.

ਬਾਣੀ ‘ਜਪੁ’ ਸੰਬੰਧੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਬਾਣੀ ‘ਜਪੁ’ ਹਰੇਕ ਗੁਰੂ ਨਾਨਕ ਨਾਮ ਲੇਵਾ ਅਤੇ ਗੁਰੂ ਕੇ ਸਿੱਖ ਲਈ ਸਵੇਰੇ ਨਿਤਨੇਮ ਦੇ ਤੌਰ ਤੇ ਨਿਤਾਪ੍ਰਤੀ ਪੜ੍ਹੀ ਜਾਣ ਵਾਲੀ ਬਾਣੀ ਹੈ। ਉਂਝ ਵੀ ਗੁਰੂ ਕੇ ਸਿੱਖ ਲਈ ਨੀਯਤ ਨਿੱਤਨੇਮ ਦੀਆਂ ਬਾਣੀਆਂ ਵਿਚੋਂ ਇਹ ਬਾਣੀ ਸਰਵ ਪ੍ਰਥਮ ਹੈ। ਅਨੇਕਾਂ ਸ਼ਰਧਾਲੂ ਸੱਜਣ ਤਾਂ ਚਲਦੇ ਫ਼ਿਰਦੇ ਵੀ ਹਰ ਸਮੇਂ ਇਸ ਬਾਣੀ ਦਾ ਪਾਠ ਕਰਦੇ ਰਹਿੰਦੇ ਹਨ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਅੰਦਰ ਵੀ ਇਸ ਰਚਨਾ ਦਾ ਸਥਾਨ ਪ੍ਰਥਮ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਤੱਤਕਰੇ ਅੰਦਰ ਇਸ ਬਾਣੀ ਨੂੰ ‘ਜਪੁ ਨਿਸਾਣ’ ਕਰਕੇ ਦਰਜ ਕੀਤਾ ਗਿਆ ਹੈ ਅਤੇ ਪੰਥਕ ਵਿਦਵਾਨਾ ਅਨੁਸਾਰ ਇਸਨੂੰ ਸਮੂਚੀ ਬਾਣੀ ਰਚਨਾ ਦਾ ਨਿਚੋੜ ਕਰਕੇ ਵੀ ਜਾਣਿਆ ਜਾਂਦਾ ਹੈ।

ਬਾਣੀ ਜਪੁ ਦੀ ਬਣਤਰ ਅਤੇ ਰਚਨਾ ਕਾਲ- ਬਾਣੀ ਜਪੁ ਦੀਆਂ ਕੁਲ ਅਠੱਤੀ ਪਉੜੀਆਂ ਅਤੇ ਦੋ ਸਲੋਕ ਹਨ। ਇਸ ਰਚਨਾ ਦੇ ਅਰੰਭ `ਚ ਗੁਰਬਾਣੀ ਦਾ ਮੰਗਲਾਚਰਣ ਹੈ ਜਿਸ ਨੂੰ ਸਿੱਖ ਰਹਿਤ ਮਰਿਆਦਾ ੧੯੪੫ `ਚ ‘ਮੂਲ ਮੰਤਰ’ ਵੀ ਕਿਹਾ ਹੈ। ਮੰਗਲਾਚਰਣ ਦਾ ਸੰਪੂਰਣ ਸਰੂਪ ‘ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ’ ਹੈ। ਇਹ ਮੰਗਲਾਚਰਣ ਸੰਪੂਰਣ ਗੁਰਬਾਣੀ ਰਚਨਾ `ਚ ਕੁਲ ਮਿਲਾ ਅਪਣੇ ਚਾਰ ਸਰੂਪਾਂ `ਚ ੫੬੭ ਵਾਰੀ ਦਰਜ ਹੋਇਆ ਹੈ। ਵੇਰਵਾ ਇਸਤਰ੍ਹਾਂ ਹੈ: –ਉਪਰ ਦਰਜ ਸੰਪੂਰਣ ਸਰੂਪ `ਚ 33 ਵਾਰੀ ਆਇਆ ਹੈ। ਉਪਰੰਤ ਨੰਬਰਵਾਰ ਇਸ ਦੇ ਸੰਖੇਪ ਸਰੂਪ ਹਨ ‘ੴਸਤਿਨਾਮੁ ਕਰਤਾਪੁਰਖੁ ਗੁਰਪ੍ਰਸਾਦਿ’ … 8 ਵਾਰੀ ‘ੴ ਸਤਿਨਾਮੁ ਗੁਰਪ੍ਰਸਾਦਿ’ … 2 ਵਾਰੀ ਅੰਤ ਸਭਤੋਂ ਵੱਧ ਅਤੇ ਅਤੀ ਸੰਖੇਪ ਰੂਪ `ਚ 524 ਵਾਰੀ ਇਸਦਾ ਸਰੂਪ ਹੈ ‘ੴ ਸਤਿ ਗੁਰਪ੍ਰਸਾਦਿ’।

ਇਸ ਮੰਗਲਾਚਰਣ ਤੋਂ ਬਾਦ ਦੋਵੇਂ ਪਾਸੇ ਦੋ-ਦੋ ਡੰਡੇ ਲਗਾਕੇ ਲਫ਼ਜ਼ ‘ਜਪੁ’ ਜਿਸਦਾ ਸਰੂਪ॥ ਜਪੁ॥ ਹੈ ਅਤੇ ਇਹ ਇਸ ਰਚਨਾ ਦਾ ਸਿਰਲੇਖ ਹੈ। ਉਪਰੰਤ ਪਉੜੀਆਂ ਦੇ ਅਰੰਭ ਤੋਂ ਪਹਿਲਾਂ ਸਲੋਕ ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥ ੧ ॥” ਹੈ। ਸਲੋਕ ਦੇ ਨਾਲ ਅੰਕ॥ ੧ ਇਸ ਸ਼ਾਹਕਾਰ ਦੇ ਨਾਲ ਕੁਲ ਦੋ ਸਰੂਪਾਂ ਚੋਂ ਪਹਿਲੇ ਸਲੋਕ ਦਾ ਸੂਚਕ ਹੈ। ਸਲੋਕ ਤੋਂ ਬਾਦ ਬਾਣੀ ਜਪੁ ਦੀਆਂ ੩੮ ਪਉੜੀਆਂ “ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ…” ਤੋਂ ਅਰੰਭ ਹੋਕੇ “ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ਨਦਰੀ ਨਦਰਿ ਨਿਹਾਲ॥ ੩੮ ॥” ਨਾਲ ਸਮਾਪਤ ਹੁੰਦੀਆਂ ਹਨ। ਪਉੜੀਆਂ ਦੀ ਸਮਾਪਤੀ ਦੇ ਇਕਦਮ ਬਾਦ, ਦੂਜਾ ਸਲੋਕ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ. .” ਆਉਂਦਾ ਹੈ। ਇਹ ਸ਼ਾਹਕਾਰ ਪਹਿਲੇ ਪਾਤਸ਼ਾਹ ਦੀ ਰਚਨਾ ਹੈ ਅਤੇ ਵਿਦਵਾਨਾਂ ਅਨੁਸਾਰ ਇਸਦਾ ਰਚਨਾਕਾਲ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਚਾਰ ਦੌਰਿਆਂ (ਉਦਾਸੀਆਂ) ਉਪਰੰਤ ਕਰਤਾਰ ਪੁਰ ਸਹਿਬ ਵਿਖੇ ਟਿਕਾਅ ਦਾ ਸਮਾਂ ਹੈ।

ਬਾਣੀ ‘ਜਪੁ’ ਦਾ ਕੇਂਦਰੀ ਭਾਵ- ਇਹ ਰਚਨਾ ਸਮੂਚੀ ਗੁਰਬਾਣੀ ਰਚਨਾ ਦਾ ਸੂਤਰ ਮੰਨੀ ਜਾਂਦੀ ਹੈ। ਇਹੀ ਕਾਰਣ ਹੈ ਜਿਉਂ ਜਿਉਂ ਖੋਜ ਦੀ ਨਜ਼ਰ ਨਾਲ ਪਛਾਣ ਕੀਤੀ ਜਾਵੇ, ਗਿਆਨ ਅਤੇ ਇਸਦੇ ਅਰਥਾਂ ਪਖੋਂ ਇਸਦੀਆਂ ਗਹਿਰਾਈਆਂ ਵੱਧਦੀਆਂ ਜਾਂਦੀਆਂ ਹਨ ਅਤੇ ਜਗਿਆਸੂ ਦੇ ਜੀਵਨ ਦਾ ਚਾਨਣ ਮੁਨਾਰਾ ਬਣਦੀਆਂ ਹਨ। ਜਿਉਂ ਜਿਉਂ ਰਸ ਮਾਨਣ ਦਾ ਜੱਤਣ ਕਰੋ ਤਾਂ ਪਾਤਸ਼ਾਹ ਦੀ ਬਖਸ਼ਿਸ਼ ਨਾਲ ਇਸ ਰਚਨਾ ਵਿਚੋਂ ਅਨੇਕਾਂ ਗੁਰਮਤਿ ਦੇ ਸਿਧਾਂਤ ਉਘੜਦੇ ਹਨ, ਇਨ੍ਹਾਂ ਬਾਰੇ ਕੁੱਝ ਸਮਝਣ ਦਾ ਜੱਤਣ ਤਾਂ ਨਾਲ ਨਾਲ ਕਰਾਂਗੇ ਹੀ ਪਰ ਇਸ ਰਚਨਾਂ ਦਾ ਕੇਂਦਰੀ ਭਾਵ ਇਸ ਦੀ ਪਹਿਲੀ ਪਉੜੀ ਦੀਆਂ ਅੰਤਮ ਦੋ ਪੰਕਤੀਆਂ `ਚ ਇਸਤਰ੍ਹਾਂ ਦਿਤਾ ਗਿਆ ਹੈ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ”। ਇਹ ਸਾਰੀ ਰਚਨਾ ਲੜੀਵਾਰ ਹੈ ਪਰ ਇਸ ਦਾ ਧੁਰਾ ਇਹ ਦੋ ਪੰਕਤੀਆਂ ਹੀ ਹਨ ਜਿਸਦੇ ਅਰਥ ਹਨ ਕਿ ਮਨੁੱਖ ਨੇ ਜੀਂਦੇ ਜੀਅ ਅਕਾਲਪੁਰਖ ਦਾ ਰੂਪ ਕਿਵੇਂ ਹੋਣਾ ਹੈ। ਉਸਨੂੰ ਇਥੇ ਸਚਿਆਰਾ ਭਾਵ ਸਚੇ ਦਾ ਰੂਪ ਕਿਵੇਂ ਬਨਣਾ ਹੈ। ‘ਸਚਿਆਰਾ’ ਨੂੰ ਬਾਣੀ `ਚ ਜੀਵਨ ਮੁਕਤ ਅਤੇ ਹੋਰ ਕਈ ਲਫ਼ਜ਼ਾਂ ਨਾਲ ਵੀ ਸੰਬੋਧਨ ਕੀਤਾ ਗਿਆ ਹੈ।

“ਸਚਿਆਰਾ” ਕਿਵੇਂ ਬਨਣਾ ਹੈ, ਇਸਦਾ ਉਤਰ ਵੀ ਇਨ੍ਹਾਂ ਦੋ ਪੰਕਤੀਆਂ `ਚ ਨਾਲ ਹੀ ਦਿਤਾ ਹੈ “ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ”। ਤਾਂਤੇ ਕਰਤੇ ਦੇ ‘ਹੁਕਮ’ ਦਾ ਰੂਪ ਕੀ ਹੈ? ਜਿਸ ਹੁਕਮਿ `ਚ ਚਲਣ ਲਈ ਮਨੁੱਖ ਨੂ ਤਾਕੀਦ ਕੀਤੀ ਗਈ ਹੈ। ਗੁਰਦੇਵ ਨੇ ਦੂਜੀ ਪਉੜੀ `ਚ ਬਿਆਨਿਆ ਹੈ। ਇਸਤੋਂ ਬਾਦ ਉਸਦੇ ਹੁਕਮ `ਚ ਚਲਣ ਲਈ ‘ਰੁਕਾਵਟਾਂ ਕਿੱਥੇ ਕਿੱਥੇ ਹਨ? ਪਹਿਲੀ ਪੰਕਤੀ ਤੋਂ ਅਰੰਭ ਕਰਕੇ ਅਰੰਭਕ ੩੩ ਪਉੜੀਆਂ `ਚ ਇਸੇ ਦਾ ਵੇਰਵਾ ਅਤੇ ਇਸੇ ਹੀ ਵਿਸ਼ੇ ਨੂੰ ਨਿਭਾਇਆ ਹੈ। ਅਖੀਰ ਫ਼ੈਸਲਾ ਹੈ ਕਿ “…ਘੜੀਐ ਸਬਦੁ ਸਚੀ ਟਕਸਾਲ॥ ਜਿਨ ਕਉ ਨਦਰਿ ਕਰਮੁ ਤਿਨ ਕਾਰ॥ ਨਾਨਕ ਨਦਰੀ ਨਦਰਿ ਨਿਹਾਲ

ਬਾਣੀ ਦੇ ਅੰਦਰਵਾਰ ਝਾਤ- ਪਹਿਲੀ ਪਉੜੀ ਵਿੱਚ ਹੀ ਗੁਰਦੇਵ ਨੇ ਦੱਸ ਦਿਤਾ ਹੈ ਕਿ ਮਨੁੱਖਾ ਜੀਵਨ ਦੀ ਬਾਜ਼ੀ ਜਿਤਣ ਲਈ ਅਸਲ ਵਿਸ਼ਾ ਸਰੀਰ ਦਾ ਨਹੀਂ ਬਲਕਿ ਮਨ ਦਾ ਹੈ। ਪ੍ਰਭੁ `ਤੇ ਜੀਵ ਵਿਚਕਾਰ ਜੋ ਕੂੜ ਦੀ ਕੰਧ ਬਣੀ ਹੋਈ ਹੈ ਇਹ ਲਖਾਂ ਸੁੱਚਮਾਂ, ਤੀਰਥ ਇਸ਼ਨਾਨਾ ਨਾਲ ਨਹੀਂ ਟੁੱਟ ਸਕਦੀ। ਮਨੁੱਖਾ ਮਨ ਦੀ ਇਹ ਭੁੱਖ ਸੰਸਾਰ ਪੱਧਰ ਤੇ ਬਹੁਤੇ ਧੰਨ ਪਦਾਰਥ ਕੱਠੇ ਕੀਤੀਆਂ, ਤਾਕਤ ਆਹੁਦੇ ਵਧਾਇਆਂ, ਜਾਇਦਾਦਾਂ `ਤੇ ਮਾਨ ਰੁੱਤਬੇ ਵਧਾਇਆਂ, ਬਹੁਤਾ ਗਿਆਨਵਾਨ ਬਣਕੇ-ਸਿਆਣਪਾਂ, ਚਤੁਰਾਈਆਂ; ਵੱਡੇ-ਵੱਡੇ ਤੱਪ ਸਾਧਨੇ, ਮੋਨ ਸਮਾਧੀਆਂ ਧਾਰਨ ਕਰਨੇ- ਇਹ ਸਭ ਮਨੁੱਖੀ ਮਨ ਨੂੰ ਸ਼ਾਂਤ ਨਹੀਂ ਕਰ ਸਕਦੇ। ਬਲਕਿ ਇਨ੍ਹਾਂ ਸਾਰੇ ਢੰਗਾਂ ਨਾਲ ਇਹ ਸੰਸਾਰਕ ਭੁਖਾਂ ਹੋਰ ਵੱਧਦੀਆਂ ਹਨ। ਗੁਰਦੇਵ ਨੇ ਪਹਿਲੀ ਹੀ ਪਉੜੀ `ਚ ਸੰਸਾਰ ਦੇ ਆਪ ਮਿਥੇ ਧਾਰਮਿਕ ਅਤੇ ਨਾਸਤਕ ਜਗਤ `ਚ ਵਰਤੇ ਜਾ ਰਹੇ ਮਨ ਦੀ ਸ਼ਾਂਤੀ ਲਈ ਸਾਰੇ ਢੰਗ ਨਕਾਰ ਦਿਤੇ ਹਨ। ਇਸਦੇ ਨਾਲ ਨਾਲ ਗੁਰਦੇਵ ਨੇ ਇਸ ਵਿਸ਼ੇ ਉਪਰ ਸਪੱਸ਼ਟ ਫ਼ੈਸਲਾ ਦਿਤਾ ਹੈ ਮਨੁੱਖੀ ਮਨ ਦੀ ਸ਼ਾਂਤੀ ਦਾ ਇਕੋ ਇੱਕ ਰਾਹ ਹੈ-ਪ੍ਰਭੁ ਦੇ ਹੁਕਮ `ਚ ਚਲਕੇ ਦੋਨਾਂ ਵਿਚਾਲੇ ਬਣੀ ਹੋਈ ਇਸ ਵਿੱਥ ਦਾ ਕਾਰਣ ਕੂੜ ਦੀ ਕੰਧ ਨੂੰ ਤੋੜਣਾ।

“ਹੁਕਮੈ ਅੰਦਰਿ ਸਭੁ ਕੋ … “ਦੂਜੀ ਹੀ ਪਉੜੀ `ਚ ਗੁਰਦੇਵ ਫ਼ੁਰਮਾਂਦੇ ਹਨ ਕਿ ਪ੍ਰਭੂ ਦਾ ‘ਹੁਕਮ’ ਇੱਕ ਐਸੀ ਸੱਤਿਆ ਹੈ, ਜਿਸ ਦੇ ਅਧੀਨ ਉਸਦੀ ਬੇਅੰਤ ਰਚਨਾ ਚਲ ਰਹੀ ਹੈ। ਉਸ ਹੁਕਮ-ਸੱਤਿਆ ਦਾ ਮੁਕੰਮਲ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਪਰ ਜੋ ਮਨੁੱਖ ਉਸ ਹੁਕਮ ਵਿੱਚ ਤੁਰਨਾ ਸਿੱਖ ਲੈਂਦਾ ਹੈ, ਉਸ ਦਾ ਆਪਾ-ਭਾਵ ਮਿਟ ਜਾਂਦਾ ਹੈ ਅਤੇ ਉਹ ਸਹੀ ਅਰਥਾਂ `ਚ ਸਚਿਆਰਾ ਹੋ ਨਿਬੜਦਾ ਹੈ। ਇਸਲਈ ਮਨੁੱਖਾ ਜੀਵਨ ਦੀ ਸਭ ਤੋਂ ਵੱਡੀ ਪ੍ਰਾਪਤੀ ਹੈ ਉਸਦੀ ਰਜ਼ਾ ਅਤੇ ਹੁਕਮ ਦੀ ਖੇਡ `ਚ ਵਿਚਰਨਾ। ਇਸਦੇ ਉਲਟ ਜਿਹੜੇ ਜੀਵ ਉਸਦੇ ਇਸ ਹੁਕਮ ਵਾਲੀ ਖੇਡ ਨੂੰ ਨਹੀਂ ਸਮਝਦੇ ਅਤੇ ਉਸ ਤੋਂ ਵਿੱਥ ਭਾਵ ਕੂੜ ਦੀ ਪਾਲ ਦਾ ਨਤੀਜਾ ਮੁੜ-ਮੁੜ ਜਨਮਾਂ ਦੇ ਦੁਖ ਭੋਗਦੇ ਅਤੇ ਜੰਮਦੇ-ਮਰਦੇ ਰਹਿੰਦੇ ਹਨ।

“ਦੇਦਾ ਦੇ ਲੈਦੇ ਥਕਿ ਪਾਹਿ. .”- ਤੀਜੀ ਪਉੜੀ `ਚ ਗੁਰਦੇਵ ਨੇ ਦ੍ਰਿੜ ਕਰਵਾਇਆ ਹੈ ਪ੍ਰਭੂ ਦੇ ਵੱਖੋ ਵੱਖਰੇ ਕੰਮ ਵੇਖ ਕੇ ਮਨੁੱਖ ਆਪੋ ਆਪਣੀ ਸਮਝ ਅਨੁਸਾਰ ਪ੍ਰਭੂ ਦੀ ਹੁਕਮ-ਸੱਤਿਆ ਦਾ ਅੰਦਾਜ਼ਾ ਲਾਂਦੇ ਆ ਰਹੇ ਹਨ, ਕ੍ਰੋੜਾਂ ਨੇ ਜਤਨ ਕੀਤਾ, ਪਰ “ਕਥਨਾ ਕਥੀ ਨ ਆਵੈ ਤੋਟਿ॥ ਕਥਿ ਕਥਿ ਕਥੀ ਕੋਟੀ ਕੋਟਿ ਕੋਟਿ” ਕਿਸੇ ਪਾਸੋਂ ਅੰਦਾਜ਼ਾ ਨਹੀਂ ਲੱਗ ਸਕਿਆ। ਬੇਅੰਤ ਦਾਤਾਂ ਬੇਅੰਤ ਜੀਵਾਂ ਨੂੰ ਹਰ ਸਮੇਂ ਉਸ ਦੇ ਹੁਕਮ `ਚ ਮਿਲ ਰਹੀਆਂ ਹਨ। ਦਾਤਾਂ ਵਰਤਣ ਵਾਲੇ ਜੀਵ ਤਾਂ ਉਸਦੀਆਂ ਦਾਤਾਂ ਨੂੰ ਲੈ-ਲੈ ਕੇ `ਤੇ ਵਰਤ-ਵਰਤ ਕੇ ਥੱਕ ਜਾਂਦੇ ਹਨ ਭਾਵ ਉਨ੍ਹਾਂ ਦੇ ਜੀਵਨ ਮੁੱਕ ਜਾਂਦੇ ਹਨ ਪਰ ਕਰਤੇ ਦੀਆਂ ਦਾਤਾਂ ਅਮੁੱਕ ਹਨ। ਇਸ ਤੋਂ ਵੱਡੀ ਖੂਬੀ-ਪ੍ਰਭੂ ਅਪਣੀ ਹੁਕਮ ਦੀ ਖੇਡ ਨੂੰ ਐਸੀ ਖ਼ੂਬੀ ਨਾਲ ਚਲਾ ਰਿਹਾ ਹੈ ਕਿ ਬੇਅੰਤ ਖਲਜਗਣ ਦੇ ਬਾਵਜੂਦ ਉਸ ਨੂੰ ਕੋਈ ਅਕੇਵਾਂ-ਥੱਕੇਵਾਂ ਜਾਂ ਖਿੱਝ ਨਹੀਂ ਆਉਂਦੀ। ਉਹ ਵੇਪਰਵਾਹ ਸਦਾ ਖਿੜਿਆ ਤੇ ਖੁਸ਼ ਹੀ ਰਹਿੰਦਾ ਹੈ।

ਭਾਖਿਆ ਭਾਉ ਅਪਾਰੁ … ਅੰਮ੍ਰਿਤ ਵੇਲਾ ਸਚੁ ਨਾਉ- ਚੌਥੀ ਪਉੜੀ `ਚ ਗੁਰਦੇਵ ਬਖਸ਼ਿਸ਼ ਕਰਦੇ ਹਣ, ਜੋ ਲੋਕ ਅਪਣੇ ਆਪ ਨੂੰ ਬੜੇ ਦਾਨ-ਪੁੰਨ ਕਰਨ ਵਾਲੇ, ਵੱਡੇ ਦਾਨੀ ਹੋਣ ਦਾ ਭੁਲੇਖਾ ਖਾਂਦੇ ਹਨ। ਅਸਲ `ਚ ਉਹ ਭੁੱਲੇ ਹੁੰਦੇ ਹਨ ਕਿ ਉਨ੍ਹਾਂ ਦਾ ਅਪਣਾ ਕੁੱਝ ਵੀ ਨਹੀਂ। ਸੰਸਾਰ `ਚ ਉਹ ਜੋ ਵੀ ਵਰਤ ਜਾਂ ਲੈ ਰਹੇ ਹਨ, ਉਹ ਸਭ ਦਾਤਾਂ ਕਰਤਾਰ ਨੇ ਹੀ ਦਿਤੀਆਂ ਹਨ। ਇਸ ਲਈ ਪ੍ਰਭੁ ਨੂੰ ਪ੍ਰਸਨ ਕਰਨਾ ਹੈ ਤਾਂ ਜਿਸ ਕਰਤੇ ਨੇ ਬੇਅੰਤ ਜੂਨਾਂ ਚੋਂ ਕਢਕੇ “ਕਰਮੀ ਆਵੈ ਕਪੜਾ” ਭਾਵ ਬਖਸ਼ਿਸ਼ ਕਰਕੇ ਸਾਨੂੰ ਮਨੁੱਖਾ ਜਨਮ (ਅੰਮ੍ਰਿਤ ਵੇਲਾ) ਬਖਸ਼ਿਆ ਹੈ; ਲੋੜ ਹੈ ਤਾਂ ਦਾਨੀ ਆਦਿ ਦੇ ਵਾਧੂ ਭਰਮਾਂ-ਭੁਲੇਖਿਆਂ `ਚ ਪੈਣ ਦੀ ਬਜਾਏ “ਸਚੁ ਨਾਉ ਵਡਿਆਈ ਵਿਚਾਰੁ” ਰਾਹੀਂ “ਨਦਰੀ ਮੋਖੁ ਦੁਆਰੁ” ਉਸਦੀ ਨਦਰਿ-ਕਰਮ ਦਾ ਵਾਰਿਸ ਬਣਕੇ, , ਮਨੁੱਖਾ ਜੀਵਨ ਨੂੰ ਸਫ਼ਲ ਕਰਨ ਦੀ।

ਇਸੇ ਹੀ ਪਉੜੀ `ਚ ਇਹ ਵੀ ਪੱਕਾ ਕੀਤਾ ਹੈ ਕਿ ਕੁੱਝ ਲੋਕ ਜਿਵੇਂ ਬ੍ਰਾਹਮਣ-ਸੰਸਕ੍ਰਿਤ ਨੂੰ ਬ੍ਰਹਮ ਦੀ ਭਾਸ਼ਾ ਦਸ ਰਿਹਾ ਹੈ ਅਤੇ ਮੁਸਲਮਾਨ, ਅਰਬੀ-ਫ਼ਾਰਸੀ ਨੂੰ ਅੱਲਾ-ਖੁਦਾ ਦੀ ਭਾਸ਼ਾ ਦਸਦਾ ਹੈ। ਇਸਤਰ੍ਹਾਂ ਇਕੋ ਰੱਬ ਦੇ ਬੰਦੇ ਭਾਸ਼ਾਵਾਂ ਨੂੰ ਲੈਕੇ ਆਪਸ `ਚ ਲੜਦੇ ਭਿੱੜਦੇ ਅਤੇ ਇੱਕ ਦੂਜੇ ਦਾ ਖੂਨ ਡੋਲਦੇ ਹਨ, ਗੁਰਦੇਵ ਨਿਰਣਾ ਦੇਂਦੇ ਹਨ ਕਿ ਬੋਲੀਆਂ `ਤੇ ਭਾਸ਼ਾਵਾਂ ਨਹੀਂ ਬਲਕਿ “ਭਾਖਿਆ ਭਾਉ ਅਪਾਰੁ” ਉਸ ਅਪਾਰੁ’ ਪ੍ਰਭੂ ਦੀ ਭਾਸ਼ਾ ਤਾਂ ਪਿਆਰ ਹੈ ਜੋ ਇੱਕ ਗੂੰਗਾ ਅਤੇ ਕੋਈ ਵੀ ਮਨੁੱਖ ਬਿਨਾਂ ਬੋਲੇ, ਕੇਵਲ ਮਨ ਕਰਕੇ ਹੀ ਉਸ ਨਾਲ ਕਰ ਸਕਦਾ ਹੈ।

“ਥਾਪਿਆ ਨ ਜਾਇ ਕੀਤਾ ਨ ਹੋਇ”. .”ਗੁਰਮੁਖਿ ਨਾਦੰ ਗੁਰਮੁਖਿ ਵੇਦੰ” ਪੰਜਵੀਂ ਪਉੜੀ `ਚ ਗੁਰਦੇਵ ਨਿਰਣਾ ਦੇਂਦੇ ਹਨ, ਅਕਾਲ ਪੁਰਖ ਦਾ ਅਜਨਮਾ ਹੈ ਅਤੇ ਸਰੀਰਧਾਰੀ ਨਹੀਂ। ਉਸਦਾ ਕਿਸੇ ਮੂਰਤੀ ਆਦਿ ਰਾਹੀਂ ਕਿਸੇ ਮੰਦਿਰ-ਸ਼ਿਵਾਲਯ `ਚ ਜਾਂ ਮਾਤਾ ਦੇ ਗਰਭ `ਚ ਸਥਾਪਣ ਨਹੀਂ ਕੀਤਾ ਜਾ ਸਕਦਾ। ਇਸ ਲਈ ਬ੍ਰਹਮਾ, ਵਿਸ਼ਨੂ, ਮਹੇਸ਼ ਆਦਿ ਪਾਰਬਤੀ (ਸਮਸਤ ਦੇਵੀਆਂ), ਨਾਦੰ ਭਾਵ ਜੋਗ ਸਾਧਨਾਵਾ) ਅਥਵਾ ਵੇਦੰ ਆਦਿ ਰਾਹੀਂ ਵੀ ਉਸ ਕਰਤਾਰ ਨੂੰ ਪਹਿਚਾਣਿਆ ਨਹੀਂ ਜਾ ਸਕਦਾ। ਤਾਂਤੇ ਇਹ ਕੂੜ ਦੀ ਪਾਲ ਕੇਵਲ “ਗੁਰਮੁਖਿ” ਭਾਵ ਗੁਰੂ ਦੇ ਦਸੇ ਮਾਰਗ ਤੇ ਚਲਣ ਨਾਲ ਹੀ ਟੁੱਟ ਸਕਦੀ ਹੈ ਉਂਝ ਨਹੀਂ। ਇਸ ਲਈ, ਸਿੱਖ ਨੇ ਕੇਵਲ ਗੁਰੂ (ਗੁਰਬਾਣੀ) ਦੇ ਦਸੇ ਮਾਰਗ ਤੇ ਚਲਣਾ ਅਤੇ ਇਲਾਹੀ ਗੁਰੂ (ਗੁਰਬਾਣੀ) ਦੇ ਚਰਣਾ `ਚ ਹੀ ਸਦਾ ਅਰਦਾਸ ਕਰਨੀ ਹੈ ਕਿ “ਹੇ ਸਤਿਗੁਰੂ! ਮੈਨੂੰ ਇਕੋ ਸੋਝੀ ਦੇ ਕਿ ਸਾਰੇ ਸੰਸਾਰ ਦਾ ਜੋ ਇਕੋ ਹੀ ਦਾਤਾ ਅਤੇ ਜ਼ਰੇ-ਜ਼ਰੇ `ਚ ਭਰਪੂਰ ਹੈ ਉਹ ਮੈਨੂੰ ਕਦੇ ਨਾ ਵਿਸਰੇ।

ਵਿਸ਼ੇਸ਼ … ਉਚਾਰਣ ਸਮੇਂ ‘ਗੁਰਾ’ ਨੂੰ ਬਿੰਦਾ ਲਾਕੇ ‘ਗੁਰਾਂ’ ਨਹੀਂ ਪੜਣਾ, ਇਹ ਲਫ਼ਜ਼ ਬਿੰਦਾ ਰਹਿਤ ‘ਗੁਰਾ’ ਸੰਬੋਧਕ ਅਤੇ ਅਰਦਾਸ ਰੂਪ ਹੈ। ਇਸਦੇ ਅਰਥ ਹਨ “ਹੇ ਸਤਿਗੁਰੂ!. .”। ਇਸ ਦੇ ਉਲਟ ‘ਗੁਰਾਂ’ ਕਹਿਣ ਨਾਲ ਇਸਦੇ ਅਰਥ ਬਣ ਜਾਣਗੇ ‘ਗੁਰੂ ਨੇ’ ਜੋ ਗ਼ਲਤ ਹਨ।

“ਮਤਿ ਵਿਚਿ ਰਤਨ ਜਵਾਹਰ ਮਾਣਿਕ” - ਇਸਤੋਂ ਬਾਦ ਪਉੜੀ ਨੰ: ੬ ਅਤੇ ੭ ਵਿੱਚ ਨੰਬਰਵਾਰ ਗੁਰਦੇਵ ਨਿਰਣਾ ਦੇਂਦੇ ਹਨ ਤੀਰਥਾਂ ਆਦਿ ਦੇ ਕਰਮਕਾਂਡ ਵੀ ਹਉਮੈ ਵਾਲੀ ਕੂੜ ਦੀ ਪਾਲ ਨੂੰ ਹੋਰ ਪੱਕਾ ਕਰਦੇ ਹਨ। ਜੋਗ ਸਾਧਨਾਵਾਂ ਜਾਂ ਪ੍ਰਭੁ ਨੂੰ ਵਿਸਾਰ ਕੇ ਸੰਸਾਰਕ ਤਾਕਤਾਂ `ਚ ਵਾਧੇ ਵੀ ਪ੍ਰਭੁ ਮਿਲਾਪ ਜਾਂ ਜੀਵਨ ਸਫ਼ਲਤਾ ਦਾ ਰਸਤਾ ਨਹੀਂ ਹਨ। ਇਸ ਸਾਰੇ ਦੇ ਉਲਟ ਜੇਕਰ ਮਨੁੱਖ ਇਲਾਹੀ ਗੁਰੂ (ਰੱਬੀ ਗਿਆਨ) ਨਾਲ ਜੁੜ ਜਾਂਦਾ ਹੈ ਤਾਂ ਉਹ ਸਤਿਗੁਰੂ ਮਨੁੱਖ ਦੀ ਮੱਤ ਵਿਚੋਂ ਹੀ ਕਰਤਾਰ ਰਾਹੀਂ ਸਥਾਪਤ ਹੀਰੇ-ਜਵਾਹਰਤਾਂ ਅਤੇ ਰਤਨਾ ਤੋਂ ਮੰਹਿਗੇ ਇਲਾਹੀ ਗੁਣ ਪ੍ਰਕਟ ਕਰ ਦੇਂਦਾ ਹੈ। ਇਸ ਤਰ੍ਹਾਂ ਪ੍ਰਭੁ ਅਤੇ ਜੀਵ ਵਿਚਾਲੇ ਬਣੀ ਹੋਈ ਕੂੜ ਦੀ ਪਾਲ ਅਪਣੇ ਆਪ ਟੁੱਟ ਜਾਂਦੀ ਹੈ ਅਤੇ ਜੀਵਨ ਸਚਿਆਰਾ ਅਥਵਾ ਸਫ਼ਲ ਹੋ ਜਾਂਦਾ ਹੈ। ਇਸਦੇ ਉਲਟ ਕਰਤੇ ਦੇ ਹੁਕਮ-ਰਜ਼ਾ `ਚ ਚਲੇ ਬਿਨਾਂ ਜੀਵ, ਸਭ ਤਰ੍ਹਾਂ ਦੇ ਕਰਮਕਾਂਡ, ਯੋਗ ਸਾਧਨਾਵਾਂ ਆਦਿ `ਚ ਨਿਪੁੰਨ ਹੋ ਕੇ ਵੀ, ਪ੍ਰਭੂ ਦੀਆਂ ਨਜ਼ਰਾਂ `ਚ ਇੱਕ ਮਾਮੂਲੀ ਜਿਹਾ ਕੀੜਾ ਹੀ ਰਹਿੰਦਾ ਹੈ। ਪ੍ਰਭੁ ਦੀ ਸਿਫ਼ਿਤ ਸਲਾਹ ਅਥਵਾ ਪ੍ਰਭੁ ਦੇ ਨਾਮ ਵਾਲਾ ਗੁਣ ਜੀਵ ਨੂੰ ਪ੍ਰਭੂ ਦੀ ਮਿਹਰ ਨਾਲ ਹੀ ਮਿਲਦਾ ਹੈ।

“ਸੁਣਿਐ ਅੰਧੇ ਪਾਵਹਿ ਰਾਹੁ” .. ਇਸਤੋਂ ਅਗੇ ਪਉੜੀ ਨੰ: ੮ ਤੋਂ ੧੧ ਤੀਕ ‘ਸੁਣਿਐ’ ਪਦ ਪ੍ਰਧਾਨ ਹੈ। ਧਿਆਣ ਕਰਨਾ ਹੈ, ਇਥੇ ਇਹ ਪਦ ‘ਸੁਣਿਐ’ ਹੈ ਪਰ ਬਹੁਤੇ ਸੱਜਣ ਇਸਦੇ ਜੋੜ ਅੰਦਰ ‘ਸਿਹਾਰੀ’ ਵਲ ਧਿਆਨ ਦਿਤੇ ਬਿਨਾਂ ਇਸਦਾ ਉਚਾਰਣ ‘ਬਿਹਾਰੀ’ ਨਾਲ ‘ਸੁਣੀਐ’ ਕਰ ਦੇਣ ਵਾਲੀ ਗ਼ਲਤੀ ਕਰਦੇ ਹਨ ਜੋ ਅਸ਼ੁੱਧ ਹੈ। ਦੂਜਾ- ਇਥੇ ‘ਸੁਣਿਐ’ ਦਾ ਅਰਥ ਕੇਵਲ ਸੁਨਣਾ’ ਨਹੀਂ ਬਲਕਿ ਪ੍ਰਭੁ ਦੀ ਸੋਝੀ ਹੋਣਾ ਅਥਵਾ ਕਰਤਾਰ ਦੀ ਸਿਫ਼ਿਤ ਸਲਾਹ (ਨਾਮ) ਨਾਲ ਜੁੜਣਾ ਹੈ। ਇਨ੍ਹਾਂ ਪਉੜੀਆਂ `ਚ ਸਾਫ਼ ਕੀਤਾ ਹੈ, ਪਹਿਲਾਂ ਤਾਂ ਜੀਵ ਬਹੁਤ ਛੋਟੀਆਂ ਗਲਾਂ ਜਾਂ ਕਰਮਕਾਂਡਾ `ਚ ਫਸਿਆ ਹੁੰਦਾ ਹੈ। ਜਦੋਂ ਸਚਮੁਚ ਹੀ ਉਸ ਅੰਦਰ, ਸੱਚੇ ਦਾ ਪ੍ਰਕਾਸ਼ ਹੋ ਜਾਂਦਾ ਹੈ ਤਾਂ ਸੁਣਿਐ ਅੰਧੇ ਪਾਵਹਿ ਰਾਹੁ॥ ਸੁਣਿਐ ਹਾਥ ਹੋਵੈ ਅਸਗਾਹੁ॥” ਅਗਿਆਨਤਾ `ਚ ਠੋਕਰਾਂ ਖਾ ਰਹੇ ਮਨੁੱਖ ਲਈ ਸੰਸਾਰ ਸਮੁੰਦਰ ਪਾਰ ਕਰਨਾ ਬਹੁਤ ਸੌਖਾ ਹੋ ਜਾਂਦਾ ਹੈ।

ਇਸਤਰ੍ਹਾਂ ਪ੍ਰਭੁ ਦੀ ਸਿਫ਼ਿਤ ਸਲਾਹ ਅਥਵਾ ਪ੍ਰਭੁ ਦੇ ਸਿਮਰਨ ਵਲ ਵੱਧ ਰਿਹਾ ਸਾਧਾਰਣ ਮਨੁੱਖ ਭੀ ਉੱਚੀ ਆਤਮਕ ਅਵਸਥਾ ਵਾਲਾ ਹੋ ਜਾਂਦਾ ਹੈ, ਉਸ ਨੂੰ ਪ੍ਰਤੱਖ ਨਜ਼ਰ ਆਉਣ ਲਗ ਜਾਂਦਾ ਹੈ ਕਿ ਪ੍ਰਭੂ ਸਾਰੇ ਖੰਡਾਂ ਬ੍ਰਹਿਮੰਡਾਂ `ਚ ਵਿਆਪਕ ਹੈ, ਪ੍ਰਭੁ ਹੀ ਧਰਤੀ-ਆਕਾਸ਼ `ਤੇ ਸਾਰੀ ਰਚਨਾ ਦਾ ਆਸਰਾ ਹੈ। ਇਉਂ ਹਰ ਥਾਂ ਪ੍ਰਭੂ ਦਾ ਦੀਦਾਰ ਹੋਇਆਂ ਅਜੇਹੇ ਜੀਊੜਿਆਂ ਨੂੰ ਮੌਤ ਦਾ ਡਰ ਭੀ ਪੋਹ ਨਹੀਂ ਸਕਦਾ। ਜਿਉਂ ਜਿਉਂ ਸੁਰਤ ਨਾਮ `ਚ ਜੁੜਦੀ ਹੈ, ਜੋ ਮਨੁੱਖ ਵਿਕਾਰੀ ਸੀ ਉਹ ਵਿਕਾਰੀ ਨਹੀਂ ਰਹਿੰਦਾ ਅਤੇ ਸਿਫ਼ਤਿ-ਸਾਲਾਹ ਦੇ ਸੁਭਾਉ ਵਾਲਾ ਹੋ ਜਾਂਦਾ ਹੈ।

ਸਮਝ ਆ ਜਾਂਦੀ ਹੈ ਕਿ ਪਹਿਲਾਂ ਤੋਂ ਕੁਰਾਹੇ ਪਏ ਉਸ ਦੇ ਗਿਆਨ ਅਤੇ ਕਰਮ ਇੰਦਰੇ, ਕਿਵੇਂ ਪ੍ਰਭੂ ਨਾਲੋਂ ਉਸਦੀ ਵਿੱਥ ਵਧਾ ਰਹੇ ਸਨ ਤੇ ਇਸ ਵਿੱਥ (ਕੂੜ ਦੀ ਪਾਲ) ਨੂੰ ਤੋੜਣ ਦਾ ਕੀਹ ਤਰੀਕਾ ਹੈ। ਨਾਮ `ਚ ਸੁਰਤ ਜੁੜਿਆਂ ਸਮਝ ਆਉਣ ਲਗ ਜਾਂਦੀ ਹੈ ਕਿ ਧਰਮ-ਪੁਸਤਕਾਂ ਕੇਵਲ ਪਾਠ ਕਰਣ ਜਾਂ ਪੜ੍ਹਣ ਲਈ ਨਹੀਂ, ਬਲਕਿ ਰੱਬੀ ਗਿਆਨ ਜੀਵਨ `ਚ ਢਾਲਣ ਲਈ ਹੁੰਦਾ ਹੈ। ਪ੍ਰਭੁ ਪਿਆਰ `ਚ ਸੁਰਤਿ ਜੋੜਿਆਂ ਮਨ ਵਿਸ਼ਾਲ ਹੁੰਦਾ ਹੈ। ਲੋੜਵੰਦਿਆਂ ਦੀ ਸੇਵਾ ਮਨੁੱਖ ਅੰਦਰ ਹੰਕਾਰ ਜਾਂ ਹਉਮੈ ਨਹੀਂ ਬਲਕਿ ਸੰਤੋਖ ਬਖਸ਼ਦੀ ਹੈ। ‘ਸੁਣਿਐ’ ਵਾਲੇ ਪਾਸੇ ਮਨ ਦਾ ਮੋੜਾ ਹੀ ਅਠਾਹਠ ਤੀਰਥਾਂ ਦੇ ਇਸ਼ਨਾਨਾਂ ਵਾਲੇ ਕਰਮਕਾਂਡੀ ਭਰਮ ਤੋੜ ਦੇਂਦਾ ਹੈ। ਉਚੀ ਆਤਮਕ ਅਵਸਥਾ ਵਲ ਵੱਧ ਰਹੇ ਮਨੁੱਖ ਨੂੰ ਸੰਸਾਰ ਪੱਧਰ ਦੇ ਕਿਸੇ ਮਾਣ-ਸਤਿਕਾਰ ਦੀ ਪਰਵਾਹ ਨਹੀਂ ਰਹਿ ਜਾਂਦੀ। ਮਨ ਸਹਿਜ ਅਤੇ ਅਡੋਲ ਅਵਸਥਾ ਚ ਆਉਂਦਾ ਜਾਂਦਾ ਹੈ। ਜਿਉਂ ਜਿਉਂ ਸੁਰਤਿ ਨਾਮ ਵਿੱਚ ਜੁੜਦੀ ਹੈ ਨਾਨਕ ਭਗਤਾ ਸਦਾ ਵਿਗਾਸੁ॥ ਸੁਣਿਐ ਦੂਖ ਪਾਪ ਕਾ ਨਾਸੁ” ਅਨੁਸਾਰ ਉਨ੍ਹਾਂ ਦਾ ਜੀਵਨ ਕਰਤੇ ਦੇ ਨਾਮ-ਰਸ ਨਾਲ ਭਰਪੂਰ ਹੋ ਨਿਬੜਦਾ ਹੈ।

“ਮੰਨੇ ਕੀ ਗਤਿ ਕਹੀ ਨ ਜਾਇ” - ਉਪਰੰਤ ਪਉੜੀ ੧੨ ਤੋਂ ੧੫ ਤੀਕ, ਧਿਆਨ ਕਰਨ ਦਾ ਵਿਸ਼ਾ ਹੈ ਕਿ ਪਉੜੀ ਨੰ: ੧੨ `ਚ ਲਫ਼ਜ਼ ‘ਮੰਨੇ’ ਹੈ ਅਤੇ ਪਉੜੀ ਨੰ: ੧੩, ੧੪, ੧੫ `ਚ ਪ੍ਰਧਾਨ ਪਦ ‘ਮੰਨੈ’ ਹੈ। ਇਨ੍ਹਾਂ ਦੋਨਾਂ ਪਦਾਂ, ‘ਮੰਨੇ `ਤੇ ਮੰਨੈ’ ਦੇ ਉਚਾਰਣ `ਤੇ ਅਰਥਾਂ `ਚ ਵੱਡਾ ਅੰਤਰ ਹੈ। ‘ਸੁਣਿਐ’ ਭਾਵ ਕਰਤੇ ਦੀ ਸਿਫ਼ਿਤ ਸਲਾਹ (ਨਾਮ) `ਚ ਜੁੜਣ ਤੋਂ ਬਾਦ, ਕਰਤੇ ਨਾਲ ਇਕ-ਮਿੱਕ ਹੋ ਜਾਣਾ ਹੀ ਉਸਨੂੰ ‘ਮੰਨ’ ਲੈਣ ਦੀ ਅਵਸਥਾ ਹੈ। ‘ਮੰਨੇ’ ਤੋਂ ਭਾਵ ਜਿਨ੍ਹਾਂ ਜੀਉੜਿਆਂ ਦਾ ਜੀਵਨ ਕਰਤਾਰ ਨਾਲ ਇਕ-ਮਿੱਕ ਹੋ ਚੁਕਾ ਹੈ। ਪਉੜੀ ਨੰਬਰ ੧੨ `ਚ ਗੁਰਦੇਵ ਫ਼ੁਰਮਾਂਦੇ ਹਨ ਅਜੇਹੇ ਜੀਉੜਿਆਂ ਦੀ ਆਤਮਕ ਅਵਸਥਾ ਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਇਸਦੇ ਨਾਲ ਹੀ ਪਉੜੀ ਨੂੰ ੧੩, ੧੪, ੧੫ `ਚ ਗੁਰਦੇਵ ਪ੍ਰੇਰਦੇ ਹਨ ਜਦੋਂ ਜੀਵ ਅੰਦਰ ‘ਸੁਣਿਐ’ ਭਾਵ ਕਰਤਾਰ ਦੀ ਸੋਝੀ ਬਣ ਆਵੇ ਤਾਂ ਲੋੜ ਹੈ ਅਜੇਹੇ ਜੀਵ ਉਸ ਉਭਰ ਰਹੀ ਆਤਮਕ ਅਵਸਥਾ ਅਥਵਾ ਸੋਝੀ ਨੂੰ ਅਪਣੇ ਜੀਵਨ `ਚ ਢਾਲ ਕੇ ਉਸਦਾ ਰਸ ਮਾਨਣ ਤਾਂ ਯਕੀਨਣ:

ਉਨ੍ਹਾਂ ਦੇ ਜੀਵਨ `ਚ ਪ੍ਰਭੂ ਚਰਨਾਂ ਦੀ ਪ੍ਰੀਤ ਹੀ ਚਾਨਣ ਕਰ ਦੇਵੇਗੀ, ਉਨ੍ਹਾਂ ਨੂੰ ਸਾਰੇ ਸੰਸਾਰ `ਚ ਉਸ ਕਰਤੇ ਦੇ ਹੀ ਦਰਸ਼ਨ ਹੋਣਗੇ। ਵਿਕਾਰਾਂ ਦੀਆਂ ਚੋਟਾਂ ਨਹੀਂ ਵੱਜਣਗੀਆਂ ਤੇ ਨਾ ਹੀ ਉਨ੍ਹਾਂ ਨੂੰ ਮੌਤ ਦਾ ਹੀ ਡਰ ਰਹਿ ਗਾਵੇਗਾ। ਸਿਫ਼ਤ-ਸਲਾਹ (ਨਾਮ) ਦੀ ਬਰਕਤਿ ਨਾਲ ਜਿਉਂ ਜਿਉਂ ਮਨੁੱਖ ਦਾ ਪਿਆਰ ਪ੍ਰਮਾਤਮਾ ਨਾਲ ਵੱਧਦਾ ਹੈ ਰੱਬੀ ‘ਧਰਮ’ ਨਾਲ ਉਨ੍ਹਾਂ ਦਾ ਸੰਬੰਧ ਇੰਨਾ ਡੂੰਘਾ ਹੁੰਦਾ ਜਾਂਦਾ ਹੈ ਕਿ ਸੰਸਾਰਕ ਰੁਕਾਵਟਾਂ ਉਨ੍ਹਾਂ ਨੂੰ ਜੀਵਨ ਦੇ ਸਹੀ ਨਿਸ਼ਾਨੇ ਤੋਂ ਡੇਗ ਨਹੀਂ ਸਕਦੀਆਂ ਅਤੇ ਨਾ ਹੀ ਸੰਸਾਰਕ ਮਿਥੇ ਹੋਏ ਧਰਮ ਉਨ੍ਹਾਂ ਨੂੰ ਕੁਰਾਹੇ ਪਾ ਸਕਦੇ ਹਨ। ਇਸ ਮੰਨਣ ਦੀ ਬਰਕਤਿ ਨਾਲ ਉਹ ਸਾਰੇ ਬੰਧਨ ਟੁੱਟ ਜਾਂਦੇ ਹਨ, ਜਿਨ੍ਹਾਂ ਨੇ ਪ੍ਰਭੂ ਨਾਲੋਂ ਵਿੱਥ ਪਾਈ ਹੁੰਦੀ ਸੀ। ਐਸੀ ਲਗਨ ਵਾਲੇ ਨਿਰੇ ਆਪ ਹੀ ਸੰਸਾਰ ਸਮੁੰਦਰ ਤੋਂ ਪਾਰ ਹੁੰਦੇ ਬਲਕਿ ਜੋ ਉਨ੍ਹਾਂ ਦਾ ਪਰਵਾਰ ਭਾਵ ਉਨ੍ਹਾਂ ਨਾਲ ਜੁੜਕੇ ਪ੍ਰਭੂ ਦੇ ਲੜ ਲਗਦੇ ਹਨ, ਉਨ੍ਹਾਂ ਦੇ ਜੀਵਨ ਵੀ ਸਫ਼ਲ ਹੋ ਜਾਂਦੇ ਹਨ। ਇਸਤਰ੍ਹਾਂ ਅਜੇਹੇ ਜੀਵਨ ਨੂੰ ਪ੍ਰਾਪਤ (ਮੰਨੇ) ਫ਼ਿਰ ਪ੍ਰਭੂ-ਦਰ ਤੋਂ ਖੁੰਝ ਕੇ ਹੋਰ ਪਾਸੇ ਨਹੀਂ ਭੱਟਕਦੇ।

“ਪੰਚਾ ਕਾ ਗੁਰੁ ਏਕੁ ਧਿਆਨੁ”. . ਲੜੀ ਨੂੰ ਅਗੇ ਚਲਾਂਦੇ ਹੋਏ ਗੁਰਦੇਵ ਦਸਦੇ ਹਨ ਕਿ ਜਿਹੜੇ ਜੀਵ ਪ੍ਰਭੁ ਦੀ ਪਛਾਣ ਕਰਨ ਅਤੇ ਉਸ ਨਾਲ ਲਿਵ ਜੋੜਣ (ਸੁਣਿਐ) ਤੋਂ ਬਾਦ ਮੰਨੇ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦੇ ਹਨ। ਅਜੇਹੇ ਮਨੁੱਖ ਸਹੀ ਅਰਥਾਂ `ਚ ‘ਪੰਚ’ ਭਾਵ ਆਮ ਮਨੁੱਖਾਂ ਤੋਂ ਉਭਰ ਕੇ ਦੈਵੀ ਗੁਣਾ ਵਾਲੇ ਮਨੁੱਖ ਹੋ ਨਿੱਬੜਦੇ ਹਨ। ਉਨ੍ਹਾਂ ਦੇ ‘ਗੁਰੂ’ ਭਿੰਨ ਭਿੰਨ ਨਹੀਂ ਰਹਿ ਜਾਂਦੇ ਅਤੇ ਉਨ੍ਹਾਂ ਦੀ ਸਾਂਝ ਵੀ ਇਕੋ ਕਰਤਾਪੁਰਖ ਨਾਲ ਬਣ ਆਉਂਦੀ ਹੈ। ਇਥੇ ਪਹੁੰਚ ਕੇ ਗੁਰਦੇਵ ਚੇਤਾਵਨੀ ਦੇਂਦੇ ਹਨ ਕਿ ਅਜੇਹੀ ਉਚੀ ਆਤਮਕ ਅਵਸਥਾ `ਚ ਪੁਜਣ ਦਾ ਇਹ ਮਤਲਬ ਵੀ ਨਹੀਂ ਕਿ ਅਜੇਹੇ ਮਨੁੱਖ ਪ੍ਰਭੁ ਦਾ ਅੰਤ ਪਾ ਸਕਦੇ ਹਨ। ਇਥੇ ਗੁਰਦੇਵ ਮਿਸਾਲ ਦੇ ਕੇ ਸਮਝਾਂਦੇ ਹਨ ਕਿ ਅਜੇਹੇ ਕੁਰਾਹੇ ਪੈ ਚੁਕੇ ਲੋਕਾਂ ਨੇ ਹੀ ਅਨੇਕਾਂ ਬੇਸਿਰਪੈਰ ਕਹਾਣੀਆਂ ਪ੍ਰਚਲਤ ਕੀਤੀਆਂ ਹਨ ਜਿਵੇਂ ‘ਇਸ ਧਰਤੀ ਨੂੰ ਕਿਸੇ ਬੈਲ (ਜਾਂ ਸ਼ੇਸ਼ ਨਾਗ) ਨੇ ਅਪਣੇ ਸਿੰਗਾਂ ਤੇ ਚੁਕਿਆ ਹੈ’। ਜਾਂ ਰਚਨਾ ਕਦੋਂ ਬਣੀ ਅਥਵਾ ਇਸ ਦਾ ਅੰਤ ਕਿਥੇ ਹੈ -ਕਿੰਨੀ ਵੱਡੀ ਹੈ ਆਦਿ। ਇਸੇਤਰ੍ਹਾਂ ਪਉੜੀ ਨੰਬਰ ੩੦ `ਚ ਗੁਰਦੇਵ ਨੇ ‘ਏਕਾ ਮਾਈ’ ਵਾਲੀ ਮਿਸਾਲ ਨਾਲ ਸਪੱਸ਼ਟ ਕੀਤਾ ਕਿ ਕਰਤਾਰ ਨੂੰ ਜਿਵੇਂ ਭਾਉਂਦਾ ਹੈ ਅਪਣੀ ਇਸ ਖੇਡ ਨੂੰ ਚਲਾ ਰਿਹਾ ਹੈ ਪਰ ਅਜੇਹੇ ਕੁਰਾਹੇ ਪਏ ਅਤੇ ਪ੍ਰਭੁ ਭੁੱਲੇ ਲੋਕ ਹੀ ਹਨ ਜਿਨ੍ਹਾਂ ਨੇ ਇਸ ਬਾਰੇ ਬ੍ਰਹਮਾ, ਵਿਸ਼ਨੂ, ਮਹੇਸ਼ ਅਦਿ ਦੀਆਂ ਕਹਾਣੀਆਂ ਪ੍ਰਚਲਤ ਕਰਕੇ ਲੋਕਾਈ ਨੂੰ ਭਰਮਾ `ਚ ਉਲਝਾਇਆ ਹੈ। ਬਲਕਿ ਪਉੜੀ ਨੰਬਰ ਅਗੇ ਚਲਕੇ ਪਉੜੀ ਨੰਬਰ ੨੧, ੨੨ ਉਪਰੰਤ ਪਉੜੀ ਨੰ: ੨੩ ਤੋਂ ੨੭ ਸਾਲਾਹੀ ਸਾਲਾਹਿ ਏਤੀ ਸੁਰਤਿ ਨ ਪਾਈਆ”, “ਅੰਤੁ ਨ ਸਿਫਤੀ ਕਹਣਿ ਨ ਅੰਤੁ”, “ਅਮੁਲ ਗੁਣ ਅਮੁਲ ਵਾਪਾਰ” ਪੳੜੀਆਂ `ਚ ਗੁਰਦੇਵ ਨੇ ਸਪੱਸ਼ਟ ਕੀਤਾ ਹੈ ਕਿ ਕਿ ਕਰਤਾਰ ਦੀ ਰਚਨਾ ਦਾ ਕਿਸੇ ਤਰ੍ਹਾਂ ਵੀ ਨਾ ਤਾ ਅੰਤ ਪਾਇਆ ਜਾ ਸਕਦਾ ਹੈ ਅਤੇ ਨਾ ਹੀ ਸੰਸਾਰਕ ਮੁਲ ਜਾਂ ਬਰਾਬਰੀ ਕੀਤੀ ਜਾ ਸਕਦੀ ਹੈ। ਬਲਕਿ ਜੇ ਕੋ ਆਖੈ ਬੋਲੁਵਿਗਾੜੁ॥ ਤਾ ਲਿਖੀਐ ਸਿਰਿ ਗਾਵਾਰਾ ਗਾਵਾਰੁ” ਭਾਵ ਜੋ ਲੋਕ ਜਾਂ ਅਖੌਤੀ ਧਾਰਮਿਕ ਆਗੂ ਅਜੇਹਾ ਸੋਚਦੇ-ਵਿਚਾਰਦੇ ਪ੍ਰਚਾਰਦੇ ਹਨ ਦਰਅਸਲ ਉਨ੍ਹਾਂ ਨੂੰ ਹੋਛੇ ਜਾਂ ਬੋਲਵਿਗਾੜ ਹੀ ਕਹਿਣਾ ਚਾਹੀਦਾ ਹੈ ਅਤੇ ਅਜੇਹੇ ਲੋਕ ਮੂਰਖਾਂ ਤੋਂ ਵੱਡੇ ਮੂਰਖ ਕਹੇ ਜਾ ਸਕਦੇ ਹਨ।

“ਕੀਤਾ ਪਸਾਉ ਏਕੋ ਕਵਾਉ” - ਅਗੇ ਚਲਕੇ ਪਾਤਸ਼ਾਹ ਨੇ ਕਰਤੇ ਦੀ ਬੇਅੰਤਤਾ ਨੂੰ ਸਮਝਾਉਣ ਲਈ ‘ਅਸੰਖ’ ਲਫ਼ਜ਼ ਦੀ ਵਰਤੋਂ ਕੀਤੀ ਪਰ ਨਾਲ ਹੀ ਸਪਸ਼ੱਟ ਕੀਤਾ ਕਿ ਕਰਤੇ ਦੀ ਬੇਅੰਤ ਰਚਨਾ ਤਾਂ ਦੂਰ ਉਸਦੀ ਰਚਨਾ ਦੇ ਕਿਸੇ ਊਨੇ ਜਹੇ ਅੰਗ ਦਾ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਇਹ ਸਾਰਾ ਪਸਾਰਾ ਕੇਵਲ ਉਸਦੇ ਹੁਕਮ ਦੀ ਖੇਡ ਹੈ। ਪਾਤਸ਼ਾਹ ਨੇ ਪਉੜੀ ਨੰਬਰ ੧੬ ਤੋਂ ੧੯ ਦੋਹਰਾਨ ਅਸੰਖ ਲਫ਼ਜ਼ ਦੀ ਵਰਤੋਂ ਕਰਦਿਆਂ ਇਹ ਵੀ ਸਾਫ਼ ਕਰ ਦਿਤਾ ਹੈ ਇਹ ਤਾਂ ਬੋਲੀ ਦਾ ਸਿਧਾਂਤ ਹੈ ਕਿ ਅਖਰਾਂ ਨਾਲ ਹੀ ਕਿਸੇ ਗਲ ਨੂੰ ਸਮਝਿਆ-ਸਮਝਾਇਆ ਜਾ ਸਕਦਾ ਹੈ, ਨਹੀਂ ਤਾਂ ਕਰਤਾਰ ਦੀ ਕਿਸੇ ਰਚਨਾ ਉਪਰ ਅਸੰਖ ਲਫ਼ਜ਼ ਦੀ ਵਰਤੋਂ ਵੀ ਕੇਵਲ ਅਪਣੇ ਉਪਰ ਭਾਰ ਚੜ੍ਹਾਉਣਾ ਹੀ ਹੈ, ਭਾਵ ਇਥੇ ਲਫ਼ਜ਼ ਅਸੰਖ ਵੀ ਕਿਸੇ ਗਿਣਤੀ ਦਾ ਲਖਾਇਕ ਨਹੀਂ।

“ਨਾਨਕੁ ਨੀਚੁ ਕਹੈ ਵਿਚਾਰੁ” - ਪਉੜੀ ਨੰਬਰ ੧੮ `ਚ ਇਹ ਪੰਕਤੀ ਖਾਸ ਧਿਆਨ ਮੰਗਦੀ ਹੈ। ਇਥੋਂ ਦੋ ਵਿਸ਼ੇ ਸਪੱਸ਼ਟ ਹਨ-ਪਹਿਲਾ- ਇਹ ਕਿ ਗੁਰਦੇਵ “ਅਸੰਖ ਮੂਰਖ ਅੰਧ ਘੋਰ. .” ਵਾਲੀ ਪਉੜੀ `ਚ ਜੀਵਨ `ਚ ਨਿਰਮਾਨਤਾ ਲਈ ਵੱਡੀ ਸੇਧ ਦੇ ਰਹੇ ਹਨ ਕਿ ਸਿੱਖ ਨੇ ਜਦੋਂ ਕਿਸੇ ਨੀਵੇਂ ਜਾਂ ਘਟੀਆ ਜੀਵਨ ਦਾ ਜ਼ਿਕਰ ਕਰਨਾ ਹੈ ਤਾਂ ਭੁਲ ਕੇ ਵੀ ਅਪਣੇ ਮਨ `ਚ ਇਹ ਨਹੀਂ ਆਉਣਾ ਕਿ ਸ਼ਾਇਦ ਮੈਂ ਬੜਾ ਗੁਣਵਾਣ ਹਾਂ। ਦੂਜਾ- ਕੁੱਝ ਸੱਜਣ ਸੁਆਲ ਕਰਦੇ ਹਨ ਕਿ ਇਸ ਗਲ ਦਾ ਕੀ ਸਬੂਤ ਹੈ ਕਿ ਬਾਣੀ ‘ਜਪੁ’ ਪਹਿਲੇ ਪਾਤਸ਼ਾਹ ਦੀ ਹੀ ਰਚਨਾ ਹੈ। ਧਿਆਨ ਦੇਣ ਦਾ ਵਿਸ਼ਾ ਹੈ ਕਿ ਇਥੇ ‘ਨਾਨਕੁ ਨੀਚੁ’ ਦੋਵੇ ਸੰਬੰਧਕ ਪਦ ਹਨ ਅਤੇ ਗੁਰੂਨਾਨਕ ਪਾਤਸ਼ਾਹ ਦੇ ਨਾਮ ਦੇ ਨਾਲ, ਉਨ੍ਹਾਂ ਤੋਂ ਛੁੱਟ ਕੋਈ ਵੀ ਦੂਜੀ ਗੁਰਵਿਅਕਤੀ ਉਨ੍ਹਾਂ ਲਈ ਨੀਚ’ ਪਦ ਨਹੀ ਵਰਤ ਸਕਦੀ। ਇਸਤਰ੍ਹਾਂ ਇਹ ਅਪਣੇ ਆਪ `ਚ ਵੱਡਾ ਸਬੂਤ ਹੈ ਕਿ ਬਾਣੀ ‘ਜਪੁ’ ਪਹਿਲੇ ਪਾਤਸ਼ਾਹ ਦੀ ਹੀ ਰਚਨਾ ਹੈ ਕਿਸੇ ਹੋਰ ਗੁਰੂ ਜਾਮੇ ਦੀ ਨਹੀਂ।

“ਭਰੀਐ ਹਥੁ ਪੈਰੁ ਤਨੁ ਦੇਹ” - ਇਸ ਪਉੜੀ ਨੰਬਰ ੨੦ `ਚ ਗੁਰਦੇਵ ਨੇ ਬਹੁਤ ਵੱਡਾ ਜ਼ਿੰਦਗੀ ਦਾ ਸਿਧਾਂਤ ਦੇਕੇ ਸਮਝਾਇਆ ਹੈ ਸਰੀਰ, ਕਪੜਿਆਂ ਆਦਿ ਦੀ ਮੈਲ-ਗੰਦਗੀ ਤਾਂ ਪਾਣੀ ਜਾਂ ਵੱਧ ਤੋਂ ਵੱਧ ਸਾਬਨ ਆਦਿ ਦੀ ਵਰਤੋਂ ਕਰਕੇ ਸਾਫ਼ ਕੀਤਾ ਜਾ ਸਕਦਾ ਹੈ ਪਰ ਮਨੁੱਖੀ ਮਨ ਉਪਰ ਚੜ੍ਹੀ ਹੋਈ ਵਿਕਾਰਾਂ, ਅਗਿਆਣਤਾ, ਹੂੜਮੱਤ, ਅਨਮੱਤ, ਦੁਰਮੱਤ, ਨਿਰਦਯਤਾ ਆਦਿ ਦੀ ਮੈਲ ਕੇਵਲ ਨਾਮ ਰਸ (ਪ੍ਰਭੁ ਦੀ ਸਿਫ਼ਿਤ ਸਲਾਹ) ਤੋਂ ਬਿਨਾਂ ਨਹੀਂ ਉਤਰ ਸਕਦੀ।

“ਸੋ ਦਰੁ ਕੇਹਾ ਸੋ ਘਰੁ ਕੇਹਾ. .”- ਇਹ ਪਉੜੀ, ਸ੍ਰੀ ਗੁਰੁ ਗ੍ਰੰਥ ਸਾਹਿਬ ਵਿੱਚ ਤਿੰਨ ਵਾਰੀ ਦਰਜ ਹੋਈ ਹੈ। ਹੋਰ ਦੋ ਵਾਰੀ ਬਾਣੀ ਸੋਦਰੁ’ ਅਤੇ ਰਾਗ ਆਸਾ’ `ਚ ਸ਼ਬਦਾਂ ਦੇ ਰੂਪ `ਚ। ਖੂਬੀ ਇਹ ਹੈ ਕਿ ਸਥਾਨ-ਅੰਤਰ ਦਸਣ ਲਈ ਭਿੰਨ ਭਿੰਨ ਤਬਦੀਲੀਆਂ ਦੇ ਬਾਵਜੂਦ ਇਸਦੇ ਅਰਥਾਂ `ਚ ਗੁਰਦੇਵ ਨੇ ਉਕਾ ਫ਼ਰਕ ਨਹੀਂ ਪੈਣ ਦਿਤਾ। ਦੂਜੀ ਗਲ ਕਿ ਬਹੁਤੇ ਵਿਦਵਾਨਾਂ ਨੇ ਇਸ ਪਉੜੀ ਦੇ ਅਰਥ ਕਰਨ ਵੇਲੇ ਕੁੱਝ ਭੁਲੇਖੇ ਵੀ ਖਾਦੇ ਹਨ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਇਸਤੋਂ ਪਹਿਲਾਂ ਜੋ ਕਰਤੇ ਦੀ ਬੇਅੰਤਤਾ ਦਾ ਮਜ਼ਮੂਨ ਆ ਰਿਹਾ ਹੈ ਇਥੇ ਗੁਰਦੇਵ ਉਸੇ ਨੂੰ ਅਗੇ ਵਧਾਉਂਦੇ ਹੋਏ ਇਤਿਹਾਸਕ ਭਾਵੇਂ ਮਿਥਿਹਾਸਿਕ ਹਰੇਕ ਜੀਵਧਾਰੀ ਅਤੇ ਨਿਰਜੀਵ ਦਾ ਜ਼ਿਕਰ ਕਰਕੇ ਗੁਰਦੇਵ ਪੱਕਾ ਕਰ ਰਹੇ ਹਨ ਕਿ ਇਸ ਬੇਅੰਤ ਰਚਨਾ ਦਾ ਹਰੇਕ ਅੰਗ ਉਸ ਕਰਤੇ ਦੀ ਵਿਸ਼ਾਲਤਾ, ਹੋਂਦ ਅਤੇ ਕਲਾਕਾਰੀ ਨੂੰ ਹੀ ਪ੍ਰਗਟ ਕਰ ਰਿਹਾ ਹੈ। ਇਥੇ ਕਰਤੇ ਦੀ ਹੋਂਦ ਨੂੰ ਗਾਵੈ, ਗਾਵਹਿ ਅਤੇ ਗਾਵਨਿ’ ਸ਼ਬਦਾਂ ਨਾਲ ਸਮਝਾਇਆ ਹੈ।

“ਮੁੰਦਾ ਸੰਤੋਖੁ ਸਰਮੁ ਪਤੁ ਝੋਲੀ. .” ਤੋਂ “ਇਕ ਦੂ ਜੀਭੌ ਲਖ ਹੋਹਿ. .”- ਇਥੇ ਪਉੜੀ ਨੰਬਰ ੨੮ ਤੋਂ ੩੨ ਤੀਕ ਜੋਗ ਮੱਤ ਨੂੰ ਆਧਾਰ ਬਣਾਕੇ ਗੁਰਦੇਵ ਨੇ ਸਪੱਸ਼ਟ ਕੀਤਾ ਹੈ ਕਿ ਧਰਮ ਚਾਹੇ ਕੋਈ ਵੀ ਹੋਵੇ ਪਰ ‘ਧਰਮ’ ਕੇਵਲ ਬਾਹਿਰ ਦੇ ਦਿਖਾਵੇ ਦਾ ਨਾਮ ਨਹੀ। ਧਰਮ ਤਾਂ ਦਇਆ, ਸੰਤੋਖ ਆਦਿ ਰੱਬੀ ਗੁਣਾਂ ਅਤੇ ਜੀਵਨ ਨੂੰ ਵਿਕਾਰਾਂ ਤੋਂ ਬਚਾ ਕੇ ਕਰਤੇ ਨਾਲ ਲਿਵ ਜੋੜਣ ਦਾ ਨਾਮ ਹੈ ਅਤੇ ਇਹ ਅਸੂਲ ਸੰਸਾਰ ਪੱਧਰ ਤੇ ਹਰੇਕ ਮਨੁੱਖ ਤੇ ਲਾਗੂ ਹੁੰਦਾ ਹੈ।

“ਭੁਗਤਿ ਗਿਆਨੁ ਦਇਆ ਭੰਡਾਰਣਿ. .” -ਪਾਤਸ਼ਾਹ ਨੇ ਇਥੇ ਜੀਵਨ ਦੇ ਇੱਕ ਹੋਰ ਵੱਡੇ ਸਿਧਾਂਤ ਨਾਲ ਸਾਡੀ ਸਾਂਝ ਪਾਈ ਹੀ ਜੋ ਕਿ ਮੁੱਖ ਤੋਰ ਤੇ ਸਿੱਖ ਧਰਮ ਅਥਵਾ ਗੁਰਬਾਣੀ ਦੇ ਪ੍ਰਚਾਰਕਾਂ ਉਪਰ ਲਾਗੂ ਹੁੰਦੀ ਹੈ। ਉਹ ਇਹ, ਜੇਕਰ ਮਨੁੱਖ ਪਾਸ ਗਿਆਨ ਦਾ ਚੂਰਮਾ ਹੋਵੇ ਤਾਂ ਉਸ ਕੋਲ ਵਰਤਾਵੀ ਵੀ ‘ਦਇਆ’ ਹੀ ਹੋਣੀ ਹੈ। ਇਸਦੇ ਉਲਟ ਜੇਕਰ ਗਿਆਨ ਵਾਨ ਕੋਲ ਗਿਆਨ ਤਾਂ ਹੋਵੇ ਪਰ ਉਸਨੂੰ ਲੋਕਾਈ ਤੀਕ ਵੰਡਣ ਲਈ ਉਸਦੀ ਭਾਸ਼ਾ ਜਾਂ ਵਿਹਾਰ ਖਰਵਾ-ਕੌੜਾ ਹਉਮੈ ਭਰਪੂਰ ਜਾਂ ਕਿਸੇ ਅਜੇਹੀ ਦੂਜੀ ਘਾਟ ਵਾਲਾ ਹੋਵੇਗਾ ਤਾਂ ਅਜੇਹਾ ਮਨੁੱਖ ਉਸ ਗਿਆਨ ਨੂੰ ਦੂਜਿਆਂ ਤੀਕ ਨਹੀਂ ਵੰਡ ਸਕੇਗਾ।

“ਇਕ ਦੂ ਜੀਭੌ ਲਖ ਹੋਹਿ. .”- ਪਉੜੀ ਨੰਬਰ ੩੨ `ਚ ਗੁਰਦੇਵ ਨੇ ਹਜ਼ਾਰਾਂ ਸਾਲਾਂ ਤੋਂ ਦਿਤੇ ਜਾਂਦੇ ਰਟੌਣੀ ਵਾਲੇ ਵਿਸ਼ਵਾਸ ਕਟਿਆ ਹੈ। ਜੇ ਕੋਈ ਮਨੁੱਖ ਪ੍ਰਭੂ ਦਾ ਕੋਈ ਇੱਕ ਨਾਮ ਰਖਕੇ ਉਸਦੀਆਂ ਰਟੌਣੀਆਂ ਜਾਂ ਸਮਾਧੀਆਂ ਵੀ ਲਾਂਦਾ ਫ਼ਿਰੇ ਤਾਂ ਵੀ ਕਰਤਾਰ ਨਾਲ ਇਕ-ਮਿੱਕ ਹੋਣਾ ਸੰਭਵ ਨਹੀਂ। ਬਲਕਿ ਇਸ ਨੂੰ ਤਾਂ ਝੂਠੇ ਮਨੁੱਖ ਦਾ ਇੱਕ ਝੂਠਾ ਜਿਹਾ ਠਰਕ ਹੀ ਕਿਹਾ ਹੈ। ਪ੍ਰਭੁ ਨਾਲ ਇਕ-ਮਿੱਕ ਹੋਣ ਲਈ ਅਤੇ ਕੂੜ ਦੀ ਪਾਲ ਨੂੰ ਤੋੜਣ ਲਈ, ਕਰਤੇ ਦੀ ਰਜ਼ਾ `ਚ ਚਲਕੇ ਉਸਦੇ ਨਦਰਿ-ਕਰਮ ਨੂੰ ਪ੍ਰਾਪਤ ਕਰਨ ਵਾਲਾ ਕੇਵਲ ਇਕੋ ਹੋ ਰਸਤਾ ਹੈ। ਇਸਤੋਂ ਅਗੇ ਪਉੜੀ ਨੰਬਰ ੩੩ ਆਖਣਿ ਜੋਰੁ ਚੁਪੈ ਨਹ ਜੋਰੁ. .” `ਚ ਗੁਰਦੇਵ ਚੇਤਾਵਨੀ ਦੇਂਦੇ ਹਨ ਕਿ ਐ ਇਨਸਾਨ! ਚੇਤੇ ਰਖ! ਜੀਵਾਂ ਦਾ ਜੰਮਨਾ-ਮਰਨਾ, ਖੁਸ਼ੀ-ਗ਼ਮੀ ਭਾਵ ਜ਼ਿੰਦਗੀ ਦੇ ਹਰੇਕ ਖੇਤ੍ਰ ਅਤੇ ਚਲਣ ਵਿੱਚ ਕੇਵਲ ਕਰਤੇ ਦੀ ਰਜ਼ਾ ਹੀ ਵਰਤ ਰਹੀ ਹੈ ਮੂਲ ਰੂਪ ਤੇਰਾ ਕਿੱਧਰੇ ਵੀ ਜ਼ੋਰ ਨਹੀਂ, ਬਾਕੀ ਤਾਂ ਤੈਨੂੰ ਕੇਵਲ ਇੱਕ ਭਰਮ ਹੀ ਬਣਿਆ ਦਾ ਹੈ।

“ਰਾਤੀ ਰੁਤੀ ਥਿਤੀ ਵਾਰ” … “ਕਰਮ ਖੰਡ ਕੀ ਬਾਣੀ ਜੋਰੁ” - ਬਾਣੀ ਜਪੁ ਦੀ ਸਮਾਪਤੀ ਵਲ ਵੱਧਦੇ ਗੁਰਦੇਵ ਪਉੜੀ ਨੰਬਰ ੩੪ ਤੋਂ ੩੭ ਤੀਕ ਪੰਜ ਖੰਡਾਂ ਦਾ ਜ਼ਿਕਰ ਕਰ ਰਹੇ ਹਨ। ਪਾਤਸ਼ਾਹ ਦਸਦੇ ਹਨ ਕਿ ਇਸਤਰ੍ਹਾਂ ਬਾਣੀ ਜਪੁ ਦੀਆਂ ੩੩ ਪਉੜੀਆਂ ਚੜ੍ਹਕੇ ਅਤੇ ਕਰਤੇ ਦੇ ਹੁਕਮੁ ਦੀ ਖੇਡ `ਚ ਚਲਣ ਲਈ ਪ੍ਰਚਲਤ ਕਰਮਕਾਂਡਾਂ, ਬਨਾਵਟੀ ਧਰਮਾਂ, ਅਗਿਆਣਤਾ ਆਦਿ ਦੀਆਂ ਪੈਣ ਵਾਲੀਆਂ ਰੁਕਾਵਟਾਂ ਤੋਂ ਸੁਚੇਤ ਹੋਕੇ ਜਦੋਂ ਮਨੁੱਖ ਸਹੀ ਅਰਥਾਂ `ਚ ਇਲਾਹੀ ਧਰਮ `ਚ ਪ੍ਰਵੇਸ਼ ਕਰਦਾ ਹੈ ਤਾਂ ਉਸਦੀ ਸੋਚਣੀ ਬਹੁਤ ਵਿਰਾਟ ਹੋ ਚੁਕੀ ਹੁੰਦੀ ਹੈ। ਇਸਤਰ੍ਹਾਂ ਉਹ ਅਗਿਆਨੀ ਮਨੁੱਖ ਧਰਤੀ, ਚੰਦ, ਸੂਰਜ, ਗਰਿਹ-ਨਖਤ੍ਰਾਂ, ਮਿਥੇ ਹੋਏ ਰਾਮ-ਕਿਸ਼ਨ ਆਦਿ ਭਗਵਾਨਾਂ ਜਾਂ ਬ੍ਰਹਮਾ ਵਿਸ਼ਨੂ ਮਹੇਸ਼ ਆਦਿ ਦੇਵੀ-ਦੇਵਤਿਆਂ ਦਾ ਪੁਜਾਰੀ ਨਹੀਂ ਰਹਿ ਜਾਂਦਾ। ਤਾਂਤੇ ਧਰਮ ਦੀ ਅਵਸਥਾ `ਚ ਪੁਜ ਜਾਣ ਤੋਂ ਬਾਦ ਉਸ ਦੀ ਸਾਂਝ ਰਬੀ ਗਿਆਨ ਨਾਲ ਬਣ ਆਉਂਦੀ ਹੈ। ਗਿਆਨ ਦੀ ਅਵਸਥਾ ਉਸਨੂੰ ਸਰਮ ਖੰਡਭਾਵ ਜੀਵਨ ਸੱਚੇ ਉਦਮ ਵਲ ਮੋੜਦੀ ਹੈ ਜਿਸ ਤੋਂ ਕਰਮ ਖੰਡਭਾਵ ਕਰਤੇ ਦੀ ਬਖਸ਼ਿਸ਼ ਨੂੰ ਪਾਕੇ ਅਜੇਹਾ ਜੀਵ ਪ੍ਰਭੁ ਨਾਲ ਸੀਤਾ-ਪਰੋਤਾ ਜਾਂਦਾ ਹੈ। ਦੂਜੇ ਲਫ਼ਜ਼ਾਂ `ਚ ਉਹ ਕਰਤੇ ਦਾ ਹੀ ਰੂਪ ਹੋ ਜਾਂਦਾ ਹੈ। ਉਸ ਦੇ ਜੀਵਨ ਦੀ ਇਸੇ ਅਵਸਥਾ ਨੂੰ ਜੀਵ ਦਾ ਸਚਖੰਡਦੀ ਅਵਸਥਾ `ਚ ਪੁਜ ਜਾਣਾ, ਸਚਿਆਰਾ ਹੋਣਾ ਦਸਿਆ ਹੈ।

“ਘੜੀਐ ਸਬਦੁ ਸਚੀ ਟਕਸਾਲ” - ਤਾਂਤੇ ਅੰਤਮ ਪਉੜੀ ਨੰਬਰ ੩੮ `ਚ ਇੱਕ ਸੁਨਿਆਰੇ ਦੀ ਹੱਟੀ ਦੀ ਮਿਸਾਲ ਦੇਕੇ ਗੁਰਦੇਵ ਦਸਦੇ ਹਨ ਕਿ ‘ਸਚਖੰਡ ਦੀ ਅਵਸਥਾ `ਚ ਪੁਜ ਚੁਕੇ ਜੀਵਨ ਦੀ ਹਾਲਤ ਸਚਮੁਚ ਹੀ ਉਸ ਇਲਾਹੀ ਤੇ ਰੱਬੀ ‘ਸ਼ਬਦ’ ਵਾਲੀ ਬਣ ਚੁਕੀ ਹੁੰਦੀ ਹੈ ਜਿਸ ਤਰਾਂ ਸੁਨਿਆਰੇ ਦੀ ਭੱਠੀ `ਚ ਪੈਣ ਤੋਂ ਬਾਦ ਸੋਨੇ ਵਿਚੋਂ ਹਰਤਰ੍ਹਾਂ ਦੀ ਖੋਟ ਮੁੱਕ ਚੁਕੀ ਹੁੰਦੀ ਹੈ ਇਵੇਂ ਝੀਵਨ ਦੀ ਇਸ ਅਵਸਥਾ `ਚ ਪੁਜਣ ਵਾਲਾ ਮਨੁੱਖ ਵੀ ਸ਼ਬਦ ਦਾ ਰੂਪ ਹੋ ਜਾਂਦਾ ਹੈ।

‘ਪਵਣੁ ਗੁਰੂ ਪਾਣੀ ਪਿਤਾ. .’ ਬਾਣੀ ‘ਜਪੁ’ ਦੀ ਸਮਾਪਤੀ ਉਪਰੰਤ ਇਹ ਇਸ ਰਚਨਾ ਦਾ ਦੂਜਾ ਸਲੋਕ ਹੈ `ਤੇ ਇਸ ਰਚਨਾ ਦਾ ਨਿਚੌੜ ਹੈ। ਇਸ ਸਲੋਕ ਰਾਹੀਂ ਪ੍ਰਵਾਰ ਦਾ ਨਕਸ਼ਾ ਬਣ ਕੇ ਗੁਰਦੇਵ ਸਮਝਾਂਦੇ ਹਨ ਜਿਵੇਂ ਇੱਕ ਪ੍ਰਵਾਰ `ਚ ਮਾਤਾ ਬਚਿਆਂ ਨੂੰ ਜਨਮ ਦੇਂਦੀ ਅਤੇ ਪਾਲਦੀ ਹੈ। ਪਿਤਾ ਪ੍ਰਵਾਰ ਦੀ ਹਰਿਆਵਲ ਦਾ ਕੰਮ ਕਰਦਾ ਅਤੇ ਗੁਰੂ ਸੁਆਸਾਂ ਦੀ ਸੰਭਾਲ ਕਰਦਾ ਅਤੇ ਪ੍ਰਵਾਰ ਦੇ ਜੀਵਨ ਦੇ ਸਹੀ ਮਾਰਗ ਤੇ ਚਲਾਂਦਾ ਹੈ। ਪ੍ਰਵਾਰ `ਚ ਦਾਈ ਬਚਿਆਂ ਦੀ ਪਾਲਨਾ `ਚ ਮਾਤਾ ਦਾ ਸਾਥ ਦੇਂਦੀ ਅਤੇ ਦਾਇਆ ਬਚਿਆਂ ਨੂੰ ਬਾਹਰ ਘੁਮਾ-ਫ਼ਿਰਾ ਲਿਆਂਉਦਾ, ਆਰੇ ਲਾਂਦਾ-ਸੁਆਂਦਾ ਹੈ। ਠੀਕ ਉਸੇ ਤਰਜ਼ ਤੇ ਇਹ ਸੰਸਾਰ ਵੀ ਮਾਨੋ ਇੱਕ ਪ੍ਰਵਾਰ ਹੈ ਜਿਸ `ਚ ਧਰਤੀ ਮਾਤਾ ਦੀ ਜ਼ਿਮੇਵਾਰੀ ਨਿਭਾਅ ਰਹੀ ਹੈ, ਪਾਣੀ ਇਸ ਦੀ ਹਰਿਆਵਲ ਭਾਵ ਪਿਤਾ ਵਾਲੀ ਜ਼ਿਮੇਵਾਰੀ ਨਿਭਾਅ ਰਿਹਾ ਹੈ। ਸੰਸਾਰ `ਚ ਮਨੁੱਖ ਦੇ ਚਲ ਰਹੇ ਸੁਆਸ ਮਾਨੋ ‘ਪਵਣ’ ‘ਗੁਰੂ’ ਦਾ ਫ਼ਰਜ਼ ਨਿਭਾਅ ਰਹੀ ਹੈ। ਇਸੇਤਰ੍ਹਾਂ ‘ਦਿਨ ਤੇ ਰਾਤ’ ਇਥੇ ‘ਦਾਈ ਅਤੇ ਦਾਇਆ’ ਵਾਂਙ ਆਹਰੇ ਲਾਉਣ ਤੇ ਸੁਆਣ ਦਾ ਕੰਮ ਕਰ ਰਹੇ ਹਨ। ਇਸਤਰ੍ਹਾਂ ਸੰਸਾਰ ਰੂਪੀ ਇਸ ਪ੍ਰਵਾਰ `ਚ ਜੀਵ ਜੋ ਵੀ ਕਰਮ ਕਰਦੇ ਹਨ ਉਨ੍ਹਾਂ ਦੇ ਕਰਮਾਂ ਦੇ ਹਿਸਾਬ ਨਾਲ ਕਈਆਂ ਦੀ ਘਾਲ ਤਾਂ ਥਾਇ ਪੈਂਦੀ ਹੈ ਅਤੇ ਉਸ ਕਰਤੇ (ਧਰਮੁ) ਦੀ ਦਰਗਾਹ `ਚ ਕਬੂਲ ਹੁੰਦੇ ਹੈ ਅਤੇ ਕਈ ਅਪਣੇ ਹੀ ਕਰਮਾਂ ਕਾਰਣ ਫ਼ਿਰ ਤੋਂ ਜਨਮ-ਮਰਨ ਦੇ ਗੇੜ੍ਹ `ਚ ਧੱਕ ਦਿਤੇ ਜਾਂਦੇ ਹਨ।

ਦੇਖਣ ਦੀ ਗਲ ਹੈ ਕਿ ਸਾਡੇ ਕੁੱਝ ਵਿਦਵਾਨ ਪ੍ਰਚਾਰਦੇ ਹਨ ਕਿ ਇਥੇ ਗੁਰੂ ਸਾਹਿਬ ਨੇ ‘ਪਾਣੀ’ ਨੂੰ ਗੁਰੂ ਅਤੇ ‘ਧਰਤੀ’ ਨੂੰ ਮਾਤਾ ਕਿਹਾ ਹੈ ਜੋ ਮੂਲੋਂ ਹੀ ਗ਼ਲਤ ਅਤੇ ਸੰਗਤਾਂ ਨੂੰ ਗੁਰਮਤਿ ਤੋਂ ਤੋੜ ਕੇ ਕੁਰਾਹੇ ਪਾਣ ਵਾਲੀ ਖੇਡ ਹੈ। ਇਥੇ ਤਾਂ ਗੁਰਦੇਵ ਨੇ ਗਲ ਨੂੰ ਸਮਝਾਉਣ ਲਈ ਕੇਵਲ ਇੱਕ ਮਿਸਾਲ ਵਰਤੀ ਹੈ ਨਾ ਕਿ ਅਣਮਤੀਆਂ ਵਾਂਙ ਧਰਤੀ ਨੂੰ ਮਾਤਾ ਅਤੇ ਪਾਣੀ ਨੂੰ ਪਿਤਾ ਕਿਹਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਸਕੂਲ `ਚ ਬਚਿਆਂ ਨੂੰ ਸੁਆਲ ਕਰਵਾਉਣ ਲਈ ਕਿਹਾ ਜਾਂਦਾ ਹੈ ‘ਮਨ ਲੌ- ੧੦੦ ਕਿਲੋਮੀਟਰ ਬਰਾਬਰ ਹੈ ਇੱਕ ਇੰਚ- ਪਰ ਇਸਦਾ ਇਹ ਮਤਲਬ ਕਦੇ ਨਹੀੰ ਹੁੰਦਾ ਕਿ ਸਚਮੁਚ ਹੀ ੧੦੦ ਕਿਲੋਮੀਟਰ ਇੱਕ ਇੰਚ ਦੇ ਬਰਾਬਰ ਹੁੰਦੇ ਹਨ। ਸਾਨੂੰ ਕਹਿਣ ਤੇ ਕਲਪਣਾ ਕਰਕੇ ਗਲ ਨੂੰ ਸਮਝਾਉਣ ਦੇ ਫ਼ਰਕ ਨੂੰ ਸਮਝਣ ਦੀ ਲੋੜ ਹੈ। #107s07.1s07#

Including this Gurmat Lesson No 107

ਬਾਣੀ ‘ਜਪੁ’ ਸੰਬੰਧੀ

For all the Gurmat Lessons written by ‘Principal Giani Surjit Singh’ Sikh Missionary, Delhi, all the rights are reserverd with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases upto 500/-)per hundred copies . (+P&P.Extra) From ‘Gurmat Education Centre, Delhi’, Postal Address- J-IV/46- Fl. Old D/S Lajpat Nagar.-4 New Delhi-110024 Ph. 91-11-26487315 Cell 9811292808

web site- wwww.gurbaniguru.com




.