.

ਕਉਣ ਮਾਸ ਕਉਣ ਸਾਗ ਕਹਾਵੈ?

(ਕਿਸ਼ਤ ਨੰ: 15)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ

ਮਾਸ ਦੇ ਭੋਜਨ ਲਈ ਅਪ-ਸ਼ਬਦਾਂ ਦੀ ਵਰਤੋਂ? - ਦੇਖਣ `ਚ ਆਇਆ ਹੈ ਕਿ ਮਾਸ ਵਿਰੋਧੀ ਸੱਜਣਾ ਨੇ ਮਾਸ ਛੱਕਣ ਵਾਲਿਆਂ ਵਿਰੁਧ ਨਫ਼ਰਤ ਤੇ ਗਿਲਾਨੀ ਪੈਦਾ ਕਰਨ ਲਈ, ਮਾਸ ਦੇ ਭੋਜਨ ਲਈ ਮਲ, ਅਭਖ, ਮਲੇਛ, ਵਿਸ਼ਟਾ, ਮਾਸ ਖੋਰੇ ਆਦਿ ਬਹੁਤੇਰੇ ਅਪਸ਼ਬਦ ਵਰਤਦੇ ਹਨ। ਜਿਵੇਂ ਕਿ ਕੁੱਝ ਸ਼ਬਦਾਂ ਬਾਰੇ ਵੇਰਵਾ ਆ ਚੁਕਾ ਹੈ, ਜਦੋਂ ਇਨ੍ਹਾ `ਚੋਂ ਕੁੱਝ ਸ਼ਬਦਾਂ ਨੂੰ ਸੰਬੰਧਤ ਪ੍ਰਮਾਣ ਲੈਕੇ ਪਰਖਿਆ ਤਾਂ ਹਰੇਕ ਸਮੇਂ ਗਲ ਉਲਟੀ ਸਾਬਤ ਹੋਈ। ਇੱਕ ਵੀ ਲਫ਼ਜ਼ ਅਜੇਹਾ ਸਾਬਤ ਨਹੀਂ ਹੋਇਆ ਜਿਹੜਾ ਗੁਰਬਾਣੀ `ਚ ਕਿੱਧਰੇ ਵੀ ਮਾਸ ਵਿਰੁਧ ਜਾਂ ਮਾਸ ਛੱਕਣ ਵਾਲਿਆਂ ਵਿਰੁਧ ਵਰਤਿਆ ਹੋਵੇ। ਅਜੇਹੀ ਹਾਲਤ `ਚ ਵਰਤੀ ਗਈ ਅਪ-ਸ਼ਬਦਾਵਲੀ ਉਲਟੇ ਵਰਤੋਂ ਕਰਣ ਵਾਲੇ ਸੱਜਣਾ ਦੀ ਸੋਚਣੀ ਦਾ ਖੋਖਲਾਪਣ ਹੀ ਸਾਬਤ ਕਰਦੀ ਹੈ।

ਈਸਵੀ ਸੰਨ ੧੯੯੬-੯੭, ਜਦੋਂ ਇਹ ਲਿਖਿਤ ਲਿਖੀ ਜਾ ਰਹੀ ਹੈ ਦਾਸ ਵਿਦੇਸ਼ਾਂ `ਚ ਪ੍ਰਚਾਰ ਦੌਰੇ ਤੇ ਹੈ। ਇਸ ਸਮੇਂ ਇਥੇ ਇੱਕ ‘ਸੰਤ ਜੀ ਮਹਾਰਾਜ’ ਵੀ ਪੁਜੇ ਹੋਏ ਹਨ। ਉਨ੍ਹਾਂ ਨੇ ਕਨੇਡਾ ਦੇ ਕਿਸੇ ਗੁਰਦੁਆਰੇ `ਚ ਮਾਸ ਵਿਰੁਧ ਅਜੇਹੀ ਅਸਭਯ ਸ਼ਬਦਾਵਲੀ ਵਰਤੀ-ਸੰਗਤਾਂ `ਚ ਵਿਚਰਦੇ ਪਤਾ ਲਗਦਾ ਸੀ ਕਿ ਸੰਗਤਾਂ ਉਨ੍ਹਾਂ ‘ਅਖੌਤੀ ਸੰਤਾਂ’ ਲਈ ਕਿਹੜੀ ਭਾਸ਼ਾ ਵਰਤ ਰਹੀਆਂ ਹਨ, ਫ਼ਿਰ ਵੀ ‘ਸੰਤ ਜੀ’ ਸਮਝ ਰਹੇ ਸਨ ਕਿ ਬੜਾ ਵੱਡਾ ਤੀਰ ਮਾਰ ਰਹੇ ਹਨ `ਤੇ ‘ਵਧੀਆ’ ਕੰਮ ਕਰ ਰਹੇ ਹਨ।

ਇੰਨਾ ਹੀ ਨਹੀਂ, ਮਾਸ ਦੇ ਭੋਜਨ ਵਿਰੁਧ ਅਜੇਹੀ ਘਟੀਆ ਸ਼ਬਦਾਵਲੀ ਇੱਕ ਤਰੀਕੇ ਅਭੁੱਲ ਗੁਰੂ ਸਰੂਪਾਂ ਦੀ ਵੀ ਬੇਅਦਬੀ ਹੈ ਜਿਨ੍ਹਾਂ ਦੇ ਸ਼ਿਕਾਰ ਖੇਡਣ ਅਤੇ ਮਾਸ ਛੱਕਣ ਬਾਰੇ ਕਾਫ਼ੀ ਸਾਖੀਆਂ ਮਿਲਦੀਆਂ ਹਨ। ਇਸਤੋ ਵੱਧ ਗੁਰਬਾਣੀ ਅਤੇ ਗੁਰਮਤਿ ਦੀ ਵੀ ਬੇਅਦਬੀ ਹੈ ਕਿਉਂਕਿ ਜਦੋ ਇਸ ਪਖੋਂ ਗੁਰਬਾਣੀ ਵਿਚਲੇ ਬਹੁਤੇਰੇ ਸਬਦਾਂ ਤੇ ਨਿਰਪੱਖ ਵਿਚਾਰ ਕੀਤੀ ਗਈ ਤਾਂ ਅਭੁੱਲ ਸਤਿਗੁਰਾਂ ਨੇ ਵੀ ਗੁਰਬਾਣੀ ਅਨੁਸਾਰ ਮਾਸ ਨੂੰ ਮਨੁੱਖਾ ਜੀਵਨ ਲਈ ਭੋਜਨ ਦਸਿਆ ਹੈ। ਜੇ ਕਿਸੇ ਨੂੰ ਅਪਣੇ ਤੌਰ ਤੇ ਮਾਸ ਦਾ ਭੋਜਨ ਚੰਗਾ ਨਹੀਂ ਲਗਦਾ, ਉਸਦੀ ਸੇਹਤ ਨੂੰ ਰਾਸ ਨਹੀਂ ਆਉਂਦਾ ਜਾਂ ਉਸਦੀ ਸੋਚਣੀ ਵੱਖ ਹੈ ਤਾਂ ਹੋਰ ਗਲ; ਪਰ ਸਿੱਖ ਹੋਣ ਦੇ ਨਾਤੇ ਘੱਟ ਤੋਂ ਘੱਟ ਅਭੁੱਲ ਸਤਿਗੁਰਾਂ ਤੋਂ ਵੱਧ ਸਿਆਣੇ ਬਨਣ ਵਾਲੇ ਜੱਤਣਾਂ ਤੋਂ ਤਾਂ ਬਚੇ ਰਵੀਏ।

ਕਰਤੇ ਦੀ ਰਚਨਾ `ਚ ਵਿਸਮਾਦ ਹੀ ਵਿਸਮਾਦ- ਮਾਸ ਵਿਰੋਧੀ ਸੱਜਣ ਮਾਸ ਛੱਕਣ ਵਿਰੁਧ ਨਫ਼ਰਤ ਪੈਦਾ ਕਰਨ ਲਈ ਕਈ ਵਾਰੀ ਇੰਨਾ ਅਗੇ ਚਲੇ ਜਾਂਦੇ ਅਤੇ ਮਿਸਾਲਾਂ ਦੇਂਦੇ ਹਨ “ਦੇਖੋ ਜੀ! ਮੁਰਗਾ ਜੋ ਹਰੇਕ ਜ਼ਹਰੀਲਾ ਕੀੜਾ-ਮਕੌੜਾ ਖਾ ਜਾਂਦਾ ਹੈ, ਇਥੋਂ ਤੀਕ ਮਨੁੱਖ ਦੀ ਸੁੱਟੀ ਬਲਗਮ ਵੀ ਨਿਗਲ ਜਾਂਦਾ ਹੈ। ਉਸਦੇ ਗੰਦੇ ਸਰੀਰ ਨੂੰ ਜਾਂ ਉਸਦੇ ਅੰਡੇ ਨੂੰ ਕੋਈ ਕਿਵੇਂ ਖਾਂਦਾ ਹੈ? ਸੂਰ ਤਾਂ ਰਹਿੰਦਾ ਹੀ ਗੰਦਗੀ `ਚ ਹੈ `ਤੇ ਖਾਂਦਾ ਵੀ ਗੰਦ ਹੀ ਹੈ, ਇਸੇਤਰ੍ਹਾਂ ਮੱਛਲੀ ਦੇ ਭੋਜਨ ਨੂੰ ਹੀ ਦੇਖ ਲਵੋ! ਤਾਂਤੇ ਜਦੋਂ ਮਨੁੱਖ ਇਨ੍ਹਾਂ ਜਾਨਵਰਾਂ ਦਾ ਮਾਸ ਖਾਵੇਗਾ ਤਾਂ ਉਸਦੇ ਅੰਦਰ ਕੀ ਜਾਵੇਗਾ? ਇਸਤਰ੍ਹਾਂ ਕੀ ਉਹ ਸਾਰੀ ਗੰਦਗੀ ਸਾਡੇ ਅੰਦਰ ਨਹੀਂ ਜਾਵੇਗੀ? ਆਦਿ. .”। ਸ਼ਕ ਨਹੀਂ, ਅਗਿਆਨੀ `ਤੇ ਅਨਪੜ੍ਹ ਲੋਕ ਕਈ ਵਾਰੀ ਅਜੇਹੀਆਂ ਘੁੰਣਤਰਾਂ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਦੇਖਣ ਦੀ ਗਲ ਇਹ ਹੈ ਕਿ ਕੀ ਸੱਚਮੁਚ ਸੱਚਾਈ ਇਹੀ ਹੈ ਜਾਂ ਰੱਬੀ ਚਲਣ ਤੇ ਕੁੱਦਰਤੀ ਨੀਯਮਾ ਬਾਰੇ ਕੋਰੀ ਅਗਿਆਨਤਾ।

ਥੋੜਾ ਹੋਰ ਜਾਗ ਕੇ ਦੇਖੀਏ ਤਾਂ ਸੰਸਾਰ `ਚ ਕਰਤੇ ਨੇ ਜੋ ਕੁੱਝ ਘੜਿਆ ਹੈ, ਕਾਰ-ਸਾਈਕਲ ਦੇ ਪਹੀਏ ਦੀ ਨਿਆਈਂ, ਸਾਰਾ ਸੰਸਾਰ ਹੀ ਅਪਣੇ ਆਪ `ਚ ਇੱਕ ਚੱਕਰ ਹੈ। ਚਲਦੀ ਗਡੀ-ਸਾਈਕਲ ਦੇ ਪਹੀਏ ਦਾ ਜਿਹੜਾ ਹਿੱਸਾ ਉਪਰ ਪੁੱਜਦਾ ਹੈ, ਉਹੀ ਘੁੰਮ ਕੇ ਜ਼ਮੀਨ ਤੇ ਰੱਗੜ ਖਾਂਦਾ ਅਤੇ ਫ਼ਿਰ ਮੁੜਕੇ ਉਪਰ ਆ ਜਾਂਦਾ ਹੈ। ਪਰ ਉਸੇ ਸਾਈਕਲ-ਗੱਡੀ ਦੀ ਵਰਤੋਂ ਕਰਦੇ, ਅਸੀਂ ਕਿਥੋਂ ਤੋਂ ਕਿੱਥੇ ਤੀਕ ਸਫ਼ਰ ਕਰ ਲੈਂਦੇ ਹਾਂ। ਇਸੇਤਰ੍ਹਾਂ ਮਨੁੱਖਾ ਸਰੀਰ ਵੀ ਅਪਣੇ ਆਪ `ਚ ਇੱਕ ਅਜੇਹਾ ਹੀ ਸਫ਼ਰ ਹੈ। ਪ੍ਰਤੱਖ ਨੂੰ ਪ੍ਰਮਾਣ ਕੀ, ਆਪ ਹੀ ਦੇਖ ਲਵੋ! ਜੋ ਕੁੱਝ ਵੱਧੀਆ ਤੋਂ ਵੱਧੀਆ ਮਨ-ਪਸੰਦ ਦੇ ਪੱਕਵਾਨ ਜਾਂ ਪਦਾਰਥ ਅਸੀਂ ਛੱਕਦੇ ਹਾਂ। ਉਸੇ ਤੋਂ ਸਾਡੀ ਮਲ-ਵਿਸ਼ਟਾ ਤਿਆਰ ਹੋ ਕੇ ਸਾਡੇ ਸਰੀਰ ਤੋਂ ਬਾਹਰ ਜਾਂਦੀ ਹੈ। ਇਹੀ ਮਲ-ਵਿਸ਼ਟਾ ਖੇਤਾਂ ਲਈ ਸਭ ਤੋਂ ਵੱਧੀਆ ਖਾਦ ਮੰਨੀ ਜਾਂਦੀ ਹੈ, ਜਿਸ ਰਾਹੀਂ ਫ਼ਿਰ ਤੋਂ ਸਾਡੇ ਅੰਨ-ਫਲ-ਸਬਜ਼ੀਆਂ, ਕਮਾਦ ਸਭ ਉਗਦਾ ਅਤੇ ਫ਼ਿਰ ਤੋਂ ਅਪਣੇ ਸੁਅੱਛ ਰੂਪ `ਚ ਸਾਡੇ ਤੀਕ ਵਾਪਿਸ ਪੁਜ ਜਾਂਦਾ ਹੈ। ਕਿਉਂਕਿ ਕਰਤੇ ਨੇ ਜ਼ਮੀਨ ਨੂੰ ਉਹ ਤਾਕਤ ਦਿਤੀ ਹੈ ਕਿ ਸਾਡੀ ਤਿਆਗੀ ਮਲ-ਵਿਸ਼ਟਾ ਨੂੰ ਫ਼ਿਰ ਤੋਂ ਨਵਾਂ ਰੂਪ ਮਿਲ ਜਾਂਦਾ ਹੈ।

ਇੰਨਾ ਹੀ ਨਹੀਂ, ਸਾਡੇ ਇਸੇ ਮਲ-ਮੂਤ-ਵਿਸ਼ਟਾ ਗੰਦਗੀ ਨਾਲ ਭਰਪੂਰ ਅਤੇ ਬਦਬੂਦਾਰ ਸੀਵਰੇਜਾਂ ਰਾਹੀਂ ਇਹੀ ਗੰਦਗੀ ਜਦੋਂ ‘ਮਲ ਵਯਯਣ’ ਕੇਂਦਰਾਂ `ਚ ਪੁਜਦੀ ਹੈ, ਜਾਂ ਨਦੀਆਂ ਦਰਿਆਵਾਂ, ਸਮੁੰਦਰ `ਚ ਮਿਲ ਜਾਂਦੀ ਹੈ ਤਾਂ ਫ਼ਿਰ ਤੋਂ ਸੁੱਅਛ ਪਾਣੀ ਦਾ ਰੂਪ ਲੈ ਲੈਂਦੀ ਹੈ। ਉਹੀ ਸੁਅੱਛ ਹੋਇਆ ਪਾਣੀ ਜਦੋਂ ਅਖੌਤੀ ਤੀਰਥ ਸਥਾਨਾਂ ਤੇ ਪੁਜਦਾ ਹੈ, ਲੋਕ ਉਨ੍ਹਾਂ `ਚ ਸਨਾਨ ਅਤੇ ਕਲਪਵਾਸ ਤੀਕ ਕਰਦੇ ਹਨ। ਫ਼ਿਲਟਰ ਹੋਕੇ ਉਹੀ ਪਾਣੀ ਟੂਟੀਆਂ ਆਦਿ ਰਾਹੀ ਸਾਡੇ ਘਰਾਂ ਚ ਵੀ ਪੁੱਜਦਾ ਹੈ। ਉਸੇ ਸੁੱਅਛ ਕੀਤੇ ਜਾ ਚੁਕੇ ਪਾਣੀ ਨੂੰ ਅਸੀਂ ਅਪਣੇ ਹਰੇਕ ਕਾਰਜ ਲਈ ਵਰਤਦੇ ਹਾਂ। ਉਸੇ ਸੁਅੱਛ ਪਾਣੀ ਨੂੰ ਸਰੀਰਕ ਇਸ਼ਨਾਨ ਤੋਂ ਲੈਕੇ ਵਧੀਆ-ਭੋਜਨ ਪੱਕਵਾਨ, ਸੁਆਦਿਸ਼ਟ ਮਠਿਆਈਆਂ `ਤੇ ਉਸੇ ਪਾਣੀ ਤੋਂ ਕੜਾਹ ਪ੍ਰਸ਼ਾਦਿ ਦੀਆਂ ਦੇਗਾਂ ਤਿਆਰ ਕਰਦੇ ਹਾਂ। ਇਨਾਂ ਸਾਰੀਆਂ ਵਸਤਾਂ ਨੂੰ ਮਾਸ ਵਿਰੋਧੀ ਵੀ ਉਸੇਤਰ੍ਹਾਂ ਛੱਕਦੇ-ਵਰਤਦੇ ਹਨ ਅਤੇ ਮਾਸ ਛੱਕਣ ਵਾਲੇ ਵੀ, ਤਾਂ ਉਥੇ ਇਹ ਖਿਚਾਤਾਣੀ-ਵਿਰੋਧ ਭਾਵ ਕਿਉਂ ਨਹੀਂ? ਕਾਰਣ ਇਕੋ ਹੁੰਦਾ ਹੈ ਕਿ ਉਥੇ ਪੁਜ ਕੇ ਸਾਡੀ ਸਮਝ ਬਹੁਤ ਪਿਛੇ ਰਹਿ ਚੁਕੀ ਹੁੰਦੀ ਹੈ ਅਤੇ ਜੀਵਨ ਅੰਦਰ ਵਿਸਮਾਦ ਲਿਆਉਣ ਵਾਲੀ ਕਰਤੇ ਦੀ ਖੇਡ ਵਰਤ ਰਹੀ ਹੁੰਦੀ ਹੈ।

ਭੱਖ-ਅਭੱਖ ਵਿਚਾਲੇ ਫ਼ਾਸਲਾ ਅਤੇ ਸਾਡੀ ਸੋਚ-ਸ਼ਕਤੀ? - ਸੁਆਲ ਪੈਦਾ ਹੁੰਦਾ ਹੈ ਕਿ ਅਜੇਹੇ ਸਮੇਂ ਸਾਡੀ ਸੋਚ `ਚ ਮੁਰਗੇ, ਸੂਰ ਦੇ ਮਾਸ ਵਾਲੀਆਂ ਥਿਉਰੀਆਂ ਕਿਉਂ ਨਹੀਂ ਆਉਂਦੀਆਂ? ਜ਼ਮੀਨ ਦੀ ਉਪਜਾਊ ਸ਼ਕਤੀ ਦੀ ਤਰ੍ਹਾਂ ਜਿਨ੍ਹਾਂ ਜੀਵਾਂ ਦੇ ਮੇਦੇ (Stomach) `ਚ ਕਾਦਿਰ ਨੇ ਇੰਨੀ ਵੱਧ ਤਾਕਤ ਦਿਤੀ ਹੈ ਕਿ ਉਨ੍ਹਾਂ ਦੇ ਉਨ੍ਹਾਂ ਹੀ ਭੋਜਨਾ ਤੋਂ ਉਨ੍ਹਾਂ ਜੀਵਾਂ ਦੇ ਸਰੀਰ ਤਿਆਰ ਹੁੰਦੇ ਹਨ। ਇਥੋਂ ਤੀਕ ਕਿ ਕਈ ਹਾਲਤਾਂ `ਚ ਉਨ੍ਹਾਂ ਦੇ ਸਰੀਰ, ਸਾਡੇ ਸਰੀਰਾਂ ਲਈ ਅਨੇਕਾਂ ਪੱਖਾਂ ਤੋਂ ਦੂਜੇ ਪਦਾਰਥਾਂ ਦੇ ਮੁਕਾਬਲੇ ਵੱਧ ਲਾਹੇਵੰਦ ਹੁੰਦੇ ਹਨ। ਭੱਖ-ਅਭੱਖ ਵਿਚਾਲੇ ਕਿੰਨਾ ਫ਼ਾਸਲਾ ਹੈ, ਇਨ੍ਹਾਂ ਵਾਧੂ ਖਿਚਾਤਾਣੀਆਂ `ਚ ਪੈਣ ਦੀ ਬਜਾਏ ਸਾਨੂੰ ਕਰਤਾਰ ਵਲੋਂ ਘੜੀਆਂ ਸੱਚਾਈਆਂ ਨੂੰ ਪਛਾਨਣ ਦੀ ਲੋੜ ਹੈ। ਉਪਰ ਦਿਤੇ ਪ੍ਰਮਾਣਾਂ ਤੋਂ ਇਲਾਵਾ ਇਸ ਭੱਖ-ਅਭੱਖ ਵਿਚਲੇ ਫਾਸਲੇ ਨੂੰ ਇੱਕ ਹੋਰ ਪਖੋਂ ਵੀ ਨਾਪਣ ਦਾ ਜੱਤਣ ਕਰਾਂਗੇ।

ਅਨੇਕਾਂ ਵਾਰੀ ਸਾਡੇ ਸਾਰਿਆਂ ਨਾਲ ਹੀ ਹੁੰਦਾ ਹੈ-ਅਪਣੀ ਵੱਡੀ ਪਸੰਦ ਕਾਰਣ ਅਸੀ ਕੋਈ ਬਹੁਤ ਵਧੀਆ ਸੁਆਦਲੀ ਬਲਕਿ ਕਈ ਵਾਰੀ ਬੜੀ ਕੀਮਤੀ ਅਤੇ ਸੇਹਤ ਬਨਾਉਣ ਵਾਲੀ ਵਸਤ ਛੱਕਦੇ ਹਾਂ ਪਰ ਅਚਾਨਕ ਹੀ ਕਿਸੇ ਕਾਰਣ ਸਾਨੂੰ ਉਸੇ ਸਮੇਂ ਉਲਟੀ ਆ ਜਾਂਦੀ ਹੈ। ਭਲਾ ਵਿਚਾਰੋ! ਅਜੇਹੇ ਸਮੇਂ ਕੀ ਵਾਪਰਦਾ ਹੈ? ਕੀ ਕਦੇ ਕਿਸੇ ਸੁਣਿਆ ਹੈ ਉਲਟੀ ਬਣ ਕੇ ਉਸੇ ਸਮੇਂ ਉਸੇ ਵਸਤ ਨੂੰ ਕਦੇ ਕੋਈ ਮਨੁੱਖ ਦੁਬਾਰਾ ਛੱਕਦਾ ਹੈ, ਕਦਾਚਿਤ ਨਹੀਂ। ਇਹ ਹੈ ਫ਼ਾਸਲਾ ਸਾਡੇ ਭੱਖ-ਅਭੱਖ ਦਰਮਿਆਨ। ਉਹੀ ਵਸਤ ਜੋ ਦੋ ਮਿੰਟ ਪਹਿਲਾਂ ਸਾਡੇ ਲਈ ਭੱਖ ਸੀ, ਬੁਹੁਤ ਸੁਆਦਲੀ ਤੇ ਵਧੀਆ ਸੀ ਜਾਂ ਸਰੀਰ ਲਈ ਪੌਸ਼ਟਿਕ ਤੇ ਜ਼ਰੂਰੀ ਸੀ-ਦੇਖਦੇ, ਦੇਖਦੇ ਸਾਡੇ ਸਾਰਿਆਂ ਲਈ ਅਭੱਖ ਹੋ ਗਈ। ਵੱਡੀ ਲੋੜ ਹੈ ਕਿ ਜੋ ਵਸਤੂ ਸਾਡੇ ਸਰੀਰ ਲਈ, ਲੋੜੀਂਦੀ, ਪਾਚਕ ਅਤੇ ਭੱਖ ਹੈ ਉਸਨੂੰ ਬਦੋਬਦੀ ਅਭੱਖ ਕਹਿਕੇ ਕਰਤੇ ਦੇ ਦੇਣਦਾਰ ਨਾ ਬਣੀਏ। ਇਸਤਰ੍ਹਾਂ ਜੋ ਸਾਡੇ ਲਈ ਅਭੱਖ ਹੈ ਉਸਨੂੰ ਨਿਸ਼ਚਿੰਤ ਅਭੱਖ ਕਹੀਏ, ਸਾਡੇ ਕਹੇ ਨੂੰ ਵੀ ਕੋਈ ਬੁਰਾ ਨਹੀਂ ਮਨਾਵੇਗਾ। ਜਿਵੇਂ ਦੋ ਮਿੰਟਾ ਬਾਦ ਹੀ ਉਸ ਉਲਟੀ ਨੂੰ ਕੋਈ ਵੀ ਭੱਖ ਨਹੀਂ ਕਹਿੰਦਾ ਪਰ ਪਹਿਲਾਂ ਸਾਰੇ ਹੀ ਉਸਨੂੰ ਭੱਖ ਕਹਿ ਰਹੇ ਸਨ।

ਆਓ! ਹੁਣ ਇਸ ਤੋਂ ਵੀ ਕੁੱਝ ਹੋਰ ਅਗੇ ਚਲੀਏ। ਉਹ ਉਲਟੀ ਜੋ ਮਨੁੱਖਾ ਸਰੀਰ ਲਈ ਯੋਗ ਨਹੀਂ ਅਤੇ ਸਾਰੇ ਹੀ ਉਸਨੂੰ ਇਕ-ਜ਼ਬਾਨ ਅਭੱਖ ਕਹਿ ਰਹੇ ਹਾਂ। ਚੇਤੇ ਰਖੀਏ! ਸੰਸਾਰ ਚੱਕਰ ਦੇ ਉਪਰ ਬਿਆਨੇ ਕਰਤੇ ਦੇ ਉਸੇ ਨੀਯਮ `ਚ ਸਾਈਕਲ-ਗੱਡੀ ਦੇ ਚਲਦੇ ਪਹੀਏ ਵਾਂਙ, ਉਸਦੀ ਰਚਨਾ `ਚ ਕਦੇ ਵੀ ਨਸ਼ਟ ਨਹੀਂ ਹੁੰਦੀ। ਸਾਡੇ ਲਈ ਹੀ ਅਪਣੇ ਨਵੇਂ ਲੋੜੀਂਦੇ ਰੂਪ `ਚ ਪੁਜਦੀ ਵੀ ਸਾਡੇ ਤੀਕ ਹੀ ਹੈ। ਇਸੇ ਹੀ ਸੰਸਾਰ ਚੱਕਰ ਨੂੰ ਹਰੱਹਟ ਦੀ ਮਾਲ ਨਾਲ ਵੀ ਪਛਾਣ ਸਕਦੇ ਹਾਂ।

ਆਓ! ਹੁਣ ਮੁਰਗੇ, ਸੂਰ, ਮੱਛਲੀ ਆਦਿ ਛੱਕਣ ਵਾਲੀ ਗਲ ਨੂੰ ਥੋੜਾ ਕੁੱਦਰਤ ਦੇ ਹੁਕਮ ਦੀ ਖੇਡ `ਚ ਪਛਾਨਣ ਦਾ ਵੀ ਜੱਤਣ ਕਰੀਏ। ਕਰਤਾਰ ਦੇ ਇਸ ਸੰਸਾਰ ਰੂਪੀ ਹਰੱਹਟ ਦੀ ਮਾਲ ਵਾਲੇ ਚੱਕਰ ਨੂੰ ਤਾਂ ਕਰਤਾ ਆਪ ਹੀ ਬੁੱਝ ਸਕਦਾ ਹੈ, ਮਨੁੱਖ ਨਹੀਂ। ਮਨੁੱਖ ਤਾਂ ਕੇਵਲ ਉਸਦੀ ਖੇਡ ਦੀਆਂ ਗਹਿਰਾਈਆਂ `ਚ ਟੁੱਭੀਆਂ ਲਾਕੇ ਵਿਸਮਾਦ ਦਾ ਅਨੰਦ ਹੀ ਮਾਣ ਸਕਦਾ ਹੈ, ਉਹ ਵੀ ਜੇਕਰ ਉਸ ਕਰਤੇ ਦੀ ਬਖਸ਼ਿਸ਼ ਹੋਵੇ ਤਾਂ। ਕੁੱਝ ਹੋਰ ਅਗੇ ਵਧੀਏ ਤਾਂ ਅੱਕ ਧਧੂਰੇ ਵਲ ਦੇਖੋ! ਮਨੁੱਖ ਖਾਵੇ ਤਾਂ ਉਸ ਲਈ ਜ਼ਹਿਰ ਹੈ। ਮਾਸ ਦੀ ਤਾਂ ਗਲ ਹੀ ਛਡੋ, ਸਬਜ਼ੀ ਹੋਣ ਦੇ ਬਾਵਜੂਦ ਉਸਨੂੰ ਕੋਈ ਇਨਸਾਨ ਨਹੀਂ ਖਾਂਦਾ। ਪਰ ਇਹੀ ਅੱਕ ਧਧੂਰਾ ਬਕਰੀ ਦਾ ਭੋਜਨ ਹੈ ਅਤੇ ਉਸਦੇ ਇਸੇ ਭੋਜਨ ਤੋਂ ਬਣਿਆ ਉਸਦਾ ਦੁੱਧ ਬਚਿਆਂ ਲਈ ਅੰਮ੍ਰਿਤ ਹੁੰਦਾ ਹੈ। ਹੋਰ ਤਾਂ ਹੋਰ ਕਈ ਦੁਆਈਆਂ ਲਈ ਵੀ ਅੰਮ੍ਰਿਤ ਹੁੰਦਾ ਹੈ। ਉਸੇ ਅੱਕ-ਧਧੂਰਾ ਖਾਣ ਵਾਲੀ ਬੱਕਰੀ ਦਾ ਮਾਸ ਸੰਸਾਰ ਪੱਧਰ ਤੇ ਵਧੀਆ ਅਤੇ ਮੰਹਿਗੇ ਪੱਕਵਾਨਾਂ ਵਿਚੋਂ ਮੰਨਿਆ ਜਾਂਦਾ ਹੈ ਜਿਸ ਦੀਆਂ ਮਿਸਾਲਾਂ ਗੁਰਬਾਣੀ `ਚ ਵੀ ਆਈਆਂ ਹਨ। ਜਦਕਿ ਉਸਦੇ ਉਲਟ ਉਸੇ ਅੱਕ-ਧਧੂਰੇ ਨੂੰ ਮਨੁੱਖ ਖਾ ਲਵੇ ਤਾਂ ਉਸਦੀ ਮੌਤ ਹੋ ਜਾਂਦੀ ਹੈ।

ਇਸ ਤੋਂ ਬਾਦ ਬਕਰੀ ਦੇ ਚਮੜੀ ਤੋਂ ਬਣੇ ਢੋਲਕੀ, ਜੋੜੀ, ਮ੍ਰਿਦੰਗ, ਰਬਾਬ ਦੇ ਪੜ੍ਹਦੇ, ਉਸਦੀਆਂ ਆਂਦਰਾਂ ਤੋਂ ਬਣੇ ਤੰਤੀ ਸਾਜ਼, ਗੁਰਮੁਖ ਪਿਆਰੇ ਸਾਧਸੰਗਤ `ਚ ਬੈਠਕੇ ਵਜਾਂਦੇ ਤੇ ਸੰਗਤਾਂ ਮਿਲਕੇ ਗੁਰਬਾਣੀ ਦਾ ਰੱਸ ਮਾਣਦੀਆਂ ਹਨ। ਬਕਰੀ ਦੇ ਚੰਮ ਤੋਂ ਬਣੀਆਂ ਜੁਤੀਆਂ `ਤੇ ਅਨੇਕਾਂ ਵਸਤਾਂ ਸਾਡੇ ਜੀਵਨ ਦੀ ਲੋੜ ਹਨ ਕਿਉਂ? ਉਹ ਇਸਲਈ ਕਿ ਸੰਸਾਰ ਚੱਕਰ `ਚ ਕਰਤਾਰ ਦੀਆਂ ਇਨ੍ਹਾਂ ਖੇਡਾਂ ਨੂੰ ਦੇਖ-ਦੇਖ ਕੇ ਵਿਸਮਾਦ `ਚ ਆਉਣ ਦੀ, ਨਾਕਿ ਵਾਧੂ ਦੀਆਂ ਖਿਚਾਤਾਣੀਆ ਪੈਦਾ ਕਰਕੇ ਆਪਸੀ ਪਿਆਰ ਸਤਿਕਾਰ `ਚ ਰੁਕਾਵਟਾਂ ਪੈਦਾ ਕਰਨ ਦੀ।

ਕਿੰਨੀ ਕਮਾਲ ਦੀ ਗਲ ਹੈ ਅਸੀਂ ਤਾਂ ਮੁਰਗੇ ਨੂੰ ਕੇਵਲ ਬਲਗਮ ਖਾਂਦੇ ਦੇਖ ਕੇ ਹੀ ਝੇਂਪ ਗਏ ਜਦਕਿ ਉਹੀ ਮੁਰਗਾ ਖੁੱਦ ਜ਼ਹਰੀਲੇ ਤੋਂ ਜ਼ਹਰੀਲੇ ਕੀੜੇ-ਮਕੌੜੇ ਤੇ ਸੱਪ ਤੀਕ ਵੀ ਖਾ ਜਾਂਦਾ ਹੈ। ਕਮਾਲ ਇਹ ਕਿ ਉਸਦੇ ਮਾਸ ਨੂੰ ਛੱਕਣ ਦੀ ਗਲ ਤਾਂ ਬਹੁਤ ਬਾਦ `ਚ ਆਉਂਦੀ ਹੈ ਪਹਿਲਾਂ ਤਾਂ ਉਨ੍ਹਾਂ ਕੀੜਿਆਂ ਸਪਾਂ ਆਦਿ ਦੇ ਜ਼ਹਿਰ ਦਾ ਅਸਰ ਮੁਰਗੇ ਦੇ ਅਪਣੇ ਸਰੀਰ `ਤੇ ਵੀ ਉਲਟਾ ਜਾਂ ਮਾੜਾ ਨਹੀਂ ਪੈਂਦਾ। ਮੁਰਗਾ ਤਾਂ ਉਨ੍ਹਾ ਜ਼ਹਿਰੀਲੇ ਕੀੜਿਆਂ-ਸਪਾਂ ਨੂੰ ਖਾਕੇ ਅਪਣੇ ਸਰੀਰ ਦਾ ਭੋਜਨ ਬਣਾ ਰਿਹਾ ਹੈ ਜਦਕਿ ਉਹੀ ਕੀੜਾ-ਸੱਪ ਜੇਕਰ ਮਨੁੱਖ ਨੂੰ ਲੜ ਜਾਵੇ ਤਾਂ ਮਨੁੱਖ ਦੀ ਛੁੱਟੀ ਹੋ ਜਾਂਦੀ ਹੈ, ਕਿਉਂ? ਕਿਉਂਕਿ ਕਾਦਿਰ ਦੀ ਇਸ ਸਾਰੀ ਕਰਣੀ `ਚ ਉਸ ਮਾਲਕ ਦੀ ਖੇਡ ਵਰਤ ਰਹੀ ਹੈ, ਮਨੁੱਖ ਦੀਆਂ ਸਿਆਣਪਾਂ-ਚਤੁਰਾਈਆਂ ਨਹੀਂ।

ਵਿਦੇਸ਼ਾਂ `ਚ ਮੁਰਗੇ, ਬਕਰੇ, ਸੂਰ ਆਦਿ ਦੇ ਸੁਰਗ- ਇਸੇ ਵਿਸ਼ੇ ਨੂੰ ਕੁੱਝ ਹੋਰ ਸਮਝਣ ਲਈ ਇੱਕ ਕਦਮ ਹੋਰ ਅਗੇ ਟੁਰੀਏ। ਭਾਰਤ ਦੀ ਗਲ ਹੀ ਛੱਡ ਦੇਵੋ ਅਸੀ ਇਥੇ ਮੁਰਗੇ-ਸੂਰ ਨੂੰ ਗੰਦਗੀ ਖਾਂਦੇ ਦੇਖਕੇ, ਕੁੱਦਰਤ ਦੇ ਕਾਨੂੰਨ ਨੂੰ ਸਮਝਣ ਤੋਂ ਕਾਸਿਰ, ਉਲਟਾ ਆਪਹੁਦਰੀਆਂ `ਤੇ ਕਚੀਆਂ ਗਲਾਂ ਦਾ ਸ਼ਿਕਾਰ ਹੋ ਗਏ। ਭਾਰਤ `ਚ ਸੂਰਾਂ, ਮੁਰਗਿਆਂ ਦੀ ਤਾਂ ਗਲ ਕੀ, ਇਥੋਂ ਦੀ ਬਹੁਤੀ ਹਿੰਦੂ ਵਸੋਂ ਜਿਸ ਨੂੰ ਮਾਤਾ ਦਾ ਦਰਜਾ ਦੇ ਕੇ ਪੂਜਦੀ ਹੈ, ਉਨ੍ਹਾਂ ਗਊਂਆਂ ਨੂੰ ਵੀ ਬਹੁਤੀ ਵਾਰੀ ਦੁਧ ਚੋ ਕੇ, ਚਾਰਾ ਖੁਆਣ ਸਮੇਂ ਲਾਵਾਰਿਸ ਸੜਕਾਂ ਤੇ ਛੱਡ ਦਿਤਾ ਜਾਂਦਾ ਹੈ। ਇਸਤਰ੍ਹਾਂ ਉਹ ਵਿਚਾਰੀਆਂ ਭੁਖੀਆਂ ਗਉਆਂ, ਅਪਣੇ ਪੇਟ ਦੀ ਅੱਗ ਨੂੰ ਬੁਝਾਉਣ ਲਈ ਕੂੜੇ ਦੇ ਢੇਰਾਂ ਤੇ ਖੜੀਆਂ ਅਪਣਾ ਭੋਜਨ ਤਲਾਸ਼ ਰਹੀਆਂ ਹੁੰਦੀਆਂ ਹਨ। ਇਹੀ ਕਾਰਣ ਹੈ ਜਦੋਂ ਦੋ-ਤਿੰਨ ਵਾਰੀ ਗਊ-ਸ਼ਾਲਾਵਾਂ `ਚ ਇਕੋ ਸਮੇਂ ਵੱਡੀ ਗਿਣਤੀ `ਚ ਗਊਆਂ ਦੀ ਅਚਾਨਕ ਮੌਤ ਹੋ ਗਈ ਤਾਂ ਪ੍ਰਬੰਧਕਾਂ ਨੇ ਉਨ੍ਹਾਂ ਮ੍ਰਿਤ ਗਊਆਂ ਦਾ ਪੋਸਟ-ਮਾਰਟਮ ਕਰਵਾਇਆ। ਨਤੀਜਾ ਸੀ ਕਿ ਉਨ੍ਹਾ ਦੇ ਪੇਟ `ਚੋਂ ਪਲਾਸਟਿਕ ਦੀਆਂ ਕਈ ਕੁਏਂਟਲ ਥੈਲੀਆਂ ਨਿਕਲੀਆ ਜੋ ਉਨ੍ਹਾਂ ਦੀ ਮੌਤ ਦਾ ਕਾਰਣ ਬਣੀਆਂ ਸਨ। ਕਿਉਂਕਿ ਇਹ ਪੰਨੀਆਂ (P.V.C) ਹਜ਼ਮ ਹੋਣ ਵਾਲੀ ਚੀਜ਼ ਤਾਂ ਹੈ ਨਹੀਂ ਸੀ, ਪਰ ਇਹ ਥੈਲੀਆਂ ਗੰਦਗੀ ਕੂੜੇ ਦੇ ਢੇਰਾਂ ਤੋਂ ਉਨ੍ਹਾਂ ਦੇ ਪੇਟ `ਚ ਪੁਜੀਆਂ ਸਨ। ਸੁਆਲ ਪੈਦਾ ਹੁੰਦਾ ਹੈ ਕਿ ਜਿਸ ਮੁਲਕ ਦੀ ਇੱਕ ਵੱਡੀ ਗਿਣਤੀ ਜਿਨ੍ਹਾਂ ਨੂੰ ਮਾਤਾ ਕਰਕੇ ਪੂਜ ਰਹੀ ਹੈ, ਜੇਕਰ ਉਸ ਦੇਸ਼ `ਚ ਗਊਆਂ ਦਾ ਇਹ ਹਾਲ ਹੈ ਤਾਂ ਮੁਰਗੇ, ਬਕਰੇ, ਸੂਰ ਦੇ ਭੋਜਨ ਲਈ ਕੁੱਝ ਕਹਿਣ ਦੀ ਗਲ ਹੀ ਮੁੱਕ ਜਾਂਦੀ ਹੈ।

ਇਸ ਤੋਂ ਬਾਦ, ਗਲ ਕਰਦੇ ਹਾਂ ਅਮ੍ਰੀਕਾ-ਕਨੇਡਾ ਵਰਗੇ ਦੇਸ਼ਾਂ ਦੀ ਜਿਥੇ ਬੈਠ ਕੇ ਇਹ ਸੱਤਰ੍ਹਾਂ ਲਿਖਿਆਂ ਜਾ ਰਹੀਆਂ ਹਨ। ਇਨ੍ਹਾਂ ਮੁਲਕਾਂ `ਚ ਸੂਰ, ਮੁਰਗੇ, ਬਕਰੀਆਂ ਬਲਕਿ ਹਰੇਕ ਉਸ ਜਾਨਵਰ ਨੂੰ ਅਪਣੇ ਭੋਜਨ ਲਈ ਪ੍ਰੇਸ਼ਾਨ ਨਹੀਂ ਹੋਣਾ ਪੈਦਾ ਅਤੇ ਨਾ ਹੀ ਗੰਦਗੀ ਖਾਣੀ ਪੈਂਦੀ ਹੈ। ਇਨ੍ਹਾਂ ਦੇ ਸਰਕਾਰੀ ਪੱਧਰ ਤੇ ਫ਼ਾਰਮ ਅਤੇ ਉਨ੍ਹਾ ਲਈ ਸਾਫ਼-ਸੁਥਰੇ, ਸੁਅੱਛ ਅਤੇ ਹਾਈਜੈਣਿਕ ਪ੍ਰਬੰਧ ਹਨ। ਉਨ੍ਹਾਂ ਦੀ ਖੁਰਾਕ ਵੀ ਜੀਵ-ਜੀਵ ਦੇ ਹਿਸਾਬ ਨਾਲ ਡਾਕਟਰੀ ਆਦੇਸ਼ਾ ਮੁਤਾਬਕ ਹੁੰਦੀ ਹੈ। ਉਨ੍ਹਾ ਦੀ ਸੇਹਤ-ਸੰਭਾਲ, ਦਵਾ-ਦਾਰੂ, ਸਮੇ ਸਮੇਂ ਨਾਲ ਉਨ੍ਹਾਂ ਨੂੰ ਲੋੜੀਂਦੇ ਟੀਕੇ ਸਭ ਡਾਕਟਰਾਂ ਦੀ ਦੇਖ ਰੇਖ `ਚ ਹੁੰਦਾ ਹੈ। ਉਥੇ, ਉਨ੍ਹਾਂ ਜਾਨਵਰਾਂ ਦੇ ਜੀਵਨ ਇਸਤਰ੍ਹਾਂ ਹੁੰਦੇ ਹਨ ਜਿਵੇਂ ਕਿ ਉਹ ਜਾਨਵਰ ਸੁਰਗਾਂ `ਚ ਵਾਸ ਕਰ ਰਹੇ ਹਨ। ਕਿਉਂਕਿ ਉਥੋਂ ਦੀਆਂ ਹਕੂਮਤਾਂ ਨੂੰ ਪਤਾ ਹੈ ਕਿ ਇਨ੍ਹਾਂ ਜਾਨਵਰਾਂ ਦੇ ਸਰੀਰਾਂ ਦੀ ਵਰਤੋਂ ਮਨੁੱਖੀ ਜੀਵਨ ਲਈ ਹੋਣੀ ਹੈ ਅਤੇ ਪਹਿਲਾਂ ਤੋਂ ਹੀ ਉਹ ਲੋਕ ਇਸ ਬਾਰੇ ਬੜੀ ਦੂਰ-ਅੰਦੇਸ਼ੀ ਨਾਲ ਚਲਦੇ ਹਨ। ਉਥੇ ਸਮੁੰਦਰੀ ਭੋਜਨ (Sea Food) ਹੋਵੇ, ਜ਼ਮੀਨੀ ਜਾਂ ਪੰਛੀਆਂ ਆਦਿ ਦਾ, ਦੂਜੇ ਭੋਜਨਾ ਦੀ ਨਿਆਈ ਉਸ ਦਾ ਮਿਆਰ ਬਹੁਤ ਉਚਾ ਹੁੰਦਾ ਹੈ। ਇਸਤਰ੍ਹਾਂ ਮਾਸ ਵਿਰੋਧੀ ਸੱਜਣਾ ਦੀ ਜਿਥੋਂ ਤੀਕ ਮੁਰਗੇ, ਸੂਰ ਦੇ ਭੋਜਨ ਦੀ ਗਲ ਹੈ ਉਥੇ ਤਾਂ ਇਹ ਗਲ ਵੀ ਮੁੱਕ ਜਾਂਦੀ ਹੈ। ਇਹ ਵੱਖਰੀ ਗਲ ਹੈ ਅਤੇ ਹੋ ਸਕਦਾ ਹੈ ਕਿ ਕਲ ਨੂੰ ਭਾਰਤ `ਚ ਵੀ ਅਜੇਹਾ ਸਮਾਂ ਆ ਜਾਵੇ ਕਿ ਇਥੇ ਵੀ ਉਹੀ ਗਲ ਬਣ ਜਾਵੇ।

ਇਸੇ ਤੱਸਵੀਰ ਦਾ ਇੱਕ ਰੁਖ ਤਾਂ ਇਹ ਵੀ ਹੈ, ਜੇਕਰ ਸੂਰ, ਮੁਰਗੇ ਦੇ ਮੀਟ ਆਦਿ ਨੂੰ ਇਸ ਲਈ ਨਿੰਦਣਾ ਹੈ ਕਿ ਉਹ ਗੰਦਗੀ, ਬਲਗਮ ਆਦਿ ਖਾਂਦੇ ਹਨ ਤਾਂ ਕੀ ਦੂਜੇ ਮੁਲਕਾਂ `ਚ ਜਿਥੇ ਕਿ ਇਨ੍ਹਾਂ ਜਾਨਵਰਾਂ ਦੀ ਸੇਹਤ-ਸੰਭਾਲ ਦਾ ਹਰ ਪਖੋਂ ਵੱਧੀਆ ਪ੍ਰਬੰਧ ਹੈ ਤਾਂ ਇਸ ਵਿਸ਼ੇ ਤੇ ਮਾਸ ਵਿਰੋਧੀ ਸੱਜਣਾ ਦੀ ਇਸਬਾਰੇ ਕੀ ਰਾਇ ਹੋਵੇਗੀ?

ਖੈਰ! ਇਸ ਤਸਵੀਰ ਦਾ ਇੱਕ ਰੁਖ ਹੋਰ ਵੀ ਹੈ। ਉਹ ਇਹ ਕਿ ਭਾਰਤ ਦੀ ਤਰ੍ਹਾਂ ਅਮਰੀਕਾ-ਕਨੇਡਾ ਆਦਿ ਦੇਸ਼ਾਂ `ਚ ਮੀਟ-ਮੁਰਗੇ-ਮੱਛੀ ਦੀਆਂ ਦੁਕਾਨਾਂ ਜਾਂ ਸਟੋਰ ਵਖ ਨਹੀ ਹੁੰਦੇ। ਉਥੇ ਤਾ ਏਕੜਾਂ ਤੇ ਮੀਲਾਂ `ਚ ਫੈਲੇ ਹੋਏ ਵੱਡੇ ਵੱਡੇ ਸਟੋਰ ਹੁੰਦੇ ਹਨ। ਇਨ੍ਹਾਂ ਸਟੋਰਾਂ ਤੇ ਹਰ ਤਰ੍ਹਾਂ ਦੇ ਜੀਂਦੇ-ਮਾਰੇ ਗਏ ਜਾਨਵਰਾਂ ਦਾ ਮੀਟ-ਮਾਸ-ਅਚਾਰ ਤਾਂ ਮਿਲਦੇ ਹੀ ਹਨ ਅਤੇ ਉਸਦੇ ਨਾਲ ਹੀ ਉਥੇ ਮਿਲਦੀਆਂ ਹਨ ਸਬਜ਼ੀਆਂ, ਫ਼ਰੂਟ, ਦੁੱਧ, ਪੇਅ ਪਦਾਰਥ ਅਤੇ ਹਰੇਕ ਵਸਤ ਇਕੋ ਛੱਤ ਹੇਠ। ਉਨ੍ਹਾ ਵਸਤਾਂ ਨੂੰ ਚੁੱਕਣ-ਦੇਣ ਵਾਲੇ ਵੀ ਉਹੀ ਮੁਲਾਜ਼ਮ ਹੁੰਦੇ ਹਨ ਜਿਨ੍ਹਾ ਦੀ ਡਿਊਟੀ ਵੰਡ-ਵੰਡ ਕੇ ਸਾਰੇ ਪਾਸੇ ਅਦਲ-ਬਦਲ ਨਾਲ ਚਲਦੀ ਹੈ। ਦੇਖਣ ਦੀ ਗਲ ਹੈ ਕਿ ਉਨ੍ਹਾਂ ਹੀ ਸਟੋਰਾਂ ਤੋਂ ਮਾਸ ਦੇ ਕੱਟੜ ਵਿਰੋਧੀ ਸੱਜਣ ਵੀ ਅਪਣਾ ਗਰੋਸਰੀ, ਬੇਕਰੀ, ਕਨਫੈਕਸ਼ਨਰੀ, ਆਈਸਕਰੀਮਾ, ਦੁੱਧ ਤੇ ਦੂਜਾ ਖਾਣ-ਪਾਣ ਸਾਮਾਨ ਲੈ ਰਹੇ ਹੁੰਦੇ ਹਨ, ਜਿਥੋਂ ਕਿ ਦੂਜੇ।




.