.

“ਮਰਤਾ ਮਰਤਾ ਜਗੁ ਮੂਆ” … “ਸਤਿਗੁਰੁ ਮੇਰਾ ਮਾਰਿ ਜੀਵਾਲੈ”

ਸਰੀਰਕ ਮੌਤ ਅਤੇ ਆਤਮਕ ਮੌਤ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

“ਖਾਣਾ ਪੀਣਾ ਹਸਣਾ ਸਉਣਾ ਵਿਸਰਿ ਗਇਆ ਹੈ ਮਰਣਾ” ਦਰਅਸਲ ਇਹੀ ਸੀਮਾਂ ਚਲ ਰਹੀ ਹੈ ਸਾਡੇ ਇਸ ਸਰੀਰ ਦੀ। ਕਾਰਣ-ਸਾਨੂੰ ਭੁਲੇਖਾ ਹੈ ਕਿ ਸਰੀਰ ਸਾਡਾ ਹੈ। ਦਰ ਅਸਲ ਜਿਸ ਸਰੀਰ ਨੂੰ ਅਸੀਂ ਅਪਣਾ ਸਮਝਦੇ ਹਾਂ ਇਸਦੀ ਹੋਂਦ, ਇਸਦੇ ਅੰਦਰ ਵੱਸ ਰਹੇ ਪ੍ਰਭੁ ਦੇ ਨੂਰ ਦੇ ਆਸਰੇ ਹੈ ਜਿਸਨੂੰ ਅਸੀਂ ਆਤਮਾ ਵੀ ਕਹਿੰਦੇ ਹਾਂ। ਫ਼ੁਰਮਾਨ ਹੈ ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧੁ ਵਿਚਿ, ਤਾ ਤੂ ਜਗ ਮਹਿ ਆਇਆ” (ਪੰ: 921) ਪਰ ਅਸਾਂ ਕੀਤਾ ਹੈ “ਖਸਮੁ ਵਿਸਾਰਿ ਖੁਆਰੀ ਕੀਨੀ ਧ੍ਰਿਗੁ ਜੀਵਣੁ ਨਹੀ ਰਹਣਾ” (ਪੰ: ੧੨੪੫) ਫ਼ੈਸਲਾ ਹੈ “ਪ੍ਰਾਣੀ ਏਕੋ ਨਾਮੁ ਧਿਆਵਹੁ॥ ਅਪਨੀ ਪਤਿ ਸੇਤੀ ਘਰਿ ਜਾਵਹੁ” ਅਤੇ ਸੱਚਾਈ ਵੀ ਇਹੀ ਹੈ, ਜੇਕਰ ਪ੍ਰਭੁ ਸਾਡੇ ਸਰੀਰ `ਚ ਅਪਣੀ ਜੋਤ ਹੀ ਨਾ ਰਖਦਾ ਤਾਂ ਅਸਾਂ ਪੈਦਾ ਵੀ ਨਹੀਂ ਸੀ ਹੋਣਾ, ਬਾਕੀ ਸਭ ਗਲਾਂ ਤਾਂ ਬਾਦ `ਚ ਆਉਂਦੀਆਂ ਹਨ।

ਇਸੇਤਰ੍ਹਾਂ ਜਦੋਂ `ਤੇ ਜਿਸ ਘੜੀ ਕਰਤਾਰ ਦਾ ਅੰਸ਼ (ਆਤਮਾ) ਸਾਡੇ ਤੋਂ ਅੱਡ ਹੋ ਜਾਂਦਾ ਹੈ ਤਾਂ ਸੱਚਾਈ ਪ੍ਰਗਟ ਹੁੰਦੇ ਦੇਰ ਨਹੀਂ ਲਗਦੀ ਕਿ ਇਸ ਸਰੀਰ ਦਾ ਅਪਣਾ ਕੋਈ ਵਜੂਦ ਨਹੀਂ, ਇਹ ਤਾਂ ਕੇਵਲ ਮਿੱਟੀ ਦੀ ਢੇਰੀ ਤੋਂ ਵੱਧ ਕੁੱਝ ਨਹੀਂ। ਇੰਨਾ ਹੀ ਨਹੀਂ, ਪਹਿਲਾਂ ਤਾਂ ਮਾਤਾ ਦੇ ਗਰਭ `ਚ ਜਦੋਂ ਸਾਡਾ ਸਰੀਰ ਬਣ ਰਿਹਾ ਸੀ ਤਾਂ ਉਸ ਸਮੇਂ “ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ, ਸੋ ਕਿਉ ਮਨਹੁ ਵਿਸਾਰੀਐ॥ ਮਨਹੁ ਕਿਉ ਵਿਸਾਰੀਐ ਏਵਡੁ ਦਾਤਾ, ਜਿ ਅਗਨਿ ਮਹਿ ਆਹਾਰੁ ਪਹੁਚਾਵਏ” (ਪੰ: 920) ਪ੍ਰਭੁ ਸਾਡਾ ਆਹਾਰ ਵੀ ਸਾਨੂੰ ਉਸ ਅੱਗ `ਚ ਹੀ ਪਹੁੰਚਾਉਂਦਾ ਸੀ। ਉਪਰੰਤ ਸਾਡਾ ਜਨਮ ਵੀ “ਜਾ ਤਿਸੁ ਭਾਣਾ ਤਾ ਜੰਮਿਆ” (ਪੰ: 920) ਉਦੋਂ ਹੋਇਆ ਜਦੋਂ ਉਸਦਾ ਭਾਣਾ ਸੀ `ਤੇ ਜਦੋਂ ਉਸਨੂੰ ਭਾਇਆ, ਸਾਡੀ ਮਰਜ਼ੀ ਨਾਲ ਤਾਂ ਸਾਡਾ ਜਨਮ ਵੀ ਨਹੀਂ ਹੋਇਆ।

ਸੁਖ ਸਹਜ ਸੇਤੀ ਘਰਿ ਆਉ” -ਫ਼ੁਰਮਾਣ ਹੈ ਜਿਨਿ ਤੁਮ ਭੇਜੇ ਤਿਨਹਿ ਬੁਲਾਏ ਸੁਖ ਸਹਜ ਸੇਤੀ ਘਰਿ ਆਉ” (ਪੰ: 678)। ਜੇਕਰ ਗੁਰਬਾਣੀ-ਗੁਰੂ ਤੋਂ ਸੇਧ ਲਵਾਂਗੇ ਤਾਂ ਹੀ ਸਮਝ ਆ ਸਕੇਗੀ ਕਿ ਸਾਨੂੰ ਭੇਜਿਆ ਕਿਸਨੇ ਹੈ? ਕਿਉਂ `ਤੇ ਕਿਸ ਮੱਕਸਦ ਲਈ ਭੇਜਿਆ ਹੈ? ਅਸਲ `ਚ ਮੱਕਸਦ ਨੂੰ ਸਮਝੇ ਬਿਨਾ ਜੀਣਾ ਇਉਂ ਹੈ ਜਿਵੇਂ ਪਸ਼ੂ-ਪੰਛੀ ਆਦਿ ਦੂਜੀਆਂ ਜੂਨੀਆਂ ਦੀ ਜੂਨੀ। ਸਾਨੂੰ ਭੁੱਖ ਲਗਦੀ ਹੈ, ਥੱਕਾਵਟ ਹੁੰਦੀ ਹੈ, ਨੀਂਦ ਆਉਂਦੀ `ਤੇ ਸੌਂਦੇ ਹਾਂ, ਅੰਤ ਅਪਣੀ ਨਸਲ ਵਧਾ ਕੇ, ਅਪਣੀ ਓਲਾਦ ਪੈਦਾ ਕਰਕੇ ਸੰਸਾਰ ਤੋਂ ਚਲੇ ਜਾਂਦੇ ਹਾਂ। ਜੇ ਇੰਨਾਂ ਖੱਪ ਹਾਰਕੇ, ਦਿਨ ਰਾਤ ਪਸਾਰੇ ਪਸਾਰ `ਤੇ ਪ੍ਰੇਸ਼ਾਨੀਆਂ ਸਹੇੜ, ਸਾਡੀ ਸੀਮਾਂ ਇਹੀ ਹੈ ਤਾਂ ਇੰਨੀ ਕਿਰਿਆ ਤਾਂ ਹਰੇਕ ਜੀਵ ਸ਼੍ਰੇਣੀ ਬੜਾ ਸ਼ਾਂਤ ਜੀਵਨ ਬਿਤਾਕੇ ਕੱਟ ਰਹੀ ਹੈ। ਇਸਤਰ੍ਹਾਂ ਅਸਾਂ ਉਨ੍ਹਾਂ ਤੋਂ ਵੱਖਰਾ ਜਾਂ ਵੱਧ ਕੀ ਕੀਤਾ? ਕੁੱਝ ਨਹੀਂ, ਬਲਕਿ ਉਨ੍ਹਾਂ ਤੋਂ ਵੀ ਹੇਠਾਂ ਹੀ ਚਲੇ ਗਏ।

ਦੂਜੇ ਪਾਸੇ ਕਰਤੇ ਨੇ ਜੋ ਸੰਤੁਲਿਤ-ਬਹੁਪੱਖੀ ਵਰਤੋਂ ਵਾਲਾ ਸਰੀਰ (Balanced, Multiple Use Body) ਅਤੇ ਅਤਿਅੰਤ ਖੋਜੀ-ਵਿਕਾਸਸ਼ੀਲ ਦਿਮਾਗ਼ ਸਾਨੂੰ ਬਖਸ਼ਿਆ ਹੈ। ਅਜੇਹਾ ਸਭ ਪਸ਼ੂ-ਪੰਛੀ ਆਦਿ ਅਰਬਾਂ-ਖਰਬਾਂ ਜੂਨਾ ਵਿਚੋਂ ਕਿਸੇ ਇੱਕ ਵੀ ਜੂਨੀ `ਚ ਨਹੀਂ। ਉਹ ਇਸ ਲਈ ਕਿ ਮਨੁੱਖਾ ਸਰੀਰ ਦਾ ਕੁੱਝ ਨਿਵੇਕਲਾ ਮੱਕਸਦ ਹੈ ਅਤੇ ਉਹ ਮੱਕਸਦ ਗੁਰਬਾਣੀ `ਚ ਚੁੱਭੀ ਲਾਏ ਬਿਨਾਂ ਸਾਡੀ ਸਮਝ `ਚ ਆ ਵੀ ਨਹੀਂ ਸਕਦਾ। ਮਾਲਿਕ ਨੇ ਸਾਨੂੰ ਮਨੁੱਖਾ ਜਨਮ ਦਿੱਤਾ ਤਾਕਿ ਸੁਖ ਸਹਜ ਸੇਤੀ ਘਰਿ ਆਉ” (ਪੰ: 678)। ਭਾਵ ਗੁਰਬਾਣੀ ਗੁਰੂ ਦੀ ਆਗਿਆ `ਚ ਚਲੋ `ਤੇ ਪ੍ਰਭੁ ਅਤੇ ਮਨੁੱਖ ਵਿਚਾਲੇ ਬਣ ਚੁਕੀ ‘ਕੂੜ ਦੀ ਕੰਧ ਨੂੰ ਤੋੜਕੇ ਸਚਿਆਰੇ ਬਣੋ, ਸੱਚੇ ਦਾ ਰੂਪ ਬਣੋ, ਅਪਣੇ ਅਸਲੇ ਪ੍ਰਭੁ ਨਾਲ ਇਸਤਰ੍ਹਾ ਇਕ-ਮਿੱਕ ਹੋ ਜਾਵੋ ਜਿਸਤਰ੍ਹਾਂ “ਨਦੀਆ ਅਤੈ ਵਾਹ ਪਵਹਿ ਸਮੁੰਦਿ ਨ ਜਾਣੀਅਹਿ” ਅਤੇ ਜਿਉ ਜਲ ਮਹਿ ਜਲੁ ਆਇ ਖਟਾਨਾ॥ ਤਿਉ ਜੋਤੀ ਸੰਗਿ ਜੋਤਿ ਸਮਾਨਾ” (ਪੰ: 278) ਆਦਿ। ਇਸੇ ਨੂੰ ਬਾਣੀ `ਚ ਜੀਂਦੇ ਜੀਅ ‘ਜੀਵਨ ਮੁਕਤਿ’ ਹੋਣਾ ਵੀ ਕਿਹਾ ਹੈ ਪਰ ਹੁੰਦਾ ਹੈ ਇਸਦੇ ਉਲਟ। ਜਨਮ ਲੈਂਦੇ ਸਾਰ ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ॥ ਜਾ ਤਿਸੁ ਭਾਣਾ ਤਾ ਜੰਮਿਆ ਪਰਵਾਰਿ ਭਲਾ ਭਾਇਆ॥ ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ॥ ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ” (ਪੰ: 920)। ਕਰਤੇ ਨੇ ਬਖਸ਼ਿਸ਼ ਕਰਕੇ ਜਿਸ ਬਾਰ ਬਾਰ ਦੇ ਜਨਮ-ਮਰਣ ਦੇ ਗੇੜ੍ਹ ਚੋਂ ਬਚਣ ਲਈ ਸਾਨੂੰ ਮਨੁੱਖਾ ਜਨਮ ਬਖਸ਼ਿਆ ਸੀ, ਅਪਣੀ ਅਗਿਆਨਤਾ ਕਾਰਣ, ਇਸ ਅਮੁਲੇ ਜਨਮ ਨੂੰ ਬਰਬਾਦ ਕਰਕੇ ਅਸੀਂ ਫ਼ਿਰ ਤੋਂ ਉਸੇ ਜਨਮ-ਮਰਣ ਦੇ ਗੇੜ੍ਹ `ਚ ਫਸ ਜਾਂਦੇ ਹਾਂ।

“ਸਤਿਗੁਰੁ ਮੇਰਾ ਮਾਰਿ ਜੀਵਾਲੈ” -ਨਾਲ ਲਗਦੇ, ਕੁੱਝ ਸੱਜਣ ਇਹ ਸੁਆਲ ਵੀ ਕਰਦੇ ਹਨ, ਗੁਰਬਾਣੀ ਦਾ ਫ਼ੈਸਲਾ ਹੈ “ਮਾਰੈ ਰਾਖੈ ਏਕੋ ਆਪਿ” (ਪੰ: 281) ਭਾਵ ਜੀਵ ਨੂੰ ਮਾਰਦਾ-ਰਖਦਾ ਅਕਾਲਪੁਰਖ ਹੀ ਹੈ। ਹੋਰ-ਕਰਣ ਕਾਰਣ ਪ੍ਰਭੁ ਏਕੁ ਹੈ ਦੂਸਰ ਨਾਹੀ ਕੋਇ” (ਪੰ: 276)। ਮੁਕਦੀ ਗਲ, ਕਰਤਾ-ਹਰਤਾ ਅਕਾਲਪੁਰਖ ਤੋਂ ਬਿਨਾ ਦੂਜਾ ਕੋਈ ਨਹੀਂ। ਉਸਦੇ ਨਾਲ ਇਹ ਫ਼ੁਰਮਾਨ ਵੀ ਗੁਰਬਾਣੀ ਦਾ ਹੈ “ਸਤਿਗੁਰੁ ਮੇਰਾ ਮਾਰਿ ਜੀਵਾਲੈ” ਭਾਵ ਸਤਿਗੁਰ ਵੀ ਜੀਵ ਨੂੰ ਮਾਰ ਕੇ ਜਿਵਾਲ ਸਕਦਾ ਹੈ ਅਤੇ ਅਜੇਹੇ ਕਈ ਹੋਰ ਫ਼ੁਰਮਾਨ। ਤਾਂਤੇ ਜੇਕਰ ਕਰਣ-ਕਾਰਣ ਪ੍ਰਭੁ ਆਪ ਹੀ ਆਪ ਹੈ ਅਤੇ ਉਸ `ਚ ਕਿਸੇ ਦਾ ਦਖਲ ਨਹੀਂ ਤਾਂ ਇਹ ਤਾਕਤ ਗੁਰੂ ਕੋਲ ਵੀ ਕਿਵੇਂ ਚਲੀ ਗਈ? ਇਨ੍ਹਾਂ ਦੋਨਾਂ ਗਲਾਂ `ਚ ਵਿਰੋਧਾਭਾਸ ਕਿਉਂ ਹੈ?

ਸਨਿਮ੍ਰ ਬੇਨਤੀ ਹੈ, ਇਥੇ ਕੁੱਝ ਵੀ ਵਿਰੋਧਾਭਾਸ ਨਹੀਂ, ਫ਼ਰਕ ਕੇਵਲ ਸਮਝਣ ਦਾ ਹੈ। ਸੱਚਾਈ ਨੂੰ ਸਮਝਣ ਲਈ ਜ਼ਰੂਰੀ ਹੈ ਇਸ ਪਖੋਂ ਗੁਰਬਾਣੀ ਨੂੰ ਗੁਰਬਾਣੀ ਦੇ ਅਰਥਾਂ `ਚ ਸਮਝਣ ਦਾ ਜਤਨ ਕੀਤਾ ਜਾਵੇ, ਵਿਸ਼ਾ ਅਪਣੇ ਆਪ ਸਾਫ਼ ਹੋ ਜਾਵੇਗਾ। ਠੀਕ ਹੈ, ਕਰਤਾਰ ਨੇ ਗੁਰੂ ਨਾਨਕ ਪਾਤਸ਼ਾਹ ਅਤੇ ਉਨ੍ਹਾਂ ਦੇ ਦਸਾਂ ਹੀ ਸਰੂਪਾਂ ਨੂੰ ਸਰਵ-ਸਮ੍ਰਥ ਬਣਾਇਆ ਹੈ। ਗੁਰੂ ਨਾਨਕ ਪਾਤਸ਼ਾਹ, ਅਕਾਲਪੁਰਖ ਤੋਂ ਭਿੰਨ ਨਹੀਂ ਬਲਕਿ ਕਰਤੇ ਦਾ ਹੀ ਨਿਜ ਗੁਣ ‘ਗੁਰੂ, ਸਤਿਗੁਰੂ, ਸ਼ਬਦ ਗੁਰ ਅਥਵਾ ਸ਼ਬਦ’ ਦਾ ਸਰੀਰਕ ਪ੍ਰਗਟਾਵਾ `ਤੇ ਜਨਮਾਂਦਰੂ ਗੁਰੂ ਹਨ। ਉਨ੍ਹਾਂ ਜਾਂ ਉਨ੍ਹਾਂ ਰਾਹੀਂ ਥਾਪੇ ਜਿਸ ਵੀ ਗੁਰੂ ਸਰੂਪ ਨੇ ਜਿਸ ਉਪਰ ਬਖਸ਼ਿਸ਼ ਕਰ ਦਿਤੀ, ਉਹ ਗੁਰੂ ਨਾਨਕ ਹੀ ਹੋ ਗਿਆ। ਬਾਕੀ ਨੌ ਜਾਮੇ ਇਸੇ ਹੀ ਇਲਾਹੀ ਸੱਚ ਦਾ ਸਬੂਤ ਹਨ। ਫ਼ਿਰ ਵੀ ਸਮ੍ਰਥ ਹੋਣਾ ਅਤੇ ਸਮ੍ਰਥਾ ਦਾ ਪ੍ਰਗਟਾਵਾ-ਵਰਤੋਂ, ਵੱਖ ਵੱਖ ਵਿਸ਼ੇ ਹਨ। ਗੁਰਬਾਣੀ ਦਾ ਸਿਧਾਂਤ ਹੈ ਅਤੇ ਗੁਰੂ ਸਾਹਿਬ ਆਪ ਵੀ ਸਾਨੂੰ ਰਜ਼ਾ `ਚ ਚਲਣ ਦੀ ਜਾਚ ਸਿਖਾ ਰਹੇ ਹਨ। ਤਾਂ ਇਹ ਕਿਵੇਂ ਸੰਭਵ ਹੈ ਕਿ ਪਾਤਸ਼ਾਹ ਆਪ ਹੀ ਰਜ਼ਾ ਤੋਂ ਬਾਹਰ ਜਾਕੇ, ਕਰਤੇ ਦੀ ਬਖਸ਼ੀ ਸਮ੍ਰਥਾ ਦਾ ਦਿਖਾਵਾ ਜਾਂ ਉਸਦੀ ਉਲੰਘਣਾ ਕਰਣ। ਇਸ ਲਈ ਜ਼ਰੂਰੀ ਹੈ ਕਿ ਇਸ ਪਖੋਂ ਗੁਰਬਾਣੀ ਸਿਧਾਂਤ ਨੂੰ ਚੰਗੀ ਤਰ੍ਹਾਂ ਘੋਖ ਲਿਆ ਜਾਵੇ।

ਇਨਸਾਨ ਦੀ ਮੌਤ, ਦੋ ਤਰ੍ਹਾਂ ਦੀ - ਕੇਵਲ ਗੁਰਬਾਣੀ ਗਿਆਨ ਰਾਹੀਂ ਹੀ ਸਮਝ ਆਉਂਦੀ ਹੈ ਕਿ ਇਨਸਾਨ ਦੀ ਮੌਤ ਦੋ ਤਰ੍ਹਾਂ ਦੀ ਹੁੰਦੀ ਹੈ। ਮਨੁੱਖ ਅਸਲ `ਚ ਪ੍ਰਭੁ ਦਾ ਹੀ ਅੰਸ਼ ਹੈ ਅਤੇ ਜੋ ਇਨਸਾਨ ਜੀਂਦੇ ਜੀਅ ਪ੍ਰਭੁ ਨਾਲ ਇਕ-ਮਿੱਕ ਹੋ ਜਾਂਦੇ ਹਨ ਬ੍ਰਹਮ ਗਿਆਨੀ ਸਦ ਜੀਵੈ ਨਹੀ ਮਰਤਾ” (ਪੰ: 273) ਅਨੁਸਾਰ ਕਦੇ ਨਹੀਂ ਮਰਦੇ। ਉਨ੍ਹਾਂ ਲਈ ਇਹ ਸਰੀਰ ਪ੍ਰਭੁ ਮਿਲਾਪ ਲਈ ਇੱਕ ਅਮੁਲਾ ਸਮਾਂ ਅਤੇ ਸਰੀਰਕ ਮੌਤ ਕੇਵਲ ਇੱਕ ਖੇਲ। ਦੂਜੇ, ਜੋ ਵਿਕਾਰਾਂ, ਮੋਹ ਮਾਇਆ `ਚ ਡੁੱਬਕੇ ਸਾਰੀ ਉਮਰ ਖੁਆਰ ਹੁੰਦੇ ਹਨ ਦਰਅਸਲ ਅਜੇਹੇ ਲੋਕ ਆਮ ਤੌਰ ਤੇ ਹਰਪਲ ਮੁਰਦਾ ਅਤੇ ਆਤਮਕ ਪਖੋਂ ਮਰੇ ਹੀ ਹੁੰਦੇ ਹਨ। ਉਪਰੰਤ ਸਰੀਰ ਬਿਨਸਨ ਤੋਂ ਬਾਦ ਫ਼ਿਰ ਤੋਂ ਬਾਰ ਬਾਰ ਦੇ ਜਨਮ-ਮਰਨ ਗੇੜ੍ਹ `ਚ ਫਸ ਜਾਂਦੇ ਹਨ।

ਸਰੀਰਕ ਮੌਤ ਬਾਰੇ ਤਾਂ ਸਾਰਾ ਸੰਸਾਰ ਜਾਣਦਾ ਹੈ ਪਰ ਆਤਮਕ ਮੌਤ ਦੀ ਸੋਝੀ ਗੁਰੂ ਗਿਆਨ ਕੇਵਲ ਵਿਰਲਿਆਂ ਨੂੰ ਹੀ ਹੁੰਦੀ ਹੈ। ਜਿਥੋਂ ਤੀਕ ਸਰੀਰਕ ਮੌਤ ਦਾ ਸੰਬੰਧ ਹੈ ਭਾਵੇਂ ਕੋਈ ਸਮੁੰਦਰ ਮੰਥਨ ਵਰਗੀਆਂ ਫ਼ਰਜ਼ੀ ਅੰਮ੍ਰਿਤ ਦੀਆਂ ਕਹਾਣੀਆ ਘੜਕੇ ਸੰਸਾਰ ਨੂੰ ਉਲਝਾਂਦਾ ਫਿਰੇ ਜਾਂ ਸੁਰਗ-ਨਰਕ-ਦੇਵ ਲੋਕ ਆਦਿ ਦੇ ਆਡੰਬਰ ਰਚਦਾ ਫਿਰੇ। ਗੁਰਬਾਣੀ ਦਾ ਫ਼ੈਸਲਾ ਹੈ ਜੋ ਉਪਜਿਓ ਸੋ ਬਿਨਸਿ ਹੈ…” (ਪੰ: 1429) ਜਾਂ ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ…” (ਪੰ: 1231)। ਗੁਰਬਾਣੀ ਦਾ ਫ਼ੈਸਲਾ ਹੈ ਕੇਵਲ ਮਨੁੱਖ ਹੀ ਨਹੀਂ, ਸੰਪੂਰਣ ਰਚਨਾ `ਚ ਜੋ ਕੁੱਝ ਵੀ ਅਸੀਂ ਦੇਖ-ਛੂ ਸਕਦੇ ਹਾਂ, ਇਥੋਂ ਤੀਕ ਚੰਦ-ਸੂਰਜ-ਧਰਤੀ-ਆਕਾਸ਼ ਸਭ ਚਲਾਏਮਾਣ ਹਨ ਅਤੇ ਕੁੱਝ ਵੀ ਥਿੱਰ ਨਹੀਂ। ਫ਼ੁਰਮਾਨ ਹੈ ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ॥ ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ॥ ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹ੍ਹਣਹਾਰੁ॥ ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ॥ ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ” (ਪੰ: 468) ਬਲਕਿ “ਆਪਿ ਸਤਿ ਕੀਆ ਸਭੁ ਸਤਿ॥ ਤਿਸੁ ਪ੍ਰਭ ਤੇ ਸਗਲੀ ਉਤਪਤਿ॥ ਤਿਸੁ ਭਾਵੈ ਤਾ ਕਰੇ ਬਿਸਥਾਰੁ॥ ਤਿਸੁ ਭਾਵੈ ਤਾ ਏਕੰਕਾਰੁ” (ਪੰ: 294)। ਭਾਵ ਇਸ `ਚ “ਆਪਿ ਸਤਿ” ਅਨੁਸਾਰ ਸਿਵਾਇ ਅਕਾਲਪੁਰਖ ਦੇ ਕੁੱਝ ਵੀ ਸਦੀਵੀ ਨਹੀਂ, ਬਿਨਸਨਹਾਰ (ਕੂੜ) ਹੈ।

“ਹੁਕਮਿ ਰਜਾਈ ਚਲਣਾ” - ਅੰਦਾਜ਼ਾ ਲਗਾਓ! ਜਦੋਂ ਗੁਰਦੇਵ ਆਪ ਫ਼ੁਰਮਾਅ ਰਹੇ ਹਨ “ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ” (ਪੰ: 923) ਅਤੇ ਮਰਣੁ ਲਿਖਾਇ ਮੰਡਲ ਮਹਿ ਆਏ” (ਪੰ: 665) ਜਾਂ “ਜਿਨ੍ਹ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹ੍ਹਾ ਮਰਣਾ ਭਾਈ” (ਪੰ: 418) ਇਸਤਰ੍ਹਾਂ ਦਾਤਾਰ ਦੇ ਹੁਕਮ ਦੀ ਖੇਡ `ਚ ਜੇਕਰ ਕਿਸੇ ਸਰੀਰ ਦਾ ਅੰਤ ਹੋ ਗਿਆ ਤੇ ਗੁਰੂ ਸਾਹਿਬ ਆਪ ਹੀ ਉਸਨੂੰ ਮੁਢੋਂ ਜੀਵਤ ਕਰ ਦੇਣ ਤਾਂ ਕੀ ਗੁਰਬਾਣੀ ਆਦੇਸ਼ਾਂ ਅਨੁਸਾਰ ਅਜੇਹਾ ਕਰਨਾ ਕਰਤਾਰ ਦੀ ਹੁਕਮਿ-ਰਜ਼ਾ ਵਾਲੀ ਖੇਡ `ਚ ਦਖ਼ਲ ਦੇਨਾ ਨਹੀਂ ਹੋਵੇਗਾ? ਕੀ ਅਜੇਹਾ ਕਰਨਾ ਗੁਰੂ ਸਾਹਿਬ ਰਾਹੀਂ ਸਮ੍ਰਥਾ ਦਾ ਪ੍ਰਗਟਾਵਾ `ਤੇ ਅਪਣੇ ਹੀ ਫ਼ੁਰਮਾਨਾਂ ਦੇ ਉਲੰਙਣਾ ਨਹੀਂ ਹੋਵੇਗੀ? ਜਿਹੜੇ ਗੁਰੂ ਸਾਹਿਬ ਲੋਕਾਈ ਨੂੰ ਦ੍ਰਿੜ ਕਰਵਾ ਰਹੇ ਹਨ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ” (ਬਾਣੀ ਜਪੁ) ਜੋ ਕਿਛੁ ਵਰਤੈ ਸਭ ਤੇਰਾ ਭਾਣਾ॥ ਹੁਕਮੁ ਬੂਝੈ ਸੋ ਸਚਿ ਸਮਾਣਾ” (ਪੰ: 193) ਜਾਂ ਤੇਰਾ ਕੀਆ ਮੀਠਾ ਲਾਗੈ” (ਪੰ: 394)। ਇੰਨਾ ਹੀ ਨਹੀਂ ਪਹਿਲੇ ਤੋਂ ਦਸਵੇਂ ਜਾਮੇ ਤੀਕ 239 ਵਰ੍ਹਿਆਂ ਦਾ ਇਤਿਹਾਸ ਹੀ ਤਸੀਹੇ, ਕੁਰਬਾਨੀਆਂ, ਘਾਲਣਾਵਾਂ-ਸਰਸਾ ਦਾ ਪ੍ਰਵਾਰ ਵਿਛੋੜਾ, ਬੇਅੰਤ ਸ਼ਹੀਦੀਆਂ, ਚਮਕੌਰ ਦੀ ਗੜ੍ਹੀ, ਸਰਹੰਦ ਦੀ ਖੂਨੀ ਦੀਵਾਰ, ਤੱਤੀ ਤੱਵੀ ਵਰਗੇ ਲੂੰ-ਕੰਡੇ ਖੜੇ ਕਰਨ ਵਾਲੇ ਭਿਅੰਕਰ ਸਾਕਿਆਂ ਨਾਲ ਭਰਿਆ ਪਿਆ ਹੈ। ਤਾਂ ਵੀ ਗੁਰਦੇਵ ਦਾ ਫ਼ੁਰਮਾਨ ਹੈ ਮੀਤੁ ਕਰੈ ਸੋਈ ਹਮ ਮਾਨਾ॥ ਮੀਤ ਕੇ ਕਰਤਬ ਕੁਸਲ ਸਮਾਨਾ॥ ੧ ॥ ਏਕਾ ਟੇਕ ਮੇਰੇ ਮਨਿ ਚੀਤ॥ ਜਿਸੁ ਕਿਛੁ ਕਰਣਾ ਸੁ ਹਮਰਾ ਮੀਤ…” (ਪੰ: 187)। ਦੇਖਣ ਦੀ ਗਲ ਹੈ, ਸਮ੍ਰਥ ਸਤਿਗੁਰੂ ਭਲਾ ਕੀ ਨਹੀਂ ਸਨ ਕਰ ਸਕਦੇ? ਇਥੇ ਤਾਂ ਪਾਤਸ਼ਾਹ ਆਪ ਰਜ਼ਾ-ਭਾਣੇ-ਹੁਕਮਿ ਦੇ ਪ੍ਰਚਾਰਕ-ਲੋਕਾਈ ਨੂੰ ਰਜ਼ਾ `ਚ ਜੀਣਾ ਸਿਖਾ ਰਹੇ ਸਨ; ਕਰਾਮਾਤਾਂ ਜਾਂ ਸਮ੍ਰਥਾ ਵਰਤਣ ਤੋਂ ਵਰਜ ਰਹੇ ਹਨ। ਉਹ ਤਾਂ ਉਲਟਾ ਭੁਲੇ ਹੋਏ ਸੰਸਾਰ ਨੂੰ ਸੰਸਾਰ ਸਰੀਰ ਵਾਲੀ ਮੌਤ ਦੇ ਭਯ `ਚੋਂ ਕੱਢ ਕੇ “ਸਤਿਗੁਰੁ ਮੇਰਾ ਮਾਰਿ ਜੀਵਾਲੈ” ਵਾਲਾ ਆਤਮਕ ਜੀਵਨ ਬਖ਼ਸ਼ ਰਹੇ ਹਨ।

“ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ” - ਗੁਰੂ ਪਾਤਸ਼ਾਹ ਸਪੱਸ਼ਟ ਕਰਦੇ ਹਨ ਕਿ ਜੀਵਾਂ ਦਾ ਜਮਣਾ-ਮਰਣਾ ਉਸਦੇ ਅਟੱਲ ਨੀਯਮ ਅਤੇ ਉਸਦੇ ਹੁਕਮ ਦੀ ਖੇਡ `ਚ ਹੈ। ਫ਼ੁਰਮਾਨ ਹੈ ਜੰਮਣੁ ਮਰਣਾ ਹੁਕਮੁ ਹੈ ਭਾਣੈ ਆਵੈ ਜਾਇ” (ਪੰ: 472) ਸੰਸਾਰ `ਚ ਜੀਵ ਆਉਂਦਾ ਵੀ ਪ੍ਰਭੁ ਦੇ ਭਾਣੇ `ਚ ਹੈ ਅਤੇ ਜਾਂਦਾ ਵੀ ਉਸੇ ਦੇ ਭਾਣੇ `ਚ ਹੈ। ਫ਼ੁਰਮਾਨ ਹੈ “ਸੰਜੋਗੁ ਵਿਜੋਗੁ ਦੁਇ ਕਾਰ ਚਲਾਵਹਿ ਲੇਖੇ ਆਵਹਿ ਭਾਗ” (ਜਪੁ) ਅਥਵਾ ਸੰਜੋਗੁ ਵਿਜੋਗੁ ਉਪਾਇਓਨੁ ਸ੍ਰਿਸਟੀ ਕਾ ਮੂਲੁ ਰਚਾਇਆ” (ਪੰ: 509) ਭਾਵ ਸੰਸਾਰ ਦਾ ਚਲਣ ਜੀਵਾਂ ਦੇ ਮਿਲਾਪ `ਤੇ ਵਿਛੋੜੇ ਵਾਲੇ ਦੋ ਪੁੜਾਂ ਤੇ ਖੜਾ ਹੈ ਅਤੇ ਇਸੇ ਉਪਰ ਹੀ ਸਾਰੀ ਰਚਨਾ ਅਤੇ ਵਿਕਾਸ ਚਲ ਰਿਹਾ ਹੈ। ਪੱਤਝੱੜ ਤੋਂ ਬਾਦ ਹੀ ਨਵੀਂ ਬਹਾਰ ਆਉਂਦੀ ਹੈ ਉਂਝ ਨਹੀਂ। ਕੇਵਲ ਮਨੁੱਖ ਨਹੀਂ, ਸਮੂਚੀ ਰਚਨਾ `ਤੇ ਕਰਤੇ ਦਾ ਇਹੀ ਨੀਯਮ ਲਾਗੂ ਹੈ। ਨਦੀਆਂ, ਨਾਲਿਆਂ, ਦਰਿਆਵਾਂ ਦਾ ਪਾਣੀ ਸਮੁੰਦਰ `ਚ ਪੁਜਦਾ ਹੈ, ਉਪਰੰਤ ਸੂਰਜ ਦੀ ਗਰਮੀ ਨਾਲ ਭਾਪ ਬਣ ਕੇ ਉਡਦਾ, ਬਰਫ਼ ਬਣਦਾ, ਅਨੇਕਾਂ ਸੰਸਾਰਕ ਲੋੜਾਂ `ਚ ਸਹਾਈ ਹੋਕੇ-ਇਕ ਜਾਂ ਦੂਜੇ ਢੰਗ ਮੁੜ ਸਮੁੰਦਰ `ਚ ਪੁਜ ਜਾਂਦਾ ਹੈ। ਪਸ਼ੂ, ਪੌਧਾ, ਫਲ, ਸਬਜ਼ੀ, ਖਣਿਜ ਸੰਸਾਰ ਦੀ ਹਰੇਕ ਵਸਤ, ਕਾਦਿਰ ਦੇ ਸੰਜੋਗ-ਵਿਜੋਗ ਜਾਂ ਜਨਮ-ਮਰਣ ਵਾਲੇ ਨੀਯਮ `ਚ ਚਲ ਰਹੀ ਹੈ ਫ਼ੁਰਮਾਨ ਹੈ “ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ” (ਪੰ: 726)। ਗੁਰਦੇਵ ਤਾਂ ਫ਼ੁਰਮਾਅ ਰਹੇ ਹਨ ਭਗਤੁ ਸਤਿਗੁਰੁ ਪੁਰਖੁ ਸੋਈ ਜਿਸੁ ਹਰਿ ਪ੍ਰਭ ਭਾਣਾ ਭਾਵਏ” ਬਲਕਿ ਧੁਰਿ ਲਿਖਿਆ ਪਰਵਾਣਾ ਫਿਰੈ ਨਾਹੀ ਗੁਰੁ ਜਾਇ ਹਰਿ ਪ੍ਰਭ ਪਾਸਿ ਜੀਉ” (ਪੰ: 923) ਗੁਰਬਾਣੀ ਦੀ ਇੰਨੀ ਸਪੱਸ਼ਟ ਵਿਚਾਰਧਾਰਾ ਹੋਣ ਦੇ ਬਾਵਜੂਦ ਜੇ ਫ਼ਿਰ ਵੀ ਬਾਣੀ ਦੇ ਅਰਥਾਂ ਨੂੰ ਤੋੜ-ਮਰੌੜ ਕੇ ਜਾਂ ਵਿਰੋਧੀਆਂ ਰਾਹੀਂ ਸਾਖੀਆਂ ਦੇ ਨਾਮ ਤੇ ਪਾਏ ਰਲੇ `ਚ ਵਿਸ਼ਵਾਸ ਕਰੀਏ ਕਿ ਗੁਰੂ ਪਾਤਸ਼ਾਹ ਨੇ ਕਿਸੇ ਮਰ ਚੁੱਕੇ ਨੂੰ ਜ਼ਿੰਦਾ ਕਰ ਦਿਤਾ ਜਾਂ ਕਿਸੇ ਨੂੰ ਮਾਰ ਕੇ ਫ਼ਿਰ ਜਿਵਾ ਦਿਤਾ ਤਾਂ ਉਸ ਪਿਛੇ ਗੁਰਬਾਣੀ ਸੋਝੀ-ਜੀਵਨ ਬਾਰੇ ਸਾਡੀ ਅਗਿਆਨਤਾ ਹੀ ਕਹੀ ਜਾ ਸਕਦੀ ਹੈ।

ਮਨੁੱਖਾ ਜਨਮ, ਵਿਸ਼ੇਸ਼ ਜੂਨੀ- ਮਨੁੱਖਾ ਜੂਨੀ `ਚ ਇੱਕ ਹੋਰ ਵਿਸ਼ੇਸ਼ਤਾ ਹੈ ਜਿਸਦੇ ਲਈ ਗੁਰਦੇਵ ਫ਼ੁਰਮਾਂਦੇ ਹਨ ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: 12)। ਗੁਰਬਾਣੀ `ਚ ਅਨੇਕਾਂ ਵਾਰੀ ਸੁਚੇਤ ਕੀਤਾ ਹੈ ਕਿ ਮਨੁੱਖਾ ਜਨਮ ਕਰਤੇ ਵਲੋਂ ਖਾਸ ਅਵਸਰ ਹੈ ਤਾਕਿ ਜੀਵ ਸੰਸਾਰ ਦੀ ਮੋਹ-ਮਾਇਆ, ਵਿਕਾਰਾਂ ਤੋਂ ਉਭਰਕੇ ਅਪਣੇ ਅਸਲੇ ਪ੍ਰਭੁ `ਚ ਅਭੇਦ ਹੋ ਸਕੇ। ਇਸਦੇ ਉਲਟ ਭੁਖਿਆ ਭੁਖ ਨ ਉਤਰੀ ਜੇ ਬੰਨਾ ਪੁਰੀਆ ਭਾਰ” (ਜਪੁ) ਜਾਂ “ਸਹਸ ਖਟੇ ਲਖ ਕਉ ਉਠਿ ਧਾਵੈ॥ ਤ੍ਰਿਪਤਿ ਨ ਆਵੈ ਮਾਇਆ ਪਾਛੈ ਪਾਵੈ॥ ਅਨਿਕ ਭੋਗ ਬਿਖਿਆ ਕੇ ਕਰੈ” ਹੋਰ ਲਵੋ ਏ ਰਸਨਾ ਤੂ ਅਨ ਰਸਿ ਰਾਚਿ ਰਹੀ ਤੇਰੀ ਪਿਆਸ ਨ ਜਾਇ॥ ਪਿਆਸ ਨ ਜਾਇ ਹੋਰਤੁ ਕਿਤੈ ਜਿਚਰੁ ਹਰਿ ਰਸੁ ਪਲੈ ਨ ਪਾਇ” (ਪੰ: 921) ਅਨੁਸਾਰ ਮਨੁੱਖ ਅਪਣੇ ਜੀਵਨ ਦੀ ਇਸ ਉਲਟੀ ਦੌੜ `ਚ ਫ਼ਸ ਜਾਂਦਾ ਹੈ। ਗੁਰਬਾਣੀ ਅਨੁਸਾਰ ਅਜੇਹੇ ਲੋਕ ਜੀਂਦਾ ਦਿਖਾਈ ਦੇਂਦੇ ਹੋਏ ਵੀ ਅਸਲ `ਚ ਆਤਮਕ ਪਖੋਂ ਮੁਰਦਾ ਹੁੰਦੇ ਹਨ। ਜਿਸਦਾ ਨਤੀਜਾ ਹੁੰਦਾ ਹੈ ਸੰਸਾਰ ਪੱਧਰ ਤੇ ਮਲਾਂ ਮਾਰਦਾ ਹੋਇਆ ਵੀ ਮਨੁੱਖ “ਨਹ ਤ੍ਰਿਪਤਾਵੈ ਖਪਿ ਖਪਿ ਮਰੈ” ਵਾਲੀ ਹਾਲਤ `ਚ ਅਪਣਾ ਜਨਮ ਖੁਆਰ ਕਰਦਾ ਹੈ ਅਤੇ ਅੰਤ ਭੁੱਖਾ ਹੀ ਮਰਦਾ ਹੈ।

ਜੀਵਨ ਦੀ ਅਸਲ ਲੋੜ ਹੁੰਦੀ ਹੈ, ਮਨ ਦੀ ਸ਼ਾਂਤੀ-ਅਨੰਦ-ਖੇੜਾ ਜਾਂ ਮਨ ਦਾ ਟਿਕਾਅ। ਇਸਦੇ ਉਲਟ ਜਿਸ ਰਸਤੇ ਮਨੁੱਖ ਟੁਰ ਪੈਂਦਾ ਹੈ ਉਥੇ ਤਾਂ ਹਰ ਕਦਮ ਤੇ ਮਾਨਸਿਕ ਤਨਾਅ-ਉਖਾੜ, ਤ੍ਰਿਸ਼ਨਾ-ਭੱਟਕਣਾ, ਡਰ-ਸਹਿਮ, ਕਾਮਨਵਾਂ, ਮੰਗਾਂ, ਆਸਾਂ-ਅੰਦੇਸੇ, ਵਿਕਾਰ ਮਨੁੱਖ ਨੂੰ ਬੰਦਰ ਨਾਚ ਨਚਾ ਰਹੇ ਹੁੰਦੇ ਹਨ। ਅਜੇਹੀ ਹਾਲਤ `ਚ ਸੰਤੋਖ ਆਵੇ ਕਿਹੜੇ ਰਸਤੇ। ਗੁਰਬਾਣੀ ਦਾ ਫ਼ੈਸਲਾ ਹੈ “ਬਿਨਾ ਸੰਤੋਖ ਨਹੀ ਕੋਊ ਰਾਜੈ”। ਦਰਅਸਲ ਜਿਸ ਪਾਸੇ ਮਨੁੱਖ ਅਪਣੇ ਆਪ ਟੁਰਦਾ ਹੈ ਇਹ ਤਾਂ ਸੁਪਨ ਮਨੋਰਥ ਬ੍ਰਿਥੇ ਸਭ ਕਾਜੈ” ਹੀ ਹੁੰਦਾ ਹੈ ਮਨ ਦੀ ਸ਼ਾਂਤੀ-ਟਿਕਾਅ ਲਈ ਲੋੜ ਸੀ ਸੰਤੋਖ’ ਦੀ ਜਿਹੜਾ ਨਾਮ ਰੰਗਿ ਸਰਬ ਸੁਖੁ ਹੋਇ॥ ਬਡਭਾਗੀ ਕਿਸੈ ਪਰਾਪਤਿ ਹੋਇ” (ਪੰ: 278) ਜਾਂ ਹਰਿ ਰਸੁ ਪਾਇ ਪਲੈ ਪੀਐ ਹਰਿ ਰਸੁ, ਬਹੁੜਿ ਨ ਤ੍ਰਿਸਨਾ ਲਾਗੈ ਆਇ” (ਪੰ: 921)। ਇਸਤਰ੍ਹਾਂ ਸੰਤੋਖੀ ਜੀਵਨ ਤੋਂ ਬਿਨਾ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ। ਇਸਤਰ੍ਹਾਂ ਆਸ਼ਾ ਤ੍ਰਿਸ਼ਨਾ ਦੀ ਇਕੋ ਹੀ ਕਾਟ ਹੈ ਤੇ ਉਹ ਹੈ ‘ਸੰਤੋਖ’। ਇਹ ਆਤਮਕ ਜਾਗ੍ਰਿਤੀ ਬਿਨਾਂ ਸੰਤੋਖ’ ਸੰਭਵ ਹੀ ਨਹੀਂ। ਇਹੀ ਇੱਕ ਰਸਤਾ ਹੈ ਜਿਸ ਨਾਲ ਮਨੁੱਖ ਫ਼ਿਰ ਤੋਂ ਅਪਣੇ ਅਸਲੇ `ਚ ਅਭੇਦ ਹੋ ਸਕਦਾ ਹੈ ਅਤੇ ਜਨਮ ਮਰਣ ਦੇ ਗੇੜ੍ਹ ਚੋਂ ਨਿਕਲ ਸਕਦਾ ਹੈ।

“ਇਸੁ ਧਰਤੀ ਮਹਿ ਤੇਰੀ ਸਿਕਦਾਰੀ” - ਗੁਰਬਾਣੀ ਦਾ ਫ਼ੁਰਮਾਣ ਹੈ ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥ ਸੁਇਨਾ ਰੂਪਾ ਤੁਝ ਪਹਿ ਦਾਮ॥ ਸੀਲੁ ਬਿਗਾਰਿਓ ਤੇਰਾ ਕਾਮ” (ਪੰ: 374)। ਸੰਸਾਰ ਪੱਧਰ ਤੇ ਦੇਖ ਲਵੋ! ਕੋਈ ਮਨੁੱਖ ਜਿੰਨੀ ਉਚੀ ਪੱਦਵੀ ਤੇ ਹੋਵੇ, ਪੱਦਵੀ ਮੁਤਾਬਕ ਉਸਨੂੰ ਉਨੀਆਂ ਵੱਧ ਸਹੂਲਤਾਂ ਮਿਲਦੀਆਂ ਹਨ ਤਾਕਿ ਉਸਨੂੰ ਵੱਡੀ ਪੱਦਵੀ ਦੀਆਂ ਜ਼ਿਮੇਵਾਰੀਆਂ ਕਾਰਣ, ਛੋਟੇ-ਛੋਟੇ ਕੰਮਾ `ਚ ਸਮਾਂ-ਤਾਕਤ ਬਰਬਾਦ ਨਾ ਕਰਨੀ ਪਵੇ ਅਤੇ ਬੇਫ਼ਿਕਰ ਹੋਕੇ, ਅਪਣੀ ਜ਼ਿਮੇਵਾਰੀ ਨਿਭਾਅ ਸਕੇ। ਠੀਕ ਉਸੇ ਤਰਜ਼ ਤੇ ਲਖਾਂ-ਕਰੋੜਾਂ ਜੂਨੀਆਂ ਤੋਂ ਬਾਦ, ਮਨੁੱਖਾ ਜੂਨ ਮਿਲਦੀ ਹੈ ਤਾਕਿ ਪ੍ਰਭੁ ਦੀਆਂ ਬਖਸ਼ੀਆਂ ਸਾਰੀਆਂ ਸਹੂਲਤਾਂ ਦਾ ਅਨੰਦ ਮਾਣਦੇ ਹੋਏ, ਸਾਧ ਸੰਗਤਿ ਦੇ ਮਿਲਾਪ ਰਾਹੀਂ, ਮਨੁੱਖਾ ਸਰੀਰ ਦੀ ਸੁਵਰਤੋਂ ਕਰਕੇ ਜੀਂਦੇ ਜੀਅ ਕਰਤੇ `ਚ ਅਭੇਦ ਹੋਕੇ, ਆਵਾਗਉਣ ਤੋਂ ਨਿਜਾਤ ਹਾਸਲ ਕਰ ਸਕੀਏ।

ਮਨੁੱਖਾ ਜਨਮ ਦੇ ਵੱਡੇ ਮੱਕਸਦ ਨੂੰ ਮੁੱਖ ਰਖਕੇ, ਪ੍ਰਭੁ ਨੇ ਅਵਰ ਜੋਨਿ ਤੇਰੀ ਪਨਿਹਾਰੀ. .” ਅਨੁਸਾਰ ਸਾਨੂੰ ਸਾਰੀਆਂ ਜੂਨਾਂ ਦਾ ਸਰਦਾਰ ਬਣਾ ਕੇ ਭੇਜਿਆ ਹੈ। ਇਸੇ ਦਾ ਨਤੀਜਾ ਹੈ ਕਿ ਅਜ ਮਨੁੱਖ ਨੇ ਕਰਤੇ ਦੀ ਬੇਅੰਤ ਰਚਨਾ `ਚੋਂ ਅਪਣੇ ਲਾਹੇ ਲਈ ਅਨੇਕਾਂ ਕਾਢਾਂ ਕੱਢੀਆਂ `ਤੇ ਨਿੱਤ ਕੱਢ ਵੀ ਰਿਹਾ ਹੈ। ਇਹ ਸਭ ਤਾਂ ਹੀ ਸੰਭਵ ਹੋਇਆ ਕਿਉਂਕਿ ਕਰਤੇ ਨੇ ਦੂਜੀਆਂ ਅਨੰਤ ਜੂਨੀਆਂ ਤੋਂ ਵੱਧ, ਇਸਨੂੰ ਵਿਕਾਸਸ਼ੀਲ ਦਿਮਾਗ਼ `ਤੇ ਬਹੁਪੱਖੀ ਵਰਤੋਂ ਵਾਲਾ ਸਰੀਰ ਵੀ ਦਿਤਾ ਹੈ। ਇਸਦੇ ਉਲਟ ਬਾਕੀ ਜੂਨੀਆਂ ਦੀ ਤਰ੍ਹਾਂ ਜੇ ਮਨੁੱਖ ਕੋਲ ਵੀ ਵਿਕਾਸਸ਼ੀਲ ਦਿਮਾਗ਼ `ਤੇ ਬਹੁਪਖੀ ਸਰੀਰ ਨਾ ਹੁੰਦਾ, ਤਾਂ ਇਹ ਵੀ ਕੁੱਝ ਨਾ ਕਰ ਸਕਦਾ। ਇਹੀ ਨਹੀਂ, ਅਜੇ ਵੀ ਕਰਤਾਰ ਦੀ ਅਨੰਤ ਰਚਨਾ `ਚ, ਮਨੁੱਖ ਲਈ, ਕੀ ਕੁੱਝ ਪਿਆ ਹੈ, ਇਹ ਕਰਤਾਰ ਹੀ ਜਾਣਦਾ ਹੈ। ਇਹ ਤਾਂ ਹੈ ਉਸਦੀ ਰਚਨਾ ਉਪਰ ਮਨੁੱਖ ਦੀ ਸਰਦਾਰੀ ਦੀ ਪਹਿਚਾਣ। ਪਰ ਇਸਦੀ ਇਸ ਸਰਦਾਰੀ ਦਾ ਮੱਕਸਦ ਸੀ, ਬੇਅੰਤ ਸਹੂਲਤਾਂ ਲੈਕੇ ਅਤੇ ਨਿਸ਼ਚਿੰਤ ਹੋਕੇ ਮੱਕਸਦ ਵਲ ਵੱਧਨਾ `ਤੇ ਅਸਲੇ ਨਾਲ ਅਭੇਦ ਹੋਣਾ।

ਸੁਆਲ ਪੈਦਾ ਹੁੰਦਾ ਹੈ ਗੁਰੂ ਗਿਆਨ ਤੋਂ ਕੋਰਾ ਹੋਣ ਕਾਰਣ ਇਨਸਾਨ ਅਪਣੀ ਅਸਲੀਅਤ ਭਾਵ ਅਪਣੇ ਮਨੁੱਖਾ ਜਨਮ ਦੇ ਮੱਕਸਦ ਨੂੰ ਫਿਰ ਵੀ ਨਹੀਂ ਪਹਿਚਾਣ ਸਕਿਆ। ਕੁਦੱਰਤ `ਚੋਂ ਉਸਦੀਆਂ ਨਿੱਤ ਨਵੀਆਂ ਕਾਢਾਂ ਕੱਢਣੀਆਂ ਗ਼ਲਤ ਨਹੀਂ, ਗ਼ਲਤ ਹੈ ਕਿ ਜੀਵਨ ਦੇ ਮੱਕਸਦ ਤੋਂ ਨਾਸਮਝੀ। ਇਸੇ ਅਗਿਆਨਤਾ ਦਾ ਨਤੀਜਾ ਸੁਇਨਾ ਰੂਪਾ ਤੁਝ ਪਹਿ ਦਾਮ॥ ਸੀਲੁ ਬਿਗਾਰਿਓ ਤੇਰਾ ਕਾਮ” (ਪੰ: 374) ਅਨੁਸਾਰ ਮਨੁੱਖ ਰਚਨਾ ਦੇ ਸੁਆਦਾਂ `ਚ ਇੰਨਾ ਡੁੱਬਦਾ ਜਾਂਦਾ ਹੈ, ਬਜਾਏ ਦੂਜੀਆਂ ਜੂਨਾਂ ਦੀ ਸਰਦਾਰੀ ਦੇ ਇਹ ਉਲਟਾ ਉਨ੍ਹਾਂ ਦਾ ਗ਼ੁਲਾਮੀ ਵਲ ਵੱਧ ਰਿਹਾ ਹੈ। ਜਿਸ ਕਰਤੇ ਦੀਆਂ ਇਨ੍ਹਾਂ ਦਾਤਾਂ ਕਾਰਣ ਇਸਨੂੰ ਕਰਤੇ ਨਾਲ ਨੇੜਤਾ ਵੱਧਣੀ ਸੀ। ਉਲਟਾ ਦਾਤਾਂ, ਜਿਹੜੀਆਂ ਕਿ ਸਨ ਹੀ ਇਸੇ ਲਈ, ਉਨ੍ਹਾਂ ਨਾਲ ਇਸਦੀ ਪੱਕੜ ਇਨੀ ਵੱਧ ਰਹੀ ਹੈ ਕਿ ਇਸਦੀ ਹਾਲਤ “ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ (ਪੰ: 468) ਵਾਲੀ ਹਾਲਤ ਬਣੀ ਪਈ ਹੈ। ਉਸੇ ਦਾ ਨਤੀਜਾ ਹੈ ਕਿ ਮਨੁੱਖ ਦੀ ਆਤਮਕ ਮੌਤ ਹੋਈ ਪਈ ਹੈ ਅਤੇ ਗੁਰਬਾਣੀ ਗਿਆਨ ਬਿਨਾਂ ਇਸਨੂੰ ਇਸ ਸੱਚਾਈ ਦੀ ਸਮਝ ਵੀ ਨਹੀਂ ਆ ਸਕਦੀ। ਦਰਅਸਲ ਇਹੁ ਮਿਰਤਕੁ ਮੜਾ ਸਰੀਰੁ ਹੈ ਸਭੁ ਜਗੁ ਜਿਤੁ ਰਾਮ ਨਾਮੁ ਨਹੀ ਵਸਿਆ (ਪੰ: 1191) ਅਤੇ ਸੱਚਾਈ ਇਹ ਹੈ ਕਿ ਸੋ ਜੀਵਿਆ ਜਿਸੁ ਮਨਿ ਵਸਿਆ ਸੋਇ॥ ਨਾਨਕ ਅਵਰੁ ਨ ਜੀਵੈ ਕੋਇ” (ਪੰ: 142)

ਆਤਮਕ ਮੌਤ ਦੀ ਹੋਰ ਪਹਿਚਾਣ- ਮਨੁੱਖ ਦੇਖਣ ਨੂੰ ਜੀਂਦਾ ਹੈ ਪਰ ਉਸਨੂੰ ਸਮਝ ਨਹੀਂ ਕਿ ਉਹ ਆਤਮਕ ਤੌਰ ਤੇ ਮੁਰਦਾ-ਧੰਨ ਪਦਾਰਥਾਂ `ਚ ਡੁੱਬਾ ਹੋਇਆ ਹੈ। ਭਈ ਪਰਾਪਤਿ ਮਾਨੁਖ ਦੇਹੁਰੀਆ” ਅਨੁਸਾਰ ਕਰਤੇ ਨੇ ਇਸਨੂੰ ਮਨੁੱਖਾ ਜਨਮ ਇਸ ਲਈ ਬਖਸ਼ਿਆ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: 11)। ਸਰੀਰਕ ਤੌਰ ਤੇ ਜੀਂਦਾ ਪਰ ਆਤਮਕ ਪਖੋਂ ਮਰਿਆ- ਉਸ ਦਾ ਨਤੀਜਾ, ਸਰੀਰ ਦੇ ਮੁੱਕਣ ਬਾਦ ਵੀ ਅਪਣੇ ਸੰਸਕਾਰਾਂ ਕਾਰਣ ਮਰਿ ਮਰਿ ਜੰਮਹਿ, ਫਿਰਿ ਫਿਰਿ ਆਵਹਿ, ਜਮ ਦਰਿ ਚੋਟਾ ਖਾਵਣਿਆ” (ਪੰ: 115) ਵਾਪਿਸ ਜਨਮ ਮਰਨ ਦੇ ਗੇੜ੍ਹ `ਚ ਪਿਆ ਰਹਿੰਦਾ ਹੈ। ਕਿਉਂਕਿ ਆਤਮਕ ਜੀਵਨ ਲਈ ਤਾਂ ਸਬਦਿ ਮਰਹੁ ਫਿਰਿ ਜੀਵਹੁ ਸਦ ਹੀ ਤਾ ਫਿਰਿ ਮਰਣੁ ਨ ਹੋਈ” (ਪੰ: 604)। ਇਸ ਸੱਚਾਈ ਨੂੰ ਤਾਂ ਇਸਨੇ ਸਮਝਣ ਦਾ ਜਤਨ ਹੀ ਨਹੀਂ ਕੀਤਾ ਅਤੇ ਜਨਮ ਨੂੰ ਬਿਰਥਾ ਹੀ ਗੁਆ ਲਿਆ। ਉਂਝ ਤਾਂ ਗੁਰਦੇਵ ਨੇ ਬਾਣੀ `ਚ ਆਤਮਕ ਮੌਤ ਦੀ ਪਛਾਣ ਹਜ਼ਾਰਾਂ ਵਾਰੀ ਕਰਵਾਈ ਹੈ ਫ਼ਿਰ ਵੀ ਇਸਬਾਰੇ ਆਸਾ ਕੀ ਵਾਰ’ ਚੋਂ ਦੋ ਮਿਸਾਲਾਂ ਲੈਂਦੇ ਹਾਂ, ਇੱਕ ਧਾਰਮਿਕ ਆਗੂ `ਤੇ ਦੂਜੇ ਸੰਸਾਰੀ, ਪਰ ਆਤਮਕ ਤੌਰ ਤੇ ਹੈਣ ਦੋਵੇਂ ਮੁਰਦਾ।

ਪਹਿਲਾਂ ਮਿਲਦੇ ਹਾਂ ਉਨ੍ਹਾਂ ਨੂੰ, ਜਿਨ੍ਹਾਂ ਨੂੰ ਕੇਵਲ ਲੋਕਾਈ ਹੀ ਧਾਰਮਕ ਆਗੂ ਨਹੀਂ ਮੰਨਦੀ ਬਲਕਿ ਜੋ ਅਪਣੇ ਆਪ ਨੂੰ ਅਖਵਾਉਂਦੇ ਵੀ ਧਾਰਮਿਕ ਆਗੂ ਹਨ, ਪਰ ਅਸਲੋਂ ਆਤਮਕ ਤਲ ਤੇ ਮੁਰਦਾ ਹੁੰਦੇ ਹਨ। ਗੁਰਦੇਵ ਉਨ੍ਹਾਂ ਦੀ ਤਸਵੀਰ ਇਸਤਰ੍ਹਾਂ ਪੇਸ਼ ਕਰਦੇ ਹਨ “ਲਬੁ ਪਾਪੁ ਦੁਇ ਰਾਜਾ ਮਹਤਾ ਕੂੜੁ ਹੋਆ ਸਿਕਦਾਰੁ॥ ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੇ ਬੀਚਾਰੁ॥ ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ”। ਗਲ ਨੂੰ ਸਮਝਾਉਣ ਲਈ ਗੁਰੂ ਸਾਹਿਬ ਫ਼ੁਰਮਾਂਦੇ ਹਨ ਜੇਕਰ ਮਨੁੱਖਾ ਸਰੀਰ ਨੂੰ ਇੱਕ ਰਾਜ-ਬਣਤੱਰ ਮੰਨ ਲਿਆ ਜਾਵੇ ਤਾਂ ਇਸ `ਚ ਜੀਭ ਦੇ ਚੱਸਕੇ ਮਾਨੋ ਸਰੀਰ ਦਾ ਰਾਜਾ ਬਣੇ ਹੋਏ ਹਨ। ਪ੍ਰਭੁ ਨੂੰ ਭੁਲਾ ਕੇ ਕੀਤੇ ਸਾਰੇ ਕਰਮ ਜਿਨ੍ਹਾਂ ਨੂੰ ਬਾਣੀ `ਚ ਪਾਪ ਕਿਹਾ ਹੈ, ਵਜ਼ੀਰ (ਮਹਤਾ) ਹਨ। ਬਿਨਸਨਹਾਰ ਪਦਾਰਥਾਂ (ਕੂੜੁ) ਦੀ ਭੁੱਖ ਇਸ ਰਾਜ ਸ਼ਾਹੀ `ਚ ਅਫ਼ਸਰ (ਸਿਕਦਾਰ) ਹਨ। ਲੱਬ-ਪਾਪ ਆਦਿ ਵਾਲੀ ਸਰੀਰ ਦੀ ਕੁਰਾਹੇ ਪਈ ਰਾਜ ਸ਼ਾਹੀ ਹੇਠਾਂ ਕਾਮ (ਹੱਵਸ) ਹੀ ਮਾਨੋ ਇਨ੍ਹਾ ਦੀ ਸਲਾਹਕਾਰ (ਨੇਬ) ਹੈ ਜਿੰਨਾ ਦੀਆਂ ਸਲਾਹਾਂ ਤੇ ਇਸ ਸਰੀਰ ਦੀ ਰਾਜਸ਼ਾਹੀ ਚਲ ਰਹੀ ਹੈ। ਇਸਤੋਂ ਬਾਦ ਇਸ ਰਾਜਸ਼ਾਹੀ ਦੀ ਪ੍ਰਜਾ ਹਨ ਇਸ ਸਰੀਰ `ਚ ਪੰਜ ਗਿਆਨ `ਤੇ ਪੰਜ ਕਰਮ ਇੰਦਰੇ। ਇਸਤਰ੍ਹਾਂ ਕੁਰਾਹੇ ਪਈ ਸਰੀਰ ਦੀ ਰਾਜਸ਼ਾਹੀ ਜੋ ਰੱਬੀ ਗਿਆਨ ਤੋਂ ਸੱਖਣੀ ਹੋਣ ਕਾਰਣ ਅੰਨ੍ਹੀ ਅਤੇ ਤਿ੍ਰਸ਼ਨਾ ਦੀ ਅੱਗ `ਚ ਕੀਮਤੀ ਮਨੁੱਖਾ ਜੀਵਨ ਨੂੰ ਚੱਟੀ ਬੱਧਾ (ਮੁਰਦਾਰ) ਬਣਾਕੇ ਖੱਤਮ ਕਰ ਰਹੀ ਹੈ। ਅਜੇਹੇ ਅਗਿਆਣਤਾ ਦੇ ਚਲਣ `ਚ ਇਸਦੀ ਪਰਜਾ (ਕਰਮ `ਤੇ ਗਿਆਨ ਇੰਦਰੇ) ਅੰਨ੍ਹੀ ਹੋਈ ਪਈ ਹੈ:

ਫ਼ਿਰ ਦੇਖਣ ਨੂੰ ਭਾਵੇਂ ਗਿਆਨਵਾਨ ਹਨ ਪਰ ਜੀਵਨ ਦੇ ਅਸਲ ਗਿਆਨ ਤੋਂ ਕੋਰੇ, ਅਖਉਤੀ ਗਿਆਨੀ `ਤੇ ਉਪਦੇਸ਼ਕ ਕਈ ਤਰ੍ਹਾਂ ਦੀ ਨਚ-ਟੱਪ, ਭੇਸ ਵਟਾ-ਵਟਾ ਅਨੇਕਾਂ ਸ਼ਿੰਗਾਰ ਕਰਕੇ ਲੋਕਾਈ ਨੂੰ ਭਰਮਾਉਣ ਦੇ ਨਾਟਕ ਕਰਦੇ ਹਨ, ਉੱਚੀ ਉੱਚੀ ਕੂਕਦੇ, ਜੁੱਧਾਂ ਦੇ ਪ੍ਰਸੰਗ ਕਰਦੇ, ਜੋਧਿਆਂ ਦੀਆਂ ਵਾਰਾਂ ਬਿਆਣਦੇ ਹਨ। (ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ. .) ਕਿਉਂਕਿ (ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ) (ਪੰ: 450)” ਅਨੁਸਾਰ ਨਾਂ ਨੂੰ ਪੜ੍ਹੇ-ਲਿਖੇ ਪਰ ਆਤਮਕ ਪਖੋਂ ਗਿਆਨ ਤੋਂ ਕੋਰੇ ਇਹ ਮੂਰਖ ਪੰਡਿਤ ਜਿਨ੍ਹਾਂ ਰਾਹੀਂ ਵਿਦਵਤਾ ਦੀਆਂ ਗੱਲਾਂ ਅਸਲ `ਚ ਚਲਾਕੀਆ, ਹੁਜੱਤਾਂ `ਤੇ ਕੱਪਟ ਹੁੰਦੀਆਂ ਹਨ। ਉਨ੍ਹਾਂ ਦੀ ਅਸਲ ਦੋੜ ਤਾਂ ਪੈਸਾ ਕੱਠਾ ਕਰਨਾ ਹੈ। ਇਸੇਤਰ੍ਹਾਂ ਉਹ ਲੋਕ ਵੀ ਹਨ ਜੋ ਅਪਣੇ ਆਪ ਨੂੰ ਧਰਮੀ ਸਮਝਦੇ ਅਤੇ ਆਪਣੀ ਸਮਝ ਅਨੁਸਾਰ ਧਰਮ ਹੀ ਕਰਦੇ ਹੋਣ, ਪਰ ਉਹ ਵੀ ਮਿਹਨਤ ਗੁਆ ਰਹੇ ਹੁੰਦੇ ਹਨ। ਕਿਉਂਕਿ ਇਸ ਦੇ ਵੱਟੇ ਉਨ੍ਹਾਂ ਦੀ ਦੌੜ ਵੀ ਆਤਮਕ ਸੰਭਾਲ ਨਹੀਂ ਬਲਕਿ ਵਾਸ਼ਨਾ ਬੱਧੇ ਕਿਸੇ ਫ਼ਰਜ਼ੀ ਮੁੱਕਤੀ (ਸੁਰਗ) ਦੀ ਇਛਾ ਅਧੀਨ ਇਹ ਸਭ ਹੀ ਕਰਦੇ ਹਨ। ਇਸੇ ਖੇਡ `ਚ ਕੁੱਝ ਜਤੀ ਵੀ ਹਨ। ਅਸਲ ਜਤੀ ਹੋਣਾ ਤਾਂ ਵਿਕਾਰਾਂ `ਤੇ ਮੋਹ-ਮਾਇਆ ਦੀ ਪੱਕੜ ਤੋਂ ਉਪਰ ਉਠਣਾ ਸੀ, ਉਚੇ ਆਰਚਣ ਵਾਲਾ ਬਨਣਾ ਸੀ, ਜਿਸਦਾ ਉਨ੍ਹਾਂ ਨੂੰ ਕੁੱਝ ਪਤਾ ਨਹੀਂ। ਉਹ ਤਾਂ ਦੂਜਿਆਂ ਦੀ ਦੇਖਾ-ਦੇਖੀ ਘਰ-ਪ੍ਰਵਾਰ ਛੱਡ ਜੰਗਲਾਂ `ਚ ਚਲੇ ਜਾਂਦੇ ਹਨ, ਬਸ ਇਹੀ ਹੈ ਉਨ੍ਹਾਂ ਦਾ ਜਤੀ ਹੋਣਾ। ਮੁੱਕਦੀ ਗਲ, ਸੰਸਾਰਕ ਤੌਰ ਤੇ ਹਰ ਢੰਗ ਦੇ ਧਰਮੀ `ਤੇ ਆਗੂ ਬਣਕੇ ਵੀ, ਅਜੇਹੇ ਲੋਕ ਕੇਵਲ ਸੰਸਾਰ ਦੀ ਮੋਹ ਮਾਇਆ `ਚ ਡੁੱਬੇ ਅਸਲ `ਚ ਆਤਮਕ ਮੌਤ `ਚ ਹੀ ਜੀਅ ਰਹੇ ਹੁੰਦੇ ਹਨ। ਦੂਜਾ:

“ਆਪੀਨ੍ਹ੍ਹੈ ਭੋਗ ਭੋਗਿ ਕੈ” -ਇਸੇਤਰ੍ਹਾਂ ‘ਆਸਾ ਕੀ ਵਾਰ’ `ਚ ਹੀ ਆਮ ਮਨੁੱਖ ਦੀ ਮਿਸਾਲ ਦੇਕੇ ਗੁਰਦੇਵ ਉਸਦੀ ਆਤਮਕ ਮੌਤ’ ਦੀ ਪਛਾਣ ਕਰਾਉਂਦੇ ਹਨ। ਦੇਖਣ ਨੂੰ ਮਨੁੱਖ ਹਰ ਪਾਸਿਉਂ ਸੰਪਣ ਹੈ, ਫ਼ੁਰਮਾਂਦੇ ਹਨ “ਆਪੀਨ੍ਹ੍ਹੈ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ॥ ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਅ॥ ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥ ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ॥ ਮਨਿ ਅੰਧੈ ਜਨਮੁ ਗਵਾਇਆ” ਗੁਰਦੇਵ ਦਸਦੇ ਹਨ, ਅਕਾਲਪੁਰਖੁ ਆਪ ਹੀ ਅੰਸ਼ ਰੂਪ ਹੋਕੇ ਹਰੇਕ ਜੀਵ ਅੰਦਰ ਵੱਸ ਰਿਹਾ ਹੈ ਅਤੇ ਇਸੇ ਤੋਂ ਮਨੁੱਖ, ਸਰੀਰ ਕਰਕੇ ਜ਼ਿੰਦਾ ਕਿਹਾ ਜਾਂਦਾ ਹੈ। ਇਹ ਵੀ ਕਰਤੇ ਦੀ ਖੇਡ ਹੈ ਕਿ ਮਨੁੱਖ ਨੂੰ ਅਪਣੇ ਅੰਦਰ ਵੱਸਦਾ ਪ੍ਰਭੁ ਤਾਂ ਦਿਸਦਾ ਨਹੀਂ ਪਰ ਸਰੀਰ ਸਮੇਤ ਉਸ ਕਰਤੇ ਦੀਆਂ ਦਾਤਾਂ `ਤੇ ਸਰੀਰਕ ਰਸਾਂ `ਚ ਖੱਚਤ ਰਹਿਕੇ, ਕੇਵਲ ਦੁਨੀਆਦਾਰ ਬਣਕੇ ਹੀ ਰਹਿ ਜਾਂਦਾ ਹੈ। ਇਸਤਰ੍ਹਾਂ ਦਾਤਾਂ ਦੀ ਪੱਕੜ `ਤੇ ਮੋਹ `ਚ ਡੁੱਬਿਆ ਅਤੇ ਆਤਮਕ ਪਖੋਂ ਮੁਰਦਾ ਇਸ ਮਨੁੱਖ ਨੂੰ ਅਚਾਨਕ ਹੀ ਇੱਕ ਦਿਨ ਪ੍ਰਭੂ ਦਾ ਮੌਤ ਰੂਪੀ ਸਦਾ (ਸੰਗਲ) ਇਸਦੇ ਗਲ `ਚ ਆ ਪੈਂਦਾ ਹੈ। ਸਰੀਰ, ਜਿਸ ਦੀ ਅਸਲੀਅਤ ਨਾ ਜਾਨਣ ਕਾਰਣ ਇਸਨੂੰ ਸਰੀਰ ਦੇਣ ਵਾਲੇ ਅਤੇ ਅੰਦਰ ਵੱਸ ਰਹੇ ਕਰਤੇ ਦੀ ਪਛਾਣ ਵੀ ਭੁੱਲੀ ਪਈ ਸੀ, ਮਿੱਟੀ ਦੀ ਢੇਰ (ਭਸਮੜਿ) ਹੋ ਜਾਂਦਾ ਹੈ ਅਤੇ ਇਸ ਚੋਂ ਜੀਵਾਤਮਾ (ਭਉਰ) ਸਰੀਰ ਨੂੰ ਛੱਡ ਕੇ ਤੁਰ ਪੈਂਦੀ ਹੈ। ਇਸਤਰ੍ਹਾਂ ਦੁਨੀਆ ਦੇ ਧੰਧਿਆਂ `ਚ ਖੱਚਤ ਰਹਿ ਚੁੱਕਾ ਇਹ ਮਨੁੱਖ (ਦੁਨੀਦਾਰੁ) ਚਲਾਣਾ (ਵੱਡਾ ਹੋਆ) ਕਰ ਜਾਂਦਾ ਹੈ।

ਕਰਤੇ ਨੂੰ ਭੁਲਿਆ ਮਾਇਆ `ਚ ਖੱਚਤ ਇਹ ਮਨੁੱਖ, ਜਗਤ ਨੂੰ ਛੱਡਣਾ ਨਹੀਂ ਚਾਹੁੰਦਾ ਪਰ ਪ੍ਰਭੂ ਦਾ ਹੁਕਮ ਰੂਪੀ ਸੰਗਲ ਇਸਦੇ ਗਲੇ `ਚ ਪਾਕੇ (ਹੰਸ ਚਲਸੀ ਡੁਮਣਾ) ਇਸਨੂੰ ਅੱਗੇ ਲਾ ਲਿਆ ਜਾਂਦਾ ਹੈ ਅਤੇ ਰੁਕਣ ਲਈ ਵੀ ਛੂਟ ਨਹੀਂ ਮਿਲਦੀ। ਅਗੈ ਕਰਣੀ ਕੀਰਤਿ ਵਾਚੀਐਅਨੁਸਾਰ ਨਿਬੇੜਾ ਤਾਂ ਜੀਵ ਦੇ ਅਪਣੇ ਕਰਮਾਂ ਤੇ ਹੀ ਹੁੰਦਾ ਹੈ। ਕਰਤੇ ਦੀ ਦਰਗਾਹ `ਚ (ਨਿਆਂ `ਚ) ਤਾਂ ਰੱਬ ਦੀ ਸਿਫ਼ਤ-ਸਾਲਾਹ ਵਾਲੀ ਕਮਾਈ (ਆਤਮਕ ਜੀਵਨ) ਦਾ ਹੀ ਮੁਲ ਪੈਂਦਾ ਹੈ। ਪ੍ਰਭੁ ਨੂੰ ਭੁਲਕੇ ਮਾਇਕ ਭੋਗਾਂ `ਚ ਖੱਚਤ ਮਨੁੱਖ ਨੂੰ ਜਦੋਂ ਮੁੱਢ ਤੋਂ ਜੂਨਾਂ ਦੇ ਦੁਖ ਸਹਿਣੇ ਪੈਂਦੇ ਹਨ ਉਸ ਸਮੇਂ ਇਸ ਦਾ ਰੋਣਾ-ਪਿੱਟਣਾ, ਕੂਕ-ਫ਼ਰਿਆਦ ਸੁਨਣ ਵਾਲਾ ਕੋਈ ਨਹੀਂ ਹੁੰਦਾ। ਸਤਿਗੁਰ ਜਿਨੀ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ” (ਪੰ: ੮੮) ਅਨੁਸਾਰ ਆਤਮਕ ਤੌਰ ਤੇ ਮੁਰਦਾ ਰਹਿ ਚੁਕਾ, ਅਗਿਆਨੀ ਮਨੁੱਖ ਇਸਤਰ੍ਹਾਂ ਅਪਣਾ ਅਮੁਲਾ ਜਨਮ ਜ਼ਾਇਆ ਕਰਕੇ ਚਲਾ ਜਾਂਦਾ ਹੈ।

“ਮਿਰਤਕ ਕਹੀਅਹਿ ਨਾਨਕਾ. .”- ਇਸ ਰੱਬੀ ਸਚਾਈ ਨੂੰ ਸਮਝਾਉਣ ਲਈ ਗੁਰਦੇਵ ਨੇ ਤਾਂ ਇਥੋਂ ਤੀਕ ਸਮਝਾਇਆ ਹੈ “ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ” (ਪੰ: 253) ਭਾਵ ਸਰੀਰ ਕਰਕੇ ਭਾਵੇਂ ਜੇ ਕੋਈ ਕਿੰਨਾ ਵੀ ਸੁੰਦਰ ਹੋਵੇ, ਜਨਮ ਜਾਂ ਜਾਤ ਕਰਕੇ ਵੀ ਉਚੀ ਕੁਲ ਦਾ ਹੋਵੇ, ਚਤੁਰ-ਸਿਆਣਾ `ਤੇ ਗਿਆਨਵਾਨ ਹਦੋਂ ਵੱਧ ਤੇ ਧੰਨਵਾਨ ਵੀ ਹੋਵੇ, ਇਸਤੇ ਪਾਤਸ਼ਾਹ ਫ਼ੁਰਮਾਂਦੇ ਹਨ ਸੰਸਾਰਕ ਤਲ ਤੇ ਇਸਤਰ੍ਹਾਂ ਸਭ ਪਖੋਂ ਸੰਪਨ ਹੋਣ ਦੇ ਬਾਵਜੂਦ ਜੇਕਰ ਆਤਮਕ ਪਖੋਂ ਸੁੱਤਾ (ਮੁਰਦਾ) ਹੈ ਤਾਂ ਅਜੇਹਾ ਮਨੁੱਖ ਸਰੀਰਕ ਤੌਰ ਤੇ ਜ਼ਿੰਦਾ ਹੁੰਦਾ ਹੋਇਆ ਵੀ, ਉਸਨੂੰ ਮੁਰਦਾ ਕਹਿਣਾ ਚਾਹੀਦਾ ਹੈ। ਬਾਣੀ ਜਪੁ ਜੇ ਜੁਗ ਚਾਰੇ ਆਰਜਾ. .” `ਚ ਗੁਰਦੇਵ ਇਸ ਹਦ ਤੀਕ ਜਾਂਦੇ ਹਨ ਕਿ ਸੰਸਾਰ ਪੱਧਰ ਤੇ ਜੇ ਕਿਸੇ ਮਨੁੱਖ ਦੀ ਉਮਰ ਚਾਹੇ ਲਖਾਂ ਵਰ੍ਹਿਆਂ ਦੀ ਹੋ ਜਾਵੇ। ਨਾਮਨਾ ਅਤੇ ਤਾਕਤਾਂ ਵੀ ਬੇਅੰਤ ਹੋਣ ਤਾਂ ਵੀ ਜੇ ਉਸਨੂੰ ਇਨ੍ਹਾ ਪ੍ਰਾਪਤੀਆਂ ਪਿਛੇ, ਇਨ੍ਹਾਂ ਦਾਤਾਂ ਤੇ ਗੁਣਾਂ ਨੂੰ ਦੇਣ ਵਾਲਾ ਕਰਤਾਰ ਹੀ ਭੁਲਿਆ ਪਿਆ ਹੋਵੇ ਭਾਵ ਆਤਮਕ ਪਖੋਂ ਮਿਰਤਕ ਹੀ ਹੋਵੇ, ਤਾਂ ਮਾਲਿਕ ਪ੍ਰਭੁ ਦੇ ਨਿਆਂ `ਚ ਉਸ ਦੀ ਕੀਮਤ ਕੀੜਿਆਂ ਵਿਚੋਂ ਵੀ ਇੱਕ ਨਿੱਕਾ ਜਿਹਾ ਕੀੜਾ ਹੀ ਹੋਵੇਗੀ। ਸਪੱਸ਼ਟ ਹੈ ਨਿਆਮਤਾਂ, ਗੁਣ, ਵਿਦਵਤਾ, ਓਹਦੇ-ਪਰ ਇਨ੍ਹਾਂ ਦਾਤਾਂ ਦੇ ਦੇਣ ਵਾਲੇ ਨੂੰ ਭੁਲਾ ਕੇ ਉਸਦੀਆਂ ਦਾਤਾਂ ਦੀ ਵਰਤੋਂ ਹੀ ਅਸਲ `ਚ ਮਨੁੱਖ ਦੀ ਆਤਮਕ ਮੌਤ ਹੁੰਦੀ ਹੈ।

ਕਬੀਰ ਮਰਤਾ ਮਰਤਾ ਜਗੁ ਮੂਆ” - ਕਬੀਰ ਸਾਹਿਬ ਫ਼ੁਰਮਾਂਦੇ ਹਨ “ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ॥ ਐਸੇ ਮਰਨੇ ਜੋ ਮਰੈ ਬਹੁਰਿ ਨ ਮਰਨਾ ਹੋਇ (ਪੰ: 1365) ਇਸਦੇ ਨਾਲ ਇਹ ਵੀ ਫ਼ੁਰਮਾਂਦੇ ਹਨ “ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੈ ਮਨਿ ਆਨੰਦੁ॥ ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ” (ਪੰ: 1365) ਹੋਰ ਲਵੋ “ਜਿਹ ਮਰਨੈ ਸਭੁ ਜਗਤੁ ਤਰਾਸਿਆ॥ ਸੋ ਮਰਨਾ ਗੁਰ ਸਬਦਿ ਪ੍ਰਗਾਸਿਆ॥ ੧ ॥ ਅਬ ਕੈਸੇ ਮਰਉ ਮਰਨਿ ਮਨੁ ਮਾਨਿਆ॥ ਮਰਿ ਮਰਿ ਜਾਤੇ ਜਿਨ ਰਾਮੁ ਨ ਜਾਨਿਆ” (ਪੰ: 327)। ਪੰਜਵੇਂ ਪਾਤਸ਼ਾਹ ਇਸਨੂੰ ਇਸਤਰ੍ਹਾਂ ਸਮਝਾਂਦੇ ਹਨ “ਅਨਦਿਨੁ ਸਿਮਰਹੁ ਤਾਸੁ ਕਉ ਜੋ ਅੰਤਿ ਸਹਾਈ ਹੋਇ॥ ਇਹ ਬਿਖਿਆ ਦਿਨ ਚਾਰਿ ਛਿਅ ਛਾਡਿ ਚਲਿਓ ਸਭੁ ਕੋਇ॥ ਕਾ ਕੋ ਮਾਤ ਪਿਤਾ ਸੁਤ ਧੀਆ॥ ਗ੍ਰਿਹ ਬਨਿਤਾ ਕਛੁ ਸੰਗਿ ਨ ਲੀਆ॥ ਐਸੀ ਸੰਚਿ ਜੁ ਬਿਨਸਤ ਨਾਹੀ॥ ਪਤਿ ਸੇਤੀ ਅਪੁਨੈ ਘਰਿ ਜਾਹੀ॥ ਸਾਧਸੰਗਿ ਕਲਿ ਕੀਰਤਨੁ ਗਾਇਆ॥ ਨਾਨਕ ਤੇ ਤੇ ਬਹੁਰਿ ਨ ਆਇਆ” (ਪੰ: 253)।

ਮੁੱਕਦੀ ਗਲ ਕਿ ਅਸਾਂ ਸੰਸਾਰ ਦੇ ਸਾਰੇ ਰਿਸ਼ਤੇ ਨਾਤੇ ਨਿਭਾਉਣੇ ਹਨ, ਪਭੁ ਦੀਆਂ ਸਾਰੀਆਂ ਦਾਤਾਂ ਵਰਤਣੀਆਂ ਅਤੇ ਉਨ੍ਹਾਂ ਦਾ ਅਨੰਦ ਵੀ ਮਾਨਣਾ ਹੈ ਪਰ ਦਾਤਿ ਪਿਆਰੀ ਵਿਸਰਿਆ ਦਾਤਾਰਾ” (ਪੰ: 676) ਕਰਕੇ ਨਹੀਂ ਬਲਕਿ “ਏਹ ਮਾਇਆ, ਜਿਤੁ ਹਰਿ ਵਿਸਰੈ, ਮੋਹੁ ਉਪਜੈ, ਭਾਉ ਦੂਜਾ ਲਾਇਆ॥ (ਪੰ: 920)। ਇਹ ਦਾਤਾਂ ਤਾਂ ਮਨੁੱਖ ਲਈ ਹੀ ਹਨ ਪਰ ਮਨੁੱਖ ਦੀ ਆਤਮਕ ਮੋਤ ਉਦੋਂ ਹੈ ਜਦੋਂ ਮਨੁੱਖ ਦਾਤਾਂ ਦੇਣ ਵਾਲੇ ਨੂੰ ਵਿਸਾਰ ਕੇ ਇਨ੍ਹਾਂ ਦਾਤਾਂ ਦੀ ਭੁੱਖ `ਚ ਹੀ ਡੁੱਬਦਾ ਜਾਵੇ। ਜੀਵਨ ਦਾ ਇੱਕ ਰਸਤਾ ਆਤਮਿਕ ਜਾਗਰਿਤੀ ਦਾ ਹੀ ਜੋ ਜੀਵਨ ਨੂੰ ਗੁਣਵਾਣ ਬਣਾਉਂਦਾ ਹੈ `ਤੇ ਦੂਜਾ ਹੈ ਅਉਗਣਾ `ਚ ਡੁੱਬ ਕੇ ਜੀਵਨ ਗੰਦਾ ਕਰਨ ਦਾ। #108s07.1s07#

Respected Giani Surjit Singh jee, Principal, Gurmatt

Education Centre, New Delhi: www.gurbaniguru.com

Waheguru Jee Ka Khalsa Waheguru Jee Kee Fateh I am profusely grateful to you for sharing this Article as per attachment in Punjabi Boli. Truly, you have made selfless efforts to make us understand the gist of several Shabds contained in the Guru Granth Sahib. Being student of Gurmatt, I need your assistance in respect of the following doubts in my silly mind:

(1) I feel that this life blessed to me by Akaal Purkh through my biological parents may not have undergone transmigration of millions species as you have stated 'after lakhs and crores junees'. I know, God knows but we can not claim that we too know as there is hardly any evidence to prove this logic by human beings;

(2) The life of any human being or creature is a package- combination of body and soul/breath. Either body without soul, or soul without body, has no separate Entity. Nothing enters from outside, nothing goes out of body. This secret is known to the Creator alone. At the most it is a fact that human being could perform better as we think so, but duties/responsibilities assigned to other creatures by God, have also been discharging according to their given tasks and they may also be performing according to their ability, though we may not know;

(3) In Bhairon Mahla 5 at page 1142 of the Guru Granth Sahib, Guru Sahib describes the unlimited Power /Authority that God alone has the prerogative /Divine Command for the Birth and Death. It does not mean that God will kill 'Gurmit Singh' and then God will revive 'Gurmit Singh'. After birth, when any person or creature dies, that is end of that being.

Since I may have missed or lost my way of life, please do guide me within the concept of Sikh Faith as taught by our Guru Sahibaan (1439 to 1708).

Yours Gurmatt Student,

Gurmit Singh (Sydney - Australia)

ਸਤਿਕਾਰ ਜੋਗ ਵੀਰ ਗੁਰਮੀਤ ਸਿੰਘ ਜੀਓ

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫ਼ਤਿਹ॥

ਸਭ ਤੋਂ ਪਹਿਲਾਂ ਅਤੀ ਨਿਮਰਤਾ ਸਹਿਤ ਖਿਮਾ ਚਾਹੁੰਦਾ ਹਾਂ ਕਿ ਇਸ ਵਾਰੀ ਉਤਰ ਦੇਣ `ਚ ਕੁੱਝ ਵਾਧੂ ਢਿੱਲ ਹੋ ਗਈ ਹੈ। ਇਸਦਾ ਮੁੱਖ ਕਾਰਣ ਕੁੱਝ ਰੁਝੇਵੇਂ, ਇਸਤੋਂ ਇਲਾਵਾ ਕਰਤਾਪੁਰਖ ਦੀ ਬਖਸ਼ਿਸ਼ ਕਰਕੇ ਅਪਣੇ ਦਰ ਦੀ ਜੋ ਸੇਵਾ ਲੈ ਲੈਂਦਾ ਹੈ ਅਤੇ ਤੀਜਾ ਸਰੀਰਕ ਤੌਰ ਤੇ ਵੀ ਉਸ ਕਰਤੇ ਦੀ ਖੇਡ `ਚ ਹੋ ਚੁੱਕਾ ਲੱਕਵੇ (ਪੈਰਾਲਲ-ਸਜ਼) ਦਾ ਅਟੈਕ ਜਿਸਤੋਂ ਕਰਤੇ ਨੇ ਰਿਕੱਵਰੀ ਤਾਂ ਬਖਸ਼ ਦਿਤੀ, ਫ਼ਿਰ ਵੀ ਸਰੀਰ `ਚ ਪਹਿਲਾਂ ਵਾਲੀ ਅਜੇ ਚੁੱਸਤੀ ਅਤੇ ਤੇਜ਼ੀ ਦੀ ਘਾਟ ਹੈ ਅਤੇ ਡਾਕਟਰਾਂ ਮੁਤਾਬਿਕ ਸਰੀਰਕ ਆਰਾਮ ਨੂੰ ਵੀ ਕੁੱਝ ਸਮਾਂ ਦੇਣਾ ਪੈਂਦਾ ਹੈ, ਇਹ ਸਾਰੇ ਇਸ ਦੇਰੀ ਲਈ ਕਾਰਣ ਹਨ।

ਬਾਕੀ ਰਹੀ ਗਲ ਸਾਡੇ ਚੋਂ ਕਦੇ ਵੀ ਕੋਈ ਮਨੁੱਖ ਕਦੇ ਪੂਰਨ ਸਿੱਖ ਨਹੀਂ ਹੋ ਸਕਦਾ ਕਿਉਂਕਿ ਪੂਰਨ ਕੇਵਲ ਅਤੇ ਕੇਵਲ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਹੀ ਹਨ। ਇਸ ਲਈ ਹੱਠ ਤਾਂ ਕਿਸੇ ਗਲ ਦਾ ਨਹੀਂ ਕੀਤਾ ਜਾ ਸਕਦਾ ਫ਼ਿਰ ਵੀ ਪਾਤਸ਼ਾਹ ਨੇ ਗੁਰਬਾਣੀ ਰਾਹੀਂ ਜੋ ਸੋਝੀ ਬਖਸ਼ੀ ਹੈ ਉਸ ਦਾਇਰੇ `ਚ ਰਹਿੰਦੇ ਹੋਏ ਆਪ ਜੀ ਦੀ ਈਮੇਲ ਦੇ ਉਤਰ `ਚ ਜਨਮ ਮਰਨ ਦੇ ਗੇੜ੍ਹ ਸੰਬੰਧੀ ਗੁਰਬਾਣੀ ਦੀ ਰੋਸ਼ਨੀ `ਚ ਕੁੱਝ ਬੇਨਤੀਆਂ ਇਸ ਤਰ੍ਹਾਂ ਹਨ।

XXXXXXXXXXXXXXXXXXXXXXXXXXXX

ਪਹਿਲੀ ਗਲ ਕਿ ਜਨਮ-ਮਰਨ ਦੇ ਗੇੜ੍ਹ ਬਾਰੇ ਸਾਨੂੰ ਇੱਕ ਗਲ ਪੂਰੀ ਤਰ੍ਹਾਂ ਸਾਫ਼ ਰਹਿਣੀ ਚਾਹੀਦੀ ਹੈ ਕਿ ਸੰਪੂਰਣ ਗੁਰਬਾਣੀ ਰਚਨਾ `ਚ ਗੁਰਦੇਵ ਨੇ ਮੌਤ ਤੋਂ ਬਾਦ, ਬ੍ਰਾਹਮਣ ਰਾਹੀ ਪ੍ਰਗਟ ਕੀਤੇ ਕਿਸੇ ਵੀ ਸੁਰਗ ਲੋਕ, ਨਰਕ ਲੋਕ, ਜਮਲੋਕ, ਜਮਰਾਜ, ਧਰਮ ਰਾਜ, ਪਿਤ੍ਰਲੋਕ, ਬੇਤਰਨੀ ਨਦੀ ਯਾਨੀ ਕਿ ਗਰੁੜ ਪੁਰਾਣ ਆਦਿ ਰਾਹੀ ਪ੍ਰਚਾਰੀ ਜਾ ਰਹੀ ਪੂਰੀ ਦੇਣ ਨੂੰ ਸੰਪੂਰਣ ਤੌਰ ਤੇ ਨਕਾਰਿਆ ਹੈ ਬਲਕਿ ਅਨਮਤਾਂ ਦੇ ਬਹਿਸ਼ਤ-ਦੋਜ਼ਖ ਜਾਂ ਹੈਵਨ-ਹੈਲ ਆਦਿ ਦੀ ਹੋਂਦ ਨੂੰ ਵੀ ਪ੍ਰਵਾਨ ਨਹੀਂ ਕੀਤਾ।

ਦੂਜੀ ਗਲ ਨੌਂ ਖੰਡ ਪ੍ਰਿਥਮੀ, ਚਾਰ ਖਾਣੀਆਂ, ਤਿੰਨ ਤਾਪ, ਚੌਰਾਸੀ ਲਖ ਜੂਨੀ ਭਾਵ ਕਿ ਅਕਾਲਪੁਰਖ ਦੀ ਰਚਨਾ ਦੇ ਕਿਸੇ ਅੰਗ ਤੇ ਕਿਸੇ ਵੀ ਤਰ੍ਹਾਂ ਦੀਆਂ ਗਿਣਤੀਆਂ-ਮਿਣਤੀਆਂ ਲਗਾਉਣ ਵਾਲਿਆਂ ਨੂੰ ਗੁਰਦੇਵ ਨੇ ਧਾਰਮਿਕ ਆਗੂ ਕਹਿਣਾ-ਮੰਨਣਾ ਤਾਂ ਬਹੁਤ ਦੂਰ ਦੀ ਗਲ ਹੈ, ਉਨ੍ਹਾਂ ਨੂੰ “ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ” ਦਾ ਸਰਟੀਫ਼ਿਕੇਟ ਦਿਤਾ ਹੈ, ਕਿਉਂਕਿ “ਅੰਤੁ ਨ ਜਾਪੈ ਕੀਤਾ ਆਕਾਰੁ॥ ਅੰਤੁ ਨ ਜਾਪੈ ਪਾਰਾਵਾਰੁ” ਹੋਰ ਲਵੋ “ਅਮੁਲੁ ਬਖਸੀਸ ਅਮੁਲੁ ਨੀਸਾਣੁ॥ ਅਮੁਲੁ ਕਰਮੁ ਅਮੁਲੁ ਫੁਰਮਾਣੁ॥ ਅਮੁਲੋ ਅਮੁਲੁ ਆਖਿਆ ਨ ਜਾਇ” (ਬਾਣੀ ਜਪੁ) ਅਤੇ “ਕੇਤੀਆ ਖਾਣੀ ਕੇਤੀਆ ਬਾਣੀ…” ਇਤਿਆਦਿ। ਹਾਂ ਗੁਰਬਾਣੀ `ਚ ਇਹ ਸਾਰੇ ਲਫ਼ਜ਼ ਜਾਂ ਗਿਣਤੀਆਂ ਵਾਲੀ ਸ਼ਬਦਾਵਲੀ, ਮੁਹਾਵਰੇ ਜਾਂ ਪ੍ਰਚਲਣ ਦੇ ਤੌਰ ਤੇ ਬਹੁਤ ਵਾਰੀ ਆਈ ਹੈ, ਗੁਰਮਤਿ ਦੇ ਸਿਧਾਂਤ ਵਜੋਂ ਇੱਕ ਵਾਰੀ ਵੀ ਨਹੀਂ ਆਏ।

ਸਨਿਮ੍ਰ ਬੇਨਤੀ ਕੇ ਕਿ ਕੁੱਝ ਅਜੇਹੇ ਹੀ ਸੁਆਲ ਆਪਜੀ ਵਲੋਂ, ਦਾਸ ਰਾਹੀਂ ਭੇਜੇ ਗਏ ਗੁਰਮਤਿ ਪਾਠ ੮੨- ‘ਮਨ ਅਤੇ ਆਤਮਾ ਦਾ ਸੁਮੇਲ’ ਵੇਲੇ ਵੀ ਆਏ ਸਨ ਅਤੇ ਦਾਸ ਨੇ ਗੁਰਬਾਣੀ ਤੋਂ ਪ੍ਰਾਪਤ ਅਪਣੀ ਸੂਝ ਅਨੁਸਾਰ ਉਨ੍ਹਾ ਦੇ ਉਤਰ ਸਮੇਂ ਸਿਰ ਦੇ ਦਿਤੇ ਸਨ। ਜਦਕਿ ਇਸ ਵਿਸ਼ੇ ਤੇ ਕੇਵਲ ਉਥੇ ਹੀ ਨਹੀਂ ਦਾਸ ਨੇ ਕਿਸੇ ਹਦ ਤੀਕ ਇਹ ਵਿਸ਼ਾ ਗੁਰਮਤਿ ਪਾਠ ਨੰਬਰ ੭੫ ‘ਜਬ ਲਗ ਖਾਲਸਾ ਰਹੈ ਨਿਆਰਾ’ ਅਤੇ ਹੋਰ ਵੀ ਕਈ ਥਾਵੇਂ ਲਿਆ ਹੈ।

ਇਸਦੇ ਨਾਲ ਇਹ ਵੀ ਸਮਝਣਾ ਜ਼ਰੂਰੀ ਹੈ ਕਿ ਸਮੂਚੀ ਗੁਰਬਾਣੀ ਰਚਨਾ `ਚ ਮਨੁੱਖ ਦੇ ਦੋ ਹੀ ਤਰ੍ਹਾਂ ਦੇ ਜੀਵਨ ਬਿਆਨੇ ਹਨ ‘ਸਫ਼ਲ ਜੀਵਨ ਅਤੇ ਅਸਫ਼ਲ ਜੀਵਨ’ ਦੂਜੇ ਲਫ਼ਜ਼ਾਂ `ਚ ‘ਮਨਮੁਖ ਅਤੇ ਗੁਰਮੁਖ’। ਜਦਕਿ ਮਨਮੁਖ ਦੇ ਜੀਵਨ ਨੂੰ ਅਸਫਲ ਜੀਵਨ ਦਸਿਆ ਹੈ ਅਤੇ ਗੁਰਮੁਖਿ ਦੇ ਜੀਵਨ ਨੂੰ ਸਫ਼ਲ ਜੀਵਨ ਬਿਆਨਿਆ ਹੈ। ਅਜੇਹੇ ਸਫ਼ਲ ਜੀਵਨ ਨੂੰ ਹੀ ਸਚਿਆਰਾ, ਜੀਵਨਮੁਕਤ ਅਦਿ ਹੋਰ ਹੋਰ ਲਫ਼ਜ਼ਾਂ ਨਾਲ ਵੀ ਗੁਰਬਾਣੀ `ਚ ਬਿਆਨਿਆ ਹੈ। ਫ਼ੁਰਮਾਨ ਹਨ “ਗੁਰਮੁਖਿ ਜਨਮੁ ਸਕਾਰਥਾ ਨਿਰਮਲੁ ਮਲੁ ਖੋਈ॥ ਨਾਨਕ ਜੀਵਦਾ ਪੁਰਖੁ ਧਿਆਇਆ ਅਮਰਾ ਪਦੁ ਹੋਈ” (ਪੰ: ੧੨੪੭) ਅਤੇ ਇਸਦੇ ਉਲਟ “ਚਲੇ ਜੁਆਰੀ ਦੁਇ ਹਥ ਝਾਰਿ” ਹੋਰ ਲਵੋ “ਨਾਨਕ ਸਚੁ ਧਿਆਇਨਿ ਸਚੁ” ਪਰ ਨਾਲ ਹੀ ਦੂਜੇ ਪਾਸੇ “ਜੋ ਮਰਿ ਜੰਮੇ ਸੁ ਕਚੁ ਨਿਕਚੁ” (ਪੰ: ੪੬੩) ਜਾਂ “ਤੇਰੈ ਨਾਇ ਰਤੇ ਸੇ ਜਿਣਿ ਗਏ” ਅਤੇ ਦੂਜੇ ਪਾਸੇ “ਹਾਰਿ ਗਏ ਸਿ ਠਗਣ ਵਾਲਿਆ” (ਪੰ: ੪੬੩)

ਇਸਤਰ੍ਹਾਂ ਸਫ਼ਲ ਜੀਵਨ ਜੀਊੜੇ ਉਹ ਹਨ ਜੋ ਮਨੁੱਖਾ ਜਨਮ ਪ੍ਰਾਪਤ ਕਰਕੇ ਸਾਧਸੰਗਤ ਅਤੇ ਗੁਰੂ-ਗੁਰਬਾਣੀ ਜੀਵਨ ਜਾਚ ਰਾਹੀ ਜੀਂਦੇ ਜੀਅ ਅਕਾਲਪੁਖ `ਚ ਅਭੇਦ ਹੋ ਜਾਂਦੇ ਹਨ। ਪਰ ਦੂਜੇ ਬਹੁਤੇ ਲੋਕ ਅਪਣੇ ਮਨੁੱਖਾ ਜਨਮ ਨੂੰ ਅਸਫ਼ਲ ਕਰਕੇ ਅਪਣੇ ਅਪਣੇ ਕਰਮਾਂ `ਤੇ ਸੰਸਕਾਰਾਂ ਅਨੁਸਾਰ ਮੁੜ ਤੋਂ ਜਨਮ-ਮਰਣ ਭਾਵ ਅਵਾਗਉਣ ਦੇ ਗੇੜ੍ਹ `ਚ ਪਾ ਦਿਤੇ ਜਾਂਦੇ ਹਨ। ਇਸ ਬਾਰੇ ਇੱਕ ਨਹੀ ਅਨੇਕਾਂ ਫ਼ੁਰਮਾਣ ਗੁਰਬਾਣੀ `ਚ ਮੌਜੂਦ ਹਨ ਜਿਵੇਂ “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ) ਆਦਿ।

ਇੰਨਾ ਹੀ ਨਹੀਂ, ਇਨ੍ਹਾਂ ਜੂਨਾਂ ਦੇ ਗੇੜ੍ਹ ਬਾਰੇ ਵੀ ਗੁਰਬਾਣੀ `ਚ ਦੋ ਵੱਖਰੇ ਵੱਖਰੇ ਪੱਖਾਂ ਤੋਂ ਗਲ ਸਮਝਾਈ ਹੈ। ਇੱਕ ਪਖ ਇਹ ਦਿਤਾ ਹੈ ਕਿ ਮਨੁੱਖਾ ਸਰੀਰ `ਚ ਹੁੰਦੇ ਹੋਏ ਵੀ ਜਦੋਂ ਦੇਖਣ ਨੂੰ ਤਾਂ ਮਨੁੱਖ, ਮਨੁੱਖਾ ਜਨਮ `ਚ ਜੀਂਦਾ ਹੋਇਆ ਵੀ ਅਨੇਕਾਂ ਵਾਰੀ ਕੁੱਤਾ, ਗੱਧਾ, ਬੈਲ, ਚੂਹਾ, ਸੱਪ, ਗਉ ਆਦਿ ਕਈ-ਕਈ ਜੂਨਾਂ ਭੋਗ ਰਿਹਾ ਹੁੰਦਾ ਹੈ। ਉਸਦਾ ਕਾਰਣ, ਸਰੀਰਕ ਤੌਰ ਤੇ ਜਿਉਂਦਾ ਨਜ਼ਰ ਆ ਰਿਹਾ ਵੀ ਸੁਭਾਅ ਅਤੇ ਚਲਣ ਪਖੋਂ ਉਹ ਮਨੁੱਖ ਨਹੀਂ ਹੁੰਦਾ ਅਤੇ ਅਸਲ `ਚ ਆਤਮਕ ਪਖੋਂ ਉਹ ਮੁਰਦਾ ਹੀ ਜੀਵਨ ਬਤੀਤ ਕਰ ਰਿਹਾ ਹੁੰਦਾ ਹੈ। ਇਸਤਰ੍ਹਾਂ ਮਨੁੱਖਾ ਜਨਮ ਲੈਕੇ ਵੀ ਅਜੇਹੇ ਮਨੁੱਖ ਦਾ ਜੀਵਨ ਅਸਫ਼ਲ ਹੀ ਚਲਾ ਜਾਂਦਾ ਹੈ। ਦੂਜਾ ਪੱਖ ਹੈ, ਜਦੋਂ ਇਸ ਸਰੀਰ ਦੀ ਮੌਤ ਉਪਰੰਤ ਵੀ “ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ” (ਪੰ: ੬੪੨) ਅਨੁਸਾਰ ਮੁੜ੍ਹ ਜਨਮਾਂ ਦੇ ਗੇੜ੍ਹ `ਚ ਜਾਂ ਕਿੱਥ ਭੇਜ ਦਿਤਾ ਜਾਂਦਾ ਹੈ, ਉਸ ਬਾਰੇ ਕਰਤਾ ਆਪ ਹੀ ਜਾਣਦਾ ਹੈ, ਦੂਜਾ ਪਾਇ ਫ਼ਿਰ ਵੀ “ਕਿਥੈ ਜਾਇ ਸਮਾਹਿ” ਦੀ ਸੱਚਾਈ ਅਟੱਲ ਹੈ। ਇਸਨੂੰ ਸਮਝਣ ਲਈ ਉਂਝ ਤਾਂ ਗੁਰਬਾਣੀ `ਚ ਹਜ਼ਾਰਹਾਂ ਫ਼ੁਰਮਾਣ ਮੌਜੂਦ ਹਨ ਫ਼ਿਰ ਵੀ ਪੰਨਾ ੫੭੮ ਬਾਣੀ “ਅਲਾਹਣੀਆ” ਜਿਹੜੀ ਕਿ ਰਾਗ ਵਡਹੰਸ `ਚ ਪਹਿਲੇ ਉਪਰੰਤ ਚਲੰਤ ਬਾਣੀ `ਚ ਹੀ ਤੀਜੇ ਪਾਤਸ਼ਾਹ ਦੀ ਰਚਨਾ ਅਰੰਭ ਹੋ ਜਾਂਦੀ ਹੈ, ਧਿਆਨ ਨਾਲ ਵਿਚਾਰ ਕੇ ਪੜ੍ਹੀ ਜਾਵੇ ਤਾ ਲਗਭਗ ਸਾਰੀ ਰਚਨਾ ਹੀ ਇਸੇ ਵਿਸ਼ੇ ਨਾਲ ਸੰਬੰਧਤ ਹੈ ਅਤੇ ਇਸਦੀ ਪ੍ਰੌੜਤਾ `ਚ ਉਥੇ ਵੀ ਅਨੇਕਾਂ ਫ਼ੁਰਮਾਨ ਹਨ ਫ਼ਿਰ ਵੀ ਉਸ ਚੋਂ ਕੇਵਲ ਇੱਕ ਪਉੜੀ, ਦਾਸ ਵਲੋਂ ਨਹੀਂ ਬਲਕਿ ਸਿਧੇ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਰਾਹੀਂ ਕੀਤੇ ਅਰਥਾਂ ਸਮੇਤ ਇਸਤਰ੍ਹਾਂ ਹੈ:

“ਬਾਬਾ ਨਾਂਗੜਾ ਆਇਆ ਜਗ ਮਹਿ ਦੁਖੁ ਸੁਖੁ ਲੇਖੁ ਲਿਖਾਇਆ॥ ਲਿਖਿਅੜਾ ਸਾਹਾ ਨਾ ਟਲੈ ਜੇਹੜਾ ਪੁਰਬਿ ਕਮਾਇਆ॥ ਬਹਿ ਸਾਚੈ ਲਿਖਿਆ ਅੰਮ੍ਰਿਤੁ ਬਿਖਿਆ ਜਿਤੁ ਲਾਇਆ ਤਿਤੁ ਲਾਗਾ॥ ਕਾਮਣਿਆਰੀ ਕਾਮਣ ਪਾਏ ਬਹੁ ਰੰਗੀ ਗਲਿ ਤਾਗਾ॥ ਹੋਛੀ ਮਤਿ ਭਇਆ ਮਨੁ ਹੋਛਾ ਗੁੜੁ ਸਾ ਮਖੀ ਖਾਇਆ॥ ਨਾਮਰਜਾਦੁ ਆਇਆ ਕਲਿ ਭੀਤਰਿ ਨਾਂਗੋ ਬੰਧਿ ਚਲਾਇਆ॥ ੩॥

ਪਦ ਅਰਥ : —ਲੇਖੁ—ਕੀਤੇ ਕਰਮਾਂ ਅਨੁਸਾਰ ਪ੍ਰਭੂ ਵਲੋਂ ਉਹ ਹੁਕਮ ਜੋ ਅਗਾਂਹ ਜਗਤ ਵਿੱਚ ਭੋਗਣਾ ਹੈ। ਸਾਹਾ—ਉਹ ਸਮਾ ਜੋ ਜੀਵ ਦੀ ਮੌਤ ਵਾਸਤੇ ਨਿਯਤ ਹੋ ਚੁਕਾ ਹੈ। {ਨੋਟ : —ਹਿੰਦੂ ਕੌਮ ਵਿੱਚ ਲੜਕੀ ਲੜਕੇ ਦੇ ਵਿਆਹ ਦਾ ਸਮਾ ਪੰਡਿਤ ਸ਼ਾਸਤ੍ਰਾਂ ਤੋਂ ਵਿਚਾਰ ਕੇ ਮੁਕਰਰ ਕਰਦਾ ਹੈ। ਉਹ ਮੁਕਰਰ ਕੀਤਾ ‘ਸਾਹਾ’ ਅਗਾਂਹ ਪਿਛਾਂਹ ਨਹੀਂ ਕੀਤਾ ਜਾ ਸਕਦਾ। ਜਿਵੇਂ ਵਿਆਹ ਦੀ ਰਾਹੀਂ ਲੜਕੀ ਨੂੰ ਮਾਪਿਆਂ ਦੇ ਘਰ ਤੋਂ ਸੋਧੇ ਹੋਏ ‘ਸਾਹੇ’ ਅਨੁਸਾਰ ਸਹੁਰੇ ਘਰ ਤੋਰ ਦੇਈਦਾ ਹੈ, ਤਿਵੇਂ ਜੀਵ-ਇਸਤ੍ਰੀ ਜਗਤ-ਰੂਪ ਮਾਪੇ-ਘਰ ਤੋਂ ਤੁਰ ਪੈਂਦੀ ਹੈ}। ਪੁਰਬਿ—ਪੂਰਬਲੇ ਸਮੇ ਵਿਚ। ਬਹਿ—ਬੈਠ ਕੇ, ਵਿਚਾਰ ਕੇ। ਸਾਚੈ—ਸਦਾ-ਥਿਰ ਪ੍ਰਭੂ ਨੇ। ਅੰਮ੍ਰਿਤੁ—ਨਾਮ-ਅੰਮ੍ਰਿਤ। ਬਿਖਿਆ—ਮਾਇਆ-ਜ਼ਹਿਰ। ਜਿਤੁ—ਜਿਸ ਪਾਸੇ ਵਲ। ਕਾਮਣਿਆਰੀ—ਜਾਦੂ ਟੂਣੇ ਕਰਨ ਵਾਲੀ (ਮਾਇਆ)। ਕਾਮਣ—ਟੂਣੇ, ਜਾਦੂ। ਗਲਿ—ਗਲ ਵਿਚ। ਹੋਛੀ—ਥੋੜ੍ਹ-ਵਿਤੀ। ਸਾ—ਜਿਵੇਂ। ਨਾਮਰਜਾਦੁ— {ਨਾ-ਮਰਜਾਦੁ} ਮਰਯਾਦਾ-ਰਹਿਤ, ਨੰਗਾ। ਕਲਿ—ਜਗਤ। ਬੰਧਿ—ਬੰਨ੍ਹ ਕੇ। ੩।

ਅਰਥ : —ਹੇ ਭਾਈ! (ਜੀਵ ਆਪਣੇ ਪੂਰਬਲੇ ਕੀਤੇ ਕਰਮਾਂ ਅਨੁਸਾਰ ਨਵੇਂ ਜੀਵਨ ਵਿੱਚ ਭੋਗਣ ਵਾਸਤੇ) ਦੁੱਖ ਅਤੇ ਸੁਖ-ਰੂਪ ਲੇਖ (ਪਰਮਾਤਮਾ ਦੀ ਦਰਗਾਹ ਵਿਚੋਂ ਆਪਣੇ ਮੱਥੇ ਤੇ) ਲਿਖਾ ਕੇ ਜਗਤ ਵਿੱਚ ਨੰਗਾ ਹੀ ਆਉਂਦਾ ਹੈ (ਜਨਮ ਸਮੇ ਹੀ ਉਹ ਸਮਾ ਭੀ ਨਿਯਤ ਕੀਤਾ ਜਾਂਦਾ ਹੈ ਜਦੋਂ ਜੀਵ ਨੇ ਜਗਤ ਤੋਂ ਵਾਪਸ ਤੁਰ ਪੈਣਾ ਹੁੰਦਾ ਹੈ) ਉਹ ਮੁਕਰਰ ਕੀਤਾ ਹੋਇਆ ਸਮਾ ਅਗਾਂਹ ਪਿਛਾਂਹ ਨਹੀਂ ਹੋ ਸਕਦਾ, (ਨਾਹ ਹੀ ਉਹ ਦੁਖ ਸੁਖ ਵਾਪਰਨੋਂ ਹਟ ਸਕਦਾ ਹੈ) ਜੋ ਪੂਰਬਲੇ ਜਨਮ ਵਿੱਚ ਕਰਮ ਕਰ ਕੇ (ਕਮਾਈ ਵਜੋਂ) ਖੱਟਿਆ ਹੈ। (ਜੀਵ ਦੇ ਕੀਤੇ ਕਰਮਾਂ ਅਨੁਸਾਰ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਨੇ ਸੋਚ-ਵਿਚਾਰ ਕੇ ਲਿਖ ਦਿੱਤਾ ਹੁੰਦਾ ਹੈ ਕਿ ਜੀਵ ਨੇ ਨਵੇਂ ਜੀਵਨ-ਸਫ਼ਰ ਵਿੱਚ ਨਾਮ-ਅੰਮ੍ਰਿਤ ਵਿਹਾਝਣਾ ਹੈ ਜਾਂ ਮਾਇਆ-ਜ਼ਹਿਰ ਖੱਟਣਾ ਹੈ। (ਪਿਛਲੇ ਕੀਤੇ ਅਨੁਸਾਰ ਹੀ ਪ੍ਰਭੂ ਦੀ ਰਜ਼ਾ ਵਿਚ) ਜਿਧਰ ਜੀਵ ਨੂੰ ਲਾਇਆ ਜਾਂਦਾ ਹੈ ਉਧਰ ਇਹ ਲੱਗ ਪੈਂਦਾ ਹੈ। (ਉਸੇ ਲਿਖੇ ਅਨੁਸਾਰ ਹੀ) ਜਾਦੂ ਟੂਣੇ ਕਰਨ ਵਾਲੀ ਮਾਇਆ ਜੀਵ ਉਤੇ ਜਾਦੂ ਪਾ ਦੇਂਦੀ ਹੈ, ਇਸ ਦੇ ਗਲ ਵਿੱਚ ਕਈ ਰੰਗਾਂ ਵਾਲਾ ਧਾਗਾ ਪਾ ਦੇਂਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਇਸ ਨੂੰ ਮੋਹ ਲੈਂਦੀ ਹੈ)। (ਇਸ ਮੋਹਣੀ ਮਾਇਆ ਦੇ ਪ੍ਰਭਾਵ ਹੇਠ ਹੀ) ਜੀਵ ਦੀ ਮਤਿ ਥੋੜ੍ਹ-ਵਿਤੀ ਹੋ ਜਾਂਦੀ ਹੈ, ਜੀਵ ਦਾ ਮਨ ਥੋੜ੍ਹ-ਵਿਤਾ ਹੋ ਜਾਂਦਾ ਹੈ (ਭਾਵ, ਇਸ ਵਿੱਚ ਵਿਤਕਰਾ ਤੇ ਮੇਰ-ਤੇਰ ਆ ਜਾਂਦੇ ਹਨ, ਆਪਣੇ ਨਿੱਕੇ ਜਿਹੇ ਸੁਅਰਥ ਤੋਂ ਬਾਹਰ ਵੇਖ ਸੋਚ ਨਹੀਂ ਸਕਦਾ), ਜਿਵੇਂ ਮੱਖੀ ਗੁੜ ਖਾਂਦੀ ਹੈ (ਤੇ ਗੁੜ ਨਾਲ ਚੰਬੜ ਕੇ ਹੀ ਮਰ ਜਾਂਦੀ ਹੈ, ਤਿਵੇਂ ਜੀਵ ਮਾਇਆ ਨਾਲ ਚੰਬੜ ਕੇ ਆਤਮਕ ਮੌਤੇ ਮਰ ਜਾਂਦਾ ਹੈ)। ਜੀਵ ਜਗਤ ਵਿੱਚ ਨੰਗਾ ਹੀ ਆਉਂਦਾ ਹੈ ਤੇ ਨੰਗਾ ਹੀ ਬੰਨ੍ਹ ਕੇ ਅੱਗੇ ਲਾ ਲਿਆ ਜਾਂਦਾ ਹੈ। ੩।

ਇਸਤੋਂ ਬਾਦ ਆਪਜੀ ਰਾਹੀਂ, ਇਹ ਫ਼ੁਰਮਾਉਣਾ ਕਿ ਸਾਡਾ ਇਹ ਸਰੀਰ …The life of any human being or creature is a package- combination of body and soul/breath. Either bodywithout soul, or soul without body, has no separate Entity…...

ਪਹਿਲੀ ਗਲ ਇਹ ਕਿ ਸਾਡੀ ਸੁਆਸਾਂ ਦੀ ਪੂੰਜੀ, ਬੋਲਣ ਅਤੇ ਹੋਰ ਬਹੁਤ ਕੁੱਝ ਪੰਜ ਤੱਤਾਂ ਵਿਚੋਂ ਇੱਕ ਤੱਤ ਭਾਵ ਹਵਾ (ਵਾਯੂ) “ਵਾਜਾ ਪਵਣੁ ਵਜਾਇਆ” ਦੀ ਹੀ ਬਣਤਰ ਹੈ ਜਦਕਿ ਕਰਤੇ ਦਾ ਅੰਸ਼ “ਹਰਿ, ‘ਜੀਉ’ ਗੁਫਾ ਅੰਦਰਿ ਰਖਿ ਕੈ” ਬਾਣੀ ਅਨੰਦ ਸਾਹਿਬ ਪਉੜੀ ਨੰ: ੩੮ ਅਤੇ ੩੩ ਅਗੇ-ਪਿਛੇ ਕਰਕੇ ਅਤੇ ਹੂ-ਬ-ਹੂ ਪ੍ਰੋਫ਼ੈਸਰ ਸਾਹਿਬ ਰਾਹੀ ਕੀਤੇ ਅਰਥਾਂ ਸਹਿਤ ਦੇਣ ਦੀ ਗੁਸਤਾਖੀ ਕਰ ਰਿਹਾਂ ਹਾਂ ਤਾਂ ਕਿ ਵਿਸ਼ੇ ਅਨੁਸਾਰ ਗਲ ਸਪੱਸ਼ਟ ਹੋ ਸਕੇ ਇਸ ਲਈ ਜਾਣ ਬੁਝਕੇ ਪਹਿਲਾਂ ਪਉੜੀ ਨੰਬਰ ੩੮ ਦੇ ਦਰਸ਼ਨ ਕਰੀਏ ਫ਼ੁਰਮਾਨ ਹੈ:

“ਹਰਿ, ‘ਜੀਉ’ ਗੁਫਾ ਅੰਦਰਿ ਰਖਿ ਕੈ, ਵਾਜਾ ਪਵਣੁ ਵਜਾਇਆ॥ ਵਜਾਇਆ ਵਾਜਾ ਪਉਣ, ਨਉ ਦੁਆਰੇ ਪਰਗਟੁ ਕੀਏ, ਦਸਵਾ ਗੁਪਤੁ ਰਖਾਇਆ॥ ਗੁਰਦੁਆਰੈ ਲਾਇ ਭਾਵਨੀ, ਇਕਨਾ ਦਸਵਾ ਦੁਆਰੁ ਦਿਖਾਇਆ॥ ਤਹ ਅਨੇਕ ਰੂਪ ਨਾਉ ਨਵ ਨਿਧਿ, ਤਿਸ ਦਾ ਅੰਤੁ ਨ ਜਾਈ ਪਾਇਆ॥ ਕਹੈ ਨਾਨਕੁ, ਹਰਿ ਪਿਆਰੈ, ਜੀਉ ਗੁਫਾ ਅੰਦਰਿ ਰਖਿ ਕੈ, ਵਾਜਾ ਪਵਣੁ ਵਜਾਇਆ॥ ੩੮॥” {ਪੰਨਾ ੯੨੨}

ਪਦ ਅਰਥ : —ਜੀਉ—ਜਿੰਦ। ਗੁਫਾ—ਸਰੀਰ। ਪਵਣੁ ਵਾਜਾ ਵਜਾਇਆ—ਸੁਆਸ-ਰੂਪ ਵਾਜਾ ਵਜਾਇਆ, ਬੋਲਣ ਦੀ ਸ਼ਕਤੀ ਦਿੱਤੀ। ਨਉ ਦੁਆਰੇ—ਨੌ ਗੋਲਕਾਂ, ੧ ਮੂੰਹ, ੨ ਕੰਨ, ੨ ਅੱਖਾਂ, ੨ ਨਾਸਾਂ, ਗੁਦਾ, ਲਿੰਗ। ਦਸਵਾ ਦੁਆਰ— (ਭਾਵ,) ਦਿਮਾਗ਼ (ਜਿਸ ਦੀ ਰਾਹੀਂ ਮਨੁੱਖ ਵਿਚਾਰ ਕਰ ਸਕਦਾ ਹੈ)। ਭਾਵਨੀ—ਸਰਧਾ, ਪ੍ਰੇਮ। ਤਹ—ਉਸ ਅਵਸਥਾ ਵਿਚ। ਅਨੇਕ ਰੂਪ ਨਾਉ—ਅਨੇਕਾਂ ਰੂਪਾਂ ਵਾਲੇ ਪ੍ਰਭੂ ਦਾ ਨਾਮ। ਨਿਧਿ—ਖ਼ਜ਼ਾਨਾ।

ਅਰਥ : —ਪਰਮਾਤਮਾ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿੱਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਦਿੱਤੀ। ਸਰੀਰ ਨੂੰ ਬੋਲਣ ਦੀ ਸ਼ਕਤੀ ਦਿੱਤੀ, ਨੱਕ ਕੰਨ ਆਦਿਕ ਨੌ ਕਰਮ-ਇੰਦ੍ਰੀਆਂ ਪਰਤੱਖ ਤੌਰ ਤੇ ਬਣਾਈਆਂ, ਦਸਵੇਂ ਦਰ (ਦਿਮਾਗ਼) ਨੂੰ ਲੁਕਵਾਂ ਰੱਖਿਆ।

ਪ੍ਰਭੂ ਨੇ ਜਿਨ੍ਹਾਂ ਨੂੰ ਗੁਰੂ ਦੇ ਦਰ ਤੇ ਅਪੜਾ ਕੇ ਆਪਣੇ ਨਾਮ ਦੀ ਸਰਧਾ ਬਖ਼ਸ਼ੀ, ਉਹਨਾਂ ਨੂੰ ਦਸਵਾਂ ਦਰ ਭੀ ਵਿਖਾ ਦਿੱਤਾ (ਉਹਨਾਂ ਨੂੰ ਸਿਮਰਨ ਦੀ ਵਿਚਾਰ-ਸੱਤਿਆ ਭੀ ਦੇ ਦਿੱਤੀ ਜੋ ਆਤਮਕ ਆਨੰਦ ਦਾ ਮੂਲ ਹੈ)। ਉਸ ਅਵਸਥਾ ਵਿੱਚ ਮਨੁੱਖ ਨੂੰ ਅਨੇਕਾਂ ਰੰਗਾਂ ਰੂਪਾਂ ਵਿੱਚ ਵਿਆਪਕ ਪ੍ਰਭੂ ਦਾ ਉਹ ਨਾਮ-ਰੂਪਾਂ ਨੌ ਖ਼ਜ਼ਾਨਿਆਂ ਦਾ ਭੰਡਾਰ ਭੀ ਪ੍ਰਾਪਤ ਹੋ ਜਾਂਦਾ ਹੈ ਜਿਸ ਦਾ ਅੰਤ ਨਹੀਂ ਪੈ ਸਕਦਾ (ਜੋ ਕਦੇ ਮੁੱਕਦਾ ਨਹੀਂ)।

ਨਾਨਕ ਆਖਦਾ ਹੈ—ਪਿਆਰੇ ਪ੍ਰਭੂ ਨੇ ਜਿੰਦ ਨੂੰ ਸਰੀਰ-ਗੁਫ਼ਾ ਵਿੱਚ ਟਿਕਾ ਕੇ ਜੀਵ ਨੂੰ ਬੋਲਣ ਦੀ ਸ਼ਕਤੀ ਭੀ ਦਿੱਤੀ। ੩੮।

ਭਾਵ : —ਮਾਇਆ ਦੇ ਪ੍ਰਭਾਵ ਦੇ ਕਾਰਨ ਗਿਆਨ-ਇੰਦ੍ਰੇ ਮਨੁੱਖ ਨੂੰ ਮਾਇਕ ਪਦਾਰਥਾਂ ਵਲ ਹੀ ਭਜਾਈ ਫਿਰਦੇ ਹਨ। ਇਹ ਰਸਤਾ ਚੰਗਾ ਹੈ ਜਾਂ ਮੰਦਾ—ਇਹ ਵਿਚਾਰ ਕਰਨ ਵਾਲੀ ਸੱਤਿਆ ਦੱਬੀ ਹੀ ਰਹਿੰਦੀ ਹੈ। ਜਿਸ ਮਨੁੱਖ ਨੂੰ ਪਰਮਾਤਮਾ ਗੁਰੂ ਦੇ ਦਰ ਤੇ ਅਪੜਾਂਦਾ ਹੈ, ਉਸ ਦੀ ਵਿਚਾਰ-ਸੱਤਿਆ ਜਾਗ ਪੈਂਦੀ ਹੈ। ਉਹ ਮਨੁੱਖ ਪ੍ਰਭੂ ਦੇ ਨਾਮ ਵਿੱਚ ਜੁੜਦਾ ਹੈ ਤੇ ਆਤਮਕ ਆਨੰਦ ਮਾਣਦਾ ਹੈ। …

ਉਪਰੰਤ ਪਉੜੀ ਨੰਬਰ ੩੩ ਦੇ ਦਰਸ਼ਨ ਕਰ ਲਵੀਏ ਜੋ ਇਸਤਰ੍ਹਾਂ ਹੈ:

“ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧੁ ਵਿਚਿ, ਤਾ ਤੂ ਜਗ ਮਹਿ ਆਇਆ॥ ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ॥ ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ॥ ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ॥ ੩੩॥” {ਪੰਨਾ ੯੨੧}

ਪਦ ਅਰਥ : —ਜੀਉ—ਜੀਵ। ਉਪਾਇ—ਪੈਦਾ ਕਰ ਕੇ। ਜਗਤੁ ਦਿਖਾਇਆ—ਜੀਵ ਨੂੰ ਜਗਤ ਵਿੱਚ ਭੇਜਦਾ ਹੈ। ਚਲਤੁ—ਖੇਡ, ਤਮਾਸ਼ਾ। ਮੂਲੁ ਰਚਿਆ—ਮੁੱਢ ਬੱਧਾ। ਜਿਨਿ—ਜਿਸ (ਪਰਮਾਤਮਾ) ਨੇ।

ਅਰਥ : —ਮੇਰੇ ਸਰੀਰ! (ਤੂੰ ਦੁਨੀਆ ਦੇ ਪਦਾਰਥਾਂ ਵਿਚੋਂ ਅਨੰਦ ਢੂੰਢਦਾ ਹੈਂ, ਪਰ ਆਨੰਦ ਦਾ ਸੋਮਾ ਤਾਂ ਪਰਮਾਤਮਾ ਹੈ ਜੋ ਤੇਰੇ ਅੰਦਰ ਵੱਸਦਾ ਹੈ) ਤੂੰ ਜਗਤ ਵਿੱਚ ਆਇਆ ਹੀ ਤਦੋਂ, ਜਦੋਂ ਹਰੀ ਨੇ ਆਪਣੀ ਜੋਤਿ ਤੇਰੇ ਅੰਦਰ ਰੱਖ ਦਿੱਤੀ। (ਇਹ ਯਕੀਨ ਜਾਣ ਕਿ) ਜਦੋਂ ਪਰਮਾਤਮਾ ਨੇ ਤੇਰੇ ਅੰਦਰ ਆਪਣੀ ਜੋਤਿ ਰੱਖੀ, ਤਦੋਂ ਤੂੰ ਜਗਤ ਵਿੱਚ ਜੰਮਿਆ।

ਜੇਹੜਾ ਪਰਮਾਤਮਾ ਜੀਵ ਪੈਦਾ ਕਰਕੇ ਉਸ ਨੂੰ ਜਗਤ ਵਿੱਚ ਭੇਜਦਾ ਹੈ ਉਹ ਆਪ ਹੀ ਇਸ ਦੀ ਮਾਂ ਹੈ ਆਪ ਹੀ ਇਸ ਦਾ ਪਿਤਾ ਹੈ (ਪ੍ਰਭੂ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦਾ ਸੁਖ ਦੇਂਦਾ ਹੈ, ਸੁਖ ਆਨੰਦ ਦਾ ਦਾਤਾ ਹੈ ਹੀ ਪ੍ਰਭੂ ਆਪ। ਪਰ ਜੀਵ ਜਗਤ ਵਿਚੋਂ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਹੈ)। ਜਦੋਂ ਗੁਰੂ ਦੀ ਮੇਹਰ ਨਾਲ ਜੀਵ ਨੂੰ ਗਿਆਨ ਹੁੰਦਾ ਹੈ ਤਾਂ ਇਸ ਨੂੰ ਸਮਝ ਆਉਂਦੀ ਹੈ ਕਿ ਇਹ ਜਗਤ ਤਾਂ ਇੱਕ ਖੇਡ ਹੀ ਹੈ, ਫਿਰ ਜੀਵ ਨੂੰ ਇਹ ਜਗਤ (ਮਦਾਰੀ ਦਾ) ਇੱਕ ਤਮਾਸ਼ਾ ਹੀ ਦਿੱਸ ਪੈਂਦਾ ਹੈ (ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ ਇਸ ਵਿੱਚ ਨਹੀਂ ਹੋ ਸਕਦਾ)।

ਨਾਨਕ ਆਖਦਾ ਹੈ—ਹੇ ਮੇਰੇ ਸਰੀਰ! ਜਦੋਂ ਪ੍ਰਭੂ ਨੇ ਜਗਤ-ਰਚਨਾ ਦਾ ਮੁੱਢ ਬੱਧਾ, ਤੇਰੇ ਅੰਦਰ ਆਪਣੀ ਜੋਤਿ ਪਾਈ, ਤਦੋਂ ਤੂੰ ਜਗਤ ਵਿੱਚ ਜਨਮਿਆ। ੩੩।

ਭਾਵ : —ਸੁਖ-ਆਨੰਦ ਦਾ ਦਾਤਾ ਹੈ ਹੀ ਪਰਮਾਤਮਾ ਆਪ; ਪਰ ਮਨੁੱਖ ਜਗਤ ਵਿੱਚ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਰਹਿੰਦਾ ਹੈ। ਗੁਰੂ ਦੀ ਮਿਹਰ ਨਾਲ ਇਹ ਸਮਝ ਪੈਂਦੀ ਹੈ ਕਿ ਇਹ ਜਗਤ ਤਾਂ ਮਦਾਰੀ ਦਾ ਤਮਾਸ਼ਾ ਹੀ ਹੈ, ਇਸ ਵਿਚੋਂ ਸਦਾ ਟਿਕੇ ਰਹਿਣ ਵਾਲਾ ਆਤਮਕ ਆਨੰਦ ਨਹੀਂ ਮਿਲ ਸਕਦਾ। ……

VVVVVVVVVVVVVVVVVV

ਇਸਤਰ੍ਹਾਂ ਦੇ ਮਨੁੱਖਾ ਜੀਵਨ ਦੇ ਸੰਸਕਾਰ ਭਾਵ ਕੂੜ ਦੀ ਕੰਧ ਓਦੋਂ ਟੁੱਟਦੀ ਹੈ ਜਦੋਂ ਮਨੁੱਖ ਵਿਚੋ ਹਉਮੈ-ਮੈਂ ਦਾ ਵਿਨਾਸ ਹੋ ਜਾਂਦਾ ਹੈ ਅਤੇ ਉਸਦਾ ਜੀਵਨ ਸਚਿਆਰਾ ਭਾਵ ਬਾਣੀ ਦਾ ਹੀ ਰੂਪ ਹੋ ਜਾਂਦਾ ਹੈ। ਜਦੋਂ ਤੀਕ ਇਹ ‘ਕੂੜ ਦੀ ਪਾਲ’ ਨਹੀਂ ਟੁੱਟਦੀ ਅਤੇ ਜਦੋਂ ਤੀਕ ਇਸਦਾ ਮਨ ਜਿਹੜਾ ਕਿ “ਇਹੁ ਮਨੁ ਕਰਮਾ ਇਹੁ ਮਨੁ ਧਰਮਾ॥ ਇਹੁ ਮਨੁ ਪੰਚ ਤਤੁ ਤੇ ਜਨਮਾ" (ਪੰ: ੪੧੫) ਪੂਰਨ ਤੌਰ ਤੇ ਹੀ ਜੋਤ ਸਰੂਪ ਹੋਕੇ ਇਹ ਪੰਚ ਤੱਤਾਂ ਦੀ ਪੱਕੜ ਤੋਂ ਆਜ਼ਾਦ ਹੋ ਕੇ ਕਰਤੇ ਪ੍ਰਭੁ `ਚ ਅਭੇਦ ਨਹੀ ਹੋ ਜਾਂਦਾ ਇਸਨੂੰ ਅਨੇਕਾਂ ਜੂਨਾਂ ਭੋਗਣੀਆਂ ਹੀ ਪੈਣਗੀਆਂ।

ਇਹ ਜੂਨਾਂ ਉਦੋਂ ਤੀਕ ਭੋਗਣੀਆ ਪੈਣਗੀਆਂ ਜਦੋਂ ਤੀਕ ਕਰਤਾਰ ਦੀ ਭਖਸ਼ਿਸ਼ ਨਾਲ ਇਸਨੂੰ ਫ਼ਿਰ ਤੋਂ ਮਨੁੱਖਾ ਜਨਮ ਹੀ ਪ੍ਰਾਪਤ ਨਾ ਹੋ ਜਾਵੇ। ਉਪਰੰਤ ਉਥੇ ਵੀ ਸ਼ਰਤ ਇਹੀ ਹੈ ਜੋ ਇਸ ਅਜ ਵਾਲੇ ਮਿਲੇ ਹੋਏ ਮਨੁੱਖਾ ਜਨਮ ਸਮੇਂ ਹੈ ਭਾਵ ਜਦੋਂ ਤੀਕ ਉਸ ਜੀਵਨ `ਚ ਸਤਿਗੁਰੂ-ਗੁਰਬਾਣੀ (ਇਲਾਹੀ ਗਿਆਨ ਦਾ ਪ੍ਰਗਾਸ) ਨਾ ਹੋ ਜਾਵੇ ਫ਼ੁਰਮਾਨ ਹੈ “ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ, ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ, ਵਿਣੁ ਸਤਿਗੁਰ ਮੁਕਤਿ ਨ ਪਾਏ” ॥ ੨੨॥ {ਪੰਨਾ ੯੨੦}

ਖੈਰ! ਇਸੇ ਹੀ ਵਿਚਾਰ ਦਾ ਇੱਕ ਹੋਰ ਪੱਖ ਵੀ ਹੈ ਜਿਸਨੂੰ ਅਖੋਂ ਉਹਲੇ ਨਹੀਂ ਕੀਤਾ ਜਾ ਸਕਦਾ ਉਹ ਹੈ ਸਾਇੰਸ ਦਾ “Law of Evolution” ਜਿਸ ਨੂੰ ਆਧਾਰ ਬਣਾਕੇ ਅਮ੍ਰੀਕਾ-ਕੈਨੇਡਾ ਆਦਿ ਨੇ ਇੱਕ ‘Three D’ ਪਿੱਕਚਰ ਵੀ ਬਣਾਈ ਅਤੇ ਦਾਸ ਨੇ ਉਹ ਦੇਖੀ ਵੀ ਹੈ। ਉਸ ਪਿੱਕਚਰ ਨੂੰ ਵੀ ਸਾਡੇ ਹੀ ਕੁੱਝ ਵਿਦਵਾਨ ਕਾਦਿਰ ਦੀ ਖੇਡ ਨੂੰ ‘ਗੁਰਬਣੀ ਦੇ ਸੇਧ `ਚ ਕਹਿਕੇ ਪ੍ਰਚਾਰਦੇ ਹਨ। ਉਸ ਅਨੁਸਾਰ ਪਹਿਲ਼ਾਂ ਸੂਰਜ ਦੇ ਕਈ ਟੁੱਕੜੇ ਹੋਏ। ਉਸੇ ਸੂਰਜ ਦੇ ਟੁਕੜਿਆਂ ਵਿਚੋਂ ਹੀ ਇੱਕ ਟੁੱਕੜਾ ਠੰਡਾ ਹੋਕੇ ਸਾਡੀ ਧਰਤੀ ਬਣੀ। ਫ਼ਿਰ ਇਸ ਧਰਤੀ ਵਿਚੋਂ ਪੌਦਿਆਂ-ਬਨਸਪਤੀ ਨੇ ਜਨਮ ਲਿਆ। ਉਸੇ ਬਨਸਪਤੀ ਦੀ ਅਗਲੀ ਜੂਨ ਹਨ ਪਸ਼ੂ-ਪੰਛੀ ਆਦਿ। ਉਪਰੰਤ ਇਨ੍ਹਾਂ ਪਸ਼ੂ ਪੰਛੀਆਂ ਦੀ ਹੀ ਅਗਲੀ ਜੂਨ ਹਨ ਬੰਦਰ ਅਤੇ ਬੰਦਰ ਤੋਂ ਇਨਸਾਨ ਦੀ ਜੂਨ।

ਹੋਰ ਤਾਂ ਹੋਰ, ਇਸਤਰ੍ਹਾਂ ਸਾਡੇ ਕਈ ਬਲਕਿ ਗੁੱਡੀ ਚੱੜ੍ਹੇ ਵਿਦਵਾਨਾਂ ਤੀਕ, ਸਾਇੰਸਦਾਨਾਂ ਦੇ ਇਸ “Law of Evolution” ਨੂੰ ਗੁਰਬਾਣੀ ਦੇ ਹੀ ਇੱਕ ਸ਼ਬਦ “ਅਰਬਦ ਨਰਬਦ ਧੁੰਧੂਕਾਰਾ॥ ਧਰਣਿ ਨ ਗਗਨਾ ਹੁਕਮੁ ਅਪਾਰਾ॥ ਨ ਦਿਨੁ ਰੈਨਿ ਨ ਚੰਦੁ ਨ ਸੂਰਜੁ ਸੁੰਨ ਸਮਾਧਿ ਲਗਾਇਦਾ. . " (ਪੰ: ੧੦੩੫) ਨੂੰ ਆਧਾਰ ਬਣਾ ਕੇ ਪ੍ਰਚਾਰ ਕਰਦੇ ਹਨ ਜੋਕਿ ਅਪਣੇ ਆਪ `ਚ ਅਰਥਾਂ ਦੇ ਅਨਰਥ ਕਰਨ ਤੁੱਲ ਹੈ। ਜਦਕਿ ਗੁਰਬਾਣੀ ਦਾ ਫ਼ੈਸਲਾ ਹੈ ਨਾਨਕ ਏਵ ਜਾਪਈ ਕਿਥੈ ਜਾਇ ਸਮਾਹਿ” (ਪੰ: ੬੪੨) ਅਤੇ ਇਸੇਤਰ੍ਹਾਂ ਹੋਰ ਕਈ ਗੁਰਬਾਣੀ ਪ੍ਰਮਾਣ।

ਇਕ ਹੋਰ ਗਲ, ਜਿਵੇਂ ਗੁਰਬਾਣੀ ਨੇ ਅਕਾਲ ਪੁਰਖ ਦੀ ਕਿਸੇ ਵੀ ਰਚਨਾ ਉਪਰ ਗਿਣਤੀ-ਮਿਣਤੀ ਜਾਂ ਅੰਤ ਦੀਆਂ ਲਕੀਰਾਂ ਪਾਉਣ ਵਾਲੇ ਮਨੁੱਖ ਨੂੰ ਧਰਮੀ ਜਾਂ ਅਖੋਤੀ ਧਰਮ ਦੇ ਆਗੂ ਨਹੀਂ ਬਲਕਿ ਮੂਰਖਾਂ ਤੋਂ ਵੀ ਵੱਡੇ ਮੂਰਖ ਬਿਆਨਿਆ ਹੈ ਇਸੇਤਰ੍ਹਾਂ ਸਾਨੂੰ ਇਹ ਵੀ ਚੇਤਾ ਰਖਣਾ ਪਵੇਗਾ ਕਿ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼ ਅਨੁਸਾਰ ਬ੍ਰਾਹਮਣ ਵਰਗ ਨੇ ਜੋ ਇਹ ਗਿਣਤੀਆਂ ਦੇ ਰਖੀਆਂ ਹਨ ਕਿ

“ਨੌ ਲੱਖ ਜਲ ਵਾਸੀ, ਦਸ ਲਖ ਹਵਾ ਵਿੱਚ ਉਡਣ ਵਾਲੇ, ਵੀਹ ਲਖ ਉਡਣ ਵਾਲੇ, ਵੀਹ ਲਖ ਇਸਥਿਤ ਰਹਿਣ ਵਾਲੇ ਬ੍ਰਿਛ ਆਦਿ, ਗਿਆਰਾਂ ਲਖ ਪੇਟ ਦੇ ਬਲ ਤੁਰਨ ਵਾਲੇ, ਤੀਹ ਲਖ ਚੋਪਾਏ, ਚਾਰ ਲਖ ਮਨੁੱਖ ਜਾਤੀ ਆਦਿ ਮੰਨਦੇ ਹਨ।

ਇਸੇਤਰ੍ਹਾਂ ਜੈਨ ਮਤ ਵਾਲਿਆਂ ਨੇ ਸੱਤ ਲਖ ਪ੍ਰਿਥਵੀ, ਸੱਤ ਲਖ ਜਲ, ਸੱਤ ਲੱਖ ਹਵਾ, ਸੱਤ ਲਖ ਅਗਨ, ਸੱਤ ਲੱਖ ਕੰਦ ਮੂਲ, ਚੌਦਾਂ ਲਖ ਝਾੜੀ ਬ੍ਰਿਛ, ਦੋ ਲਖ ਇੱਕ ਇੰਦਰਿਆਂ ਵਾਲੇ, ਦੋ ਲਖ ਤਿੰਨ ਇੰਦਰਿਆਂ ਵਾਲੇ, ਚਾਰ ਲੱਖ ਦੇਵਤੇ, ਪੰਜ ਲੱਖ ਨਰਕ ਦੇ ਜੀਵ, ਚੌਦਾਂ ਲੱਖ ਮਨੁੱਖ ਜਾਤੀ ਤੇ ਚਾਰ ਲੱਖ ਚਉਪਾਏ ਆਦਿ ਦੀ ਆਪਣੇ ਢੰਗ ਦੀ ਗਿਣਤੀ ਕੀਤੀ ਹੈ।

ਇਸ ਸਾਰੇ ਦੇ ਉਲਟ ਗੁਰਮਤਿ ਨੇ ਇਸ ਸਾਰੇ ਨੂੰ ਵੀ ਪ੍ਰਵਾਨ ਨਹੀਂ ਕੀਤਾ ਬਲਕਿ ਨਰਕ-ਸੁਰਗ ਅਤੇ ਦੇਵਤਿਆਂ ਆਦਿ ਦੀ ਤਾਂ ਹੋਂਦ ਨੂੰ ਹੀ ਨਹੀਂ ਮੰਨਿਆ। ਫ਼ਿਰ ਵੀ ਇਹ ਸਾਰਾ ਵਿਸ਼ਾ ਇੱਕ ਵੱਖਰਾ ਹੈ ਜਿਸਦਾ ਇਸ ਈਮੇਲ ਦੇ ਉਤਰ ਨਾਲ ਬਹੁਤਾ ਸੰਬੰਧ ਨਹੀਂ। ਬਾਕੀ ਆਪ ਜੀ ਸਿਆਣੇ ਹੋ ਇਸ ਬਾਰੇ ਗੁਰਬਾਣੀ ਨੂੰ ਹੀ ਹੋਰ ਵੀ ਘੋਖਿਆ ਜਾ ਸਕਦਾ ਹੈ।

ਗੁਰੂ ਪੰਥ ਦਾ ਦਾਸ-ਸੁਰਜੀਤ ਸਿੰਘ ਸਿੱਖ ਮਿਸ਼ਨਰੀ ਦਿੱਲੀ

Including this Self Learning Gurmat Lesson No 108

“ਮਰਤਾ ਮਰਤਾ ਜਗੁ ਮੂਆ” … “ਸਤਿਗੁਰੁ ਮੇਰਾ ਮਾਰਿ ਜੀਵਾਲੈ”

ਸਰੀਰਕ ਮੌਤ ਅਤੇ ਆਤਮਕ ਮੌਤ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.com
.