.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 43)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਜ਼ਿੰਮੇਦਾਰ ਕੌਣ? ਮਰਯਾਦਾ ਨੂੰ ਚੁਣੌਤੀ; ਗੁਰਦਵਾਰੇ ਵਿੱਚ ਚੜ੍ਹਾਵੇ ਵਿੱਚ ਚੜ੍ਹ ਰਹੀ ਸ਼ਰਾਬ ਦਾ ਪ੍ਰਸ਼ਾਦ

ਗੁਰਦੁਆਰੇ ਦੇ ਪ੍ਰਧਾਨ ਅਤੇ ਕਮੇਟੀ ਨੇ ‘ਅਜੀਤ’ ਨਾਲ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਗੁਰਦੁਆਰਾ ਬਾਬਾ ਕਾਹਨ ਦਾਸ ਅਤੇ ਗੁਰ ਮਰਯਾਦਾ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ। ਉਹਨਾਂ ਇਹ ਵੀ ਦਾਅਵਾ ਕੀਤਾ ਕਿ ਜਿਸ ਜਗ੍ਹਾ ਸ਼ਰਾਬ ਦਾ ਚੜ੍ਹਾਵਾ ਚੜ੍ਹਦਾ ਹੈ ਉਹ ਜਗ੍ਹਾ ਗੁਰਦੁਆਰਾ ਸਾਹਿਬ ਤੋਂ ਵੱਖਰੀ ਹੈ, ਪਰ ਇਸ ਦੇ ਨਾਲ ਹੀ ਉਹਨਾਂ ਮੰਨਿਆ ਕਿ ਸਾਰੀ ਜਗ੍ਹਾ ਗੁਰਦੁਆਰਾ ਕਮੇਟੀ ਦੀ ਹੈ। ਕੰਪਲੈਕਸ ਇਕੱਠਾ ਹੈ ਗੁਰਦੁਆਰੇ ਵਿਚੋਂ ਹੀ ਸ਼ਰਾਬ ਵਾਲੇ ਪਾਸੇ ਜਾਣ ਦਾ ਰਸਤਾ ਹੈ ਅਤੇ ਸ਼ਰਾਬ ਲੈ ਕੇ ਜਾਂ ਪੀ ਕੇ ਲੋਕ ਗੁਰਦੁਆਰੇ ਵੱਲੋਂ ਲੰਘਦੇ ਜਾਂ ਵਾਪਸ ਜਾਂਦੇ ਹਨ। ਕਮੇਟੀ ਨੇ ਕਿਹਾ ਕਿ ਅਸੀਂ ਭਾਵੇਂ ਖ਼ਿਆਲ ਰੱਖਦੇ ਹਾਂ ਪਰ ਗਰੰਟੀ ਨਹੀਂ ਲਈ ਜਾ ਸਕਦੀ ਕਿ ਕੋਈ ਸ਼ਰਾਬ ਪੀ ਕੇ ਗੁਰਦੁਆਰਾ ਕੰਪਲੈਕਸ ਵਿਚ ਨਾ ਆਵੇ। ਕਮੇਟੀ ਨੇ ਕਿਹਾ ਕਿ ਕਿਸੇ ਬਹੁਤੇ ਡਿੱਗਦੇ ਜਾਂਦੇ ਵਿਅਕਤੀ ਨੂੰ ਤਾਂ ਲੰਗਰ ਵਿਚ ਆਉਣ ਤੋਂ ਰੋਕਿਆ ਜਾ ਸਕਦਾ ਹੈ। ਪਰ ਜੇ ਕੋਈ ਦੋ ਪੈੱਗ ਲਾ ਕੇ ਠੀਕ ਠਾਕ ਲੰਗਰ ਦੇ ਅੰਦਰ ਆ ਕੇ ਬਹਿ ਜਾਵੇ ਤਾਂ ਕੀ ਕੀਤਾ ਜਾਵੇ? ਉਹਨਾਂ ਮੰਨਿਆ ਕਿ ਸ਼ਰਾਬ ਵਾਲੀ ਜਗ੍ਹਾ `ਤੇ ਸ਼ਰਾਬ ਹੈ, ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿਚ ਸ਼ਰਾਬ ਹੈ। ਕਮੇਟੀ ਨੇ ਦੱਸਿਆ ਕਿ ਇਥੇ 100 ਸਾਲ ਤੋਂ ਸ਼ਰਾਬ ਚੜ੍ਹ ਰਹੀ ਹੈ। ਇਸ ਜਗ੍ਹਾ ਸ਼ਰਾਬ ਚੜ੍ਹਨ ਜਾਂ ਪੀਣ ਬਾਰੇ ਕੋਈ ਇਤਰਾਜ਼ ਨਹੀਂ ਹੈ। ਇਥੇ ਚੰਗੇ ਘਰਾਂ ਦੇ ਲੋਕ ਵੀ ਆਪਣੇ ਘਰੇ ਆਏ ਪ੍ਰਾਹੁਣਿਆਂ ਵਾਸਤੇ ਸ਼ਰਾਬ ਦਾ ਪ੍ਰਸ਼ਾਦ ਲੈ ਜਾਂਦੇ ਹਨ। ਇਥੇ ਕਈ ਸ਼ਰਾਬ ਪੀ ਕੇ ਰਹਿੰਦੇ ਹਨ। ਕਈ ਠੰਡ ਅਤੇ ਗਰਮੀ ਨਾਲ ਵੀ ਮਰ ਜਾਂਦੇ ਹਨ। ਹੁਣ ਠੰਡ ਅਤੇ ਗਰਮੀ ਤੋਂ ਬਚਾਉਣ ਲਈ ਕਮੇਟੀ, ਸ਼ਰਾਬੀਆਂ ਨੂੰ ਉਥੇ ਹੀ ਸੰਵਾਂ ਲੈਂਦੀ ਹੈ। ਕਈ ਰੇੜੀਆਂ `ਤੇ ਲੱਦ ਕੇ ਆਪਣੇ ਸ਼ਰਾਬੀ ਨੂੰ ਲੋਕ ਘਰਾਂ ਵਿਚ ਲੈ ਜਾਂਦੇ ਹਨ। ਇਹਨਾਂ ਇਹ ਵੀ ਗੱਲ ਇਥੇ ਫੈਲਾਈ ਹੋਈ ਹੈ ਕਿ ਜਿਹੜਾ ਇਥੇ ਸ਼ਰਾਬ ਨਾ ਚੜ੍ਹਾਵੇ ਉਸਦਾ ਨੁਕਸਾਨ ਹੋ ਜਾਂਦਾ ਹੈ। ਅਕਤੂਬਰ 16-2004 ਦੀ ਅਖ਼ਬਾਰ ਵਿਚ ‘ਅਜੀਤ’ ਨੇ ਉਹ ਫੋਟੋਆਂ ਵੀ ਦਿੱਤੀਆਂ ਜਿਸ ਵਿਚ ਲੋਕ ਸ਼ਰਾਬ ਦਾ ਪ੍ਰਸ਼ਾਦ ਲੈਣ ਵਾਸਤੇ ਹੱਥੋ ਪਾਈ ਹੁੰਦੇ ਦਿਖਾਏ ਹਨ, ਕੁਝ ਸ਼ਰਾਬ ਪੀ ਕੇ ਡਿੱਗ ਪਏ ਹਨ।

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਾਨ ਸਿੰਘ ਦੀ ਦਲੇਰੀ

ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਉਸ ਵੇਲੇ ਦੇ ਜਥੇਦਾਰ ਗਿਆਨੀ ਕੇਵਲ ਸਿੰਘ ਦੇ ਉੱਦਮ ਸਦਕਾ ਇਕ ਪਾਠ ਬੋਧ ਸਮਾਗਮ ਉਥੇ ਕਰਵਾਇਆ ਜਿਸ ਵਿਚ ਸ਼ੁੱਧ ਪਾਠ ਦੇ ਉਚਾਰਨ ਦੇ ਨਾਲ ਨਾਲ ਨਿੱਤਨੇਮ ਦੀ ਸੁਧਾਈ ਅਤੇ ਸਿੱਖ ਰਹਿਤ ਮਰਯਾਦਾ ਵੀ ਦ੍ਰਿੜ ਕਰਵਾਈ ਗਈ ਪਰ ਉਸੇ ਅਸਥਾਨ `ਤੇ ਦਮਦਮੀ ਟਕਸਾਲ ਅਤੇ ਹੋਰਾਂ ਸਾਧ ਸੰਪਰਦਾਵਾਂ ਨੇ ਪਾਠ ਬੋਧ ਸਮਾਗਮ ਕੀਤਾ ਜਿਸ ਵਿਚ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਦੀਆਂ ਧੱਜੀਆਂ ਉਡਾਈਆਂ ਜਿਸ ਦੇ ਰੋਸ ਵਜੋਂ, ਭਾਈ ਮਾਨ ਸਿੰਘ ਹੈੱਡ ਗ੍ਰੰਥੀ ਨੇ ਅਸਤੀਫ਼ਾ ਦੇ ਦਿੱਤਾ ਸੀ। ਕਿਸੇ ਵੀ ਸੰਪ੍ਰਦਾ ਜਾਂ ਡੇਰੇ ਵਾਲੇ ਨੂੰ ਕੋਈ ਹੱਕ ਨਹੀਂ ਹੈ ਕਿ ਉਹ ਸਿੱਖ ਰਹਿਤ ਮਰਯਾਦਾ ਦਾ ਮਖੌਲ ਉਡਾਵੇ। ਪੰਥਕ ਤੌਰ `ਤੇ ਕੋਈ ਨਿਰਣਾ ਲਿਆ ਜਾ ਸਕਦਾ ਹੈ। ਇਕ ਵਾਰੀ ਸਾਡੇ ਵੱਡੇ ਵੱਡੇ ਸੰਪ੍ਰਦਾਈ ਸਾਧਾਂ ਨੇ ਮਰਯਾਦਾ ਇਕ ਕਰਨ ਵਾਸਤੇ ਇਕੱਠ ਕੀਤਾ ਸੀ ਪਰ 14 ਘੰਟੇ ਦੀ ਬਹਿਸ ਵਿਚ ਇਹ ਸਾਧ ਇਕ ਦੂਜੇ `ਤੇ ਵਰਦੇ ਰਹੇ ਪਰ ਮਰਯਾਦਾ ਇਕ ਨਾ ਹੋ ਸਕੀ। ਜਿੰਨੇ ਸਾਧ ਹਨ ਇਹਨਾਂ ਸਾਰਿਆਂ ਦੀ ਮਰਯਾਦਾ ਵੱਖ ਵੱਖ ਹੈ। ਇਹ ਸਾਰਾ ਕੁਝ ਪਹਿਲੇ ਭਾਗ ਵਿਚ ਲਿਖਿਆ ਜਾ ਚੁੱਕਾ ਹੈ।

ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਰਾਧਾ ਸੁਆਮੀਆਂ ਦੀ ਪੁਸਤਕ ਇਨਾਮ ਵਜੋਂ?

ਦਿੱਲੀ ਕਮੇਟੀ ਵੱਲੋਂ 27 ਨਵੰਬਰ ਤੋਂ ਲੈ ਕੇ 11 ਦਸੰਬਰ ਤਕ ਸਿੱਖ ਸਾਹਿਤ ਅਤੇ ਚਿੱਤਰ ਪ੍ਰਦਰਸ਼ਨੀ ਲਗਾਈ ਗਈ ਜਿਸ ਵਿਚ ਸਿੱਖ ਧਰਮ ਦੀਆਂ ਪੁਸਤਕਾਂ ਅਤੇ ਕੈਸਟਾਂ ਦੇ ਨਾਲ ਨਾਲ ਕੁਝ ਇਹੋ ਜਿਹੀਆਂ ਚੀਜ਼ਾਂ ਵੀ ਵੇਖਣ ਵਿਚ ਆਈਆਂ ਜਿਹੜੀਆਂ ਗੁਰਮਤਿ ਦੇ ਖਿਲਾਫ਼ ਸਨ। ਗੋਬਿੰਦ ਸਦਨ ਦੇ ਸਟਾਲ `ਤੇ ਹਵਨ ਕਰਾਉਣ ਦਾ ਲਿਟਰੇਚਰ ਵੰਡਿਆ ਗਿਆ। ਸਿਫ਼ਤ ਸਲਾਹ ਦੇ ਸਟਾਲ `ਤੇ ਸੈਂਟ ਵਿਕਦਾ ਰਿਹਾ। ਆਤਮ ਰੰਗ ਦੇ ਸਟਾਲ `ਤੇ ਗੁਰੂਆਂ ਦੀਆਂ ਤਸਵੀਰਾਂ ਵਾਲੇ ਚਾਬੀਆਂ ਦੇ ਛੱਲੇ ਵੇਚੇ ਜਾਂਦੇ ਰਹੇ। ਹੈਰਾਨੀ ਵਾਲੀ ਗੱਲ ਇਹ ਸੀ ਕਿ ਰੋਜ਼ ਸ਼ਾਮ ਨੂੰ 6 ਵਜੇ ਸ: ਕੁਲਮੋਹਣ ਸਿੰਘ ਜਨਰਲ ਸੈਕਟਰੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ, ਪੰਜਾਬ ਐਂਡ ਸਿੰਧ ਬੈਂਕ ਵੱਲੋਂ ਲਾਈ ਗਈ ਚਿੱਤਰ ਪ੍ਰਦਰਸ਼ਨੀ ਦੇ ਹਾਲ ਵਿਚ ਬੱਚਿਆਂ ਵਾਸਤੇ ਧਾਰਮਕ ਸੁਆਲਾਂ-ਜਵਾਬਾਂ ਦੀ ਪ੍ਰਤੀਯੋਗਤਾ ਕਰਾਉਂਦੇ ਸਨ, ਜਿਸ ਵਿਚ ਬੱਚਿਆਂ ਨੂੰ ਇਨਾਮ ਦੇ ਤੌਰ `ਤੇ ਧਾਰਮਿਕ ਕਿਤਾਬਾਂ ਦਾ ਸੈੱਟ ਆਦਿ ਵੰਡੀਆਂ ਜਾਂਦੀਆਂ ਹਨ। ਇਕ ਬੱਚਾ ਜਿਸਦਾ ਨਾਂ ਅਮਨਦੀਪ ਸਿੰਘ ਸੀ, ਨੇ 6-7 ਇਨਾਮ ਜਿੱਤੇ। ਮਿਤੀ 6-12-01 ਸ਼ਾਮ ਨੂੰ 7 ਵਜੇ ਉਸਨੂੰ ਇਕ ਕਿਤਾਬਾਂ ਦਾ ਸੈੱਟ ਦਿੱਤਾ ਜਿਸ ਵਿਚ ਇਕ ਕਿਤਾਬ ਦਾ ਨਾਂ ‘ਗੁਰੂ ਨਾਨਕ ਦਾ ਰੂਹਾਨੀ ਉਪਦੇਸ਼’ ਸੀ ਜੋ ਕਿ ਪ੍ਰੋ: ਜੇ: ਆਰ ਪੁਰੀ ਦੀ ਲਿਖੀ ਹੋਈ ਸੀ ਅਤੇ ਰਾਧਾ ਸੁਆਮੀ ਸਤਿਸੰਗ ਬਿਆਸ ਦੀ ਕਿਤਾਬ ਸੀ। ਰਾਧਾ ਸੁਆਮੀ ਸ੍ਰੀ ਅਕਾਲ ਤਖ਼ਤ ਵੱਲੋਂ ਛੇਕੇ ਹੋਏ ਹਨ। ਕੀ ਦਿੱਲੀ ਕਮੇਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਬਣਦੀ ਕਿ ਦੇਖੇ ਤਾਂ ਸਹੀ ਉਥੇ ਕੀ ਵਿਕ ਰਿਹਾ ਹੈ ਸਟਾਲਾਂ `ਤੇ? ਸਿੱਖ ਰਹਿਤ ਮਰਯਾਦਾ ਦੀ ਕਾਪੀ ਜੋ ਸ਼੍ਰੋਮਣੀ ਕਮੇਟੀ ਵੱਲੋਂ ਮੁਫ਼ਤ ਹੈ ਉਥੇ ਕੋਈ ਨਹੀਂ ਸੀ ਵੰਡ ਰਿਹਾ।

ਸ਼੍ਰੋਮਣੀ ਕਮੇਟੀ ਦੀ ਟੀਮ ਨੇ ਕਲਗੀ ਵਾਲੇ ਬਾਬੇ ਦੀ ਕਲਗੀ ਲੁਹਾਈ

ਤਹਿਸੀਲ ਅਜਨਾਲਾ ਵਿਖੇ ਪਿੰਡ ਭੁੱਲਰ ਦੇ ਇਕ ਓਂਕਾਰ ਸਿੰਘ ਉਰਫ਼ ਕਾਰਾ ਨਾਂ ਦਾ ਗ੍ਰੰਥੀ, ਭਵਿੱਖ ਵਿਚ ਪਿਆਰਾ ਭਨਿਆਰੇ ਵਾਲਾ ਬਣਨ ਦੀ ਤਿਆਰੀ ਵਿਚ ਸ਼੍ਰੋਮਣੀ ਕਮੇਟੀ ਨੇ ਸਮੇਂ ਸਿਰ ਹੀ ਕਾਬੂ ਕਰ ਲਿਆ। ਇਹ ਗ੍ਰੰਥੀ ਗੁਰਮਤਿ ਤੋਂ ਕੋਰਾ, ਮਰਯਾਦਾ ਦੇ ਉਲਟ “ਗੁਰੂ ਗ੍ਰੰਥ ਸਾਹਿਬ” ਦੀ ਹਜ਼ੂਰੀ ਵਿਚ ਕਲਗੀ ਸਜਾ ਕੇ ਭੋਲੇ ਭਾਲੇ ਲੋਕਾਂ ਨੂੰ ਭਰਮਾਉਣ ਲਈ ਅਵਤਾਰ ਹੋਣ ਦਾ ਅਡੰਬਰ ਰਚਣ ਵਾਲੇ ਅਖੌਤੀ ਬਾਬੇ ਨੇ ਸ਼੍ਰੋਮਣੀ ਕਮੇਟੀ ਦੀ ਇੰਸਪੈਕਸ਼ਨ ਟੀਮ ਸਮੇਤ ਸ: ਦਲਜੀਤ ਸਿੰਘ ਸ਼੍ਰੋਮਣੀ ਕਮੇਟੀ ਅਧਿਕਾਰੀ ਦੀ ਅਗ਼ਵਾਈ ਵਿਚ ਪ੍ਰਚਾਰਕਾਂ ਦੀ ਇਕ ਟੀਮ ਸਾਹਮਣੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿਚ ਗੋਡੇ ਟੇਕਦਿਆਂ ਸੰਗਤਾਂ ਤੋਂ ਮੁਆਫ਼ੀ ਮੰਗ ਕੇ ਅੱਗੇ ਤੋਂ ਤਾਜਨੁਮਾ ਕਲਗੀ ਸਜਾਉਣ ਤੋਂ ਤੌਬਾ ਕੀਤੀ ਅਤੇ ਅੱਗੇ ਤੋਂ ਅਜਿਹਾ ਪਾਖੰਡ ਨਾ ਕਰਨ ਦਾ ਵਾਅਦਾ ਕੀਤਾ। (ਧੰਨਵਾਦ ਸਹਿਤ ਅਜੀਤ `ਚੋਂ)

ਧਰਮ ਪ੍ਰਚਾਰ ਕਮੇਟੀ ਨੇ ਪਾਖੰਡੀ ਸਾਧ ਤੋਂ ਲਿਖਤੀ ਇਕਰਾਰਨਾਮਾ ਲਿਆ

ਕਲਾਨੌਰ ਦੀਆਂ ਸੰਗਤਾਂ ਵੱਲੋਂ ਪ੍ਰਾਪਤ ਰਿਪੋਰਟਾਂ ਦੇ ਆਧਾਰ `ਤੇ ਇਹ ਪਤਾ ਲੱਗਣ ਪੁਰ ਕਿ ਮਨਜੀਤ ਸਿੰਘ ਉਰਫ਼ ਕਾਲੂ ਨਾਮਕ ਇਕ ਪਾਖੰਡੀ ਸਾਧ ਨੇ ਕਲਾਨੌਰ ਤੋਂ ਪੰਜ ਕਿਲੋਮੀਟਰ ਦੂਰ ਡੇਰਾ ਬਾਬਾ ਨਾਨਕ ਰੋਡ `ਤੇ ਬੋਹੜ ਵਡਾਲਾ ਦੇ ਟੀ ਪੁਆਇੰਟ `ਤੇ ਕਿਸੇ ਦੀ ਜ਼ਮੀਨ `ਤੇ ਕੋਠਾ ਪਾ ਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ। ਇਸ ਵੱਲੋਂ ਕਾਫ਼ੀ ਸਮੇਂ ਤੋਂ ਗੁਰੂ ਮਹਾਰਾਜ ਦੀ ਹਜ਼ੂਰੀ `ਚ ਲੋਕਾਂ ਨੂੰ ਪੁੱਛਾਂ ਆਦਿ ਦੇਣ ਦਾ ਗੁਰਮਤਿ ਵਿਰੋਧੀ ਸਿਲਸਿਲਾ ਚਲਾਇਆ ਜਾ ਰਿਹਾ ਸੀ। ਆਪਣੇ ਪੁੱਤਰਾਂ ਅਤੇ ਦਿਹਾੜੀਦਾਰਾਂ ਨੂੰ ਰੱਖ ਕੇ ਲਾਗਲੇ ਪਿੰਡਾਂ ਤੋਂ ਗੁਰਦੁਆਰਾ ਸਾਹਿਬ ਦੇ ਨਾਂ `ਤੇ ਉਗਰਾਹੀ ਇਕੱਤਰ ਕੀਤੀ ਜਾ ਰਹੀ ਸੀ। ਇਹੀ ਨਹੀਂ, ਮਿਲੀ ਸੂਚਨਾ ਮੁਤਾਬਕ ਮਨਜੀਤ ਸਿੰਘ ਉਰਫ਼ ਕਾਲੂ ਗੁਰੂ ਮਹਾਰਾਜ ਦੇ ਪ੍ਰਕਾਸ਼ ਵਾਲੇ ਕਮਰੇ `ਚ ਸ਼ਰਾਬ ਪੀ ਪੀਵਿਆ ਕਰਦਾ ਸੀ। ਇਸ ਮਨਮਤਿ ਤੇ ਗੁਰਮਤਿ ਵਿਰੋਧੀ ਕਰਮ ਨੂੰ ਰੋਕਣ ਹਿਤ ਧਰਮ ਪ੍ਰਚਾਰ ਕਮੇਟੀ ਵੱਲੋਂ ਮਾਸਟਰ ਬਲਦੇਵ ਸਿੰਘ ਅਤੇ ਭਾਈ ਮਹਿੰਦਰਪਾਲ ਸਿੰਘ ਪ੍ਰਚਾਰਕ ਸਾਹਿਬਾਨ ਦੀ ਅਗਵਾਈ `ਚ ਭੇਜੀ ਟੀਮ ਦੁਆਰਾ ਪੜਤਾਲ ਮੁਕੰਮਲ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਪਰੋਕਤ ਕਮਰੇ `ਚੋਂ ਸਤਿਕਾਰ ਸਹਿਤ ਸੁਖਆਸਨ ਕਰਵਾ ਕੇ ਕਲਾਨੌਰ ਦੇ ਇਤਿਹਾਸਕ ਗੁਰਦੁਆਰੇ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਸ਼ੁਸ਼ੋਭਿਤ ਕਰ ਦਿੱਤਾ ਗਿਆ। ਇਸ ਸਮੇਂ ਸਥਾਨਕ ਸਿਟੀ ਥਾਣੇ ਦੀ ਪੁਲੀਸ ਦਾ ਸਹਿਯੋਗ ਵੀ ਲਿਆ ਗਿਆ ਸੀ। ਉਕਤ ਅਖੌਤੀ ਸਾਧ ਮਨਜੀਤ ਸਿੰਘ ਉਰਫ਼ ਕਾਲੂ ਪਾਸੋਂ ਅੱਗੇ ਤੋਂ ਐਸੀ ਮਨਮਤਿ ਨਾ ਕਰਨ ਵਾਸਤੇ ਲਿਖਤੀ ਰੂਪ `ਚ ਇਕਰਾਰਨਾਮਾ ਲਿਆ ਗਿਆ। (ਧੰਨਵਾਦ ਸਹਿਤ ਅਜੀਤ `ਚੋਂ)
.