.

ਗੁਰਬਾਣੀ ਅਨੁਸਾਰ ‘ਗੁਰੂ-ਸਤਿਗੁਰੂ’

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਦੇਖਿਆ ਜਾਵੇ ਤਾਂ ਭਾਰਤ ਦੀਆਂ ਸਾਰੀਆਂ ਹੀ ਪੁਰਾਤਨ ਰਚਨਾਵਾਂ ਅਨੁਸਾਰ ਲਫ਼ਜ਼ ‘ਗੁਰੂ’ ਨਵਾਂ ਨਹੀਂ। ਕੁੱਝ ਰਚਨਾਵਾਂ ਮੁਤਾਬਕ ਤਾਂ ਗੁਰੂ ਦੀ ਲੋੜ ਨੂੰ ਵੀ ਬੜਾ ਉਚਾ `ਤੇ ਜ਼ਰੂਰੀ ਦਸਿਆ ਹੈ। ਇਥੋਂ ਤੀਕ ਕਿ ਪੁਰਾਤਨ ਰਚਨਾਵਾਂ `ਚ ਜਿਨ੍ਹਾਂ ਨੂੰ ਭਗਵਾਨ ਦੇ ਅਵਤਾਰ ਹੋਣਾ ਦਸਿਆ ਹੈ ਭਾਵ ਸ੍ਰੀ ਰਾਮ `ਤੇ ਕ੍ਰਿਸ਼ਨ ਜੀ, ਉਨ੍ਹਾਂ ਦੇ ਵੀ ਸ੍ਰੀ ਵਿਸ਼ਵਾਮਿਤਰ, ਦੁਰਭਾਸ਼ਾ ਅਤੇ ਵਸ਼ਿਸ਼ਟ ਮੁਨੀ ਆਦਿ ਗੁਰੂ ਹੋਣ ਦੀ ਗਲ ਦਸੀ ਹੈ। ਪਰ ਗੁਰਬਾਣੀ ਅਨੁਸਾਰ ਜਿਸ ਗੁਰੂ, ਸਤਿਗੁਰੂ ਜਾਂ ‘ਸ਼ਬਦ ਗੁਰੂ’ ਦੇ ਲੜ ਲਗਣ ਦੀ ਤਾਕੀਦ ਕੀਤੀ ਹੈ ਉਸ ਗੁਰੂ ਦੀ ਪਰਿਭਾਸ਼ਾ ਇਨ੍ਹਾਂ ਸਾਰੇ ਗੁਰੂਆਂ ਤੋਂ ਭਿੰਨ ਹੈ ਅਤੇ ਸਮਝਣ ਦੀ ਵਿਸ਼ੇਸ਼ ਲੋੜ ਹੈ।

ਖੁੱਦ ਗੁਰਬਾਣੀ ਵਿੱਚ ‘ਗੁਰੂ’ ਲਫ਼ਜ਼ ਭਿੰਨ ਭਿੰਨ ਅਰਥਾਂ `ਚ ਵੀ ਆਇਆ ਹੈ ਜਿਵੇਂ-ਕਬੀਰ ਬਾਮਨੁ ‘ਗੁਰੂ’ ਹੈ ਜਗਤ ਕਾ, ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ, ਚਾਰਉ ਬੇਦਹੁ ਮਾਹਿ” (ਪੰ: 1377) “ਵਾਇਨਿ ਚੇਲੇ ਨਚਨਿ ‘ਗੁਰ’॥ ਪੈਰ ਹਲਾਇਨਿ ਫੇਰਨਿ੍ਹ੍ਹ ਸਿਰ. .” (ਪੰ: 465) “ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ॥ ਸਿਖਾਂ ਕੰਨਿ ਚੜਾਈਆ ‘ਗੁਰੁ’ ਬ੍ਰਾਹਮਣੁ ਥਿਆ” (ਪੰ: 471) “ਗੁਰੂ’ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ॥ ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ” (ਪੰ: 951) “ਗੁਰੂ’ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ” (ਪੰ: 58) ਇਸਤਰ੍ਹਾਂ ਗੁਰਬਾਣੀ `ਚ ਹੀ ‘ਗੁਰੂ’ ਲਫ਼ਜ਼ ਆਮ `ਤੇ ਦੂਜੇ ਅਰਥਾਂ `ਚ ਵੀ ਆਇਆ ਹੈ ਪਰ ਉਥੇ ਵੀ ਹਰ ਜਗ੍ਹਾ ਤੇ ਲਫ਼ਜ਼ ‘ਗੁਰੂ’ ਦੇ ਅਰਥ ਪਰੀਪੇਖ ਅਨੁਸਾਰ ਹਨ। ਇਸ ਸਾਰੇ ਦੇ ਬਾਵਜੂਦ ਇਥੇ ਇਸ ਗੁਰਮਤਿ ਪਾਠ `ਚ ਲਫ਼ਜ਼ ‘ਗੁਰੂ, ਸਤਿਗੁਰੂ’ ਬਾਰੇ ਜੋ ਵਿਸ਼ਾ ਅਸਾਂ ਸਮਝਣਾ ਹੈ ਉਹ ਇਹ ਹੈ ਕਿ ‘ਗੁਰੂ’ ਜਾਂ ‘ਸਤਿਗੁਰੂ’ ਜਿਸਦੇ ਲੜ ਲਗਣ ਲਈ ਸਿੱਖ ਨੂੰ ਗੁਰਬਾਣੀ `ਚ ਹਜ਼ਾਰਾਂ ਵਾਰੀ ਤਾਕੀਦ ਕੀਤੀ ਹੈ ਉਸਦੇ ਅਸਲ ਅਰਥ ਕੀ ਹਨ? ਅਤੇ ਗੁਰਬਾਣੀ ਵਿਚਲੇ ਉਸ ‘ਗੁਰੂ-ਸਤਿਗੁਰੂ-ਸ਼ਬਦ ਗੁਰੂ’ ਦੀ ਪਰੀਭਾਸ਼ਾ ਕੀ ਹੈ?

ਦਰਅਸਲ ‘ਗੁਰੂ ਜਾਂ ਸਤਿਗੁਰੂ’ ਜਿਸਦੇ ਅਨੰਤ ਗੁਣਾ ਦਾ ਵਰਨਣ ਕੀਤਾ ਹੈ ਜਿਵੇਂ ਗੁਰੂ ਗੁਰੂ ਗੁਰੁ ਕਰਿ ਮਨ ਮੋਰ॥ ਗੁਰੂ ਬਿਨਾ ਮੈ ਨਾਹੀ ਹੋਰ॥ ਗੁਰ ਕੀ ਟੇਕ ਰਹਹੁ ਦਿਨੁ ਰਾਤਿ॥ ਜਾ ਕੀ ਕੋਇ ਨ ਮੇਟੈ ਦਾਤਿ” (ਪੰ: 864) ਅਤੇ ਜਿਸ ਗੁਰੂ ਦੇ ਲੜ ਲਗਣ ਲਈ ਗੁਰਬਾਣੀ ਦੇ ਇਕ-ਇਕ ਸ਼ਬਦ `ਚ ਪਕਾ ਕੀਤਾ ਹੈ ਉਸ ‘ਗੁਰੂ ਜਾਂ ਸਤਿਗੁਰੂ’ ਦੇ ਅਰਥ ਰਵਾਇਤੀ, ਪੁਰਾਤਨ, ਬ੍ਰਹਾਮਣੀ, ਪ੍ਰਚਲਤ ਜਾਂ ਆਮ ਨਹੀਂ ਬਲਕਿ ਵਿਸ਼ੇਸ਼ ਹਨ।

ਅਜ ਦੇ ਸਮੇਂ ‘ਗੁਰੂ ਕੀਆਂ ਸੰਗਤਾਂ’ ਵਿਚਾਲੇ ਇਸੇ ਨਾ-ਸਮਝੀ ਅਤੇ ਅਗਿਆਨਤਾ ਦਾ ਸਿੱਟਾ ਹੈ ਕਿ ਅਜ ਸਾਰੇ ਪਾਸੇ ਪਾਖੰਡੀ-ਦੰਭੀ ਅਤੇ ਬਰਸਾਤੀ ਗੁਰੂਆਂ ਦੀਆਂ ਡਾਰਾਂ ਲਗ ਰਹੀਆਂ ਹਨ। ਕਈ ਭਨਿਆਰੇ, ਆਸ਼ੂਤੋਸ਼, ਡੇਰਾ ਸੌਦਾ ਅਪਣੇ ਪਰ ਮਾਰ ਰਹੇ ਹਨ। ਦਿਨ ਦੀਵੀਂ ਸੰਗਤਾਂ ਲੁਟੀਆਂ ਜਾ ਰਹੀਆਂ ਹਨ। ਮੌਜੂਦਾ ਵੋਟਾਂ ਦੀ ਦੌੜ ਅਤੇ ਗੰਦੀ ਰਾਜਨੀਤੀ, ਇਸ ਚਿੱਕੜ ਨੂੰ ਹੋਰ ਵੀ ਹਵਾ ਦੇ ਰਹੀ ਹੈ ਅਤੇ ਇਸੇ ਦਾ ਨਤੀਜਾ, ਸਿੱਖ ਧਰਮ ਦੀ ਜਨਮ-ਭੂਮੀ ਪੰਜਾਬ ਵੀ ਗੁਰੂ ਦੀ ਸਿੱਖੀ ਤੋਂ ਖਾਲੀ ਹੋ ਰਿਹਾ ਹੈ। ਲੋੜ ਹੈ ਤਾਂ ਜਿਸ ‘ਗੁਰੂ’ ਅਤੇ ‘ਸਤਿਗੁਰੂ’ ਦੇ ਲੜ ਲਗਣ ਲਈ ਸੰਪੂਰਣ ਗੁਰਬਾਣੀ ਰਚਨਾ `ਚ ਸਿੱਖ ਨੂੰ ਤਲਕੀਨ ਕੀਤੀ ਗਈ ਹੈ ਉਸ ਗੁਰੂ ਦੀ ਪਛਾਣ ਵੀ ਗੁਰਬਾਣੀ ਦੇ ਪ੍ਰਕਾਂਡ ਵਿਦਵਾਨਾ ਰਾਹੀਂ ਸੰਗਤਾਂ ਨੂੰ ਦ੍ਰਿੜ ਕਰਵਾਈ ਜਾਵੇ। ਅਪਣੇ ਇਸ ਮਜ਼ਮੂਨ ਵਲ ਅਗੇ ਵਧਣ ਤੋਂ ਪਹਿਲਾਂ ਸਾਨੂੰ ਕੁੱਝ ਗਲਾਂ ਦਾ ਧਿਆਣ ਕਰ ਲੈਣਾ ਜ਼ਰੂਰੀ ਹੈ। ਉਹ ਹਨ:

ਅਕਾਲਪੁਰਖ-ਗੁਰੂ-ਗੁਰੂ ਨਾਨਕ ਪਾਤਸ਼ਾਹ ਅਤੇ ਗੁਰੂ ਗ੍ਰੰਥ ਸਾਹਿਬ ਜੀ;

ਭਿੰਨ ਭਿੰਨ ਨਹੀਂ ਹਨ: # ਗੁਰਬਾਣੀ ਅਨੁਸਾਰ-ਸਾਰੇ ਸੰਸਾਰ ਦਾ ਰੱਬ, ਕਰਤਾ ਭਗਵਾਨ, ਖੁਦਾ ਅਥਵਾ ਅਕਾਲਪੁਰਖ ਇਕੋ ਹੈ। ਇਸੇਤਰ੍ਹਾਂ ਸਾਰੇ ਸੰਸਾਰ ਦਾ ‘ਗੁਰੂ ਵੀ ‘ਇਕੋ ਹੈ’ ਵੱਖ-ਵੱਖ ਨਹੀਂ ਹਨ, ਸੰਸਾਰ ਪੱਧਰ ਤੇ ਸਾਰੇ ਮਨੁੱਖ ਮਾਤ੍ਰ ਦਾ ਇਲਾਹੀ ਅੱਥਵਾ ਰੱਬੀ ਧਰਮ ਵੀ ਇਕੋ ਹੈ ਅਤੇ ਮਨੁੱਖ ਸਮਾਜ ਦਾ ਸਮੂਹਿਕ ਭਾਈਚਾਰਾ ਵੀ ਇਕੋ ਹੈ।

# ਜਿਸ ਗੁਰੂ ਦੇ ਲੜ ਸਾਰੀ ਗੁਰਬਾਣੀ `ਚ ਸਿੱਖ ਨੂੰ ਲਾਇਆ ਗਿਆ ਹੈ, ਜਿਸ ਗੁਰੂ ਨੂੰ ਜੀਵਨ `ਚ ਧਾਰਣ ਕੀਤੇ ਬਿਨਾਂ ਮਨੁੱਖਾ ਜੀਵਨ ਸਫ਼ਲ ਹੀ ਨਹੀਂ ਹੋ ਸਕਦਾ, ਗੁਰਬਾਣੀ ਅਨੁਸਾਰ ਉਹ ਗੁਰੂ-ਅਕਾਲਪੁਰਖ ਤੋਂ ਭਿੰਨ ਜਾਂ ਵੱਖ ਨਹੀਂ, ਬਲਕਿ ਕਰਤੇ ਦਾ ਹੀ ਗੁਣ ਵਿਸ਼ੇਸ਼ ਹੈ।

# ਕੇਵਲ ਗਲ ਨੂੰ ਸਮਝਣ ਲਈ, ਇਹ ਉਸੇਤਰ੍ਹਾਂ ਹੈ ਜਿਵੇਂ ਕੋਈ ਫੁਲ, ਉਸ ਫੁਲ ਦੀ ਖੁਸ਼ਬੂ, ਸੁੰਦਰਤਾ ਅਤੇ ਰੰਗ-ਉਸ ਇਕੋ ਫੁਲ ਦੇ ਹੀ ਵੱਖ ਵੱਖ ਗੁਣ ਹੁੰਦੇ ਹਨ, ਉਸ ਤੋਂ ਵੱਖ ਨਹੀਂ। ਜਦ ਕਿ ਇਥੇ ਗਲ ਫੁਲ ਦੀ ਨਹੀਂ ਬਲਕਿ ਅਕਾਲਪੁਰਖ ਦੀ ਹੈ। ਅਕਾਲਪੁਰਖ ਦੇ ਗੁਣ ਅਨੰਤ ਹਨ ਪਰ ਉਸ ਕਰਤੇ ਦਾ ਹੀ ਇੱਕ ਵਿਸ਼ੇਸ਼ ਗੁਣ ਹੈ ਜਿਸਨੂੰ ਗੁਰਬਾਣੀ `ਚ ‘ਗੁਰੂ, ਸਤਿਗੁਰੂ ਜਾਂ ਸ਼ਬਦ ਗੁਰੂ’ ਕਿਹਾ ਹੈ। ਪ੍ਰਭੂ ਦਾ ਇਹ ਇਕੱਲਾ ਹੀ ਗੁਣ ਹੈ ਜਿਸਤੋਂ ਬਿਨਾਂ ਮਨੁੱਖਾ ਜਨਮ ਦੀ ਸੰਭਾਲ (ਜੀਵਨ ਜਾਚ) ਹੀ ਸੰਭਵ ਨਹੀਂ ਅਤੇ ਨਾ ਹੀ ਮਨੁੱਖਾ ਜਨਮ ਸਫਲ ਹੀ ਹੋ ਸਕਦਾ ਹੈ। ਗੁਰਬਾਣੀ `ਚ (ਕੇਵਲ ਗੁਰੂ ਜਾਮਿਆਂ ਨੂੰ ਛੱਡਕੇ) ਕਿਸੇ ਮਨੁੱਖਾ ਸਰੀਰ ਨੂੰ ‘ਗੁਰੂ’ ਨਹੀਂ ਕਿਹਾ।

# ਇਸੇਤਰ੍ਹਾਂ ਜਿਉਂ ਜਿਊਂ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੱਚਾਈ `ਤੇ ਜੀਵਨ ਜਾਚ ਵਲ ਵਧਾਂਗੇ, ਅਸਲੀਅਤ ਉਘੜਦੀ ਜਾਵੇਗੀ ਅਤੇ ਨਿਸ਼ਚੇ ਹੁੰਦਾ ਜਾਵੇਗਾ ਕਿ ‘ਗੁਰੂ ਨਾਨਕ ਪਾਤਸ਼ਾਹ ਸਰੀਰ ਰੂਪ `ਚ ਅਕਾਲਪੁਰਖ ਦੇ ਹੀ ਗੁਰਬਾਣੀ ਰਾਹੀ ਦ੍ਰਿੜ ਕਰਵਾਏ ‘ਗੁਰੂ’ ਗੁਣ ਦਾ ਹੀ ਪ੍ਰਗਟਾਵਾ ਹਨ। ਇਸੇਤਰ੍ਹਾਂ ‘ਗੁਰਬਾਣੀ-ਗੁਰੂ-ਸਤਿਗੁਰ-ਸ਼ਬਦ ਗੁਰੂ’ ਗੁਰਬਾਣੀ ਅਨੁਸਾਰ ਇਹ ਤੇ ਸਾਰੇ ਸ਼ਬਦ ਸਮ-ਅਰਥੀ ਹਨ।

# ਮਨੁੱਖ ਮਾਤ੍ਰ ਦੀ ਸੰਭਾਲ ਲਈ ਬੇਸ਼ਕ ਗੁਰੂ ਨਾਨਕ ਪਾਤਸ਼ਾਹ ਮਨੁੱਖਾ ਸਰੀਰ ਦੇ ਰੂਪ `ਚ ਪ੍ਰਗਟ ਹੋਏ ਪਰ ਉਹ ਅਕਾਲਪੁਰਖ ਦੇ ਉਸ ਸਦੀਵੀ, ਸਰਬਕਾਲੀ ਅਤੇ ਸਰਬਵਿਆਪਕ ਗੁਣ, ‘ਗੁਰੂ, ਸਤਿਗੁਰੂ ਜਾਂ ਸ਼ਬਦ ਗੁਰੂ’ ਦਾ ਹੀ ਪ੍ਰਗਟਾਵਾ ਹਨ। ਇਸੇ ਲਈ ਉਹ ਜਮਾਂਦਰੂ ਗੁਰੂ ਹਨ, ਉਨ੍ਹਾਂ ਨੂੰ ਕਿਸੇ ਸੰਸਾਰਕ ‘ਗੁਰੂ’ ਨੂੰ ਧਾਰਣ ਕਰਨ ਦੀ ਲੋੜ ਨਹੀਂ ਸੀ।

# ਇਸੇਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਰਾਹੀ ਦਸ ਜਾਮੇ ਧਾਰਣ ਕਰਕੇ ਪ੍ਰਗਟ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਸੰਸਾਰ ਲਈ ਇਕੋਇਕ ਜੁਗੋ ਜੁਗ ਅਟੱਲ ਅਤੇ ਸਦੀਵੀ ਗੁਰੂ `ਤੇ ਅਕਾਲ ਪੁਰਖ ਦੇ ਹੀ ਨਿਜ ਗੁਣ ਅਥਵਾ ‘ਗੁਰੂ’ ਦਾ ਹੀ ਪ੍ਰਗਟਾਵਾ ਹਨ।

# ਇਹੀ ਕਾਰਣ ਹੈ ਕਿ ਸਾਇੰਸ, ਬਹੁਤ ਮੇਹਨਤ ਤੋਂ ਬਾਦ ਜਿਸ ਕਾਢ ਨੂੰ ਸੰਸਾਰ ਸਾਹਮਣੇ ਪ੍ਰਗਟ ਕਰਦੀ ਹੈ, ਬਾਣੀ `ਚ ਉਸਦੀ ਵਿਆਖਿਆ, ਪਹਿਲਾਂ ਤੋਂ ਮੌਜੂਦ ਹੁੰਦੀ ਹੈ। ਬਲਕਿ ਗੁਰਬਾਣੀ ਤਾਂ ਉਨ੍ਹਾਂ ਰੱਬੀ ਸੱਚਾਈਆਂ ਨੂੰ ਪ੍ਰਗਟ ਕਰ ਰਹੀ ਹੁੰਦੀ ਹੈ, ਜਿਨ੍ਹਾਂ ਤੀਕ ਸਾਇੰਸ ਦਾ ਪੁੱਜਣਾ ਕਦੇ ਸੰਭਵ ਹੀ ਨਹੀਂ। ਦਰਅਸਲ ਗੁਰਬਾਣੀ ਅਕਾਲਪੁਰਖ ਦਾ ਪ੍ਰਗਟਾਵਾ ਹੈ ਅਤੇ ਸਾਇੰਸ-ਉਸਦੀ ਬਣਾਈ `ਤੇ ਘੜੀ ਹੋਈ ਕੁੱਦਰਤ ਵਿਚੋਂ ਕੇਵਲ ਖੋਜ ਮਾਤਰ ਇੱਕ ਦੇਣ ਹੈ।

ਹੈਰਾਣਕੁਨ ਪਰ ਰੱਬੀ ਸੱਚ-ਸੰਸਾਰ ਪੱਧਰ ਤੇ ਜਿੰਨੇ ਵੀ ਰਾਜੇ, ਮਹਾਰਾਜੇ, ਬਾਦਸ਼ਾਹ, ਗੱਦੀਦਾਰ ਹੋਏ ਹਨ, ਕਦੇ ਨਹੀ ਹੋਇਆ ਕਿ ਇੱਕ ਦਾ ਕਾਰਜ ਢੰਗ, ਲਿਆਕਤ, ਸੋਚਣੀ ਅਪਣੇ ਤੋਂ ਪਹਿਲੇ ਜਾਂ ਬਾਦ ਵਾਲੇ ਨਾਲ ਲੜੀਵਾਰ ਅਤੇ ਇਕੋ ਜਹੀ ਚਲੀ ਹੋਵੇ। ਇਹ ਕਦੇ ਸੰਭਵ ਨਹੀਂ ਹੋਇਆ ਕਿ ਇੱਕ ਨੇ ਜਿੱਥੇ ਕਾਰਜ ਛੱਡਿਆ, ਆਉਣ ਵਾਲੇ ਨੇ ਉਸੇ ਲੜੀ ਨੂੰ ਉਸੇ ਤਰ੍ਹਾਂ ਅਗੇ ਟੋਰਿਆ। ਇਹ ਵਿਲੱਖਣਤਾ ਕੇਵਲ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਹੀ ਮਿਲੇਗੀ।

# ਗੁਰੂ ਨਾਨਕ ਸਾਹਿਬ ਚੂੰਕਿ ਰੱਬੀ ‘ਗੁਰੂ’ ਦਾ ਹੀ ਸਰੀਰਕ ਪ੍ਰਗਟਾਵਾ ਹਨ, ਇਹੀ ਕਾਰਣ ਹੈ ਕਿ ਉਨ੍ਹਾਂ ਨੇ ਜਿਸ ਉਪਰ ਵੀ ਅਪਣੀ ਬਖਸ਼ਿਸ਼ ਦਾ ਹੱਥ ਰਖਿਆ ਜਾਂ ਮੇਹਰ ਦੀ ਨਜ਼ਰ ਕੀਤੀ ਫ਼ਿਰ ਭਾਵੇਂ ਕੋਈ 72 ਸਾਲ ਦੀ ਸੰਸਾਰਕ ਉਮਰ ਦਾ ਸੀ ਜਾਂ ਕੇਵਲ ਸਵਾ ਪੰਜ ਸਾਲ ਦਾ, ਉਹ ਗੁਰੂਨਾਨਕ ਹੀ ਹੋ ਗਿਆ। ਬਾਕੀ ਨੌਂ ਜਾਮੇ ਇਸੇ ਰੱਬੀ ਸੱਚਾਈ ਦਾ ਸਬੂਤ ਹਨ।

# ਇਥੋਂ ਤਕ ਕਿ ਜਿਸ ਉਪਰ ਗੁਰੂ ਨਾਨਕ ਦੀ ਬਖਸ਼ਿਸ਼ ਹੋ ਗਈ, ਫ਼ਿਰ ਪਹਿਲਾਂ ਉਹ ਦੇਵੀ ਪੂਜਕ ਹੀ ਨਹੀਂ ਬਲਕਿ ਜੱਥੇ ਦਾ ਆਗੂ ਵੀ ਸੀ ਜਾਂ ਨੀਯਮ ਨਾਲ ਗੰਗਾ ਇਸ਼ਨਾਨ ਕਰਨ ਵਾਲਾ ਕੱਟਰ ਸਨਾਤਨ ਧਰਮੀ; ਸਮਾਂ ਆਇਆ ਤਾਂ ਉਹ ਵੀ ਗੁਰੂ ਨਾਨਕ ਹੀ ਹੋ ਨਿਬੜਿਆ, ਇਹ ਰੱਬੀ ਖੇਡ ਅਤੇ ਸੱਚਾਈ ਨਹੀਂ ਤਾਂ ਹੋਰ ਕੀ ਹੈ?

# ਕਿੰਨੀ ਹੈਰਾਨੀ ਦੀ ਗਲ ਹੈ ਕਿ ਜਿਹੜਾ ਇਲਾਹੀ ਪ੍ਰੋਗਰਾਮ ਗੁਰੂਨਾਨਕ ਪਾਤਸ਼ਾਹ ਨੇ ਅਪਣੇ ਪਹਿਲੇ ਜਾਮੇ `ਚ ਉਲੀਕਿਆ; ਦੱਸਵੇਂ ਜਾਮੇ `ਚ ਪੁਜਕੇ ਉਸ ਰੱਬੀ ਪ੍ਰੋਗਰਾਮ ਨੂੰ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਰੂਪ `ਚ ਸੰਪੂਰਣਤਾ ਵੀ ਆਪ ਬਖਸ਼ੀ। ਸੰਸਾਰਕ-ਪ੍ਰਵਾਰਕ ਉਤਾਰ ਚੜ੍ਹਾਵ, ਰੁਕਾਵਟਾਂ ਨਿੱਤ ਆਈਆਂ, ਪਰ ਉਸ ਰੱਬੀ ਪ੍ਰੋਗਰਾਮ `ਚ ਰੁਕਾਵਟ ਨਾ ਬਣ ਸਕੀਆਂ।

# ਹਦੋਂ ਵੱਧ ਹੈਰਾਣਕੁਨ ਹੈ ਕਿ ਇੰਨੇ ਵੱਡੇ ਸੰਸਾਰ `ਚ ਵਿਚਰ ਕੇ ਗੁਰੂ ਨਾਨਕ ਪਾਤਸ਼ਾਹ ਨੇ ਕੇਵਲ ਉਨ੍ਹਾਂ 15 ਭਗਤਾਂ ਦੀਆਂ ਰਚਨਾਵਾਂ ਚੁੱਕੀਆਂ, ਜੋ ਸਮੇਂ ਨਾਲ “ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ, ਰਤਨੀ ਭਰੇ ਭੰਡਾਰ” (ਪੰ: 646) ਵਾਲੀ ਗੁਰਬਾਣੀ ਦੀ ਕਸਵੱਟੀ ਤੇ ਪੂਰੀਆਂ ਉਤਰੀਆਂ। ਹਾਲਾਂਕਿ ਸੰਸਾਰ `ਚ ਭਗਤਾਂ-ਮਹਾਪੁਰਖਾਂ ਦਾ ਘਾਟਾ ਨਹੀਂ ਸੀ। ਇਸਤੋਂ ਵੱਧ ਜਿਨ੍ਹਾਂ ਭਗਤਾਂ ਦੀਆਂ ਰਚਨਾਵਾਂ ਚੁਕੀਆਂ ਉਨ੍ਹਾਂ ਦੀਆਂ ਜਾਤਾਂ, ਜਨਮ ਸਥਾਨ, ਪ੍ਰਾਂਤ ਅਤੇ ਜੰਮਾਂਦਰੂ ਧਰਮ ਵੀ ਇੱਕ ਨਹੀਂ ਸਨ। ਇਸ ਤੋਂ ਵੱਡੀ ਗਲ ਇਨ੍ਹਾਂ ਵਿਚੋਂ ਹੀ ਕੁੱਝ ਭਗਤਾਂ ਦੀਆਂ ਉਹ ਰਚਨਾਵਾਂ ਵੀ ਮੌਜੂਦ ਸਨ ਜਿਹੜੀਆਂ ਉਨ੍ਹਾਂ ਰਾਹੀਂ ਸਫ਼ਲ ਜੀਵਨ ਦੀ ਪ੍ਰਾਪਤੀ ਤੋਂ ਪਹਿਲਾਂ ਦੀਆਂ ਸਨ ਅਤੇ ਉਹ ਛੱਡ ਦਿਤੀਆਂ।

# ਕਿੰਨੀ ਹੈਰਾਨੀ ਦੀ ਗਲ ਹੈ ਕਿ ਸੰਸਾਰ ਰਚਨਾ ਜੇ ਲਖਾਂ ਨਹੀਂ ਤਾਂ ਹਜ਼ਾਰਾਂ ਸਾਲ ਪੁਰਾਣੀ ਤਾਂ ਹੈ ਹੀ-ਗੁਰੂ ਨਾਨਕ ਪਾਤਸ਼ਾਹ ਤੋਂ ਪਹਿਲਾਂ ਵੀ ਸੰਸਾਰ `ਚ ਔਲੀਏ, ਰਹਿਬਰ, ਧਾਰਮਿਕ ਆਗੂ, ਸਮਾਜਸੁਧਾਰਕ ਆਏ ਪਰ ਕਿਸੇ ਦੀ ਸਮਝ `ਚ ਕਦੇ ਨਾ ਆਇਆ ਕਿ ਮਾਨਵ ਨਸਲ ਪੂਰਣ ਤੱਬਾਹੀ ਵਲ ਵੱਧ ਰਹੀ ਹੈ। ‘ਕੋਹੜ’ ਨੂੰ ਛੂਤ ਦੀ ਬਿਮਾਰੀ ਮਨਿਆ ਜਾ ਰਿਹਾ ਸੀ। ਇਸਤ੍ਰੀ ਵਰਗ ਨਾਲ ਵਿੱਤਕਰਾ, ਮਨੁੱਖ ਵਰਗ ਨੂੰ ਅਪਣੀ ਉਤਮਤਾ ਦਾ ਹੰਕਾਰ, ਸੁਰ-ਸੁਰਾ ਨਾਲ ਭਰਪੂਰ ਨਸ਼ਿਆਂ ਤੋਂ ਅਰੰਭ ਕਰਕੇ ਵਿੱਭਚਾਰ ਵਲ ਲਗਾਤਾਰ ਵਧ ਰਿਹਾ ਮਨੁੱਖ, ਵਰਣ ਵੰਡ ਦਾ ਭੂਤ। ਹੋਰ ਲਵੋ! ਇੱਕ ਕਰਤਾਰ ਨੂੰ ਵਿਸਾਰ ਕੇ ਆਪ ਮਿੱਥੇ ਭਗਵਾਨਾਂ ਅਤੇ ਕਰੋੜਾਂ ਦੇਵੀ-ਦੇਵਤਿਆਂ ਦੀ ਮਾਨਤਾ ਜਿਸਤੋਂ ਸਗਨ, ਅਪਸਗਨ, ਥਿੱਤ-ਵਾਰ, ਵਹਿਮ-ਭਰਮ-ਜਹਾਲਤਾਂ, ਕੁੰਡਲੀਆਂ-ਜਨਮਪਤ੍ਰੀਆਂ-ਟੇਵੇ-ਮਹੂਰਤ, ਹਸਤ ਰੇਖਾਵਾਂ ਦੇ ਢੋਂਗ `ਤੇ ਬਹੁਤ ਕੁੱਝ ਇਸੇ ਦੀ ਉਪਜ ਸਨ। ਹਜ਼ਾਰਾਂ ਸਮਾਜਕ ਅਉਗਣਾ ਅਤੇ ਮਾਨਸਕ ਤਨਾਅ ਦਾ ਕਾਰਣ ਹੁਕਮ-ਰਜ਼ਾ ਦੀ ਸੋਝੀ ਦਾ ਨਾ ਹੋਣਾ, ਧਾਰਮਿਕ ਠੱਗਾਂ ਰਾਹੀਂ ਕਰਮ ਕਾਂਡਾਂ ਰਸਤੇ ਮਾਨਵ ਨਸਲ ਦਾ ਸ਼ੋਸ਼ਨ। ‘ਨਾਮ ਜਪੋ-ਕਿਰਤ ਕਰੋ-ਵੰਡ ਛਕੋ’ ਵਾਲੇ ਸਿਧਾਂਤ ਦੀ ਅਣਹੋਂਦ-ਸਭ ਪਾਸੇ ਗੁਰੂ ਸਾਹਿਬ ਨੇ ਹੀ ਸੰਭਾਲ ਕੀਤੀ।

# ਇਹ ਸੱਚਾਈ ਹੈ ਕਿ ਸੰਪੂਰਣ ਗੁਰਬਾਣੀ ਰਚਨਾ `ਚ ਜੇਕਰ ਸਰੀਰ ਗੁਰੂ ਦੀ ਗਲ ਹੈ ਤਾਂ ਉਹ ਕੇਵਲ ਗੁਰੂ ਨਾਨਕ ਪਾਤਸ਼ਾਹ ਲਈ ਅਤੇ ਦੂਜੇ ਗੁਰੂ ਜਾਮਿਆਂ ਨੂੰ ਸੰਬੋਧਨ ਕਰਕੇ ਹੈ ਪਰ ਉਸ `ਚ ਵੀ ਕਲਾ ਅਕਾਲਪੁਰਖ ਦੀ ਹੀ ਦਰਸਾਈ ਹੈ। ਫ਼ਿਰ ਭਾਵੇਂ ‘ਭਟਾਂ ਦੇ ਸਵਈਏ’ ਹਨ ਜਾਂ ‘ਸਤੇ ਬਲਵੰਡ ਦੀ ਵਾਰ’। ਇਸਤੋਂ ਇਲਾਵਾ ਦੂਜੇ ਗੁਰੂ ਜਾਮਿਆਂ ਰਾਹੀਂ ਖੈੜਲ਼ ਗੁਰੂ ਨਾਨਕ ਪਾਤਸ਼ਾਹ ਲਈ ਹੀ ‘ਗੁਰੂ’ ਸ਼ਬਦ ਆਇਆ ਹੈ।

# ਇਸਤੋਂ ਇਲਾਵਾ ਸੰਪੂਰਣ ਗੁਰਬਾਣੀ `ਚ ਜਿੱਥੇ ਕਿਥੇ ਵੀ ‘ਗੁਰੂ, ਸਤਿਗੁਰੂ ਜਾਂ ਸ਼ਬਦ ਗੁਰੂ’ ਪਦ ਵਰਤੇ ਹਨ ਮਨੁੱਖਾ ਸਰੀਰ ਲਈ ਇਹ ਪਦ ਕਿੱਧਰੇ ਵੀ ਨਹੀਂ ਆਏ ਅਤੇ ਬਾਰ ਬਾਰ ਸਪੱਸ਼ਟ ਕੀਤਾ ਹੈ ਕਿ ਗੁਰਬਾਣੀ ਅਨੁਸਾਰ ‘ਗੁਰੂ, ਸਤਿਗੁਰੂ’ ਸਰੀਰ ਨਹੀਂ।

ਆਖਿਰ ਕਿੱਧਰੇ ਤਾਂ ਫ਼ਰਕ ਹੈ- ਸੋਚਣ ਦਾ ਵਿਸ਼ਾ ਹੈ, ਦਸ ਜਾਮਿਆਂ ਦੋਹਰਾਨ ਪਹਿਲੇ ਪਾਤਸ਼ਾਹ ਦੇ ਸਪੁਤ੍ਰ ਬਾਬਾ ਸ੍ਰੀ ਚੰਦ ਜੀ, ਦੂਜੇ ਪਾਤਸ਼ਾਹ ਦੇ ਸਪੁੱਤ੍ਰ ਦਾਤੂ ਜੀ ਨੇ ਸਰਕਾਰੀ ਸ਼ਹਿ ਤੇ ਅਪਣੀ ‘ਗੁਰੂ ਵਾਲੀ ਦੁਕਾਨ’ ਖੋਲੀ। ਪ੍ਰਿਥੀ ਚੰਦ, ਰਾਮਰਾਏ, ਧੀਰਮਲ, ੨੨ ਮੰਜੀਦਾਰਾਂ ਸਮੇਤ ਗੁਰੂ ਪ੍ਰਵਾਰਾਂ ਵਿਚੋਂ ਦੁਕਾਨਾਂ ਖੁਲੀਆਂ ਪਰ ਇੱਕ ਵੀ ਸਫ਼ਲ ਨਾ ਹੋਈ।

ਕਾਰਣ ਇਕੋ ਸੀ, ਉਦੋਂ ਸੰਗਤ ਜਾਗਦੀ ਸੀ। ਓਦੋਂ, ਅਜ ਵਾਲਾ ਗੁਰਮਤਿ ਅਥਵਾ ਗੁਰਬਾਣੀ ਦੇ ਪ੍ਰਚਾਰ-ਪ੍ਰਸਾਰ ਵਾਲਾ ਬੇਸਿਰਪੈਰ ਦਾ ਸਿੱਸਟਮ ਨਹੀਂ ਸੀ। ਯੋਗ ਅਤੇ ਜੀਵਨ ਵਾਲੇ ਪ੍ਰਚਾਰਕ ਥਾਪੇ ਜਾਂਦੇ ਸਨ। ਅਜ ਵਾਲੇ ਪ੍ਰਚਾਰਕ ਜਾਂ ਵੋਟਾਂ ਨਾਲ ਆਏ ਪ੍ਰਬੰਧਕ ਨਹੀਂ ਸਨ ਅਤੇ ਨਾ ਹੀ ਅਜ ਵਾਲਾ ਅਖੌਤੀ ਗੁਰਮਤਿ ਸਮਾਗਮਾ-ਕੀਰਤਨ ਦਰਬਾਰਾਂ- ਸ਼ਤਾਬਦੀਆਂ ਵਾਲਾ ਵੀ ਫ਼ੌਕਾ ਰੌਲਾ ਸੀ। ਸਾਜ਼ਾਂ ਦੀ ਟੇਕ ਲੈਕੇ ਗੁਰਬਾਣੀ ਦੇ ਇਕ-ਇਕ ਸ਼ਬਦ ਨੂੰ ਲਇਆ ਜਾਂਦਾ, ਨਿਰੋਲ ਗੁਰਬਾਣੀ ਦੇ ਅਰਥ ਸਿਧਾਂਤਾਂ ਦੇ ਦਇਰੇ `ਚ ਖੁਲਾ ਸਮਾਂ ਸ਼ਬਦ ਦੀ ਵਿਆਖਿਆ ਹੁੰਦੀ ਸੀ। ਗੁਰਬਾਣੀ ਜੀਵਨ ਜਾਚ ਵਾਲੇ ਥਾਪੇ ਹੋਏ ਅਤੇ ਗੁਰਬਾਣੀ ਦੇ ਧੁਰੰਧਰ ਵਿਦਵਾਨ ਸਾਡੇ ਪ੍ਰਚਾਰਕ ਹੁੰਦੇ ਸਨ। ਉਨ੍ਹਾਂ ਰਾਹੀ ਗੁਰਬਾਣੀ ਦਾ ਪ੍ਰਚਾਰ ਸਚੁਮਚ ਹੀ ਗੁਰਬਾਣੀ ਦੀ ਜੀਵਨ ਜਾਚ ਦਾ ਪ੍ਰਸਾਰ ਸੀ। ਨਤੀਜਾ ਸੀ ਕਿ ਅਣਪੜ੍ਹ ਦੀ ਸਮਝ `ਚ ਵੀ ਗੁਰੂ ਦੀ ਬਖਸ਼ੀ ‘ਜੀਵਨ ਜਾਚ’ ਅਪਣੀ ਜਗ੍ਹਾ ਬਣਾ ਲੈਂਦੀ, ਅਜ ਤਾਂ ਪੜ੍ਹੇ ਲਿਖੇ ਸਮਰਪਤ ਅਤੇ ਸਿੱਦਕੀ ਸਿੱਖ ਵੀ ਗੁਰਬਾਣੀ ਜੀਵਨ ਜਾਚ ਤੋਂ ਕੋਰੇ ਹਨ, ਉਲਾਦਾਂ ਦਾ ਹਸ਼ਰ ਸਾਹਮਣੇ ਆ ਹੀ ਰਿਹਾ ਹੈ।

ਪਹਿਲੇ ਜਾਮੇ ਤੋਂ ਦੱਸਵੇਂ ਜਾਮੇ ਤੱਕ ਅਜ ਦੀ ਤਰ੍ਹਾਂ ਗੁਰਮਤਿ ਸਮਾਗਮਾਂ ਦੇ ਨਾਮ ਤੇ ਗੁਰਬਾਣੀ ਦਾ ਵਪਾਰ ਨਹੀਂ ਸੀ ਹੁੰਦਾ। ਇੱਕ ਸਮੇਂ ਇਕੋ ਰਾਗੀ ਰਾਹੀਂ ਲਗਾਤਾਰ ਦੱਸ-ਦੱਸ ਸ਼ਬਦਾਂ ਦਾ ਗਾਇਣ ਇਸੇ ਤਰ੍ਹਾਂ ਵਿਆਖਾਕਾਰ ਵੀ ਵਕਤ ਟਪਾਊ ਨਹੀਂ ਸਨ ਹੁੰਦੇ। ਖੈਰ! ਇਹ ਸਾਰਾ ਵਿਸ਼ਾ ਗੁਰਮਤਿ ਪਾਠ ਨੰ: 94, 41, 23 ਨੰਬਰਵਾਰ “ਸਿੱਖ ਪ੍ਰਚਾਰਕ ਦੀ ਪੱਦਵੀ ਅਤੇ ਸਤਿਕਾਰ”, “ਸਿੱਖ ਸਟੇਜ ਦਾ ਸਤਿਕਾਰ?” ਅਤੇ “ਸੁਆਸ ਕੀਮਤੀ ਹਨ-ਧੰਨ ਪਦਾਰਥ ਨਹੀਂ” ਆਦਿ `ਚ ਲਿਆ ਜਾ ਚੁਕਾ ਹੈ। ਇਥੇ ਤਾਂ ਵਿਸ਼ਾ ਹੈ ਗੁਰਬਾਣੀ ਅਨੁਸਾਰ ‘ਗੁਰੂ’ ਅਥਵਾ ‘ਸਤਿਗੁਰੂ’ ਦਾ। ਉਸ ‘ਗੁਰੂ’ ਦਾ, ਜਿਸ ਗੁਰੂ ਦੇ ਲੜ ਲਗਣ ਲਈ ਗੁਰੂ ਸਾਹਿਬਾਨ ਸਮੇਤ ਗੁਰਬਾਣੀ ਵਿਚਲੇ 35 ਦੇ 35 ਲਿਖਾਰੀਆਂ ਨੇ ਸੇਧ ਦਿਤੀ ਹੈ।

ਇਥੋਂ ਤੀਕ ਕਿ ਦਸੋਂ ਹੀ ਗੁਰੂ ਸਰੂਪਾਂ ਨੇ, ਖੁੱਦ ਗੁਰੂ ਹੋਣ ਦੇ ਬਾਵਜੂਦ ਕਦੇ ਅਪਣੇ ਸਰੀਰਾਂ ਦੇ ਚਿੱਤਰ (ਤਸਵੀਰਾਂ) ਤੀਕ ਨਹੀਂ ਬਨਣ ਦਿਤੇ ਤਾਕਿ ਸੰਗਤਾਂ ਸਰੀਰ ਪੂਜਾ ਜਾਂ ਸਰੀਰ ਗੁਰੂ ਦਾ ਭੁਲੇਖਾ ਨਾ ਖਾ ਜਾਣ। ਚੇਤੇ ਰਹੇ! ਅਜੋਕੇ ਸਮੇਂ ਗੁਰੂ ਸਾਹਿਬਾਨ ਦੀਆਂ ਜਿੰਨੀਆਂ ਵੀ ਫੋਟੋਆਂ, ਚਿੱਤਰ, ਤਸਵੀਰਾਂ, ਮੂਰਤੀਆਂ ਮਾਰਕੀਟ `ਚ ਮਿਲ ਰਹੀਆਂ ਹਨ, ਸਭ ਫ਼ਰਜ਼ੀ ਹਨ ਅਤੇ ਕਲਾਕਾਰਾਂ ਦੇ ਦਿਮਾਗ਼ ਦੀ ਉਪਜ ਹਨ। ਇਨ੍ਹਾਂ ਚੋਂ ਇੱਕ ਵੀ ਫ਼ੋਟੋ ਗੁਰੂ ਸਾਹਿਬ ਦੇ ਸਰੀਰ ਦੀ ਅਸਲੀ ਫ਼ੋਟੋ ਨਹੀ।

ਗੁਰਬਾਣੀ ਅਨੁਸਾਰ ‘ਗੁਰੂ’ ਦੀ ਪਰੀਭਾਸ਼ਾ- ਗੁਰਬਾਣੀ ਦੇ ਹਰੇਕ ਸ਼ਬਦ ਅਥਵਾ ਰਚਨਾ `ਚ ਜਿਸ ‘ਗੁਰੂ’ ਦੇ ਲੜ ਲਗਣ ਲਈ ਤਾਕੀਦ ਕੀਤੀ ਹੈ ਉਹ ‘ਗੁਰੂ’ ਜਾਂ ‘ਸਤਿਗੁਰੂ’ ਕਿਸੇ ਸਰੀਰ ਦਾ ਨਾਮ ਨਹੀਂ ਬਲਕਿ ਉਹ ਰੱਬੀ ਗਿਆਨ ਹੈ ਜੋ ਕਰਤੇ ਅਕਾਲਪੁਰਖੁ ਦਾ ਹੀ ਨਿਜ ਗੁਣ ਹੈ ਅਤੇ ਜਿਸਤੋਂ ਬਿਨਾਂ ਮਨੁੱਖਾ ਜਨਮ ਦੀ ਨਾ ਹੀ ਸੰਭਾਲ ਹੋ ਸਕਦੀ ਹੈ ਅਤੇ ਨਾ ਹੀ ਅਕਾਲਪੁਰਖ ਦੀ ਗ਼ੈਬੀ ਤਾਕਤ ‘ਬਖਸ਼ਿਸ਼’ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ। ਬਾਣੀ ਦਾ ਫ਼ੁਰਮਾਣ ਹਨ ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: 920) ਧਿਆਣ ਦੇਣ ਦੀ ਗਲ ਹੈ, ਕੋਈ ਵੀ ਸਰੀਰਧਾਰੀ ਗੁਰੂ ਅਜੇਹਾ ਨਹੀਂ ਹੋ ਸਕਦਾ ਜਿਹੜਾ ਜੀਵ ਦੀ ਮੁੱਕਤੀ ਦਾ ਵਸੀਲਾ ਬਨਣ ਲਈ ਸਦਾ ਕਾਇਮ ਰਹਿ ਸਕੇ ਅਤੇ ਜੀਵ ਦੇ ਅਨੇਕਾਂ ਜੂਨਾ ਭੁਗਤਣ ਤੋਂ ਬਾਦ ਵੀ ਜਦੋਂ ਅਕਾਲਪੁਰਖ ਦੀ ਬਖਸ਼ਿਸ਼ ਨਾਲ ਉਸਨੂੰ ਮਨੁੱਖਾ ਜਨਮ ਮਿਲੇ ਤਾਂ ਪ੍ਰਭੁ `ਚ ਅਭੇਦ ਹੋਣ ਲਈ ਉਸਨੂੰ ਉਸੇ ਹੀ ਗੁਰੂ ਦੀ ਪ੍ਰਾਪਤੀ ਹੋ ਸਕੇ।

ਸਪੱਸ਼ਟ ਹੈ ਇਥੇ “ਅਨੇਕ ਜੂਨੀ ਭਰਮਿ ਆਵੈ. .” `ਚ ਕਿਸੇ ਸਰੀਰ ਗੁਰੂ ਦੀ ਗਲ ਨਹੀਂ ਹੋ ਰਹੀ। ਇਥੇ ਤਾਂ ਕਿਸੇ ਸਦੀਵੀ ਗੁਰੂ ਅਥਵਾ ‘ਸਤਿਗੁਰ’ ਦੀ ਗਲ ਹੀ ਹੋ ਰਹੀ ਹੈ। ਇਥੋਂ ਤੀਕ ਕਿ ਖੁੱਦ ਗੁਰੂ ਨਾਨਕ ਪਾਤਸ਼ਾਹ ਨੂੰ ਵੀ ਮਨੁੱਖ ਮਾਤ੍ਰ ਦੀ ਸੰਭਾਲ ਲਈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਰੂਪ `ਚ ‘ਇਲਾਹੀ ਅਥਵਾ ਰੱਬੀ ਗੁਰੂ’ ਨੂੰ ਅੱਖਰ ਰੂਪ `ਚ ਪ੍ਰਗਟ ਕਰਨ ਲਈ ਦੱਸ ਜਾਮੇ ਅਥਵਾ ਸਰੀਰ ਧਾਰਣ ਕਰਨੇ ਪਏ। ਕਿਉਂਕਿ ਕਿਸੇ ਵੀ ਮਨੁੱਖਾ ਸਰੀਰ ਦੀ ਇੰਨੀ ਲੰਮੀ ਉਮਰ ਸੰਭਵ ਨਹੀਂ ਸਿਵਾਇ ਜੋਗ ਸਾਧਨਾਵਾਂ ਦੇ ਜੋਕਿ ਅਤਮਕ ਸੰਭਾਲ ਲਈ ਰੁਕਾਵਟ ਹਨ।

ਗੁਰੂ ਨਾਨਕ ਸਾਹਿਬ ਦਾ ਗੁਰੂ? - ਇਥੋਂ ਤੀਕ ਕਿ ਗੁਰੂ ਨਾਨਕ ਪਾਤਸ਼ਾਹ ਨੂੰ ਜਦੋਂ ਸੁਆਲ ਕੀਤਾ ਕਵਣ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ” ਤਾਂ ਗੁਰਦੇਵ ਦਾ ਉਤਰ ਸੀ ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ (ਪੰ: 942)। ਜਿਸਦਾ ਭਾਵ ਹੈ ‘ਮੇਰਾ ਗੁਰੂ ਤਾਂ ਉਸ ਸਮੇਂ ਤੋਂ ਮੌਜੂਦ ਹੈ ਜਦ ਤੋਂ ਸੁਆਸਾਂ ਅਥਵਾ ਰਚਨਾ ਦਾ ਅਰੰਭ ਹੋਇਆ ਹੈ `ਤੇ ਉਸ ਦਾ ਸਰੂਪ ਵੀ ਸ਼ਬਦ (ਇਲਾਹੀ ਗਿਆਨ) ਹੈ, ਸਰੀਰ ਨਹੀਂ। ਇਥੇ ਤਾਂ ਗੁਰਦੇਵ ਨੇ ਇਥੋ ਤੀਕ ਫ਼ੁਰਮਾਇਆ ਹੈ ਕਿ ਆਤਮਕ ਸਫ਼ਲਤਾ ਲਈ ਤਾਂ ਵਿਸ਼ਾ ਹੀ ‘ਸ਼ਬਦ-ਸੁਰਤ’ ਦੇ ਮਿਲਾਪ ਦਾ ਹੈ, ਇਥੇ ਸਰੀਰਾਂ ਦੀ ਗਲ ਹੈ ਹੀ ਨਹੀਂ। ਗੁਰਬਾਣੀ `ਚ ਹੀ ਇੱਕ ਹੋਰ ਥਾਵੇਂ ਗੁਰਦੇਵ ਸਾਫ਼ ਕਰਦੇ ਹਨ ਤਤੁ ਨਿਰੰਜਨੁ ਜੋਤਿ ਸਬਾਈ, ਸੋਹੰ ਭੇਦੁ ਨ ਕੋਈ ਜੀਉ॥ ਅਪਰੰਪਰ ਪਾਰਬ੍ਰਹਮੁ ਪਰਮੇਸਰੁ, ਨਾਨਕ ਗੁਰੁ ਮਿਲਿਆ ਸੋਈ ਜੀਉ” (ਪੰ: 599) ਭਾਵ ਉਹ ਅਕਾਲਪੁਰਖ ਜੋ ਸਾਰੀ ਰਚਨਾ `ਚ ਭਰਪੂਰ ਸਦਾ ਥੱਰ ਰਹਿਣ ਵਾਲਾ ਹੈ ਉਹ ਕਰਤਾਰ ਹੀ ਮੇਰਾ ‘ਗੁਰੂ’ ਹੈ। ਇਸਤਰ੍ਹਾਂ ਗੁਰਬਾਣੀ `ਚ ਹੀ ਹੋਰ ਪ੍ਰਮਾਣ ਹਨ ਜਿੱਥੇ ਗੁਰੂਨਾਨਕ ਪਾਤਸ਼ਾਹ ਨੇ ਅਕਾਲਪੁਰਖ ਨੂੰ ਹੀ ਅਪਣਾ ‘ਗੁਰੂ’ ਹੋਣਾ ਦਸਿਆ ਹੈ ਕਿਸੇ ਸਰੀਰ ਨੂੰ ਨਹੀਂ।

ਹੋਰ ਲਵੋ! ਗੁਰਬਾਣੀ `ਚ ਹੀ ਕਬੀਰ ਸਾਹਿਬ ਫ਼ੁਰਮਾਂਦੇ ਹਨ ਕਹੁ ਕਬੀਰ ਮੈ ਸੋ ਗੁਰੁ ਪਾਇਆ ਜਾ ਕਾ ਨਾਉ ਬਿਬੇਕ+” (ਪੰ: 793) ਇਥੇ ਕਬੀਰ ਸਾਹਿਬ ਫ਼ੁਰਮਾਅ ਰਹੇ ਹਨ ਕਿ ਮੈ ਉਸ ਗੁਰੂ ਨੂੰ ਹਾਸਲ ਕਰ ਲਿਆ ਹੈ ਜਿਸਦਾ ਨਾਮ ਹੀ ‘ਬਿਬੇਕ’ ਭਾਵ ਗਿਆਨ ਹੈ। ਹੋਰ ਤਾਂ ਹੋਰ ‘ੴ ਤੋਂ ਲੈਕੇ ਗੁਰਪ੍ਰਸਾਦਿ’ ਤੀਕ ਸੰਪੂਰਣ ਮੰਗਲਾਚਰਣ ਬਲਕਿ ਉਸਦੇ ਕੁਲ 567 ਵਾਰੀ ਦਰਜ ਹੋਏ ਚਾਰ ਸਰੂਪਾਂ `ਚ ਹਰ ਵਾਰ ਸਮਾਪਤੀ ‘ਗੁਰਪ੍ਰਸਾਦਿ’ ਤੇ ਹੀ ਹੋਈ ਹੈ। ਜਿਸਦੇ ਅਰਥ ਹਨ ਕਿ ਸੰਸਾਰ ਦੇ ਇਕੋ-ਇਕ ਕਰਤਾ ੴ ਦੀ ਪ੍ਰਾਪਤੀ ਉਦੋਂ ਹੁੰਦੀ ਹੈ ਜਦੋਂ ‘ੴ (ਅਕਾਲਪੁਰਖ) ਆਪ ‘ਗੁਰੂ’ ਰੂਪ `ਚ ਪ੍ਰਗਟ ਹੋ ਕੇ ਜੀਵ ਦੇ ਜੀਵਨ `ਚ ਪ੍ਰਕਾਸ਼ ਕਰਦਾ ਹੈ, ਕ੍ਰਿਪਾ ਕਰਦਾ ਹੈ।

“ਗੁਰੁ ਪਰਮੇਸਰੁ ਏਕੋ ਜਾਣੁ. .” (ਪੰ: 864) ਇਸਤਰ੍ਹਾਂ ਗੁਰਬਾਣੀ ਨੇ ਜਿਸ ਗੁਰੂ ਨਾਲ ਜਗਿਆਸੂ ਦੇ ਜੁੜਣ ਲਈ ਪਕਿਆਈ ਕੀਤੀ ਹ ਉਥੇ ‘ਗੁਰੂ ਤੇ ਅਕਾਲਪੁਰਖ’ ਦੋ ਨਹੀਂ ਹਨ। ਇਥੇ ਤਾਂ ਗੁਰ ਗੋਵਿੰਦੁ, ਗ+ਵਿੰਦੁ ਗੁਰੂ ਹੈ, ਨਾਨਕ ਭੇਦੁ ਨ ਭਾਈ” (ਪੰ: 442) ਅਤੇ ਗੁਰੁ ਪਰਮੇਸਰੁ ਪਾਰਬ੍ਰਹਮੁ. .” (ਪੰ: 49) ਹੋਰ ਲਵੋ “ਨਾਨਕ ਸੋਧੇ ਸਿੰਮ੍ਰਿਤਿ ਬੇਦ॥ ਪਾਰਬ੍ਰਹਮ ਗੁਰ ਨਾਹੀ ਭੇਦ” (ਪੰ: 1142)। ਇਸਤਰ੍ਹਾਂ ਗੁਰਬਾਣੀ `ਚ ਕਰਤਾਰ ਦੇ ਹੀ ਵਿਸ਼ੇਸ਼ ਅਤੇ ਨਿਜ ਗੁਣ ਨੂੰ ‘ਗੁਰੂ’, ‘ਸਤਿਗੁਰੂ’, ਸ਼ਬਦ ਗੁਰੂ’ ਪਦਾਂ ਨਾਲ ਸੰਬੋਧਨ ਕੀਤਾ ਹੈ। ਇਥੇ ‘ਗੁਰੂ’ ਉਹ ਰੱਬੀ ਗਿਆਨ ਅਤੇ ਮਨੁੱਖ ਲਈ ਜੀਵਨ ਜਾਚ ਹੈ ਜਿਸ ਨੂੰ ਜੀਵਨ `ਚ ਢਾਲੇ ਬਿਨਾਂ ਮਨੁੱਖਾ ਜਨਮ ਦਾ ਸਫ਼ਲ ਹੋਣਾ ਹੀ ਸੰਭਵ ਨਹੀਂ। ਗੁਰਬਾਣੀ ਜਿਸ ਗੁਰੂ ਦੇ ਲੜ ਲਾ ਰਹੀ ਹੈ ਉਹ ‘ਗੁਰੂ’, ‘ਸਤਿਗੁਰੂ’, ‘ਸ਼ਬਦ ਗੁਰੂ’ ਸਰੀਰ ਨਹੀਂ ਜਿਵੇਂ ਕਿ ਅਜ ਅਨੇਕਾਂ ਪਾਖੰਡੀ ਅਪਣੇ ਆਪ ਨੂੰ ‘ਗੁਰੂ’ ਹੀ ਨਹੀਂ ਬਲਕਿ ‘ਸਤਿਗੁਰੂ’ ਤੀਕ ਅਖਵਾਉਣ ਲਈ ਟੁਰੇ ਫ਼ਿਰਦੇ ਅਤੇ ਸੰਗਤਾਂ ਦੇ ਜੀਵਨ ਨਾਲ ਖਿੱਲਵਾੜ ਕਰ ਰਹੇ ਹਨ। ਇਸ ਸਾਰੇ ਦਾ ਕਾਰਣ ਇਕੋ ਹੈ ਕਿ ਅਜੋਕੇ ਗੁਰਮਤਿ ਪ੍ਰਚਾਰ ਅਤੇ ਗੁਰਦੁਆਰਾ ਪ੍ਰਬੰਧ `ਚ ਉਹ ਦੰਮ ਹੈ ਹੀ ਨਹੀਂ ਕਿ ਸੰਗਤਾਂ ਵਿਚਾਲੇ ਗੁਰਬਾਣੀ ਅਨੁਸਾਰ ‘ਗੁਰੂ’ ਸਤਿਗੁਰੂ’,’ ਸ਼ਬਦ ਗੁਰੂ’ ਵਾਲੀ ਰੱਬੀ ਸੱਚਾਈ ਨੂੰ ਸਪੱਸ਼ਟ ਕੀਤਾ ਜਾ ਸਕੇ।

“ਸਤਿਗੁਰੁ ਮੇਰਾ ਸਦਾ ਸਦਾ. .”- ਚੇਤੇ ਰਹੇ! ਗੁਰਬਾਣੀ ਅਨੁਸਾਰ ‘ਸਤਿਗੁਰ’ ਦੇ ਲਫ਼ਜ਼ੀ ਅਰਥ ਵੀ ਇਹੀ ਹਨ ਕਿ ਉਹ ਗੁਰੂ ਜੋ ਗੁਰੂ ਜਨਮ-ਮਰਨ `ਚ ਨਹੀਂ ਆਉਂਦਾ ਜੋ ਸਦੀਵੀ (ਸਤਿ) ਹੈ। ਅਜੋਕੇ ਜਨਮ-ਮਰਨ ਗੇੜ `ਚ ਫਸੇ ਹੋਏ ਪਾਖੰਡੀ ‘ਗੁਰੂ’ ਤਾਂ ‘ਸਤਿਗੁਰੂ’ ਦੀ ਗਿਣਤੀ `ਚ ਆਉਂਦੇ ਹੀ ਨਹੀ। ਇਥੇ ਤਾਂ ਸਤਿਗੁਰੁ ਮੇਰਾ ਸਦਾ ਸਦਾ ਨਾ ਆਵੈ ਨ ਜਾਇ॥ ਓਹੁ ਅਬਿਨਾਸੀ ਪੁਰਖੁ ਹੈ ਸਭ ਮਹਿ ਰਹਿਆ ਸਮਾਇ” (ਪੰ: 759) ਜਾਂ ਗੁਰ ਕੀ ਮਹਿਮਾ ਕਿਆ ਕਹਾ, ਗੁਰੁ ਬਿਬੇਕ ਸਤ ਸਰੁ॥ ਓਹੁ ਆਦਿ ਜੁਗਾਦੀ ਜੁਗਹ ਜੁਗੁ ਪੂਰਾ ਪਰਮੇਸਰੁ” (ਪੰ: 397)। ਤਾਂਤੇ ਗੁਰਬਾਣੀ ਅਨੁਸਾਰ ਜਿਸਨੂੰ ‘ਸਤਿਗੁਰ’ ਕਿਹਾ ਹੈ ਉਹ ‘ਗੁਰੂ’ ‘ਅਦਿ ਜੁਗਾਦੀ’, ‘ਸਦਾ ਸਦਾ’ ਅਤੇ ‘ਅਬੀਨਾਸੀ’ ਭਾਵ ਕਦੇ ਨਾਸ਼ ਹੋਣ ਵਾਲਾ ਨਹੀਂ। ਜਿਵੇਂ ਅਰੰਭ `ਚ ਦਸ ਹੀ ਚੁਕੇ ਹਾਂ ਕਿ ਗੁਰਬਾਣੀ `ਚ ‘ਗੁਰੂ ਜਾਂ ‘ਸਤਿਗੁਰੂ’ ਲਫ਼ਜ਼ ਸਿਵਾਏ ਗੁਰੂ ਨਾਨਕ ਪਾਤਸ਼ਾਹ ਅਤੇ ਉਨ੍ਹਾਂ ਦੇ ਬਾਕੀ ਨੌਂ ਜਾਮਿਆਂ’ ਤੋਂ ਛੁੱਟ, ਕਿਸੇ ਸਰੀਰਧਾਰੀ ਲਈ ਨਹੀਂ ਕਿਉਂਕਿ ਸਰੀਰ ਦਾ ਤਾਂ ਨੀਯਮ ਹੀ ਜੋ ਉਪਜੈ ਸੋ ਕਾਲਿ ਸੰਘਾਰਿਆ” (ਪੰ: 227) ਹੈ ਅਤੇ ਇਸਦੇ ਉਲਟ ‘ਗੁਰੂ’ ਸਦੀਵੀ ਹੈ।

“ਅਪਨਾ ਗੁਰੂ ਧਿਆਏ…” - ਸਾਨੂੰ ਇਹ ਵੀ ਨਹੀਂ ਭੁਲਣਾ ਚਾਹੀਦਾ ਕਿ ਗੁਰਬਾਣੀ `ਚ ਕਈ ਸ਼ਬਦਾਂ ਦੋਹਰਾਨ ਲਫ਼ਜ਼ ‘ਅਪਣਾ ਗੁਰ’ ਜਾਂ ‘ਅਪਣਾ ਗੁਰੂ’ ਵੀ ਆਇਆ ਹੈ ਜਿਵੇਂ ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ” (ਪੰ: 462) ਜਾਂ “ਅਪਨੇ ਗੁਰ ਊਪਰਿ ਕੁਰਬਾਨੁ” (ਪੰ: 631) ਹੋਰ “ਅਪਨਾ ਗੁਰੂ ਧਿਆਏ॥ ਮਿਲਿ ਕੁਸਲ ਸੇਤੀ ਘਰਿ ਆਏ” (ਪੰ: 627) ਇਸੇਤਰ੍ਹਾਂ ਅਪੁਨੇ ਗੁਰ ਪੂਰੇ ਬਲਿਹਾਰੈ” (ਪੰ: 1218) ਪੁਨਾ “ਅਪੁਨੇ ਗੁਰ ਮਿਲਿ ਰਹੀਐ” (ਪੰ: 244) ਇਤਿਆਦਿ। ਇਸ ਵਿਸ਼ੇ ਨੂੰ ਇਥੇ ਲੈਣ ਦੀ ਲੋੜ ਇਸ ਲਈ ਪਈ ਕਿਉਂਕਿ ਕਈ ਸੱਜਣ ਗੁਰਬਾਣੀ ਦੇ ਅਰਥਾਂ ਨੂੰ ਸਮਝੇ ਬਿਨਾਂ ਇਹ ਦਲੀਲ ਦੇਣ ਲਗ ਪੈਂਦੇ ਹਨ “ਦੇਖੋ ਜੀ! ਗੁਰਬਾਣੀ `ਚ ਗੁਰੂ ਸਾਹਿਬ ਕਹਿ ਰਹੇ ਹਨ ‘ਅਪਣਾ ਗੁਰੂ ਧਿਆਏ. .’ ਤਾਂਤੇ ਜਿਹੜਾ ਵੀ ਕਿਸੇ ਦਾ ਗੁਰੂ ਹੈ, ਗਰੂ ਸਾਹਿਬ ਤਾਂ ਉਸੇ ਨੂੰ ਧਿਆਉਣ ਲਈ ਕਹਿ ਰਹੇ ਹਨ, ਖੁੱਲ ਦੇ ਰਹੇ ਹਨ” ਆਦਿ। ਦਰਅਸਲ ਅਜੇਹੇ ਪ੍ਰਮਾਣਾ ਦੇ ਆਪ ਮਿਥੇ ਅਰਥ ਲੈਣੇ ਗ਼ਲਤ ਹਨ। ਇਸੇ ਲੜੀ `ਚ ਦੇਖ ਚੁਕੇ ਹਾਂ ਕਿ ਗੁਰੂ ਨਾਨਕ ਸਾਹਿਬ ਕਿਸਨੂੰ ‘ਅਪਣਾ ਗੁਰੂ’ ਦਸ ਰਹੇ ਹਨ। ਤਾਂਤੇ ਜਦੋਂ ਗੁਰੂ ਜਾਮੇ (ਸਰੂਪ) ਹੀ ਸਾਨੂੰ “ਅਪਣਾ ਗੁਰੂ” ਕਹਿਕੇ ਕੋਈ ਗਲ ਸਮਝਾ ਰਹੇ ਹਨ ਤਾਂ ਉਹ ‘ਗੁਰੂ, ਸਤਿਗੁਰੂ’ ਕੋਈ ਹੋਰ ਨਹੀ ਕੇਵਲ ਅਕਾਲਪੁਰਖ ਦਾ ਹੀ ਨਿਜ ਅਤੇ ਨਿਵੇਕਲਾ ਗੁਣ ਹੈ। ਉਹ ਜੋ ਸਾਰੇ ਸੰਸਾਰ ਦਾ ਇਲਾਹੀ ਤੇ ਰੱਬੀ ‘ਇਕੋ ਇੱਕ ਗੁਰੂ’ ਹੈ ਹੋਰ ਕੋਈ ਨਹੀਂ ਅਤੇ ਸੰਗਤਾਂ ਨੂੰ ਵੀ ਉਸੇ ਇਲਾਹੀ ‘ਇਕੋ ਇੱਕ ਗੁਰੂ ਦੇ ਲੜ ਲਗਣ ਲਈ ਪੱਕਾ ਕਰ ਰਹੇ ਹਨ। ਇਸਦੇ ਉਲਟ ਪਾਤਸ਼ਾਹ, ਮਨੁੱਖ ਮਾਤਰ ਨੂੰ ਕਿਸੇ ਪਖੰਡੀ ਜਾਂ ਆਪ ਮਿਥੇ ਗੁਰੂ ਲਈ ਨਹੀਂ ਕਹਿ ਰਹੇ। ਠੀਕ ਉਸੇਤਰ੍ਹਾਂ ਜਿਵੇਂ ਕੋਈ ਸੱਜਣ ਲਫ਼ਜ਼ ‘–ਤੁਸੀਂ’ ਵਰਤਦਾ ਹੈ ਤਾਂ ਕਿਸੇ ਵੀ ਅਨਪੁਰਖ ਲਈ ਕਹਿ ਸਕਦਾ ਹੈ ਪਰ ਜਦੋਂ ਗੁਰੂ ਨਾਨਕ ਪਾਤਸ਼ਾਹ ਅਪਣੇ ਮੁਖਾਰਬੰਦ ਤੋਂ “ਆਦੇਸੁ ਤਿਸੈ ਆਦੇਸੁ” (ਬਾਣੀ ਜਪੁ) ਕਹਿੰਦੇ ਹਨ ਤਾਂ ਇਹ ‘ਤਿਸੈ’ ਸਿਵਾਇ ਅਕਾਲਪੁਰਖ ਦੇ ਕਿਸੇ ਹੋਰ ਅਨਪੁਰਖ ਲਈ ਨਹੀਂ ਹੋ ਸਕਦਾ।

“ਜੇ ਸਉ ਚੰਦਾ ਉਗਵਹਿ. .” ਗੁਰਬਾਣੀ ਦੀ ਹਰੇਕ ਰਚਨਾ `ਚ ਸਿੱਖ ਨੂੰ ਜਿਸ ‘ਗੁਰੂ’ ਦੇ ਲੜ ਲਗਣ ਦੀ ਤਾਕੀਦ ਕੀਤੀ ਗਿਈ ਹੈ, ਗੁਰਬਾਣੀ `ਚ ਹੀ ਉਸ ਬਾਰੇ ਗੁਰਦੇਵ ਉਸ ਗੁਰੂ ਦੀ ਵਿਆਖਿਆ ਕਰਦੇ ਹਨ “ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ॥ ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ” (ਪੰ: 463) ਅਰਥ ਹਨ ਜੇਕਰ ਸੌ ਚੰਦ੍ਰਮਾ ਅਤੇ ਹਜ਼ਾਰ ਸੂਰਜ ਵੀ ਉਗਮ ਪੈਣ ਤਾਂ ਵੀ ਮਨੁੱਖੀ ਮਨ ਦੇ ਹਨੇਰੇ ਨੂੰ ‘ਗੁਰੂ’ ਤੋਂ ਬਿਨਾਂ ਨਹੀਂ ਕੱਟਿਆ ਜਾ ਸਕਦਾ।

ਵਿਚਾਰਨ ਦੀ ਗਲ ਹੈ ਕਿ ਸੰਸਾਰ ਪੱਧਰ ਤੇ ਕੇਵਲ ਇੱਕ ਸੂਰਜ ਦੀ ਰੋਸ਼ਨੀ ਤੋਂ ਗਰਮੀ ਹੀ ਇੰਨੀ ਵੱਧ ਹੁੰਦੀ ਹੈ ਜੋ ਸਾਰੇ ਪਾਸੇ ਚਾਨਣਾ ਹੀ ਚਾਨਣਾ `ਤੇ ਗਰਮੀ ਹੋ ਜਾਂਦੀ ਹੈ। ਫ਼ਿਰ ਕੁੱਝ ਜਗ੍ਹਾ ਤੇ ਤਾਂ ਇੱਕ ਸੂਰਜ ਦੀ ਰੋਸ਼ਨੀ ਤੋਂ ਪੈਦਾ ਹੋਈ ਗਰਮੀ ਹੀ ਇੰਨੀ ਵੱਧ ਹੁੰਦੀ ਹੈ ਜੋ ਅਨੇਕਾਂ ਮੌਤਾਂ ਦਾ ਕਾਰਣ ਬਣ ਜਾਂਦੀ ਹੈ। ਤਾਂਤੇ ਜੇਕਰ ਇਕੋ ਸਮੇਂ ਇੱਕ ਨਹੀਂ, ਹਜ਼ਾਰ ਸੂਰਜ ਉਗਮ ਆਉਣ ਤਾਂ ਉਨ੍ਹਾਂ ਦੀ ਰੋਸ਼ਨੀ ਦੀ ਗਰਮੀ ਨਾਲ ਸਾਰੀ ਦੁਨੀਆਂ ਹੀ ਸੜ ਕੇ ਸੁਆਹ ਹੋ ਜਾਵੇ। ਜਦਕਿ ਗੁਰੂ ਸਾਹਿਬ ਤਾਂ ਫ਼ੁਰਮਾਅ ਰਹੇ ਹਨ, ਕਿ ਸੌ ਚੰਦ੍ਰਮਾਂ `ਤੇ ਹਜ਼ਾਰ ਸੂਰਜ ਇਕੱਠੇ ਮਿਲਕੇ ਵੀ ਉਸ ਹਨੇਰੇ ਨੂੰ ਨਹੀਂ ਕੱਟ ਸਕਦੇ, ਉਹ ਹਨੇਰਾ ਕੇਵਲ ‘ਗੁਰੂ’ ਹੀ ਕੱਟ ਸਕਦਾ ਹੈ।

ਸਾਫ਼ ਹੋਇਆ ਕਿ ਇਥੇ ਪਾਤਸ਼ਾਹ ਕਿਸੇ ਸੰਸਾਰਕ ਹਨੇਰੇ ਜਾਂ ਰੋਸ਼ਨੀ ਦਾ ਜ਼ਿਕਰ ਨਹੀਂ ਕਰ ਰਹੇ ਬਲਕਿ ਅਜੇਹੇ ਹਨੇਰੇ ਦਾ ਜ਼ਿਕਰ ਕਰ ਰਹੇ ਹਨ ਜਿਹੜਾ ‘ਗੁਰੂ’ ਤੋਂ ਬਿਨਾਂ ਕੱਟਣਾ ਹੀ ਸੰਭਵ ਨਹੀਂ। ਤਾਂਤੇ ਇਥੇ ਗੁਰੂ ਸਾਹਿਬ ਜਿਸ ਹਨੇਰੇ ਦਾ ਜਿਕਰ ਕਰ ਰਹੇ ਹਨ, ਉਹ ਹਨੇਰਾ ਹੈ ਮਨੁੱਖਾ ਮਨ `ਤੇ ਛਾਇਆ ਅਗਿਆਨਤਾ ਦਾ ਹਨੇਰਾ। ਇਸ ਲਈ ਇਥੇ ਸੂਰਜ ਤੇ ਚੰਦਰਮਾ ਦੇ ਦੇ ਅਰਥ ਵੀ ਤਿਥੇ ਠੀਕ ਉਸੇ ਤਰ੍ਹਾਂ ਹਨ ਜਿਵੇਂ ਬਾਣੀ ‘ਸਿਧ ਗੋਸ਼ਟਿ’ ਜਾਂ ਹੋਰ ਕੁੱਝ ਥਾਵੇਂ ਸੂਰਜ ਅਤੇ ਚੰਦ੍ਰਮਾ ਸ਼ਬਦਾਂ ਨੂੰ ਵਾਰੀ ਵਾਰੀ ‘ਗਿਆਨ’ ਅਤੇ ਮਾਨਸਕ ਠੰਡਕ ਦੇ ਅਰਥਾਂ `ਚ ਵਰਤਿਆ ਹੈ। ਇਸਲਈ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ‘ਅਗਿਆਨਤਾ ਦਾ ਹਨੇਰਾ’ ਹੈ ਕੀ?

‘ਅਗਿਆਨਤਾ ਦਾ ਹਨੇਰਾ’ ? - ਅਸੀਂ ਨਿੱਤ ਦੇਖਦੇ ਹਾਂ ਕਿ ਬੜੇ-ਬੜੇ ਪੜ੍ਹੇ ਲਿਖੇ `ਤੇ ਡਿੱਗਰੀਆਂ ਹੋਲਡਰ, ਇੰਨਾਂ ਪੜ੍ਹ ਲਿੱਖ ਕੇ ਵੀ ਅਨੇਕਾਂ ਵਹਿਮਾਂ, ਭਰਮਾਂ, ਜਹਾਲਤਾਂ, ਕਰਮ-ਕਾਂਡਾਂ, ਫੋਕਟ ਵਿਸ਼ਵਾਸਾਂ `ਚ ਹੀ ਡੁੱਬੇ ਹੁੰਦੇ ਹਨ। ਇਸਦੇ ਨਾਲ ਅਜੇਹੇ ਪੜ੍ਹੇ ਲਿਖੇ ਡਿੱਗਰੀਆਂ ਪ੍ਰਾਪਤ ਵੀ ਬਹੁਤੇ ਅਜੇਹੇ ਅਉਗਣਾਂ ਨਾਲ ਵੀ ਭਰਪੂਰ ਹੁੰਦੇ ਜਿਵੇਂ ਕਹੇ ਜਾਂਦੇ ‘ਅੰਡਰ-ਵਰਲਡ’ ਦੀ ਕਹੀ ਜਾਂਦੀ ਦੁਨੀਆ। ਇਸੇ ਤਰ੍ਹਾਂ ਦੂਜੇ ਦਾ ਹੱਕ ਖੋਹਣਾ, ਜੁਲਮ, ਧੱਕਾ, ਜਿਆਦਤਾਂ, ਹੇਰਾ-ਫੇਰੀਆਂ-ਠੱਗੀਆਂ, ਸਕੈਂਡਲ, ਹਥਿਆਰਾਂ ਦੀ ਹੌੜ, ਸ਼ਰਾਬ, ਨਸ਼ੇ ਵਿਭਚਾਰ ਆਦਿ। ਸੰਸਾਰ ਪੱਧਰ ਦੇ ਵੱਡੇ ਵੱਡੇ ਸਕੈਂਡਲ, ਸਮਗਲਿੰਗ, ਕਤਲੋ-ਗ਼ਾਰਤ, ਕਿੱਡਨੈਪਿੰਗ ਆਦਿ ਜੁਰਮ ਇਨਾਂ ਮਾਨਵੀ ਅਉਗਣਾਂ ਦਾ ਹੀ ਭਿਅੰਕਰ ਰੂਪ ਹਨ। ਤਾਂਤੇ ਸੰਸਾਰਕ ਪੜ੍ਹਾਈ-ਡਿੱਗਰੀਆਂ-ਡਿਪਲੋਮੇ ਜਾਂ ਅਨੇਕਾਂ ਸੰਸਾਰਕ ਗਿਆਨ (ਸੂਰਜ) ਰਲਕੇ ਵੀ ਉਹਨਾਂ ਲੋਕਾਂ ਦੇ ਸੁਭਾਅ ਨੂੰ ਨਹੀਂ ਬਦਲ ਸਕਦੇ। ਇਸਦਾ ਮੁੱਖ ਕਾਰਣ, ਉਨ੍ਹਾਂ ਦੇ ਮਨ ਅੰਦਰ ਅਗਿਆਨਤਾ ਦਾ ਉਹ ਭਿਅੰਕਰ ਹਨੇਰਾ ਹੀ ਹੁੰਦਾ ਹੈ।

ਇਹ ਪਖੰਡੀ ਗੁਰੂ, ਬਾਬੇ ਤੇ ਸੰਤ ਮਹਾਤਮਾ ਆਦਿ-ਪੜ੍ਹਾਈ ਲਿਖਾਈ ਤਾਂ ਵੱਖਰੀ ਗਲ 15-15, 20-20 ਸਾਲਾਂ ਤੋਂ ਪਖੰਡੀ ਗੁਰੂਆਂ-ਬਾਬਿਆਂ ਤੇ ਠਗਾਂ ਤੇ ਡੇਰੇਆਂ ਤੇ ਨੀਯਮ ਨਾਲ ਜਾਣ ਵਾਲੇ ਪ੍ਰਵਾਰ ਵੀ ਵਹਿਮਾਂ, ਭਰਮਾਂ, ਜਹਾਲਤਾਂ, ਕਰਮਕਾਂਡਾਂ, ਅਉਗਣਾਂ ਤੋਂ ਛੁੱਟਕਾਰਾ ਪਾਉਣਾ ਤਾਂ ਦੂਰ, ਇਹਨਾਂ ਨੂੰ ਹੀ ਅਪਣਾ ਧਰਮ-ਕਰਮ ਤੇ ਵੱਧੀਆ ਜੀਵਨ ਸਮਝ ਰਹੇ ਹੁੰਦੇ ਹਨ। ਇੰਨਾਂ ਹੀ ਨਹੀਂ, ਗੁਰੂ ਦੀ ਲੋੜ ਉਪਰ ਤਾਂ ਭਾਵੇਂ ਪੁਰਾਤਨ ਸਮੇਂ ਤੋਂ ਹੀ ਜ਼ੋਰ ਦਿੱਤਾ ਗਿਆ, ਫ਼ਿਰ ਵੀ ‘ਗੁਰੂ, ਸਤਿਗੁਰੂ’ ਕੇਵਲ ਖਾਨਾ-ਪੁਰੀ ਦਾ ਹੀ ਨਾਮ ਸਨ। ਜਦੋਂ ਤੀਕ ਮਨੁੱਖਾ ਜੀਵਨ ਅੰਦਰ ਜਦੋਂ ਤੀਕ ਆਤਮਕ ਗਿਆਨ (ਗੁਰੂ) ਨਹੀਂ ਉਪਜਦਾ, ਤਦ ਤੀਕ ਕੋਈ ਵੀ ਵੱਡਾ ਧਰਮੀ ਜਾਂ ਪੜਿਆ-ਲਿਖਿਆ ਵੀ ਅਪਣੇ ਮਨ ਦਾ ਇਹ ਹਨੇਰਾ ਦੂਰ ਨਹੀਂ ਕਰ ਸਕਦਾ।

ਸੰਸਾਰ ਅੰਦਰ ਬੇਅੰਤ ਗਿਆਨ ਅਤੇ ਹੁੱਨਰ ਹਨ। ਸਾਇੰਸਦਾਨ, ਡਾਕਟਰ, ਕਿਸਾਨ, ਇੰਜੀਨੀਅਰ, ਵਕੀਲ, ਦੁਕਾਨਦਾਰ ਭਾਵ ਹਰ ਕਿਸੇ ਪਾਸ ਵੱਖ-ਵੱਖ ਤਰ੍ਹਾਂ ਦੇ ਹੁੱਨਰ-ਗਿਆਨ (ਸੂਰਜ) ਹਨ ਅਤੇ ਆਪੋ-ਅਪਣੇ ਹੁੱਨਰ ਬਦਲੇ ਹਰੇਕ ਵਖੋ-ਵੱਖਰੀ ਮਾਨਸਕ ਸ਼ਾਂਤੀ (ਚੰਦ੍ਰਮਾ) ਪ੍ਰਾਪਤ ਕਰਦਾ ਹੈ। ਇਸਤਰ੍ਹਾਂ ਹਰੇਕ ਹੁੱਨਰ ਜਾਂ ਗਿਆਨ ਬਦਲੇ ਮਾਨਸਕ ਸ਼ਾਂਤੀ ਦੀ ਪ੍ਰਾਪਤੀ ਦੀ ਆਸ ਕਰਦਾ ਹੈ। ਡਾਕਟਰ ਅਪਣੇ ਇਲਾਜ ਨਾਲ ਮਰੀਜ ਨੂੰ ਰਾਜ਼ੀ ਕਰਦਾ ਹੈ ਤਾਂ ਉਸ ਦੇ ਮਨ ਨੂੰ ਠੰਡਕ (ਸ਼ਾਂਤੀ) ਪ੍ਰਾਪਤ ਹੁੰਦੀ ਹੈ। ਕਿਉਂਕਿ ਉਸਦੇ ਗਿਆਨ ਸੱਦਕਾ ਮਰੀਜ ਠੀਕ ਹੋ ਗਿਆ। ਦੁਕਾਨਦਾਰ, ਵਿੱਕਰੀ `ਚੋਂ ਕਮਾਈ ਕਰਕੇ ਅਪਣੇ ਮਨ ਦੀ ਸ਼ਾਂਤੀ ਮਹਿਸੂਸ ਕਰਦਾ ਹੈ ਕਿਉਂਕਿ ਉਸਨੇ ਅਪਨੇ ਹੁੱਨਰ-ਗਿਆਨ (ਸੂਰਜ) ਕਾਰਨ ਅਪਣੇ ਪ੍ਰਵਾਰ ਲਈ ਕਮਾਈ ਕੀਤੀ ਹੈ। ਇਸੇਤਰ੍ਹਾਂ ਹਰੇਕ ਛੋਟੇ ਵੱਡੇ ਸੰਸਾਰਕ ਗਿਆਨਾਂ ਅਤੇ ਹੁੱਨਰਾਂ ਉਪਰ ਇਹੀ ਸਿਧਾਂਤ ਲਾਗੂ ਹੁੰਦਾ ਹੈ।

ਪਰ ਇਹਨਾਂ ਅਨੇਕਾਂ ਹੁਨਰਾਂ `ਚੋਂ ਇੱਕ ਵੀ ਹੁੱਨਰ ਅਜੇਹਾ ਨਹੀਂ ਜੋ ਸਦੀਵੀ ਜਾਂ ਜ਼ਰੂਰ ਹੀ ਖੇੜਾ ਦੇ ਸਕੇ ਜਾਂ ਮਨ ਨੂੰ ਵਹਿਮਾਂ-ਭਰਮਾਂ, ਥਿੱਤਾ-ਵਾਰਾਂ, ਜਾਤਾਂ-ਵਰਣਾ, ਰੰਗ-ਨਸਲ ਦੇ ਵਿੱਤਕਰਿਆਂ, ਠੱਗੀਆਂ, ਹੇਰਾਫ਼ੇਰੀਆਂ, ਧੋਖੇ-ਜ਼ੁਲਮਾਂ, ਨਸ਼ਿਆਂ-ਵਿੱਭਚਾਰ, ਮਿੱਥੇ ਹੋਏ ਇਸ਼ਟਾਂ-ਭਗਵਾਨਾਂ ਦੇ ਜਾਲ ਜਾਂ ਬੇਅੰਤ ਮਾਨਸਿਕ ਅਉਗਣਾਂ-ਉਲਝਣਾਂ ਵਾਲੀ ਅਗਿਆਨਤਾ ਚੋਂ ਕਢ ਕੇ, ਸੱਚੇ ਰੱਬੀ ਮਾਰਗ ਤੇ ਚਲਾ ਸਕੇ, ਆਤਮਕ ਉਚਤਾ ਵਾਲਾ ਸਦਾਚਾਰਕ ਜੀਵਨ ਦੇ ਸਕੇ। ਇਹ ਸਮ੍ਰਥਾ ਹੈ ਤਾਂ ਕੇਵਲ ਸ `ਚੇ ਰੱਬੀ ਗਿਆਨ `ਚ ਅਤੇ ਇਸੇ ਆਤਮਕ ਗਿਆਨ ਨੂੰ ਗੁਰਬਾਣੀ `ਚ ‘ਗੁਰੂ, ਸਤਿਗਰੂ, ਸ਼ਬਦ ਗੁਰੂ’ ਕਹਿਕੇ ਦ੍ਰਿੜ ਕਰਵਾਇਆ ਹੈ। ਇਹੀ ਸਮਸਤ ਗਿਆਨਾਂ ਤੋਂ ਸ਼੍ਰੋਮਣੀ ਗਿਆਨ ਹੈ ਜਿਸ ਅੰਦਰ ਸਮ੍ਰਥਾ ਹੈ ਮਨੁਖੀ ਮਨ ਨੂੰ ਟਿਕਾਅ `ਚ ਲਿਆਕੇ ਕਰਤਾਰ ਨਾਲ ਜੋੜਣ ਦੀ। ‘ਸਤਿਗੁਰੂ ਮੇਰਾ ਸਦਾ ਸਦਾ’ ਅਨੁਸਾਰ ਇਹ ‘ਗੁਰੂ’, ‘ਸਤਿਗੁਰੂ’, ‘ਸ਼ਬਦ ਗੁਰੂ’ ਸਦਾ ਤੋਂ ਮੋਜੂਦ ਅਤੇ ਸਦੀਵੀ ਹੈ, ਪਰ ਇਸ ਦਾ ਪ੍ਰਗਟ ਸਰੂਪ ਨਾ ਹੋਣ ਦਾ ਹੀ ਨਤੀਜਾ ਸੀ ਕਿ ਭਗਤ ਕਬੀਰ, ਨਾਮਦੇਵ, ਤ੍ਰਿਲੋਚਨ, ਫਰੀਦ ਵਰਗੇ ਵਿਰਲੇ ਹੀ ਉਸ ਇਲਾਹੀ ‘ਗੁਰੂ’ ਨੂੰ ਹਾਸਲ ਕਰ ਸਕੇ। ਨਹੀਂ ਤਾਂ ਲੰਮੇ ਸਮੇਂ ਤੋਂ ਮਨੁੱਖਤਾ ਗੁਰੂ ਦੀ ਭਾਲ `ਚ ਠੋਕਰਾਂ ਖਾਂਦੀ, ਕੁਰਾਹੇ ਪੈਂਦੀ ਆਈ ਹੈ। ਅੰਤ ਗੁਰੂ ਨਾਨਕ ਪਾਤਸ਼ਾਹ ਨੇ ਅਪਾਰ ਬਖਸ਼ਿਸ ਕਰਕੇ ਇਸੇ ਸੱਚੇ ਰੱਬੀ ਆਤਮਕ ਗਿਆਨ ਨੂੰ ਗੁਰਬਾਣੀ ਦੇ ਅਖਰਾਂ ਰਾਹੀਂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਦੇ ਰੂਪ `ਚ ਉਜਾਗਰ ਕੀਤਾ।

“ਜਿਨਿ ਸਚੋ ਸਚੁ ਬੁਝਾਇਆ” - ਗੁਰਬਾਣੀ ਅਨੁਸਾਰ ‘ਗੁਰੂ, ਸਤਿਗੁਰੂ’ ਬਾਰੇ ਵਿਚਾਰ ਕਰਦੇ ਇਹ ਸਾਫ਼ ਹੋ ਚੁਕੀ ਹੈ ਕਿ ਗੁਰਬਾਣੀ `ਚ ‘ਗੁਰੂ ਜਾਂ ਸਤਿਗੁਰੂ’ ਲਫ਼ਜ਼ (ਗੁਰੂ ਜਾਮਿਆਂ ਨੂੰ ਛਡਕੇ) ਸੰਪੂਰਣ ਗੁਰਬਾਣੀ ਰਚਨਾ `ਚ ਬਿਲਕੁਲ ਮਨੁੱਖਾ ਸਰੀਰ ਲਈ ਨਹੀਂ ਆਇਆ ਅਤੇ ਇਹ ਅਕਾਲਪੁਰਖ ਦਾ ਹੀ ਨਿਜ ਗੁਣ ਹੈ। ਇਹੀ ਕਾਰਣ ਹੈ ਜਦੋਂ ਗੁਰਬਾਣੀ ਵਿਚੋਂ ਦਰਸ਼ਨ ਕਰਦੇ ਹਾਂ ਤਾਂ ਬਹੁਤਾ ਕਰਕੇ ਅਨੇਕਾਂ ਸ਼ਬਦਾਂ `ਚ, ਉਹੀ ਗੁਣ ਗੁਰੂ ਦੇ ਵੀ ਬਿਆਨੇ ਜਿਹੜੇ ਅਕਾਲਪੁਰਖ ਦੇ। ਦੇਖਣ ਦੀ ਗਲ ਹੈ ਕਿ ਜਦੋਂ ਪਾਖੰਡੀ ਗੁਰੂਆਂ ਵਲ ਤੱਕਦੇ ਹਾਂ ਤਾਂ ਉਹ ਪਖੰਡੀ ਗੁਰਬਾਣੀ ਵਿਚਲੇ ਗੁਰੂ ਵਾਲੇ ਸਾਰੇ ਗੁਣ ਅਪਣੇ ਨਾਲ ਜੋੜਕੇ, ਭੋਲੀਆਂ ਭਾਲੀਆਂ, ਗੁਰਬਾਣੀ ਗਿਆਨ ਤੋਂ ਅਣਜਾਣ ਸੰਗਤਾਂ ਨੂੰ ਕੁਰਾਹੇ ਪਾਂਦੇ ਹਨ। ਤਾਂਤੇ ਸਾਨੂੰ ਇਸ ਗਲ ਨੂੰ ਕਦੇ ਨਹੀਂ ਭੁਲਣਾ ਚਾਹੀਦਾ ਕਿ ਗੁਰਬਾਣੀ ਅਨੁਸਾਰ ਸੱਚੇ ਗੁਰੂ ਅਥਵਾ ਸਤਿਗੁਰੂ ਦਾ ਖਾਸ ਗੁਣ ਇਹ ਵੀ ਹੈ ਕਿ ਜਿਥੇ ਉਹ ਮਨੁੱਖ ਦੇ ਜੀਵਨ ਅੰਦਰੋਂ ਹਰ ਤਰ੍ਹਾਂ ਦੀ ਅਗਿਆਣਤਾ-ਹਉਮੈ ਦਾ ਨਾਸ ਕਰਦਾ ਹੈ ਉਥੇ ਨਾਲ ਹੀ, ਸ਼ਰਧਾਲੂ ਅਥਵਾ ਜਗਿਆਸੂ ਨੂੰ ਅਪਣੇ ਨਾਲ ਨਹੀਂ ਬਲਕਿ ਸਿੱਧਾ ਅਕਾਲਪੁਰਖ ਨਾਲ ਜੋੜਦਾ ਹੈ। ਇਸ ਵਿਸ਼ੇ ਤੇ ਗੁਰਬਾਣੀ ਖਜ਼ਾਨੇ ਵਿਚੋਂ ਬੇਅੰਤ ਪ੍ਰਮਾਣ ਦਿਤੇ ਜਾ ਸਕਦੇ ਹਨ ਜਿਵੇਂ ਸਤਿਗੁਰ ਵਿਟਹੁ ਵਾਰਿਆ ਜਿਤੁ ਮਿਲਿਐ ਖਸਮੁ ਸਮਾਲਿਆ” (ਪੰ: 470) ਜਾਂ ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ” (ਪੰ: 449) ਹੋਰ ਲਵੋ ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ॥ ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ” (ਪੰ: 286) ਪੁਨਾ ਮੇਰੇ ਰਾਮ ਹਮ ਬਾਰਿਕ ਹਰਿ ਪ੍ਰਭ ਕੇ ਹੈ ਇਆਣੇ॥ ਧੰਨੁ ਧੰਨੁ ਗੁਰੂ ਗੁਰੁ ਸਤਿਗੁਰੁ ਪਾਧਾ ਜਿਨਿ ਹਰਿ ਉਪਦੇਸੁ ਦੇ ਕੀਏ ਸਿਆਣੇ” (ਪੰ: 168) ਇਸੇਤਰ੍ਹਾਂ ਇਸੇ ਸੱਚਾਈ ਨੂੰ ਸਮਝਾਉਣ ਲਈ ਕੁੱਝ ਹੋਰ ਪ੍ਰਮਾਣ “ਅਪਨੇ ਗੁਰ ਕੰਉ ਤਨੁ ਮਨੁ ਦੀਜੈ ਤਾਂ ਮਨੁ ਭੀਜੈ ਤ੍ਰਿਸਨਾ ਦੂਖ ਨਿਵਾਰੇ॥ ਮੈ ਪਿਰੁ ਸਚੁ ਪਛਾਣਿਆ ਹੋਰ ਭੂਲੀ ਅਵਗਣਿਆਰੇ” (ਪੰ: 584) “ਸਤਿਗੁਰ ਜੇਵਡੁ ਦਾਤਾ ਕੋ ਨਹੀ ਸਭਿ ਸੁਣਿਅਹੁ ਲੋਕ ਸਬਾਇਆ॥ ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹੀ ਵਿਚਹੁ ਆਪੁ ਗਵਾਇਆ॥ ਜਿਨਿ ਸਚੋ ਸਚੁ ਬੁਝਾਇਆ” (ਪੰ: 465) “ਸਤਿਗੁਰਿ ਮਿਲਿਐ ਸਚੁ ਪਾਇਆ ਜਿਨ੍ਹ੍ਹ ਕੈ ਹਿਰਦੈ ਸਚੁ ਵਸਾਇਆ” (ਪੰ: 467) ਆਦਿ।

ਇਥੇ ‘ਅੰਡਰ ਲਾਈਨ’ ਕੀਤੀ ਇੱਕ ਇੱਕ ਪੰਕਤੀ ਨੂੰ ਗਹੁ ਨਾਲ ਦੇਖੋ! ਸਚਾਈ ਨੂੰ ਸਮਝਦੇ ਦੇਰ ਨਹੀ ਲਗਦੀ ਕਿ ਵਾਅ ਲਗਦੇ ਅਜੋਕੇ ‘ਪਾਖੰਡੀ ਗੁਰੂ-ਬਾਬੇ’ ਗੁਰਬਾਣੀ ਵਿਚਲੇ ਗੁਰੂ ਵਾਲੇ, ਬਾਕੀ ਤਾਂ ਸਾਰੇ ਗੁਣ ਤੇ ਹੋਰ ਬਨਾਵਟੀ ਕਰਾਮਾਤਾਂ ਨਾਲ ਭਰਪੂਰ ਕਰਕੇ ਅਨੇਕਾਂ ਕਹਾਣੀਆਂ ਤਾਂ ਅਪਣੇ ਨਾਲ ਜੋੜ ਕੇ, ਗੁਰਬਾਣੀ ਗਿਆਨ ਤੋਂ ਟੁਟੀਆਂ ਸੰਗਤਾਂ ਨੂੰ ਟੱਪਲਾ ਦੇਈ ਜਾਂਦੇ ਹਨ। ਫ਼ਿਰ ਵੀ ਜੇ ਧਿਆਨ ਕੀਤਾ ਜਾਵੇ ਤਾਂ ਇਸ ਗਲ ਨੂੰ ਪਛਾਣਦੇ ਦੇਰ ਨਹੀਂ ਲਗਦੀ ਕਿ ਗੁਰਬਾਣੀ ਰਾਹੀ ਪ੍ਰਗਟ ‘ਸਚਾ ਗੁਰੂ’, ‘ਸਤਿਗੁਰੂ’ ਸ਼ਰਧਾਲੂ ਨੂੰ ਅਪਣੇ ਨਾਲ ਨਹੀਂ ਬਲਕਿ ੴ ਅਥਵਾ ਅਕਾਲਪੁਰਖ ਨਾਲ ਹੀ ਜੋੜਦਾ ਹੈ। ਇਥੋਂ ਤੀਕ ਕਿ ਗੁਰਬਾਣੀ ਵਿੱਚ ਭੱਟਾਂ ਦੇ ਸਵਯੈ ਜਾਂ ਸਤਾ ਬਲਵੰਡ ਦੀ ਵਾਰ `ਚ ਵੀ ਜਦੋਂ ਗੁਰੂ ਜਾਮਿਆਂ ਦੀ ਉਸਤਤ ਕੀਤੀ ਹੈ ਜਾਂ ਖੁੱਦ ਦੂਜੀ, ਤੀਜੀ, ਚਉਥੀ, ਪੰਜਵੀਂ ਪਾਤਸ਼ਾਹੀ ਨੇ ‘ਗੁਰੂ ਨਾਨਕ ਪਾਤਸ਼ਾਹ’ ਦੀ ਸਰੀਰ ਪਖੋਂ ਉਸਤੱਤ ਕੀਤੀ ਹੈ ਤਾਂ ਉਥੇ ਵੀ ਕਰਤਾ ‘ਗੁਰੂ ਵਿਅਕਤੀ’ ਨੂੰ ਨਹੀਂ, ਬਲਕਿ ਅਕਾਲਪੁਰਖ ਨੂੰ ਹੀ ਦਸਿਆ ਹੈ। ਜੁਗੋ ਜੁਗ ਅਟੱਲ ਗੁਰੂ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੇ ਕਿਸੇ ਵੀ ਅੰਗ ਤੋਂ ਦਰਸ਼ਨ ਕਰੋ, ਗਲ ੴ ਦੀ ਹੀ ਹੈ ਹੋਰ ਕਿਸੇ ਦੀ ਨਹੀਂ। ਇਸਦੇ ਉਲਟ ਜਿੰਨੇ ਵੀ ਪਖੰਡੀ ਗੁਰੂ-ਬਾਬੇ-ਸੰਤ-ਸਾਧ ਟੁਰੇ ਫ਼ਿਰਦੇ ਹਨ, ਪੰਕਤੀਆਂ-ਰਚਨਾਵਾਂ-ਪ੍ਰਮਾਣ ਤਾਂ ਬਾਣੀ `ਚੋਂ ਚੁੱਕਦੇ ਹਨ ਪਰ ਭੋਲੀਆਂ ਭਾਲੀਆਂ ਸੰਗਤਾਂ ਨੂੰ ੴ ਜਾਂ ਅਕਾਲਪੁਰਖ ਨਾਲ ਜੋੜਣ ਦੀ ਬਜਾਏ ਪੂਜਾ ਅਪਣੀ ਕਰਵਾ ਰਹੇ ਹਨ। ਇਸ ਲਈ ਵੱਡੀ ਲੋੜ ਹੈ ਕਿ ਅਸੀਂ ਗੁਰਬਾਣੀ ਅਨੁਸਾਰ ਬਖਸ਼ੇ ‘ਗੁਰੂ-ਸਤਿਗੁਰੂ-ਸ਼ਬਦ-ਸ਼ਬਦ ਗੁਰੂ- ਸੰਤ-ਸਾਧ’ ਅਦਿ ਲਫ਼ਜ਼ਾਂ ਨੂੰ ਗੁਰਬਾਣੀ ਦੇ ਪਰੀਪੇਖ ਵਿੱਚ ਸਮਝੀਏ ਅਤੇ ਇਨ੍ਹਾਂ ਠੱਗਾਂ ਤੋਂ ਅਪਣੇ ਅਮੁਲੇ ਮਨੁੱਖਾ ਜਨਮ ਨੂੰ ਸੰਭਾਲੀਏ। #109s07.01s07#

Including this Self Learning Gurmat Lesson No 109

ਗੁਰਬਾਣੀ ਅਨੁਸਾਰ ‘ਗੁਰੂ-ਸਤਿਗੁਰੂ’

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.com
.