.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 41)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਸਾਧ ਤੇ ਸਿਆਸਤ

ਅਜੋਕੀ ਸਿਆਸਤ ਕਿਸੇ ਹਾਲਤ ਵਿਚ ਵੀ ਲੋਕ ਪੱਖੀ ਨਹੀਂ ਹੈ, ਇਸ ਦਾ ਇਕੋ ਇਕ ਮਕਸਦ ਲੋਕਾਂ ਦੀ ਅਗਿਆਨਤਾ ਦਾ ਲਾਹਾ ਲੈ ਕੇ ਆਪਣੇ ਰਾਜ ਭਾਗ ਦੀ ਉਮਰ ਲੰਮੀ ਕਰਨਾ ਹੈ। ‘ਲੋਕ ਮਨਾਂ’ ਵਿਚ ਅਗਿਆਨਤਾ ਦਾ ਬੀਜ ਬੀਜਣ ਵਾਲੇ ਤੋਂ ਸਮਾਜ ਵਿਚ ਇਸ ਹਨੇਰੇ ਦਾ ਪਾਸਾਰ ਕਰਨ ਵਾਲੇ ਸਾਧ, ਸਿਆਸਤ ਦਾ ਇਕ ਸੰਦ ਮਾਤਰ ਹਨ ਜੋ ਅਸਿੱਧੇ ਰੂਪ ਵਿਚ ਸਿਆਸਤ ਦੀ ਸੇਵਾ ਕਰਦੇ ਹਨ। ਇਹ ਲੋਕਾਂ ਦੀ ਸੋਚਣ ਸਮਝਣ ਦੀ ਸ਼ਕਤੀ ਨੂੰ ਕਿਸਮਤ ਕਰਮਾਂ ਦੇ ਚੱਕਰਵਿਊ ਵਿਚ ਉਲਝਾਉਂਦੇ ਹਨ। ਲੋਕਾਂ ਦੀਆਂ ਮਾੜੀਆਂ ਜਿਉਣ ਹਾਲਤਾਂ ਗ਼ਰੀਬੀ, ਕੰਗਾਲੀ ਆਦਿ ਨੂੰ ਪਿਛਲੇ ‘ਕਰਮਾਂ ਦਾ ਫਲ’ ਆਖ ਕੇ ਉਹਨਾਂ ਨੂੰ ਗੁੰਮਰਾਹ ਕਰਦੇ ਹਨ। ਦਿਨ ਰਾਤ ਕਿਸਮਤ ਕਰਮਾਂ ਦਾ ਵਪਾਰ ਕਰਦੇ ਹਨ। ਅੰਧਵਿਸ਼ਵਾਸਾਂ ਦੇ ਹਨੇਰੇ ਨੂੰ ਫੈਲਾਉਂਦੇ ਹਨ। ਆਪ ਸ਼ਾਹੀ ਠਾਠ ਵਾਲਾ ਜੀਵਨ ਜਿਉਂਦੇ ਹਨ ਤੇ ਲੋਕਾਂ ਨੂੰ ਮਾੜੇ ਜੀਵਨ ਪੱਧਰ ਵਿਚ ਭਾਣਾ ਮੰਨਦੇ ਹੋਏ ਸਬਰ ਨਾਲ ਜਿਉਣ ਦਾ ਉਪਦੇਸ਼ ਦਿੰਦੇ ਹਨ। ਲੋਕਾਂ ਨੂੰ ਸਮਾਜ ਨੂੰ ਸੁਧਾਰਨ ਦੀ ਸਿੱਖਿਆ ਦੇਣ ਦੀ ਬਜਾਏ ‘ਅਗਲਾ ਜਨਮ’ ਸੁਆਰਨ ਦੀ ਗੁੰਮਰਾਹ ਕੁੰਨ ਸਿੱਖਿਆ ਦਿੰਦੇ ਹਨ। ਲੋਕਾਂ ਨੂੰ ਮੋਹ, ਮਾਇਆ, ਲਾਲਚ ਤੇ ਸਭ ਸੁੱਖ ਸਹੂਲਤਾਂ ਦਾ ਤਿਆਗ ਕਰਨ ਦੀ ਸਿੱਖਿਆ ਦੇਣ ਵਾਲੇ ਆਪੇ ਇਹਨਾਂ ਵਿਚ ਧੁਰ ਅੰਦਰ ਤਕ ਡੁੱਬੇ ਹੋਏ ਹਨ। ਆਪੋ ਆਪਣੇ ਡੇਰਿਆਂ ਵਿਚ ਬੈਠਕੇ ਆਪੋ ਆਪਣੇ ਧਰਮਾਂ ਨੂੰ ਚਲਾਉਣ ਵਾਲੇ ਇਹ ਸਾਧ ਸਮਾਜ ਵਿਚ ਪਿਛਾਂਹ ਖਿੱਚੂ ਕਦਰਾਂ ਕੀਮਤਾਂ ਦੀ ਸਥਾਪਨਾ ਲਈ ਯਤਨਸ਼ੀਲ ਹਨ।

ਸਾਧ ਤੇ ਸਿਆਸਤ ਇਕ ਦੂਸਰੇ ਦੇ ਪੂਰਕ ਹਨ। ਸਾਧ ਲੋਕਾਂ ਦੀ ਸੋਚਣੀ ਸ਼ਕਤੀ ਨੂੰ ਅੰਧਵਿਸ਼ਵਾਸਾਂ ਵਿਚ ਰੋਲ ਕੇ ਉਹਨਾਂ ਨੂੰ ਸਿਆਸਤਦਾਨਾਂ ਦੇ ਲੱਛੇਦਾਰ ਭਾਸ਼ਣਾਂ ਤੇ ਲੁੱਟ ਦਾ ਸ਼ਿਕਾਰ ਬਣਨ ਲਈ ਤਿਆਰ ਕਰਦੇ ਹਨ। ਲੋਕਾਂ ਦੀ ਅਗਿਆਨਤਾ ਤੇ ਅੰਨ੍ਹੀ ਸ਼ਰਧਾ ਨੂੰ ਸਿਆਸਤਦਾਨਾਂ ਦੇ ਵੋਟ ਬੈਂਕ ਵਿਚ ਤਬਦੀਲ ਕਰਕੇ ਕੁਰਸੀ ਤਕ ਪਹੁੰਚਣ ਲਈ ਰਾਹ ਪੱਧਰਾ ਕਰਦੇ ਹਨ। ਇਸੇ ਲਈ ਸਿਆਸੀ ਨੇਤਾ ਸਾਧਾਂ ਦੇ ਡੇਰਿਆਂ `ਤੇ ਜਾ ਕੇ ਨੱਕ ਰਗੜਦੇ ਹਨ। ਸਾਧਾਂ ਤੇ ਉਹਨਾਂ ਦੇ ਸ਼ਰਧਾਲੂਆਂ ਰੂਪੀ ਵੋਟਾਂ ਦੀ ਭੀਖ ਮੰਗਦੇ ਹਨ। ਰਾਸ਼ਟਰਪਤੀ ਤੋਂ ਲੈ ਕੇ ਸੂਬੇ ਦੇ ਮੁੱਖ ਮੰਤਰੀ ਤਕ ਸਭ ਸਿਆਸਤਦਾਨ ਸਾਧਾਂ ਦੀ ਹਾਜ਼ਰੀ ਭਰਦੇ ਹਨ, ਉਹਨਾਂ ਦੀ ਪ੍ਰਸੰਸਾ ਦੇ ਪੁਲ ਬੰਨ੍ਹਦੇ ਹਨ। ਭਾਵੇਂ ਸਾਧ ਤੇ ਉਹਨਾਂ ਦੇ ਸ਼ਰਧਾਲੂ ਲੱਖ ਦਾਅਵੇ ਕਰਨ ਕਿ ਉਹਨਾਂ ਦਾ ਸਿਆਸਤ ਨਾਲ ਕੋਈ ਸੰਬੰਧ ਨਹੀਂ ਹੈ ਪਰ ਵੋਟਾ ਦੇ ਸਮੇਂ ਸੱਚ ਸਾਹਮਣੇ ਆ ਹੀ ਜਾਂਦਾ ਹੈ। ਸਾਧਾਂ ਵੱਲੋਂ ਆਪਣੇ ਸ਼ਰਧਾਲੂਆਂ ਲਈ ਕੀਤਾ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ। ਐਤਕੀਂ ਵੀ ਹੋਇਆ ਹੈ ਜਦ ਲਾਈਲੱਗ ਸ਼ਰਧਾਲੂਆਂ ਨੇ ਆਪਣੇ ‘ਸੰਤਾਂ’ ਦੇ ਇਸ਼ਾਰੇ `ਤੇ ਸਿਆਸੀ ਪਾਰਟੀਆਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ। ਹੁਣ ਕੁਰਸੀਆਂ `ਤੇ ਬੈਠਣ ਵਾਲੇ ਸਿਆਸੀ ਨੇਤਾਵਾਂ ਵੱਲੋਂ ‘ਸੰਤਾਂ’ ਦੇ ਡੇਰਿਆਂ ਦੀ ਹਾਜ਼ਰੀ ਭਰਕੇ ਤੇ ਉਹਨਾਂ ਨੂੰ ਸੁਰੱਖਿਆ ਛੱਤਰੀ ਬਖਸ਼ ਕੇ ਆਪਸੀ ਰਿਸ਼ਤੇ ਵਿਚ ਵਿਸ਼ਵਾਸ ਪ੍ਰਗਟਾਇਆ ਜਾਵੇਗਾ। ਦੋਹਾਂ ਦਾ ਇਕ ਦੂਸਰੇ ਨਾਲ ਗੂੜ੍ਹਾ ਰਿਸ਼ਤਾ ਹੈ। ਦੋਹਾਂ ਦਾ ਸ਼ਿਕਾਰ ਭੋਲੇ-ਭਾਲੇ ਲੋਕ ਹਨ। ਪਹਿਲਾਂ ਲੋਕਾਂ ਨੂੰ ਅਗਲੇ ਜਨਮ ਰੂਪ ‘ਸਵਰਗ’ ਵਿਚ ਭੇਜਣ ਦਾ ਲਾਰਾ ਲਾਉਂਦਾ ਹੈ ਤੇ ਦੂਸਰਾ ਇਸ ਧਰਤੀ ਨੂੰ ਸਵਰਗ ਬਣਾਉਣ ਦੇ ਬਿਨਾਂ ਸਿਰ ਪੈਰ ਸੁਪਨੇ ਦਿਖਾਉਂਦਾਹੈ। ਦੋਹਾਂ ਦਾ ਅਜਿਹਾ ਆਪਸੀ ਰਿਸ਼ਤਾ ਸਮਾਜ ਲਈ ਬਹੁਤ ਹਾਨੀਕਾਰਕ ਹੈ। ਦੋਵੇਂ ਧਿਰਾਂ ਲੋਕਾਂ ਦੀ ਅਗਿਆਨਤਾ ਤੇ ਲਾਈਲੱਗਤਾ ਸਹਾਰੇ ਆਪਣਾ ਸੁਆਰਥ ਸਿੱਧ ਕਰਕੇ ਵੀ ਚੰਗਾ ‘ਮਾਣ-ਤਾਣ’ ਹਾਸਲ ਕਰਦੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ਉਸ ਸਮੇਂ ਦੇ ਰਾਜੇ ਅਤੇ ਧਾਰਮਿਕ ਆਗੂਆਂ ਤੇ ਤਰਕ ਕੀਤੀ। ਵਿਅੰਗ ਕੈਸੇ ਹਨ ਇਹਨਾਂ ਧਾਰਮਿਕ ਆਗੂਆਂ ਨੇ ਗੁਰੂ ਜੀ ਨੂੰ ਕੁਰਾਹੀਆ ਆਖਿਆ। ਇਹ ਸਾਧ ਵੀ ਸਿੱਖ ਵਿਦਵਾਨਾਂ ਨੂੰ ਨਾਸਤਿਕ ਕਹਿ ਰਹੇ ਹਨ। ਇਹ ਉਹਨਾਂ ਦੇ ਪਿਛਾਂਹ ਖਿੱਚੂ ਫ਼ਲਸਫ਼ੇ ਦੀ ਹਾਰ ਦੀ ਨਿਸ਼ਾਨੀ ਹੈ। ਸੱਚ ਕਦੇ ਨਹੀਂ ਹਾਰਦਾ ਤੇ ਨਾ ਹੀ ਸੱਚ ਨੂੰ ਬਹੁਤਾ ਚਿਰ ਦਬਾ ਕੇ ਰੱਖਿਆ ਜਾ ਸਕਦਾ ਹੈ। ਅੰਧਵਿਸ਼ਵਾਸਾਂ ਤੇ ਗਲਤ ਕਦਰਾਂ-ਕੀਮਤਾਂ ਦੇ ਪਹਿਰੇਦਾਰਾਂ ਦੀ ਹਾਰ ਲਾਜ਼ਮੀ ਹੈ। ਜਦੋਂ ਤਰਕ ਦੀ ਰੌਸ਼ਨੀ ਨਾਲ ਕਿਸਮਤ-ਕਰਮਾਂ ਦੇ ਵੇਲਾ ਵਿਹਾ ਚੁੱਕੇ ਫ਼ਲਸਫ਼ੇ ਦਾ ਹਨੇਰਾ ਦੂਰ ਹੋਵੇਗਾ ਤਾਂ ਲੋਕ ਆਪਣੀ ਕਿਸਮਤ ਆਪ ਘੜਨਗੇ, ਆਪਣਾ ਸਵਰਗ ਖ਼ੁਦ ਸਿਰਜਣਗੇ। ਓਦੋਂ ਉਹਨਾਂ ਦੀ ਅਖੌਤੀ ਸਾਧ-ਸੰਤ ਤੇ ਉਹਨਾਂ ਦੇ ‘ਅੰਗ ਰੱਖਿਅਕ’ ਸਿਆਸਤਦਾਨ ਆਪਣਾ ਸ਼ਿਕਾਰ ਨਹੀਂ ਬਣਾ ਸਕਣਗੇ।
.