.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 33)

ਭਾਈ ਸੁਖਵਿੰਦਰ ਸਿੰਘ 'ਸਭਰਾ'

ਨਕਲੀ ਨਿਰੰਕਾਰੀ

ਨਿਰੰਕਾਰੀ ਲਹਿਰ ਇਕ ਸਿੱਖ ਸੁਧਾਰਨ ਲਹਿਰ ਸੀ, ਜੋ ਉੱਨੀਵੀਂ ਸਦੀ ਦੇ ਪਹਿਲੇ ਸਾਲਾਂ ਵਿਚ ਆਰੰਭ ਹੋਈ। ਇਹ ਸਮਾਂ ਮਹਾਰਾਜਾ ਰਣਜੀਤ ਸਿੰਘ ਦਾ ਸੀ। ਰਾਜ ਤਾਂ ਉਸ ਵੇਲੇ ਭਾਵੇਂ ਸਿੱਖਾਂ ਦਾ ਸੀ, ਪਰ ਸਿੱਖ, ਰਹੁ-ਰੀਤੀ ਵਿਚ ਇਤਨੇ ਪੱਕੇ ਨਹੀਂ ਸਨ ਰਹੇ ਅਤੇ ਪੁਰਾਣੇ ਸਨਤਨ ਧਰਮ ਦੀ ਮਰਯਾਦਾ, ਦੇਵੀ ਦੇਵਤਿਆ ਦੀ ਅਰਾਧਨਾ, ਅਸ਼ਟ ਭੁਜੀ ਦੇਵੀ ਦੁਰਗਾ ਅਤੇ ਭਗਓਤੀ ਦੀਆਂ ਮੂਰਤੀਆਂ ਦੀ ਪੂਜਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਤਰਨ ਤਾਰਨ ਜਿਹੇ ਮਹਾਨ ਧਰਮ ਅਸਥਾਨਾਂ ਦੀਆਂ ਪ੍ਰਕਰਮਾ ਵਿਚ ਆ ਗਈ ਸੀ। ਗੁਰਬਾਣੀ ਦਾ ਪਾਠ ਬਹੁਤਾ ਸੰਸਕ੍ਰਿਤ ਦੇ ਮੰਤਰਾਂ ਵਾਂਗ ਹੀ ਹੋ ਗਿਆ ਸੀ। ਜੰਮਣ, ਮਰਨ, ਵਿਆਹ-ਸ਼ਾਦੀ ਵੇਲੇ ਪੰਡਤ ਪ੍ਰਧਾਨ ਹੋ ਗਏ ਸਨ। ਅਜਿਹੇ ਸਮੇਂ ਗੁਰਬਾਣੀ ਦਾ ਚਾਨਣ ਕਰਕੇ ਅਗਿਆਨਤਾ ਦਾ ਹਨੇਰਾ ਦੂਰ ਕਰਨ ਲਈ ਬਾਬਾ ਦਿਆਲ ਜੀ ਨੇ “ਗੁਰੂ ਨਾਨਕ”, “ਗੁਰੂ ਗੋਬਿੰਦ ਸਿੰਘ” ਜੀ ਦੀ ਸਿੱਖਿਆ ਅਨੁਸਾਰ ਗੁਰਮਤਿ ਦਾ ਪ੍ਰਚਾਰ ਕਰਨਾ ਆਰੰਭ ਕੀਤਾ। ਭਾਵੇਂ ਗ੍ਰੰਥੀਆਂ, ਭਾਈਆਂ ਗੁਰੂ ਅੰਸ਼ ਸਾਹਿਬਜ਼ਾਦਿਆਂ ਬੇਦੀਆਂ, ਸੋਢੀਆਂ ਅਤੇ ਬਾਹਮਣਾਂ ਵੱਲੋਂ ਆਪਦਾ ਬਹੁਤ ਵਿਰੋਧ ਕੀਤਾ ਗਿਆ। ਪਰ ਆਪ ਆਪਣੀ ਧੁਨ ਵਿਚ ਪੱਕੇ ਰਹੇ ਅਤੇ ਨਿਡਰ ਹੋ ਕੇ ਪ੍ਰਚਾਰ ਕਰਦੇ ਰਹੇ। ਅੰਤ ਆਪ ਦੀ ਲਗਨ ਅਤੇ ਸੇਵਾ ਬਰ ਆਈ ਅਤੇ ਨਿਰੋਲ ਸਿੱਖੀ ਦੇ ਪ੍ਰਚਾਰ ਦੀ ਲਹਿਰ ਚੱਲ ਪਈ।

ਪਰ ਜਿਸ ਤਰ੍ਹਾਂ ਅਸਲੀ ਘਿਉ ਦੀ ਥਾਂ ਬਨਸਪਤੀ ਵਿਕਦਾ ਹੈ, ਨਕਲੀ ਕੇਸਰ, ਕਸਤੂਰੀ, ਮੋਤੀ ਸ਼ਿਲਾਜੀਤ ਆਦਿ ਕਈ ਚੀਜ਼ਾਂ ਮਾਰਕੀਟ ਵਿਚ ਵਿਕਦੀਆਂ ਹਨ। ਇਸੇ ਤਰ੍ਹਾਂ ਦਿੱਲੀ ਵਿਚ ਇਕ ਨਕਲੀ ਨਿਰੰਕਾਰੀ ਮੰਡਲ ਵੀ ਚੱਲਿਆ ਹੈ। ਜਿਸਦਾ ਬਾਨੀ ਪਿੰਡ ਅਧਵਾਲ ਜ਼ਿਲ੍ਹਾ ਕੈਂਬਲਪੁਰ ਪੱਛਮੀ ਪਾਕਿਸਤਾਨ ਦਾ ਇਕ ਸ਼ਰਾਬੀ ਕਬਾਬੀ ਭਾਈ ਬੂਟਾ ਸਿੰਘ ਦੱਸਿਆ ਜਾਂਦਾ ਹੈ। ਉਸਨੂੰ ਪੱਕਾ ਸ਼ਰਾਬੀ ਹੋਣ ਕਰਕੇ ਨਿਰੰਕਾਰੀ ਦਰਬਾਰ ਰਾਵਲਪਿੰਡੀ ਵਿਚੋਂ ਖਾਰਜ ਕੀਤਾ ਗਿਆ ਸੀ। ਉਸਨੇ ਪਿਸ਼ੌਰ ਜਾ ਕੇ ਅਵਤਾਰ ਸਿੰਘ ਨਾਲ ਨਕਲੀ ਨਿਰੰਕਾਰੀ ਜੁੰਡਲੀ ਬਣਾਉਣ ਦੀ ਕੋਸ਼ਿਸ਼ ਕੀਤੀ। ਅਵਤਾਰ ਸਿੰਘ ਉਹਨਾਂ ਦਿਨਾਂ ਵਿਚ ਪਿਸ਼ੌਰ ਵਿਚ ਡਬਲ ਰੋਟੀਆਂ ਅਤੇ ਕੁਲਚੇ ਤਿਆਰ ਕਰਨ ਦੀ ਦੁਕਾਨ ਕਰਦਾ ਸੀ। ਪਿਸ਼ੌਰ, ਰਾਵਲਪਿੰਡੀ ਤੇ ਪੋਠੋਹਾਰ ਵਿਚ ਗੁਰਸਿੱਖੀ ਦਾ ਬਹੁਤ ਪ੍ਰਚਾਰ ਸੀ। ਇਸ ਲਈ ਉਥੇ ਬੂਟਾ ਸਿੰਘ ਅਤੇ ਅਵਤਾਰ ਸਿੰਘ ਦੀ ਉਥੇ ਕੋਈ ਦਾਲ ਨਾ ਗਲੀ। ਇਹਨਾਂ ਦਾ ਗੁਰੂ ਡੰਮ੍ਹ ਉਥੇ ਨਾ ਚੱਲਿਆ। ਸੰਨ 1947 ਵਿਚ ਭਾਰਤ ਅਤੇ ਪਾਕਿ ਦੀ ਵੰਡ ਹੋਈ। ਬੂਟਾ ਸਿੰਘ ਕੋਹਮਰੀ ਦੀ ਬਿਮਾਰੀ ਨਾਲ ਮਰ ਗਿਆ ਅਤੇ ਅਵਤਾਰ ਸਿੰਘ ਡਰ ਦਾ ਮਾਰਿਆ ਹੋਇਆ ਦਿੱਲੀ ਆ ਗਿਆ। ਇਸਨੇ ਪਹਾੜਗੰਜ ਦਿੱਲੀ ਵਿਚ ਇਕ ਮਕਾਨ ਕਿਰਾਏ `ਤੇ ਲੈ ਕੇ ਆਪਣਾ ਗੁਰੂ ਡੰਮ੍ਹ ਅਤੇ ਦੰਭ ਪਾਖੰਡ ਖਿਲਾਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਬਹੁਤ ਲੋਕ ਅਨਪੜ੍ਹ ਹਨ। ਇਹਨਾਂ ਦੇ ਜਾਲ ਵਿਚ ਫਸ ਜਾਂਦੇ ਹਨ, ਇਹਨੂੰ ਵੀ ਮੱਥੇ ਟੇਕਣ ਵਾਲੇ ਚੇਲੇ ਮਿਲ ਗਏ। ਪੂਜਾ-ਭੇਟਾ ਵੀ ਚੜ੍ਹਨ ਲੱਗ ਪਈ। ਉਸਨੇ ਪੂਜਾ ਦੇ ਧਨ ਨਾਲ ਆਲੀਸ਼ਾਨ ਕੋਠੀ ਪਾ ਲਈ। ਗੁਰੂ ਡੰਮ੍ਹ ਦੀ ਡੁੱਗੀ ਪਿੱਟਣ ਲਈ ਪੇਡ ਏਜੰਟ ਅਤੇ ਚੇਲੀਆਂ ਰੱਖ ਲਈਆਂ। ਨਿਰੰਕਾਰ ਦੇ ਝੂਠੇ ਦਰਸ਼ਨ ਕਰਾਉਣ ਦਾ ਛਲ ਨਾਟਕ, ਸ਼ਖਸੀ ਪੂਜਾ ਤੇ ਕੁਟੰਬ ਪੂਜਾ ਸਟੰਟ ਰਚ ਲਿਆ। ਉਹ ਸਿਨੇਮੇ ਦੇ ਨਾਚੇ ਨਾਚੀਆਂ ਵਾਂਗ ਸੁਨਹਿਰੀ ਮੁਕਟ ਤੇ ਰੇਸ਼ਮੀ ਕੱਪੜੇ ਪਾ ਕੇ ਤਖ਼ਤ ਉੱਤੇ ਬੈਠ ਕੇ ਆਪਣੇ ਆਪ ਨੂੰ ਹਜ਼ੂਰ ਸ਼ਹਿਨਸ਼ਾਹ ਤੇ ਸੱਚਾ ਪਾਤਸ਼ਾਹ ਅਖਵਾਉਣ ਲੱਗ ਪਿਆ। ਉਸਨੇ ਅਵਤਾਰ, ਰਾਮ, ਅੱਲ੍ਹਾ ਤੇ ਗਾਡ ਦੇ ਬਰਾਬਰ ਹੋਣ ਦਾ ਝੂਠਾ ਦਾਅਵਾ ਕੀਤਾ।

‘ਅੰਨ੍ਹੀ ਅੰਨ੍ਹਾਂ ਖੂਹੇ ਠੇਹਲੇ’ ਦੀ ਕਹਾਵਤ ਅਨੁਸਾਰ ਅੰਧ ਵਿਸ਼ਵਾਸੀ ਚੇਲੇ ਚੇਲੀਆਂ ਨੂੰ ਆਲੇ-ਦੁਆਲੇ ਬਿਠਾ ਕੇ ਉਹਨਾਂ ਤੋਂ ਗੁਆਂਦਾ ਸੀ—ਇਹਦੀਆਂ ਤਲੀਆਂ ਵਿਚ ਰੱਬ ਵੱਸਦਾ।

ਜਿਹੜਾ ਨਿਰੰਕਾਰ ਵਾਹਿਗੁਰੂ, ਸ਼ਬਦ, ਸਪਰਸ਼, ਰੂਪ, ਰਸ, ਗੰਧ, ਮਨ ਤੇ ਬੁੱਧੀ ਤੋਂ ਪਰ੍ਹੇ ਹੈ। ਖੰਡਾਂ ਬ੍ਰਹਮੰਡਾਂ ਤੇ ਸਾਰੇ ਵਿਸ਼ਵ ਵਿਚ ਵਿਆਪਕ ਹੈ। ਉਹ ਨਕਲੀ ਨਿਰੰਕਾਰੀਆਂ ਦੀਆਂ ਤਲੀਆਂ ਵਿਚ ਕਿਵੇਂ ਫਸ ਗਿਆ? ਇਸ ਗੱਲ ਦਾ ਉਹ ਕੋਈ ਉੱਤਰ ਨਹੀਂ ਸੀ ਦਿੰਦਾ। ਉਸਨੇ ਮਾਇਆ ਮੋਹਣੀ ਦਾ ਜਾਲ ਤਾਣ ਕੇ ਲੋਕਾਂ ਨੂੰ ਫਾਹੁਣ ਦਾ ਜਤਨ ਕੀਤਾ।

ਇਸ ਅਵਤਾਰ ਸਿੰਘ ਨੇ ਇਕ ਘੋਰ ਅਪਰਾਧ ਇਹ ਕੀਤਾ ਕਿ ਪੰਜਾਬੀ ਦੇ ਇਕ ਟੁੱਕੜ ਬੋਚ ਕਵੀ ਤੋਂ ਤੁਕਬੰਦੀ ਕਰਵਾ ਕੇ ਆਪਣੇ ਨਾਮ ਜਾਹਲੀ ‘ਅਵਤਾਰ ਬਾਣੀ’ ਛਪਵਾਈ। ਜਿਸ ਵਿਚ ਪੁੱਤਰਾਂ, ਪਤਨੀ ਨੂੰਹ ਤੇ ਪਿਛਲੱਗਾਂ ਨੂੰ ਸੰਤ ਦੱਸਕੇ ਉਹਨਾਂ ਦੇ ਨਾਮ ਪਰ ਆਪਣੀ ਉਸਤਤ ਕਰਵਾਈ ਅਤੇ ਗੁਰਬਾਣੀ ਅੰਮ੍ਰਿਤ ਰਹਿਤ, ਕਕਾਰਾਂ ਬਾਰੇ ਮੰਦ ਭਾਸ਼ਾ ਵਰਤੀ।

ਝੂਠੇ ਖ਼ੁਦਾਈ ਦਾਅਵੇ ਕਰਨ ਵਾਲਾ, ਝੂਠ, ਜੂਠ ਅਤੇ ਵਾਮ ਮਾਰਗ ਦਾ ਪ੍ਰਚਾਰਕ ਅਵਤਾਰ ਸਿੰਘ 17 ਦਸੰਬਰ 1969 ਨੂੰ ਦਿੱਲੀ ਵਿਚ ਇਕ ਭੈੜੀ ਬਿਮਾਰੀ ਨਾਲ ਮਰ ਗਿਆ। ਪਿਉ ਦੀ ਰੀਸੇ ਉਸਦਾ ਪੁੱਤਰ ਗੁਰਬਚਨ ਸਿੰਘ ਆਪਣੇ ਆਪ ਨੂੰ ਸਤਿਗੁਰੂ, ਜਗਤ ਦਾ ਪਾਲਣਹਾਰ ਅਤੇ ਸਿਰਜਣਹਾਰ ਦੱਸਣ ਲੱਗਾ। ਇਸਦੇ ਪੇਡ ਏਜੰਟ ਤੇ ਅੰਧ ਵਿਸ਼ਵਾਸੀ ਚੇਲੇ ਚੇਲੀਆਂ ਨਿਰੰਕਾਰ ਤੋਂ ਬੇਮੁੱਖ ਹੋ ਕੇ ਆਦਮ ਪ੍ਰਸਤੀ ਕਰਦੇ ਹੋਏ ਇਹ ਟੱਪੇ ਗਾਉਂਦੇ ਸਨ:

1: ਗੁਰ ਬਚਨ ਗੁਰੂ ਹੈ ਜਗਤ ਦਾ, ਆਪੇ ਹੈ ਅਵਤਾਰ।

2: ਆਇਆ ਗੁਰਬਚਨ ਅਵਤਾਰ, ਸਾਰੇ ਜਗ ਦਾ ਪਾਲਣਹਾਰ।

ਸਾਡਾ ਕਰ ਗਿਆ ਬੇੜਾ ਪਾਰ।

ਆਜ਼ਾਦੀ ਤੋਂ ਬਾਅਦ ਭਾਰਤ ਵਿਚ ਰਾਜੇ ਰਾਣੀਆਂ ਦੀ ਫੂਹੜੀ ਵਲ੍ਹੇਟੀ ਗਈ ਪਰ ਲੋਕਾਂ ਦੀ ਪੂਜਾ ਦੇ ਆਸਰੇ ਐਸ਼ ਕਰਨ ਵਾਲਾ ਗੁਰਬਚਨ ਸਿੰਘ ਮਜ਼੍ਹਬੀ ਮਜਾਵਰ ਆਪਣੀ ਪਤਨੀ ਕੁਲਵੰਤ ਕੌਰ ਨੂੰ ਚੇਲੇ ਚੇਲੀਆਂ ਤੋਂ ‘ਰਾਜ ਮਾਤਾ’ ਅਖਵਾਉਂਦਾ ਤੇ ਆਪਣੇ ਮੈਗ਼ਜੀਨ ਵਿਚ ਲਿਖਵਾਉਂਦਾ ਸੀ। ਬਾਪ ਪਰ ਬੇਟਾ, ਤੁਖਮ ਪਰ ਘੋੜੇ ਦੀ ਕਹਾਵਤ ਅਨੁਸਾਰ ਜੇ ਪਿਉ ਰਾਮ, ਗਾਡ ਤੇ ਅੱਲ੍ਹਾ ਦਾ ਸਾਨੀ ਬਣਦਾ ਸੀ ਤਾਂ ਪੁੱਤਰ ਸ੍ਰੀ ਰਾਮ, ਕ੍ਰਿਸ਼ਨ, ਆਦਮ, ਮੂਸਾ ਈਸਾ ਤੇ ਮੁਹੰਮਦ ਦਾ ਆਪਣੇ ਆਪ ਨੂੰ ਉੱਤਰਾਧਿਕਾਰੀ ਬਿਆਨ ਕਰਦਾ ਸੀ। ਇਕੋ ਵਕਤ ਵਿਚ ਲੋਕਾਂ ਨੂੰ ਬੁੱਧੂ ਬਣਾਉਣ ਤੇ ਆਪਣੀ ਹਉਮੈ ਨੂੰ ਪੱਠੇ ਪਾਉਣ ਲਈ ਹਿੰਦੂ ਅਵਤਾਰਾਂ ਅਤੇ ਇਬਰਾਨੀ ਪੈਗ਼ਬੰਰਾਂ ਨਾਲ ਆਪਣੀ ਪੂਛ ਜੋੜਦਾ ਸੀ। ਜਿਨ੍ਹਾਂ ਦੀ ਆਪਸ ਵਿਚ ਵਿਚਾਰਧਾਰਾ ਜਾਂ ਕੋਈ ਸਿਧਾਂਤ ਨਹੀਂ ਮਿਲਦਾ। ਇਸ਼ਤਿਹਾਰੀ ਹਕੀਮਾਂ, ਫ਼ਿਲਮੀ ਤੇ ਸਰਕਸ ਕੰਪਨੀਆਂ ਵਾਂਗ ਆਪਣੇ ਗੁਰੂ ਡੰਮ੍ਹ ਦੀ ਝੂਠੀ ਇਸ਼ਤਿਹਾਰਬਾਜੀ ਕਰਕੇ ਸਿਨਮਿਆਂ ਵਿਚ ਰੀਲਾਂ ਦਿਖਾ ਕੇ ਲੋਕਾਂ ਨੂੰ ਪਾਖੰਡ ਜਾਲ ਵਿਚ ਫਾਹੁੰਦਾ ਸੀ। ਗੁਰਬਚਨ ਸਿੰਘ ਭਾਰਤ ਦੇ ਧਾਰਮਿਕ ਵਿਦਵਾਨਾਂ ਦੇ ਕਿਸੇ ਇਕੱਠ ਵਿਚ ਕਿਸੇ ਅਧਿਆਤਮਕ ਵਿਸ਼ੇ `ਤੇ ਚੰਗੀ ਤਕਰੀਰ ਨਹੀਂ ਸੀ ਕਰ ਸਕਦਾ, ਨਾ ਹੀ ਇਸ ਦੀ ਲੋਕ ਸੇਵਾ ਜਾਂ ਕੁਰਬਾਨੀ ਸੀ। ਨਿਰੋਲ ਦੰਭ, ਪਾਖੰਡ ਮਾਇਆ ਤੇ ਮੋਹਣੀਆਂ ਦੇ ਆਸਰੇ ਕਈ ਮੂਰਖਾਂ ਨੂੰ ਵਧੇਰੇ ਮੂਰਖ ਬਣਾਉਂਦਾ ਸੀ।

ਸਾਡੇ ਦੇਸ਼ ਵਿਚ ਜਿਸ ਤਰ੍ਹਾਂ ਭਾੜੇ ਉੱਤੇ ਪਿੱਟਣ ਵਾਲੀਆਂ ਨਾਇਣਾਂ ਮਿਲ ਜਾਂਦੀਆਂ ਹਨ, ਉਸੇ ਤਰ੍ਹਾਂ ਟੁੱਕੜ ਬੋਚ ਕਵੀ ਅਤੇ ਲੇਖਕ ਝੂਠੀ ਉਸਤਤ ਕਰਨ ਵਾਲੇ ਵੀ ਮਿਲ ਜਾਂਦੇ ਹਨ। ‘ਗੁਰੂ ਜਿੰਨਾ ਦੇ ਟੱਪਣੇ ਚੇਲੇ ਜਾਣ ਛੜੱਪ’ ਅਨੁਸਾਰ ਇਕ ਰਿੰਦ ਕਵੀ ਨੇ ਰਸਾਲਾ ‘ਸੰਤ ਨਿਰੰਕਾਰੀ’ ਮਈ 1964 ਦੇ ਅੰਕ ਵਿਚ ਸਫ਼ਾ 9 ਉੱਤੇ ਅਵਤਾਰ ਸਿੰਘ ਦੀ ਕੋਝੀ ਉਸਤਤ ਕਰਦੇ ਹੋਏ ਇਕ ਕਵਿਤਾ ਛਪਵਾਈ। ਜਿਸ ਵਿਚ ਰਿੰਦ ਕਵੀ ਨੇ ਲਿਖਿਆ ਹੈ— ‘ਅੱਲ੍ਹਾ’ ਆਪੇ ਮੁੜ ਆਇਆ ਜੇ। ਗਾਡ ਵੀ ਨਾਲ ਲਿਆਇਆ ਜੇ। ‘ਰਾਮ’ ਵੀ ਇਸਦੀ ਬੁੱਕਲ ਖੇਲੇ। ਇਹ ਰੱਬ ਆਪੇ ਹੈ ਆਇਆ। ਫਰਵਰੀ 1966 ਦੇ ਰਸਾਲਾ ‘ਸੰਤ ਨਿਰੰਕਾਰੀ’ ਵਿਚ ਇਕ ਹੋਰ ਅੰਧ ਵਿਸ਼ਵਾਸੀ ਤੇ ਟੁੱਕੜ ਬੋਚ ਕਵੀ ਐਸ: ਐਸ: ਅਨੰਦ ਨੇ ਲਿਖਿਆ ਹੈ:

ਦੁਨੀਆ ਵਾਲਿਉ ਦਸਾਂ ਮੈਂ ਗੱਲ ਇਕੋ।

ਇਹੋ ਬੈਠਾ ਜੇ ਦੁਨੀਆ ਬਣਾਉਣ ਵਾਲਾ।

ਸਦਾ ਇਸ ਨੇ ਕਾਇਮ ਤੇ ਦਾਇਮ ਰਹਿਣਾ।

ਬਾਕੀ ਜੱਗ ਹੈ ਆਉਣ ਤੇ ਜਾਣ ਵਾਲਾ।

ਅਵਤਾਰ ਸਿੰਘ ਕੈਂਸਰ ਨਾਲ ਮਰ ਗਿਆ ਸੀ। ਕਾਹਲੀ ਨਾਲ ਇਸਨੂੰ ਬਿਜਲੀ ਦੀ ਭੱਠੀ ਵਿਚ ਸਾੜ ਦਿੱਤਾ ਗਿਆ। ਕੀ ਰਿੰਦ ਕਵੀ ਜਾਂ ਨਕਲੀ ਨਿਰੰਕਾਰੀ ਦੱਸਣਗੇ ਕਿ ਰਾਮ, ਅੱਲ੍ਹਾ, ਗਾਡ, ਮਰ ਗਏ ਜਾਂ ਉਸਦੇ ਨਾਲ ਹੀ ਕਿਧਰੇ ਤੁਰ ਗਏ? ਜਿਹੜਾ ‘ਰਾਮ’ ਬੁੱਕਲ ਵਿਚ ਵਸਦਾ ਸੀ ਕੀ ਉਹ ਅਵਤਾਰ ਸਿੰਘ ਦੇ ਨਾਲ ਹੀ ਭੱਠੀ ਵਿਚ ਫੂਕਿਆ ਗਿਆ ਸੀ। ਹਰਗਿਜ਼ ਨਹੀਂ। ਇਹ ਜਿਸਨੂੰ ਕਾਇਮ ਦਾਇਮ ਦੱਸਦੇ ਸਨ ਉਹ ਕਿੱਥੇ ਹੈ? ਪਰਮਾਤਮਾ ਤਾਂ ਸਦੀਵੀ ਹੈ। ਆਦਿ ਸਚੁ, ਜੁਗਾਦਿ ਸਚੁ, ਨਾਨਕ ਹੋਸੀ ਭੀ ਸਚੁ ਹੈ ਪਰ ਇਹ ਮਲ ਮੂਤਰ ਦਾ ਥੈਲਾ, ਦੰਭ, ਪਾਖੰਡ, ਈਰਖਾ, ਦਵੈਸ਼ ਦਾ ਪੁਤਲਾ ਅਵਤਾਰ ਸਿੰਘ ਕਦੋਂ ਦਾ ਮਰ ਚੁੱਕਾ ਹੈ।

ਕਹਿੰਦੇ ਹਨ ਕਿ ਲੰਡਨ ਵਿਚ ਇਕ ਵੇਸਵਾ ਨੇ ਆਪਣੇ ਘਰ ਦੇ ਅੱਗੇ ਮਹਾਤਮਾ ਬੁੱਧ ਦੀ ਮੂਰਤੀ ਰੱਖੀ ਹੋਈ ਸੀ। ਉਸਨੂੰ ਕਿਸੇ ਨੇ ਪੁੱਛਿਆ—ਪਾਪਣੇ! ਮਹਾਤਮਾ ਬੁੱਧ ਤਾਂ ਨੇਕ ਪੁਰਸ਼ ਹੋਏ ਹਨ ਤੂੰ ਦੁਰਾਚਾਰੀ ਹੋ ਕੇ ਉਸਦੀ ਮੂਰਤੀ ਬੂਹੇ ਅੱਗੇ ਕਿਉਂ ਰੱਖੀ ਹੋਈ ਹੈ? ਉਸ ਵੇਸਵਾ ਦਾ ਉੱਤਰ ਸੀ—ਮੈਂ ਇਹ ਮੂਰਤੀ ਬੋਧੀਆਂ ਅਤੇ ਹਿੰਦੁਸਤਾਨੀਆਂ ਨੂੰ ਫਾਹੁਣ ਵਾਸਤੇ ਰੱਖੀ ਹੋਈ ਹੈ। ਇਹੀ ਹਾਲ ਇਹਨਾਂ ਨਿਰੰਕਾਰੀਆਂ ਦਾ ਹੈ।

ਅਫ਼ਸੋਸ ਦੀ ਗੱਲ ਇਹ ਹੈ ਕਿ ਸਿੰਘ ਨਾਮ ਰਖਵਾ ਕੇ ਗੁਰੂ ਦਾ ਰੂਪ ਦਾਹੜੀ ਤੇ ਕੇਸ ਰੱਖ ਕੇ, ਗੁਰਬਾਣੀ ਦੇ ਸ਼ਬਦ ਪੜ੍ਹ ਕੇ ਤੇ ਲੋਕਾਂ ਨੂੰ ਪੋਥੀਆਂ ਦੇ ਕੇ ਇਹ ‘ਨਿਰੰਕਾਰੀ’ ਨਾਂ ਨੂੰ ਬਦਨਾਮ ਕਰ ਰਹੇ ਹਨ। ਇਹ ਭੋਲੇ ਭਾਲੇ ਲੋਕਾਂ ਨੂੰ ਨਾਟਕੀ ਢੰਗ ਨਾਲ ਦਰਸ਼ਨ (ਰੱਬ ਦਾ) ਕਰਾਉਣ ਬਾਰੇ ਇਸ ਤਰ੍ਹਾਂ ਪਾਖੰਡ ਰਚਦੇ ਹਨ—ਭੋਲੇ ਭਾਲੇ ਬੰਦੇ ਨੂੰ ਕਹਿੰਦੇ ਦਰਸ਼ਨ ਕਰਨੇ ਜੇ ਨਿਰੰਕਾਰ ਦੇ। ਭੋਲੇ ਭਾਲੇ ਲੋਕ ਕਹਿੰਦੇ ਹਾਂ ਬਾਬਾ ਜੀ ਕਰਨੇ ਹਨ। ਫਿਰ ਨਕਲੀ ਨਿਰੰਕਾਰੀ ਉਸ ਵਕਤ ਵਿਚ ਇਕ ਹੱਥ ਉੱਤੇ ਤੇ ਇਕ ਥੱਲੇ, ਬਿਲਮੁਕਾਬਲ ਰੱਖ ਕੇ ਕਹਿੰਦੇ ਹਨ—ਵਿਚ ਤੱਕੋ। ਭੁੱਲੜ ਆਦਮੀ ਦੋਹਾਂ ਹੱਥਾਂ ਦੇ ਵਿਚਕਾਰ ਦੇਖਦੇ ਹਨ। ਫਿਰ ਛਲੀਏ ਕਹਿੰਦੇ ਬੱਸ ਇਹੀ ਨਿਰੰਕਾਰ ਜੇ।

ਅਸਲ ਵਿਚ ਇਹ ਪਾਖੰਡੀ, ਨਿਰੰਕਾਰ ਤੋਂ ਇਤਨੇ ਦੂਰ ਹਨ ਜਿੰਨਾ ਸ਼ੈਤਾਨ, ਨੇਕੀ ਤੋਂ ਦੂਰ ਹੈ। ਦਰਸ਼ਨ ਆਪਣੇ ਹੀ ਕਰਵਾਉਂਦੇ ਹਨ ਪਰ ਧੋਖਾ ਨਿਰੰਕਾਰ ਦੇ ਨਾਂ ਪਰ ਕਰਦੇ ਹਨ।

ਕਹਿੰਦੇ ਇਕ ਵਾਰੀ ਦੋ ਸਿਆਣੇ ਆਦਮੀ ਅਵਤਾਰ ਸਿੰਘ ਨਿਰੰਕਾਰੀ ਕੋਲ ਗਏ। ਜਾ ਕੇ ਕਿਹਾ ਕਿ ਤੁਸੀਂ ਲੋਕਾਂ ਨੂੰ ਨਿਰੰਕਾਰ ਦੇ ਦਰਸ਼ਨ ਕਰਵਾਉਂਦੇ ਹੋ ਸਾਨੂੰ ਵੀ ਕਰਵਾ ਦਿਉ। ਅਵਤਾਰ ਸਿੰਘ ਕਹਿਣ ਲੱਗਾ—ਜਿੰਨੇ ਚਿਰ ਮਰਦ ਇਸਤਰੀ ਭੋਗ ਵਿਲਾਸ ਕਰਦਿਆਂ ਖਾਰਜ ਹੁੰਦੇ ਹਨ ਉਤਨੇ ਚਿਰ ਵਿਚ ਮੈਂ ਤੁਹਾਨੂੰ ਦਰਸ਼ਨ ਕਰਵਾ ਦੇਣੇ ਹਨ। ਉਹਨਾਂ ਬੰਦਿਆਂ ਨੇ ਸੋਚਿਆ ਕਿ ਬਿੱਲੀ ਨੂੰ ਚੂਹਿਆਂ ਦੇ ਸੁਪਨੇ, ਅਨੁਸਾਰ ਜਿਸ ਬਿਗਾਨੀ ਕਮਾਈ ਵਿਚੋਂ ਰੋਜ਼ ਕਾਜੂ, ਬਦਾਮ ਛਕਣੇ ਹਨ ਤੇ ਸਕਾਚ ਵਿਸਕੀ ਪੀਣੀ ਹੈ, ਉਹ ਕਾਮ ਦੇਵ ਜਾਂ ਸ਼ੈਤਾਨ ਦੇ ਦਰਸ਼ਨ ਤਾਂ ਕਰਵਾ ਸਕਦਾ ਹੈ ਪਰ ਨਿਰੰਕਾਰ ਦੇ ਦਰਸ਼ਨ ਨਾ ਉਸਨੂੰ ਆਪ ਹੋ ਸਕਦੇ ਹਨ ਨਾ ਹੀ ਕਿਸੇ ਹੋਰ ਨੂੰ ਕਰਵਾ ਸਕਦਾ ਹੈ। ਤਲੀਆਂ ਵਿਚ ਰੱਬ ਵੱਸਦਾ—ਨਿਰੇ ਵਿਕਾਰੀ ਗੁਰਬਚਨ ਸਿੰਘ ਦਾ ਇਕ ਚੇਲਾ ਬਿੱਕਰ ਸਿੰਘ ਲੁਧਿਆਣਾ ਕਹਿੰਦਾ ਹੈ ਕਿ ‘ਨਿਰੰਕਾਰੀ ਬਾਬੇ ਦੀਆਂ ਤਲੀਆਂ ਹਿੱਲੀਆਂ ਤਾਂ ਰੱਬ ਪ੍ਰਤੱਖ ਨਜ਼ਰੀ ਆਇਆ ਆਵਾਗਵਨ ਤੋਂ ਮੁਕਤੀ ਮਿਲ ਗਈ।

(ਸੰਤ ਨਿਰੰਕਾਰੀ, ਅਗਸਤ 1970, ਪੰਨਾ 32)

ਇਹੀ ਨਕਲੀ ਨਿਰੰਕਾਰੀ ਗੁਰਬਾਣੀ ਤੋਂ ਬਿਲਕੁਲ ਅਣਜਾਣ ਹਨ। ਇਸਦੀ ਉਦਾਹਰਣ ਦਿੰਦੇ ਹਾਂ—ਸਤਿਗੁਰ ਬਚਨ ਤੁਮਾਰੇ।। ਨਿਰਗੁਣ ਨਿਸਤਾਰੇ।। ਮਹਾਂ ਬਿਖਾਦੀ ਦੁਸਟ ਅਪਵਾਦੀ ਤੇ ਪੁਨੀਤ ਸੰਗਾਰੇ।। (ਪੰਨਾ 406)

ਇਸਦੇ ਅਰਥ ਨਕਲੀ ਨਿਰੰਕਾਰੀਆਂ ਨੇ ਮੈਗ਼ਜੀਨ ‘ਸੰਤ ਨਿਰੰਕਾਰੀ’ ਮਈ 1964 ਦੇ ਪੰਨਾ 7 `ਤੇ ਇਉਂ ਕੀਤੇ ਹਨ:

ਮਹਾਂ ਵਿਖਾਦੀ ਦੁਸਟ ਅਪਵਾਦੀ ਪੰਜਾਂ ਤੱਤਾਂ ਨੂੰ ਕਹਿੰਦੇ ਹਨ:

ਇਨਸਾਨ ਪੰਜਾਂ ਤੱਤਾਂ ਦੇ ਮੋਹ ਵਿਚ ਫਸ ਗਿਆ ਹੈ। ਸਰਾਸਰ ਗਲਤ ਅਰਥ ਕਰ ਰਹੇ ਹਨ। ਸਹੀ ਅਰਥ ਗੁਰਬਾਣੀ ਵਿਚ ‘ਮਹਾ ਬਿਖਾਦੀ ਦੁਸ਼ਟ ਅਪਵਾਦੀ, ਪੰਜਾਂ ਤੱਤਾਂ ਨੂੰ ਨਹੀਂ ਬਲਕਿ ਪੰਜ ਵਿਕਾਰਾਂ ਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨੂੰ ਕਿਹਾ ਗਿਆ ਹੈ। ਪੰਜਾਂ ਤੱਤਾਂ ਨੂੰ ਪੰਜ ਬਿਖਾਦੀ ਦੱਸਣਾ ਇਹਨਾਂ ਦੀ ਜਹਾਲਤ ਦਾ ਪ੍ਰਤੱਖ ਸਬੂਤ ਹੈ।

ਜੂਨ 1973 ਵਿਚ ਲਖਨਊ ਵਿਖੇ ਗੁਰਬਚਨ ਦੀ ਘਰਵਾਲੀ ‘ਰਾਜ ਮਾਤਾ’ ਨੇ ਇਕ ਲੈਕਚਰ ਵਿਚ ਇਸ ਤਰ੍ਹਾਂ ਕਿਹਾ—ਕਲਜੁਗ ਦਾ ਬੋਹਥ ਮੇਰਾ ਪਤੀ ਹੈ ਉਹੀ ਤੁਹਾਡਾ ਕਲਿਆਣ ਕਰ ਸਕਦਾ ਹੈ। ਹੋਰ ਕੋਈ ਬਾਣੀ ਦਾ ਪੋਥਾ ਤੁਹਾਡਾ ਕੁਝ ਨਹੀਂ ਸਵਾਰ ਸਕਦਾ।

ਕੀ ਇਹ ਨਕਲੀ ਨਿਰੰਕਾਰੀ ਦੱਸਣਗੇ ਕਿ ਫਿਰ ਇਹ ਗੁਰਬਾਣੀ ਸ਼ਬਦਾਂ ਦੀ ਵਰਤੋਂ ਆਪਣੇ ਲੈਕਚਰਾਂ ਵਿਚ ਤੋੜ ਮਰੋੜ ਕੇ ਕਿਉਂ ਕਰਦੇ ਹਨ? ਜਾਹਲੀ ਅਵਤਾਰ ਬਾਣੀ ਕਿਉਂ ਲਿਖੀ?

ਨਕਲੀ ਨਿਰੰਕਾਰੀ ਦੀਆਂ ਚੇਲੀਆਂ ਕਈ ਮਰਦਾਂ ਦੇ ਮੂੰਹ ਵਿਚ ਜੂਠਾ ਭੋਜਨ ਪਾਉਂਦੀਆਂ ਹਨ। ਫਿਰ ਉਹ ਆਪ ਵੀ ਦੂਜੇ ਮਰਦਾਂ ਦੀ ਜੂਠ ਖਾਂਦੀਆਂ ਹਨ। ਔਰਤਾਂ ਨੂੰ ਜੂਠ ਖਵਾਉਣ ਦਾ ਮਕਸਦ ਇਕੋ ਹੀ ਹੈ ਕਿ ਉਹ ਲਿੰਗ ਸੁਤੰਤਰਤਾ ਦੇ ਅਭਿਆਸ ਵਿਚ ਨਾ ਝਕਣ। ਮਾਸ, ਸ਼ਰਾਬ, ਖ਼ੂਬਸੂਰਤ ਔਰਤਾਂ ਨਾਲ ਵਿਭਚਾਰ ਹੀ ਇਹਨਾਂ ਦਾ ਇਕੋ ਇਕ ਨਿਸ਼ਾਨਾ ਹੈ।

ਨਕਲੀ ਨਿਰੰਕਾਰੀਆਂ ਨੂੰ ਕਈ ਵਾਰ ਸਿੱਖਾਂ ਦਾ ਡੈਪੂਟੇਸ਼ਨ ਮਿਲਿਆ ਕਿ ਤੁਸੀਂ ਸਿੱਖ ਗੁਰੂਆਂ ਅਤੇ ਗੁਰਬਾਣੀ ਬਾਰੇ ਕੋਈ ਭਾਸ਼ਾ ਨਾ ਵਰਤੋ ਪਰ ਸਰਕਾਰ ਦੀ ਸ਼ਹਿ `ਤੇ ਇਹ ਦਿਨੋ ਦਿਨ ਅਗਾਂਹ ਵਧਦੇ ਗਏ। ਅਖ਼ੀਰ 1978 ਵਿਚ ਵੈਸਾਖੀ ਵਾਲੇ ਦਿਨ ਅੰਮ੍ਰਿਤਸਰ ਵਿਖੇ ਇਹਨਾਂ ਨੇ ਆਪਣੇ ਕੁਸੱਤਸੰਗ ਵਿਚ ਤਿੱਖੇ ਹਮਲੇ ਕੀਤੇ। ਜਦੋਂ ਸਿੱਖ ਇਹਨਾਂ ਨੂੰ ਅਜਿਹਾ ਕਰਨ ਤੋਂ ਵਰਜਣ ਗਏ ਤਾਂ ਇਹਨਾਂ ਨੇ ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਸੁੱਟਿਆ ਜਿਸ ਦੇ ਫਲਸਰੂਪ 13 ਸਿੰਘ ਸ਼ਹੀਦ ਹੋ ਗਏ ਅਤੇ 78 ਜਖ਼ਮੀ ਹੋ ਗਏ। ਫਿਰ 14 ਮਈ 1978 ਨੂੰ ਦਿੱਲੀ ਵਿਚ ਸਿੱਖ ਸੰਗਤਾਂ ਨੇ ਅੰਮ੍ਰਿਤਸਰ ਦੇ ਖੂਨੀ ਕਾਂਡ ਬਾਰੇ ਭਾਰੀ ਜਲੂਸ ਕੱਢਿਆ। ਨਿਰੰਕਾਰੀਆਂ ਤੇ ਮੁਕੱਦਮੇ ਬਣੇ ਪਰ ਇਕ ਵੀ ਬੰਦਾ ਸਜ਼ਾ ਨਾ ਹੋਇਆ। 26 ਸਤੰਬਰ 1978 ਨੂੰ ਕਾਨਪੁਰ ਵਿਖੇ ਨਕਲੀ ਨਿਰੰਕਾਰੀਆਂ ਨੇ ਫੇਰ ਅੰਮ੍ਰਿਤਸਰ ਦਾ ਖੂਨੀ ਕਾਂਡ ਦੁਹਰਾਇਆ ਜਿਸ ਵਿਚ 8 ਸਿੰਘ ਸ਼ਹੀਦ ਹੋ ਗਏ। ਸਰਕਾਰ ਦੀ ਸ਼ਹਿ `ਤੇ ਨਕਲੀ ਨਿਰੰਕਾਰੀਆਂ ਨੂੰ ਉਕਤ ਘਟਨਾਵਾਂ ਨੂੰ ਨਜ਼ਰ ਅੰਦਾਜ ਕਰਕੇ 4 ਤੋਂ 6 ਨਵੰਬਰ 1978 ਨੂੰ ਇੰਡੀਆ ਗੇਟ ਦਿੱਲੀ ਵਿਖੇ ਸਲਾਨਾ ਸਮਾਗਮ ਕਰਨ ਦੀ ਦੀ ਆਗਿਆ ਦੇ ਦਿੱਤੀ ਗਈ ਤੇ ਰਾਖੀ ਦੇ ਕਰੜੇ ਪ੍ਰਬੰਧ ਸਰਕਾਰ ਵੱਲੋਂ ਕੀਤੇ ਗਏ। ਜਿਸ ਦੇ ਰੋਸ ਵਜੋਂ ਦਿੱਲੀ ਦੇ ਸਿੰਘਾਂ ਨੇ 5 ਨਵੰਬਰ ਨੂੰ ਸ਼ਾਂਤਮਈ ਪ੍ਰੋਟੈਸਟ ਜਲੂਸ, ਗੁਰਦੁਆਰਾ ਬੰਗਲਾ ਸਾਹਿਬ ਤੋਂ ਆਰੰਭ ਕੀਤਾ। ਜਿਸ `ਤੇ ਪੁਲੀਸ ਦੇ ਅੰਨ੍ਹੇ ਤਸ਼ਦੱਦ ਨਾਲ 3 ਸਿੰਘ ਸ਼ਹੀਦ ਹੋ ਗਏ। ਅਣਗਿਣਤ ਜ਼ਖਮੀ ਹੋਏ। ਸੈਂਕੜੇ ਸਿੰਘ ਗ੍ਰਿਫ਼ਤਾਰ ਕਰਕੇ ਜੇਲ੍ਹਾਂ ਵਿਚ ਡੱਕ ਦਿੱਤੇ ਗਏ।

ਸਿੰਘਾਂ ਨੇ ਉਕਤ ਸ਼ਹੀਦੀ ਸਾਕਿਆਂ ਰਾਹੀਂ ਇਹ ਦ੍ਰਿੜ ਕਰਵਾ ਦਿੱਤਾ ਕਿ ਦੇਹਧਾਰੀ ਗੁਰੂ ਡੰਮ੍ਹ ਦੀਆਂ ਵਿਭਚਾਰ ਫੈਲਾਉਣ ਵਾਲੀਆਂ ਇਹਨਾਂ ਗੱਦੀਆਂ ਪਾਸੋਂ ਗੁਰੂ ਦੇ ਸ਼ਬਦ ਦੀ ਨਿੰਦਾ ਬਰਦਾਸ਼ਤ ਨਹੀਂ ਕੀਤੀ ਜਾਵੇਗੀ।

ਆਖ਼ਰ ਕਿਸੇ ਨੇ ਇਸ ਗੁਰਬਚਨ ਸਿੰਘ ਨੂੰ ਗੋਲੀਆਂ ਮਾਰ ਕੇ ਨਰਕਾਂ ਨੂੰ ਤੋਰ ਦਿੱਤਾ। ਹੁਣ ਇਸਦਾ ਪੁੱਤਰ ਹਰਦੇਵ ਸਿੰਘ ਮੋਟਰ ਪਾਰਟਸ ਦੀ ਦੁਕਾਨ ਤੋਂ ਪੁਰਜ਼ੇ ਵੇਚਣ ਦਾ ਕੰਮ ਛੱਡ ਕੇ ਨਕਲੀ ਨਿਰੰਕਾਰੀਆਂ ਦੀ ਗੁਰੂ ਡੰਮ੍ਹ ਦੀ ਝੂਠੀ ਦੁਕਾਨਦਾਰੀ ਚਲਾਉਣ ਲਈ ਗੁਰੂ ਬਣ ਬੈਠਾ ਹੈ। ਖ਼ਾਲਸਾ ਪੰਥ ਨੂੰ ਸੁਚੇਤ ਰਹਿ ਕੇ ਇਸ ਗੁਰੂ ਡੰਮ੍ਹ ਦੀ ਦੁਕਾਨ ਦਾ ਡਟਵਾਂ ਵਿਰੋਧ ਕਰਨ ਲਈ ਤਤਪਰ ਰਹਿਣਾ ਚਾਹੀਦਾ ਹੈ ਤਾਂਕਿ ਇਹ ਝੂਠ ਦੀ ਦੁਕਾਨ ਭੋਲੇ ਭਾਲੇ ਸਿੱਖਾਂ ਨੂੰ ਵਰਗਲਾ ਨਾ ਸਕੇ।
.