.

ਗਿਆਨ ਪ੍ਰਬੋਧ’ ਜਾਂ ‘ਗਪੋੜ ਪ੍ਰਬੋਧ’

ਸਰਵਜੀਤ ਸਿੰਘ

ਦਿਨ ਸ਼ੁੱਕਰਵਾਰ 10 ਨਵੰਬਰ 2006 ਈ: ਨੂੰ ਦਸਮ ਗ੍ਰੰਥ ਦੇ ਹਮਾਇਤੀਆਂ ਵਲੋ ਗੁਰਦੂਆਰਾ ਗੁਰ ਗਿਆਨ ਪ੍ਰਕਾਸ਼ ਜਵੱਦੀ ਟਕਸਾਲ ਵਿਖੇ ਇੱਕ ਵਿਚਾਰ ਗੋਸ਼ਟੀ ‘ਸ਼ਬਦ-ਮੂਰਤਿ ਸ੍ਰੀ ਦਸਮ ਗ੍ਰੰਥ’ ਕੀਤੀ ਗਈ ਸੀ। ਹਾਜਰ ਵਿਦਵਾਨਾਂ ਵਿਚੋਂ ਪ੍ਰੋ: ਅਨੁਰਾਗ ਸਿੰਘ ਜੀ ਨੇ ਆਪਣੇ 16 ਮਿੰਟ ਦੇ ਭਾਸ਼ਨ ਵਿਚੋ ਅੱਧਾਂ ਸਮਾਂ ਤਾਂ ਅਗਿਆਨੀ ਪੂਰਨ ਸਿੰਘ ਵਲੋ ਦਿੱਤੇ ਗਏ ਵਿਚਾਰਾਂ ਦਾ ਖੰਡਨ ਹੀ ਕੀਤਾਂ ਅਤੇ ਬਾਕੀ ਅੱਧੇ ਸਮੇ ਵਿੱਚ ਆਪਣੀ ਖ਼ੋਜ ਸਰੋਤਿਆਂ ਨਾਲ ਸਾਂਝੀ ਕਰਦਿਆ ਕਿਹਾ, “ਇਹ ਗ੍ਰੰਥ ਗੁਰਮੁਖ ਯੋਗੀਆਂ ਲਈ ਹੈ ਨਾਂਕਿ ਮਨਮੁਖ ਭੋਗੀਆਂ ਲਈ। …ਹੁਣ ਮੈ ਅਸਲੀ ਮੁੱਦੇ ਤੇ ਆਵਾਂਗਾ ਜੀ, ਕਿਉਕਿ ਜੇ ਇਹ ਸ਼ੰਕਾਂ ਵਾਦੀਆਂ ਦੇ ਸ਼ੰਕਿਆਂ ਦੇ ਕਿਤੇ ਅਸੀ ਉੱਤਰ ਨਾ ਦਿੱਤੇ ਤਾਂ ਜੇਹੜੀ ਸੰਗਤ ਹੈ ਨਾ, ਉਹ ਇਨ੍ਹਾ ਦੀਆਂ ਲਿਖਤਾਂ ਨਾਲ ਗੁਮਰਾਹ ਹੋ ਰਹੀ ਹੈ ਔਰ ਹੋਏਗੀ। ਸੈਮੀਨਾਰ ਵੀ ਨਹੀ ਇਸ ਨੂੰ ਮੈ ਵਿਚਾਰ ਗੋਸ਼ਟੀ ਕਹਿਨਾ, ਜਦ ਕਿ ਉਹ ਵੀ ਆਪਣੇ ਜੇਹੜਾ ਉਨ੍ਹਾ ਨੇ ਇੱਕ ਮੰਚ ਬਣਾਇਆ ਉਨੂੰ ਕਹਿੰਦੇ ਨੇ ਦਸਮ ਗ੍ਰੰਥ ਵਿਚਾਰ ਮੰਚ, ਜਿਥੇ ਵਿਚਾਰ ਕੋਈ ਨਹੀ, ਬਾਹਰ ਬੈਠੇ ਨੇ ਸੋਟਾ ਲੈਕੇ ਬਈ ਅੱਕਲ ਅੰਦਰ ਨਹੀ ਬੜਣ ਦੇਣੀ, ਇਸ ਨੂੰ ਮੈ ਕਿਹਾ ਬਈ ਦਸਮ ਗ੍ਰੰਥ ਸ਼ਰੀਕ ਮੰਚ ਤਾਂ ਜਰੂਰ ਦੇ ਸਕਦੇ ਹੋ, ਵਿਚਾਰ ਮੰਚ ਤਾਂ ਬੜੀ, ਹਮੇਸ਼ਾ ਖੁੱਲਾ। ਪਹਿਲੀ ਕਹਾਣੀ ਜਿਹੜੀ ਘੱੜਦੇ ਨੇ ਬਈ ਇਹ ਗੁਰੂ ਸਾਹਿਬ ਦੇ ਕਵੀਆਂ ਦੀ ਰਚਨਾ, ਤੇ ਜੇ ਕਵੀਆਂ ਦੀ ਰਚਨਾ ਹੈ ਤੇ ਕਵੀ ਨੇ ਪੂਰੀ ਕਿਉ ਨਾ ਕੀਤੀ? ਅਧੂਰੀਆਂ ਹੀ ਕਿਉ ਛੱਡ ਦਿੱਤੀਆਂ? ਅਕਾਲ ਉਸਤੱਤ ਅਧੂਰੀ ਹੈ, ਕ੍ਰਿਸ਼ਨ ਅਵਤਾਰ ਅਧੂਰੀ ਹੈ, ਗਿਆਨ ਪ੍ਰਬੋਧ ਅਧੂਰੀ ਹੈ ਤ੍ਰਿਆ ਚਰਿਤ੍ਰਰ `ਚ ਇੱਕ ਚਰਿਤ੍ਰਰ ਗਾਇਬ ਹੈ, ਕੀ ਉਨ੍ਹਾ ਕੋਲ ਟਾਈਮ ਨਹੀ ਸੀ?” (ਪਾਠਕ, ਸੰਤ ਸਿਪਾਹੀ ਦੀ ਬੈਬ ਸਾਈਟ ਤੇ ਸੁਣ ਸਕਦੇ ਹਨ)

ਇਹ ਹੈ ਦਲੀਲ! ਦਸਮ ਗ੍ਰੰਥ ਦੇ ਹਮਾਇਤੀ ਵਿਦਵਾਨ ਦੀ, ਕਿਉਂ ਕਿ ਇਹ ਅਧੂਰਾ ਹੈ ਇਸ ਲਈ ਇਹ ਗੁਰੂ ਜੀ ਦੀ ਲਿਖਤ ਹੈ। ਜੇ ਇਹ ਕਵੀਆਂ ਦੀ ਰਚਨਾ ਹੁੰਦੀ ਤਾਂ ਇਹ ਪੂਰੀ ਹੋਣੀ ਸੀ। ਇਹ ਅਧੂਰਾ ਹੈ ਇਸ ਲਈ ਗੁਰੂ ਜੀ ਦੀ ਰਚਨਾ ਹੈ, ਜੇ ਪੂਰੀ ਹੁੰਦੀ ਤਾਂ ਹੋਣੀ ਸੀ ਕਵੀਆਂ ਦੀ ਰਚਨਾ। ਇਹ ਹੈ ਦਲੀਲ ਪ੍ਰੋਫੇਸਰ ਅਨੁਰਾਗ ਸਿੰਘ ਹੁਰਾਂ ਦੀ? ਪ੍ਰੋਫੇਸਰ ਅਨੁਰਾਗ ਸਿੰਘ ਤੁਹਾਡੇ ਕਹਿਣ ਦਾ ਭਾਵ ਇਹ ਹੈ: ਕਵੀ ਪੂਰਾ ਤੇ ਗੁਰੂ ਅਧੂਰਾ? ਵਾਹ! ਕਿਸਮਤ ਦਿਆ ਬਲੀਆਂ ਰਿੱਧੀ ਖੀਰ ਤੇ ਬਣ ਗਿਆ ਦਲੀਆ।

ਆਓ, ਉਸ ਅਸਲ ਲਿਖਤ ‘ਗਿਆਨ ਪ੍ਰੋਬਧ’ ਦੇ ਦਰਸ਼ਨ ਕਰੀਏ।

ਅਖੋਤੀ ਦਸਮ ਗ੍ਰੰਥ ਵਿੱਚ (ਪੰਨਾ 127-155) ਇੱਕ ਰਚਨਾ ਹੈ ਜਿਸ ਦਾ ਨਾਮ ਹੈ ‘ਗਿਆਨ ਪ੍ਰੋਬਧ’ । ਜਿਸ ਦੇ ਕੁਲ 336 ਛੰਦ ਹਨ। ਜਿਸ ਵਿੱਚ ਛੰਦ ਨੰ: 1 ਤੋਂ 127 ਗੋਡਿਆਂ ਤਕ ਲੰਬੀਆਂ ਬਾਂਹਾਂ ਵਾਲੇ ਹੱਥ, ਹੱਥਾਂ ਵਿੱਚ ਧਨੁਸ਼ ਅਤੇ ਖੜਗ ਧਾਰਨ ਕਰਨ ਵਾਲੇ (ਆਜਾਨ ਬਾਹੂ ਸਾਰੰਗ ਕਰ ਧਰਣੰ), ਚੰਚਲ ਨੇਤ੍ਰਾਂ ਵਾਲੇ (ਚੰਚਲ ਚਖ ਚਾਰਣ ਮਛ ਬਿਡਾਰਣ), ਮੱਥੇ ਉਤੇ ਚੰਦਨ ਦੇ ਤਿਲਕ (ਸੋਹਤ ਚਾਰ ਚਿਤ੍ਰ ਕਰ ਚੰਦਨ) ਵਾਲੇ ਨਾਥ ਦੀ (ਨਮੋ ਨਾਥ ਪੂਰੇ) ਦੀ ਉਪਮਾ ਕੀਤੀ ਗਈ ਹੈ।

‘ਪਰਮਾਤਮਾ ਬਾਚ’ (128) ਜਿਸ ਵਿੱਚ ਆਤਮਾ ਤੇ ਪਰਮਾਤਮਾ ਦੀ ਗੱਲਬਾਤ ਦਾ ਵੇਰਵਾ ਦਰਜ ਹੈ। ‘ਆਤਮਾ’ ਦੇ ਪ੍ਰਸ਼ਨ (ਇਕ ਕਰ੍ਹ੍ਹਯੋ ਪ੍ਰਸਨ ਆਤਮਾ ਦੇਵ) ਦੇ ਉੱਤਰ ਵਿੱਚ ਪਰਮਾਤਮਾ ਨੇ ਦੱਸਿਆਂ।

ਇਕ ਰਾਜ ਧਰਮ ਇੱਕ ਦਾਨ ਧਰਮ। ਇੱਕ ਭੋਗ ਧਰਮ ਇੱਕ ਮੋਛ ਕਰਮ (132)

‘ਆਤਮਾ’ ਦਾ ਅਗਲਾ ਸਵਾਲ, ਪਹਿਲਾਂ ਦਾਨ ਧਰਮ ਦਾ ਵਰਨਣ ਕਰੋ (ਬਰਨੰਨ ਕਰੋ ਤੁਮ ਪ੍ਰਿਥਮ ਦਾਨ) ਤਾਂ ਪਰਮਾਤਮਾ ਨੇ ਕਿਹਾ ਕੇ ਤਿੰਨਾਂ ਯੁਗਾਂ ਦੇ ਰਾਜਿਆਂ ਦਾ ਵਰਨਣ ਤਾ ਨਹੀ ਕੀਤਾ ਜਾ ਸਕਦਾ, ਪਰ ਭਾਰਤ ਖੰਡ ਦੇ ਜੰਬੂ ਦੀਪ ਦੇ ਦੁਆਪੁਰ ਵਿੱਚ ਹੋਏ ਪ੍ਰਤਾਪੀ ਰਾਜੇ ਯੁਧਿਸ਼ਠਰ ਦਾ ਵਰਨਣ ਕਰਦਾ ਹਾਂ। (136)

ਜਿਸ ਨੇ ਚੌਹਾਂ ਖੰਡਾਂ ਵਿੱਚ ਖੰਡਿਤ ਨ ਕੀਤੇ ਜਾ ਸਕਣ ਵਾਲੇ ਰਾਜਿਆਂ ਦਾ ਖੰਡਨ ਕੀਤਾ ਅਤੇ ਕੌਰਵਾ ਨੂੰ ਵੀ ਆਪਣੇ ਪ੍ਰਚੰਡ ਨਾਲ ਮਾਰਿਆ। ਜਦੋ ਜੰਬੂ ਦੀਪ ਵਿੱਚ ਉਸ ਦਾ ਧੌਂਸਾ ਵਜਣ ਲੱਗਾ ਤਾਂ ਉਸ ਨੇ ਰਾਜਸੂਯ ਯੱਗ ਕਰਨ ਦਾ ਸ਼ੌਕ ਪੂਰਾ ਕੀਤਾ। ਜਿਥੇ ਸਾਰਿਆਂ ਦੇਸ਼ਾਂ ਦੇ ਰਾਜਿਆਂ ਨੂੰ ਸੱਦਾ ਪੱਤਰ ਭੇਜ ਕੇ ਇਕੱਠੇ ਕਰ ਲਿਆ ਉਥੇ ਕਰੋੜਾਂ ਹੀ ਯੱਗ ਕਰਨ ਵਾਲੇ ਰਿਤਜ (ਕਰਮਕਾਂਡੀ) ਅਤੇ ਕਰੋੜਾਂ ਹੀ ਬ੍ਰਾਹਮਣਾਂ ਨੂੰ ਵੀ ਬੁਲਾ ਲਿਆ। ਸਭ ਵਾਸਤੇ ਕਰੋੜਾਂ ਕਿਸਮਾਂ ਦੇ ਪਕਵਾਨ ਤਿਆਰ ਕਰਵਾਏ ਗਏ।

ਕੋਟਿ ਕੋਟਿ ਬੁਲਾਇ ਰਿਤਜ ਕੋਟਿ ਬ੍ਰਹਮ ਬੁਲਾਏ।

ਕੋਟਿ ਕੋਟਿ ਬਨਾਇ ਬਿੰਜਨ ਭੋਗੀਅਹਿ ਬੁਹ ਭਾਇ। (142)

ਰਾਜੇ ਦੇ ਹੁਕਮ ਤੇ, ਇੱਕ ਇੱਕ ਬ੍ਰਾਹਮਣ ਨੂੰ ਇੱਕ ਇੱਕ ਭਾਰ ਸੋਨਾ (5 ਮਣ ਕੱਚਾ, ਲੱਗ-ਭੱਗ 80 ਕਿਲੋ), ਸੌ-ਸੌ ਹਾਥੀ, ਸੌ-ਸੌ ਰੱਥ, ਦੋ-ਦੋ ਹਜਾਰ ਘੋੜਾ, ਚਾਰ-ਚਾਰ ਹਜ਼ਾਰ ਸੁਨਹਿਰੀ ਸਿੰਗਾਂ ਵਾਲੀਆਂ ਮੱਝਾਂ ਦਿੱਤੀਆਂ ਗਈਆਂ। ਚਾਰ ਕੋਹ ਦਾ ਯੱਗ-ਕੁੰਢ ਬਣਾਇਆ ਗਿਆ ਜਿਸ ਵਿੱਚ ਇੱਕ ਹਜਾਰ ਪ੍ਰਨਾਲੇ ਲਗਾਏ ਗਏ ਜਿਹਨਾਂ ਰਾਹੀ ਹਾਥੀ ਦੀ ਸੁੰਡ ਜਿੰਨੀਆਂ ਮੋਟੀਆਂ ਦੇਸੀ ਘਿਉ ਦੀਆਂ ਧਾਰਾਂ ਪੈ ਰਹੀਆਂ ਸਨ। ਇਹ ਕਰਮਕਾਂਡ ਕਈ ਦਿਨਾਂ ਤੱਕ ਜਾਰੀ ਰਿਹਾ।

ਏਕ ਏਕ ਸੁਵਰਨ ਕੋ ਦਿਜ ਏਕ ਦੀਜੈ ਬਾਰ।

ਏਕ ਸਉ ਗਜ ਏਕ ਸਉ ਰਥਿ ਦੁਇ ਸਹੰਸ੍ਰ ਤੁਖਾਰ।

ਸਹੰਸ ਚਤੁਰ ਸੁਵਰਨ ਸਿੰਗੀ ਮਹਿਖ ਦਾਨ ਅਪਾਰ।

ਓੇਕ ਏਕਹਿ ਦੀਜੀਐ ਸੁਨ ਰਾਜ ਰਾਜ ਅਉਤਾਰ। (143)

ਵਿਚਾਰ:- ਜਿਵੇ ਕੇ ਪਾਠਕ ਉਪਰ ਪ੍ਹੜ ਚੁੱਕੇ ਹਨ ਕਿ ਜੰਬੂ ਦੀਪ ਦੇ ਪ੍ਰਤਾਪੀ ਰਾਜੇ ਯੁਧਿਸ਼ਠਰ ਵਲੋ ਕੀਤੇ ਇਸ ਯੱਗ ਵਿੱਚ ਕਰੋੜਾਂ ਹੀ ਬ੍ਰਾਹਮਣ ਹਾਜਰ ਹੋਏ ਸਨ। ‘ਕੋਟਿ ਕੋਟਿ ਬੁਲਾਇ ਰਿਤਜ’। ਹੁਣ ਜੇ ‘ਕੋਟਿ ਕੋਟਿ’ ਦਾ ਅਰਥ 20-25 ਕਰੋੜ ਨਾ ਵੀ ਕਰੀਏ ਤਾਂ ਵੀ 5-7 ਕਰੋੜ ਤਾ ਬਣਦਾ ਹੀ ਹੈ। ਚਲੋ ਆਪਾ ਹੋਰ ਵੀ ਘੱਟ ਕਰ ਲੈਦੇ ਹਾ। ਜੇ ਬ੍ਰਾਹਮਣਾ ਦੀ ਗਿਣਤੀ 3 ਕਰੋੜ ਵੀ ਹੋਵੇ ਤਾ ਵੀ ਕੀਤੇ ਗਏ ਦਾਨ ਦੀ ਗਿਣਤੀ ਕਿੰਨੀ ਹੋਈ? ।

ਸੋਨਾ 30000000 /80 ਕਿਲੋ =?

ਹਾਥੀ 30000000/100 =?

ਰੱਥ 30000000/100 =?

ਘੋੜੇ 30000000/2000 =?

ਮੱਝਾਂ 30000000/4000 =?

ਪਾਠਕ ਨੋਟ ਕਰਨ ਕਿ ਜਿਥੇ ਮੱਝਾਂ ਦੇ ਸਿੰਗਾਂ ਉਪਰ ਸੋਨਾ ਲੱਗਾ ਹੋਇਆਂ ਹੈ ਉਥੇ ਦੇਸਾਂ-ਬਦੇਸਾਂ ਤੋ ਬਿੱਨ ਸੱਦੇ ਮਹਿਮਾਨ (ਮੰਗਤੇ) ਵੀ ਆਏ ਹੋਏ ਸਨ ਜਿਨ੍ਹਾਂ ਨੂੰ ਸੋਨਾ, ਚਾਦੀ ਅਤੇ ਤਾਬੇ ਸਮੇਤ ਰੇਸ਼ਮੀ ਬਸਤਰ ਦਾਨ ਦਿੱਤੇ ਗਏ ਕਿ ਉਹ ਵੀ ਰਾਜੇ ਬਣ ਗਏ। (144) 5 ਮੀਲ ਦੇ ਹਵਨ-ਕੁੰਡ ਵਿੱਚ ਇੱਕ ਹਜਾਰ ਪ੍ਰਨਾਲੇ ਲਿਗਾਏ ਗਏ ਜਿਨ੍ਹਾਂ ਰਾਹੀ ਹਾਥੀ ਦੇ ਸੁੰਡ ਵਾਰਗੀ ਘਿਉ ਦੀ ਧਾਰ ਪੈਦੀ ਸੀ। (ਹਸਤ ਸੁੰਡ ਪ੍ਰਮਾਨ ਘ੍ਰਿਤ ਕੀ ਪਰਤ ਧਾਰ ਅਪਾਰ) ਇੱਕ ਹਜਾਰ ਬ੍ਰਾਹਮਣ ਹੋਮ ਯੱਗ ਕਰਨ ਲੱਗੇ ਹੋਏ ਸਨ। (ਪਹਿਲਾ ਯੱਗ ਸਮਾਪਤ ਹੋਇਆ)

ਛੰਦ 150 ਤੋਂ 156 ਤਕ ‘ਸ੍ਰੀ ਬਰਣ ਦਾ ਬੱਧ’ ਦਾ ਜਿਕਰ ਹੈ।

ਰਾਜਾ ਪਰੀਕਸ਼ਿਤ ਦਾ ਕਥਨ (ਛੰਦ157 ਤੋਂ168)

ਅਰਜਨ ਦੇ ਪੋਤੇ ਪਰੀਕਸ਼ਿਤ ਨੇ ਗਜ-ਮੇਦ ਯੱਗ ਕਰਨ ਹਿਤ ਆਪਣੇ ਮੰਤਰੀਆਂ ਨਾਲ ਵਿਚਾਰ ਕੀਤਾ ਅਤੇ ਚਿੱਟੇ ਦੰਦਾਂ ਵਾਲਾ ਹਾਥੀ ਮੰਗਵਾ ਲਿਆ। ਅੱਠ ਲੱਖ ਬ੍ਰਾਹਮਣਾਂ ਨੂੰ ਸੱਦਾ-ਪੱਤਰ ਭੇਜੇ ਗਏ। ਅੱਠ ਹਜ਼ਾਰ ਕਰਮਕਾਂਡੀ ਬੁਲਾਏ ਗਏ। ਅੱਠ ਕੋਹ ਦੇ ਹਵਨ-ਕੁਡੰ ਵਿੱਚ ਅੱਠ ਹਜ਼ਾਰ ਪ੍ਰਨਾਲੇ ਲਾਏ ਗਏ ਜ੍ਹਿਨਾਂ ਰਾਹੀ ਹਾਥੀ ਦੇ ਸੁੰਡ ਜਿੰਨੀਆਂ ਘਿਉ ਦੀਆਂ ਧਾਰਾਂ ਪੈ ਰਹੀਆਂ ਸਨ।

ਭਾਤ ਭਾਤ ਬਨਾਇ ਕੈ ਤਹਾ ਅਸਟ ਸਹੰਸ੍ਰ ਪ੍ਰਨਾਰ। ਹਸਤ ਸੁੰਡ ਪ੍ਰਮਨ ਤਾ ਮਹਿ ਹੋਮੀਐ ਘ੍ਰਿਤ ਧਾਰ। 158.

ਰਾਜੇ ਨੇ ਹੀਰੇ-ਮੋਤੀ ਸੋਨਾ-ਚਾਦੀ, ਰੇਸ਼ਮੀ ਬਸਤ੍ਰ, ਘੋੜੇ ਅਤੇ ਹਾਥੀ ਆਦਿਕ ਦਾ ਦਾਨ ਕੀਤਾ। ਹਰ ਪਾਸੇ ਪਰੀਕਸ਼ਿਤ ਦੀ ਜੈ-ਜੈ ਕਾਰ ਹੋ ਰਹੀ ਸੀ।

ਇਕ ਦਿਨ ਰਾਜਾ ਸ਼ਿਕਾਰ ਤੇ ਚੜ੍ਹਿਆ। ਉਸ ਨੇ ਇੱਕ ਹਿਰਨ ਦੇਖਿਆ ਅਤੇ ਉਸ ਦਾ ਪਿੱਛਾ ਕੀਤਾ ਪਰ ਹਿਰਨ ਉਸ ਦੀਆਂ ਅੱਖਾਂ ਤੋ ਉਹਲੇ ਹੋ ਗਿਆ। ਰਾਜੇ ਨੇ ਜੰਗਲ ਵਿੱਚ ਇੱਕ ਰਿਸ਼ੀ ਨੂੰ ਦੇਖਿਆ ਅਤੇ ਉਸ ਤੋ ਹਿਰਨ ਬਾਰੇ ਪੁੱਛਿਆ ਪਰ ਰਿਸ਼ੀ ਨੇ ਨਾ ਅੱਖਾਂ ਖੋਲੀਆਂ ਅਤੇ ਨਾ ਹੀ ਉਤਰ ਦਿੱਤਾ। ਰਾਜੇ ਨੇ ਉਥੇ ਮਰੇ ਪਏ ਸੱਪ ਨੂੰ ਉਠਾ ਕੇ ਰਿਸ਼ੀ ਦੇ ਗਲ ਵਿੱਚ ਪਾ ਦਿੱਤਾ। ਜਦੋ ਰਿਸ਼ੀ ਨੇ ਅੱਖਾਂ ਖੋਲੀਆਂ ਤਾਂ ਸੱਪ ਨੂੰ ਦੇਖ ਕੇ ਬੁਹਤ ਹੀ ਕਰੋਧ ਵਿੱਚ ਆਕਿ ਸਰਾਪ ਦੇ ਦਿੱਤਾ ਕਿ ਜਿਸ ਨੇ ਮੇਰੇ ਗੱਲ ਵਿੱਚ ਸੱਪ ਪਾਇਆ ਹੈ ਉਸ ਨੂੰ ਸੱਪਾਂ ਦਾ ਰਾਜਾ ਤੱਛਕ ਡੱਸੇਗਾ। ਜਦ ਰਾਜੇ ਨੂੰ ਇਸ ਬਾਰੇ ਸੁਚਨਾ ਮਿਲੀ ਤਾਂ ਉਸ ਨੇ ਗੰਗਾ ਦੇ ਵਿਚਕਾਰ ਚਿੱਟਾ ਮਹਿਲ ਉਸਾਰ ਲਿਆ ਜਿਥੇ ਸੱਪ ਨਾ ਪਾਹੁੰਚ ਸਕੇ ਪਰ ਰਿਸ਼ੀ ਦਾ ਸਰਾਪ ਤਾ ਹਰ ਹਾਲ ਪੂਰਾ ਹੋਣਾ ਹੀ ਸੀ। ਸਮਾਂ ਆਉਣ ਤੇ ਸੱਪਾਂ ਦੇ ਰਾਜੇ ‘ਤੱਛਕ’ ਨੇ ਪਰੀਕਸ਼ਿਤ ਨੂੰ ਡੱਸ ਦਿੱਤਾ।

ਸ੍ਰਾਪ ਕੋ ਸੁਨਿ ਕੈ ਡਰਿਯੋ ਨ੍ਰਿਪ ਮੰਦ੍ਰ ਏਕ ਉਸਾਰ।

ਮਧਿ ਗੰਗ ਰਚਿਯੋ ਧਉਲਹਰਿ ਛੁਇ ਸਕੈ ਨ ਬਿਆਰ।

ਸਰਪ ਕੀ ਤਹ ਗੰਮਤਾ ਕੋ ਕਾਟਿ ਹੈ ਤਿਹ ਜਾਇ।

ਕਾਲ ਪਾਇ ਕਟਯੋ ਤਬੈ ਤਹਿ ਆਨ ਕੈ ਅਹਿਰਾਇ। (163)

ਰਾਜੇ ਜਨਮੇਜੇ ਦਾ ਸਰਪ ਮੇਧ-ਯੱਗ

ਇਹ ਰਾਜਾ ਵੀ ਉਪ੍ਰੋਕਤ ਖਾਨਦਾਨ ਵਿਚੋ ਹੀ ਹੈ। ਜਨਮੇਜਾ 14 ਵਿਦਿਆਵਾਂ ਦਾ ਗਿਆਤਾ ਤੇ ਬੁਹਤ ਹੀ ਪ੍ਰਤਾਪੀ ਰਾਜਾ ਸੀ। ਜਦੋ ਇਸ ਨੂੰ ਇਸ ਦੇ ਪਿਤਾ (ਪਰੀਕਸ਼ਿਤ) ਦੇ ਬੱਧ ਦੀ ਕਥਾ ਸੁਣਾਈ ਤਾਂ ਇਹ ਬੁਹਤ ਹੀ ਕ੍ਰੋਧਤ ਹੋ ਗਿਆ। ਇਸ ਨੇ ਬ੍ਰਹਮਣਾ ਨੁੰ ਬੁਲਾ ਕੇ ਆਪਣੇ ਪਿਤਾ ਦੇ ਬੱਧ ਦਾ ਬਦਲਾ ਲੈਣ ਲਈ ਉਪਾਅ ਪੁੱਛਿਆ ਤਾਂ ਇਸ ਨੂੰ ਸਰਪਮੇਧ-ਯੱਗ ਕਰਨ ਦੀ ਸਲਾਹ ਦਿੱਤੀ ਗਈ। (165)

ਰਾਜੇ ਦੇ ਹੁਕਮ ਤੇ ਇੱਕ ਕੋਹ ਦੇ ਖੇਤਰ ਵਿੱਚ ਯੱਗ-ਕੁੰਡ ਬਣਾਇਆ ਗਿਆ। ਜਿਉ ਹੀ ਬ੍ਰਾਹਣਮਾ ਨੇ ਮੰਤਰ ਉਚਾਰਨ ਸ਼ੁਰੂ ਕੀਤਾ ਤਾ ਕਰੋੜਾਂ ਹੀ ਸੱਪ ਆ-ਆ ਕੇ ਹਵਨ ਕੁੰਡ ਵਿੱਚ ਡਿਗਣ ਲੱਗੇ। ‘ਆਨ ਆਨ ਗਿਰੈ ਲਗੇ ਤਹਿ ਸਰਪ ਕੋਟ ਅਪਾਰ’ ਇਨ੍ਹਾਂ ਸੱਪਾ ਦੀ ਲੰਬਾਈ ‘ਹਸਤ ਏਕ’ (ਲੱਗ ਭੱਗ ਡੇੜ ਫੁਟ) ਤੋ ਲੈਕਿ ‘ਸਹੰਸ ਹਸਤ’ ਤੱਕ ਹੈ। ਹੁਣ ਜਦੋ ਬ੍ਰਾਹਮਣਾ ਨੇ ਹੋਰ ਮੰਤਰਾਂ ਦਾ ਉਚਾਰਨ ਕੀਤਾ ਤਾ ਅੱਠ-ਅੱਠ ਹੱਥ ਮੋਟੀ ਗਰਦਣ ਵਾਲੇ ਬਾਰਾਂ-ਬਾਰਾਂ ਹੱਥ ਮੋਟੇ ਸੱਪ ਜਿਨ੍ਹਾ ਦੀ ਲੰਬਾਈ ਦੋ ਹਜਾਰ ਹੱਥਾਂ ਤੋ ਲੈਕਿ ਇੱਕ ਯੋਜਨ (ਲੱਗ ਭੱਗ 5 ਮੀਲ) ਤੱਕ ਦੀ ਹੈ ਆਕਿ ਕੇ ਹਵਨ ਕੁੰਢ ਇਚ ਸੜ ਰਹੇ ਹਨ। ਵੱਖ-ਵੱਖ ਮੰਤਰ ਦੇ ਅਸਰ ਨਾਲ ਸੱਪਾ ਦੇ ਅਕਾਰ ਵਿੱਚ ਵੀ ਹੈਰਾਨੀ ਯੋਗ ਤਬਦੀਲੀ ਹੂੰਦੀ ਹੈ। ਸੱਪਾਂ ਦੀ ਲੰਬਾਈ ਅੱਧੇ ਅੰਗੂਠੇ ਤੋ ਸੁਰੂ ਹੋਕਿ ਦੋ ਚਾਰ ਯੋਜਨ ਤੋ ਵੀ ਵਧਦੀ ਹੋਈ ਅੱਠ ਯੋਜਨ (64 ਕਿਲੋਮੀਟਰ) ਤੱਕ ਪਹੁੰਚ ਜਾਂਦੀ ਹੈ।

ਕਿਤੇ ਸਪਤ ਜੋਜਨ ਲੌ ਕੋਸ ਅਸਟੰ। ਕਿਤੇ ਅਸਟ ਜੋਜਨ ਮਹਾ ਪਰਮ ਪੁਸਟੰ।

ਭਯੋ ਘੋਰ ਬਧੰ ਜਰੇ ਕੋਟ ਨਾਗੰ। ਭਜ੍ਹ੍ਹਯੋ ਤਛਕੰ ਤਛਕੰ ਜੇਮ ਕਾਗੰ। (173)

ਜਦੋ ਸੱਪਾਂ ਦੀਆਂ ਕਰੋੜਾਂ ਹੀ ਕੁਲਾਂ (ਕੁਲੰ ਕੋਟ ਹੋਮੈ ਬਿਖੈ ਵਹਿਣ ਕੁੰਡੰ) ਹਵਨ ਵਿੱਚ ਸੜ ਕੇ ਮਰ ਗਈਆਂ ਤਾਂ ਸੱਪਾਂ ਦਾ ਰਾਜਾ ‘ਤੱਛਕ’ ਭਜ ਕੇ ਇੰਦਰ ਲੋਕ ਵਿੱਚ ਜਾ ਪਹੁੰਚਿਆ। ਵੇਦ-ਮੰਤਰਾ ਦੀ ਸ਼ਕਤੀ ਨਾਲ ਇੰਦਰ ਲੋਕ ਵੀ ਸੜਨ ਲੱਗਾ ਤਾ ਇੰਦਰ ਭੈਭੀਤ ਹੋ ਗਿਆ। ਬ੍ਰਾਹਮਣਾ ਨੇ ਜੰਤਰਾਂ-ਮੰਤਰਾਂ ਦੀ ਸ਼ਕਤੀ ਨਾਲ ਨਾਗ ਰਾਜ ਤੱਛਕ ਨੂੰ ਬੰਨ ਕੇ ਧਰਤੀ ਤੇ ਲਿਆ ਸੁਟਿਆ। ਭਾਵ ਇੰਦਰ ਵੀ ਤੱਛਕ ਦੀ ਕੋਈ ਸਹਾਇਤਾ ਨਾ ਕਰ ਸਕਿਆ। ਤੱਛਕ ਨੂੰ ਡਿਗਦਾ ਵੇਖ ਕੇ ਆਸਤੀਕ ਨਾਂ ਦਾ ਬ੍ਰਾਹਮਣ ਆ ਹਾਜਰ ਹੋਇਆ ਜਿਸ ਨੇ ਜਨਮੇਜੇ ਨੂੰ ਹੁਕਮ ਕੀਤਾ ਕੇ ਸੱਪਾਂ ਦਾ ਯੱਗ ਬੰਦ ਕਰੋ। ਜੇ ਤੁੰ ਮੇਰਾ ਹੁਕਮ ਮੰਨੇਗਾ ਤਾ ਤੇਰਾ ਤੇਜ ਸੂਰਜ ਵਾਂਗ ਹੋਵੇਗਾ। ਜੇ ਤੂੰ ਮੇਰਾ ਹੁਕਮ ਨਾ ਮੰਨਿਆ ਤਾਂ ਮੈ ਤੈਨੂੰ ਸਰਾਪ ਦੇ ਦੇਵਾਗਾ ਜਿਸ ਨਾਲ ਤੂੰ ਵੀ ਸੜ ਕੇ ਮਰ ਜਾਵੇਗਾ ਜਾ ਮੈ ਆਪ ਅੱਗ ਵਿੱਚ ਸੜ ਜਾਵਾਗਾ ਜਿਸ ਨਾਲ ਤੈਨੂੰ ਬ੍ਰੰਹਮ ਹੱਤਿਆ ਦਾ ਪਾਪ ਲੱਗੇਗਾ। ਬ੍ਰਹਮਣ ਦੇ ਬਚਨ ਸੁਣ ਕੇ ਰਾਜਾ ਆਪਣੇ ਆਸਨ ਤੋ ਉਠਿਆਂ ਤੇ ਸਰਪ ਮੇਧ-ਯੱਗ ਬੰਦ ਕਰ ਦਿੱਤਾ। 180

ਰਾਜੇ ਜਨਮੇਜੇ ਦਾ ਕੋਹੜ:

ਜਨਮੇਜੇ ਨੇ ਕਾਸ਼ੀ ਦੇ ਰਾਜੇ ਨੂੰ ਜਿੱਤ ਕੇ ਉਸ ਦੀਆਂ ਦੋ ਪੁਤਰੀਆਂ ਨਾਲ ਵਿਆਹ ਕਰਵਾ ਲਿਆਂ ਅਤੇ ਉਸ ਦੇ ਦੋ ਪੁਤਰ ਪੈਦਾ ਹੋੲੋ। ਇੱਕ ਦਿਨ ਰਾਜੇ ਦੀ ਨਜਰ ਦਾਜ ਵਿੱਚ ਮਿਲੀ ਦਾਸੀ ਤੇ ਪਈ ਤਾ ਉਸ ਨੇ ਰੂਪਵਤੀ ਦਾਸੀ ਦੇ ਪਿਆਰ ਵਿੱਚ ਪਾਗਲ ਹੋ ਕੇ ਆਪਣੀਆਂ ਦੋਵੇ ਰਾਣੀਆਂ ਨੂੰ ਛੱਡ, ਦਾਸੀ ਨਾਲ ਸ਼ਾਦੀ ਕਰ ਲਈ। ਰਾਜੇ ਨੇ ਇੱਕ ਅਸ਼ਵਮੇਧ ਯੱਗ ਕੀਤਾ। ਜਦੋ ਰਾਣੀ (ਦਾਸੀ) ਯੱਗ ਵਿੱਚ ਸ਼ਾਮਲ ਹੋਈ ਤਾਂ ਹਵਾ ਦੇ ਬੁਲੇ ਨਾਲ ਉਸ ਦੇ ਬਸਤਰ ਉਡ ਗਏ ਤਾਂ ਉਥੇ ਹਾਜਰ ਬ੍ਰਾਹਮਣ ਹੱਸ ਪਏ ਜਿਸ ਕਾਰਨ ਜਨਮੇਜਾ ਕਰੋਧ ਨਾਲ ਭਰ ਗਿਆ ਅਤੇ ਉਸ ਨੇ ਬ੍ਰਾਹਮਣਾ ਨੂੰ ਫੜ ਕੇ ਉਨ੍ਹਾ ਦੇ ਸਿਰ ਮੁਨਵਾ ਦਿੱਤੇ ਅਤੇ ਸਿਰਾਂ ਵਿੱਚ ਤੱਤੀ ਖੀਰ ਪਾ ਕੇ ਸਾੜਿਆਂ, ਅਣਗਿਣਤ ਬ੍ਰਾਹਮਣਾ ਨੂੰ ਫਾਂਸੀ ਦਿੱਤੀ ਅਤੇ ਬੇਅੰਤ ਨੂੰ ਪਾਣੀ ਵਿੱਚ ਗੋਤੇ ਦੇ-ਦੇ ਕਿ ਮਾਰਿਆ। ਕਿਤਨੇ ਹੀ ਕੰਧਾਂ ਵਿੱਚ ਚਿਣ ਦਿੱਤੇ ਗਏ ਅਤੇ ਬਾਕੀਆਂ ਨੂੰ ਚੀਰ ਕੇ ਦੋ ਫਾੜ ਕਰ ਦਿੱਤਾ।

ਕਿਤੇ ਬਾਧਿ ਕੈ ਬਿਪ੍ਰ ਬਾਚੇ ਦਿਵਾਰੰ। ਕਿਤੇ ਬਾਧ ਫਾਸੀ ਦੀਏ ਬਿਪ੍ਰ ਭਾਰੰ।

ਕਿਤੇ ਬਾਰਿ ਬੋਰੇ ਕਿਤੇ ਅਗਨਿ ਜਾਰੇ। ਕਿਤੇ ਅਧਿ ਚੀਰੇ ਕਿਤੇ ਬਾਧ ਫਾਰੇ। (203)

ਇਸ ਬ੍ਰਹਮ ਹੱਤਿਆ ਦੇ ਕਾਰਨ ਜਨਮੇਜੇ ਨੂੰ ਕੋਹੜ ਹੋ ਗਿਆ। ਹੁਣ ਇਲਾਜ ਲਈ ਰਾਜੇ ਨੂੰ ਵਿਆਸ ਰਿਸ਼ੀ ਤੋ ਮਹਾਭਾਰਤ ਦੀ ਕਥਾ ਸੁਨਣ ਲਈ ਕਿਹਾ ਗਿਆ। ਵਿਆਸ ਰਿਸ਼ੀ ਨੇ ਇਸ ਸ਼ਰਤ ਤੇ ਕਥਾਂ ਅਰੰਭ ਕੀਤੀ ਕਿ ਤੂੰ ਕੋਈ ਕਿਤੂੰ-ਪ੍ਰੰਤੁ ਨਹੀ ਕਰਨਾ ਸਿਰਫ ਸੱਤ ਬੱਚਨ ਹੀ ਆਖਣਾ ਹੈ। (ਜਿਵੇ ਅੱਜ ਸਾਡੇ ਪ੍ਰਚਾਰਕ ਕਹਿੰਦੇ ਹਨ) ਜਿਉ –ਜਿਉ ਰਾਜਾ ਕਥਾ ਸੁਣਦਾ ਗਿਆ ਰਾਜੇ ਦਾ ਕੋਹੜ ਠੀਕ ਹੁੰਦਾ ਗਿਆ। ਜਦੋ ਵਿਆਸ ਨੇ ਕਿਹਾ ਕਿ ਅਰਜਣ ਨੇ ਹਾਥੀਆਂ ਨੂੰ ਪੂਛੋਂ ਫੜ–ਫੜ ਕੇ ਅਸਮਾਨ ਵਿੱਚ ਸੁਟੇ ਜੋ ਅੱਜ ਤੱਕ ਵਾਪਸ ਨਹੀ ਪਰਤੇ।

ਤਹਾ ਸਤ੍ਰ ਕੇ ਭੀਮ ਹਸਤੀ ਚਲਾਏ। ਫਿਰੇ ਮਧਿ ਗੈਣੰ ਅਜਾਉ ਲਉ ਨ ਆਏ। (235)

ਇਹ ਸੁਣ ਜਨਮੇਜੇ ਨੇ ਨਕ ਚੜ੍ਹਾ ਕਿ ਕਿਹਾ ਕਿ ਇਹ ਤਾਂ ਝੂਠ ਹੈ। ਇਸ ਕਾਰਨ ਹੀ ਜਨਮੇਜੇ ਦੇ ਨੱਕ ਤੇ ਕੋਹੜ ਰਹਿ ਗਿਆ। (ਰਹਿਯੋ ਨਾਕ ਮੈ ਕੁਸਟ ਛਤ੍ਰੀ ਸਵਾਨ) ਜੋ ਉਸ ਦੀ ਮੌਤ ਦਾ ਕਾਰਨ ਬਣਿਆ। (237)

ਅੱਗੋ (ਛੰਦ 239 ਤੋਂ 319) ਜਨਮੇਜੇ ਦੁ ਪੁੱਤਰਾਂ ਅਸੁਮੇਧ, ਅਸਮੇਦਹਾਰ ਅਤੇ ਰਜੀਆਂ (ਜੋ ਦਾਸੀ ਦਾ ਪੁੱਤਰ ਸੀ) ਦੀ ਕਹਾਣੀ ਚਲਦੀ ਹੈ। ਅਜੈ ਸਿੰਘ (ਰਜੀਆ ਦਾ ਪੁੱਤਰ) ਰਾਜਾ ਬਦਣਾ ਹੈ। ਬੜੀ ਅਜੀਬੋ-ਗਰੀਬ ਕਹਾਣੀ ਚਲਦੀ ਹੈ।

ਮੁਨੀ ਦਾ ਰਾਜ (ਛੰਦ 320-336))

ਪੁਨ ਭਏ ਮੁਨੀ ਛਿਤ ਰਾਇ ਇਹ। ਇਹ ਲੋਕ ਕੇਹਰਿ ਰਾਇ।

ਅਰਿ ਜੀਤਿ ਜੀਤਿ ਅਖੰਡ। ਮਹਿ ਕੀਨ ਰਾਜੁ ਪ੍ਰਚੰਡ। 320.

ਇਸ ਨੇ ਸਾਰੇ ਰਾਜਿਆ ਨੂੰ ਜਿਤ ਲਿਆ ਅਤੇ ਯੱਗ ਕਰਨ ਦਾ ਵਿਚਾਰ ਕੀਤਾ। ਮੰਤਰੀ ਨੇ ਕਿਹਾ ਚੌਦਾਂ ਵਿਦਿਆਂ ਦੇ ਗਿਆਤਾ ਰਾਜਣ ਸੁਣੋ! ਸਤਿਯੁਗ ਵਿੱਚ ਚੰਡੀ ਨੇ ਮਹਿਖਾਸੁਰ ਨੂੰ ਮਾਰੇ ਸ਼ਿਵ ਨੂੰ ਪ੍ਰਸੰਨ ਕਰਕੇ ਯੱਗ ਕੀਤਾ ਸੀ। (ਸਤਿ ਜੁਗ ਮੈ ਸੁਨਿ ਰਾਇ। ਮਖ ਕੀਨ ਚੰਡ ਬਨਾਇ) ਤੁਸੀ ਵੀ ਉਸੇ ਤਰਾਂ ਦਾ ਯੱਗ ਕਰੋ।

ਤੈਸ ਜੀ ਮਖ ਕੀਜੀਐ ਰਾਜ ਰਾਜ ਪ੍ਰਚੰਡ।

ਜੀਤਿ ਦਾਨਵ ਦੇਸ ਕੇ ਬਲਵਾਨ ਪੁਰਖ ਅਖੰਡ।

ਤੈਸ ਜੀ ਮਖ ਮਾਰ ਕੈ ਸਿਰਿ ਇੰਦ੍ਰ ਛਤ੍ਰ ਫਿਰਾਇ।

ਜੈਸ ਸੁਰ ਸੁਖ ਪਾਇਓ ਤਿਵ ਸੰਤ ਹਹਿ ਸਹਾਇ। 336.

ਪ੍ਰੋ: ਅਨੁਰਾਗ ਸਿੰਘ ਜੀ, ਇਸ ਨੂੰ ਆਪ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਸਾਬਤ ਕਰਨ ਦਾ ਯਤਨ ਕੀਤਾ ਹੈ। ਸਬੂਤ ਇਹ ਪੇਸ਼ ਕੀਤਾ ਹੈ ਕੇ ਇਹ ਅਧੂਰਾ ਹੈ ਇਸ ਲਈ ਇਹ ਗੁਰੂ ਜੀ ਦੀ ਰਚਨਾ ਹੈ। ਜਦੋ ਅਰੰਭੂ ਵਿੱਚ ਹੀ ਕਵੀ ਨੇ ਇਹ ਲਿਖ ਦਿਤਾ ਹੈ ਕੇ, “ਤਿੰਨਾਂ ਯੁਗਾਂ ਦੇ ਰਾਜਿਆਂ ਦਾ ਵਰਨਣ ਤਾਂ ਨਹੀ ਕੀਤਾ ਜਾ ਸਕਦਾ, ਪਰ ਭਾਰਤ ਖੰਡ ਦੇ ਜੰਬੂ ਦੀਪ ਦੇ ਦੁਆਪੁਰ ਵਿੱਚ ਹੋਏ ਪ੍ਰਤਾਪੀ ਰਾਜੇ ਯੁਧਿਸ਼ਠਰ ਦਾ ਵਰਨਣ ਕਰਦਾ ਹਾਂ।” (136) ਤਾਂ ਇਸ ਨੂੰ ਅਧੂਰਾ ਕਿਵੇ ਕਹਿ ਸਕਦੇ ਹਾਂ? ਕੀ ਦਾਨ ਵਿੱਚ ਹਾਥੀ, ਘੋੜੇ, ਰੱਥ ਅਤੇ ਮੱਝਾਂ ਦੇ ਨਾਲ ਕੱਟੇ-ਵੱਛੇ ਵੀ ਲਿਖ ਦਿੱਤੇ ਜਾਂਦੇ ਤਾਂ ਇਹ ਪੂਰਾ ਹੋ ਜਾਂਦਾ? ਫੇਰ ਉਸ ਵਿੱਚ ਕੋਈ ਕੁੱਤੇ-ਬਿੱਲੇ ਵੀ ਸ਼ਾਮਲ ਕਰ ਸਕਦਾ ਹੈ। ਜੇ ਹਵਨ ਕੁੰਡ ਦੀ ਲੰਬਾਈ 5 ਮੀਲ ਦੀ ਤਾਂ 25 ਮੀਲ ਲਿਖ ਦਿੱਤੀ ਜਾਂਦੀ ਤਾਂ ਇਹ ਪੂਰਾ ਹੋ ਜਾਂਦਾ? ਜੇ ਸੱਪਾਂ ਦੀ ਲੰਬਾਈ 64 ਕਿਲੋਮੀਟਰ ਤੋਂ ਵਧਾਂ ਕਿ 640 ਕਿਲੋਮੀਟਰ ਕਰ ਦਿੱਤੀ ਜਾਵੇ ਤਾਂ ਇਹ ਪੂਰਾ ਹੋ ਜਾਵੇਗਾ? ਪ੍ਰੋ: ਅਨੁਰਾਗ ਸਿੰਘ ਜੀ, ਝੂਠ ਨੂੰ ਕਦੇ ਵੀ ਪੂਰਾ ਨਹੀ ਕਿਹਾ ਜਾ ਸਕਦਾ। ਪੂਰਾ ਸਿਰਫ ਤੇ ਸਿਰਫ ਸੱਚ ਹੁੰਦਾ ਹੈ।

ਸਿੱਖ ਭਰਾਵੋ! ਇਹ ਹਨ ਉਸ ਰਚਨਾ ਦੇ ਕੁੱਝ ਅੰਸ਼, ਜਿਸ ਦਾ ਨਾਮ ਹੈ ‘ਗਿਆਨ ਪ੍ਰਬੋਧ’ ਅਤੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸਾਬਤ ਕਰਨ ਲਈ ਬਿਪ੍ਰ ਦਾ ਬਦਲਿਆ ਹੋਇਆ ਰੂਪ ਲਾਂਬਾ ਐਂਡ ਕੰਪਨੀ ਯਤਨ ਕਰ ਰਿਹਾ ਹੈ। ਜਰਾ ਸੋਚੋ! ਜੇ ਇਹ ਗਿਆਨ ਪ੍ਰਬੋਧ ਹੈ ਤਾਂ ਗਪੋੜ ਪ੍ਰਬੋਧ ਕਿਸ ਨੂੰ ਕਹਾਗੇ?
.