.

ਅੰਮ੍ਰਿਤਸਰ ਦੇ ਇੱਕ ਸੰਤ ਜੀ ਦੀ ‘ਦਲੇਰੀ’

ਗੱਲ ਇਹ ੧੯੫੫ ਦੀਆਂ ਗਰਮੀਆਂ ਦੀ ਹੈ। ਮੇਰੇ ਭਾਈਆ ਜੀ ਸ੍ਰੀ ਦਰਬਾਰ ਸਾਹਿਬ, ਤਰਨ ਤਾਰਨ ਵਿਖੇ ਗ੍ਰੰਥੀ ਦੀ ਸੇਵਾ ਵਿੱਚ ਸਨ। ਅਸੀ ਸਾਰਾ ਪਰਵਾਰ ਵੀ ਨਾਲ਼ ਹੀ ਰਹਿੰਦੇ ਸਾਂ। ਦੁਧ, ਦਹੀਂ, ਲੱਸੀ ਘਿਓ ਤੇ ਬਦਾਮ ਭਾਈਆ ਜੀ ਦੀ ਮਨ ਪਸੰਦ ਖੁਰਾਕ ਹੁੰਦੀ ਸੀ ਜੋ ਕਿ ੨੦੦੬ ਦੇ ਦਸੰਬਰ ਮਹੀਨੇ ਵਿੱਚ ਹੋਏ ਉਹਨਾਂ ਦੇ ਜੀਵਨ ਦੇ ਅੰਤ ਤੱਕ ਰਹੀ; ਥੋਹੜੇ ਜਿਹੇ ਫਰਕ ਨਾਲ਼। ਉਹ ਇਹ ਕਿ ਬਦਾਮਾਂ ਦੀ ਥਾਂ ਫਲਾਂ ਨੇ ਲੈ ਲਈ ਸੀ। ਸ਼ਾਇਦ ਜ਼ਿਆਦਾ ਬਜ਼ੁਰਗ ਹੋ ਜਾਣ ਕਰਕੇ ਦੰਦ ਬਦਾਮਾਂ ਨੂੰ ਪਸੰਦ ਕਰਨੋ ਹਟ ਗਏ ਹੋਣ! ਆਪਣੀ ਅਖੀਰਲੀ ਰਾਤ ਵੀ ਉਹ ਆਪਣਾ ਮਨ ਪਸੰਦ ਤੇ ਤਸੱਲੀਦਾਇਕ ਪ੍ਰਸ਼ਾਦਾ ਛਕ ਕੇ ਤੇ ਸੌਣ ਤੋਂ ਪਹਿਲਾਂ ਦੁਧ ਪੀ ਕੇ ਮੰਜੇ ਤੇ ਬਿਰਾਜੇ ਸਨ। ਸੱਤ ਦਸੰਬਰ ਦੀ ਸੁਭਾ ੧:੩੫ ਤੇ ਛੋਟੇ ਭਰਾ ਸ. ਸੇਵਾ ਸਿੰਘ ਨੇ ਵੇਖਿਆ ਕਿ ਠੀਕ ਤੇ ਆਰਾਮ ਸਹਿਤ ਹਨ। ਤਿੰਨ ਕੁ ਵਜੇ ਜਦੋਂ ਉਸਨੇ ਵੇਖਿਆ ਕਿ ਸਦਾ ਵਾਂਗ ਭਾਈਆ ਜੀ ਬਾਥਰੂਮ ਜਾਣ ਲਈ ਨਹੀ ਉਠੇ। ਉਸਨੇ ਉਠ ਕੇ ਪਤਾ ਕਰਨਾ ਚਾਹਿਆ ਤਾਂ ਵੇਖਿਆ ਕਿ ਭਾਈਆ ਜੀ ਇਸ ਅਸਾਰ ਸੰਸਾਰ ਨੂੰ ਤਿਆਗ ਕੇ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ।

ਮੇਰੇ ਦਾਦੀ ਮਾਂ ਜੀ ਪਿੰਡ ਰਹਿੰਦੇ ਸਨ ਤੇ ਉਹਨਾਂ ਦੀ ਸ਼ੁਰੂ ਤੋਂ ਹੀ ਆਪਣੇ ਪਾਸ ਇੱਕ ਲਵੇਰਾ ਡੰਗਰ ਮਝ ਜਾਂ ਗਾਂ ਰੱਖਣ ਦੀ ਆਦਤ ਸੀ। ਉਹ ਭਾਈਆ ਜੀ ਵਾਸਤੇ ਘਿਓ ਵੀ ਜੋੜਿਆ ਕਰਦੇ ਸਨ। ਮੇਰਾ ਪਿੰਡ ਜਾਣ ਦੀ ਹਰ ਵੇਲ਼ੇ ਤਾਂਘ ਤੇ ਬੱਸ ਦਾ ਅਧਾ ਕਰਾਇਆ ਲੱਗਣ ਦੀ ਸਹੂਲਤ ਕਰਕੇ ਭਾਈਆ ਜੀ ਦੇ ਥਾਂ ਬਹੁਤਾ ਕਰਕੇ ਮੈ ਹੀ ਪਿੰਡ ਜਾਇਆ ਆਇਆ ਕਰਦਾ ਸਾਂ।

ਇਕ ਵਾਰੀਂ ਏਸੇ ਤਰ੍ਹਾਂ ਮੈ ਪਿੰਡੋਂ ਆਪਣੀ ਦਾਦੀ ਮਾਂ ਜੀ ਵੱਲੋਂ ਦਿਤਾ ਗਿਆ ਘਿਓ ਲੈ ਗਿਆ। ਗਰਮੀਆਂ ਦੇ ਦਿਨ ਸਨ। ਮਾਂ ਜੀ ਨੇ ਇੱਕ ਪੇਚਾਂ ਵਾਲ਼ੇ ਢੱਕਣ ਵਾਲ਼ੀ ਗੜਵੀ ਵਿੱਚ ਘਿਓ ਪਾ ਕੇ, ਉਤੋਂ ਗਿੱਲੇ ਆਟੇ ਨਾਲ਼ ਉਸਦੇ ਮੂੰਹ ਦੀਆਂ ਝੀਤਾਂ ਬੰਦ ਕਰ ਦਿਤੀਆਂ ਤਾਂ ਕਿ ਘਿਓ ਗੜਵੀ ਵਿਚੋਂ ਡੁਲ੍ਹੇ ਨਾ। ਪਿੰਡੋਂ ਬੱਸ ਤੇ ਬਹਿ ਕੇ ਪਹਿਲਾਂ ਅੰਮ੍ਰਿਤਸਰ ਆਉਣਾ ਹੁੰਦਾ ਸੀ ਤੇ ਫਿਰ ਓਥੋਂ ਬੱਸ ਫੜ ਕੇ ਅੱਗੇ ਤਰਨ ਤਾਰਨ ਅਪੜੀਦਾ ਸੀ। ਭਾਵੇਂ ਛੋਟਾ ਹੀ ਸਾਂ ਪਰ ਅੰਮ੍ਰਿਤਸਰ ਜਾਈਏ ਤੇ ਪਵਿਤਰ ਸਰੋਵਰ ਵਿੱਚ ਇਸ਼ਨਾਨ ਨਾ ਕਰੀਏ ਤੇ ਸ੍ਰੀ ਦਰਬਾਰ ਸਾਹਿਬ ਮੱਥਾ ਨਾ ਟੇਕੀਏ, ਇਹ ਕਿਵੇਂ ਹੋ ਸਕਦਾ ਹੈ!

ਘਿਓ ਵਾਲ਼ੀ ਗੜਵੀ ਵੀ ਨਾਲ਼ ਚੁੱਕੀ ਫਿਰਨੀ ਸੁਵਿਧਾਜਨਕ ਨਹੀ ਸੀ। ਮੇਰੇ ਛੋਟੇ ਚਾਚਾ ਜੀ ਨੇ ਦੱਸਿਆ ਸੀ ਕਿ ਓਥੇ ਚੌਲ਼ ਮੰਡੀ ਵਾਲੀ ਪ੍ਰਕਰਮਾਂ ਦੀ ਦੱਖਣੀ ਬਾਹੀ ਵਾਲ਼ੀ ਡਿਉੜੀ ਦੇ ਬਾਹਰਵਾਰ ਲਾਇਲਪੁਰੀਆਂ ਦਾ ਡੇਰਾ ਹੈ। ਓਥੇ ਮੇਰਾ ਫਲਾਣਾ ਸਿੰਘ ਜਾਣੂ ਰਹਿੰਦਾ ਹੈ। ਓਥੇ ਆਪਣਾ ਲਟਾ-ਪਟਾ ਰੱਖ ਕੇ ਦਰਬਾਰ ਸਾਹਿਬ ਮੱਥਾ ਟੇਕ ਆਵੀਂ।

ਆਮ ਤੌਰ ਤੇ ਮੈਨੂੰ ਥਾਂਵਾਂ ਲਭਣ ਵਿੱਚ ਕਾਫੀ ਭੱਜ-ਨੱਸ ਪੁੱਛ-ਪੁਛੱਈਆ ਕਰਨਾ ਪੈਂਦਾ ਹੈ ਪਰ ਹੈਰਾਨੀ ਇਸ ਗੱਲ ਦੀ ਕਿ ਇਹ ਡੇਰਾ ਮੈਨੂੰ ਬਿਨਾ ਕਿਸੇ ਪਾਸੋਂ ਪੁੱਛਣ ਪੁਛਾਉਣ ਦੇ ਛੇਤੀ ਹੀ ਲਭ ਪਿਆ। ਚਾਚਾ ਜੀ ਦੇ ਵਾਕਫ਼ ਸੱਜਣ, ਜੋ ਕਿ ਆਪ ਉਸ ਸਮੇ ਓਥੇ ਹਾਜਰ ਨਹੀ ਸਨ, ਦੇ ਕਮਰੇ ਵਿੱਚ ਗੜਵੀ ਆਦਿ ਰੱਖ ਕੇ ਆਪ ਸ੍ਰੀ ਦਰਬਾਰ ਸਾਹਿਬ ਚਲਿਆ ਗਿਆ। ਦਰਸ਼ਨ ਇਸ਼ਨਾਨ ਆਦਿ ਉਪ੍ਰੰਤ ਵਾਪਸ ਆਇਆ ਤਾਂ ਕੀ ਵੇਖਦਾ ਹਾਂ ਕਿ ਇੱਕ ਸੰਤ ਜੀ ਆਸਣ ਉਪਰ ਬਿਰਾਜਮਾਨ ਹਨ ਤੇ ਦੋ ਸੇਵਾਦਾਰ ਉਹਨਾਂ ਦੀਆਂ ਦੋਹਾਂ ਲੱਤਾਂ ਉਤੇ ਅਤੇ ਇੱਕ ਸੇਵਾਦਾਰ ਉਹਨਾਂ ਦੇ ਸਿਰ ਉਤੇ ਘਿਓ ਦੀ ਮਾਲ਼ਸ਼ ਕਰ ਰਹੇ ਹਨ ਤੇ ਕੋਲ਼ ਮੇਰੀ ਘਿਓ ਵਾਲ਼ੀ ਗੜਵੀ ਖੋਹਲ ਕੇ ਰੱਖੀ ਹੋਈ ਹੈ ਤੇ ਉਸ ਵਿਚੋਂ ਲੱਪਾਂ ਭਰ ਭਰ ਕੇ ਸੰਤ ਜੀ ਦੇ ਸਰੀਰ ਉਪਰ ਇਉਂ ਮਲ਼ੀ ਜਾ ਰਹੇ ਹਨ ਜਿਵੇਂ ਚੋਰਾਂ ਦੇ ਕੱਪੜੇ ਤੇ ਡਾਂਗਾਂ ਦੇ ਗਜ ਸਮਝ ਕੇ ਕਾਹਲ਼ੀ ਵਰਤਾਉਣ ਦੀ ਮਜਬੂਰੀ ਹੋਵੇ। ਇਹ ਦ੍ਰਿਸ਼, ਜੋ ਮੇਰੇ ਵਾਸਤੇ ਭਿਆਨਤਾ ਤੋਂ ਘੱਟ ਨਹੀ ਸੀ, ਵੇਖ ਕੇ ਮਨ ਬੜਾ ਹੀ ਖਰਾਬ ਹੋਇਆ। ਆਪਣੇ ਡਰੂ ਜਿਹੇ ਸੁਭਾ ਕਾਰਨ ਉਹਨਾਂ ਨੂੰ ਤਾਂ ਮੈ ਕੁੱਝ ਨਾ ਆਖ ਸਕਿਆ ਪਰ ਉਲਰ ਕੇ ਆਪਣੀ ਗੜਵੀ ਚੁੱਕ ਲਈ। ਇਹ ਵੇਖ ਕੇ ਸੰਤ ਜੀ ਨੇ ਸ਼ਰਮਿੰਦੇ ਹੋਣ ਦੀ ਥਾਂ ਮੈਨੂੰ ਆਖਿਆ, “ਘਿਓ ਵੇਚਣਾ ਏਂ?” ਮੈ ਕੀ ਆਖਦਾ! ਨੀਵੀਂ ਪਾਈ ਹੀ “ਨਹੀ” ਆਖ ਕੇ ਮੈ ਗੜਵੀ ਚੁੱਕ ਕੇ ਡੇਰੇ ਤੋਂ ਬਾਹਰ ਆ ਗਿਆ। ਅੱਜ ਤੱਕ ਮੈਨੂੰ ਉਹ ਤਸਵੀਰ ਤੇ ਉਹਨਾਂ ਸੰਤਾਂ ਦੀ ਇਹ ਹਿਮਾਕਤ ਭਰੀ ਕੋਝੀ ਕਰਤੂਤ ਨਹੀ ਭੁੱਲਦੀ। ਵਿਚਾਰ ਆਉਂਦਾ ਹੈ ਕਿ ਕੀ ਸਾਨੂੰ ਧਰਮ, ਗੁਰਬਾਣੀ, ਸਦਾਚਾਰ, ਮਹਾਂ ਪੁਰਸ਼ਾਂ ਦੀ ਸਿੱਖਿਆ ਏਹੋ ਕੁੱਝ ਸਿਖਾਉਂਦੀ ਹੈ ਕਿ ਅਸੀਂ ਕਿਸੇ ਦੀ ਅਮਾਨਤ ਦਾ ਇਸ ਤਰ੍ਹਾਂ ਦੁਰਉਪਯੋਗ ਕਰੀਏ! ਇਹ ਤਾਂ ਇੱਕ ਗਰੀਬ ਗ੍ਰੰਥੀ ਦਾ ਘਿਓ ਸੀ ਜਿਸਨੂੰ ਉਸਦੀ ਪੇਂਡੂ ਮਾਂ ਨੇ ਤੁਪਕਾ ਤੁਪਕਾ ਕਰਕੇ ਜੋੜਿਆ ਸੀ ਤਾਂ ਕਿ ਉਸਦੇ ਪੁੱਤ ਤੇ ਪੋਤਰਿਆਂ ਦੇ ਮੂੰਹ ਪਵੇ ਤੇ ਇਹ ਸੰਤ ਜੀ, ਇਸ ਹੱਥ ਆਈ ਵਸਤੂ ਦੀ ਇਸ ਤਰ੍ਹਾਂ ਬੇਦਰੇਗੀ ਨਾਲ਼ ਬਰਬਾਦੀ ਕਰ ਰਹੇ ਸਨ। ਜੇਕਰ ਕਿਸੇ ਦੀ ਧੀ ਭੈਣ ਇਸ ਤਰ੍ਹਾਂ ਇਹਨਾਂ ਦੇ ਹੱਥ ਆ ਜਾਵੇ ਤਾਂ ਉਸ ਨਾਲ਼ ਕੀ ਇਹ ਘੱਟ ਗੁਜ਼ਾਰਨਗੇ! ਮੇਰਾ ਤਾਂ ਖਿਆਲ ਹੈ ਕਿ ਮੇਰੇ ਘਿਓ ਵਾਲ਼ੀ ਗੜਵੀ ਨਾਲੋਂ ਕਿਸੇ ਤਰ੍ਹਾਂ ਵੀ ਨਰਮੀ ਵਾਲਾ ਵਰਤਾ ਉਸ ਨਾਲ਼ ਇਹ ਡੇਰੇਦਾਰ ਨਹੀ ਕਰਨ ਲੱਗੇ। ਆਏ ਦਿਨ ਡੇਰੇਦਾਰਾਂ ਦੇ ਅਜਿਹੇ ਦਲੇਰੀ ਭਰੇ ‘ਕਾਰਨਾਮੇ’ ਪ੍ਰੈਸ ਦਾ ਸ਼ਿੰਗਾਰ ਬਣ ਹੀ ਰਹੇ ਹਨ।

ਮਾੜੀ ਗੱਲ ਤਾਂ ਦੱਸ ਦਿਤੀ ਜੇ ਚੰਗੀ ਨਾ ਦੱਸਾਂ ਤਾਂ ਅਕ੍ਰਿਤਘਣਤਾ ਹੋਵੇਗੀ। ਨਵੰਬਰ ੧੯੭੮ ਦੀ ਗੱਲ ਹੈ ਕਿ ਮੈ ਅਮ੍ਰੀਕਾ ਦੀ ਸਟੇਟ ਕੈਲੇਫੋਰਨੀਆ ਦੇ ਟਾਊਨ ਯੂਬਾ ਸਿਟੀ ਵਿੱਚ ਠਹਿਰਿਆ ਹੋਇਆ ਸਾਂ। ਇਸ ਗੁਰਦੁਆਰਾ ਸਾਹਿਬ ਵਿੱਚ ਤਿੰਨ ਨੌਜਵਾਨ: ਭਾਈ ਬਲਦੇਵ ਸਿੰਘ, ਭਾਈ ਸੁਖਜੀਵਨ ਸਿੰਘ ਤੇ ਭਾਈ ਹਰਦੇਵ ਸਿੰਘ ਗ੍ਰੰਥੀ ਦੀ ਸੇਵਾ ਕਰਦੇ ਸਨ। ਇੱਕ ਡੇਰੇ ਦੇ ਸੰਤ ਤੋਂ ਚੰਡੇ ਹੋਏ ਹਰ ਤਰ੍ਹਾਂ ਦੀ ਸੇਵਾ ਨੂੰ ਘੁਕਾਈ ਫਿਰਦੇ ਸਨ। ਕਿਸੇ ਨੂੰ ਕਿਸੇ ਕਮੀ ਦਾ ਆਭਾਸ ਨਹੀ ਸਨ ਹੋਣ ਦਿੰਦੇ; ਨਾ ਸੰਗਤਾਂ ਨੂੰ ਨਾ ਪ੍ਰਬੰਧਕਾਂ ਨੂੰ ਤੇ ਨਾ ਹੀ ਬਾਹਰੋਂ ਆਉਣ ਵਾਲੇ ਮੇਰੇ ਵਰਗਿਆਂ ਨੂੰ। ਪਰ ਗੁਣ ਹੀ ਉਹਨਾਂ ਦੇ ਦੁਸ਼ਮਣ ਬਣੇ ਹੋਏ ਸਨ। ਕਮੇਟੀ ਵਾਲੇ ਉਹਨਾਂ ਨੂੰ ਪੱਕਾ ਨਹੀ ਸਨ ਕਰਾਉਂਦੇ ਇਸ ਲਈ ਕਿ ਪੱਕੇ ਹੋ ਕੇ ਇਹਨਾਂ ਨੇ ਗੁਰਦੁਆਰਾ ਛੱਡ ਜਾਣਾ ਹੈ ਤੇ ਕਮੇਟੀ ਨੂੰ ਮੁੜ ਅਜਿਹੇ ਬੰਦੇ ਨਹੀ ਲਭਣੇ। ਓਥੋਂ ਦੇ ਧਨਾਢ ਤੇ ਬਾਰਸੂਖ਼ ਸਿਖ, ਸ. ਦੀਦਾਰ ਸਿੰਘ ਬੈਂਸ ਨੂੰ ਮੈ ਆਖਿਆ, “ਕਿਉਂ ਗਰੀਬਾਂ ਦੇ ਲਹੂ ਨਹਾ ਰਹੋ ਹੋ! ਵਿਚਾਰਿਆਂ ਦੀ ਘਰ ਗ੍ਰਹਿਸਤੀ ਵਸਾਉਣ ਵਾਲ਼ੀ ਉਮਰ ਲੰਘਦੀ ਜਾ ਰਹੀ ਹੈ। ਤੁਸੀਂ ਇਉਂ ਕਰੋ ਕਿ ਇੱਕ ਨੂੰ ਪੱਕਾ ਕਰਵਾ ਕੇ ਸਗੋਂ ਖ਼ੁਦ ਆਖ ਦਿਓ ਕਿ ਉਹ ਬਾਹਰ ਜਾ ਕੇ ਉਪਜੀਵਕਾ ਕਮਾਏ ਤੇ ਇਸ ਦੌਰਾਨ ਇੱਕ ਹੋਰ ਨਵਾਂ ਵਿਅਕਤੀ ਦੇਸੋਂ ਮੰਗਵਾ ਲਵੋ। ਉਸਨੂੰ ਦੂਜੇ ਦੋਵੇਂ ਸਭ ਕੁੱਝ ਸਿਖਾ ਦੇਣ ਤੇ ਫਿਰ ਦੂਜੇ ਨੂੰ ਤੇ ਫਿਰ ਤੀਜੇ ਨੂੰ ਵਾਰੋ ਵਾਰੀ ਪੱਕੇ ਕਰਵਾ ਦਿਓ। ਉਹਨਾਂ ਨੇ ਨੀਤੀਵਾਨਾਂ ਵਾਂਗ, “ਹਾਂ ਜੀ ਹਾਂ ਜੀ ਕਰਾਂਗੇ ਕਰਾਂਗੇ।” ਆਖ ਕੇ ਮੇਰੇ ਤੋਂ ਆਪਣਾ ਖਹਿੜਾ ਛੁਡਾ ਲਿਆ। ਪੰਚਾਂ ਦਾ ਕਿਹਾ ਸਿਰ ਮੱਥੇ ਪਰ ਪ੍ਰਨਾਲ਼ਾ ਓਥੇ ਦਾ ਓਥੇ ਹੀ ਰੱਖਿਆ। ਬੜੇ ਚਿਰ ਪਿੱਛੋਂ ਉਹ ਤਿੰਨੇ ਵਿਚਾਰੇ ਆਪਣੀ ਹਿੰਮਤ ਨਾਲ਼ ਹੀ ਪੱਕੇ ਹੋਏ। ਅੱਜ ਕਲ੍ਹ ਵੱਡਾ ਸ. ਬਲਦੇਵ ਸਿੰਘ ਬਰਾੜ ਤਾਂ ਫਰਿਜ਼ਨੋ ਵਿਖੇ ਆਪਣਾ ਕਾਰੋਬਾਰ ਕਰ ਰਿਹਾ ਹੈ। ਵਿਚਕਾਰਲਾ ਸ. ਸੁਖਜੀਵਨ ਸਿੰਘ ਵੀ ਨੇੜੇ ਹੀ ਇੱਕ ਟਾਊਨ ਵਿੱਚ ਪਰਵਾਰ ਸਮੇਤ ਰਹਿ ਰਿਹਾ ਹੈ। ਛੋਟਾ ਤੇ ਤੀਜਾ ਹਰਦੇਵ ਸਿੰਘ ਰੱਬੋਂ ਗਿਫਟਿਡ ਗਵੱਈਆ ਹੋਣ ਕਰਕੇ ਗੋਰਿਆਂ ਦੀ ਕਿਸੇ ਸੰਗੀਤ ਪਾਰਟੀ ਨਾਲ਼ ਰਲ਼ਕੇ ਸਿੰਗਰ ਵਜੋਂ ਨਾਂ ਕਮਾ ਰਿਹਾ ਹੈ। ਗੱਲ ਮੈ ਦੱਸਣ ਲੱਗਾ ਸੀ ਇਮਾਨਦਾਰੀ ਦੀ। ਸ. ਦੀਦਾਰ ਸਿੰਘ ਨੇ ਕਿਹਾ ਕਿ ਗਿਆਨੀ ਜੀ ਫ੍ਰੀਮੌਂਟ ਵਿਖੇ ਗੁਰੂ ਨਾਨਕ ਸਾਹਿਬ ਜੀ ਦੇ ਗੁਰਪੁਰਬ ਤੇ ਜਾਓ। ਸਤਿ ਬਚਨ ਆਖ ਕੇ ਮੈ ਕਿਸੇ ਓਧਰ ਜਾਣ ਵਾਲ਼ੇ ਜੋੜੇ ਦੀ ਕਾਰ ਵਿੱਚ ਲਿਫਟ ਲੈ ਕੇ ਤੁਰ ਪਿਆ। ਰਾਹ ਵਿੱਚ ਜਾ ਕੇ ਚੇਤਾ ਆਇਆ ਕਿ ਮੈ ਤਾਂ ਆਪਣਾ ਸਾਰਾ ਕੁੱਝ ਹੀ ਰਾਤ ਵਾਲ਼ੇ ਬਿਸਤਰੇ ਦੇ ਸਿਰਹਾਣੇ ਥੱਲੇ ਹੀ ਭੁੱਲ ਆਇਆ ਹਾਂ। ਟਿਕਟ, ਪਾਸਪੋਰਟ, ਟਰੈਵਲਰਜ਼ ਚੈਕ, ਨਕਦ ਪੈਸੇ, ਬ੍ਰਿਟਿਸ਼ ਪੌਂਡ, ਕੈਨੇਡੀਅਨ ਡਾਲਰਜ਼, ਅਮ੍ਰੀਕਨ ਡਾਲਰਜ਼ ਕੈਸ਼; ਸਾਰਾ ਕੁੱਝ ਹੀ। ਇਉਂ ਸਮਝੋ ਕਿ ਆਪਣੀ ਜੀਵਨ ਬੂਟੀ, ਜਿਸ ਦੇ ਆਸਰੇ ਮੈ ਪਰਦੇਸਾਂ ਵਿੱਚ ਤੁਰਿਆ ਫਿਰਦਾ ਸਾਂ ਓਥੇ ਹੀ ਭੁੱਲ ਆਇਆ। ਓਦੋਂ ਦਾਹੜੀ ਤੇ ਮੂੰਹ ਮੇਰੇ ਦੋਵੇਂ ਇਕੋ ਰੰਗ ਦੇ ਹੋਣ ਕਰਕੇ ਹੁਣ ਨਾਲ਼ੋਂ ਖਾਸਾ ਦਲੇਰ ਵੀ ਸਾਂ। ਲੋੜੋਂ ਵਧ ਫਿਕਰ ਤਾਂ ਨਾ ਕੀਤਾ ਪਰ ਕਾਰ ਰੁਕਵਾ ਕੇ ਸੜਕ ਤੋਂ ਫੋਨ ਕਰਕੇ ਸ. ਬਲਦੇਵ ਸਿੰਘ ਜੀ ਨੂੰ ਦੱਸ ਦਿਤਾ ਕਿ ਓਥੋਂ ਇਹ ਚੀਜਾਂ ਚੁੱਕ ਕੇ ਸੰਭਾਲ ਲਵੇ। ਇਹ ਵੀ ਦੱਸ ਦਿਤਾ ਕਿ ਏਨੇ ਪੈਸੇ ਹਨ। ਵਾਪਸੀ ਤੇ ਉਸਨੇ ਪੁੱਛਿਆ, “ਗਿਆਨੀ ਜੀ ਕਿੰਨੇ ਪੈਸੇ ਸਨ?” ਮੇਰੇ ਦੱਸਣ ਤੇ ਉਸਨੇ ਜੋ ਅਸਲੀ ਰਕਮ ਦੱਸ ਕੇ ਮੈਨੂੰ ਦਿਤੀ ਉਹ ਕੁੱਝ ਸੌ ਡਾਲਰ ਵਧ ਸੀ। ਉਹ ਚਾਹੁੰਦਾ ਤਾਂ ਸਾਰੀ ਰਕਮ ਵੀ ਦੱਬ ਕੇ ਆਖ ਸਕਦਾ ਸੀ ਕਿ ਉਸਨੂੰ ਸਿਰਹਾਣੇ ਥੱਲਿਉਂ ਕੁੱਝ ਨਹੀ ਮਿਲ਼ਿਆ। ਘੱਟ ਤੋਂ ਘੱਟ ਜਿੰਨੇ ਪੈਸਿਆਂ ਦਾ ਫਰਕ ਸੀ ਓਨੇ ਤਾਂ ਉਹ ਦੱਬ ਹੀ ਸਕਦਾ ਸੀ ਪਰ ਉਸਨੇ ਪੂਰੀ ਇਮਾਨਦਾਰੀ ਦਾ ਸਬੂਤ ਦਿਤਾ। ਇਹ ਸੀ ਅਮ੍ਰੀਕਾ ਵਿੱਚ ਰਹਿ ਰਿਹਾ ਜਵਾਨ ਮੁੰਡਾ ਤੇ ਉਹ ਸ੍ਰੀ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਬੈਠਾ ਇੱਕ ਬੁਢਾ ਸੰਤ। ਕਿੰਨਾ ਫਰਕ ਦੋਹਾਂ ਦੇ ਇਖ਼ਲਾਕ ਵਿਚ!

ਫ੍ਰੀਮੌਂਟ ਜੋ ਕਿ ਵਡੇ ਸ਼ਹਿਰ ਸਾਨ ਫ੍ਰਾਂਸਿਸਕੋ ਦੇ ਨੇੜੇ ਪੈਂਦਾ ਹੈ, ਜਾਕੇ ਵੇਖਣ ਦੀ ਬੜੀ ਤਾਂਘ ਸੀ। ਏਥੇ ਦੇਸ਼ ਨੂੰ ਹਥਿਆਰਬੰਦ ਇਨਕਲਾਬ ਲਿਆ ਕੇ ਆਜ਼ਾਦ ਕਰਵਾਉਣ ਲਈ ਗਦਰੀ ਬਾਬਿਆਂ ਦੀ ਜਥੇਬੰਦੀ ਗਦਰ ਪਾਰਟੀ ਦਾ ਹੈਡ ਕੁਆਰਟਰ ਹੁੰਦਾ ਸੀ ਏਥੋਂ ਹੀ ਸ. ਕਰਤਾਰ ਸਿੰਘ ਸਰਾਭਾ ਗ਼ਦਰ ਨਾਂ ਦੀ ਅਖ਼ਬਾਰ ਕਢ ਕੇ ਦੁਨੀਆ ਭਰ ਵਿੱਚ ਵਸ ਰਹੇ ਹਿੰਦੁਸਤਾਨੀਆਂ ਨੂੰ ਆਜ਼ਾਦੀ ਦੀ ਲਾੜਾਈ ਲੜਨ ਵਾਸਤੇ ਉਤਸ਼ਾਹਤ ਕਰਿਆ ਕਰਦਾ ਸੀ। ਉਹਨਾਂ ਗ਼ਦਰੀ ਦੇਸ਼ ਭਗਤਾਂ ਦੇ ਸਥਾਨ ਦੀ ਯਾਤਰਾ ਕਰਨ ਦੀ ਦਿਲ ਵਿੱਚ ਤਮੰਨਾ ਸੀ ਤੇ ਸ. ਦੀਦਾਰ ਸਿੰਘ ਵਲੋਂ ਇਹ ਸੁਨਹਿਰੀ ਅਵਸਰ ਪ੍ਰਾਪਤ ਹੋਇਆ ਸਮਝ ਕੇ ਮੈ ਝੱਟ ਓਥੇ ਜਾਣ ਲਈ ਤਿਆਰ ਹੋ ਗਿਆ; ਵੈਸੇ ਵੀ ਇੱਕ ਦਿਨ ਓਥੇ ਜਾਣ ਦਾ ਵਿਚਾਰ ਹੈ ਹੀ ਸੀ।

ਉਸ ਥਾਂ ਦੀ ਵਾਪਰਨਾ ਬਾਰੇ ਵੀ ਦਸੱਦਾ ਚੱਲਾਂ। ਓਹਨੀਂ ਦਿਨੀਂ ਫਰੀ ਮੌਂਟ ਵਿੱਚ ਗੁਰਦੁਆਰਾ ਕੋਈ ਨਹੀ ਸੀ ਹੁੰਦਾ। ਅੱਜ ਕਲ੍ਹ ਤਾਂ ਗੁਰੂ ਦੀ ਕਿਰਪਾ ਨਾਲ਼ ਰੌਣਕਾਂ ਹੀ ਰੌਣਕਾਂ ਨੇ। ਇੱਕ ਸਕੂਲ਼ ਵਿੱਚ ਦੀਵਾਨ ਸਜਿਆ ਸੀ। ਮੈ ਵੀ ਪ੍ਰਬੰਧਕਾਂ ਨੂੰ ਆਪਣੇ ਬਾਰੇ ਜਾਣਕਾਰੀ ਦੇ ਕੇ ਸੰਗਤ ਵਿੱਚ ਬੈਠ ਗਿਆ। ਸੰਗਤ ਬਹੁਤ ਬੜ੍ਹੇ ਲਿਖੇ ਸੱਜਣਾਂ ਦੀ ਦਿਖਾਈ ਦੇ ਰਹੀ ਸੀ। ਇਹ ਦੱਸ ਦਿਤਾ ਕਿ ਮੈਨੂੰ ਸ. ਦੀਦਾਰ ਸਿੰਘ ਬੈਂਸ ਹੋਰਾਂ ਨੇ ਗੁਰਪੁਰਬ ਦੇ ਦੀਵਾਨ ਵਿੱਚ ਹਾਜਰੀ ਭਰਨ ਲਈ ਭੇਜਿਆ ਹੈ। ਸਭ ਤੋਂ ਅਖੀਰ ਤੇ, ਜਦੋਂ ਸੰਗਤ ਕਾਹਲ਼ੀ ਪੈ ਚੁੱਕੀ ਸੀ, ਸਟੇਜ ਸੈਕਟਰੀ ਬੀਬੀ ਨੇ ਆਖਿਆ, “ਹੁਣ ਗਿਆਨੀ ਸੰਤੋਖ ਸਿੰਘ ਜੀ ਪੰਜ ਮਿੰਟ ਵਾਸਤੇ ਕੁੱਝ ਬੋਲਣਗੇ।” ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਿੰਨਾਂ ਸਮਾ ਪ੍ਰਬੰਧਕ ਬਖ਼ਸ਼ਣ ਉਸ ਦੇ ਅੰਦਰ ਅੰਦਰ ਹੀ ਗੱਲ ਸਮਾਪਤ ਕੀਤੀ ਜਾਵੇ। ਬਚਪਨ ਵਿੱਚ ਕਿਤੇ ਪ੍ਰਿੰਸੀਪਲ ਗੰਗਾ ਸਿੰਘ ਜੀ ਦੀ ਲਿਖਤ ਪੜ੍ਹ ਬੈਠਾ ਕਿ ਸ੍ਰੋਤੇ ਅਜੇ ਸੁਣਨ ਦੀ ਇੱਛ ਰੱਖਦੇ ਹੀ ਹੋਣ ਤਾਂ ਭਾਸ਼ਨ ਮੁੱਕ ਜਾਣਾ ਚਾਹੀਦਾ ਹੈ। ਸ੍ਰੋਤਿਆਂ ਅੰਦਰ ਵਿੱਚ ਵਿਚਾਰ ਨਹੀ ਆਉਣ ਚਾਹੀਦਾ ਕਿ ਇਹ ਭਾਈ ਹੁਣ ਬੱਸ ਵੀ ਕਰੇ! ਜਦੋਂ ਮੇਰੇ ਅੰਦਰ ਕਿਸੇ ਦਾ ਲੰਮਾ ਲੈਕਚਰ ਸੁਣ ਕੇ ਵਿਚਾਰ ਉਠਦੇ ਹਨ ਕਿ ਇਹ ਹੁਣ ਬੱਸ ਕਿਉਂ ਨਹੀ ਕਰਦਾ ਤਾਂ ਮੇਰੇ ਬਾਰੇ ਵੀ ਸ੍ਰੋਤੇ ਇੰਜ ਹੀ ਸੋਚ ਸਕਦੇ ਹਨ ਪਰ ਜਿਨ੍ਹਾ ਵਿਦਵਾਨਾਂ ਦਾ ਪਰਵਾਰਕ ਗੁਜ਼ਾਰਾ ਇਸ ਸੇਵਾ ਤੋਂ ਹੀ ਚੱਲਦਾ ਹੋਵੇ, ਉਹਨਾਂ ਲਈ ਇਹ ਅਸੂਲ ਬਿਲਕੁਲ ਘਾਟੇ ਵਾਲ਼ਾ ਸੌਦਾ ਹੈ। ਇਸ ਗੱਲ ਦੀ ਜਾਣਕਾਰੀ ਮੈਨੂੰ ੧੯੭੭ ਵਿੱਚ ਲੰਡਨ ਅੰਦਰ ਮੇਰੇ ਇੱਕ ਸਾਥੀ ਨੇ ਦਿਤੀ। ਇਹ ਬਿਲਕੁਲ ਸਹੀ ਸੀ ਤੇ ਇਸ ਉਪਰ ਅਮਲ ਕਰਨ ਦੀ ਵੀ ਮੈ ਠਾਣੀ ਪਰ ਅੱਜ ਤੱਕ ਕਰ ਨਹੀ ਸਕਿਆ।

ਓਦੋਂ ਮੈ ਆਪਣੇ ਗੁੱਟ ਨਾਲ਼ ਘੜੀ ਬੰਨਂ ਕੇ ਰੱਖਦਾ ਹੁੰਦਾ ਸੀ। ਉਹ ਲਾਹ ਕੇ ਮੈ ਹੱਥ ਵਿੱਚ ਫੜ ਲਈ ਤੇ ਨਿਗਾਹ ਉਸ ਤੇ ਟਿਕਾ ਕੇ ਬੋਲਣਾ ਸ਼ੁਰੂ ਕਰ ਦਿਤਾ। ਪੂਰੇ ਸਾਢੇ ਚਾਰ ਮਿੰਟਾਂ ਬਾਅਦ ਮੈ ਫ਼ਤਿਹ ਬੁਲਾ ਕੇ ਬੈਠ ਗਿਆ। ਦੀਵਾਨ ਦੀ ਸਮਾਪਤੀ ਤੇ ਘਰਾਂ ਤੋਂ ਪਕਾ ਕੇ ਲਿਆਂਦਾ ਲੰਗਰ ਵਰਤਿਆ। ਸੰਗਤਾਂ ਨੇ ਲਾਈਨ ਵਿੱਚ ਲੱਗ ਕੇ ਲੰਗਰ ਪ੍ਰਾਪਤ ਕੀਤਾ ਤੇ ਆਪੋ ਆਪਣੀ ਸਹੂਲਤ ਅਨੁਸਾਰ ਬੈਠ ਜਾਂ ਖਲੋ ਕੇ ਛਕਣਾ ਸ਼ੁਰੂ ਕਰ ਦਿਤਾ। ਜਦੋਂ ਮੇਰੇ ਵਾਲ਼ੀ ਲਾਈਨ ਲੰਗਰ ਵਰਤਾਉਣ ਵਾਲ਼ਿਆਂ ਦੇ ਨੇੜੇ ਪੁੱਜੀ ਤਾਂ ਪ੍ਰਸ਼ਾਦਿਆਂ ਵਿੱਚ ਕਮੀ ਮਹਿਸੂਸ ਕਰਕੇ ਵਰਤਾਵਿਆਂ ਨੇ ਦੋ ਦੀ ਥਾਂ ਇੱਕ ਇੱਕ ਫੁਲਕਾ ਵਰਤਤਉਣਾ ਸ਼ੁਰੂ ਕਰ ਦਿਤਾ। ਮੈ ਵੀ ਇੱਕ ਫੁਲਕਾ ਲੈ ਕੇ ਲਾਈਨ ਤੋਂ ਲਾਂਭੇ ਹੋ ਗਿਆ। ਲਾਈਨ ਵਿੱਚ ਲੱਗੇ ਹੋਏ ਸਮੇ ਦੌਰਾਨ ਮੇਰੇ ਪਿੱਛੇ ਇੱਕ ਮੋਨਾ ਨੌਜਵਾਨ ਵੀ ਲਾਈਨ ਵਿੱਚ ਲੱਗ ਹੋਇਆ ਸੀ। ਉਹ ਹੌਲ਼ੀ ਹੌਲ਼ੀ ਮੈਨੂੰ ਠਕੋਰ ਠਕੋਰ ਕੇ ਮੇਰੇ ਤੋਂ ਮੇਰੇ ਬਾਰੇ ਜਾਣਕਾਰੀ ਲੈਂਦਾ ਰਿਹਾ। ਮੈ ਵੀ ਉਧੜੀ ਗਿਆ। ਉਸਦੀ ਜਾਣਕਾਰੀ ਦਾ ਸਾਰ ਇਹ ਸੀ ਕਿ ਕੀ ਮੈ ਕਿਸੇ ਵੱਡੀ ਜਥੇਬੰਦੀ ਦਾ ਪੇਡ ਨੌਕਰ ਹਾਂ ਤੇ ਮੈਨੂੰ ਕਿਸੇ ਨੇ ਏਥੇ ਪ੍ਰਚਾਰ ਲਈ ਭੇਜਿਆ ਹੈ ਤੇ ਮੇਰਾ ਖ਼ਰਚ ਆਦਿ ਉਹ ਝੱਲ ਰਹੀ ਹੈ! ਜਾਂ ਜੇ ਨਹੀ ਤਾਂ ਇਹ ਮੇਰਾ ਸਾਰਾ ਖ਼ਰਚ ਕਿਥੋਂ ਆਉਂਦਾ ਹੈ। ਮੇਰੇ ਸੱਚੋ ਸੱਚੱ ਦੱਸਣ ਤੇ ਉਹ ਚੁੱਪ ਕਰ ਗਿਆ। ਬਾਅਦ ਵਿੱਚ ਪਤਾ ਲੱਗਾ ਕਿ ਮੇਰੇ ਜਵਾਬਾਂ ਨੂੰ ਉਸਨੂੰ ਮੇਰੇ ਜਵਾਬਾਂ ਦੀ ਸੱਚਾਈ ਦਾ ਯਕੀਨ ਆ ਗਿਆ ਸੀ।

ਲੰਗਰ ਛਕ ਕੇ ਵਿਦਾ ਹੋਣ ਸਮੇ “ਚੰਗਾ ਗਿਆਨੀ ਜੀ” ਆਖ ਕੇ ਮੇਰੇ ਨਾਲ਼ ਆਪਣੇ ਦੋਵੇਂ ਹੱਥ ਮਿਲਾਏ ਤੇ ਵਿੱਚ ਇੱਕ ਕਾਗਜ਼ ਸੀ। ਵੇਖਿਆ ਤਾਂ ਉਹ ਬੈਂਕ ਦਾ ਚੈਕ ਸੀ ਜਿਸ ਉਪਰ ਇਕਵੰਜਾ ਡਾਲਰ ਕੈਸ਼ ਲਿਖਿਆ ਹੋਇਆ ਸੀ। ਮੇਰੇ ਖ਼ੁਸੀ ਭਰੀ ਹੈਰਾਨੀ ਦੇ ਪ੍ਰਗਟਾਵੇ ਦੇ ਜਵਾਬ ਵਿੱਚ ਉਸਨੇ ਆਖਿਆ, “ਇਹ ਤੁਹਾਡੇ ਖ਼ਰਚਾਂ ਵਿੱਚ ਸ਼ਾਮਲ ਕਰਨ ਲਈ ਮੇਰਾ ਹਿੱਸਾ।”

ਦੀਵਾਨ ਦੌਰਾਨ ਹੀ ਇੱਕ ਚਿੱਟੀ ਦਾਹੜੀ ਤੇ ਨੀਲ਼ੀ ਪੱਗ ਵਾਲ਼ੇ ਨੂੰ ਸੰਗਤ ਵਿੱਚ ਬੈਠੇ ਵੇਖ ਕੇ ਉਹਨਾਂ ਕੋਲ਼ ਜਾ ਕੇ ਮੈ ਆਖ ਦਿਤਾ, “ਸਿੰਘ ਜੀ, ਰਾਤ ਮੈ ਤੁਹਾਡੇ ਪਾਸ ਰਹਾਂਗਾ।” ਉਸਨੇ ਖੁਸ਼ੀ ਨਾਲ਼ ਸਵੀਕਾਰ ਕਰ ਲਿਆ। ਬਾਅਦ ਵਿੱਚ ਪਤਾ ਲੱਗਾ ਕਿ ਉਹ ਸਿੰਘ ਜੀ ਪ੍ਰਸਿਧ ਸਿੱਖ ਵਿਦਵਾਨ ਗਿ. ਗੁਰਨਾਮ ਸਿੰਘ ਜੀ ਦੇ ਛੋਟੇ ਭਰਾ ਜੀ ਸਨ ਜਿਨ੍ਹਾਂ ਨਾਲ਼ ਲੰਡਨ ਵਿੱਚ ਡੇਢ ਕੁ ਸਾਲ ਪਹਿਲਾਂ ਮੇਰਾ ਮੇਲ਼ ਹੋਇਆ ਸੀ।

ਪਰ ਇਸ ਦੌਰਾਨ ਹੀ ਮੈਨੂੰ ਇੱਕ ਹੋਰ ਨੀਲੀ ਪੱਗ ਵਾਲ਼ੇ ਨੌਜਵਾਨ ਦੇ ਦਰਸ਼ਨ ਹੋ ਗਏ ਜੋ ਮੈਨੂੰ ਪਹਿਲਾਂ ਯੂਬਾ ਸਿਟੀ ਵਿੱਚ ਮਿਲ਼ ਚੁਕਿਆ ਸੀ। ਉਸਨੇ ਆਪਣੇ ਘਰ ਰਾਤ ਰੱਖਣ ਲਈ ਜੋਰ ਦਿਤਾ ਤਾਂ ਮੈ ਉਸ ਸਿੰਘ ਜੀ ਪਾਸੋਂ ਜਾ ਕੇ ਧੰਨਵਾਦ ਸਹਿਤ ਮੁਆਫ਼ੀ ਮੰਗ ਕੇ ਉਸ ਨੌਜਵਾਨ ਨਾਲ਼ ਤੁਰ ਪਿਆ। “ਜਿਨ੍ਹੇ ਲਾਈ ਗੱਲੀਂ। ਉਹਦੇ ਨਾਲ ਤੁਰ ਚੱਲੀ।” ਵਾਲ਼ੀ ਮੇਰੀ ਗੱਲ ਹੈ। ਇਸ ਨੌਜਵਾਨ ਦਾ ਘਰ ਸੈਨ ਹੋਜ਼ੇ ਸ਼ਹਿਰ ਵਿੱਚ ਸੀ। ਘਰ ਜਾ ਕੇ ਪਤਾ ਲੱਗਾ ਕਿ ਉਹ ਆਪ ਤਾਂ ਅਕਾਲੀ ਵਿਚਾਰਾਂ ਦਾ ਅੰਮ੍ਰਿਤਧਾਰੀ ਸਿੰਘ ਹੈ ਪਰ ਉਸਦੇ ਸਹੁਰੇ ਰਾਧਾ ਸੁਆਮੀ ਹਨ ਤੇ ਉਹਨਾਂ ਨੂੰ ਬਹੁਤਾ ਚੰਗਾ ਤਾਂ ਨਾ ਲੱਗਾ ਕਿ ਇੱਕ ਹੋਰ ਅਕਾਲੀ ਉਹਨਾਂ ਦੇ ਘਰ ਰਾਤ ਰਹਿ ਲਵੇ ਪਰ ਮਾੜੀ ਚੰਗੀ ਉਹਨਾਂ ਨੇ ਕੋਈ ਨਾ ਕੀਤੀ। ਮੈ ਰਾਤ ਓਥੇ ਹੀ ਕੱਟੀ।

ਤੜਕੇ ਚਾਨਣ ਹੋਣ ਤੋਂ ਪਹਿਲਾਂ ਹੀ ਫੋਨ ਖੜਕਿਆ। ਸਿੰਘ ਨੇ ਰਸੀਵਰ ਚੁੱਕ ਕੇ ਕੁੱਝ ਪਲ ਗੱਲ ਕਰਕੇ ਮੈਨੂੰ ਫੜਾ ਦਿਤਾ। ਮੇਰੇ “ਹਾਂ ਜੀ” ਆਖਣ ਤੇ ਦੂਜੇ ਬੰਨੇ ਏਥੋਂ ਦੇ ਪ੍ਰਸਿਧ ਵਕੀਲ ਸ. ਸੰਤਾ ਸਿੰਘ ਮਾਨ ਬੋਲੇ, “ਮੈ ਇਹਨੂੰ ਆਖ ਦਿਤਾ ਹੈ ਕਿ ਕੰਮ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਮੇਰੇ ਕੋਲ਼ ਛੱਡ ਜਾਵੇ। ਬਾਕੀ ਬਾਤਾਂ ਮਿਲਣ ਤੇ।” ਉਸ ਸੋਹਣੇ ਸੱਜਣ ਨੇ ਮੈਨੂੰ ਹਨੇਰੇ ਹਨੇਰੇ ਹੀ ਮਾਨ ਸਾਹਿਬ ਦੇ ਘਰ ਲਾਹ ਦਿਤਾ। ਮਾਨ ਜੀ ਰਾਤਰੀ ਬਸਤਰਾਂ ਵਿੱਚ ਹੀ ਸਜੇ ਹੋਏ ਸਨ ਤੇ ਉਸ ਸਮੇ ਇਕੱਲੇ ਹੀ ਘਰ ਵਿੱਚ ਸਨ ਕਿਉਂਕਿ ਉਹਨਾਂ ਦੇ ਜੀਵਨ ਸਾਥੀ ਕੰਮ ਤੇ ਤੁਰ ਗਏ ਹੋਏ ਸਨ ਸ਼ਾਇਦ! ਘਰ ਦੇ ਅੰਦਰ ਵੜਦਿਆਂ ਹੀ ਸਜੀਆਂ ਫੋਟੋਜ਼ ਤੋਂ ਪਤਾ ਲੱਗ ਗਿਆ ਕਿ ਇਹ ਘਰ ਵੀ ਬਿਆਸ ਵਾਲ਼ਿਆਂ ਦਾ ਸੇਵਕ ਹੈ। ਮਾਨ ਸਾਹਿਬ ਨੇ ਹੱਥੀਂ ਤਿਆਰ ਕਰਕੇ ਛਾਹ ਵੇਲ਼ਾ ਛਕਾਇਆ। ਬਹੁਤ ਸਾਰੀਆਂ ਬਾਤਾਂ ਆਪਸ ਵਿੱਚ ਹੋਈਆਂ। ਉਹਨਾਂ ਨੇ ਮੈਥੋਂ ਅਕਾਲੀ ਲੀਡਰਸ਼ਿਪ ਬਾਰੇ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕੀਤੀ। ਅੰਮ੍ਰਿਤਸਰ ਵਿੱਚ ਮੇਰੇ ਨਿਜੀ ਮਿੱਤਰਾਂ ਦੇ ਵੀ ਪਤੇ ਟਿਕਾਣੇ ਨੋਟ ਕਰ ਲਏ। ਬਾਅਦ ਵਿੱਚ ਅੰਮ੍ਰਿਤਸਰ ਮੁੜਨ ਤੇ ਸੱਜਣਾਂ ਕੋਲ਼ੋਂ ਪਤਾ ਲੱਗਾ ਕਿ ਮਾਨ ਸਾਹਿਬ ਆਏ ਸਨ। ਸਾਡੇ ਪਾਸ ਵਿਚਰੇ। ਅਸੀਂ ਵੀ ਵਿਤ ਅਨੁਸਾਰ ਪ੍ਰਾਹੁਣਾਚਾਰੀ ਕੀਤੀ। ਤੁਹਾਡਾ ਜ਼ਿਕਰ ਕਰਦੇ ਸਨ। ਪਰ ਸਾਡੀ ਮੁਲਾਕਾਤ ਸਮੇ ਉਹਨਾਂ ਨੇ ਇਹ ਮੇਰੇ ਪਾਸੋਂ ਭੇਦ ਹੀ ਰੱਖਿਆ ਕਿ ਉਹ ਅੰਮ੍ਰਿਤਸਰ ਜਾ ਰਹੇ ਸਨ ਤੇ ਮੇਰੇ ਸੱਜਣਾਂ ਨੂੰ ਮਿਲਣਗੇ। ਖੈਰ ਇਸ ਬਾਰੇ ਮੈਨੂੰ ਕੋਈ ਇਤਰਾਜ ਨਹੀ ਬਲਕਿ ਜੋ ਉਹਨਾਂ ਨੇ ਮੇਰੇ ਨਾਲ਼ ਚੰਗਾ ਵਰਤਾ ਕੀਤਾ ਉਸਦਾ ਮੈ ਅੱਜ ਵੀ ਅਤੀ ਪ੍ਰਸੰਸਕ ਹਾਂ। ਦੁਪਹਿਰ ਤੋਂ ਪਹਿਲਾਂ ਹੀ ਉਹਨਾਂ ਨੇ ਸਾਨ ਫਰਾਂਸਿਸਕੋ ਨੂੰ ਜਾਣ ਵਾਲ਼ੀ ਬੱਸ ਦੇ ਅੱਡੇ ਨੂੰ ਜਾਣ ਵਾਲ਼ੀ ਬੱਸ ਤੇ ਮੈਨੂੰ ਚੜ੍ਹਾਉਣ ਆਏ ਤੇ ਮੇਰੇ ਬੱਸ ਤੇ ਚੜ੍ਹਨ ਸਮੇ ੨੧ ਡਾਲਰ ਦਾ ਚੈਕ ਮੇਰੀ ਮੁੱਠੀ ਵਿੱਚ ਸਰਕਾ ਦਿਤਾ।

ਸਨ ਫਰਸਿਸਕੋ ਦੇ ਬੱਸ ਅਡੇ ਤੇ ਉਤਰ ਕੇ ਮੈ ਸੜਕੇ ਸੜਕ ਸ਼ਹਿਰ ਨੂੰ ਤੁਰਿਆ ਜਾ ਰਿਹਾ ਸਾਂ ਤਾਂ ਕਿ ਬੱਸੇ ਬੈਠਣ ਤੋਂ ਪਹਿਲਾਂ ਮਿਲ਼ੇ ਸਮੇ ਦਾ ਲਾਭ ਉਠਾਉਂਦਿਆਂ ਆਲ਼ੇ ਦੁਆਲ਼ੇ ਝਾਤੀ ਮਾਰ ਲਈ ਜਾਵੇ। ਤਾਂਹੀਉਂ ਖ਼ਬਰ ਕਿ ਮੇਰੇ ਕੋਲ਼ ਆ ਕੇ ਇੱਕ ਕਾਰ ਰੁਕੀ ਤੇ ਵਿਚੋਂ ਆਵਾਜ਼ ਆਈ, “ਸਰਦਾਰ ਜੀ ਆਓ ਬੈਠੋ!” “ਅੰਨ੍ਹਾ ਕੀ ਭਾਲ਼ੇ, ਦੋ ਅੱਖਾਂ!” ਮੈ ਝੱਟ ਕਾਰ ਵਿੱਚ ਬੈਠ ਗਿਆ। ਮੇਰੇ ਤੋਂ ਮੇਰੀ ਜਾਣਕਾਰੀ ਲੈਣ ਉਪ੍ਰੰਤ ਉਸ ਚੰਗੇ ਸੱਜਣ ਨੇ ਦੱਸਿਆ ਕਿ ਉਹ ਵੀ ਸ. ਸੰਤਾ ਸਿੰਘ ਮਾਨ ਵਾਂਗ ਜੀ ਏਥੇ ਵਕੀਲ ਹੈ ਤੇ ਆਪ ਉਹ ਉਸ ਦਾ ਵੱਡਾ ਭਰਾ ਆਤਮਾ ਸਿੰਘ ਮਾਨ ਹੈ। ਘਰ ਲੈ ਗਿਆ ਦੁਪਹਿਰ ਦਾ ਪ੍ਰਸ਼ਾਦਾ ਮੈਨੂੰ ਆਪਣੇ ਨਾਲ਼ ਛਕਾਇਆ। ਵਿਚਾਰ ਵਟਾਂਦਰਾ ਹੋਇਆ। ਤੁਰਨ ਸਮੇ ਉਸਨੂੰ ਪੁੱਛਿਆ, “ਇਹਨਾਂ ਚੈਕਾਂ ਦਾ ਮੈ ਕੀ ਕਰਾਂ!” ਉਸਨੇ ਉਹ ਦੋਵੇਂ ਚੈਕ ਲੈ ਕੇ ਕਾਬੂ ਕੀਤੇ ਤੇ ਆਪਣੇ ਕੋਲ਼ੋਂ ੨੧ ਡਾਲਰ ਹੋਰ ਉਹਨਾਂ ਵਿੱਚ ਸ਼ਾਮਲ ਕਰਕੇ ਸਾਰੇ ਪੈਸੇ ਮੈਨੂੰ ਨਕਦ ਫੜਾਉਂਦਿਆਂ ਆਖਿਆ, “ਤੁਸੀਂ ਆਹ ਸਾਭੋ ਤੇ ਇਹਨਾਂ ਨਾਲ਼ ਮੈ ਆਪੇ ਨਜਿਠ ਲਵਾਂਗਾ। “ਫਿਰ ਮੈਨੂੰ ਸਾਨ ਫਰਾਂਸਿਕੋ ਵਾਲ਼ੀ ਬੱਸ ਤੇ ਬਿਠਾ ਕੇ ਆਪਣੇ ਰਾਹ ਲੱਗਾ। ਅਧੀ ਰਾਤ ਨੂੰ ਮੈ ਯੂਬਾ ਸਿਟੀ ਪਹੁੰਚ ਗਿਆ।

ਏਨੀ ਮੇਰੀ ਬਾਤ ………….

ਗਿ. ਸੰਤੋਖ ਸਿੰਘ

ਆਸਟ੍ਰੇਲੀਆ

ਲਿਖੀ ਜਾ ਰਹੀ ਜਵਿਨੀ ‘ਝੱਗਾ ਪਾਟਾ ਹੋਇਆ’ ਵਿਚੋਂ




.