.

ਚਰਣ ਪਾਹੁਲ ਤੋਂ ਖੰਡੇ ਦੀ ਪਾਹੁਲ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਇਤਿਹਾਸ ਦੀ ਸੰਭਾਲ ਨਹੀਂ ਹੋਈ, ਕਿਉਂਕਿ ਉਸ ਵਕਤ ਭਾਰਤ ਵਿੱਚ ਇਤਿਹਾਸ ਲਿਖਣ ਦਾ ਰਿਵਾਜ ਨਹੀਂ ਸੀ। ਇਹ ਰਿਵਾਜ ਅੰਗਰੇਜ਼ਾਂ ਨੇ ਆ ਕੇ ਪਾਇਆ, ਨਹੀਂ ਤਾਂ ਭਾਰਤ `ਚ ਬਹੁਤਾ ਕਰਕੇ ਘਟਨਾਵਾਂ ਹੀ ਲਿਖੀਆਂ ਜਾਂਦੀਆਂ ਸਨ। ਇਸ ਦੇ ਨਾਲ ਨਾਲ ਚੂੰਕਿ ਭਾਰਤ ਦੀ ਜੰਤਾ ਉਪਰ ਬ੍ਰਾਹਮਣੀ ਪ੍ਰਭਾਵ ਬਹੁਤ ਜ਼ਿਆਦਾ ਸਨ, ਇਸ ਲਈ ਜੇਕਰ ਸਿੱਖ ਇਤਿਹਾਸ ਪ੍ਰਤੀ ਕੁੱਝ ਘਟਣਾਵਾਂ ਲਿਖੀਆਂ ਵੀ ਜਾਂਦੀਆਂ ਤਾਂ ਉਹ ਵੀ ਬ੍ਰਾਹਮਣੀ ਰੰਗਣ ਅਤੇ ਪੌਰਾਣਿਕ ਆਧਾਰ ਤੇ ਹੀ ਲਿਖੀਆਂ ਜਾਂਦੀਆਂ। ਜਾਂ ਕੁੱਝ ਮੁਸਲਮਨਾਂ ਨੇ ਵੀ ਸਿੱਖ ਇਤਿਹਾਸ ਲਿਖਿਆ, ਤਾਂ ਉਨ੍ਹਾਂ ਨੇ ਵੀ ਅਪਣੀ ਹੀ ਰੰਗਣ ਦੇ ਕੇ। ਸਿੱਖਾਂ ਨੇ ਅਪਣਾ ਇਤਿਹਾਸ ਲਿਖਿਆ ਹੀ ਨਹੀਂ। ਇਸ ਦੇ ਬਾਵਜੂਦ ਸਮੇਂ ਦੇ ਇਤਿਹਾਸ `ਚੋਂ ਕੁੱਝ ਗਲਾਂ ਉਘੜ ਕੇ ਸਾਹਮਣੇ ਆਉਂਦੀਆਂ ਹਨ `ਤੇ ਉਨ੍ਹਾਂ ਨੂੰ ਝੁਠਲਾਇਆ ਨਹੀਂ ਜਾ ਸਕਦਾ। ਇਸ ਪ੍ਰਥਾਏ ਇਥੇ ਵੰਨਗੀ ਮਾਤਰ ਕੁੱਝ ਘਟਣਾਵਾਂ ਦਾ ਵਰਨਣ ਕਰਾਂਗੇ ਪਰ ਸਭ ਤੋਂ ਪਹਿਲਾਂ ਇਸ ਲੜੀ `ਚ ਅਸੀਂ ਲੈਂਦੇ ਹਾਂ ਭਾਈ ਮੰਝ ਜੀ ਦਾ ਸਿੱਖ ਧਰਮ `ਚ ਪ੍ਰਵੇਸ਼ ਕਰਨਾ:

ਪੰਚਮ ਪਾਤਸ਼ਾਹ ਦੇ ਸਮੇਂ, ਸਿੱਖ ਧਰਮ ਦੇ ਪ੍ਰਚਾਰ ਨੇ ਜ਼ੋਰ ਪੱਕੜਿਆ ਤਾਂ ਅਨੇਕਾਂ ਅਭਿਲਾਖੀ ਸੱਜਣਾਂ `ਚ ਇੱਕ ਭਾਈ ਮੰਝ ਵੀ ਸਨ। ਮਹਾਨ ਕੋਸ਼ ਅਨੁਸਾਰ ਇਨ੍ਹਾ ਦਾ ਅਸਲ ਨਾਮ ਤੀਰਥਾ ਸੀ ਅਤੇ ਭਾਈ ਮੰਝ, ਇਨ੍ਹਾਂ ਦਾ ਜੋ ਨਾਮ ਜ਼ਿਆਦਾ ਮਸ਼ਹੂਰ ਹੋਇਆ, ਅਸਲ `ਚ ਇਨ੍ਹਾਂ ਦੀ ਗੋਤ ਸੀ। ਗੁਰੂ ਦਰ ਤੇ ਆਉਣ ਤੋਂ ਪਹਿਲਾਂ ਇਹ ਸੁਲਤਾਨੀਏ ਭਾਵ ਸਖੀ ਸਰਵੜੀਏ ਹੀ ਨਹੀਂ ਬਲਕਿ ਸੁਲਤਾਨੀਏ ਹੋਣ ਕਾਰਨ ਹੀ ਅਪਣੇ ਇਲਾਕੇ ਦੇ ਸਰਪੰਚ ਵੀ ਸਨ। ਜੱਥੇ ਦੇ ਆਗੂ ਹੋਣ ਦੇ ਨਾਤੇ, ਸਾਲ ਦੇ ਸਾਲ, ਜੱਥਾ ਲੈਕੇ ਨਿਗਾਹੇ ਸੁਲਤਾਨ ਦੀ ਕਬਰ ਦੀ ਜ਼ਿਆਰਤ ਕਰਦੇ ਸਨ। ਨੀਯਮ ਅਨੁਸਾਰ ਇਨ੍ਹਾ ਦੇ ਅਪਣੇ ਘਰ `ਚ ਵੀ ਸੁਲਤਾਨ ਦੀ ਕਬਰ ਵੀ ਬਣੀ ਹੋਈ ਸੀ ਅਤੇ ਹਰ ਵੀਰ ਵਾਰ ਉਸ ਉਪਰ ਰੋਟ ਆਦਿ ਚੜ੍ਹਾਣ ਅਤੇ ਉਸਦਾ ਪ੍ਰਸ਼ਾਦਿ ਵੰਡਣ ਦਾ ਕਰਮ ਵੀ ਕਰਦੇ ਸਨ। ਕਹਿਣ ਤੋਂ ਭਾਵ ਕੇਵਲ ਕਹਿਣ ਮਾਤਰ ਹੀ ਨਹੀਂ ਬਲਕਿ ਅਪਣੇ ਬਣੇ ਹੋਏ ਵਿਸ਼ਵਾਸ ਅਨੁਸਾਰ ਕੱਟੜ ਅਤੇ ਸਖੀ ਸਰਵੜੀਆਂ ਦੇ ਆਗੂ ਸਨ। ਇਸਤਰ੍ਹਾਂ ਜਦੋਂ ਨਿਗਾਹੇ ਦੇ ਰਸਤੇ ਵਿੱਚ ਪੰਚਮ ਪਿਤਾ ਨੇ ਤਰਨਤਾਰਨ ਵਸਾ ਦਿਤਾ ਤਾਂ ਰਸਤੇ `ਚ ਗੁਰਬਾਣੀ ਦੀ ਗੂੰਜ ਅਤੇ ਬਣ ਚੁਕੇ ਵਾਤਾਵਰਣ ਨੇ ਇਨ੍ਹਾਂ ਨੂੰ ਗੁਰਬਾਣੀ ਦੀ ਚੇਟਕ ਵੀ ਲਗਾ ਦਿਤੀ।

ਗੁਰਦੇਵ ਦੇ ਚਰਣਾਂ `ਚ ਹਾਜ਼ਿਰ ਹੋਕੇ ਸਿੱਖੀ ਦਾਤ ਮੰਗੀ ਤਾਂ ਗੁਰਦੇਵ ਦਾ ਉਤਰ ਸੀ ਭਾਈ ਮੰਝ! ਤੈਂਨੂੰ ਅਜੇ ਸਿੱਖੀ ਨਹੀਂ ਮਿਲ ਸਕਦੀ ਕਿਉਂਕਿ ਤੇਰੇ ਅੰਦਰ ਅਜੇ ਕਿਸੇ ਹੋਰ ਦੀ ਸਿੱਖੀ ਟਿਕੀ ਹੋਈ ਹੈ। ਇਸ ਲਈ, ਇੱਕ ਸਿੱਖੀ ਤੇ ਦੂਜੀ ਸਿੱਖੀ ਨਹੀ ਟਿਕ ਸਕਦੀ। ਇਹੀ ਕਾਰਨ ਸੀ, ਜਿਸਦਾ ਨਤੀਜਾ ਗੁਰੂ ਦੀ ਸਿੱਖੀ ਦੀ ਲਗ ਚੁਕੀ ਲਗਣ `ਚ ਉਨ੍ਹਾਂ ਨੇ ਬਾਰ੍ਹਾਂ ਸਾਲ ਸਿੱਖੀ ਦੀ ਕਮਾਈ ਕੀਤੀ। ਬਦਲੇ `ਚ ਸਮੇਂ ਸਮੇਂ ਪਿੰਡ ਵਾਸੀਆਂ ਨੇ ਵਿਰੋਧਾਭਾਵ ਕਾਰਣ ਪਹਿਲਾਂ ਇਸ ਕੋਲੋਂ ਸਰਪੰਚੀ ਖੋਹ ਲਈ। ਇਸਦੇ ਮਾਲ ਡੰਗਰ ਨੂੰ ਜ਼ਹਿਰ ਆਦਿ ਦੇ ਕੇ ਮਾਰਿਆ, ਕੇਵਲ ਇਹ ਸਾਬਤ ਕਰਨ ਲਈ ਕਿ ਉਸ ਉਪਰ ਸੁਲਤਾਨ ਦੀ ਕਰੋਪੀ ਹੋ ਰਹੀ ਹੈ। ਉਸਦਾ ਪਿੰਡ `ਚ ਰਹਿਣਾ ਅਉਖਾ ਕਰ ਦਿਤਾ, ਜਿਸ ਤੋਂ ਉਸਨੂੰ ਅਪਣੇ ਪਿੰਡ ਦਾ ਤਿਆਗ ਕਰਨਾ ਪਿਆ ਅਤੇ ਸਾਹਿਬਾਂ ਦੇ ਡੇਰੇ ਹੀ ਆ ਵਾਸਾ ਕੀਤਾ ਪਰ ਸਿਦਕ ਨਹੀਂ ਹਾਰਿਆ। ਆਖਿਰ ਬਾਰਾਂ ਸਾਲਾਂ ਬਾਦ ਉਹ ਦਿਨ, ਜਦੋਂ ਉਸ ਦੀ ਘਾਲ ਕਮਾਈ ਥਾਏਂ ਪਈ। ਗੁਰੂ ਦੀ ਬਖਸ਼ਿਸ਼ ਦਾ ਇਨਾ ਪਾਤਰ ਬਣਿਆ ਕਿ ਪਾਤਸ਼ਾਹ ਨੇ, ਸੰਗਤਾਂ ਸਮੇਤ ਆਪ ਆਕੇ ਉਸਨੂੰ ਖੂਹ ਵਿਚੋਂ ਕੱਢਿਅ। ਕਵੀ ਸੰਤੋਖ ਸਿੰਘ ਅਨੁਸਾਰ ਇਥੋਂ ਤੀਕ ਨਿਵਾਜਿਆ ਜਿਵੇਂ “ਮੰਞ ਪਿਆਰਾ ਗੁਰੂ ਨੂੰ, ਗੁਰ ਮੰਞ ਪਿਆਰਾ॥ ਮੰਝ ਬਾਣੀ ਕਾ ਬੋਹਿਥਾ, ਜਗ ਲੰਘਣਹਾਰਾ”। ਪਾਤਸ਼ਾਹ ਨੇ ਭਾਈ ਮੰਞ ਨੂੰ ਅਪਣੀ ਛਾਤੀ ਨਾਲ ਲਾ ਲਿਆ ਅਤੇ ਬਦਲੇ `ਚ ਭਾਈ ਮੰਞ ਨੂੰ ਇਨੀ ਘਾਲਣਾ ਤੋਂ ਬਾਦ ਸਿੱਖੀ ਦੀ ਦਾਤ ਪ੍ਰਾਪਤ ਹੋ ਸਕੀ।

ਵੇਰਵਾ ਦੇਣ ਤੋਂ ਸਾਡਾ ਭਾਵ, ਇਹ ਸਾਬਤ ਕਰਨਾ ਹੈ ਕਿ ਅਸਾਂ ਸਿੱਖ ਸੰਗਤਾਂ ਵਿਚਾਲੇ ਫੈਲੇ ਅਤੇ ਫੈਲਾਏ ਗਏ ਇਸ ਪ੍ਰਚਾਰ ਨੂੰ ਕੱਟਣਾ ਹੈ ਕਿ ਵਿਸਾਖੀ 1699 ਤੀਕ, ਜਦੋਂ ਕਿ ਅਜੇ ਖੰਡੇ ਦੀ ਪਾਹੁਲ ਦਾ ਅਰੰਭ ਨਹੀਂ ਸੀ ਹੋਇਆ, ਸਿੱਖ ਧਰਮ ਪ੍ਰਵੇਸ਼ ਦਾ ਕੋਈ ਵਿਸ਼ੇਸ਼ ਢੰਗ ਜਾਂ ਨੀਯਮ ਨਹੀਂ ਸੀ। ਇਹ ਕੇਵਲ ਸ਼ਰਧਾ ਅਤੇ ਵਿਸ਼ਵਾਸ ਦਾ ਹੀ ਵਿਸ਼ਾ ਸੀ। ਜੇ ਸਚਮੁੱਚ ਇਹੀ ਗਲ ਸੀ ਤਾਂ ਅਜ ਦੀ ਤਰ੍ਹਾਂ ਭਾਈ ਮੰਝ ਵੀ ਘਰ ਬੈਠੇ ਸਿੱਖੀ ਜੀਵਨ ਨੂੰ ਧਾਰਣ ਕਰ ਲੈਂਦੇ ਅਤੇ ਕੀ ਲੋੜ ਸੀ ਪਾਤਸ਼ਾਹ ਦੇ ਚਰਣਾਂ `ਚ ਪੁਜਕੇ ਸਿੱਖੀ ਦਾ ਦਾਨ ਮੰਗਣ ਦੀ ਅਤੇ ਲਗਾਤਾਰ ਬਾਰ੍ਹਾਂ ਵਰ੍ਹੇ ਅਣਥਕ ਘਾਲਣਾ ਘਾਲਣ ਦੀ। ਉਹ ਕੇਵਲ ਇਸ ਲਈ ਕਿ ਸਿੱਖ ਧਰਮ `ਚ ਪ੍ਰਵੇਸ਼ ਲਈ ਪਾਤਸ਼ਾਹ ਦੇ ਦਰ ਤੋਂ ਸਿੱਖੀ ਮੰਗਣੀ ਪੈਂਦੀ ਸੀ ਅਤੇ ਤਾਂ ਜਾਕੇ ਸਿੱਖ ਧਰਮ `ਚ ਪ੍ਰਵੇਸ਼ ਮਿਲਦਾ ਸੀ। ਹੋਰ ਲਵੋ! ਗਿਆਨ ਰਤਨਾਵਲੀ ਕ੍ਰਿਤ ਭਾਈ ਮਨੀ ਸਿੰਘ ਜੀ ਤੋਂ ਵੀ ਸਪੱਸ਼ਟ ਸੂਚਨਾ ਮਿਲਦੀ ਹੈ ਕਿ ਜਦੋਂ ਭਾਈ ਮਰਦਾਨਾ ਜੀ ਤੋਂ ਭਾਈ ਨੀਰੂ ਨੇ `ਚਰਣਪਾਹੁਲ’ ਲਈ ਤਾਂ ਉਸਨੂੰ ਤਿੰਨ ਉਪਦੇਸ਼ ਮਿਲੇ “1. ਪਹਿਰ ਰਾਤ ਰਹਿੰਦੀ ਜਾਗ ਕੇ ਸਤਿਨਾਮੁ ਦਾ ਜਾਪ ਕਰਨਾ। 2. ਕੇਸ ਕਤਲ ਨਹੀਂ ਕਰਵਾਉਣੇ। 3. ਆਏ ਗਏ ਸਿੱਖ ਦੀ ਸੇਵਾ ਕਰਨੀ”। ਇਸਤੋਂ ਦੋ ਗਲਾਂ ਹੋਰ ਵੀ ਸਾਬਤ ਹੁੰਦੀਆਂ ਹਨ- ਪਹਿਲਾ ਕਿ ਭਾਈ ਮਰਦਾਨਾ ਆਪ ਵੀ ਚਰਣਪਾਹੁਲ ਪ੍ਰਾਪਤ ਸਿੱਖ ਸੀ। ਦੂਜਾ- ਭਾਈ ਮਰਦਾਨਾ ਅਧਿਕਾਰ ਪ੍ਰਾਪਤ ਸਿੱਖ ਧਰਮ ਦਾ ਪ੍ਰਚਾਰਕ ਵੀ ਸੀ।

ਜੇਕਰ ਇਸ ਸੱਚਾਈ ਨੂੰ ਨਜ਼ਰੋਂ ਉਲੇ ਕਰਕੇ, ਇਹੀ ਮੰਨ ਲਿਆ ਜਾਵੇ ਕਿ ਵਿਸਾਖੀ 1699 ਤੀਕ, ਜਦੋਂ ਕਿ ਅਜੇ ਖੰਡੇ ਦੀ ਪਾਹੁਲ ਦਾ ਅਰੰਭ ਨਹੀਂ ਸੀ ਹੋਇਆ, ਸਿੱਖ ਧਰਮ ਪ੍ਰਵੇਸ਼ ਦਾ ਕੋਈ ਵਿਸ਼ੇਸ਼ ਢੰਗ ਜਾਂ ਨੀਯਮ ਨਹੀਂ ਸੀ। ਇਹ ਕੇਵਲ ਸ਼ਰਧਾ ਅਤੇ ਵਿਸ਼ਵਾਸ ਦਾ ਹੀ ਵਿਸ਼ਾ ਸੀ, ਤਾਂ ਬਿਲਕੁਲ ਅਜ ਵਾਲੇ ਹਾਲਾਤ ਸਾਹਮਣੇ ਹਨ। ਅਜ ਵਾਲੇ ਹਾਲਾਤ ਕੀ ਹਨ? ਕਿਸੇ ਤੋਂ ਛੁਪੀ ਗੁੱਝੀ ਗਲ ਨਹੀਂ। ਅਜ ਤਾਂ ਇਹ ਹਾਲਤ ਬਣੀ ਪਈ ਹੈ ਕੋਈ ਪਾਹੁਲ ਲੈਂਦੇ ਹਨ ਤਾਂ ਉਹ ਤਾਂ ਗਲ ਠੀਕ ਹੈ ਪਰ ਜੋ ਪਾਹੁਲ ਨਾ ਲਵੇ ਉਹ ਵੀ ਸਿੱਖ ਹੈ। ਕੋਈ ਕੇਸ ਰਖੇ ਜਾਂ ਪਤਿੱਤ ਹੈ: ਗੁਰਦੁਆਰੇ ਜਾ ਰਿਹਾ ਹੈ ਜਾਂ ਅਪਣੇ ਆਪ ਨੂੰ ਨਾਸਤਿਕ `ਤੇ ਕਮਿਉਨਿਸਟ ਕਹਿੰਦਾ ਫ਼ਿਰਦਾ ਹੈ, ਦੇਵੀ ਦੇ ਜਗਰਾਤੇ ਕਰ ਰਿਹਾ ਜਾਂ ਕਰਵਾ ਰਿਹਾ ਹੈ, ਮੜ੍ਹੀਆਂ ਪੂਜ ਰਿਹਾ ਹੈ, ਕੱਬਰਾਂ ਤੇ ਦੀਵੇ ਬਾਲ ਰਿਹਾ ਹੈ, ਗੁਰੂ ਡੰਮਾ ਦਾ ਸ਼ਿਕਾਰ ਹੈ-ਕੇਵਲ ਕੇਸ ਦਾੜ੍ਹੀ ਰਖੇ ਹਨ ਅਤੇ ਸਿਰ ਤੇ ਪੱਗ ਬਨ੍ਹੀ ਹੈ, ਇਸ ਸਾਰੇ ਦੇ ਬਾਵਜੂਦ ਉਹ ਅਪਣੇ ਆਪ ਨੂੰ ਸਿੱਖ ਹੀ ਕਹਿ ਰਿਹਾ ਹੈ। ਹੋਰ ਤਾਂ ਹੋਰ! ਅਜੇਹੇ ਬਹੁਤੇ ਸੱਜਣ ਤਾਂ ਅਪਣੇ ਮੂਹੋਂ ਵੀ ਇਹੀ ਕਹਿੰਦੇ ਹਨ ਕਿ ਅਸੀਂ ਪੱਕੇ ਸਿੱਖ ਹਾਂ, ਅਸੀਂ ਤਾਂ ਮੰਨਦੇ ਹੀ ਗੁਰੂ ਗ੍ਰੰਥ ਸਾਹਿਬ ਨੂੰ ਹਾਂ, ਭਾਵੇਂ ਕਿ ਉਨ੍ਹਾਂ ਦਾ ਅਮਲ ਸਿਖੀ ਦੀ ਕਿਸੇ ਗਲ ਤੇ ਵੀ ਨਾ ਹੋਵੇ। ਤਾਂ ਤੇ ਇਹ ਸਿੱਖੀ ਨਾ ਹੋਈ ਮੋਮ ਦੀ ਨੱਕ ਹੋ ਗਈ, ਜਿੱਧਰ ਚਾਹਿਆ ਮੋੜ ਲਈ।

ਸਿੱਖ ਧਰਮ ਗੁਰਬਾਣੀ ਤੇ ਆਧਾਰਤ ਧਰਮ ਹੈ-ਪਰ ਸਿੱਖ ਧਰਮ ਬਾਰੇ ਇਹ ਸੱਚਾਈ ਨਹੀਂ। ਸਿੱਖ ਧਰਮ ਗੁਰਬਾਣੀ ਤੇ ਆਧਾਰਤ ਧਰਮ ਹੈ। ਗੁਰਬਾਣੀ ਅੱਥਵਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦਾ ਇਕੋ ਹੀ ਮਤਲਬ ਹੈ ਕਿ ਗੁਰਬਾਣੀ ਦੀ ਅਗਿਆ, ਗੁਰਬਾਣੀ ਦੇ ਆਦੇਸ਼ਾਂ ਅਨੁਸਾਰ ਚਲਣਾ, ਗੁਰਬਾਣੀ ਦੀ ਸਿਖਿਆ ਅਨੁਸਾਰ ਚਲਣਾ। ਇਸਦਾ ਕੋਈ ਦੂਜਾ ਮਤਲਬ ਰਹਿ ਹੀ ਨਹੀਂ ਜਾਂਦਾ। ਇਸਦੇ ਨਾਲ ਜੇਕਰ ਇਨਸਾਨ ਸੱਚਮੁਚ ਹੀ ਗੁਰਬਾਣੀ ਦੀ ਸਿਖਿਆ ਤੇ ਹੀ ਚਲ ਰਿਹਾ ਤਾਂ ਇਹ ਸਾਰੀਆਂ ਕੋਤਾਹੀਆਂ ਰਹਿੰਦੀਆਂ ਹੀ ਨਹੀਂ। ਤਾਂ ਫ਼ਿਰ ਫ਼ਰਕ ਕਿੱਥੇ ਹੈ? ਫ਼ਰਕ ਹੈ ਬਿਨਾਂ ਪਾਹੁਲ ਲਏ ਸਿੱਖ ਹੋਣ ਦਾ, ਜਿਹੜਾ ਕਿ ਅਜ ਵਾਤਾਵਰਣ ਬਣਿਆ ਪਿਆ ਹੈ। ਅਪਣੇ ਪਿਛਲੇ ਇਤਿਹਾਸ ਵਲ ਝਾਤ ਮਾਰੀਏ, ਮਿਸਲਾਂ ਦੇ ਸਮੇਂ ਤੀਕ ਭਾਵੇਂ ਸਾਡੇ ਅੰਦਰ ਅਨੇਕਾਂ ਗਿਰਾਵਟਾਂ ਆ ਚੁਕੀਆਂ ਸਨ ਪਰ ਤਦ ਤੀਕ ਵੀ ਬਿਨਾ ਪਾਹੁਲ ਕੋਈ ਸਿੱਖ ਨਹੀ ਸੀ ਮਿਲਦਾ। ਜਦਕਿ ਅਜ ਹਾਲਤ ਬਿਲਕੁਲ ਉਲਟੀ ਹੋਈ ਪਈ ਹੈ।

ਅਜ 95% ਤੋਂ ਉਪਰ ਸਿੱਖ ਬਿਨਾਂ ਪਾਹੁਲ ਹਨ। ਬੇਸ਼ਕ, ਬਿਨਾਂ ਪਾਹੁਲ ਇਸ ਵੱਡੀ ਗਿਣਤੀ `ਚ ਕੁੱਝ ਅਜੇਹੇ ਜੀਵਨ ਵਾਲੇ ਵੀ ਹਨ ਜਿਨ੍ਹਾਂ ਦੀਆਂ ਨਜ਼ਰਾਂ `ਚ ਖੰਡੇ ਦੀ ਪਾਹੁਲ (ਅੰਮ੍ਰਿਤ) ਇੱਕ ਬਹੁਤ ਵੱਡਾ ਹਊਆ ਬਣਿਆ ਪਿਆ ਹੈ। ਅਜੇਹੀਆਂ ਸੰਗਤਾਂ ਦੇ ਮਨਾਂ `ਚ ਇਹ ਗਲ ਘਰ ਕਰ ਗਈ ਦੀ ਹੈ ਕਿ ‘ਅੰਮ੍ਰਿਤ ਬੜੀ ਉੱਤਮ ਵਸਤੂ ਹੈ, ਛਕਿਆ ਤਾਂ ਸਾਡੇ ਤੋਂ ਬੇਅਦਬੀ ਹੋ ਜਾਵੇਗੀ’। ਪਾਹੁਲ ਦਾ ਸਤਿਕਾਰ ਕਰਦੇ-ਕਰਦੇ ਉਹ ਅਜ ਪਾਹੁਲ ਤੋਂ ਹੀ ਟੁੱਟੇ ਪਏ ਹਨ।

ਅਜ 95% ਤੋਂ ਵੱਧ ਕੌਮ ਬਿਨਾਂ ਖੰਡੇ ਦੀ ਪਾਹੁਲ ਕਿਉਂ? - ਜੇਕਰ ਇਹੀ ਪੱਕਾ ਕਰ ਲਿਆ ਜਾਵੇ ਕਿ ਸਿੱਖ ਧਰਮ `ਚ ਪ੍ਰਵੇਸ਼ ਲਈ ਪਾਹੁਲ ਦਾ ਢੰਗ ਹੀ ਵਿਸਾਖੀ 1699 ਤੋਂ ਅਰੰਭ ਹੋਇਆ ਹੈ ਅਤੇ ਇਸ ਤੋਂ ਪਹਿਲਾਂ ਸੰਨ 1469 ਭਾਵ ਗੁਰੂ ਨਾਨਕ ਆਗਮਨ ਤੋਂ 1699 ਤੀਕ, ਲਗਾਤਾਰ 230 ਵਰ੍ਹੇ ਸਿੱਖ ਧਰਮ `ਚ ਪ੍ਰਵੇਸ਼ ਕਿਸੇ ਪ੍ਰਕਾਰ ਦੇ ਸੰਕਲਪ ਦਾ ਵਿਸ਼ਾ ਹੈ ਹੀ ਨਹੀਂ ਸੀ ਤਾਂ ਇਥੋਂ ਹੀ ਸਾਰੀ ਗਲ ਗਲਤ ਸ਼ੁਰੂ ਹੋਈ ਪਈ ਹੈ। ਠੀਕ ਹੈ ਕਿ ਇਸ ਵਿਸ਼ੇ ਨੂੰ ਅਸੀਂ ਗੁਰਮੱਤ ਪਾਠ 63 ‘ਵਿਸਾਖੀ 1469’ ਅਤੇ ਗੁਰਮੱਤ ਪਾਠ ਨੰ: 75 ‘ਦਸਮੇਸ਼ ਪਿਤਾ ਅਤੇ ਇਤਿਹਾਸ `ਚ ਰੱਲ ਗੱਡ’ ਆਦਿ `ਚ ਕਾਫ਼ੀ ਦਲੀਲ ਭਰਪੂਰ ਢੰਗ ਨਾਲ ਲੈ ਚੁਕੇ ਹਾਂ, ਫ਼ਿਰ ਵੀ ਜ਼ਰੂਰੀ ਹੈ ਕਿ ਸੱਚਾਈ ਤੀਕ ਅਪੜਣ ਲਈ ਕੁੱਝ ਨੁੱਕਤੇ ਹੋਰ ਵੀ ਲਏ ਜਾਣ।

ਅਜ ਕੌਮ ਦਾ 95% ਤੋਂ ਵੱਧ ਹਿੱਸਾ ਬਿਨਾਂ ਖੰਡੇ ਦੀ ਪਾਹੁਲ (ਬੇਅੰਮ੍ਰਿਤੀਆ) ਬੈਠਾ ਹੈ ਅਤੇ ਅਪਣੇ ਆਪ ਨੂੰ ਸਿੱਖ ਹੀ ਅਖਵਾ ਰਿਹਾ ਹੈ। ਜਦਕਿ ਸੱਚਾਈ ਇਹ ਕਿ ਪਾਹੁਲ ਲਏ ਬਿਨਾਂ, ‘ਸਿੱਖ ਰਹਿਤ ਮਰਿਆਦਾ-1945’ ਮੁਤਾਬਕ, ਸਿੱਖ ਨੂੰ ਅਨੰਦ ਕਾਰਜ ਦਾ ਵੀ ਹੱਕ ਨਹੀਂ। ਠੀਕ ਹੈ, ਇਸ `ਚ ਗੁਰੂ ਕੀਆਂ ਸੰਗਤਾਂ ਦਾ ਕਸੂਰ ਘੱਟ ਅਤੇ ਲੰਮੇ ਸਮੇਂ ਤੋਂ ਅਨ-ਅਧਿਕਾਰੀ ਪ੍ਰਚਾਰਕਾਂ ਰਾਹੀਂ ਇਸ ਬਾਰੇ ਕੀਤੇ ਗਲਤ ਪ੍ਰਚਾਰ, ਮੌਜੂਦਾ ਚੋਣਾਂ ਦੇ ਢੰਗ ਨਾਲ ਆ ਰਹੇ ਬਹੁਤੇ ਅਨ-ਅਧਿਕਾਰੀ ਪ੍ਰਬੰਧਕਾ `ਤੇ ਇਤਿਹਾਸਕ ਮਿਲਾਵਟਾਂ ਦਾ ਦੋਸ਼ ਹੈ। ਪਰ ਇਸ `ਚ ਵੱਡਾ ਦੋਸ਼, ਇਸ ਗਲਤ ਪ੍ਰਚਾਰ ਦਾ ਹੈ ਕਿ ਵਿਸਾਖੀ ਸੰਨ 1999 ਤੀਕ ਸਿੱਖ ਹੋਣਾ ਕੇਵਲ ਸ਼ਰਧਾ ਅਤੇ ਵਿਸ਼ਵਾਸ ਦਾ ਹੀ ਵਿਸ਼ਾ ਸੀ, ਉਸ ਸਮੇਂ ਤੀਕ ਸਿੱਖ ਹੋਣ ਲਈ ਕਿਸੇ ਸੰਕਲਪ, ਪ੍ਰਣ ਜਾਂ ਗੁਰੂ ਨਾਲ ਕਿਸੇ ਪ੍ਰਕਾਰ ਦਾ ਕੋਈ ਵਾਇਦਾ ਨਹੀਂ ਸੀ ਕਰਨਾ ਪੈਂਦਾ।

ਅਜੋਕੇ ਗੁਰੂਡੰਮ ਅਤੇ ਗੁਰਬਾਣੀ ਗੁਰੂ- ਇਸ `ਚ ਦੋ ਰਾਵਾਂ ਨਹੀਂ ਕਿ ਗੁਰਬਾਣੀ ਮੂਲ ਰੂਪ `ਚ ਸਾਰੇ ਸੰਸਾਰ ਦਾ ਗੁਰੂ ਹੈ। ਇਹ ਵੀ ਕੁੱਦਰਤੀ ਸੱਚਾਈ ਹੈ ਕਿ ਕਿਸੇ ਵੀ ਜੀਵਨ ਰਾਹ ਤੇ ਚਲਣ ਲਈ, ਪਹਿਲਾਂ ਉਸ ਕੰਮ ਲਈ ਅਪਣੇ ਮਨ ਨੂੰ ਦ੍ਰਿੜ ਕਰਨਾ ਪੈਂਦਾ ਹੈ। ਇਸੇ ਆਧਾਰ ਤੇ ਹਰੇਕ ਕਾਰਜ ਦੇ ਅਰੰਭ ਲਈ ਗੁਰੂ ਦੀਖਿਆ ਦਾ ਨੀਯਮ ਵੀ ਭਾਰਤ ਦੇ ਇਤਿਹਾਸ `ਚ ਪੁਰਾਤਨ ਸਮੇਂ ਤੋਂ ਚਲਿਆ ਆ ਰਿਹਾ ਹੈ। ਇਥੋਂ ਤੀਕ ਕਿ ਅਜੋਕੇ ਪਖੰਡੀ ਤੇ ਡੰਮੀ ਗੁਰੂਆਂ ਵਲ ਦੇਖੋ! ਨਾਮ ਦੇਣ ਦਾ ਢੋਂਗ ਕਰਚ ਦਾ ਜਾਂ ਕੋਈ ਦੂਜਾ ਢੰਗ ਉਨ੍ਹਾਂ ਨੇ ਵੀ ਘੜਿਆ ਹੁੰਦਾ ਹੈ। ਜਿਸਦਾ ਨਤੀਜਾ ਉਨ੍ਹਾ ਦੇ ਜਾਲ `ਚ ਇੱਕ ਵਾਰੀ ਫਸ ਚੁਕਾ ਬੰਦਾ ਪਰਤ ਕੇ ਇਧਰ ਓਧਰ ਨਹੀਂ ਜਾ ਸਕਦਾ। ਇਥੋਂ ਤੀਕ ਕਿ ਉਨ੍ਹਾਂ ਕੋਲੋ ਇਹ ਪ੍ਰਣ ਵੀ ਲਏ ਜਾ ਰਹੇ ਹੁੰਦੇ ਹਨ ਕਿ ਸਾਡੇ ਡੇਰੇ ਤੇ ਆਉਣ ਤੋਂ ਬਾਦ ਤੁਸੀਂ ਕਿਸੇ ਗੁਰਦੁਆਰੇ ਵੀ ਨਹੀਂ ਜਾਵੋਗੇ।

ਮੈਂਨੂੰ ਯਾਦ ਏ, ਜਦੋਂ ਇੱਕ ਮਾਤਾ ਨੇ ਅਪਣੇ ਕਿਸੇ ਸੰਬੰਧੀ ਨੂੰ ਗੁਰਦੁਆਰੇ ਅੰਦਰੋਂ ਬੁਲਾਉਣ ਲਈ ਦਾਸ ਨੂੰ ਕਿਹਾ “ਵੀਰ! ਫਲਾਂ ਬੰਦੇ ਨੂੰ ਅੰਦਰੋਂ ਬੁਲਾ ਦੇਵੋ” ਦਾਸ ਦੇ ਪੁਛ ਕਰਨ ਤੇ ਕਿ ਮਾਈ ਤੁਸੀਂ ਆਪ ਅੰਦਰ ਜਾਕੇ ਕਿਉਂ ਨਹੀਂ ਬੁਲਾ ਲਿਆਉਦੇ। ਹੱਠ ਕਰਨ ਤੋਂ ਬਾਦ ਮਾਈ ਦਾ ਉਤਰ ਸੀ “ਮੈਂ … ਗੁਰੂ ਤੋਂ ਨਾਮ ਲਿਆ ਹੈ ਅਤੇ ਉਸਨੇ ਪੱਕਾ ਕੀਤਾ ਹੈ ਕਿ ਅਜ ਤੋਂ ਬਾਦ ਤੂੰ ਹੋਰ ਕਿੱਧਰੇ ਗੁਰਦੁਆਰੇ, ਮੰਦਿਰ ਆਦਿ ਨਹੀਂ ਜਾਣਾ। ਨਹੀਂ ਤਾਂ ਤੇਰੇ ……. . ਹੋ ਜਾਵੇਗਾ. . ਉਹ ਹੋ ਜਾਵੇਗਾ ਆਦਿ। ਇਸ ਲਈ ਪਹਿਲਾਂ ਤਾਂ ਜਾਂਦੀ ਸੀ ਪਰ ਹੁਣ ਗੁਰਦੁਆਰੇ ਅੰਦਰ ਨਹੀਂ ਜਾ ਸਕਦੀ” ਦੂਜੇ ਪਾਸੇ ਅਸੀਂ ਹਾਂ ਕਿ ਸ਼ਰੇਆਮ ਕਹੀ ਫ਼ਿਰਦੇ ਹਾਂ ‘ਸਾਰੇ ਸੰਸਾਰ ਦੇ ਗੁਰੂ-ਜੀਵਨ ਦਾਤੇ ਗੁਰਬਾਣੀ ਨੂੰ ਗੁਰੂ ਧਾਰਣ ਕਰਣ ਲਈ ਲਗਾਤਾਰ 230 ਵਰ੍ਹੇ ਤੀਕ, ਮਨੁੱਖ ਦੇ ਮੰਨ ਨੂੰ ਦ੍ਰਿੜ ਕਰਣ ਦਾ ਕੋਈ ਨੀਯਮ ਹੀ ਨਹੀਂ ਸੀ, ਕੇਵਲ ਸ਼ਰਧਾ `ਤੇ ਵਿਸ਼ਵਾਸ ਦਾ ਹੀ ਵਿਸ਼ਾ ਸੀ।

ਇਸੇ ਦਾ ਨਤੀਜਾ ਹਨ, ਅਜ ਸੰਗਤਾਂ ਦੇ ਅਜੇਹੇ ਸੁਆਲ- 1. ਜੇਕਰ ਅਸੀਂ ਕੇਸਾਧਾਰੀ ਹੋਏ ਵਿਸਾਖੀ 1699 ਨੂੰ, ਪਹਿਲਾਂ 230 ਸਾਲ ਕੇਸਾਂ ਬਿਨਾਂ ਸਾਰੇ ਹੀ ਸਿੱਖ ਸਨ ਤਾਂ ਹੁਣ ਕਿਉਂ ਨਹੀਂ ਹੋ ਸਕਦੇ? 2. ਅੰਮ੍ਰਿਤ ਛੱਕਣ ਦਾ ਨੀਯਮ ਤਾਂ ਕਲਗੀਧਰ ਜੀ ਨੇ ਦਿਤਾ ਸੰਨ 1699 ਦੀ ਵਿਸਾਖੀ ਨੂੰ, ਜੇਕਰ ਇਸਤੋਂ ਪਹਿਲਾਂ ਅੰਮ੍ਰਿਤ ਛੱਕੇ ਬਿਨਾਂ ਸਾਰੇ ਸਿੱਖ ਸਨ ਤਾਂ ਅਜ ਕਿਉਂ ਨਹੀਂ? 3. ਗੁਰੂ ਗੋਬਿੰਦ ਸਿੰਘ ਜੀ ਨੇ ਵਿਸਾਖੀ 1699 ਵਾਲੇ ਦਿਨ ਅੰਮ੍ਰਿਤ ਛੱਕਾਕੇ ਸਿੱਖਾਂ ਨੂੰ ਖਾਲਸੇ ਸਜਾਇਆ। ਮਤਲਬ ਇਹ-ਅੰਮ੍ਰਿਤ ਛੱਕੇ ਬਿਨਾਂ ਅਸੀਂ ਸਿੱਖ ਤਾਂ ਹਾਂ, ਕੇਵਲ ਖਾਲਸੇ ਜਾਂ ਗੁਰੂ ਵਾਲੇ ਨਹੀਂ ਹਾਂ, ਇਸ ਲਈ ਜਦੋਂ ਇੱਛਾ ਹੋਵੇਗੀ ਖਾਲਸੇ ਸੱਜ ਜਾਵਾਂਗੇ, ਗੁਰੂ ਵਾਲੇ ਬਣ ਜਾਵਾਂਗੇ। (ਜਦਕਿ ਸਿੱਖ ਦਾ ਮੱਤਲਬ ਹੀ ਇਹੀ ਹੈ ਕਿ ਉਹ ਗੁਰੂ ਵਾਲਾ ਹੈ ਅਤੇ ਨਿਗੁਰਾ ਸਿੱਖ ਨਹੀਂ ਹੁੰਦਾ)। 4. ਖਾਲਸਾ ਸਜਨਾ ਹੋਵੇਗਾ ਤਾਂ ਅੰਮ੍ਰਿਤ ਛੱਕ ਲਵਾਂਗੇ, ਸਾਡਾ ਕੰਮ ਤਾਂ ਇਸੇਤਰ੍ਹਾਂ ਚਲ ਜਾਂਦਾ ਹੈ ਸਾਨੂੰ ਅਜੇ ‘ਅੰਮ੍ਰਿਤ ਛੱਕਣ’ ਦੀ ਲੋੜ ਨਹੀਂ। 5. ਨਿਤੱਨੇਮ ਤਾਂ ਅੰਮ੍ਰਿਤ ਛੱਕਣ ਤੋਂ ਬਾਦ ਹੀ ਜ਼ਰੂਰੀ ਹੈ ਅਸਾਂ ਅਜੇ ਕਿਹੜਾ ਅੰਮ੍ਰਿਤ ਛੱਕਿਆ ਹੈ। ਸਾਡੇ ਵਾਸਤੇ ਨਿੱਤਨੇਮ ਜ਼ਰੂਰੀ ਨਹੀਂ। 6. ਜਦੋਂ ਅੰਮ੍ਰਿਤ ਛਕਾਂਗੇ, ਸ਼ਰਾਬ ਪੀਣੀ ਛੱਡ ਦੇਵਾਂਗੇ ਅਜੇ ਸਾਨੂੰ ਸਭ ਖੁੱਲ ਹੈ, ਸਿੱਖ ਤਾਂ ਅਸੀਂ ਹਾਂ ਹੀ। 7. ਅੰਮ੍ਰਿਤ ਛੱਕਣਾ ਜ਼ਰੂਰੀ ਤੇ ਹੈ ਨਹੀਂ, ਇਹ ਤਾਂ ਮੰਨ ਮੰਨਣ ਦੀ ਗਲ ਹੈ। ਜਦੋਂ ਸਾਡਾ ਮੰਨ ਮੰਨੇਗਾ ਛੱਕ ਲਵਾਂਗੇ, ਕੋਈ ਮਜਬੂਰੀ ਤਾਂ ਹੈ ਨਹੀਂ। 8. ਸਿੱਖ ਧਰਮ ਤਾਂ ਗੁਰੂ ਨਾਨਕ ਸਾਹਿਬ ਤੋ ਚਲਦਾ ਆ ਰਿਹਾ ਹੈ। ਵਿਸਾਖੀ 1699 ਨੂੰ ਦਸਮੇਸ਼ ਜੀ ਨੇ ਕਿੱਧਰੇ ਇਹ ਤਾਂ ਕਿਹਾ ਨਹੀਂ ਕਿ ਸਾਰੇ ਅੰਮ੍ਰਿਤ ਛੱਕਣ। ਜਿਨ੍ਹਾਂ ਦੀ ਇੱਛਾ ਸੀ ‘ਅੰਮ੍ਰਿਤ’ ਛੱਕਕੇ ‘ਖਾਲਸਾ’ ਸਜ ਗਏ। ਬਾਕੀ ਤਾਂ ਸਾਰੇ ਸਿੱਖ ਹੀ ਸਨ ਅਤੇ ਅਜ ਵੀ ਹਨ। ਇਤਿਆਦਿ।

ਇਹੀ ਨਹੀਂ ਇਸਤੋਂ ਵੀ ਨੀਵੀਂ ਪੱਧਰ ਦੇ ਹੋਰ ਅਨੇਕਾਂ ਸੁਆਲ, ਢੁੱਚਰਾਂ ਅਤੇ ਸ਼ੰਕੇ ਭਰੇ ਪਏ ਹਨ, ਕੇਵਲ ਪੰਥ ਦੀ ਪਨੀਰੀ ਅੰਦਰ ਹੀ ਨਹੀਂ, ਬਲਕਿ ਵੱਡਿਆਂ ਅੰਦਰ ਵੀ। ਇਥੋਂ ਤੀਕ ਕਹਿੰਦੇ ਸੁਣੇ ਜਾਂਦੇ ਹਨ ਨਾਵਾਂ ਨਾਲ ‘ਸਿੰਘ ਜਾਂ ਕੌਰ’ ਤਾਂ ਅੰਮ੍ਰਿਤ ਛੱਕਣ ਤੋਂ ਬਾਦ ਜ਼ਰੂਰੀ ਹੈ ਪਹਿਲਾਂ ਨਹੀਂ। ਇਸ ਸਾਰੇ ਦਾ ਮੂਲ ਕਾਰਣ ਹੈ ਸਾਡੀ ਅਪਣੇ ਇਤਿਹਾਸ ਬਾਰੇ ਲਾਪਰਵਾਹੀ ਅਤੇ ਦੂਜਿਆਂ ਰਾਹੀਂ ਮਿਲਾਵਟਾਂ, ਜਿਨ੍ਹਾਂ ਨੂੰ ਅਸੀਂ ਬਿਨਾਂ ਘੋਖੇ ਆਪ ਵੀ ਹਵਾ ਦੇ ਰਹੇ ਹਾਂ। ਇਹੀ ਵੱਡਾ ਕਾਰਣ ਸੀ ਵਿਸਾਖੀ 1999 ਦੀ ਤਿੰਨ ਸੌ ਸਾਲਾ ਸ਼ਤਾਬਦੀ ਵੀ ਕੁੱਝ ਦੇਣ ਦੀ ਬਜਾਏ ਸਾਨੂੰ ਘਟੋ-ਘਟ ਸੌ ਸਾਲ ਪਿਛੇ ਸੁੱਟ ਗਈ, ਇਸਦਾ ਲਾਭ ਸਿੱਖਾਂ ਨੇ ਨਹੀਂ, ਬਲਕਿ ਵਿਰੋਧੀਆਂ ਨੇ ਲਿਆ।

ਚਰਣ ਪਾਹੁਲ ਅਤੇ ਮਹਾਨ ਕੋਸ਼- ਹੋਰ ਲਵੋ! ਪੰਥ ਦੇ ਮਾਹਾਨ ਵਿਦਵਾਨ ਭਾਈ ਕਾਹਨ ਸਿੰਘ ਜੀ ਨਾਭਾ ਖੁਲਕੇ ਉਗਾਹੀ ਭਰਦੇ ਹਨ “ਚਰਣਾਂ ਦਾ ਅੰਮ੍ਰਿਤ, ਦੇਖੋ, ਚਰਣਾਮ੍ਰਿਤ॥ …. ਚਰਨਾਮ੍ਰਿਤ- “ਚਰਨਾਮ੍ਰਿਤ ਸਿੱਖਾਂ ਪੀਲਾਯਾ” (ਭਾਗੁ) ਸੰਗ੍ਯਾ- ਚਰਣਾਂ ਦਾ ਅਮ੍ਰਿਤ ਚਰਣੋਂਦਕ. ਦੇਵਤਾ ਦੀ ਮੂਰਤੀ ਅਥਵਾ ਧਰਮਉਪਦੇਸ਼ਕਾ ਗੁਰੂ ਦੇ ਚਰਣਾਂ ਦਾ ਜਲ. ਉਹ ਜਲ, ਜਿਸ ਨਾਲ ਗੁਰੂ ਦੇ ਪੈਰ ਧੋਤੇ ਹਨ. ਨੌ ਸਤਿਗੁਰਾਂ ਵੇਲੇ ਸਿੱਖ ਧਰਮ ਵਿੱਚ ਲਿਆਉਣ ਲਈ ਚਰਣਾਮਿਤ੍ਰ ਪਿਆਇਆ ਜਾਂਦਾ ਸੀ। ਇਸ ਦਾ ਨਾਮ ਚਰਣਪਾਹੁਲ ਅਤੇ ਪਗ ਪਾਹੁਲ ਭੀ ਲਿਖਿਆ ਹੈ।”

ਗੁਰਬਾਣੀ ਦੇ ਚਰਣਾਂ ਨਾਲ ਜੋੜਣਾ- ਢੰਗ ਕੁੱਝ ਵੀ ਰਿਹਾ ਹੋਵੇ ਪਰ ਮਨੁੱਖੀ ਮਨ ਦਾ ਸੁਭਾਅ ਹੈ ਕਿ ਕਿਸੇ ਵੀ ਕਾਰਜ ਵਾਸਤੇ ਪਹਿਲਾਂ ਇਸਨੂੰ ਉਸ ਦੇ ਲਈ ਦ੍ਰਿੜ ਕਰਨਾ ਹੀ ਹੁੰਦਾ ਹੈ। ਹੋਰ ਤਾਂ ਹੋਰ, ਛੋਟੀ ਤੋਂ ਛੌਟੀ ਸੰਸਥਾ ਤੋਂ ਲੈਕੇ ਮੈਂਬਰ ਪਾਰਲੀਆਮੈਂਟ ਤੀਕ ਪਹਿਲਾਂ ਵਫ਼ਾਦਾਰੀ ਦਾ ਪ੍ਰਣ ਲੈਣਾ ਹੁੰਦਾ ਹੈ ਭਾਵ ਅਮੁਕੇ ਕਾਰਜ ਲਈ ਦ੍ਰਿੜ ਸੰਕਲਪ ਹੋਣਾ ਹੁੰਦਾ ਹੈ ਤਾਂ ਜਾਕੇ ਉਸ ਮੈਂਬਰੀ ਦਾ ਮੁਲ ਪੈਂਦਾ ਹੈ, ਉਸ ਤੋਂ ਪਹਿਲਾਂ ਨਹੀਂ। ਇਹ ਗਲ ਪੱਕੀ ਹੈ ਕਿ ਵਿਸਾਖੀ 1469 (ਗੁਰੂ ਨਾਨਕ ਆਗਮਨ) ਤੋਂ ਲੈਕੇ ਵਿਸਾਖੀ 1699 ਤੀਕ ਗੁਰੂ ਕਾ ਸਿੱਖ ਵੀ ਕੋਈ ਨਾ ਕੋਈ ਅਜੇਹਾ ਸੰਕਲਪ ਲੈਂਦਾ ਸੀ। ਅਜੋਕੇ ਸਮੇਂ ਸਿੱਖ ਲਈ ਖੰਡੇ ਦੀ ਪਾਹੁਲ `ਚ ਆ ਚੁਕੀ ਢਿੱਲ ਦਾ ਹੀ ਨਤੀਜਾ ਹੈ ਕਿ ਅਜ ਸਮੂਚੀ ਕੌਮ ਦੀ ਜੋ ਹਾਲਤ ਬਣੀ ਪਈ ਹੈ। ਪਿਆਰਾ ਸਿੰਘ ਪਦਮ ਅਪਣੀ ਲਿਖਤ `ਚ ਸਪੱਸ਼ਟ ਲਿਖਦੇ ਹਨ ਕਿ ਵਿਸਾਖੀ 1469 ਖੰਡੇ ਦੀ ਪਾਹੁਲ ਤਿਆਰ ਕਰਨ ਤੋਂ ਬਾਦ ਗੁਰਦੇਵ ਨੇ ਇੱਕ ਘੜੇ `ਚ ਜਲ ਮੰਗਵਾਇਆ, ਉਸਨੂੰ ਚਰਣ ਛੋਹ ਦਿੱਤੀ, ਉਪਰੰਤ ਭਾਈ ਜੀਵਨ ਸਿੰਘ ਨੂੰ ਹੁਕਮ ਕੀਤਾ ਕਿ ਇਸਨੂੰ ਤੋੜ ਦਿਤਾ ਜਾਵੇ। ਇਥੋਂ ਦੋ ਗਲਾਂ ਸਪੱਸ਼ਟ ਹਨ ਕਿ ਵਿਸਾਖੀ 1469 ਤੋਂ ਪਹਿਲਾਂ `ਚਰਣ ਪਾਹੁਲ’ ਦਾ ਇਹੀ ਨੀਯਮ ਸੀ। ਦੂਜਾ ਉਸ ਘੜੇ ਨੂੰ ਤੁੜਵਾਉਣ ਦਾ ਮਤਲਬ ਸੀ, ਕਿ ਅਜ ਤੋਂ ਬਾਦ ਸਿੱਖ ਧਰਮ `ਚ ਪ੍ਰਵੇਸ਼ ਕੇਵਲ ‘ਖੰਡੇ ਦੀ ਪਾਹੁਲ’ ਹੀ ਹੈ ਇਸ ਤੋਂ ਇਲਾਵਾ ਹੋਰ ਕੋਈ ਢੰਗ ਜਾਂ ਨੀਯਮ ਨਹੀਂ।

ਗੁਰਬਾਣੀ ਦੇ ਚਰਣਾਂ ਨਾਲ ਜੋੜਣਾ, ਪਹਿਲੇ ਜਾਮੇ ਤੋਂ- ਜਗਿਆਸੂ ਨੂੰ ਗੁਰਬਾਣੀ ਦੇ ਚਰਣਾ ਨਾਲ ਜੋੜਣ ਦਾ ਨੀਯਮ ਪਹਿਲੇ ਪਾਤਸ਼ਾਹ ਤੋਂ ਹੀ ਚਲਦਾ ਆ ਰਿਹਾ ਹੈ। ਜਿਉਂ ਜਿਉਂ ਗੁਰਬਾਣੀ ਦੀ ਗਹਿਰਾਈ `ਚ ਜਾਵੋ ਤਾਂ ਚਰਣ ਧੋ ਕੇ ਪਿਆਉਣ ਵਾਲਾ ਪੁਰਾਤਨ Non-Hygenic ਢੰਗ ਸਾਬਤ ਨਹੀਂ ਹੁੰਦਾ। ਵੱਧ ਤੋਂ ਵੱਧ ਇਹ ਹੋ ਸਕਦਾ ਹੈ ਕਿ ਗੁਰਦੇਵ ਅਮੁਕੇ ਬਰਤਨ ਨੂੰ ਚਰਣ ਛੁਆ ਦੇਂਦੇ ਹੋਣ ਜਾਂ ਕੁੱਝ ਜਲ ਅਪਣੇ ਕਰ-ਕਮਲਾਂ `ਚ ਲੈਕੇ ਅਤੇ ਗੁਰਬਾਣੀ ਪੜ੍ਹ ਕੇ ਜਗਿਆਸੂ ਕੋਲੋਂ ਗੁਰਬਾਣੀ ਅਥਵਾ ਗੁਰੂ-ਆਗਿਆ `ਚ ਚਲਣ ਲਈ ਪ੍ਰਣ ਲੈ ਲੈਂਦੇ ਹੋਣ। ਪਰ ਅਜੇਹਾ ਮੰਨ ਲੈਣਾ ਕਿ ਇਹ ਕੇਵਲ ਸ਼ਰਧਾ ਅਤੇ ਵਿਸ਼ਵਾਸ ਦਾ ਹੀ ਵਿਸ਼ਾ ਸੀ, ਇਤਿਹਾਸ ਦੀ ਕਸਵਟੀ ਤੇ ਠੀਕ ਸਾਬਤ ਨਹੀਂ ਹੁੰਦੀ। ਇਸਦੇ ਲਈ ਭਾਈ ਗੁਰਦਾਸ ਜੀ ਵਾਰ ੧ ਪਉੜੀ ੨੩ ਵਿੱਚ ਇਸਤਰ੍ਹਾਂ ਫ਼ੁਰਮਾਂਦੇ ਹਨ ਸੁਣੀ ਪੁਕਾਰਿ ਦਾਤਾਰ ਪ੍ਰਭੁ ਗੁਰੁ ਨਾਨਕ ਜਗ ਮਾਹਿ ਪਠਾਇਆ। ਚਰਨ ਧੋਇ, ਰਹਰਾਸਿ ਕਰਿ; ਚਰਣਾਮ੍ਰਿਤੁ ਸਿਖਾਂ ਪੀਲਾਇਆ. . ।” ਇਹ ਠੀਕ ਹੈ ਕਿ ਇਨ੍ਹਾਂ ਪੰਕਤੀਆਂ ਦੇ ਅਰਥ ਗੁਰਬਾਣੀ ਦੇ ਇਸ ਮੁਹਾਵਰੇ ਅਨੁਸਾਰ ਹੋਣ ਜਿਵੇਂ ਚਰਨ ਸਾਧ ਕੇ ਧੋਇ ਧੋਇ ਪੀਉ” (ਪੰ: 283) ਭਾਵ ਜੀਵਨ ਨੂੰ ਉਸ ਮਾਰਗ ਤੇ ਚਲਾਉਣਾ ਜਿਸ ਮਾਰਗ ਤੇ ਸਾਧਸੰਗਤ ਜਾਂਦੀ ਹੈ ਜਾਂ ਫ਼ਿਰ ਗੁਰ ਕੇ ਚਰਨ ਰਿਦੈ ਲੈ ਧਾਰਉ” (ਪੰ: 864) ਭਾਵ ਗੁਰੂ ਦੀ ਆਗਿਆ ਨੂੰ ਮੰਨ `ਚ ਵਸਾਉਣਾ ਅਤੇ ਜੀਵਨ ਨੂੰ ਉਸ ਅਨੁਸਾਰ ਚਲਾਉਣਾ। ਇਸਤਰ੍ਹਾਂ ਗੁਰਬਾਣੀ `ਚ ਸੈਂਕੜੇ ਪ੍ਰਮਾਣ ਮੌਜੂਦ ਹਨ ਜਿਨ੍ਹਾਂ ਦਾ ਇਕੋ ਹੀ ਮਤਲਬ ਹੈ ਕਿ ਗੁਰਬਾਣੀ ਦੇ ਚਰਣਾ ਨਾਲ ਜੁੜਣਾ। ਇਸ ਲਈ ਢੰਗ ਭਾਵੇਂ ਕੁੱਝ ਵੀ ਰਿਹਾ ਹੌਵੇ ਪਰ ਵਿਸਾਖੀ 1699 ਤੀਕ ਵੀ `ਚਰਣ ਪਾਹੁਲ’ ਦਾ ਮਤਲਬ ਉਹੀ ਸੀ ਜੋ ਵਿਸਾਖੀ 1699 ਉਪਰੰਤ ਖੰਡੇ ਦੀ ਪਾਹੁਲ ਦਾ ਹੈ ਭਾਵ ਗੁਰਬਾਣੀ ਅੱਥਵਾ ‘ਗੁਰੂ ਗ੍ਰੰਥ ਸਾਹਿਬ’ ਦੇ ਲੜ ਲਗਣਾ। ਇਹ ਨਹੀਂ ਕਿ ਵਿਸਾਖੀ 1699 ਤੀਕ ਸਿੱਖ ਧਰਮ `ਚ ਪ੍ਰਵੇਸ਼ ਲਈ ਕੋਈ ਖਾਸ ਨੀਯਮ ਹੈ ਹੀ ਨਹੀਂ ਸੀ, ਇਹ ਕੇਵਲ ਸ਼ਰਧਾ ਅਤੇ ਵਿਸ਼ਵਾਸ ਦਾ ਵਿਸ਼ਾ ਸੀ।

ਸਿੱਖ ਧਰਮ `ਚ ਪ੍ਰਵੇਸ਼ ਵਿਸਾਖੀ 1699 ਤੋਂ ਪਹਿਲਾਂ- ਇਸ ਸੰਬੰਧ `ਚ ਅਸੀਂ ਭਾਈ ਮੰਝ ਜੀ ਦੀ ਮਿਸਾਲ ਦੇਖ ਚੁਕੇ ਹਾਂ ਕਿ ਸਤਿਗੁਰਾਂ ਤੋਂ ਸਿੱਖੀ ਮੰਗਣੀ ਹੁੰਦੀ ਸੀ। ਘਰ ਬੈਠੇ ਅਪਣੇ ਆਪ ਕੋਈ ਸਿੱਖ ਨਹੀਂ ਸੀ ਹੁੰਦਾ, ਜਿਵੇਂ ਕਿ ਅਜ ਹੋ ਰਿਹਾ ਹੈ। ਇਹ ਵੀ ਦੇਖ ਚੁਕੇ ਹਾਂ ਕਿ ਗਿਆਨ ਰਤਨਾਵਲੀ ਕ੍ਰਿਤ ਭਾਈ ਮਨੀ ਸਿੰਘ ਜੀ ਅਨੁਸਾਰ ਭਾਈ ਮਰਦਾਨਾ ਜੀ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਲਈ ਅਧਿਕਾਰੀ ਪ੍ਰਚਾਰਕ ਸਨ, ਇਸੇ ਕਰਕੇ ਉਹ ਭਾਈ ਨੀਰੂ ਨੂੰ ਸਿੱਖ ਧਰਮ `ਚ ਪ੍ਰਵੇਸ਼ ਕਰਵਾ ਸਕੇ। ਹੋਰ ਲਵੋ! ਤੀਜੇ ਪਾਤਸ਼ਾਹ ਜਦੋਂ ਕਿ ਅਜੇ ਸਿੱਖ ਨਹੀਂ ਸਨ ਸਜੇ, ਕੇਵਲ ਇਨੀ ਜਾਗਰਤੀ ਆਉਣ ਤੇ ਕਿ ਗੁਰੂ ਵਾਲਾ ਹੋਣਾ ਜ਼ਰੂਰੀ ਹੈ, ਬੀਬੀ ਅਮਰੋ ਜੀ ਨਾਲ ਦੂਜੇ ਪਾਤਸ਼ਾਹ ਦੇ ਦਰ ਤੇ ਪੁਜੇ। ਨਹੀਂ ਤਾਂ ਚੱਟਕ ਤਾਂ ਲਗ ਹੀ ਚੁਕੀ ਸੀ ਅਤੇ ਬਾਣੀ ਵੀ ਕੰਨੀ ਪੈ ਚੁਕੀ ਸੀ, ਉਹ ਵੀ ਘਰ ਬੈਠੇ ਕਹਿ ਦੇਂਦੇ ਕਿ ਮੈਂ ਹੁਣ ਗੁਰੂ ਨਾਨਕ ਪਾਤਸ਼ਾਹ ਦਾ ਸਿੱਖ ਹਾਂ। ਉਹ ਉਚੇਚੇ ਦੂਜੇ ਪਾਤਸ਼ਾਹ ਦੇ ਚਰਣਾਂ `ਚ ਹਾਜ਼ਿਰ ਹੋਏ ਅਤੇ ਇਤਿਹਾਸ ਗੁਆਹ ਹੈ ਕਿ ਬਾਹਠ ਸਾਲ ਦੀ ਵਡੇਰੀ ਉਮਰ `ਚ ਸਿੱਖੀ ਦੀ ਦਾਤ ਲਈ। ਇਸੇਤਰ੍ਹਾਂ ਭਾਈ ਬਿੱਧੀ ਚੰਦ, ਇੱਕ ਵੱਡੇ ਧਾੜਵੀ ਤੋਂ ਭਾਈ ਅਦਲੀ ਜੀ ਦੇ ਸਤਿਸੰਗ `ਚ ਆਕੇ, ਜਦੋਂ ਉਨ੍ਹਾਂ ਦਾ ਮਨ ਬਦਲਿਆ ਤਾਂ ਆਪਜੀ ਨੂੰ ਸਿੱਖੀ ਦੀ ਦਾਤ ਲੈਣ ਲਈ ਪੰਜਵੇਂ ਪਾਤਸ਼ਾਹ ਦੇ ਚਰਣਾਂ `ਚ ਆਉਣਾ ਪਿਆ।

ਇਸ ਤੋਂ ਇਲਾਵਾ ਅੱਠਵੇਂ ਪਾਤਸ਼ਾਹ ਦਿੱਲੀ ਪੱਧਾਰੇ ਤਾਂ ਸਿੱਖ ਧਰਮ `ਚ ਪ੍ਰਵੇਸ਼ ਕਰਨ ਵਾਲਿਆਂ ਦੀ ਗਿਣਤੀ ਇੰਨੀ ਜ਼ਿਆਦਾ ਕਿ ਗੁਰਦੇਵ ਨੇ ਮੌਜੂਦਾ ਗੁਰਦੁਆਰਾ ਬੰਗਲਾ ਸਹਿਬ ਵਿਚਲੇ `ਚੁਬੱਚਾ ਸਾਹਿਬ’ `ਚ ਜਲ ਭਰਵਾ ਕੇ ਉਸਨੂੰ ਅਪਣੀ ਚਰਣ ਛੋਹ ਬਖਸ਼ੀ। ਇਸਤਰ੍ਹਾਂ `ਚਰਣ ਪਾਹੁਲ’ ਰਾਹੀ ਬੇਅੰਤ ਸੰਗਤਾਂ ਨੂੰ ਗੁਰੂ ਦਰ ਨਾਲ ਜੋੜਿਆ। ਇਤਿਹਾਸ ਦੀ ਸੰਭਾਲ ਨਾ ਹੋਣ ਕਰਕੇ ਭਾਵੇਂ ਕਿ ਅਜ ਕਿਹਾ ਜਾ ਰਿਹਾ ਕਿ ਉਸ ਸਮੇਂ ਦਿੱਲੀ `ਚ ਚੇਚਕ ਫੁਟਣ ਕਾਰਣ ਇਹ `ਚੁਬੱਚਾ’ ਹੋਂਦ `ਚ ਆਇਆ ਪਰ ਇਤਿਹਾਸ ਦੀ ਗਹਿਰਾਈ `ਚ ਜਾਵੋ ਤਾਂ ਪਤਾ ਲਗਦਾ ਹੈ ਕਿ ਚੇਚਕ ਦੇ ਫੁੱਟਣ ਤੇ ਗੁਰਦੇਵ ਨੇ ਸੰਗਤਾਂ ਸਮੇਤ ਘਰ-ਘਰ `ਚ ਪੁਜਕੇ ਲੋਕਾਈ ਦੀ ਸੇਵਾ ਕੀਤੀ ਅਤੇ ਸਾਰਾ ਦਸਵੰਧ ਵੀ ਇਸੇ ਸੇਵਾ `ਚ ਖਰਚ ਕੀਤਾ। ਖੈਰ! ਉਹ ਇੱਕ ਵੱਖਰਾ ਵਿਸ਼ਾ ਹੈ ਪਰ ਇਹ ਕੁੱਝ ਮਿਸਾਲਾਂ ਹਨ ਕਿ ਉਦੋਂ ਘਰ ਬੈਠੇ ਕੇਵਲ ਸ਼ਰਧਾ ਅਤੇ ਵਿਸ਼ਵਾਸ ਉਗਮ ਆਉਣ ਨਾਲ, ਬੰਦਾ ਸਿੱਖ ਨਹੀਂ ਸੀ ਹੋ ਜਾਂਦਾ, ਬਲਕਿ ਸਿੱਖੀ ਦੀ ਦਾਤ ਲੈਣੀ ਹੁੰਦੀ ਸੀ।

ਸਿੱਖੀ ਸਰੂਪ ਵੀ ਪਹਿਲੇ ਜਾਮੇ ਤੋਂ ਹੀ- ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਸਿੱਖ ਦਾ ਸੰਪੂਰਣ ਕੇਸਾਧਾਰੀ ਸਰੂਪ ਪਹਿਲੇ ਜਾਮੇ ਤੋਂ ਹੀ ਸੀ। ਕਿਉਂਕਿ ਸਿੱਖ ਧਰਮ ਦਾ ਆਧਾਰ ਹੀ ‘ਰਜ਼ਾ ਅਤੇ ਭਾਣੇ ਦਾ ਜੀਵਨ’ ਹੈ ਅਤੇ ਭਾਣੇ-ਰਜ਼ਾ `ਚ ਚਲਣ ਵਾਲਾ ਇਨਸਾਨ ਕਰਤੇ ਦੀ ਰਜ਼ਾ `ਚ ਮਿਲੇ ਹੋਏ ਸਰੂਪ ਦੀ ਕੱਟ-ਵੱਢ ਜਾਂ ਭੇਖੀ ਕਿਵੇਂ ਬਣ ਸਕਦਾ ਹੈ? ਇਸਤਰ੍ਹਾਂ ਜਦੋਂ ਕੇਸਾਂ ਵਾਲਾ ਪੂਰਨ ਸਰੂਪ ਵੀ ਪਹਿਲੇ ਜਾਮੇ ਤੋਂ ਸੀ ਤਾਂ ਕੇਸਾਂ ਦੀ ਸਫ਼ਾਈ ਲਈ ਇਹ ਕੰਘਾਧਾਰੀ ਵੀ ਪਹਿਲੇ ਹੀ ਜਾਮੇ ਤੋਂ ਸੀ। ਜੰਜੂ ਤੋਂ ਇਨਕਾਰ ਕਰਕੇ ਬ੍ਰਾਹਮਣ ਤੋਂ ਵੀ ਇਸਦਾ ਛੁਟਕਾਰਾ ਕਰਵਾ ਦਿੱਤਾ। ਚੂੰਕਿ ਬ੍ਰਾਹਮਣ ਦੇ ਸੋਲ੍ਹਾਂ ਦੇ ਸੋਲ੍ਹਾਂ ਸੰਸਕਾਰ ਬਿਨਾਂ ਸੀਤੇ ਕਪੜੇ ਨਾਲ ਹੁੰਦੇ ਹਨ ਤਾਂ ਯਕੀਨਣ ਪਹਿਲੇ ਜਾਮੇ ਤੋਂ ਹੀ ਇਸ ਨੂੰ ਸੀਤੇ ਹੋਏ ਕਛਿਹਰੇ ਪੁਆਕੇ ਉਸ ਪਾਸਿਓਂ ਵੀ ਰੋਕ ਵੀ ਲਗਾ ਦਿਤੀ ਸੀ। ਇਸਦਾ ਵੱਡਾ ਸਬੂਤ ਓਦੋਂ ਮਿਲਦਾ ਹੈ ਜਦੋਂ ਤੀਜੇ ਪਾਤਸ਼ਾਹ ਅਭੀਚ ਪੁਰਬ ਸਮੇ ਲੋਕਾਈ ਦੇ ਉਧਾਰ ਲਈ ਕੁਰਖੈਤ੍ਰ ਆਦਿ ਪ੍ਰਚਾਰ ਦੌਰੇ ਤੇ ਗਏ ਤਾਂ ਅਕਬਰ ਨੂੰ ਕਹਿਕੇ ਹਿੰਦੂਆਂ ਉਪਰੋਂ ਟੈਕਸ ਮੁਆਫ਼ ਕਰਵਾਇਆ ਜਦਕਿ ਸਿੱਖਾਂ ਉਪਰ ਇਹ ਟੈਕਸ ਪਹਿਲਾਂ ਤੋਂ ਹੀ ਨਹੀਂ ਸੀ। ਇਥੋਂ ਇਹ ਗਲ ਸਾਫ਼ ਹੋ ਜਾਂਦੀ ਹੈ ਕਿ ਉਸ ਸਮੇਂ ਵੀ ਸਿੱਖ ਅਪਣੇ ਸਰੂਪ ਕਰਕੇ ਨਿਵੇਕਲੇ ਸਨ। ਪਾਤਸ਼ਾਹ ਦੇ ਇਸ ਪ੍ਰਚਾਰ ਦੋਰੇ ਦਾ ਭਰਵਾਂ ਵੇਰਵਾ ਚੌਥੇ ਪਾਤਸ਼ਾਹ ਨੇ ਰਾਗ ਤੁਖਾਰੀ “ਨਾਵਣੁ ਪੁਰਬੁ ਅਭੀਚੁ ਗੁਰ ਸਤਿਗੁਰ ਦਰਸੁ ਭਇਆ॥ ਦੁਰਮਤਿ ਮੈਲੁ ਹਰੀ ਅਗਿਆਨੁ ਅੰਧੇਰੁ ਗਇਆ. .” ਪੰਨਾ 1116 ਉਪਰ ਕੀਤਾ ਹੈ। ਇਹ ਇਕੋ ਮਿਸਾਲ ਹੀ ਸਾਬਤ ਕਰਨ ਲਈ ਕਾਫ਼ੀ ਹੈ ਕਿ ਉਸ ਸਮੇਂ ਤੀਕ ਸਿੱਖਾਂ ਦਾ ਅਪਣਾ ਨਿਵੇਕਲਾ ਸਰੂਪ ਸੰਸਾਰ ਸਾਹਮਣੇ ਉਘੜ ਚੁਕਾ ਸੀ।

ਬਾਕੀ ਰਹੀ ਗਲ ਸਿੱਖ ਦੇ ਸ਼ਸਤ੍ਰਧਾਰੀ ਹੋਣ ਦੀ ਉਹ ਸ਼ਸਤ੍ਰ ਵੀ ਛੇਵੇਂ ਜਾਮੇ ਸਮੇਂ ਸਿੱਖਾਂ ਨੇ ਜਹਾਂਗੀਰ ਨਾਲ ਚਾਰ ਜੰਗਾਂ ਲੜੀਆਂ ਅਤੇ ਚਾਰਾਂ `ਚ ਜਿੱਤ ਪ੍ਰਾਪਤ ਕੀਤੀ। ਇਹ ਇਸ ਗਲ ਦਾ ਸਬੂਤ ਹੈ ਕਿ ਛੇਵੇਂ ਜਾਮੇ ਸਮੇਂ ਸ਼ਸਤ੍ਰ ਵੀ ਸਿੱਖਾਂ ਦੇ ਪਹਿਰਾਵੇ ਦਾ ਹਿੱਸਾ ਬਣ ਚੁਕੇ ਸਨ।

ਸਿੱਖ ਪਹਿਲੇ ਜਾਮੇਂ ਤੋਂ ਕੇਸਾਧਾਰੀ ਅਤੇ ਪਾਹੁਲਧਾਰੀ ਸਨ- ਵਿਸਾਖੀ ਸੰਨ 1699 ਪਾਤਸ਼ਾਹ ਨੇ ਨੰਗੀ ਤਲਵਾਰ ਦੀ ਧਾਰ ਤੇ ਸਿਖਾਂ ਦਾ ਇਮਤਿਹਾਨ ਲਿਆ। ਸਿੱਖ 100% ਨੰਬਰ ਲੈਕੇ ਪਾਸ ਹੋਇਆ। ਪਾਤਸ਼ਾਹ ਨੇ ਕੇਵਲ ਪੰਜ ਸੀਸ ਹੀ ਮੰਗੇ, ਛੇਵਾਂ ਮੰਗਿਆ ਹੀ ਨਹੀਂ ਇਸ ਲਈ ਉਸਦੀ ਲੋੜ ਹੀ ਨਹੀਂ ਪਈ। ਇਥੇ ਕੁੱਝ ਗਲਾਂ ਖਾਸ ਧਿਆਣ ਮੰਗਦੀਆਂ ਹਨ:

੧. ਗੁਰਦੇਵ ਨੇ ‘ਖੰਡੇ ਦੀ ਪਾਹੁਲ’ ਦਾ ਪਹਿਲਾ ਬਾਟਾ ਆਪ ਇਕਲਿਆਂ ਤਿਆਰ ਕੀਤਾ ਅਤੇ ਪਹਿਲੇ ਪੰਜਾਂ ਨੂੰ ਛਕਾਇਆ ਵੀ ਇਕਲਿਆਂ ਹੀ। ਕਿਉਂਕਿ ਆਪ ਕੇਵਲ ਪਹਿਲੇ ਜਾਮੇ ਤੋਂ ਚਲਦੀ ਆ ਰਹੀ ਸਿੱਖ ਧਰਮ `ਚ ਪ੍ਰਵੇਸ਼ ਕਰਨ ਦੀ ਪਰੀਪਾਟੀ `ਚਰਣ ਪਾਹੁਲ’ ਨੂੰ ਹੀ ਪ੍ਰਾਪਤ ਨਹੀਂ ਸਨ ਬਲਕਿ ਆਪ ਤਾਂ ਗੁਰੂ ਨਾਨਕ ਪਦ ਜੋਤ ਨੂੰ ਵੀ ਪ੍ਰਾਪਤ ਸਨ।

੨. ਗੁਰੂ ਸਾਹਿਬ ਨੇ ਜਦੋਂ ਪੰਜ ਸਿੱਖਾਂ ਦੇ ਸਿਰਾਂ ਦੀ ਮੰਗ ਕੀਤੀ ਤਾਂ ਉਸ ਵੇਲੇ ਇਹ ਸ਼ਰਤ ਨਹੀਂ ਸੀ ਕਿ ਉਹ ਸਾਰੇ ਕੇਸਾਧਾਰੀ ਹੋਣ। ਇਸ ਦਾ ਸਿੱਧਾ ਤੇ ਸਾਫ਼ ਮਤਲਬ ਹੈ ਉਸ ਸਮੇਂ ਸਿੱਖ ਦਾ ਮਤਲਬ ਹੀ ਸੰਪੂਰਣ ਕੇਸਾਧਾਰੀ (ਮਨੁੱਖ ਦਾ ਇਲਾਹੀ ਸਰੂਪ) ਹੋਣਾ ਸੀ।

੩. ਗੁਰੂ ਨਾਨਕ ਸਾਹਿਬ ਤੋਂ ਜੋ ਸਿੱਖ ਲਹਿਰ ਚਲਾਈ ਗਈ ਸੀ। ਸਮੇਂ ਨਾਲ ਉਹ ਇਨੀ ਪ੍ਰਫ਼ੁਲਤ ਹੋ ਚੁਕੀ ਸੀ ਕਿ ਇਹ ਸਾਰਾ ਇਕੱਠ ਹੀ ਕੇਸਾ-ਧਾਰੀਆਂ ਦਾ ਹੋਕੇ ਨਿਬੜਿਆ। ਇਸੇ ਦਾ ਸੀ ਕਿ ਉਸ ਧਰਤੀ ਨੂੰ ਹੀ ਪਾਤਸ਼ਾਹ ਨੇ ਕੇਸਗੜ੍ਹ ਸਾਹਿਬ ਦਾ ਨਾਮ ਬਖਸ਼ਿਆ।

੪. ਇਤਿਹਾਸ ਗੁਆਹ ਹੈ, ਸਮਾਗਮ ਦੇ ਪਹਿਲੇ ਤਿੰਨ-ਚਾਰ ਦਿਨਾਂ `ਚ ਹੀ ਪਹਿਲੀਆਂ ਪੰਕਤੀਆਂ ਅੱਸੀ ਹਜ਼ਾਰ ਪ੍ਰਾਣੀਆਂ ਨੇ ਖੰਡੇ ਦੀ ਪਾਹੁਲ ਲਈ ਜੋ ਅਪਣੇ ਆਪ `ਚ ਸਬੂਤ ਹੈ ਕਿ ਕੌਮ ਪਹਿਲਾਂ ਤੋਂ ਕੇਸਾਧਾਰੀ, ਕੰਘਾਧਾਰੀ, ਕਛਿਹਰਾਧਾਰੀ ਅਤੇ ਕ੍ਰਿਪਾਨ ਧਾਰੀ ਸੀ। ਨਹੀਂ ਤਾਂ ਅਜ ਸਾਇੰਸ-ਟੈਕਨਾਲੋਜੀ ਦੇ ਜੁਗ `ਚ ਵੀ ਇੱਕ ਦੰਮ ਇੰਨੀ ਵੱਡੀ ਗਿਣਤੀ ਅੱਸੀ ਹਜ਼ਾਰ ਕ੍ਰਿਪਾਨਾ, ਅੱਸੀ ਹਜ਼ਾਰ ਕੰਘਿਆਂ ਅਤੇ ਇੱਕ ਲਖ ਸੱਠ ਹਜ਼ਾਰ ਕਛਿਹਰਿਆਂ ਦਾ ਪ੍ਰਬੰਧ ਕਰਨਾ ਸੰਭਵ ਨਹੀ।

੫. ਅਜ ਦੇ ਸਮੇਂ ਜੇਕਰ ਕੋਈ ਸੱਜਣ ਸਿੱਖ ਧਰਮ `ਚ ਪ੍ਰਵੇਸ਼ ਕਰਨਾ ਚਾਹੇ, ਤਾਂ ਵੀ ਪੂਰੇ ਕੇਸਾਧਾਰੀ ਸਰੂਪ `ਚ ਆਉਣ ਲਈ ਉਸਨੂੰ ਛੇ ਮਹੀਨੇ ਸਮਾਂ ਲੋੜੀਂਦਾ ਹੈ। ਇਹ ਕਿਵੇਂ ਸੰਭਵ ਹੋਇਆ ਕਿ ਕੇਵਲ ਵਿਚਾਰ ਆਉਣ ਤੇ ਉਨ੍ਹਾਂ ‘ਖੰਡੇ ਦੀ ਪਾਹੁਲ਼’ ਲੈਣੀ ਹੈ, ਉਹ ਸੰਪੂਰਣ ਕੇਸਾਧਾਰੀ ਸਰਪੂ `ਚ ਆ ਗਏ। ਦਰਅਸਲ ਉਹ ਪਹਿਲਾਂ ਤੋਂ ਕੇਸਾਧਾਰੀ ਸਨ।

੬. ਅਜ ਦੇ ਸਮੇਂ ਵੀ ਕੋਈ ਨਸ਼ਿਆਂ ਦਾ ਆਦੀ, ਜੇਕਰ ਸਿੱਖ ਧਰਮ `ਚ ਪ੍ਰਵੇਸ਼ ਕਰਨਾ ਚਾਹੇ, ਤਾਂ ਮੰਨ ਬਨਾਉਣ ਤੇ ਹੀ ਉਸਨੂੰ ਵੱਡਾ ਸਮਾਂ ਚਾਹੀਦਾ ਹੈ ਕਿ ਉਹ ਨਸ਼ੇ ਨਹੀਂ ਕਰੇਗਾ। ਕੇਵਲ ਵਲਵਲਾ ਆਉਣ ਤੇ ਕਿ ‘ਅਗੋਂ ਤੋਂ ਨਸ਼ਾ ਨਹੀਂ ਕਰੇਗਾ’, ਵਿਰਲਿਆਂ ਨੂੰ ਛਡਕੇ ਬਾਕੀਆਂ ਲਈ ਸੌਖਾ ਨਹੀਂ। ਇੱਕ ਆਵਾਜ਼ ਤੇ ਇੱਕ ਦੰਮ ਅੱਸੀ ਹਜ਼ਾਰ ਪ੍ਰਾਣੀਆਂ ਰਾਹੀਂ ‘ਖੰਡੇ ਦੀ ਪਾਹੁਲ’ ਲੈਣੀ ਇਸ ਗਲ ਦਾ ਸਬੂਤ ਹੈ ਕਿ ਉਹ ਪਹਿਲਾਂ ਤੋਂ ਨਸ਼ਿਆਂ ਦੇ ਤਿਆਗੀ ਸਨ।

੭. ਇਸ ਗਲ ਦੇ ਸਬੂਤ ਵੀ ਮਿਲਦੇ ਹਨ ਪੰਜ ਪਿਆਰਿਆਂ ਦੇ ਰੂਪ `ਚ ਸਿੱਖ ਧਰਮ `ਚ ਪ੍ਰਵੇਸ਼ ਕਰਵਾਉਣ ਦੀ ਜ਼ਿਮੇਵਾਰੀ ਪੰਥ ਨੂੰ ਸੌਂਪਣ ਤੋਂ ਬਾਦ ਗੁਰਦੇਵ ਨੇ ਘੜੇ `ਚ ਜਲ ਮੰਗਵਾਇਆ, ਉਸਨੂੰ ਚਰਣ ਛੋਹ ਦਿਤੀ। ਉਪਰੰਤ ਭਾਈ ਜੀਵਨ ਸਿੰਘ (ਜੈਤਾ ਜੀ) ਨੂੰ ਹੁਕਮ ਕੀਤਾ ‘ਇਸ ਘੜੇ ਨੂੰ ਤੋੜ ਦਿਤਾ ਜਾਵੇ’। ਸਾਫ਼ ਤੌਰ ਤੇ, ਇਸਦਾ ਮੱਕਸਦ ਸੀ ਕਿ `ਚਰਣ ਪਾਹੁਲ’ ਦਾ ਨੀਯਮ ਖਤਮ ਹੋ ਚੁਕਾ ਹੈ। ਅਜ ਤੋਂ ਸਿੱਖ ਧਰਮ `ਚ ਪ੍ਰਵੇਸ਼ ਦਾ ਢੰਗ ਕੇਵਲ ‘ਖੰਡੇ ਦੀ ਪਾਹੁਲ’ ਜੋ ਪਾਹੁਲਧਾਰੀ ਪੰਜ ਪਿਆਰਿਆ ਦੇ ਰੂਪ `ਚ ਪੰਥ ਨੇ ਨਿਬਾਉਣੀ ਹੈ, ਹੋਰ ਕੋਈ ਨਹੀਂ।

੮. ਪਹਿਲੀਆਂ ਪੰਕਤੀਆਂ `ਚ ਅੱਸੀ ਹਜ਼ਾਰ ਪ੍ਰਾਣੀਆਂ ਨੇ ਖੰਡੇ ਦੀ ਪਾਹੁਲ ਲਈ। ਕਿਉਂਕਿ ਗੁਰਦੇਵ ਦਾ ਹੁਕਮ ਸੀ ਕਿ ਨਵੇਂ ਬਦਲੇ ਹੋਏ ਨੀਯਮ `ਚ ਸਾਰੀ ਸਿੱਖ ਕੌਮ ਨੇ ਨਵੇਂ ਸਿਰੇ ਤੋਂ ਪਾਹੁਲ ਲੈਣੀ ਹੈ। ਇਸਦੇ ਨਾਲ ਇਹ ਵੀ ਕੀਤਾ ਕਿ ਸਿੱਖਾਂ ਦੇ ਨਾਵਾਂ ਨਾਲੋਂ ਜਾਤ-ਗੋਤ ਆਦਿ ਦੇ ਲੱਕਬ ਹਟਾ ਕੇ ਉਸਨੂੰ ਸਿੰਘ-ਕੌਰ ਦੀ ਇਕਸਾਰਤਾ ਵਾਲਾ ਇਕੋ ਸਿੱਖ ਪ੍ਰਵਾਰ ਵਾਲਾ ਸਾਂਝਾ ਸਰੂਪ ਬਖਸ਼ਿਆ। ਇਸ ਦਾ ਵੱਡਾ ਸਬੂਤ ਹੈ ਕਿ ਨਵੇਂ ਹੁਕਮਾਂ ਅਨੁਸਾਰ ਸਭ ਤੋਂ ਪਹਿਲਾਂ, ਪੰਜ ਪਿਆਰਿਆ ਤੋਂ ਕਲਗੀਧਰ ਜੀ ਨੇ ਆਪ ‘ਖੰਡੇ ਦੀ ਪਾਹੁਲ’ ਲਈ ਅਤੇ ਅਪਣਾ ਨਾਮ ਵੀ ਗੋਬਿੰਦ ਰਾਇ ਤੋਂ ਗੋਬਿੰਦ ਸਿੰਘ ਬਦਲ ਲਿਆ।

ਇਸ ਤੋਂ ਬਾਦ ਕਈ ਸੱਜਣ ਇਹ ਤੋਖਲਾ ਵੀ ਪ੍ਰਗਟ ਕਰਦੇ ਹਨ ਕਿ `ਚਰਣ ਪਾਹੁਲ’ ਦਾ ਲਫ਼ਜ਼ ਮੌਜੂਦਾ ਸਿੱਖ ਰਹਿਤ ਮਰਿਆਦਾ-1945’ `ਚ ਅਤੇ ਨਾ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕਿੱਧਰੇ ਮਿਲਦਾ ਹੈ। ਸਨਿਮ੍ਰ ਬੇਨਤੀ ਹੈ `ਚਰਣ ਪਾਹੁਲ’ ਉਪਰੰਤ ‘ਖੰਡੇ ਦੀ ਪਾਹੁਲ’ ਸਿੱਖ ਧਰਮ `ਚ ਪ੍ਰਵੇਸ਼ ਦਾ ਅਤੇ ‘ਗੁਰਬਣੀ ਅੰਮ੍ਰਿਤ’ ਨੂੰ ਅੰਤਿਮ ਸੁਆਸ ਤੀਕ ਜੀਵਨ `ਚ ਢਾਲਣ ਲਈ ਇੱਕ ਸੰਕਲਪ ਹੈ ਜੋ ਗੁਰੂ ਦੀ ਹਜ਼ੂਰੀ `ਚ ਜਾਂ ਗੁਰੂ ਸਹਿਬ ਦੇ ਸਨਮੁੱਖ ਲੈਣਾ ਹੁੰਦਾ ਸੀ। ਗੁਰੂ ਗ੍ਰੰਥ ਸਾਹਿਬ’ ਜੀ, ਜੀਵਨ ਜਾਚ ਅਤੇ ਜੀਵਨ ਜੀਉਣ ਦਾ ਢੰਗ ਹਨ। ਸੰਕਲਪ ਜਾਂ ਪ੍ਰਣ ਹਮੇਸ਼ਾਂ ਬਾਹਰੋਂ ਹੀ ਹੁੰਦਾ ਹੈ। ਦੂਜਾ- ‘ਸਿੱਖ ਰਹਿਤ ਮਰਿਆਦਾ-1945’ ਦੀ ਤਿਆਰੀ ਵੇਲੇ ਜਦੋਂ `ਚਰਣ ਪਾਹੁਲ’ ਪੰਥ ਵਿੱਚ ਕੋਈ ਵਿਸ਼ਾ ਹੀ ਨਹੀਂ ਸੀ ਤਾਂ ਉਸ `ਚ ਦਰਜ ਹੁੰਦਾ ਵੀ ਕਿਵੇਂ? ਤੀਜਾ- ਰਹਿਤ ਮਰਿਆਦਾ ਜੋ ਅੰਮ੍ਰਿਤ ਸੰਸਕਾਰ ਦਾ ਸਿਰਲੇਖ ਹੈ ਉਹ ਸਮੇਂ ਦੇ ਪ੍ਰਚਲਣ ਅਨੁਸਾਰ ਹੈ ਨਹੀਂ ਤਾਂ ਲਗਭਗ ਸੰਨ 1860 ਤੀਕ ਦੀਆਂ ਲਿਖਤਾਂ `ਚ ਲਫ਼ਜ਼ ‘ਖੰਡੇ ਦੀ ਪਾਹੁਲ’ ਹੀ ਮਿਲਦਾ ਹੈ।

ਫ਼ਿਰ ਵੀ ਸਾਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ‘ਖੰਡੇ ਦੀ ਪਾਹੁਲ’ ਲੈਣੀ ਸਿੱਖ ਧਰਮ `ਚ ਪ੍ਰਵੇਸ਼ ਹੈ। ਇਹ ਸਿੱਖੀ ਦਾ ਆਰੰਭ ਹੈ, ਅੰਤ ਨਹੀਂ, ਇਸ ਲਈ ਹਰੇਕ ਸਿੱਖ ਵੀਰ ਅਤੇ ਬੀਬੀ ਲਈ ਜ਼ਰੂਰੀ ਹੈ ਕਿ ਉਸਨੇ ਖੰਡੇ ਦੀ ਪਾਹੁਲ ਜ਼ਰੂਰ ਲਈ ਹੋਵੇ ਤਾਕਿ ਉਸਨੂੰ ਕੋਈ ਗੁਮਰਾਹ ਨਾ ਕਰ ਸਕੇ। #102s07.i.07#

Including this Self Learning Gurmat Lesson No 102

ਚਰਣ ਪਾਹੁਲ ਤੋਂ ਖੰਡੇ ਦੀ ਪਾਹੁਲ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 200/- to 300/- (in rare cases these are 400/- or 500/-) per hundred copies . (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119 & ® J-IV/46 Old D/S Lajpat Nagar-4 New Delhi-110024 Ph. 91-11-26236119 Cell 9811292808

web site- www.gurbaniguru.com




.