.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 40)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਰਾਸ਼ਟਰੀ ਸਵੰਮ ਸੇਵਕ ਸੰਘ (ਆਰ: ਐਸ: ਐਸ:)

ਇਹ ਆਰ: ਐਸ: ਐਸ: ਹਮੇਸ਼ਾਂ ਤੋਂ ਸਿੱਖ ਪੰਥ ਦੇ ਅੰਦਰ ਘੁਸਪੈਠ ਕਰਕੇ ਆਪਣੀਆਂ ਕੁਟਿਲ ਨੀਤੀਆਂ ਰਾਹੀਂ ਸਾਡਾ ਵਿਰਸਾ ਕਮਜ਼ੋਰ ਕਰਨ ਦੇ ਵਤੀਰੇ ਘੜਦਾ ਰਹਿੰਦਾ ਹੈ। ਇਹ ਰਾਸ਼ਟਰੀ ਸਿੱਖ ਸੰਗਤ ਨਾਂ ਦੀ ਜਥੇਬੰਦੀ ਹੈ। ਇਹ ਸਿੱਖਾਂ ਨੂੰ ਕੇਸਧਾਰੀ ਹਿੰਦੂ ਬਣਾਉਣ ਵਾਸਤੇ ਸਾਰਾ ਜ਼ੋਰ ਲਾ ਰਹੀ ਹੈ। ਇਹ ਭਾਜਪਾ ਵੀ ਇਸਦਾ ਹੀ ਇਕ ਵਿੰਗ ਹੈ। ਵੱਡੇ ਵੱਡੇ ਅਕਾਲੀ ਲੀਡਰਾਂ, ਜਥੇਦਾਰਾਂ ਨਾਲ ਸਾਂਝ ਪਾ ਕੇ ਇਹ ਉਹਨਾਂ ਤੋਂ ਵੀ ਸਿੱਖ ਸਿਧਾਤਾਂ ਦੇ ਖਿਲਾਫ਼ ਪ੍ਰਚਾਰ ਕਰਵਾ ਰਹੀ ਹੈ। ਵੱਡੇ ਵੱਡੇ ਸਾਧਾਂ ਸੰਤਾਂ ਨਾਲ ਸਾਂਝ ਪਾ ਕੇ ਇਹ ਜਥੇਬੰਦੀ, ਸਾਧਾਂ ਤੋਂ ਵੀ ਹਿੰਦੂਮੱਤ ਦਾ ਪ੍ਰਚਾਰ ਕਰਵਾ ਰਹੀ ਹੈ। ਸਾਧਾਂ ਪਾਸ 50-50 ਲੱਖ ਦੀਆਂ ਗੱਡੀਆਂ ਇਸ R. S. S. ਕਰਕੇ ਹੀ ਹਨ। ਇਹ ਸਾਧ ਹਿੰਦੂ ਮੱਤ ਵਾਲੇ ਵਹਿਮ-ਭਰਮ, ਵਰਤ, ਤੀਰਥ, ਇਸ਼ਨਾਨ, ਸੁੱਚ-ਭਿੱਟ ਗਿਣਤੀਆਂ ਮਿਣਤੀਆਂ ਵਾਲੇ ਪਾਠ, ਮੰਤਰ ਜਾਪ, ਵਰਨੀਆਂ ਮਾਲਾ ਜਪਾ ਰਹੇ ਹਨ। ਇਹ ਸਾਧ ਵੀ ਸਿੱਖਾਂ ਨੂੰ ਕੇਸਧਾਰੀ ਹਿੰਦੂ ਬਣਾਉਣਾ ਚਾਹੁੰਦੇ ਹਨ। ਅਖੰਡ ਪਾਠਾਂ ਦੇ ਨਾਲ ਸਮੱਗਰੀਆਂ, ਜੋਤਾਂ, ਧੂਪ, ਘੜੇ, ਮੌਲੀਆਂ, ਸਮੱਗਰੀਆਂ ਵੀ ਰਾਮਾਇਣ ਦੇ ਪਾਠਾਂ ਵਾਲੀਆਂ ਹੀ ਰੱਖ ਰਹੇ ਹਨ। ਇਹ ਆਰ: ਐਸ: ਐਸ: ਇਹਨਾਂ ਸਾਧਾਂ ਰਾਹੀਂ ਵੀ ਆਪਣਾ ਕੰਮ ਬੜੇ ਯੋਜਨਾਬੱਧ ਤਰੀਕੇ ਨਾਲ ਕਰ ਰਹੀ ਹੈ। ਦਿਖਾਵੇ ਮਾਤਰ ਇਹ ਸਾਧ ਸਿੱਖ ਲਗਦੇ ਹਨ ਪਰ ਇਹਨਾਂ ਦੇ ਅੰਦਰ ਸੋਚ ਹਿੰਦੂਮੱਤ ਵਾਲੀ ਹੀ ਹੈ। ਇਹ ਜ਼ਿਆਦਾ ਕਹਾਣੀਆਂ ਸ਼ਿਵ ਜੀ, ਸ਼ਿਵਲਿੰਗ ਪਾਰਬਤੀ ਦੀਆਂ ਹੀ ਸੁਣਾਉਂਦੇ ਹਨ। ਗਰੁੜ ਪੁਰਾਣ ਵਾਲੇ ਨਰਕਾਂ ਸਵਰਗਾਂ ਦੀ ਇਹ ਗੱਲ ਕਰਦੇ ਹਨ। ਇਹ ਆਰ: ਐਸ: ਐਸ: ਸਿੱਖੀ ਭੇਸ ਵਿਚ ਅੰਮ੍ਰਿਤ ਵੀ ਛਕਾ ਰਹੀ ਹੈ ਇਸ ਆਰ: ਐਸ: ਐਸ: ਦੀ ਇਹ ਕੋਸ਼ਿਸ ਹੈ ਕਿ ਜੇ ਸਿੱਖਾਂ ਦੇ ਅੰਦਰੋਂ, ਗੁਰਮਤਿ ਸਿਧਾਂਤ ਨਿਕਲ ਗਿਆ, ਸਿੱਖੀ ਸੋਚ ਮਰ ਗਈ ਤਾਂ ਇਹਨਾਂ ਨੂੰ ਮਾਰਨਾ ਬਹੁਤ ਸੌਖਾ ਹੋ ਜਾਵੇਗਾ ਪਰ ਇਸਦੀਆਂ ਇਹ ਕੋਸ਼ਿਸ਼ਾਂ ਗੁਰੂ ਦੇ ਸਿੱਖ ਨਕਾਰਦੇ ਰਹਿਣਗੇ। ਖ਼ਾਲਸਾ ਪੰਚਾਇਤ ਵੀ ਆਰ: ਐਸ: ਐਸ: ਦੀਆਂ ਨੀਤੀਆਂ ਵਿਰੁੱਧ ਡਟੀ ਹੋਈ ਹੈ। ਹਰ ਸਿੱਖ ਦਾ ਆਪ ਸੁਚੇਤ ਹੋਣਾ ਅਤੇ ਹੋਰਾਂ ਨੂੰ ਸੁਚੇਤ ਕਰਨਾ ਬਣਦਾ ਹੈ। ਇਸਦੀ ਡਿਟੇਲ ਵਾਸਤੇ ਇਕ ਸਿੱਖ ਵਿਦਵਾਨ ਦੀ ਲਿਖੀ ਹੋਈ ਕਾਫ਼ੀ ਵੱਡੀ ਪੁਸਤਕ “ਜਬੈ ਬਾਣ ਲਾਗਿਊ” ਪੜ੍ਹਨ ਦੀ ਖੇਚਲ ਕਰੋ ਜੀ।

ਸ਼ੇਖ ਫੱਤੇ ਖੀਰ ਚੜ੍ਹਾਉਣ ਦਾ ਕੋਈ ਲਾਭ ਨਹੀਂ ਹੈ

ਸ਼ੇਖ ਫੱਤਾ ਦੀ ਕਹਾਣੀ ਦੀ ਅਸਲੀਅਤ

ਡਾ: ਸੁਖਪ੍ਰੀਤ ਸਿੰਘ ਉਦੋਕੇ

ਸਰਬ ਗੁਣ ਸੰਪੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਅੰਧਵਿਸ਼ਵਾਸ, ਜਹਾਲਤ ਕਰਮ ਕਾਂਡਾਂ ਅਤੇ ਅਨਮਤਾਂ ਦੀ ਗੂੜ੍ਹੀ ਨੀਂਦ ਸੁੱਤੀ ਹੋਈ ਲੋਕਾਈ ਨੂੰ ਸੋਧਣ ਵਾਸਤੇ ਅਜਿਹੇ ਉਪਰਾਲੇ ਕੀਤੇ ਜਿਨ੍ਹਾਂ ਨੂੰ ਇਕ ਕਵੀ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ:

ਫਿਰ ਉਠੀ ਆਖਿਰ ਸਦਾਅ

ਤੌਹੀਦ ਕੀ ਪੰਜਾਬ ਸੇ,

ਹਿੰਦ ਕੋ ਇਕ ਮਰਦੇ-ਕਾਮਿਲ ਨੇ,

ਜਗਾਇਆ ਖਾਬ ਸੇ।

ਗੁਰੂ ਨਾਨਕ ਸਾਹਿਬ ਜੀ ਤੋਂ ਆਰੰਭ ਹੋਈ ਇਸ ਨਿਰੰਕਾਰੀ ਜੋਤਿ ਨੇ ਦਸ ਵੱਖ ਵੱਖ ਜਾਮਿਆਂ ਵਿਚ ਵਿਚਰ ਕੇ ਇਕ ਬੇਅਣਖ ਇਨਸਾਨ ਤੋਂ ਖ਼ਾਲਸੇ ਨੂੰ ਵਜੂਦ ਵਿਚ ਲਿਆਂਦਾ ਜੋ ਅਕਾਲ ਪੁਰਖ ਦੀ ਫੌਜ ਹੈ। ਜੋ ਕਰਮਕਾਂਡੀ ਬ੍ਰਾਹਮਣਵਾਦੀ ਬੰਧਨਾਂ ਤੋਂ ਮੁਕਤ ਹੈ। ਜੋ ਜਗਤ ਜੋਤ ਦਾ ਉਪਾਸ਼ਕ ਹੈ। ਪਰ ਜਦੋਂ ਤੋਂ ਹੀ ਇਸ ਨਿਆਰੇ ਖ਼ਾਲਸੇ ਨੇ ਸੰਸਾਰ ਮੰਚ ਉੱਪਰ ਕਦਮ ਧਰਿਆ ਉਸ ਸਮੇਂ ਤੋਂ ਹੀ ਇਸ ਦੀ ਨਿਆਰੀ ਹਸਤੀ ਕਰਮਕਾਂਡੀ ਲੋਕਾਂ ਨੂੰ ਰੜਕਦੀ ਹੈ। ਅਤੇ ਹਰ ਮੱਤ ਇਹ ਚਾਹੁੰਦਾ ਹੈ ਕਿ ਇਸਦੀ ਵੱਖਰੀ ਹੋਂਦ ਨੂੰ ਖਤਮ ਕਰਕੇ ਆਪਣੀ ਆਗੋਸ਼ ਵਿਚ ਲਿਆ ਜਾਵੇ। ਇਸ ਦੀ ਹੋਂਦ ਨੂੰ ਖਤਮ ਕਰਨ ਲਈ ਕੋਈ ਰਾਜਨੀਤਕ ਸ਼ਕਤੀ ਦਾ ਸਹਾਰਾ ਲੈਂਦਾ ਹੈ ਅਤੇ ਕੋਈ ਇਸ ਨੂੰ ਆਪਣਾ ਅੰਗ ਦੱਸਦਾ ਹੈ। ਅੱਜ ਵੀ ਕਈ ਅਜਿਹੇ ਪ੍ਰਮੁੱਖ ਦੇਹਧਾਰੀ ਗੁਰੂਡੰਮ੍ਹ ਜਿਵੇਂ ਰਾਧਾ ਸੁਆਮੀ, ਨਿਰੰਕਾਰੀ, ਇਸਾਈ, ਨੂਰਮਹਿਲ ਅਤੇ ਸਖੀ ਸਰਵਰ (ਮੁਸਲਿਮ) ਅਜਿਹੇ ਹਨ ਜੋ ਖ਼ਾਲਸੇ ਦੀ ਨਿਆਰੀ ਹੋਂਦ ਨੂੰ ਖਤਮ ਕਰਨ ਲਈ ਤਤਪਰ ਹਨ। ਸਖੀ ਸਰਵਰ ਅਜਿਹੇ ਮੱਤ ਵਿਚੋਂ ਇਕ ਹੈ। ਇਸ ਦੀਆਂ ਸ਼ਖਾਵਾਂ ਭਾਵੇਂ ਪੰਜਾਬ ਵਿਚ ਘੱਟ ਹਨ, ਪਰ ਪੁਰਾਤਨ ਬਹੁਤ ਹਨ। ਅਤੇ ਕਈ ਭੋਲੇ ਭਾਲੇ ਸਿੱਖ ਵੀ ਸਿੱਧੇ ਜਾਂ ਅਸਿੱਧੇ ਰੂਪ ਵਿਚ ਉਹਨਾਂ ਦੇ ਉਪਾਸ਼ਕ ਹਨ।

ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਪੰਦਰਵੀਂ-ਸੋਲ੍ਹਵੀਂ ਸਦੀ ਵਿਚ ਲੋਕਾਂ ਨੂੰ ਆਪਣੇ ਦਾਇਰੇ ਵਿਚ ਲਿਆਉਣ ਲਈ ਇਸਲਾਮ ਮੱਤ ਸਰਗਰਮ ਸੀ। ਉਸ ਸਮੇਂ ਨਕਸ਼ਬੰਦੀਆਂ ਦੇ ਪ੍ਰਭਾਵ ਅਧੀਨ ਜਿਥੇ ਮੁਗ਼ਲ ਸ਼ਾਸਕ ਰਾਜਨੀਤਕ ਸ਼ਕਤੀ ਰਾਹੀਂ ਇਸਲਾਮ ਦੇ ਪਸਾਰੇ ਲਈ ਸਰਗਰਮ ਸਨ। ਓਥੇ ਸਖੀ ਸਰਵਰ ਜਿਸ ਨੂੰ ਨਿਗਾਹੇ ਵਾਲਾ, ਲੱਖਾਂ ਦਾ ਦਾਤਾ, ਆਦਿਕ ਨਾਮਾਂ ਨਾਲ ਵੀ ਜੋੜਦੇ ਹਨ, ਇਸਲਾਮ ਦੇ ਪਸਾਰ ਲਈ ਇਸਦੇ ਉਪਾਸਕ ਸਰਗਰਮ ਹਨ। ਇਹ ਲੋਕ ਹਿੰਦੂ ਜਨਤਾ ਤੇ ਮੁਸਲਮਾਨੀ ਮੱਤ ਵਿਚਕਾਰ ਕੜੀ ਦਾ ਕੰਮ ਕਰਦੇ ਹਨ। ਬਹੁਗਿਣਤੀ ਹਿੰਦੂ ਜਨਤਾ ਨੂੰ ਇਸਲਾਮੀ ਮੱਤ ਵਿਚ ਸ਼ਾਮਿਲ ਕਰਨ ਤੋਂ ਪਹਿਲਾਂ ਸਖੀ ਸਰਵਰ ਦੇ ਪ੍ਰਭਾਵ ਅਧੀਨ ਲਿਆਂਦਾ ਜਾਂਦਾ ਸੀ। ਸਖੀ ਸਰਵਰਾਂ ਦੇ ਡੇਰਿਆਂ ਉੱਪਰ ਮੁਸਲਮਾਨੀ ਸ਼ਰ੍ਹਾ ਨਰਮ ਸੀ। ਕਿਸੇ ਵੀ ਮੱਤ ਦਾ ਔਰਤ ਮਰਦ ਬੇ-ਰੋਕ ਟੋਕ ਆ ਸਕਦਾ ਸੀ। ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਅੱਜ ਤਕ ਵੀ ਕਈ ਅਜਿਹੇ ਸਥਾਨ ਹਨ, ਜਿਥੇ ਸਖੀ ਸਰਵਰ ਦੀ ਪੂਜਾ ਕੀਤੀ ਜਾਂਦੀ ਹੈ। ਸਭ ਤੋਂ ਵੱਧ ਅਫ਼ਸੋਸ ਇਸ ਗੱਲ ਦਾ ਹੈ ਕਿ ਇਨ੍ਹਾਂ ਡੇਰਿਆਂ ਦਾ ਸੰਬੰਧ ਗੁਰੂ ਇਤਿਹਾਸ ਨਾਲ ਜੋੜਿਆ ਜਾ ਰਿਹਾ ਹੈ। ਅੰਨ੍ਹੀ ਸ਼ਰਧਾ ਵਸ ਹੋ ਕੇ ਭੋਲੇ ਭਾਲੇ ਲੋਕ ਗੁਰਮਤਿ ਦਾ ਤਿਆਗ ਕਰਕੇ ਇਨ੍ਹਾਂ ਪੀਰਖਾਨਿਆਂ ਨਾਲ ਜੁੜਦੇ ਜਾ ਰਹੇ ਹਨ। ਮਾਝੇ ਦੇ ਖਿੱਤੇ ਅੰਦਰ “ਸ਼ੇਖ ਫੱਤੇ” ਦਾ ਪੀਰ ਖਾਨਾ ਸਭ ਤੋਂ ਮਸ਼ਹੂਰ ਹੈ। ਜਿਸ ਦਾ ਸੰਬੰਧ ਕੋਝੇ ਢੰਗ ਨਾਲ ਗੁਰੂ ਅਰਜਨ ਸਾਹਿਬ ਨਾਲ ਜੋੜਿਆ ਜਾਂਦਾ ਹੈ। ਇਹ ਅਸਥਾਨ ਅੱਜ ਵੀ ਸਖੀ ਸਰਵਰ ਮਤਿ ਦੇ ਪ੍ਰਚਾਰ ਦਾ ਮਰਕਜ਼ ਹੈ। ਅੱਜ ਵੱਡੀ ਗਿਣਤੀ ਵਿਚ ਇਸ ਖਿੱਤੇ ਦੇ ਸਿੱਖ ਇਸ ਦੇ ਪ੍ਰਭਾਵ ਅਧੀਨ ਹਨ। ਇਹ ਪਿੰਡ ਪਖੋਕੇ ਦੇ ਸਥਾਨ `ਤੇ ਸਥਿਤ ਹੈ। ਜੋ ਤਰਨ ਤਾਰਨ ਤੋਂ 8 ਕਿ: ਮਿ: ਦੂਰ ਹੈ। ਇਸ ਜਗ੍ਹਾ ਇਕ ਪੁਰਾਤਨ ਕਬਰ ਹੈ। ਜਿਸ ਨੂੰ ਸ਼ੇਖ ਫੱਤੇ ਦੀ ਕਬਰ ਕਿਹਾ ਜਾਂਦਾ ਹੈ। ਇਥੇ ਦੁੱਧ ਦੀ ਖੀਰ ਚੜ੍ਹਾਈ ਜਾਂਦੀ ਹੈ। ਇਥੋਂ ਦੇ ਉਪਾਸਕਾਂ ਵੱਲੋਂ ਇਸ ਪੀਰ ਦਾ ਮਿਥਿਹਾਸ ਜੋ ਛਪਾਇਆ ਗਿਆ ਹੈ। ਉਸ ਵਿਚ ਸ਼ਰਾਰਤ ਨਾਲ ਜਾਣ ਬੁਝ ਕੇ ਇਸ ਪੀਰ ਦਾ ਸੰਬੰਧ ਗੁਰੂ ਅਰਜਨ ਸਾਹਿਬ ਜੀ ਨਾਲ ਜੋੜ ਦਿੱਤਾ ਗਿਆ ਹੈ। ਇਸ ਕਰਕੇ ਬਹੁਤੀ ਸਿੱਖ ਵਸੋਂ ਗੁੰਮਰਾਹ ਹੋ ਕੇ ਇਸਦੀ ਸ਼ਰਧਾਲੂ ਬਣਦੀ ਜਾ ਰਹੀ ਹੈ। ਮਨਘੜਤ ਕਹਾਣੀਕਾਰ ਦੱਸਦੇ ਹਨ ਕਿ ਜਿਸ ਵੇਲੇ ਗੁਰੂ ਅਰਜਨ ਸਾਹਿਬ 1590 ਈ: ਵਿਚ ਤਰਨ ਤਾਰਨ ਸਾਹਿਬ ਵਿਖੇ ਪਾਵਨ ਸਰੋਵਰ ਦੀ ਕਾਰ ਸੇਵਾ ਕਰਵਾ ਰਹੇ ਸਨ ਉਸ ਵੇਲੇ ਸ਼ੇਖ ਫੱਤਾ ਨਾਮਕ ਪੀਰ ਗੁਰੂ ਜੀ ਨਾਲ ਸੇਵਾ ਕਰਿਆ ਕਰਦਾ ਸੀ। ਉਹ ਮੱਝਾਂ ਗਾਂਵਾਂ ਚਰਾ ਕੇ ਦੁੱਧ ਦੀ ਸੇਵਾ ਕਰਿਆ ਕਰਦਾ ਸੀ। ਇਕ ਦਿਨ ਇਹ ਪੀਰ ਮੱਝਾਂ ਗਾਂਵਾਂ ਚਰਾਉਂਦਾ ਹੋਇਆ ਕਾਫ਼ੀ ਦੂਰ ਚਲਿਆ ਗਿਆ। ਜਦੋਂ ਵਾਪਸ ਆਇਆ ਤਾਂ ਲੰਗਰ ਵਿਚ ਖੀਰ ਖਤਮ ਹੋ ਚੁੱਕੀ ਸੀ। ਇਹ ਪੀਰ ਇਹ ਸਮਝ ਕੇ ਰੁੱਸ ਗਿਆ ਕਿ ਸ਼ਾਇਦ ਮੁਸਲਮਾਨ ਹੋਣ ਕਾਰਨ ਗੁਰੂ ਜੀ ਨੇ ਮੈਨੂੰ ਖੀਰ ਨਹੀਂ ਦਿੱਤੀ ਉਹ ਤਰਨ-ਤਾਰਨ ਛੱਡ ਕੇ ਪੱਖੋਕੇ ਆ ਕੇ ਰਹਿਣ ਲੱਗ ਪਿਆ। ਗੁਰੂ ਜੀ ਨੂੰ ਪਤਾ ਲੱਗਾ ਤੇ ਆਪ ਚੱਲ ਕੇ ਇਸਦੇ ਪਾਸ ਆਏ ਤੇ ਵਰ ਦਿੱਤਾ ਕਿ ਤੇਰੇ ਦਰ `ਤੇ ਹਮੇਸ਼ਾਂ ਖੀਰ ਦਾ ਚੜ੍ਹਾਵਾ ਚੜ੍ਹੇਗਾ ਤੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ। ਇਹ ਸ਼ਬਦ ਗੁਰੂ ਗਿਆਨ ਦੇ ਉਲਟ ਹਨ, ਜਿਸ ਕਰਕੇ ਗੁਰੂ ਅਰਜਨ ਸਾਹਿਬ ਦੇ ਬਚਨ ਨਹੀਂ ਹੋ ਸਕਦੇ। ਦੂਸਰੀ ਰੋਚਕ ਘਟਨਾ ਜੋ ਸਰੋਵਰ ਨਾਲ ਜੋੜੀ ਗਈ ਹੈ। ਉਹ ਇਸ ਤਰ੍ਹਾਂ ਹੈ—ਕਿ ਜਿਸ ਸਮੇਂ ਅਕਬਰ ਪੰਜਾਬ ਆਇਆ ਤਾਂ ਉਸਦੀ ਪਤਨੀ ਨੂੰ ਛਾਤੀ ਦਾ ਜ਼ਖਮ ਹੋ ਗਿਆ। ਜਦ ਕੋਈ ਵੈਦ ਹਕੀਮ ਠੀਕ ਨਾ ਕਰ ਸਕਿਆ ਤਾਂ ਅਕਬਰ ਜੰਡਿਆਲੇ ਵਿਖੇ ਭਾਈ ਹਿੰਦਾਲ ਕੋਲ ਆਇਆ ਤੇ ਪਤਨੀ ਦੇ ਇਲਾਜ ਲਈ ਬੇਨਤੀ ਕੀਤੀ ਤਾਂ ਭਾਈ ਹਿੰਦਾਲ ਨੇ ਆਪਣੀ ਅਸਮਰੱਥਾ ਜ਼ਾਹਿਰ ਕੀਤੀ ਅਤੇ ਅਕਬਰ ਨੂੰ ਕਿਹਾ ਕਿ ਇਥੋਂ ਕੁਝ ਦੂਰੀ ਉੱਪਰ ਪੂਰਨ ਪੁਰਸ਼ ਪੀਰ ਸ਼ੇਖ ਫੱਤਾ ਜੀ ਰਹਿੰਦੇ ਹਨ। ਅਕਬਰ ਬੇਗ਼ਮ ਨੂੰ ਲੈ ਕੇ ਪੀਰ ਜੀ ਦੇ ਪਾਸ ਆ ਗਿਆ ਤਾਂ ਪੀਰ ਜੀ ਨੇ ਉਸਨੂੰ ਅਰੋਗ ਕਰ ਦਿੱਤਾ। ਬੜੇ ਅਫ਼ਸੋਸ ਦੀ ਗੱਲ ਹੈ ਕਿ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਨੂੰ 397 ਸਾਲ ਹੋ ਚੁੱਕੇ ਹਨ ਪਰ ਅੰਧਵਿਸ਼ਵਾਸੀ ਲੋਕ ਬਿਨਾਂ ਇਤਿਹਾਸ ਦੀ ਪੜਚੋਲ ਕੀਤਿਆਂ ਹੀ ਗੁਰਮਤਿ ਤੋਂ ਦੂਰ ਹੁੰਦੇ ਜਾ ਰਹੇ ਹਨ। ਜਿਸ ਸਮੇਂ ਪੰਜਾਬ ਅੰਦਰ ਗੁਰੂ ਅਰਜਨ ਸਾਹਿਬ ਸਿੱਖ ਮੱਤ ਦਾ ਪ੍ਰਚਾਰ ਕਰ ਰਹੇ ਸਨ। ਉਸ ਸਮੇਂ ਸਖੀ ਸਰਵਰੀਏ ਵੀ ਇਸਲਾਮਕ ਪ੍ਰਚਾਰ ਲਈ ਸਰਗਰਮ ਸਨ। ਗੁਰੂ ਅਰਜਨ ਸਾਹਿਬ ਜੀ ਦੇ ਸਿੱਖੀ ਪ੍ਰਚਾਰ ਸਦਕਾ ਇਨ੍ਹਾਂ ਦੇ ਪ੍ਰਚਾਰ ਨੂੰ ਕਾਫ਼ੀ ਢਾਹ ਲੱਗੀ। ਸਮੂਹ ਖ਼ਾਲਸਾ ਪੰਥ ਤੋਂ ਮੁਆਫ਼ੀ ਮੰਗਦੇ ਹੋਏ ਕੁਝ ਘਟਨਾਵਾਂ ਬਿਆਨ ਕਰਨ ਦੀ ਹਿੰਮਤ ਕਰ ਰਿਹਾ ਹਾਂ।

ਕੋਈ ਸੱਤ ਅੱਠ ਸਾਲ ਪਹਿਲਾਂ ਦਾਸ ਇਕ ਡੇਅਰੀ `ਤੇ ਦੁੱਧ ਵੇਚਣ ਜਾਇਆ ਕਰਦਾ ਸੀ। ਹੋਰ ਵੀ ਦੋਧੀ ਦੁੱਧ ਲੈ ਕੇ ਆਇਆ ਕਰਦੇ ਸਨ। ਸਾਡੇ ਵਿਚ ਇਕ ਅੰਮ੍ਰਿਤਧਾਰੀ ਸਿੰਘ ਵੀ ਸੀ ਜਿਸ ਦੀ ਅਸੀਂ ਸਾਰੇ ਬਹੁਤ ਇੱਜ਼ਤ ਕਰਦੇ ਸਾਂ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਪੁੱਤਰ ਖ਼ਾਲਸਾ ਹੈ। ਪਰ ਡੇਅਰੀ ਵਾਲਾ ਉਸ ਵੱਲ ਕੁਝ ਸ਼ੱਕ ਦੀ ਨਜ਼ਰ ਨਾਲ ਵੇਖਦਾ ਸੀ ਇਕ ਦਿਨ ਡੇਅਰੀ ਵਾਲੇ ਨੇ ਸਾਰਿਆਂ ਦੇ ਸਾਹਮਣੇ ਉਸ ਦੇ ਦੁੱਧ ਵਿਚੋਂ ਕਿਸੇ ਹੋਰ ਪਦਾਰਥ, ਜਿਸ ਦੀ ਦੁੱਧ ਵਿਚ ਮਿਲਾਵਟ ਕੀਤੀ ਹੋਈ ਸੀ ਕਿ ਦੁੱਧ ਵਿਚ ਪਾਏ ਹੋਏ ਪਾਣੀ ਦਾ ਪਤਾ ਨਾ ਲੱਗੇ, ਨੂੰ ਸਪਸ਼ਟ ਕਰ ਦਿੱਤਾ। ਸਾਰੇ ਉਸ ਦੇ ਉੱਤੇ ਵਿਅੰਗ ਕੱਸ ਰਹੇ ਸੀ, ਮੈਂ ਸੋਚ ਰਿਹਾ ਸਾਂ ਕਿ ਇਹ ਕੈਸਾ ਖ਼ਾਲਸਾ ਹੈ। “ਖ਼ਾਲਸਾ ਮੇਰੋ ਭਵਨ ਭੰਡਾਰਾ।। ਖਾਲਸੇ ਕਰ ਮੇਰੋ ਸਤਿਕਾਰਾ”।। ਨਹੀਂ ਨਹੀਂ ਇਹ ਖ਼ਾਲਸਾ ਨਹੀਂ ਹੋ ਸਕਦਾ ਇਹ ਤਾਂ ਖ਼ਾਲਸੇ ਦੇ ਭੇਖ ਵਿਚ ਬੇਈਮਾਨ ਪਾੜ੍ਹ ਖਾਣਾ ਬਘਿਆੜ ਛੁਪਿਆ ਹੋਇਆ ਹੈ। ਇਕ ਦਿਨ ਇਕ ਅੰਮ੍ਰਿਤਧਾਰੀ ਦੁਕਾਨਦਾਰ ਨੂੰ ਵੇਖਿਆ ਜੋ ਨਸ਼ੇ ਵਾਲੀਆਂ ਗੋਲੀਆਂ ਵੀ ਵੇਚ ਰਿਹਾ ਸੀ। ਇਕ ਦਿਨ ਸੜਕ `ਤੇ ਜਾ ਰਿਹਾ ਸਾਂ, ਸੜਕ ਦੇ ਕੰਢੇ ਇਕ ਕਬਰ ਤੇ ਸਮਾਧ ਬਣੀ ਹੋਈ ਸੀ, ਵੀਰਵਾਰ ਦਾ ਦਿਨ ਸੀ, ਵੇਖ ਕੇ ਹੈਰਾਨ ਹੋ ਗਿਆ ਕਿ ਕੁਝ ਅੰਮ੍ਰਿਤਧਾਰੀ ਸਿੰਘ ਵੀ ਹੱਥਾਂ ਵਿਚ ਤੇਲ ਵਾਲੀਆਂ ਕੋਲੀਆਂ ਤੇ ਸ਼ੀਸ਼ੀਆਂ ਫੜ੍ਹਕੇ ਤੇਲ ਚੜ੍ਹਾਉਣ ਜਾ ਰਹੇ ਹਨ ਮਨ ਵਿਚ ਸੋਚ ਰਿਹਾ ਸਾਂ ਕਿ ਖ਼ਾਲਸੇ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਤਾਂ “ਬ੍ਰਤ ਗੋਰ ਮੜੀ ਮੱਤ ਭੂਲ ਨਾ ਮਾਨੇ’ ਦਾ ਉਪਦੇਸ਼ ਦਿੰਦੇ ਹਨ, ਇਹ ਕਬਰਾਂ ਪੂਜਣ ਵਾਲੇ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਤਾਂ ਨਹੀਂ ਹੋ ਸਕਦੇ ਹਨ, ਫਿਰ ਇਹ ਭੇਖਧਾਰੀ ਕੌਣ ਹਨ? ਇਕ ਦਿਨ ਦੀਵਾਨ ਸੁਣਨ ਦਾ ਮੌਕਾ ਮਿਲਿਆ। ਇਕ ਦਿਨ ਕਾਫ਼ੀ ਪ੍ਰਸਿੱਧ ਕਵੀਸ਼ਰ ਵੀਰ ਜਿਸਨੂੰ 15 ਮਿੰਟ ਦਾ ਸਮਾਂ ਮਿਲਿਆ ਸੀ, ਉਹ ਵਾਧੂ ਦੀਆਂ ਗੱਲਾਂ ਵਿਚ ਹੀ 30 ਮਿੰਟ ਬਿਤਾ ਗਏ, ਕੋਈ ਪ੍ਰਮਾਣਿਕ ਇਤਿਹਾਸ ਵੀ ਨਾ ਸੁਣਾਇਆ, ਸਿਰਫ਼ ਆਪਣੇ ਜਥੇ ਦੀਆਂ ਵਡਿਆਈਆਂ ਤੇ ਕੁਝ ਸਿਆਸੀ ਖੁਸ਼ਾਮਦਾਂ ਵਿਚ ਹੀ ਸਮਾਂ ਖਰਾਬ ਕਰ ਦਿੱਤਾ। ਪਿੱਛੋਂ ਸਟੇਜ ਸੈਕਟਰੀ ਸਾਹਿਬ ਨੇ ਉਕਤ ਕਵੀਸ਼ਰ ਤੇ ਪੈਸੇ ਦੇ ਲਾਲਚ ਕਾਰਨ ਅਨੁਸ਼ਾਸਨ ਨੂੰ ਤੋੜਨ ਦਾ ਦੋਸ਼ ਲਾਇਆ ਤਾਂ ਸੋਚ ਰਿਹਾ ਸਾਂ ਕਿ ਸੰਗਤਾਂ ਨੂੰ ਸਿੱਖਿਆਵਾਂ ਦੇਣ ਵਾਲੇ ਇਕ ਕਵੀਸ਼ਰ ਵੀਰ ਲਈ ਅਨੁਸ਼ਾਸਨ ਵਿਚ ਰਹਿਣਾ ਕੋਈ ਜ਼ਰੂਰੀ ਨਹੀਂ ਸੀ? ਅਨੁਸ਼ਾਸਨ ਤੋਂ ਯਾਦ ਆਇਆ ਕਿ ਸਮੁੱਚੇ ਪੰਥ ਨੂੰ ਇਕ ਅਨੁਸ਼ਾਸਨ ਵਿਚ ਰੱਖਣ ਲਈ ਸਿੱਖਾਂ ਦੀ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪੰਥ ਦੀ ਸਹਿਮਤੀ ਤੇ ਸਿੱਖ ਰਹਿਤ ਮਰਯਾਦਾ ਤਿਆਰ ਕਰਵਾਈ, ਪਰ ਅਸਾਂ ਉਸ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ, ਬੜੀ ਹੈਰਾਨੀ ਹੋਈ ਇਹ ਵੇਖ ਕੇ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਗੁਰਦੁਆਰਾ ਸਾਹਿਬਾਨ ਵਿਚ ਵੀ ਇਹ ਮਰਯਾਦਾ ਲਾਗੂ ਨਹੀਂ ਕੀਤੀ ਗਈ। ਜ਼ਿਆਦਾ ਗੁਰਦੁਆਰਿਆਂ ਵਿਚ ਜੋਤਾਂ ਜਗ ਰਹੀਆਂ ਹਨ ਤੇ ਸ਼ਰਧਾਲੂਆਂ ਦੀਆਂ ਲਾਈਨਾਂ ਜਗਦੀ ਜੋਤ ਨੂੰ ਮੱਥਾ ਟੇਕਣ ਲਈ ਆਪਣੀ ਵਾਰੀ ਦਾ ਇੰਤਜਾਰ ਕਰ ਰਹੀਆਂ ਹਨ, “ਪੂਰਨ ਜੋਤ ਜਗੈ ਘਟ ਮੈਂ, ਤਬ ਖਾਲਸ ਤਾਹਿ ਨਖਾਲਸ ਜਾਨੈ”।। ਇਕ ਦਿਨ ਇਕ ਸਰਕਾਰੀ ਮਹਿਕਮੇ ਦੇ ਅਧਿਕਾਰੀ ਨਾਲ ਕੰਮ ਪੈ ਗਿਆ ਜਦ ਵੇਖਿਆ ਕਿ ਕੁਰਸੀ `ਤੇ ਬੈਠਾ ਹੋਇਆ ਵਿਅਕਤੀ ਇਕ ਅੰਮ੍ਰਿਤਧਾਰੀ ਸਿੰਘ ਹੈ ਤਾਂ ਮਨ ਵਿਚ ਇਕ ਖੁਸ਼ੀ ਜਿਹੀ ਅਨੁਭਵ ਕੀਤੀ। ਪਰ ਜਦ ਗੱਲ ਰਿਸ਼ਵਤ `ਤੇ ਆ ਗਈ ਤਾਂ ਮਨ ਬਹੁਤ ਉਦਾਸ ਹੋਇਆ।

ਪਿੰਡ ਵਿਚ ਬਣੀ ਹੋਈ ਇੱਟਾਂ ਪੱਥਰਾਂ ਦੀ ‘ਮਾਤਾ ਰਾਣੀ’ `ਤੇ ਇਕ ਜਗਰਾਤਾ ਹੋ ਰਿਹਾ ਸੀ, ਲਾਊਡ ਸਪੀਕਰ `ਤੇ ਮਾਤਾ ਰਾਣੀ ਦੇ ਦਰਬਾਰ ਦੀਆਂ ਰੌਣਕਾਂ ਵਧਾਉਣ ਦੀ ਅਪੀਲ ਹੋ ਰਹੀ ਸੀ ਤੇ ਨਾਲ ਹੀ ਬੋਲਿਆ ਜਾ ਰਿਹਾ ਸੀ ਬੋਲ ਮਾਤਾ ਸ਼ੇਰਾਂ ਵਾਲੀ ਕੀ ਜੈ। ਇਹ ਆਵਾਜ਼ ਤਾਂ ਮੇਰੀ ਪਛਾਣੀ ਹੋਈ ਸੀ, ਇਹ ਤਾਂ ਇਕ ਅੰਮ੍ਰਿਤਧਾਰੀ ਸਿੰਘ, ਜੋ ਕਿ ਪਾਠੀ ਸਿੰਘ ਵੀ ਹੈ, ਜੋ ਬੋਲ ਰਿਹਾ ਸੀ। ਸਵੇਰੇ ਪਤਾ ਕਰਨ `ਤੇ ਪਤਾ ਲੱਗਾ ਕਿ ਉਹ ਤਾਂ ਜਗਰਾਤੇ ਦੇ ਮੁੱਖ ਪ੍ਰਬੰਧਕਾਂ ਵਿਚ ਸ਼ਾਮਲ ਸੀ। “ਜਬ ਇਹ ਗਹੈ ਬਿਪਰਨ ਕੀ ਰੀਤ, ਮੈ ਨਾ ਕਰੋ ਇਨ ਕੀ ਪ੍ਰਤੀਤ”। ਇਕ ਦਿਨ ਮੇਰਾ ਵਾਹ ਨੂਰਮਹਿਲੀਏ ਆਸ਼ੂਤੋਸ਼ ਦੇ ਕੁਪ੍ਰਚਾਰਕਾਂ ਨਾਲ ਪੈ ਗਿਆ। ਮੈਂ ਵੇਖ ਕੇ ਹੈਰਾਨ ਹੋਇਆ ਕਿ ਉਸ ਦੇ ਚਾਟੜਿਆਂ ਵਿਚ ਕੁਝ ਅੰਮ੍ਰਿਤਧਾਰੀ ਵੀ ਸਨ। ਹੋਰ ਵੀ ਬਹੁਤ ਕੁਝ ਮਨਮੱਤੀ ਕਰਮਕਾਂਡ ਹੋ ਰਹੇ ਹਨ ਜਿਥੇ ਅਸੀਂ ਅੰਮ੍ਰਿਤਧਾਰੀ ਸਿੰਘਾਂ ਨੂੰ ਵੇਖ ਸਕਦੇ ਹਾਂ, ਮੂਰਤੀਆਂ ਅੱਗੇ ਨੱਕ ਰਗੜਦੇ, ਹਵਨ ਕਰਦੇ, ਵਡਭਾਗ ਸਿਹੁੰ ਦੀਆਂ ਚੌਂਕੀਆਂ ਭਰਦੇ, ਪੁੱਛਾਂ ਦੱਸਣ ਵਾਲਿਆਂ ਦੇ ਦੁਆਰ `ਤੇ, ਦੇਹਧਾਰੀ ਗੁਰੂ ਡੰਮੀਆਂ ਦੇ ਡੇਰਿਆਂ `ਤੇ, ਜੋਤਸ਼ੀਆਂ ਦੇ ਚੱਕਰਵਿਊ ਵਿਚ ਫਸੇ ਹੋਏ, ਖ਼ੁਦਗਰਜੀਆਂ ਵਿਚ, ਚੌਧਰਾਂ ਦੀ ਭੁੱਖ, ਸ਼ਾਇਦ ਹੀ ਕੋਈ ਐਸਾ ਮਾੜਾ ਕੰਮ ਹੋਵੇ, ਜਿਸ ਵਿਚ ਸਾਡੀ ਸ਼ਮੂਲੀਅਤ ਨਾ ਹੋਵੇ। ਐਸੇ ਕਰਮਕਾਂਡੀ ਮਨੁੱਖ ਨੂੰ ਖ਼ਾਲਸਾ ਪੰਥ ਵਿਚ ਕੋਈ ਥਾਂ ਹੈ? ਵਿਚਾਰ ਕਰਨ ਦੀ ਲੋੜ ਹੈ। ਸ਼ਾਇਦ ਅੱਜ ਪਾਤਸ਼ਾਹ ਦੀ ਹਜ਼ੂਰੀ ਵਿਚ ਬੈਠ ਕੇ ਪੜਤਾਲ ਕਰਨ ਦੀ ਲੋੜ ਹੈ ਕਿ ਅਸਲ ਵਿਚ ਅੰਮ੍ਰਿਤਧਾਰੀ ਸਿੰਘਾਂ ਦੀ ਜੋ ‘ਖ਼ਾਲਸਾ’ ਅਖਵਾਉਣ ਦੇ ਯੋਗ ਦੀ ਗਿਣਤੀ ਕਿਤਨੀ ਕੁ ਹੈ। ਹੋਸ਼ਿਆਰ ਖ਼ਾਲਸਾ ਪੰਥ ਇਹ ਵੇਲਾ ਜਾਗਣ ਦਾ ਹੈ। ਨਹੀਂ ਤਾਂ ਜਿਸ ਤਰ੍ਹਾਂ ਸਿੱਖ ਸਮਾਜ ਦੇ ਸਮਾਜਿਕ, ਰਾਜਨੀਤਕ ਆਰਥਿਕ ਤਾਣੇ ਬਾਣੇ ਨੂੰ ਇਹਨਾਂ ਲੋਕਾਂ ਨੇ ਧੁੰਦਲਾ ਕਰ ਦਿੱਤਾ ਹੈ। ਇਹ ਲੋਕ ਇਸ ਤੋਂ ਵੀ ਅੱਗੇ ਜਾ ਸਕਦੇ ਹਨ। ਕਲਗੀਧਰ ਪਾਤਸ਼ਾਹ ਨੇ ਤਾਂ ਐਸਾ ਖ਼ਾਲਸਾ ਸਾਜਿਆ ਸੀ ਜਿਸਦਾ ਆਚਰਨ ਸ਼ੁੱਧ ਹੋਵੇ। ਅਖ਼ੀਰ ਵਿਚ ਪਿਛਲੇ ਸਾਲਾਂ ਵਿਚ ਅਖ਼ਬਾਰਾਂ ਮੈਗ਼ਜੀਨਾਂ ਵਿਚ ਛਪੀ ਖ਼ਬਰ ਦਾ ਜ਼ਿਕਰ ਕਰਨਾ ਚਾਹਾਂਗਾ। “ਕੁਝ ਸ਼ਰਾਬ ਦੇ ਨਸ਼ੇ ਵਿਚ ਭੂਤਰੇ ਹੋਏ ਨੌਜਵਾਨਾਂ ਨੇ ਇਕ ਰਾਹਗੀਰ ਕੁੜੀ ਨੂੰ ਫੜਕੇ ਉਸ ਨਾਲ ਜਬਰਦਸਤੀ ਕਰਨ ਲੱਗੇ, ਸਭ ਕੁਝ ਸਥਾਨਕ ਪੁਲੀਸ ਵੀ ਤਮਾਸ਼ਬੀਨ ਬਣਕੇ ਵੇਖਦੀ ਰਹੀ, ਕਿਸੇ ਦੀ ਹਿੰਮਤ ਨਾ ਪਈ ਕਿ ਉਸ ਅਬਲਾ ਦੀ ਮਦਦ ਕੀਤੀ ਜਾਵੇ। ਉਸਦੀਆਂ ਚੀਕਾਂ ਦੀ ਆਵਾਜ਼ ਕਿਸੇ ਨੂੰ ਵੀ ਪਿਘਲਾ ਨਾ ਸਕੀ, ਪਰ ਅਚਨਚੇਤ ਇਕ ਖ਼ਾਲਸਾ ਉਧਰ ਆ ਗਿਆ। ਉਸ ਬਜ਼ੁਰਗ ਨੇ ਆਪਣੀ ਸ੍ਰੀ ਸਾਹਿਬ ਦੀ ਮਦਦ ਨਾਲ ਆਪਣੇ ਆਪ ਨੂੰ ਜੋਖਮ ਵਿਚ ਪਾ ਕੇ ਨੌਜਵਾਨ ਭਜਾ ਦਿੱਤੇ ਤੇ ਆਪਣੀ ਦਸਤਾਰ ਨਾਲ ਲੜਕੀ ਦਾ ਤਨ ਢੱਕ ਕੇ ਕਿਸੇ ਲਾਗਲੇ ਘਰ ਤੋਂ ਕੱਪੜੇ ਲੈ ਕੇ ਲੜਕੀ ਨੂੰ ਪਹਿਨਾਏ ਤੇ ਉਸਦੇ ਮਾਪਿਆਂ ਨੂੰ ਸੱਦ ਕੇ ਲੜਕੀ ਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ ਤੇ ਆਪ ਆਪਣੇ ਰਾਹ ਪੈ ਗਿਆ। ਖ਼ਾਲਸਾ ਸੀ ਸਚਮੁਚ ਖ਼ਾਲਸਾ। ਪੜ੍ਹਕੇ ਮਹਿਸੂਸ ਕੀਤਾ ਕਿ ਖ਼ਾਲਸਾ ਅੱਜ ਵੀ ਆਪਣੇ ਫ਼ਰਜਾਂ ਪ੍ਰਤੀ ਸੁਚੇਤ ਹੈ, ਇਸ ਖ਼ਾਲਸੇ ਨੇ ਹੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਰੂਹਾਨੀ ਜੁਗਤ ਲੈ ਕੇ ਦੁਨੀਆਂ ਵਿਚ, ਹਲੇਮੀ ਰਾਜ, ਬੇਗ਼ਮਪੁਰ ਦੀ ਸਥਾਪਨਾ ਕਰਨੀ ਹੈ, ਖ਼ਾਲਸਾ ਹੀ ਸਰਬੱਤ ਦਾ ਭਲਾ ਮੰਗ ਸਕਦਾ ਹੈ। ਖ਼ਾਲਸਾ ਸਦਾ ਰਹਿੰਦੀ ਦੁਨੀਆਂ ਤਕ ਰਹੇਗਾ, ਜੁਗਾਂ-ਜੁਗਾਂਤਰਾਂ ਤਕ, ਜਦ ਤਕ ਇਹ ਧਰਤੀ ਹੈ, ਚੰਨ ਤਾਰੇ ਹਨ।
.