.

ਵਪਾਰਕ ਮੰਡੀਆਂ ਦਾ ਰੌਲਾ

ਕੀ ਸਰਸੇ ਵਾਲਾ ਸਾਧ ਅੱਜ ਪੈਦਾ ਹੋਇਆ ਹੈ? ਨਹੀ। ਕੀ ਸਰਸੇ ਵਾਲੇ ਸਾਧ ਨੇ ਲੋਕਾਂ ਦੀਆਂ ਧੀਆਂ ਭੈਣਾਂ ਦੀਆਂ ਇੱਜਤਾਂ ਲੁਟਣੀਆਂ ਅੱਜ ਸੁਰੂ ਕੀਤੀਆਂ ਹਨ? ਨਹੀ। ਕੀ ਸਰਸੇ ਵਾਲੇ ਦੇ ਤਿੰਨ ਕਰੋੜ ਦੇ ਕਰੀਬ ਚੇਲੇ ਅੱਜ ਹੀ ਬਣ ਗਏ ਹਨ? ਨਹੀ। ਕੀ ਸਲਾਬਤ ਪੁਰੇ ਵਾਲਾ ਡੇਰਾ ਜਿਥੇ 4500 ਦੇ ਕਰੀਬ ਪੰਜਾਬੀ ਰੋਟੀ ਖਾਦੇ ਹਨ ਅੱਜ ਹੀ ਬਣ ਗਿਆ ਹੈ? ਨਹੀ। ਕੀ ਸਰਸੇ ਵਾਲਾ ਪੱਤਰਕਾਰ, ਛੱਤਰਪਤੀ, ਅੱਜ ਹੀ ਡੇਰੇ ਦੇ ਪ੍ਰੇਮੀਆਂ ਵਲੋਂ ਕਤਲ ਕੀਤਾ ਗਿਆ ਹੈ? ਨਹੀ। ਕੀ ਡੇਰੇ ਦਾ ਪ੍ਰੇਮੀ ਰਣਜੀਤ ਸਿੰਘ, ਜਿਹੜਾ ਆਪਣੀ ਭੈਣ ਦੇ ਬਲਾਤਕਾਰ ਕਰਕੇ ਡੇਰਾ ਛੱਡ ਕੇ ਗਿਆ ਤੇ ਕਤਲ ਕਰ ਦਿੱਤਾ ਗਿਆ, ਵਾਲਾ ਸਾਕਾ ਅੱਜ ਹੀ ਵਾਪਰਿਆ ਹੈ? ਨਹੀ। ਇਨ੍ਹਾਂ ਦੇ ਪੁਰਾਣੇ ਡੇਰੇ ਤੋਂ ਨਵੇਂ ਡੇਰੇ ਤਕ ਦਾ ਫਾਸਲਾ ਕੋਈ ਤਿੰਨ ਕੁ ਕਿ. ਮੀ. ਦਾ ਹੈ ਤੇ ਕਿਸੇ ਇੱਕ ਵੀ ਦੁਕਾਨਦਾਰ ਦੀ ਹਿੰਮਤ ਨਹੀ ਕਿ ਬਾਬਾ ਗੁਰਮੀਤ ਰਾਮ ਰਹੀਮ ਸਿੰਘ ਦੀ ਤਸਵੀਰ ਆਪਣੀ ਦੁਕਾਨ ਵਿੱਚ ਨਾ ਲਟਕਾਵੇ ਤੇ ਉਸ ਨੂੰ ਫੁਲ਼ਾਂ ਦਾ ਗੁਲਦਸਤਾ ਨਾ ਚੜ੍ਹਾਵੇ। ਕੀ ਇਹ ਸਾਰਾ ਇੱਕ ਦਿੱਨ `ਚ ਹੀ ਵਾਪਰਿਆ ਹੈ? ਨਹੀ। ਪੁਰਾਣੇ ਡੇਰੇ ਤੋਂ ਨਵੇਂ ਡੇਰੇ ਦੇ ਵਿਚਕਾਰ ਆਵਾਜਾਈ ਦਾ ਸਾਧਨ ਸਿਰਫ ਤੇ ਸਿਰਫ ਸੰਤ ਗੁਰਮੀਤ ਰਾਮ ਰਹੀਮ ਸਿੰਘ ਦਾ ਹੀ ਚੱਲਦਾ ਹੈ ਤੇ ਹੋਰ ਕੋਈ ਰਿਕਸ਼ਾ ਵੀ ਆਪਣੀ ਮਰਜੀ ਨਾਲ ਨਹੀ ਚਲਾ ਸਕਦਾ। ਕੀ ਇਹ ਇੱਕ ਦਿਨ ਵਿੱਚ ਵਾਪਰਿਆ ਹੈ? ਨਹੀ। ਬੀ. ਜੇ. ਪੀ. ਦੇ ਪ੍ਰਧਾਨ ਮੰਤਰੀ ਸ੍ਰੀ ਅਟਲ ਬਿਹਾਰੀ ਬਾਜਪਾਈ ਸਮੇਂ ਇੱਕ ਸਾਧਵੀ, ਜਿਹੜੀ ਇਸ ਡੇਰੇ ਤੋਂ ਬਾਹਰ ਭੱਜ ਗਈ ਸੀ, ਨੇ ਆਪਣੀ ਹਾਲਤ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਰਾਹੀਂ ਜਾਣੂ ਕਰਵਾਇਆ ਤੇ ਇਹ ਵੀ ਦੱਸਿਆ ਕਿ ਮੇਰੇ ਵਰਗੀਆਂ ਪੰਜਾਹ ਕੁ ਸਾਧਵੀਆਂ ਹੋਰ ਹਨ। ਕਿਸੇ ਦੇ ਕੰਨ ਤੇ ਜੂੰ ਸਰਕੀ? ਨਹੀ। ਸਗੋਂ ਲਾਲਚੀ ਤੇ ਪੈਸੇ ਦੇ ਭੁੱਖੇ ਮਾਪਿਆਂ ਨੇ ਸਾਧ ਕੋਲੋਂ ਜਾ ਕੇ ਮੁਆਫੀ ਵੀ ਮੰਗੀ ਤੇ ਆਪਣੀ ਧੀ ਨੂੰ ਕੋਸਿਆ ਤੇ ਸਾਧ ਦੇ ਸ਼ੋਸ਼ਣ ਵਾਸਤੇ ਆਪਣੇ ਪੇਟ ਵਿਚੋਂ ਕੱਢੀ ਧੀ ਨੂੰ ਫਿਰ ਤੋਂ ਡੇਰੇ ਦੇ ਨਰਕ ਕੁੰਡ ਵਿੱਚ ਧਕੇਲ ਦਿੱਤਾ। ਇਹ ਹੈ ਸਾਡੀ ਪੰਜਾਬੀਆਂ ਦੀ ਅੱਜ ਦੀ ਅਸਲੀ ਆਤਮਕ ਤਸਵੀਰ। ਅਸੀਂ ਕਿਥੋਂ ਤਕ ਗਿਰ ਸਕਦੇ ਹਾਂ ਕੋਈ ਅੰਦਾਜ਼ਾ ਨਹੀ ਲਗਾਇਆ ਜਾ ਸਕਦਾ। ਇਹ ਸਾਰਾ ਕੰਮ ਉਪਰ ਤੋਂ ਨੀਚੇ ਤਕ ਮਿਲੀ ਭੁਗਤ ਨਾਲ ਹੀ ਹੋ ਰਿਹਾ ਹੈ।

ਕਿਸੇ ਲਿਖਾਰੀ ਨੇ ਲਿਖਿਆ ਹੈ: ਜਿਸ ਕੌਮ ਦੇ ਰਾਜਸੀ ਲੀਡਰ ਬੇਈਮਾਨ ਹੋ ਜਾਣ ਉਸ ਕੌਮ ਦਾ ਬੇੜਾ ਗਰਕ ਹੋਇਆ ਹੀ ਹੋਇਆ। ਜਿਸ ਕੌਮ ਦੇ ਵਿਦਵਾਨ ਲੋਕ ਵਕਾਊ ਮਾਲ ਬਣ ਜਾਣ ਉਸ ਕੌਮ ਦਾ ਬੇੜਾ ਗਰਕਿਆ ਹੀ ਗਰਕਿਆ। ਜਿਸ ਕੌਮ ਦੇ ਧਰਮਿਕ ਲੀਡਰ ਆਚਰਣਹੀਣ ਤੇ ਪੈਸੇ ਦੇ ਪੁੱਤਰ ਬਣ ਜਾਣ ਉਸ ਕੌਮ ਦਾ ਬੇੜਾ ਨਿਘਰਿਆ ਹੀ ਨਿਘਰਿਆ। ਕੀ ਅੱਜ ਸਾਡੀ ਹਾਲਤ ਇਹ ਨਹੀ ਹੈ?

ਜੇ ਕਰ ਇਹ ਸਾਰਾ ਕੁੱਝ ਇੱਕ ਦਿੱਨ ਵਿੱਚ ਨਹੀ ਵਾਪਰਿਆ ਤਾਂ ਫਿਰ ਪੰਜਾਬ ਅਸੈਬਲੀ ਦੀਆਂ ਵੋਟਾਂ ਪੈਣ ਤੋਂ ਕੁੱਝ ਸਮਾਂ ਬਾਅਦ ਹੀ ਸਿਰਫ ਇਸ ਡੇਰੇ ਦੀ ਕਿਉ ਗੱਲ ਚਲੀ ਹੈ? ਇਹ ਸਾਰਿਆਂ ਨੂੰ ਪਤਾ ਹੈ ਕਿ ਡੇਰੇ ਦੇ ਬੁਲਾਰੇ ਨੇ ਅਕਾਲੀਆਂ ਤੇ ਬੀ. ਜੇ. ਪੀ. ਨੂੰ ਕਿਹਾ ਸੀ, “ਅਸੀਂ ਤੁਹਾਡੇ ਵਰਗੇ ਨਹੀ” ਭਾਵ ਹੁਣ ਅਸੀਂ ਕਾਂਗਰਸ ਨੂੰ ਆਪਣੀ ਹਮਾਇਤ ਦਾ ਐਲਾਨ ਕਰ ਚੁਕੇ ਹਾਂ ਤੇ ਤੁਹਾਡੇ ਵਰਗੇ ਨਹੀ ਕਿ ਅੱਜ ਕਿਸੇ ਨਾਲ ਤੇ ਕੱਲ੍ਹ ਨੂੰ ਕਿਸੇ ਹੋਰ ਨਾਲ। ਬਸ ਇਸੇ ਜਵਾਬ ਦਾ ਇਹ ਸਾਧ, ਜਿਸ ਨੂੰ ਆਪਣੇ ਚੇਲਿਆਂ ਬਾਲਕਿਆਂ ਦਾ ਬਹੁਤਾ ਮਾਣ ਸੀ, ਅੱਜ ਖਿਮਿਆਜ਼ਾ ਭੁਗਤ ਰਿਹਾ ਹੈ।

ਕਿਉਂਕਿ ਹੁਣ ਪੰਜਾਬ ਦਾ ਮਾਲਕ ਡੇਰੇਵਾਲੇ ਸਾਧ ਨੂੰ ਅੱਖਾਂ ਦਿਖਾ ਰਿਹਾ ਹੈ ਤਾਂ ਉਸਦੇ ਪਿਛੇ ਪਿਛੇ ਟਕਸਾਲੀਆਂ ਤੇ ਸੰਤ ਸਮਾਜ ਨੇ ਵੀ ਆਪਣੀ ਵਪਾਰਕ ਮੰਡੀ ਨੂੰ ਮੁੱਖ ਰੱਖ ਕੇ ਅੱਖਾਂ ਲਾਲ ਸੁਰਖ ਕੀਤੀਆਂ ਹੋਈਆਂ ਹਨ। ਇਸ ਕੰਮ ਵਿੱਚ ਜਸਬੀਰ ਸਿੰਘ ਰੋਡੇ, ਸਰਕਾਰੀ ਜੱਥੇਦਾਰ, ਵੀ ਪਿਛੇ ਕਿਉਂ ਰਹਿਣ। ਆਪਣੀ ਵਿਗੜੀ ਹੋਈ ਸਾਖ ਜਾਂ ਬਿਲਕੁਲ ਮਰ ਚੁਕੀ ਪਿਛਲੱਗ ਜਮਾਤ ਨੂੰ ਮੁੜ ਸੁਰਜੀਤ ਕਰਨ ਲਈ ਪੰਜਾਬ ਵਿੱਚ ਮਾਰਚ ਨਾਉ ਦੀ ਮੁਹਿੰਮ ਚਲਾ ਰਹੇ ਹਨ।

ਪੰਜਾਬ ਅਸੈਂਬਲੀ ਦੀਆ ਚੋਣਾਂ ਦੇ ਨਤੀਜਿਆਂ ਨੇ ਇਹ ਬਿਲਕੁਲ ਸਾਫ ਕਰਕੇ ਰੱਖ ਦਿੱਤਾ ਕੇ ਸਰਸੇ ਵਾਲੇ ਡੇਰੇ ਦਾ ਮਾਲਵੇ ਵਿੱਚ ਬਹੁਤ ਜਿਆਦਾ ਪ੍ਰਭਾਵ ਹੈ। ਮਾਲਵੇ ਵਿੱਚ ਰਣਜੀਤ ਸਿੰਘ ਢੱਢਰੀਆਂ ਦੀ ਸਾਖ ਨੂੰ ਖਤਰਾ ਪੈਦਾ ਹੋਇਆ ਤੇ ਉਹ ਸੰਤ ਸਮਾਜ ਨੂੰ ਲੈ ਕੇ ਸਾਰਿਆਂ ਨਾਲੋਂ ਅੱਗੇ ਸਰਸੇ ਵਾਲੇ ਦੇ ਵਿਰੁਧ ਆ ਖੜਾ ਹੋਇਆ ਅਤੇ ਹਰੀ ਸਿੰਘ ਰੰਧਾਵੇ ਦੀ ਪਿੰਡ ਦੁਗਰੀ ਵਿੱਚ ਅਕਾਲ ਅਕੈਡਮੀ, ਜਿਸ ਦਾ ਇਹ ਸੰਤ ਸੱਤ ਪੁਸ਼ਤਾਂ ਤਕ ਚੇਅਰਮੈਨ ਹੋਵੇਗਾ, ਕੋਈ ਪੁੱਛ ਨਹੀ ਸਕਦਾ, ਨੂੰ ਵੀ ਖਤਰਾ ਹੈ ਇਸ ਕਰਕੇ ਇਸਨੇ ਆਪਣੇ ਸੰਤ ਸਮਾਜ ਦੀ ਮੁਹਾਰ ਨੂੰ ਵੀ ਸਰਸੇ ਵੱਲ ਨੂੰ ਕੀਤਾ ਹੋਇਆ ਹੈ। ਬਾਲੇ ਵਾਲੀ ਜਨਮ ਸਾਖੀ ਮੁਤਾਬਕ ਤਾ ਇੰਞ ਲਗਦਾ ਹੈ ਕਿ ਬਾਬੇ ਨਾਨਕ ਨੇ ਸੰਤ ਹਰੀ ਸਿੰਘ ਜੀ ਤੋਂ ਸੱਤ ਮੁੱਠਾਂ ਭੰਗ ਦੀਆਂ ਲੈ ਕੇ ਇਹ ਸਰਦਾਰੀ ਬਖਸ਼ੀ ਹੋਵੇ। ਦਮਦਮੀ ਟਕਸਾਲ ਨੇ ਇਹ ਛੋਛਾ ਛੱਡਿਆ ਕੇ ਪੰਥ ਪ੍ਰਵਾਣਤ ਡੇਰਿਆਂ ਨੂੰ ਛੱਡ ਕੇ ਸਾਰੇ ਡੇਰੇ ਬੰਦ ਕਰਾਏ ਜਾਣ। ਭਲਾ ਪੁੱਛਣ ਵਾਲਾ ਹੋਵੇ ਕੇ ਪੰਥ ਨੇ ਪ੍ਰਮਾਣਕਤਾ ਤੁਹਾਨੂੰ ਕਿਹੜੇ ਕਾਨੂੰਨ ਜਾਂ ਹੱਕ ਮੁਤਾਬਕ ਦੇਣੀ ਸੀ? ਹੁਣ ਤਕ ਤਾਂ ਤੁਸੀਂ ਆਪਣੀਆਂ ਕਿਤਾਬਾਂ ਵਿੱਚ ਇਹ ਲਿਖਦੇ ਆ ਰਹੇ ਹੋ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਤੇ ਬਾਬਾ ਦੀਪ ਸਿੰਘ ਜੀ ਨੂੰ ਹੁਕਮ ਕੀਤਾ ਕਿ ਤੁਸੀਂ ਪੰਥ ਦੇ ਪ੍ਰਚਾਰ ਲਈ ਆਪਣੀਆਂ ਆਪਣੀਆਂ ਟਕਸਾਲਾਂ ਚਲਾਓ। ਇਸੇ ਹੁਕਮ ਮੁਤਾਬਕ ਤੁਹਾਡੀਆਂ 1977 ਤੋਂ ਪਹਿਲਾਂ ਦੀਆਂ ਕਿਤਾਬਾਂ ਵਿਚੋਂ ਇਹ ਲਿਖਿਆ ਮਿਲਦਾ ਹੈ ਕਿ ਦਮਦਮੀ ਟਕਸਾਲ ਭਾਈ ਮਨੀ ਸਿੰਘ ਜੀ ਤੋਂ ਚੱਲੀ ਆ ਰਹੀ ਹੈ। 1979 ਤੋਂ ਪੰਜਾਬ ਵਿੱਚ ਮਹੌਲ ਬਦਲ ਗਿਆ ਤੇ ਤੁਹਾਨੂੰ ਭਾਈ ਮਨੀ ਸਿੰਘ ਜੀ ਬਾਬਾ ਦੀਪ ਸਿੰਘ ਜੀ ਦੇ ਮੁਕਾਬਲੇ ਤੇ ਛੋਟੇ ਸਹੀਦ ਮਹਿਸੂਸ ਹੋਣ ਲੱਗ ਪਏ। ਇਸ ਕਰਕੇ 1984 ਤੋਂ ਬਾਅਦ ਵਿੱਚ ਇਹੀ ਟਕਸਾਲ ਬਾਬਾ ਦੀਪ ਸਿੰਘ ਜੀ ਤੋਂ ਚੱਲੀ ਆ ਰਹੀ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਗਿਆ। ਨਾ ਇਹ ਸੱਚ ਹੈ ਤੇ ਨਾ ਓਹ ਸੱਚ ਹੈ। ਤੇਲ ਵੇਖੋ ਤੇ ਤੇਲ ਦੀ ਧਾਰ ਵੇਖੋ ਤੇ ਊਠ ਨੂੰ ਓਸੇ ਕਰਵੱਟ ਪਰ ਬਿਠਾ ਦਿਓ ਜਿਸ ਪਰ ਉਹ ਠੀਕ ਬੈਠ ਸਕਦਾ ਹੈ। ਜੇ ਇਹ ਟਕਸਾਲ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਅਨੁਸਾਰ ਚਲਾਈ ਗਈ ਹੈ ਤਾਂ ਪੰਥ ਤੋ ਪ੍ਰਮਾਣਕਤਾ ਕਿਸ ਵਾਸਤੇ?

2007 ਵਿੱਚ ਜਨਵਰੀ ਦੇ ਮਹੀਨੇ ਵਿੱਚ ਇੱਕ ਅਖਬਾਰ ਵਿੱਚ ਪਿੰਡ ਖਾਰਾ ਜ਼ਿਲਾ ਮੁਕਤਸਰ ਦੀ ਇੱਕ ਰੀਪੋਰਟ ਛਪੀ ਸੀ ਜਿਸ ਮੁਤਾਬਕ ਪਿੰਡ ਦੇ 80% ਲੋਕ ਹਿੰਦੂ ਬਣ ਚੁਕੇ ਹਨ ਤੇ ਦੋ ਕੁ ਪ੍ਰੀਵਾਰਾਂ ਦਿਆਂ ਬੱਚਿਆ ਦੇ ਨਾਮ ਲਿਖ ਕੇ ਇਹ ਵੀ ਜਾਹਰ ਕੀਤਾ ਹੋਇਆ ਸੀ ਕਿ ਇਹ ਸਾਰਾ ਕੰਮ ਕਿਵੇ ਕਿਸੇ ਨਿਯਮਬੰਦ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਬਰਾੜਾਂ ਦਿਆਂ ਬੱਚਿਆਂ ਦੇ ਨਾਵਾਂ ਨਾਲੋਂ ਸਿੰਘ ਹਟਾ ਕੇ ਕੁਮਾਰ ਲਿਖੇ ਜਾ ਚੁਕੇ ਹਨ। ਜਿਵੇਂ ਮਨਪ੍ਰੀਤ ਕੁਮਾਰ ਬਰਾੜ ਅਤੇ ਸਤੀਸ਼ ਕੁਮਾਰ ਬਰਾੜ ਆਦਿ। ਜਦੋਂ ਇਸ ਚਰਚਾ ਦੀ ਗੱਲ ਮੈਂ ਪਿੰਡ ਦੇ ਸਾਬਕਾ ਸਰਪੰਚ, ਜੋ ਹੁਣ ਬਰੈਂਪਟਨ ਵਿੱਚ ਹੀ ਰਹਿੰਦੇ ਹਨ, ਕੋਲ ਕੀਤੀ ਤਾਂ ਉਨ੍ਹਾਂ ਨੂੰ ਇਸ ਗੱਲ ਦਾ ਇਤਬਾਰ ਹੀ ਨਹੀ ਆਇਆ। ਪਰ ਹੁਣ ਜਦੋਂ ਉਹ ਪੰਜਾਬ ਅਸੈਂਬਲੀ ਦੀਆਂ ਵੋਟਾਂ ਤੋਂ ਬਾਅਦ ਵਾਪਸ ਫਿਰ ਕਨੇਡਾ ਆ ਕੇ ਮਿਲੇ ਤਾਂ ਕਹਿਣ ਲੱਗੇ ਬਈ ਜਿਉਣਵਾਲਿਆ ਤੇਰੀ ਗੱਲ ਸੱਚੀ ਸੀ ਮੈਨੂੰ ਤਾਂ ਐਵੇਂ ਇਤਬਾਰ ਹੀ ਨਹੀ ਸੀ ਆਇਆ। ਅਸਲ ਵਿੱਚ ਇੱਕ ਸਾਧ ਨਹੀ ਦੂਜਾ ਨਹੀ ਇਹ ਸਾਰੇ ਦੇ ਸਾਰੇ ਹੀ ਸਿੱਖ ਕੌਮ ਨੂੰ ਖਤਮ ਕਰਨ ਲਈ ਛੱਡੇ ਗਏ ਹਨ। ਇੱਕ ਮਰਦਾ ਹੈ ਤਾਂ ਦੋ ਜਨਮ ਹੋਰ ਲੈਂਦੇ ਹਨ। ਬਾਦਲ ਸਰਕਾਰ ਵੇਲੇ ਦਲੇਰ ਸਿੰਘ ਦੀ ਗੁੱਡੀ ਅਸਮਾਨੀ ਚੜੀ ਤੇ ਕਾਂਗਰਸ ਸਰਕਾਰ ਵੇਲੇ ਝਾੜੀਆਂ ਵਿੱਚ ਆ ਫਸੀ ਤਾਂ ਕਾਂਗਰਸ ਵੇਲੇ ਰਣਜੀਤ ਸਿੰਘ ਤੇ ਹੋਰਨਾਂ ਦੀ ਗੁੱਡੀ ਅਸਮਾਨਾਂ ਵਿੱਚ ਜਾ ਚੜ੍ਹੀ ਜਿਹੜੀ ਹੁਣ ਅੱਧ ਵਿਚਾਲੇ ਲਟਕੀ ਜਾਪਦੀ ਹੈ। ਅੱਜ ਪੰਜਾਬ ਦੇ 12500 ਪਿੰਡ ਹਨ ਤੇ ਸਾਧਾਂ ਦੀ ਕੁੱਲ ਗਿਣਤੀ ਪਿੰਡ ਵਿੱਚ ਪੁੱਛਾਂ ਦੇਣ ਵਾਲੀਆਂ ਮਾਈਆਂ ਦੇ ਸਮੇਤ 13000 ਹੈ। ਸੋਚੋ ਅਸੀਂ ਕਿਵੇ ਖਤਮ ਕੀਤੇ ਜਾ ਰਹੇ ਹਾਂ।

ਕਿਸੇ ਸ਼੍ਰੋਮਣੀ ਕਮੇਟੀ ਨੂੰ ਸਿੱਖੀ ਨਾਲ ਪਿਆਰ ਨਹੀ। ਕੋਈ ਅਕਾਲੀ ਨਹੀ। ਕਿਸੇ ਇਤਹਾਸਕ ਗੁਰਦੁਆਰੇ `ਚ ਅਰਦਾਸ ਕਰਨ ਨਾਲ ਜਾਂ ਮੱਥਾ ਟੇਕਣ ਨਾਲ ਅਸੀਂ ਦੁਸ਼ਮਣ ਦੇ ਵਾਰ ਤੋਂ ਬੱਚ ਨਹੀ ਸਕਦੇ। ਕਿਸੇ ਸਾਧ ਦੇ ਚਰਨ ਧੋ ਧੋ ਕੇ ਪੀਣ ਨਾਲ ਜਾਂ ਆਪਣੀਆਂ ਲੜਕੀਆ ਨੂੰ ਕਿਸੇ ਸਾਧ ਕੋਲ ਸਾਧਵੀਆਂ ਬਣਾ ਕੇ ਨਰਕ ਭੋਗਣ ਲਈ ਛੱਡਣ ਨਾਲ ਵੀ ਅਸੀਂ ਕਿਸੇ ਰੱਬ ਨੂੰ ਪ੍ਰਾਪੱਤ ਨਹੀ ਕਰ ਸਕਦੇ ਤੇ ਨਾ ਹੀ ਕਿਸੇ ਸਾਧ ਨੇ ਸਾਡੀ ਝੋਲੀ ਦਾਣੇ ਪਾਉਣੇ ਹਨ। ਲੋਕੋ ਜਰਾ ਸੋਚੋ! ਕਿ ਜੇ ਕਿਸੇ ਸਾਧ ਕੋਲ ਤੁਹਾਡੇ ਖਜ਼ਾਨੇ ਭਰਪੂਰ ਕਰਨ ਦੀ ਸ਼ਕਤੀ ਹੋਵੇ ਤਾਂ ਉਹ ਆਪਣੇ ਖਜ਼ਾਨੇ ਪਹਿਲਾ ਕਿਉਂ ਨਾ ਭਰੇਗਾ? ਜਿਹੜਾ ਸਾਧ ਤੁਹਡੀਆਂ ਤਜੌਰੀਆਂ ਭਰਨ ਦੀ ਅਰਦਾਸ ਕਰਦਾ ਹੈ ਉਹ ਤੁਹਾਡੇ ਡਾਲਰ ਲਿਫਾਫਿਆਂ ਵਿੱਚ ਪੁਆ ਪੁਆ ਕੇ ਆਪਣੇ ਚਰਨਾਂ ਤੇ ਕਿਉਂ ਰੱਖਵਾਉਂਦਾ ਹੈ? ਜਿਹੜਾ ਸਾਧ ਤੁਹਡੀਆਂ ਬਿਮਾਰੀਆਂ ਕੱਟਣ ਦੀ ਜਾਚਨਾ ਕਰਨਾ ਹੈ ਉਹ ਆਪ ਦਿੱਲ੍ਹੀ ਦੇ ਅਪੋਲੋ ਹੱਸਪਤਾਲ ਵਿੱਚ ਇਲਾਜ਼ ਕਰਵਾਉਣ ਕਿਉਂ ਜਾਂਦਾ ਹੈ? ਪਰ ਸਿੱਖ ਕੌਮ ਦਾ ਦੁਖਾਂਤ ਤਾਂ ਹੈ ਹੀ ਇਹ ਕਿ ਇਨ੍ਹਾਂ ਨੂੰ ਸਧਾਰਣ ਮਨੁੱਖ ਭਾਵੇਂ ਸੋਨੇ ਦਾ ਬਣਿਆ ਵੀ ਕਿਉਂ ਨਾ ਹੋਵੇ ਉਹ ਨਹੀ ਚੰਗਾ ਲੱਗਦਾ ਤੇ ਦੂਸਰੇ ਪਾਸੇ ਸਾਧ ਭਾਵੇਂ ਮਿੱਟੀ ਦਾ ਬਣਿਆ ਹੋਵੇ ਉਹ ਵੀ ਸੱਚੇ ਸੁਚੇ ਮਨੁੱਖ ਨਾਲੋਂ ਉਤਮ ਲੱਗਦਾ ਹੈ। ਕਿਉਂਕਿ ਉਹ ਸੰਤ ਹੈ ਉਹ ਸਾਧ ਹੈ ਉਹ ਬਾਬਾ ਜੀ ਹਨ। ਉਹ ਲੱਤਾਂ ਨੰਗੀਆਂ ਰੱਖਦੇ ਹਨ। ਉਨ੍ਹਾਂ ਦੀਆਂ ਨੰਗੀਆ ਲੱਤਾਂ ਚੰਗੀਆਂ ਲੱਗਦੀਆਂ ਹਨ। ਉਨ੍ਹਾਂ ਦੀਆਂ ਗੋਲ ਪਿੰਜਣੀਆਂ ਬਦਾਮ ਰੋਗਨ ਨਾਲ ਚੋਪੜੀਆਂ ਚੰਗੀਆਂ ਲੱਗਦੀਆਂ ਹਨ। ਬਸ ਦਿਲ ਕਰਦਾ ਹੈ ਕਿ ਬਾਬਾ ਜੀ ਦੀਆਂ ਪਿੰਜਣੀਆਂ ਤੇ ਹੀ ਹੱਥ ਫੇਰੀ ਜਾਵਾਂ। ਇੱਕ ਦਿਨ ਰਾਤ ਨੂੰ ਕੋਈ ਦਸ ਕੁ ਵਜੇ ਦੇ ਆਸ ਪਾਸ ਮੈਂ ਆਪਣੇ ਇੱਕ ਦੋਸਤ ਨਾਲ ਬਰੈਂਪਟਨ ਵਾਲੀ ਨਾਨਕਸਰੀ ਠਾਠ ਕੋਲ ਦੀ ਸੈਰ ਕਰਦਾ ਕਰਦਾ ਲੰਘਿਆ ਤੇ ਦੇਖਿਆ ਕਿ ਇੱਕ ਭੁਅੰਗਮ (ਸਰਕਾਰੀ ਸਾਹਨ) ਦੀਆਂ ਲੱਤਾਂ ਕੇਸਾਧਾਰੀ ਸਧਾਰਣ ਵਿਆਕਤੀ ਘੁਟੀ ਜਾਵੇ ਤੇ ਬਾਬਾ ਜੀ ਫੂਨ ਤੇ ਕਿਸੇ ਨਾਲ ਗੱਲਾਂ ਕਰੀ ਜਾਣ। ਦੂਰੋਂ ਦੇਖ ਕੇ ਮੈਂ ਵੀ ਕੋਲ ਚਲਿਆ ਗਿਆ ਤੇ ਮੈਥੋਂ ਕਹਿਣ ਤੋਂ ਰਿਹਾ ਨਹੀ ਗਿਆ, “ਕਿਉਂ ਬਈ ਤੂੰ ਬਾਬਾ ਜੀ ਨੂੰ ਤਿਆਰ ਕਰ ਰਿਹਾ ਹੈਂ” ਉਹ ਮਨੁੱਖ ਕਹਿਣ ਲੱਗਾ ਜੀ ਕੀ ਕਿਹਾ? ਮੈਂ ਕਿਹਾ “ਕਿਉਂ ਬਈ ਤੂੰ ਬਾਬਾ ਜੀ ਨੂੰ ਤਿਆਰ ਕਰ ਰਿਹਾ ਹੈਂ”। ਫਿਰ ਉਸ ਵਿਆਕਤੀ ਨੂੰ ਸਮਝ ਪਈ ਤੇ ਸ਼ਰਮਿੰਦਾ ਜਿਹਾ ਹੋ ਕੇ ਬੈਠ ਗਿਆ। ਇਹ ਹੈ ਸਾਡੀ ਕੱਖੌਂ ਹੌਲੀ ਹੋਈ ਆਤਮਾ ਦੀ ਤਸਵੀਰ।

ਕਿਸੇ ਜੱਥੇਦਾਰ ਤੇ ਤਖਤ ਦੇ ਮਤਲਕ ਨੂੰ ਸਿੱਖੀ ਨਾਲ ਕੋਈ ਪਿਆਰ ਸਤਿਕਾਰ ਨਹੀ ਸਾਰੇ ਆਪਣੇ ਆਪਣੇ ਖੀਸੇ ਦਾ ਖਿਆਲ ਰੱਖ ਰਹੇ ਹਨ। ਅਸਲ ਵਿੱਚ ਇਹ ਰੌਲਾ ਪਿਆ ਹੀ ਖੀਸੇ ਦੀਆਂ ਵੰਡੀਆਂ ਕਾਰਣ ਹੈ।

ਗੁਰੂ ਪੰਥ ਦਾ ਦਾਸ,

ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ,

www.singhsabhacanada.com
.