾਈ ਹੋਈ ਹੈ। ਫਿਰ ਰੱਬ ਦੀ ਸਤਾ ਸਾਡੇ ਹਿਰਦੇ ਵਿੱਚ ਵੀ ਹੈ। ਇਸ ਦਾ ਅਰਥ ਹੈ ਕਿ ਰੱਬ ਜੀ ਸਾਡੇ ਨਾਲੋਂ ਜੁਦਾ ਨਹੀਂ ਹੈ, ‘ਵਾਚੈ ਧਰਮੁ ਹਦੂਰਿ’ ਸਾਂਝੀਵਾਲਤਾ, ਨਿਰਮਲਤਾ ਤੇ ਧੀਰਜ ਨੂੰ ਗੁਰੂ ਜੀ ਦੇ ਗਿਆਨ ਦੁਆਰਾ ਆਪਣੀ ਸਮਝ ਦਾ ਹਿੱਸਾ ਬਣਾ ਕੇ ਇਹ ਦੇਖਣ ਦਾ ਯਤਨ ਕਰਨਾ ਹੈ ਕਿ ਅਸੀਂ ਦਿਨੇ ਰਾਤ ਪਏ ਕੀ ਕਰ ਰਹੇ ਹਾਂ। ਚੰਗਿਆਈਆਂ ਤੇ ਬੁਰਿਆਈਆਂ ਦੀ ਹਰ ਸਮੇਂ ਹਰ ਰੋਜ਼ ਵਿਚਾਰ ਕਰਨੀ ‘ਵਾਚੈ ਧਰਮੁ ਹਦੂਰਿ’ ਹੈ। ਏਹੀ ਦੋ ਕਰਮ ਜਿਨ੍ਹਾਂ ਕਰਕੇ ਅਸੀਂ ਰੱਬ ਜੀ ਨਾਲੋਂ ਦੂਰ ਜਾਂ ਨੇੜੇ ਹਾਂ। `ਚੰਗਿਆਈਆਂ’ ਪਵਨ, ਪਾਣੀ ਤੇ ਧਰਤੀ ਭਾਵ ਸਾਂਝੀਵਾਲਤਾ, ਨਿਰਮਲਤਾ ਤੇ ਧੀਰਜ ਦੇ ਰੂਪ ਵਿੱਚ ਦੇਖੀਆਂ ਜਾ ਸਕਦੀਆਂ ਹਨ ਜਦ ਕਿ ਦਿਨੇ ਰਾਤ ਖੇਡਦਿਆਂ ਬੁਰਿਆਈਆਂ ਕਰਦਿਆਂ ਹੀ ਨਿਕਲ ਜਾਂਦਾ ਹੈ।

‘ਜਿਨੀ ਨਾਮੁ ਧਿਆਇਆ’ ਦਾ ਅਰਥ ਹੈ ਚੰਗਿਆਈਆਂ ਤਥਾ ਪਵਨ, ਪਾਣੀ ਤੇ ਧਰਤੀ ਭਾਵ ਸਾਂਝੀਵਾਲਤਾ, ਨਿਰਮਲਤਾ – ਗਤੀ-ਸ਼ੀਲ ਹੋਣਾ ਤੇ ਧੀਰਜਤਾ ਦੀ ਪ੍ਰਪੱਕਤਾ ਨੂੰ ਹਰ ਵੇਲੇ ਬਣਾਈ ਰੱਖਣਾ। ਇਸ ਦੇ ਵਿਰੋਧ ਵਿੱਚ ਬੁਰਿਆਈਆਂ ਦਾ ਡੱਟ ਕੇ ਟਾਕਰਾ ਕਰਨ ਨੂੰ ਹਰ ਵੇਲੇ ਤਿਆਰ ਰਹਿਣਾ। ‘ਗਏ ਮੁਸਕਤਿ ਘਾਲਿ’ ਸਖਤ ਮਿਹਨਤ ਕਰਨ ਦੀ ਤਾਗੀਦ ਕਰਦੇ ਹਨ। ਹੁਣ ਇਹ ਮਿਹਨਤ ਸਰੀਰ ਦੀ ਨਹੀਂ ਏ ਸਗੋਂ ਮਾਨਸਿਕ ਮਿਹਨਤ ਹੈ। ਗੁਣਾਂ ਨੂੰ ਗ੍ਰਹਿਣ ਕਰਨਾ ਤੇ ਔਗੁਣਾਂ ਨੂੰ ਛੱਡਣਾ, ਚੰਗਿਆਈਆਂ ਵਲ ਨੂੰ ਤੁਰਨਾ ਤੇ ਬੁਰਿਆਂਈਆਂ ਵਲੋਂ ਕਿਨਾਰਾ ਕਰਨ ਨੂੰ ਨਾਮ ਧਿਆਉਣ ਦੀ ਮੁਸ਼ੱਕਤ ਕਿਹਾ ਗਿਆ ਹੈ। ਅੰਦਰੋਂ ਤੇ ਬਾਹਰੋਂ ਇੱਕ ਵਰਤਾ ਵਾਲੀ ਬਿਰਤੀ ਜਨਮ ਲੈਂਦੀ ਹੈ।

ਹੁਣ ਸੁਆਲ ਪੈਦਾ ਹੁੰਦਾ ਹੈ ਕਿ ਜਿਸ ਨਾਮ ਧਿਆਉਣ ਦੀ ਇਤਨੀ ਮਹਿਮਾ ਗੁਰਬਾਣੀ ਵਿੱਚ ਆਈ ਹੈ, ਉਸ ਨੂੰ ਧਿਆਇਆ ਜਾ ਜੱਪਿਆ ਕਿਵੇਂ ਜਾਏ? ਇਹ ਸੁਆਲ ਕੋਈ ਬਹੁਤ ਔਖਾ ਨਹੀਂ ਹੈ ਜਿੰਨਾ ਅਸੀਂ ਬਣਾ ਲਿਆ ਹੈ, ਕਿਉਂਕਿ ਗੁਰੂ ਮਹਾਂਰਾਜ ਜੀ ਨੇ ਗੁਰਬਾਣੀ ਵਿੱਚ ਥਾਂ—ਥਾਂ ਬੜੇ ਸੌਖੇ ਢੰਗ ਨਾਲ ਸਾਨੂੰ ਸਮਝਾਇਆ ਹੈ, ਪਰ ਫਿਰ ਵੀ ਸਾਡੇ ਕਈ "ਗਿਆਨੀਆਂ", ‘ਬ੍ਰਹਮ ਗਿਆਨੀਆਂ’, "ਸਾਧਾਂ ਸੰਤਾਂ", ‘ਵਿਦਾਵਾਨਾਂ’ ਤੇ ‘ਜੋਗੀਆਂ’ ਨੇ ਨਾਮ ਦੇ ਮਸਲੇ ਨੂੰ ਬਹੁਤ ਹੀ ਉਲਝਾ ਕੇ ਰੱਖ ਦਿੱਤਾ ਹੈ। ਜਿਸ ਜੋਗ ਮਤ ਤੋਂ ਗੁਰੂ ਸਾਹਿਬ ਜੀ ਨੇ ਸਾਡਾ ਖਹਿੜਾ ਛੁਡਾਇਆ ਸੀ, ਕਈ ਵਿਦਵਾਨ ਉਸੇ ਨੂੰ ਹੀ ਮੁੜ ਸੁਰਜੀਤ ਕਰ ਰਹੇ ਹਨ। ਇੜਾ, ਪਿੰਗਲਾ, ਸੁਖਮਨਾ, ਕੁੰਡਲਨੀ ਆਦਿ ਦੇ ਚੱਕਰਾਂ ਵਿੱਚ ਪਾ ਕੇ ਸਿੱਖ ਨੂੰ ਗੁਰਮਤਿ ਨਾਲੋਂ ਤੋੜ ਕੇ ਯੋਗ ਮਤ ਨਾਲ ਜੋੜ ਰਹੇ ਹਨ।

ਚੌਣਵੇਂ ਸ਼ਬਦਾਂ ਦੀ ਵਿਆਖਿਆ ਪੋਥੀ ‘ਮਿਸ਼ਨਰੀ ਕਾਲਜ ਲੁਧਿਆਣਾ ਵਲੋਂ ਜੋ ਛਪੀ ਹੈ’ ਉਸ ਵਿੱਚ ੨੯੪ ਪੰਨਾ ਉੱਤੇ ਬਹੁਤ ਹੀ ਖ਼ੂਬਸੂਰਤ ਢੰਗ ਨਾਲ ਨਾਮ ਧਿਆਉਣ ਦੀ ਵਿਆਖਿਆ ਕੀਤੀ ਗਈ ਹੈ। ਕੁੱਝ ਅਜੇਹੇ ਗੁਰਮੁਖ ਵੀ ਹਨ ਜੋ ਕੇਵਲ ਕਿਸੇ ਇੱਕ ਸ਼ਬਦ ਦੇ ਰਟਨ ਮਾਤਰ ਨੂੰ ਹੀ ਨਾਮ ਜਪਣਾ ਕਹਿੰਦੇ ਹਨ ਅਤੇ ਕੋਈ ਵੀ ਦਲੀਲ ਸੁਣਨ ਨੂੰ ਤਿਆਰ ਨਹੀਂ ਹਨ। ਅਜੇਹੇ ਗੁਰਮੁਖਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਨਾਮ ਜੱਪਣ ਦਾ ਭਾਵ ਪ੍ਰਭੂ ਦੇ ਗੁਣ ਗਾਉਣਾ ਹੈ, ਸਿਫਤ ਸਲਾਹ ਕਰਨੀ ਹੈ, ਇੰਜ ਪ੍ਰਭੂ ਦੇ ਗੁਣਾਂ ਨੂੰ ਹਿਰਦੇ ਵਿੱਚ ਧਾਰਨਾ ਹੈ ਅਤੇ ਆਪਣੇ ਆਚਰਨ ਨੂੰ ਉੱਚਾ ਸੁੱਚਾ ਬਣਾਉਣਾ ਹੈ। ਜੋ ਕਿਸੇ ਇੱਕ ਸ਼ਬਦ ਦੇ ਨਿਰੇ ਰਟਨ ਉੱਤੇ ਹੀ ਜ਼ੋਰ ਦੇਂਦੇ ਉਹਨਾਂ ਬਾਰੇ ਸਤਿਗੁਰ ਜੀ ਫਰਮਾਉਂਦੇ ਹਨ:--

ਰਾਮ ਰਾਮ ਸਭੁ ਕੋ ਕਹੈ, ਕਹੀਐ ਰਾਮੁ ਨ ਹੋਇ॥

ਗੁਰ ਪਰਸਾਦੀ ਰਾਮੁ ਮਨਿ ਵਸੈ, ਤਾ ਫਲ ਪਾਵੈ ਕੋਇ॥

ਗੂਜਰੀ ਮਹਲਾ ੩ ਪੰਨਾ ੪੮੧ ---

ਮੁਖਹੁ ਹਰਿ ਹਰਿ ਸਭੁ ਕੋ ਕਰੈ, ਵਿਰਲੈ ਹਿਰਦੈ ਵਸਾਇਆ॥

ਨਾਨਕ ਜਿਨ ਕੈ ਹਿਰਦੈ ਵਸਿਆ, ਮੋਖ ਮੁਕਤਿ ਤਿਨ ਪਾਇਆ॥

ਵਡਹੰਸ ਮਹਲਾ ੩ ਪੰਨਾ ੪੬੫ ---

ਨਾਮ ਧਿਆਉਣਾ ਕਿਸੇ ਇੱਕ ਅੱਖਰ ਦਾ ਰਟਨ ਮਾਤਰ ਕਰਨਾ ਨਹੀਂ ਏ ਇਹ ਤੇ ਸਗੋਂ ਪ੍ਰਭੂ ਦੇ ਗੁਣ ਗਾਂਦਿਆਂ ਵਿਚਾਰਦਿਆਂ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਹੈ, ਤਾਂ ਜੋ ਆਪਣਾ ਜੀਵਨ ਵਿਕਾਰ ਰਹਿਤ ਹੋ ਸਕੇ।

ਸਭਿ ਗੁਣ ਤੇਰੇ, ਮੈ ਨਾਹੀ ਕੋਇ॥

ਵਿਣੁ ਗੁਣ ਕੀਤੇ ਭਗਤਿ ਨ ਹੋਇ॥

ਮ: ੧ ਜਪੁ ਪੰਨਾ ੪---

ਮੁੱਕਦੀ ਗੱਲ ਜੀਵ ਨੇ ਆਪਣੇ ਜੀਵਨ ਕਾਲ ਵਿੱਚ ਚੰਗਿਆਈਆਂ ਵਲ ਨੂੰ ਤੁਰਨਾ ਹੈ ਬੁਰਿਆਈਆਂ ਨੂੰ ਹਮੇਸ਼ਾ ਲਈ ਤਿਆਗਣਾ, ਦੀ ਮੁਸ਼ੱਕਤ ਕਰਨੀ ਹੈ ਜਿਸ ਨੂੰ ਨਾਮ ਧਿਆਉਣ ਕਿਹਾ ਗਿਆ ਹੈ।

ਆਗਾਹਾ ਕੂ ਤ੍ਰਾਘਿ, ਪਿਛਾ ਫੇਰਿ ਮੁਹਡੜਾ॥

ਨਾਨਕ ਸਿਝਿ ਇਵੇਹਾ ਵਾਰ, ਬਹੁਰ ਨ ਹੋਵੀ ਜਨਮੜਾ॥

ਡਖਣੇ ਮ: ੫ ਪੰਨਾ ੧੦੯੬---
.