.

ਰਾਮ ਕਹਨ ਮਹਿ ਭੇਦ ਹੈ

(ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ੍ਰੀ ਰਾਮਚੰਦਰ ਦੀ ਦੀਨ-ਦਸ਼ਾ ਦਾ ਵਰਨਣ ਤਾਂ ਹੈ ਪਰ ਬੰਦਗੀ ਨਹੀ)

ਜਗਤਾਰ ਸਿੰਘ ਜਾਚਕ, ਆਨਰੇਰੀ ਇੰਟਰਨੈਸ਼ਨਲ ਸਿੱਖ ਮਿਸ਼ਨਰੀ

ਜੁਗੋ-ਜੁਗ ਅਟੱਲ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਵਿਖੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣ-ਕਰਮਾਂ ਨੂੰ ਪ੍ਰਗਟਾਉਦੇ ਅਨੇਕਾਂ ਹੀ ਨਾਮ ਵਰਤੇ ਗਏ ਹਨ, ਜਿਨਾਂ ਵਿਚੋਂ ‘ਰਾਮ’ ਸ਼ਬਦ ਦੀ ਵਰਤੋਂ ਵਧੇਰੇ ਮਿਲਦੀ ਹੈ। ਇਸ ਗੁੜ੍ਹ-ਭੇਦ ਨੂੰ ਸਮਝਣਾ ਤੇ ਸਮਝਾਉਣਾ ਅਤਿ ਲੋੜੀਂਦਾ ਹੈ। ਕਿਉਂਕਿ ਚਲ ਰਹੇ ਅਜੋਕੇ ਦੌਰ ਵਿੱਚ ਦੇਸ਼ ਦੇ ਕੁੱਝ ਧਾਰਮਿਕ ਤੇ ਰਾਜਨੀਤਕ ਸੁਆਰਥੀ ਆਗੂ ਗੁਰਬਾਣੀ ਵਿਚਲੇ ‘ਰਾਮ’ ਸ਼ਬਦ ਦੀ ਵਰਤੋਂ ਨੂੰ ਹਿੰਦੂ-ਮੱਤ ਅਨੁਸਾਰ ਤਰੇਤੇ ਜੁਗ ਦੇ ਅਵਤਾਰ ਮੰਨੇ ਜਾਂਦੇ ਅਯੁਧਿਆ-ਪਤੀ ਸ੍ਰੀ ਰਾਮਚੰਦਰ ਦੀ ਉਪਾਸ਼ਨਾ ਤੇ ਪ੍ਰਸ਼ੰਸਾ ਦੱਸ ਕੇ ਜਨ-ਸਾਧਾਰਨ ਲੋਕਾਂ ਨੂੰ ਗੁਮਰਾਹ ਕਰਦਿਆਂ, ਆਪਣੇ ਆਪਣੇ ਸੁਆਰਥੀ ਲਾਭ ਪ੍ਰਾਪਤ ਕਰਨ ਦੇ ਯਤਨਾਂ ਵਿੱਚ ਹਨ।

ਗੁਰਬਾਣੀ ਵਿੱਚ ਬਹੁਤ ਸਾਰੇ ਐਸੇ ਨਾਮ ਵਰਤੇ ਗਏ ਹਨ, ਜੋ ਅਨੇਕ ਅਰਥ ਰਖਦੇ ਹਨ। ਜਿਵੇਂ ‘ਗੋਰਖ’ ਪਦ ਦਾ ਅਰਥ ਹੇਠ ਲਿਖੀਆਂ ਪੰਕਤੀਆਂ ਵਿੱਚ ਤਰਤੀਬ-ਵਾਰ ਜੋਗੀ ਵਿਸ਼ੇਸ਼, ਵਿਸ਼ਨੂੰ ਅਤੇ ਪਰਮੇਸ਼ਰ ਹੈ।

੧-ਗੋਰਖ ਪੂਤੁ ਲੋਹਾਰੀਪਾ ਬੋਲੈ…॥ (ਪੰਨਾ ੯੩੯)

੨-ਗੁਰੁ ਈਸਰੁ, ਗੁਰੁ ਗੋਰਖ ਬਰਮਾ…॥ (ਪੰਨਾ ੨)

੩-ਗੋਰਖ ਸੋ, ਜਿਨਿ ਗਇ ਉਠਾਲੀ …॥ (ਪੰਨਾ ੮੭੭)

ਅਥਵਾ

-ਉਪਰਿ ਗਗਨੁ, ਗਗਨ ਪਰਿ ਗੋਰਖੁ, ਤਾ ਕਾ ਅਗਮੁ ਗੁਰੁ ਪੁਨਿ ਵਾਸੀ॥ (ਪੰਨਾ ੯੯੨)

ਗੁਰਬਾਣੀ ਵਿੱਚ ਹੀ ਐਸਾ ਨਹੀ, ਸਗੋਂ ਸੰਸਕ੍ਰਿਤ ਗ੍ਰੰਥਾਂ ਵਿੱਚ ਵੀ ਅਜਿਹਾ ਮਿਲਦਾ ਹੈ, ਜਿਥੇ ਇੱਕ ਸ਼ਬਦ ਦੀ ਕਈ ਅਰਥਾਂ ਵਿੱਚ ਵਰਤੋਂ ਮਿਲਦੀ ਹੈ। ਜਿਵੇਂ ਅਸੁਰ ਦਾ ਅਰਥ ਹੈ-ਸੂਰਜ ਅਤੇ ਰਾਖਸ਼ ਦਾ ਅਰਥ ਹੈ ਬ੍ਰਹਮਾ, ਬਿਸ਼ਨ, ਸ਼ਿਵ, ਬੱਕਰਾ ਤੇ ਬੱਦਲ। ਸ਼ਿਵਾ ਦਾ ਅਰਥ ਹੈ ਦੇਵੀ, ਪਰਮ-ਸ਼ਕਤੀ, ਗਿੱਦੜੀ। ਇਸ ਤਰ੍ਹਾ ਸੰਸਾਰ ਦੀਆਂ ਅਨੇਕ ਭਾਸ਼ਾਵਾਂ ਇੱਕ ਸ਼ਬਦ ਦੇ ਭਿੰਨ-ਭਿੰਨ ਅਰਥ ਰੱਖਦੀਆਂ ਹਨ, ਜਿਨਾਂ ਨੂੰ ਵਿਦਵਾਨ ਪੁਰਸ਼ ਪ੍ਰਕਰਣ ਅਨੁਸਾਰ ਯਥਾਰਥ ਅਰਥ ਵਿੱਚ ਵਰਤਦੇ ਹਨ।

ਜਿਸ ਮਨੁੱਖ ਨੇ ਆਪਣੇ ਇਸ਼ਟ ਦਾ ਜੋ ਨਾਮ ਕਲਪਿਆ ਹੈ, ਉਸ ਦਾ ਉਹੀ ਅਰਥ ਰਹੇ, ਇਹ ਕੋਈ ਨਿਯਮ ਨਹੀ ਹੈ। ਵਿਦਵਾਨਾਂ ਅਤੇ ਉਪਾਸ਼ਕਾਂ ਦੇ ਮਤ ਅਤੇ ਨਿਸ਼ਚੇ ਮੁਤਾਬਿਕ ਅਰਥਾਂ ਵਿੱਚ ਭੇਦ ਹੁੰਦਾ ਹੈ। ਜਿਵੇਂ ਮਨੂੰ ਦੁਆਰਾ ਰਚਿਤ ਸਿਮ੍ਰਤੀ ਦੇ ਪਹਿਲੇ ਅਧਿਆਂਇ ਦੇ ੧੦ਵੇਂ ਸਲੋਕ ਵਿੱਚ ਨਾਰਾਇਣ ਦਾ ਅਰਥ ਕੀਤਾ ਗਿਆ ਹੈ – (ਨਾਰ) ਜਿਸ ਦਾ ਜਲ ਵਿੱਚ ਨਿਵਾਸ ਹੋਵੇ, ਉਹ ਨਾਰਾਇਣ, ਪਰ ਗੁਰੁ ਸਾਹਿਬਾਂ ਨੇ ਲਿਖਿਆ ਹੈ:

ਨਾਰਾਇਣ (ਪ੍ਰਭੂ) ਸਭ ਮਾਹਿ ਨਿਵਾਸ॥ (ਪੰਨਾ-੮੬੮)

ਅਰਬੀ ਵਿੱਚ ਮੌਲਾ (ਮਉਲਾ) ਦਾ ਅਰਥ ਹੈ ਮੁਕਤੀ-ਦਾਤਾ ਅਤੇ ਆਜ਼ਾਦ ਕਰਨ ਵਾਲਾ। ਪਰ ਸਤਿਗੁਰਾਂ ਨੇ ਮੌਲਣਾ ਧਾਤੂ ਤੋਂ ਬਣਿਆ ਪੰਜਾਬੀ ਸ਼ਬਦ ਕਥਨ ਕੀਤਾ ਹੈ-

ਸੋਈ ਮਉਲਾ, ਜਿਨਿ ਜਗੁ ਮੳਲਿਆ, ਹਰਿਆ ਕੀਆ ਸੰਸਾਰੋ॥ (ਪੰਨਾ-੨੪)

ਸੋ, ਇਸ ਲਈ ਜਰੂਰੀ ਨਹੀ ਕਿ ਜਿਥੇ ਕਿਤੇ ‘ਰਾਮ’ ਪਦ ਵਰਤਿਆ ਜਾਵੇ ਉਸ ਦਾ ਅਰਥ ਸ੍ਰੀ ਰਾਮ ਚੰਦਰ ਹੋਵੇ। ‘ਰਾਮ’ ਸ਼ਬਦ ਧਾਰਮਿਕ ਦੁਨੀਆਂ ਵਿੱਚ ਆਦਿ ਕਾਲ ਤੋਂ ਹੀ ਪ੍ਰਚੱਲਤ ਰਿਹਾ ਹੈ। ਜਿਸ ਕਰਕੇ ਲੋਕਾਂ ਨੂੰ ਉਪਦੇਸ਼ ਦਿੰਦਿਆਂ ਗੁਰੁ ਸਾਹਿਬਾਂ ਇਸ ਦੀ ਵਰਤੋਂ ਵਧੇਰੇ ਕੀਤੀ ਹੈ। ਕਈ ਵਾਰ ਪਦ ਅਰਥ ਛੱਡ ਕੇ ਸਾਧਾਰਨ ਰੀਤੀ ਨਾਲ ਆਮ ਲੋਕਾਂ ਦੇ ਮਨ ਚੜ੍ਹੇ ਹੋਏ ਨਾਮ ਆਪਣੇ ਇਸਟ ਲਈ ਕਹੇ ਅਤੇ ਲਿਖੇ ਜਾਂਦੇ ਹਨ। ਜਿਵੇਂ ਗੁਰੁ ਅਰਜਨ ਸਾਹਿਬ ਜੀ ਨੇ ਜਗਿਆਸੂ-ਜਨ ਦੀ ਗੁਰੂ ਪ੍ਰਤੀ ਮਿਲਾਪ ਦੀ ਤੜਪ ਨੂੰ ਪ੍ਰਗਟਾਉਦਿਆਂ ਸਤਿਗੁਰੂ ਨੂੰ ‘ਮੁਰਾਰੀ’ ਤੇ ‘ਸਾਰਿੰਗਪਾਣੀ’ ਸ਼ਬਦਾਂ ਨਾਲ ਸੰਬੋਧਨ ਕੀਤਾ ਹੈ। ਗੁਰਦੇਵ ਦੇ ਮੁਬਾਰਕ ਬਚਨ ਹਨ:

ਤੇਰਾ ਮੁਖੁ ਸੁਹਾਵਾ ਜੀਉ ਸਹਜ ਧੁਨਿ ਬਾਣੀ॥ ਚਿਰੁ ਹੋਵਾ ਦੇਖੇ ਸਾਰੰਗਪਾਣੀ॥

ਧੰਨੁ ਸੁ ਦੇਸ ਜਹਾਂ ਤੂੰ ਵਸਿਆ, ਮੇਰੇ ਸਜਣ ਮੀਤ ਮੁਰਾਰੇ ਜੀਉ॥ (ਪੰਨਾ-੯੬)

ਇਸੇ ਤਰਾਂ ‘ਰਾਮ’ ‘ਰਘੁਨਾਥ’ ਅਤੇ ‘ਗੋਪਾਲ’ ਸ਼ਬਦ ਅਕਾਲ-ਬੋਧਕ ਆਏ ਹਨ। ਪਾਵਨ ਪੰਕਤੀਆਂ ਹਨ- (ੳ) ਪ੍ਰਹਲਾਦ ਕਹੈ ਸੁਨਹੁ ਮੇਰੀ ਮਾਇ॥ ਰਾਮ ਨਾਮੁ ਨ ਛੋਡਾ ਗੁਰਿ ਦੀਆ ਬੁਝਾਇ॥ (ਪੰਨਾ-੧੧੩੩) (ਅ) ਪ੍ਰਹਲਾਦ ਕਾ ਰਾਖਾ ਹੋਇ ਰਘੁਰਾਇਆ॥ (੧੧੩੩)

(ੲ) ਮੇਰੀ ਪਟੀਆ ਲਿਖਿ ਦੇਹੁ ਸ੍ਰੀ ਗੋਪਾਲ॥ (ਪੰਨਾ-੧੧੯੪)

ਹੁਣ ਜੇਕਰ ਉਪਰੋਕਤ ਪੰਕਤੀਆਂ ਵਿੱਚ ਪਰਕਰਣ ਨੂੰ ਪਾਸੇ ਰਖ ਕੇ ਪਦ ਅਰਥ ਦਸ਼ਰਥੀ ਰਾਮ ਅਤੇ ਯਸੁਧਾ-ਸੁਤ ਕ੍ਰਿਸ਼ਨ ਕੀਤੇ ਜਾਣ ਤਾਂ ਇਹ ਇਤਹਾਸ ਦੇ ਵਿਪਰੀਤ ਹੈ। ਕਿਉਂਕਿ ਪ੍ਰਹਲਾਦ ਦੀ ਰਖਿਆ ਵੇਲੇ ਤਾਂ ਸ਼੍ਰੀ ਰਾਮ ਤੇ ਸ੍ਰੀ ਕ੍ਰਿਸ਼ਨ ਪੈਦਾ ਵੀ ਨਹੀ ਸਨ ਹੋਏ।

ਨੌਵੇਂ ਪਾਤਸ਼ਾਹ ਦੇ ਸਲੋਕਾਂ ਵਿੱਚ ‘ਟੇਕ ਏਕ ਰਘੁਨਾਥ’ ਦਾ ਅਰਥ ਵੀ ਵਾਹਿਗੁਰੂ ਹੈ, ਦਸ਼ਰਥ ਪੁਤਰ ‘ਰਾਮ’ ਨਹੀ। ਕਿਉਂਕਿ

“ਰਾਮ ਗਇਓ ਰਾਵਨ ਗਇਓ” ਬਚਨਾਂ ਅਨੁਸਾਰ ਸਰੀਰ ਧਾਰੀ ਰਾਮ ਬਿਨਸਨਹਾਰ ਹੈ, ਜੋ ਸਤਿਗੁਰੂ ਦਾ ਇਸ਼ਟ ਨਹੀ ਹੋ ਸਕਦਾ।

ਗੁਰੁ ਸਾਹਿਬਾਂ ਅਵਿਨਾਸ਼ੀ-ਪ੍ਰਭੂ ਦਾ ਨਾਉਂ ‘ਰਾਮ’ ਲਿਖਿਆ ਹੈ:

ਸਾਧੋ ਇਹ ਤਨ ਮਿਥਿਆ ਜਾਨਉ॥ ਯਾ ਭੀਤਰਿ ਜੋ ਰਾਮੁ ਬਸਤੁ ਹੈ ਸਾਚੋ ਤਾਹਿ ਪਛਾਨੋਂ॥ (ਪੰਨਾ-੧੧੮੬)

ਗੁਰਬਾਣੀ ਵਿਖੇ ਜਦੋਂ ਵੀ ‘ਰਾਮ’ ਨਾਮ ਦਾ ਜਾਪ, ਚਿੰਤਨ ਤੇ ਸਿਮਰਨ ਕਰਨ ਦੀ ਪ੍ਰੇਰਨਾ ਕੀਤੀ ਹੈ ਜਾਂ ਪੂਜਾ ਕਰਨ ਲਈ ਕਿਹਾ ਹੈ, ਉਥੇ ਇਹ ਪਦ ਸਰਬ ਵਿਆਪੀ ਵਾਹਿਗੁਰੂ ਦੇ ਅਰਥਾਂ ਵਿੱਚ ਹੀ ਵਰਤਿਆ ਗਿਆ ਹੈ। ਸ਼੍ਰੀ ਗੁਰੁ ਰਾਮਦਾਸ ਜੀ ਰਾਗ ਸਾਰੰਗ ਵਿੱਚ ਬੜੇ ਪਿਆਰ ਨਾਲ ਸਾਨੂੰ ਭਈਆ ਆਖ ਕੇ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋਏ ‘ਰਾਮ’ ਨਾਮ ਦਾ ਅਰਥ ਵੀ ਸੱਪਸ਼ਟ ਕਰ ਦਿੰਦੇ ਹਨ। ਆਖਿਆ ਕਿ ਭਾਈ! ਅਸੀਂ ਉਸ ਰਾਮ ਦਾ ਨਾਮ ਜਪਣ ਲਈ ਕਹਿ ਰਹੇ ਹਾਂ ਜਿਹੜਾ ਸਾਰਿਆਂ ਵਿੱਚ ਰਮ ਰਿਹਾ ਹੈ। ਅਰਥਾਤ ਸਰਬ ਵਿਆਪਕ ਹੈ। ਗੁਰਵਾਕ ਹੈ:

ਜਪਿ ਮਨ ਸਿਰੀ ਰਾਮੁ॥ ਰਾਮ ਰਮਤ ਰਾਮੁ॥ ਰਵਿ ਰਹਿਆ ਸਰਬਗੇ॥ ੧॥ ਰਹਾਉ॥ (ਪੰਨਾ-੧੨੦੨)

ਪੰਚਮ ਗੁਰਦੇਵ ਜੀ ਦੇ ਹੇਠ ਲਿਖੇ ਬਚਨ ਤਾਂ ਕੋਈ ਭੁਲੇਖਾ ਹੀ ਨਹੀ ਰਹਿਣ ਦਿੰਦੇ-

ਰਮਤ ਰਾਮੁ ਸਭ ਰਹਿਉ ਸਮਾਇ॥ ੧॥ (ਪੰਨਾ-੮੬੫)

ਅਥਵਾ

ਰਮਤ ਰਾਮੁ ਘਟ ਘਟ ਆਧਾਰ॥ ਪੰਨਾ-੮੯੭)

‘ਰਾਮ’ ਨਾਮ ਗੁਰੂ-ਸਾਹਿਬਾਂ ਜਾਂ ਭਗਤ-ਜਨਾਂ ਜਦੋਂ ਵੀ ਰਾਜਾ ਦਸਰਥ ਦੇ ਬੇਟੇ ਸ਼੍ਰੀ ਰਾਮਚੰਦਰ ਦੇ ਅਰਥਾਂ ਵਿੱਚ ਵਰਤਿਆ ਹੈ, ਉਥੇ ਉਨ੍ਹਾਂ ਦੀ ਦੀਨ-ਦਸ਼ਾ ਦਾ ਹੀ ਵਰਣਨ ਕੀਤਾ ਹੈ, ਕੋਈ ਪ੍ਰਸ਼ੰਸਾ ਜਾਂ ਪੂਜਾ ਕਰਨ ਦੀ ਪ੍ਰੇਰਨਾ ਨਹੀ ਕੀਤੀ। ਕਿਉਕਿ ਗੁਰਮਤਿ ਨਾਮ-ਸਿਮਰਣ ਤੇ ਉਪਾਸ਼ਨਾ ਇਸ ਸਿਧਾਂਤ ਵਿੱਚ ਵਿਸ਼ਵਾਸ਼ ਰਖਦੀ ਹੈ ਕਿ ਜੈਸੀ ਹਸਤੀ ਦਾ ਤੁਸੀਂ ਚਿੰਤਨ ਕਰਦੇ ਹੋ, ਤੁਸੀਂ ਵੀ ਸਹਜੇ ਸਹਜੇ ਉਹਦਾ ਹੀ ਰੂਪ ਹੋ ਜਾਂਦੇ ਹੋ। ਗੁਰਵਾਕ ਹੈ: ਜੈਸਾ ਸੇਵੈ ਤੈਸੋ ਹੋਇ॥ (ਪੰਨਾ-੨੨੩)

ਪਰ ਜੋ ਹਸਤੀ ਸੰਕਟ ਵਿੱਚ ਝੂਰਦੀ, ਅਸਮਰਥਾ ਪ੍ਰਗਟਾਉਦੀ, ਸਹਾਇਤਾ ਲਈ ਦੂਜੇ ਨੂੰ ਪੂਕਾਰਦੀ ਮੋਹਾਤੁਰ ਹੋਈ ਵਿਆਕੁਲ ਹੁੰਦੀ ਹੋਈ ਰੌਂਦੀ ਕਰਲਾਂਦੀ ਹੋਵੇ, ਉਸ ਦੀ ਉਪਾਸ਼ਨਾ; ਉਪਾਸ਼ਕ ਨੂੰ ਅਡੋਲਤਾ, ਨਿਰਭੈਤਾ ਤੇ ਸਦੀਵੀ-ਵਿਗਾਸ ਕਿਵੇਂ ਬਖਸ਼ ਸਕਦੀ ਹੈ? ਉਸ ਨੂੰ ਸੰਕਟ-ਰਹਿਤ ਅਵਸਥਾ ਅਥਵਾ ਪਰਮ-ਪਦ ਕਿਵੇਂ ਪ੍ਰਦਾਨ ਕਰ ਸਕਦੀ ਹੈ? ਸਲੋਕ ਵਾਰਾਂ ਤੇ ਵਧੀਕ ਸਿਰਲੇਖ ਹੇਠ ਸ਼੍ਰੀ ਗੁਰੁ ਅਰਜਨ ਸਾਹਿਬ ਜੀ ਮਹਾਰਾਜ ਦੇ ਦੋ ਸਲੋਕ, ਜੋ ਅਗੇ ਲਿਖੇ ਜਾ ਰਹੇ ਹਨ, ਸ਼੍ਰੀ ਰਾਮਚੰਦਰ ਦੀ ਜਿੰਦਗੀ ਵਿੱਚ ਉਪਰੋਕਤ ਸਧਾਰਨ ਮਨੁੱਖੀ ਕਮਜ਼ੋਰੀਆਂ ਦਰਸ਼ਨ ਕਰਾਉਦੇ ਹੋਏ ਦਸਦੇ ਹਨ ਕਿ ਉਹ (ਰਾਮਚੰਦਰ) ਕਰਤਾਪੁਰਖ ਵਾਹਿਗੁਰੂ ਦੀ ਬਰਾਬਰੀ ਨਹੀ ਕਰ ਸਕਦੇ। ਕਿਉਂਕਿ, ਕਰਤਾਰ ਸਭ ਕੁੱਝ ਕਰਨ ਦੀ ਸਮਰੱਥਾ ਵਾਲਾ ਹੈ, ਉਸ ਨੂੰ ਝੂਰਨ ਦੀ ਲੋੜ ਨਹੀ:

ਰਾਮੁ ਝੁਰੈ ਦਲ ਮੇਲਵੈ, ਅੰਤਰਿ ਬਲੁ ਅਧਿਕਾਰ॥ ਬੰਤਰ ਕੀ ਸੈਨਾ ਸੇਵੀਐ, ਮਨਿ ਤਨਿ ਜੁਝੁ ਅਪਾਰੁ॥

ਸੀਤਾ ਲੈ ਗਇਆ ਦਹਸਿਰੋ, ਲਛਮਣ ਮੂਉ ਸਰਾਪਿ॥ ਨਾਨਕ, ਕਰਤਾ ਕਰਣਹਾਰੁ ਕਰਿ ਵੇਖੈ ਥਾਪਿ ਉਥਾਪਿ॥ ੨੫॥ ਮਨ ਮਹਿ ਝੂਰੈ ਰਾਮਚੰਦ, ਸੀਤਾ ਲਛਮਣ ਜੋਗੁ॥ ਹਣਵੰਤਰ ਆਰਾਧਿਆ, ਆਇਆ ਕਰਿ ਸੰਜੋਗੁ॥ ਭੂਲਾ ਦੈਤ ਨ ਸਮਝਈ, ਤਿਨਿ ਪ੍ਰਭ ਕੀਏ ਕਾਮ॥ ਨਾਨਕ ਵੇਪਰਵਾਹੁ ਸੋ, ਕਿਰਤ ਨ ਮਿਟਈ ਰਾਮ॥ ੨੬॥ (੧੪੧੨)

ਦੂਜੇ ਸਲੋਕ ਦੇ ਅਰਥ ਅਖੀਰਲੀ ਪੰਗਤੀ ਤੋ ਆਰੰਭ ਹੁੰਦੇ ਹਨ ਕਿ ਉਹ ਪਰਮਾਤਮਾ ਤਾਂ ਬੇ-ਮੁਥਾਜ ਹੈ। ਸ਼੍ਰੀ ਰਾਮਚੰਦਰ ਉਸ ਪਰਮੇਸ਼ਰ ਦੀ ਬਰਾਬਰੀ ਨਹੀਂ ਕਰ ਸਕਦਾ। ਕਿਉਕਿ, ਉਸ ਪਾਸੋਂ ਕਿਰਤ ਨਹੀ ਮਿਟ ਸਕੀ। ਵੇਖੋ ਸ਼ੀ ਰਾਮਚੰਦਰ ਆਪਣੇ ਮਨ ਵਿੱਚ ਸੀਤਾ ਜੀ ਦੀ ਖਾਤਰ ਦੁਖੀ ਹੋਇਆ। ਜਦੋਂ ਰਣਭੂਮੀ ਵਿੱਚ ਲਛਮਣ ਬਰਛੀ ਨਾਲ ਮੂਰਛਿਤ ਹੋ ਗਿਆ ਤਦੋਂ ਸ਼੍ਰੀ ਰਾਮਚੰਦਰ ਨੇ ਹਨੂੰਮਾਨ ਨੂੰ ਯਾਦ ਕੀਤਾ, ਜੋ ਪਰਮਾਤਮਾ ਵੱਲੋਂ ਬਣੇ ਸੰਜੋਗ ਦੇ ਕਾਰਨ ਸ਼੍ਰੀ ਰਾਮਚੰਦਰ ਦੀ ਸ਼ਰਨ ਆਇਆ ਸੀ। ਮੂਰਖ ਰਾਵਣ ਵੀ, ਇਹ ਗੱਲ ਨਾ ਸਮਝਿਆ ਕਿ ਇਹ ਸਾਰੇ ਕੰਮ ਪਰਮਾਤਮਾ ਨੇ ਆਪ ਹੀ ਕੀਤੇ ਸਨ।

ਭਗਤ ਤ੍ਰਿਲੋਚਨ ਜੀ ਲਿਖਦੇ ਹਨ ਕਿ ਪਿਛਲਾ ਕੀਤਾ ਕੋਈ ਵੀ ਕਰਮ (ਅਵਤਾਰ-ਪੂਜਾ, ਤੀਰਥ, ਇਸ਼ਨਾਨ ਆਦਿਕ ਦੀ ਰਾਹੀ) ਮਿਟਦਾ ਨਹੀ ਹੈ, ਇਸ ਲਈ ਮੈ ਤਾਂ ਰਮਤ ਰਾਮ ਵਾਹਿਗੁਰੂ ਦਾ ਨਾਮ ਜਪਦਾ ਹਾਂ:

ਪੂਰਬਲੋ ਕ੍ਰਿਤ ਕਰਮੁ ਨ ਮਿਟੈ ਰੀ ਘਰ ਗੇਹਣਿ, ਤਾ ਚੇ ਮੋਹਿ ਜਾਪੀਅਲੇ ਰਾਮ ਚੇ ਨਾਮੰ॥ ਬਦਤਿ ਤ੍ਰਿਲੋਚਨ ਰਾਮ ਜੀ॥ (ਪੰ-੬੯੫)

ਕਿਉਕਿ, ਸਰੀਰਧਾਰੀ ਸ਼੍ਰੀ ਰਾਮਚੰਦਰ ਜੀ ਦਾ ਅਤਿ ਨਿਕਟਵਰਤੀ ਸੇਵਕ, ਜਿਸ ਨੂੰ ਪਿਛਲੇ ਕਰਮ ਦੇ ਕਾਰਨ ਇੱਕ ਨਿੱਕੀ ਜੇਹੀ ਕੱਛ ਹੀ ਪਹਿਨਣ ਨੂੰ ਸਾਰੀ ਉਮਰ ਪ੍ਰਾਪਤ ਰਹੀ, ਤਨ ਤੋਂ ਨਗਨ ਹੀ ਰਹੇ। ਜਿਨ੍ਹਾਂ ਰਾਮ ਚੰਦਰ ਦੀ ਖਾਤਰ ਲੰਕਾ ਦਾ ਕਿੱਲਾ ਸਾੜਿਆ, ਰਾਵਣ ਦਾ ਬਾਗ ਉਜਾੜਿਆ ਅਤੇ ਸੰਜੀਵਨੀ ਬੂਟੀ ਲਿਆ ਕੇ ਰਾਮਚੰਦਰ ਨੂੰ ਖੁਸ਼ ਕੀਤਾ। ਭਗਤ ਤ੍ਰਿਲੋਚਨ ਜੀ ਕਹਿੰਦੇ ਹਨ ਕਿ ਜੇ ਸ਼੍ਰੀ ਰਾਮਚੰਦਰ ਹਨੂੰਮਾਨ ਦੇ ਕਿਰਤ ਕਰਮ ਨੂੰ ਮਿਟਾ ਨਹੀ ਸਕੇ ਤਾਂ ਕਿਸੇ ਹੋਰ ਵਲੋਂ ਉਨ੍ਹਾਂ ਦੀ ਪੂਜਾ ਕਰਕੇ ਕੀ ਆਸ ਰੱਖੀ ਜਾ ਸਕਦੀ ਹੈ? ਕਿਉਂਕਿ, ਹਨੂੰਮਾਨ ਤੋਂ ਵੱਧ ਤਾਂ ਸ਼੍ਰੀ ਰਾਮਚੰਦਰ ਨੂੰ ਕੋਈ ਖੁਸ਼ ਨਹੀਂ ਸੀ ਕਰ ਸਕਿਆ। ਭਗਤ ਜੀ ਦੇ ਇਸ ਭਾਵ ਨੂੰ ਪ੍ਰਗਟਾਉਦੇ ਬਚਨ ਇਉਂ ਹਨ:

ਦਾਧੀਲੇ ਲੰਕਾ ਗੜੁ, ਉਪਾੜੀਲੇ ਰਾਵਣ ਬਣੁ,

ਸਲਿ ਬਿਸਲਿ ਆਣਿ, ਤੋਖੀਲੇ ਹਰੀ॥

ਕਰਮ ਕਰਿ ਕਛਉਟੀ ਮਫੀਟਸਿ ਰੀ॥ (ਪੰਨਾ-੬੯੫)

ਭਗਤ ਨਾਮਦੇਵ ਜੀ ਇੱਕ ਪਾਂਡੇ ਨੂੰ ਸੰਬੋਧਨ ਕਰਦੇ, ਅਵਤਾਰ ਪੂਜਾ ਤੋ ਹੋੜਦੇ ਲਿਖਦੇ ਹਨ:

ਪਾਂਡੇ ਤੁਮਰਾ ਰਾਮਚੰਦ, ਸੋ ਭੀ ਆਵਤੁ ਦੇਖਿਆ ਥਾ॥

ਰਾਵਣ ਸੇਤੀ ਸਰਬਰ (ਲੜਾਈ) ਹੋਈ, ਘਰ ਕੀ ਜੋਇ (ਇਸਤ੍ਰੀ) ਗਵਾਈ ਥੀ॥ ੩॥ (ਪੰਨਾ-੮੭੫)

ਸ਼੍ਰੀ ਗੁਰੁ ਨਾਨਕ ਸਾਹਿਬ ਜੀ ਨੇ ਲਿਖਿਆ ਹੈ:

ਰੋਵੈ ਰਾਮ ਨਿਕਾਲਾ ਭਇਆ॥ ਸੀਤਾ ਲਛਮਣ ਵਿਛੁੜਿ ਗਇਆ॥ (ਪੰਨਾ-੯੫੩) ਇਸੇ ਲਈ ਕਬੀਰ ਸਾਹਿਬ ਨੇ ਵਿਸ਼ੇਸ਼ ਤੌਰ ਤੇ ਲਿਖਿਆ ਕਿ ਬ੍ਰਾਹਮਣ ਜਨੇਊ ਦੀ ਰਸਮ ਕਰਨ ਉਪਰੰਤ ਰਾਮ ਦੀ ਪੂਜਾ-ਪਾਠ ਦਾ ਉਪਦੇਸ਼ ਦਿੰਦੇ ਹਨ, ਪਰ ਰਾਮ-ਰਾਮ ਆਖਣ ਵਿੱਚ ਫਰਕ ਪੈ ਜਾਂਦਾ ਹੈ। ਇਸ ਵਿੱਚ ਵੀ ਇੱਕ ਗੱਲ ਸਮਝਣ ਵਾਲੀ ਹੈ। ਇੱਕ ਰਾਮ ਤਾਂ ਉਹ ਹੈ ਜਿਸ ਨੂੰ ਸਤਿਸੰਗ-ਸਭਾ ਵਿੱਚ ਹਰੇਕ ਮਨੁਖ ਵਲੋਂ ਸਿਮਰਿਆ ਜਾਂਦਾ ਹੈ। ਇਹ ਹੈ ਸਰਬ-ਵਿਆਪੀ ਰਾਮ, ਇਸ ਦਾ ਸਿਮਰਨ ਕਰਨਾ ਤਾਂ ਮਨੁੱਖ ਮਾਤਰ ਦਾ ਫਰਜ਼ ਹੈ। ਪਰ ਇਹੀ ਰਾਮ-ਨਾਮ ਰਾਸਧਾਰੀਏ ਵੀ ਰਾਸਾਂ (ਰਾਮ-ਲੀਲਾ ਆਦਿਕ) ਵਿੱਚ ਸਵਾਂਗ ਬਣਾ ਕੇ ਲੈਂਦੇ ਹਨ, ਜੋ ਅਵਤਾਰੀ ਰਾਮ ਹੈ ਤੇ ਰਾਜਾ ਦਸ਼ਰਥ ਦਾ ਪੁੱਤਰ ਹੈ। ਪਾਵਨ ਸਲੋਕ ਹੈ:

ਕਬੀਰ ਰਾਮ ਕਹਨ ਮਹਿ ਭੇਦ ਹੈ, ਤਾਂ ਮਹਿ ਏਕੁ ਬਿਚਾਰੁ॥

ਸੋਈ ਰਾਮੁ ਸਭੈ ਕਹਹਿ, ਸੋਈ ਕਉਤਕਹਾਰ॥ (ਪੰਨਾ-੧੩੭੪)

ਸੋ, ਸਪਸ਼ਟ ਹੈ ਕਿ ਸਤਿਗੁਰੂ ਜੀ ਉਸ ਰਾਮ ਦਾ ਨਾਮ ਜਪਣ ਲਈ ਪ੍ਰੇਰਦੇ ਹਨ ਜਿਹੜਾ ਸਾਰੇ ਜੀਵਾਂ ਵਿੱਚ ਵਿਆਪਕ ਹੈ। ਦਸ਼ਰਥ ਦੇ ਪੁੱਤਰ ਸਰੀਰਧਾਰੀ ‘ਰਾਮ’ ਦਾ ਨਾਮ ਨਹੀ। ਕਿਉਕਿ, ਉਸ ਦਾ ਜਾਪ ਤੇ ਪੂਜਾ ਮਨੁੱਖ ਨੂੰ ਪਰਮ-ਪਦ ਪ੍ਰਦਾਨ ਨਹੀ ਕਰ ਸਕਦੇ:

ਕਬੀਰ ਰਾਮੈ ਰਾਮ ਕਹੁ, ਕਹਿਬੇ ਮਾਹਿ ਬਿਬੇਕ॥

ਏਕੁ ਅਨੇਕਹਿ ਮਿਲਿ ਗਇਆ, ਏਕ ਸਮਾਨਾ ਏਕ॥ (ਪੰਨਾ-੧੩੭੪)




.