.

ਕਉਣ ਮਾਸ ਕਉਣ ਸਾਗ ਕਹਾਵੈ?

(ਕਿਸ਼ਤ ਨੰ: 18)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਤੀਰਥ ਦੇਖਿ ਨ ਜਲ ਮਹਿ ਪੈਸਉ- ਹੁਣ ਇਸਤੋਂ ਬਾਦ ਜਿੱਥੇ ਵਿਰੋਧੀ ਸੱਜਣਾ ਨੇ ਮਾਸ ਵਿਰੁਧ ਟੱਪਲਾ ਲਿਆ ਉਹ ਸ਼ਬਦ ਹੈ ਨਾਮਦੇਵ ਜੀ ਦਾ। ਹਾਲਾਂਕਿ ਸ਼ਬਦ ਦੇ ਅਰਥ ਸਮਝਾਂਗੇ ਤਾਂ ਇਹ ਭੁਲੇਖਾ ਵੀ ਨਹੀਂ ਰਵੇਗਾ ਕਿਉਂਕਿ ਉਥੇ ਵੀ ਇਹੋ ਜਿਹਾ ਕੋਈ ਵਿਸ਼ਾ ਨਹੀਂ। ਵਿਸ਼ੇ ਤੇ ਅਗੇ ਚਲਣ ਤੋਂ ਪਹਿਲਾਂ ਪੂਰੇ ਸ਼ਬਦ ਦੇ ਦਰਸ਼ਨ ਕਰਾਂਗੇ। ਨਾਮਦੇਵ ਜੀ ਦਾ ਇਹ ਪੂਰਾ ਸ਼ਬਦ ਇਸ ਤਰ੍ਹਾਂ ਹੈ:

“ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਨ ਗਾਵਉਗੋ॥

ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ॥  ੧ ॥

ਬੈਰਾਗੀ ਰਾਮਹਿ ਗਾਵਉਗੋ॥

ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ॥  ੧ ॥ ਰਹਾਉ॥

ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ॥

ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ॥  ੨ ॥

ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ॥

ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨ੍ਹ੍ਹਾਉਗੋ॥  ੩ ॥

ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ॥

ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ॥  ੪ ॥” (ਪੰ: ੯੭੨)

ਆਓ! ਇਸ ਸ਼ਬਦ ਦੇ ਅਰਥ-ਭਾਵ ਨੂੰ ਵੀ ਘੋਖੀਏ- ਸ਼ਬਦ ਦਾ ਭਾਵ ਹੈ ਜਿਸ ਮਨੁੱਖ ਦਾ ਮਨ ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਸਦਾ ਪ੍ਰਮਾਤਮਾ ਵਿੱਚ ਟਿਕਿਆ ਰਹੇ, ਉਸ ਨੂੰ ਸ਼ਾਸਤ੍ਰਾਂ ਦੇ ਕਰਮ-ਕਾਂਡ, ਜੋਗੀਆਂ ਦੇ ਪ੍ਰਾਣਾਯਾਮ, ਤੀਰਥਾਂ ਦੇ ਇਸ਼ਨਾਨ ਤੇ ਲੋਕਾਂ ਵਲੋਂ ਸੋਭਾ ਦੀ ਪ੍ਰਵਾਹ ਨਹੀਂ ਰਹਿੰਦੀ।

ਇਥੇ ਵੀ ਜੇਕਰ ਸਾਡੇ ਮਾਸ ਵਿਰੋਧੀ ਸੱਜਣ “ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ॥ ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨ੍ਹ੍ਹਾਉਗੋ” ਕੇਵਲ ਲਫ਼ਜ਼ “ਜੀਅ ਜੰਤ ਨ ਸਤਾਵਉਗੋ’ ਤੋਂ ਅਕਾਰਣ ਹੀ ਅਰਥ ਮਾਸ ਛੱਕਣ ਵਿਰੁਧ ਕੱਢਦੇ ਜਾਣ ਤਾਂ ਉਨ੍ਹਾਂ ਦੀ ਇਛਾ ਪਰ ਇਥੇ ਤਾਂ ਤੀਰਥ ਇਸ਼ਨਾਨਾਂ ਦੇ ਕਰਮਕਾਂਡ ਨੂੰ ਉਸੇਤਰ੍ਹਾਂ ਕਟਿਆ ਹੈ ਜਿਵੇਂ ਬਾਣੀ `ਚ ਹੋਰ ਵੀ ਸੈਂਕੜੇ ਵਾਰੀ। “ਘਟ ਹੀ ਭੀਤਰਿ ਨ੍ਹ੍ਹਾਉਗੋ” ਦੇ ਲਫ਼ਜ਼ਾਂ ਨਾਲ “ਆਤਮ ਤੀਰਥਦੀ ਗਲ ਸਮਝਾਈ ਹੈ ਅਤੇ ਜਿਵੇਂ ਬਾਣੀ `ਚ ਇਹ ਪ੍ਰੌੜਤਾ ਬਹੁਤ ਵਾਰ ਆਈ ਹੈ। ਜੇਕਰ ਗੁਰੂ ਭਯ ਅਤੇ ਬਾਣੀ ਸਤਿਕਾਰ `ਚ ਰਹਿੰਦੇ ਹੋਏ ਸ਼ਬਦ ਦੇ ਅਰਥਾਂ ਨੂੰ ਸਮਝੀਏ ਤਾਂ ਇਥੇ ਵੀ ਮਾਸ, ਮਾਸ ਛੱਕਣ ਜਾਂ ਮਾਸ ਨਾਹ ਛੱਕਣ ਵਾਲੇ ਵਿਸ਼ੇ ਦਾ ਦੂਰ ਦਾ ਵੀ ਵਾਸਤਾ ਨਹੀਂ।

ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ- ਤਾਂਤੇ ਇਥੇ ਵੀ ਸੰਬੰਧਤ ਪੂਰੇ ਸ਼ਬਦ ਦੇ ਦਰਸ਼ਨ ਕਰਾਂਗੇ। ਜੇਕਰ ਸਾਡੇ ਮਾਸ ਵਿਰੋਧੀ ਸੱਜਣਾ ਨੇ ਅਪਣੀ ਹੀ ਸੋਚਣੀ ਅਨੁਸਾਰ ਮਾਸ ਨੂੰ ‘ਵਿਸ਼ਟਾ’, ‘ਮਲ ਭਖ’ ਜਾਂ ‘ਅਭਖ’ ਆਦਿ ਮੰਨ ਲਿਆ ਹੈ ਤਾਂ ਇਹ ਦੋਸ਼ ਉਨ੍ਹਾਂ ਦੀ ਅਪਣੀ ਸੋਚਣੀ ਦਾ ਹੈ, ਗੁਰਬਾਣੀ ਜਾਂ ਗੁਰਬਾਣੀ ਅਰਥਾਂ ਦਾ ਨਹੀਂ। ਸੰਪੂਰਣ ਗੁਰਬਾਣੀ ਰਚਨਾ `ਚ ੴ ਤੋ ਲੈਕੇ ‘ਤਨੁ ਮਨੁ ਥੀਵੈ ਹਰਿਆ’ ਤੀਕ ਮਾਸ ਲਈ ਜਾਂ ਮਾਸ ਦੇ ਭੋਜਨ ਲਈ ਕਿੱਧਰੇ ਵੀ ਅਜੇਹੀ ਸ਼ਬਦਾਵਲੀ ਨਹੀਂ ਆਈ। ਇਸ ਤੋਂ ਵੱਡੀ ਗਲ ਇਹ ਕਿ ਮਾਸ ਵਿਰੋਧੀ ਸੱਜਣਾ ਨੇ ਜਿਸ ਸ਼ਬਦ ਦੀਆਂ ਇਹ ਪੰਕਤੀਆਂ:

ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ॥

ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ”

ਇਨ੍ਹਾਂ ਦੋ ਪੰਕਤੀਆਂ ਨੂੰ ਅਕਾਰਣ ਹੀ ਮਾਸ ਦੇ ਭੋਜਨ ਨਾਲ ਜੋੜਕੇ ਮਾਸ ਦਾ ਵਿਰੋਧ ਕੀਤਾ ਹੈ। ਚੌਥੇ ਪਾਤਸ਼ਾਹ ਦੇ ਇਸ ਸਾਰੇ ਸ਼ਬਦ ਵਿੱਚ ਭੋਜਨ ਦਾ ਵਿਸ਼ਾ ਨਾਮ-ਮਾਤਰ ਵੀ ਨਹੀਂ। ਇਥੇ ਤਾਂ ਵਿਸ਼ਾ ਹੀ ਸਾਧਸੰਗਤ ਤੇ ਕੁਸੰਗਤ ਦਾ ਹੈ। ਸਾਧ ਸੰਗਤ ਕਰਣ ਵਾਲੇ ਦੇ ਉਚੇ-ਆਚਰਣਕ ਅਤੇ ਸਦਾਚਾਰਕ ਜੀਵਨ ਲਈ ਦੂਜਿਆਂ ਨੂੰ ਪ੍ਰੇਰਣਾ ਕੀਤੀ ਹੈ। ਇਸਦੇ ਵਿਰੁਖ ਕੁਸੰਗੀ, ਦੁਰਮਤੀ ਦੇ ਜੀਵਨ ਦੀ ਮਿਸਾਲ ਕੌਵੇ ਦੀ ਰਹਿਣੀ ਨਾਲ ਸਮਝਾਈ ਹੈ। ਸੰਬੰਧਤ ਸਾਰੇ ਸ਼ਬਦ `ਚ ਮਾਸ ਦੇ ਭੋਜਨ ਦਾ ਵਿਰੋਧ ਤਾਂ ਦੂਰ ਜ਼ਿਕਰ ਤੀਕ ਵੀ ਨਹੀ। ਤਾਂਤੇ ਆਓ! ਪੂਰੇ ਸ਼ਬਦ ਦੇ ਦਰਸ਼ਨ ਕਰ ਲਵੀਏ ਤਾਕਿ ਮਨ ਚ ਭੁਲੇਖਾ ਵੀ ਨਾ ਰਹਿ ਜਾਵੇ। ਰਾਗ ਗੂਜਰੀ ਮਹਲਾ ੪ ਦਾ ਪੂਰਾ ਸ਼ਬਦ ਇਸਤਰ੍ਹਾਂ ਹੈ:

“ਗੋਵਿੰਦੁ ਗੋਵਿੰਦੁ ਪ੍ਰੀਤਮੁ ਮਨਿ ਪ੍ਰੀਤਮੁ ਮਿਲਿ ਸਤਸੰਗਤਿ ਸਬਦਿ ਮਨੁ ਮੋਹੈ॥ ਜਪਿ ਗੋਵਿੰਦੁ ਗੋਵਿੰਦੁ ਧਿਆਈਐ ਸਭ ਕਉ ਦਾਨੁ ਦੇਇ ਪ੍ਰਭੁ ਓਹੈ॥  ੧ ॥ ਮੇਰੇ ਭਾਈ ਜਨਾ ਮੋ ਕਉ ਗੋਵਿੰਦੁ ਗੋਵਿੰਦੁ ਗੋਵਿੰਦੁ ਮਨੁ ਮੋਹੈ॥ ਗੋਵਿੰਦ ਗੋਵਿੰਦ ਗੋਵਿੰਦ ਗੁਣ ਗਾਵਾ ਮਿਲਿ ਗੁਰ ਸਾਧ ਸੰਗਤਿ ਜਨੁ ਸੋਹੈ॥  ੧ ॥ ਰਹਾਉ॥ ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ॥ ਜਨ ਕਉ ਰਾਮ ਨਾਮੁ ਆਧਾਰਾ ਹਰਿ ਨਾਮੁ ਜਪਤ ਹਰਿ ਨਾਮੇ ਸੋਹੈ॥  ੨ ॥ ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ॥ ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ॥  ੩ ॥ ਅੰਮ੍ਰਿਤ ਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ॥ ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨ੍ਹ੍ਹ ਗੁਰਮਤਿ ਨਾਮੁ ਰਿਦੈ ਮਲੁ ਧੋਹੈ॥  ੪ ॥” (ਪੰ: ੪੯੨)

ਦੇਖਣ ਦੀ ਗਲ ਹੈ ਕਿ ਇਥੇ ਤਾਂ ਗੁਰਦੇਵ ਕੇਵਲ ਕਉਏ ਦੀ ਮਿਸਾਲ ਦੇ ਕੇ ਸਮਝਾ ਰਹੇ ਹਨ, ਜਿਵੇਂ ਕਉਆ ਮੁੜ-ਤੁੱੜ ਕੇ ਗੰਦਗੀ ਉਪਰ ਜਾਕੇ ਬੈਠਦਾ ਹੈ ਉਸੇ ਤਰ੍ਹਾਂ ਕੁਸੰਗੀ ਨੂੰ ਚੰਗੀ ਸੰਗਤਿ ਨਹੀਂ ਭਾਉਂਦੀ। ਪਹਿਲੀ ਗਲ ਇਸ ਸ਼ਬਦ `ਚ ਮਾਸ ਜਾਂ ਮਾਸ ਦੇ ਭੋਜਨ ਦਾ ਜ਼ਿਕਰ ਤੀਕ ਹੀ ਨਹੀਂ। ਦੂਜਾ- ਜੇਕਰ ਮਾਸ ਵਿਰੋਧੀ ਸਜਣਾ ਦੀ ਅਪਣੀ ਅੰਤਰਾਤਮਾ `ਚ ਹੀ ਗੁਰਬਾਣੀ ਸੇਧ ਅਤੇ ਜੀਵਨ ਜਾਚ ਵਿਰੁੱਧ ਮਾਸ ਲਈ ਅਜੇਹੀ ਸੋਚਣੀ ਬਣੀ ਪਈ ਹੈ ਤਾਂ ਦੋਸ਼ ਕਿਸਦਾ?

ਕਬੀਰ ਸਾਹਿਬ ਅਤੇ ਹਲਾਲ ਮਾਸ- ਹੁਣ ਕਬੀਰ ਸਾਹਿਬ ਦੀ ਬਾਣੀ ਵਿਚੋਂ ਕੁੱਝ ਅਜੇਹੇ ਸ਼ਬਦ ਲਵਾਂਗੇ ਜਿਨ੍ਹਾਂ ਨੂੰ ਮਾਸ ਵਿਰੋਧੀ ਸੱਜਣਾਂ ਨੇ ਮਾਸ ਵਿਰੋਧੀ ਹੋਣ ਦਾ ਟੱਪਲਾ ਹੀ ਨਹੀਂ ਖਾਧਾ ਬਲਕਿ ਦਾਅਵਾ ਵੀ ਕੀਤਾ ਹੈ। ਖੂਬੀ ਇਹ ਕਿ ਇਥੇ ਵੀ ਵੇਰਵੇ `ਚ ਜਾਣ ਤੋਂ ਬਾਦ ਉਨ੍ਹਾਂ ਸਾਰੇ ਸ਼ਬਦਾਂ ਵਿਚੋਂ, ਇੱਕ ਵੀ ਸ਼ਬਦ ਮਾਸ ਭੋਜਨ ਦੇ ਵਿਰੁਧ ਸਾਬਤ ਨਹੀਂ ਹੋਇਆ। ਦੇਖਿਆ ਜਾਵੇ ਤਾਂ ਕਬੀਰ ਸਾਹਿਬ ਦੀਆਂ ਕੁੱਝ ਰਚਨਾਵਾਂ ਹਨ ਜਿਨ੍ਹਾਂ ਚ ਕਬੀਰ ਸਾਹਿਬ ਨੇ ਮਾਸ ਦਾ ਨਹੀਂ ਬਲਕਿ ਮੁਸਲਮਾਨੀ ਹਲਾਲ ਵਾਲੇ ਤਰੀਕੇ ਦਾ ਭਰਵਾਂ ਵਿਰੋਧ ਕੀਤਾ ਹੈ। ਮਾਸ ਵਿਰੋਧੀਆਂ ਨੇ ਕਬੀਰ ਸਾਹਿਬ ਦੀ ਬਾਣੀ ਵਿਚੋਂ ਹਲਾਲ ਮਾਸ ਨਾਲ ਸੰਬੰਧਤ ਉਚੇਚੇ ਉਨ੍ਹਾਂ ਰਚਨਾਵਾਂ ਨੂੰ ਹੀ ਵਰਤਿਆ ਹੈ ਪਰ ਉਥੇ ਵੀ ਪ੍ਰਕਰਣ ਨੂੰ ਘੋਖੇ ਬਿਨਾ, ਗ਼ਲਤ ਅਰਥਾਂ ਵਿਚ। ਤਾਂਤੇ ਜ਼ੁਰੂਰੀ ਹੋ ਜਾਂਦਾ ਹੈ ਕਿ ਸੰਬੰਧਤ ਰਚਨਾਵਾਂ ਨੂੰ ਵਿਚਾਰਿਆ ਜਾਵੇ। ਇਸ ਵਿਸ਼ੇ ਤੇ ਸਭ ਤੋਂ ਪਹਿਲਾਂ ਸ਼ਬਦ ਲੈਂਦੇ ਹਾਂ:

“ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ॥

ਜਉ ਸਭ ਮਹਿ ਏਕੁ ਖੁਦਾਇ ਕਹਤ ਹਉ ਤਉ ਕਿਉ ਮੁਰਗੀ ਮਾਰੈ॥   

ਮੁਲਾਂ ਕਹਹੁ ਨਿਆਉ ਖੁਦਾਈ॥ ਤੇਰੇ ਮਨ ਕਾ ਭਰਮੁ ਨ ਜਾਈ॥ ੧॥ ਰਹਾਉ॥

ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ॥

ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ॥   

ਕਿਆ ਉਜੂ ਪਾਕੁ ਕੀਆ ਮੁਹੁ ਧੋਇਆ ਕਿਆ ਮਸੀਤਿ ਸਿਰੁ ਲਾਇਆ॥

ਜਉ ਦਿਲ ਮਹਿ ਕਪਟੁ ਨਿਵਾਜ ਗੁਜਾਰਹੁ ਕਿਆ ਹਜ ਕਾਬੈ ਜਾਇਆ॥   

ਤੂੰ ਨਾਪਾਕੁ ਪਾਕੁ ਨਹੀ ਸੂਝਿਆ ਤਿਸ ਕਾ ਮਰਮੁ ਨ ਜਾਨਿਆ॥

ਕਹਿ ਕਬੀਰ ਭਿਸਤਿ ਤੇ ਚੂਕਾ ਦੋਜਕ ਸਿਉ ਮਨੁ ਮਾਨਿਆ॥   ॥” (ਪੰ: ੧੩੫੦)

ਸ਼ਬਦ ਦੇ ਭਾਵ ਅਰਥ- ਜਿਵੇਂ ਇਸ ਸ਼ਬਦ ਬਾਰੇ ਮਾਸ ਵਿਰੋਧੀ ਸੱਜਣਾ ਨੇ ਅਰਥ ਲਏ ਹਨ ਦਰਅਸਲ ਇਸ ਸ਼ਬਦ `ਚ ਕਬੀਰ ਸਾਹਿਬ ਮਾਸ ਛੱਕਣ ਦਾ ਉਕਾ ਵਿਰੋਧ ਨਹੀਂ ਕਰ ਰਹੇ। ਧਿਆਨ ਨਾਲ ਦੇਖੋ! ਇਥੇ ਤਾਂ ਖੇਡ ਹੀ ਹੋਰ ਹੈ। ਇਥੇ ਕਬੀਰ ਸਾਹਿਬ ਵਿਰੋਧ ਕਰ ਰਹੇ ਹਨ ਤਾਂ ਹਲਾਲ ਵਾਲੇ ਮੁਸਲਮਾਨੀ ਢੰਗ ਦਾ, ਕਿਉਂਕਿ ਉਥੇ ਜਾਨਵਰ ਨੂੰ ਹਲਾਲ ਦੇ ਨਾਮ ਤੇ ਤੱੜਫ਼ਾ ਕੇ ਮਾਰਿਆ ਜਾਂਦਾ ਹੈ।

ਮੁਸਲਮਾਨ, ਕਿਸੇ ਪਸ਼ੂ ਦਾ ਮਾਸ ਖਾਣ ਵਾਸਤੇ ਜਦੋਂ ਉਸਨੂੰ ਜ਼ਬਹ (ਮਾਰਦੇ) ਕਰਦੇ ਹਨ ਤਾਂ ਮੂੰਹੋਂ ਆਖਦੇ ਹਨ ‘ਬਿਸਮਿੱਲਾਹ’ (ਬਇਸਮਿ-ਅੱਲਾਹ) ਜਿਸਦੇ ਅਰਥ ਹਨ ‘ਅੱਲਾਹ ਦੇ ਨਾਮ ਤੇ’। ਇਹ ਆਖ ਕੇ ਮੁਸਲਮਾਨ ਪਸ਼ੂ ਦੀ ਸ਼ਾਹ-ਰਗ ਕੱਟ ਕੇ ਉਸਨੂੰ ਤੜਫ਼ਦਾ ਸੁਟ ਦੇਂਦੇ ਹਨ ਜਦੋਂ ਤੀਕ ਕਿ ਉਸਦਾ ਲਹੂ ਵੱਗਦਾ ਰਹਿੰਦਾ ਹੈ ਅਤੇ ਮਰ ਨਹੀਂ ਜਾਂਦਾ। ਇਸਤਰ੍ਹਾਂ ਪਸ਼ੂ ਦੇ ਮਰਨ ਬਾਦ ਉਹ ਸਮਝ ਲੈਂਦੇ ਹਨ ਕਿ ਅਸਾਂ ਉਸ ਪਸ਼ੂ ਨੂੰ ਮਾਰਿਆ ਨਹੀਂ। ਇਹ ਤਾਂ ਅਪਣੇ ਆਪ ਹੀ ਖੁਦਾ ਦੇ ਨਾਂ ਤੇ ਕੁਰਬਾਨ ਹੋਇਆ ਹੈ ਜਾਂ ਇਸਨੇ ਰੱਬ ਅੱਗੇ ਅਪਣੀ ਭੇਟਾ ਦੇ ਕੇ ਖੁਦਾ ਨੂੰ ਖੁਸ਼ ਕੀਤਾ ਹੈ।

ਕਬੀਰ ਸਾਹਿਬ ਸੁਆਲ ਕਰਦੇ ਹਨ ਐ ਭਾਈ! ਜੋ ਅੱਲ੍ਹਾ ਸਾਰੀ ਖ਼ਲਕਤ `ਤੇ ਸਾਰੇ ਜੀਵਾਂ `ਚ ਵੱਸਦਾ ਹੈ ਤਾਂ ਉਸੇ ਦੇ ਜੀਵਾਂ ਨੂੰ ਜ਼ਬਹ ਕਰਕੇ ਉਸੇ ਖੁਦਾ ਅੱਗੇ ਤੜਫ਼ਦਾ ਸੁੱਟ ਕੇ, ਖ਼ੁਦਾ ਖ਼ੁਸ਼ ਕਿਵੇਂ ਹੋ ਸਕਦਾ ਹੈ? ਹਾਂ, ਖ਼ੁਦਾ ਖ਼ੁਸ਼ ਹੁੰਦਾ ਹੈ ਉਸ ਮਨੁੱਖ ਉਤੇ, ਜਿਹੜਾ ਆਪਣਾ ਆਪਾ ਭੇਟ ਕਰਦਾ ਹੈ ਭਾਵ ਜਿਹੜਾ ਉਸਦੀ ਰਜ਼ਾ `ਚ ਚਲਦਾ ਹੈ ਅਤੇ ਆਪਣੇ ਆਪ ਨੂੰ ਵਿਕਾਰਾਂ ਦਾ ਸ਼ਿਕਾਰ ਨਹੀਂ ਹੋਣ ਦੇਂਦਾ।

ਜਿਸ ਮਨੁੱਖ ਨੇ ਅਪਣਾ ਆਪ ਤਾਂ ਵਿਕਾਰਾਂ ਤੋਂ ਪਾਕ ਨਹੀਂ ਕੀਤਾ। ਜੋ ਆਪ ਨਾਪਾਕ ਹੈ ਤਾਂ ਉਸਨੂੰ ਇਹ ਆਸ ਨਹੀਂ ਰੱਖਣੀ ਚਾਹੀਦੀ ਕਿ ਮੁਰਗ਼ੀ ਬੱਕਰੇ ਜਾਂ ਗਾਂ ਆਦਿਕ ਦੇ ਮਾਸ ਦੀ ਕੁਰਬਾਨੀ ਦੇਕੇ ਉਹ ਪਾਕ-ਪਵਿੱਤਰ ਹੋ ਗਿਆ ਹੈ। ਕਬੀਰ ਸਾਹਿਬ ਕਹਿ ਰਹੇ ਹਨ ਕਿ ਐ ਭਾਈ!

“ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ॥

ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ”

ਭਾਵ ਤੂੰ ਤਾ ਜੀਵ ਨੂੰ ਪਕੜ ਲਿਆਂਦਾ ਤੇ ਉਸਨੂੰ ਜ਼ਿਬਹ ਕਰ ਦਿਤਾ। ਨਤੀਜਾ ਹੋਇਆ ਜੋਤ ਤਾਂ ਉਸ ਖੁਦਾ ਦਾ ਨੂਰ ਸੀ ਅਤੇ ਉਹ ਤਾਂ ਉਸੇ ਅਲ੍ਹਾ `ਚ ਰਲ ਗਈ। ਜਦਕਿ ਉਸ ਪਸ਼ੂ ਦਾ ਸਰੀਰ ਜਿਸਨੂੰ ਤੂੰ ਬਿਸਮਿਲ ਕੀਤਾ ਹੋਇਆ ਕਹਿੰਦਾ ਹੈਂ, ਉਹ ਤਾਂ ਕੇਵਲ ਮਿੱਟੀ ਹੀ ਸੀ ਅਤੇ ਤੂੰ ਉਸ ਮਿੱਟੀ ਨੂੰ ਆਪ ਵਰਤ ਲਿਆ।

ਤਾਂਤੇ ਭਾਈ ਤੂੰ ਇਹ ਦਸ! ਕਿ ਤੂੰ ਹਲਾਲ ਕਿਸਨੂੰ ਕਹਿੰਦਾ ਹੈ? ਭਾਵ ਇਹ ਹਲਾਲ ਨਹੀਂ ਕਿਹਾ ਜਾ ਸਕਦਾ ਬਲਕਿ ਇੱਕ ਤਰੀਕੇ ਤਾਂ ਇਹ ਅਲ੍ਹਾ ਨਾਲ ਠੱਗੀ ਵਾਲੀ ਖੇਡ ਖੇਡਦਾ ਹੈਂ। ਇਸ ਤਰ੍ਹਾਂ ਜੇਕਰ ਕਰਨੀ `ਚ ਹੀ ਠੱਗੀ ਭਰੀ ਪਈ ਹੈ ਤਾਂ ਨਿਮਾਜ਼, ਹੱਜ ਆਦਿ ਉੱਦਮ ਕਾਹਦੇ ਲਈ?

ਸਭ `ਚ ਵੱਸਦਾ ਰੱਬ, ਉਸਦੇ ਅਪਣੇ ਇਨ੍ਹਾਂ ਜੀਵਾਂ ਭਾਵ ਮੁਰਗ਼ੀ, ਬਕਰੇ, ਗਉ ਆਦਿਕ `ਚ ਵੀ ਵਸਦਾ ਹੈ ਤਾਂ ਉਸੇ ਦੇ (ਅਲ੍ਹਾ ਦੇ) ਨਾਂ ਤੇ ‘ਕੁਰਬਾਨੀ’ ਕਹਿਕੇ ਜਾਂ ਇਸ ਬਹਾਨੇ ਉਨ੍ਹਾਂ ਜੀਵਾਂ ਨੂੰ ਤੜਫ਼ਾਉਣ ਨਾਲ ਅਲ੍ਹਾ ਖ਼ੁਸ਼ ਨਹੀਂ ਹੁੰਦਾ। ਸ਼ਬਦ ਦੇ ਅਰਥ ਹਨ:

ਅਰਥ: — (ਹੇ ਹਿੰਦੂ ਤੇ ਮੁਸਲਮਾਨੋ!) ਵੇਦਾਂ ਜਾਂ ਕੁਰਾਨ ਆਦਿਕ (ਇਕ ਦੂਜੇ ਦੀਆਂ ਧਰਮ ਪੁਸਤਕਾਂ ਜਿਨ੍ਹਾਂ ਨੂੰ ਤੁਸਾਂ ਪੜ੍ਹਿਆ ਹੀ ਨਹੀਂ ਕੇਵਲ ਇਕ-ਦੂਜੇ ਨੂੰ ਝੂਠਾ `ਤੇ ਗਲਤ ਕਹਿਣ ਲਈ ਹੀ ਅਜੇਹਾ ਕਰ ਰਹੇ ਹੋ, ਪਰ ਇਹ ਢੰਗ ਠੀਕ ਨਹੀਂ) ਇਨ੍ਹਾਂ ਧਰਮ-ਪੁਸਤਕਾਂ ਨੂੰ ਝੂਠੀਆਂ ਕਹਿਣ ਤੋਂ ਪਹਿਲਾਂ ਝੂਠਾ ਉਹ ਬੰਦਾ ਹੈ ਜੋ ਇਹਨਾਂ ਦੀ ਵਿਚਾਰ ਨਹੀਂ ਕਰਦਾ। (ਭਲਾ, ਹੇ ਮੁੱਲਾਂ!) ਜੇ ਤੂੰ ਇਹ ਆਖਦਾ ਹੈਂ ਕਿ ਖ਼ੁਦਾ ਸਭ ਜੀਵਾਂ ਵਿੱਚ ਮੌਜੂਦ ਹੈ ਤਾਂ ਉਸ ਖ਼ੁਦਾ ਅੱਗੇ ਕੁਰਬਾਨੀ ਦੇਣ ਦੇ ਨਾਂ ਤੇ ਮੁਰਗ਼ੀ ਕਿਉਂ ਮਾਰਦਾ ਹੈ ਭਾਵ ਹਲਾਲ ਦੇ ਬਹਾਨੇ ਉਸਨੂੰ ਤੜਫ਼ਦਾ ਕਿਉਂ ਸੁੱਟ ਦੇਂਦਾ ਹੈ ਹੈਂ? ਕੀ ਉਸ ਮੁਰਗ਼ੀ `ਚ ਉਹ ਖੁਦਾ ਨਹੀਂ ਹੈ? ਮੁਰਗ਼ੀ ਵਿੱਚ ਬੈਠੇ ਖ਼ੁਦਾ ਦੀ ਅੰਸ਼ ਨੂੰ ਮਾਰ ਕੇ ਖ਼ੁਦਾ ਦੇ ਅੱਗੇ ਹੀ ਭੇਟਾ ਕਰਨ ਦਾ ਕੀਹ ਭਾਵ? । ੧। ਹੇ ਮੁੱਲਾਂ! ਤੂੰ (ਹੋਰ ਲੋਕਾਂ ਨੂੰ ਤਾਂ) ਖ਼ੁਦਾ ਦਾ ਨਿਆਂ ਸੁਣਾਉਂਦਾ ਹੈਂ, ਪਰ ਤੇਰੇ ਆਪਣੇ ਮਨ ਦਾ ਭੁਲੇਖਾ ਅਜੇ ਦੂਰ ਹੀ ਨਹੀਂ ਹੋਇਆ। ੧। ਰਹਾਉ।

ਹੇ ਮੁੱਲਾਂ! (ਮੁਰਗ਼ੀ ਆਦਿਕ) ਜੀਵ ਨੂੰ ਫੜ ਕੇ ਤੂੰ ਲੈ ਆਂਦਾ, ਉਸ ਦੇ ਸਰੀਰ ਦਾ ਨਾਸ ਕੀਤਾ, ਉਸਦੇ ਜਿਸਮ ਦੀ ਮਿੱਟੀ ਲਈ ਤੂੰ ਕਹਿੰਦਾ ਹੈ ਖ਼ੁਦਾ ਦੇ ਨਾਮ ਤੇ ਕੁਰਬਾਨ ਕੀਤਾ ਹੈ। ਪਰ ਹੇ ਮੁੱਲਾਂ! ਖ਼ੁਦਾ ਜੋ ਨਿਰਾ ਨੂਰ ਹੀ ਨੂਰ ਹੈ, ਅਵਿਨਾਸ਼ੀ ਹੈ ਉਹ ਜੋਤ ਤਾਂ ਹਰ ਥਾਂ ਮੌਜੂਦ ਹੈ ਭਾਵ (ਮੁਰਗੇ ਆਦਿ ਵਿਚਲੀ) ਜੋਤ ਤਾਂ ਉਸ ਅਲ੍ਹਾ `ਚ ਮਿਲ ਗਈ ਅਤੇ ਉੇਸਦੇ ਸਰੀਰ ਦੀ ਮਿੱਟੀ ਨੂੰ ਤੂੰ ਵਰਤ ਲਿਆ ਤਾਂ ਦੱਸ, ਤੂੰ ਰੱਬ ਦੇ ਨਾਮ ਕੁਰਬਾਨ (ਹਲਾਲ) ਕੀ ਕੀਤਾ?

ਭਾਵ ਇਸ ਹਲਾਲ ਅੱਥਵਾ ਕੁਰਬਾਨੀ ਦੇ ਨਾਂ ਤੇ ਉਸ ਜੀਵ ਨੂੰ ਕਿਉਂ ਤੜਫਾਇਆ ਜਿਸ `ਚ ਉਸੇ ਖੁਦਾ ਦਾ ਹੀ ਨੂਰ ਸੀ ਜਿਸ ਖੁਦਾ ਦਾ ਨੂਰ ਸਾਰੀ ਖਲਕਤ ਤੇ ਜੀਵਾਂ ਵਿੱਚ ਹੈ। ੨। ਹੇ ਮੁੱਲਾਂ! ਜੇ ਤੂੰ ਆਪਣੇ ਦਿਲ ਵਿੱਚ ਕਪਟ ਰੱਖ ਕੇ ਨਿਮਾਜ਼ ਪੜ੍ਹਦਾ ਹੈਂ ਭਾਵ ਜਾਨਵਰ ਦੇ ਮਾਸ (ਮਿੱਟੀ) ਨੂੰ ਛੱਕਣਾ ਤਾਂ ਤੂੰ ਆਪ ਹੈ ਪਰ ਨਾਂ ਲੈਦਾ ਹੈ ਅਲ੍ਹਾ ਦੇ ਨਾਂ ਤੇ ਕੁਰਬਾਣੀ ਦੇਣ ਦਾ, ਤਾਂ ਦੱਸ ਇਸ ਨਿਮਾਜ਼ ਦਾ ਕੀਹ ਫ਼ਾਇਦਾ? ਪੈਰ ਹੱਥ ਆਦਿਕ ਸਾਫ਼ ਕਰਨ ਦੀਆਂ ਉਪਰਲੀਆਂ ਰਸਮਾਂ ਦਾ ਕੀਹ ਲਾਭ? ਮੂੰਹ ਧੋਣ ਦਾ ਕੀਹ ਗੁਣ? ਮਸਜਦ ਵਿੱਚ ਜਾ ਕੇ ਸਜਦਾ ਕਰਨ ਦੀ ਕੀਹ ਲੋੜ? ਤੇ, ਕਾਹਬੇ ਦੇ ਹੱਜ ਦਾ ਕੀਹ ਫ਼ਾਇਦਾ? । ੩। ਹੇ ਮੁੱਲਾਂ! ਤੂੰ ਅੰਦਰੋਂ ਤਾਂ ਪਲੀਤ ਹੀ ਰਿਹਾ ਭਾਵ ਤੇਰੀ ਇਸ ਹਲਾਲ ਵਾਲੀ ਕਰਨੀ `ਚ ਤਾਂ ਸਾਰਾ ਕੱਪਟ ਤੇ ਠੱਗੀ ਭਰੀ ਪਈ ਹੈ। ਤੈਨੂੰ ਉਸ ਪਾਕ ਪਵਿੱਤਰ ਪ੍ਰਭੂ ਦੀ ਸਮਝ ਹੀ ਨਹੀਂ, ਤੂੰ ਉਸ ਦਾ ਭੇਤ ਨਹੀਂ ਪਾਇਆ। ਕਬੀਰ ਸਾਹਿਬ ਫ਼ੁਰਮਾਂਦੇ ਹਨ ਕਿ ਇਸ ਭੁਲੇਖੇ ਵਿੱਚ ਫਸੇ ਰਹਿ ਕੇ ਤੂੰ ਬਹਿਸ਼ਤ ਤੋਂ ਖੁੰਝ ਗਿਆ ਹੈਂ, ਤੇ ਦੋਜ਼ਕ ਨਾਲ ਤੇਰਾ ਮਨ ਪਤੀਜ ਗਿਆ ਹੈ, ਭਾਵ ਅਲ੍ਹਾ ਦੀ ਦਰਗਾਹ ਤੇ ਅਜੇਹੀ ਕੱਪਟ ਵਾਲੀ ਕਰਨੀ ਪ੍ਰਵਾਣ ਨਹੀਂ। ੪।

ਇਸਤਰ੍ਹਾਂ ਸਾਫ਼ ਹੋ ਗਿਆ ਕਿ ਸਾਰੇ ਸ਼ਬਦ ਵਿੱਚ ਮੀਟ ਦੇ ਭੋਜਨ ਦਾ ਵਿਰੋਧ ਨਹੀਂ, ਵਿਰੋਧ ਹੈ ਤਾਂ ਹਲਾਲ ਦੇ ਨਾਮ ਤੇ ਜੀਵ ਨੂੰ ਤੱੜਫਾ ਕੇ ਮਾਰਨ ਦਾ। ਜਦੋਂ ਧਿਆਨ ਕੀਤਾ ਜਾਵੇ ਤਾਂ ਇਹ ਗਲ ਇਸ ਪਖੋਂ ਵੀ ਸਾਫ਼ ਹੋ ਜਾਂਦੀ ਹੈ ਕਿ ਕਬੀਰ ਸਾਹਿਬ ਅਰੰਭ `ਚ ਸੰਬੋਧਨ ਤਾਂ ਹਿੰਦੂਆਂ-ਮੁਸਲਮਾਨਾਂ ਦੋਨਾਂ ਨੂੰ ਕਰ ਰਹੇ ਹਨ ਪਰ ਜਦੋਂ ਜਾਨਵਰ ਦੇ ਕੱਟਣ ਦੀ ਗਲ ਆਈ ਤਾਂ ਇਹ ਵਿਸ਼ਾ ਇਕੱਲੇ ਮੁਸਲਮਾਨਾ ਨਾਲ ਹੀ ਕਿਉਂ ਲਿਆ? ਮਾਸ ਇਕਲੇ ਮੁਸਲਮਾਨ ਨਹੀਂ, ਉਹ ਤਾਂ ਹਿੰਦੂ ਵੀ ਖਾਂਦੇ ਹਨ। ਥੋੜਾ ਗਹਿਰਾਈ ਵਿੱਚ ਜਾਵੋ ਤਾਂ ਨਾ ਇਹ ਮੱਸਲਾ ਰਵੇਗਾ ਅਤੇ ਨਾ ਭੁਲੇਖਾ। ਇਥੇ ਵਿਰੋਧ ਹੈ ਤਾਂ ਕੇਵਲ ਹਲਾਲ ਭਾਵ ਜਾਨਵਰ ਨੂੰ ਮਾਰਨ ਦੇ ਢੰਗ ਦਾ। ਇਥੇ ਮਾਸ ਜਾਂ ਮਾਸ ਦੇ ਛੱਕਣ ਦਾ ਵਿਰੋਧ ਨਹੀਂ, ਜਿਵੇਂ ਕਿ ਸਾਡੇ ਮਾਸ ਵਿਰੋਧੀ ਸੱਜਣਾ ਨੇ ਟੱਪਲਾ ਲਿਆ ਹੈ।

“ਜੀਅ ਜੁ ਮਾਰਹਿ ਜੋਰੁ ਕਰਿ …. ਹੋਇਗਾ ਕਉਨੁ ਹਵਾਲੁ” - ਇਥੇ ਕਬੀਰ ਸਾਹਿਬ ਦੇ ਸਲੋਕ ਨੰ: ੧੯੭ ਤੋਂ ੨੦੧ ਤੀਕ ਚਾਰੇ ਹੀ ਸਲੋਕਾਂ ਨੂੰ ਇੱਕ ਲੜੀ ਚ ਦੇਖੋਉਪਰੰਤ ਇਨ੍ਹਾਂ ਸਲੋਕਾਂ ਨੂੰ ਉਪਰ ਆ ਚੁਕੇ ਸ਼ਬਦ “ਬੇਦ ਕਤੇਬ ਕਹਹੁ ਮਤ ਝੂਠੇ ਝੂਠਾ ਜੋ ਨ ਬਿਚਾਰੈ” (ਪੰ: ੧੩੫੦) ਦੇ ਅਰਥਾਂ ਤੇ ਵੇਰਵੇ ਨੂੰ ਮਿਲਾ ਕੇ ਘੋਖੋ; ਦੋਵੇਂ ਪਾਸੇ ਵਿਸ਼ਾ ਇਕੋ ਹੀ ਹੈ ਇਸਲਈ ਇਥੇ ਦੋਹਰਾਉਣ ਦੀ ਲੋੜ ਨਹੀ। ਖਾਸ ਤੌਰ ਤੇ ਦੋਵੇਂ ਪਾਸਿਓ, ਉਪਰਲੇ ਸ਼ਬਦ ਵਿਚੋਂ ਬੰਦ

“ਪਕਰਿ ਜੀਉ ਆਨਿਆ ਦੇਹ ਬਿਨਾਸੀ ਮਾਟੀ ਕਉ ਬਿਸਮਿਲਿ ਕੀਆ॥ ਜੋਤਿ ਸਰੂਪ ਅਨਾਹਤ ਲਾਗੀ ਕਹੁ ਹਲਾਲੁ ਕਿਆ ਕੀਆ” ਅਤੇ

ਇਨ੍ਹਾਂ ਚਾਰ ਸਲੋਕਾਂ ਵਿਚਲੀਆਂ ਪੰਕਤੀਆਂ

“ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ” ਜਾਂ

“ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲ”

ਵਿਸ਼ੇ ਨੂੰ ਮਿਲਾ ਕੇ ਦੇਖੋ! ਜਿਨ੍ਹਾਂ ਸਿਦਕ ਦਿਲੀ ਨਾਲ ਵਿਚਾਰਾਂਗੇ ਇਨ੍ਹਾਂ ਸਾਰੇ ਸਲੋਕਾਂ `ਚ ਵੀ ਮਾਸ ਜਾਂ ਮਾਸ ਦੇ ਭੋਜਨ ਦਾ ਵਿਰੋਧ ਨਹੀਂ ਮਿਲੇਗਾ। ਵਿਰੋਧ ਹੈ ਤਾਂ ਹਲਾਲ ਦੇ ਨਾਂ ਤੇ ਜਾਨਵਰ ਨੂੰ ਤੱੜਫ਼ਾ ਕੇ ਮਾਰਣ ਦਾ, ਨੰਬਰਵਾਰ ਚਾਰੇ ਸਲੋਕ ਹਨ:

“ਕਬੀਰ ਹਜ ਕਾਬੇ ਹਉ ਜਾਇ ਥਾ ਆਗੈ ਮਿਲਿਆ ਖੁਦਾਇ॥

ਸਾਂਈ ਮੁਝ ਸਿਉ ਲਰਿ ਪਰਿਆ ਤੁਝੈ ਕਿਨਿ੍ਹ੍ਹ ਫੁਰਮਾਈ ਗਾਇ॥  ੧੯੭ 

ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ॥

ਸਾਂਈ ਮੁਝ ਮਹਿ ਕਿਆ ਖਤਾ ਮੁਖਹੁ ਨ ਬੋਲੈ ਪੀਰ॥  ੧੯੮ 

ਕਬੀਰ ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ॥

ਦਫਤਰੁ ਦਈ ਜਬ ਕਾਢਿ ਹੈ ਹੋਇਗਾ ਕਉਨੁ ਹਵਾਲੁ॥  ੧੯੯ 

ਕਬੀਰ ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ॥

ਦਫਤਰਿ ਲੇਖਾ ਨੀਕਸੈ ਮਾਰ ਮੁਹੈ ਮੁਹਿ ਖਾਇ॥  ੨੦੦ 

ਕਬੀਰ ਲੇਖਾ ਦੇਨਾ ਸੁਹੇਲਾ ਜਉ ਦਿਲ ਸੂਚੀ ਹੋਇ॥

ਉਸੁ ਸਾਚੇ ਦੀਬਾਨ ਮਹਿ ਪਲਾ ਨ ਪਕਰੈ ਕੋਇ॥  ੨੦੧ ॥” (ਪੰ: ੧੩੭੫)

ਬਾਕੀ ਰਹੀ ਗਲ ਕਿ “ਕਬੀਰ ਹਜ ਕਾਬੈ ਹੋਇ ਹੋਇ ਗਇਆ ਕੇਤੀ ਬਾਰ ਕਬੀਰ” ਉਹ ਇਸਤਰ੍ਹਾਂ ਹੈ ਜਿਵੇ ਗੁਰੂ ਪਾਤਸ਼ਾਹ ਨੇ ਬਾਣੀ `ਚ ਹੋਰ ਵੀ ਅਨੇਕਾਂ ਵਾਰੀ ਵਿਸ਼ੇ ਨੂੰ ਦ੍ਰਿੜਤਾ ਨਾਲ ਬਿਆਨਣ ਲਈ ਕਿਸੇ ਗਲ ਨੂੰ ਅਪਣੇ ਉਪਰ ਘਟਾ ਕੇ ਪਕਾ ਕੀਤਾ ਹੈ ਜਿਵੇਂ ਪੰਜਵੇਂ ਪਾਤਸ਼ਾਹ ਪੰਨਾ ੬੪੧ ਉਪਰ ਫ਼ੁਰਮਾਅ ਰਹੇ ਹਨ “ਪਿਆਰੇ ਇਨ ਬਿਧਿ ਮਿਲਣੁ ਨ ਜਾਈ ਮੈ ਕੀਏ ਕਰਮ ਅਨੇਕਾ॥ ਹਾਰਿ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁਧਿ ਬਿਬੇਕਾ”। ਇਸਦਾ ਇਹ ਮਤਲਬ ਕਿਸੇ ਤਰ੍ਹਾਂ ਵੀ ਨਹੀ ਕਿ ਉਹ ਅਨੇਕਾਂ ਕਰਮਕਾਂਡ ਜਿਨ੍ਹਾਂ ਦਾ ਉਸ ਲੰਮੇਂ ਸ਼ਬਦ ਚ ਗੁਰਦੇਵ ਦ੍ਰਿੜਤਾ ਨਾਲ ਨਿਸ਼ਫਲ ਹੋਣਾ ਦਸ ਰਹੇ ਹਨ, ਸਚਮੁੱਚ ਹੀ ਉਨ੍ਹਾਂ ਸਾਰੇ ਕਰਮਾਂ ਦੇ ਕਰਣ ਦੀ ਗੁਰਦੇਵ ਨੂੰ ਲੋੜ ਸੀ, ਕਦਾਚਿਤ ਨਹੀਂ।

ਇਸੇ ਤਰ੍ਹਾਂ ਸੱਚਾਈ ਇਹ ਹੈ ਕਿ ਆਮ ਮੁਸਲਮਾਨ ਕਾਬੇ ਨੂੰ ਖ਼ੁਦਾ ਦਾ ਘਰ ਮੰਨਦਾ ਹੈ। ਕਬੀਰ ਜੀ ਭੀ ਉਹੀ ਖ਼ਿਆਲ ਦੇ ਕੇ ਆਖਦੇ ਹਨ ਕਿ ਖ਼ੁਦਾ ਅਜੇਹੇ ਹੱਜ ਉਤੇ ਖ਼ੁਸ਼ ਨਹੀਂ ਹੁੰਦਾ। ਅਨੇਕਾਂ ਵਾਰੀ ਹੱਜ ਕਰਨ ਤੇ ਅਲਾਹ ਖ਼ੁਸ਼ ਹੋ ਕੇ ਹਾਜੀ ਨੂੰ ਦੀਦਾਰ ਕਿਉਂ ਨਹੀਂ ਦੇਂਦਾ, ਉਹ ਹਾਜੀ ਅਜੇ ਭੀ ਖ਼ੁਦਾ ਦੀਆਂ ਨਿਗਾਹਾਂ `ਚ ਕਿਉਂ ਗੁਨਾਹਗਾਰ ਸਮਝਿਆ ਜਾਂਦਾ ਹੈ—ਇਸ ਭੇਤ ਦਾ ਜ਼ਿਕਰ ਇਨ੍ਹਾਂ ਚੋਹਾਂ ਸਲੋਕਾਂ `ਚ ਹੈ। ਦਸਿਆ ਹੈ, ਖ਼ੁਦਾ ਦੇ ਨਾਮ ਤੇ ਗਾਂ ਆਦਿਕ ਜਾਨਵਰ ਦੀ ਕੁਰਬਾਨੀ ਦੇਣ ਦਾ ਬਹਾਨਾ ਰਖਕੇ ਉਸ ਦੀ ਸ਼ਾਹ-ਰਗ ਕੱਟ ਦੇਣੀ ਅਤੇ ਉਸਨੂੰ ਜੀਂਦੇ ਜੀਅ ਤੜਫ਼ਣ ਲਈ ਸੁੱਟ ਦੇਣਾ। ਇਸਤਰ੍ਹਾਂ ਜਾਨਵਰ ਦੀ ਮੋਤ ਬਾਦ ਉਸਦੀ ਮਿੱਟੀ ਤਾਂ ਆਪ ਰਲ-ਮਿਲ ਕੇ ਖਾ ਜਾਣਾ ਤੇ ਸਮਝ ਲੈਣਾ ਕਿ ਉਸ ਦੀ ਇਸ ਕੁਰਬਾਨੀ’ ਦੇ ਇਵਜ਼ ਖੁਦਾ ਖੁਸ਼ ਹੋ ਜਾਵੇਗਾ, ਕੇਵਲ ਭੁਲੇਖਾ ਹੈ। ਖ਼ੁਦਾ ਨੂੰ ਖ਼ੁਸ਼ ਕਰਨ ਦਾ ਇਹ ਤਰੀਕਾ ਨਹੀਂ, ਗਲ ਉਹੀ ਹੈ ਕਿ ਖ਼ੁਦਾ ਖ਼ੁਸ਼ ਹੁੰਦਾ ਹੈ ਦਿਲ ਦੀ ਪਾਕੀਜ਼ਗੀ ਪਵਿੱਤ੍ਰਤਾ ਨਾਲ। ਜਾਨਵਰ ਦੇ ਮਾਸ ਭਾਵ ਮਿੱਟੀ ਨੂੰ ਛੱਕਣਾ ਆਪ ਹੈ, ਤਾਂ ਅਲ੍ਹਾ ਦੇ ਨਾਂ ਤੇ ਕੁਰਬਾਨੀ ਦੇ ਬਹਾਨੇ ਪਹਿਲਾਂ ਉਸ ਜਾਨਵਰ ਨੂੰ ਤੜਫ਼ਾਉਣ ਦਾ ਕੀ ਮੱਕਸਦ? ਇਸਤਰ੍ਹਾਂ ਇਥੇ ਵਿਸ਼ਾ ਇਹ ਨਹੀਂ ਕਿ ਜਾਨਵਰ ਨੂੰ ਮਾਰਿਆ ਤੇ ਖਾਧਾ ਕਿਉਂ? ਬਲਕਿ ਇਥੇ ਤਾਂ ਵਿਸ਼ਾ ਹੈ “ਜੀਅ ਜੁ ਮਾਰਹਿ ਜੋਰੁ ਕਰਿ ਕਹਤੇ ਹਹਿ ਜੁ ਹਲਾਲੁ” ਅਤੇ “ਜੋਰੁ ਕੀਆ ਸੋ ਜੁਲਮੁ ਹੈ ਲੇਇ ਜਬਾਬੁ ਖੁਦਾਇ”। ਇਥੇ ਤਾਂ ਸਾਰਾ ਵਿਸ਼ਾ ਹੀ ਜਾਨਵਰ ਨੂੰ ਬਿਨਾ ਕਾਰਣ ਜੀਂਦੇ ਜੀਗ਼ ਤੜਫਾਉਣ ਦਾ ਹੈ।

“ਕਬੀਰ ਜੋਰੀ ਕੀਏ ਜੁਲਮੁ ਹੈ. . ਕਬੀਰ ਖੂਬੁ ਖਾਨਾ ਖੀਚਰੀ … “- ਇਥੇ ਵੀ ਕਿਸੇ ਇਕਲੇ ਸਲੋਕ ਦੀ ਗਲ ਨਹੀਂ। ਇਥੇ ਵੀ ਸਲੋਕ ਨੰ: ੧੮੪ ਤੋਂ ੧੮੭ ਇਕੋ ਲੜੀ `ਚ ਹਨ ਅਤੇ ਵਿਸ਼ਾ ਕਿ ਜ਼ੁਲਮ ਦੀ ਕਮਾਈ ਕਰਕੇ ਮਾਸ ਵਰਗੇ ਮਹਿੰਗੇ-ਵਧੀਆ ਪੱਕਵਾਨ ਖਾਣ ਨਾਲੋਂ ਲੂਣ ਪਾ ਕੇ ਖਿੱਚੜੀ ਖਾ ਲੈਣੀ ਵੱਧ ਚੰਗੀ ਹੈ। ਉਹ ਖਿੱਚੜੀ ਜਿਸ `ਚ ਕੇਵਲ ਲੂਣ ਪਇਆ ਹੋਵੇ ਪਰ ਮਹਿੰਗੇ ਮਾਸ ਦੇ ਭੋਜਨਾਂ ਲਈ ਜ਼ੁਲਮ, ਗ਼ਰੀਬਾਂ ਦਾ ਸ਼ੋਸ਼ਣ, ਦਗ਼ੇ-ਫ਼ਰੇਬ-ਠੱਗੀ ਦੀ ਕਮਾਈ ਦਾ ਧੰਨ ਤੇ ਨਾ ਲਗਾ ਦਾ ਹੋਵੇ।

ਵੇਰਵਾ ਇਹ ਹੈ ਕਿ ਮਨ ਦੀ ਸ਼ਾਤੀ ਅਤੇ ਅਲ੍ਹਾ ਦੀ ਦਰਗਾਹ `ਚ ਕਬੂਲ ਹੋਣ ਲਈ ਪਾਕ-ਪਵਿਤ੍ਰ ਜੀਵਨ ਦੀ ਲੋੜ ਹੁੰਦੀ ਹੈ। ਇਸੇ ਤਰ੍ਹਾਂ ਹਲਾਲ ਆਦਿ ਜ਼ੁਲਮ ਦੇ ਢੰਗ ਵਰਤ ਕੇ ਅਪਣੇ ਆਪ ਨੂੰ ਧਰਮੀ ਤੇ ਪਾਕ-ਦਾਮਨ ਸਾਬਤ ਨਹੀ ਕੀਤਾ ਜਾ ਸਕਦਾ। ਭਾਵ ਇੱਕ ਪਾਸੇ ਅਪਣੀ ਕਮਾਈ ਲਈ ਹਰੇਕ ਗਰੀਬ-ਮਜ਼ਲੂਮ ਉਪਰ ਜ਼ੁਲਮ ਕਰਨਾ, ਉਨ੍ਹਾਂ ਦਾ ਖੂਨ ਚੂਸਨਾ ਦੂਜਾ ਜਾਨਵਰ ਨੂੰ ਅਪਣੇ ਵਿਸ਼ਵਾਸ ਮੁਤਾਬਕ ਤੜਫਾ ਕੇ ਮਾਰਣਾ ਤੇ ਫ਼ਿਰ ਮੰਨ ਲੈਣਾ ਕਿ ਇਹ ਹਲਾਲ ਹੋ ਗਿਆ ਹੈ ਅਤੇ ਮੈਂ ਵੱਡਾ ਧਰਮੀ ਹਾਂ, ਦਰਅਸਲ ਇਹ ਸਭ ਧਰਮੀ ਹੋਣਾ ਨਹੀਂ।

ਇਸਤਰ੍ਹਾਂ ਸਲੋਕ `ਚ “ਖੂਬੁ ਖਾਨਾ ਖੀਚਰੀ” ਰਾਹੀਂ ਕਬੀਰ ਸਾਹਿਬ ਸਾਫ਼ ਕਰ ਰਹੇ ਹਨ ਕਿ ਜ਼ੁਲਮ-ਧੱਕੇ ਦੀ ਕਮਾਈ ਕਰਕੇ ਮਹਿੰਗੇ ਭੋਜਨਾ ਨਾਲੋਂ ਚੰਗਾ ਹੈ ਖਿੱਚੜੀ ਵਾਲਾ ਸਸਤਾ ਭੋਜਨ ਕਰ ਲਵੋ ਪਰ ਮਜ਼ਲੂਮਾ ਦਾ ਸ਼ੋਸ਼ਣ ਕਰਕੇ ਅਤੇ ਜ਼ੁਲਮ-ਧੱਕਾ ਕਰਕੇ ਮਹਿੰਗੇ ਭੋਜਨ ਜਾਂ ਅਮੀਰੀ ਠਾਠ ਵਾਲੇ ਜੀਵਨ ਤੋਂ ਬਚੋ। ਇਹੀ ਤਰੀਕਾ ਹੈ ਜਿਸਤੋਂ ਸਾਡੇ ਜੀਵਨ ਅੰਦਰ ਸ਼ਾਤੀ ਤੇ ਪ੍ਰਭੁ ਪਿਆਰ ਬਣਿਆ ਰਹਿ ਸਕਦਾ ਹੈ। ਸਪੱਸ਼ਟ ਹੈ ਕਿ ਇਥੇ ਮਾਸ ਜਾਂ ਮਾਸ ਦੇ ਭੋਜਨ ਦਾ ਵਿਰੋਧ ਨਹੀਂ।

ਚੇਤੇ ਰਹੇ ਗੁਰਮਤਿ ਜਾਨਵਰ ਨੂੰ ਮਾਰਕੇ ਉਸਦੇ ਮਾਸ ਨੂੰ ਖਾਣ ਦਾ ਵਿਰੋਧ ਨਹੀਂ ਕਰਦੀ ਅਤੇ ਨਾ ਹੀ ਕੋਈ ਅਜੇਹਾ ਵਿਰੋਧ ਇਨ੍ਹਾਂ ਸਲੋਕਾਂ ਵਿੱਚ ਹੀ ਹੈ। ਇਥੇ ਵੀ ਜੇ ਵਿਰੋਧ ਕੀਤਾ ਹੈ ਤਾ ਮੁਸਲਮਾਨਾਂ ਦੇ ਹਲਾਲ ਵਾਲੇ ਢੰਗ ਦਾ, ਜਿਸ ਨੂੰ ਕਿ ਗੁਰਮਤਿ ਪਾਖੰਡ ਕਰਮ ਮੰਣਦੀ ਹੈ। ਗੁਰਮਤਿ ਹਲਾਲ ਵਾਲੇ ਢੰਗ ਦਾ ਵਿਰੋਧ ਕਰਦੀ ਹੈ ਜਿਵੇਂ ਇਨ੍ਹਾਂ ਸਲੋਕਾਂ ਵਿੱਚ ਵੀ “ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲ”। ਇਹ ਚਾਰੇ ਸਲੋਕ ਵੀ ਇਸਤਰ੍ਹਾਂ ਹਨ:

ਕਬੀਰ ਮੁਲਾਂ ਮੁਨਾਰੇ ਕਿਆ ਚਢਹਿ, ਸਾਂਈ ਨ ਬਹਰਾ ਹੋਇ॥ ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ॥ ੧੮੪॥ ਸੇਖ ਸਬੂਰੀ ਬਾਹਰਾ, ਕਿਆ ਹਜ ਕਾਬੇ ਜਾਇ॥ ਕਬੀਰ ਜਾ ਕੀ ਦਿਲ ਸਾਬਤਿ ਨਹੀ, ਤਾ ਕਉ ਕਹਾਂ ਖੁਦਾਇ॥ ੧੮੫॥ ਕਬੀਰ ਅਲਹ ਕੀ ਕਰਿ ਬੰਦਗੀ, ਜਿਹ ਸਿਮਰਤ ਦੁਖੁ ਜਾਇ॥ ਦਿਲ ਮਹਿ ਸਾਂਈ ਪਰਗਟੈ, ਬੁਝੈ ਬਲੰਤੀ ਨਾਂਇ॥ ੧੮੬॥ ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ॥ ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ॥  ੧੮੭ ॥ ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ॥ ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ॥  ੧੮੮॥” (ਪੰ: ੧੩੭੪) ਅਤੇ ਸਲੋਕਾਂ ਦੇ ਲੜੀ ਵਾਰ ਅਰਥ ਹਨ:

ਕਬੀਰ ਸਾਹਿਬ ਫ਼ੁਰਮਾਂਦੇ ਹਨ ਹੇ ਮੁੱਲਾਂ! ਮਸਜਿਦ ਦੇ ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੋ ਰਿਹਾ। ਜਿਸ (ਰੱਬ ਦੀ ਨਮਾਜ਼) ਦੀ ਖ਼ਾਤਰ ਤੂੰ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿੱਚ ਵੇਖ ਉਹ ਤਾਂ ਤੇਰੇ ਅੰਦਰ ਵੱਸਦਾ ਹੈ। ਜੇ ਤੇਰੇ ਆਪਣੇ ਅੰਦਰ ਸ਼ਾਂਤੀ ਨਹੀਂ, ਸਿਰਫ਼ ਲੋਕਾਂ ਨੂੰ ਹੀ ਸੱਦ ਰਿਹਾ ਹੈਂ, ਤਾਂ ਖ਼ੁਦਾ ਬੋਲਾ ਨਹੀਂ ਭਾਵ ਉਹ ਤੇਰੇ ਦਿਲ ਦੀ ਹਾਲਤ ਭੀ ਜਾਣਦਾ ਹੈ ਅਤੇ ਇਸਤਰ੍ਹਾਂ ਉਸ ਨੂੰ ਠੱਗਿਆ ਨਹੀਂ ਜਾ ਸਕਦਾ। ੧੮੪।

ਹੇ ਸ਼ੇਖ! ਜੇ ਤੇਰੇ ਆਪਣੇ ਅੰਦਰ ਸੰਤੋਖ ਨਹੀਂ, ਤਾਂ ਕਾਬੇ ਦਾ ਹੱਜ ਕਰਨ ਲਈ ਜਾਣ ਦਾ ਵੀ ਕੋਈ ਲਾਭ ਨਹੀਂ ਹੈ। ਕਿਉਂਕਿ, ਜਿਸ ਮਨੁੱਖ ਦੇ ਆਪਣੇ ਦਿਲ `ਚ ਸ਼ਾਂਤੀ ਨਹੀਂ ਆਈ, ਉਸ ਦੇ ਭਾਣੇ ਰੱਬ ਕਿਤੇ ਭੀ ਨਹੀਂ ਹੈ। ੧੮੫। ਕਬੀਰ ਸਾਹਿਬ ਅਗੇ ਕਹਿੰਦੇ ਹਨ, “ਹੇ ਮੁਲਾਂ! ਤੂੰ ਰੱਬ ਦੀ ਬੰਦਗੀ ਕਰ, ਬੰਦਗੀ ਕੀਤਿਆਂ ਹੀ ਵਿਕਾਰ ਦੂਰ ਹੁੰਦੇ ਹਨ। ਦਿਲ ਵਿੱਚ ਰੱਬ ਦਾ ਜ਼ਹੂਰ ਹੁੰਦਾ ਹੈ, ਅਤੇ ਇਸ ਬੰਦਗੀ ਦੀ ਬਰਕਤਿ ਨਾਲ ਜੀਵਨ ਅੰਦਰ ਲਾਲਚ (ਉਹ ਲਾਲਚ ਜਿਹੜਾ ਤੈਨੂੰ ਰਿਸ਼ਵਤਖੋਰੀ ਤੇ ਗ਼ਰੀਬਾਂ-ਮਜ਼ਲੂਮਾ ਉਤੇ ਜ਼ੁਲਮ ਕਰਨ ਲਈ ਉਤਸਾਹਤ ਕਰਦਾ ਹੈ) ਪ੍ਰਭੁ ਦੀ ਬੰਦਗੀ ਰਾਹੀਂ ਉਸ ਦੀ ਬਲਦੀ ਅੱਗ ਦਿਲ ਵਿਚੋਂ ਬੁੱਝ ਜਾਂਦੀ ਹੈ। ੧੮੬।

ਤਾਂਤੇ ਐ ਭਾਈ! ਮੁੱਲਾਂ ਨੂੰ ਦੱਸੋ ਕਿ ਕਿਸੇ ਉਤੇ ਧੱਕਾ ਕਰਨਾ ਜ਼ੁਲਮ ਹੁੰਦਾ ਹੈ। (ਕਿਉਂਕਿ ਮੁਲਾਂ, ਜਾਨਵਰ ਨੂੰ ਫੜ ਕੇ ਬਿਸਮਿੱਲਾ ਆਖ ਕੇ ਉਸ ਜਾਨਵਰ ਨੂੰ ਜ਼ਿਬਹ ਕਰਦਾ ਹੈਂ `ਤੇ) ਸਮਝ ਲੈਂਦਾ ਹੈਂ (ਇਸਨੂੰ ਹਲਾਲ ਕੀਤਾ ਹੈ ਭਾਵ ਰੱਬ ਦੇ ਨਾਮ ਤੇ ਕੁਰਬਾਨੀ ਦੇਣ ਕਰਕੇ ਇਹ ਜਾਨਵਰ ਖਾਣ ਲਾਇਕ ਹੋ ਗਿਆ ਹੈ। (ਇਸਤਰ੍ਹਾਂ ਅਪਣੇ ਆਪ ਚ ਸਮਝ ਲੈਂਦਾ ਹੈ ਕਿ ਇਸ ਕੁਰਬਾਨੀ ਨਾਲ ਖ਼ੁਦਾ ਮੇਰੇ ਉਤੇ ਖ਼ੁਸ਼ ਹੋ ਜਾਂਦਾ ਹੈ ਜਦਕਿ ਐ ਮੁਲਾਂ! ਇਹ ਮਾਸ ਤਾਂ ਤੂੰ ਆਪ ਹੀ ਖਾ ਲੈਂਦਾ ਹੈਂ।

ਚੇਤੇ ਰਖ! ਇਸਤਰ੍ਹਾਂ ਜਾਨਵਰ ਨੂੰ ਜ਼ਿਬਹਾ ਕਰਕੇ ਮਾਰਨ ਨਾਲ ਭਾਵ ਤੱੜਫ਼ਾ ਕੇ ਮਾਰਨ ਨਾਲ, ਜਾਨਵਰ ਨੂੰ ਤੜਫ਼ਾਉਣ ਵਾਲੇ ਪਾਪ ਨਹੀਂ ਬਖ਼ਸ਼ੀਂਦੇ, ਕਦੇ ਸੋਚ!) ਜਦੋਂ ਰੱਬ ਦੀ ਦਰਗਾਹ ਵਿੱਚ ਤੇਰੇ ਅਮਲਾਂ ਦਾ ਹਿਸਾਬ ਹੋਵੇਗਾ ਤਾਂ ਤੇਰਾ ਕੀਹ ਹਾਲ ਹੋਵੇਗਾ। ੧੮੭। ਇਸਲਈ “ਐ ਮੁਲਾਂ! ਚੰਗਾ ਇਹ ਹੈ ਜ਼ੁਲਮ ਤੇ ਰਿਸ਼ਵਤ ਵਾਲੀ ਕਮਾਈ ਕਰਕੇ ਮਾਸ ਦੇ ਮੰਹਿਗੇ ਭੋਜਨਾ (ਠਾਠ ਦੇ ਜੀਵਨ) ਨਾਲੋਂ ਲ਼ੂਣ ਵਾਲੀ (ਸੱਸਤੀ) ਖਿਚੜੀ ਖਾ ਲਵੋ (ਜਿਸਤੋਂ ਮੰਨ ਦੀ ਸ਼ਾਂਤੀ ਬਣੀ ਰਵੇ)।

“ਜੀਅ ਬਧਹੁ ਸੁ ਧਰਮੁ ਕਰਿ ਥਾਪਹੁ” -ਗਲ ਇਥੇ ਵੀ ਉਹੀ ਹੈ ਜਿਹੜੀ ਹਲਾਲ ਦੇ ਨਾਂ ਤੇ ਖੁਦਾ ਅਗੇ ਕੁਰਬਾਣੀ ਦੇਣ ਵਾਲੇ ਵਿਸ਼ਵਾਸ ਦੇ ਵਿਰੋਧ ਚ ਹੈ। ਕੁਰਬਾਨੀ-ਅਲ੍ਹਾ ਤਾਲਾ ਦੇ ਨਾਂ ਤੇ ਹਲਾਲ ਕਹਿਕੇ ਹੋਵੇ ਜਾਂ ਬ੍ਰਾਹਮਣੀ ਜਗਾਂ `ਚ ਜੀਉਂਦੇ ਜਾਨਵਰ ਨੂੰ ਅੱਗ ਤੇ ਸਾੜ-ਭੁੰਨ, ਤੱੜਫਾ-ਤੱੜਫਾ ਕੇ ਦੇਵੀ-ਦੇਵਤਿਆਂ ਨੂੰ ਖੁਸ਼ ਕਰਣ ਦੇ ਨਾਂ ਤੇ ਬਲੀਆਂ ਦੇ ਕੇ ਹੋਵੇ। ਗੁਰਬਾਣੀ `ਚ ਹਿੰਦੂ ਜਾਂ ਮੁਸਲਮਾਨ ਲਈ ਵੱਖ ਮਾਪਦੰਡ ਨਹੀਂ ਹਨ, ਗੁਰਮਤਿ ਦੇ ਸਿਧਾਂਤ ਸਾਰਿਆਂ ਲਈ ਇਕੋ ਹਨ। ਇਥੇ ਪੰਡਤ ਨੂੰ ਵੀ ਉਹੀ ਉਲ੍ਹਾਮਾ ਹੈ ਜਿਹੜਾ ਮੁਸਲਮਾਨ ਨੂੰ। ਗਲ ਇਥੇ ਵੀ ਉਹੀ ਹੈ “ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ॥ ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ॥   ॥” (ਪੰ: ੧੧੦੩) ਅਥਵਾ ਇਸਤੋਂ ਪਹਿਲਾਂ ਦੇਖ ਚੁਕੇ ਹਾਂ “ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ” (ਪੰ: ੧੨੮੯)।

ਵਿਰੋਧ ਜਾਨਵਰ ਨੂੰ ਮਾਰਕੇ ਉਸਦਾ ਮਾਸ ਖਾਣ ਦਾ ਨਹੀਂ। ਵਿਰੋਧ ਹੈ ਤਾਂ ਜੀਂਦੇ ਜੀਅ ਜੀਵ ਨੂੰ ਤੜਫਾਉਣ ਦਾ ਅਤੇ ਅੰਧਵਿਸ਼ਵਾਸ ਅਧੀਨ ਉਨ੍ਹਾਂ ਦੀਆਂ ਬਲੀਆਂ ਦੇਣ ਦਾ। ਮਾਸ ਬਾਰੇ ਗੁਰਬਾਣੀ ਦਾ ਫ਼ੈਸਲਾ

“ਪਾਂਡੇ ਤੂ ਜਾਣੈ ਹੀ ਨਾਹੀ ਕਿਥਹੁ ਮਾਸੁ ਉਪੰਨਾ॥

ਤੋਇਅਹੁ ਅੰਨੁ ਕਮਾਦੁ ਕਪਾਹਾਂ ਤੋਇਅਹੁ ਤ੍ਰਿਭਵਣੁ ਗੰਨਾ” (ਪੰ: ੧੨੮੯)।

ਗਲ ਉਹੀ ਹੈ, ਗੁਰਬਾਣੀ ਦਾ ਫ਼ੈਸਲਾ ਹੈ ਕਿ ਢੰਗ ਹਲਾਲ ਦਾ ਹੋਵੇ ਜਾਂ ਬਲੀਆਂ ਦਾ, ਕਰਤਾ ਅਥਵਾ ਖੁਦਾ ਇਨ੍ਹਾਂ ਪਾਖੰਡ ਕਰਮਾਂ ਨਾਲ ਖੁਸ਼ ਨਹੀਂ ਹੁੰਦਾ। ਸਾਰੀਆਂ ਦਾਤਾਂ ਉਸੇ ਨੇ ਬਖਸ਼ੀਆਂ ਹਨ, ਇਸਤੋਂ ਵੱਡੀ ਗਲ ਕਿ ਗੁਰਬਾਣੀ ਅਨੁਸਾਰ, ਬ੍ਰਾਹਮਣੀ ਵਿਸ਼ਵਾਸਾਂ ਅਧੀਨ ਪ੍ਰਗਟ ਕੀਤੇ ਦੇਵੀਆਂ-ਦੇਵਤੇ ਤਾਂ ਹੈਣ ਹੀ ਕਲਪਤ ਤਾਂ ਫ਼ਿਰ ਦੇਵੀ-ਦੇਵਤਿਆਂ ਦੇ ਨਾਮ ਤੇ ਬਲੀਆਂ ਦੀ ਗਲ ਦਾ ਤਾਂ ਆਧਾਰ ਵੀ ਕੋਈ ਨਹੀਂ ਰਹਿੰਦਾ।

“ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ” - ਇਥੇ ਸਰਾਧਾਂ ਦੇ ਵਿਸ਼ੇ ਤੇ ਕਬੀਰ ਸਾਹਿਬ ਸੰਬੰਧਤ ਲੋਕਾਂ ਨੂੰ ਤਾੜਣਾ ਕਰਦੇ ਹਨ:

“ਸਰਜੀਉ ਕਾਟਹਿ ਨਿਰਜੀਉ ਪੂਜਹਿ ਅੰਤ ਕਾਲ ਕਉ ਭਾਰੀ॥

ਰਾਮ ਨਾਮ ਕੀ ਗਤਿ ਨਹੀ ਜਾਨੀ ਭੈ ਡੂਬੇ ਸੰਸਾਰੀ॥   

ਦੇਵੀ ਦੇਵਾ ਪੂਜਹਿ ਡੋਲਹਿ ਪਾਰਬ੍ਰਹਮ ਨਹੀ ਜਾਨਾ॥

ਕਹਤ ਕਬੀਰ ਅਕੁਲੁ ਨਹੀ ਚੇਤਿਆ ਬਿਖਿਆ ਸਿਉ ਲਪਟਾਨਾ” (ਪੰ: ੩੩੨) ਭਾਵ ਨਿਰਜੀਵ ਦੇਵਤਿਆਂ ਦੀਆਂ ਮੂਰਤੀਆਂ ਦੀ ਪੂਜਾ ਕਰਣ ਲਈ ਤੁਸੀਂ ਜਾਨਦਾਰ (ਜਾਨਵਰਾਂ) ਦੀ ਬਲੀ ਦੇਂਦੇ ਹੋ। ਕਿਉਂਕਿ ਮਾਲਕ ਪ੍ਰਭੁ ਨੂੰ ਤੁਸਾਂ ਪਛਾਣਿਆ ਹੀ ਨਹੀ ਅਤੇ ਝੂਠ (ਬਿਖਿਆ) ਭਾਵ ਅਗਿਆਣਤਾ `ਚ ਹੀ ਲਿੱਬੜੇ ਪਏ ਹੋ। ਦੇਖਣ ਦੀ ਗਲ ਹੈ, ਗਲ ਹਲਾਲ ਦੀ ਹੋਵੇ ਜਾਂ ਯਗਾਂ ਆਦਿ ਸਮੇਂ ਦੇਵੀ-ਦੇਵਤਿਆਂ ਦੇ ਨਾਂ ਤੇ ਬਲੀਆਂ ਦੇਣ ਦੀ, ਵਿਰੋਧ ਹੈ ਤਾਂ ਅੰਧਵਿਸ਼ਵਾਸ ਦਾ ਜਾਂ ਜਾਨਵਰਾਂ ਨੂੰ ਜੀਂਦੇ ਜੀਅ ਤੜਫਾ-ਤੜਫ਼ਾ ਕੇ ਮਾਰਣ ਦਾ। ਮਾਸ ਛੱਕਣ ਜਾਂ ਮਾਸ ਦੇ ਭੋਜਨ ਦਾ ਵਿਰੋਧ ਕਿੱਧਰੇ ਇੱਕ ਪੰਕਤੀ ਚ ਵੀ ਨਹੀਂ। ਇਥੇ ਬਿਖਿਆ ਦਾ ਅਰਥ ਵੀ ਸੰਸਾਰਕ ਰੱਸਾਂ ਕੱਸਾਂ ਅਤੇ ਮਾਇਆ ਮੋਹ ਚ ਫ਼ਸੇ ਮਨੁੱਖ ਰਾਹੀ ਪਾਖੰਡ ਕਰਮ ਹਨ। ਉਹ ਅਰਥ ਨਹੀਂ ਜਿਹੜੇ ਮਾਸ ਵਿਰੋਧੀਆਂ ਨੇ ਆਪ ਹੀ ਘੜ ਰਖੇ ਹਨ ਅਤੇ ਵੇਰਵਾ ਆ ਚੁਕਾ ਹੈ।
.