.

ਸਿੱਖ-ਸੰਗਤਿ ਰਤਾ ਕੁ ਸੁਚੇਤ ਹੋਵੇ ਤਾਂ……. . ?

(ਖਿਆਲ ਆਪਣਾ ਆਪਣਾ)

ਪੂਣੀ ਇਥੋਂ ਛੋਹਦੇ ਹਾਂ ਕਿ ਗੁਰਦੁਆਰਾ ਸਾਹਿਬ ਅਤੇ ਸੰਗਤ ਕਿਸ ਵਿਸ਼ਾ-ਵਸਤੂ ਦਾ ਨਾਂ ਹੈ?

ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ‘ਨਾਭਾ’ ਗੁਰੁਮਤ ਮਾਰਤੰਡ (ਭਾਗ ਪਹਿਲਾ) ਦੇ ਪੰਨਾ ਨੰਬਰ ੩੮੦ ਤੇ ਲਿਖਦੇ ਹੋਏ ਦਸਦੇ ਹਨ ਕਿ ‘ਜਿਸ ਥਾਂ ਸਤਿਗੁਰਾਂ ਦੇ ਦਸ ਸਰੂਪਾਂ ਵਿੱਚੋਂ ਕਿਸੇ ਦੇ ਚਰਣ ਪਏ ਅਤੇ ਇਤਿਹਾਸਿਕ (ਐਤਿਹਾਸਿਕ) ਘਟਨਾ ਹੋਈ ਹੈ ਅਥਵਾ ਜਿਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਸਿੱਖ ਧਰਮ ਦੇ ਨਿਯਮਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ ਅਤੇ ਵਿਸ਼੍ਰਾਮ, ਲੰਗਰ, ਵਿਦਯਾ, ਕੀਰਤਨ ਆਦਿ ਦਾ ਗੁਰ ਮਰਯਾਦਾ ਅਨੁਸਾਰ ਪ੍ਰਬੰਧ ਹੈ, ਉਸ ਦੀ ਗੁਰਦੁਆਰਾ ਸੰਗਯਾ ਹੈ’।

ਪ੍ਰਸਿੱਧ ਸਿੱਖ ਵਿਦਵਾਨ ਗੁਰਸ਼ਰਨ ਜੀਤ ਸਿੰਘ (ਡਾ:) ਆਪਣੀ ਪੁਸਤਕ ‘ਗੁਰਮਤ ਨਿਰਣਯ ਕੋਸ਼’ ਦੇ ਪੰਨਾ ਨੰ: ੪੮ ਤੇ ਲਿਖਦੇ ਹਨ ਕਿ ‘ਸੰਗਤ’ ਸ਼ਬਦ ਪਾਲੀ ਭਾਸ਼ਾ ਦੇ ਸ਼ਬਦ ‘ਸੰਘ’ ਦਾ ਪੰਜਾਬੀ ਅਤੇ ਵਿਕਸਤ ਰੂਪ ਹੈ। ‘ਸੰਗਤ’ ਤੋਂ ਭਾਵ ਸੰਗਠਨ ਜਾਂ ਜਥੇਬੰਦੀ ਹੈ। ਕਿਸੇ ਵੀ ਮਤ ਦੀ ਵਿਚਾਰਧਾਰਾ ਦੇ ਫੈਲਾਅ ਲਈ ਜਥੇਬੰਦੀ ਦੀ ਬਹੁਤ ਮਹੱਤਤਾ ਹੈ।

ਇਹ ਕੋਈ ਅਤ-ਕਥਨੀ ਨਹੀਂ ਹੋਵੇਗੀ ਜੇ ਇਸ ਆਮ ਧਾਰਨਾ ਤੇ ਵਿਸ਼ਵਾਸ਼ ਕਰ ਲਿਆ ਜਾਏ ਕਿ ਪੂਰੀ ਦੁਨੀਆਂ ਵਿੱਚ ਸਥਿਤ ਅੱਧਿਉਂ-ਵੱਧ ਸਿੱਖਾਂ ਦੇ ਗੁਰੂ-ਅਸਥਾਨ ਕਿਸੇ-ਨ-ਕਿਸੇ ਰੂਪ ਵਿੱਚ ਅਦਾਲਤੀ ਚੱਕਰਾਂ ਵਿੱਚ ਫ਼ਸੇ ਹੋਏ ਦਿਸਦੇ ਹਨ। ਸਮੁੱਚੀ ਸਿੱਖ ਕੌਮ ਨੂੰ ਸ਼ਰਮ-ਸਾਰ ਕਰਨ ਵਾਲੇ ਇਸ ਨਿਸ਼ਿਧ ਰੁਝਾਂਨ ਨੂੰ ਠੱਲ਼ ਪਾਉਣ ਲਈ ਦੇਸ਼ਾਂ-ਬਦੇਸ਼ਾਂ ਵਿੱਚ ਵਸਦੀ ਸਿੱਖ ਸੰਗਤਿ ਪਾਸੋਂ ਕਾਰਗਰ ਪਹਿਲ ਕਦਮੀਂ ਦੀ ਉਮੀਦ-ਸਮੇਂ ਦੀ ਪ੍ਰਮੁੱਖ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਸ਼ਾਇਦ ਓਹ ਵੇਲਾ ਆ ਪਹੁੰਚਾ ਹੈ ਜਦੋਂ ਸਤਿਗੁਰਾਂ ਵਲੋਂ ‘ਇੱਕੀ-ਵਿਸਵੇ’ ਦਾ ਰੁੱਤਬਾ ਹਾਸਲ ਕਰਨ ਵਾਲੀ ਸੰਗਤ ਕੇਵਲ ਮੂਕ-ਦਰਸ਼ਕ ਬਣ ਕੇ ਪੱਲਾ ਨਹੀਂ ਝਾੜ ਸਕਦੀ। ਸੰਗਤ ਨੂੰ ਸੋਚਣਾ ਬਣਦਾ ਹੈ ਕਿ ਜਿਆਦਾ ਚੁੱਪ-ਗੜੁੱਪ ਬਹੁਤ ਹਾਨੀਕਾਰਕ ਹੁੰਦੀ ਹੈ ਅਤੇ ਨੇੜਲੇ ਭਵਿੱਖ ਵਿੱਚ ਸਿੱਖ ਧਰਮ ਦੇ ਬੁਨਿਆਦੀ ਅਸੂਲਾਂ ਉਤੇ ਅਣਕਿਆਸੇ ਘਾਤਕ ਅਸਰ ਪਾ ਸਕਦੀ ਹੈ।

ਜਿਸ ਦਿਨ ਦੇ ਕਨੇਡਾ’ ਚ ਆਏ ਹਾਂ, ਵੱਖ ਵੱਖ ਗੁਰਦੁਆਰਿਆਂ ਦੇ ਪ੍ਰਬੰਧਕਾਂ ਵਿਚਲੀ ਪੱਕਦੀ ਖਿਚੜੀ ਦੀ ਬੁੜ-ਬੁੜ ਨੇ ਵੱਡੀ-ਗਿਣਤੀ ਸਿੱਖ ਸ਼ਰਧਾਲੂਆਂ ਦੇ ਨਾਲ-ਨਾਲ ਸਾਡੇ ਹਿਰਦੇ ਵੀ ਕਬਾਬ ਵਾਂਗ ਭੁੰਨੇ ਪਏ ਹਨ। ਗੁਰਮਤਿ ਅਨੁਸਾਰ ਗੁਰਦੁਆਰਾ ਸਾਹਿਬ ਕਿਸੇ ਦੀ ਨਿੱਜੀ ਮਲਕੀਅਤ ਨਹੀਂ ਹੁੰਦੇ ਇਨ੍ਹਾਂ ਦੀ ਸਾਂਭ-ਸੰਭਾਲ ਦਾ ਜੁੰਮੇਵਾਰ ਸਿੱਖ ਪੰਥ ਹੈ। ਇਨ੍ਹਾਂ ਪੱਵਿਤਰ ਅਸਥਾਨਾਂ ਤੇ ਧਾਰਮਿਕ ਚੋਲਿਆਂ ਵਿੱਚ ਰਾਜਨੀਤਕ ਬਿਰਤੀ ਵਾਲੇ ਕਾਬਜ਼ ਵਿਅਕਤੀਆਂ ਵਿਚਲੀ ਅੰਦਰੂਨੀ ਕਸ਼-ਮਕਸ਼ ਨਾਲ ਹਰ ਸਿੱਖ ਦੁਖੀ ਹੀ ਨਹੀਂ-ਅਤੀ ਦੁਖੀ ਹੈ। ਹਰ ਕੋਈ ਕੁਝ-ਨ-ਕੁਝ ਕਹਿਣਾ ਤਾਂ ਚਾਹੁੰਦਾ ਹੈ ਪਰ ਖ਼ਮੋਸ਼ ਹੈ ਸਾਡੇ ਵਾਂਗ ਕਿਉਂਕਿ ਸਿਆਣਿਆਂ ਦਾ ਜੁ ਕਥਨ ਹੈ:-

‘ਕੁਝ ਕਹਿਣ ਨੂੰ ਜੀ ਪਿਆ ਕਰਦਾ ਏ, ਕੁੱਝ ਕਹਿਣ ਤੋਂ ਵੀ ਪਿਆ ਡਰਦਾ ਏ।

ਕੁੱਝ ਕਹੀਏ ਪਾਗਲ ਕਹਿੰਦੇ ਨੇ, ਚੁੱਪ ਰਹੀਏ ਸੀਨਾ ਸੜਦਾ ਏ’।

ਉਂਝ ਭਾਵੇਂ ਹਰ ਗੁਰੂ-ਦੁਆਰੇ ਕਿਸੇ ਨਾ ਕਿਸੇ ਰੂਪ ਵਿੱਚ ਸੰਗਤਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਹੋ ਹੀ ਰਿਹਾ ਹੈ ਪਰ ਪਿੱਛਲੇ ਕੁੱਝ ਕੁ ਸਾਲਾਂ ਵਿੱਚ ਹੀ ਟੋਰਾਂਟੋ ਦੇ ਤਿੰਨ ਪ੍ਰਮੁੱਖ ਗੁਰਦੁਆਰਿਆਂ ਦੇ ਅਦਾਲਤੀ ਮੁੱਕਦਮਿਆਂ ਬਾਰੇ ਕਾਫ਼ੀ ਨੇੜਿਉਂ ਹੋ ਕੇ ਪੜ੍ਹਿਆ, ਸੁਣਿਆ ਅਤੇ ਵੇਖਿਆ ਗਿਆ। ਕਾਰਨ ਭਾਵੇਂ ਵੱਖੋ-ਵੱਖਰੇ ਦਰਸਾਏ ਗਏ ਹੋਣ ਪਰ ਇਸ ਮੁੱਕਦਮੇ-ਬਾਜ਼ੀ ਵਿੱਚ ਇੱਕ ਆਪਸੀ ਸਾਂਝ ਪ੍ਰਤੱਖ ਨਜ਼ਰ ਪੈਦੀਂ ਹੈ ਉਹ ਇਹ ਕਿ ਮੁੱਖ ਤੌਰ ਉਤੇ ਗੁਰਦੁਆਰਿਆਂ ਦੇ ਪ੍ਰਬੰਧਕ ਵਰਗ ਦੀ ਆਪਸੀ ਖਹਿਬਾਜ਼ੀ ਜਾਂ ‘ਹਾਰੀ ਹੋਈ ਪ੍ਰਬੰਧਕੀ ਧਿਰ’ ਹੀ ਗੁਰਦੁਆਰਿਆਂ ਨੂੰ ਅਦਾਲਤੀ ਚੱਕਰਾਂ ਵਿੱਚ ਫ਼ਸਾਉਣ ਲਈ ਜੁੰਮੇਵਾਰ ਗਰਦਾਨੀ ਜਾ ਸਕਦੀ ਹੈ। ਇਥੇ ਪ੍ਰਸ਼ਨ ਪੈਦਾ ਹੁੰਦਾ ਹੈ ਕਿ ਗੁਰਦੁਆਰਿਆਂ ਦੇ ਪ੍ਰਬੰਧਕੀ ਢਾਂਚੇ ਦੇ ਅਜੇਹੇ ਮੈਬਰਾਂ ਨੂੰ ਗੁਰਦੁਆਰਿਆਂ ਦੇ ਅਨੁਸ਼ਾਸ਼ਨ ਵਿੱਚ ਉਣਤਾਈਆਂ-ਓਸ ਵੇਲੇ ਹੀ ਕਿਉਂ ਦਿਸਦੀਆਂ ਹਨ ਜਦੋਂ ਆਪ ਸੱਤਾ ਤੋਂ ਬਾਹਰ ਹੁੰਦੇ ਹਨ। ਸਾਧ-ਸੰਗਤ ਨੂੰ ਇਕਾਂਤ ਵਿੱਚ ਬੈਠ ਕੇ ਠੰਢੇ ਦਿਮਾਗ ਨਾਲ ਸੋਚ-ਵਿਚਾਰ ਕਰਕੇ ਸੰਜੀਦਗੀ ਨਾਲ ਉਸਾਰੂ ਨਿਰਣਾ ਲੈਣ ਦੀ ਲੌੜ ਹੈ। ‘ਹੋਊ ਪਰੇ ਯਾਂ ਸਾਨੂੰ ਕੀ’ -ਵੇਲਾ ਵਿਹਾ ਚੁੱਕੀ ਧਾਰਨਾ ਹੈ।

ਇਹ ਵੀ ਇੱਕ ਕਾਨੂੰਨੀ ਮਜ਼ਬੂਰੀ ਹੈ ਕਿ ਕਨੇਡਾ’ ਚ ਰਹਿੰਦਿਆਂ ਹੋਇਆਂ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਅਸਾਨੂੰ ‘ਗੁਰਦੁਆਰਿਆਂ ਦਾ ਨਿਰਮਾਣ ‘ਉਨਟਾਰੀਓ ਦੇ ਕਾਰਪੋਰੇਸ਼ਨ ਐਕਟ ਅਧੀਨ ਕਰਨਾ ਪੈਂਦਾ ਹੈ। ਇਹੋ ਹੀ ਪ੍ਰਮੁੱਖ ਕਾਰਨ ਹੈ ਕਿ ਕਨੇਡਾ ਦੀਆਂ ਅਦਾਲਤਾਂ ਵਿੱਚ ਗੁਰਦੁਆਰਿਆਂ ਸਬੰਧੀ ਕੇਸਾ ਦਾ ਫੈਸਲਾ ਮਾਨਯੋਗ ਜੱਜ ਸਾਹਿਬਾਨ ਕਾਰਪੋਰੇਸ਼ਨ ਐਕਟ ਦੀਆਂ ਧਰਾਵਾਂ ਨੂੰ ਅਧਾਰ ਬਣਾ ਕੇ ਕਰਦੇ ਹਨ। ਇਸ ਤਰਾਂ ਸਿੱਖ ਧਰਮ ਦੀਆਂ ਮੂਲ ਪ੍ਰੰਪਰਾਵਾਂ ਅਤੇ ਰਹਿਤ ਮਰਯਾਦਾ ਨੂੰ ਗੰਭੀਰ ਠੇਸ ਪੁੱਜਦੀ ਹੈ। ਇਸੇ ਕਰਕੇ ਬਹੁ-ਤਦਾਦ (ਨਾਨਕ ਨਾਮ ਲੇਵਾ) ਸਿੱਖ, ਜਿਨ੍ਹਾਂ ਨੂੰ ‘ਗੁਰੂ’ ਨਾਲ ਪਿਆਰ ਹੈ ਓਹ ਵਲ-ਛਲ ਤੋਂ ਨਿਰਲੇਪ ‘ਗੁਰੂ-ਦੁਆਰੇ’ ਜਾਂਦੇ ਜ਼ਰੂਰ ਹਨ, ਯਥਾ-ਸ਼ਕਤਿ ਭੇਟਾ ਵੀ ਕਰਦੇ ਹਨ, ਪਰ ਨਮਸਤਕ ਹੋ ਕੇ ਵਾਪਸ ਮੁੜ ਜਾਂਦੇ ਹਨ ਨਿਰਮੂਲ ਖਿਚੋਤਾਣ ਦਾ ਕੰਨ ਰਸ ਨਹੀਂ ਰੱਖਦੇ। ਖੈਰ!

ਜ਼ਿਕਰਯੋਗ ਹੈ ਕਿ ਕਈ ਵਰ੍ਹੇ ਪਹਿਲਾਂ ਟੋਰਾਂਟੋ ਦੇ ਪੂਰਬ ਵਿੱਚ ਸਥਿਤ ਗੁਰਦੁਆਰਾ ਸਾਹਿਬ ਨੂੰ ਇੱਕ ਅਦਾਲਤੀ ਕੇਸ ਦਾ ਸਾਹਮਣਾ ਕਰਨਾ ਪਿਆ। ਘਟ-ਗਿਣਤੀ ਮੈਂਬਰਾਂ ਨੇ ਪ੍ਰਬੰਧਕੀ ਧਿਰ ਦੇ ਨਾਸੀਂ ਧੂੰਆਂ ਲਿਆਉਣ ਵਿੱਚ ਕੋਈ ਕਸਰ ਬਾਕੀ ਨਹੀ ਸੀ ਛੱਡੀ। ਸਚਾਈ ਅਧਾਰਤ ਇਹ ਸਾਧ ਸੰਗਤ ਦਾ ਸਹਿਯੋਗ ਅਤੇ ਗੁਰੂ ਨਾਲ ਅਟੁੱਟ ਪਿਆਰ ਹੀ ਸੀ ਕਿ ਕਿਸੇ ਦਾ ਵਾਲ ਵਿੰਗਾ ਨਹੀਂ ਸੀ ਹੋਇਆ। ਅੰਤ ਚਿੰਝੜੀ-ਛੇੜਨ ਵਾਲੇ ਆਪੇ ਅਲਗ-ਥਲਗ ਪੈ ਗਏ ਅਤੇ ਅਜ ਅਧੁਨਿਕ ਤਕਨੀਕ ਨਾਲ ਹੋਏ ਨਿਰਮਾਣ ਤੋਂ ਬਾਅਦ ਇਸ ਗੁਰਦੁਆਰਾ ਸਾਹਿਬ ਦੀ ਆਪਣੀ ਨਿਵੇਕਲੀ ਦਿੱਖ ਹੈ-ਜਾਈਏ ਤਾਂ ਅਦੁੱਤੀ ਸਕੂਨ ਮਿੱਲਦਾ ਹੈ ਜਿਸ ਦੀ ਸਿੱਖ ਨੂੰ ਅਜੇਹੇ ਧਾਰਮਿਕ ਅਸਥਾਨਾਂ ਤੋਂ ਹਮੇਸ਼ਾ ਆਸ ਰਹਿੰਦੀ ਹੈ।

ਇਥੇ ਹੀ ਕੁੱਝ ਸਮਾਂ ਪਹਿਲਾਂ ਦੋ ਵੱਡੀਆਂ ਅਤੇ ਸੁਨੱਖੀਆਂ ਇਮਾਰਤਾਂ ਉਤੇ ਕਾਬਜ਼ ਪ੍ਰਬੰਧਕਾਂ ਦੇ ਆਪਸੀ ਬਿਖੇੜੇ ਨੇ ਇੱਕ ਹੋਰ ਗੁਰਦੁਆਰਾ ਸਾਹਿਬ ਨੂੰ ਅਦਾਲਤ ਦੇ ਦਰਵਾਜ਼ੇ ਉਤੇ ਪੁਚਾ ਦਿਤਾ। ਕਈ ਪਲਟੇ ਵਜੇ। ਆਖਰ! ਅਦਾਲਤੀ ਫੈਸਲੇ ਨਾਲ ਚੰਗੀ ਗਲ ਤਾਂ ਇਹ ਹੋਈ ਕਿ ਸਿੱਖ ਰਹੁ-ਰੀਤਾਂ ਦਾ ਘਾਣ ਹੋਣੋ ਬਚ ਗਿਆ ਪਰ ਦੂਸਰੇ ਪਾਸੇ ਜੱਜ ਸਾਹਿਬਾਨ ਵੱਲੋਂ ਉਨਟਾਰੀਓ ਕਾਰਪੋਰੇਸ਼ਨ ਐਕਟ ਅਧੀਨ ਕੀਤੇ ਫੈਸਲੇ ਮੁਤਾਬਕ ਇਨ੍ਹਾਂ ਗੁਰਦੁਆਰਿਆਂ ਦੀਆਂ ਇਮਾਰਤਾਂ ਪ੍ਰਬੰਧਕਾਂ (ਮੈਬਰਾਂ) ਦੀ ਨਿੱਜੀ-ਜਾਇਦਾਦ ਦਾ ਰੂਪ ਅਖਤਿਆਰ ਕਰ ਗਈਆਂ ਭਾਵ-ਅਰਥ ਜਿਨ੍ਹਾਂ ਮੈਂਬਰਾਂ ਦੇ ਨਾਂ ਕਾਰਪੋਰੇਸ਼ਨ ਐਕਟ ਅਨੁਸਾਰ ਲੈਟਰ-ਪੇਟੈਂਟ ਵਿੱਚ ਅੰਕਿਤ ਸਨ-ਮਾਲਕ ਅਤੇ ਸਾਧ-ਸੰਗਤਿ…………. ? ? ? ? ? ? ? ? ? ? ਯਾਨੀਂ ਸਿੱਖ ਧਰਮ ਅਨੁਸਾਰ ਗੁਰਦੁਆਰੇ ਦੇ ਮੂਲ-ਅਰਥ ਦਾ ਅਨਰਥ ਹੋ ਗਿਆ। ਇੱਕ ਕੱਚੇ ਚਿੱਠੇ ਮੁਤਾਬਕ ਇਹ ਮੁੱਕਦਮੇ-ਬਾਜ਼ੀ ਸਿੱਖ-ਸੰਗਤਿ ਦੀ ਦਾਨ-ਰਾਸ਼ੀ ਦੇ ਇੱਕ ਮਿਲੀਅਨ ਕਨੇਡੀਅਨ ਡਾਲਰ ਦੇ ਆਰ-ਪਾਰ ਨਿਗਲ ਗਈ।

ਜਿਥੋਂ ਤਕ ਅੱਜ ਕਲ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੇ ਤੀਸਰੇ ਅਦਾਲਤੀ ਕੇਸ ਦਾ ਸੁਆਲ ਹੈ-ਇਹ ਵੀ ਘਟ-ਗਿਣਤੀ ਪ੍ਰਬੰਧਕੀ ਧਿਰ ਦੀ ਹੀ ਦੇਣ ਹੈ। ਪ੍ਰਸ਼ਨ ਫਿਰ ਓਹੋ ਹੀ ਕਿ ਰਾਜ ਪ੍ਰਬੰਧ ਖੁਸ ਜਾਣ ਉਤੇ ਹੀ ਗੁਰਦੁਆਰਿਆਂ ਨੂੰ ਅਦਾਲਤਾਂ ਵਿੱਚ ਕਿਉਂ ਘੜੀਸਿਆ ਜਾਂਦਾ ਹੈ? ਪਾਵਨ ਗੁਰਦੁਆਰਾ ਸਾਹਿਬ ਜੀ ਨੂੰ ‘ਕੋਰਟ-ਕਚਿਹਰੀਆਂ’ ਵਿੱਚ ਬੇ-ਇੱਜ਼ਤ ਕਰਨਾ ‘ਗੁਰੂ ਦੇ ਸਿੱਖ’ ਦਾ ਕੰਮ ਨਹੀਂ ਅਤੇ ਨਾ ਹੀ ਸਤਿਗੁਰਾਂ ਦਾ ਵਿਧਾਨ ਹੈ। ਸਤਿਗੁਰਾਂ ਦੇ ਦਰਬਾਰ ਵਿੱਚ ‘ਸੇਵਾ’ ਪ੍ਰਵਾਨ ਹੈ ਉਹ ਵੀ ਨਿਸ਼ਕਾਮ ਸੇਵਾ। ਸਿੱਖ ਬੁੱਧੀਜੀਵੀਆਂ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਚਾਰ ਪ੍ਰਕਾਰ ਦੀ ਸੇਵਾ ਦਾ ਵਰਨਣ ਮਿਲਦਾ ਹੈ: ੧) ਤਨ ਦੀ ਸੇਵਾ ੨) ਧਨ ਦੀ ਸੇਵਾ ੩) ਮਨ ਦੀ ਸੇਵਾ ੪) ਸੁਰਤਿ ਦੀ ਸੇਵਾ। ਹੁਕਮ ਹੈ:

‘ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤ ਸੁਆਮੀ॥’

ਗਉੜੀ ਨ: ੫ (ਸੁਖਮਨੀ) ਅੰਕ ੨੮੬)

ਗੁਰੂ-ਆਸ਼ੇ ਅਨੁਸਾਰ ਗੁਰਦੁਆਰਿਆਂ ਵਿੱਚ ਔਹਦੇਦਾਰੀਆਂ ਜਿਵੇਂ ਪ੍ਰਧਾਨ, ਸਕੱਤਰ, ਖ਼ਜ਼ਾਨਾ-ਮੰਤਰੀ ਇਤਿਆਦਿ ਸਰਬ ਪ੍ਰਮਾਣਿਤ ਸੇਵਾ ਦੀ ਪ੍ਰੀਭਾਸ਼ਾ ਵਿੱਚ ਅਭੇਦ ਨਹੀਂ ਹੁੰਦੀਆਂ। ਸਿੱਖ ਇਤਿਹਾਸ ਦੇ ਪੰਨਿਆਂ ਤੋਂ ਘੋੜਿਆਂ ਦੀ ਲਿੱਦ ਸੁਟਣ ਵਾਲੇ ਸਰਦਾਰ ਕਪੂਰ ਸਿੰਘ ਨੂੰ ਨਵਾਬੀ ਮਿਲਣ ਦਾ ਉਲੇਖ ਕਰਦੇ ਹੋਏ ਸ੍ਰ: ਸੰਗਤ ਸਿੰਘ ਜੀ ਲਿਖਦੇ ਹਨ ਕਿ ‘…. . ਫੈਸਲਾ ਹੋਇਆ ਕਿ ਨਵਾਬੀ, ਕਪੂਰ ਸਿੰਘ (ਜਨਮ ਸੰਨ ੧੬੯੭) ਨੂੰ ਦਿਤੀ ਜਾਵੇ ਜਿਸ ਨੇ ਇਸ ਸ਼ਾਹੀ ਖਿੱਲਤ ਨੂੰ ਪੰਜ ਮੁੱਖੀ ਗੁਰਸਿੱਖਾਂ ਦੇ ਚਰਨਾਂ ਨਾਲ ਛੁਹਾਉਣ ਪਿੱਛੋਂ ਪਰਵਾਨ ਕਰ ਲਿਆ’। ਸ੍ਰ: ਸਤਿਬੀਰ ਸਿੰਘ ਅਨੁਸਾਰ ਕਈ ਵਿਦਵਾਨ ਤਾਂ ਇਥੋਂ ਤੱਕ ਕਹਿ ਗਏ ਹਨ ਕਿ ਉਨ੍ਹਾਂ (ਸਰਦਾਰ ਕਪੂਰ ਸਿੰਘ) ਜਿਹਾ ਕੋਈ ਘੱਟ ਹੀ ਮਿਲਦਾ ਸੀ। ਉਨ੍ਹਾਂ ਪਿੱਛੋਂ ਮਨਮਾਨੀ ਵਧੀ ਹੈ।

੨੦ਵੀਂ ਸਦੀ ਦੇ ਦਰਵੇਸ਼ ਭਗਤ ਪੂਰਨ ਸਿੰਘ ਜੀ ਹੋਰਾਂ ਕੋਲ ਕਿਹੜਾ ਔਹਦਾ ਸੀ। ਅੱਜ ਦੁਨੀਆਂ ਉਨ੍ਹਾਂ ਦੀ ਬਿਨਾਂ ਭੇਦ-ਭਾਵ ਨਿਸ਼ਕਾਮ ਸੇਵਾ ਨੂੰ ਯਾਦ ਕਰਦੀ ਪਈ ਹੈ। ਜਰਾ ਝਾਤ ਮਾਰੋ! ਢਾਈ ਕੁ ਦਹਾਕਿਆਂ ਤੋਂ ਨਿਰੰਤਰ ਲੰਗਰ ਦੀ ਸੇਵਾ ਕਰਦੇ ਰਹੇ ਸਕਾਰਬਰੋ (ਟੋਰਾਂਟੋ) ਗੁਰੂ-ਘਰ ਦੇ ਅਨਿਨ ਸੇਵਾਦਾਰ ਸ੍ਰ: ਪ੍ਰੀਤਮ ਸਿੰਘ ਜੀ `ਚਾਨਾ’ ਹੋਰਾਂ ਦੇ ਇਸ ਕਾਲ ਦੌਰਾਨ ਗੁਰਦੁਆਰਾ ਸਾਹਿਬ ਵਿੱਚ ਕਈ ਕਮੇਟੀਆਂ ਆਈਆਂ ਤੇ ਕਈ ਗਈਆਂ। ਸਮੇਂ-ਸਮੇਂ ਔਹਦੇਦਾਰ ਵੀ ਬਦਲਦੇ ਰਹੇ। ਇਲਾਕੇ ਦੀ ਸਿੱਖ ਸੰਗਤ ਨੂੰ ਇਸ ਗੁਰਦੁਆਰੇ ਦੇ ਔਹਦੇਦਾਰਾਂ ਬਾਰੇ ਜਾਣਕਾਰੀ ਰਹੇ-ਨ-ਰਹੇ, ਪਰ ਪਿੱਛਲੇ ਦਿਨੀ ਉਨ੍ਹਾਂ ਦੀ ਅੰਤਮ ਅਰਦਾਸ ਸਮੇਂ ਜੁੜਿਆ ਬਹੁਤ ਪ੍ਰਭਾਵਸ਼ਾਲੀ ਇੱਕਠ ਇੱਕ ਸੁਨੇਹਾ ਜ਼ਰੂਰ ਦੇ ਗਿਆ ਕਿ ਸੰਗਤਾਂ ਸ੍ਰ: ਪ੍ਰੀਤਮ ਸਿੰਘ ਦੀਆਂ ਸੇਵਾਵਾਂ ਆਪਣੇ ਆਖਰੀ ਦਮਾਂ ਤੱਕ ਨਹੀਂ ਭੁੱਲਾ ਸਕਣਗੀਆਂ। ਸਾਨੂੰ ਯਾਦ ਰੱਖਣਾ ਚਾਹੀਦੈ ਕਿ ਗੁਰੂ-ਆਸ਼ੇ ਅਨੁਸਾਰ ਗੁਰੂ ਘਰਾਂ ਵਿੱਚ ਔਹਦੇਦਾਰੀਆਂ ਦੀ ਹਿਰਸੀ-ਸੇਵਾ ਨੂੰ ‘ਸਿੱਖ ਪ੍ਰੰਪਰਾ-ਗਤ ਪ੍ਰਵਾਨ ਸੇਵਾ’ ਕਦਾਂਚਿਤ ਨਹੀਂ ਮੰਨਿਆ ਗਿਆ।।

ਸਿੱਖ ਧਰਮ ਦੀ ਇਹੋ ਵਡਿਆਈ ਹੈ ਕਿ ਸਾਰੇ ਬਿਖਰੇਵੇਂ, ਫੈਸਲੇ, ਮਸਲੇ, ਸਮਸਿਆਵਾਂ ਆਦਿ ਸਰਬ ਪ੍ਰਮਾਣਿਤ ਗੁਰਮਤੇ ਰਾਹੀਂ ਹੀ ਨਿਪਟਾ ਲਏ ਜਾਣ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਸਰਵ ਉੱਚ-ਅਦਾਲਤ ਹਨ ਅਤੇ "ਪੂਰਾ ਨਿਆਉ…" ਕਰਨ ਦੇ ਸਮਰਥ ਹਨ ਕਿਉਂਕਿ ‘ਓਸ ਦੇ ਘਰ ਸਦਾ ਸਦਾ ਹੈ ਨਿਆਉ’। ਸ਼ੋਭਨੀਯ ਨਹੀਂ ਹੈ ਕਿ ‘ਲੰਮਾ ਦਾਹੜਾ ਲੰਮੀ ਮਾਲਾ, ਲੰਮਾ ਟਿੱਕਾ ਚੰਦਨਾਂ-ਗਿੱਲਾ ਪਰਨਾ ਮੋਢੇ ਧਰਿਆ ਹੋਇ ਚਾਲ ਬਿੱਚਕਣਾ’। ਸਿੱਖ ਪ੍ਰੰਪਰਾਵਾਂ ਦੇ ਵਿਪ੍ਰੀਤ ਗੁਰ-ਅਸਥਾਨਾਂ ਨੂੰ ਦੁਨਿਆਵੀ ਅਦਾਲਤਾਂ ਵਿੱਚ ਰੋਲਣਾ ਅਜੋਕੇ ਸਿੱਖ ਦੀ ਹਊਮੈਂ-ਵੱਸ ਸੌੜੀ ਸੋਚ ਦਾ ਪ੍ਰਤੱਖ ਨਤੀਜਾ ਕਿਹਾ ਜਾ ਸਕਦਾ ਹੈ।

ਕਹੀ ਭਾਵੇ ਕੁੱਛ ਜਾਈਏ ਇਹ ਤਾਂ ਅੰਨ੍ਹਿਆਂ ਨੂੰ ਵੀ ਸਾਫ਼ ਦਿਸਦਾ ਹੈ ਕਿ ਇਸ ਤਾਜ਼ਾ-ਤਰੀਨ ਉਲਝਾਟ ਪਿੱਛੇ ‘ਮਸਲਾ ਹੀ ਕੁਰਸੀ ਦਾ ਹੈ’। ਕੀ ਇਹ ‘ਨਿਆਂ’ ਮੰਗਣ ਵਾਲੇ ‘ਗੁਰੂ ਹਜ਼ੂਰੀ’ ਵਿੱਚ ਪ੍ਰਣ ਕਰ ਸਕਣਗੇ ਕਿ ‘ਫੈਸਲਾ’ ਕੁੱਝ ਵੀ ਪਿਆ ਹੋਵੇ ਭਵਿੱਖ ਵਿੱਚ ਕਦੇ ਵੀ ‘ਉਹ’ ਸਿੱਧੇ ਜਾਂ ਅਸਿੱਧੇ ਤੌਰ ਤੇ ਗੁਰਦੁਆਰਾ ਸਾਹਿਬ ਦੀ ਚੋਣ-ਪ੍ਰਕਿਆ ਵਿੱਚ ਭਾਗ ਨਹੀਂ ਲੈਣਗੇ। ਜੇ ਨਹੀਂ-ਤਾਂ ਉਕਤ ਅਨੁਮਾਨ ਗਲਤ ਨਹੀਂ ਕਿਹਾ ਜਾ ਸਕਦਾ।

ਗੁਰੁ-ਘਰ ਨਾਲ ਚਿਰੋਕਣੇ ਜੁੜੇ ਅਤੇ ਤਿਰਸ਼ੀ ਨਜ਼ਰ ਰੱਖਣ ਵਾਲੇ ਹੰਢੇ ਹੋਏ ਸਿੱਖ ਦਾ ਮੰਨਣਾ ਹੈ ਕਿ ਦਸੋ ਭਲਾ! ਸ਼ਾਹਦੀ ਨਾਲ ਕੌਣ ਦਾਹਵਾ ਕਰ ਸਕਦਾ ਹੈ ਕਿ ਇਹ ਪ੍ਰਬੰਧਕ ਵਧੀਆ ਹੈ ਅਤੇ ਔਹ ਮਾੜਾ? ਸਤਿਗੁਰਾਂ ਦਾ ਫੁਰਮਾਨ ਹੈ:-

‘ਹਮ ਨਹੀ ਚੰਗੇ ਬੁਰਾ ਨਹੀ ਕੋਇ’।

ਗੁਰ-ਅਸਥਾਨਾਂ ਦੀ ਸਾਂਭ-ਸੰਭਾਲ ਲਈ ਵੋਟ-ਪ੍ਰਨਾਲੀ ਰਾਹੀਂ ਚੋਣ ਪ੍ਰਕ੍ਰਿਆ ਅਤੇ ਪਿੱਛੋਂ ਘਾਟੇ’ ਚ ਰਹੀ ਧਿਰ ਵਲੋਂ ਅਦਾਲਤੀ ਕਾਰਵਾਈਆਂ ਦਾ ਸਿਲਸਿਲਾ ਸਿੱਖ ਸੰਗਤਿ ਲਈ ਅਤਿਅੰਤ ਦੁਖਦਾਈ ਵਾਤਾਵਰਨ ਪੈਦਾ ਕਰ ਦੇਂਦਾ ਹੈ। ਸ਼ਰਧਾਲੂਆਂ ਦੇ ਮਨਾਂ ਨੂੰ ਗੰਭੀਰ ਠੇਸ ਪਹੁੰਚਦੀ ਹੈ। ਸ਼ਰਧਾਲੂਆਂ ਦੇ ਚੜ੍ਹਾਵੇ ਦਾ ਮੁਫਤ-ਮੁਲਾ ਪੈਸਾ, ਬਸ ਫੇਰ ਕੀ `ਚੋਰਾਂ ਦੇ ਕੱਪੜੇ ਤੇ ਡਾਗਾਂ ਦੇ ਗਜ’ -ਉਡਾਈ ਜਾਓ, ਉਡਾਈ ਜਾਓ। ਸੰਗਤ ਨੂੰ ਸੁਣਾਈ ਜਾਓ ਕਿ ਪ੍ਰਭੂ ਦੇ ਗੁਣ ਗਾਈ ਜਾਓ।

ਹਾਂ! ਇੱਕ ਗੱਲ ਚੰਗੀ ਕੀਤੀ ਐ ਇਸ ਗੁਰਦੁਆਰੇ ਦੇ ਹੁਣ ਵਾਲੇ ਪ੍ਰਬੰਧਕਾਂ ਨੇ………ਯਾਰੋ! ਕੋਈ ਸੱਚ ਤਾਂ ਬੋਲਿਆ ਕਿ ਅਦਾਲਤੀ ਕੇਸ ਦਾ ਪੈਸਾ ਗੋਲਕ ਵਿੱਚੋ ਲੱਗੂ ਕਿਉਂਕਿ ਮੁੱਕਦਮਾ ਗੁਰਦੁਆਰਾ ਸਾਹਿਬ ਤੇ ਹੋਇਆ ਹੈ।

ਉਸ ਨੂੰ ਦਸਿਆ ਗਿਆ ਕਿ ਦੂਸਰੀ ਧਿਰ ਤਾਂ ਕਹਿ ਰਹੀ ਹੈ ਕਿ ਅਸੀਂ ਮੁੱਕਦਮੇ ਦਾ ਖਰਚ ਆਪਣੇ ਕੋਲੋ ਕਰਦੇ ਪਏ ਆਂ ਤਾਂ ਕਹਿਣ ਲੱਗਾ, ਯਕੀਨ ਨਹੀ ਬੱਝਦਾ ਕਿ ਏਦਾਂ ਹੁੰਦਾ ਹੋਊ? ਲੈ ਸੁਣ ਮਿੱਤਰਾ! ਇੱਕ ਸੱਚੀ ਕਹਾਣੀ -ਨਿਰਖ ਆਪ ਕਰ ਲਵੀਂ।

‘ਰੱਬ ਝੂਠ ਨ ਬੁਲਾਏ! ਕੁੱਝ ਸਮਾਂ ਪਹਿਲਾਂ ਇੱਕ ਗੁਰਦਆਰੇ ਦਾ ਕੇਸ ਚੱਲ ਰਿਹਾ ਸੀ। ਵਕੀਲਾਂ ਦੀ ਫ਼ੀਸ ਦੇ ਅੰਨ੍ਹੇ-ਖੂਹ ਭਰਨ ਲਈ ਵਡੇ-ਵਡੇ ਸ਼ਮਲਿਆਂ ਵਾਲੇ ਦਾਨੇ-ਪ੍ਰਧਾਨੇ ਡਾਲਰ ਇੱਕਠੇ ਕਰਨ ਤੁਰ ਪਏ। ਸਮਝੋ ਮਾੜੀ ਕਿਸਮਤ ਮੇਰੀ! ਜ਼ੋਰ ਪਾ ਕੇ ਨਾਲ ਤੋਰ ਲਿਆ। ਲਓ ਜੀ! ਤੁਰ ਪਏ ਝੋਲੀ-ਚੁੱਕਾਂ ਵਾਂਗੁੰ ਦਰ-ਦਰ ਮੰਗਣ। ਗੁਰਦੁਆਰੇ ਦੇ ਕੇਸ ਦੀ ਵਿਥਿਆ ਸੁਣ-ਸੁਣ ਕੇ ਨਾਲੇ ਲੋਕੀਂ ਮੁੱਸਕੜੀਆਂ’ ਚ ਹਸੀ ਜਾਇਆ ਕਰਨ ਅਤੇ ਨਾਲੇ ਠਿੱਠ ਕਰੀ ਜਾਣ: ‘ਹਲਾਅ…ਹੁਣ ਫੇਰ ਗੁਰਦੁਆਰਾ ਸੂਧਰ ਜੂ…ਵਾਹ ਭਈ ਵਾਹ’ …ਤਕੜੇ ਹੋ ਕੇ ਲੜਿਆ ਜੇ’। ਜਿਵੇਂ ਅਸੀਂ ‘ਜਮਰੋਦ ਦਾ ਕਿਲ੍ਹਾ’ ਫ਼ਤਹਿ ਕਰਨ ਚਲੇ ਹੋਈਏ। ਮਗਰੋ ਵਿਦਾਇਗੀ ਵੇਲੇ ਕਿਸੇ ਕੰਜੂਸ ਮਾਈ ਵਲੋਂ ਮੰਗਤਿਆਂ ਲਈ ਸੂੜਾ ਰਲਾ ਕੇ ਰਖੇ ਸੁਸਰੀ ਵਾਲੇ ਆਟੇ’ ਚੋਂ ਚੁੱਟਕੀ ਕੁ ਖੈਰ ਪਾ ਦੇਣ ਤੇ ਕਹਿਣ ‘ਸ਼ਾਬਾਸ਼ੇ ਭਈ ਸ਼ਾਬਾਸ਼ੇ! ਨੇਕ ਕੰਮ ਲਗੇ ਓ, ਹੁਣ ਪਿੱਛੇ ਨ ਹਟਿਆ ਜੇ’। ਖੈਰ! ‘ਸ਼ਿਵਜੀ ਬ੍ਰਹਮਾਂ ਦੀਆਂ ਟੱਲੀਆਂ ਖੜਕਾਉਦਾ ਸਿੱਖ-ਮੰਗਤਿਆਂ ਦਾ ਇਹ ਟੋਲਾ’ ਫੇਰ ਪਹੁੰਚ ਗਿਆ ਇੱਕ ਵਧੀਆ ਚਲਦੇ ਫਿਰਦੇ ਗੁਰਦੁਆਰੇ ਦੀ ਕਮੇਟੀ ਕੋਲ। ਭਲਾ ਹੋਵੇ ਸੂ ਵਿਚਾਰਿਆਂ ਦਾ, ਓਨ੍ਹਾਂ ਗੁਰੂ-ਸੁਵਾਰਿਆਂ ਦਾ, ਬੜਾ ਆਦਰ-ਮਾਣ ਦਿਤਾ। ਮਾਨੋ! ਹੱਥੀਂ ਚੁੱਕ ਲਿਆ…. ਕੇਅ…ਅ।

ਸਾਡੇ ਟੋਲੇ ਦੇ ਇੱਕਲੇ-ਇੱਕਲੇ ਲੀਡਰ ਨੂੰ ਬਹੁਤ ਸੰਜੀਦਗੀ ਅਤੇ ਗਹੁ ਨਾਲ ਸੁਣਿਆ ਜਾ ਰਿਹਾ ਸੀ ਅਤੇ ਮੈਂ ਪਿੱਛੇ ਕੰਧ ਨਾਲ ਢੋਅ ਲਾਈ ਬੈਠਾ ਸੋਚ ਰਿਹਾ ਸਾਂ ਕਿ ਵਡੇ ਘਰ ਆਏ ਹਾਂ-ਵਡੀ ਖੈਰ ਪਊ। ਸਿੰਘਾ! ਬਈ ਅੱਜ ਤਾਂ ਵਾਰੇ-ਨਿਆਰੇ ਹੋ ਜਾਣਗੇ। ਗੱਲ ਮੁੱਕਾਵਾਂ ਕਿ ਸੁਣ-ਸੁਣਾਕੇ ਕਮੇਟੀ ਵਾਲੇ ਕਹਿਣ ਲਗੇ ਕਿ ਅਸੀਂ ਆਪਣੇ ਗੁਰਦੁਆਰੇ ਦੀ ਅਗਲੀ ਕਮੇਟੀ ਮੀਟਿੰਗ ਵਿੱਚ ਵਿਚਾਰਨ ਉਪਰੰਤ ਸਾਧ-ਸੰਗਤ ਤੋਂ ਪ੍ਰਵਾਨਗੀ ਲੈ ਕੇ ਦਸਾਂਗੇ ਕਿ ਅਸੀਂ, ਤੁਹਾਡੇ ਲਈ ਕੀ ਕਰ ਸਕਦੇ ਹਾਂ?

ਪਰ……. . ਇੱਕ ਗਲ ਹੋਰ ਪੁੱਛਣੀ ਚਾਹੁੰਦੇ ਹਾਂ ਜੇ ਆਗਿਆ ਹੋਵੇ’ ? ਉਨ੍ਹਾਂ ਵਿੱਚੋਂ ਇੱਕ ਜਣਾ ਬੋਲਿਆ।

‘ਪੁੱਛੋ! ਪੁੱਛੋ! !’ ਸਾਡੇ ਸਾਰਿਆਂ ਦੀ ਇੱਕ ਅਵਾਜ਼ ਸੀ।

ਸਾਡੇ ਸਾਰਿਆਂ ਵਿੱਚੋਂ ਵਿੱਲਖਣ ਸਖ਼ਸ਼ੀਅਤ ਦੇ ਮਾਲਕ ਓਸ ਵਿਅਕਤੀ ਵੱਲ ਇਸ਼ਾਰਾ ਕਰਕੇ ਕਹਿਣ ਲਗਾ:

‘ਸਰਦਾਰ ਜੀ! ਜਦੋਂ ਤੁਸੀਂ ਗੁਰਦੁਆਰੇ ਦੇ ਪ੍ਰਧਾਨ ਸਓ ਅਤੇ ਏਧਰ ਗੁਰਦੁਆਰੇ ਦੇ ਪ੍ਰਬੰਧਕਾਂ ਵਿੱਚ ਚੱਲਦੇ ਮਾਮੂਲੀ ਮਤ-ਭੇਦਾਂ ਦਾ ਲਾਭ ਉਠਾ ਕੇ ‘ਤੁਸੀਂ’ ਸਾਡੀ ਕਮੇਟੀ ਦੋਫ਼ਾੜ ਕਰਨ ਲਈ ਅਤੇ ਅਦਾਲਤੀ ਕੇਸ ਪਾਉਣ ਲਈ ਉਨ੍ਹਾਂ ਨਰਾਜ-ਮੈਂਬਰਾਂ ਨੂੰ ਪੰਜਾਹ ਹਜ਼ਾਰ ਡਾਲਰ (੫੦, ੦੦੦. ੦੦) ਨਹੀਂ ਸਓ ਦੇ ਕੇ ਗਏ-ਕਿ ਇਨ੍ਹਾਂ ਨੂੰ ਤੁੰਨ ਕੇ ਰੱਖ ਦਿਓ?

ਓਏ ਮੇਰੇ ਮਿੱਤਰਾ! ਮੇਰੇ ਵਰਗਿਆਂ ਕਈਆਂ ਨੂੰ ਤਾਂ ਜਿਵੇਂ ਸੱਪ ਈ ਸੁੰਘ ਗਿਆ। ਸਾਡੇ ਚਿਹਰੇ ਪੀਲੇ-ਫਟਕ, ਕੱਚੀਆਂ ਤਰੇਲੀਆਂ ਆਉਣ ਤੇ ਜਾਣ ਬਈ ਇਹ ਕੀ ਬਣ ਗਿਆ? ਖੈਰ! ਬੜਾ ਜ਼ੇਰਾ ਓਸ ਦਾ, ਪਹਿਲਾਂ ਆਲਾ-ਦੁਆਲਾ ਝਾਕਿਆ ਤੇ ਫ਼ਿਰ ਬੂਬਨੇ-ਸਾਧ ਵਾਂਗੂੰ ਆਦਤਨ ਹੱਥ ਜੋੜ ਕੇ ਕਹਿਣ ਲਗਾ, ‘ਜੀ! ਏਨਾਂ ਕੁ ਤੇ ਫੇਰ ਕਰਨਾ ਈ ਪੈਂਦਾ ਐ ਨਾ’।

‘ਓ ਮੇਰਿਆ ਰੱਬਾ! ਇਹ ਕੀ’ ? ਮੇਰੇ ਵਾਂਕੁਰ ਕਈ ਪਾਣੀਉਂ ਪਤਲੇ ਹੋਏ ਨੀਵੀਆਂ ਪਾਈ ਅੱਗੜ-ਪਿੱਛੜ ਗੁਰਦੁਆਰਿਉਂ ਬਾਹਰ ਆ ਗਏ। ਜੇ ਕੋਈ ਫ਼ਰਕ ਨਹੀਂ ਦਿਸਿਆ ਤਾਂ ਕੇਵਲ ਓਸ ਵਿੱਚ।

ਬਸ ਓਸ ਦਿਨ ਤੋਂ ਮੇਰਾ ਤਾਂ ਦਿਲੋ-ਦਿਮਾਗ ਬਹੁਤ ਹੀ ਬੋਝਲ ਜਿਹਾ ਰਹਿਣ ਲਗ ਪਿਆ। ਸੋਚੀਂ ਜਾਣਾ ਕਿ ‘ਗੁਰੂ ਦੀ ਗੋਲਕ’ ਤਾਂ ਪਵਿੱਤਰ ਕਾਰਜ਼ਾਂ ਲਈ ਖ਼ਚਤ ਹੋਣੀ ਤਹਿ ਹੈ। ਇਹ ਕੀ ਸੁਣਿਆ, ਇੰਝ ਹੋਇਆ ਹੋਊ? ਨਹੀਂ, ਨਹੀਂ, ਇਹ ਨਹੀਂ ਹੋ ਸਕਦਾ? ਰਾਤ ਦਿਨ ਸੋਚੀਂ ਜਾਂਣਾ-ਬਸ ਸੋਚੀਂ ਹੀ ਜਾਂਣਾ।

ਮਿੱਤਰਾ! ਵਕਤ ਦੇ ਕਰਵਟ ਲੈਂਦਿਆਂ ਹੀ, ਮੇਰਾ ਭਰਮ-ਗੜ੍ਹ ਤਾਂ ਚੰਦ-ਦਿਨਾਂ ਵਿੱਚ ਹੀ ਟੁੱਟ ਗਿਆ। ਅਗਲੇ ਦਿੱਨੀ ਬੌਂਦਲਿਆ ਹੋਇਆ ਓਹੋ ਮੋਹਰੀ ਬੰਦਾ ਗੁਰਦੁਆਰੇ ਵਿੱਚ ਖ਼ਜਾਨਚੀ ਨਾਲ ‘ਤੂੰ-ਤੂੰ, ਮੈਂ-ਮੈਂ’ ਕਰਦਾ ਵੇਖਿਆ। ਤੱਤੀ ਭਾਸ਼ਾ ਵਿੱਚ ਬੋਲ ਰਿਹਾ ਸੀ, ‘ਓਏ! ਤੁਸੀਂ ਪੰਜ ਸੌ ਡਾਲਰ ਨਹੀਂ ਦੇ ਸਕਦੇ…ਅਖੇ! ਮਾਇਆ ਸੰਗਤ ਦੀ ਭੇਟਾ ਐ…ਅਸੀਂ ਆਪਣੇ ਵੇਲੇ ਤੀਹ-ਤੀਹ, ਚਾਲੀ-ਚਾਲੀ ਹਜ਼ਾਰ ਡਾਲਰ ਚੁੱਟਕੀ ਨਾਲ ਉੱਡਾ ਦੇਂਦੇ ਹੁੰਦੇ ਸਾਂ। ਆਏ ਵਡੇ ਗੋਲਕ ਦੇ ਹੇਜ਼ੀ….’।

ਇਹ ਸੁਣ ਕੇ ਸ਼ਰਮ-ਸਾਰ ਹੋਏ ਨੂੰ ਗਰਕਣ ਲਈ ਧਰਤੀ ਵੇਹਲ ਨ ਦੇਵੇ।

ਏਥੇ ਤਾਂ ਲਗਦੈ- ‘ਖੀਸਾ ਕਿਸੇ ਦਾ ਤੇ ਹੱਥ ਕਿਸੇ ਦਾ’, । ਹੱਲਾ-ਸ਼ੇਰੀ ਅਤੇ ਪਿੱਠ ਉਤੇ ਹੱਥ ਹੋਵੇ ਸਹੀ, ਡਿੱਗੀ ਕਲਗੀ ਵਾਲਾ ਮਾੜਚੂ ਤੋਂ ਮਾੜਚੂ ਜਿਹਾ ਵੀ ਚੋਖੀ ਖੇਹ ਉਡਾਉਣ ਦੇ ਕਾਬਲ ਹੋ ਜਾਂਦਾ ਹੈ।

ਸਿੰਘੋ! ਗੁਰੂ-ਘਰਾਂ ਵਿੱਚਲੇ ਸ਼ਾਂਤ-ਮਈ ਵਾਤਾਵਰਨ ਨੂੰ ਲਾਂਬੂ ਲਾਉਣੇ ਘਟੋ-ਘਟ ਆਪਾਂ ਨੂੰ ਸ਼ੋਭਾ ਨਹੀਂ ਦੇਂਦੇ। ਵਾਹਿਗੁਰੂ! ਅਜੇਹੇ ਸਭਨਾਂ ਨੂੰ ਸੁਮੱਤ ਬਖ਼ਸ਼ੇ। ਸਿੱਖ ਧਰਮ ਦੀ ਪਵਿੱਤ੍ਰਤਾ ਬਰਕਰਾਰ ਰਖਣ ਲਈ ਅਤੀ ਜ਼ਰੂਰੀ ਹੈ ਕਿ ਸਿੱਖ ਸੰਗਤ ਅਜੇਹੇ ਲੀਡਰਾਂ ਤੋਂ ਸਦਾ ਸੁਚੇਤ ਰਹੇ। ਅੰਤ ਵਿੱਚ ਪੜ੍ਹਦੇ-ਸੁਣਦੇ ਸਭ ਲਾਹੇਵੰਦ ਹੋਵਣ, ਭੁੱਲ-ਚੁੱਕ ਮੁਆਫ ਕਰਨੀ ਫਿਰ ਵੀ ਜੇ ‘ਕਰਕ ਕਲੇਜੇ ਮਾਹਿ’ ਬਾਕੀ ਰਹੇ ਤਾਂ ‘…ਆਪਨੜੇ ਗਿਰੀਵਾਨ ਮਹਿ ਸਿਰ ਨੀਵਾਂ ਕਰਿ ਦੇਖੁ’॥ ਇਸ ਕਲਮ ਦੀ ਕਾਮਨਾ ਹੈ।

*****

ਤਰਲੋਕ ਸਿੰਘ ‘ਹੁੰਦਲ’

ਬਰੈਂਮਟੰਨ

(੯੦੫) ੭੯੪-੨੮੮੭




.