.

ਸ਼ਬਦ ਅੰਮ੍ਰਿਤ: ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਗ੍ਰੰਥ

ਸਰਜੀਤ ਸਿੰਘ ਸੰਧੂ, ਯੂ. ਐੱਸ. ਏ.

ਅੰਮ੍ਰਿਤ ਦਾ ਸ਼ਬਦ (ਜਾਂ ਇਸ ਵਰਗਾ ਸ਼ਬਦ) ਸਾਰੇ ਧਰਮਾਂ ਵਿੱਚ ਵਰਤਿਆ ਗਿਆ ਹੈ ਅਤੇ ਇਸ ਦੇ ਅਰਥ ਵੀ ਸਮੇਂ ਨਾਲ ਬਦਲ ਦੇ ਰਹੇ ਹਨ। ਅਸੀਂ ਸਭ ਤੋਂ ਪਹਿਲਾਂ ਇਸ ਦੇ ਮਹਾਨ ਕੋਸ਼ ਵਿੱਚ ਦਿੱਤੇ ਅਰਥਾਂ ਵਿਚੋਂ ਕੁੱਝ ਅਰਥ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਪੇਸ਼ ਕਰ ਦੇ ਹਾਂ।

੧- ਖਾਣ ਵਾਲੀਆਂ ਵਸਤਾਂ ਜਿਵੇਂ ਦੁੱਧ, ਘਿੳ, ਸੁਆਦਲਾ ਭੋਜਨ, ਸੁਆਦਲਾ ਰਸ ਆਦਿਕ।

੨- ਅੰਮ੍ਰਿਤ ਜਾਂ ਅਮ੍ਰਿਤ ਜੋ ਸਰੀਰ ਵਿੱਚ ਮੌਜੂਦ ਹੈ ਅਥਵਾ ਆਤਮਾ।

੩- ਰੋਗ ਨਾਸ਼ਕ ਦਵਾਈ।

੪- ਜਿੰਦਾ ਜੋ ਮਰਿਆ ਨਹੀਂ।

੫- ਸੁੰਦਰ, ਪਿਆਰਾ ਆਦਿਕ।

ਸੰਸਕ੍ਰਿਤ ਵਿੱਚ ਅੰਮ੍ਰਿਤ ਦੇ ਅਰਥ ਹਨ; (੧) ਸ਼ਹਿਦ, (੨) ਸੁਆਦਲਾ ਭੋਜਨ, (੩) ਮੌਤ ਤੋਂ ਬਚਾਉਣ ਵਾਲੀ ਦਵਾਈ ਜਾਂ ਕੋਈ ਹੋਰ ਛੈ, (੪) ਸ਼ਰਬਤ ਜਾਂ ਰੱਸ, (੫) ਅਮ੍ਰਿ੍ਰ੍ਰਤ ਜਾਂ ਅੰਮ੍ਰਿਤ, ਸੁਧਾ, ਅਤੇ ਪੀਯੂਖ ਜਿਸ ਨੂੰ ਪੀਣ ਨਾਲ ਮੌਤ ਨਹੀਂ ਹੁੰਦੀ ਅਥਵਾ ਸਦੀਵੀ ਜੀਵਨ ਜੀਉਣ ਦਾ ਵਰ ਪ੍ਰਾਪਤ ਹੋ ਜਾਂਦਾ ਹੈ।

ਅਰਬੀ ਬੋਲੀ ਵਿੱਚ ਅੰਮ੍ਰਿਤ ਨੂੰ ਇਕਸੀਰ ਆਖਦੇ ਹਨ ਅਤੇ ਇਸ ਦੇ ਅਰਥ ਹਨ; (੧) ਇੱਕ ਦਵਾਈ ਜੋ ਮੋਇਆਂ ਨੂੰ ਜੀਉਂਦਾ ਕਰਨ ਲਈ ਵਰਤੀ ਜਾਂਦੀ ਹੈ। ਇੱਕ ਕੀਮੀਆਈ ਵਸਤੂ ਜੋ ਤਾਂਬੇ ਨੂੰ ਸੋਨਾ ਬਣਾ ਦੇਂਦੀ ਹੈ।

ਇਰਾਨ ਦੀ ਬੋਲੀ ਫਾਰਸੀ ਵਿੱਚ ਅੰਮ੍ਰਿਤ ਨੂੰ ਆਬੇਹਿਆਤ ਆਖਦੇ ਹਨ ਅਤੇ ਇਸ ਨੂੰ ਪੀਤਿਆਂ ਵਿਅਕਤੀ ਸਦਾ ਜੀਉਂਦਾ ਰਹਿੰਦਾ ਹੈ ਅਤੇ ਕਦੇ ਮੌਤ ਨਹੀਂ ਆਉਂਦੀ।

ਇਟਲੀ ਅਤੇ ਯੁਨਾਨ ਦੀ ਸੱਭਿਅਤਾ ਵਿੱਚ ਅੰਮ੍ਰਿਤ ਨੂੰ ਨੈੱਕਟਾਰ ਅਤੇ ਐਮਬਰੋਜ਼ੀਆ ਆਖਦੇ ਹਨ। ਨੈੱਕਟਾਰ ਤੋਂ ਭਾਵ ਹੈ ਅੰਗੂਰਾਂ ਦੀ ਸ਼ਰਾਬ ਅਤੇ ਇੱਮਬਰੋਜ਼ੀਆ ਤੋਂ ਭਾਵ ਹੈ ਫਲ ਜਾਂ ਫਲਾਂ ਤੋਂ ਬਣਾਇਆ ਮੁਰੱਬਾ ਜੋ ਸੁਆਦਲੀ ਖੁਰਾਕ ਮੰਨੀ ਗਈ ਹੈ।

ਅਸਲੀ ਗੱਲ ਤਾਂ ਇਹ ਹੈ ਕਿ ਮਨੁੱਖਤਾ ਮੌਤ ਦੇ ਭੈ ਤੋਂ ਜਾਣੂ ਹੁੰਦਿਆਂ ਸਾਰ ਹੀ ਇੱਕ ਅਜੇਹੀ ਵਸਤੂ ਦੀ ਤਲਾਸ਼ ਵਿੱਚ ਰੁੱਝ ਗਈ ਸੀ ਜਿਸ ਨਾਲ ਕਿਸੇ ਤਰ੍ਹਾਂ ਮੌਤ ਉੱਪਰ ਚੜਾਈ ਕਰ ਕੇ ਇਸ ਲੜਾਈ ਨੂੰ ਜਿੱਤਿਆ ਜਾਵੇ। ਇਹ ਲੜਾਈ ਅੱਜ ਵੀ ਜਾਰੀ ਹੈ ਭਾਵੇਂ ਇਸ ਲੜਾਈ ਦੇ ਹਥਿਆਰ ਬਦਲ ਗਏ ਹਨ ਅਤੇ ਫੌਜ ਦੀ ਸਿਖਲਾਈ ਦੇ ਢੰਗ ਅਤੇ ਤਰੀਕੇ ਵੀ ਬਦਲ ਗਏ ਹਨ। ਇਸ ਲੜਾਈ ਦਾ ਮੈਦਾਨੇ ਜੰਗ ਵੀ ਬਦਲ ਗਿਆ ਹੈ। ਪੁਰਾਣੇ ਸਮੇਂ ਵਿੱਚ ਸੂਝ ਬੂਝ ਦੀ ਕਮੀ ਕਾਰਨ ਕਈ ਵਾਰੀ ਸੁਆਰਥੀ ਲੋਕ ਆਮ ਲੋਕਾਂ ਨੂੰ ਆਪਣੇ ਧਾਰਮਿਕ ਸ਼ਿਕੰਜੇ ਵਿੱਚ ਰੱਖਦੇ ਸਨ ਅਤੇ ਸਾਰੀ ਉਮਰ ਦੀਆਂ ਰੋਟੀਆਂ ਦਾ ਆਪਣੇ ਵਾਸਤੇ ਹੀ ਨਹੀਂ ਸਗੋਂ ਆਉਣ ਵਾਲੀਆਂ ਪੁਸ਼ਤਾਂ ਵਾਸਤੇ ਵੀ ਪਰਬੰਧ ਕਰਨ ਲਈ, ਠੱਗੀਆਂ ਮਾਰ ਕੇ ਸਾਧਾਰਨ ਲੋਕਾਂ ਦਾ ਧੰਨ ਅਤੇ ਜ਼ਮੀਨ ਹੜੱਪ ਕਰਨ ਵਿੱਚ ਰੁੱਝੇ ਰਹਿੰਦੇ ਸਨ। ਇਹ ਸਨ ਧਰਮ ਦੇ ਠੇਕੇਦਾਰ ਬ੍ਰਾਹਮਨ ਅਤੇ ਇਨ੍ਹਾਂ ਦੇ ਵੱਡੇ ਵਡੇਰੇ ਜਿਨ੍ਹਾਂ ਆਪਣੇ ਸੁਆਰਥ ਖਾਤਰ ਹਜ਼ਾਰਾਂ ਵਰ੍ਹੇ ਮਨੁੱਖਤਾ ਨੂੰ ਮਰਨ ਤੋਂ ਬਚਾਉਣ ਦਾ ਪਰਪੰਚ ਰਚ ਕੇ ਆਪਣੇ ਪਿੱਛੇ ਲਾ ਰੱਖਿਆ ਸੀ।

ਗੁਰਬਾਣੀ ਵਿੱਚ ਅੰਮ੍ਰਿਤ ਦੇ ਅਰਥ: ਸਿੱਖ ਧਰਮ ਵਿੱਚ ਸ਼ਬਦ ਅੰਮ੍ਰਿਤ ਦੇ ਅਰਥ, ਉਪਰ ਚਿੱਤੇ ਸਾਰੇ ਧਰਮਾਂ ਵਿੱਚ ਦਿੱਤੇ ਅੰਮ੍ਰਿਤ ਦੇ ਅਰਥਾਂ ਨਾਲੋਂ, ਵੱਖਰੇ ਹਨ। ਇਸ ਦਾ ਕਾਰਨ ਹੈ ਕਿ ਸਿੱਖ ਧਰਮ ਮੌਤ ਨੂੰ ਅਕਾਲਪੁਰਖ ਦਾ ਹੁਕਮ ਹੀ ਸਮਝਦਾ ਹੈ ਜੋ ਹੇਠਾਂ ਦਿੱਤੇ ਸਬਦਾਂ ਅਤੇ ਇਨ੍ਹਾਂ ਦੇ ਅਰਥਾਂ ਤੋਂ ਸਪਸ਼ਟ ਹੋ ਜਾਂਦਾ ਹੈ। ਆਉ ਇਨ੍ਹਾਂ ਸਲੋਕਾਂ ਨੂੰ ਵਿਚਾਰੀਏ।

ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥

ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ॥ ੨ ੧. ੧ ਮ: ੧ ਅ: ਗ: ਗ: ਸ: ਪੰਨਾ ੧

ਅਰਥ: ਹਰ ਇੱਕ ਵਿਅਕਤੀ ਅਕਾਲਪੁਰਖ, ਇੱਕੋਓ, ਦੇ ਹੁਕਮ ਵਿੱਚ ਭਾਵ ਕੁਦਰਤ ਦੇ ਕਾਨੂੰਨਾਂ ਅਨੁਸਾਰ ਵਿਚਰਦਾ ਹੈ ਅਤੇ ਜਵਿਨ ਸਫਰ ਤੈ ਕਰਦਾ ਹੈ। ਹੇ ਨਾਨਕ! ਜੇ ਕੋਈ ਵਿਅਕਤੀ ਅਕਾਲਪੁਰਖ ਦੇ ਹੁਕਮ ਨੂੰ ਸਮਝ ਲੈਂਦਾ ਹੈ ਤਾਂ ਉਹ ਸੁਆਰਥ ਦਾ ਸਾਥ ਛੱਡ ਦੇਂਦਾ ਹੈ। ੨।

ਜੇਹਾ ਚੀਰੀ ਲਿਖਿਆ ਤੇਹਾ ਹੁਕਮੁ ਕਮਾਹਿ॥

ਘਲੇ ਆਵਹਿ ਨਾਨਕਾ ਸਦੇ ਉਠੀ ਜਾਹਿ॥ ੧॥ ੧. ੨

ਮ: ੨ ਅ: ਗ: ਗ: ਸ: ਪੰਨਾ ੧੨੩੯

ਅਰਥ: ਹੇ ਨਾਨਕ! {ਇੱਕੋਓ ਦੇ} ਭੇਜੇ ਹੋਏ {ਵਿਅਕਤੀ ਇਸ ਜਗਤ ਵਿੱਚ} ਆ ਜਾਂਦੇ ਹਨ ਅਤੇ ਉਸ ਦੇ ਬੁਲਾਏ ਹੋਏ {ਇਥੋਂ} ਉੱਠ ਕੇ ਤੁਰ ਪੈਂਦੇ ਹਨ ਭਾਵ ਜੀਉਣਾ ਅਤੇ ਮਰਨਾ ਕਿਸੇ ਵਿਕਤੀ ਦੇ ਵੱਸ ਵਿੱਚ ਨਹੀਂ ਹੈ। ੧।

ਇਨ੍ਹਾਂ ਦੋਵਾਂ ਸਲੋਕਾਂ ਦੇ ਅਰਥ ਸਪਸ਼ਟ ਕਰਦੇ ਹਨ ਕਿ ਵਿਅਕਤੀ ਦੇ ਆਪਣੇ ਹੱਥ ਵੱਸ ਕੁੱਝ ਨਹੀਂ ਹੈ। ਜਿਵੇਂ ਅਕਾਲਪੁਰਖ ਦਾ ਹੁਕਮ ਹੁੰਦਾ ਹੈ ਉਸ ਨੂੰ ਉਸ ਹੁਕਮ ਦੀ ਪਾਲਣਾ ਕਰਨੀ ਪੈਂਦੀ ਹੈ। ਇਹ ਹੁਕਮ ਭਾਵੇਂ ਜੀਉਣ ਅਤੇ ਮਰਨ ਨਾਲ ਸੰਬੰਧ ਰੱਖਦਾ ਹੈ ਜਾਂ ਉਸ ਦੀ ਜ਼ਿੰਦਗੀ ਦੇ ਹੋਰ ਕੰਮ ਕਾਜ ਨਾਲ ਬੱਝਾ ਹੋਇਆ ਹੈ। ਅਥਵਾ ਵਿਅਕਤੀ ਨੂੰ ਹਰ ਹਾਲਤ ਵਿੱਚ ਅਕਾਲਪੁਰਖ ਦੇ ਹੁਕਮ ਅਨੁਸਾਰ ਹੀ ਚੱਲਣਾ ਪੈਂਦਾ ਹੈ। ਸਿੱਖ ਧਰਮ ਦੀ ਵਿਲੱਖਣਤਾ ਇਸ ਵਿੱਚ ਹੈ ਕਿ ਬਾਕੀ ਧਰਮਾਂ ਵਾਂਙੂ ਇਹ ਸੁਆਰਥੀ ਸ਼ਰਧਾਲੂਆਂ ਦੀ ਭਾਲ ਨਹੀਂ ਕਰ ਦਾ। ਬਲਕਿ ਸੁਆਰਥ ਤੋਂ ਰਹਿਤ ਸ਼ਰਧਾਲੂਆਂ ਨੂੰ ਪ੍ਰੇਰਦਾ ਹੈ। ਸਿੱਖ ਦੇ ਜੀਵਨ ਵਿੱਚ ਚੰਗੇ ਕੰਮ ਕਰ ਅਗਲੇ ਜਨਮ ਵਿੱਚ ਇਨ੍ਹਾਂ ਦੇ ਵਟਾਂਦਰੇ ਵਿੱਚ ਕੋਈ ਫਲ ਹਾਸਲ ਕਰਨ ਦੀ ਕੋਈ ਇੱਛਾ ਨਹੀਂ ਹੈ। ਇੱਕ ਸਿੱਖ ਆਪਣੇ ਜੀਵਨ ਵਿੱਚ ਚੰਗੇ ਕੰਮ ਕਰ ਕੇ ਇਸ ਮਨੁੱਖਾ ਜਨਮ ਵਿੱਚ ਹੀ ਜੀਵਨ ਸੁੱਖ ਅਤੇ ਸ਼ਾਂਤੀ ਨਾਲ ਬਤੀਤ ਕਰਨ ਵਿੱਚ ਆਪਣਾ ਭਲਾ ਸਮਝ ਦਾ ਹੈ।

ਸਿੱਖ ਧਰਮ ਵਿੱਚ ਅੰਮ੍ਰਿਤ ਬਣਾਉਣ ਦੀ ਵਿਧੀ ਅਤੇ ਇਸ ਦੀ ਪਰੀਭਾਸ਼ਾ: ਜਪੁ ਆਦਿ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਗੁਰਬਾਣੀ ਹੈ ਜਿਸ ਵਿੱਚ ਗੁਰੂ ਨਾਨਕ ਨੇ ਅੰਮ੍ਰਿਤ ਬਣਾਉਣ ਦੀ ਵਿਧੀ ਪਉੜੀ ੩੮ ਵਿੱਚ ਦੱਸੀ ਹੈ। ਆਉ ਇਸ ਪਉੜੀ ਦੇ ਸਲੋਕ ਅਤੇ ਇਨ੍ਹਾਂ ਦੇ ਅਰਥ ਵਿਚਾਰੀਏ।

ਜਤੁ ਪਾਹਾਰਾ ਧੀਰਜੁ ਸੁਨਿਆਰੁ॥ ਅਹਰਣਿ ਮਤਿ ਵੇਦੁ ਹਥੀਆਰੁ॥

ਭਉ ਖਲਾ ਅਗਨਿ ਤਪ ਤਾਉ॥ ਭਾਂਡਾ ਭਾਉ ਅੰਮ੍ਰਿਤੁ ਤਿਤੁ ਢਾਲਿ॥

ਘੜੀਐ ਸਬਦੁ ਸਚੀ ਟਕਸਾਲ॥ ਜਿਨ ਕਉ ਨਦਰਿ ਕਰਮੁ ਤਿਨ ਕਾਰ॥

ਨਾਨਕ ਨਦਰੀ ਨਦਰਿ ਨਿਹਾਲ॥ ੩੮॥ ੧. ੩

ਜਪੁ ਅ: ਗ: ਗ: ਸ: ਪੰਨਾ ੮

ਅਰਥ: (ਜੇ) ਦੁਕਾਨ ਵਿੱਚ ਹਰ ਛੈ ਸਲੀਕੇ ਨਾਲ ਰੱਖੀ ਹੋਈ ਹੋਵੇ ਅਤੇ ਵਿਅਕਤੀ ਦੇ ਧਿਆਨ ਦੁਆਰਾ ਕਾਬੂ ਵਿੱਚ ਹੋਵੇ ਤਾਂ ਇਸ ਨੂੰ ਵਿਅਕਤੀ ਦਾ ਜਤ ਸਮਝਣਾ ਚਾਹੀਦਾ ਹੈ। ਜੇ ਵਿਅਕਤੀ ਸੁਨਿਆਰੇ ਵਾਂਙੂ ਆਪਣਾ ਕਿੱਤਾ ਕਰਦਾ ਹੋਇਆ ਠੰਢੇ ਸੁਭਆ ਦੀ ਵਰਤੋਂ ਕਰਦਾ ਹੈ ਤਾਂ ਅਜੇਹੀ ਧੀਰਜ ਹੋਣੀ ਚਾਹੀਦੀ ਹੈ। ਜੇ ਵਿਅਕਤੀ ਦੀ ਮਤ ਅਹਿਰਣ ਦਾ ਕੰਮ ਦੇਂਦੀ ਹੋਵੇ ਤਾਂ ਗਿਆਨ ਨੂੰ ਹਥੌੜੇ ਦਾ ਕੰਮ ਕਰਨਾ ਚਾਹੀਦਾ ਹੈ। ਜੇ ਹਰ ਵਿਅਕਤੀ ਅਕਾਲਪੁਰਖ ਦੇ ਭਉ ਜਾਂ ਡਰ ਨੂੰ ਧੌਂਕਣੀ ਮੰਨ ਲ਼ਵੇ, ਤਾਂ ਅੱਗ ਨੂੰ ਘਾਲ (ਤਪ) ਵਾਂਙੂ ਸਮਝ ਕੇ ਕਮਾਈ ਕਰਦਾ ਹੈ। ਜੇ ਵਿਅਕਤੀ ਅਕਾਲਪੁਰਖ ਦੇ ਪ੍ਰੇਮ ਨੂੰ ਕੁਠਾਲੀ ਸਮਝ ਇਸ ਵਿੱਚ ਇਹ ਸਾਰੀਆਂ ਵਸਤੂਆਂ ਪਾ ਕੇ ਮਿਲਾਵੇ ਤਾਂ ਇਨ੍ਹਾਂ ਤੋਂ ਅੰਮ੍ਰਿਤ ਉਪਜਦਾ ਹੈ। ਅਜੇਹੀ ਅੰਮ੍ਰਿਤ ਰੂਪੀ ਸੱਚੀ ਟਕਸਾਲ ਵਿਚੋਂ (ਗੁਰੂ ਦਾ) ਸਬਦ ਘੜਿਆ ਹੋਇਆ ਨਿਕਲਦਾ ਹੈ। ਇਹ ਸਭ ਕੁੱਝ ਉਨ੍ਹਾਂ ਵਿਅਕਤੀਆਂ ਦੇ ਭਾਗਾਂ ਵਿੱਚ ਹੈ ਜਿਨ੍ਹਾਂ ਉੱਪਰ ਗੁਰੂ ਦੀ ਮਿਹਰ ਭਰੀ ਨਜ਼ਰ ਦੀ ਬਖਸ਼ਸ਼ ਹੁੰਦੀ ਹੈ। ਹੇ ਨਾਨਕ! ਅਜੇਹੇ ਵਿਅਕਤੀ ਇੱਕੋਓ ਦੀ ਕਿਰਪਾ-ਦ੍ਰਿਸ਼ਟੀ ਨਾਲ ਨਿਹਾਲ ਹੋ ਜਾਂਦੇ ਹਨ। ੩੮।

ਇਸ ਤੋਂ ਸਪਸ਼ਟ ਹੈ ਕਿ ਸਿੱਖ ਧਰਮ ਦਾ ਅੰਮ੍ਰਿਤ ਕਿਵੇਂ ਬਣਦਾ ਹੈ ਅਤੇ ਇਸ ਵਿੱਚ ਕੇਹੜੀ ਕੇਹੜੀ ਵਸਤੂ ਪਾਉਣ ਦੀ ਲੋੜ ਪੈਂਦੀ ਹੈ। ਇਸ ਵਿੱਚ ਪਾਈਆਂ ਜਾਂਦੀਆਂ ਵਸਤਾਂ ਹਨ ਜੱਤ, ਧੀਰਜ, ਮੱਤ, ਵਿਦਿਆ, ਅਕਾਲਪੁਰਖ ਦਾ ਭਉ ਅਥਵਾ ਡਰ, ਧਰਮ ਦੀ ਕਮਾਈ; ਤਪੱਸਿਆ ਅਥਵਾ ਘਾਲ, ਇੱਕੋਓ ਨਾਲ ਪ੍ਰੇਮ (ਸੱਤ ਚੀਜ਼ਾਂ) ਜਿਨ੍ਹਾਂ ਤੋਂ ਅੰਮ੍ਰਿਤ ਬਣਦਾ ਹੈ। ਸਾਡੇ ਸਿੱਖ ਭਰਾ ਅਤੇ ਭੈਣਾਂ ਜੋ ਖੰਡੇਧਾਰ ਪਹੁਲ ਨੂੰ ਹੀ ਅੰਮ੍ਰਿਤ ਕਹਿੰਦੇ ਹਨ ਕੀ ਉਹ ਸੱਚ ਬੋਲਦੇ ਹਨ? ਸਾਡੇ ਗੁਰਦੁਆਰਿਆਂ ਵਿੱਚ ਅੱਜ ਕਿਹੋ ਜੇਹੀ ਸਿੱਖੀ ਸੰਬੰਧੀ ਪੜ੍ਹਾਈ ਕਰਵਾਈ ਜਾ ਰਹੀ ਹੈ, ਇਸ ਦਾ ਸਿੱਟਾ ਸਾਡੇ ਸਾਰਿਆਂ ਦੇ ਸਾਹਮਣੇ ਨਜ਼ਰ ਆ ਰਿਹਾ ਹੈ।

ਅੰਮ੍ਰਿਤ ਦੀ ਪਰੀਭਾਸ਼ਾ ਆਦਿ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਵਿਚੋਂ ਹੀ ਮਿਲ ਜਾਂਦੀ ਹੈ। ਆਉ ਅਸੀਂ ਗੁਰੂ ਨਾਨਕ ਅਤੇ ਗੁਰੂ ਅੰਗਦ ਦੇ ਸਬਦ ਅਤੇ ਇਨ੍ਹਾਂ ਦੇ ਅਰਥ ਵਿਚਾਰੀਏ। ਇਹ ਪਾਠਕਾਂ ਦੀ ਸੇਵਾ ਵਿੱਚ ਹੇਠਾਂ ਪੇਸ਼ ਕੀਤੇ ਗਏ ਹਨ।

ਮਨ ਰੇ ਥਿਰੁ ਰਹੁ ਮਤੁ ਕਤ ਜਾਹੀ ਜੀਉ॥

ਬਾਹਰਿ ਢੂਢਤ ਬਹੁਤੁ ਦੁਖੁ ਪਾਵਿਹ

ਘਰਿ ਅੰਮ੍ਰਿਤ ਘਟ ਮਾਹੀ ਜੀਉ॥ ਰਹਾਉ॥ ੧॥ ੯॥ ੧. ੪

ਸੋਰਠ ਮ: ੧ ਅ: ਗ: ਗ: ਸ: ਪੰਨਾ ੫੯੮

ਅਰਥ: ਹੇ ਮੇਰੇ ਮਨ ਟਿਕਿਆ ਰਹਿ, ਕਿਤੇ ਬਾਹਰ ਨ ਭਟਕ ਦਾ ਫਿਰੀਂ। ਬਾਹਰ ਢੂੰਡਣ ਤੁਰ ਪਿਆ ਤਾਂ ਬਹੁਤ ਦੁੱਖ ਪਾਵੇਂ ਗਾ। ਅੰਮ੍ਰਿਤ ਤਾਂ ਤੇਰੇ ਸਰੀਰ ਵਿੱਚ ਤੇਰੇ ਅੰਦਰ ਹੀ ਹੈ। ਰਹਾਉ। ੧। ੯।

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥

ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥

ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥

ਤਿਨ੍ਹੀ ਪੀਤਾ ਰੰਗ ਸਿਉ ਜਿਨ ਕਉ ਲਿਖਿਆ ਆਦਿ॥ ੧॥ ੧. ੫

ਸਾਰੰਗ ਮ: ੨ ਅ: ਗ: ਗ: ਸ: ਪੰਨਾ ੧੨੩੮

ਅਰਥ: (ਹੇ ਅਕਾਲਪੁਰਖ!) ਜਿਨ੍ਹਾਂ ਵਿਅਕਤੀਆਂ ਨੂੰ ਤੇਰੀ ਸੋਭਾ ਕਰਨ ਦਾ ਸੁਭਾਗ ਮਿਲਿਆ ਹੈ ਉਹ ਆਪਣੇ ਮਨ ਵਿੱਚ ਤੇਰੀ ਮਹਿਮਾ ਨਾਲ ਰੰਗੇ ਰਹਿੰਦੇ ਹਨ। ਹੇ ਨਾਨਕ! ਉਨ੍ਹਾਂ ਲਈ ਇੱਕ ਤੈਨੂੰ ਯਾਦ ਰੱਖਣਾ ਹੀ ਅੰਮ੍ਰਿਤ ਹੈ, ਹੋਰ ਕੋਈ ਛੈ ਅੰਮ੍ਰਿਤ ਨਹੀਂ।

ਹੇ ਨਾਨਕ! ਇਹ ਅੰਮ੍ਰਿਤ (ਹਰ ਇੱਕ ਵਿਅਕਤੀ ਦੇ) ਮਨ ਅੰਦਰ ਮੌਜੂਦ ਹੈ ਪਰ ਗੁਰੂ ਦੀ ਕਿਰਪਾ ਨਾਲ ਮਿਲ ਦਾ ਹੈ। ਜਿਨ੍ਹਾਂ ਦੇ ਭਾਗਾਂ ਵਿੱਚ ਇਹ ਧੁਰ ਤੋਂ ਲਿਖਿਆ ਹੋਇਆ ਹੈ, ਉਹ ਇਸ ਨੂੰ ਸਵਾਦ ਨਾਲ ਮਾਣ ਦੇ ਹਨ। ੧।

ਅੰਮ੍ਰਿਤ ਬਾਰੇ ਉੱਪਰ ਦਿੱਤੇ ਅਰਥਾਂ ਤੋਂ ਸਪਸ਼ਟ ਹੈ ਕਿ ਸਿੱਖ ਧਰਮ ਵਿੱਚ ਅੰਮ੍ਰਿਤ ਕੋਈ ਖਾਣ ਜਾਂ ਪੀਣ ਵਾਲੀ ਚੀਜ਼ ਨਹੀਂ ਹੈ। ਇਹ ਤਾਂ ਮਨ ਦਾ ਗਹਿਣਾ ਹੈ ਜੋ ਮਨ ਦੇ ਵਿੱਚ ਹੀ ਵੱਸਦਾ ਹੈ ਅਤੇ ਮਨ ਦੀਆਂ ਅੱਖਾਂ ਨਾਲ ਹੀ ਨਜ਼ਰ ਆਉਂਦਾ ਹੈ। ਇਸ ਨੂੰ ਬਹੁਤ ਥੋੜੇ ਵਿਅਕਤੀ ਪਛਾਣ ਸਕਦੇ ਹਨ। ਅੰਮ੍ਰਿਤ ਨੂੰ ਮਹਾ ਕੋਸ਼ ਵਿੱਚ ਆਤਮਾ ਵੀ ਆਖਿਆ ਗਿਆ ਹੈ। ਏਥੇ ਇਹ ਦੱਸਣਾ ਬਹੁਤ ਜ਼ਰੂਰੀ ਹੈ ਕਿ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਅੰਮ੍ਰਿਤ ਸੱਤ ਸੌ (੭੦੦) ਤੋਂ ਵੱਧ ਵਾਰੀ ਵਰਤਿਆ ਗਿਆ ਹੈ ਅਤੇ ਇੱਕ ਤੋਂ ਜ਼ਿਆਦਾ ਅਰਥਾਂ ਵਿੱਚ ਵਰਤਿਆ ਗਿਆ ਹੈ। ਸੋ ਅੰਮ੍ਰਿਤ ਛਕਣ ਦਾ ਭਾਵ ਹੈ ਕਿ ਅੰਮ੍ਰਿਤ ਨੂੰ ਸੁਰਤ ਅਤੇ ਸਮਝ ਦੁਆਰਾ ਗ੍ਰਿਹਣ ਕਰ ਕੇ ਜੀਵਨ ਦੇ ਵਿਉਹਾਰ ਵਿੱਚ ਵਰਤ ਕੇ ਇਸ ਤੋਂ ਫਾਇਦਾ ਲੈਣਾ ਹੈ। ਅੰਮ੍ਰਿਤ ਦੀ ਪਰਾਪਤੀ ਨਾਲ ਜੀਵਨ ਵਿੱਚ ਟਿਕਾਉ ਅਤੇ ਤਹੱਮਲ ਲੈ ਆਉਣ ਵਿੱਚ ਸਹਾਇਤਾ ਮਿਲਦੀ ਹੈ ਅਤੇ ਮਨ ਦੇ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਹਨ। ਗੁਰਬਾਣੀ ਦੀ ਵੀਚਾਰ ਅਕਾਲਪੁਰਖ ਵਲੋਂ ਦੱਸਿਆ ਜੀਵਨ ਮਾਰਗ ਸਮਝਣ ਲਈ ਮਦਦ ਦੇਂਦੀ ਹੈ ਅਤੇ ਸੁੱਖ ਸ਼ਾਤੀ ਨੂੰ ਹਾਸਲ ਕਰਨ ਦੀ ਸਮਰੱਥਾ ਬਖਸ਼ਦੀ ਹੈ। ਇਹ ਸਪਸ਼ਟ ਕਰਨਾ ਬਹੁਤ ਜ਼ਰੂਰੀ ਹੈ ਕਿ ਹੋਰ ਧਰਮਾਂ ਵਿੱਚ ਅੰਮ੍ਰਿਤ ਹਾਸਲ ਕਰਨਾ ਕੇਵਲ ਸਰੀਰ ਨੂੰ ਲੰਬੀ ਉਮਰ ਬਖਸ਼ਣ ਲਈ ਜਾਂ ਮੌਤ-ਰਹਿਤ ਬਨਾਉਣ ਲਈ ਇੱਛਾ ਪਰਗਟ ਕਰਦਾ ਹੈ। ਪਰ ਸਿੱਖ ਧਰਮ ਵਿੱਚ ਅੰਮ੍ਰਿਤ ਪ੍ਰਾਪਤ ਕਰਨਾ ਵਿਅਕਤੀ ਨੂੰ ਆਤਮਿਕ ਮੌਤ ਤੋਂ ਬਚਾ ਕੇ ਸੰਸਾਰਕ ਜੀਵਨ ਵਿੱਚ ਸੁਚੱਜੇ ਢੰਗ ਨਾਲ ਵਿਚਰਨ ਦੀ ਪ੍ਰੇਰਨਾ ਦੇਂਦਾ ਹੈ। ਗੁਰਬਾਣੀ ਤੋਂ ਪਰਾਪਤ ਕੀਤੇ ਅੰਮ੍ਰਿਤ ਦੀਆਂ ਬ੍ਰਕਤਾਂ ਬਾਰੇ ਕੁੱਝ ਵਿਆਖਿਆ ਹੇਠਾਂ ਕੀਤੀ ਗਈ ਹੈ। ਗੁਰਮੁੱਖ ਇਸ ਨੂੰ ਪੜ੍ਹਨ ਅਤੇ ਵਿਚਾਰ ਕਰ ਕੇ ਲਾਭ ਉਠਾਉਣ ਦਾ ਯਤਨ ਕਰਨ।

ਅੰਮ੍ਰਿਤ ਦਾ ਮਨੋਰਥ: ਸੱਚਾ ਅਤੇ ਸੁੱਚਾ ਸਿੱਖ, ਕਦੇ ਝੂਠ ਨਹੀਂ ਬੋਲ ਦਾ।

ਮੌਤ ਦੇ ਭੈ ਤੋਂ ਕਦੇ, ਸਿੰਘ ਨਹੀਂ ਜੇ ਡੋਲ ਦਾ।

ਸਿੱਖ ਧਰਮ ਦੇ ਬੁਨਿਆਦੀ, ਨਿਯਮਾਂ ਤੋਂ ਅਣਜਾਣ।

ਸਿੱਖ ਅਖਵਾ ਪਾਉਂਦਾ, ਕਦੇ ਨਹੀਂ ਉਹ ਮਾਣ।

ਡਉਰੇ ਬਉਰੇ ਫਿਰ ਦੇ ਨੂੰ, ਸਹੀ ਰਾਹ ਨਜ਼ਰ ਨਹੀਂ ਆਉਂਦਾ।

ਪੈਰ ਪੈਰ ਤੇ ਹੈ ਭੂਤ, ਸੁਆਰਥ ਦਾ ਸਤਾਉਂਦਾ।

ਸਿੱਖ ਧਰਮ ਦੇ ਅੰਮ੍ਰਿਤ ਦਾ ਮਨੋਰਥ, ਹੋਰ ਧਰਮਾਂ ਨਾਲੋਂ ਹੈ ਜੇ ਵੱਖਰਾ।

ਅੰਤਮ ਉਦੇਸ਼ ਦੇ ਉਪਦੇਸ਼ ਵਿੱਚ, ਜਾਪ ਦਾ ਹੈ ਇਹ ਕਈ ਗੁਣਾਂ ਸੁਥਰਾ।

ਸਾਬਤ ਸੂਰਤ ਅਤੇ ਦਸਤਾਰ ਸਿਰਾ। ਸਹੀ ਸਿੱਖੀ ਦੀ ਹੈਵੇ ਇਹ ਪਰੰਪਰਾ।

ਗੁਰਬਾਣੀ ਅਨੁਸਾਰ ਅੰਮ੍ਰਿਤਧਾਰੀ ਸਿੱਖ ਲਈ ਗ੍ਰਿਹਣ ਕਰਨ ਵਾਲੇ ਗੁਣ: ਗੁਰੂ ਸਾਹਿਬਾਨ ਵਲੋਂ ਦਿੱਤੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਗੁਰਬਾਣੀ ਦਾ ਅਧਿਐਨ ਕਰਨ ਨਾਲ ਪਤਾ ਲੱਗਦਾ ਹੈ ਕਿ ਹਰ ਸਿੱਖ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਹੇਠਾਂ ਦਿੱਤੇ ਗੁਣ ਅਪਨਾਉਣ ਦਾ ਯਤਨ ਕਰੇ। ਅਥਵਾ ਹਰ ਖੰਡੇਧਾਰ ਪਹੁਲ ਛਕਣ ਵਾਲੇ ਸਿੱਖ ਨੂੰ ਸਿੰਘ ਸਜਣ ਤੋਂ ਪਹਿਲਾਂ ਇਨ੍ਹਾਂ ਗੁਣਾਂ ਦਾ ਧਾਰਨੀ ਹੋਣਾ ਬਹੁਤ ਜ਼ਰੂਰੀ ਹੈ।

(ੳ) ਪਹਿਲੀ ਲੜੀ ਵਿੱਚ ਅਸੀਂ ਨਿੱਜੀ ਜੀਵਨ ਵਾਸਤੇ ਗਹੁ ਨਾਲ ਵਿਚਾਰ ਕੇ ਗੁਣ ਗ੍ਰਹਿਣ ਕਰਨ ਵਾਲੇ ਗੁਰ ਸਬਦ ਅਤੇ ਇਨ੍ਹਾਂ ਦੇ ਅਰਥ ਦੇ ਰਹੇ ਹਾਂ। ਇਨ੍ਹਾਂਂ ਨੂੰ ਸਿੱਖ ਧਰਮ ਦੇ ਬੁਨਿਆਦੀ ਨਿਯਮ ਮੰਨਿਆ ਗਿਆ ਹੈ। ਇਨ੍ਹਾਂ ਵਿੱਚ ਦ੍ਰਿੜ੍ਹ ਵਿਸ਼ਵਾਸ ਅਤੇ ਇਨ੍ਹਾਂ ਤੋਂ ਜੀਵਨ ਸੇਧ ਲੈਣੀ ਹਰ ਸਿੱਖ ਦਾ ਪਹਿਲਾ ਫਰਜ਼ ਹੈ। ਇਨ੍ਹਾਂ ਅਨੁਸਾਰ ਜੀਵਨ ਪੰਧ ਉੱਤੇ ਸਫਰ ਕਰਨ ਦਾ ਉਦੇਸ਼ ਅਖਤਿਆਰ ਕਰਨਾ ਹਰ ਸਿੱਖ ਵਾਸਤੇ ਲਾਜ਼ਮੀ ਹੈ।

(੧) ਵਾਹੁ ਵਾਹੁ ਅੰਮ੍ਰਿਤ ਨਾਮੁ ਹੈ ਗੁਰਮੁਖਿ ਪਾਵੈ ਕੋਇ॥ ੧॥ ੧੮॥ ੧. ੬

ਗੁਜਰੀ ਮ: ੩ ਸ: ਗ: ਗ: ਸ: ਪੰਨਾ ੫੧੫

ਅਰਥ: ਅਕਾਲਪੁਰਖ (ਇੱਕੋਓ) ਦਾ ਨਾਮ ਹੀ ਵਿਅਕਤੀ ਨੂੰ ਆਤਮਿਕ ਜੀਵਨ ਬਖਸ਼ਨ ਵਾਲਾ ਹੈ ਪਰ ਇਸ ਦੀ ਪ੍ਰਾਪਤੀ ਕਿਸੇ ਵਿਰਲੇ ਗੁਰਮੁੱਖ ਨੂੰ ਹੁੰਦੀ ਹੈ। ੧। ੧੮।

(੨) ਸੇਵਕੁ ਲਾਇਓ ਆਪੁਣੀ ਸੇਵ॥

ਅੰਮ੍ਰਿਤੁ ਨਾਮੁ ਦੀਓ ਮੁਖਿ ਦੇਵ॥ ੧॥ ੪॥ ੧੫॥ ੧. ੭

ਰਾਮਕਲੀ ਮ: ੫ ਅ: ਗ: ਗ: ਸ: ਪੰਨਾ ੮੮੭

ਅਰਥ: ਹੇ ਭਾਈ! ਮੈਂ ਇੱਕੋਓ ਦੇ ਸਦਕੇ ਜਾਂਦਾ ਹਾਂ ਜਿਸ ਨੇ ਮੈਨੂੰ ਆਪਣੀ ਸੇਵਾ ਦੀ ਬਖਸ਼ਸ਼ ਕਰ ਦਿੱਤੀ ਹੈ ਅਤੇ ਮੈਨੂੰ ਆਤਮਿਕ ਜੀਵਨ ਵਾਸਤੇ ਸੁਚੱਜਾ ਰਸਤਾ ਵਿਖਾ ਦਿੱਤਾ ਹੈ। ੧। ੪। ੧੫।

(੩) ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ॥

ਨਾਨਕ ਤੇ ਜਨ ਸੋਹਣੇ ਜੋ ਰਤੇ ਹਰਿ ਰੰਗੁ ਲਾਇ॥ ੧॥ ੮॥ ੧. ੮

ਰਾਮਕਲੀ ਮ: ੩ ਅ: ਗ: ਗ: ਸ: ਪੰਨਾ ੯੪੯

ਅਰਥ: ਜਿਵੇਂ ਅੱਗ ਵਿੱਚ ਪਾਇਆਂ ਸੋਨਾ (ਆਦਿਕ ਧਾਤ) ਸਾਫ ਹੋ ਜਾਂਦਾ ਹੈ, ਇੱਕੋਓ ਦੇ ਪਿਆਰ ਅਤੇ ਪ੍ਰੇਮ ਨਾਲ ਮਾੜੀ ਮਤ ਦੀ ਮੈਲ ਉੱਤਰ ਜਾਂਦੀ ਹੈ। ਹੇ ਨਾਨਕ! ਅਕਾਲਪੁਰਖ ਦੇ ਪ੍ਰੇਮ ਵਿੱਚ ਵਿਚਰੇ ਵਿਅਕਤੀਆਂ ਦੇ ਮਨ ਸੋਹਣੇ ਅਤੇ ਸਾਫ ਹੋ ਜਾਂਦੇ ਹਨ। ੧। ੮।

(੪) ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ॥

ਨਾਨਕ ਗੁਰਮੁਖਿ ਬ੍ਰਹਮ ਬੀਚਾਰੀਐ ਚੂਕੇ ਮਨਿ ਅਭਿਮਾਨੁ॥ ੨॥ ਪਾਉੜੀ॥ ੧. ੯

ਬਿਲਾਵਲ ਮ: ੩ ਅ: ਗ: ਗ: ਸ: ਪੰਨਾ ੮੪੯

ਅਰਥ: ਵਿਅਕਤੀ ਰਾਗ ਅਤੇ ਨਾਦ ਨੂੰ ਛੱਡ ਕੇ ਹੀ ਅਕਾਲਪੁਰਖ ਦੇ ਹੁਕਮ ਵਿੱਚ ਚੱਲਣ ਨਾਲ ਮਨ ਦਾ ਅਭਿਮਾਨ ਦੂਰ ਹੁੰਦਾ ਹੈ ਅਤੇ ਉਸ ਦੇ ਦਰ ਉੱਤੇ ਆਦਰ ਮਾਣ ਮਿਲਦਾ ਹੈ। ੨।

(੫) ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥

ਹਾਰਿ ਪਰਿੳ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ॥ ਰਹਾਉ॥ ੨॥ ੧. ੧੦

ਸੋਰਠ ਮ: ੫ ਅ: ਗ: ਗ: ਸ: ਪੰਨਾ ੬੪੧

ਅਰਥ: ਹੇ ਭਾਈ! ਮੈਂ ਅਨੇਕਾਂ ਲੋਕਾਂ ਨੂੰ ਕਰਮ ਕਾਂਡ ਕਰ ਦੇ ਵੇਖਿਆ ਹੈ ਪਰ ਇਨ੍ਹਾਂ ਤਰੀਕਿਆਂ ਨਾਲ ਇੱਕੋਓ ਨਾਲ ਸੁਰਤ ਨਹੀਂ ਜੁੜਦੀ। ਮੈਂ ਇਹ ਸਭ ਕੁੱਝ ਛੱਡ ਕੇ ਇੱਕੋਓ ਅੱਗੇ ਨਿੱਤ ਇਹ ਬੇਨਤੀ ਕਰ ਦਾ ਹਾਂ; ਹੇ ਇੱਕੋਓ! ਮੈਨੂੰ ਬਿਬੇਕ ਬੁੱਧ ਦੀ ਬਖਸ਼ਸ਼ ਕਰ ਤਾਂ ਜੋ ਮੈਂ ਚੰਗੇ ਅਤੇ ਮਾੜੇ ਕੰਮ ਦੀ ਪਰਖ ਕਰ ਇਨ੍ਹਾਂ ਵਿੱਚ ਫਰਕ ਲੱਭ ਸਕਾਂ। ਰਹਾਉ। ੨।

(੬) ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ॥

ਜਿਨਿ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ॥ ੧॥ ੧. ੧੧

ਆਸਾ ਮ: ੧ ਅ: ਗ: ਗ: ਸ: ਪੰਨਾ ੪੬੨

ਅਰਥ: ਮੈਂ ਸਤਿਗੁਰੂ ਤੋਂ ਇੱਕ ਦਿਨ ਵਿੱਚ ਸੌ ਵਾਰੀ ਸਦਕੇ ਜਾਂਦਾ ਹਾਂ, ਜਿਸ ਨੇ ਮਨੁੱਖਾਂ ਤੋਂ ਦੇਵਤੇ ਬਣਾ ਦਿੱਤੇ ਹਨ ਅਤੇ ਇਸ ਕੰਮ ਵਿੱਚ ਕੋਈ ਦੇਰੀ ਨਹੀ ਕੀਤੀ। ੧।

(੭) ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ॥

ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ॥ ੩॥ ੯॥ ੧੬॥ ੧. ੧੨

ਆਸ ਮ: ੪ ਅ: ਗ: ਗ: ਸ: ਪੰਨਾ ੪੪੯

ਅਰਥ: ਹੇ ਗੁਰੂ! ਮੈਨੂੰ ਪਿਆਰੇ ਇੱਕੋਓ ਨੂੰ ਮਿਲਣ ਦਾ ਰਾਹ ਦੱਸ। ਉਸ ਨੂੰ ਮਿਲ ਕੇ ਉਸ ਦੀ ਯਾਦ ਵਿੱਚ ਰੁੱਝੇ ਰਹਿਣ ਦਾ ਰਾਹ ਲੱਭ ਲਵਾਂ ਗਾ। ਨਾਨਕ ਆਖਦਾ ਹੈ, ਹੇ ਇੱਕੋਓ! ਮੈਂ ਮੂਰਖ ਹਾਂ, ਮੈਨੂੰ ਆਪਣੇ ਰਾਹ ਉੱਤੇ ਚੱਲਣ ਦਾ ਕੰਮ ਸੌਂਪ ਦੇ। ੩। ੯। ੧੬॥

(੮) ਅੰਦਰਿ ਰਾਜਾ ਤਖਤੁ ਹੈ ਆਪੇ ਕਰੇ ਨਿਆਉ॥

ਗੁਰ ਸਬਦੀ ਦਰੁ ਜਾਣੀਐ ਅੰਦਰਿ ਮਹਲੁ ਅਸਰਾਉ॥

ਖਰੇ ਪਰਖਿ ਖਜਾਨੈ ਪਾਈਅਇਨ ਖੋਟਿਆ ਨਾਹੀ ਥਾਉ॥

ਸਭ ਸਚੋ ਸਚੁ ਵਰਤਦਾ ਸਦਾ ਸਚੁ ਨਿਆਉ॥

ਅੰਮ੍ਰਿਤ ਕਾ ਰਸੁ ਆਇਆ ਮਨਿ ਵਸਿਆ ਨਾਉ॥ ੧੮॥ ੧. ੧੩

ਮਾਰੂ ਮ: ੩ ਅ: ਗ: ਗ: ਸ: ਪੰਨਾ ੧੦੯੨

ਅਰਥ: ਵਿਅਕਤੀ ਦੇ ਅੰਦਰ ਹੀ ਇੱਕੋਓ ਤਖਤ ਤੇ ਬੈਠਾ ਹੈ ਅਤੇ ਉਹ ਆਪ ਹੀ ਨਿਆਂ ਕਰੀ ਜਾ ਰਿਹਾ ਹੈ। ਵਿਅਕਤੀ ਦੇ ਅੰਦਰ ਹੀ ਉਸ ਦਾ ਮਹੱਲ ਹੈ ਜਿਸ ਦਾ ਬੂਹਾ ਗੁਰੂ ਦੇ ਸਬਦ ਦੁਆਰਾ ਹੀ ਖੁਲ੍ਹਦਾ ਹੈ। ਉਹ ਅੰਦਰ ਬੈਠਾ ਵਿਅਕਤੀ ਨੂੰ ਸੂਝ ਅਤੇ ਸੇਧ ਦੇ ਰਿਹਾ ਹੈ। ਜੇਹੜਾ ਵਿਅਕਤੀ ਉਸ ਦੇ ਨਿਯਮਾਂ ਅਨੁਸਾਰ ਜੀਵਨ ਬਤੀਤ ਕਰ ਰਿਹਾ ਹੈ ਉਸ ਨੂੰ ਸ਼ਾਬਾਸ਼ ਮਿਲਦੀ ਹੈ ਅਤੇ ਜੇਹੜਾ ਵਿਅਕਤੀ ਮਨਮੁੱਖੀ ਸੋਚਣੀ ਵਾਲਾ ਹੈ ਉਸ ਨੂੰ ਆਪਣੇ ਹਾਲ ਉੱਤੇ ਛੱਡ ਦਿੱਤਾ ਜਾਂਦਾ ਹੈ। ਇੱਕੋਓ ਦਾ ਨਿਯਮ ਅਟੱਲ ਹੈ ਅਤੇ ਉਸ ਦੇ ਅੰਮ੍ਰਿਤ-ਨਿਯਮਾਂ ਨੂੰ ਪਰਵਾਨ ਕਰਨ ਵਾਲੇ ਨੂੰ ਹਮੇਸ਼ਾ ਉਸ ਦੀ ਅਸ਼ੀਰਬਾਦ ਮਿਲਦੀ ਰਹਿੰਦੀ ਹੈ। ੧੮।

(9) ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥

ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ॥ ੫॥ ੨॥ ੭॥ ੧. ੧੪

ਆਸਾ ਮ: ੩ ਅ: ਗ: ਗ: ਸ: ਪੰਨਾ ੪੪੧

ਅਰਥ: ਹੇ ਮੇਰੀ ਆਤਮਾ! ਤੂੰ ਇੱਕੋਓ ਦੇ ਨੂਰ ਦੀ ਅੰਸ਼ ਹੈਂ। ਇਸ ਲਈ ਤੂੰ ਆਪਣੇ ਮੁੱਢ ਨੂੰ ਨ ਭੁੱਲ ਅਤੇ ਇਸ ਦੀ ਪਛਾਣ ਨੂੰ ਕਦੇ ਨ ਗੁਆਈਂ। ੫। ੨। ੭।

(੧੦) ਅਹਿਰਖ ਵਾਦ ਨ ਕੀਜੈ ਰੇ ਮਨ॥

ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ॥ ੧॥ ਰਹਾਉ॥ ੩॥ ੧੬॥ ੧. ੧੫

ਆਸਾ ਕਬੀਰ ਅ: ਗ: ਗ: ਸ: ਪੰਨਾ ੪੭੯

ਅਰਥ: ਹੇ ਮੇਰੇ ਮਨ! ਈਰਖਾ ਅਤੇ ਝਗੜਾ ਕਿਉਂ ਕਰਦਾ ਹੈਂ? ਨੇਕ ਕਮਾਈ ਕਰੀ ਜਾ ਫਿਰ ਤੈਨੂੰ ਵੀ ਇਹ ਸਾਰੇ ਸੁੱਖ ਮਿਲ ਜਾਣਗੇ। ੧। ਰਹਾਉ। ੩। ੧੬।

(੧੧) ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥

ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ॥ ੨॥ ੧॥ ੫॥ ੧. ੧੬

ਮਾਰੂ ਮ: ੫ ਅ: ਗ: ਗ: ਸ: ਪੰਨਾ ੧੦੭੫

ਅਰਥ: ਹੇ ਭਾਈ! ਸਾਰੀਆਂ ਜੂਨਾਂ ਵਿਚੋਂ ਅਕਾਲਪੁਰਖ ਨੇ ਮਨੁੱਖਾ ਜਨਮ ਨੂੰ ਵਿਡਿਆਈ ਬਖਸ਼ੀ ਹੈ ਅਤੇ ਉੱਤਮ ਬਣਾਇਆ ਹੈ। ਪਰ ਜੇਹੜਾ ਵਿਅਕਤੀ ਇਸ ਪਾਉੜੀ ਦੇ ਡੰਡੇ ਤੋਂ ਡਿੱਗ ਪੈਂਦਾ ਹੈ ਉਹ ਦੁੱਖ ਦਰਦ ਦੀ ਘੁਮਣ ਘੇਰੀ ਵਿੱਚ ਫਸਿਆ ਰਹਿੰਦਾ ਹੈ। ੨। ੧। ੫।

(੧੨) ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰ॥

ਡਿਠ੍ਹੇ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥ ੧॥ ੧. ੧੭

ਵਡਹੰਸ ਮ: ੩ ਅ: ਗ: ਗ: ਸ: ਪੰਨਾ ੫੯੪

ਅਰਥ: ਇੱਕੋਓ ਦੇ ਸਾਰਾ ਸੰਸਾਰ ਦਰਸ਼ਨ ਕਰ ਦਾ ਹੈ। ਪਰ ਨਿਰੇ ਦਰਸ਼ਨ ਕਰਨ ਨਾਲ ਹੀ ਮੁਕਤੀ ਨਹੀਂ ਮਿਲ ਦੀ। ਇੱਕੋਓ ਦਾ ਗੁਰੂ ਰਾਹੀਂ ਸਬਦ ਵਿਚਾਰਨਾ ਅਤੇ ਇਸ ਅਨੁਸਾਰ ਜੀਵਨ ਪੰਧ ਉੱਤੇ ਚੱਲਣਾ ਬਹੁਤ ਜ਼ਰੂਰੀ ਹੈ। ੧।

(੧੩) ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ॥

ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ॥ ੧੫੫॥ ੧. ੧੮

ਕਬੀਰ ਜੀ ਅ: ਗ: ਗ: ਸ: ਪੰਨਾ ੧੩੭੨

ਅਰਥ: ਹੇ ਕਬੀਰ! ਜਨਮ ਮਨੋਰਥ ਪੂਰਾ ਕਰਨ ਲਈ ਫਰਜ਼ ਸ਼ਨਾਸੀ ਕੇਵਲ ਉਥੇ ਹੋ ਸਕਦੀ ਹੈ ਜਿਥੇ ਇਹ ਸਮਝ ਹੋਵੇ ਕਿ ਹੀਰਾ ਜਨਮ ਕਿੱਸ ਕੰਮ ਵਾਸਤੇ ਮਿਲਿਆ ਹੈ। ਪਰ ਜਿਸ ਵਿਅਕਤੀ ਅੰਦਰ ਝੂਠ ਅਤੇ ਲੋਭ ਹੋਵੇ ਉਥੇ ਪਾਪ ਅਤੇ ਆਤਮਿਕ ਮੌਤ ਹੀ ਹੋ ਸਕਦੀ ਹੈ। ਉਸ ਹਿਰਦੇ ਵਿੱਚ ਇੱਕੋਓ ਦਾ ਨਿਵਾਸ ਹੁੰਦਾ ਹੈ ਜਿਸ ਦੀ ਸੁਰਤ ਸਹੀ ਹੋਵੇ ਅਤੇ ਮਨ ਵਿੱਚ ਸ਼ਾਂਤੀ ਹੋਵੇ। ੧੫੫।

(੧੪) ਹਉਮੈ ਦੀਰਘੁ ਰੋਗੁ ਹੈ ਦਾਰੂ ਭੀ ਇਸੁ ਮਾਹਿ॥

ਕਿਰਪਾ ਕਰੇ ਜਿ ਆਪਣੀ ਤਾ ਗੁਰ ਕਾ ਸਬਦੁ ਕਮਾਹਿ॥

ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ॥ ੨॥ ੧. ੧੯

ਆਸਾ ਮ: ੧ ਅ: ਗ: ਗ: ਸ: ਪੰਨਾ ੪੬੬

ਅਰਥ: ਇਹ ਹਉਮੈ ਇੱਕ ਲੰਮਾ ਰੋਗ ਹੈ ਪਰ ਇਸ ਦਾ ਇਲਾਜ ਹੋ ਸਕਦਾ ਹੈ। ਜੇ ਇੱਕੋਓ ਦੀ ਕਿਰਪਾ ਦੁਆਰਾ ਵਿਅਕਤੀ ਗੁਰੂ ਦੇ ਸਬਦ ਉੱਤੇ ਵਿਚਾਰ ਕਰ ਕੇ ਸਹੀ ਜੀਵਨ ਮਾਰਗ ਉੱਤੇ ਚੱਲਨਾ ਸ਼ੁਰੂ ਕਰ ਦੇਵੇ। ਨਾਨਕ ਆਖਦਾ ਹੈ, ਹੇ ਲੋਕੋ! ਇਸ ਤਰੀਕੇ ਨਾਲ ਹਉਮੈ ਤੋਂ ਪੈਦਾ ਹੋਏ ਦੁੱਖ ਦੂਰ ਹੋ ਸਕਦੇ ਹਨ। ੨।

(੧੫) ਮਨ ਹਠ ਬੁਧੀ ਕੇਤੀਆ ਕੇਤੇ ਬੇਦ ਬੀਚਾਰ॥

ਕੇਤੇ ਬੰਧਨ ਜੀਅ ਕੇ ਗੁਰਮੁਖਿ ਮੋਖ ਦੁਆਰੁ॥

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ॥ ੫॥ ੧੪॥ ੧. ੨੦

ਸਿਰੀ ਮ: ੧ ਅ: ਗ: ਗ: ਸ: ਪੰਨਾ ੬੨

ਅਰਥ: ਅਨੇਕਾਂ ਲੋਕਾਂ ਦੀ ਸੂਝ ਉਨ੍ਹਾਂ ਨੂੰ ਕਰਮ ਕਾਂਡਾਂ ਵੱਲ ਪ੍ਰੇਰ ਦੀ ਹੈ ਜੋ ਕੇਵਲ ਮਨ ਦੇ ਹੱਠ ਹਨ। ਅਨੇਕਾਂ ਲੋਕ ਧਰਮ ਪੁਸਤਕਾਂ ਦੀ ਪੜ੍ਹਾਈ ਅਤੇ ਵਿਚਾਰ ਨੂੰ ਹੀ ਜੀਵਨ ਦਾ ਸਹੀ ਰਾਹ ਸਮਝ ਦੇ ਹਨ। ਅਜੇਹੇ ਹੋਰ ਵੀ ਅਨੇਕਾਂ ਕਰਮ ਕਾਂਡ ਹਨ ਜੋ ਜ਼ਿੰਦਗੀ ਵਾਸਤੇ ਫਾਹੀ ਰੂਪ ਹੀ ਬਣ ਜਾਂਦੇ ਹਨ। ਪਰ ਗੁਰੂ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨਾ ਸਭ ਤੋਂ ਉੱਤਮ ਅਤੇ ਸੁੱਚਾ ਜੀਵਨ ਮਨੋਰਥ ਹੈ। ਸੱਚ ਤੋਂ ਉੱਪਰ ਹੈ ਇੱਕੋਓ ਦੀ ਮਨਸ਼ਾ ਮੁਤਾਬਿਕ ਸੱਚਾ ਜੀਵਨ ਆਚਰਨ ਜੋ ਰੋਜ਼ਾਨਾ ਜ਼ਿੰਦਗੀ ਵਿੱਚ ਸਭ ਵਾਸਤੇ ਚਾਨਣ ਮੁਨਾਰੇ ਦਾ ਪਰਤੀਕ ਹੋਵੈ। ੫। ੧੪।

ਉੱਪਰ ਦਿੱਤੇ ਸਬਦਾਂ ਦੇ ਅਰਥਾਂ ਤੋਂ ਸਪਸ਼ਟ ਹੈ ਕਿ ਇਹ ਨਸੀਅਤ ਵਿਅਕਤੀ ਨੂੰ ਕੇਵਲ ਨਿੱਜੀ ਜੀਵਨ ਵਾਸਤੇ ਦਿੱਤੀ ਗਈ ਹੈ। ਹਰ ਇੱਕ ਸਿੱਖ ਨੇ ਆਪਣੇ ਅੰਦਰ ਝਾਤੀ ਮਾਰ ਕੇ ਦੇਖਣਾ ਹੈ ਕਿ ਉਸ ਨੇ ਆਪਣੇ ਮਨ ਰੂਪੀ ਵਿਹੜੇ ਦੀ ਕਿੰਨੀ ਕੁ ਸਫਾਈ ਕਰ ਲਈ ਹੈ ਅਤੇ ਕਿੰਨਾ ਕੁ ਕਮੀਨਗੀ ਦਾ ਕੂੜਾ ਹਾਲੇ ਅੰਦਰੋਂ ਬਾਹਿਰ ਕੱਢਣਾ ਬਾਕੀ ਰਹਿ ਗਿਆ ਹੈ। ਗੁਰਦੁਆਰੇ ਆਉਣ ਦਾ ਅਸਲੀ ਮੰਤਵ ਤਾਂ ਆਪਣੇ ਆਪ ਨੂੰ ਮੁੜ ਯਾਦ ਕਰਵਉਣਾ ਹੈ ਕਿ ਗੱਲ ਕਿੱਥੋਂ ਤਕ ਅਪੜੀ ਹੈ। ਅਥਵਾ ਇਹ ਲੇਖਾ ਜੋਖਾ ਕਰਨਾ ਹੈ ਕਿ ਕੀ ਮਨ ਦੀ ਗੱਡੀ ਸਹੀ ਰਸਤੇ ਉੱਪਰ ਚੱਲ ਰਹੀ ਹੈ ਜਾਂ ਪਹੀਏ ਲਾਇਨ ਤੋਂ ਉੱਤਰੇ ਹੋਏ ਹਨ। ਸੰਗਤ ਵਿੱਚ ਬੈਠਿਆਂ ਅਤੇ ਆਦਿ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ, ਮਨ ਨੂੰ ਇਕਾਗਰ ਕਰ ਕੇ ਸੋਚਿਆਂ, ਵਿਅਕਤੀ ਗੁਰੂ ਦੀ ਕਚੈਹਿਰੀ ਵਿੱਚ ਆਪਣੇ ਦੋਸ਼ੀ ਜਾਂ ਸੁਰਖਰੂ ਹੋਣ ਦਾ ਇਹਸਾਸ ਆਪ ਕਰ ਲ਼ੈਂਦਾ ਹੈ। ਗੁਰਦੁਆਰੇ ਨੂੰ ਕਿੰਨੇ ਕੁ ਲੋਕ ਇੱਕੋਓ ਦੀ ਕਚੈਹਿਰੀ ਸਮਝ ਕੇ ਆਉਂਦੇ ਹਨ ਅਤੇ ਕਿੰਨੇ ਕਰਮ ਕਾਂਡੀ, ਮੱਥਾ ਟੇਕ ਕੇ ਅਤੇ ਡਾਲਰ ਦਾਨ ਕਰਨ ਪਿੱਛੋਂ, ਲੰਗਰ ਛਕ ਕੇ, ਏਧਰ ਔਧਰ ਦੀਆਂ ਗੱਪਾਂ ਮਾਰ ਆਪਣਾ ਮਨ ਪਰਚਾਵਾ ਕਰਨ ਆਉਂਦੇ ਹਨ; ਇਹ ਤਾਂ ਓਹੀ ਜਾਣਦੇ ਹਨ। ਇਸ ਵਿੱਚ ਉਨ੍ਹਾਂ ਦੀ ਜ਼ਾਤੀ ਜ਼ਿੰਦਗੀ ਦੇ ਗੁੱਝੇ ਸਵਾਲ ਅਤੇ ਜਵਾਬ ਸ਼ਾਮਲ ਹਨ ਜਿਨ੍ਹਾਂ ਨਾਲ ਸਮਾਜ ਦਾ ਕੋਈ ਸਿੱਧਾ ਸੰਬੰਧ ਨਹੀਂ ਹੈ।

(ਅ) ਅਸੀਂ ਦੂਜੀ ਲੜੀ ਵਿੱਚ ਸਮਾਜਿਕ ਲੋੜਾਂ ਨਾਲ ਸੰਬੰਧ ਰੱਖਣ ਵਾਲੇ ਗੁਰੂ ਸਬਦ ਅਤੇ ਇਨ੍ਹਾਂ ਦੇ ਅਰਥ ਦੇਣ ਦਾ ਯਤਨ ਕਰ ਰਹੇ ਹਾਂ। ਸਿੱਖਾਂ ਨੂੰ ਅਤੇ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਇਨ੍ਹਾਂ ਉੱਪਰ ਗੁਰੂ ਘਰਾਂ ਵਿੱਚ, ਜਿਨ੍ਹਾਂ ਨੂੰ ਗੁਰਬਾਣੀ ਵਿੱਚ ਧਰਮਸਾਲ ਵੀ ਆਖਿਆ ਗਿਆ ਹੈ, ਵਿਚਾਰ ਕਰਨ ਦੀ ਖੇਚਲ ਕਰਿਆ ਕਰਨ। ਨਿੱਜੀ ਜੀਵਨ ਦੀਆਂ ਕਮੀਆਂ ਦੂਰ ਕਰਨ ਲਈ ਇਨ੍ਹਾਂ ਉੱਤੇ ਖੁਲ੍ਹੀ ਵਿਚਾਰ ਹੀ ਹਰ ਇੱਕ ਸਿੱਖ ਨੂੰ ਨਵੀਂ ਸੇਧ ਦੇ ਸਕਦੀ ਹੈ ਅਤੇ ਇਸ ਤੋਂ ਉਪਜੀ ਜਾਣਕਾਰੀ ਸਮਾਜੀ ਪਰੰਪਰਾ ਵਿੱਚ ਲੋੜੀਂਦੀ ਤਬਦੀਲ਼ੀ ਦਾ ਮੁੱਢ ਬਣ ਸਕਦੀ ਹੈ। ਪਾਠਕਾਂ ਦੀ ਪੁੱਛ ਪੜਤਾਲ ਵਾਸਤੇ ਅਸੀਂ ਕੁੱਝ ਗੁਰੂ ਵਾਕ ਅਰਥਾਂ ਸਮੇਤ ਹੇਠਾਂ ਦੇ ਰਹੇ ਹਾਂ। ਇਸ ਲੜੀ ਵਿੱਚ ਪਾਠਕ ਚਾਹਉਣ ਤਾਂ ਹੋਰ ਗੁਰੂ ਵਾਕ ਸ਼ਾਮਲ ਕਰ ਸਕਦੇ ਹਨ।

(੧) ਹੋਇ ਇਕਤ੍ਰ ਮਿਲਹੁ ਮੇਰੇ ਭਾਈ॥ ਦੁਬਿਧਾ ਦੂਰਿ ਕਰਹੁ ਲਿਵ ਲਾਇ॥

ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ ੧॥ ੧॥ ੧੯॥ ੧. ੨੧

ਬਸੰਤ ਮ: ੫ ਅ: ਗ: ਗ: ਸ: ਪੰਨਾ ੧੧੮੫

ਅਰਥ: ਹੇ ਗੁਰਮੁਖੋ! ਸਾਧ ਸੰਗਤ ਵਿੱਚ ਇਕੱਠੇ ਹੋ ਕੇ ਬੈਠਿਆ ਕਰੋ ਅਤੇ ਮਨ ਵਿਚਲੀ ਕਿਸੇ ਪਰਕਾਰ ਦੀ ਦੁਬਿਦਾ ਨੂੰ ਪ੍ਰੇਮ ਪਿਆਰ ਨਾਲ ਗੱਲ ਬਾਤ ਰਾਹੀਂ ਦੂਰ ਕਰਿਆ ਕਰੋ। ਇੱਕੋਓ ਦੇ ਨਾਮ ਦਾ ਆਸਰਾ ਲੈ ਕੇ ਚੌਂਪਟ ਦੇ ਖਿਡਾਰੀਆਂ ਦੀ ਤਰ੍ਹਾਂ ਸਫਾ ਵਿਛਾ ਕੇ ਬੈਠਣ ਨਾਲ ਅਤੇ ਪ੍ਰੇਮ ਪਿਆਰ ਦੀ ਸਹਾਇਤਾ ਨਾਲ ਗੰਭੀਰ ਮਸਲੇ ਵੀ ਹੱਲ ਹੋ ਜਾਂਦੇ ਹਨ। ੧। ੧। ੧੯।

(੨) ਜਬ ਲਗੁ ਦੁਨੀਆ ਰਹੀਐ ਨਾਨਕ ਕਿਛੁ ਸੁਣੀਐ ਕਿਛੁ ਕਹੀਐ॥

ਭਾਲਿ ਰਹੇ ਹਮ ਰਹਣੁ ਨ ਪਾਇਆ ਜੀਵਤਿਆ ਮਰਿ ਰਹੀਐ॥ ੫॥ ੨॥ ੧. ੨੨

ਧਨਾਸਰੀ ਮ: ੧ ਅ: ਗ: ਗ: ਸ: ਪੰਨਾ ੬੬੦

ਅਰਥ: ਹੇ ਨਾਨਕ! ਜਦ ਤਕ ਦੁਨੀਆਂ ਵਿੱਚ ਜੀਉਣਾ ਹੈ, ਸੰਗਤ ਵਿੱਚ ਸਿਆਣੇ ਪੁਰਸ਼ਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਆਪ ਵੀ ਗੱਲ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਹੀ ਦੁਨੀਆਂ ਵਿੱਚ ਜੀਉਣ ਦਾ ਠੀਕ ਢੰਗ ਲੱਭ ਸਕਦਾ ਹੈ। ਅਸੀਂ ਜੀਵਨ ਦੇ ਮਨੋਰਥ ਦੀ ਤਲਾਸ਼ ਕਰ ਚੁਕੇ ਹਾਂ ਅਤੇ ਇਸ ਨਤੀਜੇ ਉੱਤੇ ਪੁੱਜੇ ਹਾਂ ਕਿ ਮੋਹ ਅਤੇ ਮਾਇਆ ਦੀ ਮੱਮਤਾ ਨੂੰ ਮਾਰ ਕੇ ਹੀ ਜੀਵਨ ਦਾ ਸਫਰ ਸੌਖਾ ਅਤੇ ਸਫਲਾ ਹੋ ਸਕ ਦਾ ਹੈ। ੫। ੨।

(3) ਬਿਖੁ ਮਹਿ ਅੰਮ੍ਰਿਤੁ ਸਿੰਚੀਐ ਬਿਖੁ ਕਾ ਫਲੁ ਪਾਇਆ॥

ਨਾਨਕ ਸੰਗਤਿ ਮੇਲਿ ਹਰਿ ਸਭ ਬਿਖੁ ਲਹਿ ਜਾਇਆ॥ ੧੬॥ ੧. ੨੩

ਸਾਰੰਗ ਮ: ੧ ਅ: ਗ: ਗ: ਸ: ਪੰਨਾ ੧੨੪੪

ਅਰਥ: ਜੇ ਜ਼ਹਿਰ ਵਿੱਚ ਅੰਮ੍ਰਿਤ ਮਿਲਾ ਦੇਈਏ ਤਾਂ ਉਹ ਅੰਮ੍ਰਿਤ ਨਹੀਂ ਬਣਦੀ, ਅਥਵਾ ਜ਼ਹਿਰ ਵਾਲੇ ਗੁਣ ਹੀ ਸਾਂਭ ਕੇ ਰੱਖਦੀ ਹੈ। ਹੇ ਨਾਨਕ! ਜੇ ਇੱਕੋਓ (ਗੁਰਮੁੱਖਾਂ ਦੀ) ਸੰਗਤ ਬਖਸ਼ ਦੇਵੇ ਤਾਂ (ਮਨ ਵਿਚੋਂ ਮਾਇਆ ਦੇ ਮੋਹ ਵਾਲੀ) ਸਾਰੀ ਜ਼ਹਿਰ ਨਾਸ਼ ਹੋ ਜਾਂਦੀ ਹੈ। ੧੬। (੪)

(4) ਗਿਆਨ ਖੜਗ ਪੰਚ ਦੂਤ ਸੰਘਾਰੇ ਗੁਰਮਤਿ ਜਾਗੈ ਸੋਇ॥

ਨਾਮ ਰਤਨੁ ਪਰਗਾਸਿਆ ਮਨੁ ਤਨੁ ਨਿਰਮਲੁ ਹੋਇ॥ ੧੪॥ ੧. ੨੪

ਮ: ੩ ਅ: ਗ: ਗ: ਸ: ਪੰਨਾ ੧੪੧੩

ਅਰਥ: ਹੇ ਗੁਰਮੁਖਿ! ਜਿਹੜਾ ਵਿਅਕਤੀ ਆਤਮਿਕ ਜੀਵਨ ਦੀ ਸੂਝ ਦੀ ਤਲਵਾਰ ਨਾਲ ਪੰਜ ਔਗੁਣਾਂ {ਕਾਮ, ਕ੍ਰੋਧ, ਲੋਭ, ਮੋਹ, ਹੰਕਾਰ} ਨੂੰ ਆਪਣੇ ਜੀਵਨ ਵਿੱਚ ਕਾਬੂ ਕਰ ਲੈਂਦਾ ਹੈ, ਸਮਝੋ ਉਸ ਅੰਦਰ ਇੱਕੋਓ ਵਲੋਂ ਗਿਆਨ ਦਾ ਚਾਨਣ ਹੋ ਗਿਆ ਹੈ। ਇਹ ਅਜੇਹੇ ਵਿਅਕਤੀ ਦੇ ਮਨ ਅਤੇ ਤਨ ਦੇ ਪਵਿੱਤਰ ਹੋ ਜਾਣ ਦਾ ਚਿਨ੍ਹ ਹੈ। ੧੪।

(੫) ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥ ੧॥ ੨੨॥ ੧. ੨੫

ਮ: ੧ ਅ: ਗ: ਗ: ਸ: ਪੰਨਾ ੧੨੪੫

ਅਰਥ: ਜੇਹੜਾ ਵਿਅਕਤੀ ਕਮਾ ਕੇ ਆਪ ਖਾਂਦਾ ਹੈ ਅਤੇ ਆਪਣੀ ਕਮਾਈ ਵਿਚੋਂ ਕੁੱਝ ਗਰੀਬਾਂ ਨੂੰ ਵੀ ਦੇਂਦਾ ਹੈ, ਹੇ ਨਾਨਕ! ਅਜੇਹੇ ਵਿਅਕਤੀ ਨੇ ਜੀਵਨ ਦਾ ਸਹੀ ਰਾਹ ਪਛਾਣ ਲਿਆ ਹੈ। ੧। ੨੨।

(੬) ਧ੍ਰਿਗੁ ਤਿਨ੍ਹਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ॥

ਖੇਤੀ ਜਿਨ ਕੀ ਉਜੜੈ ਖਲਵਾੜੈ ਕਿਆ ਥਾਉ॥ ੧॥ ੧. ੨੬

ਮ: ੧ ਅ: ਗ: ਗ: ਸ: ਪੰਨਾ ੧੨੪੫

ਅਰਥ: ਜੇਹੜਾ ਵਿਅਕਤੀ ਇੱਕੋਓ ਦੇ ਨਾਮ (ਤਾਗੇ, ਤਾਵੀਜ਼ਾਂ, ਹੱਥ ਦੀਆਂ ਰੇਖਾਂ ਵੇਖ ਕੇ, ਸਧਾਰਨ ਪਾਠ, ਜਾਂ ਅਖੰਡ ਪਾਠ) ਨੂੰ ਵੇਚ ਕੇ ਸਿੱਖਾਂ ਤੋਂ ਪੈਸੇ ਲੈਂਦੇ ਹਨ, ਉਨ੍ਹਾਂ ਦੇ ਜੀਉਣ ਨੂੰ ਲੱਖ ਲਾਨ੍ਹਤ ਹੈ। ਅਜੇਹੇ ਵਿਅਕਤੀਆਂ ਦੀ ਭਗਤੀ ਅਤੇ ਸੇਵਾ ਨਾਲੋ ਨਾਲ ਵਿਅਰਥ ਹੁੰਦੀ ਜਾਂਦੀ ਹੈ। ਜਿਨ੍ਹਾਂ ਦੀ ਖੇਤੀ ਹੀ ਉੱਜੜ ਗਈ ਹੋਵੇ ਉਨ੍ਹਾਂ ਨੇ ਖਲਵਾੜੇ ਵਿੱਚ ਕੀ ਲਉਣਾ ਹੈ। ਅਥਵਾ ਇਨ੍ਹਾਂ ਦੀ ਭਜਨ ਬੰਦਗੀ ਤਾਂ ਇਨ੍ਹਾਂ ਠੱਗੀਆਂ ਅਤੇ ਚਤੁਰਾਈਆਂ ਦੁਆਰਾ ਨਿਹਫਲ ਹੋ ਗਈ ਹੈ, ਹੁਣ ਹੋਰ ਕੀ ਲੋੜਦੇ ਹਨ। ੧।

(੭) ਸੰਤੁ ਮਿਲੈ ਕਿਛੁ ਸੁਨੀਐ ਕਹੀਐ॥

ਮਿਲੈ ਅਸੰਤੁ ਮਸਟਿ ਕਰਿ ਰਹੀਐ॥ ੧॥ ੧॥ ੧. ੨੭

ਗੌਂਡ ਕਬੀਰ ਅ: ਗ: ਗ: ਸ: ਪੰਨਾ ੮੭੦

ਅਰਥ: ਜੇ ਕੋਈ ਭਲਾ ਵਿਅਕਤੀ ਮਿਲ ਜਾਏ ਉਸ ਦੀ ਸਿੱਖਿਆ ਸੁਣਨੀ ਚਾਹੀਦੀ ਹੈ ਅਤੇ ਉਸ ਤੋਂ ਜੀਵਨ ਬਾਰੇ ਹੋਰ ਪੁੱਛ ਪੜਤਾਲ ਵੀ ਕਰਨੀ ਚਾਹੀਦੀ ਹੈ। ਜੇ ਕਿਤੇ ਭੈੜਾ ਵਿਅਕਤੀ ਮਿਲ ਜਾਏ, ਓਥੇ ਚੁੱਪ ਧਾਰਨੀ ਹੀ ਠੀਕ ਹੈ। ੧। ੧।

(੮) ਸੇਵ ਕੀਤੀ ਸੰਤੋਖੀਈ ਜਿਨ ਸਚੋ ਸਚੁ ਧਿਆਇਆ॥

ਓਨ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ॥

ਓਨ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ॥

ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ॥

ਵਡਿਆਈ ਵਡਾ ਪਾਇਆ॥ ੭॥ ੧. ੨੮

ਆਸਾ ਮ: ੧ ਅਗ: ਗ: ਸ: ਪੰਨਾ ੪੬੬

ਅਰਥ: ਸੰਤੋਖੀ ਵਿਅਕਤੀ ਇੱਕੋਓ ਦੇ ਹੁਕਮ ਵਿੱਚ ਚੱਲਦੇ ਹਨ ਅਤੇ ਉਸ ਦੀ ਸੇਵਾ ਵਿੱਚ ਜੀਵਨ ਸਰਫ ਕਰਦੇ ਹਨ। ਉਹ ਮੰਦੇ ਕੰਮ ਤੋਂ ਦੂਰ ਹੀ ਰਹਿੰਦੇ ਹਨ ਅਤੇ ਧਾਰਮਿਕ ਨਿਯਮਾਂ ਅਨੁਸਾਰ ਜੀਵਨ ਬਤੀਤ ਕਰਦੇ ਹਨ। ਉਹ ਦੁਨੀਆ ਦੇ ਮੋਹ ਮਾਇਆ ਦੇ ਬੰਧਨਾਂ ਨੂੰ ਤੋੜ ਦੇਂਦੇ ਹਨ ਅਤੇ ਲੋੜ ਮੁਤਾਬਿਕ ਹੀ ਖਾਂਦੇ ਅਤੇ ਪੀਂਦੇ ਹਨ। ਹੇ ਇੱਕੋਓ! ਜੀਵ ਤੇਰੀਆਂ ਬਖਸ਼ਸ਼ਾਂ ਦੇ ਆਸਰੇ ਹੀ ਜੀਉਂਦੇ ਹਨ। ੭। ਅਕਾਲਪੁਰਖ ਦੀ ਸਿਫਤ ਸਾਲਾਹ ਕਰ ਕੇ ਹੀ ਸੰਤੋਖੀ ਵਿਅਕਤੀ ਉਸ ਨੂੰ ਪ੍ਰਾਪਤ ਕਰ ਦੇ ਹਨ। ੭।

(੯) ਚਿਟੇ ਜਿਨ ਕੇ ਕਪੜੇ ਮੈਲੇ ਚਿਤ ਕਠੋਰ ਜੀਉ॥

ਤਿਨ ਮੁਖਿ ਨਾਮੁ ਨ ਉਪਜੈ ਦੂਜੈ ਵਿਆਪੇ ਚੋਰ ਜੀਉ॥

ਮੂਲੁ ਨ ਬੂਝਹਿ ਆਪਣਾ ਸੇ ਪਸੂਆ ਸੇ ਢੋਰ ਜੀਉ॥ ੩॥ ੧॥ ੨॥ ੧. ੨੯

ਸੂਹੀ ਮ: ੧ ਅ: ਗ: ਗ: ਸ: ਪੰਨਾ ੭੫੧

ਅਰਥ: ਚਿਟਕਪੜੇ ਵਿਅਕਤੀ ਵੇਖਣ ਨੂੰ ਭਾਵੇਂ ਬਗਲੇ ਭਗਤ ਜਾਪਦੇ ਹਨ, ਪਰ ਇਨ੍ਹਾਂ ਦੇ ਮਨ ਮਾਇਆ ਦੀ ਮੈਲ ਨਾਲ ਭਰੇ ਹੋਏ ਹਨ। ਇਨ੍ਹਾਂ ਦਾ ਜੀਵਨ ਪਸੂਆਂ ਵਾਲਾ ਅਤੇ ਮੂਰਖਤਾ ਨਾਲ ਭਰਪੂਰ ਹੁੰਦਾ ਹੈ। ਇਨ੍ਹਾਂ ਦਾ ਮਨ ਵੀ ਨਿਰਦਈ ਅਤੇ ਚੋਰਾਂ ਵਰਗਾ ਹੈ ਜੋ ਗਰੀਬ ਦੇ ਘਰ ਵਿੱਚ ਚੋਰੀ ਕਰ ਖੁਸ਼ ਹੁੰਦੇ ਹਨ ਅਤੇ ਸ਼ੇਖੀ ਮਾਰਦੇ ਹਨ। ਇਹ ਇੱਕੋਓ ਨੂੰ ਭੁੱਲ ਕੇ ਮਾਇਆ ਦੇ ਮੋਹ ਵਿੱਚ ਫਸੇ ਫਿਰਦੇ ਹਨ। ੩। ੧। ੨।

(੧੦) ਪਾਠੁ ਪੜੈ ਮੁਖਿ ਝੂਠੋ ਬੋਲੈ ਨਿਗੁਰੇ ਕੀ ਮਤਿ ਓਹੈ॥

ਨਾਮੁ ਨ ਜਪਈ ਕਿਉ ਸੁਖੁ ਪਾਵੈ ਬਿਨੁ ਨਾਵੈ ਕਿਉ ਸੋਹੈ॥ ੪॥ ੭॥ ੧. ੩੦

ਮਾਰੂ ਮ: ੧ ਅ: ਗ: ਗ: ਸ: ਪੰਨਾ ੧੦੧੨

ਅਰਥ: ਵਿਅਕਤੀ ਧਰਮ ਪੁਸਤਕਾਂ ਦਾ ਪਾਠ ਕਰ ਦਾ ਹੈ ਪਰ ਮੂੰਹ ਤੋਂ ਝੂਠ ਬੋਲਦਾ ਹੈ। ਉਸ ਦੀ ਮਤ ਨਿਗੁਰੇ ਵਿਅਕਤੀ ਵਰਗੀ ਹੀ ਰਹਿੰਦੀ ਹੈ, ਦਿਖਾਵਾ ਭਾਵੇਂ ਤਿਆਗੀਆਂ ਵਰਗਾ ਕਰਦਾ ਹੈ। ਇੱਕੋਓ ਦੇ ਹੁਕਮ ਨੂੰ ਜੋ ਵਿਅਕਤੀ ਮੰਨਣ ਲਈ ਤਿਆਰ ਨਹੀਂ ਉਹ ਸੁੱਖ ਕਿਵੇਂ ਪ੍ਰਾਪਤ ਕਰ ਸਕਦਾ ਹੈ। ੪। ੭।

(੧੧) ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ॥ ਨਾਮੁ ਨ ਬੂਝਹਿ ਭਰਮਿ ਭੁਲਾਨਾ॥

ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ॥ ੩॥ ੬॥ ੧੨॥ ੧. ੩੧

ਮਾਰੂ ਮ: ੧ ਅ: ਗ: ਗ: ਸ: ਪੰਨਾ ੧੦੩੨

ਅਰਥ: ਮਨਮਰਜ਼ੀ ਕਰਨ ਵਾਲੇ ਵਿਅਕਤੀ ਧਾਰਮਿਕ ਪੁਸਤਕਾਂ ਤਾਂ ਪੜ੍ਹਦੇ ਹਨ ਪਰ ਦਿਖਾਵੈ ਵਾਸਤੇ। ਉਹ ਵਿਅਕਤੀ ਇਨ੍ਹਾਂ ਪੁਸਤਕਾਂ ਤੋਂ ਕੁੱਝ ਸਿੱਖਣ ਲਈ ਇਨ੍ਹਾਂ ਨੂੰ ਨਹੀਂ ਪੜ੍ਹਦੇ। ਇਹ ਇੱਕੋਓ ਤੋਂ ਬੇਮੁੱਖ ਵਿਅਕਤੀ ਮਾਇਆ ਦੇ ਜਾਲ ਵਿੱਚ ਭੱਟਕਦੇ ਫਿਰਦੇ ਹੀ ਜੀਵਨ ਗੁਜ਼ਾਰ ਦੇਂਦੇ ਹਨ। ਮਾਇਆ ਖਾਤਰ ਇਹ ਰਿਸ਼ਵਤ ਲੈ ਕੇ ਝੂਠੇ ਗਵਾਹ ਵੀ ਬਣ ਜਾਂਦੇ ਹਨ ਅਤੇ ਆਪਣੇ ਆਪ ਨੂੰ ਚਤੁਰ ਅਤੇ ਸਿਆਣੇ ਸਮਝਦੇ ਹਨ। ਉਹ ਇਹ ਨਹੀਂ ਜਾਣਦੇ ਕਿ ਅੰਤ ਨੂੰ ਇਸ ਮਾੜੀ ਮੱਤ ਦੀ ਫਾਹੀ ਨੇ ਹੀ ਇਨ੍ਹਾਂ ਨੂੰ ਕਾਬੂ ਕਰ ਕੇ ਦੁਖੀ ਕਰਨਾ ਹੈ। ੩। ੬। ੧੨।

(੧੨) ਇਕਨਾ ਸੁਧਿ ਨ ਬੁਧਿ ਨ ਅਕਲੀ ਸਰ ਅਖਰ ਕਾ ਭੇਉ ਨ ਲਹੰਤਿ॥

ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ॥ ੨॥ ੨੨॥ ੧. ੩੨

ਸਾਰੰਗ ਮ: ੧ ਅ: ਗ: ਗ: ਸ: ਪੰਨਾ ੧੨੪੫

ਅਰਥ: ਕਈ ਵਿਅਕਤੀ ਅਜੇਹੇ ਹਨ ਜਿਨ੍ਹਾਂ ਕੋਲ ਕੋਈ ਸੂਝ ਜਾਂ ਸਮਝ ਨਹੀਂ ਅਤੇ ਨਾ ਹੀ ਉਨ੍ਹਾਂ ਨੂੰ ਅਕਲ ਹੈ ਕਿ ਇੱਕ ਅੱਖਰ ਵੀ ਪੜ੍ਹ ਸਕਣ। ਹੇ ਨਾਨਕ! ਜਿਨ੍ਹਾਂ ਕੋਲ ਕੋਈ ਗੁਣ ਨਹੀਂ, ਕੇਵਲ ਹੰਕਾਰ ਹੀ ਹੈ। ਅਜੇਹੇ ਵਿਅਕਤੀ ਖਾਲਸ ਖੋਤੇ ਹੀ ਹਨ। ੨। ੨੨।

(੧੩) ਧਨ ਪਿਰੁ ਏਹਿ ਨ ਆਖੀਅਨ੍ਹਿ ਬਹਿਨ ਇਕਠੇ ਹੋਇ॥

ਏਕ ਜੋਤਿ ਦੁਇ ਮੂਰਤੀ ਧਨ ਪਿਰੁ ਕਹੀਐ ਸੋਇ॥ ੩॥ ੯॥ ੧. ੩੩

ਸੂਹੀ ਮ: ੩ ਅ: ਗ: ਗ: ਸ: ਪੰਨਾ ੭੮੮

ਅਰਥ: ਜੋ (ਕੇਵਲ ਸਰੀਰਕ ਤੌਰ ਤੇ) ਰਲ਼ ਕੇ ਬਹਿਣ ਉਨ੍ਹਾਂ ਨੂੰ ਅਸਲ ਇਸਤ੍ਰੀ ਅਤੇ ਖਾਵੰਦ ਨਹੀਂ ਆਖੀਦਾ, ਜਿਨ੍ਹਾਂ ਦੇ ਦੋਹਾਂ ਸਰੀਰਾਂ ਵਿੱਚ ਇੱਕ ਹੀ ਆਤਮਾ ਵੱਸਣ ਲੱਗ ਪਏ ਉਹ ਇਸਤ੍ਰੀ ਅਤੇ ਪਤੀ ਆਖੇ ਜਾਂਦੇ ਹਨ। ੩। ੯।

(੧੪) ਭੰਡ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ॥

ਭੰਡ ਹੋਵੇ ਦੋਸਤੀ ਭੰਡਹੁ ਚਲੈ ਰਾਹੁ॥

ਭੰਡੁ ਮੂਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨ॥

ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥

ਭੰਡੁਹ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ॥

ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ॥ ੨॥ ੧. ੩੪

ਆਸਾ ਮ: ੧ ਅ: ਗ: ਗ: ਸ: ਪੰਨਾ ੮੭੩

ਅਰਥ: ਇਸਤ੍ਰੀ ਦੇ ਪੇਟ ਵਿੱਚ ਹੀ ਪਰਾਣੀ ਦਾ ਸਰੀਰ ਬਣਦਾ ਹੈ ਅਤੇ ਇਸਤ੍ਰੀ ਤੋਂ ਹੀ ਜਨਮ ਲਈਦਾ ਹੈ। ਇਸਤ੍ਰੀ ਦੇ ਨਾਲ ਹੀ ਵਿਆਹ ਹੁੰਦਾ ਹੈ ਅਤੇ ਉਸ ਦੇ ਰਾਹੀਂ ਹੀ ਹੋਰ ਲੋਕਾਂ ਨਾਲ ਦੋਸਤੀ ਬਣਦੀ ਹੈ। ਇਸਤ੍ਰੀ ਤੋਂ ਹੀ ਉਤਪਤੀ ਦੀ ਲੜੀ ਅੱਗੇ ਤੁਰਦੀ ਹੈ। ਜੇ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਨਾਲ ਵਿਆਹ ਹੁੰਦਾ ਹੈ। ਇਸਤ੍ਰੀ ਰਾਹੀਂ ਹੀ ਹੋਰ ਕਈ ਪਰਕਾਰ ਦੀਆਂ ਰਿਸ਼ਤੇਦਾਰੀਆਂ ਬਣਦੀਆਂ ਹਨ। ਜਿਸ ਇਸਤ੍ਰੀ ਤੋਂ ਰਾਜੇ ਪੈਦਾ ਹੁੰਦੇ ਹਨ ਉਸ ਨੂੰ ਮੰਦਾ ਕਹਿਣਾ ਠੀਕ ਨਹੀਂ। ਇਸਤ੍ਰੀ ਤੋਂ ਹੀ ਇਸਤ੍ਰੀ ਪੈਦਾ ਹੁੰਦੀ ਹੈ। ਹੇ ਨਾਨਕ! ਕੇਵਲ ਇੱਕੋਓ ਹੀ ਇਸਤ੍ਰੀ ਤੋਂ ਪੈਦਾ ਨਹੀਂ ਹੁੰਦਾ। ੨।

(੧੫) ਹਕੁ ਪਰਾਇਆ ਨਾਨਕਾ ਉਸੁ ਸੂਅਰੁ ਉਸ ਗਾਇ॥

ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥ ੨॥ ੧. ੩੫

ਮਾਝ ਮ: ੧ ਅ: ਗ: ਗ: ਸ: ਪੰਨਾ ੧੪੦

ਅਰਥ: ਹੇ ਨਾਨਕ! ਪਰਾਇਆ ਹੱਕ ਖੋਹ ਕੇ ਖਾਣਾ ਮੁਸਲਮਾਨ ਲਈ ਸੂਰ ਖਾਣਾ ਹੈ, ਹਿੰਦੂ ਲਈ ਗਊ ਖਾਣਾ ਹੈ ਅਤੇ ਬੁੱਧ ਧਰਮ ਮੰਨਣ ਵਾਲੇ ਲਈ ਮੁਰਦਾਰ ਖਾਣਾ ਹੈ। ਗੁਰੂ ਜਾਂ ਪੀਰ ਵਿਅਕਤੀ ਨੂੰ ਆਸਰਾ ਤਾਂ ਹੀ ਦੇਂਦਾ ਹੈ ਜੇ ਉਹ ਪਰਾਇਆ ਹੱਕ ਖੋਹਣਾ ਅਤੇ ਵਰਤਣਾ ਬੁਰਾ ਸਮਝ ਦਾ ਹੈ। ੨।

(੧੬) ਸਸੈ ਸੰਜਮ ਗਇਓ ਮੂੜੇ ਏਕੁ ਦਾਨੁ ਤੁਧੁ ਕੁਥਾਇ ਲਇਆ॥

ਸਾਈ ਪੁਰ੍ਰੀ ਜਜਮਾਨ ਕੀ ਸਾ ਤੇਰੀ ਏਤੁ ਧਾਨਿ ਖਾਧੈ ਤੇਰਾ ਜਨਮੁ ਗਇਆ॥ ੬॥ ੧. ੩੬

ਆਸਾ ਮ: ੩ ਅ: ਗ: ਗ: ਸ: ਪੰਨਾ ੪੩੫

ਅਰਥ: (ਆਪਣੇ ਆਪ ਨੂੰ ਧਾਰਮਿਕ ਆਗੂ ਸਮਝਣ ਵਾਲੇ) ਹੇ ਮੂਰਖ! (ਕੇਵਲ ਪੜ੍ਹਾਈ ਦੁਆਰਾ ਮਾਇਆਧਾਰੀ ਬਣ) ਤੂੰ ਜੀਵਨ-ਜੁਗਤ ਵੀ ਗੁਆ ਬੈਠਾ ਹੈਂ। (ਜਿਨ੍ਹਾਂ ਦੇ ਚੜਾਵੇ ਦੇ ਆਸਰੇ ਤੂੰ ਟੱਬਰ ਪਾਲਦਾ ਹੈਂ) ਉਨ੍ਹਾਂ ਦੀ ਲੜਕੀ ਦੇ ਵਿਆਹ ਕਰਨ ਦੇ ਵੀ ਤੂੰ ਪੈਸੇ ਲੈਂਦਾ ਹੈਂ। ਕੀ ਉਹ ਤੇਰੀ ਵੀ ਧੀ ਨਹੀਂ? ਇਨ੍ਹਾਂ ਪੈਸਿਆਂ ਨਾਲ ਤੂੰ ਆਪਣਾ ਆਤਮਿਕ ਜੀਵਨ ਗੁਆ ਲਇਆ ਹੈ ਜੋ ਤੇਰੇ ਵਾਸਤੇ ਮਾੜਾ ਕੰਮ ਹੈ। ੬।

(੧੭) ਲੈ ਭਾੜਿ ਕਰੇ ਵੀਆਹੁ॥

ਕਢਿ ਕਾਗਲੁ ਦਸੇ ਰਾਹੁ॥

ਸੁਣਿ ਵੇਖਹੁ ਲੋਕਾ ਏਹੁ ਵਿਡਾਣੁ॥

ਮਨਿ ਅੰਧਾ ਨਾਉ ਸੁਜਾਣੁ॥ ੪॥ ੧੫॥ ੧. ੩੭

ਆਸਾ ਮ: ੧ ਅ: ਗ: ਗ: ਸ: ਪੰਨਾ ੪੭੧

ਅਰਥ: ਲੋਕਾਂ ਦੀਆਂ ਧੀਆਂ ਅਤੇ ਭੈਣਾਂ ਦੇ ਵਿਆਹ ਕਰਨ ਦੇ ਪੈਸੇ ਲੈਂਦਾ ਹੈ। ਸਫਰ ਉੱਤੇ ਜਾਣ ਦਾ ਮਹੂਰਤ ਦੱਸਣ ਲਈ ਪੱਤਰੀ ਖ੍ਹੋਲਦਾ ਹੈ ਅਤੇ ਮਹੂਰਤ ਚੰਗਾ ਦੱਸਣ ਦੇ ਪੈਸੇ ਮੰਗਦਾ ਹੈ। ਹੇ ਲੋਕੋ! ਸੁਣੋ, ਵੇਖੋ ਇਹ ਅਸਚਰਜ ਤਮਾਸ਼ਾ! ਆਪ ਤਾਂ ਅੰਨ੍ਹਾਂ ਅਤੇ ਅਗਿਆਨੀ ਹੈ ਪਰ ਆਪਣੇ ਆਪ ਨੂੰ ਸਿਆਣਾ ਅਖਵਾਉਂਦਾ ਹੈ। ੪। ੧੫।

(੧੮) ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ॥

ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ॥ ੧੫॥ ੧. ੩੮

ਮਾਰੂ ਮ: ੫ ਅ: ਗ: ਗ: ਸ: ਪੰਨਾ ੧੦੯੯

ਅਰਥ: (ਮਾਇਆ ਵਿੱਚ ਮਸਤ ਮਨਮੁੱਖ ਜੇ ਕੋਈ) ਬਚਨ ਕਰਦਾ ਹੈ ਅਤੇ ਉਸ ਤੋਂ ਫਿਰ ਜਾਂਦਾ ਹੈ, ਉਹ ਸਦਾ ਝੂਠ ਬੋਲਦਾ ਹੈ। ਅਜੇਹਾ ਵਿਅਕਤੀ ਝੂਠ ਮਾਰਨ ਦਾ ਆਦੀ ਹੁੰਦਾ ਹੈ ਅਤੇ ਉਸ ਉੱਤੇ ਕੋਈ ਭਰੋਸਾ ਨਹੀਂ ਕਰਦਾ। ੧੫।

(੧੯) ਹੋਰਿ ਮਨਮੁਖਿ ਦਾਜੁ ਜਿ ਰਖਿ ਦਿਖਾਲਹਿ ਸੁ ਕੂੜੁ ਅਹੰਕਾਰੁ ਕਚੁ ਪਾਜੋ॥

ਹਰਿ ਪ੍ਰਭ ਮੇਰੇ ਬਾਬੁਲਾ ਹਰਿ ਦਵੇਹੁ ਦਾਨੁ ਮੈ ਦਾਜੋ॥ ੪॥ ੧. ੩੯

ਸਿਰੀ ਮ: ੪ ਅ: ਗ: ਗ: ਸ; ਪੰਨਾ ੭੭

ਅਰਥ: ਮਨਮੁੱਖੀ ਵਿਅਕਤੀ ਆਪਣੇ ਹੰਕਾਰੀ ਮਨ ਨੂੰ ਖੁਸ਼ ਕਰਨ ਲਈ ਦਾਜ ਦਾ ਦਿਖਾਵਾ ਕਰ ਦੇ ਹਨ ਅਤੇ ਝੂਠੀ ਪ੍ਰਸੰਸਾ ਹਾਸਲ ਕਰਦੇ ਹਨ। ਹੇ ਮੇਰੇ ਪਿਤਾ ਰੂਪੀ ਇੱਕੋਓ! ਮੈਨੂੰ ਇੱਕੋਓ ਦੇ ਹੁਕਮ ਵਿੱਚ ਚੱਲ ਦੇ ਰਹਿਣ ਦਾ ਦਾਨ ਦੇਹ। ਮੈਨੂੰ ਹੋਰ ਕਿਸੇ ਵਸਤੂ ਦੀ ਲੋੜ ਨਹੀਂ। ੪।

(੨੦) ਬੇਦ ਪੁਰਾਨ ਸਿਮ੍ਰਿਤਿ ਕੋ ਮਤੁ ਸੁਨਿ ਨਿਮਖ ਨ ਹੀਏ ਬਸਾਵੈ॥

ਪਰ ਧਨ ਪਰ ਦਾਰਾ ਸਿਉ ਰਚਿਓ ਬਿਰਥਾ ਜਨਮੁ ਸਿਰਾਵੈ॥ ੧॥ ੭॥ ੧. ੪੦

ਸੋਰਠਿ ਮ: ੯ ਅ: ਗ: ਗ: ਸ: ਪੰਨਾ ੬੩੨

ਅਰਥ: ਵੇਦਾਂ, ਪੁਰਾਣਾਂ ਅਤੇ ਸਿੰਮ੍ਰਿਤੀਆਂ ਦਾ ਉਪਦੇਸ਼ ਵਿਅਕਤੀ ਸੁਣਦਾ ਤਾਂ ਹੈ ਪਰ ਪਲ ਭਰ ਲਈ ਵੀ ਹਿਰਦੇ ਵਿੱਚ ਨਹੀਂ ਵਸਾਉਂਦਾ। ਪਰਾਏ ਧਨ ਅਤੇ ਪਰਾਈ ਇਸਤ੍ਰੀ ਦੇ ਮੋਹ ਵਿੱਚ ਮਸਤ ਰਹਿੰਦਾ ਹੈ। ਆਪਣਾ ਜਨਮ ਵਿਅਰਥ ਬਤੀਤ ਕਰ ਦੇਂਦਾ ਹੈ। ੧। ੭।

(੨੧) ਕਰਤੂਤਿ ਪਸੂ ਕੀ ਮਾਨਸ ਜਾਤਿ॥ ਲੋਕ ਪਚਾਰਾ ਕਰੈ ਦਿਨੁ ਰਾਤਿ॥ ੧॥ ੫॥ ੪॥ ੧. ੪੧

ਗਉੜੀ ਮ: ੫ ਅ: ਗ: ਗ: ਸ: ਪੰਨਾ ੨੬੭

ਅਰਥ: ਜਨਮ ਭਾਵੇਂ ਮਨੁੱਖ-ਸ਼੍ਰੇਣੀ ਵਿੱਚ ਹੋਇਆ ਹੈ ਪਰ ਲੱਛਣ ਪਸੂਆਂ ਵਾਲੇ ਹਨ। ਦਿਨ ਅਤੇ ਰਾਤ ਲੋਕਾਂ ਵਾਸਤੇ ਵਖਾਵਾ ਕਰ ਕੇ ਜੀਵਨ ਬੇਅਰਥ ਗੁਆ ਰਿਹਾ ਹੈ। ੧। ੫। ੪।

(੨੨) ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹਾਲਿ॥ . . ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ॥ ੨੧੩॥ ੧. ੪੨

ਕਬੀਰ ਅ: ਗ: ਗ: ਸ: ਪੰਨਾ ੧੩੭੬

ਅਰਥ: ਨਾਮਦੇਵ ਤ੍ਰਿਲੋਚਨ ਨੂੰ ਉੱਤਰ ਦੇਂਦਾ ਹੈ। ਹੇ ਤ੍ਰਿਲੋਚਨ! ਤੂੰ ਹੱਥਾਂ ਅਤੇ ਪੈਰਾਂ ਨਾਲ ਆਪਣਾ ਕੰਮ-ਕਾਜ ਕਰੀ ਜਾ ਪਰ ਆਪਣਾ ਚਿੱਤ ਇੱਕੋਓ ਨਾਲ ਜੋੜੀ ਰੱਖ। ਇੰਜ ਕਰਨ ਨਾਲ ਤੂੰ ਆਪਣੇ ਮਨ ਦਾ ਮਨੋਰਥ ਪੂਰਾ ਕਰ ਲਵੇਂ ਗਾ। ੨੧੩।

ਇਸ ਦੂਜੀ ਲੜੀ ਵਿੱਚ ਦਿੱਤੇ ਗੁਰੂ ਵਾਕਾਂ ਵਿੱਚ ਸਮਾਜੀ ਜੀਵਨ ਨਾਲ ਸੰਬੰਧਤ ਮਸਲਿਆਂ ਬਾਰੇ ਗੁਰਸਿੱਖ ਦਾ ਵਤੀਰਾ ਅਤੇ ਇਸ ਨੂੰ ਸਿੱਖਿਆ ਦੁਆਰਾ ਸਮਝਉਣ ਅਤੇ ਸੁਲਝਉਣ ਦਾ ਉਪਾ ਦਿੱਤਾ ਗਿਆ ਹੈ। ਗੁਰੂ ਵਾਕਾਂ ਨੂੰ ਦੋ ਲੜੀਆਂ ਵਿੱਚ ਵੰਡਣ ਦਾ ਸਾਡਾ ਕੋਈ ਹੋਰ ਨਜ਼ਰੀਆ ਨਹੀਂ ਕੇਵਲ ਪਾਠਕਾਂ ਦਾ ਕੰਮ ਸੁਖਾਲਾ ਕਰਨਾ ਹੈ। ਇਸ ਵੰਡ ਬਾਰੇ ਕੋਈ ਦਲੀਲ ਬਾਜੀ ਦੀ ਗੁੰਜਾਏਸ਼ ਨਹੀਂ ਹੋਣੀ ਚਾਹੀਦੀ, ਕਿਉਂਕਿ ਸਾਰੀ ਗੁਰਬਾਣੀ ਇੱਕ ਹੀ ਸੋਮੇ ਤੋਂ ਆਈ ਹੈ ਅਤੇ ਇਸ ਵਾਸਤੇ ਹਰ ਗੁਰਸਿੱਖ ਦੀ ਸ਼ਰਧਾ ਅਤੇ ਪਿਆਰ ਅਥਾਹ ਹੈ। ਇਸ ਲੇਖ ਵਿੱਚ ਕੇਵਲ ਅੰਮ੍ਰਿਤ ਬਾਰੇ ਹੀ ਗੱਲ ਕੀਤੀ ਗਈ ਹੈ ਜੋ ਗੁਰਬਾਣੀ ਦਾ ਮਜ਼ਮੂਨ ਸੀ। ਖੰਡੇ ਦੀ ਪਹੁਲ ਅਤੇ ਚਰਨ ਪਹੁਲ ਬਾਰੇ ਚਰਚਾ ਕਿਸੇ ਹੋਰ ਲੇਖ ਵਿੱਚ ਕੀਤੀ ਗਈ ਹੈ। ਗੁਰੂ ਗੋਬਿੰਦ ਸਿੰਘ ਦੀ ਖਾਲਸਾ ਪੰਥ ਨੂੰ ਕੀ ਦੇਣ ਹੈ, ਇਸ ਬਾਰੇ ਵੀ ਲੋੜੀਂਦੀ ਜਾਣ-ਪਛਾਣ ਇੱਕ ਹੋਰ ਲੇਖ ਵਿੱਚ ਵਿਸਤਾਰ ਨਾਲ ਸਪਸ਼ਟ ਕੀਤੀ ਗਈ ਹੈ।

ਦਸਮ ਗ੍ਰੰਥ ਵਿੱਚ ਸ਼ਬਦ ਅੰਮ੍ਰਿਤ: ਅਸੀਂ ਗੁਰਬਾਣੀ ਦੀ ਕਸਵੱਟੀ ਉੱਤੇ ਦਸਮ ਗ੍ਰੰਥ ਦੀ ਪਰਖ ਕਰ ਰਹੇ ਹਾਂ। ਹੁਣ ਅਸੀਂ ਪਰਤ ਕੇ ਦਸਮ ਗ੍ਰੰਥ ਵਿੱਚ ਸ਼ਬਦ ਅੰਮ੍ਰਿਤ ਦੀ ਵਰਤੋਂ ਅਤੇ ਇਸ ਦੇ ਅਰਥਾਂ ਬਾਰੇ ਜਾਣਕਾਰੀ ਪਾਠਕਾਂ ਦੀ ਸੇਵਾ ਵਿੱਚ ਪੇਸ਼ ਕਰ ਰਹੇ ਹਾਂ। ਦਸਮ ਗ੍ਰੰਥ {ਭਾ ਚਤਰ ਸਿੰਘ ਜੀਵਨ ਸਿੰਘ, ਅੰਮ੍ਰਿਤਸਰ, ੧੯੯੮} ਦੇ ੧੪੨੮ ਪੰਨਿਆਂ ਵਿੱਚ ਸ਼ਬਦ ਅੰਮ੍ਰਿਤ ਕੇਵਲ ਦੋ ਵਾਰੀ ਆਇਆ ਹੈ ਅਤੇ ਇਹ ਬਹੁਤ ਚਰਚੱਤ ਅਧਿਆਇ ਚਰਿਤ੍ਰੋ ਪਾਖਯਾਨ ਵਿੱਚ ਹੀ ਵਰਤਿਆ ਗਿਆ ਹੈ। ਇਸ ਅਧਿਆਇ ਦੇ ਕੁੱਲ ਪੰਨੇ ੫੮੦ ਹਨ। ਜਿਨ੍ਹਾਂ ਦੋ ਸਲੋਕਾਂ ਵਿੱਚ ਸ਼ਬਦ ਅੰਮ੍ਰਿਤ ਕੇਵਲ ਦੋ ਵਾਰੀ ਹੀ ਵਰਤਿਆ ਗਿਆ ਹੈ, ਇਹ ਪਾਠਕਾਂ ਦੀ ਸੇਵਾ ਵਿੱਚ ਅਰਥਾਂ ਸਮੇਤ ਹੇਠਾਂ ਪੇਸ਼ ਕੀਤੇ ਗਏ ਹਨ।

ਜਾਤੈ ਇਹੈ ਬਚਨ ਤਿਨ ਕਹਿਯੋ। ਮਾਧਵ ਖੇਤ ਹੇਤ ਤਵ ਰਹਿਯੋ।

ਸੁਨਤ ਬਚਨ ਤਬ ਹੀ ਮਰਿ ਗਈ। ਨ੍ਰਿਪ ਲੈ ਇਹੈ ਖਬਰਿ ਦਿਜ ਦਈ। ੬੨।

ਯਹ ਬਚ ਜਬ ਸ੍ਰੋਨਨ ਸੁਨਿ ਲੀਨੋ। ਪਲਕ ਏਕ ਮਹਿ ਪ੍ਰਾਨਹਿ ਦੀਨੋ॥

ਜਬ ਕੌਤਕ ਇਹ ਰਾਇ ਨਿਹਾਰਿਯੋ। ਜਰਨ ਮਰਨ ਕਾ ਨਿਗ੍ਰਹ ਧਾਰਿਯੋ। ੬੩।

ਚਿਤਾ ਜਰਾਇ ਜਰਨ ਜਬ ਲਾਗ੍ਹਯੋ। ਤਬ ਬੈਤਾਲ ਤਹਾ ਤੇ ਜਾਗ੍ਹਯੋ।

ਸੰਚਿ ਅੰਮ੍ਰਿਤ ਤਿਹ ਦੁਹੂੰਨ ਜਿਯਾਯੋ। ਨ੍ਰਿਪ ਕੇ ਚਿਤ ਕੋ ਤਾਪੁ ਮਿਟਾਯੋ। ੬੪। ੧. ੪੩

ਦਸਮ ਗ੍ਰੰਥ ਭਾਗ ੪ ਜੱਗੀ-ਜੱਗੀ ਪੰਨਾ ੩੨੮

ਅਰਥ: ਜਾਂਦਿਆਂ ਹੀ ਉਸ ਨੂੰ ਇਹ ਬਚਨ ਕਿਹਾ ਕਿ ਮਾਧਵ ਤਾਂ ਤੇਰੇ ਲਈ ਲੜਾਈ ਵਿੱਚ ਮਾਰਿਆ ਗਿਆ ਹੈ। ਤਦ ਇਹ ਬੋਲ ਸੁਣ ਦਿਆਂ ਹੀ {ਕਾਮਕੰਦਲਾ} ਮਰ ਗਈ। (ਫਿਰ) ਰਾਜੇ ਨੇ ਇਹ ਖ਼ਬਰ ਲੈ ਕੇ ਬ੍ਰਾਹਮਣ ਨੂੰ ਜਾ ਦਿੱਤੀ। ੬੨।

ਇਹ ਖ਼ਬਰ ਜਦ {ਮਾਧਵਾਨਲ ਨੇ} ਕੰਨਾਂ ਨਾਲ ਸੁਣੀ ਤਾਂ ਅੱਖ ਦੇ ਇੱਕ ਪਲਕਾਰੇ ਵਿੱਚ ਪਰਾਣ ਤਿਆਗ ਦਿੱਤੇ। ਜਦ ਰਾਜੇ ਨੇ ਇਹ ਕੌਤਕ ਵੇਖਿਆ ਤਾਂ ਸੜ ਕੇ ਮਰਨ ਦਾ ਹਠ ਧਾਰਨ ਕਰ ਲਿਆ। ੬੩।

ਜਦ ਰਾਜਾ ਚਿਖਾ ਬਾਲ ਕੇ (ਉਸ ਵਿੱਚ) ਸੜਨ ਲਗਿਆ, ਤਾਂ ਉਥੋਂ ਇੱਕ ਬੈਤਾਲ ਜਾਗ ਪਿਆ। ਉਸ ਨੇ ਅੰਮ੍ਰਿਤ ਛਿੜਕ ਕੇ ਦੋਹਾਂ ਨੂੰ ਜਿਵਾ ਦਿੱਤਾ ਅਤੇ ਰਾਜੇ ਦੇ ਮਨ ਦਾ ਦੁੱਖ ਦੂਰ ਕਰ ਦਿੱਤਾ। ੬੪।

ਆਗੇ ਹੁਤੀ ਔਰ ਸੋ ਪਰਨੀ। ਅਬ ਇਹ ਸਾਥ ਜਾਤ ਨਹਿ ਬਰਨੀ।

ਚਿਤ ਮਹਿ ਅਧਿਕ ਬਿਚਾਰ ਬਿਚਾਰਤ। ਸਹਚਰਿ ਪਠੀ ਤਹਾ ਹੈ ਆਰਿਤ। ੫।

ਸੁਨੁ ਰਾਜਾ ਤੈ ਪਰ ਮੈ ਅਟਕੀ। ਭੂਲ਼ਿ ਗਈ ਸਭ ਹੀ ਸੁਧਿ ਘਟ ਕੀ।

ਜੌ ਮੁਹਿ ਅਬ ਤੁਮ ਦਰਸ ਦਿਖਾਵੋ। ਅੰਮ੍ਰਿਤ ਡਾਰਿ ਜਨੁ ਮ੍ਰਿਤਕ ਜਿਯਾਵੋ। ੬। ੧. ੪੪

ਦਸਮ ਗ੍ਰੰਥ ਭਾਗ ੫ ਜੱਗੀ-ਜੱਗੀ ਪੰਨਾ ੪੯੦

ਅਰਥ: ਉਹ ਪਹਿਲਾਂ ਕਿਸੇ ਹੋਰ ਨਾਲ ਵਿਆਹੀ ਹੋਈ ਸੀ। ਹੁਨ ਇਸ ਰਾਜੇ ਨਾਲ ਵਿਆਹੀ ਨਹੀਂ ਜਾ ਸਕਦੀ ਸੀ। (ਉਸ ਨੇ) ਚਿੱਤ ਵਿੱਚ ਅਧਿਕ ਵਿਚਾਰ ਕਰ ਕੇ ਅਤੇ ਬਹੁਤ ਦੁਖੀ ਹੋ ਕੇ ਇੱਕ ਸਖੀ ਉਸ ਪਾਸ ਭੇਜੀ। ੫।

(ਅਤੇ ਕਿਹਾ) ਹੇ ਰਾਜਨ! ਸੁਣ, ਮੈਂ ਤੁਹਾਡੇ ਉੱਤੇ ਮੋਹਿਤ ਹੋ ਗਈ ਹਾਂ ਅਤੇ ਮੈਨੂੰ ਸਰੀਰ ਦੀ ਸਾਰੀ ਸੁੱਧ ਬੁੱਧ ਭੁੱਲ ਗਈ ਹੈ। ਜੇ ਤੁਸੀਂ ਮੈਨੂੰ ਆਪਣਾ ਦੀਦਾਰ ਕਰਾਓ (ਤਾਂ ਇੰਜ ਪ੍ਰਤੀਤ ਹੋਵੇਗਾ) ਮਾਨੋ ਅੰਮ੍ਰਿਤ ਛਿੜਕ ਕੇ ਮੁਰਦੇ ਨੂੰ ਜਿਵਾਇਆ ਹੋਵੇ। ੬।

ਦਸਮ ਗ੍ਰੰਥ ਵਿੱਚ ਸ਼ਬਦ ਅੰਮ੍ਰਿਤ ਦੀ ਵਰਤੋਂ ਦਵਾਈ ਜਾਂ ਮੋਇਆਂ ਨੂੰ ਜੀਉਂਦੇ ਕਰਨ ਦੀ ਦਵਾਈ ਦੇ ਅਰਥਾਂ ਵਿੱਚ ਕੀਤੀ ਗਈ ਹੈ। ਇਹ ਸਿੱਖ ਧਰਮ ਦਾ ਉਦੇਸ਼ ਨਹੀਂ ਹੈ। ਸਿੱਖ ਧਰਮ ਵਿੱਚ ਜੇ ਅਜੇਹੇ ਅਰਥਾਂ ਵਿੱਚ ਅੰਮ੍ਰਿਤ ਦਾ ਸ਼ਬਦ ਵਰਤਿਆ ਵੀ ਗਿਆ ਹੈ ਤਾਂ ਇਹ ਇੱਕ ਕਟਾਖ ਦੇ ਰੂਪ ਵਿੱਚ ਵਰਤਿਆ ਗਿਆ ਹੈ। ਅਸੀਂ ਆਦਿ ਗੁਰੂ ਗ੍ਰੰਥ ਸਾਹਿਬ ਵਿਚੋਂ ਦੋ ਸਲੋਕ ਅਤੇ ਇਨ੍ਹਾਂ ਦੇ ਅਰਥ ਪਾਠਕਾਂ ਦੀ ਸੇਵਾ ਵਿੱਚ ਦੇ ਰਹੇ ਹਾਂ ਤਾਂ ਜੋ ਫਰਕ ਦੀ ਪਹਿਚਾਨ ਕੀਤੀ ਜਾ ਸਕੇ।

ਅੰਮ੍ਰਿਤ ਕਾਇਆ ਰਹੈ ਸੁਖਾਲੀ ਬਾਜੀ ਇਹੁ ਸੰਸਾਰੋ॥

ਲਬੁ ਲੋਭੁ ਮੁਚੁ ਕੂੜੁ ਕਮਾਵਹਿ ਬਹੁਤੁ ਉਠਾਵਹਿ ਭਾਰੋ॥

ਤੂੰ ਕਾਇਆ ਮੈ ਰੁਲਦੀ ਦੇਖੀ ਜਿਉ ਧਰ ਉਪਰਿ ਛਾਰੋ॥ ੧॥ ੧॥ ੧੩॥ ੧. ੪੫

ਗਾਉੜੀ ਮ: ੧ ਅ: ਗ: ਗ: ਸ: ਪੰਨਾ ੧੫੪

ਉਸਾਰਿ ਮੜੋਲੀ ਰਾਖੈ ਦੁਆਰਾ ਭੀਤਰਿ ਬੈਠੀ ਸਾਧਨਾ॥

ਅੰਮ੍ਰਿਤ ਕੇਲ ਕਰੇ ਨਿਤ ਕਾਮਣਿ ਅਵਰਿ ਲੁਟੇਨਿ ਸੁ ਪੰਚ ਜਨਾ॥ ੨॥ ੨॥ ੧੪॥ . ੧. ੪੬

ਗਉੜੀ ਮ: ੧ ਅ: ਗ: ਗ: ਸ: ਪੰਨਾ ੧੫੫

ਅਰਥ: ਇਹ ਸਰੀਰ ਆਪਣੇ ਆਪ ਨੂੰ ਅਮਰ ਸਮਝ ਸੁੱਖ ਮਾਨਣ ਵਿੱਚ ਰੁੱਝਾ ਹੋਇਆ ਹੈ ਅਤੇ ਇਹ ਜਗਤ ਰਚਨਾ ਦੀ ਖੇਡ ਨੂੰ ਭੁੱਲ਼ੀ ਬੈਠਾ ਹੈ। ਹੇ ਮੇਰੇ ਸਰੀਰ! ਤੂੰ ਲੱਬ ਲੋਭ ਕਰ ਕੇ ਬਹੁਤ ਕੂੜ ਕਮਾ ਰਿਹਾ ਹੈਂ ਅਤੇ ਮਾੜੇ ਕੰਮਾ ਦੇ ਭਾਰ ਥੱਲੇ ਦੱਬਿਆ ਜਾ ਰਿਹਾ ਹੈ। ਮੈਂ ਤੇਰੇ ਵਰਗੇ ਧਰਤੀ ਉੱਤੇ ਇੰਜ ਰੁਲ ਦੇ ਦੇਖੇ ਹਨ ਜਿਵੇਂ ਸੁਆਹ ਉੱਡਦੀ ਫਿਰਦੀ ਹੈ। ੧। ੧। ੧੩।

ਇੱਕੋਓ ਨੇ ਇਸ ਸਰੀਰ ਨੂੰ ਬਨਾਉਣ ਲੱਗਿਆਂ ਇਸ ਨਾਲ ਦਸ ਦਰਵਾਜ਼ੇ ਵੀ ਲਾ ਦਿੱਤੇ ਸਨ। ਉਸ ਦੇ ਹੁਕਮ ਦੁਆਰਾ ਜਿੰਦ ਰੂਪੀ ਇਸਤ੍ਰੀ ਇਸ ਵਿੱਚ ਆ ਕੇ ਬੈਠ ਗਈ ਹੈ। ਇਹ ਜੀਵ ਇਸਤ੍ਰੀ ਆਪਣੇ ਆਪ ਨੂੰ ਅਮਰ ਸਮਝ ਕੇ ਦੁਨੀਆ ਵਾਲੇ ਰੰਗ ਤਮਾਸ਼ੈ ਮਾਨਣ ਵਿੱਚ ਰੁੱਝੀ ਰਹਿੰਦੀ ਹੈ। ਇਸ ਦੇ ਪੰਜ ਕਾਮਦਿਕ ਵੈਰੀ ਇਸ ਦੇ ਅੰਦਰ ਬੈਠੇ ਇਸ ਦੇ ਭਲੇ ਗੁਣਾਂ ਨੂੰ ਲੁੱਟੀ ਜਾ ਰਹੇ ਹਨ। ੨। ੨। ੧੪।

ਇਨ੍ਹਾਂ ਦੋਵਾ ਗੁਰੂ ਵਾਕਾਂ ਦੇ ਅਰਥਾ ਤੋਂ ਸਪਸ਼ਟ ਹੈ ਕਿ ਏਥੇ ਅੰਮ੍ਰਿਤ ਦੇ ਅਰਥ ਭਾਵੇਂ ਅਮਰ ਰਹਿਣ ਦੇ ਹਨ ਪਰ ਇਨ੍ਹਾਂ ਦਾ ਭਾਵ ਕਟਾਖ ਦਾ ਹੈ ਅਤੇ ਵਿਅਕਤੀ ਨੂੰ ਸੁਚੇਤ ਕਰਨ ਦਾ ਹੈ ਕਿ ਉਹ ਗ਼ਲਤ ਗੱਲ਼ਾਂ ਪਿੱਛੇ ਲੱਗ ਆਪਣੇ ਜੀਵਨ ਦਾ ਕੀਮਤੀ ਸਮਾਂ ਅਜਾਈਂ ਗੁਆ ਰਿਹਾ ਹੈ।

ਆਖਰ ਵਿੱਚ ਅਸੀਂ ਇਸ ਨਤੀਜੇ ਤੇ ਪੁੱਜੇ ਹਾਂ ਕਿ ਦਸਮ ਗ੍ਰੰਥ ਵਿੱਚ ਵਰਤੇ ਸ਼ਬਦ ਅੰਮ੍ਰਿਤ ਦੇ ਅਰਥ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਵਰਤੇ ਸ਼ਬਦ ਅੰਮ੍ਰਿਤ ਦੇ ਅਰਥ {ਸਿੱਖ ਸਿਧਾਂਤ ਦੇ ਅਰਥ} ਆਪਸ ਵਿੱਚ ਨਹੀਂ ਰਲ਼ਦੇ। ਕੀ ਗੁਰੂ ਗੋਬਿੰਦ ਸਿੰਘ ਦਸਵੇਂ ਨਾਨਕ ਨਹੀਂ ਸਨ? ਇਸ ਦਾ ਉੱਤਰ ਹੈ ਕਿ ਉਹ ਦਸਵੇਂ ਨਾਨਕ ਸਨ। ਕੀ ਉਹ ਦਸਮ ਗ੍ਰੰਥ ਦੇ ਰਚੇਤਾ ਮੰਨੇ ਜਾ ਸਕਦੇ ਹਨ? ਇਸ ਦਾ ਉੱਤਰ ਨਾਂਹ ਵਿੱਚ ਹੈ। ਜੇ ਉਨ੍ਹਾਂ ਕੋਈ ਵੀ ਗੁਰਬਾਣੀ ਰਚੀ ਹੁੰਦੀ ਤਾਂ ਉਹ ਇਸ ਨੂੰ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਕਰਵਾ ਸਕਦੇ ਸਨ ਜਦੋਂ ੳਨ੍ਹਾਂ ਗੁਰੂ ਤੇਗ਼ ਬਹਾਦਰ ਦੀ ਰਚੀ ਬਾਣੀ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ੧੭੦੬ ਈ: ਵਿੱਚ ਦਰਜ ਕਰਵਾਈ ਸੀ।
.