.

(ਵਿਚਲੀ ਗੱਲ)

ਭਾਰਤ ਮਹਾਂਨ `ਚ ਦੰਗਾਕਾਰੀਆਂ ਨੂੰ ਸਜਾ ਦੇਣ ਵਾਲਾ ਕਾਨੂੰਨ ਹੀ ਨਹੀਂ ਹੈ

ਬੀ. ਐੱਸ. ਢਿੱਲੋਂ ਐਡਵੋਕੇਟ

ਪਹਿਲੀ ਨਵੰਬਰ ਹੈ ਹਰ ਸਾਲ ਦੀ ਤਰਾਂ ਦਿੱਲੀ ਦੰਗਿਆਂ ਦੇ ਦੋਸ਼ੀਆਂ ਲਈ ਸਜਾਵਾਂ ਦੀ ਮੰਗ ਹੋ ਰਹੀ ਹੈ। ਸੰਸਦ ਦੇ ਦੋਵਾਂ ਸਦਨਾਂ ਨੂੰ ਸੰਬੋਧਨ ਕਰਦਿਆਂ ਸਾਬਕਾ ਰਾਸ਼ਟਰਪਤੀ ਡਾ. ਕਲਾਂਮ ਸਾਹਿਬ ਨੇ ਕਿਹਾ ਸੀ ਕਿ ਫਿਰਕੂ ਹਿੰਸਾ ਨਾਲ ਨਿਪਟਣ ਲਈ ਨਵਾਂ ਕਾਨੂੰਨ ਬਣਾਇਆ ਜਾਵੇਗਾ। ਪ੍ਰਧਾਂਨ ਮੰਤਰੀ ਵੀ ਅਜਿਹਾ ਕਾਨੂੰਨ ਬਣਾਉਣ ਬਾਰੇ ਕਹਿੰਦੇ ਆ ਰਹੇ ਹਨ। ਪਰ ਬਣੇਗਾ ਕਦੋਂ? ਇਹ ਰੱਬ ਹੀ ਜਾਣਦਾ ਹੈ। ਸਧਾਰਣ ਫੌਜਦਾਰੀ ਕਾਨੂੰਨਾਂ ਨਾਲ ਦੰਗਿਆਂ ਦੇ ਅਪਰਾਧੀਆਂ ਨੂੰ ਸਜ਼ਾ ਨਹੀਂ ਹੁੰਦੀ। ਦੋਸ਼ੀ ਅਦਾਲਤਾਂ ਵਿਚੋਂ ‘ਸ਼ੱਕ ਦੀ ਬਿਨ੍ਹਾਂ’ `ਤੇ ‘ਬਾਇੱਜ਼ਤ ਬਰੀ’ ਹੋ ਜਾਂਦੇ ਹਨ। ਦਲਚਸਪ ਗੱਲ ਇਹ ਹੈ ਕਿ ਪਿਛਲੇ ਸੱਠ ਸਾਲਾਂ ਵਿੱਚ ਦੰਗਿਆਂ ਵਿੱਚ ਹਜਾਰਾਂ ਲੋਕ ਮਾਰੇ ਗਏ ਹਨ, ਸੈਕੜੇ ਔਰਤਾਂ ਦੇ ਬਲਾਤਕਾਰ ਹੋਏ ਤੇ ਕਰੋੜਾਂ ਰੁਪੈ ਦੀ ਜਾਇਦਾਤ ਤਬਾਹ ਹੋਈ ਤੇ ਕਦੀ ਕੋਈ ਦੰਗਾਕਾਰੀ ਫਾਸੀ ਲੱਗਦਾ ਨਹੀਂ ਵੇਖਿਆ। ਪੀੜਤ ਲੋਕ ਇਨਸਾਫ ਲਈ ਤਰਸਦੇ ਰਹੇ ਪਰ ਕਿਸੇ ਨੇ ਇਹ ਨਹੀਂ ਸੋਚਿਆ ਕਿ ਸਾਡੇ ਕੋਲ ਤਾਂ ਦੰਗਾਕਾਰੀਆਂ ਨੂੰ ਸਜਾ ਦਵਾਉਣ ਵਾਲਾ ਕਾਨੂੰਨ ਹੀ ਨਹੀਂ। ਦੰਗੇ ਸਧਾਰਣ ਕਤਲਾਂ ਨਾਲੋਂ ਵੱਖਰੇ ਹੁੰਦੇ ਹਨ। ਇਨ੍ਹਾਂ ਲਈ ਸਬੂਤ ਜਟਾਉਣੇ ਅਸਾਂਨ ਨਹੀਂ ਹੁੰਦੇ। ਖਾਸ ਤੌਰ ਤੇ ਜਦੋਂ ਸਬੰਧਤ ਸ਼ਹਿਰਾਂ `ਚ ਸਰਕਾਰਾਂ ਹੀ ਦੰਗੇ ਕਰਵਾਉਣ ਵਾਲਿਆਂ ਦੀਆਂ ਹੋਣ। ਹੁਣ ਲੋੜ ਹੈ ਕਿ ਦੋਸ਼ੀ ਤੇ ਹੀ ਇਹ ਜਿੰਮੇਵਾਰੀ ਪਾਈ ਜਾਵੇ ਕਿ ਉਹ ਸਾਬਤ ਕਰੇ ਕਿ ਉਹ ਬੇਕਸੂਰ ਹੈ।

ਹੁਣ ਤੱਕ ਦੇ ਸਾਰੇ ਦੋਸ਼ੀ ਦਿੱਲੀ ਦੰਗਿਆਂ ਵਿਚੋਂ ਬਰੀ ਹੋ ਚੁੱਕੇ ਹਨ। ਸਿਰਫ 13 ਵਿਅਕਤੀਆਂ ਨੂੰ ਮਾਮੂਲੀ ਜਿਹੀਆਂ ਸਜਾਵਾਂ ਹੋਈਆਂ। ਗੁਜਰਾਤ ਵਿੱਚ ਬੈਸਟ ਬੇਕਰੀ ਕੇਸ ਦੇ 21 ਦੰਗਾਕਾਰੀ ਬਰੀ ਹੋਣ ਤੇ ਦੇਸ਼ ਭਰ ਵਿੱਚ ਕੁਰਲਾਹਟ ਮੱਚ ਗਿਆ ਸੀ। ਪਹਿਲਾਂ 1947 ਵਿੱਚ ਵੀ ਲੱਖਾਂ ਲੋਕੀ ਮਾਰੇ ਗਏ ਪਰ ਕਿਸੇ ਦਾ ਕੁੱਝ ਨਹੀਂ ਵਿਗੜਿਆ। ਕਾਰਨ ਕੀ ਹੈ? ਸਾਡੇ ਮੌਜੂਦਾ ਫੌਜਦਾਰੀ ਕਾਨੂੰਨਾਂ ਹੇਠ ਦੰਗਾਕਾਰੀਆਂ ਨੂੰ ਸਜ਼ਾ ਹੋਣੀ ਅਸੰਭਵ ਹੀ ਹੈ। ਕਿਉਂ ਕਿ ਦੰਗੇ ਸਧਾਰਣ ਕਤਲਾਂ ਨਾਲੋਂ ਵੱਖਰੇ ਹੁੰਦੇ ਹਨ। ਜਿਨ੍ਹਾਂ ਲਈ ‘ਰੱਤੀ ਭਰ ਵੀ ਸ਼ੱਕ ਦੀ ਗੁੰਜਾਇਸ਼ ਨਾ ਹੋਵੇ’ ਵਾਲਾ ਫਾਰਮੂਲਾ ਨਹੀਂ ਲਾਗੂ ਹੋਣਾ ਚਾਹੀਦਾ।

ਸਾਡਾ ਫੌਜਦਾਰੀ ਕਾਨੂੰਨ ਮੰਗ ਕਰਦਾ ਹੈ ਕਿ ਮੁਲਜ਼ਮਾਂ ਦੇ ਨਾਂ ਐਫ਼ ਆਈ. ਆਰ਼ ਵਿੱਚ ਹੋਣੇ ਚਾਹੀਦੇ ਹਨ। ਕੀ ਇਹ ਸੰਭਵ ਹੈ ਕਿ ਦੰਗਾਕਾਰੀਆਂ ਦੀ ਭੀੜ ਦੀ ਕੋਈ ਗਵਾਹ ਪਹਿਚਾਣ ਕਰਕੇ ਉਨ੍ਹਾਂ ਦੇ ਨਾਂ ਪਰਚੇ ਵਿੱਚ ਦਰਜ ਕਰਵਾਏ। ਪਰ ਜੇ ਕੋਈ ਪਹਿਚਾਣ ਕਰ ਵੀ ਲਵੇ ਤਾਂ, ਅੱਗੇ ਰਿਪੋਰਟ ਲਿਖਣਾ ਪੁਲੀਸ ਦਾ ਕੰਮ ਹੈ ਤੇ ਪੁਲੀਸ ਸਰਕਾਰੀ ਹੁਕਮਾਂ ਅਨੁਸਾਰ ਚੱਲਦੀ ਹੈ। ਦਿੱਲੀ ਤੇ ਗੁਜਰਾਤ ਵਿੱਚ ਪੁਲਿਸ ਸਰਕਾਰੀ ਸ਼ਹਿ ਤੇ ਜਾਂ ਤਾਂ ਖੁਦ ਭੀੜਾਂ ਨਾਲ ਰਲ ਗਈ ਜਾਂ ਪੀੜਤ ਵਿਅਕਤੀਆਂ ਦੀ ਕੋਈ ਮੱਦਤ ਨਹੀਂ ਕੀਤੀ। ਅਜਿਹੀ ਪੁਲਸ ਠੀਕ ਰਿਪੋਰਟ ਕਿਵੇਂ ਲਿਖੇਗੀ? ਸੋ ਮੁਲਜ਼ਮਾਂ ਦੇ ਨਾਂ ਐਫ਼ ਆਈ. ਆਰ਼ ਵਿੱਚ ਨਾ ਹੋਣ ਕਾਰਨ ਅੱਧਾ ਕੇਸ ਤਾਂ ਇਥੇ ਹੀ ਉੱਡ ਗਿਆ। ਦੋਸ਼ੀ ਪਿੱਛੋਂ ਝੂਠੇ ਫਸਾਏ ਕਹਿ ਕੇ ਬਰੀ ਹੋ ਜਾਂਦੇ ਹਨ। ਅੱਜ ਕੱਲ੍ਹ ਤਾਂ ਅਜਿਹਾ ਅਨਸਰ ਮੂੰਹ ਢਕ ਕੇ ਕਾਰਾ ਕਰਦਾ ਹੈ।

ਦੂਜਾ ਨੁਕਤਾ ਸਾਡਾ ਗਵਾਈ ਕਾਨੂੰਨ (1872) ਕਹਿੰਦਾ ਹੈ ਗਵਾਹ ਇਹ ਦੱਸੇ ਕਿ ਕਿਸ ਨੇ ਲਲਕਾਰਾ ਮਾਰਿਆ, ਕਿਸ ਨੇ ਟਾਇਰ ਗਲ ਵਿੱਚ ਪਾਇਆ, ਕਿਸ ਨੇ ਤੇਲ ਪਾਇਆ ਤੇ ਕਿਸ ਨੇ ਤੀਲੀ ਲਾਈ, ਕਿਸ ਨੇ ਅੱਗ ਲਾਈ, ਕਿਸ ਨੇ ਛੁਰਾ ਮਾਰਿਆ? ਹਰ ਦੋਸ਼ੀ ਵੱਲੋਂ ਕੀਤਾ ਗਿਆ ਜੁਰਮ ਚਸ਼ਮਦੀਦ ਗਵਾਹ ਵੱਲੋਂ ਬਿਆਂਨ ਕੀਤਾ ਜਾਵੇ। ਇੱਕ ਵੀ ਗਲਤ ਬਿਆਨੀ ਨਾਲ ਦੋਸ਼ੀ ‘ਸ਼ੱਕ ਦੀ ਬਿਨ੍ਹਾ’ `ਤੇ ਬਰੀ ਹੋ ਜਾਂਦੇ ਹਨ। ਫਿਰ ਅਗਾਂਹ ਗੱਲ ਤੁਰਦੀ ਹੈ ਕਿ ਕੀ ਪੋਸਟ ਮਾਰਟਮ ਹੋਇਆ ਸੀ (ਦੰਗਿਆਂ ਦੇ ਪੋਸਟ ਮਾਰਟਮ ਕੌਣ ਕਰਾਉਂਦਾ ਹੈ) ਜੇ ਨਹੀਂ ਹੋਇਆ ਤਾਂ ਮ੍ਰਿਤਕ ਦੀ ਮੌਤ ਸ਼ੱਕੀ ਹੈ। ਦੋਸ਼ੀ ਫਿਰ ਬਰੀ।

ਅਗਾਂਹ ਕਹਾਣੀ ਤੁਰਦੀ ਹੈ ਕਿ ਕੀ ਡਾਕਟਰੀ ਰਿਪੋਰਟ ਤੇ ਗਵਾਹ ਦੀ ਗਵਾਹੀ ਮਿਲਦੀ ਹੈ? ਜੇ ਡਾਕਟਰੀ ਮੌਤ ਛੁਰਾ ਵੱਜਿਆ ਦੱਸਦੀ ਹੈ ਤੇ ਗਵਾਹ ਲਾਠੀਆਂ ਨਾਲ ਕੁੱਟ ਕੇ ਮਾਰਿਆ ਕਹਿੰਦੇ ਹਨ ਤਾਂ ਫਿਰ ‘ਕਹਾਣੀ ਫਿਰ ਸ਼ੱਕੀ ਹੈ’। ਜੇ ਵਕੀਲ ਤੇ ਮੁਲਜਮ ਕੇਸ ਨੂੰ ਲਮਕਾਉਣ `ਤੇ ਹੀ ਤੁਰ ਪੈਣ ਤਾਂ ਕੇਸ ਪੁਰਾਣਾ ਹੋਣ ਕਾਰਨ ਅਦਾਲਤ ਕਹਿੰਦੀ ਹੈ ਕਿ ਹੁਣ "ਇੰਨੇ ਸਾਲਾਂ ਬਾਅਦ ਦੋਸ਼ੀ ਨੂੰ ਜੇਲ੍ਹ ਭੇਜਣਾ" ਬੇਇਨਸਾਫੀ ਹੈ, ਰਹਿਮ ਕਰਨ ਦੀ ਲੋੜ ਹੈ। ਜੇ ਮੁਲਜ਼ਮ ਗੈਰਹਾਜ਼ਰ ਹੋ ਜਾਵੇ ਤਾਂ ਫਿਰ ਕੇਸ ਲਟਕ ਜਾਂਦਾ ਹੈ, ਕਿਉਂਕਿ ਮੁਲਜ਼ਮ ਦੀ ਹਾਜ਼ਰੀ ਜ਼ਰੂਰੀ ਹੈ। ਅਦਾਲਤ ਨੂੰ ਮੁਲਜ਼ਮ ਨੂੰ ਭਗੌੜਾ ਕਰਾਰ ਦਿੰਦਿਆਂ ਸਾਲਾਂ ਲੰਘ ਜਾਂਦੇ ਹਨ ਤੇ ਜਦੋਂ ਅਚਾਨਕ ਮੁਲਜ਼ਮ ਪ੍ਰਗਟ ਹੋ ਜਾਵੇ ਤਾਂ ਫਿਰ ਸਾਰੀ ਕਹਾਣੀ ਮੁੱਢੋਂ ਸ਼ੁਰੂ ਹੋਵੇਗੀ। ਉਦੋਂ ਤੱਕ ਪੇਸ਼ੀਆਂ ਭੁਗਤ ਚੁੱਕੇ ਗਵਾਹ ਤੇ ਮੁਦੱਈ ਖੁਦ ਹੀ ਥੱਕ ਕੇ ਘਰੇ ਬੈਠ ਜਾਂਦੇ ਹਨ।

ਜੇ ਡਾਕਟਰ ਪੈਸੇ ਲੈ ਕੇ, ਗਵਾਹ ਪੈਸੇ ਲੈ ਕੇ ਜਾਂ ਮੁਦੱਈਆਂ ਦੀਆਂ ਧਮਕੀਆਂ ਤੋਂ ਡਰ ਕੇ ਅਤੇ ਕੋਈ ਵਕੀਲ ‘ਬੇਈਮਾਨੀ’ ਕਰਕੇ ਕੇਸ ਦਾ ਭੱਠਾ ਬਿਠਾ ਦੇਵੇ ਤਾਂ ਦੋਸ਼ੀ ਫਿਰ ਬਰੀ। ਜੇ ਗਵਾਹਾਂ ਨੇ ਦੋਸ਼ੀਆਂ ਦੀ ਸ਼ਨਾਖਤ ਠੀਕ ਸਮੇਂ ਨਹੀਂ ਕੀਤੀ (ਬਹੁਤੇ ਦੰਗਾਕਾਰੀਆਂ ਦੀ ਹੁੰਦੀ ਹੀ ਨਹੀਂ) ਤਾਂ ਵੀ ਦੋਸ਼ੀ ਬਰੀ। ਜੇ ਸੋਲਾਂ ਸਾਲ ਦੀ ਉਮਰ ਦਾ ਵਿਗੜਿਆ ਦੰਗਾਕਾਰੀ ਵੀਹ ਆਦਮੀਆਂ ਨੂੰ ਮਾਰ ਦੇਵੇ ਤਾਂ ਵੀ ਸਜ਼ਾ ਕੋਈ ਨਹੀਂ। ਉਸ ਨੂੰ ਸੁਧਾਰ ਘਰ ਭੇਜ ਕੇ ਚੰਗਾ ਮਨੁੱਖ ਬਣਨ ਦਾ ਮੌਕਾ ਦੇਣ ਦਾ ਕਾਨੂੰਨ ਹੈ। ਜੇ ਚਾਰ ਦੋਸ਼ੀਆਂ ਨੇ ਦੰਗਾ ਪੀੜਤ ਕੁੱਟ ਕੇ ਮਾਰ ਦਿੱਤਾ ਪਰ ਡਾਕਟਰੀ ਰਿਪੋਰਟ ਕਹਿੰਦੀ ਹੈ ਕਿ ਮੌਤ ਸਿਰਫ ਸਿਰ ਦੀ ਸੱਟ ਨਾਲ ਹੋਈ ਤੇ ਸਿਰ ਵਾਲੀ ਸੱਟ ਬਾਰੇ ਗਵਾਹਾਂ ਨੇ ਕਿਸੇ ਦੋਸ਼ੀ ਦੇ ਕੀਤੇ ਵਾਰ ਬਾਰੇ ਨਹੀਂ ਲਿਖਿਆ, ਇਸ ਕਾਰਨ ‘ਸ਼ੱਕ ਦੀ ਬਿਨ੍ਹਾ’ `ਤੇ ਸਾਰੇ ਹੀ ਬਰੀ।

ਸਾਡਾ ਕਾਨੂੰਨ ਇਹ ਨਹੀਂ ਕਹਿੰਦਾ ਕਿ ਮਾਰਿਆ ਤਾਂ ਸਾਰਿਆਂ ਨੇ ਹੀ ਸੀ। ਵੀਹ ਸਾਲ ਲਟਕੇ ਕੇਸ ਵਿੱਚ ਜੇ ਸਾਰੇ ਗਵਾਹਾਂ ਨੇ ਇੰਨ ਬਿੰਨ ਇਕੋ ਜਿਹੀ ਕਹਾਣੀ ਨਹੀਂ ਦੱਸੀ ਤਾਂ ਗਵਾਹ ਸ਼ੱਕੀ ਹਨ। ਦੋਸ਼ੀ ਫੇਰ ਬਰੀ। ਉਪਰੋਂ ਜੇ ਦੰਗਾਕਾਰੀ ਦੋਸ਼ੀਆਂ ਨੂੰ ਵੱਖੋ ਵੱਖਰੇ ਜੁਰਮਾਂ ਲਈ ਦੋ, ਚਾਰ, ਛੇ, ਦਸ (ਕੁੱਲ ਬਾਈ) ਸਾਲ ਦੀ ਸਜ਼ਾ ਹੋ ਜਾਵੇ ਤਾਂ ਇਹ ਸਾਰੀਆਂ ਸਜ਼ਾਵਾਂ ਇਕੱਠੀਆਂ ਚੱਲਣ ਦਾ ਕਾਨੂੰਨ ਹੈ। ਯਾਨੀ ਵੱਡੀ ਸਜ਼ਾ ਦਸ ਸਾਲ। ਉਸ ਵਿਚੋਂ ਵੀ ਅੱਧੀ ਕੱਟਣੀ ਹੁੰਦੀ ਹੈ। ਉਪਰੋਂ ਨਵੀਂ ਸਰਕਾਰ ਬਣਨ ਦੀ ਖੁਸ਼ੀ ਵਿਚ, ਕਿਸੇ ਸਥਾਪਨਾ ਦਿਵਸ ਦੀ ਖੁਸ਼ੀ ਵਿਚ, ਆਜ਼ਾਦੀ ਦੀ ਵਰ੍ਹੇ ਗੰਢ ਜਾਂ ਜੁਬਲੀ ਦੀ ਖੁਸ਼ੀ ਵਿੱਚ ਸਾਲ ਦੋ ਸਾਲਾਂ ਦੀਆਂ ਮੁਆਫੀਆਂ ਮਿਲਦੀਆਂ ਹੀ ਰਹਿੰਦੀਆਂ ਹਨ। ਮਤਲਬ ਨਿਕਲਦਾ ਹੈ ਸਿਫਰ।

ਕਿਸੇ ਭਲੇ ਵੇਲੇ ਗਵਾਹਾਂ ਦੀ ਝੂਠੀ ਗਵਾਹੀ ਤੇ ਜਾਅਲੀ ਤਿਆਰ ਕੀਤੇ ਸਬੂਤਾਂ ਕਾਰਨ ਕੋਈ ਬੇਗੁਨਾਹ ਫਾਂਸੀ ਚੜ੍ਹ ਗਿਆ ਸੀ। ਉਦੋਂ ਤੋਂ ਹੀ ਸਾਡੇ ਕਾਨੂੰਨ ਅਤੇ ਅਦਾਲਤਾਂ ਦੀ ਅੰਤਰ ਆਤਮਾ ਕੰਬ ਉੱਠੀ। ਨਿਆਂ ਸ਼ਾਸਤਰ ਦੀ ਇਹ ਫਿਲਾਸਫੀ ਬਣਾ ਲਈ ਗਈ ਕਿ ਕਿਸੇ ਬੇਗੁਨਾਹ ਨੂੰ ਛੱਡਣ ਲਈ ਸੌ ਗੁਨਾਹਗਾਰਾਂ ਨੂੰ ਬਰੀ ਕਰ ਦੇਵੋ। ਇਹੀ ਇਨਸਾਫ ਹੈ। ਕਿਉਂ ਕਿ ਬੇਗੁਨਾਹ ਨੂੰ ਸਜਾ ਦੇਣੀ ਘੋਰ ਪਾਪ ਹੈ। ਪਰ ਹੁਣ ਅਪਰਾਧ ਕਰਨ ਦੇ ਨਵੇਂ ਨਵੇਂ ਢੰਗ ਤਰੀਕੇ ਨਿੱਕਲ ਆਏ ਹਨ। ਖਾਸ ਤੌਰ `ਤੇ ਦੰਗਾਕਾਰੀਆਂ ਨੂੰ ਉਕਸਾਉਣ ਵਾਲੇ ਸਿਆਸਤਦਾਂਨ ਬਹੁਤ ਚਲਾਕ ਅਤੇ ਬੇਈਮਾਨ ਲੋਕ ਹੁੰਦੇ ਹਨ। ਹੁਣ ਧਾਰਨਾ ਇਹ ਹੋਣੀ ਚਾਹੀਦੀ ਹੈ ਕਿ ਇੱਕ ਬੇਕਸੂਰ ਨੂੰ ਜੇ ਛੱਡਣਾ ਪਵੇ ਤਾਂ ਬੇਸ਼ੱਕ ਛੱਡ ਦਿਉ, ਪਰ ਸੌ ਗੁਨਾਹਗਾਰਾਂ ਨੂੰ ਵੀ ਨਾਲ ਹੀ ਛੱਡਣਾ ਮੁਦੱਈ ਧਿਰ ਨਾਲ ਸਰਾਸਰ ਬੇਇਨਸਾਫੀ ਹੋਵੇਗੀ। ਸਧਾਰਣ ਕਤਲਾਂ ਨਾਲੋਂ ਦੰਗੇ ਫਸਾਦਾਂ ਵਿੱਚ ਮਾਰੇ ਗਏ ਲੋਕਾਂ ਲਈ ਸਾਦਾ ਫੌਜਦਾਰੀ ਕਾਨੂੰਨ ਨਿਰਾਰਥਕ ਹੈ।

ਕੇਸ ਦੀ ਕਹਾਣੀ ਜੋ ਰੱਪਟ ਸਮੇਂ ਲਿਖੀ ਜਾਂਦੀ ਹੈ ਅਕਸਰ ਮਨਘੜਤ ਹੁੰਦੀ ਹੈ, ਕਿਉਂ ਕਿ ਕਾਨੂੰਨ ਦਾ ਢਿੱਡ ਭਰਨ ਲਈ ਸਬੂਤ ਘੜਣੇ ਪੈਂਦੇ ਹਨ। ਦੰਗਾਕਾਰੀਆਂ ਨਾਲ ਨਜਿੱਠਣ ਲਈ ਨਵਾਂ ਕਾਨੂੰਨ ਬਣਾਉਣ ਦੀ ਲੋੜ ਹੈ, ਵਰਨਾ ਦੰਗਾਕਾਰੀਆਂ ਦੇ ਇੰਝ ਹੀ ਬਰੀ ਹੁੰਦੇ ਰਹਿਣ ਤੋਂ ਜਨ ਸਧਾਰਣ ਦਾ ਕਾਨੂੰਨ ਅਤੇ ਨਿਆ ਪਾਲਿਕਾ ਵਿੱਚੋਂ ਵਿਸ਼ਵਾਸ ਉੱਠ ਜਾਵੇਗਾ ਅਤੇ ਅਜਿਹੀ ਸਥਿਤੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਲਈ ਮਜ਼ਬੂਰ ਕਰਦੀ ਹੈ ਅਤੇ ਬਦਲੇ ਦੀ ਭਾਵਨਾ ਨੂੰ ਜਨਮ ਦਿੰਦੀ ਹੈ। ਦਿੱਲੀ ਤੇ ਗੁਜਰਾਤ ਦੰਗਿਆਂ ਪਿੱਛੋਂ ਅਨੇਕਾਂ ਨੌਜਵਾਂਨ ਬਦਲੇ ਦੀ ਭਵਨਾਂ ਨਾਲ ਹੀ ਅੱਤਵਾਦੀ ਬਣੇ ਸਨ।

ਦੰਗਾ ਕਾਰੀਆਂ ਲਈ ਵੱਖਰਾ ਕਾਨੂੰਨ ਬਨਾਉਣ ਦੀ ਲੋੜ ਹੈ ਤਾਂ ਜੋ ਪੀੜਤ ਵਿਅਕਤੀਆਂ ਨੂੰ ਇਨਸਾਫ ਮਿਲ ਸਕੇ। ਮੌਜੂਦਾ ਫੋਜਦਾਰੀ ਕਾਨੂੰਨਾਂ ਨਾਲ ਦੋਸ਼ੀਆਂ ਨੂੰ ਸਜਾ ਦਵਾਉਣੀ ਲੱਗਭੱਗ ਅਸੰਭਵ ਹੀ ਹੈ।

B. S. Dhillon

Advocate

Chandigarh-160047 ( INDIA)

Mobile:  9988091463,


ਏਅਰ ਪੋਰਟ ਤੇ ਪੱਗ ਕਾਰਨ ਅਮਰੀਕਨਾਂ ਮੈਨੂੰ ਅਰਬੀ ਸਮਝ ਲਿਆ

ਬੀ. ਐੱਸ. ਢਿੱਲੋਂ

ਮੈਂ ਟੈਕਸਾਸ ਯੁਨੀਵਰਸਿਟੀ ਦੀ ਤੀਸਰੀ ਵਿਸ਼ਵ ਸ਼ਾਂਤੀ ਕਾਨਫਰੰਸ ਵਿੱਚ ਸ਼ਾਂਮਲ ਹੋਣ ਪਿੱਛੋਂ ਲਾਸ ਵੇਗਸ ਲਈ ਯੁਨਾਈਟਿਡ ਏਅਰਲਾਇਨਜ ਦੀ ਫਲਾਈਟ ਬੁੱਕ ਕਰਵਾ ਰੱਖੀ ਸੀ। ਇਸ ਕਾਂਨਫਰੰਸ ਵਿੱਚ 43 ਦੇਸ਼ਾਂ ਤੇ ਅਮਰੀਕਾ ਦੀਆਂ 34 ਸਟੇਟਾਂ ਵਿੱਚੋਂ ਇੱਕ ਹਜਾਰ ਡੈਲੀਗੇਟ ਹਿੱਸਾ ਲੈ ਰਹੇ ਸਨ। ਮੈਂ ‘ਜਿਹਾ ਦੇਸ ਤਿਹਾ ਭੇਸ’ ਦੇ ਮੁਹਾਵਰੇ ਅਨੁਸਾਰ ਅਮਰੀਕਾ ਦੀ ਟੈਕਸਾਸ ਸਟੇਟ ਜਿਸ ਨੂੰ ‘ਕਾਉ ਬੁਆਏ ਸਟੇਟ’ ਵੀ ਕਿਹਾ ਜਾਦਾ, ਵਿੱਚ ਪੱਗ ਨਹੀਂ ਸੀ ਬੰਨ੍ਹਦਾ। ਸਿਰ ਤੇ ਕੈਪ ਲੈ ਕੇ ਮੈਂ ਘੁੰਮਦਾ ਰਹਿੰਦਾ। ਅਮਰੀਕਾ ਉੱਤੇ ਅਲ ਕਾਇਦਾ ਦੇ ਹਮਲੇ ਪਿੱਛੋਂ ਅਮਰੀਕਾ ਵਿੱਚ ਕਈ ਸਿੱਖਾਂ ਨੂੰ ਨਸਲੀ ਹਿੰਸਾ ਦਾ ਸ਼ਿਕਾਰ ਹੋਣਾਂ ਪਿਆ। ਇੱਕ ਦੋ ਮਾਰੇ ਵੀ ਗਏ ਸਨ। ਮੈਕਸੀਕੋ ਦੀ ਸਰਹੱਦ ਨਾਲ ਲੱਗਦੇ ਅਮਰੀਕਾ ਦੇ ਐਰੀਜੋਨਾ, ਨਿਊ ਮੈਕਸੀਕੋ, ਟੈਕਸਾਸ ਆਦਿ ਸੂਬਿਆਂ ਸਮੇਤ, ਤਿੰਨ ਦਰਜਨ ਦੱਖਣੀ ਸੂਬਿਆਂ ਵਿੱਚ ਸਿੱਖ ਵਸੋਂ ਬਹੁਤ ਘੱਟ ਹੈ। ਪੱਗ ਵਾਲਾ ਤਾਂ ਕੋਈ ਨਜਰ ਹੀ ਨਹੀਂ ਆਉਂਦਾ। ਸਿਰਫ ਐਤਵਾਰ ਨੂੰ ਗੁਰਦਵਾਰੇ ਜਾਣ ਵੇਲੇ ਦਸ ਕੁ ਫੀ ਸਦੀ ਲੋਕ ਪੱਗ ਬੰਨ੍ਹ ਲੈਂਦੇ ਹਨ। ਪਲੈਨੋ ਰਹਿੰਦੇ ਮੇਰੇ ਦੋਸਤ ਦੇ ਭਰਾ ਨਾਲ ਮੈਂ ਗਾਰਲੈਂਡ ਦੇ ਗੁਰਦਵਾਰੇ ਗਿਆ ਸੀ। ਗੁਰਦਵਾਰੇ ਤੋਂ ਬਾਹਰ ਨਿੱਕਲਦਿਆਂ ਹੀ ਉਸਨੇ ਪੱਗ ਲਾਹ ਕੇ ਕਾਰ ਦੀ ਪਿਛਲੀ ਸੀਟ ਤੇ ਰੱਖ ਲਈ। ਮੈਂ ਇਸ ਤਰਾਂ ਪੱਗ ਕੱਛ `ਚ ਦੇਣ ਤੋਂ ਹੱਸ ਪਿਆ ਤਾਂ ਉਸ ਕਿਹਾ, ‘ਭਰਾ ਜੀ ਰੱਬ ਨੇੜੇ ਕਿ ਘਸੁੰਨ’। ਪੱਗਾਂ ਵਾਲੇ ਸਰਦਾਰਾਂ ਨੂੰ ਉਥੇ ਅਰਬ ਦੇ ਮੁਸਲਮਾਂਨ ਹੀ ਸਮਝਦੇ ਹਨ। ਤੇ ਮੁਸਲਮਾਂਨਾਂ ਨੂੰ ਆਂਮ ਅਮਰੀਕਨ ਬਿਨ ਲਾਦਨ ਦੇ ਬੰਦੇ ਸਮਝਦੇ ਹਨ। ਕਿਉਂਕਿ ਸਿਆਸਤ ਦੀ ਇਸ ਲੜਾਈ ਨੂੰ ਇਸਾਈਆਂ ਤੇ ਮੁਸਲਮਾਨਾਂ ਦੀ ਲੜਾਈ ਬਣਾ ਦਿੱਤਾ ਗਿਆ ਹੈ। ਬਿਨ ਲਾਦਨ ਆਪਣੀਆਂ ਟੇਪਾਂ `ਚ ਇਸਾਈਆਂ ਨੂੰ ਮੁਸਲਮਾਂਨ ਬਨਣ ਦੀ ਸਲਾਹ ਦੇ ਰਿਹਾ ਹੈ।

31 ਮਈ ਨੂੰ ਸਵੇਰੇ 5 ਵਜੇ ਮੈਂ ਡਲਸ ਐੱਫ ਡਵਲਿਊ ਦੇ ਕੌਮਾਂਤਰੀ ਹਵਾਈ ਅੱਡੇ ਪਹੁੰਚ ਗਿਆ। ਪਲੈਨੋਂ ਤੋਂ ਮੇਰੇ ਦੋਸਤ ਦਾ ਲੜਕਾ ਮੈਨੂੰ ਆਪਣੀ ਕਾਰ ਤੇ ਛੱਡ ਗਿਆ ਸੀ। ਪਾਸਪੋਰਟ ਤੇ ਮੇਰੀ ਪੱਗ ਵਾਲੀ ਫੋਟੋ ਹੋਣ ਕਾਰਨ ਉਸ ਦਿਨ ਮੈਂ ਪੱਗ ਬੰਨ੍ਹ ਲਈ ਸੀ। ਕਨੇਡਾ `ਚ ਮੈਂ ਪੱਗ ਹੀ ਬੰਨ੍ਹਦਾ ਸੀ। ਇਮੀਗਰੇਸ਼ਨ ਤੋਂ ਵਿਹਲਾ ਹੋ ਕਿ ਮੈਂ ਸਕਿਉਰਿਟੀ ਚੈੱਕ ਲਈ ਹਾਲ ਵੱਲ ਵਧਿਆ। ਬੂਟ, ਬੈਲਟ, ਬਟੂਆ, ਕੋਟ, ਪੈੱਨ, ਸਿੱਕੇ, ਬੈਗ ਸਮੇਤ ਸਾਰਾ ਸਮਾਂਨ ਐਕਸਰੇ ਮਸ਼ੀਨ ਵਿੱਚੋਂ ਲੰਘ ਗਿਆ। ਮੈਂ ਵੀ ਦੂਜੇ ਪਾਸੇ ਲੱਗੇ ਮੈਟਲ ਡਿਟੇਕਟਰ ਵਿੱਚੋਂ ਲੰਘ ਕੇ ਅਗਾਂਹ ਜਾਣ ਲੱਗਾ ਤਾਂ ਸਕਿਉਰਟੀ ਵਾਲੇ ਨੇ ਮੈਨੂੰ ਅੱਗੇ ਹੋ ਕੇ ਰੋਕ ਲਿਆ। ਮੇਰੇ ਰੁਕਦਿਆਂ ਹੀ ਉਹਨੇ ਮੈਨੂੰ ਕੰਧ ਉੱਤੇ ਲੱਗੇ ਕੈਮਰੇ ਹੇਠ ਖਲੋਣ ਲਈ ਕਿਹਾ। ਮੈਂ ਸੂਲੀ ਚੜ੍ਹੇ ਈਸਾ ਦੀ ਤਸਵੀਰ ਵਾਂਗ ਬਾਹਾਂ ਫੈਲਾਅ ਕੇ ਕੰਧ ਨਾਲ ਢੋਅ ਲਾ ਕੇ ਖੜੋ ਗਿਆ। ਇਨ੍ਹਾਂ ਨੇ ਤਾਂ ਸਾਡੇ ਰੱਖਿਆ ਮੰਤਰੀ ਜਾਰਜ ਫਰਨਾਂਡੇਜ਼ ਦੇ ਬੂਟ ਲੁਹਾ ਲਏ ਸਨ ਮੈਂ ਕਿਹੜੇ ਬਾਗ ਦੀ ਮੂਲੀ ਸਾਂ। ਬੜਾ ਅਜੀਬ ਲੱਗ ਰਿਹਾ ਸੀ। ਪਰ ਉਨ੍ਹਾਂ ਦੀ ਆਪਣੀ ਮਜਬੂਰੀ ਸੀ। ਜਿਹੜੇ ਪਾਣੀ ਦੀ ਬੋਤਲ ਜਹਾਜ ਵਿੱਚ ਨਹੀਂ ਸਨ ਲਿਜਾਣ ਦਿੰਦੇ ਉਹ ਵਗੈਰ ਸਕਰੀਨਿੰਗ ਦੇ ਕਿਵੇਂ ਜਾਣ ਦੇ ਦਿੰਦੇ। ਡੇਢ ਸੌ ਮੁਸਾਫਰਾਂ ਦੀ ਜਾਂਨ ਦਾ ਸਵਾਲ ਸੀ। ਮੈਂ ਜਹਾਜ ਦੇ ਗੇਟ ਵੱਲ ਚੱਲ ਪਿਆ, ਮਨਾਂ ਇਹ ਕਿਹੜਾ ਤੈਨੂੰ ਜਹਾਜ ਚੜ੍ਹਣ ਲਈ ਘਰੋਂ ਬੁਲਾ ਕੇ ਲਿਆਏ ਸੀ।

ਟੈਕਸਾਸ ਦੇ ਸ਼ਹਿਰ ਡੈਲਸ ਦਾ ਹਵਾਈ ਅੱਡਾ ਖੇਤਰਫਲ ਦੇ ਹਿਸਾਬ ਨਾਲ ਦੁਨੀਆਂ ਦੇ ਵੱਡੇ ਹਵਾਈ ਅੱਡਿਆਂ ਵਿੱਚੋਂ ਹੈ। ਇੱਥੇ ਹਵਾਈ ਪੱਟੀ ਤੇ ਜਹਾਜ ਰੁਕਦਾ ਰੁਕਦਾ ਹੀ ਪੰਦਰਾਂ ਮਿਨਟ ਲਾ ਦਿੰਦਾ ਹੈ। ਹਵਾਈ ਅੱਡੇ ਤੇ ਹਜਾਰਾਂ ਲੋਕਾਂ ਦੀ ਭੀੜ ਵਿੱਚ ਮੈ ਇਕੱਲਾ ਹੀ ਪੱਗ ਵਾਲਾ ਸੀ। ਉਨ੍ਹਾਂ ਨੂੰ ਵੀ ਮੇਰੀ ਪੱਗ ਬਿਨ ਲਾਦਨ ਵਰਗੀ ਹੀ ਲੱਗੀ ਹੋਵੇਗੀ। ਪਰ ਮੈਨੂੰ ਪਿੱਛੋਂ ਦੱਸਿਆ ਗਿਆ ਕਿ ਮੈਟਲ ਡਿਟੈਕਟਰ ਵਿੱਚ, ਪੱਗ ਵਿੱਚ ਛੁਪੇ ਵਿਸ਼ੇਸ਼ ਧਮਾਕਾਖੇਜ ਤਰਲ ਪਦਾਰਥ ਦੀ ਸਹੀ ਸਕਰੀਂਨਿੰਗ ਨਹੀਂ ਸੀ ਹੁੰਦੀ। ਪੰਜਾਬ ਵਿੱਚ ਹੋਏ ਕੁੱਝ ਕੇਸ ਮੇਰੇ ਧਿਆਂਨ ਵਿੱਚ ਹਨ ਜਿਨ੍ਹਾਂ ਵਿੱਚ ਪੱਗਾਂ ਵਿੱਚੋਂ ਅਫੀਮ ਬਰਾਂਮਦ ਹੋਈ ਸੀ। ਪਿਛਲੇ ਸਾਲੀਂ ਹੀ ਇੱਕ ਸ਼੍ਰੋਮਣੀ ਕਮੇੱਟੀ ਮੈਂਬਰ ਦੀ ਪੱਗ ਲੁਹਾ ਕਿ ਸੰਗਰੂਰ ਦੀ ਪੁਲਿਸ ਨੇ ਅਫੀਂਮ ਬਰਾਂਮਦ ਕੀਤੀ ਸੀ। ਅਮਰੀਕਨ ਪੱਗ ਨੂੰ ਵਿਸ਼ੇਸ਼ ਕੈਮਰੇ ਨਾਲ ਵੇਖਦੇ ਸਨ। ਮੈਨੂੰ ਉਨ੍ਹਾਂ ਪੱਗ ਲਾਹੁਣ ਲਈ ਨਹੀਂ ਕਿਹਾ। ਸਕਿਉਰਟੀ ਵਾਲੇ ਨੇ ਸਿਰ ਤੋਂ ਪੈਰਾਂ ਤੱਕ ਹੱਥ ਫੜ੍ਹੇ ਮੈਟਲ ਡਿਟੈਕਟਰ ਨਾਲ ਮੈਨੂੰ ਟੋਹਿਆ।

ਛੋਤ ਜਿਹੀ ਲੁਹਾ ਕਿ ਮੈਂ ਜੁੱਤੇ ਪਾਉਣ ਲਈ ਅਗਾਂਹ ਹੋਇਆ। ਅਗਾਂਹ ਇੱਕ ਕਾਲਾ ਮੇਰੇ ਬੈਗ ਦੀ ਤਲਾਸ਼ੀ ਲੈ ਰਿਹਾ ਸੀ। ਕੋਲ ਹੀ ਖਤਰਨਾਕ ਕਿਸਮ ਦੇ ਹਥਿਆਰਾਂ ਨਾਲ ਲੈਸ ਇੱਕ ਹਬਸ਼ੀ ਪੁਲਸ ਅਫਸਰ ਖੜ੍ਹਾ ਸੀ। ਉਹਨੇ ਸਾਬਣ ਘੋਲ ਦੀ ਸ਼ੀਸ਼ੀ, ਪੇਸਟ ਤੇ ਪ੍ਰਫਿਊਮ ਬੈਗ `ਚੋਂ ਕੱਢਕੇ ਰੱਖ ਲਏ। ਮੈਂ ਬੈਲਟ ਕਸਦਾ ਕਸਦਾ ਮੋਢੇ ਬੇਗ ਪਾ ਕੇ ਅਗਾਂਹ ਚੱਲ ਪਿਆ। ਇੱਥੇ ਪੱਗ ਦਾ ਮਸਲਾ ਫਰਾਂਸ ਤੋਂ ਵੱਖਰਾ ਸੀ। ਫਰਾਂਸ ਵਿੱਚ ਸਕੂਲੀ ਬੱਚਿਆਂ ਤੇ ਪੱਗ ਬੰਨ੍ਹਣ ਦੀ ਮਨਾਹੀ ਹੈ ਪਰ ਮੈਨੂੰ ਅਮਰੀਕਨਾਂ ਪੱਗ ਬੰਨ੍ਹਣੋ ਨਹੀਂ ਰੋਕਿਆ ਤੇ ਨਾਂ ਹੀ ਮੇਰੀ ਪੱਗ ਲੁਹਾਈ ਸੀ। ਪੰਜਾਬ ਵਿੱਚ ਲੋਕ ਅਮਰੀਕਨ ਹਵਾਈ ਅੱਡਿਆਂ ਤੇ ਪੱਗ ਲਾਹੁਣੀ ਹੀ ਸਮਝ ਰਹੇ ਹਨ।

ਜੇ ਮੈਂ ਉਨਾਂ ਨਾਲ ਬਹਿਸ ਕਰਦਾ ਤਾਂ ਉਹ ਮੈਨੂੰ ਜਹਾਜ ਚੜ੍ਹਾਉਣ ਦੀ ਥਾਂ ਜੇਲ਼੍ਹ ਭੇਜ ਦਿੰਦੇ। ਜਾਂ ਫਿਰ ਪਿੱਛੋਂ ਅਖਬਾਰਾਂ ਵਿੱਚ ਪੱਗ ਦੀ ਤੌਹੀਂਨ ਦਾ ਬਿਆਂਨ ਦੇ ਕੇ ਜਿੰਦਾ ਸ਼ਹੀਦ ਬਨਣ ਦੀ ਕੋਸ਼ਿਸ਼ ਕਰਦਾ। ਸਿਰ ਤੋਂ ਪੱਗ ਲੁਹਾਈ ਦੀ ਗੱਲ ਬਣਾ ਦਿੰਦਾ। ਪਰ ਮੈਨੂੰ ਪਤਾ ਸੀ ਕਿ ਇਸ ਕੰਮ ਲਈ ਬੜੇ ਲੋਕ ਮੈਦਾਂਨ `ਚ ਕੁੱਦਣਗੇ। ਪੜਤਾਲ ਕਰਨ ਲਈ ਵਫਦ ਬਣਾ ਕੇ ਸੈਰਾਂ ਹੋਣਗੀਆਂ, ਪੱਗੜੀ ਸੰਘਰਸ਼ ਜਾਰੀ ਰੱਖਣ ਲਈ ਫੰਡ ਇਕੱਠੇ ਹੋਣਗੇ, ‘ਪਗੜੀ ਸੰਭਾਲ ਸਿੱਖਾ’ ਵਰਗੇ ਲੇਖ ਛਪਣਗੇ। ਪੱਗ ਮਸਲਾ ਜਿੱਤਣ ਦੀਆਂ ਖਬਰਾਂ ਛਪਣਗੀਆਂ। ਕੋਈ ‘ਗਰਮ ਜਥੇਦਾਰ’ ਅਮਰੀਕਾ ਨੂੰ ਸਿੰਘਾਂ ਨਾਲ ਪੰਗੇ ਲੈਣ ਤੋਂ ਬਾਜ ਆਉਣ ਦੀ ਧਮਕੀ ਦੇਵੇਗਾ, ਦੂਰ ਪੰਜਾਬ ਵਿੱਚ ਕੋਈ ਮੁਜਾਹਰਾ ਵੀ ਕਰੇਗਾ (ਕਿਉਂਕਿ ਹਰ ਪਿੰਡ ਵਿੱਚ ਕਿਰਤ ਕਰਨ ਦੀ ਥਾਂ ਸਿਆਸਤਦਾਨਾਂ ਦੀ ਮਿਹਰਬਾਨੀਂ ਸਦਕਾ ਸੌ ਡੇਢ ਸੌ ਬੰਦਾ ਵਿਹਲਾ, ਇਸੇ ਕੰਮ ਤੇ ਹੈ, ਭਾਵੇਂ ਕਿਧਰੇ ਤੋਰ ਲਉ), ਤੇ ਇੱਕ ਅੱਧਾ ਅਮਰੀਕਾ `ਚ ਪਗੜੀ ਸਟੋਰ ਵੀ ਖੋਹਲੇਗਾ। ਅਖੀਰ ਤੇ ਕੋਈ ਪਗੜੀ ਯਾਤਰਾ ਕੱਢਣ ਦੀ ਕੋਸ਼ਿਸ਼ ਵੀ ਕਰੇਗਾ। ਪਰ ਸਿੱਖੀ ਬਾਰੇ ਸਹੀ ਪ੍ਰਚਾਰ ਕਿਸੇ ਨਹੀਂ ਕਰਨਾਂ।

ਉਂਜ ਵੀ ਸਾਰੀ ਦੁਨੀਆਂ ਦੇ ਹਰ ਦੇਸ਼ ਤੇ ਹਰ ਸੂਬੇ ਵਿੱਚ ਹਰੇਕ ਕੌਂਮ ਨੂੰ ਜਾਨਣਾ ਸੰਭਵ ਵੀ ਨਹੀਂ ਹੈ। ਸਿਰਫ ਉਨੇ ਕੁ ਲੋਕ ਹੀ ਜਾਣ ਸਕਦੇ ਹਨ ਜਿਨ੍ਹਾਂ ਨਾਲ ਕਿਸੇ ਤਰਾਂ ਵਾਹ ਪੈਂਦਾ ਹੈ। ਜਿਵੇਂ ਬਿੱਲ ਕਲਿੰਟਨ ਤੇ ਉਸਦੀ ਹਿਲੇਰੀ ਕਲਿੰਨਟਨ ਅਮਰੀਕਨ ਧਨਾਡ ਛਤਵਾਲ ਦੇ ਮੁੰਡੇ ਦੇ ਵਿਆਹ ਤੇ ਦਿੱਲੀ ਆ ਕੇ ਗਏ ਹਨ ਤੇ ਉਹ ਜਾਣਦੇ ਹਨ ਕਿ ਛਤਵਾਲ ਸਿੱਖ ਹੈ ਜੋ ਪੱਗ ਬੰਨ੍ਹਦਾ ਹੈ। ਇੰਜ ਹੀ ਰਾਸ਼ਟਰਪਤੀ ਬੁੱਸ਼ ਸਾਡੇ ਪ੍ਰਧਾਂਨ ਮੰਤਰੀ ਡਾ. ਮਨਮੋਹਨ ਸਿੰਘ ਨਾਲ ਡਿੱਨਰ ਕਰਦੇ ਜਾਣਦੇ ਹਨ ਕਿ ਮਨਮੋਹਨ ਸਿੰਘ ਸਿੱਖ ਹੈ। ਪਰ ਕਲਿੰਟਨ ਤੇ ਬੁੱਸ਼ ਦੇ ਪਿੰਡਾਂ ਦੇ ਵਾਸੀ ਨਹੀਂ ਜਾਣਦੇ ਕਿ ਸਿੱਖ ਕੌਣ ਹਨ, ਪੱਗ ਕਿਉਂ ਬੰਨ੍ਹਦੇ ਹਨ ਤੇ ਪੰਜਾਬ ਕਿੱਥੇ ਹੈ। ਜਿਸ ਤਰਾਂ ਪੰਜਾਬ ਦੇ ਅੱਤਵਾਦ ਵੇਲੇ ਬਾਕੀ ਭਾਰਤ ਵਿੱਚ ਹਰ ਸਿੱਖ ਨੂੰ ਹੀ ਅੱਤਵਾਦੀ ਸਮਝਿਆ ਜਾਂਦਾ ਸੀ। ਜਿਵੇਂ ਅਸੀਂ ਹਰ ਪ੍ਰਵਾਸ ਨੂੰ ਯੂ. ਪੀ. ਦਾ ਭਈਆ ਕਹਿੰਦੇ ਹਾਂ ਜਿਨ੍ਹਾਂ ਵਿੱਚ ਮਦਰਾਸੀ, ਉੜੀਸਾ ਤੇ ਮੱਧ ਪ੍ਰਦੇਸ਼ ਆਦਿ ਦਸ ਸੂਬਿਆਂ ਦੇ ਲੋਕ ਵੀ ਹੁੰਦੇ ਹਨ। ਜਿਵੇਂ ਪੰਜਾਬ ਦੇ ਪਿੰਡਾਂ `ਚ ਲੋਕ ਸਾਰੇ ਯੌਰਪ ਦੇ ਪੰਦਰਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਅੰਗਰੇਜ਼ ਕਹਿ ਦਿਦੇ ਹਨ। ਉਸੇ ਤਰਾਂ ਬਹੁਗਿਣਤੀ ਅਮਰੀਕਨਾ ਨੂੰ ਸਾਰੇ ਪੱਗਾਂ ਵਾਲੇ ਇੱਕੋ ਜਿਹੇ ਹੀ ਲੱਗਦੇ ਹਨ। ਮੈਨੂੰ ਅਮਰੀਕਨਾਂ ਨੇ ਸੱਚੀਂ ਹੀ ਬਿਨ ਲਾਦਨ ਦੇ ਦੇਸ਼ ਦਾ ਵਾਸੀ ਅਰਬੀ ਸਮਝ ਲਿਆ।

ਸਾਰੇ ਅਮਰੀਕਨ ਜਾ ਸਾਰੀ ਦੁਨੀਆਂ ਤਾਂ ਕਦੀ ਵੀ ਨਹੀਂ ਸੱਭ ਨੂੰ ਜਾਣ ਸਕਣਗੇ। ਅਠਾਰਵੀਂ ਸਦੀ ਦੇ ਲਿਬਾਸ `ਚ ਸਿਰਾਂ ਤੋਂ ਹਵਾ ਵਿੱਚ ਤਲਵਾਰਾਂ ਘਮਾਕੇ ਨੰਗੇ ਪੈਰੀਂ ਸਿਖਰ ਦੁਪਹਿਰੇ ਸੜਕਾਂ ਤੇ ਪੁੱਠੀਆਂ ਛਾਲਾਂ ਮਾਰਨ ਨਾਲ ਪੱਗ ਦੀ ਪਹਿਚਾਣ ਨਹੀਂ ਬਨਣੀ। ਨਾ ਹੀ ਕੋਈ ਗੁਰਦਵਾਰਾ ਪਗੜੀਸਰ ਬਣਾਕੇ ਵਿਸ਼ਵ `ਚ ਸਿੱਖੀ ਫੈਲਣੀ ਹੈ।

ਹੁਣ ਜਦੋਂ ਮੈਂ ਅਮਰੀਕਾ ਵਿੱਚ ਸਿੱਖਾਂ ਦੀਆਂ ਪੱਗਾਂ ਲੁਹਾਕੇ ਤਲਾਸ਼ੀ ਲੈਣ ਦੀਆਂ ਖਬਰਾਂ ਪੜ੍ਹਦਾ ਹਾਂ ਤਾਂ ਮੇਰਾ ਵਿਚਾਰ ਹੈ ਕਿ ਇਸ ਤੱਥ ਦੀ ਤਸਦੀਕ ਹੋਣੀ ਚਾਹੀਦੀ ਹੈ। ਮੇਰੇ ਨਾਲ ਹੋਈ ਮਈ ਮਹੀਨੇ ਦੀ ਘਟਣਾਂ ਤੋਂ ਪਿੱਛੋਂ ਪੰਜਾਬ ਦੇ ਕਈ, ਵਜੀਰ, ਸੰਸਦ ਮੈਂਬਰ, ਐੱਮ. ਐੱਲ. ਏ. ਤੇ ਉੱਚ ਅਧਿਕਾਰੀ, ਜਥੇਦਾਰ ਤੇ ਪੰਜ ਛੇ ਬਾਬੇ ਅਮਰੀਕਾ ਜਾ ਕੇ ਆਏ ਹਨ। 6 ਅਗਸਤ ਨੂੰ ਮੈਨੂੰ ਅਮਰੀਕਾ ਵਿੱਚ ਖਡੂਰ ਸਾਹਿਬ ਦੇ ਕਾਰ ਸੇਵਾ ਵਾਲੇ/ਪ੍ਰਬੰਧਕ ਬਾਬਾ ਸੇਵਾ ਸਿੰਘ ਜੀ ਮਿਲੇ। ਉਨ੍ਹਾਂ ਮੈਨੂੰ ਅੱਠ ਗੁਰੁ ਸਹਿਬਾਂਨ ਦੀ ਚਰਨ ਛੋਹ ਪ੍ਰਾਪਤ ਗੁਰਦਵਾਰਾ ਖਡੂਰ ਸਾਹਿਬ ਬਾਰੇ ਆਪਣੀ, “ਬੈਠਿ ਖਡੂਰੇ ਜੋਤਿ ਜਗਾਈ” ਵਾਲੀ ਸੀ. ਡੀ. ਦਿੱਤੀ ਤੇ ਬਰਫੀ ਦਾ ਪ੍ਰਸ਼ਾਦ ਵਰਤਾਉਂਦਿਆਂ, ਮੈਨੂੰ ਸੀ. ਡੀ. ਵਿੱਚ ਛੇ ਸਦੀਆਂ ਪੁਰਾਣਾ ਬੋਹੜ ਤੇ ਉਨ੍ਹਾਂ ਵੱਲੋਂ ਲਗਾਏ ਜਾ ਰਹੇ ਦਰੱਖਤ ਦਿਖਾਉਂਦਿਆਂ, ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਨ ਦੀ ਸਲਾਹ ਦਿੱਤੀ ਸੀ। ਇੰਜ ਹੀ ਪੰਜਾਬ ਤੋਂ ਇੱਕ ਚੀਫ ਪਾਰਲੀਮੈਂਟਰੀ ਸੈਕਟਰੀ ਵੀ ਮੈਨੂੰ ਕਨੇਡਾ ਮਿਲੇ ਸਨ। ਪਰ ਕਿਸੇ ਦੀ ਵੀ ਪੱਗ ਲੁਹਾਕੇ ਤਲਾਸ਼ੀ ਲੈਣ ਦਾ ਮਾਂਮਲਾ ਮੇਰੇ ਸਾਹਮਣੇ ਨਹੀਂ ਆਇਆ।

ਪਾਠਕਾਂ ਨੂੰ ਯਾਦ ਹੋਵੇਗਾ ਪੰਜਾਬ ਦੇ ਅੱਤਵਾਦ ਦੇ ਦਿਨੀਂ ਸ੍ਰੀ ਗੁਰੁ ਗਰੰਥ ਸਾਹਿਬ ਦੀਆਂ ਬੀੜਾਂ ਨੂੰ ਅੱਗਾਂ ਲੱਗਣ ਦੀਆਂ ਅਨੇਕਾਂ ਘਟਨਾਵਾਂ ਵਿੱਚੋਂ ਬਹੁਤ ਸਾਰੀਆਂ ਐਸੀਆਂ ਸਨ ਜਿੱਥੇ ਪੜਤਾਲ ਕਰਨ ਤੇ ਪਤਾ ਲੱਗਾ ਸੀ ਕਿ ਸਬੰਧਤ ਗਰੰਥੀ ਨੇ ਧੂਫ ਤੇ ਜੋਤ ਦੇ ਨਾਲ ਪੱਖਾ ਲਾ ਦਿੱਤਾ ਸੀ ਤੇ ਹਵਾ ਨਾਲ ਅੱਗ ਬੀੜ ਨੂੰ ਪੈ ਗਈ ਪਰ ਡਰਦੇ ਗਰੰਥੀ ਨੇ ਮਾਂਮਲਾ ਬੇਰੁਹਮਤੀ ਦਾ ਬਣਾ ਧਰਿਆ ਸੀ। ਇੰਜ ਹੀ ਪਿਛਲੇ ਸਮੇਂ `ਚ ਕੇਸ ਕਤਲ ਕਰਨ ਦੀਆਂ ਦੋ ਘਟਨਾਵਾਂ ਵਿੱਚ ਕੁੱਝ ਗੈਰ ਜਿੰਮੇਵਾਰ ਜਥੇਦਾਰ ਜਦੋਂ ‘ਸ਼ਰਾਰਤੀ ਅਨਸਰਾਂ’ ਨੂੰ ਸਬਕ ਸਿਖਾਉਣ ਦੀਆਂ ਮਿਜਾਇਲਾਂ ਦਾਗ ਰਹੇ ਸਨ ਤਾਂ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਪਤਾ ਕਰ ਲਿਆ ਸੀ ਕਿ ਸਬੰਧਤ ਮੁੰਡਿਆਂ ਨੇ ਖੁਦ ਕੇਸ ਕੱਟਕੇ ਮਾਪਿਆ ਤੋਂ ਡਰਦਿਆਂ ਇਹ ਡਰਾਂਮਾਂ ਕੀਤਾ ਸੀ।

ਅਮਰੀਕਾ ਨੂੰ ਸਿੰਘਾਂ ਨਾਲ ਪੰਗੇ ਲੈਣ ਤੋਂ ਬਾਜ ਆਉਣ ਦੀ ਧਮਕੀ ਦੇਣ ਤੋਂ ਪਹਿਲਾਂ ਤੇ ਪੰਜਾਬ ਵਿੱਚ ਕੋਈ ਮੁਜਾਹਰਾ ਕਰਨ ਤੋਂ ਪਹਿਲਾਂ ਪੱਗ ਲੁਹਾਉਣ ਤੇ ਚੈੱਕ ਕਰਨ ਵਿਚਲੇ ਫਰਕ ਨੂੰ ਸਮਝਣਾ ਬੜਾ ਜਰੂਰੀ ਹੈ। ਜੋ ਕੋਈ ਸਿੱਖ ਤਫਸੀਲ ਦੱਸਕੇ ਪੱਗ ਲਾਹੁਣ ਦੀ ਘਟਣਾਂ ਬਿਆਂਨ ਕਰਦਾ ਹੈ ਤਾਂ ਫਿਰ ਸੱਚ ਹੈ। ਪਰ ਮੇਰੀ ਨਜਰ `ਚ ਅਜਿਹਾ ਕਦੀ ਵੀ ਨਹੀਂ ਹੋਇਆ। ਰਡਾਰ ਹ੍ਰੇਠ ਚੈੱਕ ਹੀ ਕੀਤੀ ਗਈ ਹੈ।

B. S. Dhillon

Advocate

Chandigarh-160047 ( INDIA)

Mobile:  9988091463,
.