.

☬ ‘ਗੁਰਿ ਕਾਢੀ ਬਾਹ ਕੁਕੀਜੈ॥’ ☬

(ਕਿਸ਼ਤ ਨੰ: 2)

ਗੁਰਬਖ਼ਸ਼ ਸਿੰਘ ਕਾਲਾ ਅਫ਼ਗਾਨਾ

“ਅਧਿਕਰਨ ਦੂਜਾ”

7 ਅਕਤੂਬਰ 2006, ਬੁੱਧ ਵਾਰ ਦੀ ਸਵੇਰ ਦੇ 3 ਵੱਜੇ ਹਨ, ਪੂਰਨ ਅਡੋਲਤਾ ਦਾ ਪ੍ਰਭਾਵ ਹੈ, ਨਿਮਾਣਾ ਗੁਰੂ-ਸੇਵਕ ਦੈਵੀ ਗੁਰਦੇਵ ਜੀ ਦੀ ਹਜ਼ੂਰੀ ਵਿੱਚ ਇਕਾਗਰ ਚਿਤ ਹੋ ਬੈਠਾ ਹੈ ਤੇ ਹਿਰਦੇ ਦੀ ਪੁਕਾਰ ਰੂਪੀ ਉਹੀ ਜੋਦੜੀ ਵਹਿ ਤੁਰੀ-"ਇਕੁ ਦੇਖਿਆ ਇਕੁ ਮੰਨਿਆ ਇਕੋ ਸੁਣਿਆ ਸ੍ਰਵਣ ਸਰੋਤਿ॥ {309}:-

ਸਦਾ ਬਖ਼ਸ਼ਿੰਦ ਦਾਤਾਰ ਜੀਓ! ਤੁਹਾਡੀ ਮਿਹਰ ਦਾ ਸਦਕਾ ਤੁਹਾਡੇ ਪਾਵਨ ਸਰੂਪ ਤੋਂ ਪ੍ਰਾਪਤ ਹੁੰਦੀ ਰਹੀ ਸਰੋਤਿ ਦੇ ਅਧਾਰ ਤੇ ਦਾਸਰੇ ਨੇ ਕੂਕ ਪੁਕਾਰਾਂ ਦੇ ਕਾਰਨ ਦਾ ਪਿਛੋਕੜ ਜਿਵੇ ਤੁਸਾਂ ਲਿਖਾਇਆ ਲਿਖਿ ਲਿਆ ਹੈ। ਅੱਗੇ ਜਿਵੇਂ ਚਲਾਉ ਸੇਵਕ ਨੂੰ ਫੜਾਈ ਲੇਖਣੀ ਉਵੇਂ ਹੀ ਚੱਲੇ ਜੀ-

ਪਾਵਨ ਗੁਰੂ ਸਰੂਪ ਤੋਂ ਪ੍ਰਾਪਤ ਹੋਈ ਸਰੋਤਿ ਦਾ ਵੇਰਵਾ- (–ੳ):-ਨਾਨਕ ਪੰਥੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਲੋਕ-ਵਿਖਾਵੇ ਤੋਂ ਰਹਿਤ, ਸਾਦਗੀ ਭਰਪੂਰ ਗ੍ਰਿਹਸਤੀ ਜੀਵਨ ਦੇ ਪ੍ਰਤੱਖ ਦਸਾਂ ਗੁਰੂ ਪਰਵਾਰਾਂ ਦੇ ਨਿੱਜੀ ਘਰਾਂ ਦਾ ਨਾਮ ਨਿਸ਼ਾਨ ਕਿਸ ਨੇ ਕਿਵੇਂ ਮਿਟਾ ਦਿੱਤਾ? - (ਅ) - ਗੁਰੂ ਬਾਣੀ ਨੂੰ ਸਮਝ ਬੁਝ ਕੇ ਉਸ ਅਨੁਸਾਰ ਜੀਵਨ ਬਣਾਈ ਰੱਖਣ ਦੀਆਂ ਸੈਂਕੜੇ ਗੁਰੂ ਸ਼ਬਦਾਂ ਦੁਆਰਾ ਮੇਰੀਆਂ ਤਾਕੀਦਾਂ ਦੇ ਹੁੰਦਿਆਂ ਗੁਰੁ ਬਾਣੀ ਨੂੰ ਬਨਾ ਸਮਝਿਆ ਇਸ ਦੇ ਮੰਤ੍ਰ ਪਾਠ ਨੂੰ ਕਲਿਆਣ ਕਾਰੀ ਮੰਨ ਲੈਣਾ ਕਦੋਂ ਅਤੇ ਕਿਸ ਨੇ ਪਰਚਲਤ ਕਰ ਦਿੱਤਾ? ਗੁਰਮਤਿ ਵਿਰੋਧੀ ‘ਕਲਿਜੁਗ’ ਨੂੰ ਗੁਰੂ ਸ਼ੰਗਤਿ ਵਿੱਚ ਲੈ ਵੜਿਆ ਕੜ੍ਹਾਹ ਪ੍ਰਸ਼ਾਦ ਵੀ ਦਸ ਸਰੂਪੀ ਸਤਿਗੁਰੂ ਨਾਨਕ ਜੀ ਦੀ ਦੇਣ ਨਹੀਂ ਹੈ। ਇਹ ਕਿਵੇਂ ਹਰਮਨ ਪਿਆਰਾ ਬਣ ਗਿਆ? (ੲ) - (1) – “ਪਵਣ ਪਾਣੀ ਅਗਨੀ ਪਾਤਾਲ॥ ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ॥” (ਜਪੁ)। - (2) - “ਮੈ ਬਧੀ ਸਚੁ ਧਰਮ ਸਾਲ ਹੈ” (73) - (3) - “ਕੋਟਿ ਬ੍ਰਹਮੰਡ ਜਾ ਕੇ ਧ੍ਰਮਸਾਲ” (1156) - (4) - ਧਰਮ ਸਾਲ ਅਪਾਰ ਦੈਆਰ ਠਾਕੁਰ ਸਦਾ ਕੀਰਤਨੁ ਗਾਵਹੇ॥ (248) - (5) - ਹੁਕਮੇ ਧਰਤੀ ਸਾਜੀਅਨੁ ਸਚੀ ਧਰਮ ਸਾਲਾ॥ (785) ‘ਅਥਵਾ ਭਾਈ ਗੁਦਾਸ ਜੀ ਨੇ ਵੀ ਜਿਸ ਬਾਰੇ ਸਪੱਸ਼ਟ ਕਰ ਦਿੱਤਾ ਕਿ- ‘ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥” ਹਰ ਘਰ ਵਿੱਚ ਪੁੱਜ ਚੁੱਕੀ ਗੁਰਮਤਿ ਦੀ ਉਸ ਸਚੀ ਧਰਮਸਾਲ ਦਾ ਕੀ ਬਣਿਆ? ਅਜੋਕੇ ਗੁਰਮਿਤ ਵਰੋਧੀ ਗੁਰਦੁਆਰਾ, ਗੁਰੂਘਰ, ‘ਹਰਿਮੰਦਰ’ ਅਥਵਾ ਮਨੁੱਖੀ ਹੱਥਾਂ ਨਾਲ ਬਣੇ ਅਕਾਲ ਤਖ਼ਤ ਦੀ ਨਾਨਕ ਪੰਥੀਆਂ ਨੂੰ ਜ਼ਰਾ ਵੀ ਪਛਾਣ ਨਾ ਸੀ। ਗੁਰਮਤਿ ਵਿਰੋਧੀ ਉਹ ਸਭ ਕੁੱਝ ਕਿਵੇਂ ਗੁਰਮਤਿ ਦਾ ਅੰਗ ਆ ਬਣਿਆ? (ਸ) - “ਮਾਣਸੁ ਬਪੁੜਾ ਕਿਆ ਸਾਲਾਹੀ ਕਿਆ ਤਿਸ ਕਾ ਮੁਹਤਾਜਾ॥” ਗੁਰ ਬਾਣੀ ਦੁਆਰਾ ਵੀ ਸਪੱਸਟ ਹੈ ਕਿ ਕਿਸੇ ਮਨੁੱਖ ਨੂੰ ਸਾਧ ਜਾਂ ਸੰਤ ਮਨ ਬਹਿਣਾ ਗੁਰਮਤਿ ਨਹੀਂ ਹੈ। ਸਾਡੇ ਪੰਜ ਭੂਤਕ ਸਰੀਰ ਸਮੇ ਸ਼ਹੀਦ ਮੁਰੀਦ ਸਿਰਮੋਰ ਗੁਰਸਿੱਖਾਂ ਨੂੰ ਵੀ “ਭਾਈ” ਜਾਂ “ਬਾਬਾ” ਕਿਹਣਾ ਹੀ ਪਰਚਲਤ ਰਿਹਾ। ਮੈਨੂੰ (ਗੁਰੂ ਸ਼ਬਦ ਨੂੰ) ਗੁਰਿਆਈ ਮਿਲਦਿਆਂ ਸਾਰ ਹੀ ਸਿੱਖੀ ਵਿੱਚ ਸਾਧ ਡੇਰਾਦਾਰਾਂ ਦੇ ਝੁੰਡ ਪ੍ਰਗਟ ਹੋ ਪਏ? ।

ਜੋ ਪਰਾਇਓ ਸੋਈ ਅਪਨਾ॥ ਜੋ ਤਜਿ ਛੋਡਨ ਤਿਸੁ ਸਿਉ ਮਨੁ ਰਚਨਾ॥ 1॥

ਕਹਹੁ ਗੁਸਾਈ ਮਿਲੀਐ ਕੇਹ॥ ਜੋ ਬਿਬਰਜਤ ਤਿਸ ਸਿਉ ਨੇਹ॥ 1॥ ਰਹਾਉ॥ {185}

1

(ੳ) -ਸਤਿਗੁਰਾਂ ਦੇ ਜੱਦੀ ਘਰ ਰੂਪ ਅਨਮੋਲ ਤੇ ਨੂਪਮ ਕੌਮੀ ਸਰਮਾਏ ਦੀ ਤਬਾਹੀ ਦੀ ਕਰੁਣਾ ਮਈ ਵਿਥਿਆ ਆਰੰਭ ਕਰਨ ਤੋਂ ਪਹਿਲਾਂ ਸੰਖੇਪ ਵਿੱਚ ਨਿੱਜੀ ਤਜਰਬਾ-ਸਨ 1933/34 ਵਿੱਚ ਪਿਤਾ ਜੀ ਫ਼ੀਰੋਜ਼ਪੁਰ ਛੌਣੀ ਦੇ 19 ਨੰਬਰ (ਘੋੜ-ਸਵਾਰ) ਰਸਾਲੇ ਵਿਚੋਂ ਪੈਨਸ਼ਨ ਆ ਚੁੱਕੇ ਸਨ। ਦਾਸ ਚੌਥੀ ਕਲਾਸ ਵਿਚੋਂ ਵਜ਼ੀਫ਼ਾ ਲੈਣ ਵਿੱਚ ਸਫ਼ਲ ਹੋਇਆ ਤਾ ਮਾਤਾ ਜੀ ਦੀ ਮੰਗ ਤੇ ਪਿਤਾ ਜੀ ਨੇ ਚਾਰ ਜੀਆਂ ਦੇ (ਮਾਤਾ ਪਿਤਾ ਮੈ ਤੇ ਮੇਰੀ ਛੋਟੀ ਭੈਣ) ਆਪਣੇ ਪਰਵਾਰ ਸਮੇਤ ਇਤਿਹਾਸਕ ਗੁਰਦੁਆਰਿਆਂ ਦੀ ਯਾਤਰਾ ਦਾ ਪ੍ਰੋਗਰਾਮ ਬਣਾ ਲਿਆ। ਚੱਕ ਨੰਬਰ 39/14-L ਜ਼ਿਲਾ ਤੇ ਤਸੀਲ ਮਿੰਟਗੁਮਰੀ (ਪਾਕਿਸਤਾਨ) ਦੇ ਕੱਸੋਵਾਲ ਰੇਲਵੇ ਸਟੇਸ਼ਨ ਤੋਂ ਗੱਡੀ ਚੜ੍ਹ ਅਤੇ ਸਤਿਗੁਰੂ ਨਾਨਾਕ ਸਾਹਿਬ ਜੀ ਦੇ ਜਨਮ ਅਸਥਾਨ ਦੇ ਦਰਸ਼ਨਾ ਲਈ ਨਨਕਾਣਾ ਸਾਹਿਬ ਰੇਲਵੇ ਸਟੇਸ਼ਨ ਤੇ ਜਾ ਉੱਤਰੇ। ਦਾਸਰੇ ਨੂੰ ਉਹ ਥਾਂ ਵੇਖਣ ਦੀ ਬੜੀ ਉਤਸੁਕਤਾ ਸੀ ਜਿੱਥੇ ਬਾਲ ਸਤਿਗੁਰੂ ਨਾਨਕ ਜੀ ਦੇ ਦੈਵੀ ਮੁੱਖੜੇ ਉੱਤੇ 'ਸਰਪ' ਨੇ ਛਾਂ ਕੀਤੀ ਸੀ। ਪਰਚਾਰਕਾਂ ਤੋਂ ਇਹ ਸੁਣ ਕੇ ਹੈਰਾਨ ਹੋਇਆ ਕਰਦਾ ਸਾਂ ਕਿ ਉਸ ‘ਵਣ-ਰੁੱਖ’ ਦੀ ਛਾਂ ਹੁਣ ਸਦਾ ਲਈ ਉਸੇ ਪਾਵਨ ਅਸਥਾਨ ਜੋਗੀ ਹੀ ਹੋ ਚੁੱਕੀ ਹੈ। ਸੂਰਜ ਚੜ੍ਹਦੇ ਢਲਦੇ ਨਾਲ ਪਰਛਾਵੇ ਘਟਦੇ ਵੱਧਦੇ ਨਿਤ ਵੇਖੀਦੇ ਹਨ। ਪਰ ਉਸ ਥਾਂ ਬਾਰੇ ਇਹ ਕਿਹਾ ਜਾ ਰਿਹਾ ਹੈ ਕਿ ਉਸ ਰੁੱਖ ਦੀ ਛਾਂ ਉਥੇ ਦੀ ਉਥੇ ਹੀ ਅੜ ਖਲੋਤੀ ਹੈ? ਭਾਵੇਂ ਕਾਦਰ ਦੇ ਹੁਕਮ ਰੂਪੀ ਨੇਮ ਦਾ ਪੂਰਾ ਗਿਆਨ ਨਹੀਂ ਸੀ ਪਰ ਪਰਛਾਵੇ ਘਟਣ ਵਧਣ ਦੀ ਅਟੱਲ ਕਿਰਿਆ ਤਾਂ ਰੋਜ਼ ਵੇਖੀਦੀ ਸੀ। ਦਾਸਰਾ ਇਸ ਨਿਆਰੀ ਤੇ ਪ੍ਰਤੱਖ ਕਰਾਮਾਤ ਨੂੰ ਵੇਖਣ ਦੀ ਮੰਗ ਮੁੜ ਮੁੜ ਕਰਦਾ ਰਿਹਾ ਸੀ। ਸੋ ਮੇਰੀ ਜ਼ਿੱਦ ਪੂਰੀ ਕਰਦੇ ਹੋਏ ਪਿਤਾ ਜੀ ਸਾਨੂੰ ਪਹਿਲਾਂ ਉਧਰ ਨੂੰ ਹੀ ਲੈ ਤੁਰੇ।

ਵਾਕਿਆ ਹੀ ਉਸ 'ਵਣ ਰੁਖ' ਦੀ ਛਾਂ ਉਸੇ ਖ਼ਾਸ ਥਾਂ ਉੱਤੇ ਅਹਿੱਲ ਟਿਕੀ ਖਲੋਤੀ ਸੀ। ਪਰ ਕੋਈ ਉਚੇਚੀ ਕਰਾਮਾਤ ਵਾਪਰਦੀ ਨਜ਼ਰੀਂ ਨਾ ਆਈ। ਵਣ ਦਾ ਉਹ ਰੁਖ “ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ॥” ਰੱਬੀ ਹੁਕਮ ਅਨੁਸਾਰ ਵਧਦਾ ਰਹਿ ਕੇ ਤੰਬੂ ਬਣਿਆਂ ਉਸ ਸਾਰੇ 'ਅਸਥਾਨ' ਨੂੰ ਆਪਣੀ ਗੂੜ੍ਹੀ ਛਾਂ ਰੂਪੀ ਬੁੱਕਲ ਵਿੱਚ ਲਈ ਖਲੋਤਾ ਸੀ। ਮਾਤਾ ਜੀ ਨਮਸਕਾਰਾਂ ਕਰਦੇ ਮੁੜ ਮੁੜ ‘ਧਨ ਸਤਿਗੁਰੂ ਨਾਨਕ ਜੀ’ ਉਚਾਰ ਰਹੇ ਸਨ। ਉਪਰੰਤ ਪੱਟੀ ਲਿਖੀ, ਕਿਆਰਾ ਸਾਹਿਬ ਗੁਰਦੁਅਰੇ ਵੇਖਿਆਂ ਦਾ ਵੀ ਨਿੰਮ੍ਹਾ ਜਿਹਾ ਚੇਤਾ ਹੈ। ਪਿਤਾ ਜੀ ਸਾਨੂੰ ਛੇਤੀ ਹੀ ਜਨਮ ਅਸਥਨ ਵਲ ਨੂੰ ਲੈ ਤੁਰੇ ਸਨ। ਤਲਵੰਡੀ ਤੋਂ ਨਨਕਾਨਾ ਸਾਹਿਬ ਬਣ ਚੁੱਕੇ ਕਚਿਆਂ ਕੋਠਿਆ ਦੇ ਉਸ ਪਿੰਡ ਦੀਆਂ ਗਲੀਆਂ ਵੀ ਮਾਤਾ ਜੀ ਲਈ ਪੂਜਨੀਕ ਬਣ ਰਹੀਆਂ ਸਨ। ਗਲੀ ਦੀ ਧੂੜੀ ਚੁੱਕ ਚੁੱਕ ਅੱਖੀਆਂ ਨੂੰ ਲਾ ਰਹੇ ਵੇਖੇ ਤਾਂ ਹੈਰਾਨ ਹੋ ਪੁਛਿਆ- ਮਾਤਾ ਜੀ! ਇਸ ਮਿੱਟੀ ਵਿੱਚ ਕੀ ਕਰਾਮਾਤ ਹੈ? । ਬੇਟਾ ਜੀ ਪਰਮ-ਪਿਆਰੇ ਸਤਿਗੁਰੂ ਨਾਨਕ ਜੀ ਆਪਣੇ ਹਾਣੀ ਬਾਲਕਾਂ ਨਾਲ ਇਨ੍ਹਾਂ ਗਲੀਆਂ ਵਿੱਚ ਪਤਾ ਨਹੀਂ ਕਿਹੋ ਜਿਹੇ ਕਲੋਲ ਤੇ ਖੇਡਾਂ ਕਰਦੇ ਰਹੇ ਹੋਣੇ ਹਨ? ਗੁਰੂ ਜੀ ਦੀਆਂ ਚਰਨ-ਛੋਹਾਂ ਵਾਲੀ ਇਹ ਮਿੱਟੀ ਧੰਨ ਧੰਨ ਹੋ ਚੁੱਕੀ ਹੈ ਬੇਟਾ ਜੀਓ!

ਜਨਮ ਅਸਥਾਨ ਦੀ ਦਰਸ਼ਨੀ ਡਿਉੜੀ ਨਜ਼ਰੀ ਆਈ ਤਾਂ ਮਾਤਾ ਜੀ ਨੇ ਆਪਣਾ ਸੀਸ ਧਰਤੀ ਨਾਲ ਲਾ ਲਿਆ। ਦਾਸਰਾ ਵੀ ਮਾਤਾ ਜੀ ਦੇ ਇਸ਼ਾਰੇ ਦੀ ਪਾਲਣਾ ਕਰਦਾ ਜਾ ਰਿਹਾ ਸੀ। ਦਰਸ਼ਨੀ ਡਿਉੜੀ ਦੀ ਸਰਦਲ ਨੂੰ ਸਾਰਿਆਂ ਨੇ ਸੀਸ ਛੋਹਾਇਆ ਤੇ ਅੰਦਰ ਲੰਘ ਗਏ। ਖੁਲ੍ਹੀ ਵਲਗਣ ਵਿੱਚ ਬਣਿਆਂ ਸੁਨਹਿਰੀ ਕਲਸਾਂ ਵਾਲਾ ਬੜਾ ਸੁੰਦਰ ਸੀ ਜਨਮ ਅਸਥਾਨ। ਪਰਸ਼ਾਦ ਘਰੋ ਕੜ੍ਹਾ ਪਰਸ਼ਾਦ ਲੈ ਕੇ ਪਿਤਾ ਜੀ ਜਨਮ ਅਸਥਾਨ ਵਲ ਨੂੰ ਹੋ ਤੁਰੇ। ਮਾਤਾ ਜੀ ਨੇ ਦਾਸਰੇ ਨੂੰ ਪੈਸਾ ਫੜਾਇਆ ਤੇ ਅੰਦਰ ਗੁਰੂ ਜੀ ਦੀ ਹਜ਼ੂਰੀ ਵਿੱਚ ਭੇਟਾ ਕਰਨ ਦਾ ਸਲੀਕਾ ਉਚੇਚੇ ਤੌਰ ਤੇ ਸਮਝਾਇਆ। ਪਰਕਾਸ਼ਮਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਿਲ ਫੁੱਲ ਭੇਟਾ ਕਰਕੇ ਨਮਸਕਾਰਾਂ ਕਰਨੀਆਂ ਸਮਝਾਈਆਂ ਹੋਈਆਂ ਸਨ। ਅਸੀਂ ਸਾਰੇ ਗੁਰੂ ਜੀ ਵਲ ਮੂੰਹ ਕਰਕੇ ਚੌਕੜੇ ਮਾਰ ਬੈਠੇ। ਭਾਈ ਜੀ ਨੇ ਉਵੇ ਹੀ ਇੱਕ ਸ਼ਬਦ ਪੜ ਸੁਣਾਇਆ ਜਿਵੇਂ ਸਾਡੇ ਪਿੰਡ ਵਾਲੇ ਗੁਰਦਆਰੇ ਦੇ ਬਾਬਾ ਜੀ ਸੁਣਾਉਦੇ ਸਨ। ਮੈਰੀ ਬਾਲ ਬੁੱਧ ਇਹ ਪੁੱਛਣ ਲਈ ਕਾਹਲੀ ਪੈ ਰਹੀ ਸੀ ਕਿ ਆਪਣੇ ਪਿੰਡ ਦੇ ਗੁਰਦੁਆਰੇ ਦੇ ਗੁਰੂ ਸਰੂਪ ਨਾਲੋਂ ਇਸ ਗੁਰੂ ਸਰੂਪ ਵੇਖਣ ਨੂੰ ਤਾਂ ਸਾਡੇ ਪਿੰਡ ਦੇ ਗੁਰਦੁਆਰੇ ਜਿਹਾ ਹੀ ਹੈ ਪਰ ਕੋਈ ਅੱਡਰਾ ਵਾਧਾ ਜ਼ਰੂਰ ਹੋਣਾ ਹੈ? ਏਨੇ ਵਿੱਚ ਭਾਈ ਜੀ ਪ੍ਰਸ਼ਾਦ ਲੈ ਆਏ ਤੇ ਪਿਤਾ ਜੀ ਉਸ ਤੋਂ 1921 ਵਿੱਚ ਵਰਤੇ ਸ਼ਹੀਦੀ ਸਾਕੇ ਬਾਰੇ ਪੁਛਣ ਲਗ ਪਏ। ਥੁਹੜੇ ਜਹੇ ਵਾਰਤਾਲਾਪ ਉਪਰੰਤ ਭਾਈ ਜੀ ਸਾਨੂੰ ਉਸ ਜੰਡ (-ਰੁੱਖ) ਕੋਲ ਲੈ ਗਏ ਜਿਸ ਨਾਲ ਬੰਨ੍ਹ ਕੇ ਮਹੰਤਾ ਦੇ ਗੁੰਡਿਆਂ ਨੇ ਭਾਈ ਲਛਮਨ ਸਿੰਘ ਜੀ ਨੂੰ (ਜੀਊਂਦਿਆਂ ਨੂੰ) ਸਾੜ ਕੇ ਸ਼ਹੀਦ ਕਰ ਦਿੱਤਾ ਸੀ। ਬੜੇ ਖੁਲ੍ਹੇ ਵਿਹੜੇ ਦੀ ਚਾਰ ਦੀਵਾਰੀ ਦੇ ਅੰਦਰ ਕੋਈ ਪੁਰਾਤਨ ਕੰਧ ਕੋਠੇ ਨਜ਼ੀਰੀਂ ਨਾ ਸੀ ਆਇਆ। ਪੁਰਾਤਨ ਨਿਸ਼ਾਨ ਸੰਭਾਲੀ ਰੱਖਣ ਨਾਲੋਂ ਵਿਦਿਆਹੀਨ ਅਗਿਆਨੀ ਸਿੱਖ ਦੀ ਅੰਨ੍ਹੀ ਸ਼ਰਧਾ ਕਿੰਤੂ ਜੋਗੀ ਹੈ ਹੀ ਨਹੀਂ ਸੀ ਸੋ ਗੁਰਮਤਿ ਦੇ ਵੈਰੀ ਮਹੰਤਾਂ ਨੇ ਹਰ ਪਾਸੇ ਨਵੀਂਨਤਾ ਹੀ ਨਵੀਨਤਾ ਪਸਾਰ ਰੱਖੀ ਸੀ।

ਉਥੋਂ ਵਿਹਲੇ ਹੋ ਕੇ ਪਿਤਾ ਜੀ ਸਾਨੂੰ ਸੁਲਤਾਨ ਪੁਰ ਲੋਦੀ ਲੈ ਗਏ। ਪਹਿਲਾਂ ਉਹ ਮਸੀਤ ਜਾ ਵੇਖੀ ਜਿੱਥੇ ਗੁਰਦੇਵ ਜੀ ਨੇ ਮਨੁੱਖਤਾ ਨੂੰ ਇਹ ਸਿਖਿਆ ਦਿੱਤੀ ਕਿ ਜੇ ਮਨ ਹਾਜ਼ਰ ਨਾ ਹੋਵੇ ਤਾਂ ਨਮਾਜ਼ ਪੜ੍ਹਨੀ ਜਾਂ ਪਾਠ ਕਰਨੇ ਵਿਅਰਥ ਦਾ ਭਰਮ ਹੈ। ਫਿਰ ਮੋਦੀ ਖਾਨੇ ਦੀ ਸੇਵਾ ਸਮੇ ਚੁਗ਼ਲਾਂ ਦੇ ਕਹੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਅੰਨ ਦਾਣੇ ਦਾ ਭੰਡਾਰ ਅਜਾਂਈ ਲੁਟਾ ਦਿੱਤਾ ਹੈ, ਨਵਾਬ ਨੇ ਗੁਰਦੇਵ ਜੀ ਨੂੰ ਕੈਦ ਕਰ ਲਿਆ ਤੇ ਇਤਬਾਰੀ ਅਲਿਹਲਕਾਰਾਂ ਕੋਲੋਂ ਗੁਦਾਮ ਦੀ ਪੜਤਾਲ ਕਰਵਾਈ। ਜਦ ਇੱਕ ਪੈਸੇ ਦੀ ਵੀ ਹੇਰਾ ਫੇਰੀ ਨਾ ਲੱਭੀ ਤਾਂ ਸੁਹਿਰਦ ਨਵਾਬ ਦੌਲਤ ਖਾਂ ਨੇ ਚੁਗ਼ਲਾਂ ਨੂੰ ਡੰਨ ਲਾਇਆ ਤੇ ਗੁਰੂ ਜੀ ਦਾ ਵੇਤਨ ਵਧਾ ਕੇ ਉਨ੍ਹਾਂ ਨੂੰ ਬੜੇ ਸਨਮਾਨ ਨਾਲ ਪਦਵੀ ਤੇ ਬਹਾਲ ਰਖਿਆ। ਸਲਾਖ਼ਾਂ ਵਾਲਾ ਉਹ ਛੋਟਾ ਜਿਹਾ ਕੋਠਾ ਜਿੱਥੇ ਕਥਿਤ ਤੌਰ ਤੇ ਗੁਰਦੇਵ ਜੀ ਨੂੰ ਕੈਦ ਰੱਖਿਆ ਸੀ ਬੜੇ ਗਹੁ ਨਾਲ ਵੇਖਿਆ ਤੇ ਉਸ ਨਾਲ ਜੁੜੀਆਂ ਯਾਦਾਂ ਦਾ ਆਨੰਦ ਮਾਣਿਆ। ਫਿਰ ਬੇਬੇ ਨਾਨਕੀ ਜੀ ਦੇ ਪਾਵਨ ਘਰ ਦੇ ਦਰਸ਼ਨ ਜਾ ਕੀਤੇ ਜਿੱਥੇ ਟਿਕੇ ਰਹਿ ਕੇ ਗੁਰਦੇਵ ਜੀ ਮੋਦੀ ਖਾਨੇ ਦੀ ਸੇਵਾ ਨਿਭਾਉਂਦੇ ਰਹੇ ਸਨ। ਜਵਾਨ ਉਮਰਾ ਗੁਰਦੇਵ ਜੀ ਨੂੰ ਉਨ੍ਹਾਂ ਥਾਵਾਂ ਵਿੱਚ ਵਿਚਰਦੇ ਅਨੁਭਵ ਕਰਦਿਆਂ ਖੁਸ਼ੀਆਂ ਤੇ ਹਾਰਦਿਕ ਆਨੰਦ ਮਾਣਿਆ। ਬਾਬਾ ਸਿਰੀਚੰਦ ਤੇ ਬਾਬਾ ਲਖਮੀ ਦਾਸ ਜੀ ਕਿਸ ਕੋਠੇ ਵਿੱਚ ਜਨਮੇ ਇਸ ਬਾਰੇ ਕੁੱਝ ਪਤਾ ਨਾ ਲੱਗਾ। ਸ਼ਾਇਦ ਸਾਰਾ ਕੁੱਝ ਗੁਰਦੁਆਰੇ ਦੀ ਵਿਸ਼ਾਲ ਬਿਲਡਿੰਗ ਨੇ ਨੱਪ ਲਿਆ ਹੋਵੇ? ਫਿਰ ਵੇਈਂ ਨਦੀ ਦਾ ਉਹ ਥਾਂ ਜਿੱਥੇ ਕਥਿਤ ਤੌਰ ਤੇ ਗੁਰਦੇਵ ਜੀ ਜਲ ਵਿੱਚ ਡੁੱਬ ਗਏ ਅਥਵਾ ਗੁਆਚ ਗਏ ਦਾ ਰੌਲਾ ਪੈ ਗਿਆ ਸੀ। ਸੰਤ ਗੁਰਬਚਨ ਸਿੰਘ ਜੀ ਖ਼ਾਲਸਾ ਵਿਦਿਆ ਮਾਰਤੰਡ ਭਿੰਡਰਾਂ ਵਾਲਿਆਂ ਦੀ ਲਿਖਤ ਅਨੁਸਾਰ ਉਹ ਵਈਂ ਨਦੀ ਗੁਰਦੇਵ ਜੀ ਲਈ ਸਚਖੰਡ ਨੂੰ ਜਾਂਦੀ ਪਉੜੀ ਬਣ ਗਈ। ਅਖੇ ਰੱਬ ਜੀ ਦੇ ਦੂਤ ਉਸ ਰਸਤੇ ਗੁਰਦੇਵ ਜੀ ਨੂੰ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਲੈ ਪੁੱਜੇ ਸਨ ਤੇ ਗੁਰੂ ਜੀ ਨੇ ਰੱਬ ਜੀ ਕੋਲੋਂ ਮੂਲ ਮੰਤ੍ਰ ਪ੍ਰਾਪਤ ਕੀਤਾ ਸੀ। ਪਰ ਭਾਈ ਗੁਰਦਾਸ ਜੀ ਦਾ ਵਿਸ਼ਵਾਸ਼ ਇਉਂ ਦਾ ਹੈ-"ਬਾਬਾ ਦੇਖੇ ਧਿਆਨ ਧਰ ਜਲਤੀ ਸਭ ਪ੍ਰਿਥਵੀ ਦਿਸ ਆਈ॥ ਬਾਝਹੁ ਗੁਰੂ ਗੁਬਾਰ ਹੈ ਹੈ ਹੈ ਕਰਦੀ ਸੁਣੀ ਲੁਕਾਈ॥ ਬਾਬੇ ਭੇਖ ਬਣਾਇਆ ਉਦਾਸੀ ਕੀ ਰੀਤ ਚਲਾਈ॥ ਚੜ੍ਹਿਆ ਸੋਧਨ ਧਰਤ ਲੁਕਾਈ॥ òô॥ {1-24-8} ਇਕਾਂਤ ਥਾਵੇਂ ਬੈਠਿਆਂ "ਸੰਸਾਰ ਯਾਤਰਾਵਾਂ" ਆਰੰਭ ਕਰਨ ਦੀ ਯੋਜਨਾ ਘੜੀ ਜਾ ਰਹੀ ਸੀ।

ਫਿਰ ਪਿਤਾ ਜੀ ਸਾਨੂੰ ਗੋਇੰਦਵਾਲ ਲੈ ਪੁੱਜੇ। ਉਹ ਦ੍ਰਿਸ਼੍ਯ ਅੱਜ ਵੀ ਅਖੀਆਂ ਸਾਹਮਣੇ ਉਵੇਂ ਹੀ ਘੁੱਮ ਰਿਹਾ ਹੈ ਜਦੋਂ ਸਤਿਗੁਰੂ ਅਰਜਨ ਸਾਹਿਬ ਜੀ ਦੇ ਜਨਮ ਵਾਲੇ ਪਾਵਨ ਕੋਠੇ ਦਾ ਦਰਵਾਜਾ ਪਿਤਾ ਜੀ ਨੀਵੇਂ ਹੋ ਕੇ ਲੰਘੇ ਸਨ। ਰੌਨਸ਼ਦਾਨ ਤੋਂ ਬਿਨਾ ਉਸ ਹਨੇਰੇ ਕੋਠੇ ਵਿੱਚ Guide ਸੇਵਾਦਾਰ ਦੇ ਦੀਵੇ ਦੀ ਲੋ ਤੋਂ ਬਿਨਾ ਅੰਦਰ ਸਿਵਾਏ ਹਨੇਰ ਦੇ ਕੁੱਝ ਵੀ ਨਹੀਂ ਸੀ ਦਿੱਸ ਰਿਹਾ। ਬੀਬੀ ਭਾਨੀ ਜੀ ਦਾ ਛੋਟਾ ਜਿਹਾ ਕੱਚਾ ਪਰ ਬਾਂਕਾ ਚੁਲ੍ਹਾ-ਚੌਕਾ, ਸਾਰੇ ਚੌਗਿਰਦੇ ਵਿੱਚ ਮਨ ਮੋਹਣੀ ਸਾਦਗੀ। ਅੱਜ ਵੀ ਉਸ ਸਭ ਕੁੱਝ ਦੇ ਚੇਤੇ ਨਾਲ ਮਨ ਦੀਆਂ ਅੱਖੀਆਂ ਉਸ ਦੈਵੀ ਸੀਤਲਤਾ ਵਿੱਚ ਤਾਰੀਆਂ ਲਾਉਂਦੀਆਂ ਰੱਜਿਆ ਨਹੀਂ ਸਨ ਕਰਦੀਆਂ।

2- ਸ੍ਰੀ ਆਨੰਦਪੁਰ ਵਿਖੇ ਸਤਿਗੁਰੂ ਤੇਗ਼ਬਹਾਦਰ ਜੀ ਦੇ ਅਥਵਾ ਦਸ਼ਮੇਸ਼ ਜੀ ਦੇ ਪੁਰਾਤਨ ਘਰ- ਜਿਸ ਤਰ੍ਹਾਂ ਦੇ ਸ਼ਾਹੀ ਲਿਬਾਸ ਵਿੱਚ ਫੱਬੇ ਗੁਰੂ ਸਾਹਿਬਾਨ ਦੀਆਂ ਤਸਵੀਰਾਂ ਆਪਣੇ ਘਰ ਵਿੱਚ ਜਾਂ ਹੋਰ ਕਈ ਥਾਈ ਸਿੱਖ ਜਗਤ ਵਿੱਚ ਪਰਚਲਤ ਵੇਖੀਦੀਆਂ ਸਨ ਉਸ ਤੋਂ ਅੱਖੀਆਂ ਸ਼ਾਹੀ ਮਹਲ ਵੇਖਣ ਦੀਆਂ ਆਸਵੰਦ ਸਨ। ਪਰ ਆਮ ਕਿਰਤੀਆਂ ਵਰਗੀ ‘ਰਿਹਾਇਸ਼ ਗਾਹ’ ਸਨ ਗੁਰਦੇਵ ਜੀ ਦੇ ਘਰ-ਕੋਠੇ? ਹੈਰਾਨ ਹੋ ਰਿਹਾ ਸਾਂ ਕਿ ਪਰਚਾਰਕ ਅਤੇ ਤਸਵੀਰਾਂ ਕੀ ਕਹਿ ਰਹੀਆਂ ਹਨ ਅਤੇ ਉਨ੍ਹਾਂ ਦੇ ਇਹ ਘਰ? । ਮਾਤਾ ਜੀ! ਕੀ ਸਾਡੇ ਗੁਰੂ ਜੀ ਸਾਡੇ ਵਰਗੇ ਗਰੀਬੜੇ ਹੀ ਸਨ? ਪਰ ਮਾਤਾ ਪਿਤਾ ਜੀ ਧੰਨ ਸਤਿਗੁਰੁ ਜੀ ਧੰਨ ਸਤਿਗੁਰੂ ਜੀ ਕਹਿੰਦੇ ਹੋਏ ਮਸਤੀ ਭਰਿਆ ਆਨੰਦ ਮਾਣ ਰਹੇ ਸਨ। ਸਤਿਗੁਰੂ ਜੀ ਦੀ 'ਰਿਹਾਇਸ਼ਗਾਹ' ਦੇ ਖੁਲੇ ਵੇਹੜੇ ਵਿਚਲਾ ਉਹ ਪਾਵਨ ਥੜਾ ਜਿਸ ਬਾਰੇ Guide ਸੇਵਾਦਾਰ, ਦੱਸ ਰਿਹਾ ਸੀ-'ਏਸੇ ਥੜ੍ਹੇ ਉਤੇ ਬੈਠੇ ਸਤਿਗੁਰੂ ਤੇਗ਼ ਬਹਾਦਰ ਜੀ ਕੋਲ ਕਸ਼ਮੀਰੀ ਬ੍ਰਾਹਮਣ ਆ ਫ਼ਰਿਆਦੀ ਹੋਏ ਸਨ'। ਫਿਰ ਜਦ ਉਸ ਸੇਵਾਦਾਰ ਨੇ ਇਹ ਦੱਸਿਆ ਕਿ ਉਸੇ ਸਾਦੇ ਜਿਹੇ ਪਰ ਗੁਰੂ ਛੋਹਾਂ ਨਾਲ ਜਿਸ ਦਾ ਜ਼ਰਾ ਜ਼ਰਾ ਪਾਵਨ ਪਵਿਤਰ ਹੋ ਚੁੱਕਾ ਸੀ, ਥੜ੍ਹੇ ਰੂਪੀ ਤੱਖ਼ਤ ਤੇ ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ ਕਿਸ਼ੋਰ ਅਵਸਥਾ 'ਸ੍ਰੀ ਗੋਬਿੰਦ ਰਾਏ ਜੀ’ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਗੁਰਿਆਈ ਸੌਂਪ ਕੇ ਆਪਣੇ ਥਾਂ ਦਸਵੇਂ ਸਤਿਗੁਰੂ ਨਾਨਕ ਸਾਹਿਬ ਜੀ ਥਾਪ ਕੇ ਆਪ ਦਿੱਲੀ ਦੇ ਲੰਮੇ ਪੈਂਡੇ ਪੈ ਤੁਰੇ ਸਨ। ਦਾਸਰਾ ਕਲਪਣਾ ਦੇ ਪੰਘੂੜੇ ਵਿੱਚ ਬੈਠ ਉਸ ਅਲੌਕਿਕ ਦ੍ਰਿਸ਼੍ਯ ਦਾ ਤੋਂ ਪ੍ਰਾਪਤ ਹੋ ਰਿਹਾ ਵਿਸਮਾਦ ਮਾਣਦਿਆਂ ਤ੍ਰਿਪਤ ਨਾ ਸੀ ਹੋ ਰਿਹਾ।

3-"ਕੀਰਤ ਪੁਰ ਵਿਖੇ"-ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਿਵਾਸ ਅਸਥਾਨ ਦੇ ਦਰਸ਼ਨ ਕਰਾ ਰਹੇ ਸੇਵਾਦਾਰ ਨੇ ਮੁਰੱਮਤਾ ਦੀ ਅਥਵਾ ਸੇਵਾ ਸੰਭਾਲ ਦੀ ਮੰਗ ਕਰ ਰਹੇ ਨਿੱਕੀਆਂ ਇੱਟਾਂ ਦੇ ਉਸ ਕੋਠੇ ਦੇ ਦਰਸ਼ਨ ਕਰਾਏ ਜਿੱਥੇ ਬਾਬਾ ਗੁਰਦਿੱਤਾ ਦੇ ਘਰ ਗੁਰੂ 'ਹਰਿ ਰਾਇ ਸਾਹਿਬ ਜੀ' ਅਤੇ ਫਿਰ ਉਨ੍ਹਾਂ ਦੇ ਘਰ 'ਗੁਰੂ ਹਰਿਕ੍ਰਿਸ਼ਨ ਸਾਹਿਬ ਜੀ' ਅਵਾਤਾਰੀ ਹੋਏ ਸਨ। ਦਾਸਰੇ ਦੇ 'ਬਾਲ-ਬੁੱਧ ਨਿਸ਼ਕਪਟ ਸ਼ਰਧਾਲੂ ਮਨ' ਵਿੱਚ ਗੁਰੂ ਸਾਹਿਬਾਨ ਪ੍ਰਤੀ ਅਥਾਹ ਸ਼ਰਧਾ ਬਣਾ ਰਹੇ ਮਾਤਾ ਜੀ ਦਾਸਰੇ ਨੂੰ ਆਪਣੇ ਨਾਲ ਨਾਲ ਹੀ ਰੱਖ ਰਹੇ ਸਨ। ਦਾਸ ਦੇ ਮਨ ਵਿਚਲਾ ਸ਼ੰਕਾ ਜ਼ਬਾਨ ਤੇ ਆ ਗਿਆ-"ਮਾਤਾ ਜੀ! ਸਤਿਗੁਰਾਂ ਦਾ ਇਹ ਕੋਠਾ ਕਿਤੇ ਡਿੱਗ ਹੀ ਨਾ ਪਵੇ? "ਨਹੀਂ ਕਾਕਾ ਜੀ, ਸਾਡੇ ਜਥੇਦਾਰ ਜੀ ਇਸ ਦੀ ਮੁਰੱਮਤ ਕਰਵਾ ਕੇ ਇਸ ਨੂੰ ਜਿਉਂ ਦਾ ਤਿਉਂ ਹੀ ਸੰਭਾਲੀ ਰਖਣਗੇ। " ਪਰ ਭੋਲੇ ਮਾਤਾ ਜੀ ਨੂੰ ਕੀ ਪਤਾ ਸੀ ਕਿ ਭਰਮੀ ਬਣਾਈ ਰੱਖਿਆਂ ਕਿਰਤੀਆਂ ਨੂੰ ਭਾਗਾਂ ਵਾਲੇ ਦਾਨ ਦੇ ਵਟੇ ਸਚਖੰਡ ਪਰਾਪਤੀ ਦੇ ਲਾਰਿਆਂ ਨਾਲ ਲੁੱਟਦੇ ਰਹਿਣ ਵਿੱਚ ਨਿਪੁੰਨ, ਤਜਰਬੇਕਾਰ ਬ੍ਰਾਹਮਣ ਦੇ ਚੇਲੇ ਸਾਡੇ ਇਨ੍ਹਾਂ ਪੁਜਾਰੀ ਜਥੇਦਾਰਾਂ ਨੇ ਇਸ ਪਾਵਨ ਅਸਥਾਨ ਨੂੰ ਸ਼ਾਹੀ ਤਰਜ਼ ਦੇ ਸ਼ੀਸ਼ ਮਹਿਲ ਵਿੱਚ ਬਦਲ ਕੇ ‘ਭਲੀ ਸੁਹਾਵੀ ਛਾਪਰੀ’ ਵਾਲੇ ਪੂਰਨਿਆਂ ਰੂਪ ਗੁਰੂ ਇਤਹਾਸ ਦਾ ਖੁਰਾ ਖੋਜ ਮਿਟਾ ਦੇਣਾ ਹੈ? ਗੁਰੂ ਸਾਹਿਬਾਨ ਜੀ (ਛੇਵੇਂ ਤੋਂ ਅਠਵੇ) ਦੇ ਘਰਾਂ ਦੇ, ਫਿਰ ਬੀਬੀ ਵੀਰੋ ਜੀ (-ਗੁਰੂ ਹਰਿਗੋਬਿੰਦ ਜੀ ਦੀ ਸਪੁੱਤਰੀ) ਦਾ ਰਿਹਾਇਸ਼ੀ ਘਰ ਉਚੇਚੇ ਤੌਰ ਤੇ ਜਾ ਵੇਖਿਆ। ਕਿਸੇ ਥਾਉਂ ਵੀ ਅਮੀਰੀ ਦਾ ਮਾੜਾ ਜਿਹਾ ਝਾਉਲਾ ਵੀ ਨਾ ਸੀ ਪਿਆ, ਆਮ ਕਿਰਤੀਆਂ ਵਰਗੇ ਪਰ ਗੁਰੂ-ਛੋਹਾਂ ਵਾਲੇ ਅਤੀਅੰਤ ਮਨਮੋਹਣੇ ‘ਘਰ ਕੋਠੇ’. . । ਕਲਪਣਾ ਦੇ ਪੰਘੂੜੇ ਵਿੱਚ ਬੈਠਾ ਅੱਜ ਵੀ ਉਨ੍ਹਾਂ ਸਾਰੇ ਪਾਵਨ ਅਸਥਾਨਾਂ ਤੋਂ- “ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥” ਗੁਰਮਤਿ ਉਪਦੇਸ਼ ਦ੍ਰਿੜ ਕਰਾਇਆ ਜਾਂਦਾ ਅਨੁਭਵ ਕਰ ਰਿਹਾ ਹੁੰਦਾ ਹਾਂ। ਕਹਿਣੀ ਕਰਣੀ ਦੇ ਸੂਰੇ ਗੁਰਦੇਵ ਜੀ ਦਾ ਆਪਣਾ ਨਿੱਜੀ ਜੀਵਨ- “ਵਡਿਆ ਸਿਉ ਕਿਆ ਰੀਸ-" ਗੁਰਮਤਿ ਸਿਧਾਂਤ ਦੇ ਪੂਰਨੇ ਪਾਉਦਾ ਹੋਇਆ-"ਹਮ ਨਹੀ ਚੰਗੇ ਬੁਰਾ ਨਹੀ ਕੋਇ” ਰੂਪ ਨਿਮਰਤਾ ਦਾ ਧਾਰਨੀ ਬਣਨ ਲਈ ਪ੍ਰੇਰਤ ਕਰ ਰਿਹਾ ਹੈ। ਸਤਿਗੁਰਾਂ ਦੇ ਉਨ੍ਹਾਂ ਪੁਰਾਤਨ ਨਿਵਾਸ ਅਸਥਾਨਾਂ ਤੋਂ ਗ੍ਰਿਹਸਤ ਉਦਾਸੀਆਂ ਵਾਲੀ ਨਿਆਰੀ ਜੀਵਨੀ ਦੇ ਧਾਰਨੀ ਬਣੇ ਰਹਿਣ ਦਾ ਉਤਸ਼ਾਹ ਰੂਪ ਪ੍ਰਸ਼ਾਦ ਮਿਲਿਆ ਕਰਦਾ ਸੀ। ਉਨ੍ਹਾਂ ਕੱਚੇ ਕੋਠਿਆਂ ਤੋਂ ਸੁਤੇਅ ਹੀ ਸਮਝ ਆ ਰਹੀ ਸੀ ਕਿ ਗੁਰਦੇਵ ਜੀ ਨੂੰ "ਹਉਮੈ ਦਾ ਮੂਲ" ਮਾਇਆ ਧਾਰੀਆਂ ਵਾਲਾ ਵਿਖਾਵਾ ਮੂਲੋਂ ਵੀ ਨਹੀਂ ਸੀ ਭਾਉਂਦਾ। ਇਉਂ ਸਿੱਧ ਹੋ ਰਿਹਾ ਸੀ ਜਿਵੇਂ ਦਰਸ਼ਨਾਂ ਨੂੰ ਪੁੱਜ ਰਹਿਆਂ ਸ਼ਰਧਾਲੂਆਂ ਨੂੰ ਇਹ "ਪੁਰਾਤਨ ਗੁਰੂਘਰ"-ਆਪਣੀ ਪਿਆਰ-ਗਲਵੱਕੜੀਆਂ ਵਿੱਚ ਲੈ ਲੈ ਇਹ ਉਪਦੇਸ਼ ਦ੍ਰਿੜ ਕਰਾ ਰਹੇ ਹੁੰਦੇ ਸਨ:-

ਭਲੀ ਸੁਹਾਵੀ ਛਾਪਰੀ ਜਾ ਮਹਿ ਗੁਨ ਗਾਏ॥ ਕਿਤ ਹੀ ਕਾਮਿ ਨ ਧਉਲਹਰ ਜਿਤੁ ਹਰਿ ਬਿਸਰਾਏ॥ 1॥ ਰਹਾਉ॥ ਅਨਦੁ ਗਰੀਬੀ ਸਾਧਸੰਗਿ ਜਿਤੁ ਪ੍ਰਭ ਚਿਤਿ ਆਏ॥ ਜਲਿ ਜਾਉ ਏਹੁ ਬਡਪਨਾ ਮਾਇਆ ਲਪਟਾਏ॥ 1॥ ਪੀਸਨੁ ਪੀਸਿ ਓਢਿ ਕਾਮਰੀ ਸੁਖੁ ਮਨੁ ਸੰਤੋਖਾਏ॥ ਐਸੋ ਰਾਜੁ ਨ ਕਿਤੈ ਕਾਜਿ ਜਿਤੁ ਨਹ ਤ੍ਰਿਪਤਾਏ॥ 2॥ ਨਗਨ ਫਿਰਤ ਰੰਗਿ ਏਕ ਕੈ ਓਹੁ ਸੋਭਾ ਪਾਏ॥ ਪਾਟ ਪਟੰਬਰ ਬਿਰਥਿਆ ਜਿਹ ਰਚਿ ਲੋਭਾਏ॥ 3॥ . .॥ 4॥ 1॥ 41॥ {745}

ਅਰਥ:-ਉਹ ਤਾਂ ਕੁੱਲੀ ਹੀ ਚੰਗੀ ਹੈ, ਜਿਸ ਵਿੱਚ (ਰਹਿਣ ਵਾਲਾ ਨਿਮਰ ਸੁਭਾਵ ਮਨੁੱਖ) ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹੇ। (ਪਰ) ਉਹ ਪੱਕੇ ਮਹੱਲ ਕਿਸੇ ਕੰਮ ਨਹੀਂ, ਜੋ ਮਨੁਖ ਨੂੰ (ਹਉਮੈ ਰੋਗ ਦਾ ਰੋਗੀ ਬਣਾ ਕੇ) ਪਰਮਾਤਮਾ ਵਿਸਾਰ ਦੇਵੇ। 1. ਰਹਾਉ। ਸਾਧ ਸੰਗਤਿ ਵਿੱਚ ਗ਼ਰੀਬੀ (ਸਹਾਰਦਿਆਂ ਭੀ) ਆਨੰਦ ਹੈ ਕਿਉਂਕਿ ਉਸ (ਗੁਰੂ ਸਾਧ ਦੀ ਸੰਗਤਿ) ਵਿੱਚ ਪਰਮਾਤਮਾ ਚਿੱਤ ਵਿੱਚ ਵੱਸਿਆ ਰਹਿੰਦਾ ਹੈ । ਇਹੋ ਜਿਹਾ ਵੱਡਾ ਅਖਵਾਉਣਾ ਸੜ ਜਾਏ (ਜਿਸ ਦੇ ਕਾਰਨ ਮਨੁੱਖ ਜੋ ਵਿਕਾਰਾਂ ਰੂਪ) ਮਾਇਆ ਨਾਲ ਹੀ ਚੰਬੜਿਆ ਰਹੇ । 1. (ਗਰੀਬੀ ਵਿਚ) ਚੱਕੀ ਪੀਹ ਕੇ, ਕੰਬਲੀ ਪਹਿਨ ਕੇ ਆਨੰਦ (ਪ੍ਰਾਪਤ ਰਹਿੰਦਾ ਹੈ, ਕਿਉਂਕਿ) ਮਨ ਨੂੰ ਸੰਤੋਖ ਮਿਲਿਆ ਰਹਿੰਦਾ ਹੈ । ਪਰ, ਇਹੋ ਜਿਹਾ ਰਾਜ ਕਿਸੇ ਕੰਮ ਨਹੀਂ ਜਿਸ ਵਿੱਚ (ਮਨੁੱਖ ਮਾਇਆ ਵਲੋਂ ਕਦੇ) ਰੱਜਦਾ ਹੀ ਨਹੀਂ। 2. ਜੇਹੜਾ ਮਨੁੱਖ ਪ੍ਰਭੂ ਦੇ ਪ੍ਰੇਮ ਵਿੱਚ ਨੰਗਾ ਭੀ ਤੁਰਿਆ ਫਿਰਦਾ ਹੈ, ਉਹ ਸੋਭਾ ਖੱਟਦਾ ਹੈ, ਪਰ ਰੇਸ਼ਮੀ ਕੱਪੜੇ ਪਹਿਨਣੇ ਵਿਅਰਥ ਹਨ ਜਿਨ੍ਹਾਂ ਵਿੱਚ ਮਸਤ ਹੋ ਕੇ ਮਨੁੱਖ (ਮਾਇਆ ਦਾ ਹੋਰ ਹੋਰ) ਲੋਭ ਕਰਦਾ ਰਹਿੰਦਾ ਹੈ । 3. (ਪਿੰਡਾਂ ਦੇ ਗੁਰਦੁਆਰਿਆਂ ਵਿੱਚ ਪੈ ਰਹੇ ਭੜਥੂਆਂ ਦੀ ਗਲ ਕਰਨ ਦੀ ਲੋੜ ਕੀ ਰਹੀ, ਜਦ ਸ੍ਰੀ ਅਕਾਲ ਤਖ਼ਤ ਜੀ ਦੀ ਛੱਤ ਤੇ ਹੀ ਸੁਹਿਰਦ ਗੁਰਸਿੱਖਾਂ ਨਾਲ ਦੁਖਦਾਈ ਧੱਕੇ ਕੀਤੇ ਜਾ ਰਹੇ ਹਨ।

ਮਾਛੀ ਵਾੜੇ ਦਾ ਚੁਬਾਰਾ-ਸਨ 1977 ਵਿੱਚ ਦਾਸਰਾ ਲੁਧਿਆਣੇ ਜ਼ਿਲੇ ਦੇ 'ਸਾਹਨੇਵਾਲ' ਠਾਣੇ ਦਾ ਮੁਖੀ ਨਿਯੁੱਕਤ ਸੀ। ਕਿਸੇ ਪ੍ਰੇਮੀ ਤੋਂ ਇਹ ਸੁਣ ਲਿਆ ਕਿ 'ਮਾਛੀਵਾੜੇ' ਪਿੰਡ ਦਾ ਉਹ ਚੁਬਾਰਾ ਅਜੇ ਜਿਉਂ ਦਾ ਤਿਉਂ ਕਾਇਮ ਹੈ ਜਿੱਥੇ ਚਮਕੌਰ ਦੇ ਕਰੜੇ ਵੈਰੀ-ਘੇਰੇ ਵਿਚੋਂ ਬਚ ਨਿਕਲੇ ਦਸ਼ਮੇਸ਼ ਜੀ ਨੂੰ 'ਗ਼ਨੀ ਖਾਂ' 'ਨਬੀ ਖਾਂ' ਦੋ ਨੇਕ ਦਿਲ ਭਰਾਵਾਂ ਨੇ ਲਿਆ ਕੇ ਕੁੱਝ ਦਿਨ ਸਤਿਕਾਰਿਆ ਸੰਭਾਲਿਆ ਤੇ ਫਿਰ ਢੁੱਕਵਾਂ ਸਮਾ ਵੇਖ ਕੇ ਮਨੁੱਖਤਾ ਦੀ ਉਸ ਅਨਮੋਲ ਅਮਾਨਤ ਦਸ਼ਮੇਸ਼ ਜੀ ਨੂੰ ਸੁਰਖਿਅਤ ਅਸਥਾਨ ਤੇ ਪੁਚਾਇਆ ਸੀ। ਦਾਸਰਾ ਪਰਵਾਰ ਸਹਿਤ 'ਮਾਛੀਵਾੜੇ'' ਵਿਖੇ ਉਸ ਪਾਵਨ ਚੁਬਾਰੇ ਦੇ ਦਰਸ਼ਨਾਂ ਲਈ ਜਾ ਪੁੱਜਾ। ਗਾਰੇ ਮਿੱਟੀ ਨਾਲ ਬਣੇ ਘਰ ਦੇ ਬਾਹਰਲੇ ਦਰਵਾਜ਼ੇ ਤੋਂ ਅੰਦਰ ਵੜਦਿਆਂ ਸੱਜੇ ਹੱਥ ਬਾਹਰੀ ਕੰਧ ਵਾਲੇ ਛੋਟੇ ਜਿਹੇ ਕੋਠੇ ਉਤੇ ਸੀ ਉਹ ਕਰਮਾਂਵਾਲਾ ਚੁਬਾਰਾ। ਉਪਰ ਪੁੱਜਣ ਲਈ ਮਿੱਟੀ ਗਾਰੇ ਦੇ ਬਣੇ 4 ਬੇਥੱਵੇ ਜਹੇ ਪਉੜ ਚੜ੍ਹਨੇ ਪੈਂਦੇ ਸਨ। ਮਸਾਂ ਅੱਠ ਫ਼ੁੱਟਾ (8×8×7) ਸੀ ਉਹ ਚੁਬਾਰਾ। ਸਹਲ ਹੀ ਪੁੱਜ ਰਹੇ ਹੱਥ ਦੀ ਉਂਚਾਈ ਵਾਲੀ ਛੱਤ ਹੇਠ ਛੋਟੀ ਜਿਹੀ ਮਸਾਂ ਇਕੋ ਮੰਜੀ ਵਿਛਾਈ ਜਾ ਸਕਦੀ ਸੀ। ਦਸ਼ਮੇਸ ਜੀ ਦੀਆਂ ਦੈਵੀ ਛੋਹਾਂ ਪ੍ਰਾਪਤ ਕਰ ਚੁੱਕਾ ਸ਼ਾਹੀ ਮਹਲਾਂ ਨਾਲੋਂ ਕਿਤੇ ਵੱਧ ਉਚਾ ਸੁੱਚਾ ਲੱਗ ਰਿਹਾ ਸੀ ਮਿਟੀ ਗਾਰੇ ਦਾ ਬਣਿਆ ਨਿੱਕਾ ਜਿਹਾ ਉਹ `ਚੁਬਾਰਾ’। ਅੰਦਰ ਬਾਹਰ ਸਭ ਪਾਸੇ ਗਹੁ ਨਾ ਵੇਖਦਾ ਰਹਿ ਕੇ ‘ਸਜੱਲ’ ਨੇਤ੍ਰਾਂ ਨਾਲ ਧਨ ਦਸ਼ਮੇਸ਼ ਨੂੰ ਢੇਰ ਚਿਰ ਪ੍ਰੇਮ ਭਿੱਜੇ ਮਨ ਦਿਆਂ ਅਦ੍ਰਿਸ਼ਟ ਨੇਤਰਾਂ ਨਾਲ, ਗੁਰਮਤਿ ਤੋਂ ਅਗਿਆਨੀ ਮੁਸੱਵਰਾਂ ਦੀ ਦੇਣ, ਨੀਲੇ ਘੋੜੇ ਦੇ ਬੈਠੇ ਖੱਬੇ ਹੱਥ ਦੀ ਉਂਗਲੀ ਤੇ ਖੰਭ ਖਿਲਾਰੀ ਉਡਣ ਨੂੰ ਤਿਆਰ ਬੈਠਾ ਸੁੰਦਰ ਬਾਜ਼ ਨਿਹਾਰਦਾ ਰਿਹਾ? ਵਡਿਆਂ ਭਾਗਾਂ ਵਾਲਾ ਸੀ ਉਹ ਅਸਥਾਨ ਜਿੱਥੇ ਮੇਰੇ ਪਾਤਸ਼ਾਹ ਜੀ ਨੇ ਸਖ਼ਤ ਮੁਸੀਬਤ ਦੇ 2/4 ਦਿਨ ਸੁਹਿਰਦ ਮੁਸਲਮਾਨ ਭਰਾਵਾਂ ਕੋਲ ਭਰੋਸਿਆਂ ਭਰੇ ਸਤਿਕਾਰ ਦੇ ਨਿੱਘ ਵਿੱਚ ਗੁਜ਼ਾਰੇ ਸਨ।

ਗਾਰੇ ਮਿੱਟੀ ਦਾ ਬਣਿਆਂ ਉਹ ਕੱਚਾ ਚੁਬਾਰਾ, ਦਰਵੇਸ਼ ਸ਼ਹਿਨਸ਼ਾਹ ਨੂੰ ਭਰੋਸਿਆਂ ਭਰੀ ਪਨਾਹ ਵਿੱਚ ਰੱਖਣ ਦੀ ਵਡਮੁੱਲੀ ਸੇਵਾ ਨਿਭਾਉਂ ਵਾਲਾ ਸੁਲੱਖਣਾ ਕੋਠਾ, ਗੁਰਮਤਿ ਦੇ ਇਸ ਸਿਧਾਂਤ ਦਾ ਪ੍ਰਤੀਕ ਉਹ ਗੁਰੂ ਅਸਥਾਨ:-

"ਨੀਚਾ ਅੰਦਰਿ ਨੀਚ ਜਾਤਿ ਨੀਚੀ ਹੂ ਅਤਿ ਨੀਚੁ॥ ਨਾਨਕੁ ਤਿਨ ਕੈ ਸੰਗਿ

ਸਾਥਿ ਵਡਿਆ ਸਿਉ ਕਿਆ ਰੀਸ॥ ਜਿਥੈ ਨੀਚ ਸਮਾਲੀਅਨਿ

ਤਿਥੈ ਨਦਰਿ ਤੇਰੀ ਬਖਸੀਸ॥ {ਪੰਨਾ-15}
.