.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 38)

ਭਾਈ ਸੁਖਵਿੰਦਰ ਸਿੰਘ ‘ਸਭਰਾ’

ਢੇਸੀਆਂ ਵਾਲਾ ਗੁਰੂ ਗੁਰਮੇਲ ਸਿੰਘ

ਇਸਦਾ ਪਿਤਾ ਤਰਲੋਕ ਸਿੰਘ ਜੋ ਕਿ ਮਿਸਤਰੀ ਸਿੰਘ ਸਨ। ਉਹ ਇੱਟਾਂ ਲਾਉਣ ਦਾ ਕੰਮ ਕਰਦਾ ਰਿਹਾ। ਪਤਾ ਲੱਗਾ ਹੈ ਕਿ ਉਹ ਕਰੀਬ 3000 ਇੱਟ ਵੀ ਇੱਕ ਦਿਨ ਵਿੱਚ ਲਾ ਦਿੰਦਾ ਸੀ। ਦੱਸਦੇ ਹਨ ਕਿ ਇਹਨਾਂ ਦੀ ਪਹਿਲਾਂ ਬਿਆਸ ਰਾਧਾ ਸੁਆਮੀ ਡੇਰੇ ਆਉਣੀ ਜਾਣੀ ਹੋਈ। ਬਾਅਦ ਵਿੱਚ ਇਥੇ ਢੇਸੀਆਂ ਹੀ ਦੁਖੀਆਂ ਦੇ ਦੁੱਖ ਦੂਰ ਕਰਨੇ ਸ਼ੁਰੂ ਕਰ ਦਿੱਤੇ। ਇਥੇ ਕੁੱਝ ਕਾਰਖ਼ਾਨੇ ਆਦਿ ਵੀ ਲਾ ਲਏ। ਹੁਣ ਉਥੇ ਬਹੁਤ ਵੱਡਾ ਡੇਰਾ ਹੈ। ਹੁਣ ਉਥੇ ਗੁਰੂ ਗੁਰਮੇਲ ਸਿੰਘ ਦੁਖੀਆਂ ਦੇ ਦੁੱਖ ਦੂਰ ਕਰ ਰਹੇ ਹਨ। ਕਈ ਥਾਂਵਾਂ `ਤੇ ਇਹਨਾਂ ਦੀਆਂ ਗੱਦੀਆਂ ਲੱਗੀਆਂ ਹੋਈਆਂ ਹਨ। ਸਾਰਿਆਂ ਨੂੰ ਚਾਨਣ ਉਥੇ ਢੇਸੀਆਂ ਤੋਂ ਮਿਲ ਰਿਹਾ ਹੈ। ਪਤਾ ਲੱਗਾ ਹੈ ਕਿ ਇਹਨਾਂ ਨੇ ਉਥੇ ਸਰਕਾਰੀ ਕਮਾਂਡੋ ਵੀ ਰੱਖਿਆ ਵਾਸਤੇ ਰੱਖੇ ਹੋਏ ਹਨ। ਦੱਸਦੇ ਹਨ ਕਿ ਇਹ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਖੰਡ ਪਾਠ ਵੀ ਰਸਮੀ ਤੌਰ `ਤੇ ਕਰ ਰਹੇ ਹਨ ਅਤੇ ਨੇੜੇ ਹੀ ਕੁਰਸੀ ਡਾਹ ਕੇ ਬਾਬੇ ਨੂੰ ਕੁਰਸੀ ਉੱਪਰ ਬਿਠਾ ਕੇ ਬੰਦਿਆਂ ਦੀਆਂ ਲਾਈਨਾਂ ਲਵਾ ਕੇ ਮੱਥੇ ਟਿਕਾ ਕੇ ਥਾਪੜੇ ਦੇ ਰਹੇ ਹਨ। ਮਾਇਆ ਆਦਿ ਬਹੁਤ ਚੜ੍ਹਦੀ ਹੈ। ਇਹ ਘਿਉ ਰੂੰ ਵਾਲੀ ਜੋਤ ਵੀ ਬੜੀ ਜਗਾਉਂਦੇ ਹਨ। ਰੂਹਾਂ ਦੀ ਗੱਲ ਕਰਦੇ ਹਨ, ਧਾਗੇ ਤਵੀਤਾਂ, ਜਾਦੂ-ਟੂਣਿਆਂ ਦੀਆਂ ਗੱਲਾਂ ਕਰਦੇ ਹਨ। ਕੁੱਝ ਰੂਹਾਂ ਇਹਨਾਂ ਨੇ ਉਥੇ ਕਿਸੇ ਕਮਰੇ ਵਿੱਚ ਕੈਦ ਕੀਤੀਆਂ ਹੋਈਆਂ ਹਨ। ਉਹਨਾਂ ਰੂਹਾਂ ਵਾਸਤੇ ਆਟਾ, ਦਾਣਾ, ਰਾਸ਼ਨ ਆਦਿ ਉਥੇ ਚੜ੍ਹਾਵਾ ਚੜ੍ਹਾਉਣਾ ਪੈਂਦਾ ਹੈ। ਉਹ ਰੂਹਾਂ ਉਸ ਰਾਸ਼ਨ ਦੇ ਆਸਰੇ ਜੀ ਰਹੀਆਂ ਹਨ। ਜਿਥੇ ਇਹਨਾਂ ਦੇ ਬੰਦੇ ਗੱਦੀਆਂ ਲਾਉਂਦੇ ਹਨ ਉਥੇ ਵੀ ਮਾਇਆ ਦੇ ਚੜਾਵੇ ਚੜ੍ਹਦੇ ਹਨ। ਇਹ ਪੁੱਛਾਂ ਦੱਛਣਾ ਦੇਣ ਦਾ ਕੰਮ ਵੀ ਕਰਦੇ ਹਨ ਜੋ ਕਿ ਗੁਰਮਤਿ ਦੇ ਮੁਤਾਬਿਕ ਸਰਾਸਰ ਗਲਤ ਹੈ।

ਵਡਭਾਗ ਸਿੰਘ ਗੁਰੂਡੰਮ

ਇਥੇ ਸੰਤ ਸਵਰਨਜੀਤ ਸਿੰਘ ਮੁਖੀ ਹੈ। ਇਹ ਗੁਰਮਤਿ ਦਾ ਭੁਲੇਖਾ ਪਾ ਕੇ ਮਨਮਤ ਦਾ ਪ੍ਰਚਾਰ ਕਰ ਰਿਹਾ ਹੈ। ਇਹ ਵੀ ਰਸਮੀ ਅਖੰਡ ਪਾਠਾਂ ਦਾ ਵੀ ਦਾਅਵਾ ਕਰਦੇ ਹਨ, ਆਪਣੇ ਆਪ ਨੂੰ ਗੁਰੂ ਕੀ ਅੰਸ਼ ਵੀ ਦੱਸਦੇ ਹਨ, ਉਥੇ ਵੀ ਬਿਲਕੁਲ ਗੁਰਮਤਿ ਦੇ ਉਲਟ ਭੂਤਾਂ ਪ੍ਰੇਤਾਂ ਦੀ ਗੱਲ, ਧੌਲੀ ਧਾਰ ਦੇ ਫੋਕੇ ਇਸ਼ਨਾਨ ਆਦਿ ਹੋ ਰਹੇ ਹਨ। ਭੋਲੇ ਭਾਲੇ ਲੋਕ ਠੱਗੇ ਜਾ ਰਹੇ ਹਨ।

ਨੋਟ—ਇਸਦਾ ਵਿਸਥਾਰ ਸਹਿਤ ਜ਼ਿਕਰ ਅਗਲੇ ਭਾਗ ਵਿੱਚ ਕਰਾਂਗੇ।
.