.

ਸੁਣਿ ਵੇਖਹੁ ਲੋਕਾ ਇਹੁ ਵਿਡਾਣੁ

ਭਾਈ ਗੁਰਦਾਸ ਜੀ 35ਵੀਂ ਵਾਰ ਵਿੱਚ ਜਿਕਰ ਕਰਦੇ ਹਨ ਕਿ ਜੇ ਕਰ ਮਾਂ ਹੀ ਪੁੱਤ ਨੂੰ ਜ਼ਹਿਰ ਦੇ ਕੇ ਮਾਰਨਾ ਚਾਹੇ ਤਾਂ ਉਸ ਨੂੰ ਕੌਣ ਬਚਾ ਸਕਦਾ ਹੈ, ਕਿਉਂਕਿ ਮਾਂ ਨਾਲੋਂ ਤਾਂ ਪੁੱਤ ਹੋਰ ਕਿਸੇ ਨੂੰ ਪਿਆਰਾ ਨਹੀਂ ਹੁੰਦਾ। ਜੇ ਕਰ ਘਰ ਦਾ ਰਾਖਾ ਹੀ ਘਰ ਭੰਨ ਲਵੇ ਤਾਂ ਬਚਾ ਕਿਵੇਂ ਹੋ ਸਕਦਾ ਹੈ। ਜੇ ਕਰ ਮਲਾਹ ਹੀ ਬੇੜੀ ਡੋਬਣੀ ਚਾਹੇ ਤਾਂ ਪਾਰ ਲੰਘਣਾ ਔਖਾ ਹੈ। ਜੇ ਕਰ ਰਾਹ ਦੱਸਣ ਵਾਲਾ ਆਗੂ ਹੀ ਪੁੱਠੇ ਪਾਸੇ ਤੁਰ ਪਵੇ ਤਾਂ ਦੱਸੋ ਪੁਕਾਰ ਕਿਥੇ ਕਰੀਏ। ਜੇ ਕਰ ਵਾੜ ਹੀ ਖੇਤ ਨੂੰ ਖਾਣ ਲੱਗ ਪਵੇ ਤਾਂ ਫਸਲ ਦਾ ਬਚਾਓ ਕਿਸ ਤਰ੍ਹਾਂ ਹੋ ਸਕਦਾ ਹੈ ਅਤੇ ਇਸੇ ਤਰ੍ਹਾਂ ਜੇ ਕਰ ਗੁਰੂ ਹੀ ਸਿੱਖ ਨੂੰ ਕੋਈ ਕੌਤਕ ਵਰਤਾ ਕੇ ਭਰਮਾਉਣਾ ਚਾਹੇ ਤਾਂ ਫਿਰ ਸਿੱਖ ਕੀ ਕਰ ਸਕਦਾ ਹੈ। ਭਾਵ ਇਹ ਹੈ ਕਿ ਗੁਰੂ, ਸਿੱਖ ਦਾ ਕਦੇ ਵੀ ਬੁਰਾ ਨਹੀਂ ਲੋਚਦਾ ਅਤੇ ਨਾ ਹੀ ਮਾਂ ਆਪਣੇ ਪੁੱਤ ਨੂੰ ਜ਼ਹਿਰ ਦੇ ਸਕਦੀ ਹੈ। ਹਾਂ ਜੇ ਕਦੀ ਐਸਾ ਹੋ ਜਾਵੇ ਤਾਂ ਦੁਨੀਆਂ ਵਿੱਚ ਸ਼ਾਇਦ ਹੀ ਕੋਈ ਐਸਾ ਵਿਆਕਤੀ ਹੋਵੇ ਜੋ ਇਸ ਨੂੰ ਚੰਗਾ ਕਹੇ। ਇਸੇ ਤਰ੍ਹਾਂ ਜੇ ਕਰ ਕੌਮ ਦੇ ਆਗੂ ਹੀ ਕੌਮ ਨੂੰ ਡੋਬਣ ਲਈ ਤੁਲੇ ਹੋਏ ਹੋਣ ਤਾਂ ਉਸ ਦਾ ਡੁੱਬਣਾ ਅਵੱਸ਼ ਹੈ ਉਸ ਨੂੰ ਕੋਈ ਨਹੀਂ ਬਚਾ ਸਕਦਾ। ਇਹ ਪ੍ਰਤੱਖ ਤੌਰ ਤੇ ਸਿੱਖ ਕੌਮ ਨਾਲ ਹੋ ਰਿਹਾ ਹੈ।

ਜੇ ਮਾਉ ਪੁਤੈ ਵਿਸੁ ਦੇ ਤਿਸ ਤੇ ਕਿਸੁ ਪਿਆਰਾ॥

ਜੇ ਘਰੁ ਭੰਨੈ ਪਾਹਰੂ ਕਉਣੁ ਰਖਣਹਾਰਾ॥

ਬੇੜਾ ਡੋਬੈ ਪਾਤਣੀ ਕਿਉ ਪਾਰਿ ਉਤਾਰਾ॥

ਆਗੂ ਲੈ ਉਝੜਿ ਪਵੇ ਕਿਸੁ ਕਰੈ ਪੁਕਾਰਾ॥

ਜੇ ਕਰਿ ਖੇਤੈ ਖਾਇ ਵਾੜਿ ਕੋ ਲਹੈ ਨ ਸਾਰਾ॥

ਜੇ ਗੁਰ ਭਰਮਾਏ ਸਾਂਗੁ ਕਰਿ ਕਿਆ ਸਿਖੁ ਵਿਚਾਰਾ॥ ੨੨॥ (੩੫-੨੨-੬)

ਸ਼੍ਰੋਮਣੀ ਕਮੇਟੀ, ਸਾਰੇ ਅਕਾਲੀ ਦਲ ਅਤੇ ਅਖੌਤੀ ਸਿੰਘ ਸਾਹਿਬਾਨ ਚੰਦ ਟਕਿਆਂ ਅਤੇ ਕੁਰਸੀ ਦੀ ਖਾਤਰ ਆਏ ਦਿਨ ਸਿੱਖੀ ਦਾ ਘਾਤ ਕਰ ਰਹੇ ਹਨ। ਕੀ ਕੋਈ ਦੱਸ ਸਕਦਾ ਹੈ ਕਿ ਦਰਜ਼ਨਾ ਅਕਾਲੀ ਦਲਾਂ ਵਿਚੋਂ ਕੋਈ ਇੱਕ ਵੀ ਅਜਿਹਾ ਹੋਵੇ ਜਿਹੜਾ ਕਿ ਮਾਨਸਿਕ ਤੌਰ ਤੇ ਡੇਰਾਵਾਦੀ ਸਾਧਾਂ ਦਾ ਗੁਲਾਮ ਨਾ ਹੋਵੇ? ਕੀ ਕੋਈ ਇੱਕ ਵੀ ਡੇਰਾਵਾਦੀ ਸਾਧ ਹੈ ਜਿਹੜਾ ਕਿ ਦਸਮ ਗ੍ਰੰਥ ਦੇ ਲੁੱਚਪੁਣੇ ਨੂੰ ਨਕਾਰਦਾ ਹੋਵੇ? ਕੀ ਇਹਨਾ ਸਾਰਿਆਂ ਦੀ ਸੋਚਣੀ ਦਸਮ ਗ੍ਰੰਥ ਦੇ ਅਧਾਰ ਤੇ ਆਰ. ਐੱਸ. ਐੱਸ. ਨਾਲ ਨਹੀਂ ਮਿਲਦੀ? ਸਿੱਖੀ ਦਾ ਘਾਤ ਅਤੇ ਗੁਰੂ ਨਿੰਦਿਆ ਕਰਨ ਵਾਲੀ ਜਿਹੜੀ ਪੁਸਤਕ ਸ਼੍ਰੋਮਣੀ ਕਮੇਟੀ ਹਿੰਦੀ ਵਿੱਚ ਛਪਵਾ ਕੇ ਕਈ ਸਾਲਾਂ ਤੋਂ ਵੰਡ ਰਹੀ ਹੈ ਕੀ ਉਹ ਅਸਿੱਧੇ ਤੌਰ ਤੇ ਆਰ. ਐੱਸ. ਐੱਸ. ਦੀ ਸ਼ਰਾਰਤ ਜਾਂ ਸੋਚਣੀ ਦਾ ਪ੍ਰਤੀਕ ਤਾਂ ਨਹੀਂ? ਸਿੱਖ ਕੌਮ ਨਾਲ ਸੰਬੰਧਤ ਦੋ-ਢਾਈ ਕਰੋੜ ਮੁਜ਼ਰੂ, ਲਗਦਾ ਹੈ ਕਿ ਜਿਵੇਂ ਨੀਂਦ ਦੀਆਂ ਗੋਲੀਆਂ ਖਾਹ ਕੇ ਘੂਕ ਸੁੱਤੇ ਪਏ ਹੋਣ। ਜਿਹਨਾ ਵਿੱਚ ਕਿ ਵੱਡੇ-ਵੱਡੇ ਬੁੱਧੀਜੀਵੀ, ਡਾਕਟਰ, ਇੰਜ਼ਨੀਅਰ, ਵਕੀਲ ਅਤੇ ਜੱਜ ਆਦਿਕ ਸਾਰੇ ਹੀ ਸ਼ਾਮਲ ਹਨ। ਇਹਨਾ ਨੂੰ ਦਹਾਕਿਆਂ ਤੋਂ ਰਾਜਨੀਤਕ ਲੋਕਾਂ ਦਾ ਗੁਰਦੁਆਰਿਆਂ ਤੇ ਕਬਜਾ ਕਰਕੇ ਸਿੱਖੀ ਦਾ ਕੀਤਾ ਜਾ ਰਿਹਾ ਘਾਣ ਨਜ਼ਰ ਨਹੀਂ ਆ ਰਿਹਾ। ਇਸ ਛਪੀ ਹੋਈ ਹਿੰਦੀ ਵਾਲੀ ਪੁਸਤਕ ਦੀ ਸਭ ਤੋਂ ਪਹਿਲਾਂ ਜੋ ਰੀਪੋਰਟ ਤਿਆਰ ਕਰਕੇ ਗੁਰਜੰਟ ਸਿੰਘ ਰੂਪੋਵਾਲੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਭੇਜੀ ਸੀ ਉਹ ਅਸੀਂ ਹੇਠਾਂ ਛਾਪ ਰਹੇ ਹਾਂ:

ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ਿਤ ‘ਸਿੱਖ ਇਤਿਹਾਸ’ ਨਾਮ ਦੀ ਪੁਸਤਕ ਚੋ ਗੁਰੂ ਸਾਹਿਬਾਨ ਦਾ ਨਿਰਾਦਰ -ਗੁਰ ਬਿਲਾਸ ਪਾਤਸ਼ਾਹੀ ਛੇਵੀਂ ਨੂੰ ਵੀ ਪਿਛੇ ਛੱਡ ਦਿੱਤਾ

ਸਿੱਖਾਂ ਦੇ ਸਿਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਤ ਹਿੰਦੀ ਵਿੱਚ ਪ੍ਰਕਾਸ਼ਤ ‘ਸਿੱਖ ਇਤਿਹਾਸ’ ਨਾਮ ਦੀ ਪੁਸਤਕ ਵਿੱਚ ਇਤਹਾਸ ਨੂੰ ਖਤਮ ਕਰਨ ਦੀ ਬਹੁਤ ਵੱਡੀ ਚਾਲ ਚੱਲੀ ਗਈ ਹੈ। ਇਸ ਕਿਤਾਬ ਨੂੰ ਪੜ੍ਹਨ ਤੇ ਹਿਰਦਾ ਵਲੂਧਰਿਆਂ ਜਾਂਦਾ ਹੈ।

ਜਦ ਇਸ ਕਿਤਾਬ ਨੂੰ ਸਰਸਰੀ ਝਾਤ ਮਾਰੀ ਤਾਂ ਵੇਖ ਕੇ ਹੈਰਾਨੀ ਹੋਈ। ਕਿਤਾਬ ਦੇ ਬਾਹਰ ਤਾਂ ਸਿੱਖ ਇਤਿਹਾਸ ਲਿਖਿਆ ਹੈ ਪਰ ਅੰਦਰ ਪੜ੍ਹ ਕੇ ਪਤਾ ਲੱਗਾ ਕਿ ਇਹ ਤਾਂ ਗੁਰ ਬਿਲਾਸ ਪਾ. ਛੇਵੀਂ ਨੂੰ ਵੀ ਮਾਤ ਦੇ ਗਈ ਹੈ। ਜਿਸ ਤਰ੍ਹਾਂ ਗੁਰੂ ਸਾਹਿਬਾਨ ਦੀ ਤੌਹੀਨ ਕੀਤੀ ਗਈ ਹੈ ਅਤੇ ਬਹੁਤ ਹੀ ਨੀਵੇਂ ਦਰਜੇ ਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਉਸ ਨੂੰ ਪੜ੍ਹ ਕੇ ਆਮ ਮਨੁੱਖ ਦਾ ਹੱਥ ਤਾਂ ਆਪਣੇ ਆਪ ਮੱਥੇ ਨੂੰ ਚਲਿਆ ਜਾਵੇ। ਇਸ ਕਿਤਾਬ ਵਿੱਚ ਏਨਾ ਜ਼ਿਆਦਾ ਇਤਿਹਾਸ ਨੂੰ ਜਾਣ ਬੁੱਝ ਕੇ ਵਿਗਾੜ ਕੇ ਪੇਸ਼ ਕੀਤਾ ਗਿਆ ਕਿ ਜਿਸ ਬਾਰੇ ਕਿਤਾਬ ਤਿਆਰ ਹੋ ਜਾਵੇਗੀ। ਪਾਠਕਾਂ ਦੀ ਜਾਣਕਾਰੀ ਲਈ ਟੂਕ ਮਾਤਰ ਕੁੱਝ ਅੰਕਾਂ ਦਾ ਜ਼ਿਕਰ ਜ਼ਰੂਰੀ ਹੈ।

ਇਹ ਕਿਤਾਬ ਧਰਮ ਪ੍ਰਚਾਰ ਕਮੇਟੀ ਜੋ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਅੰਗ ਹੈ ਵੱਲੋਂ ਛਾਪੀ ਗਈ ਹੈ। ਇਸ ਤੇ ਸਰਵਰਕ ਤੇ ਕੇਵਲ ਪ੍ਰਕਾਸ਼ਕ ਸੈਕਟਰੀ ਧਰਮ ਪ੍ਰਚਾਰ ਕਮੇਟੀ (ਸ਼੍ਰੋ. ਗੁ. ਪ੍ਰਾ. ਕਮੇਟੀ) ਸ਼੍ਰੀ ਅੰਮ੍ਰਿਤਸਰ ਅੰਕਿਤ ਹੈ। ਹਰੇਕ ਕਿਤਾਬ ਤੇ ਕਾਪੀ ਰਾਈਟ, ਲੇਖਕ ਦਾ ਨਾਮ ਜਾਂ ਸੰਪਾਦਕ ਦਾ ਨਾਮ, ਛਾਪਣ ਦੀ ਮਿਤੀ ਤੇ ਸਾਲ, ਛਾਪੀ ਗਈ ਕਿਤਾਬ ਦੀ ਗਿਣਤੀ, ਪ੍ਰਿੰਟਰ ਆਦਿਕ ਵੇਰਵਾ ਦੇਣਾ ਲਾਜ਼ਮੀ ਹੁੰਦਾ ਹੈ ਪਰ ਇਸ ਵੱਡ-ਅਕਾਰੀ 722 ਅੰਕਾਂ ਵਾਲੀ ਕਿਤਾਬ ਤੇ ਕੋਈ ਵੀ ਵੇਰਵਾ ਨਹੀਂ ਮਿਲਦਾ। ਕਿਤਾਬ ਸੋਹਣੀ ਦਿੱਖ ਵਾਲੀ ਹੈ, ਜਿਸਦੀ ਜਿਲਦ ਮਜ਼ਬੂਤ ਤੇ ਕੱਪੜੇ ਦੀ ਬਣੀ ਹੋਈ ਹੈ, ਇਸਦੀ ਕੀਮਤ 226 ਰੁਪਏ ਅੰਕਿਤ ਹੈ। ਤਤਕਰੇ ਦੇ ਖਤਮ ਹੋਣ ਤੇ ਚਾਰ ਨੰਬਰ ਪੰਨੇ ਤੇ ਬਹੁਤ ਹੀ ਬਾਰੀਕ ਅੱਖਰਾਂ ਵਿੱਚ ‘ਦੀ ਡਾਨ ਪ੍ਰੈਸ, ਅੰਮ੍ਰਿਤਸਰ ਲਿਖਿਆ ਹੋਇਆ ਹੈ।

ਲਿਖਾਰੀ ਵੱਲੋਂ ਗੁਰੂ ਸਾਹਿਬਾਨ ਲਈ ਸ਼ਬਦਾਵਲੀ ਅਤਿ ਘਟੀਆਂ ਦਰਜੇ ਦੀ ਵਰਤੀ ਗਈ ਹੈ ਜਿਵੇਂ ਕਿ ਗੁਰੂ ਸਾਹਿਬਾਨ ਲਈ ਕੇਵਲ, ‘ਨਾਨਕ, ਅੰਗਦ, ਅਮਰਦਾਸ, ਅਰਜਨ, ਹਰਗੋਬਿੰਦ, ਤੇਗ ਬਹਾਦਰ ਅਤੇ ਦਸਵੇਂ ਪਾਤਸ਼ਾਹ ਜੀ ਲਈ ਕੇਵਲ ‘ਗੋਬਿੰਦ’ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਅੱਗੇ ਗੁਰੂ ਸਾਹਿਬਾਨ ਲਈ ਜੋਤੀ ਜੋਤ ਅਤੇ ਸ਼ਹੀਦੀ ਥਾਵੇਂ ‘ਮ੍ਰਿਤੂ’ ਲਫਜ਼ ਦੀ ਵਰਤੋਂ ਕੀਤੀ ਗਈ ਹੈ

ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਨੂੰ ਗਲਤ ਢੰਗ ਨਾਲ ਦਰਸਾਇਆ ਗਿਆ ਹੈ। ਗੁਰੂ ਹਰਿਗੋਬਿੰਦ ਸਾਹਿਬ ਜੀ ਬਾਰੇ ਲਿਖਿਆ ਹੈ ਕਿ “ਹਰਿਗੋਬਿੰਦ ਮੁਲਸਮਾਨ ਬਾਦਸ਼ਾਹ ਕੇ ਅਧੀਨ ਹੀ ਕਾਮ ਕਰਨੇ ਲਗੇ। ਲੇਕਿਨ ਕੁੱਝ ਦਿਨੋਂ ਬਾਅਦ ਹੀ ਉਨਹੋਂ ਨੇ ਮੁਸਲਮਾਨ ਕਰਮਚਾਰੀਓਂ ਕੇ ਵਿਰੁੱਧ ਅਸਤਰ ਧਾਰਣ ਕੀਆ… ਉਨਕਾ ਏਕ ਛਿਛ ਤੁਰਕ ਦੇਸ ਸੇ ਬਹੁਮੁਲ ਘੋੜੇ ਲਾਆ ਥਾ…ਲੇਕਿਨ ਬਾਦਸਾਹ ਨੇ ਵੋਹ ਦੋਨੋ ਘੋੜੇ ਛੀਨ ਲੀਏ ਬਾਅਦ ਮੇਂ ਹਰਿਗੋਬਿੰਦ ਕੇ ਏਕ ਡਾਕੂ ਲਾਹੌਰ ਕੇ ਬਾਦਸ਼ਾਹ ਕੇ ਦੋਨੋਂ ਘੋੜੇ ਚੁਰਾ ਲਾਇਆ। (ਭਾਈ ਬਿਧੀ ਚੰਦ ਜੀ ਨੂੰ ਡਾਕੂ ਦਰਸਾਇਆ ਗਿਆ ਹੈ) …ਹਰਿਗੋਬਿੰਦ ਨੇ ਕਾਜੀ ਕੀ ਪਤਨੀ ਔਰ ਕੰਨਿਆ ਕਾ ਅਪਹਰਣ ਕੀਆ ਥਾ. . ।” (ਪੰਨਾ ਨੰਬਰ-103, 104)

ਇਸ ਕਿਤਾਬ ਦੇ ਪੰਨਾ ਨੰਬਰ 115 ਉਪਰ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਲਿਖਿਆ ਹੈ ਕਿ “ਦਿਲੀ ਜਾਨੇ ਕੇ ਸਮੇਂ ਤੇਗ ਬਹਾਦਰ ਨੇ ਅਪਨੇ ਪੁਤਰ ਕੋ ਕਹਾ ਕਿ ਦੁਸ਼ਮਨ ਉਨਹੇਂ ਵਧ ਕਰਨੇ ਲਿਜਾ ਰਹੇ ਹੈਂ… ਪੁਤਰ ਕੋ ਆਦੇਸ਼ ਦੀਆ ‘ਬਦਲਾ ਔਰ ਪ੍ਰਤਿਹਿੰਸਾ ਹੀ ਪੁਤਰ ਕਾ ਏਕਮਾਤਰ ਕਰਤਵ ਹੈ. . ਬਾਦਸ਼ਾਹ ਨੇ ਉਨਹੇ ਅਲੌਕਿਕ ਕਾਮ ਕਰਨੇ ਕੀ ਆਗਿਆ ਕੀ… ਤਬ ਵਹ ਏਕ ਕਾਮ ਕਰਨੇ ਪਰ ਤਿਆਰ ਹੂਏ। ਉਨਹੇਂ ਨੇ ਏਕ ਪੱਤਰ ਲਿਖ ਕਿਹਾ ਕਿ ਜਿਸਕੇ ਗਲੇ ਕੇ ਚਾਰੋਂ ਓਰ ਜਿਹ ਮੰਤਰ ਰਹੇਗਾ, ਤਲਵਾਰ ਕੇ ਵਾਰ ਉਸ ਕਾ ਗਲ ਕਾਟ ਨਹੀਂ ਸਕਤਾ… ਇਸ ਕੇ ਬਾਦ ਉਨਹੋਂ ਨੇ ਆਪਨੇ ਗਲੇ ਕੇ ਚਾਰੋਂ ਓਰ ਮੰਤਰ ਕੋ ਬਾਂਦ ਕਰ ਹਤਿਆਰੇ ਕੇ ਸਾਹਮਨੇ ਮਸਤਕ ਝੁਕਾਇਆ। ਲੇਕਿਨ ਤਲਵਾਰ ਕੇ ਏਕ ਹੀ ਵਾਰ ਮੇਂ ਸਿਰ ਅਲੱਗ ਹੋ ਗਿਆ…ਤਮਾਸ਼ਾਈ ਤਾਜ਼ੂਬ ਮੇਂ ਆਏ…ਕਾਗਜ ਕੋ ਦੇਖਾ ਗਿਆ ਉਸ ਪਰ ਲਿਖਾ ਥਾਂ ‘ਸਿਰ ਦੀਆ, ਸਾਰ ਨਹੀਂ ਦੀਆ’ … ਆਖਿਰ ਉਨਕਾਂ ਜੀਵਨ ਨਸ਼ਟ ਹੂਆ. . ਤੇਗ ਬਹਾਦਰ ਸੰਨ 1675 ਮੇਂ ਜਲਾਦ ਕੇ ਹਾਥੋਂ ਮਾਰੇ ਗਏ…ਆਦਿ

ਦਸਵੇਂ ਪਾਤਸ਼ਾਹ ਜੀ ਬਾਰੇ ਕਿਤਾਬ ਦੇ ਪੰਨਾ ਨੰਬਰ 124-29 ਪੰਨੇ ਤੇ ਅੰਕਿਤ ਹੈ ਕਿ “ਗੋਵਿੰਦ ਨੇ ‘ਨੈਨਾ’ ਨਾਮਕ ਪਹਾੜ ਕੀ ਬਹੁਤ ਊਚੀ ਚੋਟੀ ਪਰ ਜਾ ਵਹਾਂ ਕੇ ਦੇਵੀ ਮੰਦਿਰ ਮੇਂ ਕਠੋਰ ਤਪ ਕੀਆ…ਗੋਵਿੰਦ ਨੇ ਬਨਾਰਸ ਸੇ ਏਕ ਬ੍ਰਾਹਮਣ ਕੋ ਬੁਲਾਇਆ…ਸ਼ਿਵ ਮੰਡਲੀ ਕੋ ਭੀ ਆਮੰਤਰਣ ਕੀਆ… ਹੋਮ ਕੀਆ ‘ਵੇਦੀ’ ਨਿਮੰਤਰਣ ਹੂਈ…ਬ੍ਰਹਾਮਣ ਨੇ ਕਹਾ ਕੇ ਗੋਵਿੰਦ ਅਸ਼ਤਰ-ਸ਼ਸ਼ਤਰ ਸਜਾ ਕਰ ਅਰਾਧਨਾ ਕਰੋ…ਲੇਕਿਨ ਗੋਵਿਦ ਭੈਭੂਤ ਹੂਏ ਔਰ ਆਗੇ ਨਾ ਬੜ ਸਕੇ; ਤਲਵਾਰ ਤਿਰਸ਼ੀ ਕਰ ਦੀ…ਦੇਵੀ ਨੇ ਉਨਕਾ ਅਭਿਵਾਦਨ ਗ੍ਰਹਿਣ ਕਰਨੇ ਕੇ ਬਹਾਨੇ ਤਲਵਾਰ ਕਾ ਸਪਰਸ਼ ਕੀਆ ਸਾਥ ਹੀ ਸਾਥ ਭੀਗਛਣ ਅਗਨੀ ਮੇਂ ਏਕ ਸਵਾਗੀਆ ਅਸਤਰ ਲੋਹ ਕੁਠਾਰ ਦਿਖਾਈ ਦੀਆ. . ਦੇਵੀ ਨੇ ਕਹਾ ਕੇ ਧਰਮ ਪ੍ਰਚਾਰ ਮੇਂ ਵਿਜੈ ਪਾਨੇ ਕੇ ਲੀਏ ਗੋਵਿੰਦ ਅਪਨਾ ਪ੍ਰਾਣ ਦਾਨ ਕਰੇਂ ਜਾਂ ਅਪਨੇ ਪ੍ਰੀਅ ਕਿਸੀ ਮਨੁਛ ਕਾ ਜੀਵਨ ਦਾਨ ਕਰਨਾ ਪੜੇਗਾ। ਤਬ ਗੁਰੂ ਬਹੁਤ ਦੁਖਿਤ ਹੂਏ…ਫਿਰ ਗੋਵਿੰਦ ਨੇ ਸੰਤਾਨ ਕੀ ਓਰ ਇਸ਼ਾਰਾ ਕੀਆ, ਲੇਕਿਨ ਮਾਤ ਸਨੇਹ ਨੇ ਪ੍ਰਬਲ ਹੋਨੇ ਸੇ ਗੋਵਿੰਦ ਕੀ ਇਸਤਰੀ ਸੰਤਾਨੋਂ ਕੋ ਲੇ ਭਾਗ ਗਈ, ਗੋਵਿੰਦ ਕੀ ਇੱਛਾ ਪੂਰੀ ਨਾ ਹੂਈ। …ਉਸ ਸਮੇਂ ਉਨਕੇ ਪੱਚੀਸ ਪ੍ਰਿਆ ਛਿਛੋ ਨੇ ਆਗੇ ਬੜ ਕਰ ਪ੍ਰਾਣ ਦਾਨ ਕੇ ਲੀਏ ਬੇਨਤੀ ਕੀ; ਉਨਮੇ ਗੋਬਿੰਦ ਨੇ ਏਕ ਆਦਮੀ ਕੋ ਚੁਨਾ…ਇਸਨੇ ਬਾਅਦ ਦੇਵੀ ਪ੍ਰਸੰਨ ਹੂਈ” ਪੰਨਾ ਪੰਨਾ ਨੰਬਰ 127 “ਗੋਵਿੰਦ ਏਕ-ਏਕ ਪਾਤਰ ਮੇਂ ਥਾਲ ਢਾਲ ਕੁਠਾਰ ਜਾਂ ਦੇਵੀ ਸਪਰਸ਼ ਤਲਵਾਰ ਦੁਵਾਰਾ ਜਲ ਸੰਚਾਲਨ ਕਰਨੇ ਲਗੇ… ਤਬ ਉਸ ਜਲ ਮੇਂ ਚੀਨੀ ਮਿਲਾ ਗੋਵਿੰਦ ਨੇ ਉਸਕਾ ਕੁਛ ਅੰਛ ਪਾਂਚ ਧਰਮ ਵਿਸ਼ਵਾਸ਼ੀ ਛਿਛੋਂ ਕੇ ਸਿਰ ਪਰ ਛਿੜਕ ਦੀਆ…।” ਕਿਤਾਬ ਦੇ ਪੰਨਾ ਨੰਬਰ 147-48 ਤੇ ਲਿਖਿਆ ਹੈ ਕਿ ਇੱਕ ਸੌਦਾਗਰ ਪਠਾਨ ਕੋ ਗੁਰੂ ਨੇ ਮਾਰ ਦੀਆ ਉਸਕੀ ਦੇਹ ਕਬਰ ਮੇਂ ਰਖੀ ਗਈ…ਉਨਕੇ ਪੁਤਰ ਮਨ ਹੀ ਮਨ ਪਿਤਾ ਕੀ ਮੌਤ ਕੇ ਬਦਲੇ ਕੀ ਕਾਮਨਾ ਪਾਲਨੇ ਲਗੇ ਔਰ ਉਸ ਸਾਧਨ ਕਾ ਸੰਯੋਗ ਢੂਡਨੇ ਲਗੇ… ਏਕ ਦਿਨ ਵੋਹ ਲੋਗ ਗੁਪਤਭਾਵ ਸੇ ਗੁਰੂ ਕੇ ਇਕਾਂਤ ਵਾਸ ਮੇਂ ਗਏ; ਗੁਰੂ ਉਸ ਸਮੇਂ ਸੋ ਰਹੇ ਥੇ ਉਨ ਲੋਗੋਂ ਨੇ ਉਨ ਪਰ ਅਸਤਰਘਾਤ ਕੀਆ… ਸੰਨ 1706 ਈ. ਮੇਂ ਗੋਦਾਵਰੀ ਨਦੀ ਕੇ ਕਿਨਾਰੇ ‘ਨਾਦੇੜ’ ਨਾਮਕ ਸਥਾਨ ਮੇਂ ਗੋਵਿੰਦ ਮਾਰੇ ਗਏ… (148)

ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ, ਜੰਗਾਂ ਬਾਰੇ, ਬਾਬਾ ਬੰਦਾ ਸਿੰਘ ਸਬੰਧੀ, ਅਤੇ ਜੋਤੀ ਜੋਤ ਸਮਾਉਣ ਦੇ ਸਮੇਂ ਨੂੰ ਬਹੁਤ ਹੀ ਮਨ ਘੜਤ ਤੇ ਗਲਤ ਬਿਆਨਿਆ ਹੈ। ਆਦਿ ਗ੍ਰੰਥ, ਗੁਰੂ ਗ੍ਰੰਥ ਸਾਹਿਬ ਅਤੇ ਬਚਿੱਤਰ ਨਾਟਰ (ਦਸਮ ਗ੍ਰੰਥ) ਸਬੰਧੀ ਵੀ ਕਾਫੀ ਕੁੱਝ ਲਿਖਿਆ ਗਿਆ। ਕਿਤਾਬ ਵਿੱਚ ਗੁਰ ਇਤਿਹਾਸ ਤੋਂ ਇਲਾਵਾ ਸਿੱਖ ਰਾਜ ਮਹਾਰਾਜਾ ਰਣਜੀਤ ਸਿੰਘ ਅਤੇ ਮਿਸਲਾਂ ਦਾ ਇਤਿਹਾਸ ਵੀ ਵਿਗਾੜਿਆ ਗਿਆ ਹੈ, ਥਾਂ-ਪੁਰ-ਥਾਂ ਤੇ ਬ੍ਰਹਾਮਣਾਂ ਤੇ ਦੇਵੀ ਦੇਵਤਿਆਂ ਦੀ ਮਹਿਮਾ ਦਰਜ ਹੈ।

ਇਹ ਕਿਤਾਬ ਛਾਪ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰ ਬਿਲਾਸ ਪਾਤਸਾਹੀ ਛੇਵੀਂ ਨੂੰ ਵੀ ਮਾਤ ਦੇ ਦਿੱਤੀ ਹੈ ਕਿਉਂਕਿ ਉਸ ਵਿੱਚ 12 ਪੰਥ ਦੀਆਂ ਸਿਰਮੌਰ ਹਸਤੀਆਂ ਨੇ ਭੂਮਿਕਾ ਬਹੁਤ ਸੋਹਣੇ ਲਫਜਾਂ ਵਿੱਚ ਲਿਖੀ ਸੀ ਤੇ ਸੰਪਾਦਕ ਬਾਦਲ ਦੀ ਕਠਪੁਤਲੀ ਵੇਦਾਂਤੀ ਅਤੇ ਚਾਸਪਲੂਸਾਂ ਦੇ ਮੁਖੀ ਡਾ. ਅਮਰਜੀਤ ਸਿੰਘ ਨੇ ਕੋਈ ਕਸਰ ਨਹੀਂ ਸੀ ਛੱਡੀ। ਇਸ ਕਿਤਾਬ ਦਾ ਵਿਰੋਧ ਭਾਵੇਂ ਕੇ ਬਹੁਤ ਸਾਰੇ ਜਾਗਰੂਕ ਸਿੱਖਾਂ ਵੱਲੋਂ ਹੋਇਆ, ਪਰ ਦੋ ਸਖਸ਼ ਖਾਸ ਵਰਣਨਯੋਗ ਹਨ ਜਿਨ੍ਹਾਂ ਵਿੱਚ ਮਹਾਨ ਵਿਦਾਵਨ ਸਰਦਾਰ ਗੁਰਬਖਸ਼ ਸਿੰਘ ਕਾਲਾ ਅਫਗਾਨਾ ਤੇ ਸਰਦਾਰ ਜੋਗਿੰਦਰ ਸਿੰਘ ਸੰਪਾਦਕ ਸਪੋਕਸਮੈਨ ਹੋਰਾਂ ਇਸ ਕਿਤਾਬ ਦੇ ਬਾਰੇ ਵਿੱਚ ਲਿਖਿਆ ਤੇ ਪ੍ਰਚਾਰਿਆ ਸੀ। ਜਿਸ ਕਾਰਨ ਇਨ੍ਹਾਂ ਦੋਹਾਂ ਸਖਸ਼ੀਅਤਾਂ ਨੂੰ ਅਖੌਤੀ ਜਥੇਦਾਰਾਂ ਦੀ ਜੁੰਡਲੀ ਨੇ ਛੇਕ ਦਿੱਤਾ ਸੀ।

ਇਹ ਮਸਲਾ ਹੋਰ ਵੀ ਪਾਚੀਦਾ ਇਸ ਕਾਰਨ ਹੋ ਗਿਆ ਹੈ ਕਿ ਕਿਉਂਕਿ ਇਸ ਕਿਤਾਬ ਦੀ ਕਿਸੇ ਨੇ ਵੀ ਭੂਮਿਕਾ ਨਹੀਂ ਲਿਖੀ ਅਤੇ ਨਾ ਹੀ ਲੇਖਕ ਜਾਂ ਸੰਪਾਦਕ ਦਾ ਨਾਮ ਤੱਕ ਨਹੀਂ ਦਿੱਤਾ ਗਿਆ। ਕਿਤਾਬ ਦੀ ਦਿੱਖ ਤੋਂ ਲੱਗਦਾ ਹੈ ਕਿ ਕੁੱਝ ਸਾਲ ਪਹਿਲੀ ਛਾਪੀ ਹੋ ਸਕਦੀ ਹੈ, ਪਾਠਕਾਂ ਵੱਲੋਂ ਇਤਿਹਾਸ ਦੀਆਂ ਕਿਤਾਬਾਂ ਨੂੰ ਘੱਟ ਪੜ੍ਹਨ ਦੀ ਰੁਚੀ, ਕਿਤਾਬ ਹਿੰਦੀ ਵਿੱਚ ਹੋਣਾ ਅਤੇ ਕਿਤਾਬ ਵੱਡ ਅਕਾਰੀ ਹੋਣ ਕਾਰਨ ਅਜੇ ਤੱਕ ਇਸ ਦੀ ਅਸਲੀਅਤ ਸਾਹਮਣੇ ਨਹੀਂ ਆ ਸਕੀ। ਜਲਦ ਤੋਂ ਜਲਦ ਇਸ ਕਿਤਾਬ ਤੇ ਪਾਬੰਦੀ ਲਾ ਕੇ ਜਿਥੇ-ਜਿਥੇ ਵੀ ਇਹ ਕਿਤਾਬਾਂ ਮੌਜ਼ੂਦ ਹਨ ਉਹ ਵੀ ਨਸ਼ਟ ਕਰ ਦਿੱਤੀਆਂ ਜਾਣ। ਕਿਉਂਕਿ ਪਹਿਲਾਂ ਹੀ ਪੰਥ ਦੋਖੀਆਂ ਵੱਲੋਂ ਗੁਰ ਬਿਲਾਸ ਪਾਤਸਾਹੀ ਛੇਵੀਂ ਅਤੇ ਦਸਮ ਗ੍ਰੰਥ (ਬਚਿਤਰ ਨਾਟਕ) ਰਾਹੀਂ ਪੰਥ ਵਿੱਚ ਭੰਬਲਭੂਸਾ ਪਾਇਆ ਹੋਇਆ ਹੈ।

***************************************************************************

ਪਿਆਰੇ ਪਾਠਕ ਜੀ ਆਪ ਜੀ ਨੇ ਉਪਰ ਲਿਖਿਆ ਗੁਰੂ ਕੀ ਨਿੰਦਿਆ ਵਾਲੀਆਂ ਕਿਤਾਬਾਂ ਬਾਰੇ ਪੜ੍ਹ ਲਿਆ ਹੈ। ਹੁਣ ਜਿਹੜਾ ਤਾਂ ਇਸ ਤਰ੍ਹਾਂ ਦੀਆਂ ਗੁਰੂ ਕੀ ਨਿੰਦਿਆ ਵਾਲੀਆਂ ਕਿਤਾਬਾਂ ਛਪਵਾ ਕੇ ਵੰਡੇ, ਉਹ ਤਾਂ ਕਹਾਵੇ ਪੰਥਕ ਅਤੇ ਸਿੰਘ ਸਾਹਿਬਾਨ ਅਤੇ ਜੋ ਇਸ ਦੀ ਵਿਰੋਧਤਾ ਕਰੇ ਅਤੇ ਇਸ ਤਰ੍ਹਾਂ ਦੇ ਕੂੜ ਨੂੰ ਨੰਗਿਆਂ ਕਰੇ, ਉਹ ਹੈ ਪੰਥ ਦੋਖੀ। ਹੈ ਨਾ ਨਿਰੀ ਹਨੇਰ ਗਰਦੀ। ਅਖਬਾਰਾਂ ਵਿੱਚ ਖਾਸ ਕਰਕੇ ਸਪੋਕਸਮੈਨ ਵਿੱਚ ਇਹ ਗੱਲ ਕਈ ਵਾਰ ਛਪ ਚੁੱਕੀ ਹੈ ਕਿ ਕਿਤਾਬ ‘ਗੁਰਬਿਲਾਸ ਪਾਤਸ਼ਾਹੀ ਛੇਵੀਂ’ ਜਿਹੜੀ ਕਿ ਵੇਦਾਂਤੀ ਅਤੇ ਡਾ: ਅਮਰਜੀਤ ਸਿੰਘ ਦੀ ਸੰਪਾਦਿਤ ਕੀਤੀ ਹੋਈ ਹੈ, ਨੂੰ ਛਪਵਾਉਣ ਲਈ, ਆਰ. ਐੱਸ. ਐੱਸ. ਨੇ ਤਿੰਨ ਕਰੋੜ ਰੁਪਈਆ ਦਿੱਤਾ ਸੀ। ਨਿਊਯਾਰਕ ਵਿੱਚ ਤਾਂ ਆਰ. ਐੱਸ. ਐੱਸ. ਦਾ ਮੁਖੀ ਐਲਾਨੀਆਂ ਕਹਿੰਦਾ ਹੈ ਕਿ ਸਾਰੇ ਤਖਤਾਂ ਦੇ ਜਥੇਦਾਰ ਸਾਡੇ ਕੋਲੋਂ ਪੈਸੇ ਲੈਂਦੇ ਹਨ।

ਸਾਰੇ ਗਿਰੇ ਹੋਏ ਮੁਜ਼ਰੂ ਜਿਹੇ ਸਿੱਖ ਅਜਿਹੇ ਪੁਜਾਰੀਆਂ ਨੂੰ ਸਿੰਘ ਸਾਹਿਬਾਨ ਕਹਿੰਦੇ ਹਨ ਅਤੇ ਇਹਨਾ ਦੇ ਅਖੌਤੀ ਹੁਕਮਨਾਮਿਆਂ (ਅਸਲ ਵਿਚ ਪਖੰਡਨਾਮਿਆਂ) ਨੂੰ ਕਹਿੰਦੇ ਹਨ, ਅਕਾਲ ਤਖ਼ਤ ਦਾ ਹੁਕਮ ਜਾਂ ਰੱਬੀ ਹੁਕਮ ਜਿਹੜੇ ਕਿ ਬਹੁਤੇ ਕਰਕੇ ਉਹਨਾਂ ਰਾਜਨੀਤਕਾਂ ਦੇ ਆਖੇ ਲੱਗ ਕੇ ਜਾਰੀ ਕੀਤੇ ਜਾਂਦੇ ਹਨ ਜਿਹਨਾ ਦੀਆਂ ਘਰ ਵਾਲੀਆਂ ਅਤੇ ਖੁਦ ਆਪ ਸਿੱਖ ਧਰਮ ਦੇ ਵਿਰੋਧੀ ਡੇਰਿਆਂ ਤੇ ਹਾਜ਼ਰੀ ਭਰਦੇ ਹਨ। ਅਜਿਹੇ ਲੋਕਾਂ ਬਾਰੇ ਹੀ ਗੁਰਬਾਣੀ ਦਾ ਫੁਰਮਾਨ ਹੈ:

ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ॥ ਬਿਨੁ ਗੁਰ, ਪੰਥੁ ਨ ਸੂਝਈ, ਕਿਤੁ ਬਿਧਿ ਨਿਰਬਹੀਐ॥ ੨॥ ਖੋਟੇ ਕਉ ਖਰਾ ਕਹੈ ਖਰੇ ਸਾਰ ਨ ਜਾਣੈ॥ ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ॥ ੩॥ ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ॥ ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ॥ ੪॥ ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ॥ ਪਰ ਕੀ ਕਉ ਅਪੁਨੀ ਕਹੈ ਅਪੁਨੋ ਨਹੀ ਭਾਇਆ॥ ੫॥ ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ॥ ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ॥ ੬॥ ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ॥ ਪੋਖਰੁ ਨੀਰੁ ਵਿਰੋਲੀਐ ਮਾਖਨੁ ਨਹੀ ਰੀਸੈ॥ ੭॥ ਇਸੁ ਪਦ ਜੋ ਅਰਥਾਇ ਲੇਇ ਸੋ ਗੁਰੂ ਹਮਾਰਾ॥ ਨਾਨਕ ਚੀਨੈ ਆਪ ਕਉ ਸੋ ਅਪਰ ਅਪਾਰਾ॥ ੮॥ ਸਭੁ ਆਪੇ ਆਪਿ ਵਰਤਦਾ ਆਪੇ ਭਰਮਾਇਆ॥ ਗੁਰ ਕਿਰਪਾ ਤੇ ਬੂਝੀਐ ਸਭੁ ਬ੍ਰਹਮੁ ਸਮਾਇਆ॥ ੯॥ ੨॥ ੧੮॥ {ਪੰਨਾ ੨੨੯}

ਸੁਣੋ-ਸੁਣੋ ਲੋਕੋ ਇੱਕ ਅਸਚਰਜ਼ ਤਮਾਸੇ ਵਾਲੀ ਗੱਲ ਧਿਆਨ ਨਾਲ ਸੁਣੋ (ਪੰਡਿਤ ਆਪ ਤਾਂ) ਮਨੋਂ ਅੰਨ੍ਹਾ ਹੈ (ਭਾਵ, ਅਗਿਆਨੀ ਹੈ), (ਪਰ ਆਪਣਾ) ਨਾਮ (ਰਖਵਾਇਆ ਹੋਇਆ ਹੈ) ‘ਸਿਆਣਾ’। ਇਹ ਗੱਲ ਗੁਰੂ ਨਾਨਕ ਸਾਹਿਬ ‘ਆਸਾ ਕੀ ਵਾਰ’ ਵਿੱਚ ਪੰਡਿਤ ਨੂੰ ਕਹਿੰਦੇ ਹਨ ਜਿਹੜੀ ਕਿ ਅੱਜ ਦੇ ਪੰਡਿਤ ਪੁਜਾਰੀਆਂ ਅਤੇ ਸਿੱਖ ਲੀਡਰਾਂ ਤੇ ਪੂਰੀ ਢੁਕਦੀ ਹੈ। ਇਹ ਹੋਰਨਾ ਨੂੰ ਤਾਂ ਧਰਮ ਦੀਆਂ ਮੱਤਾਂ ਦਿੰਦੇ ਹਨ ਪਰ ਆਪ ਕੀ ਕਰਦੇ ਹਨ …. ।

ਸੁਣਿ ਵੇਖਹੁ ਲੋਕਾ ਏਹੁ ਵਿਡਾਣੁ॥ ਮਨਿ ਅੰਧਾ ਨਾਉ ਸੁਜਾਣੁ॥ ੪॥ {ਪੰਨਾ ੪੭੧}

ਮੱਖਣ ਸਿੰਘ ਪੁਰੇਵਾਲ,

ਸਤੰਬਰ 09, 2007.
.