.

ਦਰਸ਼ਨੀ ਡਿਉੜੀ ਦੇ ਦਰਵਾਜ਼ੇ ਸੋਮਨਾਥ ਮੰਦਰ ਵਾਲ਼ੇ ਨਹੀ

ਗਿਆਨੀ ਸੰਤੋਖ ਸਿੰਘ

੧੯੭੭ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਮੋਰਾਰ ਜੀ ਡੇਸਾਈ ਸ੍ਰੀ ਦਰਬਾਰ ਸਾਹਿਬ ਆਏ ਸਨ ਓਦੋਂ ਤੋਂ ਹੀ ਇਹ ਪ੍ਰੈਸ ਵਿੱਚ ਇੱਕ ਮਨਘੜਤ ਖ਼ਬਰ ਚਲਾ ਦਿਤੀ ਗਈ। ਜਿਥੋਂ ਤੱਕ ਮੈਨੂੰ ਯਾਦ ਹੈ ਸ਼ਾਇਦ ਇੱਕ ਬਹੁਤ ਗਰਮ ਤੇ ਸ਼ਰਾਰਤੀ ਕਿਸਮ ਦੇ ਪੱਤਰਕਾਰ, ਜੋ ਕਿ ਆਪਣੇ ਹਿੰਦੂ ਵਿਰੋਧੀ ਗਰਮਾ ਗਰਮ ਲੇਖਾਂ ਤੇ ਭਾਸ਼ਨਾ ਬਾਰੇ ਪ੍ਰਸਿਧ ਸੀ, ਨੇ ਇਹ ਝੂਠੀ ਖ਼ਬਰ ਫੈਲਾਈ ਸੀ। ਓਦੋਂ ਤੋਂ ਕਦੇ ਕਦੇ ਇਹ ਮਸਲਾ ਪ੍ਰੈਸ ਤੇ ਕੰਪਿਊਟਰ ਤੇ ਪਰਗਟ ਹੋ ਜਾਂਦਾ ਹੈ। ਹੈਰਾਨੀ ਇਸ ਗੱਲ ਦੀ ਹੁੰਦੀ ਹੈ ਕਿ ਬਹੁਤ ਪੜ੍ਹੇ ਲਿਖੇ ਤੇ ਵਿਦਵਾਨ ਸੱਜਣ ਵੀ ਇਸ ਬਾਰੇ ਕਾਫੀ ਭੰਬਲ਼ਭੂਸੇ ਜਿਹੇ ਵਿੱਚ ਪਏ ਰਹਿੰਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਭੇਦ ਭਰੀ ਚੁੱਪ ਦਾ ਕੀ ਕਾਰਨ ਹੈ ਇਹ ਤਾਂ ਓਹੀ ਜਾਣ ਸਕਦੇ ਹਨ। ਉਹਨਾਂ ਪਾਸ ਕਾਫੀ ਵਿਦਵਾਨ ਸੱਜਣ ਹਨ। ਉਹ ਇਸ ਸਭ ਕਾਸੇ ਦੀ ਖੋਜ ਕਰਕੇ ਸਿੱਖ ਸੰਸਾਰ ਦੇ ਮਨਾਂ ਵਿਚੋਂ ਇਹ ਭੁਲੇਖਾ ਭਲੀ ਭਾਂਤ ਦੂਰ ਕਰ ਸਕਦੇ ਹਨ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਾਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਨਮਾਨ ਯੋਗ ਜਥੇਦਾਰ ਸਾਹਿਬ ਜੀ ਵੱਲੋਂ ਅਧੂਰੇ ਜਿਹੇ ਬਿਆਨ ਇਸ ਮਸਲੇ ਦਾ ਹੱਲ ਨਹੀ ਹਨ। ਮੈ ਹੈਰਾਨ ਹਾਂ ਕਿ ਆਪਣੀ ਸੀਮਤ ਜਿਹੀ ਸਮਝ, ਵਿੱਦਿਆ ਤੇ ਵਸੀਲਿਆਂ ਨਾਲ਼ ਵੀ ਜੇ ਮੈ ਇਸ ਮਸਲੇ ਵਿੱਚ ਦੂਜਿਆਂ ਨਾਲ਼ੋਂ ਵਧ ਜਾਣ ਗਿਆ ਹਾਂ ਤਾਂ ਵਧ ਵਿੱਦਿਆ ਤੇ ਵਸੀਲਿਆਂ ਵਾਲ਼ੇ ਵਿਦਵਾਨ ਤੇ ਸੰਸਥਾਵਾਂ ਕਿਉਂ ਨਹੀ ਓਥੇ ਤਕ ਪੁੱਜ ਸਕੀਆਂ। ਸ਼ਾਇਦ ਇਰਾਦੇ ਦੀ ਘਾਟ ਹੀ ਇਸ ਨੂੰ ਸਮਝਿਆ ਜਾਵੇ!

ਇੰਟਰਨੈਟ ਤੇ ਇਸ ਪਏ ਭੰਬਲ਼ਭੂਸੇ ਨੂੰ ਸਾਫ਼ ਕਰਨ ਲਈ ਮੈ ਆਪਣੀ ਅੰਮ੍ਰਿਤਸਰ ਦੀ ਯਾਤਰਾ ਦੌਰਾਨ ਇਸ ਬਾਰੇ ਸੱਚਾਈ ਜਾਨਣ ਦੀ ਕੋਸ਼ਿਸ਼ ਕੀਤੀ। ਇਸ ਬਾਰੇ ਮੈ ਇੱਕ ਸ਼ਾਮ ਦੇ ਸਮੇ ਇਹਨਾਂ ਦਰਵਾਜ਼ਿਆਂ ਦੇ ਦੋਵੱਲੀਉਂ ਦਰਸ਼ਨ ਵੀ ਕੀਤੇ। ਓਥੇ ਇੱਕ ਨੌਜਵਾਨ ਕਮੇਟੀ ਦੇ ਮੁਲਾਜ਼ਮ ਤੋਂ ਜਾਣਕਾਰੀ ਵੀ ਪਰਾਪਤ ਕਰਨੀ ਚਾਹੀ। ਭਾਵੇਂ ਕਿ ਮੈ ਇਹ ਜਾਣਦਾ ਸਾਂ ਕਿ ਇੱਕ ਕਾਲ਼ੀ ਦਾਹੜੀ ਵਾਲ਼ਾ ਸਾਧਾਰਣ ਮੁਲਾਜ਼ਮ ਇਸ ਬਾਰੇ ਸ਼ਾਇਦ ਹੀ ਕੁੱਝ ਜਾਣਦਾ ਹੋਵੇ ਜਾਂ ਉਸਨੂੰ ਇਸ ਬਾਰੇ ਜਾਨਣ ਦੀ ਕੋਈ ਇੱਛਾ ਵੀ ਹੋਏ। ਫਿਰ ਵੀ ਕੁੱਝ ਨਾ ਹੋਣ ਨਾਲ਼ੋਂ ਕੁੱਝ ਹੋਣਾ ਸਿਆਣੇ ਚੰਗਾ ਹੀ ਸਮਝਦੇ ਹਨ। ਉਸਨੂੰ ਪੁਛਿੱਆ। ਉਹ ਵਿਚਾਰਾ ਮੇਰੇ ਸਵਾਲ਼ ਤੋਂ ਅਜੇ ਸੰਭਲ਼ ਹੀ ਰਿਹਾ ਸੀ ਕਿ ਓਥੇ ਹਾਜਰ ਦੋ ਚਿੱਟੀਆਂ ਦਾਹੜੀਆਂ ਵਾਲ਼ੇ ਪ੍ਰੇਮੀ ਜਨ ਮੈਨੂੰ ਟੁੱਟ ਕੇ ਪੈ ਗਏ। ਉਹਨਾਂ ਦੀ ਸ਼ਿਕਾਇਤ ਮੇਰੇ ਖਿਲਾਫ਼ ਇਹ ਸੀ ਕਿ ਮੈ ਸਿੱਖਾਂ ਦੇ ਇਸ ਬਹਾਦਰੀ ਭਰੇ ਕਾਰਨਾਮੇ ਤੇ ਕਿੰਤੂ ਕਿਉਂ ਕਰ ਰਿਹਾ ਹਾਂ। ਮੇਰੇ ਵੱਲੋਂ ਬਹੁਤ ਸਮਾ ਉਹਨਾਂ ਨਾਲ਼ ਮਗ਼ਜ਼ ਮਾਰੀ ਕਰਨ ਤੇ ਉਹਨਾਂ ਵਿਚੋਂ ਇੱਕ ਨੇ ਆਖਿਆ ਕਿ ਦੂਰੋਂ ਕੁੱਝ ਦਿਨ ਸੁੱਖੀ ਹੋਈ ਸੇਵਾ ਕਰਨ ਆਉਂਦਾ ਹੈ। ਉਸਨੇ ਥਾਂ ਵੀ ਦੱਸਿਆ ਜੋ ਕਿ ਹੁਣ ਮੈਨੂੰ ਯਾਦ ਨਹੀ ਰਿਹਾ। ਸਬੂਤ ਦੇਣ ਲਈ ਉਸਨੇ ਮੈਨੂੰ ਗੁਰੂ ਰਾਮ ਦਾਸ ਸਰਾਂ ਦਾ ਕਮਰਾ ਨੰਬਰ ਦੱਸ ਕੇ ਓਥੇ ਆਉਣ ਲਈ ਆਖਿਆ। ਅਗਲੇ ਹੀ ਦਿਨ ਮੈ ਫਿਰ ਉਸਨੂੰ ‘ਸਤਾਉਣ’ ਲਈ ਓਥੇ ਜਾ ਹਾਜਰ ਹੋਇਆ। ਵਾਹਵਾ ਚਿਰ ਗੱਲਾਂ ਬਾਤਾਂ ਪਿਛੋਂ ਉਸਨੇ ਦੱਸਿਆ ਕਿ ਗੁਰੂ ਰਾਮਦਾਸ ਨਗਰ, ਸੁਲਤਾਨ ਵਿੰਡ ਰੋਡ ਤੇ ਫਲਾਣਾ ਸਿੰਘ ਸੰਧੂ ਜੀ ਹਕੀਮ ਰਹਿੰਦੇ ਹਨ; ਉਹਨਾਂ ਕੋਲ਼ ਕਿਤਾਬ ਹੈ। ਅਸੀਂ ਦੋਵੇਂ ਰਿਕਸ਼ਾ ਕਰਕੇ ਉਸ ਦੇ ਘਰ ਗਏ ਤਾਂ ਉਹ ਅੱਗੋਂ ਘਰ ਨਾ ਮਿਲ਼ੇ। ਫਿਰ ਉਹਨਾਂ ਦੇ ਘਰ ਹੋਣ ਦਾ ਪਤਾ ਕਰਕੇ ਮੈ ਤੇ ਮੇਰਾ ਭਰਾ ਉਹਨਾਂ ਹਕੀਮ ਜੀ ਦੇ ਘਰ ਗਏ। ਵਾਹਵਾ ਚਿਰ ਗੱਲਾਂ ਬਾਤਾਂ ਪਿਛੋਂ ਉਹਨਾ ਨੇ ਦੱਸਣ ਦੀ ਕਿਰਪਾ ਕੀਤੀ ਕਿ ਗੁਰੂ ਕਾ ਕੋਠਾ ਪਿੰਡ ਵਿੱਚ ਇੱਕ ਗਿਆਨੀ ਜੀ ਹਨ; ਉਹਨਾਂ ਪਾਸ ਇਹ ਸਾਰਾ ਕੁੱਝ ਲਿਖਤੀ ਹੈ। ਮੇਰੀਆਂ ਇਹ ਖ਼ਫ਼ਤੀ ਜਿਹੀਆਂ ਸਰਗਰਮੀਆਂ ਮੇਰੇ ਛੋਟੇ ਭਰਾ ਨੂੰ ਸਿਰਫ ਕਮਲ਼ਪੁਣਾ ਹੀ ਦਿਸ ਰਹੀਆਂ ਸਨ ਜਿਸਦੇ ਪਾਸ ਮੈ ਠਹਿਰਿਆ ਹੋਇਆ ਸਾਂ ਤੇ ਇਸ ਸਾਰੇ ਕੁੱਝ ਵਿੱਚ ਉਹ ਵੀ ਮੇਰੇ ਨਾਲ਼ ਹੀ, ਆਪਣੀ ਦਿਲਚਸਪੀ ਤੇ ਮਰਜੀ ਦੇ ਵਿਰੁਧ ਖੱਜਲ਼ ਹੋ ਰਿਹਾ ਸੀ।

ਜ਼ਿਲੇ ਬਠਿੰਡਾ ਵਿੱਚ ਵਾਕਿਆ, ਗੁਰੂ ਕੇ ਕੋਠੇ ਪਿੰਡ ਜਾ ਕੇ ਉਸ ਵਿਦਵਾਨ ਸੱਜਣ ਤੋਂ ਪਤਾ ਕਰਨ ਲਈ ਸੋਚ ਹੀ ਰਿਹਾ ਸਾਂ ਕਿ ਮੇਰੇ ਚਿਰਕਾਲੀ ਮਿੱਤਰ ਸ. ਕੁਲਜੀਤ ਸਿੰਘ ਤਲਵਾੜ ਆਈ. ਆਰ. ਐਸ. ਜੀ ਨੇ ਗਿ. ਕ੍ਰਿਪਾਲ ਸਿੰਘ ਜੀ ਦੀ ਲਿਖੀ ਹੋਈ ‘ਸ੍ਰੀ ਅੰਮ੍ਰਿਤਸਰ ਜੀ ਕਾ ਇਤਿਹਾਸ’ ਨਾਂ ਦੀ ਕਿਤਾਬ ਲਿਆ ਦਿਤੀ। ਗਿ. ਕ੍ਰਿਪਾਲ ਸਿੰਘ ਜੀ ਸਭ ਤੋਂ ਵਧ ਸਮਾ ਇਸ ਸੇਵਾ ਤੇ ਰਹਿਣ ਵਾਲ਼ੇ ਵਿਦਵਾਨ ਵਿਅਕਤੀਆਂ ਵਿਚੋਂ ਹਨ ਜੋ ਕਿ ਲੰਮਾ ਸਮਾ ਸ੍ਰੀ ਦਰਬਾਰ ਸਹਿਬ ਦੇ ਗ੍ਰੰਥੀ, ਮੁਖ ਗ੍ਰੰਥੀ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਦੀਆਂ ਪਦਵੀਆਂ ਉਪਰ ਸੁਸ਼ੋਭਤ ਰਹੇ। ਇਹਨਾਂ ਨਾਲ਼ੋਂ ਵਧ ਹੋਰ ਕੌਣ ਇਸ ਬਾਰੇ ਜਾਣ ਸਕਦਾ ਹੈ! ਉਸ ਕਿਤਾਬ ਵਿਚੋਂ ਪਤਾ ਲੱਗਾ ਕਿ ਇਹ ਦਰਵਾਜ਼ੇ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਸਮੇ, ਗਿਆਨੀ ਸੰਤ ਜੀ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਮੁਖ ਗ੍ਰੰਥੀ ਸਨ, ਓਦੋਂ ‘ਯਾਰ ਮੁਹੰਮਦ ਖਾਨ’ ਨਾਂ ਦੇ ਮਿਸਤਰੀ ਦੀ ਅਗਵਾਈ ਵਿੱਚ ਇਹ ਦਰਵਾਜ਼ੇ ਬਣਵਾ ਕੇ ਏਥੇ ਸੁਸ਼ੋਭਤ ਕੀਤੇ ਗਏ ਸਨ। ਇਹਨਾਂ ਦਰਵਾਜ਼ਿਆਂ ਉਪਰ ਉਸ ਸਮੇ ੬੦੦੦੦ (ਸਠ ਹਜ਼ਾਰ) ਰੁਪਏ ਖ਼ਰਚ ਆਏ ਸਨ। (ਇਹ ਕਿਤਾਬ ਮੇਰੇ ਪਾਸ ਏਥੇ ਨਾ ਹੋਣ ਕਰਕੇ ਮੈ ਉਸਦਾ ਪੰਨਾ ਨੰਬਰ ਨਹੀ ਲਿਖ ਸਕਦਾ)

ਭਾਈ ਕਾਹਨ ਸਿੰਘ ਨਾਭਾ ਜੀ ਨੇ ਇਸ ਮੰਦਰ ਬਾਰੇ ਮਹਾਨ ਕੋਸ਼ ਵਿੱਚ ਪੰਨਾ ੨੩੩ ਤੇ ਇਉਂ ਲਿਖਿਆ ਹੈ:

ਸੋਮ ਨਾਥ। ਬੰਬਈ ਦੇ ਇਲਾਕੇ ਕਾਠੀਆਵਾੜ ਦੀ ਰਿਆਸਤ ਜੂਨਾਗੜ੍ਹ ਦੇ ਰਾਜ ਵਿੱਚ ਸਮੁੰਦਰ ਦੇ ਕਿਨਾਰੇ ਇੱਕ ਨਗਰ ਅਤੇ ਪੱਤਣ, ਜਿਸਦਾ ਨਾਉਂ ‘ਪ੍ਰਭਾਸ’ ਅਤੇ ‘ਵੇਰਾਵਲ ਪੱਤਣ’ ਭੀ ਹੈ। ਇਸ ਥਾਂ ਇੱਕ ਮਸ਼ਹੂਰ ਸ਼ਿਵਲਿੰਗ ‘ਸੋਮਨਾਥ’ ਨਾਉਂ ਕਰਕੇ ਹੈ। ਸੋਮਨਾਥ ਦੇ ਮੰਦਰ ਵਿੱਚ ਇੱਕ ਪੰਜ ਗਜ ਦੀ ਉਚੀ ਸ਼ਿਵ ਦੀ ਮੂਰਤੀ ਭੀ ਸੀ, ਜਿਸਨੂੰ ਮਹਿਮੂਦ ਗਜ਼ਨਵੀ ਨੇ ਸੰਨ 1024 ਵਿੱਚ ਤੋੜ ਕੇ ਚਾਰ ਟੋਟੇ ਕਰ ਦਿਤਾ। ਦੋ ਟੁਕੜੇ ਤਾਂ ਉਸਨੇ ਗਜ਼ਨੀ ਭੇਜੇ, ਜਿਨ੍ਹਾਂ ਵਿਚੋਂ ਇੱਕ ਮਸਜਦ ਦੀ ਪੌੜੀ ਅਤੇ ਦੂਜਾ ਕਚਹਿਰੀ ਘਰ ਦੀ ਪੌੜੀ ਵਿੱਚ ਜੋੜਿਆ, ਅਤੇ ਦੋ ਟੁਕੜੇ ਪੌੜੀਆਂ ਵਿੱਚ ਜੜਨ ਲਈ ਮੱਕੇ ਅਤੇ ਮਦੀਨੇ ਭੇਜ ਦਿਤੇ। ਸੋਮਨਾਥ ਦਾ ਮੰਦਰ ਭਾਰਤ ਵਿੱਚ ਅਦੁਤੀ ਸੀ। ਇਸਦੇ ਰਤਨਾਂ ਨਾਲ਼ ਜੜੇ ਹੋਏ ੫੬ ਥਮਲੇ ਸਨ ਅਰ ਦੋ ਸੌ ਮਣ ਦਾ ਸੋਨੇ ਦਾ ਜੰਜੀਰ ਛੱਤ ਨਾਲ਼ ਲਟਕਦਾ ਸੀ, ਜਿਸ ਨਾਲ਼ ਘੰਟਾ ਬਧਾ ਹੋਇਆ ਸੀ।

ਭਾਈ ਕਾਹਨ ਸਿੰਘ ਜੀ ਨੇ ਇਸ ਮੰਦਰ ਦੇ ਲੁੱਟੇ ਜਾਣ ਦਾ ਵਾਕਿਆ ੧੦੨੪ ਵਿੱਚ ਹੋਣਾ ਲਿਖਿਆ ਹੈ ਜਦੋਂ ਕਿ ਸਿੱਖ ਧਰਮ ਦਾ ਕਿਤੇ ਵਜੂਦ ਵੀ ਨਹੀ ਸੀ। ਉਹਨਾਂ ਨੇ ਆਪਣੇ ਗ੍ਰੰਥ ਵਿੱਚ ਇਸਦੇ ਦਰਵਾਜ਼ਿਆਂ ਦੇ ਲੁੱਟੇ ਜਾਣ ਦਾ ਜ਼ਿਕਰ ਨਹੀ ਕੀਤਾ।

ਸਿਡਨੀ ਵਿੱਚ ਰਹਿੰਦੇ ਇੱਕ ਸਿੱਖ ਨੌਜਵਾਨ ਸ. ਅਮਨਦੀਪ ਸਿੰਘ ਜੀ ਨੇ ਖੋਜ ਕਰਕੇ ਦੱਸਿਆ ਹੈ ਕਿ ਸੋਮਨਾਥ ਮੰਦਰ ਦੇ ਦਰਵਾਜ਼ਿਆਂ ਦਾ ਸ੍ਰੀ ਦਰਬਾਰ ਸਾਹਿਬ ਵਾਲੇ ਦਰਵਾਜ਼ਿਆਂ ਨਾਲ਼ ਕੋਈ ਵਾਸਤਾ ਨਹੀ। ਸੋਮਨਾਥ ਮੰਦਰ ਦੇ ਲੁੱਟੇ ਹੋਏ ਦਰਵਾਜ਼ੇ ਉਜੈਨ ਦੇ ਗੋਪਾਲ ਮੰਦਰ ਵਿੱਚ ਸਥਾਪਤ ਹਨ। ਇਹਨਾਂ ਨੂੰ ਗਜ਼ਨੀ ਤੋਂ ਜਾਂ ਅੰਗ੍ਰੇਜ਼ ਅਫ਼ਸਰ, ਸਰ ਵਿਲੀਅਮ ਨੌਟ, ਨੇ ਲਿਆਂਦਾ ਸੀ ਜਾਂ ਮਰਾਠਾ ਆਗੂ, ਮਹਾਦਜੀ ਸਿੰਧੀਆ, ਨੇ ਵਾਪਸ ਮੋੜਿਆ ਸੀ। ਇਹ ਮੋੜੇ ਹੋਏ ਦਰਵਾਜ਼ੇ ਉਜੈਨ ਦੇ ਗੋਪਾਲ ਮੰਦਰ ਵਿਖੇ ਸੁਸ਼ੋਭਤ ਹਨ। ਇਸ ਲੇਖ ਦੇ ਅੰਤ ਵਿੱਚ ਸ. ਅਮਨਦੀਪ ਸਿੰਘ ਜੀ ਵੱਲੋਂ ਕੀਤੀ ਗਈ ਖੋਜ ਦਾ ਕੁੱਝ ਹਿੱਸਾ ਵੀ ਅੰਗ੍ਰੇਜ਼ੀ ਵਿੱਚ ਲਿਖਿਆ ਸ਼ਾਮਲ ਹੈ।

ਪਤਾ ਨਹੀ ਕਿਸ ਸਾਜ਼ਸ਼ ਦੇ ਅਧੀਨ ਆਏ ਦਿਨ ਇਹ ਸ਼ੋਸ਼ਾ ਫਿਰ ਸਿਰ ਉਠਾ ਲੈਂਦਾ ਹੈ। ਜੇ ਅੰਮ੍ਰਿਤਸਰ ਵਿੱਚ ਛਪੀ ਤੇ ਬੜੀ ਆਸਾਨੀ ਨਾਲ਼ ਮਿਲ਼ ਜਾਣ ਵਾਲ਼ੀ ਕਿਤਾਬ ਵਿਚੋਂ, ਆਸਟ੍ਰੇਲੀਆ ਤੋਂ ਜਾਕੇ ਮੈ ਇਹ ਜਾਣਕਾਰੀ ਪ੍ਰਾਪਤ ਕਰ ਸਕਦਾ ਹਾਂ ਤਾਂ ਅੰਮ੍ਰਿਤਸਰ ਵਿੱਚ ਬੈਠੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਦਵਾਨ ਤੇ ਪ੍ਰਬੰਧਕ ਇਹ ਜਾਣਕਾਰੀ ਕਿਉਂ ਨਹੀ ਪ੍ਰਾਪਤ ਕਰਕੇ ਸਿੱਖਾਂ ਨੂੰ ਸਹੀ ਜਾਣਕਾਰੀ ਮੁਹੱਈਆ ਕਰਵਾ ਸਕਦੇ ਜੋ ਕਿ ਉਹਨਾਂ ਦੀ ਡਿਊਟੀ ਵਿੱਚ ਸ਼ਾਮਲ ਹੈ।

ਇਹ ਅਸੀਂ ਸਿੱਖ ਭਲੀ ਭਾਂਤ ਸਮਝ ਲਈਏ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਸੁਸ਼ੋਭਤ ਦਰਵਾਜ਼ਿਆਂ ਦਾ ਸੋਮਨਾਥ ਜਾਂ ਕਿਸੇ ਵੀ ਮੰਦਰ ਨਾਲ਼ ਕੋਈ ਲੈਣ ਦੇਣ ਨਹੀ। ਇਹ ਸਿੱਖਾਂ ਨੇ ਇਹਨਾਂ ਦੀ ਲੋੜ ਸਮਝ ਕੇ ਤੇ ਤਿਆਰ ਬਣਵਾ ਕੇ ਏਥੇ ਜੜੇ ਹਨ। ਜੇਕਰ ਹੁਣ ਇਹ ਏਨੇ ਪੁਰਾਣੇ ਹੋ ਗਏ ਹੋਣ ਤੇ ਇਹਨਾਂ ਦੀ ਮੁਰੰਮਤ ਨਾ ਕੀਤੀ ਜਾ ਸਕਦੀ ਤਾਂ ਇਹਨਾਂ ਨੂੰ ਬਦਲਾ ਪ੍ਰਬੰਧਕ ਜਰੂਰੀ ਸਮਝਣ ਤਾਂ ਕਿਸੇ ਕਿਸਮ ਦਾ ਫਾਲਤੂ ਵਾ ਵੇਲ਼ਾ ਮਚਾਉਣ ਦੀ ਕੋਈ ਤੁਕ ਨਹੀ ਬਣਦੀ। ਇਹਨਾਂ ਤੋਂ ਪਹਿਲਾਂ ਵੀ ਤਾਂ ਏਥੇ ਦਰਵਾਜ਼ੇ ਹੋਣਗੇ ਹੀ; ਉਹ ਕਿਥੇ ਗਏ! ਜੇਕਰ ਕਿਸੇ ਵਸਤੂ ਨੂੰ ਇਤਿਹਾਸਕ ਮਹੱਤਤਾ ਵਾਲ਼ੀ ਸਮਝ ਕੇ ਉਸਦੀ ਸੰਭਾਲ਼ ਕਰਨ ਦੀ ਲੋੜ ਸਮਝੀ ਜਾਵੇ ਤਾਂ ਉਸਦੀ ਯੋਗ ਤਰੀਕੇ ਨਾਲ਼ ਸੰਭਾਲ਼ ਕਰਨੀ ਜਰੂਰੀ ਬਣਦੀ ਹੈ। ਜੇਕਰ ਇਹ ਦਰਵਾਜ਼ੇ ਖ਼ਸਤਾ ਹੋ ਗਏ ਹੋਣ ਤੇ ਕਿਸੇ ਸਮੇ ਡਿਗ ਕੇ ਕਿਸੇ ਕਿਸਮ ਦਾ ਨੁਕਸਾਨ ਇਹਨਾਂ ਕਰਕੇ ਹੋ ਜਾਣ ਦੀ ਆਸ਼ੰਕਾ ਹੋਵੇ ਤਾਂ ਇਹਨਾਂ ਨੂੰ ਬਦਲ ਦੇਣ ਵਿੱਚ ਕੋਈ ਹਰਜ ਨਹੀ ਹੋਣਾ ਚਾਹੀਦਾ। ਬਾਕੀ ਪ੍ਰਬੰਧਕ, ਐਕਸਪਰਟ, ਵਿਦਵਾਨ ਆਦਿ ਸਾਰੇ ਮੇਰੇ ਨਾਲ਼ੋਂ ਸਿਆਣੇ ਹਨ; ਉਹ ਜੋ ਠੀਕ ਸਮਝਣ ਸਮੇ ਤੇ ਲੋੜ ਅਨੁਸਾਰ ਉਸ ਉਪਰ ਕਰ ਸਕਦੇ ਹਨ।

ਮੇਰਾ ਤਾਂ ਸਿਰਫ ਇਸ ਗੱਲ ਨਾਲ਼ ਹੀ ਸਰੋਕਾਰ ਹੈ ਕਿ ਇਹ ਗ਼ਲਤ ਪ੍ਰਾਪੇਗੰਡੇ ਨਾਲ਼ ਪੈਦਾ ਕੀਤੀ ਜਾ ਰਹੀ, ਬਿਨਾ ਸਿਰ ਪੈਰ ਦੇ ਭ੍ਰਾਂਤੀ ਬੰਦ ਹੋਣੀ ਚਾਹੀਦੀ ਹੈ। ਇਸਦਾ ਨਤੀਜਾ ਮਾੜਾ ਵੀ ਨਿਕਲ਼ ਸਕਦਾ ਹੈ। ਕੋਈ ਵੀ ਸਿਰ ਫਿਰਿਆ ਵਿਅਕਤੀ ਜਾਂ ਸਿਰ ਫਿਰਿਆਂ ਦੀ ਸੰਸਥਾ ਕੋਈ ਉਸ਼ਟੰਡ ਖੜ੍ਹਾ ਕਰਕੇ ਪੰਜਾਬ ਦੇ ਪਾਣੀਆ ਵਿੱਚ ਅੱਗ ਲਾ ਸਕਦੀ ਹੈ। ਉਹਨਾਂ ਵੱਲੋਂ ਮੰਗ ਹੋ ਸਕਦੀ ਹੈ ਕਿ ਜਿਥੋਂ ਦੇ ਇਹ ਦਰਵਾਜ਼ੇ ਆਏ ਹਨ ਓਥੇ ਜਾਣੇ ਚਾਹੀਦੇ ਹਨ। ਫਿਰ ਕੀ ਅਸੀਂ ਪੰਜਾਬ ਨੂੰ ਫਿਰਕੂ ਦੰਗਿਆਂ ਦਾ ਮੈਦਾਨ ਬਣਾ ਲਵਾਂਗੇ!

ਇਹ ਇੱਕ ਪ੍ਰਸੰਗੋਂ ਬਾਹਰੀ ਗੱਲ ਵੀ ਸ਼ਾਇਦ ਪਾਠਕਾਂ ਨੂੰ ਦਿਲਚਸਪ ਲੱਗੇ:

ਵੈਦ ਜੀ ਨਾਲ਼ ਗੱਲ ਬਾਤ ਦੇ ਚੱਲਦਿਆਂ ਹੀ ਉਹਨਾਂ ਪਾਸ ਬੈਠੇ ਇੱਕ ਗਰਮ ਮਿਜ਼ਾਜ਼ ਨੌਜਵਾਨ ਨੇ ਪ੍ਰਸੰਗੋਂ ਬਾਹਰੀ ਗੱਲ ਬੜੇ ਜੋਸ਼ ਨਾਲ਼ ਛੇੜ ਲਈ। ਉਸਨੇ ਆਖਿਆ ਕਿ ਫਲਾਣੇ ਥਾਂ ਇੱਕ ਭਾਈ ਮਹਾਰਾਜ ਦੀ ਸਵਾਰੀ ਸਿਰ ਤੇ ਲਈ ਜਾਂਦਾ ਸੀ ਤੇ ਉਸਦੇ ਪੈਰੀਂ ਜੁੱਤੀ ਪਾਈ ਹੋਈ ਸੀ। ਮੇਰਾ ਜੀ ਕਰੇ ਜੇ ਮੇਰੇ ਪਾਸ ਤਲਵਾਰ ਹੋਵੇ ਤਾਂ ਮੈ ਇਸਦਾ ਸਿਰ ਲਾਹ ਦਿਆਂ! ਹਾਲਾਂ ਕਿ ਮੈ ਚੁੱਪ ਰਹਿ ਕੇ ਸਮਾ ਲੰਘਾ ਸਕਦਾ ਸੀ ਪਰ ਬਿਨਾ ਉਸ ਨੌਜਵਾਨ ਦਾ ਪਿਛੋਕੜ ਜਾਣੇ, "ਆ ਬੈਲ, ਮੁਝੇ ਮਾਰ" ਦੀ ਅਖਾਵਤ ਅਨੁਸਾਰ ਮੈ ਬੋਲਣੋ ਨਾ ਰਹਿ ਸਕਿਆ ਤੇ ਆਖ ਦਿਤਾ, "ਭਈ ਜੋਸ਼ੀਲੇ ਨੌਜਾਵਨਾ, ਇਹ ਕੋਈ ਬਹੁਤੀ ਚੰਗੀ ਗੱਲ ਤੇ ਨਾ ਨਾ ਹੋਈ! ਤੇਰੇ ਪਾਸ ਕ੍ਰਿਪਾਨ ਹੁੰਦੀ ਤੂੰ ਉਸਨੂੰ ਕ੍ਰਿਪਾਨ ਮਾਰ ਦਿੰਦਾ; ਉਸਦੇ ਪਾਸ ਬੰਦੂਕ ਹੁੰਦੀ ਉਹ ਤੈਨੂੰ ਗੋਲ਼ੀ ਮਾਰ ਦਿੰਦਾ। ਨੁਕਸਾਨ ਕਿਸਦਾ ਹੁੰਦਾ! ਤੁਸੀਂ ਦੋਵੇਂ ਸਿਖ ਕੌਮ ਦੇ ਹੋਣਹਾਰ ਨੌਜਵਾਨ ਹੋ। ਤੁਹਾਡੇ ਦੋਹਾਂ ਤੋਂ ਕੌਮ ਵਾਂਝੀ ਹੋ ਜਾਂਦੀ। ਆਖਰ ਉਹ ਵੀ ਤਾਂ ਗੁਰੂ ਦਾ ਸ਼ਰਧਾਲੂ ਸਿੱਖ ਹੀ ਸੀ ਨਾ ਜੇਹੜਾ ਮਹਾਰਾਜ ਜੀ ਦਾ ਸਵਾਰਾ ਆਪਣੇ ਸਿਰ ਤੇ ਚੁੱਕ ਕੇ ਆਦਰ ਨਾਲ਼ ਲਿਜਾ ਰਿਹਾ ਸੀ, ਤੇ ਤੂੰ ਵੀ ਤੇ ਗੁਰੂ ਦਾ ਸ਼ਰਧਾਲੂ ਸਿੱਖ ਹੀ ਹੈਂ, ਜਿਸ ਨੇ ਆਪਣੀ ਸਮਝ ਅਨੁਸਾਰ ਪੈਰੀਂ ਜੋੜਾ ਪਾਉਣ ਨਾਲ਼ ਗੁਰੂ ਜੀ ਦੇ ਸਤਿਕਾਰ ਵਿੱਚ ਘਾਟ ਹੁੰਦੀ ਮਹਿਸੂਸ ਕੀਤੀ। ਅੱਜ ਬਹੁਤ ਸਾਰੇ ਪੜ੍ਹੇ ਲਿਖੇ ਵਿਦਵਾਨ ਸੱਜਣ ਇਸ ਗੱਲ ਨਾਲ਼ ਸਹਿਮਤ ਹਨ ਕਿ ਹਾਲਾਤ ਦੀ ਮਜਬੂਰੀ ਹੋਵੇ ਤਾਂ ਇਸ ਸਮੇ ਜੋੜਾ ਪਾ ਲੈਣ ਵਿੱਚ ਕੋਈ ਹਰਜ ਨਹੀ। ਆਖਰ ਇਸ ਵਿੱਚ ਉਹਨਾਂ ਗੁਰੂ ਸਾਹਿਬਾਨਾਂ ਅਤੇ ਮਹਾਂ ਪੁਰਸ਼ਾਂ ਦੀ ਬਾਣੀ ਹੈ ਜੇਹੜੇ ਆਪਣੇ ਸਰੀਰਕ ਜਾਮਿਆਂ ਵਿੱਚ ਵਿਚਰਨ ਸਮੇ ਜੋੜੇ ਪਹਿਨਿਆ ਕਰਦੇ ਸਨ। ਪਰ ਉਹ ਨੌਜਵਾਨ ਮੇਰੇ ਨਾਲ ਸਹਿਮਤ ਨਹੀ ਸੀ। ਇਸ ਵਾਰਤਾਲਾਪ ਦੌਰਾਨ ਵੈਦ ਜੀ ਨੇ ਆਪਣਾ ਕੋਈ ਪ੍ਰਤੀਕਰਮ ਨਹੀ ਦਰਸਾਇਆ; ਉਹ ਚੁੱਪ ਰਹੇ।

ਸ਼ੁਕਰ ਹੈ ਕਿ ਮੇਰੀ ਮੂਰਖਤਾ ਤੋਂ ਕੋਈ ਅਣਸੁਖਾਵੀਂ ਘਟਨਾ ਨਹੀ ਵਾਪਰ ਗਈ। ਹੋ ਸਕਦਾ ਸੀ ਏਨੇ ਗਰਮ ਸੁਭਾ ਵਾਲ਼ਾ ਨੌਜਵਾਨ ਗੱਲਾਂ ਤੋਂ ਵਧ ਕੇ ਹਥੀਂ ਉਤਰ ਆਉਂਦਾ ਤਾਂ ਜਾਹ ਜਾਂਦੀਏ ਹੋ ਜਾਂਦੀ! ਆਪਣੇ ਲੋੜੋਂ ਬਿਨਾ ਤੇ ਹੈਸੀਅਤੋਂ ਵਧ ਬੋਲਣ ਸਦਕਾ ਹੀ ਮੈ ਬਹੁਤ ਸਾਰੀਆਂ ਥਾਵਾਂ ਤੇ ਨਾਜ਼ਕ ਸਥਿਤੀ ਪੈਦਾ ਕਰਨ ਦੀ ਮੂਰਖਤਾ ਕਰ ਲੈਂਦਾ ਹਾਂ। ਪਤਾ ਹੋਣ ਅਤੇ ਪਿਛੋਂ ਵਾਰ ਵਾਰ ਪਛਤਾਉਣ ਦੇ ਬਾਵਜੂਦ ਵੀ ਸਮਾ ਆਉਣ ਤੇ ਆਪਣੀ ਵੱਲੋਂ ਆਪਣੀ ਸੀਮਤ ਸਮਝ ਅਨੁਸਾਰ ਗੱਲ ਕਰਨ ਤੋਂ ਰੁਕ ਨਹੀ ਸਕਦਾ।

ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ਼!

(੩੦. ੧੦. ੨੦੦੭)




.