.

ਸਿੱਖਾਂ ਦੇ ਸੈਕੁਲਰ ਸਕੂਲਾਂ ਅਤੇ ਕਾਲਜਾਂ `ਚ ਪੰਜਾਬੀ ਦੀ ਤਰਸਯੋਗ ਹਾਲਤ ਲਈ ਜ਼ਿਮੇਵਾਰ ਕੌਣ?

ਅਮਨਦੀਪ ਸਿੰਘ

ਸਿੱਖਾਂ ਨੇ ਆਪਣੀ ਮਾਂ-ਬੋਲੀ ਪੰਜਾਬੀ ਲਈ ਲੰਮੇਂ ਸਮੇਂ ਤੱਕ ਸੰਘਰਸ਼ ਕੀਤਾ। ਥਾਂ-ਥਾਂ ਰੋਸ ਮੁਜਾਹਰੇ ਕੀਤੇ, ਮਾਰਾਂ ਖਾਧੀਆਂ, ਜੇਲ੍ਹਾਂ ਕੱਟੀਆਂ ਅਤੇ ਅੰਤ ਆਪਣੀਆਂ ਜਾਇਦਾਦਾਂ ਭੀ ਕੁਰਕ ਕਰਵਾਈਆਂ। ਸੰਨ 1960 `ਚ ਕਰਨਾਲ ਵਿੱਖੇ ਪੰਜਾਬੀ ਸੂਬਾ ਜ਼ਿੰਦਾਬਾਦ ਦੇ ਹੱਕ `ਚ ਨਾਅਰਾ ਲਾਉਣ ਕਰਕੇ, ਇੱਕ ਨਿੱਕੇ ਜਿਹੇ ਸਿੱਖ ਬੱਚੇ ਨੂੰ ਡਾਂਗਾਂ ਮਾਰ ਕੇ, ਕਤਲ ਕਰਨ ਉਪ੍ਰੰਤ ਉਸਦੀ ਲਾਸ਼ ਨੂੰ ਖੂਹ ਵਿੱਚ ਸੁੱਟ ਦਿਤਾ ਗਿਆ ਸੀ। ਇੰਞ ਹੀ 12 ਜੂਨ, ਸੰਨ 1960 ਨੂੰ ਦਿੱਲੀ ਦੇ ਚਾਂਦਨੀ ਚੌਂਕ ਵਿੱਖੇ, ਪੰਜਾਬੀ ਸੂਬਾ ਦੀ ਹਮਾਇਤ `ਚ ਨਿਕਲ ਰਹੇ ਸਿੱਖ ਜਲੂਸ ਨੂੰ ਰੋਕਣ ਲਈ ਬੇਤਹਾਸ਼ਾ ਗੋਲ਼ੀਬਾਰੀ, ਲਾਠੀਚਾਰਜ ਅਤੇ ਸੈਂਕੜੇ ਹੀ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ। ਸਿਰਫ਼ ਆਪਣੀ ਮਾਂ-ਬੋਲੀ ਪੰਜਾਬੀ ਲਈ।

ਪਰ ਅੱਜ ਉਸੇ ਦਿੱਲੀ ਸ਼ਹਿਰ `ਚ ਪੈਂਦੇ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚਲ ਰਹੇ, ਮਾਤਾ ਸੁੰਦਰੀ ਕਾਲਜ ਫ਼ਾਰ ਵੂਮੈਨ ਵਿਖੇ, ਕਾਲਜ ਦੇ ਸਾਲਾਨਾ ਸਮਾਗਮ ਮੌਕੇ ਮਾਂ-ਬੋਲੀ ਪੰਜਾਬੀ ਦਾ ਹੀ ਮੂੰਹ ਚਿੜਾਇਆ ਗਿਆ। ਮਿਤੀ 8 ਮਾਰਚ, 07 ਨੂੰ ਹੋਏ, ਇਸ ਸਮਾਗਮ `ਚ ਪੰਜਾਬ ਦੀ ਦਲੇਰ ਧੀ ਦੇ ਨਾਂਅ ਨਾਲ ਪ੍ਰਸਿੱਧ, ਪੁਲਿਸ ਅਧਿਕਾਰੀ ਡਾ. ਕਿਰਨ ਬੇਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਟੇਜ ਤੇ ਆਉਂਦਿਆਂ ਹੀ ਡਾ. ਕਿਰਨ ਬੇਦੀ, ‘ਬੋਲੇ ਸੋ ਨਿਹਾਲ’ ਦੇ ਆਕਾਸ਼ ਗੁੰਜਾਊ ਜੈਕਾਰਿਆਂ ਨਾਲ ਫ਼ਿਜ਼ਾ `ਚ ਜੋਸ਼ ਭਰਦਿਆਂ ਹਾਜ਼ਰ ਵਿਦਿਆਰਥਣਾਂ ਨੂੰ ਸੰਬੋਧਨ ਹੋ ਰਹੇ ਸਨ ਕਿ ਅਚਾਨਕ ਕੁੱਝ ਸਰੋਤਿਆਂ `ਚ ਹਿਲਜੁਲ ਸ਼ੁਰੂ ਹੋ ਗਈ, ਕਿਉਂਕਿ ਡਾ. ਸਾਹਿਬਾ ਆਪਣੀ ਤਕਰੀਰ ਮਾਂ-ਬੋਲੀ ਪੰਜਾਬੀ `ਚ ਕਰ ਰਹੇ ਸਨ, ਆਪਣੀ ਤਕਰੀਰ ਨੂੰ ਵਿੱਚੇ ਹੀ ਰੋਕਦਿਆਂ ਹੋਇਆਂ, ਡਾ. ਕਿਰਨ ਬੇਦੀ ਵੱਲੋਂ ਹਾਜ਼ਰ ਸਰੋਤਿਆਂ, ਜਿਨ੍ਹਾਂ `ਚ ਵਧੇਰੇ ਗਿਣਤੀ ਵਿਦਿਆਰਥਣਾਂ ਦੀ ਸੀ, ਨੂੰ ਪੁੱਛਿਆ ਕਿ ਆਪਣੇ ਹੱਥ ਖੜ੍ਹੇ ਕਰਕੇ ਦੱਸੋ, ਕਿ ਤੁਹਾਡੇ `ਚੋਂ ਕਿੰਨਿਆਂ ਨੂੰ ਪੰਜਾਬੀ ਸਮਝ `ਚ ਨਹੀਂ ਆਉਂਦੀ। ਬਹੁਗਿਣਤੀ ਵਿਦਿਆਰਥਣਾਂ ਦੇ ਪੰਜਾਬੀ ਪ੍ਰਤੀ ਨਾਂਹ ਪੱਖੀ ਵਤੀਰੇ `ਤੇ ਵਿਅੰਗ ਭਰੇ ਲਹਿਜ਼ੇ `ਚ, ਡਾ. ਕਿਰਨ ਬੇਦੀ ਨੇ, ਕਾਲਜ ਸਟਾਫ਼ ਵੱਲ ਇਸ਼ਾਰਾ ਕਰਦਿਆਂ ਵਿਦਿਆਰਥਣਾਂ ਨੂੰ ਕਿਹਾ, ਕਿ ਇਹ ਤੁਹਾਨੂੰ ਕੁੱਝ ਨਹੀਂ ਸਿਖਾਉਂਦੇ। ਜਿਸ ਕਰਕੇ ਮਾਹੌਲ `ਚ ਚੁੱਪ ਵਰਤ ਗਈ। ਬਾਅਦ ਵਿੱਚ ਨ ਚਾਹੁੰਦਿਆਂ ਹੋਇਆਂ ਡਾ. ਕਿਰਨ ਬੇਦੀ ਨੇ ਮਜਬੂਰਨ ਹਿੰਦੀ ਭਾਸ਼ਾ `ਚ’ ਸੰਬੋਧਨ ਕੀਤਾ।

ਇਸ ਤੋਂ ਪਹਿਲਾਂ ਕਾਲਜ ਦੇ ਹੀ ਇੱਕ ਜ਼ਿੰਮੇਵਾਰ ਅਹੁਦੇਦਾਰ ਵਲੋਂ ਕਾਲਜ ਦੇ ਸੈਕੁਲਰ ਪੱਖ’ ਤੇ ਚਾਨਣਾ ਪਾਉਂਦਿਆਂ ਦੱਸਿਆ ਗਿਆ ਕਿ ਕਾਲਜ ਵਿੱਚ ਵੱਖ-ਵੱਖ ਧਰਮਾਂ ਨਾਲ ਸੰਬੰਧਤ ਪੜ੍ਹਦੀਆਂ ਵਿਦਿਆਰਥਣਾਂ ਦਾ ਪ੍ਰਤੀਸ਼ਤ ਸਿਲ-ਸਿਲੇਵਾਰ ਮੁਸਲਿਮ 7%, ਸਿੱਖ 18% ਅਤੇ ਹੋਰਨਾਂ ਧਰਮਾਂ ਨਾਲ ਸੰਬੰਧਤ 75% ਵਿਦਿਆਰਥਣਾਂ ਪੜ੍ਹਦੀਆਂ ਹਨ। ਇਸ ਤੋਂ ਵੱਧ ਦੁਖਦਾਇਕ ਪਹਿਲੂ ਹੋਰ ਕੀ ਹੋ ਸਕਦਾ ਹੈ ਕਿ ਦੇਸ਼ ਦੀ ਘੱਟ-ਗਿਣਤੀ ਕੌਮ, ਆਪਣੇ ਹੀ ਅਦਾਰਿਆਂ `ਚ ਘੱਟ-ਗਿੱਣਤੀ ਬਣ ਚੁੱਕੀ ਹੈ। ਖ਼ੈਰ। ਜਿੱਥੇ ਪਿਛਲੇ ਲੰਮੇਂ ਸਮੇਂ ਤੋਂ ਪੰਜਾਬੀ ਭਾਸ਼ਾ ਨਾਲ ਮੋਹ ਰੱਖਣ ਵਾਲੇ ਵਿਦਵਾਨ, ਚਿੰਤਕ ਅਤੇ ਹੋਰ ਪੰਜਾਬੀਅਤ ਦੇ ਮੁੱਦਈ, ਪੰਜਾਬੀ ਨੂੰ ਬਣਦਾ ਹੱਕ ਦਿਵਾਉਣ ਲਈ ਜਦੋ ਜਹਿਦ ਕਰ ਰਹੇ ਹਨ, ਉੱਥੇ ਦੂਜੇ ਬੰਨ੍ਹੇ ਸਿੱਖਾਂ ਦੇ ਹੀ ਸਕੂਲਾਂ ਅਤੇ ਕਾਲਜਾਂ `ਚ, ਪੰਜਾਬੀ ਬੋਲੀ ਦੀ ਹਾਲਤ ਅਫ਼ਸੋਸਨਾਕ ਹੈ। ਹੈਰਾਨਗੀ ਹੁੰਦੀ ਹੈ ਜਦ ਇਤਿਹਾਸਕ ਸਿੱਖ ਸ਼ਖ਼ਸੀਅਤ, ਮਾਤਾ ਸੁੰਦਰ ਕੌਰ ਜੀ ਦੇ ਨਾਂਅ ਨਾਲ ਸਬੰਧਤ ਅਦਾਰਿਆਂ `ਚ, ਸਿੱਖ ਗੁਰੁ ਸਾਹਿਬਾਨ ਵੱਲੋਂ ਉਤਸਾਹਿਤ ਕੀਤੀ ਗਈ ਬੋਲੀ ਪੰਜਾਬੀ ਪ੍ਰਤੀ ਰੁੱਖਾ ਜਿਹਾ ਰਵੱਈਆ ਅਪਣਾਇਆ ਜਾਂਦਾ ਹੈ। ਤਾਂ ਗੈਰਾਂ ਤੋਂ ਕੀ ਆਸ ਰੱਖੀਏ। ਆਖਿਰ ਸੈਕੁਲਰਇਜ਼ਮ ਦੇ ਮੁਖੌਟੇ ਹੇਠ ਆਪਣੀ ਮਾਂ-ਬੋਲੀ ਨਾਲ ਧ੍ਰੋਹ ਕਮਾਉਣਾ ਕਿੱਥੋਂ ਤੱਕ ਜਾਇਜ਼ ਹੈ? ਇਹ ਇੱਕ ਸਰਬਪ੍ਰਵਾਣਿਤ ਤੱਥ ਹੈ ਕਿ ਜਦੋਂ ਕੌਮਾਂ ਆਪਣੇ ਪਤਣ ਵੱਲ ਵਧਦੀਆਂ ਹਨ, ਤਾਂ ਸੱਭ ਤੋਂ ਪਹਿਲਾਂ ਉਨ੍ਹਾਂ ਦੀ ਮਾਂ-ਬੋਲੀ ਖੋਹੀ ਜਾਂਦੀ ਹੈ, ਜਿਹੜਾ ਅਮਲ ਅੱਜ ਸਾਡੇ ਨਾਲ ਵਾਪਰ ਰਿਹਾ ਹੈ।

ਪੰਜਾਬੀਆਂ ਦੀ, ਪੰਜਾਬੀ ਨਾਲ ਬੇਵਿਸ਼ਵਾਸੀ ਤੇ ਆਪਣੇ ਹੰਝੂ ਕੇਰਦਿਆਂ ਪੰਜਾਬੀ ਦੇ ਉੱਘੇ ਕਵੀ

ਬਾਬੂ ਫ਼ੀਰੋਜ਼ਦੀਨ ‘ਸ਼ਰਫ਼’ ਨੇ ਲਿਖਿਆ ਹੈ,

ਸ਼ਰਫ਼ ਪੁੱਛੀ ਨਾ ਜਿਨ੍ਹਾਂ ਨੇ ਵਾਤ ਮੇਰੀ

ਵੇ ਮੈਂ ਬੋਲੀ ਹਾਂ ਉਨ੍ਹਾਂ ਪੰਜਾਬੀਆਂ ਦੀ।

ਕੀ ਮਾਂ-ਬੋਲੀ ਪੰਜਾਬੀ ਨਾਲ ਵਿਤਕਰਿਆਂ ਦੀ ਦਾਸਤਾਨ ਜਾਰੀ ਰਹੇਗੀ?
.