.

ਅਨਮਤੀ ਤਿਉਹਾਰ ਅਤੇ ਗੁਰਮਤਿ

ਗੁਰਸ਼ਰਨ ਸਿੰਘ ਕਸੇਲ, ਕਨੇਡਾ

ਅਕਾਲ ਪੁਰਖ ਸਾਰੇ ਬ੍ਰਹਿਮੰਡ ਨੂੰ ਬਣਾਉਣ ਅਤੇ ਨਾਸ਼ਵਾਨ ਕਰਨ ਵਾਲਾ ਸਿਰਫ ਆਪ ਹੀ ਹੈ। ਉਸ ਦੇ ਬਰਾਬਰ ਦੀ ਹੋਰ ਕੋਈ ਵੀ ਤਾਕਤ ਨਹੀਂ ਹੈ। ਇਸ ਜਗਤ ਵਿੱਚ ਜੋ ਕੁੱਝ ਵੀ ਹੁੰਦਾ ਹੈ ਉਸ ਦੇ ਹੁਕਮ ਵਿੱਚ ਹੀ ਹੁੰਦਾ ਹੈ। ਉਹ ਹਰ ਵੇਲੇ ਹਰ ਜਗ੍ਹਾ ਹੁੰਦਾ ਹੈ। ਆਪਣੇ ਬਣਾਏ ਹੋਏ ਸੰਸਾਰ ਨੂੰ ਵੇਖਦਾ ਹੈ, ਪਰ ਅਸੀਂ ਜੀਵ ਉਸ ਨੂੰ ਕੋਲ ਹੋਣ ਦੇ ਬਾਵਜੂਦ ਵੀ ਨਹੀਂ ਵੇਖ ਸਕਦੇ। ਇਸ ਬਾਰੇ ਗੁਰੂ ਸਾਹਿਬ ਇੰਜ ਸਮਝਾਉਂਦੇ ਹਨ:

ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥

ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥ (ਜਪੁ ਜੀ ਸਾਹਿਬ)

ਅਕਾਲ ਪੁਰਖ ਦੀ ਬਣਾਈ ਬੇਅੰਤ ਰਚਨਾ ਵਿੱਚ ਸੂਰਜ, ਚੰਦ, ਧਰਤੀ ਅਤੇ ਹੋਰ ਅਣਗਿਣਤ ਗ੍ਰਹਿ ਹਨ ਜੋ ਉਸ ਦੇ ਹੁਕਮ ਵਿੱਚ ਆਪੋ-ਆਪਣੀ ਰਫਤਾਰ ਨਾਲ ਚਲਦੇ ਹੀ ਰਹਿੰਦੇ ਹਨ। ਜਿਹਨਾਂ ਦੇ ਅੱਗੇ ਪਿੱਛੇ ਹੋਣ ਨਾਲ ਦਿਨ ਰਾਤ ਅਤੇ ਰੁੱਤਾਂ ਆਦਿਕ ਬਣਦੀਆਂ ਹਨ। ਅਸੀਂ ਇਹ ਵੀ ਆਖ ਸਕਦੇ ਹਾਂ ਕਿ ਅਕਾਲ ਪੁਰਖ ਨੇ ਸਿਰਫ ਦਿਨ, ਰਾਤ ਅਤੇ ਵੱਖ ਵੱਖ ਮੌਸਮ ਹੀ ਬਣਾਏ ਹਨ। ਹਰੇਕ ਦੇਸ਼ ਦੇ ਰਹਿਣ ਵਾਲੇ ਵਸਨੀਕਾਂ ਨੇ ਆਪਣੇ ਜੀਵਨ ਨੂੰ ਨਿਯਮ ਬੰਦ ਕਰਨ ਵਾਸਤੇ ਸਮੇਂ ਨੂੰ ਸਾਲ, ਮਹੀਨੇ, ਦਿਨ, ਘੰਟੇ, ਮਿੰਟ ਅਤੇ ਸਕਿੰਟ ਆਦਿ ਵਿੱਚ ਵੰਡਿਆ ਹੋਇਆ ਹੈ।

ਇਨਸਾਨ ਆਪਣੇ ਜੀਵਨ ਦੇ ਵਰਤਮਾਨ ਅਤੇ ਭਵਿੱਖ ਬਾਰੇ ਖ਼ਾਸ ਕਰਕੇ ਚਿੰਤਕ ਹੈ। ਇਸ ਕਰਕੇ ਜਿਸ ਕੋਲ ਖੁਸ਼ੀਆਂ ਹਨ ਉਹ ਆਉਣ ਵਾਲੇ ਸਮੇਂ ਵਿੱਚ ਇਹ ਖੁਸ਼ੀਆਂ ਖੁਸ ਨਾ ਜਾਣ ਜਾਂ ਭਵਿੱਖ ਵਿੱਚ ਦੁੱਖ ਨਾ ਸਹਾਰਨੇ ਪੈਣ ਬਾਰੇ ਚਿੰਤਤ ਹੈ। ਜਿਹੜੇ ਦੁੱਖ ਵਿੱਚ ਜੀਵਨ ਬਤੀਤ ਕਰ ਰਹੇ ਹਨ, ਉਹ ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਤੇ ਸੁੱਖਾਂ ਦੀ ਪ੍ਰਾਪਤੀ ਵਾਸਤੇ ਯਤਨਸ਼ੀਲ ਹੁੰਦੇ ਹਨ।

ਦੂਜੇ ਪਾਸੇ ਜੋ ਗਿਆਨਹੀਣ ਲੋਕ ਹੁੰਦੇ ਹਨ ਉਹ ਮਾਨਸਿਕ ਤੌਰ ਤੇ ਕਮਜੋਰ ਹੁੰਦੇ ਹਨ ਇਸੇ ਕਰਕੇ ਅਜਿਹੇ ਲੋਕ ਕਿਸੇ ਗੈਬੀ ਸ਼ਕਤੀ ਦੀ ਭਾਲ ਵਿੱਚ ਹੁੰਦੇ ਹਨ, ਜੋ ਉਹਨਾਂ ਦੀਆਂ ਮਨ ਦੀਆਂ ਖ਼ਾਹਿਸ਼ਾਂ ਪੂਰੀਆਂ ਕਰ ਸਕੇ। ਕੁੱਝ ਸ਼ੈਤਾਨ ਸੋਚ ਵਾਲੇ ਮਨੁੱਖ ਜੋਂ ਆਪ ਹੱਥੀਂ ਮਿਹਨਤ ਨਹੀਂ ਕਰਨਾ ਚਾਹੁੰਦੇ, ਉਹ ਇਸ ਤਰ੍ਹਾਂ ਦੇ ਇਨਸਾਨਾਂ ਦੀ ਮਾਨਸਿਕ ਕਮਜੋਰੀ ਦਾ ਲਾਭ ਉਠਾਉਂਦੇ ਹਨ। ਉਹਨਾਂ ਨੂੰ ਥਿੱਤੀ, (ਤਰੀਕ) ਵਾਰ, ਸੰਗਰਾਂਦ, ਮੱਸਿਆ, ਪੁਰਨਮਾਸ਼ੀ, ਸ਼ੁੱਭ-ਅਸ਼ੁੱਭ ਮੁਹੂਰਤ, ਮੰਗਲਵਾਰ, ਵੀਰਵਾਰ, ਸ਼ਨੀਚਰਵਾਰ ਦੇ ਨਾਂਵਾਂ ਨਾਲ ਅਤੇ ਸਮੇਂ ਦੀ ਵੰਡ ਦੇ ਵਹਿਮਾਂ ਭਰਮਾਂ ਅਤੇ ਅੰਧ-ਵਿਸ਼ਵਾਸਾਂ ਵਿੱਚ ਪਾ ਕੇ ਉਹਨਾਂ ਦੀ ਕਮਾਈ `ਤੇ ਆਪ ਐਸ਼ ਕਰਦੇ ਹਨ। ਹੈਰਾਨੀ ਉਹਨਾਂ ਸਿੱਖਾਂ ਤੇ ਹੁੰਦੀ ਹੈ ਜਿਹੜੇ ਗੁਰਬਾਣੀ ਦਾ ਇਹ ਸ਼ਬਦ ਪੜ੍ਹ-ਸੁਣ ਕੇ ਵੀ ਸੰਗਰਾਂਦ, ਮੱਸਿਆ ਜਾਂ ਪੂਰਨਮਾਸ਼ੀ ਵਰਗੇ ਦਿਨਾਂ ਦੇ ਵਹਿਮਾਂ ਭਰਮਾਂ ਵਿੱਚ ਹੀ ਫੱਸੇ ਹੋਏ ਹਨ:

ਵਿਸੁਏ ਚਸਿਆ ਘੜੀਆ ਪਹਰਾ ਥਿਤੀ ਵਾਰੀ ਮਾਹੁ ਹੋਆ॥

ਸੂਰਜੁ ਏਕੋ ਰੁਤਿ ਅਨੇਕ॥ ਨਾਨਕ ਕਰਤੇ ਕੇ ਕੇਤੇ ਵੇਸ॥ (ਮ: 1, ਪੰਨਾ 12)

ਇਸ ਸਮੇਂ ਆਮ ਸਿੱਖ ਨੂੰ ਅਜਿਹੇ ਖਾਸ ਦਿਨਾਂ ਦੇ ਭਰਮਾਂ ਵਿੱਚ ਪਾਉਣ ਵਾਲੀਆਂ ਵੀ ਉਹ ਹੀ ਗੁਰਮਤਿ ਪ੍ਰਚਾਰ ਦੀਆਂ ਥਾਵਾਂ ਹਨ ਜਿਨ੍ਹਾਂ ਨੇ ਸਿੱਖਾਂ ਨੂੰ ਇੱਕ ਅਕਾਲ ਪੁਰਖ ਨਾਲ ਜੋੜਨਾ ਹੈ ਨਾਂਕਿ ਉਸਦੀ ਕ੍ਰਿਤ ਚੰਦ, ਸੂਰਜ ਨਾਲ। ਪਰ ਅਫਸੋਸ ਦੀ ਗੱਲ ਹੈ ਕਿ ਸ੍ਰੀ ਦਰਬਾਰ ਸਾਹਿਬ (ਹਰਿਮੰਦਰ ਸਾਹਿਬ) ਤੋਂ ਲੈਕੇ ਹਰੇਕ ਗੁਰਦੁਆਰੇ ਦੇ ਬਾਹਰ ਲੱਗੇ ਹੋਏ ਬੋਰਡ ਤੇ ਸੰਗਰਾਂਦ, ਮੱਸਿਆ ਅਤੇ ਪੂਰਨਮਾਸ਼ੀ ਆਦਿਕ ਦੀਆਂ ਤਰੀਕਾਂ ਲਿਖੀਆਂ ਹੁੰਦੀਆਂ ਹਨ। ਇਸ ਤੋਂ ਤਾਂ ਇੰਝ ਲੱਗਦਾ ਹੈ ਕਿ ਸਾਡੇ ਧਾਰਮਿਕ ਪ੍ਰਬੰਧਕ ਤੇ ਪੇਸ਼ਾਵਰ ਪ੍ਰਚਾਰਕ ਸਿੱਖਾਂ ਨੂੰ ਇਨ੍ਹਾਂ ਦਿਨਾਂ ਦੇ ਭਰਮ ਭੁਲੇਖਿਆਂ ਵਿੱਚ ਫਸਾਈ ਰੱਖਣਾ ਚਾਹੁੰਦੇ ਹਨ। ਸੂਰਜ ਅਤੇ ਚੰਦਰਮਾਂ ਦੀ ਪੂਜਾ ਨਾਲ ਸਬੰਧਤ ਬ੍ਰਾਹਮਣ ਮੱਤ ਵੱਲੋਂ ਦਸ ਦਿਹਾੜੇ ਮਿਥੇ ਹੋਏ ਹਨ ਜਿਵੇਂ ਕਿ: ਸੰਗਰਾਂਦ, ਪੂਰਨਮਾਸ਼ੀ, ਮੱਸਿਆ, ਸੂਰਜ ਗ੍ਰਹਿਣ, ਚੰਦ ਗ੍ਰਹਿਣ, ਚਾਨਣਾ ਐਤਵਾਰ, ਦੋ ਅਸ਼ਟਮੀਆਂ ਅਤੇ ਦੋ ਇਕਦਸ਼ਮੀਆਂ ਹਨ।

ਇਨ੍ਹਾਂ ਦਿਨਾਂ ਦੇ ਬਹਾਨੇ ਲੋਕਾਈ ਨੂੰ ਲੁੱਟਣ ਲਈ ਪੁੰਨ ਦਾਨ ਕਰਨ ਦਾ ਪ੍ਰਚਾਰ ਕੀਤਾ ਜਾਂਦਾ ਹੈ। ਇਨ੍ਹਾਂ ਦਿਨਾਂ ਦੀ ਖਾਸ ਮਹੱਤਤਾ ਦੱਸਕੇ ਸ਼ਗਨ-ਅਪਸ਼ਗਨ ਅਤੇ ਵਹਿਮ-ਭਰਮ ਨਾਲ ਜੋੜਕੇ ਸਿਧੀ-ਸਾਧੀ ਜਨਤਾ ਖੂਬ ਲੁੱਟੀ ਜਾ ਰਹੀ ਹੈ। ਅੱਜ ਗੁਰਮਤਿ ਤੋਂ ਅਨਜਾਣ ਸਿੱਖ ਵੀ ਇਨ੍ਹਾਂ ਹਿੰਦੂ ਤਿਉਹਾਰਾਂ ਨੂੰ ਮਨਾਉਣ ਵਿੱਚ ਕਿਸੇ ਨਾਲੋਂ ਪਿੱਛੇ ਨਹੀਂ ਹਨ। ਇਨ੍ਹਾਂ ਦੱਸਾਂ ਵਿੱਚੋਂ ਕੁੱਝ ਦਾ ਵੱਧ ਮਹਾਤਮ ਵਾਲੇ ਦਿਨ ਦੱਸਿਆ ਜਾਂਦਾ ਹੈ। ਜਿਵੇਂ ਬਾਰਾਂ ਸੰਗਰਾਂਦਾਂ ਵਿੱਚੋਂ ਮਾਘੀ ਦੀ ਸੰਗਰਾਂਦ, ਕੱਤਕ ਮਹੀਨੇ ਦੀ ਪੂਰਨਮਾਸ਼ੀ ਅਤੇ ਸੋਮਵਾਰ ਦੀ ਮੱਸਿਆ ਹੈ। ਅਫਸੋਸ ਦੀ ਗੱਲ ਹੈ ਕਿ ਅੱਜ ਅਸੀਂ ਇਨ੍ਹਾਂ ਦਿਨਾਂ ਦੇ ਗੁਲਾਮ ਹੋ ਗਏ ਹਾਂ। ਉਂਝ ਭਾਂਵੇ ਅਸੀਂ ਬਾਕੀ ਸਾਰਾ ਮਹੀਨਾਂ ਹੀ ਗੁਰਦੁਆਰੇ ਨਾਂ ਜਾਈਏ ਪਰ ਸੰਗਰਾਂਦ ਨਹੀਂ ਭੁੱਲਦੇ। ਉਥੇ ਆ ਕੇ ਵੀ ਇਹ ਨਹੀਂ ਸੁਣਦੇ ਕੇ ਗੁਰਬਾਣੀ ਸਾਨੂੰ ਕੀ ਸੰਦੇਸ਼ ਦੇ ਰਹੀ ਹੈ ਸਾਡਾ ਧਿਆਨ ਤਾਂ ਸਿਰਫ ਮਹੀਨੇ ਦੇ ਨਾਂਅ ਸੁਣਨ ਤੀਕਰ ਹੀ ਸੀਮਤ ਹੁੰਦਾ ਹੈ।

ਉਹ ਵਿਅਕਤੀ ਸਾਰੇ ਹੀ ਵਹਿਮਾਂ ਭਰਮਾਂ ਤੋਂ ਮੁਕਤ ਹੋ ਸਕਦਾ ਹੈ ਜੇਕਰ ‘ਸ਼ਬਦ ਗੁਰੂ’ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇ; ਕਿਉਂਕਿ ਇੱਕ ‘ਸ਼ਬਦ ਗੁਰੂ’ ਹੀ ਹਮੇਸ਼ਾਂ ਹਰ ਜਗ੍ਹਾ ਰਹਿਣ ਵਾਲਾ ਹੈ। ਇਹ ਜੋ ਥਿੱਤੀ, ਵਾਰ ਹਨ ਇਹ ਤਾਂ ਆਉਣ ਜਾਣ ਵਾਲੇ ਹਨ; ਪਰ ਇਹ ਗੱਲ ‘ਸ਼ਬਦ ਗੁਰੂ’ ਨੂੰ ਆਪਣੀ ਮੱਤ ਅਰਪਣ ਕਰਨ ਤੋਂ ਬਿਨਾਂ ਅੰਦਰੋਂ ਨਹੀਂ ਨਿਕਲਦੀ। ਗੁਰੂ ਅਮਰ ਪਾਤਸ਼ਾਹ ਜੀ ਥਿੱਤਾਂ, ਵਾਰਾਂ ਦੇ ਵਹਿਮਾਂ ਭਰਮਾਂ ਵਿੱਚ ਨਾ ਪੈਣ ਬਾਰੇ ਸਮਝਾਉਂਦੇ ਹਨ:-

ਥਿਤੀ ਵਾਰ ਸਭਿ ਸਬਦਿ ਸੁਹਾਏ॥

ਸਤਿਗੁਰੁ ਸੇਵੇ ਤਾ ਫਲੁ ਪਾਵੇ॥

ਥਿਤੀ ਵਾਰ ਸਭਿ ਆਵਹਿ ਜਾਹਿ॥

ਗੁਰ ਸਬਦੁ ਨਿਹਚਲੁ ਸਦਾ ਸਚਿ ਸਮਾਹਿ॥

ਥਿਤੀ ਵਾਰ ਤਾ ਜਾ ਸਚਿ ਰਾਤੇ॥

ਬਿਨੁ ਨਾਵੈ ਸਭਿ ਭਰਮਹਿ ਕਾਚੇ॥ (ਮ: 3, ਪੰਨਾ 842)

ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਸੰਗਰਾਂਦਾਂ, ਮੱਸਿਆ, ਪੁੰਨਿਆਂ ਆਦਿਕ ਦੇ ਸ਼ੁੱਭ-ਅਸ਼ੁੱਭ ਵਾਲੇ ਚੱਕਰ ਵਿੱਚ ਨਾ ਫਸਣ ਦੀ ਸੋਝੀ ਦੇਣ ਲਈ ਦੋ ਵਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਬਾਰਾਂ ਮਾਹ ਲਿੱਖੇ ਹਨ। ਜੋ ਕੇ ਗੁਰੂ ਨਾਨਕ ਪਾਤਸ਼ਾਹ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੰਨਾ 1107 `ਤੇ ਹੈ, ਅਤੇ ਪੰਜਵੇਂ ਪਾਤਸ਼ਾਹ ਵੱਲੋਂ ਪੰਨਾ 133 `ਤੇ ਸਸ਼ੋਭਤ ਹਨ। ਪਰ ਸਾਡੇ ਇਸ ਸਮੇਂ ਦੇ ਕੁੱਝ ਪ੍ਰਚਾਰਕ ਜਿਹੜੇ ਮਹੰਤ ਤੇ ਪੂਜਾਰੀਆਂ ਦਾ ਹੀ ਬਦਲਿਆ ਹੋਇਆ ਰੂਪ ਧਾਰਨ ਕਰ ਚੁੱਕੇ ਹਨ, ਉਹ ਸਿੱਖਾਂ ਨੂੰ ਸ਼ੁਭ-ਅਸ਼ੁਭ ਅਜਿਹੇ ਦਿਨਾਂ ਵਾਰਾਂ ਵਿੱਚੋਂ ਨਿਕਲਣ ਹੀ ਨਹੀਂ ਦੇ ਰਹੇ। ਅਜਿਹੇ ਸ਼ੈਤਾਨ ਲੋਕ ਗੁਰਬਾਣੀ ਤੋਂ ਅਣਜਾਣ ਸੰਗਤ ਨੂੰ ਆਪਣੀ ਲੋੜ ਮੁਤਾਬਕ ਅਰਥ ਦੱਸ ਕੇ ਆਪਣੇ ਹਿੱਤ ਲਈ ਵਰਤੀ ਜਾ ਰਹੇ ਹਨ। ਹਾਲਾਂਕਿ ਗੁਰੂ ਅਰਜਨ ਪਾਤਸ਼ਾਹ ਨੇ ਬੜੇ ਸਰਲ ਤੇ ਸਪਸ਼ਟ ਗੁਰਵਾਕ ਰਾਹੀਂ ਸਾਨੂੰ ਜਾਗਰੂਕ ਕੀਤਾ ਹੈ ਕਿ ਅਕਾਲ ਪਰਖ ਦੀ ਯਾਦ ਮਨ ਵਿੱਚ ਵਸਾਉਣ ਨਾਲ ਸਾਰੇ ਕਾਰਜ ਰਾਸ ਹੋ ਜਾਂਦੇ ਹਨ। ਉਸ ਵਾਸਤੇ ਸਾਰਾ ਹੀ ਸਮਾਂ ਸ਼ੁਭ ਹੈ। ਜਿਵੇਂ ਗੁਰੂ-ਸ਼ਬਦ ਹੈ:

ਕੂੜ ਗਏ ਦੁਬਿਧਾ ਨਸੀ ਪੁਰਨ ਸਚਿ ਭਰੇ॥

ਪਾਰਬ੍ਰਹਮੁ ਪ੍ਰਭੁ ਸੇਵਦੇ ਮਨ ਅੰਦਰਿ ਏਕੁ ਧਰੇ॥

ਮਾਹ ਦਿਵਸ ਮੂਰਤ ਭਲੇ ਜਿਸ ਕਉ ਨਦਰਿ ਕਰੇ॥

ਨਾਨਕੁ ਮੰਗੈ ਦਰਸ ਦਾਨ ਕਿਰਪਾ ਕਰਹੁ ਹਰੇ॥ (ਮ: 5, ਪੰਨਾ 136)

ਜਿਹੜਾ ਇਨਸਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਕੇ ਆਪਣੀ ਜਿੰਦਗੀ ਨੂੰ ਸਿਰਫ ਇੱਕ ਅਕਾਲ ਪੁਰਖ ਦੀ ਸਿਫਤ-ਸਲਾਹ ਦਾ ਆਸਰਾ ਹੀ ਸਮਝਦਾ ਹੈ ਅਤੇ ਆਪਣੇ ਸਰੀਰ ਦੇ ਅੰਦਰ ਅਤੇ ਬਾਹਰ ਹਰੇਕ ਜਗ੍ਹਾ ਅਕਾਲ ਪੁਰਖ ਦੀ ਹੋਂਦ ਨੂੰ ਜਾਣ ਜਾਂਦਾ ਹੈ ਉਹ ਵਿਖਾਵੇ ਵਾਲੇ ਕਰਮਕਾਂਡ ਤੇ ਅੰਧ-ਵਿਸ਼ਵਾਸ ਕਰਨ ਤੋਂ ਹੱਟ ਜਾਂਦਾ ਹੈ। ਉਸ ਨੂੰ ਥਿੱਤੀ, ਵਾਰ, ਸਮੇਂ, ਸ਼ੁੱਭ-ਅਸ਼ੁੱਭ ਮੁਹੂਰਤ ਆਦਿਕ ਦਾ ਭਰਮ ਨਹੀਂ ਰਹਿੰਦਾ। ਉਹ ਆਪਣੇ ਜੀਵਨ ਵਿੱਚ ਕਦੇ ਵੀ ਸੰਗਰਾਂਦ, ਮੱਸਿਆ ਤੇ ਪੂਰਨਮਾਸ਼ੀ ਵਰਗੇ ਦਿਨਾਂ ਨੂੰ ਖ਼ਾਸ ਪਵਿੱਤਰ ਹੋਣ ਦੀ ਮਹੱਤਤਾ ਨਹੀਂ ਦੇਂਦਾ। ਅਜਿਹਾ ਮਨੁੱਖ ਕਿਸੇ ਵੀ ਨਵੇਂ ਕੰਮ ਨੂੰ ਸ਼ੁਰੂ ਕਰਨ ਵਾਸਤੇ ਕੋਈ ਮੁਹੂਰਤ ਕੱਢਵਾਉਣ ਵਾਲੇ ਵਹਿਮਾਂ-ਭਰਮਾਂ ਦੇ ਚੱਕਰਾਂ ਵਿੱਚ ਨਹੀਂ ਪੈਂਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਅਖਵਾਉਣ ਵਾਲਿਆਂ ਨੂੰ ਹਮੇਸ਼ਾਂ ਹੀ ਗੁਰਬਾਣੀ ਨੂੰ ਆਪਣੇ ਮਨ ਵਿੱਚ ਵਸਾ ਕੇ ਸਿਰਫ ਇੱਕ ਅਕਾਲ ਪੁਰਖ `ਤੇ ਹੀ ਓਟ ਰੱਖਣੀ ਚਾਹੀਦੀ ਹੈ। ਗੁਰੂ ਨਾਨਕ ਪਾਤਸ਼ਾਹ ਨੇ ਇਹ ਹੀ ਸਮਝਾਇਆ ਹੈ:

ਬੇ ਦਸ ਮਾਹ ਰੁਤੀ ਥਿਤੀ ਵਾਰ ਭਲੇ॥

ਘੜੀ ਮੂਰਤ ਪਲ ਸਾਚੇ ਆਏ ਸਹਜਿ ਮਿਲੇ॥

ਪ੍ਰਭ ਮਿਲੇ ਪਿਆਰੇ ਕਾਰਜ ਸਾਰੇ ਕਰਤਾ ਸਭ ਬਿਧਿ ਜਾਣੇ॥

ਜਿਨਿ ਸੀਗਾਰੀ ਤਿਸਹਿ ਪਿਆਰੀ ਮੇਲੁ ਭਇਆ ਰੰਗੁ ਮਾਣੈ॥

ਘਰਿ ਸੇਜ ਸੁਹਾਵੀ ਜਾ ਪਿਰਿ ਰਾਵੀ ਗੁਰਮੁਖਿ ਮਸਤਕਿ ਭਾਗੋ॥

ਨਾਨਕ ਅਹਿ ਨਿਸਿ ਰਾਵੈ ਪ੍ਰੀਤਮੁ ਹਰਿ ਵਰੁ ਥਿਰੁ ਸੋਹਾਗੋ॥ (ਮ: 1, ਪੰਨਾ 1109)

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਸਾਨੂੰ ਵਾਰ-ਵਾਰ ਸੋਝੀ ਦੇਂਦੀ ਹੈ ਕਿ ਖ਼ਾਸ ਖ਼ਾਸ ਥਿੱਤੀ, ਵਾਰ ਆਦਿਕ ਨੂੰ ਚੰਗੇ ਜਾਣ ਕੇ ਨਾ ਭਟਕਦੇ ਫਿਰੋ। ਇਹ ਥਿੱਤੀ ਤੇ ਵਾਰ ਮਨਾਉਣੇ ਤਾਂ ਸਿਰਫ ਮੋਹ ਮਾਇਆ ਹੀ ਵਧਾਉਂਦੇ ਹਨ। ਗੁਰੂ ਦੀ ਸ਼ਰਨ ਆਉਣ ਤੋਂ ਬਿਨ੍ਹਾਂ ਮਨੁੱਖ ਆਤਮਕ ਜੀਵਨ ਵੱਲੋਂ ਅੰਨਾ ਹੋਇਆ ਰਹਿੰਦਾ ਹੈ। ਮੂਰਖ ਲੋਕ ਹੀ ਥਿੱਤੀ, ਵਾਰ ਮੰਨਾਉਂਦੇ ਹਨ ਅਤੇ ਸਮੇਂ ਦੇ ਸ਼ੁੱਭ-ਅਸ਼ੁੱਭ ਵਾਲੇ ਚੱਕਰਾਂ ਵਿੱਚ ਪਏ ਰਹਿੰਦੇ ਹਨ। ਗੁਰੂ ਦੀ ਸ਼ਰਨ ਪੈ ਕੇ ਜਿਹੜਾ ਮਨੁੱਖ ਇਹ ਗੱਲ ਸਮਝ ਲੈਂਦਾ ਹੈ ਉਸ ਨੂੰ ਆਤਮਕ ਜੀਵਨ ਦੀ ਸੂਝ ਆ ਜਾਂਦੀ ਹੈ।

(ਟੀਕਾਕਾਰ: ਪ੍ਰੋ ਸਾਹਿਬ ਸਿੰਘ ਡੀ. ਲਿੱਟ.)

ਆਪੇ ਪੂਰਾ ਕਰੇ ਸੁ ਹੋਇ॥

ਏਹਿ ਥਿਤੀ ਵਾਰ ਦੂਜਾ ਦੁਇ॥

ਸਤਿਗੁਰ ਬਾਝਹੁ ਅੰਧੁ ਗੁਬਾਰੁ॥

ਥਿਤੀ ਵਾਰ ਸੇਵਹਿ ਮੁਗਧ ਗਵਾਰ॥

ਨਾਨਕ ਗੁਰਮੁਖਿ ਬੂਝੈ ਸੋਈ ਪਾਇ॥

ਇਕਤੁ ਨਾਮਿ ਸਦਾ ਰਹਿਆ ਸਮਾਇ॥ (ਮ: 3, ਪੰਨਾ 842)

ਅਸੀਂ ‘ਸ਼ਬਦ ਗੁਰੂ’ ਦੇ ਸਿੱਖ ਅਖਵਾਉਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ‘ਦੇਹ’ ਦੇ ਰੂਪ ਵਿੱਚ ਤਾਂ ਪੂਜਾ ਬਹੁਤ ਕਰਦੇ ਹਾਂ; ਪਰ ਇਸ ਤੋਂ ਜਿਹੜਾ ਸਾਨੂੰ ਸੱਚ ਦਾ ਗਿਆਨ ਮਿਲਦਾ ਹੈ, ਉਸ ਨੂੰ ਅਸੀਂ ਆਪਣੇ ਜੀਵਨ ਵਿੱਚ ਬਿਲਕੁਲ ਹੀ ਲਾਗੂ ਨਹੀਂ ਕਰਦੇ। ਇਸ ਸਮੇਂ ਸਿੱਖ ਕੌਮ ਦਾ ਸੰਗਰਾਂਦ, ਮੱਸਿਆ ਅਤੇ ਪੂਰਨਮਾਸ਼ੀ ਵਰਗੇ ਹੋਰ ਕਈ ਅਨਮਤੀ ਤਿਉਹਾਰਾਂ ਨੂੰ ਅੱਖਾਂ ਮੀਟ ਕੇ ਮਨਾਈ ਜਾਣ ਤੋਂ ਇਹ ਸਾਫ ਦਿੱਸ ਰਿਹਾ ਹੈ।

ਦੂਸਰੇ ਪਾਸੇ ਜਿਹੜੇ ਸਾਡੇ ਪ੍ਰਚਾਰਕ ਅਖਵਾਉਣ ਵਾਲੇ ਅਜੇ ਆਪ ਕੁੰਭ, ਨਾਰੀਅਲ, ਜੋਤ, ਲਾਲ ਕਪੜੇ ਤੇ ਮੌਲੀ ਆਦਿਕ ਦੇ ਭਰਮ ਵਿੱਚੋਂ ਨਹੀਂ ਨਿਕਲ ਸਕੇ, ਜਿਸ ਦਾ ਸਿੱਖ ਧਰਮ ਨਾਲ ਕੋਈ ਵਾਸਤਾ ਹੀ ਨਹੀਂ ਹੈ, ਉਹ ਗੁਰਮਤਿ ਸਿਧਾਂਤ ਬਾਰੇ ਸਿੱਖਾਂ ਨੂੰ ਕੀ ਦੱਸਣਗੇ? ਉਨ੍ਹਾਂ ਨੂੰ ਤਾਂ ਆਪਣੇ ਡੇਰੇ ਲੋਕਾਂ ਨਾਲ ਭਰੇ ਹੋਏ ਦਿਸਣ ਨਾਲ ਗਰਜ਼ ਹੈ। ਉਹ ਤਾਂ ਚਾਹੁੰਦੇ ਹਨ ਕਿ ਸਿੱਖ ਅੰਧ-ਵਿਸ਼ਵਾਸੀ ਹੋਣ ਤੇ ਵਹਿਮ-ਭਰਮ ਵਿੱਚ ਪੈ ਕੇ ਸੰਗਰਾਂਦ, ਮੱਸਿਆ ਅਤੇ ਪੂਰਨਮਾਸ਼ੀ ਵਰਗੇ ਦਿਨਾਂ ਨੂੰ ਪੂਜਦੇ ਰਹਿਣ। ਇਸੇ ਲਈ ਹੀ ਤਾਂ ਅਜਿਹੇ ਪ੍ਰਚਾਰਕ ਆਖਦੇ ਹਨ ਕਿ “ਬਸ ਸਿੰਘ ਜੀ, ਪਾਠ ਕਰੀ ਜਾਵੋ,” ਇਸ ਨੂੰ ਸਮਝਣ ਤੇ ਜੀਵਨ ਵਿੱਚ ਢਾਲਣ ਦੀ ਕੋਈ ਲੋੜ ਨਹੀ। ਕਈ ਵੀਰ ਤਾਂ ਇਹ ਵੀ ਲਿੱਖਦੇ ਹਨ ਕਿ ਸਿੱਖ ਸਿਧਾਂਤ ਨੂੰ ਵੀ ਸਮਝਣ ਦੀ ਕੋਈ ਲੋੜ ਨਹੀ? ਅਜਿਹੇ ਲਿਖਣ ਵਾਲਿਆਂ ਨੂੰ ਪੁੱਛਿਆ ਜਾਵੇ ਕਿ ਜੇਕਰ ਤੁਹਾਨੂੰ ਸਿੱਖ ਸਿਧਾਂਤ ਦਾ ਹੀ ਪਤਾ ਨਹੀ ਹੈ ਤਾਂ ਫਿਰ ਭਾਂਵੇਂ ਹਿੰਦੂ ਧਰਮ ਦੇ ਅਸੂਲਾਂ ਅਨੁਸਾਰ ਕਰਮ ਕਰੀ ਜਾਵੋ ਤੇ ਭਾਵੇ ਇਸਲਾਮ ਧਰਮ ਦੇ ਅਸੂਲਾਂ ਅਨੁਸਾਰ ਕਰੀ ਜਾਵੋਂ? ਏਹੀ ਲੋਕ ਸਿੱਖਾਂ ਨੂੰ ਗੁਰਮਤਿ ਦਾ ਗਿਆਨ ਦੇਣ ਦੀ ਬਜਾਏ, ‘ਇਹ ਨਾਂ ਖਾਵੋ’, ‘ਉਹ ਨਾਂ ਖਾਵੋ,’ ਦੇ ਚੱਕਰਾਂ ਵਿੱਚ ਪਾਈ ਫਿਰਦੇ ਹਨ। ਇਸੇ ਕਰਕੇ ਅਜਿਹੇ ਪ੍ਰਚਾਰਕ ਪੰਥਕ ਰਹਿਤ ਮਰਯਾਦਾ ਦੀ ਥਾਂ ਆਪਣੇ ਆਪਣੇ ਡੇਰੇ ਦੀ ਆਪੇ ਬਣਾਈ ਮਰਯਾਦਾ ਦਾ ਪ੍ਰਚਾਰ ਕਰਦੇ ਹਨ ਅਤੇ ਪੰਥ ਨੂੰ ਖੇਰੂ ਖੇਰੂ ਕਰ ਦਿੱਤਾ ਹੈ। ਇਸ ਤਰ੍ਹਾਂ ਦੇ ਪ੍ਰਚਾਰਕਾਂ ਨੂੰ ਪਤਾ ਹੈ ਕਿ ਜੇਕਰ ਸਿੱਖ ਪਾਠ ਕਰਨ ਦੇ ਨਾਲ-ਨਾਲ ਇਸ ਨੂੰ ਸਮਝਣ ਵੀ ਲੱਗ ਪਏ ਅਤੇ ਪੰਥਕ ਰਹਿਤ ਮਰਯਾਦਾ ਤੇ ਚਲਣ ਲੱਗ ਪਏ ਤਾਂ ਫਿਰ ਅਖੌਤੀ ਕਹਾਣੀਆਂ ਸੁਣਾਉਣ ਵਾਲਿਆਂ ਨੂੰ ਕਿਸੇ ਨਹੀਂ ਪੁੱਛਣਾ ਅਤੇ ਇਸ ਤਰ੍ਹਾਂ ਤਾਂ ਸਾਡੀ ਲੁੱਟ ਖੱਤਮ ਹੋ ਜਾਵੇਗੀ।

ਅੱਜ ਲੋੜ ਹੈ, ਅਜਿਹੇ ਧਾਰਮਿਕ ਦਿੱਸਣ ਵਾਲਿਆਂ ਤੋਂ ਨਿਯਾਤ ਪਾਉਣ ਲਈ ਸਾਨੂੰ ਆਪ ਗੁਰਬਾਣੀ ਪੜ੍ਹਨੀ ਤੇ ਸਮਝਣ ਦੀ ਆਦਤ ਪਾਉਣੀ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਅਕਾਲ ਪੁਰਖ ਦੀ ਕ੍ਰਿਤ (ਸੂਰਜ, ਚੰਦ) ਦੇ ਪੁਜਾਰੀ ਹੋਣ ਦੀ ਬਜਾਏ ਸਿੱਧੇ ਅਕਾਲ ਪੁਰਖ ਦੇ ਉਪਾਸ਼ਕ ਬਣ ਸਕਾਂਗੇ।




.