.

ਦੂਜੀ ਵਹੁਟੀ

ਪ੍ਰੋ: ਗੁਰਬਚਨ ਸਿੰਘ ਥਾਈਲੈਂਡ ਵਾਲੇ

ਵਿਆਹ-ਸ਼ਾਦੀਆਂ ਸਮੇਂ ਹਲਵਾਈ ਨੂੰ ਕਿਹਾ ਜਾਂਦਾ ਹੈ ਕਿ ਭਾਈ ਜੀ ਕੋਈ ਸਮਾਨ ਰਹਿ ਨਾ ਜਾਏ, ਧਿਆਨ ਨਾਲ ਸਾਰਾ ਸਮਾਨ ਲਿਖਾ ਦਿਆ ਜੇ। ਮਕਾਨ ਬਣਾਉਂਣ ਲੱਗਿਆਂ ਵੀ ਮਿਸਤਰੀ ਪਾਸੋਂ ਸਾਰੇ ਸਮਾਨ ਦੀ ਸੂਚੀ ਲੈ ਲਈ ਜਾਂਦੀ ਹੈ ਕਿ ਕਿਤੇ ਬਾਰ ਬਾਰ ਦੁਕਾਨ `ਤੇ ਨਾ ਜਾਣਾ ਪਏ। ਗੱਲ ਕੀ ਜਦੋਂ ਵੀ ਕਿਸੇ ਨਵੀਂ ਚੀਜ਼ ਦੀ ਸਿਰਜਣਾ ਕਰਨੀ ਹੈ ਤਾਂ ਉਸ ਦੀ ਪਹਿਲਾਂ ਰੂਪ ਰੇਖਾ ਤਿਆਰ ਕਰ ਲਈ ਜਾਂਦੀ ਹੈ। ਇੰਜ ਹੀ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਨਵੇਂ ਸਮਾਜ ਦੀ ਸਿਰਜਣਾ ਕਰਦਿਆਂ ਹਰ ਪੱਖ ਨੂੰ ਬਹੁਤ ਹੀ ਬਰੀਕੀ ਨਾਲ ਲਿਆ ਹੈ, ਕਿ, ਕਿਤੇ ਇਸ ਦੇ ਵਿੱਚ ਕੋਈ ਕਮਜ਼ੋਰੀ ਨਾ ਰਹਿ ਜਾਏ। ਤੇ ਨਾਲ ਹੀ ਉਹਨਾਂ ਨੇ ਬਿਨਾਂ ਕਿਸੇ ਭਿੰਨ੍ਹ ਭਾਵ ਦੇ, ਵੱਖ ਵੱਖ ਜਾਤਾਂ ਦੇ ਭਗਤਾਂ ਦੀ ਬਾਣੀ ਨੂੰ ਇੱਕ ਥਾਂ ਇਕੱਠਾ ਕਰਕੇ ਸਾਰੀ ਮਨੁੱਖਤਾ ਦੀ ਅਗਵਾਈ ਕੀਤੀ ਹੈ। ਜਿਸ ਤਰ੍ਹਾਂ ਦੀਆਂ ਅੱਜ ਸਾਨੂੰ ਸੁੱਖ ਸਹੂਲਤਾਂ ਹਨ, ਇਹੋ ਜੇਹੀ ਅਰਾਮ ਦੀ ਜ਼ਿੰਦਗੀ ਇਹਨਾਂ ਭਗਤਾਂ ਦੇ ਪਾਸ ਨਹੀਂ ਸੀ ਪਰ ਆਤਮਿਕ ਤਲ਼ `ਤੇ ਜੋ ਅਨੰਦ ਉਹਨਾਂ ਪਾਸ ਸੀ ਉਹ ਸਾਡੇ ਪਾਸ ਨਹੀਂ ਹੈ। ਮਨੁੱਖੀ ਸੁਭਾਅ ਵਿੱਚ ਹਰ ਪ੍ਰਕਾਰ ਦੀ ਉੱਨਤੀ ਕਰਨ ਲਈ ਵੱਖ ਵੱਖ ਉਦਾਹਰਣਾਂ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ। ਕਬੀਰ ਜੀ ਨੇ ਆਪਣੇ ਅੰਦਾਜ਼ ਵਿੱਚ ਕਈ ਪ੍ਰਕਾਰ ਦੀਆਂ ਉਦਾਹਰਣਾਂ ਤਸ਼ਬੀਹਾਂ ਲੈ ਕੇ ਨਵੇਂ ਖ਼ਿਆਲ ਦੁਨੀਆਂ ਨੂੰ ਦਿੱਤੇ ਹਨ। ਕਬੀਰ ਜੀ ਦੀ ਬਾਣੀ ਵਿਚਲੀ ਸ਼ਬਦਾਵਲੀ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਨਾਲ ਸਬੰਧ ਰੱਖਦੀ ਹੈ। ਉਹਨਾਂ ਨੇ ਆਪਣਿਆਂ ਖ਼ਿਆਲਾਂ ਨੂੰ ਲੋਕ ਬੋਲੀ ਵਿੱਚ ਨਿਰੂਪਣ ਕੀਤਾ ਹੈ।

ਕਬੀਰ ਸਹਿਬ ਜੀ ਨੇ ਆਸਾ ਰਾਗ ਅੰਦਰ ਸਮਾਜ ਦੇ ਇੱਕ ਉਸ ਕਿਰਦਾਰ ਦਾ ਜ਼ਿਕਰ ਕੀਤਾ ਹੈ, ਜਿਸ ਪਾਸ ਕੋਈ ਵੀ ਗੁਣ ਨਹੀਂ ਹੈ, ਸਗੋਂ ਪਰਵਾਰ ਤੇ ਇੱਕ ਬੋਝ ਜੇਹਾ ਬਣ ਕੇ ਰਹਿ ਗਿਆ ਹੈ। ਜਨੀ ਕੇ ਸਮਾਜ ਵਿੱਚ ਉਸ ਵਹੁਟੀ ਦੇ ਸੁਭਾਅ ਨੂੰ ਪ੍ਰਗਟ ਕੀਤਾ ਹੈ, ਜਿਸ ਵਹੁਟੀ ਨੂੰ ਕੋਈ ਵੀ ਸਲੀਕਾ ਨਹੀਂ ਹੈ, ਸਗੋਂ ਸ਼ਕਲੋਂ ਵੀ ਬਦ- ਸੂਰਤ। ਅਜੇਹੀ ਵਹੁਟੀ ਦੀ ਜਦੋਂ ਪਰਵਾਰ ਵਾਲਿਆਂ ਨਾਲ ਨਹੀਂ ਨਿਭਦੀ, ਘਰ ਵਿੱਚ ਹਰ ਵੇਲੇ ਲੜਾਈ ਝਗੜਾ ਹੀ ਖੜਾ ਰਹਿੰਦਾ ਹੈ। ਅਚਾਨਕ ਇੱਕ ਦਿਨ ਅਜੇਹੀ ਵਹੁਟੀ ਦੀ ਮੌਤ ਹੋ ਜਾਂਦੀ ਹੈ। ਕੁੱਝ ਸਮੇਂ ਬਾਅਦ ਆਦਮੀ ਦੂਸਰਾ ਵਿਆਹ ਕਰ ਲੈਂਦਾ ਹੈ। ਇਸ ਵਾਰੀ ਆਦਮੀ ਨੂੰ ਚੰਗੀ ਵਹੁਟੀ ਮਿਲ ਜਾਂਦੀ ਹੈ, ਤੇ ਪਤੀ ਖੁਸ਼ ਹੋ ਕੇ ਕਹਿ ਦੇਂਦਾ ਹੈ ਕਿ ਭਲਾ ਹੋਇਆਂ ਮੇਰੀ ਪਹਿਲੀ ਵਹੁਟੀ ਮਰ ਗਈ ਹੈ ਹੁਣ ਮੈਨੂੰ ਚੰਗੀ ਵਹੁਟੀ ਮਿਲ ਗਈ ਹੈ। ਕਬੀਰ ਸਾਹਿਬ ਜੀ ਇਸ ਕਿਰਦਾਰ ਦੀ ਹਾਮੀ ਨਹੀਂ ਭਰ ਰਹੇ ਸਗੋਂ ਸਧਾਰਨ ਬੰਦੇ ਦੀ ਮਾਨਸਿਕਤਾ ਤੇ ਉਸ ਦੀ ਕੰਮਜ਼ੋਰ ਅਵਸਥਾ ਦਾ ਨਾਂ ਲੈ ਕੇ ਭੈੜੀ ਮਤ ਦੀ ਗੱਲ ਕੀਤੀ ਹੈ।

ਪਿਛੱਲੇ ਕੁੱਝ ਸਮੇਂ ਤੋਂ ਸ਼ਬਦ ਕੀਰਤਨ ਵਿੱਚ ਸਾਖੀਆਂ ਸਣਾਉਣ ਦਾ ਇੱਕ ਅਜੇਹਾ ਦੌਰ ਚੱਲਿਆ ਹੈ ਕਿ ਹਰ ਇੱਕ ਕੋਈ ਨਾ ਕੋਈ ਨਵੀਂ ਸਾਖੀ ਘੜ ਕੇ ਸੰਗਤਾਂ ਨੂੰ ਸੁਣਾਈ ਜਾ ਰਹੀ ਹੈ। ਖ਼ਾਸ ਤੌਰਤੇ ਕਬੀਰ ਸਾਹਿਬ ਜੀ ਨਾਲ ਤਾਂ ਬਹੁਤ ਹੀ ਸਾਖੀਆਂ ਘੜ ਘੜ ਕੇ ਸੁਣਾਈਆਂ ਗਈਆਂ ਹਨ। ਸਾਖੀ ਸਣਾਉਣ ਵਾਲਾ ਵੀਰ ਕਬੀਰ ਸਹਿਬ ਦਾ ਨਾਂ ਲੈ ਕੇ ਕਹਿ ਰਿਹਾ ਸੀ ਸਾਧ ਸੰਗਤ ਜੀਉ ਕਬੀਰ ਸਾਹਿਬ ਜੀ ਦੀ ਪਹਿਲੀ ਵਹੁਟੀ ਬਹੁਤ ਹੀ ਭੈੜੇ ਸੁਭਾਅ ਤੇ ਭੈੜੀ ਸੂਰਤ ਵਾਲੀ ਸੀ ਜੋ ਮਰ ਗਈ ਸੀ ਤੇ ਕਬੀਰ ਜੀ ਨੇ ਨਵਾਂ ਵਿਆਹ ਕਰਾ ਲਿਆ। ਕਬੀਰ ਜੀ ਕਹਿਣ ਲੱਗੇ ਕਿ ਚੰਗਾ ਹੋਇਆ ਮੇਰੀ ਪਹਿਲੀ ਵਹੁਟੀ ਮਰ ਗਈ ਹੈ ਹੁਣ ਮੈਨੂੰ ਚੰਗੀ ਵਹੁਟੀ ਮਿਲ ਗਈ ਹੈ ਤੇ ਨਾਲ਼ ਹੀ ਕਹਿ ਰਹੇ ਸਨ ਬੋਲੋ ਜੀ ਵਾਹਿਗੁਰੂ! ਸਾਖੀ ਸਭਿਆਚਾਰ ਨੇ ਸਾਨੂੰ ਗੁਰਬਾਣੀ ਦੇ ਤੱਤ ਗਿਆਨ ਤੋਂ ਕੋਹਾਂ ਦੂਰ ਜਾ ਸੁੱਟਿਆ ਹੈ। ਭਲਾ ਹੋਵੇ ਪ੍ਰੋ. ਸਾਹਿਬ ਸਿੰਘ ਜੀ ਦਾ ਜਿੰਨ੍ਹਾ ਨੇ ਗੁਰਬਾਣੀ ਦੇ ਅਰਥ ਵਿਚਾਰਨ ਦੀ ਨਵੀਂ ਚੇਤੰਤਾ ਦਿੱਤੀ, ਨਹੀਂ ਤਾਂ ਸਿੱਖ ਧਰਮ ਵੀ ਗਪੌੜਿਆਂ, ਕਰਾਮਾਤੀ ਤੇ ਕਰਮ-ਕਾਂਡੀ ਧਰਮ ਬਣ ਕੇ ਰਹਿ ਜਾਂਦਾ। ਕਬੀਰ ਸਾਹਿਬ ਜੀ ਦੇ ਇੱਕ ਅਜੇਹੇ ਸ਼ਬਦ ਦੀ ਵਿਚਾਰ ਕੀਤੀ ਜਾ ਰਹੀ ਹੈ ਜਿਸ ਵਿੱਚ ਉਹਨਾਂ ਨੇ ਵਹੁਟੀ ਦਾ ਪ੍ਰਤੀਕ ਲੈ ਕੇ ਭੈੜੀ ਮਤ ਤੋਂ ਚੰਗੀ ਮਤ ਦੇ ਸਫ਼ਰ ਦੀ ਝਲਕ ਦਰਸਾਈ ਹੈ। ਸ਼ਬਦ ਦਾ ਮੂਲ ਪਾਠ ਇਸ ਤਰ੍ਹਾਂ ਹੈ:------

ਪਹਿਲੀ, ਕਰੂਪਿ ਕੁਜਾਤਿ ਕੁਲਖਣੀ, ਸਾਹੁਰੈ ਪਈਐ ਬੁਰੀ॥

ਅਬ ਕੀ, ਸਰੂਪਿ ਸੁਜਾਣਿ ਸੁਲਖਣੀ, ਸਹਜੇ ਉਦਰਿ ਧਰੀ॥ ੧॥

ਭਲੀ ਸਰੀ, ਮੁਈ ਮੇਰੀ ਪਹਿਲੀ ਬਰੀ॥

ਜੁਗੁ ਜੁਗੁ ਜੀਵਉ, ਮੇਰੀ ਅਬ ਕੀ ਧਰੀ॥ ਰਹਾਉ॥ ੧॥

ਕਹੁ ਕਬੀਰ, ਜਬ ਲਹੁਰੀ ਆਈ ਬਡੀ ਕਾ ਸੁਹਾਗੁ ਟਰਿਓ॥

ਲਹੁਰੀ ਸੰਗਿ ਭਈ ਅਬ ਮੇਰੈ ਜੇਠੀ ਅਉਰੁ ਧਰਿਓ॥ ੨॥

ਰਾਗ ਆਸਾ ਬਾਣੀ ਕਬੀਰ ਜੀਉ ਕੀ ਪੰਨਾ ੪੮੩ –

ਸਮਾਜ ਦਾ ਇੱਕ ਵਰਤਾਰਾ ਹੈ ਕਿ ਆਮ ਹਾਲਤਾਂ ਵਿੱਚ ਆਦਮੀ ਕਦੇ ਵੀ ਆਪਣੀ ਗਲਤੀ ਮੰਨਣ ਲਈ ਤਿਆਰ ਨਹੀਂ ਹੁੰਦਾ। ਪਰ ਕਬੀਰ ਸਾਹਿਬ ਜੀ ਨੇ ਪਹਿਲੇ ਸੁਭਾਅ ਦੀ ਤੰਗ-ਦਿਲੀ, ਨਫਰਤ, ਈਰਖਾ, ਕਠੋਰਤਾ ਨੂੰ ਛੱਡ ਦਿਆਂ, ਸੁਭਾਅ ਵਿੱਚ ਆਈ ਤਬਦੀਲੀ ਦਾ ਜ਼ਿਕਰ ਕੀਤਾ ਹੈ। ਭੈੜੀ ਮਤ ਤੋਂ ਚੰਗੀ ਮਤ ਤਕ ਦੇ ਸਫਰ ਦੀ ਗੱਲ ਕੀਤੀ ਗਈ ਹੈ। ਚੰਗਾ ਹੋਇਆ ਮੇਰੀ ਪਹਿਲੀ ਵਹੁਟੀ ਮਰ ਗਈ ਹੈ ਭਾਵ ਭੈੜੀ ਮਤ ਮਰ ਗਈ ਹੈ। ਮੇਰਾ ਪਹਿਲਾ ਕੰਮ ਹੁੰਦਾ ਸੀ ਕੁੜ ਕੁੜ ਕਰਨਾ, ਮਨ ਵਿੱਚ ਈਰਖਾ ਰੱਖਣੀ, ਕਿਸੇ ਦੇ ਬਣੇ ਹੋਏ ਕੰਮ ਵਿੱਚ ਲੱਤ ਅੜਾਉਂਣੀ, ਚੁਗਲੀ-ਨਿੰਦਿਆ ਦੇ ਘੋੜੇ `ਤੇ ਹਰ ਵੇਲੇ ਸਵਾਰ ਰਹਿਣਾ, ਗੱਲ ਗੱਲ ਤੇ ਲੜ ਪੈਣਾ ਮੇਰੇ ਸੁਭਾਅ ਵਿੱਚ ਪੱਕੀ ਤਰ੍ਹਾਂ ਬੈਠਾ ਹੋਇਆ ਸੀ, ਕ੍ਰੋਧ ਦੀ ਹਨੇਰੀ ਹਰ ਵੇਲੇ ਝੁਲ੍ਹੀ ਰਹਿੰਦੀ ਸੀ, ਕਾਮ ਵਾਸ਼ਨਾ ਦੇ ਤੰਦੂਆ ਜਾਲ ਵਿੱਚ ਫਸਿਆ ਹੋਇਆ ਸੀ। ‘ਭਲੀ ਸਰੀ, ਮੁਈ ਮੇਰੀ ਪਹਿਲੀ ਬਰੀ’ —ਭਲਾ ਹੋਇਆ ਮੇਰੀ ਪਹਿਲੀ ਵਹੁਟੀ ਰੂਪੀ ਭੈੜੀ ਮਤ ਮਰ ਗਈ ਜੋ ਮੈਨੂੰ ਬਹੁਤ ਹੀ ਚੰਗੀ ਲੱਗਦੀ ਸੀ ਪਰ ਮੈਂ ਤੇ ਇਸ ਨੂੰ ਹੀ ਮੰਜ਼ਿਲ ਸਮਝੀ ਬੈਠਾ ਸੀ। ਪਰ ਹੁਣ ਗਿਆਨ ਦੀ ਬਿਰਤੀ ਆਉਣ ਨਾਲ ਜੋ ਨਵੀਂ ਵਹੁਟੀ ਰੂਪੀ ਮਤ ਮੈਨੂੰ ਹੁਣ ਮਿਲੀ ਹੈ ਰੱਬ ਕਰਕੇ ਇਹ ਸਦਾ ਲਈ ਜ਼ਿਉਂਦੀ ਰਹੇ।

ਇਤਿਹਾਸ ਦੇ ਪੰਨਿਆਂ `ਤੇ ਸਰਸਰੀ ਨਜ਼ਰ ਮਾਰੀਏ ਤਾਂ ਭਾਈ ਲਹਿਣਾ ਜੀ ਸੱਤ ਸਾਲ ਤੋਂ ਦੇਵੀ ਦੇ ਦੀਦਾਰ ਕਰਨ ਲਈ ਜਾਂਦੇ ਰਹੇ, ਜੋਤਾਂ ਜਗਾਉਂਦੇ ਰਹੇ, ਟੱਲ ਖੜਕਾਉਂਦੇ ਰਹੇ, ਪਰ ਜਿਸ ਦਿਨ ਸਮਝ ਆ ਗਈ ਇੱਕ ਨਵੀਂ ਮੰਜ਼ਿਲ ਨੂੰ ਤਹਿ ਕਰਨ ਲਈ ਨਵੇਂ ਜੀਵਨ ਵਿੱਚ ਪ੍ਰਵੇਸ਼ ਕਰ ਗਏ। ਭਾਈ ਬਿੱਧੀ ਚੰਦ ਨੂੰ ਚੋਰੀ ਦੀ ਅਸਲੀਅਤ ਦਾ ਪਤਾ ਚੱਲਿਆ ਚੋਰੀ ਛੱਡ ਕੇ ਗੁਰੂ ਉਪਦੇਸ਼ਾਂ ਨਾਲ ਸਦੀਵੀ ਸਾਂਝ ਪਾ ਲਈ ਤੇ ਮੋਹਰਲੀਆਂ ਕਤਾਰਾਂ ਵਾਲਾ ਸਿੱਖ ਹੋ ਨਿਬੜਿਆ। ਕਬੀਰ ਸਾਹਿਬ ਜੀ ਨੇ ਜੋ ਹੁਣ ਸ਼ੁਭ ਮਤ ਵਾਲੀ ਵਹੁਟੀ ਵਿਆਹ ਕੇ ਲਿਆਂਦੀ ਹੈ ਇਸ ਸਬੰਧੀ ਕਹਿੰਦੇ ਹਨ ਕਿ ਰੱਬ ਕਰਕੇ ਇਹ ਸਦਾ ਲਈ ਵਹੁਟੀ (ਮਤ) ਜ਼ਿਉਂਦੀ ਰਹੇ ਇਹ ਨਾ ਮਰੇ। ਭਾਵ ਖ਼ੁਦਗ਼ਰਜ਼ ਵਾਲੇ ਸੁਭਾਅ ਵਿਚੋਂ ਲੰਘ ਕੇ ਪਰ-ਸੁਆਰਥ ਵਾਲੇ ਸੁਭਾਅ ਵਿੱਚ ਪ੍ਰਵੇਸ਼ਤਾ ਪਾ ਲਈ ਹੈ।

ਚੋਟੀ ਦੇ ਵਿਦਵਾਨਾਂ ਦੀ ਸਭਾ ਵਿੱਚ ਬੈਠਿਆਂ ਅਚਾਨਕ ਗੁਰਮਤਿ ਦੇ ਇੱਕ ਵਿਦਵਾਨ ਦੀ ਗੱਲ ਚੱਲ ਪਈ, ਕੁੱਝ ਵੀਰ ਆਪਣੀ ਮਤ ਮੁਤਾਬਕ ਜਾਂ ਆਪਣੇ ਬਣੇ ਹੋਏ ਸੁਭਾਅ ਅਨੁਸਾਰ ਕਿਸੇ ਹੋਰ ਨੂੰ ਵਿਦਵਾਨ ਮੰਨਣ ਲਈ ਤਿਆਰ ਨਹੀਂ ਹੁੰਦੇ ਤੇ, ਝੱਟ ਕਹਿ ਦੇਂਦੇ ਹਨ ਕਿ ਹਾਂ ਜੀ, ਉਹਦੀ ਕੀ ਗੱਲ ਕਰਦੇ ਹੋ, ਉਹਨੂੰ ਤਾਂ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਉਹ ਕਿਥੋਂ ਵਿਦਵਾਨ ਬਣ ਗਿਆ, ਕਲ੍ਹ ਤੀਕ ਤਾਂ ਉਹ ਆ-ਹੁੰਦਾ ਸੀ। ਦਰ ਅਸਲ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਦੀ ਵਿਲੱਖਣਤਾ ਹੀ ਇਸ ਵਿੱਚ ਹੈ ਕਿ ਇਹ ਪੁਰਾਣਾ ਘੁਣ-ਖਾਧਾ ਸੁਭਾਅ ਤਿਆਗ ਕੇ ਨਵੀਂ ਸਵੇਰ ਵਾਂਗ ਨਵੀਂ ਅੰਗੜਾਈ ਲੈਣ ਦਾ ਹੈ। ਜੋ ਆਪਣਾ ਪੁਰਾਣਾ ਸੁਭਾਅ ਤਿਆਗ ਦੇਂਦਾ ਹੈ ਤੇ ਆਤਮਿਕ ਸੂਝ ਵਾਲਾ ਨਵਾਂ ਸੁਭਾਅ ਲੈ ਲੈਂਦਾ ਹੈ ਕਬੀਰ ਸਾਹਿਬ ਜੀ ਨੇ ਉਸ ਦੀ ਗੱਲ ਕੀਤੀ ਹੈ, ਤੇ ਕਹਿੰਦੇ ਹਨ ਕਿ ਇਹ ਮੇਰੀ ਵਹੁਟੀ ਸਦਾ ਲਈ ਜਿਉਂਦੀ ਰਹੇ। "ਜੁਗੁ ਜੁਗੁ ਜੀਵਉ, ਮੇਰੀ ਅਬ ਕੀ ਧਰੀ"॥

ਸਬਦ ਦੇ ਪਹਿਲੇ ਬੰਦ ਵਿੱਚ ਕਰੂਪਿ, ਕੁਜਾਤ, ਕੁਲੱਖਣੀ ਸ਼ਬਦ ਆਇਆ ਹੈ। ਕਰੂਪ ਕਹਿੰਦੇ ਨੇ ਜਿਸ ਦਾ ਚਿਹਰਾ ਖ਼ੂਬਸੂਰਤ ਨਾ ਹੋਵੇ—ਤੇ ਇਹ ਜ਼ਰੂਰੀ ਨਹੀਂ ਕਿ ਕਰੂਪ ਚਿਹਰੇ ਬਦੀ ਵਾਲੇ ਹੀ ਇਨਸਾਨ ਹੀ ਹੁੰਦੇ ਹਨ। ਸੁਕਰਾਤ ਦਾ ਚਿਹਰਾ ਸੋਹਣਾ ਨਹੀਂ ਸੀ ਪਰ ਅੰਦਰਲੇ ਤਲ਼ `ਤੇ ਉਹ ਇੱਕ ਮੁਕੰਮਲ ਇਨਸਾਨ ਸੀ। ਏਥੇ ਕਰੂਪਤਾ ਤੋਂ ਭਾਵ ਮੱਥੇ ਦੀਆਂ ਤਿਊੜੀਆਂ, ਡਰਾਉਣਾ ਮੂੰਹ ਬਣਾ ਕਿ ਰੱਖਣਾ, ਅੱਖਾਂ ਕੱਢ ਕੇ ਦਿਖਾਲਣੀਆਂ ਹਰ ਵੇਲੇ ਖਿਝ੍ਹੇ ਰਹਿਣਾ, ਆਪਣੇ ਨਿਆਣਿਆਂ ਨੂੰ ਹੀ ਇੰਜ ਚਿਹਰਾ ਦਿਖਾਲਣਾ ਜਿਵੇਂ ਸਰਕਾਰੀ ਜਲਾਦ ਜਾਂ ਥਾਣੇ ਦਾ ਵਿਗੜਿਆ ਮੁਨਸ਼ੀ ਹੋਵੇ। ਸਰਕਾਰੀ ਅਫਸਰ ਦੀ ਤਾਂ ਨਿਸ਼ਾਨੀ ਹੀ ਇਹ ਸਮਝੀ ਜਾਂਦੀ ਹੈ ਕਿ ਵੱਧ ਤੋਂ ਵੱਧ ਆਪਣੇ ਚਿਹਰੇ ਨੂੰ ਡਰਾਵਣਾ ਪੇਸ਼ ਕਰੇ ਜਿਸ ਤੋਂ ਮੁਲਾਜ਼ਮ ਇਹ ਸਮਝ ਲੈਣ ਕਿ ਮੈਂ ਤੁਹਾਡਾ ਬੌਸ ਕੋਈ ਆਮ ਆਦਮੀ ਨਹੀਂ ਹਾਂ। ਦੂਸਰਾ ਕੁਜਾਤਿ ਦਾ ਪ੍ਰਭਾਵ ਲਿਆ ਹੈ ਤੇ ਕੁਜਾਤਿ—ਉਸ ਨੂੰ ਕਿਹਾ ਜਾਂਦਾ ਹੈ ਜੋ ਨੀਵੇਂ ਅਸਲੇ ਦਾ ਹੋਵੇ। ਜੇ ਸੁਭਾਵਕ ਹੀ ਕਿਸੇ ਮਨੁੱਖ ਪਾਸੋਂ ਇਹ ਪੁੱਛਿਆ ਜਾਏ ਕਿ ਤੂੰ ਕੌਣ ਹੇਂ ਤਾਂ ਅੱਗੋਂ ਉੱਤਰ ਮਿਲੇਗਾ ਕਿ ਜੀ ਮੈਂ ਇਨਸਾਨ ਹਾਂ। ਗੁਰੂ ਅਰਜਨ ਪਾਤਸ਼ਾਹ ਜੀ ਨੇ ਇੱਕ ਸੁਆਲ ਕੀਤਾ ਹੈ ਕਿ ਐ ਇਨਸਾਨ ਇਹ ਠੀਕ ਹੈ ਕਿ ਤੂੰ ਇਨਸਾਨ ਹੇਂ ਪਰ ਕਰਤੂਤ ਤੇਰੀ ਇਨਸਾਨਾਂ ਵਾਲੀ ਨਹੀਂ ਹੈ। "ਕਰਤੂਤਿ ਪਸੂ ਕੀ ਮਾਨਸ ਜਾਤਿ" ਭਾਵ ਬੰਦਿਆ ਅਸਲੀਅਤ ਤੇਰੀ ਇਹ ਹੈ। ਗੁਰਬਾਣੀ ਵਿੱਚ ਬਹੁਤ ਥਾਈਂ ਬੰਦੇ ਨੂੰ ਸਮਝਾਉਣ ਲਈ ਕੁੱਤੇ, ਗੱਧੇ, ਹਾਥੀ, ਸੱਪ ਆਦਿਕ ਨਾਵਾਂ ਨਾਲ ਸੰਬੋਧਨ ਕੀਤਾ ਹੈ। ਸੌਖਾ ਸਮਝਣਾ ਹੋਵੇ ਤਾਂ ਕਿਹਾ ਜਾ ਸਕਦਾ ਹੈ ਦੇਖਣ ਚਾਖਣ ਨੂੰ `ਤੇ ਤੂੰ ਬੰਦਾ ਲੱਗਦਾ ਏਂ ਪਰ ਕੰਮ ਤੇਰੇ ਬੰਦਿਆਂ ਵਾਲੇ ਨਹੀਂ ਹਨ। ਕੁਲਖਨੀ ਨੂੰ ਤੀਜੇ ਥਾਂ `ਤੇ ਰੱਖਿਆ ਹੋਇਆ ਹੈ, ਜਿਸ ਦੇ ਲੱਛਣ ਚੰਗੇ ਨਾ ਹੋਣ, ਮਨੁੱਖੀ ਕਿਰਦਾਰ ਤੋਂ ਗਿਰਿਆ ਹੋਵੇ, ਉਸ ਨੂੰ ਕੁਲਖਣੀ ਕਿਹਾ ਜਾਂਦਾ ਹੈ। ਸਰੀਰ ਏੱਥੇ ਹੈ ਪਰ ਮਨ ਕਿਤੇ ਹੋਰ ਲੱਗਿਆ ਹੋਇਆ ਹੈ। ਹਰ ਵੇਲੇ ਭੈੜੀ ਸੋਚ ਦੇ ਧਾਰਨੀ ਰਹਿਣਾ ਹਰ ਵੇਲੇ ਕਿਸੇ ਨਾ ਕਿਸੇ ਦਾ ਮਾੜਾ ਚਿਤਵਦੇ ਰਹਿਣਾ। ਕਬੀਰ ਸਾਹਿਬ ਜੀ ਆਖਦੇ ਹਨ ਕਿ ਇਹ ਸਾਰਾ ਕੁੱਝ ਨਾਲ ਹੀ ਚੱਲਦੇ ਰਹਿਣਾ ਸੀ ਜੇ ਕਰ ਮੈਨੂੰ ਆਤਮਿਕ ਸੂਝ ਨਾ ਆਉਂਦੀ। ਹੁਣ ਜਦੋਂ ਦੀ ਮੈਨੂੰ ਸਮਝ ਆ ਗਈ ਹੈ ਮੈਂ ਇਸ ਤਨਾਓ ਭਰੀ ਜ਼ਿੰਦਗੀ ਤੋਂ ਮੁਕਤ ਹੋ ਗਿਆ ਹਾਂ।

ਮੇਰੇ ਚਿਹਰੇ ਦੀ ਦਿਖ ਵਧੀਆ ਹੋ ਗਈ ਹੈ, ਸਰੂਪਿ--ਹਰ ਵੇਲੇ ਖੁਸ਼ੀ ਭਰੀ ਮੁਸਕਰਾਹਟ ਵੰਡਣੀ। ਸੁਜਾਨਿ—ਅਕਲ ਆ ਜਾਣੀ, ਸਲੀਕਾ ਆ ਜਾਣਾ, ਚੱਜ ਅਚਾਰ ਆ ਜਾਣਾ। ਸੁਲਖਨੀ--ਸੁਹਣੇ ਲੱਛਣਾਂ ਵਾਲੀ, ਅੰਦਰਲੇ ਸੁਭਾਅ ਵਿੱਚ ਅਡੋਲਤਾ ਦਾ ਟਿਕ ਜਾਣਾ ਆਈ ਤਬਦੀਲੀ ਦਾ ਗੂੜ੍ਹਾ ਪਰਤੀਕ ਹੈ। ਗੁਰਦੁਆਰੇ ਆਉਣਾ ਜਾਂ ਗੁਰਬਾਣੀ ਸੁਣਨੀ-ਵਿਚਾਰਨੀ ਏਸੇ ਕਰਕੇ ਹੈ ਕਿ ਸਾਡੇ ਸੁਭਾਅ ਵਿੱਚ ਭੈੜੀ ਖੜੋਤ ਨੂੰ ਤੋੜਿਆ ਜਾ ਸਕੇ। ਜੇ ਭੈੜਾ ਸੁਭਾਅ ਛੱਡਿਆ ਨਹੀਂ ਹੈ ਤਾਂ ਇਹ ਸਮਝ ਲੈਣਾ ਚਾਹੀਦਾ ਹੈ ਕਿ ਅਜੇ ਤੀਕ ਅਸੀਂ ਫਿਰ ਗੁਰਦੁਆਰੇ ਆਏ ਨਹੀਂ ਹਾਂ। ‘ਪਹਿਲੀ, ਕਰੂਪਿ ਕੁਜਾਤਿ ਕੁਲਖਨੀ, ਸਾਹੁਰੈ ਪੇਈਐ ਬੁਰੀ’ —ਇਹ ਬਿਰਤੀ ਮੈਨੂੰ ਅੰਦਰੋਂ ਬਾਹਰੋਂ ਹਮੇਸ਼ਾਂ ਹੀ ਤੰਗ ਕਰਦੀ ਸੀ ਤੇ ਇਸ ਨੇ ਹਰ ਵੇਲੇ ਮੈਨੂੰ ਤੰਗ ਹੀ ਕਰਦੇ ਰਹਿਣਾ ਸੀ। ਚੰਗਾ ਹੋਇਆ ਮੇਰੀ ਇਹ ਪਹਿਲੀ ਵਹੁਟੀ ਮਰ ਗਈ ਹੈ। ਹੁਣ ਜਿਹੜਾ ਮੈਂ ਦੂਜੀ ਵਹੁਟੀ ਨਾਲ ਵਿਆਹ ਕਰਾਇਆ ਹੈ, ਇਹ ਵਹੁਟੀ ਬਹੁਤ ਹੀ ਆਗਿਆਕਾਰੀ ਬਿਰਤੀ ਵਾਲੀ ਹੈ। ‘ਅਬ ਕੀ ਸਰੂਪਿ ਸੁਜਾਨਿ ਸੁਲਖਨੀ’, ਸਹਿਜੇ ਉਦਰਿ ਧਰੀ’ ਸਹਿਜ ਅਵਸਥਾ, ਆਤਮਿਕ ਅਡੋਲਤਾ ਬਣ ਗਈ ਹੈ। ਮੈਂ ਚਹੁੰਦਾ ਹਾਂ ਇਹ ਵਹੁਟੀ ਮੇਰੀ ਸਦਾ ਲਈ ਜ਼ਿਉਂਦੀ ਰਹੇ।

ਕਬੀਰ ਜੀ ਇੱਕ ਦਾਅਵਾ ਕਰਦੇ ਹਨ ਕਿ ਜਦੋਂ ਦਾ ਸ਼ੁਭ ਗੁਣਾਂ ਵਾਲੀ ਵਹੁਟੀ ਨਾਲ ਮੇਰਾ ਪੱਕਾ ਰਿਸ਼ਤਾ ਹੋਇਆ ਹੈ, ਸਦੀਵੀ ਸਾਂਝ ਬਣ ਗਈ ਹੈ ਤਾਂ ਫਿਰ ਹੁਣ ਭੈੜੀ ਵਹੁਟੀ ਕਦੇ ਵੀ ਮੇਰੇ ਪਾਸ ਨਹੀਂ ਆ ਸਕਦੀ। "ਜਬੁ ਲਹੁਰੀ ਆਈ" ਜਦੋਂ ਦੀ ਸਹਿਜ ਅਵਸਥਾ ਆ ਗਈ ਅੰਦਰਲੀ ਮਤ ਜਾਗ ਗਈ ਹੈ। ‘ਬਡੀ ਕਾ ਸੁਹਾਗੁ ਟਰਿਓ’ ਹੰਕਾਰ ਵਾਲੀ ਬਿਰਤੀ ਟਲ਼ ਗਈ। "ਲਹੁਰੀ ਸੰਗਿ ਭਈ ਅਬ ਮੇਰੈ" ਇਹ ਨਿੰਮ੍ਰਤਾ ਵਾਲੀ ਮਤ ਹਮੇਸ਼ਾਂ ਮੇਰੇ ਨਾਲ ਰਹੰਦੀ ਹੈ। "ਜੇਠੀ ਅਉਰੁ ਧਰਿਓ" ਹੰਕਾਰ ਵਾਲੀ ਬਿਰਤੀ ਨੇ ਹੁਣ ਕੋਈ ਹੋਰ ਘਰ ਲੱਭ ਲਿਆ ਹੋਵੇਗਾ। ਗਰੁਬਾਣੀ ਸਾਖੀਆ ਦੇ ਅਧਾਰਤ ਨਹੀਂ ਹੈ ਇਹ ਤੇ ਮਨੁੱਖੀ ਜੀਵਨ ਜਾਚ ਦਾ ਇੱਕ ਉੱਚਤਮ ਨਮੂਨਾ ਹੈ। ਗੁਰਬਾਣੀ ਤੋਂ ਸੇਧ ਲੈ ਕੇ ਆਪਣੇ ਸੁਭਾਅ ਵਿੱਚ ਤਬਦੀਲੀ ਲਿਆਉਣੀ ਹੈ।

ਤ੍ਰਿਕੁਟੀ ਛੂਟੀ ਬਿਮਲ ਮਝਾਰਿ॥ ਗੁਰ ਕੀ ਮਤਿ ਜੀਇ ਆਈ ਕਾਰਿ॥

ਮਹਲਾ ੧ ਪੰਨਾ ੨੨੧ --
.