.

ਬਚਿੱਤਰ ਨਾਟਕ ਦੇ ਉਪਾਸਕ ਅਖੌਤੀ ਵਿਦਵਾਨਾਂ ਦੀਆਂ ਬਚਿੱਤਰ ਲਿਖਤਾਂ

ਸੁਖਵਿੰਦਰ ਸਿੰਘ ਮਝੈਲ

ਅਸੀਂ ਹਮੇਸ਼ਾ ਸੋਚਦੇ ਹਾਂ ਕਿ ਸਾਡੀ ਸਿੱਖ ਕੌਮ ਵੱਧਣ-ਫੁੱਲਣ ਦੀ ਥਾ ਨਿਘਰਦੀ ਕਿਉਂ ਜਾ ਰਹੀ ਹੈ। ਮਾਰਚ ਮਹੀਨੇ ਦਾ ਸੰਤ-ਸਿਪਾਹੀ ਮੈਗਜ਼ੀਨ ਪੜ੍ਹਕੇ ਅਤੇ ਪਿਛਲੇ ਕੁਝ ਸਮੇਂ ਦੇ ਹਾਲਾਤਾਂ ਨੂੰ ਦੇਖਦਿਆਂ ਸਾਫ਼ ਹੋ ਗਿਆ ਕਿ ਸਾਡਾ ਤਕਰੀਬਨ ਸਾਰਾ ਸਿਲਸਿਲਾ ਵਿਕਾਊ ਹੋ ਚੁੱਕਾ ਹੈ। ਜੱਥੇਦਾਰ ਤੋਂ ਲੈ ਕੇ ਸੇਵਾਦਾਰ ਤੱਕ, ਵੱਡੇ ਸਿਆਸਤਦਾਨਾਂ ਤੋਂ ਲੈ ਕੇ ਚਪੜਾਸੀ ਤੱਕ, ਵਿਦਵਾਨਾਂ ਤੋਂ ਲੈਕੇ ਆਮ ਆਦਮੀ ਤੱਕ, ਹਰ ਕੋਈ ਅੱਡੀਆਂ ਚੁੱਕ-ਚੁੱਕ ਆਪਣਾ ਮੁੱਲ ਨਿਸ਼ਚਿਤ ਕਰਵਾ ਰਿਹਾ ਨਜ਼ਰ ਆਉਂਦਾ ਹੈ। ਜੋ ਆਪਣੀ ਅਕਲ ਦਾ ਦਿਵਾਲਾ ਸ੍ਰ: ਹਰਪਾਲ ਸਿੰਘ ਪੰਨੂ ਨੇ ਆਪਣੇ ਲੇਖ ਵਿੱਚ ਕੱਢਿਆ ਹੈ, ਸਾਫ਼ ਦਿੱਸਦਾ ਹੈ ਕਿ ਦੂਜਿਆਂ ਨੂੰ ਬੇਸ਼ਰਮ ਲਿਖਣ ਵਾਲੇ ਆਪ ਕਿਸ ਬੇਸ਼ਰਮੀ ਤੱਕ ਜਾ ਸਕਦੇ ਹਨ। ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਬਖਸ਼ਦੇ। ਪਤਾ ਨਹੀਂ ਧਰਮ ਵਿਭਾਗ ਦੇ ਮੁਖੀ ਪੰਨੂ ਜੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਕੀ ਘਾਟ ਦਿੱਸਦੀ ਹੈ, ਜੋ ਤ੍ਰਿਆ-ਚਰਿੱਤਰਾਂ ਦੇ ਗੰਦ ਨੂੰ ਕੌਮ ਤੇ ਲੱਦਣਾ ਚਾਹੁੰਦੇ ਹਨ। ਇਸ ਲੇਖ ਦੇ ਸ਼ੁਰੂ ਵਿੱਚ ਜੋ ਝੂਠ ਲਿਖਿਆ ਹੈ, ਇਸ ਤੋਂ ਬਾਅਦ ਲੇਖ ਵਿੱਚ ਕਿੰਨੀ ਕੁ ਇਮਾਨਦਾਰੀ ਵਰਤੀ ਹੋਵੇਗੀ, ਪਾਠਕ ਅੰਦਾਜ਼ਾ ਲਗਾਉਣ। ਸ੍ਰ: ਪੰਨੂ ਲਿਖਦੇ ਹਨ ਕਿ ਸ੍ਰ: ਇੰਦਰ ਸਿੰਘ ਘੱਗਾ, ਸਿੱਖ ਮਿਸ਼ਨਰੀ ਕਾਲਜ ਦੇ ਪ੍ਰੋਫੈਸਰ ਤੇ ਪ੍ਰਿੰਸੀਪਲ ਰਹੇ ਹਨ ਜਦਕਿ ਘੱਗਾ ਜੀ ਕਿਸੇ ਵੀ ਮਿਸ਼ਨਰੀ ਕਾਲਜ ਵਿੱਚ, ਕਦੇ ਵੀ ਪ੍ਰਿੰਸੀਪਲ ਨਹੀਂ ਰਹੇ। ਇਸ ਤੋਂ ਬਾਅਦ ਮਿਸ਼ਨਰੀ ਕਾਲਜ ਦੇ ਪ੍ਰਬੰਧਕਾਂ ਤੇ ਝੂਠ ਬੋਲਣ ਦਾ ਦੂਸ਼ਣ ਲਾਇਆ ਹੈ ਜਦਕਿ ਘੱਗਾ ਜੀ ਵਿਰੁੱਧ ਜਾਰੀ ਹੋਏ ਹੁਕਮਨਾਮੇ ਤੋਂ ਬਾਅਦ ਸ੍ਰ: ਲਾਂਬਾ (ਸੰਪਾਦਕ, ਸੰਤ ਸਿਪਾਹੀ) ਨੇ ਦਫ਼ਤਰ ਫੋਨ ਕਰਕੇ ਪ੍ਰਿੰਸੀਪਲ ਜੀ ਤੋਂ ਇਹ ਪੁੱਛਿਆ ਸੀ ਕਿ ਘੱਗਾ ਜੀ ਤੁਹਾਡੇ ਕਾਲਜ ਪੜ੍ਹਾਉਂਦੇ ਹਨ ਤਾਂ ਪ੍ਰਿੰਸੀਪਲ ਜੀ ਨੇ ਜਵਾਬ ਦਿੱਤਾ, ਪੜ੍ਹਾਉਂਦੇ ਸਨ ਪਰ ਹੁਣ ਨਹੀਂ। ਇਥੋਂ ਤੱਕ ਕਿ ਤਤਕਾਲ ਸੇਵਾ ਦਾ ਹੁਕਮਨਾਮਾ ਜੋ ਘੱਗਾ ਜੀ ਵਿਰੁੱਧ ਵੇਦਾਂਤੀ ਜੁੰਡਲੀ ਨੇ ਜਾਰੀ ਕੀਤਾ, ਉਹ ਦਸਮ ਗ੍ਰੰਥ ਤੇ ਕੀਤੀਆਂ ਟਿੱਪਣੀਆਂ ਕਾਰਨ ਨਹੀਂ ਸਗੋਂ ਟਕਸਾਲ ਦੇ ਝੂਠ ਨੂੰ ਨੰਗਾ ਕਰਦੀ ਕਿਤਾਬ ‘ਸਾਡਾ ਬੇੜਾ ਇਉਂ ਗਰਕਿਆ` ਦੇ ਸੰਬੰਧ ਵਿੱਚ ਸੀ। ਇੱਥੇ ਵੀ ਪੰਨੂ ਜੀ ਨੇ ਝੂਠ ਬੋਲਣ ਲੱਗਿਆਂ ਸ਼ਰਮ ਮਹਿਸੂਸ ਨਹੀਂ ਕੀਤੀ।

ਚਲੋ, ਇਹ ਤਾਂ ਧਰਮ ਵਿਭਾਗ ਮੁਖੀ ਜੀ ਦੀਆਂ ਮਿਸ਼ਨਰੀਆਂ ਪ੍ਰਤੀ ਨਿਜੀ ਰੰਜਸ਼ਾ ਹੋਣਗੀਆਂ ਪਰ ਮਹਾਨ ਗੁਰੂ ਸਾਹਿਬਾਨ ਅਤੇ ਭਾਈ ਮਨੀ ਸਿੰਘ ਵਰਗਿਆਂ ਗੁਰਸਿੱਖਾਂ ਨੂੰ ਵੀ ਆਪਣੀ ਅਕਲ ਨਾਲ ਕਲੰਕਤ ਕਰਨ ਤੋਂ ਗੁਰੇਜ਼ ਨਹੀਂ ਕੀਤਾ। ਆਪਣੇ ਲੇਖ ਵਿੱਚ ਅੱਗੇ ਸ੍ਰ: ਪੰਨੂ ਲਿਖਦੇ ਹਨ ਕਿ ਦਸਮ ਗ੍ਰੰਥ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਰਗੀ ਸਾਦਗੀ ਅਤੇ ਮਾਸੂਮੀਅਤ ਨਹੀਂ ਹੈ। ਦਸਮ ਗ੍ਰੰਥ ਸੌਂਦਰੀਯ ਕਲਾ, ਮੋਤੀਆਂ-ਨਗੀਨਿਆਂ ਦੀ ਜੜ੍ਹਤ ਵਾਂਗ ਬੇਜੋੜ ਕਲਾਕਾਰੀ ਹੈ। ਸ੍ਰ: ਪੰਨੂ ਜੀ ਚਰਿਤ੍ਰੋਪਾਖਿਆਨ ਨੂੰ ਕਿਹੜੀ ਕਲਾ ਮੰਨਣਗੇ? ਪੰਨੂ ਜੀ ਇਹ ਵੀ ਲਿਖੀ ਜਾ ਰਹੇ ਹਨ ਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਉਹ ਦਸਮ ਗ੍ਰੰਥ ਵਿੱਚ ਨਹੀਂ। ਗੁਰੂ ਗ੍ਰੰਥ ਸਾਹਿਬ ਦਾ ਅਕਾਲ ਪੁਰਖ ਨਿਰਗੁਣ ਨਿਰਾਕਾਰ ਹੈ ਪਰ ਦਸਮ ਗ੍ਰੰਥ ਦਾ ਰੱਬ ਇਤਿਹਾਸ ਵਿੱਚ ਸਿੱਧਾ ਦਖ਼ਲ ਦਿੰਦਾ ਹੈ। ਹੈ ਨਾ ਅਕਾਲ ਦਾ ਕਮਾਲ ! ! ! ੴ ਵਾਲਾ ਸਿਧਾਂਤ ਛੱਡ ਕੇ ਸ੍ਰ: ਪੰਨੂ ਨੂੰ ਰੱਬ ਵੀ ਦੋ ਕਰਨੇ ਪੈ ਗਏ। ਰਾਮ-ਕ੍ਰਿਸ਼ਨ ਹਿੰਦੂਆਂ ਦੇ ਰੱਬ ਹੋਣ, ਤਾਂ ਮੰਨਣ ਵਿੱਚ ਆਉਂਦੇ ਹਨ ਪਰ ਗੁਰਮਤਿ ਦੇ ਨਹੀਂ। ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਨਾਨਕ ਜੀ ਦਾ ਰੱਬ ਪਸੰਦ ਨਹੀਂ ਸੀ, ਜੋ ਦੂਜਾ ਘੜਨਾ ਪੈ ਗਿਆ? ਜਾਪਦਾ ਹੈ ਕਿ ਸ੍ਰ: ਪੰਨੂ ਹੋਰਾਂ ਗੁਰਬਾਣੀ ਕਦੇ ਧਿਆਨ ਨਾਲ ਨਹੀਂ ਪੜੀ ਜਾਂ ਜਾਣਬੁੱਝ ਕੇ ਮੱਕਾਰੀ ਕਰ ਰਹੇ ਹਨ। ਦਸਮ ਗ੍ਰੰਥ ਦਾ ਰੱਬ ਧਰਤੀ ਦੇ ਮੰਚ `ਤੇ ਉਦੋਂ ਦਿੱਸਦਾ ਹੈ ਜਦੋਂ ਅਖੌਤੀ ਦੇਵਤਿਆਂ ਨੂੰ ਵਖ਼ਤ ਪੈਂਦਾ ਹੈ ਤੇ ਰੱਬ ਆ ਕੇ ਦੈਂਤਾਂ ਨੂੰ ਮਾਰਦਾ ਹੈ। ਪੰਨੂ ਜੀ ਨੂੰ ਇਹ ਦੇਵਤੇ ਪਤਾ ਨਹੀਂ ਕਿਉਂ ਚੰਗੇ ਲਗਦੇ ਹਨ, ਜੋ ਮਿੱਥੇ ਹੋਏ ਅਖੌਤੀ ਧਰਮ ਨੂੰ ਵੀ ਨਿਭਾਉਂਦੇ ਸਨ, ਸ਼ਰਾਬ ਵੀ ਪੀਂਦੇ ਸਨ, ਬਿਗਾਨੀਆਂ ਜਨਾਨੀਆਂ ਨਾਲ ਖਰਮਸਤੀਆਂ ਵੀ ਕਰਦੇ ਸਨ ਤੇ ਬੇਅਕਲੇ ਵੀ ਥਾਂ-ਥਾਂ ਸਿੱਧ ਹੁੰਦੇ ਸਨ। ਇਸ ਡੂੰਘੀ ਸਾਂਝ ਦੀ ਸਮਝ ਨਹੀਂ ਆਈ।

ਦਸਮ ਗ੍ਰੰਥ ਵਿੱਚ (ਪੰਨੂ ਜੀ ਦੇ ਮੁਤਾਬਿਕ) ਚਾਨਣ ਨੂੰ ਵੀ ਨਮਸਕਾਰ ਹੈ ਅਤੇ ਹਨੇਰੇ ਨੂੰ ਵੀ ਨਮਸਕਾਰ ਹੈ। ਇਨ੍ਹਾਂ ਦੀ ਸੋਚ ਮੁਤਾਬਿਕ ਇਸ ਜੁੰਡਲੀ ਨੂੰ ਇਹ ਗੱਲ ਸੂਤ ਬੈਠਦੀ ਹੈ ਕਿ ‘ਗੰਗਾ ਗਏ ਤਾਂ ਗੰਗਾਰਾਮ, ਜਮਨਾ ਗਏ ਤਾਂ ਜਮਨਾਦਾਸ। ` ਧਰਮ ਵਿਭਾਗ ਦੇ ਮੁਖੀ ਹੁੰਦਿਆਂ ਹੋਇਆਂ ਵਿਦਵਾਨਾਂ ਵਿੱਚ ਵੀ ਬੈਠ ਜਾਂਦੇ ਹਨ ਤੇ ਅਨਪੜ੍ਹ ਸਾਧਾਂ ਨੂੰ ਵੀ ਮੱਥੇ ਟੇਕ ਦਿੰਦੇ ਹਨ। ਭਾਵ, ਹਨੇਰੇ ਅਤੇ ਚਾਨਣ ਨੂੰ ਦਸਮ ਗ੍ਰੰਥ ਦੇ ਮੁਤਾਬਿਕ ਨਮਸ਼ਕਾਰ ਇਨ੍ਹਾਂ ਲਈ ਜ਼ਰੂਰੀ ਹੈ।

ਸ੍ਰ: ਪੰਨੂ ਨੂੰ ਦਸਮ ਗ੍ਰੰਥ ਵਿੱਚ ਕੁਝ ਵੀ ਗੁਰਮਤਿ ਵਿਰੋਧੀ ਨਹੀਂ ਲਗਦਾ ਪਰ ਕੀ ਉਹ ਇਨ੍ਹਾਂ ਪੰਕਤੀਆਂ ਵੱਲ ਧਿਆਨ ਦੇਣਗੇ :

ਮੈ ਨ ਗਣੇਸ਼ਹਿ ਪ੍ਰਿਥਮ ਮਨਾਊ।। ਕਿਸ਼ਨ ਬਿਸ਼ਨ ਕਬਹੂੰ ਨਹ ਧਿਆਊ।।

ਕਾਨਿ ਸੁਨੈ ਪਹਿਚਾਨ ਨ ਤਿਨ ਸੋ।। ਲਿਵ ਲਾਗੀ ਮੋਰੀ ਪਗ ਇਨ ਸੋ।।

ਇਨ੍ਹਾਂ ਪੰਕਤੀਆਂ ਦੇ ਲਿਖਾਰੀ ਨੇ ਕੁਟਿਲ ਨੀਤੀ ਵਰਤ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਖੋਂ ਅਖਵਾ ਦਿੱਤਾ ਹੈ ਕਿ ਜਿਨ੍ਹਾਂ ਨੂੰ ਮੈਂ ਕਦੀ ਧਿਆਇਆ ਹੀ ਨਹੀਂ ਸੀ, ਜਿਹੜੇ ਗਣੇਸ਼ ਤੇ ਕ੍ਰਿਸ਼ਨ ਮੈਂ ਕਦੇ ਕੰਨਾਂ ਨਾਲ ਸੁਣੇ ਨਹੀਂ ਸਨ ਅਤੇ ਨਾ ਹੀ ਮੇਰੀ ਇਨ੍ਹਾਂ ਨਾਲ ਜਾਣ-ਪਛਾਣ ਸੀ, ਪਰ ਹੁਣ ਮੇਰੀ ਲਿਵ ਇਨ੍ਹਾਂ ਦੇ ਚਰਨਾਂ ਨਾਲ ਲੱਗ ਗਈ ਹੈ ! !

ਪੰਨੂ ਜੀ ਨੇ ਅੱਗੇ ਲਿਖਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਵਿੱਚ “ਨਾ ਕੋ ਬੈਰੀ ਨਾਹੀ ਬੇਗਾਨਾ ਸਗਲ ਸੰਗ ਹਮ ਕੋ ਬਨਿ ਆਈ” ਦਾ ਉਪਦੇਸ਼ ਹੈ। (ਇਸਦੇ ਉਲਟ, ਦਸਮ ਗ੍ਰੰਥ ਵਿੱਚ ਦੁਸ਼ਟਾਂ-ਦੋਖੀਆਂ ਨੂੰ ਪਕੜਣਾ-ਪਛਾੜਣਾ ਅਤੇ ਮਾਰਨਾ ਲਿਖਿਆ ਹੈ)। ਹਾਂ, ਇਸ ਗੱਲ ਵੱਲੋਂ ਪੰਨੂ ਜੀ ਉਕਾਈ ਪਤਾ ਨਹੀਂ ਕਿਉਂ ਖਾ ਗਏ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਇਹ ਵੀ ਲਿਖਿਆ ਹੈ :

ਅੰਮ੍ਰਿਤ ਕਾ ਵਾਪਾਰੀ ਹੋਵੈ ਕਿਆ ਮਦਿ ਛੂਛੈ ਭਾਉ ਧਰੇ।।

(360)

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ।।

(554)

ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ।।

ਤੀਰਥ ਬਰਤ ਨੇਮ ਕੀਏ ਕੀਏ ਤੇ ਸਭੈ ਰਸਾਤਲ ਜਾਂਹਿ।।

(1377)

ਪਰ ਦਸਮ ਗ੍ਰੰਥ ਵਿੱਚ :

ਪੋਸਤ ਭਾਂਗ ਅਫੀਮ ਖਿਲਾਏ।।

ਆਸਨ ਤਾਂ ਤਦ ਦਿਓ ਬਨਾਏ।।

(ਚਰਿਤ੍ਰ 402)

ਤੁਮ ਮਦਰ ਪੀਵਹੁ ਘਨੋ ਹਮੈ ਪਿਵਾਵੋ ਭੰਗ।।

(ਚਰਿਤ੍ਰ 16)

ਗੁਰੂ ਗ੍ਰੰਥ ਸਾਹਿਬ ਵਿੱਚ ਪਰ ਸੰਗ ਮਨ੍ਹਾਂ ਕੀਤਾ ਹੈ :

ਪਰ ਤ੍ਰਿਅ ਰੂਪ ਨ ਪੇਖੈ ਨੇਤ੍ਰ।।

(274)

ਘਰ ਕੀ ਨਾਰਿ ਤਿਆਗੈ ਅੰਧਾ।।

ਪਰ ਨਾਰੀ ਸਿਉ ਘਾਲੈ ਧੰਧਾ।।

(1164)

ਪਰ ਦਸਮ ਗ੍ਰੰਥ ਵਿੱਚ ਇਸਦੀ ਖੁੱਲ ਹੈ :

ਚੁੰਬਨ ਰਾਏ ਅਲਿੰਗਨ ਲਏ।।

ਲਿੰਗ ਦੇਤਿ ਤਿਹ ਭਗ ਮੋ ਭਏ।।

ਭਗ ਮੈ ਲਿੰਗ ਦਿਉ ਰਾਜਾ ਜਬ।।

ਰੁਚਿ ਉਪਜੀ ਤਰੁਨੀ ਕੈ ਜੀਅ ਤਬ।।

(ਚਰਿਤ੍ਰ 402)

ਜਦੋਂ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮ ਗ੍ਰੰਥ ਦੀ ਵਿਚਾਰ ਮਿਲਦੀ ਹੀ ਨਹੀਂ (ਜੋ ਪੰਨੂ ਜੀ ਆਪ ਵੀ ਮੰਨਦੇ ਹਨ) ਤਾਂ ਫਿਰ ਮਿਸ਼ਨਰੀਆਂ ਨੂੰ ‘ਬਕਵਾਸ ਕਰਨ ਵਾਲੇ` ਕਿਉਂ ਲਿਖਦੇ ਹਨ?

ਇਕ ਗੱਲ ਹੋਰ ਪੰਨੂ ਜੀ ਨੇ ਲਿਖੀ ਹੈ ਕਿ ਦਸਮ ਗ੍ਰੰਥ ਵਿੱਚ ਦੇਵੀ-ਦੇਵਤਿਆਂ ਦੇ ਆਚਰਣ ਬਦਲ ਦਿੱਤੇ ਗਏ ਹਨ। ਭਾਵ, ਸੱਚਾਈ ਵਲੋਂ ਮੂੰਹ ਮੋੜ ਲਿਆ ਗਿਆ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜੋ ਆਰਚਨ ਦੇਵੀ-ਦੇਵਤਿਆਂ ਦੇ ਦਰਸਾਏ ਹਨ, ਉਨ੍ਹਾਂ ਬਾਰੇ ਜਾਂ ਤਾਂ ਇਨ੍ਹਾਂ ਨੇ ਪੜਿਆ ਨਹੀਂ, ਜਾਂ ਕਿਸੇ ਲਾਲਚ ਨੇ ਮਤਿ ਮਾਰ ਦਿੱਤੀ ਜਾਪਦੀ ਹੈ। ਨਾ ਹੋਇਆਂ ਦੇ, ਜਾਂ ਮਰਿਆਂ ਦੇ ਆਚਰਨ ਬਦਲਣ ਦੀ ਲੋੜ ਨਹੀਂ ਸਗੋਂ ਗੁਰਬਾਣੀ ਦੀ ਸੇਧ ਨਾਲ ਸਾਨੂੰ ਆਪਣੇ ਆਚਰਨ ਬਦਲਣ ਦੀ ਲੋੜ ਹੈ। ਪਰ ਜੇ ਪੰਨੂ ਜੀ ਦੀ ਗੱਲ ਮੰਨ ਲਈਏ ਕਿ ਆਚਰਨ ਬਦਲ ਦਿੱਤੇ ਗਏ ਹਨ ਤਾਂ ਮਿਸਾਲ ਦੇ ਤੌਰ ਤੇ ਦਸਮ ਗ੍ਰੰਥ ਦੇ ਪੰਨਾ 285, ਬੰਦ 251 ਵਿੱਚ ਕ੍ਰਿਸ਼ਨ ਵੱਲੋਂ ਔਰਤਾਂ ਦੇ ਕਪੜੇ ਚੁੱਕ ਦੇ ਭੱਜਣਾ ਅਤੇ ਪੰਨਾ 287 `ਤੇ ਬੰਦ 263 ਤੋਂ 267 ਵਾਲੇ ਕ੍ਰਿਸ਼ਨ ਦੇ ਆਚਰਨ ਬਾਰੇ ਕੀ ਕਹਿਣਗੇ?

ਮਹਾਂ-ਲਿਖਾਰੀ ਪੰਨੂ ਜੀ ਨੇ ਆਪਣੇ ਲੇਖ ਵਿੱਚ ਇਹ ਵੀ ਲਿਖਿਆ ਹੈ ਕਿ ਹਿੰਦੂਆਂ ਵਿੱਚ ਇਹ ਦਸਮ ਗ੍ਰੰਥ ਪਰਵਾਨ ਨਹੀਂ ਹੋ ਸਕਦਾ। ਤਾਂ ਫਿਰ ਸਿੱਖਾਂ ਨੂੰ ਮਨਵਾਉਣ ਲਈ ਕਿਉਂ ਅੱਡੀਆਂ ਚੁੱਕ ਰਹੇ ਹੋ? ਪੰਨੂ ਜੀ ਨੇ ਦਸਮ ਗ੍ਰੰਥ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੂੰਜੀ ਦੱਸਣ ਦਾ ਕੋਝਾ ਯਤਨ ਵੀ ਕੀਤਾ ਹੈ। ਫਰੀਦਕੋਟੀ ਟੀਕਾ, ਜਿਹੜਾ ੴ ਦੀ ਵਿਆਖਿਆ ਨਹੀਂ ਕਰਦਾ, ਹਮਕੋ ਤੁਮਕੋ ਦੀ ਬੋਲੀ ਵਧੇਰੇ ਬੋਲਦਾ ਹੈ, ਇਨ੍ਹਾਂ ਵਿਦਵਾਨ ਜੀ ਨੂੰ ਉਹ ਵੀ ਬਹੁਮੁੱਲਾ ਲੱਗਾ। ਪਰ ਸ਼ਾਇਦ ਪ੍ਰੋ: ਸਾਹਿਬ ਸਿੰਘ ਦਾ ਟੀਕਾ ਪਸੰਦ ਨਹੀਂ ਕਿਉਂਕਿ ਜੱਥੇਦਾਰਾਂ ਤੇ ਸਾਧਾਂ ਸਮੇਤ ਇਸ ਢਾਣੀ ਨੂੰ ਦਸਮ ਗ੍ਰੰਥ ਤੇ ਇਸ ਵਰਗੇ ਹੋਰ ਊਟ-ਪਟਾਂਗ ਗ੍ਰੰਥ ਠੀਕ ਬੈਠਦੇ ਹਨ, ਜੋ ਕਿਸੇ ਬੁਰਾਈ ਜਾਂ ਮੰਦ ਕਰਮ ਤੋਂ ਨਾ ਰੋਕਣ ਅਤੇ ਸਹਿਜ-ਸਹਿਜ ਉਸੇ ਖਾਰੇ ਸਮੁੰਦਰ ਵਿੱਚ ਸੁੱਟ ਦੇਣ, ਜਿਥੋਂ ਗੁਰੂ ਸਾਹਿਬਾ ਨੇ ਕੁਰਬਾਨੀਆਂ ਦੇ ਕੇ ਕੱਢਿਆ ਸੀ।

ਪੰਨੂ ਜੀ ਵਰਗੇ ਡਿਗਰੀਦਾਰ ਵਿਦਵਾਨ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਸੱਚ ਨੂੰ ਛੁਪਾਉਣ ਅਤੇ ਕੁਰਸੀਆਂ ਕਾਇਮ ਰੱਖਣ ਲਈ ਸਮੇਂ, ਸਥਾਨ ਅਤੇ ਹਾਲਾਤਾਂ ਮੁਤਾਬਿਕ ਬਚਕਾਨਾ ਗੱਲਾਂ ਕਰਨ ਤਾਂ ਗੁਰਬਾਣੀ ਦਾ ਬਚਨ ਹੈ :

ਹੋਰੁ ਕੂੜੁ ਪੜਣਾ ਕੂੜੁ ਬੋਲਣਾ ਮਾਇਆ ਨਾਲ ਪਿਆਰੁ।।

ਨਾਨਕ ਵਿਣੁ ਨਾਵੈ ਕੋ ਥਿਰੁ ਨਹੀ ਪੜਿ ਪੜਿ ਹੋਇ ਖੁਆਰੁ।।

ਵੱਖ-ਵੱਖ ਮਿਸ਼ਨਰੀ ਕਾਲਜ, ਦਸਮ ਗ੍ਰੰਥ ਬਾਬਤ ‘ਬਕਵਾਸ` ਨਹੀਂ ਛਾਪ ਰਹੇ ਸਗੋਂ ਸੰਗਤ ਨੂੰ ਅਸਲੀਅਤ ਤੋਂ ਜਾਣੂ ਕਰਵਾ ਰਹੇ ਹਨ। ਜਿਨ੍ਹਾਂ ਸਾਧਾਂ ਨਾਲ ਯਾਰੀ ਪਾ ਕੇ ਪੰਨੂ ਜੀ ਨੇ ਮਿਸ਼ਨਰੀਆਂ ਨੂੰ ਬਕਵਾਸੀਏ, ਖੋਟੇ, ਢਬੂਏ, ਬੇਸ਼ਰਮ ਲਿਖ ਮਾਰਿਆ; ਜ਼ਰਾ ਸੋਚੋ ਸਾਧ ਕਿੰਨੇ ਕੁ ਖਰੇ, ਇੱਜ਼ਤ ਵਾਲੇ ਜਾਂ ਅਕਲ ਵਾਲੇ ਹਨ, ਇਹ ਸਭ ਨੂੰ ਪਤਾ ਹੈ। ਸਾਧਾਂ ਵੱਲੋਂ ਨਾਨਕਸ਼ਾਹੀ ਕੈਲੰਡਰ ਨਾ ਮੰਨਣਾ, ਸਿੱਖ ਰਹਿਤ ਮਰਿਆਦਾ ਕਦੇ ਵੀ ਨਾ ਮੰਨਣੀ, ਬਲਾਤਕਾਰ ਕਰਨੇ, ਸਿੱਖ ਇਤਿਹਾਸ ਨੂੰ ਬ੍ਰਾਹਮਣਵਾਦੀ ਰੰਗਤ ਦੇਣੀ ਤੇ ਹੋਰ ਸਭ ਨਲਾਇਕੀਆਂ ਪੰਨੂ ਜੀ ਲਈ ਗੁਰਮਤਿ ਬਣ ਖਲੋਤੀਆਂ ਤੇ ਗੁਰਮਤਿ ਦਾ ਧੁਰਾ ਹੀ ਬੁਰਾ ਲੱਗਣ ਲਗ ਪਿਆ। ਓਨਾ ਪ੍ਰਚਾਰ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਦਾ ਇਹ ਟੋਲਾ ਨਹੀਂ ਕਰਦਾ, ਜਿੰਨਾ ਜ਼ੋਰ ਦਸਮ ਗ੍ਰੰਥ ਨੂੰ ਗੁਰੂ ਸਾਬਤ ਕਰਨ ਤੇ ਲਗਾ ਰਿਹਾ ਹੈ। ਆਪਣਾ ਇਤਿਹਾਸ ਅਜੇ ਤਕ ਸਾਂਭਿਆ ਨਹੀਂ ਗਿਆ ਪਰ ਪੰਨੂ ਜੀ ਨੂੰ ਕ੍ਰਿਸ਼ਨ ਦੀ ਚਿੰਤਾ ਖਾ ਰਹੀ ਹੈ ਕਿ ਉਹ ਸੰਗਰਾਮੀਆ ਕਿਵੇਂ ਸਿੱਧ ਹੋਵੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਇਨਕਲਾਬੀ ਮੰਨਣ ਤੋਂ ਇਹ ਜਮਾਤ ਖੁਲ੍ਹ ਕੇ ਸਪਸ਼ਟ ਅੱਜ ਤੱਕ ਕਹਿਣ ਨੂੰ ਤਿਆਰ ਨਹੀਂ। ਇਹ ਕੁਝ ਵੇਖ ਕੇ ਗੁਰਬਾਣੀ ਦੇ ਉਪਦੇਸ਼ ਵੱਲ ਧਿਆਨ ਜਾਂਦਾ ਹੈ :

ਧ੍ਰਿਗੁ ਤਿਨਾ ਕਾ ਜੀਵਿਆ ਜਿ ਲਿਖਿ ਲਿਖਿ ਵੇਚਹਿ ਨਾਉ।।

ਖੇਤੀ ਜਿਨ ਕੀ ਉਜੜੈ ਖਲਵਾੜੈ ਕਿਆ ਥਾਉ।।

(1245)

ਸ੍ਰ: ਪੰਨੂ ਜੀ ਦਾ ਹਮਾਇਤੀ ਲਾਣਾ, ਵੇਦਾਂਤੀ ਦੀ ਸੰਪਾਦਿਤ ਕੀਤੀ ‘ਗੁਰਬਿਲਾਸ ਪਾਤਸ਼ਾਹੀ 6ਵੀਂ` ਨੂੰ ਵੀ ਗੁਰਮਤਿ ਦੇ ਵਿਰੁੱਧ ਨਹੀਂ ਮੰਨਦੇ। ਓਦੋਂ ਵੀ ਇਸ ਲਾਣੇ ਨੂੰ ਤੱਤ ਗੁਰਮਤਿ ਦੇ ਪ੍ਰਚਾਰਕ ਹੀ ਨਾਸਤਿਕ ਨਜ਼ਰ ਆਏ। ਅਕਾਲ ਤਖ਼ਤ ਅਤੇ ਅਕਾਲ ਤਖ਼ਤ ਦਾ ਸਤਿਕਾਰ ਲੋਕਾਂ ਨੂੰ ਸਿਖਾਉਣ ਤੋਂ ਪਹਿਲਾਂ ਜੱਥੇਦਾਰਾਂ ਨੂੰ ਸਿਖਾ ਲਉ। ਜਿੰਨੀ ਢਾਹ ਜੱਥੇਦਾਰਾਂ ਹੁਣ ਅਕਾਲ ਤਖ਼ਤ ਨੂੰ ਲਾਈ ਹੈ, ਕਦੀ ਅਬਦਾਲੀ, ਇੰਦਰਾ ਇਮਾਰਤ ਢਾਹ ਕੇ ਵੀ ਨਾ ਲਾ ਸਕੇ। ਇਨ੍ਹਾਂ ਜੱਥੇਦਾਰਾਂ, ਸਾਧਾਂ ਅਤੇ ਅਖੌਤੀ ਵਿਦਵਾਨਾਂ ਨੇ ਤਾਂ ਸ਼ਾਇਦ ਕਦੇ ਚੰਗੀ ਗੱਲ ਨਾ ਕਰਨ ਦੀ ਸੌਂਹ ਖਾਧੀ ਹੈ। ਇਸ ਲਈ ਇਨ੍ਹਾਂ ਬਾਰੇ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ :

ਮ: 1 ਸਲੋਕ।।

ਮਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸੁ।।

ਪਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸੁ।।

ਕੁਤੇ ਚੰਦਨ ਲਾਈਐ ਭੀ ਸੋ ਕੁਤੀ ਧਾਤੁ।।

ਬੋਲਾ ਜੇ ਸਮਝਾਈਐ ਪੜੀਅਹਿ ਸਿੰਮ੍ਰਿਤਿ ਪਾਠ।।

ਅੰਧਾ ਚਾਨਣਿ ਰਖੀਐ ਦੀਵੇ ਬਲਹਿ ਪਚਾਸ।।

ਚਉਣੇ ਸੁਇਨਾ ਪਾਈਐ ਚੁਣਿ ਚੁਣਿ ਖਾਵੈ ਘਾਸੁ।।

ਲੋਹਾ ਮਾਰਣਿ ਪਾਈਐ ਢਹੈ ਨ ਹੋਇਆ ਕਪਾਸ।।

ਨਾਨਕ ਮੂਰਖ ਏਹਿ ਗੁਣ ਬੋਲੇ ਸਦਾ ਵਿਣਾਸੁ।।

(143)

ਦਸਮ ਗ੍ਰੰਥ ਬਾਰੇ ਪੰਨੂ ਜੀ ਅਤੇ ਕੁਝ ਹੋਰ ਡਿਗਰੀਧਾਰੀਆਂ ਨੇ ਜੋ ਕੁਫ਼ਰ ਤੋਲੇ ਹਨ, ਜਿਨ੍ਹਾਂ ਰਾਹੀਂ ਇਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਅਧੂਰਾ ਗੁਰੂ ਸਾਬਿਤ ਕਰਦਿਆਂ ਦਸਮ ਗ੍ਰੰਥ ਨੂੰ ਬਰਾਬਰੀ ਤੇ ਲਿਆਂਦਾ ਅਤੇ ਇਸ ਅੰਦਰਲੇ ਗੰਦ ਨੂੰ ਗੁਰਮਤਿ ਸਾਬਿਤ ਕਰਨ ਲਈ ਬੇਹੂਦਾ ਦਲੀਲਾਂ ਦੇ ਕੇ ਪੂਰੀ ਸਿੱਖ ਕੌਮ ਦਾ ਜਲੂਸ ਕੱਢ ਦਿੱਤਾ ਹੈ। ਇਹੋ ਜਿਹੇ ਲੋਕਾਂ ਦੀ ਬਾਬਤ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਇਸ ਤਰ੍ਹਾਂ ਕਹਿੰਦੀ ਹੈ :

ਖੋਟੇ ਕਉ ਖਰਾ ਕਹੈ ਖਰੇ ਸਾਰ ਨਾ ਜਾਣੈ।।

ਅੰਧੇ ਕਾ ਨਾਉ ਪਾਰਖੂ ਕਲੀ ਕਾਲ ਵਿਡਾਣੈ।। 3. ।

ਸੂਤੇ ਕਉ ਜਾਗਤੁ ਕਹੈ ਜਾਗਤ ਕਉ ਸੂਤਾ।।

ਜੀਵਤ ਕਉ ਮੂਆ ਕਹੈ ਮੂਏ ਨਹੀ ਰੋਤਾ।। 4. ।

ਆਵਤ ਕਉ ਜਾਤਾ ਕਹੈ ਜਾਤੇ ਕਉ ਆਇਆ।।

ਪਰਕੀ ਕਉ ਅਪਨੀ ਕਹੈ ਅਪੁਨੇ ਨਹੀ ਭਾਇਆ।। 5. ।

ਮੀਠੇ ਕਉ ਕਉੜਾ ਕਹੈ ਕੜੂਏ ਕਉ ਮੀਠਾ।।

ਰਾਤੇ ਕੀ ਨਿੰਦਾ ਕਰਹਿ ਐਸਾ ਕਲਿ ਮਹਿ ਡੀਠਾ।। 6. ।

(229)

(ਇੰਡੀਆ ਅਵੇਅਰਨੈੱਸ ਦੇ ਅਪ੍ਰੈਲ 2007 ਦੇ ਅੰਕ ਵਿਚੋਂ ਧੰਨਵਾਦ ਸਹਿਤ)




.