.

☬ ‘ਗੁਰਿ ਕਾਢੀ ਬਾਹ ਕੁਕੀਜੈ॥’ ☬

(ਕਿਸ਼ਤ ਨੰ: 7)

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ

“ਕੀ 'ਕੜਾਹਪ੍ਰਸ਼ਾਦ' ਵੀ ਗੁਰਬਿਲਾਸ ਪਾ: 6 ਦੇ ਲਿਖਾਰੀ ਦੀ ਹੀ ਦੇਣ ਹੈ?”

ਉਪਰੋਕਤ ਲਿਖਤ ਵਿੱਚ ਅਸੀਂ, ਬਾਬਾ ਮਹਾਂਦੇਵ ਜੀ ਦੇ ਅਕਾਲ ਚਲਾਣੇ ਦੇ ਪ੍ਰਸੰਗ ਉਪਰੰਤ ਸਰਬ ਸ੍ਰੀ ਗੁਰੂ ਅਰਜਨ ਸਾਹਿਬ ਜੀ. ਮਾਤਾ ਗੰਗਾ, ਬਾਬਾ ਬੁਢਾ ਜੀ, ਬਾਬਾ ਅਟੱਲ ਜੀ ਅਤੇ ਬਾਬਾ ਗੁਰਦਿੱਤਾ ਜੀ ਕੁਲ 6 ਮਹਾਂਨ ਵਿਭੂਤੀਆਂ ਦੇ ਜੋਤੀ ਜੋਤ ਸਮਾਉਣ ਦੇ ਪ੍ਰਸੰਗ ਪੜ ਲਏ ਹਨ। ਸੁਜਾਨ ਪਾਠਕਾਂ ਨੇ ਇਨ੍ਹਾਂ 6 ਮ੍ਰਿਤ ਪ੍ਰਸ਼ੰਗਾਂ ਵਿੱਚ ਜਿਵੇਂ ਪੜ੍ਹਿਆ ਹੈ ਏਵੇਂ ਹੀ ਸਨ 1718 ਤੋਂ ਸਿੱਖ ਜਗਤ ਲਈ ਧਰਮਗ੍ਰੰਥ ਬਣੇ ਰਹੇ ਗੁਰਬਿਲਾਸ ਪਾਤਸ਼ਾਹੀ 6 ਵਿਚਲੇ 28 ਦੇ ਕਰੀਬ ਮਿਰਤਕ-ਕਹਾਣੀਆਂ ਵਿਚ, ਜਿੱਥੇ ਗਰੁੜ ਪੁਰਾਣ ਵਿਚਲੇ ਮਿਰਤਕ ਸੰਸਕਾਰਾਂ ਵਰਗਾ ਕਰਮ ਵਿਹਾਰ ਦਰਸਇਆ ਹੋਇਆ ਹੈ ਉਥੇ ਪਾਠਕ ਇਸ ਸਚਾਈ ਤੋਂ ਵੀ ਭਲੀ ਭਾਂਤੀ ਸੁਚੇਤ ਹੋ ਚੁੱਕੇ ਹਨ ਕਿ ਲਿਖਾਰੀ ਮੁੜ ਮੁੜ ਕੜਾਹ ਪ੍ਰਸ਼ਾਦ ਵਰਤਦਾ ਦਰਸਾਉਣਾ ਵੀ ਕਿਤੇ ਨਹੀਂ ਭੁੱਲਿਆ।

ਦਾਸਰੇ ਦੀ ਜਾਣਕਾਰੀ ਅਨੁਸਾਰ ਭਾਰਤ ਵਿਚਲੇ ‘ਈਸਾਈਆਂ' ਦੇ ਅਤੇ ‘ਮੁਸਲਮਾਨਾਂ’ ਦੇ ਧਰਮ ਅਸਥਾਨਾਂ ਵਿੱਚ ਕਿਸੇ ਪਦਾਰਥ ਨੂੰ ਪ੍ਰਸ਼ਾਦ ਵਜੋਂ ਨਹੀਂ ਵਰਤਾਇਆ ਜਾਂਦਾ। ਹਜ਼ਾਰਾਂ ਸਾਲ ਪੁਰਾਣੇ ਹਿੰਦੂ ਧਰਮ ਵਿੱਚ ਵੀ ‘ਕੜਾਹ’ ਨੂੰ ਸਿਖਾਂ ਵਾਂਗ ਪ੍ਰਸ਼ਾਦ ਵਜੋਂ ਨਹੀ ਵਰਤਾਈਦਾ। ਫਿਰ ਨਵ-ਜਨਮੇ ਸਿਖ-ਧਰਮ ਵਿੱਚ ਕੜ੍ਹਾਪ੍ਰਸ਼ਾਦ ਕਿਵੇਂ ਅਤੇ ਕਦੋਂ ਤੋਂ ਪ੍ਰਚਲਤ ਹੋ ਕੇ ਏਡਾ ਸਤਿਕਾਰ ਯੋਗ 'ਗੁਰੂ ਪ੍ਰਸ਼ਾਦ' ਬਣ ਗਿਆ? ਕੀ ਜਨਮਤ ਸਤਿਗੁਰੂ ਨਾਨਕ ਸਾਹਿਬ ਜੀ ਦੇ ਸਮੇ ਤੋਂ ਹੀ ਸਿੱਖਾਂ ਵਿੱਚ ਕੜਾਹ ਪ੍ਰਸ਼ਾਦ ਵਰਤਾਇਆ ਜਾਣ ਦੀ ਮ੍ਰਯਾਦਾ ਪ੍ਰਚਲਤ ਹੋ ਗਈ ਸੀ? ਇਨ੍ਹਾਂ ਸ਼ੰਕਿਆਂ ਦੀ ਨਿਵਰਤੀ ਲਈ ਗੁਰੂ ਗ੍ਰੰਥ ਸਾਹਿਬ ਜੀ ਤੋਂ ਦੂਜੇ ਨੰਬਰ ਤੇ (ਸਨ 1718 ਤੋਂ ਪਹਿਲਾਂ ਦੀ) ਭਰੋਸੇ ਯੋਗ ਧਾਰਮਿਕ ਲਿਖਤ ਭਾਈ ਗੁਰਦਾਸ ਜੀ ਦੀਆਂ ਵਾਰਾਂ ਹਨ।

1- ਭਾਈ ਗੁਰਦਾਸ ਜੀ- ਦੀਆਂ ਵਾਰਾਂ ਵਿਚੋਂ ਬੜੀ ਉਤਸੁਕਤਾ ਨਾਲ ਮੁੜ ਮੁੜ ਪੜਚੋਲ ਕੀਤੀ ਪਰ ‘ਕੜਾਹ ਪ੍ਰਸ਼ਾਦ’ ਵਰਤਾਏ ਜਾਣ ਦਾ ਸੰਕੇਤ ਮਿਲਣਾ ਤਾਂ ਦੂਰ ਰਿਹਾ "ਕੜਾਹ ਪ੍ਰਸ਼ਾਦ" ਇਹ ਦੋ-ਸ਼ਬਦੀ ਪੰਗਤੀ ਵੀ ਨਾ ਮਿਲੀ। ਉਂਜ ਭਾਈ ਸਾਹਿਬ ਨੇ "ਵੀਹਵੀਂ’ ਵਾਰ ਦੀ ਦਸਵੀਂ ਪਉੜੀ ਵਿੱਚ ‘ਮਹਾਂ ਪਰਸਾਦੁਪੰਗਤੀ ਲਿਖੀ ਹੋਈ ਹੈ। ਕਿਤੇ ਏਥੇ ਇਹ ਪੰਗਤੀ ਕੜਾਹ ਪ੍ਰਸ਼ਾਦ ਵਜੋਂ ਹੀ ਨਾ ਵਰਤੀ ਗਈ ਹੋਵੇ? ਇਸ ਸ਼ੰਕੇ ਤੋਂ ਕੀਤੀ ਪੜਚੋਲ ਦਾ ਵੇਰਵਾ ਇਉਂ ਹੈ:-

1-ਗੁਰਸਿਖਾ ਗੁਰਸਿਖ ਸੇਵਾ ਲਾਇਆ॥ 2-ਸਾਧ ਸੰਗਤਿ ਕਰਿ ਸੇਵ ਸੁਖ ਫਲੁ ਪਾਇਆ॥

3-ਤਪੜੁ ਝਾੜਿ ਵਿਛਾਇ ਧੂੜੀ ਨਾਇਆ॥ 4-ਕੋਰੇ ਟ ਅਣਾਇ ਨੀਰੁ ਭਰਾਇਆ॥

5-ਆਣਿਮਹਾ ਪਰਸਾਦੁਵੰਡਿ ਖੁਆਇਆ॥ {ਵਾ: 20}

ਵਾਰਾਂ ਭਾਈ ਗੁਰਦਾਸ ਜੀ’, ਟੀਕਾਕਾਰ ‘ਗਿਆਨੀ ਹਜ਼ਾਰਾ ਸਿੰਘ ਪੰਡਿਤ’ ਅਤੇ ਸੰਪਾਦਨਾ ਕਰਤਾ ਭਾਈ ਸਾਹਿਬ ਡਾਕਟਰ ਵੀਰ ਸਿੰਘ ਜੀ’ ਨਾਮਕ ਪੁਸਤਕ ਦੇ ‘321’ ਸਫ਼ੇ ਤੇ- ਪੰਜ ਪੰਗਤੀਆਂ ਵਾਲੀ ਉਪਰੋਕਤ ਦਸਵੀਂ ਪਉੜੀ ਦੇ ਕਰਮਵਾਰ ਅਰਥਾਂ ਵਿਚ, (ਮਹਾਂ ਪਰਸਾਦੁ ਵਾਲੀ) ਪੰਜਵੀਂ ਪੰਗਤੀ ਦੇ ਅਰਥ ਇਸ ਪ੍ਰਕਾਰ ਹਨ:- 5. ਮਹਾਂ ਪ੍ਰਸ਼ਾਦ ਮੰਗਵਾਕੇ (ਸਾਧ ਸੰਗਤ ਵਿਖੇ) ਵੰਡਕੇ (ਆਪ ਖਾਂਦੇ ਤੇ ਹੋਰਨਾਂ ਨੂੰ) ਖੁਲਾਉਂਦੇ ਹਨ”। ਟੀਕਾ ਕਾਰ ਗਿਆਨੀ ਹਜ਼ਾਰਾ ਸਿੰਘ ਜੀ ਨੇ -ਮਹਾ ਪਰਸਾਦੁਦਾ ਅਰਥ ਮਹਾਂਪਰਸ਼ਾਦ ਹੀ ਲਿਖ ਦਿੱਤਾ, ਫਿਰ ਸੰਪਾਦਨਾ ਕਰਤਾ ਡਾ: ਭਾਈ ਵੀਰ ਸਿੰਘ ਜੀ ਨੇ ਵੀ ‘ਮਹਾਂ ਪ੍ਰਸ਼ਾਦ’ ਪੰਗਤੀ ਨੂੰ ਨਾ ਛੇੜਿਆ? ਮਹਾਨ ਕੋਸ਼ ਦੇ 935 ਸਫ਼ੇ ਦੇ ਤੀਜੇ ਕਾਲਮ ਵਿੱਚ “ਮਹਾਂਪ੍ਰਸਾਦ’ ਦਾ ਚੌਥਾ ਅਰਥ ਇਸ ਪ੍ਰਕਾਰ ਹੈ-4.”ਝਟਕੇ ਦਾ ਮਾਸ. ਸਤਿ ਸ੍ਰੀਅਕਾਲ ਕਹਿਕੇ ਝਟਕਾ ਕੀਤੇ ਜੀਵ ਦਾ ਮਾਸ”। ਫਿਰ ਮਹਾਂਨ ਕੋਸ਼ ਦੇ ਹੀ 97 ਸਫ਼ੇ ਤੇ ਆਣਿ ਪਦ ਦੇ ਕੁੱਲ ਪੰਜ ਅਰਥਾਂ ਵਿਚੋਂ ਪੰਜਵਾਂ ਅਰਥ ਇਸ ਪ੍ਰਕਾਰ ਹੈ-5. ਕ੍ਰਿ. ਵਿ-ਆਨਯਨ ਕਰਕੇ, ਲਿਆਕੇ- “ਪ੍ਰਭਿ ਆਣਿ ਆਣਿ ਮਹਿੰਦੀ ਪੀਸਾਈ ਆਪੇ ਘੋਲਿ ਘੋਲਿ ਅੰਗਿ ਲਈਆ{ਬਿਲਾ: ਅ: ਮ: 4-ਪੰਨਾ-833}

2- ਖ਼ਾਲਸਾ ਫ਼ੋਜਾਂ ਅਥਵਾ ਨਿਹੰਗਾਂ ਦੇ ਜਥੇ ਮਾਸ ਨੂੰ ਮਹਾਂਪ੍ਰਸ਼ਾਦ ਜਾਂ ਡਲੇ ਕਹਿੰਦੇ ਆਏ ਹਨ। ਪੰਜਾਬ ਵਿੱਚ ‘ਕੜਾਹ ਪ੍ਰਸ਼ਾਦ’ ਨੂੰਮਹਾਂ ਪ੍ਰਸ਼ਾਦਕੋਈ ਨਹੀਂ ਕਹਿੰਦਾ ਪਰ ਮਾਸ ਨੂੰ ਲਗ ਭਗ ਸਾਰੇ ਸਿੱਖ ਮਹਾਂ ਪ੍ਰਸ਼ਾਦਜਾਂ ਹੁਣ ਕਈ ਪਰਵਾਰ ‘ਮੀਟ’ (Meat) ਕਹਿਣ ਲੱਗ ਪਏ ਹਨ। (Note-ਧਿਆਨ ਵਿੱਚ ਰੱਖਣ ਵਾਲੀ ਬੜੀ ਜ਼ਰੂਰੀ ਗਲ ਇਹ ਹੈ ਕਿ ਘਰ ਆਏ ਪ੍ਰਾਹਣਿਆ ਲਈ ਜਾਂ ਕਿਸੇ ਦੇ ਘਰ ਗੁਰੂ-ਸ਼ਬਦ ਵਿਚਾਰਾਂ ਲਈ ਜੁੜ ਬੈਠੀ ਗੁਰੂਸੰਗਤ ਵਾਸਤੇ ‘ਕੜਾਹ ਪਰਸ਼ਾਦ’ ਘਰ ਵਿੱਚ ਹੀ ਤਿਆਰ ਕਰ ਲਿਆ ਜਾਂਦਾ ਹੈ। ਅਜੇਹੇ ਸਮਿਆਂ ਤੇ ਬਾਹਰੋਂ ਕਿਸੇ ਦੂਜੇ ਕੋਲੋਂ ਲਿਆ ਕੇ (ਲੱਗਦੇ ਵਾਹ) ਕੜਾਹ ਪ੍ਰਸ਼ਾਦ ਕਦੇ ਕੋਈ ਨਹੀਂ ਵਰਤਾਉਂਦਾ ਜਾਂ ਪਰੋਸਦਾ} ਭਾਈ ਗੁਰਦਾਸ ਜੀ ਨੇ ਉਪ੍ਰੋਕਤ ਪਉੜੀ ਵਿੱਚ ਪ੍ਰਸ਼ਾਦ ਤਿਆਰ ਕਰਕੇ ਵਰਤਾਉਣ ਦੀ ਗੱਲ ਨਹੀਂ ਲਿਖੀ ਸਗੋ ਕਿਤੇਂ ਬਾਹਰੋਂ 'ਮਹਾਂ ਪ੍ਰਸ਼ਾਦ' ਲਿਆ ਕੇ ਸੰਗਤਿ ਵਿੱਚ ਵਰਤਾਇਆ ਲਿਖਿਆ ਅਸਾਂ ਉੱਪਰ ਪੜ੍ਹ ਲਿਆ ਹੈ। ਸਪੱਸ਼ਟ ਹੈ ਕਿ ਭਾਈ ਗੁਰਦਾਸ ਜੀ ਦੀ ਵਾਰ ਵਿਚਲੀ ‘ਮਹਾ ਪ੍ਰਸ਼ਾਦ’ ਪੰਗਤੀ ਦਾ ਭਾਵ ਕੜਾਹ ਪ੍ਰਸਾਦ ਨਹੀਂ ਸਗੋਂ ਮਾਸ ਪ੍ਰਸਾਦਹੀ ਹੈ।

3- ਮਹਾਂਨ ਕੋਸ਼ ਅਨੁਸਾਰਕੜਾਹ ਪ੍ਰਸ਼ਾਦ’ :- 1974 ਵਿੱਚ ਤੀਜੀ ਵਾਰ ਛਪੇ ਭਾਈ ਕਾਨ੍ਹ ਸਿੰਘ ਜੀ ਨਾਭਾ ਦੇ ਮਹਾਂਨ ਕੋਸ਼ ਦੇ 313 ਸਫ਼ੇ ਦੇ ਪਹਿਲੇ ਕਾਲਮ ਵਿਚ-ਕੜਾਹਪ੍ਰਸ਼ਾਦਬਾਰੇ ਇਸ ਪ੍ਰਕਾਰ ਲਿਖਿਆ ਹੈ- ਕੜਾਹਪ੍ਰਸ਼ਾਦ- ਸੰਗਯਾ. ਸਿੱਖਮਤ ਦਾ ਮੁਖ ਪ੍ਰਸਾਦ, ਜੋ ਅਕਾਲ ਨੂੰ ਅਰਪਨ ਕਰਕੇ ਸੰਗਤਿ ਵਿੱਚ ਵਰਤਾਈਦਾ ਹੈ, ਇਸ ਦਾ ਨਾਉਂ ਪੰਚਾਮ੍ਰਿਤ ਅਤੇ ਵਿਸ਼ੇਸ਼ਣ ਮਹਾਂਪ੍ਰਸਾਦ ਭੀ ਹੈ। ਕੜਾਹਪ੍ਰਸਾਦ ਬਣਾਉਣ ਦੀ ਵਿਧਿ ਰਹਿਤਨਾਮਿਆਂ ਵਿੱਚ ਇਉਂ ਲਿਖੀ ਹੈ:-

ਕੜਾਹ ਕਰਨ ਕੀ ਬਿਧਿ ਸੁਨ ਲੀਜੈ। ਤੀਨ ਭਾਗ ਕੋ ਸਮਸਰ ਕੀਜੈ। (?)

ਲੇਪਨ ਆਗੈ ਬਹੁਕਰ ਦੀਜੈ। ਮਾਂਜਨ ਕਰ ਭਾਂਜਨ ਧੋਵੀਜੈ।

ਕਰਿ ਸਨਾਨ ਪਵਿਤ੍ਰ ਹ੍ਵੈ ਬਹੈ। ਵਹਿਗੁਰੂ ਬਿਨ ਅਵਰ ਨਾ ਕਹੈ।

ਕਰ ਤਿਆਰ ਚੌਕੀ ਪਰ ਧਰੈ। ਚਾਰ ਓਰ ਕੀਰਤਨ ਬਹਿ ਕਰੈ।

ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ, ਕਿਸਿ ਥੋੜਾ ਕਿਸਿ ਅੱਗਲਾ ਸਦਾ ਰਹੈ ਤਿਸ ਸੋਗ। (ਤਨਖਾਹ ਨਾਮਾ)

ਪਾਵਨ ਤਨ ਪਾਵਨ ਕਰ ਥਾਨ। ਘਿਰਤ ਮੈਦਾ ਲੇ ਖੰਡ ਸਮਾਨ।

ਕਰ ਕੜਾਹ ਜਪੁ ਪਾਠ ਸੁ ਠਾਨੈ। ਗੁਰਪ੍ਰਸਾਦ ਅਰਦਾਸ ਬਖਾਨੈ। (ਗੁਪ੍ਰਸੂ) ਪਰ ਮਹਾਨ ਕੋਸ਼ ਨੂੰ ਧਾਰਕਿਮਕ ਗ੍ਰੰਥ ਕੋਈ ਨਹੀਂ ਮੰਨਦਾ। ਸੋ ਸਾਨੂੰ ਹਾਜ਼ਰਾ ਹਜ਼ੂਰ ਸਤਿਗੁਰੂ ਗ੍ਰੰਥ ਸਾਹਿਬ ਜੀ ਤੋਂ ਤਸੱਲੀ ਕਰ ਲੈਣੀ ਚਾਹੀਦੀ ਹੈ।

4- ਗੁਰੂਗ੍ਰੰਥ ਸਾਹਿਬ ਜੀ ਦਾ ਫ਼ਤਵਾ? ਗੁਰਸਿੱਖੀ ਨੂੰ ਜਿਉਂ ਦੀ ਤਿਉਂ ਚੜ੍ਹਦੀ ਕਲਾ ਵਾਲੀ ਬਣਾਈ ਰੱਖਣ ਦੀ ਸੱਧਰ ਨਾਲ ਹੀ ਦਸਮ ਸਤਗੁਰੂ ਨਾਨਕ ਸ੍ਰੀ ਦਸ਼ਮੇਸ਼ ਜੀ ਨੇ ਆਪਣੇ ਥਾਂ ਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ ਦੀ ਸਦੀਵੀ ਮਾਲਕੀ ਸਤਿਗੁਰੂ ਗ੍ਰੰਥ ਸਾਹਿਬ ਜੀ ਨੂੰ ਸੌਂਪੀ ਸੀ। ਲਗ ਭਗ ਸੰਨ 1708 ਤੋਂ ਹੀ ਅਰਦਾਸ ਵਿੱਚ ਬੜੀ ਸ਼ਰਧਾ ਨਾਲ- ‘ਸਭ ਸਿਖਣ ਕੋ ਹੁਕਮ ਹੈ ਗੁਰੂ ਮਨਿਉ ਗ੍ਰੰਥ’ ਪੰਗਤੀ ਦਾ ਨਿਰੰਤਰ ਗਾਇਨ ਕਰ ਰਹੇ ਹੋਣ ਤੋਂ ਸਿੱਧ ਹੈ ਕਿ ਹਰ ਇੱਕ ਗੁਰਸਿੱਖ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਛੋਟੀ ਤੋਂ ਛੋਟੀ ਪੰਗਤੀ ਵੀ ਰੱਬੀ ਆਦੇਸ਼ ਬਣ ਚੁੱਕੀ ਹੈ।

ਸ੍ਰੀ ਅਕਾਲ ਤਖ਼ਤ ਦੀ ਸਿਖ਼ਰੇ ਚੜ੍ਹ ਬੈਠੇ ‘ਗਿਆਨੀ ਜੋਗਿੰਦਰ ਸਿੰਘ ਜੀ ਵੇਦਾਂਤੀ’ ਨੇ ਆਪਣੇ ਹੱਥੀ ਲਿਖੀ ਗੁਰਬਿਲਾਸ ਪਾਤਸ਼ਾਹੀ 6 ਦੀ ਭੂਮਿਕਾ ਵਿਚ- “ਆਖੇਪਕਾਰ ਕੌਣ ਹੈ-ਸਿਰਲੇਖ ਦੇ ਹੇਠਾਂ, 79 ਸਫ਼ੇ ਤੋਂ ਲਿਖਣੀਆਂ ਆਰੰਭ ਕੀਤੀਆਂ ਆਪਣੀਆਂ ਲੰਮੀਆਂ ਵਿਚਾਰਾਂ ਦੀ ਪੁਸ਼ਟੀ ਵਿੱਚ 102 ਸਫ਼ੇ ਦੇ ਤੀਜੇ ਪੈਰੇ ਵਿੱਚ ਵੇਦਾਂਤੀ ਜੀ ਦੇ ਬਚਨ ਇਸ ਪ੍ਰਕਾਰ ਹਨ- “ਜਿੱਥੇ ਕਿਤੇ ਵੀ ਕੋਈ ਖ਼ਿਆਲ ਗੁਰਮਤਿ ਦੇ ਵਿਪਰੀਤ ਨਜ਼ਰ ਆਵੇ ਉਥੇ ਗੁਰਬਾਣੀ ਨੂੰ ਅੰਤਮ ਕਸਵੱਟੀ ਵਜੋਂ ਮੰਨ ਕੇ ਸਚੁ ਤੇ ਕੱਚ ਦੀ ਪਛਾਣ ਕਰ ਲੈਣੀ ਚਾਹੀਦੀ ਹੈ। ਕਿਉਂਕਿ ਸਾਡੇ ਕੋਲ ਸਿਰਮੋਰ ਕਸਵੱਟੀ ਗੁਰਬਾਣੀ ਦੇ ਰੂਪ ਵਿੱਚ ਪ੍ਰਾਪਤ ਹੈ” ਭਾਵ ਸਿੱਖੀ ਸਿਦਕ ਦੀ ਇਹੀ ਮੰਗ ਹੈ ਕਿ ਅਸੀਂ ਕਦੇ ਵੀ ਕਿਸੇ ਧਾਰਮਿਕ ਮਸਲੇ ਦਾ ਨਿਰਣਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਬਾਹਰਾ ਹੋ ਕੇ ਨਾ ਕਰੀਏ। ਗੁਰੂ ਬਾਣੀ ਤੋਂ ਬਾਹਰਾ ਹੋ ਤੁਰਨ ਦਾ ਸਿੱਧਾ ਅਰਥ ਗੁਰੂ ਗ੍ਰੰਥ ਸਾਹਿਬ ਤੋਂ ਬਗ਼ਾਵਤ ਅਥਵਾ ਸਿੱਖੀ ਦੇ ਵੈਰੀਆਂ ਦੀ ਦਲਾਲੀ ਹੈ।। ਸੋ ਆਉ ਕੜਾਹ ਪ੍ਰਸ਼ਾਦ ਬਾਰੇ ਵੀ ਸਤਿਗੁਰੂ ਗ੍ਰੰਥ ਸਾਹਿਬ ਜੀ ਦਾ ਫ਼ਤਵਾ ਜਾਣ ਕੇ ਉਸਦੇ ਅਨੁਸਾਰੀ ਬਣੇ ਰਹਿਣ ਲਈ ਬਚਨ ਬੱਧ ਹੋ ਜਾਈਏ।

ਉਤਸੁਕਤਾ ਭਰਪੂਰ ਲਗਨ ਨਾਲ ਮੁੜ ਮੁੜ ਪਤਾਲ ਕੀਤੀ ਪਰ ਗੁਰੂ ਬਾਣੀ ਵਿਚੋਂ ਕੜਾਹ-ਪ੍ਰਸ਼ਾਦਦੋ ਪਦਾਂ ਦੀ ਇਹ ਪੰਗਤੀ ਨਾ ਮਿਲੀ। ਇਕੱਲਾ ਕੜਾਹਜਾਂ ਕੁਣਕਾ ਪਦ ਵੀ ਗੁਰੂ ਬਾਣੀ ਵਿਚੋਂ ਨਹੀਂ ਮਿਲ ਸਕਿਆ। ਸਗੋਂ ਗੁਰਮਤਿ ਵਿਚਾਰਾਂ ਦਾ ਅਨੰਦ ਮਾਣ ਰਹੀ ਗੁਰਸੰਗਤਿ ਵਿਚ-– “ਲੰਗਰੁ ਚਲੈ ਗੁਰ ਸਬਦਿ ਹਰਿ ਤੋਟਿ ਆਵੀ ਖਟੀਐ॥ਗੁਰੂ ਸ਼ਬਦ ਰੂਪ ਦੈਵੀ ਭੋਜਨ ਦਾ ਹੀ ਅਟੂਟ ਲੰਗਰ ਵਰਤਦਾ ਰਿਹਾ। ਅਥਵਾ ਗੁਰੁ ਗ੍ਰੰਥ ਸਾਹਿਬ-ਰੂਪ ਸਤਿਗੁਰੂ ਨਾਨਕ ਜੀ ਦਾ ਇਹ ਫ਼ੁਰਮਾਨ- “ਲੰਗਰਿ ਦਉਲਤਿ ਵੰਡੀਐ ਰਸੁ ਅੰਮ੍ਰਿਤੁ ਖੀਰਿ ਘਿਆਲੀ॥ {967} -ਅਰਥ- (ਜਿਵੇਂ ਗੁਰੂ ਜੀ ਦੇ ਸਤਸੰਗ-ਰੂਪ) ਲੰਗਰ ਵਿੱਚ (ਨਾਮ ਦੀ) ਦੌਲਤ ਵੰਡੀ ਜਾ ਰਹੀ ਹੈ, ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਵੰਡਿਆ ਜਾ ਰਿਹਾ ਹੈ (ਤਿਵੇਂ ਮਾਤਾ ਖੀਵੀ ਜੀ ਦੀ ਸੇਵਾ ਸਦਕਾ ਲੰਗਰ ਵਿੱਚ ਸਭ ਨੂੰ) ਘਿਉ ਵਾਲੀ ਖੀਰ ਵੰਡੀ ਜਾ ਰਹੀ ਹੈ। ਗੁਰੂ ਬਾਣੀ ਦੇ ਰਚੇਤਾ ਗੁਰੂ ਸਾਹਿਬ ਜੀ ਦੇ ਸਮੇ, ਜੇ ਕਦੇ ਲੰਗਰ ਵਿੱਚ ਕੜ੍ਹਾ ਵੀ ਵਰਤਿਆ ਹੁੰਦਾ ਤਾਂ ਘਿਉ ਦੀ ਖੀਰ ਵਾਂਗ ਹੀ ਗੁਰੂ ਬਾਣੀ ਵਿਚੋਂ ਕੜਾਹ ਪ੍ਰਸ਼ਾਦਦਾ ਜ਼ਿਕਰ ਵੀ ਜ਼ਰੂਰ ਮਿਲ ਜਾਂਦਾ।

ਧਿਆਨ ਰਹੇ ਕਿ ਗੁਰੂ ਬਾਣੀ ਵਿਚੋਂ ਮਹਾਂਪ੍ਰਸ਼ਾਦ, ਜਾਂ ਮਹਾਂਪਰਸ਼ਾਦ ਜੁੜਵਾਂ ਸ਼ਬਦ ਅਥਵਾ ਪਦ ਛੇਦ ਰੂਪ ‘ਮਹਾਂ ਪ੍ਰਸਾਦ’, ‘ਮਹਾਂ ਪਰਸ਼ਾਦ’ ਕਿਸੇ ਵੀ ਸ਼ਕਲ ਵਿੱਚ ਲਿਖਿਆ ਨਹੀਂ ਮਿਲਦਾ –। ਗੁਰੂ ਗ੍ਰੰਥ ਸਾਹਿਬ ਜੀ ਦੇ ਵਿਸ਼ਾਲ ਸਰੂਪ ਵਿਚੋਂ ਪ੍ਰਸ਼ਾਦਸ਼ਬਦ ਬਾਰਾਂ -12-ਤਰ੍ਹਾਂ ਦੇ ਅੱਖਰ ਜੋੜਾਂ ਵਿੱਚ ਜਿਸ ਵੇਰੇ ਨਾਲ ਮਿਲਿਆ ਉਸ ਦਾ ਪੰਖੀ-ਅੱਖ ਸੰਖੇਪ ਇਉਂ ਹੈ-, (1) -ਪਰਸਾਦ-2, (2) -ਪਰਸਾਦਿ-81, (3) -ਪਰਸਾਦੀ-211, (4) - ਪਰਸਾਦੁ-2, (5) -ਪਰਸਾਦੇ-3, (6) - ਪਰਸਾਦੰ-1 (7) -ਪਰਸਾਦਨ-1, (8) -ਪ੍ਰਸਾਦ-1, (9) -ਪ੍ਰਸਾਦਿ-743, (10) -ਪ੍ਰਸਾਦੀ-13, (11) -ਪ੍ਰਸਾਦੁ-6- ਅਤੇ (12) - ਪ੍ਰਸਾਦੰ-1. ਇਨ੍ਹਾਂ 12 ਰੂਪਾਂ ਵਿੱਚ ਇਹ 'ਪ੍ਰਸ਼ਾਦ ਪਦ' ਗੁਰੂਬਾਣੀ ਵਿੱਚ ਕੁੱਲ-1064 ਵਾਰ ਹੈ ਪਰ ਕੜਾਹ-ਪ੍ਰਸ਼ਾਦ ਇੱਕ ਵਾਰ ਵੀ ਨਹੀਂ ਹੈ। {ਨੋਟ:-ਇਸ ਵੇਰਵੇ ਦੇ ਅਧਾਰ ਤੇ ਕੀਤੀ ਪੜਤਾਲ ਦੀ ਅੱਡਰੀ ਸ਼ਬਦ ਸੂਚੀ ਤਿਆਰ ਕਰ ਰੱਖੀ ਹੈ। ਖੋਜੀ ਰੁਚੀਆਂ ਵਾਲੇ ਚਾਹਵਾਨ ਸੱਜਣ (ਉਹ ਦੁਰਲੱਭ ਸ਼ਬਦ ਸੂਚੀ) By E Mail ਅਥਵਾ ਡਾਕ ਰਾਹੀਂ ਦਾਸਰੇ ਤੋਂ ਪ੍ਰਾਪਤ ਕਰ ਸਕਦੇ ਹਨ} ਇਸ ਤਰ੍ਹਾਂ ਹਰ ਪੱਖੋਂ ਵਿਚਾਰ ਲੈਣ ਤੋਂ ਸਿੱਧ ਹੋਇਆ ਹੈ ਕਿ ਸਤਿਗੁਰ ਜੀ ਦੇ ਨਿਰਮਲ ਪੰਥੀਏ ਗੁਰਸਿਖ ਕੜਾਹ ਪ੍ਰਸ਼ਾਦ ਤੋਂ ਸਨ 1708 ਤੱਕ ਅਣਜਾਣ ਰਹੇ ਸਨ।

5- ਗੁਰਮਤਿ ਵਿਰੋਧੀ ਇਹ ਢੁੱਚਰ-" ਅੱਜ ਪ੍ਰਸਾਦ ਦੇ ਬਾਰੇ ਵਿਚਾਰਾਂ ਕਰਨ ਤੋਂ ਬੇਅੰਤ ਸਿਖਾਂ ਦੀ ਸ਼ਰਧਾ ਨੂੰ ਚੋਟ ਵੱਜਦੀ ਹੈ.” ਇਸ ਬਹਾਨੇ ਬੇਦੀਲਾ ਗੁਰਮਤਿ ਵਿਰੋਧੀ ਰੌਲਾ ਪਾ ਬਹਿਣਾ ਜਨਮਤ ਸਤਿਗੁਰੂ ਨਾਨਕ ਸਾਹਿਬ ਜੀ ਵੱਲ ਪਿੱਠ ਕਰ ਲੈਣ ਦਾ ਦੋਸ਼ ਹੈ। ਅਸੀਂ ਸਾਰੇ ਜਾਣਦੇ ਹਾਂ ਕਿ ਜਨੇਊ ਪ੍ਰਤੀ ਲੱਗ ਭੱਗ ਸਾਰੇ ਹਿੰਦੂਆਂ ਦੀ ਹਜ਼ਾਰਾਂ ਸਾਲਾਂ ਤੋਂ ਅਪਾਰ ਸ਼ਰਧਾ ਬਣ ਚੁੱਕੀ ਸੀ/ਹੈ। ਆਪਣੇ ਮਾਤਾ ਪਿਤਾ ਜੀ ਦੇ ਸਮੇਤ ਤਾਏ ਚਾਚੇ ਦਾਦੇ ਪੜਦਾਦਿਆਂ ਵਾਲੀ ਵਿਸ਼ਾਲ ਬ੍ਰਾਦਰੀ ਦੇ ਇੱਕੱਠ ਵਿੱਚ ਕੁਲ ਪ੍ਰੋਹਿਤ ਕਰੀਬ 11 ਸਾਲ ਦੇ ਬਾਲ ਸਤਿਗੁਰੂ ਨਾਨਕ ਸਾਹਿਬ ਜੀ ਦੇ ਗਲ ਵਿੱਚ ਜਦ ਸੂਤ ਦੇ ਕੱਚੇ ਧਾਗੇ ਦਾ ਜਨੇਊ ਲੱਗਾ ਸੀ ਤਾਂ ਗੁਰਦੇਵ ਜੀ ਨੇ ਬੜੀ ਦਲੇਰਾਨਾ ਸੁਰ ਵਿਚ-ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ॥ ਏਹੁ ਜਨੇਊ ਜੀਅ ਕਾ ਹਈ ਪਾਡੇ ਘਤੁ॥ . .” {471} ਸਦਾ ਨਾਲ ਨਿਭਨ ਵਾਲਾ ਸਦੀਵੀ ਜਨੇਊ ਮੰਗ ਲਿਆ ਸੀ। ਉਥੇ ਬੈਠਿਆਂ ਸੈਂਕੜੇ ਹਿੰਦੂਆਂ ਤੋਂ ਛੁੱਟ ਸਾਰੇ ਸੰਸਾਰ ਦੇ ਹਿੰਦੂਆਂ ਦੀ ਸ਼ਰਧਾ ਨੂੰ ਸੱਟ ਵਜਣ ਦੀ ਸੰਭਾਣਾ ਤੋਂ ਗੁਰਦੇਵ ਜੀ ਅਣਜਾਣ ਨਹੀਂ ਸਨ। ਇਸ ਤੋਂ ਵੀ ਵੱਧ ਜ਼ਰੂਰੀ ਤੇ ਨਾ ਭੁੱਲਣ ਵਾਲੀ ਸਚਾਈ ਇਹ ਵੀ ਹੈ ਕਿ ਜਨਮਤ ਸਤਿਗੁਰੂ ਨਾਨਕ ਸਾਹਿਬ ਵਲੋਂ ਬਾਲ ਉਮਰੇ ਹੀ ਵਰਤਾਏ ਉਪਰੋਕਤ ਸਾਕੇ ਬਾਰੇ ਕਦੇ ਕਿਸੇ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ। ਸਗੋਂ ਗੁਰੁ ਸਾਹਿਬਾਨ ਸਮੇਤ ਗੁਰੂ ਬਾਣੀ ਦੇ ਰਚੇਤਾ ਮਹਾਂਨ ਵਿਭੂਤੀਆਂ ਨੇ ਗੁਰੂ ਬਾਣੀ ਵਿੱਚ ਵੈਸੇ ਅਰਥਾਂ ਵਾਲੇ ਬੇਅੰਤ ਪੂਰਨੇ ਪਾਏ ਹੋਏ ਹਨ। ਏਸੇ ਵਾਸਤੇ ਗੁਰੂ ਬਾਣੀ ਦਾ ਨਿਰਣਾ ਹੀ ਅੰਤਮ ਨਿਰਣਾ ਅਥਵਾ ਸਾਡੇ ਲਈ ਖ਼ੁਦਾਈ ਹੁਕਮ ਸਮਝਣ ਦੀ ਮ੍ਰਯਾਦਾ ਸਨ 1708 ਤੋਂ ਹੀ ਬਣੀ ਆ ਰਹੀ ਹੈ। ‘ਸ਼ਰਧਾ’ ਕੇਵਲ ਅਤੇ ਕੇਵਲ ਉਹੀ ਪ੍ਰਵਾਨੀਕ ਹੈ ਜੋ ਗੁਰਮਤਿ ਦੇ ਅਨੁਸਾਰ ਬਣੀ ਹੋਵੇ। 'ਕਿਸੇ ਦੀ ਸ਼ਰਧਾ ਜੇ ਗੁਰਮਤਿ ਵਿਰੋਧੀ ਗਲੋਂ ਵਲੂੰਧਰੀ ਜਾਵੇ ਤਾਂ ਉਸ ਨੂੰ ਮੂਰਖ਼ਤਾਈ ਅਥਵਾ ਸ਼ਰਾਰਤ ਕਹਿ ਕੇ ਰੱਦ ਕਰ ਦੇਣਾ ਲੋੜੀਏ ਹੈ।

6- ਗੁਰਬਿਲਾਸ ਪਾਤਸ਼ਾਹੀ 6 ਦੇ ਲਿਖਾਰੀ ਦੀ ਕੜਾਹ ਪ੍ਰਸ਼ਾਦ ਬਾਰੇ ਉਚੇਚੀ ਦਿਲਚਸਪੀ ਦਾ ਕਾਰਨ? -

ਪਾਠਕਾਂ ਨੇ ਉਪਰੋਕਤ 6 ਮੌਤ ਪ੍ਰਸੰਗਾਂ ਵਿੱਚ ਕੜਾਹ ਪ੍ਰਸ਼ਾਦ ਵਰਤਾਏ ਜਾਣ ਬਾਰੇ ਲਿਖਾਰੀ ਦੀ ਉਚੇਚੀ ਦਿਲਚਸਪੀ ਵੇਖ ਲਈ ਹੈ। ਏਸੇ ਲਿਖਾਰੀ ਨੇ 14 ਜੂਨ ਸਨ 1595 ਨੂੰ ਫ਼ੀਰੋਜ਼ਪੁਰ ਜ਼ਿਲੇ ਦੇ ‘ਡਰੌਲੀ’ ਨੱਗਰ ਵਿੱਚ ਸਾਹਿਬਜ਼ਾਦਾ ਹਰਿਗੋਬਿੰਦ ਦੇ ਅਵਤਾਰੀ ਹੋਣ ਦੀ ਗੁਰਮਤਿ ਵਿਰੋਧੀ ਮਨਘੜਤ ਗਾਥਾ ਲਿਖ ਕੇ ਤਿੰਨ ਸਾਲ ਦੀ ਉਮਰ ਤੱਕ ਦੀ ਬਾਲ ਲੀਲਾ ਵੀ ਦਰਸਾ ਲਈ। ਫਿਰ ਮਾਤਾ ਗੰਗਾ ਜੀ ਦੇ ਕਹਿਣ ਤੇ ਗੁਰੂ ਅਰਜਨ ਸਾਹਿਬ ਜੀ ਸਾਰੇ ਨੂੰ ਪਰਵਾਰ ਨੂੰ ਡਰੌਲੀ ਤੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹਾਜ਼ਰ ਹੋਣ ਦੀ ਕਥਾ ਪੁਸਤਕ ਦੇ 32 ਸਫ਼ੇ ਤੇ ਲਿਖਾਰੀ ਨੇ ਇਸ ਪ੍ਰਕਾਰ ਹੈ:-

ਆਨੰਦ ਧਾਰਿ ਹੀਏ ਹਰਖਾਵਤ ਤਬ, ਚਲੇ ਦਰਬਾਰ ਗੁਰੂ ਸੁਖ ਧਾਰੀ।

ਪਾਇਨ ਨਾਂਗ ਪ੍ਯਾਨ ਕੀਯੋ ਤਬ, ਲੀਨ ‘ਕੜਾਹ ਅਰਦਾਸਿ ਅਪਾਰੀ

ਉਪਮਾ ਦਰਬਾਰ ਕੀ ਕੈਸ ਕਹੋਂ, ਜਨ ਤਾਰ ਜਹਾਜ ਸੁ ਸਿੰਧੁ ਮਝਾਰੀ।

ਪੇਖਿ ਦਰਬਾਰ ਸ੍ਰੀ ਗੁਰ ਅਰਜਨ, ਬੰਦਨ ਕੀਨ ਗਲਿ ਅੰਚਰ ਡਾਰੀ॥ 95॥

ਅਰਥ:-ਸੁਖਾਂ ਦੇ ਦਾਤੇ ਗੁਰੂ (ਅਰਜਨ ਸਾਹਿਬ ਜੀ) ਆਨੰਦ ਤੇ ਖ਼ੁਸ਼ੀ ਸਹਿਤ ਅਰਦਾਸ ਕਰਾਉਣ ਲਈ ਬਹੁਤ ਸਾਰਾ ਕੜਾਹ (ਪ੍ਰਸ਼ਾਦ) ਲੈ ਕੇ, ਨੰਗੇ ਪੈਰੀਂ (ਸ੍ਰੀ) ਦਰਬਾਰ (ਜੀ) ਵਲ ਨੂੰ ਤੁਰ ਪਏ। ਇਸ ਦਰਬਾਰ ਦੀ ਮੈ ਕੀ ਉਪਮਾ ਕਰਾਂ, ਇਹ ਤਾਂ ਇਉ ਹੈ ਜਿਵੇਂ ਸੰਸਾਰ ਸਾਗਰ ਤੋਂ ਪਾਰ ਉਤਾਰੇ ਲਈ ਜਹਾਜ਼ ਹੋਵੇ। ਸ੍ਰੀ ਦਰਬਾਰ (Builiding) ਨੂੰ ਵੇਖਦਿਆਂ ਸਾਰ ਸ੍ਰੀ ਗੁਰੂ ਅਰਜਨ (ਜੀ ਨੇ) ਗਲ ਵਿੱਚ ਪੱਲਾ ਪਾ ਲਿਆ ਤੇ (ਦਰਬਾਰ ਨੂੰ) ਨਮਸਕਾਰਾਂ ਕਰਨ ਲੱਗ ਪਏ। 95.

ਵੇਦਾਂਤੀ ਜੀ ਦੀ ਸੰਪਾਦਨਾਂ ਵਾਲੇ ‘ਗੁਰਬਿਲਾਸ ਪਾ: 6 ਵਿੱਚ ਆਇਆ ਇਹ ਪਹਿਲਾ ਕੜਾਹਪਦ ਹੈ। ਇਸ ਉਪਰੰਤ ਲਿਖਾਰੀ ਨੇ ਏਸੇ ਦੂਜੇ ਅਧਿਆਇ ਵਿੱਚ ਪੰਜ ਸਾਲ ਦੀ ਉਮਰੇ ਸਾਹਿਬਜ਼ਾਦਾ ਹਰਿਗੋਬਿੰਦ ਜੀ ਨੂੰ ਸੀਤਲਾ (ਮਾਤਾ-ਰੋਗ) ਦੀਆਂ ਫਿਨਸੀਆਂ ਦੇ ਨਾਲ ਬੜਾ ਤੇਜ਼ ਬੁਖ਼ਾਰ ਹੋ ਜਾਣ ਕਾਰਨ ਮਾਤਾ ਗੰਗਾ ਜੀ ਨੂੰ ਬੜੇ ਘਬਰਾਏ ਹੋਏ ਦਰਸਾ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਪ੍ਰਵਾਰ ਸਮੇਤ ਦਰਬਾਰ ਸਾਹਿਬ ਜਾਂਦੇ ਦਰਸਾਇਆ ਹੈ।

ਚੌਪਈ॥ ਕੜਾਹ ਪ੍ਰਸ਼ਾਦੁ ਪ੍ਰਭ ਕੀਯੋ ਬਿਅੰਤਾ। ਗੁਰੂ ਗ੍ਰੰਥ ਕੀ ਭੇਟ ਅਨੰਤਾ।

ਜਰੀ ਰੁਮਾਲ ਬਹੁਤੁ ਬਨਾਏ। ਸ੍ਰੀ ਦਰਬਾਰ ਕੈ ਊਪਰਿ ਪਾਏ॥ 131॥

ਲਿਖਾਰੀ ਦੀ ਕੂਟ ਨੀਤੀ ਨੇ ਗੁਰੂ ਪਰਮੇਸ਼ਰ ਨੂੰ ਬੇਅੰਤ ਕੜਾਹ ਗੁਰੂ ਗ੍ਰੰਥ ਜੀ ਦੀ ਭੇਟਾ ਕਰਕੇ ਬਹੁਤ ਸਾਰੇ ਰੇਸ਼ਮੀ ਰੁਮਾਲੇ ਕੰਧਾ ਕੋਠਿਆਂ ਰੂਪ ਸ੍ਰੀ ਦਰਬਾਰ ਸਾਹਿਬ ਜੀ ਉਪਰ ਪਾਉਂਦੇ ਦਰਸਾ ਦਿਤਾ ਇਸ ਤੋਂ ਉਪਰੰਤ ਬਾਬਾ ਮਹਾਂ ਦੇਵ ਜੀ ਦੇ ਮਿਰਤਕ ਸੰਸਕਾਰਾਂ ਤੋਂ ਆਰੰਭ ਹੋ ਕੇ ਵੈਸੇ ਹੀ ਲੱਗ ਭੱਗ 28 ਮਿਰਤਕ ਪ੍ਰਸੰਗਾਂ ਵਿੱਚ ਬਾਰ ਬਾਰ ਕੜਾਹ ਵਰਤਾਏ ਜਾਣ ਦੀ ਗੱਲ ਪਾਠਕ ਪਹਿਲਾਂ ਪੜ੍ਹ ਚੁੱਕੇ ਹਨ। ਕੂੜ ਕਬਾੜ ਨਾਲ ਭਰੇ ਇਸ ਗੁਰਬਿਲਾਸ ਦੀ ਕਥਾ 300 ਸਾਲ ਹੁੰਦੀ ਰਹਿਣ ਤੋਂ ਸਾਰਾ ਬ੍ਰਹਮਣ ਵਾਦ ਸਿਖਾਂ ਲਈ ਗੁਰਮਤਿ ਬਣ ਚੁੱਕਾ ਹੈ। ਦਰਬਾਰ ਸਾਹਿਬ ਦੀ ਸਾਰੀ ਮ੍ਰਯਾਦਾ ਗੁਰਬਿਲਾਸ ਦੀ ਹੀ ਲਿਖਤ ਦੇ ਅਨੁਸਾਰ ਹੋਣੀ ਉਪਰੋਕਤ ਲਕੀਰ ਵਾਲੇ ਕਥਨ ਨੂੰ ਸ਼ੰਕਾ ਰਹਿਤ ਸੱਚੁ ਸਿੱਧ ਕਰਦੀ ਹੈ-

{N0te:-"ਕੜਾਹ-ਪ੍ਰਸ਼ਾਦਿ" ਬਾਰੇ ਲਿਖਾਰੀ ਦੀ ਉਚੇਚੀ ਦਿਲਚਸਪੀ ਦਰਸਾਉਣ ਦੇ ਭੇਤ ਦਾ ਪਤਾ ਕਰਨਾਂ ਚਾਹਿਆ ਤਾਂ ਪੁਜਾਰੀਆਂ ਵਲੋਂ ਲੁਕਾਈ ਰੱਖੇ ਬੜੇ ਗੰਭੀਰ ਇਤਿਹਾਸਕ ਭੇਤ ਦਾ ਪਤਾ ਲਗਣ ਤੋਂ ਸਖ਼ਤ ਪਰੇਸ਼ਾਨੀ ਹੋਈ। ਇਸ ਭੇਤ ਬਾਰੇ ਸ਼ੰਕਾ ਰਹਿਤ ਹੋ ਜਾਣ ਲਈ ਦਾਸਰਾ ਵਿਸਥਾਰ ਪੂਰਬਕ ਪੜਤਾਲ ਕਰ ਰਿਹਾ ਹੈ। ਏਸੇ ਤੀਬਰ ਉਤਸੁਕਤਾ ਸਹਿਤ ਸ: ਗੁਰਤੇਜ ਸਿੰਘ ਜੀ ਸਾਬਕਾ IAS ਚੰਡੀਗੜ ਦੀ ਸੇਵਾ ਵਿੱਚ ਵੀ ਬੇਨਤੀ ਪੱਤਰ ਲਿਖ ਭੇਜਿਆ ਹੈ। ਏਸੇ ਵਿਸ਼ੇ ਤੇ ਅਧਾਰਤ "ਸ਼੍ਰੀ ਕਰਤਾਰ ਪੂਰੀ ਬੀੜ' ਨਾਮਕ ਲੇਖ ਸਿੱਖ ਵਿਰਸਾ ਦੇ ਨਾਲ ਸੁਜਾਨ ਪਾਠਕ ਛੇਤੀ ਹੀ ਸਪੋਕਸਮੈਨ ਵਿੱਚ ਵੀ ਪੜ੍ਹ ਸਕਣਗੇ। ਪਾਠਕਾਂ ਦੀ ਸਦੀਵੀ ਜਾਣਕਾਰੀ ਵਾਸਤੇ ਅੰਤ ਨੂੰ ਉਹ ਸਭ ਕੁੱਝ ਨੌਵੀਂ ਪੁਸਤਕ ਦਾ ਭਾਗ ਬਣ ਜਾਣਾ ਹੈ।}

8-ਗੁਰਬਿਲਾਸ ਦੇ ਲਿਖਾਰੀ ਨੇ ਗੁਰੂਗ੍ਰੰਥ ਸਾਹਿਬ ਸਿਰਜੇ ਜਾਣ ਦੀ ਕੁਫ਼ਰ ਗਾਥਾਵਿੱਚ ‘ਰਾਗ’ ਵੀ ਮਨੁੱਖਾ ਦੇਹ ਧਾਰ ਕੇ ਹਾਲ ਦੁਹਾਈ ਪਾਉਂਦੇ ਪੰਚਮ ਪਾਤਸ਼ਾਹ ਜੀ ਕੋਲ ਹਾਜ਼ਰ ਆ ਹੁੰਦੇ ਦਰਸਾਏ ਹੋਏ ਹਨ। ਕਥਿਤ ਰਾਗਾਂ ਦੀ ਕਥਿਤ ਪੁਕਾਰ ਸੁਣ ਕੇ ਗੁਰੂ ਅਰਜਨ ਸਾਹਿਬ ਜੀ ਨੂੰ ਰਾਗਮਾਲਾ ਵੀ ਗੁਰਬਾਣੀ ਵਿੱਚ ਸ਼ਾਮਲ ਕਰਦੇ ਦਰਸਾ ਲਿਆ। ਜਿਸ ਤੋਂ ਲਿਖਾਰੀ ਅਨੁਸਾਰ- “ਅਤਿ ਅਨੰਦ ਮਨਿ ਰਾਗਨ ਲਏ(ਚੌਪਈ 655-ਸਫ਼ਾ 115)। ਅਜੇਹਾ ਕੁਫ਼ਰ ਦਰਸਾ ਲੈਣ ਉਪਰੰਤ ਗੁਰੂਗ੍ਰੰਥ ਦੀ ਸੰਪੂਰਨਤਾ ਦੇ ਕਥਿਤ ਭੋਗ ਸਮੇ ਦੀ ਝੂਠ-ਵਾਰਤਾ ਲਿਖਾਰੀ ਨੇ ਇਉਂ ਦਰਸਾਈ ਹੈਂ:-

ਸ੍ਰੀ ਗੁਰ ਭੋਗੁ ਗ੍ਰਿੰਥ ਕਾ ਪਾਯੋ। ਭਾਂਤਿ ਭਾਂਤਿ ਪਰਸਾਦ ਕਰਾਯੋ

ਕੜਾਹ ਪ੍ਰਸ਼ਾਦੁ ਸੁ ਭਯੋ ਬਿਅੰਤਾ। ਆਗ੍ਯਾ ਕਰੀ ਗੁਰ ਭਗਵੰਤਾ॥ 656॥

ਹੁਮ ਹੁਮਾਇ ਸੰਗਤਿ ਸਭ ਆਈ। ਰਾਮਸਰ ਮਨਿ ਆਨੰਦੁ ਪਾਈ।

ਸ੍ਰੀ ਗੁਰ ਸਨਮੁਖ ਕਲਿਜੁਗ ਆਯੋ। ਉਸਤਤਿ ਕਰੀ ਅਧਿਕ ਮਨੁ ਲਾਯੋ॥ 657॥ (ਸਫ਼ਾ-115)

ਭੋਗ ਵਾਲੇ ਦਿਨ ਲਿਖਾਰੀ ਨੇ ਭਾਂਤ ਭਾਂਤ ਦਾ (ਲੰਗਰ) ਪ੍ਰਸ਼ਾਦ ਅਤੇ ਬੇਅੰਤ ਕੜ੍ਹਾਹ ਪ੍ਰਸਾਦ ਤਿਆਰ ਹੋਇਆ ਦਰਸਾ ਲਿਆ ਹੈ। ਧਿਆਨ ਰਹੇ ਕਿ ਜਿਸ ਕਲਿਜੁਗ ਦਾ ਜ਼ਿਕਰ ਉਪਰੋਕਤ 657 ਨੰਬਰ ਵਿੱਚ ਹੈ ਉਸ ਕਲੂਕਾਲ ਦੀ ਹੋਂਦ ਨੂੰ ਜਨਮਤ ਸਤਿਗੁਰੁ ਨਾਨਕ ਸਾਹਿਬ ਜੀ ਨੇ ਆਪ ਹੀ ਇਉ ਰੱਦ ਕਰ ਦਿੱਤਾ ਹੋਇਆ ਸੀ:-

"ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ॥ ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ॥ 1 ਜੀਵਨ ਤਲਬ ਨਿਵਾਰਿ॥ ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ॥ . . 3॥ . .॥ 1॥ {902}

ਮਹਾਂ ਹੁਸ਼ਿਆਰ ਤੇ ਤਜਰਬੇਕਾਰ ਵਿਦਵਾਨ ਲਿਖਾਰੀ ਨੇ, ਉਸ ਨਿਰਮੂਲ ਕਲਜੁਗ ਨੂੰ ਗੁਰੂ ਦਰਬਾਰ ਵਿੱਚ ਆ ਵੜਨ ਦੀ ਖੁੱਲ਼੍ਹ, ਸਪੱਸ਼ਟ ਸ਼ਬਦਾਂ ਵਿੱਚ ਦੇਂਦੇ, ਗੁਰੂ ਅਰਜਨ ਸਾਹਿਬ ਜੀ ਨੂੰ ਹੀ ਇਉਂ ਦਰਸਾਇਆ ਹੈ:-

ਚੌਪਈ॥ ਤਿਹ ਬਿਨਤੀ ਸੁਨਿ ਸ੍ਰੀ ਗੁਰ ਬੋਲੇ। ਸਨੋ ਕਲੂ ਤੁਮ ਬਚਨ ਅਮੋਲੇ।

ਨਿਰਵਿਕਲਪ ਜਹ ਸੰਗਤਿ ਹੋਵੇ। ਤਾਂ ਕੋ ਤੁਮ ਨਹਿ ਨੈਨਨ ਜੋਵੈ॥ 661॥ {ਸਫ਼ਾ-116}

ਜਬ ਕੜਾਹ ਸੰਗਤਿ ਮੈ ਆਵੈ। ਤਿਹ ਛਿਨ ਤੁਮ ਭੀ ਵਾਸਾ ਪਾਵੈ।

ਜਿਚਰ ਵਰਤਤ ਹੈ ਕੜਾਹ। ਤਿਚਰ ਵਾਸਾ ਤੁਮਰੋ ਆਹਾ॥ 662॥

ਅਰਥ:-ਉਸ (ਕਲਿਜੁਗ) ਦੀ ਬੇਨਤੀ ਸੁਣ ਕੇ ਸਤਿਗੁਰੂ ਜੀ ਬੋਲੇ, ਹੇ ਕਲਿਜੁਗਾ! ਤੂੰ ਸਾਡੇ ਇਹ ਅਨਮੋਲ ਬਚਨ (ਧਿਆਨ ਨਾਲ ਸੁਣ ਲੈ) ਜਿੱਥੇ ਸੰਗਤਿ ਇਕਾਗਰ ਚਿੱਤ ਬੈਠੀ ਹੋਵੇ ਉਸ ਥਾਂ ਨੂੰ ਤੂੰ ਕਦੇ ਅਖੀਆਂ ਨਾਲ ਵੀ ਨਹੀਂ ਵੇਖਣਾ ਹੋਵੇਗਾ। 661. ਪਰ ਜਦੋ ਸੰਗਤਿ ਵਿੱਚ ਕੜਾਹ ਪ੍ਰਸ਼ਾਦ ਆਵੇ ਉਸੇ ਛਿਣ ਤੂੰ ਵੀ ਆ ਵੜਿਆ ਕਰ। ਫਿਰ ਜਿੰਨਾ ਚਿਰ ਕੜ੍ਹਾ ਵਰਤਦਾ ਰਹੇ ਉਨਾ ਚਿਰ ਤੂੰ ਵੀ (ਬੇਸ਼ੱਕ ਗੁਰੂ ਸੰਗਤਿ ਵਿਚ) ਨਿਵਾਸ ਕਰੀ ਰਖਿਆ ਕਰ। 662.

ਗੁਰਦੇਵ ਜੀ ਦੀ ਜ਼ਬਾਨੀ ਉਪਰੋਕਤ ਬਚਨ ਦਰਸਾਉਣ ਉਪਰੰਤ:-

ਭਯੋ ਪ੍ਰਸੰਨੁ ਕਲੂ ਮਨ ਮਾਹੀ। ਮਨੋ ਰੰਕ ਘਰਿ ਨੌ ਨਿਧਿ ਪਾਹੀ।

ਸ੍ਰੀ ਗੁਰ ਕੀ ਸਿਖ ਆਗਿਯਾ ਪਾਵਨ। ਕੜਾਹ ਪ੍ਰਸ਼ਾਦੁ ਲਗੇ ਵਰਤਾਵਨ॥ 663॥

ਸਮਾ ਜਾਨ ਕਲਿਜੁਗਿ ਤਹ ਆਯੋ। ਦੇਖਿ ਪ੍ਰਭੂ ਮਨ ਮੈ ਮੁਸਕਾਯੋ

ਕੜਾਹ ਸਾਥਿ ਕਲਿਜੁਗ ਚਲਿ ਆਵੈ। ਸੰਗਤਿ ਮੈ ਗੋਗਾ ਪਰ ਜਾਵੇ॥ 664

Note:-ਰਾਗਾਂ ਨੂੰ 'ਮਨ' ਵਾਲੇ ਮਨੁੱਖ ਦਰਸਾ ਲੈਣ ਉਪਰੰਤ ਲਿਖਾਰੀ ਨੇ ਕਲਿਯੁੱਗ ਨੂੰ ਵੀ 'ਮਨ' ਦਾ ਮਾਲਕ ਬਣਾ ਲਿਆ?

ਅਰਥ:- (ਲਿਖਾਰੀ ਅਨੁਸਾਰ ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ) ਕਲਿਜੁਗ ਆਪਣੇ ‘ਮਨ’ ਵਿੱਚ ਇਉਂ ਪ੍ਰਸੰਨ ਹੋਇਆ, ਮਾਨੋ ਕਿਸੇ ਕੰਗਾਲ ਨੇ ਬਹੁਤ ਭਾਰੀ ਖ਼ਜ਼ਾਨਾ ਪ੍ਰਾਪਤ ਕਰ ਲਿਆ ਹੋਵੇ? ਸਤਿਗੁਰਾਂ ਦੀ ਆਗਿਆ ਨਾਲ ਜਦੋਂ ਸਿੱਖ ਕੜਾਹ ਪ੍ਰਸ਼ਾਦ ਵਰਤਾਉਣ ਲਗੇ ਤਾਂ ਕਲਿਜੁਗ ਨੂੰ ਵੀ ਆਉਂਦਾ ਵੇਖ ਕੇ ਸਤਿਗੁਰੂ ਜੀ ਆਪਣੇ ਮਨ ਵਿੱਚ ਮੁਸਕਰਾਏ {ਮਨ ਵਿੱਚ ਮੁਸਕਰਾਉਣ ਦਾ ਪਤਾ ਕੋਲ ਖਲੋਤੇ ਨੂੰ ਵੀ ਨਹੀਂ ਲੱਗਦਾ। ਲਿਖਾਰੀ ਤਾਂ ਸੈਂਕੜੇ ਸਾਲ ਪਹਿਲਾਂ ਦੀ ਗਲ ਲਿਖ ਰਿਹਾ ਹੈ? ਉਹ ਸਤਿਗੁਰੂ ਦੀ ਦੇ ਮਨ ਦੀ ਗਲ ਕਿਵੇਂ ਜਾਣਦਾ ਸੀ? ਸਾਰਾ ਝੂਠ ਹੀ ਝੂਠ? ਪਰ ਜਦ ਰਾਖਾ ਜਾਣ-ਬੁਝ ਕੇ ਅਖੀਆਂ ਮੀਟੀ ਬੈਠਾ ਹੋਵੇ ਤਾਂ ਖੇਤ ਦਾ ਉਜਾੜਾ ਜਿਹੜਾ ਮਰਜ਼ੀ ਹੈ ਕਰੀ ਜਾਵੇ? (ਅੱਗੇ ਤੋਂ) ਕੜਾਹ ਦੀ ਦੇਗ਼ ਦੇ ਨਾਲ ਹੀ ਕਲਿਜੁਗ ਵੀ ਗੁਰੂ ਦਰਬਾਰ ਵਿੱਚ ਆ ਵੜਨ ਦੀ ਗੁਰਮਤਿ ਮ੍ਰਯਾਦਾ ਬਣ ਗਈ। ( ‘ਕਲਿ’ ਪਦ ਦਾ ਅਰਥ ‘ਫ਼ਸਾਦ ਝਗੜਾ’ ਹੈ-ਤੇ ‘ਜੁਗ’ ਦਾ ਅਰਥ ਸਮਾ- “ਗ਼ੋਗ਼ਾ” ਪਦ ਦਾ ਅਰਥ ਸ਼ੋਰ ਸ਼ਰਾਬਾ ਹੈ।) ਝਗੜੇ ਫ਼ਸਾਦ ਰੂਪ “ਕਲਿਜੁਗ” ਦੇ ਆ ਵੜਨ ਤੋਂ ਸੰਗਤਿ ਵਿੱਚ ਸ਼ੋਰ ਸ਼ਰਾਬਾ ਪੈ ਜਾਂਦਾ ਰਿਹਾ। 664. ਜਦ ਗੁਰੂ ਦਰਬਾਰ ਵਿੱਚ ਵੀ ਸਾਰੇ ਵਿਕਾਰਾਂ ਦਾ ਮੂਲ 'ਕਲਿਜਗ' ਆਪ ਹੀ ਆ-ਵੜਿਆ ਤਾਂ. . ? ਵਡਮੱਲੀਆਂ ਚਿਤਾਵਣੀਆਂ ਨਾਲ ਭਰਪੂਰ, ਜਨਮਤ ਸਤਿਗੁਰੂ ਨਾਨਕ ਜੀ ਦਾ ਅਨੂਪਮਾ ਫ਼ੁਰਮਾਨ- ‘ਧਰਮੁ ਪੰਖ ਕਰਿ ਉਡਰਿਆ’ {145} ਧਰਮੁ ਖੰਭ ਲਾ ਉਡਿਆ? ਅਰਥਾਤ ਗੁਰੂ ਦਰਬਾਰ ਵਿੱਚ ਗੁੰਡਪੁਣਾ ਪੱਸਰਿਆ ਰਹਿਣ ਦੀ ਖੁਲ੍ਹ? ਜਿਸ ਸਤਿਗੁਰੂ ਜੀ ਨੇ ਗੁਰਮਤਿ-ਰੂਪ ਸਰਬ ਸ੍ਰੇਸ਼ਟ ਗੁਰਮਤਿ ਗਿਆਨ ਦੀ ਬਖ਼ਸ਼ਸ ਕੀਤੀ ਸੀ ਉਸੇ ਗੁਰਦੇਵ ਜੀ ਦੀਆਂ ਹੀ ਇਹ ਹੁਣ ਕੂਕ ਪੁਕਾਰਾਂ ਹਨ, ਕਿ ਔਝੜੇ ਪੈ ਕੈ ਅਸਲੇ ਤੋਂ ਦੂਰ ਦੌੜੇ ਜਾ ਰਹੇ ਸਿਖੋ! ਜੇ ੁਸਾਂ ਕਲਿਗੁਜ ਮੇਰੇ ਦਰਬਾਰ ਵਿੱਚ ਵੜਿਆ ਝੱਲੀ ਰਖਿਆ ਤਾਂ ਸਮਝਿਊ ਮੇਰੀ ਸਾਰੀ ਘਾਲਣਾ ਖੂਹ ਖਾਤੇ ਪੈ ਗਈ। ਜਿਗਰੇ ਨਾਲ ਪੜ੍ਹ ਕੇ ਆਪਣੇ ਅਸਲੇ ਵਲ ਝਾਤੀ ਮਾਰੋ ਕਿ ਗੁਰਬਿਲਾਸ ਰੂਪ ਗੁਰਮਤਿ ਵਿਰੋਧੀ ਝੂਠ ਦੀ ਕਥਾ ਸੁਣਦੇ ਰਹਿ ਕੇ ਅਸੀਂ ਕੀ ਤੋਂ ਕੀ ਬਣਦੇ ਗਏ ਹਾਂ?

ਕੁਫ਼ਰ ਲਿਖਣ ਵਿੱਚ ਨਿਪੁੰਨ ਲਿਖਾਰੀ ਨੇ ਸੰਤ-ਸੂਰਮੇ ਨਿਮਰਲ ਪੰਥੀਆਂ ਦੇ ਰੂਪ ਵਿੱਚ ਪ੍ਰਗਟ ਹੋਈ ਗੁਰਮਤਿ ਦੀ ਜੀਵਨੀ ਦਾ ਖੁਰਾ ਖੋਜ ਮਿਟਾ ਦੇਣ ਵਾਲਾ ਅਮੋਘ ਬਾਣ ਬੜੀ ਸਫ਼ਾਈ ਨਾਲ ਦਾਗ਼ ਦਿੱਤਾ ਸੀ। ਇਸ ਪੱਖੋਂ ਵੀ ਲਖਾਰੀ ਪੂਰਾ ਸੁਚੇਤ ਸੀ ਕਿ ਉਦਾਸੀ ਨਿਰਮਲਾ ਮਹੰਤ ਰੂਪ ਬ੍ਰਾਹਮਣ ਹੀ ਸਿੱਖਾਂ ਲਈ ਸਤਿਕਾਰਯੋਗ ‘ਧਰਮਆਗੂ’ ਬਣ ਚੁਕਿਆ ਹੈ। ਜੇ ਮੈਂ ਗਾਥਾ ਵਿੱਚ ਕਲਿਜੁਗ ਕਲਿਜੁਗ ਨੂੰ ਸਾਰੀਆਂ ਖੁੱਲਾਂ ਸਤਿਗੁਰੂ ਜੀ ਦੀ ਜ਼ਬਾਨੀ ਮਿਲੀਆਂ ਦਰਸਾ ਦਿਆਂ ਤਾਂ ਪੁਜਾਰੀਆਂ ਨੇ ਸਾਰਾ ਝੂਠ ਸਿਖਾਂ ਲਈ ਸਹਿਜ ਹੀ ਗੁਰਮਤਿ ਬਣਾ ਦੇਣਾ ਹੈ। ਮਹਾਂ ਹੁਸ਼ਿਆਰ ਲਿਖਾਰੀ ਗੁਰਬਿਲਾਸ ਵਿੱਚ ਕੜਾਹ ਦੇ ਕਰਮਾਤੀ ਗੁਣ ਬਾਰ ਬਾਰ ਗੁਰਦੇਵ ਜੀ ਦੀ ਹੀ ਜ਼ਬਾਨੀ ਦਰਸਾਉਣੋ ਉਕਾਈ ਨਹੀਂ ਸੀ ਖਾ ਰਿਹਾ:-

ਦੋਹਰਾ॥ ਕੜਾਹ ਕਰਾਵੈ ਹਰਖ ਸੋ ਕੋਟਿ ਯੱਗ ਫੱਲ ਚੀਨ।

ਸਭੁ ਸੰਗਤਿ ਸੁਨਿ ਬੈਨ ਗੁਰ, ਧਾਰਿ ਚਿੰਤ ਮੈ ਲੀਨ॥ 700॥

ਜੋ ਇਛਾ ਕੋਊ ਕਰੈ, ਸੋ ਸਭ ਪੂਰਨ ਹੋਇ"।

ਸ੍ਰੀ ਮੁਖਿ ਤੇ ਐਸੋ ਕਹਾ ਜਾਨ ਲੇਹੁ ਸਭ ਕੋਇ॥ 701॥ {ਸਫ਼ 119}

ਅਰਥ:-ਸ਼ਰਧਾ ਭਰਪੂਰ ਖ਼ੁਸ਼ੀਆਂ ਨਾਲ ਜੇ ਕੜਾਹ ਕਰਾਵੋਗੇ ਤੇ ਕ੍ਰੋੜਾਂ ਯਗਾਂ ਦਾ ਫਲ ਪ੍ਰਾਪਤ ਹੋਵੇਗਾ। ਸਤਿਗੁਰੂ ਜੀ ਦੇ ਇਹ ਬਚਨ ਸੁਣ ਕੇ ਸਾਰੀ ਸੰਗਤਿ ਨੇ ਹਿਰਦੇ ਵਿੱਚ ਧਾਰਨ ਕਰ ਲਏ (ਕਿ ਜਿਹੜਾ ਕੋਈ ਵੀ ਕੜਾਹ-ਪ੍ਰਸ਼ਾਦਿ ਵਰਤਾਉਣ ਵਾਲੀ ਇਸ ਮ੍ਰਯਾਦਾ ਦਾ ਪਾਬੰਦ ਰਹੇਗਾ) ਉਹ ਜੋ ਵੀ ਇੱਛਿਆ ਕਰੇਗਾ ਸਭ ਪੂਰਨ ਹੋਵੇਗੀ। (ਅੰਤਲੀ ਪੰਗਤੀ ਵਿੱਚ ਮਹਾਂ ਸ਼ੈਤਾਨ ਲਿਖਾਰੀ ਦੇ ਕੁਟਲਤਾ ਭਰਪੂਰ ਬਚਨ) ਸਾਰੀ ਸੰਗਤਿ ਸਮਝ ਲਵੇ ‘ਇਹ (ਉਪੋਕਤ) ਬਚਨ ਗੁਰਦੇਵ ਜੀ ਦੇ ਮੁਖਾਰਬਿੰਦ ਤੋਂ ਹੀ ਫ਼ੁਰਮਾਏ ਹੋਏ ਹਨ। (700+701) ਗ੍ਰੰਥੀ ਰੂਪ ਪੰਜਕਕਾਰੀ 'ਬਿਪ੍ਰ' ਇਸ ਦੀ ਕਥਾ ਹੋਰ ਵੀ ਵੱਧ ਭਰਮਾਊ ਬੋਲੀ ਵਿੱਚ ਸਿੱਖਾਂ ਦੇ ਕੰਨੀਂ ਪਾਉਂਦੇ ਰਹੇ।

ਸਨ 1718 ਵਿੱਚ ਲਿਖ ਰਿਹਾ ਲਿਖਾਰੀ 23 ਮਈ ਸਨ 1606 ਦੇ ਲਾਹੌਰ ਵਿਖੇ ਸ਼ਹੀਦੀ ਪਾ ਚੁੱਕੇ ਗੁਰੂ ਅਰਜਨ ਸਾਹਿਬ ਜੀ ਦੇ ਜ਼ਬਾਨੀ ਉਚਾਰੇ ਬਚਨਾਂ ਨੂੰ, ਭਾਵ 112 ਸਾਲ ਪਹਿਲਾਂ ਦਾ ਇਤਿਹਾਸ ਲਿਖਾਰੀ ਇਉਂ ਲਿਖ ਰਿਹਾ ਹੈ ਜਿਵੇ ਉਹ ਗੁਰਦੇਵ ਜੀ ਦੇ ਕੋਲ ਬੈਠਾ ਹੋਵੇ? ਗ੍ਰੰਥੀ ਰੂਪ ਪੁਜਾਰੀਆਂ ਨੇ ਗੁਰਬਿਲਾਸ ਦੀ ਕਥਾ ਕਰਦੇ ਸਮੇਂ ਕਲਿਜੁਗ ਨੂੰ ਮਿਲੀ ਕਥਿਤ “ਇਜਾਜ਼ਤ” ਦੀ ਗਲ ਅਜੇਹੀ ਭਰਮਾਊ ਸ਼ਬਦਾਵਲੀ ਵਿੱਚ ਸਿੱਖ-ਸੰਗਤਿ ਨੂੰ ਸੁਣਾਉਂਣੀ ਕਿ ਵਿਦਿਆਹੀਨ ਗੁਰਸਿਖਾਂ ਦੇ ਮਨਾਂ ਵਿੱਚ ਪ੍ਰਸ਼ਾਦ ਵਰਤਨ ਸਮੇਂ ਪੈ ਰਹੇ ਬਚਿਆਂ ਦੇ ਸ਼ੋਰ ਸ਼ਰਾਬੇ ਵਿਚੋਂ ਗੁਰੂ ਅਰਜਨ ਸਾਹਿਬ ਜੀ ਦੀਆਂ ਖ਼ੁਸ਼ੀਆਂ ਨਜ਼ਰ ਆਉਣ ਲੱਗ ਪਈਆਂ। ਗੁਰੂ ਦਰਬਾਰਾਂ ਦੇ ਅਨੁਸਾਸ਼ਨ ਦੀ ਉਲੰਘਣਾ ਵਾਲਾ ਬੱਚਿਆਂ ਦਾ ਇਹ "ਸ਼ੋਰ-ਗ਼ੋਗ਼ਾ" ਦਰਬਾਰ ਦੀ ਬੇਅਦਬੀ ਦੇ ਥਾਂ ਉਲਟਾ ਗੁਰੂ ਦਰਬਾਰਾਂ ਦੀਆਂ ਰੌਣਕਾਂ ਬਣਦਾ ਗਿਆ?
.