.

‘ਅਗੋ ਦੇ ਜੇ ਚੇਤੀਐ. .’ ਅਥਵਾ ‘ਏਤੀ ਮਾਰ ਪਈ. .’

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਫਾਉਂਡਰ ਸਿੱਖ ਮਿਸ਼ਨਰੀ ਲਹਿਰ 1956

ਸੰਮਤ 1578 `ਚ ਬਾਬਰ ਦਾ ਭਾਰਤ `ਤੇ ਤੀਜਾ ਅਤੇ ਅੰਤਮ ਹਮਲਾ ਸੀ, ਇਸ ਹਮਲੇ ਉਪਰੰਤ ਭਾਰਤ `ਚ ਲੋਧੀ ਖਾਨਦਾਨ (ਅਫ਼ਗ਼ਾਨੀਆਂ-ਪਠਾਣਾ) ਦੇ ਰਾਜ ਦਾ ਅੰਤ ਅਤੇ ਮੁਗ਼ਲ ਰਾਜ ਦਾ ਅਰੰਭ ਹੋਇਆ। ਹਮਲੇ ਨਾਲ ਸੰਬੰਧਤ ਗੁਰਬਾਣੀ `ਚ ਨੰਬਰਵਾਰਵਾਰ ਚਾਰ ਸ਼ਬਦ ਹਨ:

1। ਤਿਲੰਗ ਮਹਲਾ ੧॥ “ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ. .” (ਪੰ: 722)

2। ਆਸਾ ਮਹਲਾ ੧॥ “ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ” (ਪੰ: 360)

3। ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ੴ ਸਤਿਗੁਰ ਪ੍ਰਸਾਦਿ॥ “ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿ੍ਹ੍ਹ ….” (ਪੰ: 417)

4। ਆਸਾ ਮਹਲਾ ੧॥ “ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ ….” (ਪੰ: 417)

ਇਤਿਹਾਸ ਨਹੀਂ, ਇਤਿਹਾਸਕ ਹਵਾਲਾ- ਧਿਆਨ ਰਹੇ! ਗੁਰਬਾਣੀ ਇਤਿਹਾਸ ਨਹੀਂ ਬਲਕਿ ਜੀਵਨ ਜਾਚ ਦਾ ਖਜ਼ਾਨਾ ਹੈ। ਇਸੇ ਕਰਕੇ ਪਾਤਸ਼ਾਹ ਵਲੋ ਇਨ੍ਹਾਂ ਚਾਰ ਸ਼ਬਦਾਂ `ਚ ਇਤਿਹਾਸ ਦੀ ਜੋ ਝਲਕ ਦਿੱਤੀ ਹੈ ਉਸ ਦਾ ਮਕਸਦ ਗੁਰਦੇਵ ਰਾਹੀਂ ਇਤਿਹਾਸ ਦੇਣਾ ਨਹੀਂ ਬਲਕਿ ਘਟਨਾ ਦਾ ਹਵਾਲਾ ਦੇਕੇ ਕਿਸੇ ਬਹੁਤ ਵੱਡੇ ਜੀਵਨ ਦੇ ਸਿਧਾਂਤ ਨੂੰ ਉਜਾਗਰ ਕਰਨਾ ਹੈ। ਬਹੁਤੇ ਵਿਦਵਾਨਾਂ ਰਾਹੀਂ ਇਨ੍ਹਾ ਸ਼ਬਦਾਂ ਬਾਰੇ ‘ਗੁਰਬਾਣੀ ਵਿੱਚ ਇਤਿਹਾਸ ਦਾ ਵਰਨਣ’ ਕਹਿਣਾ ਜਾਂ ਇਨ੍ਹਾਂ ਸ਼ਬਦਾਂ ਨੂੰ ‘ਬਾਬਰਵਾਣੀ ਦੇ ਸ਼ਬਦ ਕਹਣਾ’ ਦੋਵੇਂ ਗਲਾਂ ਗ਼ਲਤ ਹਨ। ਇਨ੍ਹਾਂ ਸ਼ਬਦਾਂ ਲਈ “ਬਾਬਰਵਾਣੀ ਦੇ ਸ਼ਬਦ’ ਪ੍ਰਚਲਤ ਹੋ ਜਾਣ ਦਾ ਕਾਰਣ ਇਨ੍ਹਾਂ ਸ਼ਬਦਾਂ ਵਿਚਕਾਰ ਗੁਰਦੇਵ ਰਾਹੀਂ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ” ਪੰਕਤੀ ਵਿੱਚ ‘ਬਾਬਰਵਾਣੀ’ ਲਫ਼ਜ਼ ਦੀ ਵਰਤੋਂ ਹੈ, ਪਰ ਸ਼ਬਦਾਂ ਨੂੰ ਹੀ ‘ਬਾਬਰਵਾਣੀ ਦੇ ਸ਼ਬਦ ਕਹਿ ਦੇਣਾ’ ਵੱਡੀ ਭੁੱਲ ਹੈ।

ਇਥੇ ਤਾਂ ਦੇਖਣਾ ਇਹ ਹੈ ਕਿ ਉਹ ਜੀਵਨ ਸਿਧਾਂਤ ਕੀ ਹੈ, ਜੋ ਇਨ੍ਹਾਂ ਸ਼ਬਦਾਂ ਰਾਹੀਂ ਗੁਰੂ ਪਾਤਸ਼ਾਹ ਪ੍ਰਗਟ ਕਰ ਰਹੇ ਹਨ? ਜਿਉਂ ਜਿਉਂ ਇਨ੍ਹਾਂ ਸ਼ਬਦਾਂ ਨੂੰ ਇਨ੍ਹਾ ਦੀ ਗਹਿਰਾਈ ਤੋਂ ਸਮਝਣ ਦਾ ਜੱਤਨ ਕਰਾਂਗੇ, ਵਿਸ਼ਾ ਖੁੱਲਦਾ ਜਾਵੇਗਾ। ਇਨ੍ਹਾਂ ਸ਼ਬਦਾਂ `ਚ ਗੁਰਦੇਵ ਨੇ ਜੀਵਨ ਦੀ ਸੱਚਾਈ ਨੂੰ ਸਮਝਾਉਣ ਲਈ, ਸੰਪੂਰਣ ਮਨੁੱਖ ਸਮਾਜ ਨੂੰ ਚਾਰ ਭਾਗਾਂ `ਚ ਵੰਡ ਕੇ ਇੱਕ ਵੱਡੇ ਰੱਬੀ ਨੀਯਮ ਨੂੰ ਉਜਾਗਰ ਕੀਤਾ ਹੈ। ਮਨੁੱਖ ਸਮਾਜ ਦੇ ਇਹ ਚਾਰ ਭਾਗ ਕੀ ਹਨ? ਇਨ੍ਹਾਂ `ਚੋਂ ਪਹਿਲਾਂ ਹਨ– ਰਾਜਸੀ ਆਗੂ, ਦੂਜੇ ਧਾਰਮਿਕ ਆਗੂ, ਤੀਜੇ ਆਮ ਜੰਤਾ ਅਤੇ ਚੌਥੇ ਉਹ ਲੋਕ ਜੋ ਸਹੀ ਅਰਥਾਂ `ਚ ਪ੍ਰਭੁ ਪਿਆਰੇ ਹੁੰਦੇ ਹਨ। ਅਗਲਾ ਸੁਆਲ ਹੈ ਕਿ ਇਹ ਪ੍ਰਭੁ ਪਿਆਰੇ ਰਹਿੰਦੇ ਕਿੱਥੇ ਹਨ? ਦਰਅਸਲ ਇਨ੍ਹਾਂ ਦੀ ਹੋਂਦ ਵੀ ਇਨ੍ਹਾਂ ਤਿੰਨਾ ਹੀ ਵਰਗਾਂ ਵਿੱਚ ਹੀ ਹੁੰਦੀ ਹੈ, ਵੱਖਰੀ ਨਹੀਂ।

ਸਮਝਣ ਦਾ ਵਿਸ਼ਾ ਹੈ ਕਿ- (1) ਪ੍ਰਭੁ ਨੇ ਰਾਜਸੀ ਆਗੂਆਂ ਨੂੰ ਇਸ ਪੱਦਵੀ ਤੀਕ ਇਸਲਈ ਪੁਚਾਇਆ ਹੁੰਦਾ ਹੈ ਕਿ ਉਹ ਲੋਕ ਜੰਤਾ ਦੀ ਹਰ ਤਰੀਕੇ ਸੰਭਾਲ ਕਰਨ। ਉਨ੍ਹਾਂ ਦੀਆਂ ਜ਼ਰੂਰਤਾਂ, ਖਾਣ-ਪਾਣ ਅਤੇ ਉਨ੍ਹਾਂ ਦੀਆਂ ਸਮਾਜਿਕ ਸਮਸਿਆਵਾਂ ਦਾ ਸਮਾਧਾਨ ਕਰਨ। ਹਮੇਸ਼ਾਂ ਤਿਆਰ ਰਹਿਣ ਅਤੇ ਜੇਕਰ ਬਾਹਰੋਂ ਕੋਈ ਜਰਵਾਨਾ, ਹਮਲਾਵਰ ਹੋ ਕੇ ਜੰਤਾ ਉਪਰ ਚੜ੍ਹ ਆਵੇ ਤਾਂ ਜਨਤਾ ਦੀ ਜਰਵਾਣਿਆਂ ਤੋਂ ਰਾਖੀ ਕਰਨ। (2) ਦੂਜੇ ਨੰਬਰ ਤੇ ਧਾਰਮਿਕ ਆਗੂ- ਧਾਰਮਿਕ ਆਗੂਆਂ ਦਾ ਕਰਤਾਰ ਵਲੋਂ ਰੁੱਤਬਾ ਇਸ ਲਈ ਨੀਯਤ ਹੁੰਦਾ ਹੈ ਕਿ ਇਹ ਲੋਕ, ਲੋਕਾਈ ਦੇ ਜੀਵਨ ਦੀ ਸਦਾਚਾਰਕ ਸੰਭਾਲ ਕਰਣ। ਆਪ ਵੀ ਕਰਤਾਰ ਦੇ ਨੁਮਾਇੰਦੇ ਬਣਕੇ ਨੇਕਦਿਲੀ ਨਾਲ ਕੰਮ ਕਰਨ `ਤੇ ਲੋਕਾਈ ਦੇ ਜੀਵਨ ਨੂੰ ਵੀ ਉਚਾ ਚੁਕਣ। ਲੋਕਾਈ ਅੰਦਰ ਰੱਬੀ ਗੁਣਾਂ ਦੀ ਸਿੰਚਾਈ ਕਰਣ ਅਤੇ। ਲੋਕਾਈ ਨੂੰ ਵਹਿਮਾ-ਭਰਮਾਂ ਤੋਂ ਬਚਾਉਣ। ਇਹ ਧਾਰਮਿਕ ਆਗੂ ਪ੍ਰਭੁ ਅਤੇ ਲੋਕਾਈ ਦੇ ਮਿਲਾਵੇ ਬਣਕੇ ਰਹਿਣ। ਆਪ ਵੀ ਪ੍ਰਭੁ ਦੇ ਨਿਰਮਲ ਭਉ `ਚ ਰਹਿਣ ਅਤੇ ਦੂਜਿਆਂ ਨੂੰ ਵੀ ਜੀਵਨ ਦੇ ਸੱਚੇ ਮਾਰਗ ਤੇ ਚਲਾਉਣ। (3) ਤੀਜਾ- ਇਸਤੋਂ ਇਲਾਵਾ ਅਪਣੇ ਅਪਣੇ ਫ਼ਰਜ਼ਾਂ ਦੀ ਗਲ ਕੇਵਲ ਰਾਜਸੀ ਅਤੇ ਧਾਰਮਿਕ ਆਗੂਆਂ ਤਕ ਹੀ ਸੀਮਤ ਨਹੀਂ। ਇਸ ਤੋਂ ਅਗੇ, ਮਨੁੱਖਾ ਜਨਮ ਹੋਣ ਦੇ ਨਾਤੇ ਜਨਤਾ ਦਾ ਵੀ ਫ਼ਰਜ਼ ਹੈ, ਜੇਕਰ ਰਾਜਸੀ ਅਤੇ ਧਾਰਮਿਕ ਆਗੂ, ਦੋਵੇਂ ਅਪਣੇ-ਅਪਣੇ ਫ਼ਰਜ਼ਾਂ ਨੂੰ ਨਹੀ ਸੰਭਾਲਦੇ ਤਾਂ ਵੀ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ” ਕਰਤੇ ਦੀ ਦਰਗਾਹ `ਚ ਤਾਂ ਹਰੇਕ ਮਨੁੱਖ ਨੇ ਅਪਣਾ ਲੇਖਾ ਆਪ ਦੇਣਾ ਹੈ। ਉਸਦੀ ਦਰਗਾਹ `ਚ ਤਾਂ ਕਿਸੇ ਦੇ ਜੀਵਨ ਜਾਂ ਕਰਨੀ ਲਈ ਕੋਈ ਦੂਜਾ ਜੁਆਬਦੇਹ ਨਹੀਂ ਹੁੰਦਾ ਇਸਲਈ ਉਹ ਵੀ ਫ਼ਰਜ਼ ਪਹਿਚਾਨਣ।

ਹੁਣ ਗਲ ਆਉਂਦੀ ਹੀ ਚੌਥੇ ਵਰਗ ਦੀ-ਇਸ ਸਾਰੇ ਦੇ ਉਲਟ, ਸੰਸਾਰ ਜਾਂ ਕਿਸੇ ਵੀ ਦੇਸ਼ `ਚ ਜਦੋਂ ਕਦੇ ਵੀ ਰਾਜਸੀ, ਧਾਰਮਿਕ ਆਗੂ ਬਲਕਿ ਆਮ ਜੰਤਾ ਤੀਕ ਅਪਣੇ-ਅਪਣੇ ਇਲਾਹੀ ਫ਼ਰਜ਼ਾਂ ਨੂੰ ਭੁਲਾ ਕੇ ਕੁਰਾਹੇ ਪੈ ਜਾਂਦੇ ਹਨ। ਉਸੇ ਦਾ ਨਤੀਜਾ ਹੁੰਦਾ ਹੈ ਕਿ ਇਨ੍ਹਾਂ ਤਿੰਨਾਂ ਵਿੱਚਕਾਰ ਵੱਸ ਰਿਹਾ `ਤੇ ਜਗ੍ਹਾ ਜਗ੍ਹਾ ਤੇ ਵੰਡਿਆ ਚੋਥਾ ਭਾਵ ਸੱਚਾ ਧਰਮੀ ਵਰਗ ਪਿੱਸਨਾ ਸ਼ੁਰੂ ਹੋ ਜਾਂਦਾ ਹੈ। ਅਜੇਹੇ ਹਾਲਾਤ `ਚ ਅਕਾਲਪੁਰਖ ਕੋਈ ਨਾ ਕੋਈ ਖੇਡ ਵਰਤ ਦੇਂਦਾ ਹੈ ਜਿਸਤੋਂ ਚੋਥੇ ਵਰਗ ਦੀ ਰਖਵਾਲੀ ਹੁੰਦੀ ਹੈ ਅਤੇ ਪਹਿਲੇ ਤਿੰਨਾ ਨੂੰ ਅਪਣੇ ਅਪਣੇ ਕੀਤੇ ਦੀ ਸਜ਼ਾ ਮਿਲਦੀ ਹੈ। ਤਾਤੇ ਗਲ ਨੂੰ ਪੂਰੀ ਤਰ੍ਹਾਂ ਸਮਝਣ ਲਈ ਇਸ ਬਾਰੇ ਥੋੜਾ ਹੋਰ ਜ਼ਿਕਰ ਕਰਾਂਗੇ।

ਅਕਾਲਪੁਰਖ ਦਾ ਮੁੱਢ-ਕਦੀਮੀ ਨੀਯਮ- ਥੋੜੇ ਲਫ਼ਜ਼ਾਂ `ਚ ਬਿਆਣਨਾ ਹੋਵੇ ਤਾਂ ਚਾਰ ਸ਼ਬਦਾਂ ਰਾਹੀ ਗੁਰਦੇਵ ਨੇ ਚੇਤਾਵਨੀ ਦਿਤੀ ਹੈ-ਸੰਸਾਰ `ਚ ਜਦੋਂ ਕਦੇ ਵੀ ਪਹਿਲੇ ਤਿੰਨ ਵਰਗ, ਅਪਣੇ-ਅਪਣੇ ਇਲਾਹੀ ਫ਼ਰਜ਼ਾਂ ਨੂੰ ਭੁਲਾ ਕੇ ਜੀਵਨ ਦੇ ਪੁੱਠੇ ਰਾਹ ਪੈ ਜਾਂਦੇ ਹਨ। ਰਾਜਸੀ ਆਗੂ- ਜਨਤਾ ਦੀ ਪਾਲਨਾ, ਲੋੜਾਂ, ਹਿਫ਼ਾਜ਼ਤ ਵਾਲੇ ਅਪਣੇ ਫ਼ਰਜ਼ਾਂ ਨੂੰ ਭੁਲਾ ਕੇ ਐਸ਼ੋ-ਇਸ਼ਰਤ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕਾਈ ਨਾਲ ਜ਼ੁਲਮ-ਧੱਕਾ, ਵੱਢੀ ਖੋਰੀ `ਤੇ ਜਨਤਾ ਦਾ ਸੋਸ਼ਨ ਕਰਦੇ ਹਨ। ਧਾਰਮਿਕ ਆਗੂ-ਜਨਤਾ `ਚ ਵਹਿਮਾਂ-ਭਰਮਾਂ ਦਾ ਜਾਲ ਵਿਛਾਉਣ ਲਗ ਜਾਂਦੇ ਹਨ। ਲੋਕਾਈ ਨੂੰ ਕਰਮ ਕਾਂਡਾ `ਚ ਉਲਝਾ ਕੇ ਅਪਣੀ ਅਰਚਾ-ਪੂਜਾ, ਲੁਟ-ਖੋਹ `ਚ ਪੈ ਕੇ ਕਰਤਾਰ ਨਾਲ ਜੋੜਣ ਦੀ ਬਜਾਏ ਉਸ ਨਾਲੋਂ ਤੋੜਣ ਦੀ ਖੇਡ `ਚ ਰੁੱਝ ਜਾਂਦੇ ਹਨ। ਇਥੋਂ ਤੀਕ ਕਿ ਆਮ ਜੰਤਾ ਵੀ ਜਿਸਦੇ ਅਮੁਲੇ ਜਨਮ ਨਾਲ ਇਹ ਦੋਵੇ ਵਰਗ ਖਿੱਲਵਾੜ ਕਰ ਰਹੇ ਹੁੰਦੇ ਹਨ, ਉਹ ਵੀ ਅਪਣੇ ਮੱਨੁਖਾ ਜਨਮ ਨਾਲ ਇਨਸਾਫ਼ ਕਰਨ ਦੀ ਬਜਾਏ ਧੰਨ-ਦੌਲਤ-ਜੁਆਨੀ ਦੇ ਨਸ਼ੇ `ਚ ਮਖਮੂਰ ਹੋਕੇ ਅਪਣੇ ਆਤਮਕ ਜੀਵਨ ਦੀ ਪਹਿਚਾਣ ਨਹੀਂ ਕਰ ਰਹੀ ਹੁੰਦੀ।

ਅਜੇਹੇ ਹਾਲਾਤ `ਚ, ਮਨੁੱਖ ਵਰਗ ਦਾ ਚੌਥਾ, ਇੱਕ ਅਜੇਹਾ ਹਿੱਸਾ ਵੀ ਹੁੰਦਾ ਹੈ ਜਿਸਦੀ ਮੌਜੂਦਗੀ ਹਰ ਵਰਗ ਦੇ ਮਨੁੱਖਾਂ ਵਿਚਾਲੇ ਹੁੰਦੀ ਹੈ। ਉਪਰਲੇ ਤਿੰਨਾਂ ਵਰਗਾਂ ਦੇ ਕੁਰਾਹੇ ਪੈ ਜਾਣ ਕਾਰਣ, ਸੱਚਾ ਧਰਮੀ ਹੁੰਦਾ ਹੋਇਆ ਵੀ ਇਹ ਵਰਗ ਤ੍ਰਾਸਦੀ ਦੇ ਹਾਲਾਤ `ਚ ਜੀਅ ਰਿਹਾ ਹੁੰਦਾ ਹੈ। ਇਨ੍ਹਾਂ ਸ਼ਬਦਾਂ ਰਾਹੀਂ ਗੁਰਦੇਵ ਸਪੱਸ਼ਟ ਕਰਦੇ ਹਨ ਕਿ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ” (ਪੰ: 360) ਅਨੁਸਾਰ ਅਕਾਲ ਪੁਰਖ ਅਪਣੇ ਇਨ੍ਹਾਂ ਪਿਆਰਿਆਂ ਦੀ ਰਾਖੀ ਲਈ ਅਜੇਹੀ ਖੇਡ ਵਰਤਾਂਦਾ ਹੈ ਜਿਸ ਤੋਂ ਕੁਰਾਹੇ ਪਏ ਤਿੰਨਾ ਵਰਗਾਂ ਨੂੰ ਅਪਣੇ ਕੀਤੇ ਦੀ ਸਜ਼ਾ ਮਿਲਦੀ ਹੈ ਅਤੇ ਚੋਥੇ ਵਰਗ ਨੂੰ ਰਾਹਤ ਮਿਲਦੀ ਹੈ, ਸੱਚਮੁਚ ਰੱਬੀ ਧਰਮ ਦਾ ਪ੍ਰਕਾਸ਼ ਹੁੰਦਾ ਹੈ।

“ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ” (ਪੰ: 722)

“ਜਮੁ ਕਰਿ ਮੁਗਲੁ ਚੜਾਇਆ” - (ਪੰ: 360) ਤਾਂਤੇ ਪ੍ਰਭੁ ਦੇ ਇਸ ਇਲਾਹੀ `ਤੇ ਮੁੱਢ-ਕਦੀਮੀ ਸਿਧਾਂਤ ਨੂੰ ਸਮਝਾਉਣ ਲਈ ਗੁਰਦੇਵ ਨੇ ਬਾਬਰ ਨੇ ਹਮਲੇ ਦਾ ਇਤਿਹਾਸ ਨਹੀਂ ਬਲਕਿ ਬਾਬਰ ਦੇ ਹਮਲੇ ਦਾ ਹਵਾਲਾ ਦੇਕੇ ਇਸਨੂੰ ਮਿਸਾਲ ਵਜੋਂ ਵਰਤਿਆ ਅਤੇ ਚੇਤਾਵਨੀ ਦਿੱਤੀ ਹੈ ਕਿ ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ” (ਪੰ: 417)। ਭਾਵ ਜੇਕਰ ਇਹ ਤਿੰਨੇ ਵਰਗ ਅਪਣੇ-ਅਪਣੇ ਫ਼ਰਜ਼ਾਂ ਨੂੰ ਪਹਿਚਾਣ ਕੇ ਚਲਣ ਤਾਂ ਅਜੇਹੇ ਹਾਲਾਤ ਕਦੇ ਪੈਦਾ ਹੀ ਨਾ ਹੋਣ, ਜਿਹੜੇ ਕਿ ਬਾਬਰ ਦੇ ਹਮਲੇ ਨਾਲ ਹੋਏ ਅਤੇ ਇਨ੍ਹਾਂ ਸ਼ਬਦਾ `ਚ ਬਿਆਨੇ ਹਨ।

ਕੁਲ ਮਿਲਾਕੇ ਇਨ੍ਹਾਂ ਸ਼ਬਦਾਂ ਰਾਹੀਂ ਗੁਰਦੇਵ ਨੇ ਸਪੱਸ਼ਟ ਕੀਤਾ ਪਹਿਲਾ- ਜਦੋਂ ਜਦੋਂ ਤਿੰਨੇ ਵਰਗ ਅਪਣੇ ਰੱਬੀ ਫ਼ਰਜ਼ਾਂ ਨੂੰ ਭੁਲਾ ਕੇ ਉਲਟੇ ਰਾਹ ਪੈ ਜਾਂਦੇ ਹਨ ਅਤੇ ਇਸ ਨਾਲ ਚੌਥੇ ਵਰਗ ਦੇ ਲੋਕਾਂ ਦਾ ਜੀਣਾ ਦੂਭਰ ਹੋ ਜਾਂਦਾ ਹੈ। ਦੂਜਾ-ਗੁਰਦੇਵ ਨੇ ਇਥੇ ਮਿਸਾਲ ਦੇਕੇ ਸਮਝਾਇਆ ਹੈ ਕਿ ਉਸ ਚੌਥੇ ਵਰਗ ਦੀ ਰਾਖੀ ਲਈ ਮਾਨੋ ਅਕਾਲਪੁਰਖ ਨੇ ਕੁਰਾਹੇ ਪਏ ਵਰਗਾਂ ਲਈ ਬਾਬਰ ਨੂੰ ਉਨ੍ਹਾਂ ਲਈ ਜਮ (ਮੌਤ) ਬਣਾਕੇ ਭੇਜ ਦਿਤਾ। ਤੀਜਾ- ਇਥੇ ਗੁਰਦੇਵ ਨੇ ਉਸ ਪੁਰਾਤਨ ਵਿਸ਼ਵਾਸ ਦਾ ਵੀ ਖੰਡਣ ਕੀਤਾ ਹੈ ਕਿ ਜਦੋਂ-ਜਦੋਂ ਧਰਮ ਦੀ ਹਾਨੀ ਹੁੰਦੀ ਹੈ ਭਗਵਾਨ ਧਰਮੀਆਂ ਦੀ ਰਾਖੀ ਲਈ ਆਪ ਜਨਮ ਲੈਂਦਾ ਹੈ (ਸ੍ਰੀ ਕਿਸ਼ਨ ਅਤੇ ਸ੍ਰੀ ਰਾਮ ਆਦਿ ਦੀਆਂ ਕਥਾਵਾਂ ਇਸੇ ਵਿਸ਼ਵਾਸ ਦੀ ਪ੍ਰੌੜਤਾ `ਚ ਹਨ)।। ਇਸਦੇ ਉਲਟ ਸ਼ਪੱਸ਼ਟ ਕੀਤਾ ਕਿ ਪ੍ਰਭੁ ਅਜੂਨੀ ਹੈ ਫ਼ੁਰਮਾਨ ਹੈ ਜਨਮ ਮਰਣ ਤੇ ਰਹਤ ਨਾਰਾਇਣ” ਇਥੋਂ ਤੀਕ ਕਿ ਸੋ ਮੁਖੁ ਜਲਉ ਜਿਤੁ ਕਹਹਿ ਠਾਕੁਰ ਜੋਨੀ॥ ੩ ॥ ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ ਰਹਿਓ ਸਮਾਇ” (ਪੰ: 1136) ਇਥੇ ਤਾਂ ਗੁਰਦੇਵ ਨੇ ‘ਪ੍ਰਮਾਤਮਾ ਆਪ ਜਨਮ ਲੈਕੇ ਆਉਂਦਾ ਹੈ’ ਵਾਲੀ ਸੋਚਣੀ ਦਾ ਸਦਾ ਲਈ ਕੇਵਲ ਭੋਗ ਹੀ ਨਹੀਂ ਪਾਇਆ ਬਲਕਿ ਸਪੱਸ਼ਟ ਕੀਤਾ ਹੈ ਕਿ ਕਰਤਾਰ ਨੂੰ ਜਨਮ ਲੈਣ ਦੀ ਲੋੜ ਨਹੀਂ। ਕਰਤਾ ਤਾਂ ਹਰ ਸਮੇਂ ਜ਼ਰੇ-ਜ਼ਰੇ `ਚ ਵਿਆਪਕ ਅਤੇ ਰੂਪ ਰੰਗ ਸਰੀਰ ਤੋਂ ਨਿਆਰਾ ਹੈ। ਉਹ ਬਹੁੜੀ ਤਾਂ ਕਰਦਾ ਹੈ ਪਰ ਅਪਣੀ ਕੋਈ ਖੇਡ ਵਰਤ ਕੇ ਜਿਵੇਂ ਬਾਬਰ ਦਾ ਹਮਲਾ।

“ਆਵਨਿ ਅਠਤਰੈ ਜਾਨਿ ਸਤਾਨਵੈ. .” ਇਸ ਤੋਂ ਇਲਾਵਾ ਗੁਰਦੇਵ ਨੇ ਇਥੇ ਚੌਥੀ ਗਲ ਇਹ ਵੀ ਸਾਫ਼ ਕੀਤੀ ਹੈ ਕਿ ਅਜੇਹੇ ਹਾਲਾਤ `ਚ ਜਦੋਂ ਜਰਵਾਨਾ ਵੀ ਹੰਕਾਰਿਆ ਜਾਵੇ ਅਤੇ ਲੋਕਾਈ `ਚ ਵੀ ਤਬਾਹੀ ਕਾਰਣ ਦਹਿਸ਼ਤ ਪੈਦਾ ਹੋ ਜਾਵੇ ਤਾਂ ਕਰਤਾਰ ਫ਼ਿਰ ਤੋਂ ਕਿਸੇ ਮਨੁੱਖ ਨੂੰ ਤਾਕਤ ਬਖਸ਼ ਦੇਂਦਾ ਹੈ ਜਿਥੋਂ ਜਰਵਾਨਿਆਂ ਦਾ ਹੰਕਾਰ ਟੁੱਟ ਜਾਵੇ ਅਤੇ ਲੋਕਾਈ ਵਿਚੋਂ ਵੀ ਦਹਿਸ਼ਤ ਵਾਲਾ ਮਾਹੌਲ ਖਤਮ ਹੋ ਜਾਵੇ। ਇਥੇ ਭਵਿਖ ਬਾਣੀ ਕਰਕੇ ਗੁਰਦੇਵ ਦਸਦੇ ਹਨ ਕਿ ਭਾਵੇਂ ਕਿ ਹਮਲਾ ਸੰਮਤ 1578 `ਚ ਹੋਇਆ ਹੈ, ਉਪਰੰਤ ਸੰਮਤ 1597 `ਚ ਇੱਕ ਮਨੁੱਖ ਹੋਵੇਗਾ ਜਿਸਦੇ ਹਮਲੇ ਦਾ ਨਤੀਜਾ ਇਹ ਦੋਵੇ ਗਲਾਂ ਹੱਲ ਹੋ ਜਾਣਗੀਆਂ ਫ਼ੁਰਮਾਨ ਹੈ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ” (ਪੰ: 722) ਅਤੇ ਇਹ ਸੀ ਸ਼ੇਰ ਸ਼ਾਹ ਸੂਰੀ ਤੋਂ ਹਮਾਉਂ ਨੂੰ ਭਾਂਜ ਸੰਮਤ 1597।

ਪਹਿਲੇ ਨੰਬਰ ਤੇ ਆਉਂਦੇ ਹਨ ਰਾਜਸੀ ਆਗੂ- ਇਸ ਸੰਦਰਭ `ਚ ਪਹਿਲਾ ਆਉਂਦੇ ਹਨ ਰਾਜਸੀ ਆਗੂ। ਅਪਣੇ ਰੱਬੀ ਫ਼ਰਜ਼ਾਂ ਨੂੰ ਨਿਭਾਉਣ ਲਈ ਅਕਾਲਪੁਰਖ ਵਲੋਂ ਜੋ ਬੇਅੰਤ ਵਸੀਲੇ ਉਨ੍ਹਾ ਨੂੰ ਪ੍ਰਾਪਤ ਹੁੰਦੇ ਹਨ, ਇਹ ਲੋਕ ਉਨ੍ਹਾਂ ਵਸੀਲਿਆਂ ਦੀ ਕੁਵਰਤੋਂ ਸ਼ੁਰੂ ਕਰ ਦੇਂਦੇ ਹਨ। ਉਨ੍ਹਾਂ ਦਾ ਜੀਵਨ ਨਿਰਾ ਐਸ਼ੋ-ਇਸ਼ਰਤ, ਸ਼ਾਹੀ ਠਾਠ, ਵਿੱਭਚਾਰ, ਜ਼ੁਲਮ-ਧੱਕੇ, ਸੋਸ਼ਣ, ਲੁੱਟ-ਮਾਰ ਅਤੇ ਵੱਡੀ ਖੋਰੀ ਹੀ ਬਣ ਕੇ ਰਹਿ ਜਾਂਦਾ ਹੈ। ਉਨ੍ਹਾਂ ਦੀ ਹਾਲਤ ਬਣ ਜਾਂਦੀ ਹੈ ਜਿਵੇਂ ਗੁਰਦੇਵ ਨੇ ਫ਼ੁਰਮਾਇਆ ਹੈ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ” (ਪੰ: 360) ਇਹ ਸਭ ਉਸ ਵੇਲੇ ਜਦੋਂ ਇਸ ਦੌੜ `ਚ ਰਾਜਸੀ ਤਾਕਤਾਂ ਅਤੇ ਰੁੱਤਬਿਆਂ ਵਾਲੇ ਲੋਕ ਕਰਤਾਰ ਦੀਆਂ ਦਾਤਾਂ ਵਲੋਂ ਅਵੇਸਲੇ ਹੋਏ, ਉਨ੍ਹਾਂ ਵਸੀਲਿਆਂ ਨੂੰ ਅਪਣੀ ਤਾਕਤ ਸਮਝ ਕੇ ਕੁਰਾਹੇ ਪਏ ਉਨ੍ਹਾਂ ਦੀ ਕੁਵਰਤੋਂ ਕਰਦੇ ਹਨ।

ਅਪਣੀਆਂ ਤਾਕਤਾਂ ਦੇ ਨਸ਼ੇ `ਚ ਹਰ ਪਖੋਂ ਮਨਮਾਨੀਆਂ ਉਨ੍ਹਾ ਦਾ ਜੀਵਨ ਬਣ ਜਾਂਦਾ ਹੈ। ਉਨ੍ਹਾਂ ਦੇ ਹਰਮਾਂ ਦੀਆਂ ਉਚਾਈਆਂ ਅਤੇ ਰੰਗੀਲੀਆਂ ਇੰਨੀਆਂ ਉਚੀਆ ਹੋ ਜਾਂਦੀਆ ਹਨ ਕਿ “ਇਕੁ ਲਖੁ ਲਹਨਿ੍ਹ੍ਹ ਬਹਿਠੀਆ ਲਖੁ ਲਹਨਿ੍ਹ੍ਹ ਖੜੀਆ॥ ਗਰੀ ਛੁਹਾਰੇ ਖਾਂਦੀਆ ਮਾਣਨਿ੍ਹ੍ਹ ਸੇਜੜੀਆ” (ਪੰਨਾ: 417) ਅਤੇ ਹੋਰ ਬਹੁਤ ਕੁੱਝ ਜਿਸਦਾ ਵਰਨਣ ਗੁਰਦੇਵ ਨੇ ਇਨ੍ਹਾਂ ਸ਼ਬਦਾਂ `ਚ ਕੀਤਾ ਹੈ। ਗੁਰਦੇਵ ਫ਼ੁਰਮਾਂਦੇ ਹਨ ਕਿ ਅਜੇਹੇ ਹਾਲਾਤ `ਚ ਸਮਝ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਦਾ ਹੰਕਾਰ, ਟੁੱਟਣ ਦੇ ਕਗਾਰ ਤੇ ਹੈ ਅਤੇ ਕਰਤੇ ਦੀ ਕੋਈ ਨਾ ਕੋਈ ਖੇਡ ਵਰਤਣ ਹੀ ਵਾਲੀ ਹੈ।

ਦੂਜੇ ਨੰਬਰ ਤੇ ਧਾਰਮਿਕ ਆਗੂ- ਜਦੋਂ ਧਾਰਮਿਕ ਆਗੂ ਵੀ ਲੋਕਾਈ ਵਿੱਚਕਾਰ ਅਪਣੀ ਬਣ ਚੁਕੀ ਵਿਸ਼ਵਾਸ-ਸ਼ਰਧਾ ਦਾ ਲਾਭ ਲੈਕੇ, ਅਪਣੇ ਬਣ ਚੁਕੇ ਧਾਰਮਿਕ ਪ੍ਰਭਾਵ ਦੀ ਕੁਵਰਤੋਂ ਕਰਕੇ, ਮਨੁੱਖਤਾ ਨੂੰ ਉਲਟੇ ਪਾਸੇ ਪਾਉਣਾ ਸ਼ੁਰੂ ਕਰ ਦੇਂਦੇ ਹਨ। ਲੁੱਟ-ਖੋਹ `ਚ ਪੈਕੇ ਲੋਕਾਈ ਦਾ ਖੂਨ ਚੂਸਦੇ ਹਨ। ਲੋਕਾਈ ਵਿਚੋਂ ਅਗਿਆਨਤਾ ਦਾ ਨਾਸ ਕਰਣ ਅਤੇ ਉਨ੍ਹਾਂ ਦੇ ਜੀਵਨ `ਚ ਗਿਆਨ ਦਾ ਪ੍ਰਕਾਸ਼ ਕਰਨ ਦੀ ਬਜਾਏ, ਉਲਟਾ ਲੋਕਾਈ ਅੰਦਰ ਡਰ-ਸਰਾਪ-ਕਰੋਪੀਆਂ ਦੇ ਜਾਲ ਬੁੰਨਦੇ ਹਨ। ਲੋਕਾਈ ਵਿੱਚਕਾਰ ਅਗਿਆਨਤਾ ਦਾ ਬੋਲਬਾਲਾ ਕਰਣ `ਚ ਸਭ ਤੋਂ ਅਗਲੀ ਕੱਤਾਰ `ਚ ਇਹੀ ਲੋਕ ਖੜੇ ਹੁੰਦੇ ਹਨ। ਇਹ ਲੋਕ ਧਾਰਮਿਕ ਆਗੂ ਨਾ ਰਹਿ ਕੇ, ਸਮੇਂ ਨਾਲ ਬਣ ਚੁਕੇ ਡਾਕੂ-ਲੁਟੇਰਿਆਂ ਦਾ ਹੀ ਵਡਾ ਗਰੋਹ ਹੁੰਦੇ ਹਨ। ਇਨ੍ਹਾਂ ਅਖੋਤੀ ਧਾਰਮਿਕ ਆਗੂਆਂ ਕਾਰਣ, ਲੋਕਾਈ `ਚ ਵਹਿਮਾ-ਭਰਮਾ ਦਾ ਬੋਲ ਬਾਲਾ ਸ਼ਿਖਰਾਂ ਤੇ ਪੁੱਜ ਰਿਹਾ ਹੁੰਦਾ ਹੈ।

ਤਾਂਤੇ ਇਨ੍ਹਾਂ ਸ਼ਬਦਾਂ `ਚੋਂ ਬਾਬਰ ਦੇ ਹਮਲੇ ਨਾਲ ਸੰਬੰਧਤ ਹਾਲਾਤ ਦੇਖੋ! ਅਜੇਹੇ ਸਮੇਂ ਜਦਕਿ ਜਰਵਾਣਿਆ ਦਾ ਹਮਲਾ ਹੋਣ ਵਾਲਾ ਹੈ, ਸਾਰੇ ਪਾਸੇ ਹਾਏ ਤੋਬਾ ਮੱਚੀ ਪਈ ਹੈ। ਬਜਾਏ ਇਸਦੇ ਕਿ ਭੱਲ ਬਣੇ ਇਹ ਧਾਰਮਿਕ ਠੱਗ, ਲੋਕਾਂ ਅੰਦਰੋਂ ਕਾਇਰਤਾ ਦਾ ਨਾਸ ਕਰਕੇ ਉਨ੍ਹਾਂ ਅੰਦਰ ਨਿਰਭੈਤਾ `ਤੇ ਦਲੇਰੀ ਪੈਦਾ ਕਰਦੇ। ਇਸਦੇ ਉਲਟ ਇਹ ਤਾਂ ਅਪਣੀ ਹੀ ਲੁੱਟ-ਖੋਹ ਦਾ ਬਜ਼ਾਰ ਗਰਮ ਕਰਨ `ਚ ਮੱਸਤ ਹਨ। ਇਹ ਦੁਸ਼ਟ ਤਾਂ ਇਥੋਂ ਤੀਕ ਆਫਰੇ ਅਤੇ ਕਹੀ ਫ਼ਿਰਦੇ ਹਨ ਜਾਓ ਅਸੀਂ ਤੁਹਾਡੇ ਜਾਂ ਦੇਸ਼ `ਚ ਸ਼ਾਂਤੀ ਲਈ ਯਗ ਕਰ ਦੇਵਾਂਗੇ। ਤੁਸੀਂ ਸਾਡੀ ਦਾਨ-ਦੱਛਣਾ ਦੇ ਪ੍ਰਬੰਧ ਕਰੋ ਅਸੀਂ ਇੰਨੇ ਲੱਖ ਮੰਤ੍ਰਾਂ ਦੇ ਜਾਪ ਕਰ ਦੇਵਾਂਗੇ, ਹਵਨ ਕਰਾਂਗੇ। ਅਸੀਂ ਤੁਹਾਡੇ ਵਾਸਤੇ ਪਾਠ ਕਰ ਦੇਵਾਂਗੇ, ਤੱਸਬੀਆ ਪੜ੍ਹ ਦੇਵਾਂਗੇ ਅਤੇ ਹੋਰ ਬਹੁਤੇਰੇ ਖੇਖਣ।

ਅਜੇਹੇ ਹਾ-ਹਾ-ਕਾਰ ਅਤੇ ਤ੍ਰਾਸਦੀ ਸਮੇਂ, ਅਲਾ ਤੇ ਰਾਮ ਦੇ ਠੇਕੇਦਾਰ ਬਣੇ ਇਹ ਡਕੈਤ, ਲੋਕਾਂ ਨੂੰ ਕਹੀ ਫ਼ਿਰਦੇ ਹਨ ਤੁਸੀ ਸਾਡੇ ਲਈ ਇੰਜ ਕਰ ਦੇਵੋ ਅਤੇ ਉਂਜ ਕਰ ਦੇਵੋ। ਅਸੀਂ ਰੱਬ, ਅਲ੍ਹਾ, ਰਾਮ, ਖੁਦਾ ਅਤੇ ਦੇਵੀਆਂ-ਦੇਵਤਿਆਂ ਅਗੇ ਤੁਹਾਡੇ ਲਈ ਦੁਆ ਕਰ ਦੇਵਾਂਗੇ। ਅਪਣੇ ਆਪ ਸਭ ਠੀਕ ਹੋਜਾਵੇਗਾ, ਮੁਗ਼ਲ ਸੀਮਾਂ ਹੀ ਪਾਰ ਨਹੀਂ ਕਰ ਸਕਣਗੇ ਜਾਂ ਸੀਮਾਂ ਤੇ ਹੀ ਅੰਨੇ ਹੋ ਜਾਣਗੇ। ਗੁਰਦੇਵ ਇਨ੍ਹਾਂ ਲੁਟੇਰਿਆਂ ਦੇ ਪਾਜ ਨੂੰ ਉਘੇੜਦੇ ਹੋਏ ਫ਼ੁਰਮਾਂਦੇ ਹਨ “ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ” (ਪੰ: 417)। ਇਥੋਂ ਤੀਕ ਕਿ ਅਜ ਤਾਂ ਧਾਰਮਿਕ ਆਗੂ, ਬੱਚੀਆਂ-ਬਚਿਆਂ ਦੇ ਵਿਆਹ ਅਤੇ ਨਿਕਾਹ ਕਰਵਾ ਰਹੇ ਹਨ ਤਾਂ ਉਸ ਸਮੇਂ ਵੀ ਇਨ੍ਹਾ ਠੱਗਾਂ ਨੂੰ ਗਰੀਬਾਂ-ਅਮੀਰਾਂ ਤੀਕ ਦੀ ਤਮੀਜ਼ ਭੁੱਲੀ ਹੁੰਦੀ ਹੈ। ਕਿੱਧਰੇ ਤਾਰੇ ਡੁੱਬੇ-ਚੜ੍ਹੇ ਦੇ ਢੋਂਗ ਹਨ। ਹਮਲਾ ਸਿਰ ਤੇ ਹੈ ਪਰ ਇਨ੍ਹਾਂ ਨੂੰ ਕੀ? ਇਹ ਤਾਂ ਅਪਣੇ ਹੀ ‘ਸਾਹਿਆਂ’ ਦੇ ਆਡੰਬਰ ਖੜੇ ਕਰਕੇ ਅਪਣੀ ਲੁੱਟ-ਖੋਹ ਦਾ ਬਾਜ਼ਾਰ ਗਰਮ ਕਰੀ ਬੈਠੇ ਹਨ ਗੁਰਦੇਵ ਚੇਤਾਵਣੀ ਦੇਂਦੇ ਹਨ ਕਿ ਐ ਧਾਰਮਿਕ ਆਗੂਓ! ਅਜੇ ਵੀ ਸਮਾਂ ਹੈ ਜੇਕਰ ਸੰਭਲ ਜਾਵੋ, ਨਹੀਂ ਤਾਂ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ” (ਪੰ: 722)।

ਤੀਜੇ ਨੰਬਰ ਤੇ ਹੈ, ਆਮ ਲੋਕਾਈ- ਅਜੇਹੇ ਹਾਲਾਤ `ਚ ਜਦੋਂ ਰਾਜਸੀ ਅਤੇ ਧਾਰਮਿਕ ਆਗੂ, ਦੋਵੇਂ ਵਰਗ ਅਪਣੇ ਅਪਣੇ ਫ਼ਰਜ਼ਾਂ ਤੋਂ ਗੁਮਰਾਹ ਹੋਏ ਹੁੰਦੇ ਹਨ ਤਾਂ ਗਲ ਰਹਿ ਜਾਂਦੀ ਹੈ ਕਿ ਆਮ ਜਨਤਾ ਕਿੱਥੇ ਖੜੀ ਹੈ? ਉਥੇ ਵੀ ਕਿਸੇ ਨੂੰ ਚੇਤਾ ਨਹੀਂ ਹੁੰਦਾ ਕਿ ਮਨੁੱਖਾ ਜਨਮ ਬੜਾ ਅਮੋਲਕ ਹੈ ਅਤੇ ਇਸਦੀ ਸੰਭਾਲ ਤਾਂ ਆਪ ਹੀ ਕਰਨੀ ਹੈ। ਕਿਸੇ ਦੇ ਨਿਜੀ ਜੀਵਨ ਦੀ ਸੰਭਾਲ ਦਾ ਠੇਕਾ ਨਾ ਧਾਰਮਿਕ ਆਗੂਆਂ ਕੋਲ ਹੈ ਅਤੇ ਨਾ ਰਾਜਸੀ ਆਗੂਆਂ ਕੋਲ। ਅਪਣੇ ਜੀਵਨ ਦੀ ਸੰਭਾਲ ਤਾਂ ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ॥ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ” (ਪੰ: 474) ਅਤੇ “ਮਤੁ ਕੋ ਜਾਣੈ ਜਾਇ ਅਗੈ ਪਾਇਸੀ॥ ਜੇਹੇ ਕਰਮ ਕਮਾਇ ਤੇਹਾ ਹੋਇਸੀ” (ਪੰ: 730) ਗੁਰਬਾਣੀ `ਚ ਇਸਬਾਰੇ ਸੈਂਕੜੇ ਫੁਰਮਾਣ ਹਨ ਪਰ ਉਥੇ ਵੀ ਰੰਗ ਬੱਝਾ ਹੁੰਦਾ ਹੈ ਕਿ ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹ੍ਹੀ ਰਖੇ ਰੰਗੁ ਲਾਇ॥ ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ” (ਪੰ: 417)। ਉਥੇ ਵੀ ਧੰਨ ਜੋਬਨ ਦੇ ਨਸ਼ੇ ਵਿੱਚ ਕੇਵਲ ਦਿਖਾਵਾ, ੲੈਸ਼ੋ-ਇਸ਼ਰਤ, ਝੂਠ-ਫ਼ਰੇਬ-ਠੱਗੀਆਂ-ਵਿੱਭਚਾਰ-ਨਸ਼ਿਆਂ ਅਤੇ ਕੁਕਰਮਾ ਦੀ ਭਰਮਾਰ। ਪ੍ਰਭੁ ਨੂੰ ਭੁਲੇ ਹੋਣ ਕਾਰਣ ਇਨ੍ਹਾਂ ਤਿੰਨਾ ਵਰਗਾਂ ਵਿੱਚਕਾਰ ਅਸਲੋਂ ਜੋ ਖੇਡ ਵਰਤ ਰਹੀ ਹੁੰਦੀ ਹੈ, ਇਥੇ ਉਸਦਾ ਜ਼ਿਕਰ ਇਨ੍ਹਾਂ ਸ਼ਬਦਾਂ `ਚ ਗੁਰਦੇਵ ਇਸਤਰ੍ਹਾਂ ਕਰ ਰਹੇ ਹਨ “ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ” (ਪੰ: 417) ਨਤੀਜਾ ਹੁੰਦਾ ਹੈ ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ” (ਪੰ: 417)।

“ਏਤੀ ਮਾਰ ਪਈ ਕਰਲਾਣੇ. .”-ਇਥੇ ਪੁਜਕੇ ਅਸੀਂ ਉਸ ਮੁਕਾਮ ਤੇ ਪੁਜ ਚੁਕੇ ਹਾਂ ਜਿੱਥੇ ਗੁਰਦੇਵ ਸਪੱਸ਼ਟ ਕਰ ਰਹੇ ਹਨ ਕਿ ਆਖਿਰ ਉਹ ਕੀ ਕਾਰਣ ਹਨ ਕਿ ਅਕਾਲਪੁਰਖ ਨੇ ਇਨ੍ਹਾਂ ਤਿੰਨਾ ਵਰਗਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦੇਣ ਲਈ ਹੀ ਬਾਬਰ ਵਾਲੀ ਖੇਡ ਵਰਤੀ। ਦਰਅਸਲ ਅਰੰਭ ਤੋਂ ਹੁਣ ਤੀਕ ਬਿਆਨੇ ਇਨ੍ਹਾ ਸ਼ਬਦਾਂ `ਚ ਪ੍ਰਗਟਾਏ ਇਲਾਹੀ ਸਿਧਾਂਤ ਨੂੰ ਸਮਝਣ ਦੀ ਲੋੜ ਸੀ। ਇਥੇ ਤਾਂ ਗੁਰਦੇਵ ਕੇਵਲ ਸਮਝਾ ਰਹੇ ਹਨ ਕਿ ਜਦੋਂ ਸਮਾਜ ਦੇ ਉਹ ਤਿੰਨੇ ਵਰਗ ਭੱਟਕ ਚੁੱਕੇ ਸਨ ਅਤੇ ਸੱਚ ਦੇ ਮਾਰਗ ਦੇ ਚਲਣ ਵਾਲਿਆਂ ਦਾ ਜੀਣਾ ਦੂਭਰ ਹੋਇਆ ਸੀ ਤਾਂ ਅਜੇਹੇ ਹਾਲਾਤ `ਚ ਕਰਤਾਰ ਨੇ ਚੌਥੇ ਵਰਗ ਦੀ ਬਹੁੜੀ ਕੀਤੀ। ਭ੍ਰਸ਼ਟ ਹੋ ਚੁਕੇ `ਤੇ ਕੁਰਾਹੇ ਪਏ ਤਿੰਨਾਂ ਵਰਗਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦਿੱਤੀ ਅਤੇ ਇਹ ਸਭ ਉਸ ਦੇ ਨਿਆਂ ਵਿੱਚ ਹੀ ਸੀ। ਇਹੀ ਕਾਰਣ ਹੈ ਕਿ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ” (ਪੰ: 360) ਭਾਵ ਇਹੀ ਕਾਰਣ ਸਨ ਕਿ ਇੰਨੀ ਵੱਧ ਤਬਾਹੀ ਹੋਈ ਪਰ ਪ੍ਰਮਾਤਮਾ ਨੂੰ ਤਰਸ ਨਹੀਂ ਆਇਆ। ਇਹ ਵੀ ਸਮਝਣ ਦੀ ਲੋੜ ਹੈ ਕਿ ਇਨ੍ਹਾਂ ਪੰਕਤੀਆਂ ਬਾਰੇ ਕਹਿਣਾ ਕਿ ਪਾਤਸ਼ਾਹ ਨੇ ਅਕਾਲਪੁਰਖ ਨੂੰ ਉਲ੍ਹਾਮਾ ਦਿਤਾ, ਉਕਾ ਹੀ ਗ਼ਲਤ ਹੈ। ‘ਪ੍ਰਭੁ ਦੀ ਰਜ਼ਾ `ਚ ਚਲਣ ਪਖੋਂ, ਬਲਕਿ ਇਹ ਤਾਂ ਇੱਕ ਤਰੀਕੇ ਪ੍ਰਭੁ ਨੂੰ ਹੀ ਭੁਲਣਹਾਰ ਦਸਨਾ ਅਤੇ ਉਲ੍ਹਾਮਾ ਦੇਣਾ ਵੀ ਹੈ’ ਇਹ ਸਾਰੀਆਂ ਗਲਾਂ ਗੁਰਬਾਣੀ ਸਿਧਾਂਤ ਅਤੇ ਸ਼ਬਦਾਂ ਦੇ ਅਰਥਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੀਆਂ। “ਖੁਰਾਸਾਨ ਖਸਮਾਨਾ ਕੀਆ. .” (ਪੰ: 360) -ਇਸ ਸ਼ਬਦ ਨੂੰ ਲੈਕੇ ਵੀ ਸਾਡੇ ਬਹੁਤੇ ਵਿਦਵਾਨਾਂ, ਲਿਖਾਰੀਆਂ ਅਤੇ ਖਾਸਕਰ ਕੁੱਝ ਨਾਮਵਰ, ਗੁੱਡੀ ਚੜ੍ਹੇ ਕਥਾਵਾਚਕਾਂ ਤੀਕ ਨੇ ਕਿੱਧਰੇ ਟੱਪਲਾ ਖਾਧਾ ਪਰ ਕਿੱਧਰੇ ਰੱਜਵਾਂ ਬਵੰਡਰ ਵੀ ਮਚਾਇਆ ਹੈ। ਇਥੋਂ ਤੀਕ ਕਿਹਾ ਕਿ ਬਾਬਰ ਤਾਂ ਹੈ ਹੀ ਜੰਮ ਸੀ। ਉਸਦੀ ਸਾਰੀ ਫੌਜ ਹੀ ਦੁਸ਼ਟਾਂ ਦੀ ਬਰਾਤ ਸੀ ਅਤੇ ਹੋਰ ਬਹੁਤ ਕੁਝ। ਅਸਲ `ਚ ਇਥੇ ਗੁਰਦੇਵ ਬਾਬਰ ਦੀ ਤਾਰੀਫ਼ ਜਾਂ ਬਦਖੋਈ ਨਹੀਂ ਕਰ ਰਹੇ ਬਲਕਿ ਸਾਰੀ ਤਬਾਹੀ ਪਿੱਛੇ ਉਸ ਸੱਚਾਈ ਨੂੰ ਬਿਆਨ ਰਹੇ ਹਨ ਕਿ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ” (ਪੰ: 360) ਭਾਵ ਜਦੋਂ ਇੱਕ ਤਾਕਤ `ਚ ਅੰਨਾਂ, ਦੂਜੇ ਤਾਕਤ `ਚ ਅੰਨੇ ਨੂੰ ਮਾਰੇ ਤਾਂ ਮਨ ਨੂੰ ਰੋਸ ਕਾਹਦਾ? ਸਪੱਸ਼ਟ ਹੈ-ਇਕ ਪਾਸੇ ਤਾਂ ਇਹ ਅਫ਼ਗ਼ਾਨੀ (ਲੋਧੀ ਵੰਸ਼) ਰਾਜਸੀ ਆਗੂ, ਦੂਜੇ ਅਖੌਤੀ ਧਾਰਮਿਕ ਆਗੂ ਅਤੇ ਤੀਜੇ ਆਮ ਲੌਕਾਈ ਜਿਨ੍ਹਾਂ ਨੂੰ ਅਪਣੇ ਅਮੁਲੇ ਮਨੁੱਖਾ ਜਨਮ ਦੀ ਕੀਮਤ ਹੀ ਭੁੱਲੀ ਪਈ ਸੀ; ਧੰਨ-ਜੁਆਨੀ ਦੇ ਨਸ਼ੇ `ਚ ਮਖਮੂਰ ਸਨ। ਇਸੇ ਲਈ ਗੁਰਦੇਵ ਨੇ ਤਿਨਾਂ ਹੀ ਵਰਗਾਂ ਲਈ ਇਥੋਂ ਤੀਕ ਫ਼ੁਰਮਾਇਆ ਰਤਨ ਵਿਗਾੜਿ ਵਿਗੋਏ ਕੁਤਂੀ ਮੁਇਆ ਸਾਰ ਨ ਕਾਈ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ” (ਪੰ: 360) ਭਾਵ (ਬੇਸ਼ਕ) ਜੀਵਾਂ ਦਾ ਮਿਲਨਾ `ਤੇ ਵਿੱਛੜਣਾ, ਕਰਤਾਰ ਦੇ ਅਟੱਲ ਨੀਯਮ `ਚ ਹੈ ਫ਼ਿਰ ਵੀ ਜਿਹੜੇ ਲੋਕ ਰਤਨਾ-ਹੀਰੀਆਂ ਤੋਂ ਮੰਹਿਗਾ ਮਨੁੱਖਾ ਜਨਮ ਲੈਕੇ ਵੀ ਇਸ ਦੀ ਕੀਮਤ ਨਹੀਂ ਸਮਝਦੇ ਅਤੇ “… ਸਾਦ ਕਰੇ ਮਨਿ ਭਾਣੇ” ਅਨੁਸਾਰ ਮਨਮਾਨੀਆਂ ਕਰਦੇ ਹਨ, ਚੇਤੇ ਰਖਣਾ ਚਾਹੀਦਾ ਹੈ ਕਿ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ” (ਪੰ: 360)। ਦੂਜੇ ਪਾਸੇ ਬਾਬਰ ਜੋ ਅਪਣੇ ਆਪ `ਚ ਇਥੋਂ ਦਾ ਰਾਜਪਾਟ ਹਥਿਆਉਣ ਲਈ ਵੱਡਾ ਲੁਟੇਰਾ ਤੇ ਤਾਕਤ ਦੇ ਨਸ਼ੇ `ਚ ਸੀ। ਇਸਤਰ੍ਹਾਂ ਦੋਵੇ ਪਾਸੇ ਪ੍ਰਭੁ ਭੁਲੇ ਪਰ ਅਪਣੀ-ਅਪਣੀ ਤਾਕਤ ਦੇ ਨਸ਼ੇ `ਚ ਅੰਨੇ ਹੋਏ ਲੋਕਾਂ ਦੀ ਇਹ ਜੰਗ ਸੀ ਤਾਂ ਰੱਬ ਜੀ ਨੂੰ ਤੈਂ ਕੀ ਦਰਦੁ ਨ ਆਇਆ” (ਪੰ: 360) ਉਨ੍ਹਾਂ ਦੀ ਤਬਾਹੀ `ਤੇ ਕਤਲੋ-ਗ਼ਾਰਤ ਉਪਰ ਤਰਸ ਕਾਹਦਾ?

ਜਿਸ ਨੋ ਆਪਿ ਖੁਆਏ ਕਰਤਾ” - ਇਥੋਂ ਤੀਕ ਕਿ ਕਰਤਾਰ ਨੇ ਜੇਕਰ ਕੋਈ ਖੇਡ ਵਰਤਨੀ ਹੈ ਅਤੇ ਕਿਸੇ ਨੂੰ ਉਸਦੇ ਕੀਤੇ ਦੀ ਸਜ਼ਾ ਦੇਣੀ ਹੈ ਤਾਂ ਕਰਤਾਰ ਕੇਵਲ ਬਹਾਨਾ ਹੀ ਘੜਦਾ ਹੈ। ਇਨ੍ਹਾਂ ਸ਼ਬਦਾਂ `ਚ ਹੀ ਦਰਸ਼ਨ ਕਰੋ, ਗੁਰਦੇਵ ਫ਼ੁਰਮਾਅ ਰਹੇ ਹਨ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ” (ਪੰ: 360) ਭਾਵ ਇਨ੍ਹਾਂ ਨੂੰ ਇਨ੍ਹਾਂ ਦੇ ਕੀਤੇ ਦੀ ਸਜ਼ਾ ਦੇਣ ਲਈ ਮੁਗ਼ਲਾਂ ਨੂੰ ਜਮ ਭਾਵ ਉਨ੍ਹਾਂ ਦੀ ਮੌਤ ਬਣਾਕੇ ਭੇਜ ਦਿਤਾ, ਜੋਕਿ ਪ੍ਰਭੁ ਵਲੋ ਕੇਵਲ ਇੱਕ ਬਹਾਨਾ ਸੀ। ਦੂਜਾ ਇਹ ਕਿ ਪ੍ਰਭੁ ਨੇ ਜਿਸਨੂੰ ਸਜ਼ਾ ਦੇਣੀ ਹੁੰਦੀ ਹੈ ਉਨ੍ਹਾ ਦੀ ਤਾਕਤ ਆਦਿ ਗੁਣ ਕਰਤਾਰ ਆਪ ਹੀ ਖੋਹ ਲੈਂਦਾ ਹੈ ਜਿਵੇਂ “ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ” (ਪੰ: 417) ਇੰਨਾ ਹੀ ਨਹੀਂ ਕਰਤਾਰ ਨੇ ਜਿਸਨੂੰ ਸਜ਼ਾ ਦੇਣੀ ਹੈ ਪ੍ਰਭੁ ਉਸਦੇ ਲਈ ਢੰਗ ਵੀ ਆਪ ਹੀ ਘੜ ਦੇਂਦਾ ਹੈ ਜਿਵੇਂ “ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ॥ ਓਨ੍ਹ੍ਹੀ ਤੁਪਕ ਤਾਣਿ ਚਲਾਈ ਓਨ੍ਹ੍ਹੀ ਹਸਤਿ ਚਿੜਾਈ॥ ਜਿਨ੍ਹ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹ੍ਹਾ ਮਰਣਾ ਭਾਈ” (ਪੰ: 417) ਇਥੇ ਲੜਾਈ ਸਮੇਂ ਮੁਗ਼ਲਾਂ ਦੀਆਂ ਤੋਪਾਂ ਤਾਂ ਵੈਰੀ ਤੇ ਮਾਰ ਕਰ ਰਹੀਆਂ ਹਨ ਪਰ ਪਠਾਣ ਜਿਹੜੇ ਕਿ ਹਰਮਾਂ `ਤੇ ਏਸ਼ੋ-ਇਸ਼ਰਤ `ਚ ਮਸਤ ਰਹੇ। ਜਿਨ੍ਹਾਂ ਨੇ ਸਮੇਂ ਸਿਰ ਅਪਣੇ ਫ਼ਰਜ਼ਾਂ ਨੂੰ ਨਹੀਂ ਸੰਭਾਲਿਆ, ਤਿਆਰੀ ਨਹੀ ਕੀਤੀ ਪਰ ਅਜ ਲੜਾਈ ਸਮੇਂ, ਉਨ੍ਹਾਂ ਦੀਆਂ ਤੋਪਾਂ ਹੱਥਾਂ `ਚ ਹੀ ਚਿੱੜ-ਚਿੱੜ ਕਰ ਰਹੀਆਂ ਹਨ ਅਤੇ ਲਾਸ਼ਾਂ ਦੇ ਢੇਰ ਬਣ ਰਹੇ ਹਨ।

“ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ” - ਇਸਤਰ੍ਹਾਂ ਪਾਤਸ਼ਾਹ ਨੇ ਇਸ ਸਦੀਵੀ ਅਤੇ ਰੱਬੀ ਸਿਧਾਂਤ ਨੂੰ ਸਮਝਾਉਣ ਲਈ ਬਾਬਰ ਦੇ ਹਮਲੇ ਦਾ ਕੇਵਲ ਹਵਾਲਾ ਦਿਤਾ ਹੈ ਇਤਿਹਾਸ ਨਹੀਂ ਬਿਆਨਿਆ। ਇਥੇ ਦੌਹਰਾਨ ਦੀ ਲੋੜ ਹੈ ਕਿ ਗੁਰਬਾਣੀ ਜੀਵਨ-ਜਾਚ ਦਾ ਖਜ਼ਾਨਾ ਹੈ, ਇਤਿਹਾਸ ਨਹੀਂ। ਭਾਵੇਂ ਕਿ ਇਹ ਇੱਕ ਵੱਖਰੀ ਗਲ ਹੈ ਕਿ ਇਹ ਜੋ ਤਬਾਹੀ ਹੋਈ ਉਹ ਅਪਣੇ ਆਪ `ਚ ਲੂੰ-ਕੰਡੇ ਖੜੇ ਕਰਨ ਵਾਲੀ ਹੈ ਅਤੇ ਇਨ੍ਹਾਂ ਚਾਰ ਸ਼ਬਦਾਂ ਦੇ ਅਰਥ ਸਮਝਿਆਂ ਹੀ ਗਲ ਬਣਦੀ ਹੈ। ਫ਼ਿਰ ਵੀ ਇਥੇ ਤਾਂ ਗੁਰਦੇਵ ਨੇ ਇਨ੍ਹਾਂ ਚਾਰਾਂ ਹੀ ਸ਼ਬਦਾਂ `ਚ ਇਸ ਗਲ ਨੂੰ ਵੀ ਪੱਕਾ ਕੀਤਾ ਹੈ ਕਿ ਇਹ ਸਾਰੀ ਤਬਾਹੀ ਵੀ ਕਰਤਾਰ ਦੇ ਹੁਕਮ ਅਤੇ ਨਿਆਂ ਵਿੱਚ ਹੀ ਹੈ। ਇਸ ਤੋਂ ਇਲਾਵਾ ਪਹਿਲੇ ਪਾਤਸ਼ਾਹ ਨੇ ਹੀ ਲਾਹੌਰ-ਸੈਦਪੁਰ ਦੀ ਇਸ ਤਬਾਹੀ ਨੂੰ ਸਲੋਕਾਂ `ਚ ਵੀ ਬਿਆਨਿਆਂ ਹੈ ਜਿਵੇਂ “ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ ੨੭ ॥” (ਪੰ: 1412) ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦੇ ਦਰਸ਼ਨ ਕਰੋ! ਪਹਿਲੇ ਪਾਤਸ਼ਾਹ ਦੇ ਇਨ੍ਹਾਂ ਸਲੋਕਾਂ ਵਿਚਕਾਰ ਹੀ ਅਗਲਾ ਸਲੋਕ ਮਹਲਾ ੩॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥ ੨੮ ॥” ਜਿਸ `ਚ ਤੀਜੇ ਪਾਤਸ਼ਾਹ ਬਿਆਨ ਰਹੇ ਹਨ, ਬੇਸ਼ਕ, ਤਬਾਹੀ ਭਿਅੰਕਰ ਸੀ, ਇਸਦੇ ਬਾਵਜੂਦ ਉਹੀ ਲਾਹੌਰ, ਸਮੇਂ ਬਾਦ, ਉਥੇ ਜਦੋਂ ਨਾਮ ਅੰਮ੍ਰਿਤ ਦੀ ਬਰਖਾ ਅਰੰਭ ਹੋ ਗਈ ਤਾਂ “ਜਹਰੁ ਕਹਰੁ” ਨਹੀਂ ਬਲਕਿ ਸਿਫ਼ਤੀ ਦਾ ਘਰੁ’ ਹੋ ਨਿਬੜਿਆ। ਇਸਲਈ ਸਮਝਣ ਦੀ ਗਲ ਹੈ ਕਿ ਇਹ ਇਲਾਹੀ ਸਿਧਾਂਤ ਹਰੇਕ ਸਥਾਨ `ਤੇ ਨਗਰੀ ਉਪਰ ਇਕੋ ਜਿਹਾ ਲਾਗੂ ਹੁੰਦਾ ਹੈ।

ਚਾਰਾਂ ਹੀ ਸ਼ਬਦਾਂ ਉਪਰ ਨੰਬਰਵਾਰ ਪੰਛੀ ਝਾਤ- ਗੁਰਦੇਵ ਦਾ ਇਸ ਵਿਸ਼ੇ ਤੇ ਪਹਿਲਾ ਸ਼ਬਦ ਤਿਲੰਗ ਮਹਲਾ ੧॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ” (ਪੰ: 722) ਹਮਲੇ ਤੋਂ ਪਾਹਿਲਾਂ `ਤੇ ਭਵਿਖਬਾਣੀ ਹੈ; ਬਾਦ ਦੇ ਤਿੰਨੇ ਸ਼ਬਦ ਹਮਲੇ ਤੋਂ ਬਾਦ ਦੇ ਹਨ। ਗੁਰਦੇਵ ਨੇ ਇਹ ਪਹਿਲਾ ਸ਼ਬਦ ਭਾਈ ਲਾਲੋ ਨੂੰ ਸੰਬੋਧਨ ਕਰਕੇ ਉਚਾਰਣ ਕੀਤਾ ਅਤੇ ਚੇਤਾਵਨੀ ਵਜੋਂ ਹੈ। ਸ਼ਬਦ `ਚ ਗੁਰਦੇਵ ਨੇ ਸਵਾਧਾਨ ਕੀਤਾ ਕਿ ਇਹ ਭਾਰਤ ਵਾਸੀਓ! ਮੈਂ ਕੇਵਲ ਉਹੀ ਬਿਆਣ ਕਰ ਰਿਹਾਂ ਹਾਂ ਜੋ ਕਰਤਾਰ ਵਲੋਂ ਮੈਨੂੰ ਸੋਝੀ ਮਿਲੀ ਹੈ, ਅਪਣੇ ਵਲੋਂ ਕੁੱਝ ਨਹੀਂ ਕਹਿ ਰਿਹਾ। ਪਾਪ ਕੀ ਜੰਞ ਲੈ ਕਾਬਲਹੁ ਧਾਇਆ” ਭਾਵ ਬਾਬਰ ਬੜੀ ਤਿਆਰੀ ਨਾਲ ਕਾਬਲੋਂ ਚਲ ਚੁਕਾ ਹੈ। ਇਥੇ ਹੁਣ ਕਾਜੀਆ ਬਾਮਣਾ (ਧਾਰਮਿਕ ਆਗੂਆਂ) ਦੀ ਮਚਾਈ ਹੋਈ ਲੁੱਟ ਖੋਹ ਕੋਈ ਮੁਲ ਨਹੀਂ ਰਖੇਗੀ, ਕਉਂਕਿ ਸਾਰੇ ਪਾਸੇ ਕੂੜ ਦਾ ਹੀ ਵਰਤਾਰਾ ਹੈ। ਉਚ-ਨੀਚ ਅਤੇ ਧਰਮ-ਮਜ਼੍ਹਬ ਦੇ ਨਾਂ ਤੇ ਪਾਏ ਰੇੜਕੇ ਤਾਂ ਇੱਕ ਪਾਸੇ, ਅਜ ਇਨ੍ਹਾਂ ਲੋਕਾਂ ਚੋਂ ਰੱਬ ਦਾ ਭੈਅ ਹੀ ਮੁੱਕਾ ਪਿਆ ਹੈ ਪਰ ਤਬਾਹੀ ਤੇ ਹਮਲੇ ਦੋਹਰਾਨ, ਰੱਬ ਨੂੰ ਯਾਦ ਕਰਨਾ ਵੀ ਇਨ੍ਹਾਂ ਨੂੰ ਨਸੀਬ ਨਹੀਂ ਹੋਵੇਗਾ। ਗੁਰਦੇਵ ਫ਼ੁਰਮਾਂਦੇ ਹਨ ਕਿ ਅਕਾਲਪੁਰਖ ਨੂੰ ਧਿਆਨ `ਚ ਰਖ ਕੇ ਹੀ ਕਹਿ ਰਿਹਾਂ ਹਾਂ ਕਿ ਮਾਸ ਪੁਰੀ ਵਿਚਿ ਆਖੁ ਮਸੋਲਾ” ਭਾਵ ਇਥੇ ਸਾਰੇ ਪਾਸੇ ਲਾਸ਼ਾਂ ਦੇ ਢੇਰ ਹੋਣਗੇ। ਸਰੀਰਾਂ ਦੇ ਟੁੱਕੜੇ, ਟੁੱਕੜੇ ਹੋ ਜਾਣਗੇ ਪਰ ਇਹ ਸਭ ਹੋਵੇਗਾ ਕਰਤਾਰ ਦੇ ਨਿਆਂ ਵਿੱਚ ਹੀ। ਬੜੀ ਤਬਾਹੀ ਅਤੇ ਦਹਿਸ਼ਤ ਵਧੇਗੀ, ਇਸ ਲਈ ਅਜੇ ਵੀ ਸਮਾਂ ਹੈ ਪਰ ਅਜ ਇਹ ਲੋਕ ਸੰਭਾਲ ਨਹੀਂ ਰਹੇ, ਉਸ ਸਮੇਂ ਇਹੀ ਲੋਕ ਮੇਰੇ ਕਹੇ ਨੂੰ ਚੇਤੇ ਕਰਣਗੇ। ਇਸਦੇ ਨਾਲ ਇਹ ਵੀ ਸੱਚ ਹੈ ਕਿ ਇਹ ਜੋ ਹਮਲਾ ਸੰਮਤ 1578 `ਚ ਹੋ ਰਿਹਾ ਹੈ ਤਾਂ ਇਸ ਬਾਬਰ ਨੂੰ ਵੀ ਭਾਂਜ ਦੇਣ ਲਈ (ਸ਼ੇਰਸ਼ਾਹ ਸੂਰੀ) ਸੰਮਤ 1597 `ਚ ਆ ਰਿਹਾ ਹੈ ਅਤੇ ਹਰੇਕ ਸੱਚਾਈ ਸਮੇਂ ਨਾਲ ਅਪਣੇ ਆਪ ਪ੍ਰਗਟ ਹੋ ਜਾਵੇਗੀ।

ਇਸਤੋਂ ਅਗਲੇ ਆਸਾ ਰਾਗ ਪੰ: 360 ਦੇ ਸ਼ਬਦ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ” `ਚ ਗੁਰਦੇਵ ਦਸਦੇ ਹਨ ਕਿ ਮਨੁੱਖ ਜਦੋਂ-ਜਦੋਂ ਜੀਵਨ ਰਾਹ ਤੋਂ ਭੱਟਕ ਜਾਂਦਾ ਹੈ ਤਾਂ ਪ੍ਰਭੁ ਉਸਨੂੰ ਕੁਕਰਮਾ ਦੀ ਸਜ਼ਾ ਅਵੱਸ਼ ਦੇਂਦਾ ਹੈ। ਇਸਦੇ ਲਈ ਪ੍ਰਮਾਤਮਾ ਅਪਣੇ ਉਪਰ ਕਦੇ ਦੋਸ਼ ਨਹੀਂ ਲੈਂਦਾ ਅਤੇ ਹਾਲ ਦੀ ਘੜੀ ਉਸਨੇ ਖੁਰਾਸਾਨ ਤੋਂ ਮੁਗ਼ਲਾਂ ਨੂੰ ਇਨ੍ਹਾਂ ਦੀ ਮੌਤ (ਜਮੁ ਕਰਿ) ਬਣਾਕੇ ਭੇਜ ਦਿਤਾ ਹੈ। ਚੇਤੇ ਰਖਣਾ ਹੈ ਕਿ ਇੰਨੀ ਤਬਾਹੀ ਹੋ ਜਾਣ ਉਪਰ ਵੀ ਕਰਤਾਰ ਨੂੰ ਤਰਸ ਨਹੀਂ ਆਉਂਦਾ; ਕਿਉਂਕਿ ਜਦੋਂ ਇੱਕ ਤਾਕਤ `ਚ ਅੰਨਾ, ਦੂਜੇ ਤਾਕਤ `ਚ ਅੰਨੇ ਨੂੰ ਮਾਰਦਾ ਹੈ ਤਾਂ ਦੋਸ਼ ਕਿਸਨੂੰ? ਜੀਵਾਂ ਦਾ ਮਿਲਨਾ `ਤੇ ਵਿੱਛੜਣਾ ਤਾਂ ਕਰਤੇ ਦੇ ਅਟੱਲ਼ ਨੀਯਮ `ਚ ਹੈ। ਇਸਤਰ੍ਹਾਂ ਜਦੋਂ-ਜਦੋਂ ਭੇਡਾਂ ਦੇ ਵੱਗ ਉਪਰ ਕੋਈ ਖੂੰਖਾਰ ਸ਼ੇਰ ਹਮਲਾ ਕਰ ਦੇਂਦਾ ਹੈ ਤਾਂ ਵੱਗ ਦੇ ਵਾਲੀ ਦਾ ਫ਼ਰਜ਼ ਹੁੰਦਾ ਹੈ ਉਨ੍ਹਾਂ ਭੇਡਾਂ ਦੀ ਰਾਖੀ ਕਰਨੀ; ਤਾਂਤੇ ਪ੍ਰਭੁ ਅਪਣੇ ਪਿਆਰਿਆਂ ਦੀ ਰਾਖੀ ਲਈ ਹੀ ਸਦਾ ਤੋਂ ਕੋਈ ਖੇਡ ਵਰਤ ਦੇਂਦਾ ਹੈ। ਇਸਤਰ੍ਹਾਂ ਸੰਸਾਰ `ਚ ਆਕੇ ਜੋ ਲੋਕ ਰਤਨਾਂ-ਹਿਰਿਆਂ ਤੋਂ ਵੱਧ ਕੀਮਤੀ ਮਨੁੱਖਾ ਜਨਮ ਨੂੰ ਜ਼ਾਇਆ ਕਰ ਦੇਂਦੇ ਹਨ, ਹੰਕਾਰੇ ਜਾਕੇ ਦੁਸ਼ਟਤਾ ਤੇ ਉਤਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਮੁੜ ਤੋਂ ਜਨਮ-ਮਰਨ ਦੇ ਗੇੜ੍ਹ `ਚ ਪੈਣਾ ਹੀ ਪੈਂਦਾ ਹੈ।

ਪੰਨਾ 417 ਰਾਗ ਆਸਾ `ਚ ਇਸ ਲੜੀ ਦੇ ਤੀਜੇ ਸ਼ਬਦ “ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿ੍ਹ੍ਹ ਗਲ ਵਿਚਿ ਆਵੈ ਧੂੜਿ” `ਚ ਗੁਰਦੇਵ ਨੇ ਉਸ ਭਿਅੰਕਰ ਤਬਾਹੀ ਦਾ ਜ਼ਿਕਰ ਕੀਤਾ ਹੈ ਜਿਹੜੀ ਹਮਲੇ ਕਾਰਣ ਹੋਈ। ਖੂਬੀ ਇਹ ਕਿ ਹਰ ਵਾਰ ਤਬਾਹੀ ਦਾ ਜ਼ਿਕਰ ਕਰਦੇ ਹੋਏ ਹਰ ਕਦਮ ਤੇ ਉਸ ਕਰਤਾਰ ਦੀ ਕਰਨੀ ਨੂੰ ਕੇਵਲ ਉਸਦੀ ਰਜ਼ਾ `ਚ ਹੋਇਆ ਹੀ ਬਿਆਨਿਆ ਹੈ, ਕਿੱਧਰੇ ਉਲਾਮਾ ਨਹੀਂ ਦਿਤਾ ਜਿਵੇਂ ਆਦੇਸੁ ਬਾਬਾ ਆਦੇਸੁ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ” ਅਤੇ “ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ॥ ੪ ॥” ਹੋਰ “ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ”। ਇੰਨਾ ਹੀ ਨਹੀਂ, ਗੁਰਦੇਵ ਇਸਦੇ ਨਾਲ ਇਸ ਤਬਾਹੀ ਦੇ ਕਾਰਣਾ ਨੂੰ ਵੀ ਨਾਲ-ਨਾਲ ਬਿਆਨ ਰਹੇ ਹਨ ਜਿਵੇਂ “ਧਨੁ ਜੋਬਨੁ ਦੁਇ ਵੈਰੀ ਹੋਏ ਜਿਨ੍ਹ੍ਹੀ ਰਖੇ ਰੰਗੁ ਲਾਇ” ਅਤੇ ਹੋਰ “ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ” ਜਾਂ “ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ” ਆਦਿ ਬਹੁਤ ਵਾਰੀ ਬਿਆਨਿਆ ਹੈ।

ਪੰਨਾ 417 ਉਪਰ ਹੀ ਆਸਾ ਰਾਗ `ਚ ਇਸ ਲੜੀ ਦੇ ਅੰਤਮ ਅਤੇ ਚੌਥੇ ਸ਼ਬਦ “ਕਹਾ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ” ਵਿੱਚ ਵੀ ਇਸ ਹਮਲੇ ਕਾਰਣ ਤਬਾਹੀ ਦਾ ਭਰਵਾਂ ਵਰਨਣ ਹੈ। ਤੀਜੇ ਸ਼ਬਦ ਦੀ ਨਿਆਈ ਇਸ ਅੰਤਮ ਸ਼ਬਦ `ਚ ਵੀ ਗੁਰਦੇਵ ਇਸ ਸਾਰੀ ਤਬਾਹੀ ਨੂੰ ਕਰਤੇ ਦੇ ਨਿਆਂ ਅਤੇ ਰਜ਼ਾ `ਚ ਹੀ ਬਿਆਨ ਕਰ ਰਹੇ ਹਨ ਜਿਵੇਂ “ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ” ਅਤੇ “ਜਿਨ੍ਹ੍ਹ ਕੀ ਚੀਰੀ ਦਰਗਹ ਪਾਟੀ ਤਿਨ੍ਹ੍ਹਾ ਮਰਣਾ ਭਾਈ” ਹੋਰ ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥ ਹੁਕਮੀ ਹੁਕਮਿ ਚਲਾਏ ਵਿਗਸੈ ਨਾਨਕ ਲਿਖਿਆ ਪਾਈਐ”। ਗੁਰਦੇਵ ਨੇ ਇਸ ਸਾਰੇ ਸ਼ਬਦ `ਚ ਵੀ ਇਨਸਾਨ ਦੀਆਂ ਉਨ੍ਹਾਂ ਕਮੀਆਂ, ਅਗਿਆਨਤਾ ਨੂੰ ਹੀ ਬਿਆਨਿਆ ਹੈ ਜਿਨ੍ਹਾਂ ਕਾਰਣ ਇਹ ਤਬਾਹੀਆਂ ਹੁੰਦੀਆਂ ਹਨ ਅਤੇ ਸਾਵਧਾਨ ਕੀਤਾ ਹੈ ਕਿ ਜੇ ਕਰ ਮਨੁੱਖ ਸੰਭਲੇ ਹੀ ਨਹੀਂ ਤਾਂ ਅਜੇਹੀਆਂ ਤਬਾਹੀਆਂ ਹੁੰਦੀਆਂ ਹੀ ਰਹਿਣਗੀਆਂ, ਇਨ੍ਹਾ ਨੂੰ ਕੋਈ ਨਹੀਂ ਟਾਲ ਸਕਦਾ। #124s07.02s07#

Including this Gurmat Lesson No G-124

‘ਅਗੋ ਦੇ ਜੇ ਚੇਤੀਐ. .’ਅਥਵਾ ‘ਏਤੀ ਮਾਰ ਪਈ. .’

Apart from the regular series of Gurmat Lessons this Lesson is from G series which is an extra summarized special series &

For all the Gurmat Lessons written by ‘Principal Giani Surjit Singh’ Sikh Missionary, Delhi, all the rights are reserverd with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases upto 500/-)per hundred copies . (+P&P.Extra) From ‘Gurmat Education Centre, Delhi’, Postal Address- J-IV/46- II Fl. Old D/S Lajpat Nagar.-4 New Delhi-110024 Ph. 91-11-26487315 Cell 9811292808

web site- www.gurbaniguru.com




.