.

‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੀ ਛਪਾਈ ਤੇ ਸਤਿਕਾਰ ਸਬੰਧੀ ਸ਼੍ਰੋਮਣੀ ਕਮੇਟੀ ਆਪਣੇ ਇਤਿਹਾਸ ਅਤੇ ‘ਸਿੱਖ ਰਹਿਤ ਮਰਯਾਦਾ’ ਤੋਂ ਸੇਧ ਲਵੇ!

ਗੁਰਬਾਣੀ, ਗੁਰਇਤਿਹਾਸ, ਸਿੱਖ ਰਹਿਤ ਮਰਯਾਦਾ ਅਤੇ ਸ਼੍ਰੋਮਣੀ ਕਮੇਟੀ ਦੇ ਪਿਛਲੇ ੮੦ ਕੁ ਸਾਲ ਦੇ ਇਤਿਹਾਸ ਦੀ ਰੌਸ਼ਨੀ ਵਿੱਚ ਦੇਖਿਆਂ ਪਿਛਲੇ ਦਿਨੀਂ ਪਾਵਨ ਬੀੜਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਵੇਲੇ ਸ੍ਰੀ ਅੰਮ੍ਰਿਤਸਰ ਤੇ ਦਿੱਲੀ ਦੀ ਘਟਨਾਵਾਂ, ਰਸਤੇ ਦੀ ਲੰਬਾਈ ਦੀਆਂ ਮਜ਼ਬੂਰੀਆਂ, ਸ਼ਰਧਾਹੀਣ ਵਪਾਰਕ ਬ੍ਰਿਤੀ ਅਤੇ ਬੇਧਿਆਨੀ ਵਿਚੋਂ ਉਪਜਣ ਵਾਲੀਆਂ ਅਜਿਹੀਆਂ ਸੁਭਾਵਿਕ ਕੁਤਾਹੀਆਂ ਹਨ, ਜਿਨ੍ਹਾਂ ਬਾਰੇ ਬਿਆਨਬਜ਼ੀ ਦੇ ਰੌਲੇ-ਰੱਪੇ ਦਾ ਕੋਈ ਵੀ ਇਤਿਹਾਸਕ, ਸਿਧਾਂਤਕ ਤੇ ਮਰਯਾਦਿਕ ਅਧਾਰ ਨਹੀ ਦਿਸਦਾ। ਖਹਿਬਾਜ਼ੀ ਵਾਲਾ ਅਜਿਹਾ ਕੋਝਾ ਵਿਹਾਰ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਕਈ ਪ੍ਰਕਾਰ ਦੀਆਂ ਰੁਕਾਵਟਾਂ ਖੜੀਆਂ ਕਰਦਾ ਤਾਂ ਦਿਸਦਾ ਹੀ ਹੈ। ਪਰ, ਹੋਰ ਨੁਕਸਾਨ ਇਹ ਹੁੰਦਾ ਜਾਪਦਾ ਹੈ ਕਿ ਐਸਾ ਅਸਭਿਅਕ ਤੇ ਕਰੂੜ ਵਰਤਾਰਾ ਸਿੱਖਾਂ ਦੇ ਸੁੰਦਰ ਗੁਰਮੁਖੀ ਅਕਸ ਨੂੰ ਵਿਗਾੜ ਕੇ ਬਿਪਰਵਾਦ ਦੀ ਕਰਮਕਾਂਡੀ ਤੇ ਇਸਲਾਮਿਕ ਸ਼ਰਾ ਦੀ ਕਟੜਤਾ ਭਰਪੂਰ ਕਰੂਪਤਾ ਵਲ ਧਕੇਲੀ ਜਾ ਰਿਹਾ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮਿਤਸਰ ਦੇ ਸਿਖ ਇਤਿਹਾਸ ਰੀਸਰਚ ਬੋਰਡ ਵਲੋਂ ਪ੍ਰਾਕਸ਼ਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਜਾਹ ਸਾਲਾ ਇਤਿਹਾਸ’ (ਸੰਨ ੧੯੨੬ ਤੋਂ ੧੯੭੬ ਤਕ, ਲੇਖਕ: ਸ਼ਮਸੇਰ ਸਿੰਘ ਅਸ਼ੋਕ) ਨੂੰ ਵਾਚਿਆਂ ਪਤਾ ਚਲਦਾ ਹੈ ਕਿ, ਸੰਨ ੧੯੩੧ ਭਾਈ ਜਵਾਹਰ ਸਿੰਘ ਪੁਸਤਕਾਂ ਵਾਲੇ (ਬਜ਼ਾਰ ਮਾਈ ਸੇਵਾਂ, ਅੰਮ੍ਰਿਤਸਰ ਨੇ) ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਕ ਅਜਿਹੀ ਬੀੜ ਛਾਪ ਦਿੱਤੀ, ਜਿਸ ਵਿੱਚ ਗੁਰੂ ਸਾਹਿਬਾਨ ਅਤੇ ਭਗਤਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਸਨ।

ਭਾਵੇਂ ਇਹ ਵਪਾਰਕ ਕਾਰਵਾਈ ਕੌਮ ਨੂੰ ਬਿਪਰਵਾਦ ਵਲ ਧਕੇਲਦੀ ਹੋਈ ਇੱਕ ਬਹੁਤ ਵੱਡੀ ਸਿਧਾਂਤਕ ਭੁੱਲ ਸੀ, ਜਿਸ ਦੇ ਸਾਹਮਣੇ ਹੁਣ ਦਿੱਲੀ ਤੇ ਅੰਮ੍ਰਿਤਸਰ ਵਿਖੇ ਬੀੜਾਂ ਦੇ ਅਦਾਨ-ਪ੍ਰਦਾਨ ਸਮੇਂ ਵਰਤੀਆਂ ਸੁਭਾਵਿਕ ਕੁਤਾਹੀਆਂ ਤਾਂ ਕੁੱਝ ਵੀ ਨਹੀ ਹਨ। ਕਿਉਂਕਿ, ਅਜਿਹੀਆਂ ਭੁੱਲਾਂ ਸਿੱਖੀ ਦਾ ਸਿਧਾਤਕ ਨੁਕਾਸਨ ਨਹੀ ਕਰਦੀਆਂ। ਪਰ, ਇੱਕ ਦੁਕਾਨਦਾਰ ਵਲੋਂ ਇਤਨੀ ਵੱਡੀ ਸਿਧਾਂਤਕ ਭੁੱਲ ਕਰਨ ਦੇ ਬਾਵਜੂਦ ਵੀ ਉਸ ਵੇਲੇ ਦੇ ਸੂਝਵਾਨ ਆਗੂਆਂ ਵਲੋਂ, ਇਸ ਘਟਨਾਂ ਨੂੰ ਆਪਣੇ ਰਾਜਨੀਤਕ ਸੁਆਰਥਾਂ ਲਈ ਵਰਤਦਿਆਂ ਨਿਜੀ ਰੰਜਸ਼ਾਂ ਦੀ ਕਿੜ ਕਢਣ ਲਈ ਕੋਈ ਝਗੜਾ ਖੜ੍ਹਾ ਕਰਕੇ ਪ੍ਰਕਾਸ਼ਨ ਫਰਮ ਦਾ ਨੁਕਸਾਨ ਕਰਨ ਵਰਗਾ ਕੋਝਾ ਵਿਹਾਰ ਜਾਂ ਪੰਥਕ ਫੁੱਟ ਦਾ ਸ਼ਿਕਾਰ ਹੋਣ ਵਾਲੀ ਕੋਈ ਧੜੇਬੰਧਕ ਗਲਤੀ ਕਰਨ ਦੀ ਥਾਂ, ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ (੧-੩-੧੯੩੨) ਬੁਲਾਇਆ ਅਤੇ ਦੀਰਘ ਵਿਚਾਰ ਕਰਨ ਉਪਰੰਤ ਇਹ ਮਾਮਲਾ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਥਾਨ ਪਰ ਪੰਜਾਂ ਪਿਆਰਿਆਂ ਦੇ ਸਪੁਰਦ ਕਰ ਦਿੱਤਾ। (ਦੇਖੋ ਪੰਨਾ: ੯੧)

ਬਜ਼ੁਰਗ ਦਸਦੇ ਹਨ ਕਿ ਭਾਈ ਜਵਾਹਰ ਸਿੰਘ ਹੁਰਾਂ ਨੇ ਅਤਿ ਨਿਮਰਤਾ ਸਹਿਤ ਆਪਣੀ ਭੁੱਲ ਨੂੰ ਸਵੀਕਾਰ ਲਿਆ ਅਤੇ ਖ਼ਿਮਾ ਜਾਚਨਾ ਕਰਨ ਉਪਰੰਤ ਭਾਵੇਂ ਉਹ ਗਲਤੀ ਨੂੰ ਸੁਧਾਰ ਕੇ ਪਹਿਲਾਂ ਵਾਂਗ ਹੀ ਪਾਵਨ ਬੀੜਾਂ ਛਾਪਣ ਤੇ ਵੇਚਣ ਦਾ ਕਾਰਜ ਕਰਦੇ ਰਹੇ। ਪਰ, ਇਹ ਘਟਨਾ ਪੰਥ ਦਰਦੀਆਂ ਅੰਦਰ ਅਜਿਹੀ ਚਰਚਾ ਜ਼ਰੂਰ ਛੇੜ ਗਈ ਕਿ ਪਾਵਨ ਬੀੜਾਂ ਅਤੇ ਗੁਰਬਾਣੀ ਦੀਆਂ ਹੋਰ ਪੋਥੀਆਂ ਤੇ ਗੁਟਕਿਆਂ ਦੀ ਛਪਾਈ ਪੰਥਕ ਕੰਟਰੋਲ ਹੇਠ ਹੋਣੀ ਚਾਹੀਦੀ ਹੈ, ਤਾਂ ਜੋ ਗੁਰਬਾਣੀ ਦੀ ਸ਼ੁਧਤਾ ਤੇ ਸਤਿਕਾਰ ਕਾਇਮ ਰਖਿਆ ਜਾ ਸਕੇ। ਹੋਰ ਵੀ ਚੰਗਾ ਹੋਵੇ ਜੇ ਇਹ ਕਾਰਜ ਪ੍ਰਾਈਵੇਟ ਵਪਾਰਕ ਅਦਾਰਿਆਂ ਦੀ ਥਾਂ ਸ਼੍ਰੋਮਣੀ ਕਮੇਟੀ ਆਪਣੇ ਹੱਥ ਵਿੱਚ ਲਵੇ। ਕਿਉਂਕਿ, ਵਪਾਰਕ ਦ੍ਰਿਸ਼ਟੀਕੋਨ ਰਖਣ ਵਾਲੇ ਲੋਕ ਸ਼ੁਧਤਾ ਤੇ ਸਤਿਕਾਰ ਦਾ ਧਿਆਨ ਨਹੀ ਰਖਦੇ। ਇਹੀ ਕਾਰਨ ਸੀ ਕਿ ਅਕਤੂਬਰ ੧੯੩੩ ਦੇ ਜਨਰਲ ਸਮਾਗਮ ਵਿੱਚ ਸ੍ਰ: ਕਰਤਾਰ ਸਿਘ ਚੀਚਾ ਜੀ ਨੇ ਇਸ ਭਾਵ ਦਾ ਮਤਾ ਪੇਸ਼ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਵਾਈ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਆਪਣੇ ਹੱਥਾਂ ਵਿੱਚ ਲਵੇ।

ਸੰਨ ੧੯੪੫ ਦੇ ਜਨਰਲ ਇਜਲਾਸ ਵਿੱਚ ਜਥੇਦਾਰ ਮੋਹਨ ਸਿੰਘ ਜੀ ਹੁਰਾਂ ਗੁਰਬਾਣੀ ਦੀ ਛਪਾਈ ਬਾਰੇ ਉਪਰੋਕਤ ਕਿਸਮ ਦੀ ਗੱਲਾਂ ਕਰਦਿਆਂ ਇਹ ਵੀ ਫੁਰਮਾਇਆ ਕਿ “ਮੁਸਲਮਾਨਾਂ ਨੇ ਕੁਰਾਨ ਸ਼ਰੀਫ ਬਾਰੇ ਪੰਜਾਬ ਅਸੈਂਬਲੀ ਵਿੱਚ ਬਿਲ ਪੇਸ਼ ਕੀਤਾ ਹੈ ਕਿ ਕੁਰਾਨ ਸ਼ਰੀਫ ਨੂੰ ਕੋਈ ਗੈਰ-ਮੁਸਲਮਾਨ ਨਾ ਛਾਪ ਸਕੇ ਅਤੇ ਨਾ ਵੇਚ ਸਕੇ। ਮੁਸਲਮਾਨ ਤਜਾਰਤ ਵਿੱਚ ਦੂਜਿਆਂ ਦਾ ਮੁਕਾਬਲਾ ਨਹੀ ਕਰ ਸਕੇ ਤੇ ਇਸ ਮੁਕਾਬਲੇ ਨੂੰ ਖਤਮ ਕਰਨ ਲਈ ਮਕੱਦਸ ਹੋਣ ਦੇ ਜਜ਼ਬੇ ਤੋਂ ਕੰਮ ਲਿਆ ਗਿਆ ਹੈ। ਸਿੱਖਾਂ ਵਿੱਚ ਇਸ ਕਿਸਮ ਦਾ ਤਾਂ ਕੋਈ ਖ਼ਿਆਲ ਨਹੀ, ਪਰ ਮੈਂ ਸਮਝਦਾ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸ਼ੁਧ ਛਪਾਈ ਤੇ ਅਦਬ ਦਾ ਪੂਰਾ ਪੂਰਾ ਖ਼ਿਆਲ ਨਹੀ ਕੀਤਾ ਜਾਂਦਾ। ਅਸੀਂ ਚਹੁੰਦੇ ਹਾਂ ਕਿ ਇਹ ਕੰਮ ਸ਼ਰੋ: ਗੁ: ਪ੍ਰ: ਕਮੇਟੀ ਦੇ ਹਵਾਲੇ ਕੀਤਾ ਜਾਵੇ। ਇਸ ਲਈ ਨਹੀ ਕਿ ਅਸੀਂ ਇਸ ਵਿਚੋਂ ਕੋਈ ਮੁਨਾਫਾ ਲੈਣਾ ਚਹੁੰਦੇ ਹਾਂ, ਸਗੋਂ ਇਸ ਲਈ ਕਿ ਅੱਗੇ ਮੁਨਾਫਾ ਵਾਜਬ ਨਹੀ ਲਿਆ ਜਾ ਰਿਹਾ। ਸ਼੍ਰੋਮਣੀ ਗੁ: ਪ੍ਰ: ਕਮੇਟੀ ਆਪਣੇ ਪ੍ਰਬੰਧ ਵਿੱਚ ਛਪਾਈ ਆਦਿ ਨਿਹਾਇਤ ਇਹਤਿਆਤ ਨਾਲ ਕਰਵਾ ਕੇ ਲਾਗਤ ਦੇ ਭਾਅ ਸੰਗਤਾਂ ਨੂੰ ਦੇਵੇਗੀ”।

ਆਖ਼ਿਰ ਲਗਭਗ ੩੦ ਸਾਲ ਦੀ ਵਿਚਾਰ ਚਰਚਾ ਤੇ ਵਿਦਵਾਨਾਂ ਦੀਆਂ ਕਈ ਵਿਸ਼ੇਸ਼ ਬੈਠਕਾਂ ਪਿਛੋਂ ਗੁਰਬਾਣੀ ਪ੍ਰਚਾਰ, ਪ੍ਰਸਾਰ, ਸਤਿਕਾਰ, ਵਪਾਰ ਤੇ ਸ਼ਰਧਾਲੂਆਂ ਦੀ ਮੰਗ ਪੂਰਤੀ ਆਦਿਕ ਦੇ ਸਾਰੇ ਪੱਖਾਂ ਨੂੰ ਧਿਆਨ ਵਿੱਚ ਰੱਖ ਕੇ ਨਵੰਬਰ ੧੯੫੯ ਦੇ ਜਨਰਲ ਸਮਾਗਮ ਵਿੱਚ ਹੇਠ ਫੈਸਲਾ ਹੋਇਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਸਬੰਧੀ ਚਲ ਰਹੀ ਚਰਚਾ ਤੁਰੰਤ ਬੰਦ ਹੋਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਾਈ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਰਾਜ ਵਲੋਂ ਸੰਪੂਰਨ ਕੀਤੀ ਹੋਈ ਗੁਰਤਾ ਪ੍ਰਾਪਤ ਦਮਦਮੀ ਸਰੂਪ ਬੀੜ ਨੂੰ ਹੀ ਛਪਾਈ ਦਾ ਅਧਾਰ ਮੰਨਿਆ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਛਾਪਣ ਵਾਲਿਆਂ ਹੋਰ ਸਜਨਾਂ ਦੀ ਸੇਵਾ ਵਿੱਚ ਬੇਨਤੀ ਹੈ ਕਿ ਉਹ ਵੀ ਛਪਾਈ ਲਈ ਇਸ ਫੈਸਲੇ ਦੀ ਵਰਤੋਂ ਕਰਨ।

ਕਿਉਂਕਿ, ਆਗੂ ਸੁਚੇਤ ਸਨ। ਉਹ ਸਮਝਦੇ ਸਨ ਇੱਕ ਤਾਂ ਸ਼੍ਰੋਮਣੀ ਕਮੇਟੀ ਅਜੇ ਇਕੱਲਿਆਂ ਸ਼ਰਧਾਲੂਆਂ ਦੀ ਮੰਗ ਪੂਰੀ ਕਰਨ ਤੋਂ ਅਸਮਰਥ ਹੈ। ਕਿਉਂਕਿ, ਦਿੱਲੀ ਕਮੇਟੀ ਨੇ ਤਾਂ ਸੰਨ ੧੯੯੧ ਵਿੱਚ ਗੁਰਮਤਿ ਸਾਹਿਤ ਤੇ ਬੀੜਾਂ ਦੀ ਛਪਾਈ ਲਈ ਪ੍ਰੈਸ ਲਗਾਣ ਦਾ ਤਦੋਂ ਫੈਸਲਾ ਲਿਆ। ਜਦੋਂ, ‘ਗੁਰਬਾਣੀ ਪਾਠ-ਬੋਧ’ ਸਮਾਗਮ ਕਰਵਾਉਣ ਵੇਲੇ ਸ਼੍ਰੋਮਣੀ ਕਮੇਟੀ ਵਿਦਿਆਰਥੀਆਂ ਵਾਸਤੇ ਲੁੜੀਂਦੀਆਂ ਸੰਥਿਆ ਪੋਥੀਆਂ ਵੀ ਸਪਲਾਈ ਵੀ ਨਾ ਕਰ ਸਕੀ। ਦੂਜਾ ਇਹ ਪੱਖ ਵੀ ਉਨ੍ਹਾਂ ਦੇ ਧਿਆਨ ਵਿੱਚ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਪਵਾਈ ਦਾ ਅਹਿਮ ਕੌਮੀ ਮਸਲਾ ਕਨੂੰਨ ਬਨਾਉਣ ਦੀ ਆੜ ਵਿੱਚ ਸਰਕਾਰ ਦੀ ਝੋਲੀ ਪਾਉਣਾ ਭਵਿਖ ਲਈ ਹਾਨੀਕਾਰਕ ਹੈ। ਕਿਉਂਕਿ, ਜੇ ਉਹ ਦੁਕਾਨਦਾਰਾਂ ਨੂੰ ਛਪਾਈ ਕਰਨ ਤੋਂ ਰੋਕਣ ਦੀ ਸਮਰਥਾ ਰਖਦੀ ਹੈ, ਤਾਂ ਕਿਸੇ ਦਿਨ ਕੋਈ ਬਹਾਨਾ ਬਣਾ ਕੇ ਸ਼੍ਰੋਮਣੀ ਕਮੇਟੀ ਨੂੰ ਵੀ ਰੋਕ ਸਕਦੀ ਹੈ ਜਾਂ ਸਿੱਖੀ ਲਿਬਾਸ ਵਿੱਚ ਵਿਚਰਨ ਵਾਲੇ ਸੰਘੀ ਏਜੰਟਾਂ ਅਤੇ ਅਜਿਹੇ ਕੌਮੀ ਗਦਾਰਾਂ ਰਾਹੀਂ ਫੋਟੋ ਆਦਿ ਲਗਵਾ ਕੇ ਬੀੜ ਦੇ ਸ਼ੁਧ ਗੁਰਮੁਖੀ ਸਰੂਪ ਨੂੰ ਵਿਗਾੜ ਸਕਦੀ ਹੈ।

ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵਲੋਂ ਪ੍ਰਕਾਸ਼ਤ ‘ਸਿੱਖ ਰਹਿਤ ਮਰਯਾਦਾ’ ਨੂੰ ਵਿਚਾਰੀਏ ਤਾਂ ਸੇਧ ਮਿਲਦੀ ਹੈ ਕਿ ਉਸ ਵੇਲੇ ਮਹਾਨ ਸਿੱਖ ਵਿਦਵਾਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰਤ ਚਿੰਨਾਂ ‘ਤਖ਼ਤ’ (ਚੌਂਕੀ ਜਾਂ ਮੰਜੀ), ਚਵਰ ਤੇ ਚੰਦੋਆ ਆਦਿਕ ਦੀ ਵਰਤੋਂ ਨੂੰ ਕੇਵਲ ਸਤਿਗੁਰੂ ਜੀ ਦੇ ਪ੍ਰਕਾਸ਼ ਅਸਥਾਨ ਨਾਲ ਹੀ ਸਬੰਧਤ ਕੀਤਾ ਹੈ ਅਤੇ ਉਹ ਸਤਿਗੁਰੂ ਜੀ ਦੇ ਸੁਖ-ਆਸਨ ਸਥਾਨ ਅਤੇ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਵੇਲੇ ਉਪਰੋਕਤ ਕਿਸਮ ਦੇ ਸਤਕਾਰਿਤ ਚਿੰਨਾਂ ਪ੍ਰਤੀ ਚੁੱਪ ਹੀ ਰਹੇ ਹਨ। ਇੱਕ ਥਾਂ ਤੋਂ ਦੂਜੀ ਥਾਂ ਲਜਾਣ ਵੇਲੇ ਕੇਵਲ ਅਰਦਾਸ ਕਰਨ ਦਾ ਹੀ ਵਿਧਾਨ ਕਾਇਮ ਕੀਤਾ ਹੈ। ਕਿਉਂਕਿ, ਉਹ ਦੀਰਘ ਦ੍ਰਿਸ਼ਟੀ ਦੇ ਮਾਲਕ ਹੋਣ ਨਾਤੇ ਸੁਚੇਤ ਸਨ ਕਿ ‘ਘਰਿ ਘਰਿ ਅੰਦਰ ਧਰਮਸਾਲ’ ਦੇ ਗੁਰੂ ਆਸ਼ੇ ਦੀ ਪੂਰਤੀ ਲਈ ਪਾਵਨ ਬੀੜਾ ਨੂੰ ਵਿਸ਼ਵ-ਭਰ ਵਿੱਚ ਪਹੁੰਚਾਣ ਹਿੱਤ ਬਣਾਏ ਗਏ ਕੋਈ ਵਿਸ਼ੇਸ਼ ਨਿਯਮ ਭਵਿਖ ਵਿੱਚ ਰੁਕਾਵਟਾਂ ਖੜੀਆਂ ਕਰ ਸਕਦੇ ਹਨ। ਪਿੰਡਾਂ ਵਿੱਚ ਹੁਣ ਤੱਕ ਬਿਅੰਤ ਗੁਰਦੁਆਰੇ ਹਨ, ਜਿਥੇ ਪਲੰਘਾਂ, ਪੱਖਿਆਂ ਕੂਲਰਾਂ ਤੇ ਹੀਟਰਾਂ ਵਾਲੇ ਵਖਰੇ ਸੁਖ-ਆਸਨ ਸਥਾਨ ਨਹੀ ਬਣੇ। ਪ੍ਰਕਾਸ਼ ਅਸਥਾਨ ਦੇ ਪੀੜ੍ਹੇ ਉਪਰ ਹੀ ਸ਼ਾਮ ਨੂੰ ਸੁਖ-ਆਸਨ ਕਰ ਦਿੱਤਾ ਜਾਂਦਾ ਹੈ ਜਾਂ ਕਿਸੇ ਅਲਮਾਰੀ ਵਿੱਚ ਗੱਦਾ ਤੇ ਰੁਮਾਲ ਆਦਿਕ ਵਿਛਾ ਕੇ ਤਾਲਾ ਲਗਾਦਿਆਂ ਬੀੜ ਨੂੰ ਸੁਰਖਿਅਤ ਕਰ ਦਿੱਤਾ ਜਾਂਦਾ ਹੈ। ਘਰਾਂ ਵਿੱਚ ਸਹਜ ਪਾਠ (ਸਧਾਰਨਪਾਠ) ਕਰਨ ਵੇਲੇ ਵੀ ਗ੍ਰੰਥੀ ਸਿੰਘਾਂ ਵਲੋਂ ਲਗਭਗ ਇਹੀ ਬਿਧੀ ਅਪਨਾਈ ਆ ਰਹੇ ਹਨ।

ਮਰਯਾਦਾ ਦੇ ਇਸ ਕਿਤਾਬਚੇ ਵਿੱਚ ‘ਗੁਰਦੁਆਰੇ’ ਦੇ ਸਿਰਲੇਖ ਹੇਠ ਦੀ ਮੱਦ (ੲ) (ਅ) ਅਤੇ (ਖ) ਵਿੱਚ ਉਪਰੋਕਤ ਪੱਖਾਂ ਪ੍ਰਤੀ ਆਦੇਸ਼ ਦੀ ਵਾਰਤਾ ਇੰਜ ਹੈ:

(ੲ) ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਨਮਾਨ ਨਾਲ ਪ੍ਰਕਾਸ਼ਿਆ, ਪੜ੍ਹਿਆ ਤੇ ਸੰਤੋਖਿਆ ਜਾਵੇ। ਪ੍ਰਕਾਸ਼ ਲਈ ਜ਼ਰੂਰੀ ਹੈ ਕਿ ਸਥਾਨ ਸਾਫ-ਸੁਥਰਾ ਹੋਵੇ। ਉਪਰ ਚਾਂਦਨੀ ਹੋਵੇ। ਪ੍ਰਕਾਸ਼ ਮੰਜੀ ਸਾਹਿਬ `ਤੇ ਸਾਫ ਸੁਥਰੇ ਬਸਤਰ ਵਿਛਾ ਕੇ ਕੀਤਾ ਜਾਵੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੰਭਾਲ ਕੇ ਪ੍ਰਕਾਸ਼ਨ ਲਈ ਗਦੇਲੇ ਆਦਿ ਸਮਿਆਨ ਵਰਤੇ ਜਾਣ ਅਤੇ ਉਪਰ ਲਈ ਰੁਮਾਲ ਹੋਵੇ। ਜਦ ਪਾਠ ਨਾ ਹੁੰਦਾ ਹੋਵੇ, ਤਾਂ ਉੱਤੇ ਰੁਮਾਲ ਪਿਆ ਰਹੇ। ਪ੍ਰਕਾਸ਼ ਵੇਲੇ ਚੌਰ ਭੀ ਚਾਹੀਏ।

(ਅ) ਜਦ ਤਕ ਗ੍ਰੰਥੀ ਜਾਂ ਸੇਵਾਦਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਲਈ ਹਾਜ਼ਰ ਰਹਿ ਸਕੇ ਜਾਂ ਪਾਠੀਆਂ, ਦਰਸ਼ਨ ਕਰਨ ਵਾਲਿਆਂ ਦੀ ਆਵਾਜਾਈ ਰਹੇ ਜਾਂ ਬੇਅਦਬੀ ਦਾ ਖਤਰਾ ਨਾ ਹੋਵੇ, ਤਦ ਤਕ ਪ੍ਰਕਾਸ਼ ਰਹੇ। ਉਪਰੰਤ ਸੁਖ-ਆਸਨ ਕਰ ਦੇਣਾ ਉਚਿਤ ਹੈ, ਤਾਂ ਜੋ ਬੇਅਦਬੀ ਨਾ ਹੋਵੇ।

(ਖ) ਇੱਕ ਤੋਂ ਦੂਜੀ ਥਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਲੈ ਜਾਣ ਵੇਲੇ ਅਰਦਾਸ ਕਰਨੀ ਚਾਹੀਏ। ਜਿਸ ਨੇ ਸਿਰ `ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚੁਕਿਆ ਹੋਵੇ, ਉਹ ਨੰਗੇ ਪੈਰੀਂ ਚਲੇ, ਪਰ ਜੇਕਰ ਕਿਸੇ ਮੌਕੇ ਜੋੜੇ ਪਾਣ ਦੀ ਅਤਿ ਲੋੜ ਪੈ ਜਾਵੇ ਤਾਂ ਭਰਮ ਨਹੀ ਕਰਨਾ।

ਸਿਰ ਉੱਤੇ ਬੀੜ ਚੁੱਕਣ ਦਾ ਨੀਯਮ ਵੀ ਘਟ ਦੂਰੀ ਦੀਆਂ ਸਥਾਨਿਕ ਥਾਵਾਂ ਤੇ ਹੀ ਨਿਭ ਸਕਦਾ ਹੈ। ਦੇਸ਼-ਵਿਦੇਸ਼ ਦੇ ਜੰਗਲਾਂ, ਪਹਾੜਾਂ, ਰੇਗਸਤਾਨਾਂ ਤੇ ਬਰਫੀਲੇ ਇਲਾਕਿਆਂ ਵਿੱਚ ਵਸਦੇ ਸਿੱਖਾਂ ਲਈ ਇਸ ਨੀਯਮ ਦੀ ਪਾਲਣਾ ਕਰ ਸਕਣੀ ਅਸੰਭਵ ਹੈ। ਕਿਉਂਕਿ, ਜਦੋਂ ਬੀੜ ਇੱਕ ਹੋਵੇ ਜਾਂ ਵਧੇਰੇ, ਤਾਂ ਘੋੜੇ, ਊਠ, ਰੱਥ, ਗੱਡੇ, ਟ੍ਰੈਕਟਰ-ਟਰਾਲੀਆਂ, ਬੱਸਾਂ, ਰੇਲਾਂ, ਸਮੁੰਦਰੀ ਬੇੜਿਆਂ ਤੇ ਹਵਾਈ ਜਹਾਜ਼ਾਂ ਦੀ ਦੀ ਵਰਤੋਂ ਕਰਨ ਸਮੇਂ ਉਪਰਕੋਤ ਨੀਯਮ ਕਿਵੇਂ ਪਾਲਿਆ ਜਾ ਸਕਦਾ ਹੈ। ਪਾਵਨ ਬੀੜਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਲਈ ਹੁਣ ਤੱਕ ਆਵਾਜਾਈ ਦੇ ਉਪਰੋਕਤ ਸਾਰੇ ਸਾਧਨਾਂ ਦੀ ਵਰਤੋਂ ਹੁੰਦੀ ਆ ਰਹੀ ਹੈ ਤੇ ਹੁੰਦੀ ਰਹੇਗੀ। ਹੁਣ ਤਾਂ ਅਮਰੀਕਾ ਵਸਦੇ ਸ਼ਿਕਾਗੋ ਦੇ ਇੱਕ ਸਿੱਖ ਨੌਜਵਾਨ ਨੇ ਚੰਦਰਮਾਂ ਦੀ ਸੈਰ ਕਰਾਣ ਲਈ ਟਰਾਂਪੋਰਟ ਕੰਪਨੀ ਖੋਹਲ ਲਈ ਹੈ, ਜਿਸ ਦੀ ਅਡਵਾਂਸ ਬੁਕਿੰਗ ਵੀ ਸ਼ੁਰੂ ਹੋ ਗਈ ਹੈ। ਇੱਕ ਹੋਰ ਵਿਦੇਸ਼ੀ ਸਿੰਘ ਨੇ ਚੰਦਰਮਾਂ ਦੀ ਧਰਤੀ `ਤੇ ਜ਼ਮੀਨ ਦਾ ਇੱਕ ਟੁਕੜਾ ਖਰੀਦ ਵੀ ਲਿਆ ਹੈ, ਜਿਥੇ ਉਹ ਰਹਿਣ ਸਹਿਣ ਆਦਿਕ ਦਾ ਪ੍ਰਬੰਧ ਕਰਨ ਦੀ ਤਿਆਰੀ ਕਰ ਰਿਹਾ ਹੈ। ਸੋ, ਗੁਰਸਿਖਾਂ ਨੇ ਤਾਂ ਉਥੇ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ-ਦੀਦਾਰ ਕਰਨੇ ਹਨ। ਪਰ, ਫਿਰ ਵੀ ਕੇਵਲ ਮੈਂ ਹੀ ਨਹੀ, ਸਗੋਂ ਹਰੇਕ ਸੂਝਵਾਨ ਸ਼ਰਧਾਲੂ ਚਹੁੰਦਾ ਹੈ ਕਿ ਅਸੀਂ ਹਰੇਕ ਥਾਂ ਉਤਨਾ ਅਦਬ ਜ਼ਰੂਰ ਕਾਇਮ ਰਖੀਏ, ਜਿਤਨੇ ਪ੍ਰਤੀ ਅਸੀਂ ਸਮਰਥ ਹੋਈਏ। ਇਸ ਪੱਖੋਂ ਅਵੇਸਲੇ ਨਹੀ ਹੋਣਾ ਚਾਹੀਦਾ।

ਮੈਂ ਆਪਣੀ ਜ਼ਿੰਦਗੀ ਦੇ ਤਜ਼ਰਬੇ `ਤੇ ਅਧਾਰਿਤ ਕਹਿ ਸਕਦਾ ਹਾਂ ਕਿ ਵਿਸ਼ਵ ਭਰ ਵਿੱਚ ਕੋਈ ਵੀ ਅਜਿਹਾ ਸਿੱਖ ਨਹੀ, ਜਿਸ ਦਾ ਹਿਰਦਾ ਸਥਾਨਿਕ ਮਜ਼ਬੂਰੀਆਂ ਸਮੇਂ ਵੀ ਗੁਰੂ ਜੀ ਦੇ ਸਤਿਕਾਰ ਵਾਲੀ ਭਾਵਨਾ ਤੋਂ ਖਾਲੀ ਹੁੰਦਾ ਹੋਵੇ। ਸ਼੍ਰੀ ਦਰਬਾਰ ਸਾਹਿਬ ਦੇ ਸਾਬਕਾ ਗ੍ਰੰਥੀ ਤੇ ਪ੍ਰਸਿੱਧ ਕੌਮੀ ਪਰਚਾਰਕ ‘ਜਾਚਕ’ ਜੀ ਦਸਦੇ ਹਨ ਕਿ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਚੰਡੀਗੜ ਬੱਸ ਰਾਹੀਂ ਆਪਣੀ ਗੋਦ ਵਿੱਚ ਰੱਖ ਕੇ ਅਤੇ ਦਿੱਲੀ ਤੋਂ ਹੈਂਡ ਬੈਗ ਵਿੱਚ ਪਾ ਕੇ ਤੇ ਹਵਾਈ ਜਹਾਜ਼ ਦੀਆਂ ਸੀਟਾਂ ਉਪਰਲੀ ਕੈਬਨਿਟ ਵਿੱਚ ਰੱਖ ਕੇ ਇੰਗਲੈਂਡ, ਅਮਰੀਕਾ ਤੇ ਕਨੇਡਾ ਵਿਚਲੇ ਕਈ ਗੁਰਸਿੱਖ ਪ੍ਰੇਮੀਆਂ ਦੇ ਘਰੀਂ ਮਹਾਰਾਜ ਦੀਆਂ ਬੀੜਾਂ ਪਹੁੰਚਾਈਆਂ ਹਨ। ਬੱਸ ਤੇ ਜਹਾਜ਼ ਤੋਂ ਉਤਰਨ ਵੇਲੇ ਪਾਵਨ ਬੀੜ ਨੂੰ ਉਹ ਸੀਸ `ਤੇ ਚੁੱਕ ਲਿਆ ਕਰਦੇ ਅਤੇ ਜਿਸ ਵੀ ਥਾਂ ਰਖਦੇ ਸਾਫ ਚਾਦਰ ਵਿਛਾ ਲੈਂਦੇ। ਵਿਦੇਸ਼ੀਂ ਵਸਦੇ ਬਹੁਤੇ ਗੁਰਸਿੱਖ ਲਗਭਗ ਇਹੀ ਤਰੀਕਾ ਅਪਨਾਉਂਦੇ ਆ ਰਹੇ ਹਨ ਅਤੇ ਵਪਾਰੀ ਸਜਣ ਵਧੇਰੇ ਬੀੜਾਂ ਹੋਣ ਕਰਕੇ ਜਹਾਜ਼ੀ ਕੰਟੇਨਰ ਦਾ। ਕਿਉਂਕਿ, ਇਹ ਵਧੇਰੇ ਸੁਰਖਿਅਤ ਤੇ ਅਦਬ-ਜਨਕ ਹੈ। ਸ਼੍ਰੋਮਣੀ ਕਮੇਟੀ ਦਾ ਇਤਿਹਾਸ ਤਾਂ ਗਵਾਹੀ ਭਰਦਾ ਹੈ ਕਿ ਸ਼ਰਧਾਲੂਆਂ ਦੀ ਮੰਗ `ਤੇ ਪਾਵਨ ਬੀੜਾਂ ਪਾਰਸਲ ਕਰਕੇ ਡਾਕ ਵਿਭਾਗ ਰਾਹੀਂ ਦੇਸ਼-ਵਿਦੇਸ਼ ਭੇਜੀਆਂ ਜਾਂਦੀਆਂ ਰਹੀਆਂ ਹਨ।

ਗਿਆਨੀ ਸਾਹਿਬ ਸਿੰਘ ਜੀ ਸ਼ਾਹਬਾਦ ਮਾਰਕੰਡਾ (ਅੰਬਾਲਾ) ਵਾਲੇ ਦਸਦੇ ਹਨ ਕਿ “ਜਦੋਂ ਮੈਂ ਪਹਿਲੀ ਵਾਰ ਸ੍ਰੀ ਅੰਮ੍ਰਿਤਸਰ ਤੋਂ ਭਾਈ ਚਤਰ ਸਿੰਘ ਜੀਵਨ ਸਿੰਘ ਦੀ ਦੁਕਾਨ ਤੋਂ ਬੀੜ ਪ੍ਰਾਪਤ ਕੀਤੀ ਤਾਂ ਲਕੜੀ ਦੇ ਡੱਬੇ ਵਿੱਚ ਪੈਕਿੰਗ ਕਰਾ ਕੇ ਵਾਹਿਗੁਰੂ ਵਾਹਿਗੁਰੂ ਜਪਦਾ ਸਿਰ ਤੇ ਚੁੱਕ ਰਿਕਸ਼ੇ `ਤੇ ਬੈਠਾ ਤੇ ਫਿਰ ਬਸ ਸਟੈਂਡ ਪਹੁੰਚ ਕੇ ਬੱਸ ਵਿੱਚ ਬੈਠ ਸ਼ਾਹਬਾਦ ਆਇਆ। ਪਰ ਸਤਿਕਾਰ ਦੀ ਭਾਵਨਾ ਵਿੱਚ ਭਰੇ ਤੇ ਜਵਾਨੀ ਦੇ ਜੋਸ਼ ਵਿੱਚ ਹੱਠ ਧਰਮੀ ਕਰਦਿਆਂ ਸਾਰੇ ਰਸਤੇ ਬੀੜ ਸਿਰ ਤੇ ਹੀ ਚੁੱਕੀ ਰੱਖੀ।

ਉਨ੍ਹਾ ਦਾ ਕਹਿਣਾ ਹੈ ਕਿ ਜਿਉਂ ਜਿਉਂ ਪ੍ਰਚਾਰ ਹੋਇਆ, ਤਿਉਂ ਤਿਉਂ ਉਥੇ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਬੀੜਾਂ ਦੀ ਮੰਗ ਵਧਣ ਲਗੀ। ਖੇਤੀਂ ਵਸਦੇ ਪਿੰਡਾਂ ਵਿੱਚ ਕੋਈ ਕਾਰ ਗੱਡੀ ਵੀ ਨਹੀ ਸੀ ਜਾਂਦੀ। ਉਥੇ ਤਾਂ ਟ੍ਰੈਕਟਰ-ਟਰਾਲੀ ਦੀ ਹੀ ਵਰਤੋਂ ਕਰਨੀ ਪੈਂਦੀ ਸੀ। ਅਸੀਂ ਸੋਚੀਂ ਪੈ ਗਏ ਕਿ ਹੁਣ ਕੀ ਕਰੀਏ? ਆਖਿਰ ਸਾਨੂੰ ਕਿਸੇ ਦਸਿਆ ਕਿ ਅੰਮ੍ਰਿਤਸਰ ਤੋਂ ਇੱਕ ਰੇਲ ਗੱਡੀ ਵਾਇਆ ਧੁਰੀ ਆਉਂਦੀ ਹੈ ਤੇ ਉਹ ਲਗਭਗ ਖਾਲੀ ਹੀ ਹੁੰਦੀ ਹੈ। ਜੇਕਰ ਤੁਸੀਂ ਇੱਕ ਡੱਬੇ ਦੇ ਬਾਹਰਵਾਰ ਆਪ ਹੀ ਚਾਕ ਆਦਿਕ ਦੇ ਨਾਲ ਅੰਗਰੇਜ਼ੀ ਦੇ ਮੋਟੇ ਅਖਰਾਂ ਵਿੱਚ ਲਿਖ ਦਿਓ ‘ਰੀਜ਼ਰਵ’, ਤਾਂ ਕੋਈ ਮੁਸਾਫਿਰ ਉਸ ਵਿੱਚ ਬੈਠਣ ਦਾ ਯਤਨ ਨਹੀ ਕਰੇਗਾ। ਬਸ! ਸੀਟਾਂ ਤੇ ਚਾਦਰਾਂ ਵਛਾਓ, ਪੈਕਿੰਗ ਬੀੜਾਂ ਉਨ੍ਹਾਂ `ਤੇ ਸਜਾਓ ਤੇ ਲਿਆਉਣ ਦੀ ਸੇਵਾ ਨਿਭਾਓ। ਗਿਆਨੀ ਜੀ ਦਸਦੇ ਹਨ ਕਿ ਸਾਲਾਂ ਬੱਧੀ ਅਸੀਂ ਇਹੀ ਤਰੀਕਾ ਅਪਨਾਉਂਦੇ ਰਹੇ। ਪਰ, ਜਦੋਂ ਸ਼ਾਹਬਾਦ ਸਟੇਸ਼ਨ ਤੇ ਪਹੁੰਚਣਾਂ ਤਾਂ ਫਿਰ ਉਥੋਂ ਬੀੜਾਂ ਗੁਰਦੁਆਰਾ ਸਾਹਿਬ ਤੱਕ ਸਕੂਲੀ ਬੱਚਿਆਂ ਤੇ ਹੋਰ ਸੰਗਤਾਂ ਦੇ ਨਾਲ ਜਲੂਸ ਦੀ ਸ਼ਕਲ ਵਿੱਚ ਬੈਂਡ ਵਾਜਿਆਂ ਦੀ ਧੁਨੀ ਵਜਾਦਿਆਂ ਜੋਟੀਆਂ ਦੇ ਸ਼ਬਦ ਪੜਦਿਆਂ ਲੈ ਜਾਣਾ।

ਉਨ੍ਹਾਂ ਇਹ ਵੀ ਜ਼ਿਕਰ ਕੀਤਾ ਕਿ ਇਸ ਪ੍ਰਕਾਰ ਭਾਈ ਚਤਰ ਸਿੰਘ ਜੀਵਨ ਸਿੰਘ ਦੀ ਦੁਕਾਨ ਵਿੱਚ ਪਹਿਲਾ ਤਾਂ ਪਾਵਨ ਬੀੜਾਂ ਵੀ ਮਾਮੂਲੀ ਸਫੇਦ ਰੁਮਾਲਿਆਂ ਵਿੱਚ ਲਪੇਟੀਆਂ ਆਮ ਪੁਸਤਕਾਂ ਵਾਂਗ ਹੀ ਪਈਆਂ ਹੁੰਦੀਆਂ ਸਨ ਅਤੇ ਗਾਹਕਾਂ ਨੂੰ ਅਖਰੀ ਸਰੂਪ, ਕਾਗਜ਼ ਤੇ ਜਿਲਦ ਆਦਿਕ ਦੇ ਦਰਸ਼ਨ ਕਰਾਉਣ ਲਈ ਉਸੇ ਰੁਮਾਲ ਵਿੱਚ ਚੌਂਕੀ `ਤੇ ਖੋਹਲ ਕੇ ਦਿਖਾ ਦਿੱਤਾ ਜਾਂਦਾ ਸੀ। ਵੇਖ ਵੇਖ ਕੇ ਹਿਰਦਾ ਦੁਖੀ ਹੁੰਦਾ, ਪਰ ਸਹਜੇ ਸਹਜੇ ਮੇਰੇ ਤੇ ਮੇਰੇ ਵਾਰਗੇ ਹੋਰ ਸ਼ਰਧਾਲੂ ਗਾਹਕਾਂ ਦੀ ਪ੍ਰੇਰਨਾ ਦੀ ਬਦੌਲਤ ਬਹੁਤ ਤਬਦੀਲੀ ਆਈ। ਬੀੜਾਂ ਲਈ ਵਖਰੇ ਰੈਂਕ ਬਣ ਗਏ। ਰੁਮਾਲੇ ਵੀ ਅੱਛੇ ਹੋ ਗਏ। ਦਰਸ਼ਨ ਕਰਾਉਣ ਲਈ ਇੱਕ ਵਖਰਾ ਕੈਬਨ ਤੇ ਰੁਮਾਲਾਂ ਨਾਲ ਢੱਕੇ ਹੋਏ ਸੁੰਦਰ ਪੀੜ੍ਹਿਆਂ ਦੀ ਵਰਤੋਂ ਹੋਣ ਲੱਗੀ। ਦੇਖੋ ਦੇਖੀ ਹੋਰ ਦੁਕਾਨਦਾਰਾਂ ਨੇ ਵੀ ਬੀੜਾਂ ਦੀ ਵਿਕਰੀ ਲਈ ਇਹੀ ਤਰੀਕੇ ਅਪਨਾਉਣੇ ਸ਼ੁਰੂ ਕਰ ਦਿੱਤੇ। ਕਈਆਂ ਨੇ ਬੀੜਾਂ ਦਿਖਾਣ ਵਾਲੀ ਥਾਂ ਉਪਰ ਛੋਟੇ ਛੋਟੇ ਚੰਦੋਏ ਵੀ ਲਗਾ ਲਏ।

ਗਿਆਨੀ ਜੀ ਦਸਦੇ ਹਨ ਇੱਕ ਦਿਹਾੜੇ ਇਸੇ ਹੀ ਸੇਵਾ ਵਿੱਚ ਅੰਮਿਤਸਰ ਦੁਕਾਨ `ਤੇ ਪਹੁੰਚਿਆਂ ਤਾਂ ਸ੍ਰ: ਜੀਵਨ ਸਿੰਘ ਮੈਨੂੰ ਆਪਣੇ ਘਰ ਲੈ ਗਏ ਅਤੇ ਬੜੇ ਅਦਬ ਸਹਿਤ ਪ੍ਰਸ਼ਾਦਾ-ਪਾਣੀ ਛਕਾ ਕੇ ਉਨ੍ਹਾਂ ਹੱਥ ਜੋੜ ਆਖਿਆ “ਗਿਆਨੀ ਜੀ ਅਸੀਂ ਤੁਹਾਡੇ ਵਰਗੇ ਸਿਦਕੀ ਸਿੱਖ ਤਾਂ ਨਹੀ, ਪਰ ਸਤਿਗੁਰੂ ਜੀ ਦੇ ਵਪਾਰੀ ਸਿੱਖ ਹੁੰਦਿਆਂ ਸਾਡੇ ਅੰਦਰ ਵੀ ਗੁਰੂ ਲਈ ਸ਼ਰਧਾ ਹੈ। ਭਾਈ ਸਾਹਿਬ! ਤੁਸੀ ਸਿਆਣੇ ਹੋ, ਛਾਪੇਖਾਨੇ, ਦੁਕਾਨਦਾਰੀ ਤੇ ਦੇਸ਼-ਵਿਦੇਸ਼ ਵਿੱਚ ਬੀੜਾਂ ਦੇ ਅਦਾਨ-ਪ੍ਰਦਾਨ ਵੇਲੇ ਗੁਰਦੁਆਰਾ ਸਾਹਿਬ ਦੇ ਪ੍ਰਕਾਸ਼ ਅਸਥਾਨ ਵਾਲਾ ਸ਼ਾਹੀ ਸਨਮਾਨ ਤੇ ਸਤਿਕਾਰ ਦੇਣਾ ਅਤੇ ਹਰ ਵੇਲੇ ਤੇ ਹਰੇਕ ਥਾਂ ਅਜਿਹਾ ਸਤਿਕਾਰ ਕਾਇਮ ਰਖ ਸਕਣਾ ਅਸੰਭਵ ਹੈ। ਪ੍ਰੈਸ ਵਿਚੋਂ ਇੱਕ ਇੱਕ ਪਤਰਾ ਛਪ ਕੇ ਨਿਕਲ ਰਿਹਾ ਹੁੰਦਾ ਹੈ। ਅਸੀਂ ਵਰਕਰਾਂ ਨੂੰ ਆਖਦੇ ਹਾਂ ਚੁੱਕ ਕੇ ਟੇਬਲ `ਤੇ ਰੱਖੋ। ਅੱਗੋਂ ਉਹ ਆਖਦੇ ਹਨ ਕਿ ਇਸ ਤਰ੍ਹਾਂ ਸਾਡੇ ਕੰਮ ਕਰਨ ਦੀ ਸਪੀਡ ਘਟ ਜਾਂਦੀ ਹੈ। ਫਰਮੇ ਵਿਚੋਂ ਕਈ ਅਖਰ ਗਿਰ ਵੀ ਜਾਂਦੇ ਹਨ, ਉਹ ਚੁੱਕ ਕੇ ਮੁੜ ਥਾਂ ਸਿਰ ਲਗਾਉਣੇ ਪੈਂਦੇ ਹਨ। ਜਿਲਦ ਬੰਨਣ੍ਹ ਵੇਲੇ ਬੀੜ ਨੂੰ ਸਕੰਜੇ ਵਿੱਚ ਵੀ ਕੱਸਣਾ ਪੈਂਦਾ ਹੈ। ਇਸ ਪ੍ਰਕਾਰ ਛਾਪੇਖਾਨੇ ਦੀਆਂ ਬਹੁਤ ਸਾਰੀਆਂ ਮਜ਼ਬੂਰੀਆਂ ਹਨ। ਪਰ, ਫਿਰ ਵੀ ਅਸੀਂ ਸਤਿਗੁਰੂ ਜੀ ਦੇ ਸਤਿਕਾਰ ਲਈ ਹਰ ਵੇਲੇ ਯਤਨਸ਼ੀਲ ਰਹਿੰਦੇ ਹਾਂ”।

ਗਿਆਨੀ ਜੀ ਕਹਿੰਦੇ ਹਨ ਕਿ ਇਸ ਪ੍ਰਕਾਰ ਦੀ ਸਾਰੀ ਗੱਲ-ਬਾਤ ਸੁਣ ਕੇ ਤੇ ਸਮਝ ਕੇ ਮੈਂ ਇਸ ਨਤੀਜੇ `ਤੇ ਪਹੁੰਚਾ ਹਾਂ ਕਿ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਛਪਾਈ, ਵਿਕਰੀ ਤੇ ਆਵਾਜਾਈ ਦੇ ਲੁੜੀਂਦੇ ਸਾਧਨਾਂ ਦੀ ਵਰਤੋਂ ਕਰਨ ਵੇਲੇ ਹੋਣ ਵਾਲੀਆਂ ਸੁਭਾਵਿਕ ਭੁੱਲਾਂ ਨੂੰ ਵਧੇਰੇ ਉਛਾਲਣ ਦੀ ਥਾਂ, ਅਜਿਹੇ ਭੁੱਲੜ ਸਜਣਾਂ ਨੂੰ ਅਦਬ ਸਹਿਤ ਸੁਚੇਤ ਕਰਦਿਆਂ ਅਣਡਿੱਠ ਕਰ ਦੇਣਾ ਹੀ ਪੰਥ ਲਈ ਬਿਹਤਰ ਹੈ। ਪੰਥ ਦਾ ਲਗਭਗ ਸਾਰਾ ਹੀ ਬੁੱਧੀਜੀਵੀ ਵਰਗ ਗਿਆਨੀ ਜੀ ਦੀ ਇਸ ਨੇਕ ਸਾਲਾਹ ਨਾਲ ਸਹਿਮਤ ਹੈ। ਕਿਉਂਕਿ, ਧੜੇਬਾਜ਼ ਆਗੂਆਂ ਦੇ ਕਾਰਨ ਅਜਿਹੀ ਬਿਆਨਬਾਜ਼ੀ ਹੁਣ ਵਾਂਗ ਗੁਰੂ ਦੇ ਸਤਿਕਾਰ ਦੀ ਥਾਂ ਤ੍ਰਿਸਕਾਰ ਦਾ ਕਾਰਨ ਬਣ ਜਾਂਦੀ ਹੈ।

ਸਾਰੀ ਵਿਚਾਰ ਦਾ ਸਾਰ ਅੰਸ਼ ਇਹ ਹੈ ਕਿ ਜੇ ਸਰਕਾਰੀ ਦਖਲ ਤੋਂ ਬਗੈਰ ਪੰਥਕ ਸਹਿਮਤੀ ਨਾਲ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਮਿਲ ਕੇ ਬੀੜਾਂ ਦੀ ਛਪਾਈ ਤੇ ਸਪਲਾਈ ਦਾ ਮਹਾਨ ਕਾਰਜ ਸਿੱਖ ਰਹਿਤ ਮਰਯਾਦਾ ਦੀ ਅਗਵਾਈ ਵਿੱਚ ਆਪਣੇ ਹੱਥ ਵਿੱਚ ਲੈਂਦੀਆਂ ਹਨ ਤਾਂ ਇਹ ਪੰਥ ਲਈ ਖੁਸ਼ੀ ਦੀ ਗੱਲ ਹੋਏਗੀ। ਕਿਉਂਕਿ, ਦੋਵੇਂ ਸੰਸਥਾਵਾਂ ਮਿਲ ਕੇ ਸ਼ਰਧਾਲੂਆਂ ਦੀ ਮੰਗ ਪੂਰੀ ਕਰ ਸਕਦੀਆਂ ਹਨ ਅਤੇ ਜਿੱਦੋ-ਜਿਦੀ ਬਿਦੇਸ਼ਾਂ ਵਿੱਚ ਮਹਿੰਗੀ ਛਪਾਈ ਕਰਵਾਣ ਦੇ ਫੈਸਲੇ ਲੈਣ ਤੋਂ ਵੀ ਬਚ ਸਕਦੀਆਂ ਹਨ।

ਪਰ, ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸਾਬਕਾ ਤੇ ਮਹਿਰੂਮ ਪ੍ਰਿਸੀਪਲ ਹਰਿਭਜਨ ਸਿੰਘ ਜੀ ਚੰਡੀਗੜ ਵਾਲਿਆਂ ਦੀ ਸਾਲਾਹ ਮੁਤਾਬਿਕ ਇਸ ਤੋਂ ਵੀ ਬਿਹਤਰ ਹੈ ਕਿ ਜੇ ਕਰ ਸ਼੍ਰੋਮਣੀ ਕਮੇਟੀ ਆਪਣੇ ਸੰਨ ੧੯੫੯ ਦੇ ਫੈਸਲੇ ਵਾਂਗ ਵਿਦਵਾਨਾਂ ਦੀਆਂ ਬੈਠਕਾਂ ਰਾਹੀਂ ਗੁਰੁ ਗ੍ਰੰਥ ਸਾਹਿਬ ਜੀ ਦੇ ਮੰਗਲਾਂ, ਸਿਰਲੇਖਾਂ ਤੇ ਰਾਗਮਾਲਾ ਆਦਿਕ ਦੇ ਝਗੜਿਆਂ ਨੂੰ ਨਿਬੇੜ ਕੇ ਅਤੇ ਗੁਰਬਾਣੀ ਦੇ ਉਤਾਰੇ ਕਰਨ ਵਾਲੇ ਲਿਖਾਰੀਆਂ ਤੇ ਛਾਪੇਖਾਨੇ ਦੀਆਂ ਹੋਈਆਂ ਲਿਖਤੀ ਭੁਲਾਂ ਨੂੰ ਸੁਧਾਰਦਿਆਂ ਇੱਕ ਨਮੂਨੇ ਦੀ ਬੀੜ ਤਿਆਰ ਕਰਵਾ ਕੇ, ਸ੍ਰੀ ਅਕਾਲ ਤਖਤ ਸਾਹਿਬ ਤੋਂ ਐਲਾਨ ਕਰਵਾ ਦੇਵੇ ਕਿ ਦੇਸ਼-ਵਿਦੇਸ਼ ਦੀ ਕਿਸੇ ਵੀ ਸਿੱਖ ਸੰਸਥਾ ਜਾਂ ਦੁਕਾਨਦਾਰ ਵਪਾਰੀ ਪਾਵਨ ਬੀੜਾਂ ਦੀ ਛਪਾਈ ਕਰ ਸਕਦਾ ਹੈ, ਪਰ ਉਸ ਲਈ ਜ਼ਰੂਰੀ ਹੋਵੇਗਾ ਕਿ ਉਹ ਸ਼੍ਰੋਮਣੀ ਕਮੇਟੀ ਪਾਸੋਂ ਆਗਿਆ ਲਵੇ ਤੇ ਕਮੇਟੀ ਵਲੋਂ ਪ੍ਰਵਾਣਿਤ ਨਮੂਨੇ ਦੀ ਬੀੜ ਛਾਪੇ। ਪਰ, ਅਤਿਅੰਤ ਜ਼ਰੂਰੀ ਹੋਵੇਗਾ ਕਿ ਉਹ ਛਪਾਈ, ਵਿਕਰੀ ਤੇ ਸਪਲਾਈ ਵੇਲੇ ਗੁਰਬਾਣੀ ਸਤਿਕਾਰ ਦਾ ਵਧ ਤੋਂ ਵਧ ਧਿਆਨ ਰੱਖੇ।

ਸੋ ਹੁਣ ਜਦੋਂ ਪਾਵਨ ਬੀੜਾਂ ਦੀ ਛਪਾਈ ਤੇ ਸਤਿਕਾਰ ਦਾ ਪੈਦਾ ਹੋਇਆ ਬੇ-ਬੁਨਿਆਦ ਤੇ ਸਿਧਾਂਤਹੀਣ ਮਸਲਾ ਆਗੂਆਂ ਦੀ ਕੁਟਲਿਤਾ ਕਾਰਨ ਮੁੜ ਸ੍ਰੀ ਅਕਾਲ ਤਖਤ ਸਾਹਿਬ `ਤੇ ਪਹੁੰਚਾ ਦਿਤਾ ਗਿਆ ਹੈ ਤਾਂ ਆਸ ਹੈ ਕਿ ਤਖਤਾਂ ਦੇ ਸੇਵਾਦਾਰ ਕਾਹਲੀ ਵਿੱਚ ਕੋਈ ਅਜਿਹਾ ਫੈਸਲਾ ਨਹੀ ਲੈਣਗੇ, ਜੋ ਪੰਥਕ ਏਕਤਾ ਲਈ ਖ਼ਤਰਾ ਬਣੇ ਅਤੇ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਰੁਕਾਵਟ ਪੈਦਾ ਕਰੇ। ਕਿਉਂਕਿ, ਨਵੇਂ ਨਿਯਮ ਬਨਾਉਣ ਦੇ ਚਕਰ ਵਿੱਚ ਅਜਿਹੇ ਖ਼ਤਰੇ ਦੀ ਬਹੁਤ ਵੱਡੀ ਸੰਭਾਵਨਾ ਹੈ।

ਭੁੱਲ-ਚੁੱਕ ਮੁਆਫ਼।

ਗੁਰੁ-ਪੰਥ ਦਾ ਦਾਸ,

ਅਰਵਿੰਦਰ ਸਿੰਘ ਐਮ. ਏ.

ਸਕਤਰ, ਸ੍ਰੀ ਗੁਰੁ ਗ੍ਰੰਥ ਮਿਸ਼ਨ ਇੰਟਰਨੈਸ਼ਨਲ, ਨਿਊਯਾਰਕ।

ਫੋਨ: ੫੧੬-੫੧੩-੯੧੮੭
.