.

ਦਾਨ ਪੁੰਨ ਅਤੇ ਦਸਵੰਧ `ਚ ਫ਼ਰਕ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

“ਦੇਦਾ ਦੇ ਲੈਦੇ ਥਕਿ ਪਾਹਿ” - ਅਜੇਹੇ ਦਾਨ ਪੁੰਨ ਵਾਲੇ ਵਿਸ਼ੇ ਤੇ ਵਿਚਾਰ ਕਰਦਿਆਂ ਅਸਾਂ ਇਹ ਨਿਸ਼ਚੇ ਕਰਨਾ ਹੈ ਕਿ ਪ੍ਰਭੁ ਦੀ ਸੰਪੂਰਣ ਰਚਨਾ `ਚ ਜੋ ਕੁੱਝ ਮਨੁੱਖ ਦੇਖਦਾ, ਛੂਹੰਦਾ ਜਾਂ ਵਰਤ ਰਿਹਾ ਹੈ; ਅਪਣੇ ਸਰੀਰ ਸਮੇਤ, ਉਸ ਕੋਲ ਇਹ ਸਭ ਪ੍ਰਭੂ ਦੀਆਂ ਦਾਤਾਂ ਹਨ ਅਤੇ ਇਸ `ਚ ‘ਕੁਝ ਵੀ ਮਨੁੱਖ ਦਾ ਅਪਣਾ ਨਹੀਂ। ਇਥੋਂ ਤੀਕ ਕਿ ਜਿਵੇਂ ਕਿਸੇ ਕਾਰਣ, ਸਰੀਰ `ਚ ਕਿਸੇ ਅੰਗ ਦੀ ਜਨਮਾਂਦਰੂ ਘਾਟ ਹੋਵੇ, ਤਾਂ ਮਨੁੱਖ ਉਸ ਘਾਟ ਨੂੰ ਵੀ ਕਦੇ ਪੂਰਾ ਨਹੀਂ ਕਰ ਸਕਦਾ। ਇਸਦੇ ਉਲਟ ਜੇ ਕੋਈ ਮਨੁੱਖ ਅਪਣੇ ਆਪ ਨੂੰ ਹੀ ਵੱਡਾ ਦਾਨੀ ਸਮਝ ਰਿਹਾ ਹੈ-ਮਨ ਲੋ! ਜੇਕਰ ਪ੍ਰਮਾਤਮਾ ਨੇ ਉਸਨੂੰ ਇਹ ਧੰਨ ਹੀ ਨਾ ਦਿਤਾ ਹੁੰਦਾ ਤਾਂ ਉਹ ਦਾਨੀ ਕਿਵੇਂ ਬਣ ਸਕਦਾ ਸੀ? ਇੰਨਾ ਹੀ ਨਹੀਂ, ਧੰਨ ਤਾਂ ਕਿਸੇ ਕੋਲ ਬਹੁਤ ਹੈ ਪਰ ਪ੍ਰਮਾਤਮਾ ਨੇ ਉਸਨੂੰ, ਕਿਸੇ ਦੀ ਮਦਦ ਵਾਲੀ ਬਿਰਤੀ ਹੀ ਨਾ ਦਿਤੀ ਹੋਵੇ, ਤਾਂ ਧੰਨ ਹੁੰਦੇ ਹੋਏ ਵੀ, ਉਹ ਦਾਨੀ ਨਹੀਂ ਸੀ ਬਣ ਸਕਦਾ। ਇਸਲਈ ਕੇਵਲ ਧੰਨ ਹੀ ਨਹੀਂ, ਸਾਡੇ ਕੋਲ ਦੂਜਿਆਂ ਦੀ ਮੱਦਦ ਲਈ ਸਾਡੀ ਬਿਰਤੀ ਵੀ ਕਰਤਾਰ ਦੀ ਹੀ ਦੇਣ ਹੈ। ਇਸਤਰ੍ਹਾਂ ਇਨ੍ਹਾਂ ਦਾਤਾ ਨੂੰ ਅਪਣੀਆਂ ਸਮਝਣਾ ਹੀ ਮਨੁੱਖ ਦੀ ਵੱਡੀ ਅਗਿਆਨਤਾ ਹੈ, ਜਿਹੜੀ ਕਿ ਮਨੁੱਖ ਨੂੰ ਕੁਰਾਹੇ ਪਾ ਦੇਂਦੀ ਹੈ। ਤਾਂਤੇ ਪਾਤਸ਼ਾਹ ਨੇ ਗੁਰਬਾਣੀ ਰਾਹੀਂ ਸੁਚੇਤ ਕੀਤਾ ਹੈ ਦੇਦਾ ਦੇ ਲੈਦੇ ਥਕਿ ਪਾਹਿ॥ ਜੁਗਾ ਜੁਗੰਤਰਿ ਖਾਹੀ ਖਾਹਿ” (ਜਪੁ) ਜਾਂ ਦੇਦੇ ਤੋਟਿ ਨ ਆਵਈ ਲੈ ਲੈ ਥਕਿ ਪਾਈ” (ਪੰ: 1012) ਇਸਤਰ੍ਹਾਂ ਬਾਣੀ `ਚ ਅਨੇਕਾਂ ਵਾਰੀ ਦ੍ਰਿੜ ਕਰਵਾਇਆ ਹੈ ਕਿ ਜੁਗਾ ਜੁਗਾਂਤਰਾ, ਜਦੋਂ ਤੋਂ ਕਰਤਾਰ ਨੇ ਰਚਨਾ ਰਚੀ ਹੈ, ਜੀਵ ਉਦੋਂ ਤੋਂ ਹੀ ਇਨ੍ਹਾਂ ਦਾਤਾਂ ਨੂੰ ਖਾਂਦਾ-ਵਰਤਦਾ `ਤੇ ਭੁੰਚਦਾ ਆ ਰਿਹਾ ਹੈ। ਜੀਵ ਤਾਂ ਦਾਤਾਂ ਨੂੰ ਵਰਤ ਵਰਤ ਕੇ ਮਰ-ਖਪ (ਥੱਕ) ਜਾਂਦਾ ਹੈ ਪਰ ਕਰਤਾਰ ਦੀਆਂ ਦਾਤਾਂ `ਚ ਕਦੇ ਤੋਟ ਨਹੀਂ ਆਉਂਦੀ।

“ਦਦਾ ਦਾਤਾ ਏਕੁ ਹੈ” - ਇਸਤਰ੍ਹਾਂ ਦਾਨ ਉਸ ਵਸਤੂ ਦਾ ਹੁੰਦਾ ਹੈ ਜਿਹੜੀ ਅਪਣੀ ਹੋਵੇ। ਇਸਦੇ ਉਲਟ, ਜਦੋਂ ਗੁਰਬਾਣੀ ਗਿਆਨ ਰਾਹੀਂ ਸਮਝ ਆ ਜਾਵੇ ਕਿ ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ॥ ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ” (ਪੰ: ੨੫੭)। ਹੋਰ ਤਾਂ ਹੋਰ ਮਨੁੱਖ ਕੋਲ ਤਾਂ ਸਰੀਰ ਵੀ ਪ੍ਰਭੁ ਦੀ ਹੀ ਦਾਤ ਹੈ, ਤਾਂ ਫ਼ਿਰ ਮਨੁੱਖ ਇਹ ਭੁਲੇਖਾ ਖਾਵੇਗਾ ਵੀ ਕਿਵੇਂ ਕਿ ਉਹ ਕਿਸੇ ਨੂੰ ਕੁੱਝ ਦਾਨ ਕਰ ਰਿਹਾ ਹੈ। ਸੱਚਾਈ ਇਹ ਹੈ ਕਿ ਜਦੋਂ ਤੀਕ ਗੁਰਬਾਣੀ ਰਾਹੀਂ, ਰੱਬੀ ਗਿਆਨ ਜੀਵਨ `ਚ ਨਹੀਂ ਆਉਂਦਾ ਉਂਨੀ ਦੇਰ ਸੱਚ ਵਾਲੀ ਅਵਸਥਾ ਨਹੀਂ ਬਣਦੀ ਉਦੋਂ ਤੀਕ ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ॥ ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰ” (ਪੰ: 466) ਜੋ ਦਾਨੀ ਸੁਭਾਅ ਦੇ ਲੋਕ ਹੁੰਦੇ ਹਨ ਉਹ ਕਿਸੇ ਦੀ ਮੱਦਦ ਇਸ ਲਈ ਨਹੀਂ ਕਰਦੇ ਕਿ ਕਰਤਾਰ ਨੇ ਉਨ੍ਹਾਂ ਨੂੰ ਇਸ ਜੋਗ ਬਣਾਇਆ ਹੈ `ਤੇ ਇਹ ਉਨ੍ਹਾਂ ਦਾ ਇਨਸਾਨੀ ਫ਼ਰਜ਼ ਹੈ। ਬਲਕਿ ਉਹ ਦਾਨ ਇਸ ਲਈ ਕਰਦੇ ਹਨ ਕਿ ਸੰਸਾਰ `ਚ ਉਨ੍ਹਾਂ ਦੀ ਵਾਹ! ਵਾਹ! ਹੋਵੇਗੀ ਕਿ ਫ਼ਲਾਂ ਮਨੁੱਖ ਬੜਾ ਦਾਨੀ ਹੈ-ਧਰਮਾਤਮਾ ਹੈ। ਦੂਜਾ-ਇਸਲਈ ਕਿ ਪੁਰਾਤਨ ਵਿਸ਼ਵਾਸਾਂ ਅਨੁਸਾਰ ਉਨ੍ਹਾਂ ਨੂੰ ਯਕੀਨ ਹੁੰਦਾ ਹੈ ਕਿ ਮੌਤ ਤੋਂ ਬਾਦ, ਦਿਤੇ ਦਾਨ ਦਾ ਇੱਕ ਤੋਂ ਹਜ਼ਾਰ ਹੋ ਕੇ ਵਾਪਿਸ ਮਿਲੇਗਾ। ਇਨ੍ਹਾਂ ਪੁਰਾਤਨ ਵਿਸ਼ਵਾਸਾਂ ਬਾਰੇ ਵੇਰਵੇ ਨਾਲ ਜ਼ਿਕਰ ਤਾਂ ਅਗੇ ਚਲਕੇ ਕਰਾਂਗੇ। ਇਥੇ ਕੇਵਲ ਇਸ ਗੁਰਮਤਿ ਸਿਧਾਂਤ ਨੂੰ ਦ੍ਰਿੜ ਕਰਨਾ ਹੈ ਕਿ ਸਾਡੇ ਕੋਲ, ਸਾਡੇ ਸਰੀਰ ਸਮੇਤ ਕੁੱਝ ਵੀ ਅਪਣਾ ਨਹੀ, ਇਸ ਲਈ ਮਨੁੱਖ ਕਦੇ ਦਾਨੀ ਨਹੀਂ ਹੋ ਸਕਦਾ। ਦਾਨ ਹਮੇਸ਼ਾਂ ਉਸ ਚੀਜ਼ ਦਾ ਹੁੰਦਾ ਹੈ ਜੋ ਚੀਜ਼ ਅਪਣੀ ਹੋਵੇ। ਦਰਅਸਲ ਮਨੁੱਖ ਦੀ ਇਹ ਸੋਚ ਹੀ ਅਗਿਆਨਤਾ ਦੀ ਉਪਜ ਅਤੇ ਉਸਦੇ ਜੀਵਨ ਅੰਦਰ ਮੈਂ-ਹਉਮੈ ਨੂੰ ਜਨਮ ਦੇਣ ਵਾਲੀ ਹੁੰਦੀ ਹੈ।

“ਆਖਹਿ ਮੰਗਹਿ ਦੇਹਿ ਦੇਹਿ ਦਾਤਿ ਕਰੇ ਦਾਤਾਰੁ” - ਪਹਿਲੀ ਗਲ, ਕਿ ਅਸੀਂ ਹਰ ਸਮੇਂ ਉਸਦੇ ਦਰ ਦੇ ਮੰਗਤੇ ਹਾਂ। ਦੂਜਾ-ਜਦੋਂ ਹੈ ਹੀ ਸਭ ਉਸ ਕਰਤੇ ਦਾ ਤਾਂ ਫੇਰਿ ਕਿ ਅਗੈ ਰਖੀਐ ਜਿਤੁ ਦਿਸੈ ਦਰਬਾਰੁ” ਉਹ ਕੇਹੜੀ ਚੀਜ਼ ਹੈ ਜੋ ਉਸਨੂੰ ਭੇਟ ਕਰੀਏ ਜਿਸ ਤੋਂ ਅਸੀਂ ਕਰਤਾਰ ਦੇ ਦਰ ਤੇ ਪ੍ਰਵਾਨ ਹੋ ਜਾਵੀਏ। ਤਾਂਤੇ ਗੁਰਦੇਵ ਸਮਝਾਂਦੇ ਹਨ “ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰੁ” ਭਾਵ ਕਰਤੇ ਦੀ ਸਿਫ਼ਿਤ ਸਲਾਹ ਰਾਹੀਂ ਅਪਣੇ ਇਸ ਮਨੁੱਖਾ ਜਨਮ (ਅੰਮ੍ਰਿਤ ਵੇਲਾ) ਦੀ ਸੰਭਾਲ ਕਰਨੀ ਹੈ ਜਿਸਤੋਂ ਕਰਤਾ ਸਾਡੇ ਤੇ ਪ੍ਰਸੰਨ ਹੋ ਜਾਵੇ। ਇਸ ਦੇ ਲਈ ਕਰਮੀ ਆਵੈ ਕਪੜਾ ਨਦਰੀ ਮੋਖੁ ਦੁਆਰੁ” (ਜਪੁ) ਸਾਡਾ ਫ਼ਰਜ਼ ਬਣਦਾ ਹੈ, ਪਹਿਲਾਂ ਤਾਂ ਅਸੀਂ ਕਰਤਾਰ ਦੇ ਸ਼ੁਕਰਾਨੇ ਚ ਜੀਵੀਏ ਜਿਸਨੇ ਅਨੇਕਾਂ ਜੂਨਾਂ ਚੋਂ ਕੱਢਕੇ `ਤੇ ਬਖਸ਼ਿਸ਼ (ਕਰਮੀ ਆਵੈ ਕਪੜਾ) ਕਰਕੇ ਸਾਨੂੰ ਮਨੁੱਖਾ ਜਨਮ ਬਖਸ਼ਿਆ ਹੈ। ਦੂਜਾ-ਕਰਤਾਰ ਦਾ ਸਦਾ ਗੁਣਗਾਣ ਕਰੀਏ ਜਿਸ ਤੋਂ ਗੁਣਾਂ ਦੇ ਭੰਡਾਰ ਅਕਾਲ ਪੁਰਖ ਵਾਲੇ ਗੁਣ ਸਾਡੇ ਜੀਵਨ `ਚ ਆਉਣ ਅਤੇ ਸਾਡੇ ਜੀਵਨ ਅੰਦਰੋਂ ਹਉਮੈ, ਲੋਭ ਆਦਿ ਵਿਕਾਰਾਂ-ਅਉਗਣਾ ਤੋਂ ਸਾਨੂੰ ਛੁਟਕਾਰਾ ਮਿਲ ਜਾਵੇ। ਜਿਸ ਦਾ ਨਤੀਜਾ ਹੋਵੇਗਾ ਨਾਨਕ ਏਵੈ ਜਾਣੀਐ ਸਭੁ ਆਪੇ ਸਚਿਆਰੁ” ਇਸ ਸੰਪੂਰਣ ਰਚਨਾ ਵਿਚੋਂ ਸਾਨੂੰ ਉਸਦੀ ਸਰਵ-ਵਿਆਪਕਤਾ ਦੇ ਦਰਸ਼ਨ ਹੋਣਗੇ ਅਤੇ ਸਾਡਾ ਮਨੁੱਖਾ ਜਨਮ ਸਫ਼ਲ ਹੋ ਜਾਵੇਗਾ।

ਦਾਨ-ਪੁੰਨ ਦੀ ਗੁਰਮਤਿ ਥਿਉਰੀ- ਦਰਅਸਲ ਦਾਨ-ਪੁੰਨ-ਇਸ਼ਨਾਨ ਭਾਰਤ ਦੀ ਸੰਸਕ੍ਰਿਤੀ `ਚ ਨਵੇਂ ਲਫ਼ਜ਼ ਨਹੀਂ। ਇਹ ਸ਼ਬਦਾਵਲੀ ਭਾਰਤ ਦੀਆਂ ਪੁਰਾਤਨ, ਖਾਸਕਰ ਬ੍ਰਾਹਮਣੀ ਰਚਨਾਵਾਂ `ਚ ਵੀ ਭਰੀ ਪਈ ਹੈ। ਫ਼ਰਕ ਹੈ, ਇਹ ਸ਼ਬਦਾਵਲੀ ਜਿਨ੍ਹਾਂ ਅਰਥਾਂ `ਚ ਪੁਰਾਤਨ ਸਮੇਂ ਤੋਂ ਲਈ ਜਾ ਰਹੀ ਉਸਦੇ ਕਰਮਕਾਂਡੀ, ਬ੍ਰਾਹਮਣੀ ਜਾਂ ਕੁੱਝ ਵੀ ਅਰਥ ਲਏ ਜਾਂਦੇ ਹਣ ਪਰ ਗੁਰਮਤਿ ਨੇ, ਉਨ੍ਹਾਂ ਅਰਥਾਂ ਨੂੰ ਪ੍ਰਵਾਣ ਨਹੀਂ ਕੀਤਾ, ਬਲਕਿ ਉਨ੍ਹਾਂ ਕਰਮਕਾਂਡਾ ਦਾ ਭਰਵਾਂ ਖੰਡਣ ਕੀਤਾ ਹੈ। ਇਸਤਰ੍ਹਾਂ ਜਦੋਂ ਮਨੁੱਖ ਨੂੰ ਗੁਰਬਾਣੀ ਰਾਹੀਂ ਸਾਫ਼ ਹੋ ਜਾਂਦਾ ਹੈ ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ. .” ਅਤੇ ਇਸਦੇ ਨਾਲ ਜਦੋਂ ਉਸਨੂੰ ਸਮਝ ਆ ਜਾਂਦੀ ਹੈ “ਮੈ ਨਾਹੀ ਕਛੁ ਹਉ ਨਹੀ ਕਿਛੁ ਆਹਿ ਨ ਮੋਰਾ” (ਪੰ: 858) ਅਤੇ ਮਨੁੱਖ ਦੀ ਮਾਨਸਿਕ ਅਵਸਥਾ ਜਿਹਿ ਪ੍ਰਾਨੀ ਹਉਮੈ ਤਜੀ ਕਰਤਾ ਰਾਮੁ ਪਛਾਨਿ (ਪੰ: 1427) ਵਾਲੀ ਬਣ ਜਾਂਦੀ ਹੈ ਤਾਂ ਉਸ ਅੰਦਰੋਂ ਮੈ-ਮੇਰਾ ਵਾਲੀ ਕਰਮਕਾਂਡੀ ਸੋਚ ਦਾ ਪੂਰਨ ਵਿਨਾਸ ਹੋ ਜਾਂਦਾ ਹੈ। ਅਜੇਹੇ ਸੱਜਣਾਂ ਨੂੰ ਵਿਸ਼ੇ ਅਨੁਸਾਰ ਗੁਰਬਾਣੀ ਵਿਚੋਂ ਉਸੇ ਹੀ ਸ਼ਬਦਾਵਲੀ ਦੇ ਗੁਰਮਤਿ ਅਰਥ ਅਪਣੇ ਆਪ ਸਮਝ ਆ ਜਾਂਦੇ ਹਨ।

‘ਜਪ ਤਪ ਕਾ ਬੰਧੁ ਬੇੜੁਲਾ’ ਇੱਕ ਮਿਸਾਲ- ਗੁਰਬਾਣੀ ਦੀ ਇਸੇ ਸੱਚਾਈ ਨੂੰ ਸਮਝਣ ਲਈ ਅਸੀਂ ਇੱਕ ਮਿਸਾਲ ਲੈਂਦੇ ਹਾਂ। ਲਫ਼ਜ਼ ਹੈ ‘ਜਪ-ਤਪ’ -ਦਾਨ, ਪੁੰਨ, ਇਸ਼ਨਾਨ ਦੀ ਤਰ੍ਹਾਂ ਇਹ ਲਫ਼ਜ਼ ਵੀ ਭਾਰਤੀ ਸੰਸਕ੍ਰਿਤੀ ਦਾ ਪੁਰਾਨਾ ਕਰਮਕਾਂਡੀ ਅਤੇ ਹੱਠ ਕਰਮਾਂ ਨਾਲ ਸੰਬੰਧਤ ਲਫ਼ਜ਼ ਹੈ। ਇਸਤਰ੍ਹਾਂ ਉਨ੍ਹਾਂ ਹੱਠ-ਕਰਮੀ ਅਰਥਾਂ `ਚ ਗੁਰਮਤਿ ਨੇ ਇਨ੍ਹਾਂ ਦਾ ਭਰਵਾਂ ਖੰਡਣ ਕੀਤਾ ਹੈ। ਮਿਸਾਲ ਵਜੋਂ “ਜਾਪ ਤਾਪ ਗਿਆਨ ਸਭਿ ਧਿਆਨ॥ ਖਟ ਸਾਸਤ੍ਰ ਸਿਮ੍ਰਿਤਿ ਵਖਿਆਨ… ਨਹੀ ਤੁਲਿ ਰਾਮ ਨਾਮ ਬੀਚਾਰ॥ ਨਾਨਕ ਗੁਰਮੁਖਿ ਨਾਮੁ ਜਪੀਐ ਇੱਕ ਬਾਰ” (ਪੰ: 265) ਜਾਂ “ਜਪੁ ਤਪੁ ਸੰਜਮੁ ਧਰਮੁ ਨ ਕਮਾਇਆ. .” (ਪੰ: 12) ਭਾਵ ਪ੍ਰਭੁ ਦਰ ਤੇ ਪ੍ਰਵਾਣ ਹੋਣ ਲਈ ਅਜੇਹੇ ਜਪ-ਤਪ ਵਾਲੇ ਕਰਮਾਂ ਦੀ ਲੋੜ ਨਹੀਂ, ਲੋੜ ਹੈ ਤਾਂ ਸੰਪੂਰਨ ਸਮਰਪਣ ਦੀ। ਮੱਤਲਬ, ਅਜੇਹੇ ਹੱਠ ਕਰਮਾਂ ਦਾ ਗੁਰਦੇਵ ਨੇ ਬਾਣੀ `ਚ ਹਜ਼ਾਰਾਂ ਵਾਰੀ ਵਿਰੋਧ ਕੀਤਾ ਹੈ। ਇਥੋਂ ਤੀਕ ਫ਼ੁਰਮਾਇਆ ਹੈ “ਪ੍ਰਭ ਕੈ ਸਿਮਰਨਿ ਜਪ ਤਪ ਪੂਜਾ” (ਪੰ: 262) ਭਾਵ ਪ੍ਰਭੁ ਦੇ ਸਿਮਰਨ `ਚ ਹੀ ਸਾਰੇ ਜਪ-ਤਪ ਆ ਜਾਂਦੇ ਹਨ, ਸਿੱਖ ਨੂੰ ਉਨ੍ਹਾਂ ਕਰਮਕਾਂਡੀ ਅਤੇ ਹੱਠਕਰਮਾ ਵਾਲੇ ਜਪਾਂ-ਤਪਾਂ ਦੀ ਲੋੜ ਨਹੀਂ। ਇਸੇਤਰ੍ਹਾਂ ਜੇਕਰ ਪੁਰਾਤਨ ਵਿਸ਼ਵਾਸਾਂ ਅਤੇ ਹੱਠ ਕਰਮਾ ਦੀ ਗਲ ਕਰੀਏ ਤਾਂ ਉਨ੍ਹਾਂ ਅਨੁਸਾਰ, ਸਿਮਰਨ ਦਾ ਢੰਗ ਹੈ ਹੀ ਜਪ-ਤਪ। ਪਰ ਇਥੇ ਸਿਮਰਨ ਦੇ ਲਫ਼ਜ਼ ਰਾਹੀਂ ਗੁਰਮਤਿ, ਸਾਰੇ ਜਪਾਂ-ਤਪਾਂ ਦਾ ਖੰਡਣ ਕਰ ਰਹੀ ਹੈ। ਹੁਣ ਦੇਖੋ! ਰਾਗ ਸੂਹੀ `ਚ ਫ਼ਰੀਦ ਸਾਹਿਬ ਦਾ ਸ਼ਬਦ ਹੈ “ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ” (ਪੰ: 794) ਤਾਂਤੇ ਫ਼ਰੀਦ ਸਾਹਿਬ ਦੇ ਇਸ ਸ਼ਬਦ ਨੂੰ ਹੋਰ ਸਪੱਸ਼ਟ ਕਰਨ ਲਈ ਗੁਰੂ ਨਾਨਕ ਪਾਤਸ਼ਾਹ ਫ਼ੁਰਮਾਅ ਰਹੇ ਹਨ “ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ” (ਪੰ: 729)। ਇਸਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਆਪ ਹੀ ‘ਜਪ ਤਪ’ ਲਈ ਸੇਧ ਵੀ ਦੇ ਰਹੇ ਹਨ॥

ਸੁਆਲ ਪੈਦਾ ਹੁੰਦਾ ਹੈ ਕਿ ਉਹ ਕਿਹੜਾ ਜਪ-ਤਪ ਹੈ ਜਿਸ ਲਈ ਪਾਤਸ਼ਾਹ ਆਪ ਸੇਧ ਦੇ ਰਹੇ ਹਨ ਅਤੇ ਉਹ ਕਿਹੜਾ ਜਪ ਤਪ ਹੈ ਪ੍ਰਭ ਕੈ ਸਿਮਰਨਿ ਜਪ ਤਪ ਪੂਜਾ” (ਪੰ: ੨੬੨) ਜੋ ਪ੍ਰਭੁ ਦੇ ਸਿਮਰਨ ਵਿੱਚ ਹੀ ਆ ਜਾਂਦਾ ਹੈ ਅਤੇ ਵੱਖਰੇ ਜਪਾਂ-ਤਪਾਂ ਦੀ ਲੋੜ ਹੀ ਨਹੀਂ ਰਹਿੰਦੀ। ਤਾਂਤੇ ਗੁਰਮਤਿ ਵਾਲਾ ਸਿਮਰਨ ਰਟੌਣੀ ਨਹੀਂ ਬਲਕਿ ਇਹ ਸਿਮਰਨ ਹੈ “ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ” (ਪੰ: 1376) ਇਸਤਰ੍ਹਾਂ ਇਹ ਹੈ ਗੁਰਮਤਿ ਸਿਮਰਨ ਜਿਸ ਤੋਂ ਬਾਦ ਕਰਮਕਾਂਡੀ ਜਪਾਂ-ਤਪਾਂ ਦੀ ਲੋੜ ਨਹੀਂ ਰਹਿੰਦੀ-ਇਥੇ, ਇਹ ਕੇਵਲ ਇੱਕ ਮਿਸਾਲ ਹੈ। ਇਸਤਰ੍ਹਾਂ ਇਥੇ “ਜਪ ਤਪ ਕਾ ਬੰਧੁ ਬੇੜੁਲਾ” ਦੇ ਅਰਥ ਹਨ ਮਨ-ਬਚ-ਕਰਮ ਕਰਕੇ ਪ੍ਰਭੁ ਨਾਲ ਜੁੜਣਾ। ਗੁਰਬਾਣੀ ਵਿਚੋਂ ਪੁਰਾਤਨ ਸ਼ਬਦਾਵਲੀ ਦਾ ਭਾਵੇਂ ਕੋਈ ਵੀ ਲਫ਼ਜ਼ ਜਾਂ ਪਦ ਹੋਵੇ ਪਰ ਜਦੋਂ ਅਸਾਂ ਉਸਦੇ ਅਰਥ ਗੁਰੂ ਸਾਹਿਬ ਜਾਂ ਗੁਰਬਾਣੀ ਦੇ ਲੈਣੇ ਹਨ ਤਾਂ ਗੁਰਬਾਣੀ `ਚ ਉਸਦੇ ਦੋਵੇਂ ਪਖ ਮਿਲਣਗੇ ਅਤੇ ਜਦੋਂ ਤੀਕ ਅਸੀਂ ਉਨ੍ਹਾ ਲਫ਼ਜ਼ਾਂ ਨੂੰ ਵਿਸ਼ੇ ਅਨੁਸਾਰ ਨਹੀਂ ਸਮਝਾਂਗੇ ਉਦੋਂ ਤੀਕ ਸਾਨੂੰ ਉਸ ਬਾਰੇ ਗੁਰਬਾਣੀ ਅਰਥਾਂ ਦੀ ਸਮਝ ਨਹੀਂ ਆ ਸਕੇਗੀ। ਇਸ ਤੋਂ ਬਿਨਾ ਆਪ ਵੀ ਕੁਰਾਹੇ ਪਵਾਂਗੇ ਅਤੇ ਦੂਜਿਆਂ ਨੂੰ ਵੀ ਕੁਰਾਹੇ ਪਾਵਾਂਗੇ। ਦੇਖਿਆ ਜਾਵੇ ਤਾਂ ਅਜ ਸਿੱਖ ਪ੍ਰਚਾਰਕ ਬਹੁਤਾ ਇਹੀ ਕਰ ਰਹੇ ਹਨ `ਤੇ ਸੰਗਤ ਨੂੰ ਵੀ ਗੁਮਰਾਹ ਕਰ ਰਹੇ ਹਨ। ਇੰਨ ਬਿੰਨ ਇਹੀ ਗਲ ਕਰਮਕਾਂਡੀ-ਬ੍ਰਾਹਮਣੀ ਦਾਨ-ਪੁੰਨ-ਇਸ਼ਨਾਨ-ਤੀਰਥ ਆਦਿ ਦੀ ਸ਼ਬਦਾਵਲੀ ਬਾਰੇ ਵੀ ਹੈ।

“ਭੂਖੈ ਦਾਨੁ ਨ ਦੀਨਾ” ਜਾਂ “ਸਭਨਾ ਨੋ ਕਰਿ ਦਾਨੁ” - ਗੁਰਬਾਣੀ ਸੋਝੀ ਅਨੁਸਾਰ ਜਦੋਂ ਮਨੁੱਖ ਅੰਦਰ ਜਿਹਿ ਪ੍ਰਾਨੀ ਹਉਮੈ ਤਜੀ” ਅਤੇ “ਕਰਤਾ ਰਾਮੁ ਪਛਾਨਿ (ਪੰ: 1427) ਵਾਲੀ ਸਹਿਜ ਅਵਸਥਾ ਆ ਜਾਂਦੀ ਹੈ ਤਾਂ ਉਸ ਰਾਹੀ ਜਪ-ਤਪ ਦੀ ਤਰ੍ਹਾਂ ਦਾਨ-ਪੁੰਨ-ਇਸ਼ਨਾਨ ਆਦਿ ਦੇ ਅਰਥ ਵੀ ਗੁਰਮਤਿ ਅਨੁਸਾਰ ਪੂਰੀ ਤਰ੍ਹਾਂ ਨਿਵੇਕਲੇ ਹੋ ਜਾਂਦੇ ਹਨ। ਉਸਦੇ ਜੀਵਨ ਅੰਦਰ ਉਪਜੇ ਧੀਰਜ, ਪਰੋਪਕਾਰ, ਸੰਤੋਖ ਆਦਿ ਇਲਾਹੀ ਗੁਣ ਉਸਦੇ ਲਈ ਕਰਮਕਾਂਡ ਨਹੀਂ ਰਹਿ ਜਾਂਦੇ ਬਲਕਿ ਸਹਿਜ ਸੁਭਾਅ, ਉਸਦਾ ਜੀਵਨ ਬਣ ਜਾਂਦੇ ਹਨ। ਇਸੇਤਰ੍ਹਾਂ ਉਸ ਲਈ ਅਜੇਹੇ ਹੋਰ ਅਣਗਿਣਤ ਲਫ਼ਜ਼ਾਂ ਦੇ ਕਰਮਕਾਂਡੀ-ਹੱਠਕਰਮੀ ਅਰਥ ਨਹੀੰ ਰਹਿ ਜਾਂਦੇ। ਉਥੇ ਪਰਤੱਖ ਹੋ ਜਾਂਦਾ ਹੈ ਕਿ ਗੁਰੂ ਪਾਤਸ਼ਾਹ ਜਦੋਂ ਤੈ ਨਰ ਕਿਆ ਪੁਰਾਨੁ ਸੁਨਿ ਕੀਨਾ॥ ਅਨਪਾਵਨੀ ਭਗਤਿ ਨਹੀ ਉਪਜੀ ਭੂਖੈ ਦਾਨੁ ਨ ਦੀਨਾ” (ਪੰ: 1253) ਫ਼ੁਰਮਾਂਦੇ ਹਨ ਤਾਂ ਇਥੇ ਦਾਨ ਦੇ ਅਰਥ ਸਤੀਆ ਮਨਿ ਸੰਤੋਖੁ ਉਪਜੈ. .” ਵਾਲੇ ਕਰਮਕਾਂਡੀ ਦਾਨ ਲਈ ਨਹੀਂ ਬਲਕਿ ਉਥੇ ਦਾਨ ਦੇ ਅਰਥ ਆਪਣਾ-ਆਪ ਅਤੇ ‘ਮੈਂ-ਮੇਰਾ ਮਿਟਾਕੇ ਸੁਭਾਅ ਕਰਕੇ ਪਰੋਪਕਾਰੀ ਹੋਣਾ ਹੈ। ਉਥੇ ਇਹ ਇਲਾਹੀ ਗੁਣ ਵਜੋਂ “ਭੂਖੈ ਦਾਨੁ ਨ ਦੀਨਾ” ਹਨ। ਇਸੇਤਰ੍ਹਾਂ ਹੋਰ ਲਵੋ! ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ” (ਪੰ: 135) ਹੁੰਦਾ ਇਹ ਹੈ ਕਿ ਮਾਘ ਦੇ ਮਹੀਨੇ `ਚ ਅਨੇਕਾਂ ਭਰਮੀ ਤੇ ਕਰਮਕਾਂਡੀ ਲੋਕ ਉਚੇਚੇ ਪ੍ਰਯਾਗ ਜਾਂਦੇ ਤੇ ਕਿਸੇ ਫ਼ਰਜ਼ੀ ਮਹਾਤਮ ਦੇ ਵਿਸ਼ਵਾਸ `ਚ ਬ੍ਰਾਹਮਣਾਂ ਨੂੰ ਦਾਨ-ਪੁੰਨ ਅਤੇ ਇਸ਼ਨਾਨ ਆਦਿ ਕਰਦੇ ਹਨ। ਹੁਣ ਦੇਖੋ! ਉਹੀ ਦਾਨ ਤੇ ਇਸ਼ਨਾਨ ਵਾਲੀ ਸ਼ਬਦਾਵਲੀ ਵਰਤ ਕੇ ਗੁਰਦੇਵ ਸਮਝਾ ਰਹੇ ਹਨ ਐ ਭਾਈ! ਜੇ ਕਰ ਮਾਘ ਦਾ ਮਹੀਨਾ ਹੋਵੇ ਤਾਂ ਪ੍ਰਯਾਗ ਦੇ ਇਸ਼ਨਾਨ ਨਾਲੋਂ ਚੰਗਾ ਹੈ ਜੇ ਤੂੰ ਸਾਧ-ਸੰਗਤ `ਚ ਆਕੇ ਜੀਵਨ ਦੀ ਕਮਾਈ ਕਰੇਂ (ਧੂੜੀ ਕਰਿ ਇਸਨਾਨੁ) ਅਤੇ ਇਸੇਤਰ੍ਹਾਂ ਦੂਜਿਆਂ ਨੂੰ ਵੀ ਇਹੀ ਦਾਨ ਕਰੇਂ ਭਾਵ ਦੂਜਿਆਂ ਨੂੰ ਵੀ ਜੀਵਨ ਦੇ ਇਸ ਉਤਮ ਰਾਹ ਤੇ ਚਲਾਵੇਂ। ਇਸੇ ਤਰ੍ਹਾਂ ਇੱਕ ਹੋਰ ਪ੍ਰਮਾਣ ਸਚੁ ਤਾ ਪਰੁ ਜਾਣੀਐ ਜਾ ਸਿਖ ਸਚੀ ਲੇਇ॥ ਦਇਆ ਜਾਣੇ ਜੀਅ ਕੀ ਕਿਛੁ ਪੁੰਨੁ ਦਾਨੁ ਕਰੇਇ” (ਪੰ: 468) ਬਾਣੀ ‘ਆਸਾ ਕੀ ਵਾਰ” ਵਿਚੋਂ ਇਹ ਸਾਰਾ ਸਲੋਕ ਪੜ੍ਹੋ ਇਥੇ ਦਇਆ, ਪੁੰਨ-ਦਾਨ, ਇਸ਼ਨਾਨ (ਤਨੁ ਕਰੇ ਹਛਾ ਧੋਇ) ਆਦਿ ਸਾਰੇ ਬ੍ਰਾਹਮਣੀ ਕਰਮ ਹਨ ਪਰ ਇਨ੍ਹਾਂ ਦੀ ਵਰਤੋਂ ਲਈ ਜੋ ਸ਼ਰਤ ਹੈ ਸਤਿਗੁਰੂ ਨੋ ਪੁਛਿ ਕੈ. . ਸਿਖ ਸਚੀ ਲੇਇ” ਭਾਵ ਸਤਿਗੁਰ ਦੀ ਸਿਖਿਆ ਮੁਤਾਬਕ। ਗਲ ਆਪੇ ਸਾਫ਼ ਹੋ ਜਾਂਦੀ ਹੈ ਕਿ ਗੁਰੂ ਪਾਤਸ਼ਾਹ ਇਥੇ ਜਿਹੜੇ ਦਾਨ-ਪੁੰਨ ਜਾਂ ਇਸ਼ਨਾਲ ਆਦਿ ਲਈ ਕਹਿ ਰਹੇ ਹਨ ਉਹ ਬ੍ਰਾਹਮਣੀ ਕਰਮਕਾਂਡ ਨਹੀਂ ਹਨ ਬਲਕਿ ਉਨ੍ਹਾਂ ਕਰਮਕਾਂਡਾ ਦਾ ਵਿਰੋਧ ਅਤੇ ਖੰਡਣ ਕਰਕੇ ਗੁਰਮਤਿ ਸੇਧ ਦਿਤੀ ਹੈ।

ਦਸਵੰਧ ਕੀ ਹੈ ਅਤੇ ਕਿਉਂ? - ਹੁਣ ਗਲ ਆਉਂਦੀ ਹੈ ਕਿ ਗੁਰਸਿੱਖ ਨੇ ਅਪਣੀ ਕਿਰਤ ਕਮਾਈ ਚੋਂ ਦਸਵੰਧ ਭਾਵ ਕੁਲ ਆਮਦਨ ਦਾ ਦੱਸਵਾਂ ਹਿੱਸਾ ਕੱਢਕੇ ਗੁਰਬਾਣੀ ਆਸ਼ੇ ਅਨੁਸਾਰ ਪੰਥ ਅਤੇ ਕੌਮ ਦੇ ਵਾਧੇ ਲਈ ਜਾਂ ਲੋੜਵੰਦਾ ਦੀ ਸੰਭਾਲ ਲਈ ਵਰਤਨਾ ਹੈ। ਰਹਿਤਨਾਮਿਆਂ `ਚ ਵੀ ਜ਼ਿਕਰ ਆਇਆ ਹੈ ਜਿਵੇਂ ਭਾਈ ਨੰਦ ਸਿੰਘ ਲਾਲ ਦੇ ਪ੍ਰਸ਼ਨਾ ਦੇ ਉਤਰ `ਚ ਦਸਮ ਪਿਤਾ ਫ਼ੁਰਮਾਂਦੇ ਹਨ “ਦਸਵੰਧ ਗੁਰੂ ਨਹਿ ਦੇਵਈ ਝੂਠ ਬੋਲ ਜੋ ਖਾਇ॥ ਕਹੈ ਗਬਿੰਦ ਸਿੰਘ ਲਾਲ ਜੀ ਤਿਸਕਾ ਕਿਛੁ ਨ ਬਿਸਾਹਿ” ਇਸੇਤਰ੍ਹਾਂ ਰਹਿਤਨਾਮਾ ਭਾਈ ਦੇਸਾ ਸਿੰਘ “ਦਸਨਖ ਕਰ ਜੋ ਕਾਰ ਕਮਾਵੈ, ਤਾਂ ਕਰ ਜੋ ਧਨ ਘਰ ਮੋ ਆਵੈ॥ ਤਿਸ ਤੇ ਗੁਰੁ ਦਸੌਂਧ ਜੋ ਦੇਈ, ਸਿੰਘ ਸੁਯਸ ਬਹੁ ਜਗ ਮਹਿ ਲੇਈ” ਇਸੇਤਰ੍ਹਾਂ ਰਹਿਤਨਾਮਾ ਭਾਈ ਚੋਂਪਾ ਸਿੰਘ `ਚ ਵਰਨਣ ਹੈ “ਧਰਮ ਕਿਰਤ ਦੇ ਨਫ਼ੇ ਵਿਚੋਂ ਗੁਰੂ ਅਰਥ ਦਸਵੰਧ ਦੇਵੇ”। ਪੰਥ ਦੇ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਦਸਵੰਧ ਬਾਰੇ ਲਿਖਦੇ ਹਨ “ਦਸਵੰਧ- ਦਸਵਾਂ ਭਾਗ। ਜੋ ਅਪਨੀ ਕਛੁ ਕਰਹੁ ਕਮਾਈ। ਗੁਰੁ ਹਿਤ ਦਿਹੁ ਦਸਵੰਧ ਬਨਾਈ (ਗੁਪ੍ਰਸੂ) ਦੇਖੋ, ਦਸੌਂਧ- “ਦਸੌਂਧ-ਸੰਗ੍ਯਾ- ਦਸ਼ਮਾਂਸ਼. ਦਸ਼ਵਾਂ ਭਾਗ. ਦਸਵਾਂ ਹਿੱਸਾ. . . ਕਮਾਈ ਵਿੱਚੋਂ ਦੱਸਵਾਂ ਹਿੱਸਾ ਕਰਤਾਰ ਅਰਥ ਦੇਣਾ ਸਿੱਖ ਧਰਮ ਵਿੱਚ ਵਿਧਾਨ ਹੈ.”ਦਸ ਨਖ ਕਰਿ ਜੋ ਕਾਰ ਕਮਾਵੈ। ਤਾਂ ਕਰ ਜੋ ਧਨ ਘਰ ਮਹਿ ਆਵੈ। ਤਿਸ ਤੇ ਗੁਰੁਦਸੌਂਧ ਜੋ ਦੇਈ। ਸਿੰਘ ਸੁਯਸ ਬਹੁ ਜਗ ਮੇ ਲੇਈ.” (ਪ੍ਰਸ਼ਨੋਤਰ ਭਾਈ ਨੰਦਲਾਲ) “ਦਸਵਾਂ ਹਿੱਸਾ ਖੱਟਕੈ ਸਿੱਖਾਂ ਦੇ ਮੁਖ ਪਾਇ” …”

ਬ੍ਰਾਹਮਣੀ ਦਾਨ-ਪੁੰਨ ਬਨਾਮ ਦਸਵੰਧ- ਸੁਆਲ ਪੈਦਾ ਹੁੰਦਾ ਹੈ ਕਿ ਬ੍ਰਾਹਮਣੀ ਦਾਨ-ਪੁੰਨ ਅਤੇ ਇਸ ਦਸਵੱਧ `ਚ ਫ਼ਰਕ ਕਿਥੇ ਹੈ? ਦਰਅਸਲ ਬ੍ਰਾਹਮਣੀ ਦਾਨ ਪੁੰਨ ਦਾ ਆਧਾਰ ਹੀ ਮੈ ਜਾਂ “ਮੈ ਕਰਦਾ ਹਾਂ, ਉਹ ਇਸਲਈ ਕਿ ਮਰਨੋ ਬਾਦ ਮੈਨੂ ਸੁਰਗ `ਚ ਕਈ ਗੁਣਾ ਹੋਕੇ ਮਿਲੇਗਾ `ਤੇ ਸੰਸਾਰ `ਚ ਵੀ ਸ਼ੋਭਾ ਹੋਵੇਗੀ”। ਇਸ ਦੇ ਉਲਟ ਗੁਰਬਾਣੀ ਸੋਝੀ ਰਾਹੀਂ ਜਦੋਂ ਮਨ ਦੀ ਅਵਸਥਾ ਹੀ ਬਦਲ ਜਾਂਦੀ ਹੈ ਕਿ ਮਨੁੱਖ ਕੋਲ ਅਪਣੇ ਸਰੀਰ ਸਮੇਤ ਸਾਰੀਆਂ ਦਾਤਾਂ ਹੀ ਅਕਾਲ ਪੁਰਖ ਦੀਆਂ ਹਨ, ਇਸਲਈ ਮਨੁੱਖ ਕਦੇ ਦਾਨੀ ਹੋ ਹੀ ਨਹੀਂ ਸਕਦਾ। ਗੁਰਬਾਣੀ ਵਿਚਾਰਧਾਰਾ ਰਾਹੀਂ ਜਦੋਂ ਇਹ ਸਮਝ ਆ ਜਾਂਦੀ ਹੈ ਕਿ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ” (ਪੰ: 1245) ਗੁਰਬਾਣੀ ਦੇ ਇਸ ਆਦੇਸ਼ ਦਾ ਉਸ ਕੋਲ ਦੂਜਾ ਰੂਪ ਹੈ ਜਿਸ ਨੂੰ ਸਿੱਖ ਸਿਧਾਂਤ ਕਰਕੇ ਜਾਣਿਆ ਜਾਂਦਾ ਹੈ ਅਤੇ ਉਹ ਹੈ ਨਾਮ ਜਪੋ, ਕਿਰਤ ਕਰੋ, ਵੰਡ ਛਕੋ” ਜਿਸਦੇ ਅਰਥ ਹਨ ਗੁਰਬਾਣੀ” ਸਿਖਿਆ ਅਨੁਸਾਰ ਜੀਵਨ ਨੂੰ ਤਿਆਰ ਕਰਨਾ। ਇਸਤਰ੍ਹਾਂ ਜੇਕਰ ਗੁਰਬਾਣੀ ਆਸ਼ੇ ਅਨੁਸਾਰ, ਜਦੋਂ ਜੀਵਨ ਦੀ ਉਚੀ-ਆਤਮਕ ਅਵਸਥਾ ਬਣ ਆਵੇ ਤਾਂ ਹੀ ਸਮਝ ਆ ਸਕੇਗੀ ਕਿ ਘਾਲਿ ਖਾਇ” ਭਾਵ ਕਿਰਤ ਕਰੋ” ਕਹਿਕੇ ਸਾਨੂੰ ਕੀ ਸਮਝਾਇਆ ਜਾ ਰਿਹਾ ਹੈ। ਇਸੇ ਹੀ ਆਦੇਸ਼ ਦਾ ਅਗਲਾ ਪੜਾਅ ਹੈ “ਕਿਛੁ ਹਥਹੁ ਦੇਇ” ਭਾਵ ਇਸੇ ਦੇ ਅਰਥ “ਵੰਡ ਛਕੋ” ਹੀ ਹਨ। ਉਂਝ ਵੀ ਜਿਉਂ ਜਿਉਂ ਮਨੁੱਖ ਅੰਦਰ ਗੁਰਬਾਣੀ ਜੀਵਨ ਪ੍ਰਕਟ ਹੁੰਦਾ ਜਾਂਦਾ ਹੈ ਉਸਨੂੰ ਸਮਝ ਆਉਂਦੀ ਜਾਂਦੀ ਹੈ ਕਿ ਉਹ ਇੱਕ ਸਮਾਜਿਕ ਅਤੇ ਧਾਰਮਿਕ ਪ੍ਰਾਣੀ ਹੈ। ਉਸ ਨੂੰ ਸਾਰਿਆਂ ਅੰਦਰ ਪ੍ਰਭੁ ਦਾ ਨੂਰ ਦਿਸਦਾ ਹੈ, ਅਜੇਹੀ ਹਾਲਤ ਵਿੱਚ ਨਾ ਤਾਂ ਉਹ “ਮੈਂ ਦਾਨੀ ਹਾਂ” ਬਣ ਸਕਦਾ ਹੈ ਅਤੇ ਨਾ ਹੀ ਨਿੱਪਟ ਮੱਤਲਬੀ-ਸੁਆਰਥੀ। ਅਜੇਹੀ ਅਵਸਥਾ `ਚ ਪਰੋਪਕਾਰ, ਸਾਂਝੀਵਾਲਤਾ, ਲੋੜਵੰਦਾ ਦੀ ਮੱਦਦ, ਮਾਨਵਤਾ ਅਤੇ ਧਰਮ ਦੀ ਸੰਭਾਲ ਉਸਦੇ ਜੀਵਨ ਦੇ ਅਣਿਖੜਵੇਂ ਇਲਾਹੀ ਗੁਣ `ਤੇ ਸੁਭਾਅ ਹੁੰਦੇ ਜਾਂਦੇ ਹਨ। ਉਸਨੂੰ ਸਮਝ ਆ ਜਾਂਦੀ ਕਿ ਉਸਦੀ ਕਿਰਤ ਕਮਾਈ `ਚ ਉਸਦੇ ਇਨ੍ਹਾਂ ਉਪਰਲੇ ਫ਼ਰਜ਼ਾਂ ਲਈ ਵੀ ਗੁਰੂ ਆਪ ਸਹਾਈ ਹੋ ਰਿਹਾ ਹੈ। ਗੁਰਬਾਣੀ ਜੀਵਨ ਦਾ ਰਾਹੀ ਹੋਣ ਕਾਰਣ “ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ॥ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ” (ਪੰ: 1349) ਜੀਵਨ ਦੀਆਂ ਸਚਾਈਆ ਉਸਦੇ ਅੰਦਰ ਅਪਣੀ ਜਗ੍ਹਾਂ ਬਣਾਦੀਆਂ ਜਾਂਦੀਆਂ ਹਨ ਅਤੇ ਮੈਂ ਮੇਰਾ ਜਾਂ ਮੈਂ ਕਰਦਾ ਹਾਂ ਵਾਲੀਆਂ, ਗੁਰਮਤਿ ਵਿਰੋਧੀ ਸੋਚਣੀਆਂ ਉਸਦੇ ਅੰਦਰੋ ਮੁੱਕਦੀਆਂ ਜਾਂਦੀਆਂ ਹਨ। ਇਹ ਹੈ ਵੱਡਾ ਫ਼ਰਕ ਬ੍ਰਾਹਮਣੀ ਦਾਨ-ਪੁੰਨ ਦਾ ਅਤੇ ‘ਵੰਡ ਛਕੋ’ ਜਾਂ ਦਸਵੰਧ ਦਾ। ਇੱਕ ਪਾਸੇ ਮਨੁੱਖ ਕਹਿੰਦਾ ਹੈ ‘ਮੈਂ ਕਰਦਾ ਹਾਂ `ਤੇ ਮਰਨ ਤੋਂ ਬਾਦ ਮੈਂਨੂੰ ਹਜ਼ਾਰ ਗੁਣਾ ਹੋਕੇ ਮਿਲੇਗਾ ਅਤੇ ਲੋਕ ਮੇਰੀ ਵਾਹ! ਵਾਹ ਕਰਣਗੇ। ਦੂਜਾ ਜਿੱਥੇ ਮਨੁੱਖ ਦੀ ਬਣ ਚੁਕੀ ਮਾਨਸਿਕ ਅਵਸਥਾ ਕਿ “ਤੂੰ ਕਰਤਾ ਕਰਣਾ ਮੈ ਨਾਹੀ ਜਾ ਹਉ ਕਰੀ ਨ ਹੋਈ” (ਪੰ: 469) ਦੋਨਾਂ `ਚ ਦਿਨ ਰਾਤ ਦਾ ਫ਼ਰਕ ਹੈ।

ਦਰਅਸਲ ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ” (ਪੰ: 1245) ਦਾ ਹੀ ਅਗਲਾ ਪੜਾਅ ਹੈ ਜਦੋਂ ਚੌਥੇ ਜਾਮੇ `ਚ ਗੁਰਦੇਵ ਨੇ ਸਿੱਖ ਨੂੰ ਦ੍ਰਿੜ ਕਰਵਾ ਦਿਤਾ ਕਿ ਉਸਨੇ ਅਪਣੀ ਘਾਲਿ ਖਾਇ” ਭਾਵ ਕਿਰਤ ਕਮਾਈ `ਚੋਂ ਦਸਵਾਂ ਹਿੱਸਾ ਲੋੜਵੰਦਾ ਅਥਵਾ ਧਾਰਮਿਕ ਸੰਭਾਲ ਲਈ ਗੁਰੂ ਨਮਿਤ ਕਢਣਾ ਹੈ। ਜੇਕਰ ਸੱਚਮੁਚ ਹੀ ਉਸਦੀ ਕਰਨੀ ਘਾਲਿ ਕਮਾਈ” ਭਾਵ “ਕਿਰਤ” ਰਵੇਗੀ ਤਾਂ ਉਸ `ਚ ਨੌ-ਹਿੱਸੇ ਗੁਰੂ ਨਿਜੀ ਲੋੜਾਂ ਲਈ ਅਤੇ ਵਾਧੂ ਦੱਸਵਾਂ ਹਿੱਸਾ ਉਸਨੂੰ ਗੁਰੂ ਦੇਵੇਗਾ ਹੀ ਇਸੇ ਲਈ, ਇਸ ਲਈ, ਸਿੱਖ ਨੇ ਅਮਾਨਤ `ਚ ਖਿਆਨਤ ਨਹੀਂ ਕਰਨੀ। ਇਸੇ ਤੋਂ ਉਸਦੀ ਕਰਣੀ ਬਣ ਜਾਂਦੀ ਹੈ “ਕਿਛੁ ਹਥਹੁ ਦੇਇ” ਜਾਂ ਵੰਡ ਛੱਕਣ” ਵਾਲੀ। ਇਸਤਰ੍ਹਾਂ ਜਦੋਂ ਸਿੱਖ ਨੂੰ ਪੱਕਾ ਹੋ ਜਾਂਦਾ ਹੈ ਕਿ ਇਹ ਕਮਾਈ ਗੁਰੂ ਨੇ ਉਸਨੂੰ ਦਿਤੀ ਹੀ ਇਸੇ ਲਈ ਹੈ ਤਾਂ “ਮੈਂ ਦਾਨੀ” ਜਾਂ “ਮੈਂ ਦਾਨ ਕੀਤਾ” ਵਾਲੀ ਸੋਚਣੀ ਉਸ ਅੰਦਰ ਜਨਮ ਲਵੇਗੀ ਵੀ ਤਾਂ ਕਿਹੜੇ ਰਸਤੇ?

ਹਮ ਭੀਖਕ ਭੇਖਾਰੀ ਤੇਰੇ- ਇਸਤਰ੍ਹਾਂ ਬੰਦਾ ਜਿਉਂ ਜਿਉਂ ਗੁਰਬਾਣੀ ਦੀ ਸ਼ਰਣ `ਚ ਆਉਂਦਾ ਹੈ ਉਸਨੂੰ ਸਪੱਸ਼ਟ ਹੁੰਦਾ ਜਾਂਦਾ ਹੈ ਕਿ ਅਸੀਂ ਸਾਰੇ ਹੀ ਅਕਾਲਪੁਰਖ ਦੇ ਦਰ ਦੇ ਮੰਗਤੇ ਹਾਂ “ਤੂ ਦਾਤਾ ਦਾਤਾਰੁ ਤੇਰਾ ਦਿਤਾ ਖਾਵਣਾ” (ਪੰ: 652) ਥੇ ਤਾਂ “ਹਮ ਭੀਖਕ ਭੇਖਾਰੀ ਤੇਰੇ ਤੂ ਨਿਜ ਪਤਿ ਹੈ ਦਾਤਾ॥ ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ” (ਪੰ: 666) ਅਤੇ “ਤੂ ਪ੍ਰਭ ਦਾਤਾ ਦਾਨਿ ਮਤਿ ਪੂਰਾ ਹਮ ਥਾਰੇ ਭੇਖਾਰੀ ਜੀਉ॥ ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ ਹਰਿ ਦੀਜੈ ਨਾਮੁ ਪਿਆਰੀ ਜੀਉ” (ਪੰ: 597) ਗੁਰਬਾਣੀ ਦੀ ਸ਼ਰਣ `ਚ ਆਉਣ ਕਰਕੇ ਮਨੁੱਖ ਦੀ ਅਵਸਥਾ ਇੰਨੀ ਉੱਚੀ ਹੋ ਜਾਂਦੀ ਹੈ ਕਿ ਅਪਣੇ ਆਪ `ਚ ਦਾਨੀ-ਦਾਤਾ ਹੋਣਾ ਤਾਂ ਦੂਰ, ਉਸਦੀਆਂ ਸੰਸਾਰਕ ਮੰਗਾ ਵੀ ਮੁੱਕ ਜਾਂਦੀਆਂ ਹਨ। ਤਾਂ ਫ਼ਿਰ ਉਸਦੀ ਮੰਗ ਹੁੰਦੀ ਹੈ ਐ ਪਾਤਸ਼ਾਹ! “ਮੈ ਕਿਆ ਮਾਗਉ ਕਿਛੁ ਥਿਰੁ ਨ ਰਹਾਈ” ਇਸ ਕਰਕੇ ਪਾਤਸ਼ਾਹ ਮੈਨੂੰ ਤਾਂ “ਦੀਜੈ ਨਾਮੁ ਪਿਆਰੀ ਜੀਉ” ਅਥਵਾ “ਹੋਹੁ ਦੈਆਲ ਨਾਮੁ ਦੇਹੁ ਮੰਗਤ ਜਨ ਕੰਉ ਸਦਾ ਰਹਉ ਰੰਗਿ ਰਾਤਾ” ਇਹ ਹੁੰਦਾ ਹੈ ਉਸਦੇ ਜੀਵਨ ਨਾਲ ਗੁਰਬਾਣੀ ਦਾ ਕ੍ਰਿਸ਼ਮਾ। ਫ਼ਿਰ ਜੇਕਰ ਕੁੱਝ ਮੰਗਦਾ ਵੀ ਹੈ ਤਾਂ ਕੇਵਲ ਕਰਤਾਰ ਤੋਂ ਜਿਸਦੇ ਭੰਡਾਰਿਆਂ `ਚ ਕਦੇ ਥੁੱੜ ਨਹੀਂ ਆਉਂਦੀ ਜਿਵੇਂ ਬਾਰਿਕ ਵਾਂਗੀ ਹਉ ਸਭ ਕਿਛੁ ਮੰਗਾ॥ ਦੇਦੇ ਤੋਟਿ ਨਾਹੀ ਪ੍ਰਭ ਰੰਗਾ” (ਪੰ: 99) ਅਤੇ ਸਭ ਕੋ ਮਾਤ ਪਿਤਾ ਪ੍ਰਤਿਪਾਲਕ ਜੀਅ ਪ੍ਰਾਨ ਸੁਖ ਸਾਗਰੁ ਰੇ॥ ਦੇਂਦੇ ਤੋਟਿ ਨਾਹੀ ਤਿਸੁ ਕਰਤੇ ਪੂਰਿ ਰਹਿਓ ਰਤਨਾਗਰੁ ਰੇ” (ਪੰ: 209) ਅਜੇਹਾ ਮਨੁੱਖ ਇੱਕ ਕਰਤਾਰ ਨੂੰ ਛੱਡ ਕਿਸੇ ਦੇਵੀ-ਦੇਵਤਿਆਂ-ਮੜੀਆਂ-ਕੱਬਰਾ-ਦਰਖਤਾਂ-ਨਦੀਆਂ, ਸੱਪਾਂ, ਪਸ਼ੂਆਂ ਦਾ ਉਪਾਸ਼ਕ ਨਹੀਂ ਰਹਿੰਦਾ। ਸੁਖਨਾ-ਚਲੀਹੇ, ਟੇਵੇ-ਮਹੂਰਤ ਜਾਂ ਅਖੌਤੀ ਜਿਉਤਸ਼ੀਆਂ-ਪੰਡਿਤਾਂ ਨੂੰ ਹੱਥ ਦਿਖਾਣੇ ਉਸਦੇ ਕਰਮ ਨਹੀਂ ਰਹਿ ਜਾਂਦੇ।

ਬ੍ਰਾਹਮਣੀ ਦਾਨ ਪੁੰਨ ਅਤੇ ਉਨ੍ਹਾ ਦਾ ਵਿਕਰਾਲ ਰੂਪ- ਦੂਜੇ ਪਾਸੇ ਬ੍ਰਾਹਮਣੀ ਦਾਨ ਪੁੰਨ ਜਿਨ੍ਹਾਂ ਦਾ ਗੁਰਮਤਿ ਨੇ ਭਰਵਾਂ ਵਿਰੋਧ ਕੀਤਾ ਹੈ ਅਤੇ ਉਨ੍ਹਾਂ ਨੂੰ ਪਖੰਡ ਕਰਮ ਤੀਕ ਬਿਆਣਿਆ ਹੈ ਜਿਵੇਂ “. . ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ॥ ੧ ॥ ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ॥ ਹਰਿ ਕਾ ਨਾਮੁ ਨਿਤ ਨਿਤਹਿ ਲੀਜੈ॥ ੧ ॥ ਰਹਾਉ॥ ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹ੍ਹਾਈਐ ਗੋਮਤੀ ਸਹਸ ਗਊ ਦਾਨੁ ਕੀਜੈ॥ ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ॥ ੨ ॥ ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ॥ ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ॥ ੩ ॥” (ਪੰ: 973)। ਇਸਦੇ ਮੁਖ ਕਾਰਣ ਹਨ ਪਹਿਲਾ-ਕਿ ਇਨ੍ਹਾਂ ਦਾਨ-ਪੁੰਨ ਆਦਿ ਕਰਮਕਾਂਡਾ ਦਾ ਆਧਾਰ ਹੀ ਹਊਮੈ, ਮੈਂ ਵਾਲੀ ਅਗਿਆਨਤਾ ਹੈ। ਨੌਵੇਂ ਪਾਤਸ਼ਾਹ ਫ਼ੁਰਮਾਂਦੇ ਹਨ ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥ ਨਾਨਕ ਨਿਹਫਲੁ ਜਾਤ ਤਿਹ ਜਿਉ ਕੁੰਚਰ ਇਸਨਾਨੁ” (ਪੰ: 1428) ਦੂਜਾ-ਇਥੇ ਦਾਨ ਦੇਣਾ, ਕਿਸੇ ਲੋੜਵੰਦ ਦੀ ਮਦਦ ਕਰਨਾ ਨਹੀਂ ਬਲਕਿ ਵਿਸ਼ੇਸ਼ ਕੈਟੇਗਰੀ ਭਾਵ ਹਰੇਕ ਤਰ੍ਹਾਂ ਦਾ ਦਾਨ-ਪੁੰਨ ਲੈਣ ਦਾ ਹੱਕ ਕੇਵਲ ਬ੍ਰਾਹਮਣ ਨੂੰ ਹੀ ਹੈ। ਇਸਦੇ ਦੋ ਵੱਡੇ ਸਮਾਜਕ ਨੁਕਸਾਨ ਹੋਏ ਹਨ ਜਿਨ੍ਹਾਂ ਦੀ ਕਿ ਭਰਪਾਈ ਵੀ ਸੰਭਵ ਨਹੀਂ। ਪਹਿਲਾ- ਜਦੋਂ ਦਾਨ ਦੀ ਭਾਵਨਾ ਹੀ ਮੈਂ ਉਪਰ ਖਲੋਤੀ ਹੈ ਤਾਂ ਹਰੇਕ ਮਨੁੱਖ ਵੱਡਾ ਦਾਨੀ ਬਣ ਕੇ ਦੂਜਿਆਂ ਤੋਂ ਅਗੇ ਨਿਕਲਨਾ ਚਾਹੁੰਦਾ ਹੈ ਜੋ ਹਉਮੈ-ਹੰਕਾਰ ਨੂੰ ਪੱਠੇ ਪਾਉਂਦੀ `ਤੇ ਜੀਵਨ ਨੂੰ ਗੰਦਾ ਕਰਦੀ ਹੈ। ਦੂਜਾ-ਦਾਨ ਲੈਣ ਦਾ ਮੰਨਿਆਂ ਜਾਂਦਾ ਹੱਕਦਾਰ ਬ੍ਰਾਹਮਣ ਵੀ ਨਿੱਤ ਨਵੇਂ ਢੰਗ ਉਲੀਕਦਾ ਹੈ ਕਿ ਕਿਸ ਤਰ੍ਹਾਂ ਨਵੇਂ-ਨਵੇਂ ਵਹਿਮ-ਭਰਮ, ਡਰ-ਸਹਿਮ ਪੈਦਾ ਕਰਕੇ ਲੋਕਾਈ ਨੂੰ ਵੱਧ ਤੋਂ ਲੁਟਿਆ ਜਾਵੇ। ਲੋਕਾਈ ਦਾ ਖੂਨ ਚੂਸਿਆ ਜਾਵੇ ਜਾਂ ਗ਼ਰੀਬਾਂ ਮਜ਼ਲੂਮਾ ਨੂੰ ਧਾਰਮਿਕ ਪਖੋਂ ਉਨ੍ਹਾਂ ਦਾ ਜੀਵਨ ਉਚਾ ਚੁੱਕਣ ਦੀ ਬਜਾਏ, ਭਰਮਾਂ ਦਾ ਵਾਧਾ ਕਰਕੇ ਉਨ੍ਹਾਂ ਦਾ ਵੱਧ ਤੋਂ ਵੱਧ ਸ਼ੋਸ਼ਣ ਕੀਤਾ ਜਾਵੇ।

ਇਥੋਂ ਤੀਕ ਕਿਸੇ ਗ਼ਰੀਬ ਦੇ ਮੌਤ ਵੀ ਹੋ ਜਾਏ, ਜਿਸ ਵਿਚਾਰੇ ਕੋਲ ਸਰਦੀ ਤੋਂ ਬਚਾਅ ਲਈ ਅਪਣੇ ਲਈ ਰਜ਼ਾਈ ਨਹੀਂ, ਪੈਰੀਂ ਜੁਤੀ `ਤੇ ਖੁਦ ਗਰਮੀ-ਸਰਦੀ ਨੰਗੇ ਪੈਰੀ ਘੁੰਮਦਾ ਹੈ ਪਰ ਤੇਰ੍ਹਾਂ ਪਦਾਂ ਦੇ ਨਾਮ ਤੇ ਉਸਨੇ ਰਜ਼ਾਈਆਂ, ਤਲਾਈਆਂ, ਬਿੱਸਤਰੇ, ਜੁਤੀਆਂ, ਭਾਂਡੇ, ਛੱਤਰੀ, ਅੰਨ, ਫ਼ਰੂਟ ਬਲਕਿ ਗਰੁੜ ਪੁਰਾਣ ਅਨੁਸਾਰ ਤਾਂ ਲਵੇਰੀ ਗਊ, ਸ਼ੀਸ਼ਮ ਦਾ ਪਲੰਘ, ਸ਼ਿਵਜੀ-ਪਾਰਬਤੀ ਦੀ ਸੋਨੇ ਦੀ ਮੂਰਤੀ, ਮਰਣ ਵਾਲੇ ਦੇ ਸਰੀਰ ਦੇ ਨੌਵਾਂ ਰਸਤਿਆਂ `ਚ ਸੋਨੇ ਦੀਆਂ ਡਲੀਆਂ ਤੀਕ ਦੇ ਦਾਨ ਦਾ ਵਿਧਾਨ ਹੈ। ਜਿਸਤੋਂ ਬਿਨਾਂ ਪਿੱਤਰਾਂ ਦੀ ਸਦਗਤੀ ਨਹੀਂ ਹੋਵੇਗੀ ਪ੍ਰੇਤ ਜੂਨੀ ਪੈਣਗੇ, ਅਪਣਾ ਗੁੱਸਾ ਪ੍ਰਵਾਰ ਤੇ ਕੱਢਣਗੇ ਅਤੇ ਪ੍ਰਵਾਰ `ਚ ਕੁਸ਼ਲਤਾ ਨਹੀਂ ਰਵੇਗੀ। ਇਸੇ ਹੀ ਦਾਨ ਪੁੰਨ ਦਾ ਵਿਗੜਿਆ ਰੂਪ, ਕੇਵਲ ਘੋੜੇ-ਹਾਥੀਆਂ-ਭੂਮੀ ਆਦਿ ਦਾ ਦਾਨ ਹੀ ਨਹੀਂ ਬਲਕਿ “ਸਿਹਜਾ ਨਾਰੀ ਭੂਮਿ ਦਾ” ਭਾਵ ਸ਼ਾਦੀ ਤੋਂ ਬਾਦ ਸੇਜਾ ਸਜਾ ਕੇ ਪਹਿਲੀ ਰਾਤ ਨਵੀਂ ਵਿਆਹੀ ਇੱਸਤ੍ਰੀ ਨੂੰ ਬ੍ਰਾਹਮਣ ਤੋਂ ਪਵਿਤ੍ਰ ਕਰਵਾਉਣਾ ਹੈ। ਗੁਰਬਾਣੀ ਚ’ ਇਸਦਾ ਜ਼ਿਕਰ ਨਾਮਦੇਵ ਤੋਂ ਇਲਾਵਾ ਭਗਤ ਰਵੀਦਾਸ ਜੀ ਨੇ ਵੀ ਕੀਤਾ ਹੈ ਜਿਵੇਂ ਅਰਪੈ ਨਾਰਿ ਸੀਗਾਰ ਸਮੇਤਿ” (ਪੰ: 875)।

ਸਿਰਿ ਕਰਵਤ ਧਰਾਏ-ਅਜੇਹੇ ਹੀ ਦਾਨ-ਪੁੰਨ ਦਾ ਹੋਰ ਭਿਅੰਕਰ ਰੂਪ ਸੀ ਬ੍ਰਾਹਮਣਾ ਰਾਹੀ ਬਨਾਰਸ `ਚ ਆਰਾ। ਇਸ ਬਾਰੇ ਪ੍ਰਚਲਤ ਸੀ, ਜਿਹੜਾ ਮਨੁੱਖ ਸਿੱਧਾ ਸੁਰਗ ਜਾਣਾ ਚਾਹੁੰਦਾ ਹੈ, ਪਹਿਲਾਂ ਸਾਰਾ ਧੰਨ-ਮਾਲ ਬ੍ਰਾਹਮਣਾਂ ਨੂੰ ਦਾਨ ਕਰ ਦੇਵੇ ਉਪਰੰਤ ਆਰੇ ਹੇਠ ਸੀਸ ਕੱਟਵਾ ਦੇਵੇ ਤਾਂ ਉਹ ਮਨੁੱਖ ਸਿੱਧਾ ਸੁਰਗ ਜਾਵੇਗਾ। ਦੂਜੇ ਪਾਸੇ ਇਹੀ ਸੁਰਗ-ਨਰਕ-ਪਿਤਰਲੋਕ-ਜਮਲੋਕ ਆਦਿ ਹਨ ਜਿਨ੍ਹਾਂ ਦੀ ਹੋਂਦ ਨੂੰ ਵੀ ਗੁਰਮਤਿ ਪ੍ਰਵਾਣ ਨਹੀਂ ਕਰਦੀ। ਇਸੇ ਪ੍ਰਚਲਣ ਦਾ ਨਤੀਜਾ ਕਿ ਅਗਿਆਨੀ ਲੋਕ ਅਜੇਹੇ ਅਖੌਤੀ ਸੁਰਗ ਦੀ ਲਾਲਸਾ `ਚ ਆਰੇ ਹੇਠ ਜੀਂਦੇ ਜੀਅ, ਸਿਰ ਕਟਵਾਂਦੇ ਰਹੇ। ਇਸ ਆਰੇ ਦਾ ਜ਼ਿਕਰ ਬਾਣੀ `ਚ ਕਈ ਥਾਵੇਂ ਆਇਆ ਹੈ ਜਿਵੇਂ “. . ਅਨਿਕ ਪ੍ਰਕਾਰ ਕੀਏ ਬਹੁ ਜਤਨਾ॥ ਪੁੰਨ ਦਾਨ ਹੋਮੇ ਬਹੁ ਰਤਨਾ॥ ਸਰੀਰੁ ਕਟਾਇ ਹੋਮੈ ਕਰਿ ਰਾਤੀ॥ ਵਰਤ ਨੇਮ ਕਰੈ ਬਹੁ ਭਾਤੀ॥ ਨਹੀ ਤੁਲਿ ਰਾਮ ਨਾਮ ਬੀਚਾਰ॥ ਨਾਨਕ ਗੁਰਮੁਖਿ ਨਾਮੁ ਜਪੀਐ ਇੱਕ ਬਾਰ” (ਪੰ: 265) ਜਾਂ “ਮਨ ਕਾਮਨਾ ਤੀਰਥ ਜਾਇ ਬਸਿਓ ਸਿਰਿ ਕਰਵਤ ਧਰਾਏ॥ ਮਨ ਕੀ ਮੈਲੁ ਨ ਉਤਰੈ ਇਹ ਬਿਧਿ ਜੇ ਲਖ ਜਤਨ ਕਰਾਏ” (ਪੰ: 642) ਕਿਹਾ ਜਾਂਦਾ ਹੈ ਕਿ ਬਨਾਰਸ ਵਿਚੋਂ ਇਹ ਜ਼ੁਲਮੀ ਆਰਾ ਸ਼ਾਹਜਹਾਂ ਨੇ ਪੁਟਵਾਇਆ। ਇਸੇਤਰ੍ਹਾਂ ਪ੍ਰਯਾਗ `ਚ ਵੱਟ ਬਿਰਖ ਪ੍ਰਗਟ ਕੀਤਾ ਜਿਸ ਪਿਛੇ ਉਹੀ ਵਿਸ਼ਵਾਸ ਜੋੜੇ ਗਏ, ਪਹਿਲਾਂ ਸਾਰਾ ਧੰਨ ਮਾਲ ਬ੍ਰਾਹਮਣਾਂ ਨੂੰ ਦਾਨ ਕਰੋ ਉਪਰੰਤ ਉਸ ਉਪਰੋਂ ਛਾਲ ਮਾਰ ਕੇ ਅਪਣੀ ਜਾਨ ਦੇ ਦੇਵੇ, ਮਨੁੱਖ ਸਿੱਧਾ ਸੁਰਗ ਜਾਵੇਗਾ। ਅਜੇਹਾ ਹੀ ਵਿਸ਼ਵਾਸ ਜਗਨ-ਨਾਥ ਪੁਰੀ ਦੀ ਰੱਥਯਾਤਰਾ ਸਮੇਂ ਰੱਥ ਹੇਠ ਆਕੇ ਜਾਨ ਦੇਣ ਨਾਲ ਵੀ ਪ੍ਰਚਲਤ ਕੀਤਾ ਹੋਇਆ ਹੈ। ਇਸੇ ਤਰ੍ਹਾਂ ਜਨਮ ਤੋਂ ਲੈ ਕੇ ਮਰਨ ਤੀਕ, ਗਰਿਹ ਪ੍ਰਵੇਸ਼, ਭੂਮੀ ਪੂਜਣ, ਸ਼ਰਾ ਆਦਿ ਬ੍ਰਾਹਮਣ ਦੇ 16 ਸੰਸਕਾਰ ਕੀ ਹਨ? ਇਸੇ ਤਰ੍ਹਾਂ ਗ੍ਰਿਹ-ਨਖਤ੍ਰ, ਸੂਰਜ-ਚੰਦ ਗ੍ਰਹਿਣ, ਥਿੱਤ-ਵਾਰ, ਰਾਸ਼ੀ ਫ਼ਲ ਅਤੇ ਹੋਰ ਬਹੁਤ ਕੁਝ; ਸਭ ਦਾ ਮੱਕਸਦ ਹੈ ਬ੍ਰਾਹਮਣ ਨੂੰ ਦਾਨ-ਪੁੰਨ ਹੋਰ ਕੁੱਝ ਨਹੀਂ।

“ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ” - ਦੂਜੇ ਪਾਸੇ ਗੁਰਬਾਣੀ ਦਾ ਫ਼ੈਸਲਾ ਹੈ “ਜਪੁ ਤਪੁ ਸੰਜਮੁ ਸਾਧੀਐ ਤੀਰਥਿ ਕੀਚੈ ਵਾਸੁ॥ ਪੁੰਨ ਦਾਨ ਚੰਗਿਆਈਆ ਬਿਨੁ ਸਾਚੇ ਕਿਆ ਤਾਸੁ” (ਪੰ: ੫੬) ਇਥੋਂ ਤੀਕ ਕਿ “ਮਕਰ ਪ੍ਰਾਗਿ ਦਾਨੁ ਬਹੁ ਕੀਆ ਸਰੀਰੁ ਦੀਓ ਅਧ ਕਾਟਿ॥ ਬਿਨੁ ਹਰਿ ਨਾਮ ਕੋ ਮੁਕਤਿ ਨ ਪਾਵੈ ਬਹੁ ਕੰਚਨੁ ਦੀਜੈ ਕਟਿ ਕਾਟ” (ਪੰ: 986) ਭਾਵ ਮਾਘ ਦਾ ਮਹੀਨਾ `ਤੇ ਪ੍ਰਯਾਗ ਦਾ ਸਥਾਨ ਹੋਵੇ ਜਿਸਨੂੰ ਬ੍ਰਾਹਮਣ ਮੱਤ `ਚ ਇਸ਼ਨਾਨ-ਕਲਪਵਾਸ ਦੇ ਨਾਲ ਨਾਲ ਬ੍ਰਾਹਮਣਾਂ ਨੂੰ ਦਾਨ-ਪੁੰਨ ਦਾ ਵੱਡਾ ਮਹੱਤਵ ਦਸਿਆ ਗਿਆ ਹੈ-ਉਸ ਬਾਰੇ ਚੌਥੇ ਪਾਤਸ਼ਾਹ ਫ਼ੁਰਮਾਂਦੇ ਹਨ ਐ ਭਾਈ! ਮਾਘ ਦੇ ਮਹੀਨੇ `ਚ ਜੇਕਰ ਤੂੰ ਪ੍ਰਯਾਗ ਦੇ ਸਥਾਨ ਤੇ ਜਾਕੇ ਬੇਅੰਤ ਸੋਨਾ ਦਾਨ ਕਰ ਦੇਵੇਂ, ਇਥੋਂ ਤੀਕ ਕਿ ਅਪਣੇ ਸਰੀਰ ਦੀ ਆਹੂਤੀ ਵੀ ਦੇ ਦੇਵੇਂ ਤਾਂ ਵੀ ਇਹ ਸਭ ਪ੍ਰਭੁ ਦੀ ਸਿਫ਼ਤ ਸਲਾਹ ਸਾਹਮਣੇ ਕੋਈ ਮੁਲ ਨਹੀਂ ਰਖਦੇ। ਹੋਰ ਲਵੋ “ਸਤਗੁਰੁ ਪੁਰਖੁ ਨ ਮੰਨਿਓ ਸਬਦਿ ਨ ਲਗੋ ਪਿਆਰੁ॥ ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ” (ਪੰ: 34) ਜਾਂ “ਇਸਨਾਨੁ ਦਾਨੁ ਜੇਤਾ ਕਰਹਿ ਦੂਜੈ ਭਾਇ ਖੁਆਰੁ॥ ਹਰਿ ਜੀਉ ਆਪਣੀ ਕਿ੍ਰਪਾ ਕਰੇ ਤਾ ਲਾਗੈ ਨਾਮ ਪਿਆਰੁ” (ਪੰ: 34) ਭਾਵ ਅਕਾਲਪੁਰਖ ਨਾਲ ਜੁੜਣਾ ਹੀ ਜੀਵਨ ਦੀ ਪ੍ਰਾਪਤੀ ਹੈ ਇਸਦੇ ਉਲਟ ‘ਦੂਜੈ ਭਾਇ’ ਭਾਵ ਇਹ ਸਭ ਦਾਨ, ਪੁੰਨ, ਇਸ਼ਨਾਨ ਬੇਅਰਥ ਹਨ। ਇਸਤਰ੍ਹਾਂ ਗੁਰਬਾਣੀ `ਚ ਹਜ਼ਾਰਾਂ ਵਾਰੀ ਇਨ੍ਹਾਂ ਬ੍ਰਾਹਮਣੀ ਕਰਮਕਾਂਡਾ ਵਲੋਂ ਮਨ੍ਹਾ ਕਰਕੇ ਕੇਵਲ ਕਰਤਾਰ ਨਾਲ ਜੁੜਣ ਦੀ ਗਲ ਸਮਝਾਈ ਹੈ, ਇਸ ਸੰਬੰਧ `ਚ ਹੋਰ ਪ੍ਰਮਾਣ “ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ॥ ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ” (ਪੰ: 243) ਜਾਂ “ਇਸਨਾਨੁ ਦਾਨੁ ਕਰਹਿ ਨਹੀ ਬੂਝਹਿ॥ ਇਕਿ ਮਨੂਆ ਮਾਰਿ ਮਨੈ ਸਿਉ ਲੂਝਹਿ॥ ਸਾਚੈ ਸਬਦਿ ਰਤੇ ਇੱਕ ਰੰਗੀ ਸਾਚੈ ਸਬਦਿ ਮਿਲਾਈ ਹੇ” (ਪੰ: 1046)। ਇਸਤਰ੍ਹਾਂ ਗੁਰਬਾਣੀ ਦਾ ਫ਼ੈਸਲਾ ਹੈ ਕਿ ਮਨੁੱਖਾ ਜਨਮ ਦਾ ਮੱਕਸਦ ਹੀ ਅਕਾਲਪੁਰਖ ਦਾ ਗੁਣ-ਗਾਣ ਕਰਨਾ ਅਤੇ ਉਸਨੂੰ ਹਿਰਦੇ `ਚ ਵਸਾਉਣਾ ਹੀ ਸਹੀ ਅਰਥਾਂ `ਚ ਨਾਮ, ਦਾਨ, ਇਸਨਾਨ ਹਨ ਅਤੇ ਇਨ੍ਹਾਂ ਕਰਮਕਾਂਡਾ ਦੀ ਲੋੜ ਨਹੀਂ ਫ਼ੁਰਮਾਨ ਹੈ ਅਉਸਰਿ ਹਰਿ ਜਸੁ ਗੁਣ ਰਮਣ ਜਿਤੁ ਕੋਟਿ ਮਜਨ ਇਸਨਾਨੁ॥ ਰਸਨਾ ਉਚਰੈ ਗੁਣਵਤੀ ਕੋਇ ਨ ਪੁਜੈ ਦਾਨੁ” (ਪੰ: 49) ਇਸਦੇ ਉਲਟ ਪੁੰਨ ਦਾਨ ਅਨੇਕ ਨਾਵਣ ਕਿਉ ਅੰਤਰ ਮਲੁ ਧੋਵੈ॥ ਨਾਮ ਬਿਨਾ ਗਤਿ ਕੋਇ ਨ ਪਾਵੈ ਹਠਿ ਨਿਗ੍ਰਹਿ ਬੇਬਾਣੈ॥ ਨਾਨਕ ਸਚ ਘਰੁ ਸਬਦਿ ਸਿਞਾਪੈ ਦੁਬਿਧਾ ਮਹਲੁ ਕਿ ਜਾਣੈ” (ਪੰ: 243) ਭਾਵ ਅਨੇਕਾਂ ਪੁੰਨ ਦਾਨ, ਪ੍ਰਵਾਰ ਛੱਡਕੇ ਜੰਗਲਾ `ਚ ਜਾਣਾ ਅਤੇ ਹੱਠ ਕਰਮ ਤੱਪ-ਸਮਾਧੀਆਂ ਅਤੇ ਸੰਨਅਸੀ, ਬੈਰਾਗੀ, ਨਾਂਗੇ ਆਦਿ ਅਨੇਕਾਂ ਭੇਖ ਮਨ ਨੂੰ ਦੁਬਿਧਾ ਚੋਂ ਨਹੀਂ ਕੱਢ ਸਕਦੇ ਉਸਦੇ ਲਈ ਇਕੋ ਰਸਤਾ ਹੈ ਜੀਵਨ ਨੂੰ ਰੱਬੀ ਗਿਆਨ `ਚ ਲਿਆਉਣਾ।

ਇਸ ਗੁਰਮਤਿ ਪਾਠ ਦੀ ਲੋੜ ਕਿਉਂ ਪਈ? - ਪੰਥ `ਚ ਗੁਰਬਾਣੀ ਸੋਝੀ ਵਲੋਂ ਆ ਚੁੱਕੀ ਘਾਟ ਕਾਰਣ ਅਜ ਪੰਥ ਦਾ ਵੱਡਾ ਹਿੱਸਾ ਦਸਵੰਧ ਵਾਲੇ ਅਪਣੇ ਮੌਲਿਕ ਫ਼ਰਜ਼ ਨੂੰ ਹੀ ਵਿਸਾਰੀ ਬੈਠਾ ਹੈ, ਜਿਸ ਦਾ ਨਤੀਜਾ, ਉਨ੍ਹਾਂ ਦੀ ਕਮਾਈ ਵਿਚੋਂ ਕਿਰਤ ਵਾਲਾ ਗੁਣ ਹੀ ਅਲੋਪ ਹੋਇਆ ਪਿਆ ਹੈ ਜਿਸਤੋਂ ਉਹ ਗੁਰੂ ਦੀ ਬਖਸ਼ਿਸ਼ ਤੋਂ ਵਾਂਝੇ ਹੋਏ ਪਏ ਹਨ ਅਤੇ ਉਨ੍ਹਾਂ ਦੇ ਪ੍ਰਵਾਰਕ ਜੀਵਨ ਬੇ-ਰਸ `ਤੇ ਬੇਸੁਆਦੇ ਹਨ। ਦੂਜੇ ਉਹ ਹਨ, ਜੋ ਕਿਸੇ ਹੱਦ ਤੀਕ ਦਸਵੰਧ ਤਾਂ ਕੱਢਦੇ ਹਨ ਪਰ ਉਨ੍ਹਾਂ ਨੂੰ ਦਸਵੰਧ ਅਤੇ ਬ੍ਰਾਹਮਣੀ ਦਾਨ-ਪੁੰਨ ਦਾ ਫ਼ਰਕ ਹੀ ਪਤਾ ਨਹੀਂ। ਉਸੇ ਦਾ ਨਤੀਜਾ ਉਨ੍ਹਾਂ ਦਾ ਦਸਵੰਧ ਵੀ ਸੰਗਮਰਮਰ ਦੀਆਂ ਬਿਲਡਿੰਗਾਂ, ਸੋਨੇ ਦੇ ਕਲਸਾਂ, ਬੇਸਿਰਪੈਰ ਦੇ ਕੀਰਤਨ ਦਰਬਾਰਾਂ ਜਾਂ ਕੌਮ `ਚ ਦਾਖਿਲ ਹੋ ਚੁਕੀ ਗੰਦੀ ਗੁਰਦੁਆਰਾ ਰਾਜਨੀਤੀ ਦੀ ਹੀ ਭੇਂਟ ਹੋ ਰਿਹਾ ਹੈ। ਇਸ ਸਾਰੇ ਦਾ ਕੌਮ ਨੂੰ ਲਾਭ ਪਹੁੰਚਣ ਦੀ ਬਜਾਏ ਨੁਕਸਾਨ ਵੱਧ ਹੋ ਰਿਹਾ ਹੈ। ਜੇ ਸਚਮੁੱਚ ਸਾਨੂੰ ਗੁਰਬਾਣੀ ਦਾ ਆਦੇਸ਼ ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ॥ ਅਕਲੀ ਪੜਿ੍ਹ੍ਹ ਕੈ ਬੁਝੀਐ ਅਕਲੀ ਕੀਚੈ ਦਾਨੁ॥ ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ” (ਪੰ: 1245) ਸਾਡੇ ਚੇਤੇ ਅਤੇ ਸਾਡੇ ਅਮਲ `ਚ ਹੋਵੇ ਤਾਂ ਅਸੀਂ ਅਜ ਵੀ ਕੌਮ ਦਾ ਬਹੁਤ ਕੁੱਝ ਸੁਆਰ ਸਕਦੇ ਹਾਂ। ਅਜ ਕੌਮ ਕੋਲ ਧੰਨ ਪਦਾਰਥਾਂ ਦੀ ਕਮੀ ਨਹੀਂ ਪਰ ਉਸ ਕਮਾਈ `ਚ ਦੋਸ਼ ਆ ਚੁਕਾ ਹੈ ਗੁਰੂ ਦੀ ਅਮਾਨਤ `ਚ ਖਿਆਨਤ’ ਵਾਲਾ। ਇਸਦਾ ਇਕੋ ਇੱਕ ਹਲ ਹੈ ਉਸ ਕਮਾਈ ਨੂੰ ਕਿਰਤ ਬਣਾਇਆ ਜਾਵੇ ਅਤੇ ਅਕਲੀ ਕੀਚੈ ਦਾਨੁ” ਅਨੁਸਾਰ ਗੁਰੂ ਆਸ਼ੇ ਮੁਤਾਬਕ ਦਸਵੰਧ ਕੱਢਕੇ ਕੌਮ ਅਤੇ ਮਨੁੱਖਤਾ ਦੀ ਸੰਭਾਲ ਕੀਤੀ ਜਾਵੇ। #102s07.01s07#

Including this Self Learning Gurmat Lesson No 118

ਦਾਨ ਪੁੰਨ ਅਤੇ ਦਸਵੰਧ `ਚ ਫ਼ਰਕ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.com
.