.

ਕੁਦਰਤ ਨਾਲ ਛੇੜ-ਛਾੜ!

ਨਤੀਜਾ

ਤਬਾਹੀ ਹੀ ਤਬਾਹੀ

ਪ੍ਰੋ: ਤਰਲੋਚਨ ਸਿੰਘ

ਫਿਜਿਕਸ ਵਿਭਾਗ

ਖਾਲਸਾ ਕਾਲਜ, ਪਟਿਆਲਾ

+੯੧੯੮੮੮੧੬੯੨੨੬

ਜੋ ਬੀਜੈ ਸੋਈ ਫਲੁ ਪਾਏ ਸੁਪਨੈ ਸੁਖੁ ਨ ਪਾਵਣਿਆ॥੪॥

(੧੧੩-੧੯, ਮਾਝ, ਮਃ ੩)

ਇਸ ਬ੍ਰਹਿਮੰਡ ਦੇ ਜ਼ਰ੍ਹੇ ਜ਼ਰ੍ਹੇ ਵਿੱਚ ਸੰਗੀਤ ਫੁੱਟ ਰਿਹਾ ਹੈ। ਉਸ ਸੰਗੀਤ ਦੀਆਂ ਧੁੰਨਾਂ ਵਿੱਚ ਅੰਗੜਾਈਆਂ ਲੈਂਦੀ ਕੁਦਰਤ ਕਦੀ ਪਤਝੜ ਦਾ ਰੂਪ ਹੋ ਜਾਂਦੀ ਹੈ ਤੇ ਕਦੀ ਬਸੰਤ ਬਣ ਬਨਸਪਤੀ ਨੂੰ ਫਲਾਂ-ਫੁੱਲਾਂ ਨਾਲ ਲੱਦ ਦੇਂਦੀ ਹੈ। ਕਦੀ ਮੋਹਲੇਧਾਰ ਮੀਹਾਂ ਦੇ ਰੂਪ ਵਿੱਚ ਹੜ੍ਹਾਂ ਦਾ ਭਿਅੰਕਰ ਰੂਪ ਧਾਰ ਲੇਂਦੀ ਹੈ ਤੇ ਕਦੀ ਮਾਸੂਮ ਬੱਚੇ ਵਾਂਗੂੰ ਸ਼ਾਂਤ-ਚਿੱਤ ਹੋ ਜਾਂਦੀ ਹੈ। ਹਿਮਾਲਿਆ ਦੀਆਂ ਵਿਸ਼ਾਲ ਚੋਟੀਆਂ ਤੇ ਅਨੰਤਤਾ ਤਕ ਡੂੰਘੇ ਸਮੁੰਦਰਾਂ ਤੋਂ ਇਸ ਦੇ ਜਲੋਅ ਦਾ ਪ੍ਰਗਟਾਅ ਹੁੰਦਾ ਹੈ। ਜਦੋਂ ਉਤਪਤੀ ਵਲ ਵਧਦੀ ਹੈ ਤਾਂ ਚੌਰਾਸੀ ਲੱਖ ਜੀਵ ਹੋਂਦ ਵਿੱਚ ਆ ਜਾਂਦੇ ਹਨ, ਜਦੋਂ ਵਿਨਾਸ਼ ਵੱਲ ਵਧਦੀ ਹੈ ਤਾਂ ਹਾਥੀਆਂ ਤੋਂ ਵੀ ਕਈ ਗੁਣਾਂ ਵਿਸ਼ਾਲ ਡਾਇਨਾਸੋਰ ਅਲੋਪ ਹੋ ਜਾਂਦੇ ਹਨ। ਆਸਤਿਕਾਂ ਵਾਸਤੇ ਤਾਂ ਕੁਦਰਤ ਰੱਬ ਦਾ ਰੂਪ ਹੈ ਹੀ ਪਰ ਨਾਸਿਤਕਾਂ ਲਈ ਤਾਂ ਇਹੋ ਰੱਬ ਹੈ। ਸਾਡੇ ਧਰਮ ਗ੍ਰੰਥ ਵੀ ਇਹੋ ਪੁਕਾਰ ਰਹੇ ਹਨ ਕਿ ਇੱਕ ਭਿਖਾਰੀ ਵੀ ਉਸ ਦਾ ਰੂਪ ਹੈ ਤੇ ਸੰਸਾਰਿਕ ਵਸਤਾਂ ਵੰਡਣ ਵਾਲਾ ਦਾਤਾ ਵੀ, ਸਾਡਾ ਹਾਸਾ ਵੀ ਕੁਦਰਤ ਹੈ ਤੇ ਰੋਣਾ ਵੀ। ਅਸਲ ਵਿੱਚ ਸਭ ਕੁੱਝ ਕੁਦਰਤ ਹੈ ਉਸ ਤੋਂ ਸੱਖਣਾ ਕੁੱਝ ਵੀ ਨਹੀਂ ਗੁਰਬਾਣੀ ਅਨੁਸਾਰ:

ਕੁਦਰਤਿ ਦਿਸੈ ਕੁਦਰਤਿ ਸੁਣੀਐ ਕੁਦਰਤਿ ਭਉ ਸੁਖ ਸਾਰੁ॥

ਕੁਦਰਤਿ ਪਾਤਾਲੀ ਆਕਾਸੀ ਕੁਦਰਤਿ ਸਰਬ ਆਕਾਰੁ॥

ਕੁਦਰਤਿ ਵੇਦ ਪੁਰਾਣ ਕਤੇਬਾ ਕੁਦਰਤਿ ਸਰਬ ਵੀਚਾਰੁ॥

ਕੁਦਰਤਿ ਖਾਣਾ ਪੀਣਾ ਪੈਨਣੁ ਕੁਦਰਤਿ ਸਰਭ ਪਿਆਰੁ॥

ਕੁਦਰਤਿ ਜਾਤੀ ਜਿਨਸੀ ਰੰਗੀ ਕੁਦਰਤਿ ਜੀਅ ਜਹਾਨ॥

ਕੁਦਰਤਿ ਨੇਕੀਆ ਕੁਦਰਤਿ ਬਦੀਆ ਕੁਦਰਤਿ ਮਾਨੁ ਅਭਿਮਾਨੁ॥

ਕੁਦਰਤਿ ਪਾਣੀ ਬੈਸੰਤਰੁ ਕੁਦਰਤਿ ਧਰਤੀ ਖਾਕੁ॥ (੪੬੪)

ਜਿਵੇਂ ਜੇ ਕਿਸੇ ਬੱਚੇ ਨੂੰ ਖੇਡਣ ਲਈ ਖਿਡੌਣਾ ਦੇ ਦਿੱਤਾ ਜਾਵੇ, ਤਾਂ ਉਸ ਬੱਚੇ ਨੂੰ ਤਦ ਤਕ ਚੈਨ ਨਹੀਂ ਆਉਂਦਾ ਜਦ ਤਕ ਉਹ ਉਸ ਖਿਡੌਣੇ ਦਾ ਪੁਰਜਾ-ਪਰਜਾ ਨਹੀਂ ਕਰ ਦਿੰਦਾ। ਇਵੇਂ ਹੀ ਮਨੁਖ ਫੁੱਲਾਂ ਦੀ ਸੁੰਦਰਤਾ ਅਤੇ ਉਸ ਦੀ ਖੁਸ਼ਬੋ ਨੂੰ ਮਹਿਸੂਸ ਕਰਨ ਦੀ ਬਜਾਏ ਉਸ ਨੂੰ ਮਸਲਣ ਲਈ ਹਮੇਸ਼ਾਂ ਤਤਪਰ ਰਹਿੰਦਾ ਹੈ। ਮਨੁੱਖ ਨੂੰ ਆਨੰਦਿਤ ਕਰਨ ਲਈ ਉਸ ਦੇ ਚੋਹੀਂ ਪਾਸੀਂ ਕੁਦਰਤੀ ਨਜ਼ਾਰਿਆਂ ਦੀ ਭਰਮਾਰ ਹੈ ਪਰ ਜਿਥੇ-ਜਿਥੇ ਮਨੁੱਖ ਦਾ ਪੈਰ ਪਿਆ ਉਥੇ- ਉਥੇ ਉਸ ਨੇ ਕੁਦਰਤੀ ਨਜ਼ਾਰਿਆਂ ਨੂੰ ਇਸ ਹੱਦ ਤਕ ਰੋਂਦਿਆ ਅਤੇ ਤੋੜਿਆ ਮਰੋੜਿਆ ਕਿ ਉਥੇ ਦੇ ਸਵਰਗ ਰੂਪੀ ਨਜ਼ਾਰੇ ਨਰਕ ਦੇ ਢੇਰ ਵਿੱਚ ਬਦਲ ਗਏ। ਜੰਗਲਾਂ ਦਾ ਸਫਾਇਆ ਕਰਦੇ ਹੋਏ ਉਸ ਨੇ ਜ਼ਰਾ ਨਾ ਸੋਚਿਆ ਕਿ ਇਸ ਦਾ ਅਸਰ ਮੌਸਮ ਉਤੇ ਕੀ ਪਵੇਗਾ ਅਤੇ ਹਵਾਵਾਂ ਦਾ ਸ਼ੁਧੀਕਰਨ ਕਿਵੇਂ ਹੋਵੇਗਾ। ਕਾਰਾਂ ਮੋਟਰਾਂ ਅਤੇ ਏ. ਸੀ ਦਾ ਸੁਖ ਤਾਂ ਮਨੁੱਖ ਮਾਣ ਰਿਹਾ ਹੈ ਪਰ ਇਸ ਦਾ ਅਸਰ ਓਜ਼ੋਨ ਪਰਤ ਤੇ ਕੀ ਹੋਵੇਗਾ ਇਸ ਦੀ ਉਸ ਨੂੰ ਕੋਈ ਚਿੰਤਾ ਨਹੀਂ ਹੈ।

ਮੋਬਾਇਲ ਅੱਜ ਇੱਕ ਖਿਡੌਣਾ ਹੈ, ਜਿਸ ਨਾਲ ਹਰ ਇਨਸਾਨ ਖੇਡ ਰਿਹਾ ਹੈ, ਮੋਬਾਇਲ ਇਲੈਕਟਰੋਮਗਨੈਟਿਕ ਤਰੰਗਾਂ ਰਾਹੀਂ ਸੂਚਨਾ ਦਾ ਆਦਾਨ ਪ੍ਰਦਾਨ ਕਰਦਾ ਹੈ। ਵਿਸ਼ਵ ਵਿੱਚ ਜਿੰਨੇ ਮੋਬਾਇਲ ਹਨ ਓਨੀਆਂ ਹੀਂ ਤਰੰਗਾਂ ਹਰ ਵਕਤ ਮਨੁੱਖ ਦੇ ਆਲੇ-ਦੁਆਲੇ ਮੰਡਰਾ ਰਹੀਆਂ ਹਨ। ਇਨ੍ਹਾਂ ਤਰੰਗਾਂ ਦਾ ਮਨੁੱਖੀ ਸਿਹਤ ਉਤੇ ਕੀ ਅਸਰ ਹੋਵੇਗਾ ਇਸ ਦੀ ਕਿਸੇ ਨੂੰ ਕੋਈ ਚਿੰਤਾ ਨਹੀਂ। ਮਨੁੱਖ ਦੇ ਚੰਚਲ ਮਨ ਦੀਆਂ ਚਤੁਰਾਈਆਂ ਕਈ ਵਾਰ ਘਾਤਕ ਸਿੱਧ ਹੋ ਸਕਦੀਆਂ ਹਨ। ਗੁਰਬਾਣੀ ਮੁਤਾਬਕ:

ਮਨਮੁਖ ਚੰਚਲ ਮਤਿ ਹੈ ਅੰਤਰਿ ਬਹੁਤੁ ਚਤੁਰਾਈ

ਕੀਤਾ ਕਰਤਿਆ ਬਿਰਥਾ ਗਇਆ

ਇਕੁ ਤਿਲੁ ਥਾਇ ਨ ਪਾਈ॥ (1414)

ਆਇਨਸਟਾਈਨ ਨੇ ਊਰਜਾ ਤੋਂ ਪਦਾਰਥ ਦੇ ਬਦਲਾਵ ਦਾ ਸਮੀਕਰਨ ਜਦੋਂ ਪੇਸ਼ ਕੀਤਾ ਸੀ ਤਾਂ ਉਸ ਦੇ ਚਿੱਤ ਚੇਤੇ ਵੀ ਨਹੀਂ ਸੀ ਕਿ ਉਸ ਦੇ ਇਸ ਗਿਆਨ ਤੋਂ ਐਟਮ ਬੰਬ ਤੇ ਫਿਰ ਹਾਈਡਰੋਜਨ ਬੰਬ ਬਣਾ ਲਏ ਜਾਣਗੇ ਤੇ ਇਨ੍ਹਾਂ ਵਿਨਾਸ਼ਕਾਰੀ ਬੰਬਾਂ ਦਾ ਸਾਇਆ ਸਾਰੇ ਵਿਸ਼ਵ ਤੇ ਹਮੇਸ਼ਾਂ ਮੰਡਰਾਂਦਾ ਰਹੇਗਾ। ਅੱਜ ਕਈ ਅਮੀਰ ਦੇਸ਼ਾਂ ਦੇ ਸੈੱਟਲਾਈਟ (ਸਟਾਰ-ਵਾਰ ਵਰਗੇ) ਭਿਅੰਕਰ ਯੁੱਧ ਵਿੱਚ ਹਿੱਸਾ ਲੈਣ ਲਈ ਤਿਆਰ-ਬਰ-ਤਿਆਰ ਧਰਤੀ ਦੇ ਚੌਗਿਰਦ ਚੱਕਰ ਕੱਟ ਰਹੇ ਹਨ। ਜੇ ਇੱਕ ਵਾਰ ਇਹ ਐਟਮੀ ਜੰਗ (ਸਟਾਰ-ਵਾਰ) ਸ਼ੁਰੂ ਹੁੰਦੀ ਹੈ ਤਾਂ ਧਰਤੀ ਤੋਂ ਹਮੇਸ਼ਾਂ ਲਈ ਜੀਵਨ ਅਲੋਪ ਹੋ ਜਾਵੇਗਾ। ਉਸ ਹਾਲਤ ਵਿੱਚ ਧਰਤੀ ਨੂੰ ਐਟਮੀ ਬੱਦਲ ਢਕ ਲੈਣਗੇ ਤੇ ਫਿਰ ਰੋਸ਼ਨੀ ਦੀਆਂ ਕਿਰਨਾਂ ਵੀ ਧਰਤੀ ਦੀ ਸਤ੍ਹਾ ਤੱਕ ਨਹੀਂ ਪਹੁੰਚ ਸਕਣਗੀਆਂ। ਧਰਤੀ ਇੱਕ ਮੁਰਦਾ ਗ੍ਰਹਿ ਬਣ ਜਾਵੇਗੀ। ਸਹਸ ਸਿਆਣਪਾ ਧਰੀਆਂ ਦੀਆਂ ਧਰੀਆਂ ਰਹਿ ਜਾਣਗੀਆਂ। ਗੁਰਬਾਣੀ ਅਨੁਸਾਰ:

ਸੰਜਮ ਸਹਸ ਸਿਆਣਪਾ

ਪਿਆਰੇ ਇਕ ਨ ਚਲੀ ਨਾਲਿ॥ (641)

ਮਨੁੱਖ ਜਿਥੇ ਇੱਕ ਪਾਸੇ ਧਰਤੀ ਨੂੰ ਮੁਰਦਾ ਗ੍ਰਹਿ ਬਣਾਉਣ ਲਈ ਉਤਾਰੂ ਹੋਇਆ ਹੋਇਆ ਹੈ ਉਥੇ ਦੂਜੇ ਪਾਸੇ ਉਸਨੂੰ ਦੁਜਿਆਂ ਗ੍ਰਹਿਆਂ ਉਪਗ੍ਰਹਿਆਂ ਅਤੇ ਕੋਮੈਟਸ (ਪੂਛਲ-ਤਾਰੇ) ਦੀ ਸੁੰਦਰਤਾ ਵੀ ਹਜਮ ਨਹੀਂ ਹੋ ਰਹੀ। ਟੈਂਪਲ 1 ਨਾਂ ਦਾ ਕੋਮੈੱਟ ਸੰਨ 1867 ਵਿੱਚ ਇਨਸਾਨੀ ਦੂਰਬੀਨ ਦੇ ਦਾਇਰੇ ਵਿੱਚ ਆਇਆ। ਵਿਗਿਆਨੀਆਂ ਨੇ ਇਸ ਦੀ ਸੁੰਦਰਤਾ ਨੂੰ ਨਿਹਾਰਿਆ, ਪਰ ਇਸ ਨਾਲ ਉਨ੍ਹਾਂ ਦੀ ਤੱਸਲੀ ਨਾ ਹੋਈ। ਉਨ੍ਹਾਂ ਨੂੰ ਇਸ ਦੀ ਚੀਰ ਫਾੜ ਕਰਨ ਦਾ ਫੁਰਨਾ ਫੁਰਿਆ, ਬੱਸ ਫਿਰ ਕੀ ਸੀ, ਉਹ ਇਸ ਦੀ ਚਾਲ ਤੇ ਲਗਾਤਾਰ ਨਿਗਰਾਨੀ ਰਖਣ ਲਗੇ। ਉਨ੍ਹਾਂ ਨੇ ਇਹ ਲੱਭ ਲਿਆ ਕਿ ਇਸ ਦਾ ਇੱਕ ਚੱਕਰ ਸੂਰਜ ਦੁਆਲੇ 5. 5 ਸਾਲਾਂ ਵਿੱਚ ਪੂਰਾ ਹੁੰਦਾ ਹੈ। ਸੰਨ 1999 ਵਿੱਚ ਇਸ ਨਾਲ ਟੱਕਰ ਮਾਰਨ ਦੀ ਯੋਜਨਾ ਬਣਾਈ ਗਈ। ਨਾਸਾ ਨਾਲ ਜੁੜੇ ਵਿਗਿਆਨੀਆਂ ਨੇ ਇਸ ਯੋਜਨਾ ਨੂੰ ਪੂਰਾ ਕਰਨ ਲਈ ਰਾਤ ਦਿਨ ਇੱਕ ਕਰ ਦਿੱਤਾ। ਆਖਰਕਾਰ ਉਹ ਰਾਕਟ (ਡੈਲਟਾ) ਬਣਾ ਲਿਆ ਗਿਆ ਜਿਸ ਵਿੱਚ ਰੱਖੇ ਡੀਪ ਇੰਪੈਕਟਰ ਨੇ ਕੋਮੈਟ ਨਾਲ ਜਾ ਕੇ ਭਿੜਨਾ ਸੀ। ਇੰਪੈਕਟਰ ਨੇ ਆਪਣਾ ਸਫਰ ਦਸੰਬਰ 2004 ਵਿੱਚ ਸ਼ੁਰੂ ਕੀਤਾ।

A news by NASA before the impact

Comets are dirty balls of ice that hold clues to our own solar system's formation and evolution. Deep Impact is the first space mission to attempt to break the surface of a comet and reveal the secrets inside. The mission will send a 360-kilogram (816-pound) impactor into the path of comet Tempel 1. After releasing the impactor, the main spacecraft, called the flyby craft, will move safely aside and collect information. During this phase, every moment counts. The flyby spacecraft will have just over 13 minutes to gather its precious data.

ਟੈਂਪਲ 1 ਕੋਮੈਟ ਬੜੇ ਸ਼ਾਂਤ-ਮਈ ਢੰਗ ਨਾਲ ਧਰਤੀ ਤੋਂ 83 ਲੱਖ ਮੀਲ ਦੂਰ, ਸੂਰਜ ਦੀ ਪਰਿਕਰਮਾ ਕਰਦੇ ਹੋਏ ਉਸ ਦਾ ਅਭਿਨੰਦਨ ਕਰਨ ਲਈ ਆਪਣੀ ਮੰਜ਼ਲ ਵਲ ਵਧ ਰਿਹਾ ਸੀ, ਉਸ ਨੂੰ ਕੀ ਪਤਾ ਸੀ ਕਿ ਉਸ ਦੀ ਇਕਾਗਰਤਾ ਨੂੰ ਭੰਗ ਕਰਨ ਲਈ ਇੱਕ 370 ਕਿਲੋਗ੍ਰਾਮ ਦਾ ਡੀਪ ਇੰਪੈਕਟਰ ਉਸ ਵੱਲ ਵਧਿਆ ਚਲਿਆ ਆ ਰਿਹਾ ਹੈ। ਆਖਰਕਾਰ ਉਹ ਘੜੀ ਆ ਹੀ ਗਈ ਜਦੋਂ ਇੰਪੈਕਟਰ ਨੇ 10 ਕਿਲੋਮੀਟਰ ਪ੍ਰਤੀ ਸੈਕਿੰਡ ਦੀ ਰਫਤਾਰ ਨਾਲ ਚਲਦੇ ਹੋਏ ਕੋਮੈਟ ਦੇ ਰਾਹ ਵਿੱਚ ਆਉਣਾ ਸੀ, ਵਿਗਿਆਨੀਆਂ ਦੇ ਸਾਹ ਰੁਕੇ ਹੋਏ ਸਨ। 4 ਜੁਲਾਈ 2005 ਨੂੰ ਭਾਰਤੀ ਸਮੇਂ ਅਨੁਸਾਰ ਸਵੇਰ ਦੇ ਠੀਕ 11 ਵੱਜ ਕੇ 30 ਮਿੰਟਾਂ ਤੇ ਉਹ ਘਟਨਾ ਵਾਪਰੀ ਜਿਸ ਨਾਲ ਵਿਗਿਆਨੀ ਖੁਸ਼ੀ ਨਾਲ ਝੂਮ ਉਠੇ, ਟੱਕਰ ਵੱਜ ਚੁੱਕੀ ਸੀ। ਇਹ ਟੱਕਰ 5 ਟੱਨ ਡੈਨਾਮਾਈਟ ਦੀ ਟੱਕਰ ਦੇ ਤੁਲਨਾਤਿਮਕ ਸੀ। ਇਸ ਘਟਨਾ ਨਾਲ ਕੋਮੈਟ ਦੀ ਸਤ੍ਹਾ ਤੋਂ ਰੋਸ਼ਨੀ ਅਤੇ ਧੂੜ ਦਾ ਗੁਬਾਰ ਉਠਿਆ, ਜਿਸ ਨੂੰ ਵਿਗਿਆਨੀਆਂ ਨੇ ਆਪਣੇ ਕੈਮਰੇ ਵਿੱਚ ਕੈਦ ਕਰ ਲਿਆ। ਹੁਣ ਉਹ ਉਸ ਨੂੰ ਬੜੀ ਗਹੁ ਨਾਲ ਵੇਖ ਰਹੇ ਹਨ ਅਤੇ ਇਸ ਦੀ ਛਾਣ-ਬੀਣ ਕਰ ਰਹੇ ਹਨ ਕਿ ਕੋਮੈਟ ਦੀ ਨਾਭੀ ਵਿੱਚ ਕਿੰਨੀ ਬਰਫ ਹੈ ਅਤੇ ਕਿੰਨਾ ਆਰਗੈਨਿਕ ਮੈਟਰ ਹੈ। ਵਿਗਿਆਨੀ ਕਿਸ ਨਤੀਜੇ ਤੇ ਪਹੁੰਚਦੇ ਹਨ ਇਹ ਤਾਂ ਸਮਾਂ ਹੀ ਦਸੇਗਾ ਪਰ ਇਸ ਟੈਂਪਲ 1 ਦੀ ਇਕਾਗਰਤਾ ਜ਼ਰੂਰ ਭੰਗ ਹੋ ਚੁੱਕੀ ਹੈ, ਉਹ ਇਕਾਗਰਤਾ ਜਿਹੜੀ ਹਰੀ ਦੇ ਰੰਗ ਵਿੱਚ ਰੰਗੀ ਹੋਈ ਸੀ।

ਧਰਤਿ ਪਾਤਾਲੁ ਆਕਾਸੁ ਹੈ

ਮੇਰੀ ਜਿੰਦੁੜੀਏ

ਸਭ ਹਰਿ ਹਰਿ ਨਾਮੁ ਧਿਆਵੈ ਰਾਮ॥ (540)

ਬੇਸ਼ਕ ਵਿਗਿਆਨੀ ਇਸ ਗਲ ਦੀ ਤਸੱਲੀ ਦੇ ਰਹੇ ਹਨ ਕਿ ਉਸ ਦੀ ਚਾਲ-ਢਾਲ ਵਿੱਚ ਕੋਈ ਬਹੁਤਾ ਫਰਕ ਨਹੀਂ ਪਵੇਗਾ। ਪਰ ਕਿਤੇ ਇਹ ਤਸੱਲੀ ਉਹੋ ਜਿਹੀ ਨਾ ਹੋਏ ਜਿਹੋ ਜਿਹੀ ਤਸੱਲੀ ਦੋ ਭਦਰ- ਪੁਰਸ਼ਾਂ ਨੇ ਇੱਕ ਦੂਜੇ ਨੂੰ ਦਿਤੀ ਸੀ!

ਪੁਰਾਣੇ ਸਮੇਂ ਦੀ ਗੱਲ ਹੈ, ਇੱਕ ਪਿੰਡ ਤੋਂ ਦੂਜੇ ਪਿੰਡ ਜਾਣ ਲਈ ਵੀ ਜੰਗਲ ਵਿਚੋਂ ਲੰਘ ਕੇ ਜਾਣਾ ਪੈਂਦਾ ਸੀ। ਦੋ ਰਾਹਗੀਰ ਤੁਰੇ ਜਾ ਰਹੇ ਸਨ। ਦੂਰ ਉਨ੍ਹਾਂ ਨੂੰ ਇੱਕ ਸ਼ੇਰ ਵਿਖਾਈ ਦਿਤਾ। ਪਹਿਲਾਂ ਤਾਂ ਉਹ ਥੋੜ੍ਹਾ ਡਰੇ ਪਰ ਫਿਰ ਉਹ ਖੁਸ਼ ਵੀ ਹੋਏ। ਡਰੇ ਇਸ ਲਈ ਕਿ ਉਹ ਇੱਕ ਸ਼ੇਰ ਸੀ, ਖੁਸ਼ ਇਸ ਲਈ ਹੋਏ ਕਿ ਉਹ ਰਾਹਗੀਰ ਅਸਲ ਵਿੱਚ ਜੀਵ ਵਿਗਿਆਨੀ ਸਨ ਅਤੇ ਉਹ ਤਜ਼ਰਬਾ ਕਰਨਾ ਚਾਹੁੰਦੇ ਸਨ ਕਿ ਸ਼ੇਰ ਦੇ ਵਾਲ ਕਿਹੜੇ ਤੱਤਾਂ ਤੋਂ ਬਣੇ ਹੁੰਦੇ ਹਨ, ਉਸ ਦੀ ਖੱਲ ਕਿੰਨੀ ਕੁ ਮੋਟੀ ਹੁੰੰਦੀ ਹੈ, ਉਸ ਦੇ ਢਿੱਡ ਵਿੱਚ ਕਿਹੜੀ ਤਾਕਤ ਲੁਕੀ ਹੋਈ ਹੈ? ਇਤ ਆਦਿ। ਪਰ ਸ਼ੇਰ ਕੋਲ ਜਾਣਾ ਔਖਾ ਸੀ ਆਖਿਰ ਕਈ ਮੀਟਿੰਗਾਂ ਉਪਰੰਤ ਉਨ੍ਹਾਂ ਨੇ ਇੱਕ ਵਿਉਂਤ ਬਣਾਈ ਕਿ ਇੱਕ ਬੰਦਾ ਸ਼ੇਰ ਦੀ ਪੂਛ ਤੇ ਪੱਥਰ ਮਾਰੇਗਾ ਅਤੇ ਦੂਜਾ ਬੰਦਾ ਸ਼ੇਰ ਦੀ ਚਾਲ ਤੇ ਨਿਗਾਹ ਰੱਖੇਗਾ। ਜੇ ਸ਼ੇਰ ਸ਼ਾਂਤ ਤੁਰ ਗਿਆ ਤਾਂ ਉਹ ਉਸ ਦੀ ਪੂਛ ਦੇ ਵਾਲ ਇਕੱਠੇ ਕਰਨਗੇ ਅਤੇ ਉਸ ਦੇ ਵਾਲਾਂ ਉਤੇ ਖੂਰਦਬੀਨ ਦੀ ਮਦਦ ਨਾਲ ਤਜਰਬੇ ਕਰਨਗੇ ਤਾਂ ਕਿ ਉਹ ਇਸ ਭੇਤ ਤੋਂ ਪਰਦਾ ਚੁਕ ਸਕਣ ਕਿ ਸ਼ੇਰ ਦੀ ਤਾਕਤ ਉਸ ਦੇ ਅੰਦਰ ਕਿਥੇ ਲੁਕੀ ਹੋਈ ਹੈ। ਸ਼ੇਰ ਨੂੰ ਨਿਸ਼ਾਨਾ ਬਣਾਉਣ ਲਈ ਸਮਾਂ ਅਤੇ ਉਸ ਤੋਂ ਦੂਰੀ ਮਿਥ ਲਈ ਗਈ। ਅਖੀਰ ਉਹ ਘੜੀ ਆ ਹੀ ਗਈ। ਨਿਸ਼ਾਨਾ ਲਾਇਆ ਗਿਆ। ਇੱਕ ਵਾਰ ਤਾਂ ਉਨ੍ਹਾਂ ਨੂੰ ਆਪਣੇ ਦਿਲ ਦੀ ਧੜਕਣ ਰੁਕਦੀ ਹੋਈ ਜਾਪੀ, ਪਰ ਅਗਲੇ ਹੀ ਪਲ ਖੁਸ਼ੀ ਦਾ ਟਿਕਾਣਾ ਨਾ ਰਿਹਾ ਜਦੋਂ ਉਨ੍ਹਾਂ ਨੂੰ ਲਗਿਆ ਕਿ ਸਭ ਠੀਕ ਠਾਕ ਹੋ ਗਿਆ ਹੈ। ਸ਼ੇਰ ਸ਼ਾਂਤ ਚਿਤ ਚਲਦਾ ਜਾ ਰਿਹਾ ਸੀ। ਇਉਂ ਲਗ ਰਿਹਾ ਸੀ ਕਿ ਜਿਵੇਂ ਉਸ ਉਤੇ ਇਸ ਛੇੜ-ਛਾੜ ਦਾ ਕੋਈ ਅਸਰ ਨਹੀਂ ਹੋਇਆ ਹੈ। ੳਨ੍ਹਾਂ ਫਟਾ-ਫਟ ਉਸ ਦੀ ਪੂਛ ਦੇ ਵਾਲ ਇਕੱਠੇ ਕਰ ਕੇ ਪੋਟਲੀ ਵਿੱਚ ਬੰਨੇ ਜਿਉਂ ਹੀ ਉਨ੍ਹਾਂ ਨੇ ਆਪਣੇ ਪਿੰਡ ਵੱਲ ਰੁਖ ਕੀਤਾ ਤਾਂ ਸ਼ੇਰ ਨੇ ਪਿਛੋਂ ਆ ਝਪੱਟਾ ਮਾਰਿਆ ਅਤੇ ਉਨ੍ਹਾਂ ਦੋਵਾਂ ਨੂੰ ਉਥੇ ਹੀ ਚਿੱਤ ਕਰ ਦਿਤਾ।

ਕੋਮੈਟ ਟੈਂਪਲ 1 (ਪੂਛਲ-ਤਾਰਾ) ਦੀ ਪੂਛ ਵੀ ਬੜੀ ਲੰਬੀ ਹੈ। ਲਗਭਗ ਕਈ ਸੋ ਕਿਲੋਮੀਟਰ। ਜੇ ਨਾਸਾ ਦੇ ਵਿਗਿਆਨੀ ਉਸ ਦੀ ਪੂਛ ਛੇੜਦੇ ਤਾਂ ਖੈਰ ਸੀ, ਪਰ ਉਨ੍ਹਾਂ ਭੱਦਰ ਪੁਰਸ਼ਾਂ ਨੇ ਪੱਥਰ ਉਸ ਦੀ ਪੂਛ ਤੇ ਨਹੀਂ ਬਲਕਿ ਉਸ ਦੀ ਨਾਭੀ ਵਿੱਚ ਮਾਰਿਆ ਹੈ, ਅੱਲ੍ਹਾ ਖੈਰ ਕਰੇ!

ਜੇ ਅਮੀਰ ਦੇਸ਼ਾਂ ਦੇ ਵਿਗਿਆਨੀ ਕੁਦਰਤ ਨਾਲ ਛੇੜ-ਛਾੜ ਤੋਂ ਨਹੀਂ ਹਟਦੇ ਤਾਂ ਸਾਡੇ ਟੀ. ਵੀ ਚੈਨਲਾਂ ਵਾਲੇ ਵੀ ਕੋਈ ਘੱਟ ਨਹੀਂ। ਉਹ ਇਸ ਘਟਨਾ ਨੂੰ ਨਾਮ ਦਿੰਦੇ ਹਨ “ਇਨਸਾਨ ਕੀ ਭਗਵਾਨ ਸੇ ਟੱਕਰ”। ਮੈਂਨੂੰ ਇਹ ਸਮਝ ਨਹੀਂ ਸੀ ਆ ਰਿਹਾ ਕਿ ਕੋਈ ਕੋਮੈਟ ਭਗਵਾਨ ਕਿਵੇਂ ਹੋ ਸਕਦਾ ਹੈ, ਮੇਰੀ ਸੋਚ ਮੁਤਾਬਕ ਤਾਂ ਭਗਵਾਨ ਬੇਅੰਤ ਹੈ ਅਤੇ ਕੋਮੈਟ ਦੀ ਹੈਸੀਅਤ ਤਾਂ ਇਸ ਸੌਰ ਮੰਡਲ ਵਿੱਚ ਇੱਕ ਕਿਣਕੇ ਜਿੰਨੀ ਵੀ ਨਹੀਂ।

ਪ੍ਰਭੂ ਮੇਰਾ ਬੇਅੰਤੁ ਹੈ ਅੰਤੁ ਕਿਨੈ ਨ ਲਖਨੀ॥ (੭੯੧)

ਅੰਤੁ ਨ ਜਾਪੈ ਕਿਆ ਮਨਿ ਮੰਤੁ॥

ਅੰਤੁ ਨ ਜਾਪੈ ਕੀਤਾ ਆਕਾਰੁ॥

ਅੰਤੁ ਨ ਜਾਪੈ ਪਾਰਾਵਾਰੁ॥ (੫)

ਸੋਚ ਸੋਚ ਕੇ ਆਖਰ ਮੇਰੇ ਇਹ ਪੱਲੇ ਇਹ ਪਿਆ ਕੇ ਕੋਮੈਟ ਨੂੰ ਛੇੜਨਾ, ਇੱਕ ਸੁੱਤੇ ਹੋਏ ਸ਼ੇਰ ਨੂੰ ਛੇੜਨ ਦੇ ਬਰਾਬਰ ਹੈ। ਜੇ ਇਹ ਸ਼ੇਰ ਉਲਟਾ ਪਿਆ ਤਾਂ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਸਮੇਂ ਭਗਵਾਨ ਯਾਦ ਆਉਣਾ ਸ਼ੁਰੂ ਹੋ ਜਾਵੇਗਾ।

ਵਿਗਿਆਨੀਆਂ ਨੇ ਮੈਡੀਕਲ ਖੇਤਰ ਵਿੱਚ ਕਲੋਨ ਬਣਾ ਕੇ ਸਾਰੇ ਵਿਸ਼ਵ ਵਿੱਚ ਤਰਥੱਲੀ ਮਚਾ ਦਿੱਤੀ। ਜਿਥੇ ਇੱਕ ਮਹਾਤਮਾ ਤੋਂ ਕਈ ਮਹਾਤਮਾ ਬਣਾਉਣ ਦੇ ਸੁਪਨੇ ਲਏ ਜਾਣ ਲੱਗੇ, ਉਥੇ ਇੱਕ ਹਿਟਲਰ ਤੋਂ ਕਈ ਹਿਟਲਰ ਵੀ ਬਣਨੇ ਸੰਭਵ ਸਨ। ਸਾਰਿਆਂ ਪੱਖਾਂ ਤੋਂ ਹਮਸ਼ਕਲ ਦੀ ਪੈਦਾਇਸ਼ ਸੰਭਵ ਹੋ ਗਈ। ਪਹਿਲਾ ਕਲੋਨ ਭੇਡ ਤੋਂ ਤਿਆਰ ਹੋਇਆ, ਡੌਲੀ ਨਾਮ ਰਖਿਆ ਗਿਆ। ਕਿਉਂਕਿ ਕਲੋਨ ਬਣਾਉਣ ਦੀ ਪ੍ਰਕਿਰਿਆ ਕੁਦਰਤ ਦੇ ਕੰਮ ਵਿੱਚ ਸਿੱਧੀ ਦਖਲ-ਅੰਦਾਜ਼ੀ ਸੀ ਇਸ ਲਈ ਇਹ ਡੌਲੀ ਕੋਸ਼ਿਸ਼ਾਂ ਦੇ ਬਾਵਜੂਦ ਵੀ ਬਹੁਤੀ ਦੇਰ ਜ਼ਿੰਦਾ ਨਾ ਰਹਿ ਸਕੀ। ਕਲੋਨ ਦੀ ਖੋਜ ਵਿੱਚ ਹੋਰ ਪੇਚੀਦਗੀਆਂ ਆਉਣ ਨਾਲ ਇਸ ਖੋਜ-ਕਾਰਜ ਨੂੰ ਇਥੇ ਹੀ ਰੋਕ ਦਿੱਤਾ ਗਿਆ।

ਮਨੁੱਖ ਕੋਲ ਕਰਨ ਨੂੰ ਹੋਰ ਬੜੇ ਕਾਰਜ ਹਨ। ਕੁਦਰਤ ਵਿੱਚ ਸਿੱਧਾ ਦਖਲ ਦੇਣ ਦੀ ਬਜਾਇ ਮਨੁੱਖ ਨੂੰ ਸਾਹਮਣੇ ਦਿਸਦੀਆਂ ਵੰਗਾਰਾਂ ਨੂੰ ਕਬੂਲਦੇ ਹੋਏ ਉਨ੍ਹਾਂ ਦਾ ਹੱਲ ਲੱਭਣ ਦੀ ਕੋਸ਼ਿਸ ਕਰਨੀ ਚਾਹੀਦੀ ਹੈ ਜਿਵੇਂ: ਇੱਕ ਸਿਧੇ ਸਾਧੇ ਜ਼ੁਕਾਮ ਦਾ ਇਲਾਜ਼ ਮਨੁੱਖ ਕੋਲ ਨਹੀਂ। ਗੋਡਿਆਂ ਦਾ ਦਰਦ ਕਈ ਬੀਬੀਆਂ ਨੂੰ ਸੌਣ ਨਹੀਂ ਦਿੰਦਾ। ਕੈਂਸਰ ਅਤੇ ਏਡਜ਼ ਵਰਗੇ ਰੋਗ ਅੱਜ ਮੂੰਹ ਅੱਡੀ ਖੜ੍ਹੇ ਹਨ। ਭੁਚਾਲ ਕਿਥੇ ਤੇ ਕਿੰਨੀ ਰਿਕਟਰ ਸਕੇਲ ਦਾ ਹੋਵੇਗਾ, ਇਸ ਦਾ ਅੱਜ ਤੱਕ ਵਿਗਿਆਨੀਆਂ ਨੂੰ ਕੋਈ ਇਲਮ ਨਹੀਂ। ਸੁਨਾਮੀ ਤੋਂ ਬਚਣ ਲਈ ਕੀ ਉਪਾਅ ਕੀਤੇ ਜਾ ਸਕਦੇ ਹਨ? ਹੜ੍ਹਾਂ ਦੀ ਰੋਕਥਾਮ ਕਿਵੇਂ ਹੋਵੇ? ਵਾਯੂਮੰਡਲ ਵਿੱਚ ਵੱਧ ਰਹੀਆਂ ਮੋਬਾਈਲ ਤਰੰਗਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਐਟਮੀ ਸ਼ਕਤੀ ਦੀ ਵਰਤੋਂ ਮਨੁੱਖ ਦੀ ਤਬਾਹੀ ਲਈ ਨਾ ਹੋਵੇ ਇਸ ਨੂੰ ਕਿਵੇਂ ਸੰਭਵ ਬਣਾਇਆ ਜਾ ਸਕਦਾ ਹੈ, ਇਤਿ ਆਦਿ। ਇਹੋ ਜਿਹੇ ਕਈ ਕਾਰਜ ਹਨ ਮਨੁੱਖ ਕੋਲ ਕਰਨ ਲਈ। ਇਨ੍ਹਾਂ ਕਾਰਜਾਂ ਸਦਕਾ ਉਹ ਇਸ ਸਮਾਜ ਦੀ ਸੱਚੀ ਸੇਵਾ ਕਰਨ ਦਾ ਹੱਕਦਾਰ ਹੋ ਸਕਦਾ ਹੈ।




.