.

ਸੰਤਾਂ ਦੇ ਕੌਤਕ .....?
(ਭਾਗ ਦੂਜਾ, ਕਿਸ਼ਤ ਨੰ: 30)

ਭਾਈ ਸੁਖਵਿੰਦਰ ਸਿੰਘ 'ਸਭਰਾ'

ਅਖੰਡ ਕੀਰਤਨੀ ਜਥਾ ਵੀ ਸਿਆਸੀਕਰਣ ਤੋਂ ਨਾ ਬਚਿਆ

(ਜਥਾ ਦੋਫਾੜ)

28 ਜਨਵਰੀ 2005 ਦੀ ਅਖ਼ਬਾਰੀ ਖ਼ਬਰ ਦੇ ਮੁਤਾਬਕ ਅਖੰਡ ਕੀਰਤਨੀ ਜਥਾ ਦੋਫਾੜ ਹੋ ਗਿਆ। ਇਕ ਮੀਟਿੰਗ ਦੌਰਾਨ ਭਾਈ ਰਾਮ ਸਿੰਘ ਦੀ ਥਾਂ `ਤੇ ਭਾਈ ਬਲਦੇਵ ਸਿੰਘ ਨੂੰ ਜਥੇ ਦਾ ਮੁਖੀ ਥਾਪ ਦਿੱਤਾ ਗਿਆ ਹੈ। ਜਦੋਂ ਕਿ ਦੂਜੇ ਪਾਸੇ ਭਾਈ ਰਾਮ ਸਿੰਘ ਦੀ ਸਰਪ੍ਰਸਤੀ ਹੇਠ ਉਹਨਾਂ ਦੇ ਘਰ ਹੋਈ ਇਕ ਮੀਟਿੰਗ ਵਿਚ ਭਾਈ ਬਲਦੇਵ ਸਿੰਘ ਵੱਲੋਂ ਕੀਤੀ ਕਾਰਵਾਈ ਦੀ ਨਿੰਦਾ ਕਰਦਿਆਂ ਉਹਨਾਂ ਨੂੰ ਅਖੰਡ ਕੀਰਤਨੀ ਜਥੇ ਦੀ ਮੁੱਢਲੀ ਮੈਂਬਰਸ਼ਿਪ ਤੋਂ ਖਾਰਜ ਕਰ ਦਿੱਤਾ ਗਿਆ। ਭਾਈ ਰਾਮ ਸਿੰਘ ਧੜੇ ਨੇ ਇਹ ਵੀ ਕਿਹਾ ਕਿ ਭਾਈ ਬਲਦੇਵ ਸਿੰਘ ਵੱਲੋਂ ਜਿਸ ਤਰੀਕੇ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਆਰ: ਐਸ: ਐਸ: ਨੂੰ ਬੁਲਾ ਕੇ ਸਟੇਜ ਤੋਂ ਜੋ ਧਮਕੀ ਰੂਪ ਗੱਲਾਂ ਕੀਤੀਆਂ ਗਈਆਂ। ਇਕੱਠ ਨੇ ਉਸਦੀ ਨਿੰਦਾ ਕੀਤੀ। ਭਾ: ਰਾਮ ਸਿੰਘ ਧੜੇ ਨੇ ਇਹ ਵੀ ਕਿਹਾ ਕਿ ਅਖੰਡ ਕੀਰਤਨੀ ਜਥੇ ਦੇ ਜਥੇਦਾਰ ਭਾ: ਰਾਮ ਸਿੰਘ ਦੇ ਸਰੀਰਕ ਰੂਪ ਵਿਚ ਮੌਜੂਦ ਹੋਣ ਦੇ ਬਾਵਜੂਦ ਭਾਈ ਬਲਦੇਵ ਸਿੰਘ ਵੱਲੋਂ ਜਥੇ ਦੀ ਜਥੇਦਾਰੀ ਸੰਬੰਧੀ ਜੋ ਮਸਲਾ ਉਠਾਇਆ ਗਿਆ ਹੈ ਉਹ ਨਿੰਦਣਯੋਗ ਹੈ ਅਤੇ ਅਖੰਡ ਕੀਰਤਨੀ ਜਥਾ ਪਹਿਲਾਂ ਹੋਏ ਫ਼ੈਸਲੇ ਮੁਤਾਬਕ ਹੀ ਭਾਈ ਰਾਮ ਸਿੰਘ ਹੈ ਆਯੂ ਪ੍ਰਯੰਤ ਪ੍ਰਵਾਨ ਕਰਦਾ ਹੈ। ਇਸਦੇ ਵਿਰੁੱਧ ਕਿਸੇ ਵੀ ਕਾਰਵਾਈ ਦਾ ਵਿਰੋਧ ਕੀਤਾ ਜਾਵੇਗਾ। ਜਥੇਦਾਰ ਅਧੀਨ 11 ਮੈਂਬਰੀ ਕਮੇਟੀ ਵੀ ਬਣਾਈ ਗਈ ਹੈ ਅਤੇ ਭਾਈ ਬਲਦੇਵ ਸਿੰਘ ਨੂੰ ਅਖੰਡ ਕੀਰਤਨੀ ਜਥੇ ਦੇ ਪ੍ਰਤੀਨਿਧ ਜਾਂ ਮੈਂਬਰ ਦੇ ਰੂਪ ਵਿਚ ਨਾ ਪ੍ਰਵਾਨਿਆ ਜਾਵੇ।

ਓਧਰ ਭਾਈ ਬਲਦੇਵ ਸਿੰਘ ਅਖੰਡ ਕੀਰਤਨੀ ਜਥੇ ਦੇ ਮੁਖੀ ਐਲਾਨੇ ਜਾਣ ਬਾਅਦ ਦਰਬਾਰ ਸਾਹਿਬ ਮੱਥਾ ਟੇਕਣ ਗਏ। ਉਥੇ ਉਹਨਾਂ ਨੂੰ ਸਿਰਪਾਉ ਵੀ ਦਿੱਤਾ ਗਿਆ। ਇਸ ਤਰ੍ਹਾਂ ਇਹਨਾਂ ਨੂੰ ਆਪੋ ਆਪਣੀ ਪਈ ਹੋਈ ਹੈ।

ਡੇਰੇਦਾਰ ਵੀ ਕਿਰਾਏ ਤੇ ਪਾਠੀ ਲਿਆਉਂਦੇ

ਕਾਰ ਸੇਵਾ ਅਤੇ ਹੋਰ ਡੇਰਿਆਂ ਵਿਚ ਗੁਰਬਾਣੀ ਦੀ ਪੜ੍ਹਾਈ ਬਿਲਕੁਲ ਨਹੀਂ ਕਰਵਾਈ ਜਾਂਦੀ। ਗੱਡੀਆਂ ਦੀ ਡਰਾਈਵਰੀ ਸਿਖਾਉਂਦੇ ਹਨ, ਘੜੀਆਂ ਬੰਨ੍ਹਣੀਆਂ, ਸੋਨੇ ਦੇ ਛਾਪਾਂ ਕੜੇ ਪਾਉਣੇ ਸਿਖਾਉਂਦੇ ਹਨ। ਹਥਿਆਰ, ਪਿਸਟਲ, ਬੰਦੂਕਾਂ ਚਲਾਉਣੀਆਂ ਸਿਖਾਉਂਦੇ ਹਨ। ਰਾਜਨੀਤਕ ਲੀਡਰਾਂ ਨਾਲ ਮਿਲਣਾ ਵਰਤਣਾ, ਉਹਨਾਂ ਦੀ ਆਉ ਭਗਤ ਕਰਨੀ ਸਿਖਾਉਂਦੇ ਹਨ। ਡੇਰੇਦਾਰਾਂ ਨੂੰ ਮੱਥੇ ਟੇਕਣੇ, ਇਹਨਾਂ ਦੀ ਸਿਫ਼ਤਾਂ ਕਰਨੀਆਂ, ਇਹਨਾਂ ਦੇ ਨਾਂਵਾਂ ਨਾਲ ਅੰਤਰਯਾਮਤਾ ਵਾਲੀਆਂ ਕਹਾਣੀਆਂ ਜੋੜਨੀਆਂ ਸਿਖਾਈਆਂ ਜਾਂਦੀਆਂ ਹਨ। ਝੂਠ ਬੋਲਣਾ ਧਰਮ ਦੇ ਨਾਂ `ਤੇ ਕਰਮ ਕਾਂਡ ਕਰਨੇ ਸਿਖਾਏ ਜਾਂਦੇ ਹਨ, ਉਗਰਾਹੀ ਕਰਨ ਦੀ ਜਾਚ ਵੀ ਇਹ ਸਿਖਾਉਂਦੇ ਹਨ। ਗੁਰਬਾਣੀ, ਗੁਰਮਤਿ ਨਾਲ ਇਹਨਾਂ ਦਾ ਦੂਰ ਦਾ ਵੀ ਸੰਬੰਧ ਨਹੀਂ ਹੈ ਕਿਉਂਕਿ ਜਿਨ੍ਹਾਂ ਦਾ ਮਨਮੱਤਾਂ ਕਰਦਿਆਂ ਸਰਦਾ ਹੋਵੇ ਉਹਨਾਂ ਨੂੰ ਗੁਰਮਤਿ ਦੀ ਲੋੜ ਵੀ ਕੀ ਹੈ। ਗੁਰਬਾਣੀ ਦੀ ਇਹਨਾਂ ਨੂੰ ਲੋੜ ਵੀ ਕੀ ਹੈ। ਗੁਰੂ ਦੇ ਬਚਨ (ਹੁਕਮ) ਦੀ ਬਜਾਏ ਡੇਰਿਆਂ ਵਿਚ ਬਾਬਿਆਂ ਦੇ ਹੀ ਹੁਕਮ ਚਲਦੇ ਹਨ। ਬਹੁਤੇ ਡੇਰੇਦਾਰ ਕੇਵਲ ਸਤਿਨਾਮ ਵਾਹਿਗੁਰੂ ਹੀ ਬੁਲਾ ਛੱਡਦੇ ਹਨ ਅਤੇ ਇਹ ਸਵਰਗਾਂ ਵਿਚ ਜਾਣ ਦੀਆਂ ਬੜੀਆਂ ਆਸਾਂ ਲਾਈ ਬੈਠੇ ਹਨ, ਪਰ ਹੋਵੇਗਾ ਇਹਨਾਂ ਦੀ ਆਸ ਦੇ ਉਲਟ। ਸਾਡੇ ਲਾਗੇ ਕਈ ਡੇਰੇ ਹਨ। ਪਿੰਡ ਸਰਹਾਲੀ ਕਲਾਂ ਵੀ ਡੇਰਿਆਂ ਵਿਚ ਜਦੋਂ ਅਖੰਡ ਪਾਠ ਹੁੰਦੇ ਹਨ ਤਾਂ ਪਿੰਡ ਸਭਰਾ ਤੋਂ ਉਹ ਅਖੰਡ ਪਾਠੀ ਲਿਜਾਂਦੇ ਹਨ ਜੋ ਪਾਠ ਦੀ ਭੇਟਾ ਨਹੀਂ ਲੈਂਦੇ ਕਿਉਂਕਿ ਇਹਨਾਂ ਕੋਲ ਗੁਰਬਾਣੀ ਪੜ੍ਹਨ ਵਾਲੇ ਨਹੀਂ ਹਨ। ਬਹੁਤੇ ਡੇਰਿਆਂ ਵਾਲੇ ਕਿਰਾਏ `ਤੇ ਪਾਠ ਕਰਾਉਣ ਦੇ ਆਦੀ ਹੋ ਚੁੱਕੇ ਹਨ। ਜਿੰਮੇਵਾਰ ਕੌਣ?

ਜੀਊਬਾਲੇ ਵਾਲਾ ਬਾਬਾ

ਇਹ ਬਾਬਾ ਵੀ ਲੋਕਾਂ ਨੂੰ ਮੁੰਡੇ ਵੰਡ ਰਿਹਾ ਹੈ। ਇਹ 13 ਮਾਸੇ ਸੋਨਾ, 13 ਕਿਲੋ ਮਾਂਹ, 13 ਮੀਟਰ ਕੱਪੜਾ, ਸਾਰਾ ਕੁਝ 13-13 ਦੇ ਹਿਸਾਬ ਨਾਲ ਲੈਂਦਾ ਹੈ। ਮੁੰਡੇ ਦੇਣ ਦੇ ਦਾਅਵੇ ਕਰਦਾ ਹੈ ਪਰ ਕਈਆਂ ਦੇ ਕੁੜੀਆਂ ਵੀ ਹੋ ਜਾਂਦੀਆਂ ਹਨ। ਇਹਦੇ ਡੇਰੇ ਵੀ ਨਸ਼ੇ ਆਦਿ ਵਰਤੇ ਜਾਂਦੇ ਹਨ। ਸਿੱਖ ਰਹਿਤ ਮਰਯਾਦਾ ਦੇ ਉਲਟ ਇਹ ਅਖੰਡ ਪਾਠਾਂ ਤੇ ਕਾਫੀ ਕਰਮਕਾਂਡ ਕਰਦੇ ਹਨ। ਦੀਵੇ ਬਾਲ ਕੇ ਆਰਤੀਆਂ ਵੀ ਕਰਦੇ ਹਨ ਜੋ ਕਿ ਸਰਾਸਰ ਗੁਰਮਤਿ ਦੇ ਉਲਟ ਕੰਮ ਹਨ।

ਧਰਮ ਓਹਲੇ ਕੁਕਰਮ

ਨੈਸਲੇ ਡੇਅਰੀ ਤੋਂ ਤੁਰ ਕੇ ਕਿੱਥੇ ਪਹੁੰਚ ਗਿਐ ਚੰਦਾਂ ਵਾਲਾ ਬਾਬਾ ਨਛੱਤਰ ਸਿੰਘ

ਬਾਘਾ ਪੁਰਾਣਾ, 2 ਜੁਲਾਈ—ਧਰਮ ਦੀ ਆੜ ਹੇਠ ਲੋਕਾਂ ਦੀ ਖ਼ੂਨ-ਪਸੀਨੇ ਦੀ ਕਮਾਈ ਇਕੱਠੀ ਕਰਕੇ ਆਪਣੀਆਂ ਨਿੱਜੀ ਜ਼ਮੀਨਾਂ ਵਿਚ ਆਪੇ ਬਣੇ ਪਾਖੰਡੀ ਬਾਬਿਆਂ ਵੱਲੋਂ ਬਣਾਏ ਗਏ ਮਹਿਲਾਂਰੂਪੀ ਡੇਰੇ ਜਿੱਥੇ ਇਹਨਾਂ ਬਾਬਿਆਂ ਲਈ ਵਰਦਾਨ ਸਾਬਤ ਹੋ ਰਹੇ ਹਨ, ਉੱਥੇ ਇਹ ਬਾਬੇ ਸਿੱਖ ਧਰਮ ਨੂੰ ਕਲੰਕਤ ਵੀ ਕਰ ਰਹੇ ਹਨ। ਇੱਥੇ ਹੀ ਬਸ ਨਹੀਂ, ਇਹ ਬਾਬੇ ਆਪਣਾ ਤੋਰੀ ਫੁਲਕਾ ਚਲਾਉਣ ਲਈ ਧਰਮ ਦੀ ਆੜ ਹੇਠ ਸਮਾਜ ਸੇਵਾ ਦੇ ਨਾਂਅ `ਤੇ ਲੋਕਾਂ ਨੂੰ ਠੱਗ ਰਹੇ ਹਨ। ਅਜਿਹਾ ਹੀ ਇਕ ਬਾਬਾ ਹੈ ਨਛੱਤਰ ਸਿੰਘ ਚੰਦ ਪੁਰਾਣੇ ਵਾਲਾ ਜੋ ਇਕ ਸਾਧਾਰਨ ਵਿਅਕਤੀ ਤੋਂ ਕੁਝ ਹੀ ਸਮੇਂ ਵਿਚ ਲੋਕਾਂ ਨੂੰ ਭੰਬਲਭੂਸੇ `ਚ ਪਾਉਣ ਵਿਚ ਪੂਰੀ ਤਰ੍ਹਾਂ ਮਾਹਿਰ ਹੋ ਗਿਆ।

ਇਕੱਠੀ ਕੀਤੀ ਜਾਣਕਾਰੀ ਅਨੁਸਾਰ ਇਹ ਬਾਬਾ 1990-91 ਦਰਮਿਆਨ ਮੋਗਾ ਹੀ ਨੈਸਲੇ ਡੇਅਰੀ ਵਿਚ ਛੋਟੀ ਜਿਹੀ ਨੌਕਰੀ ਕਰਦਾ ਸੀ। ਉਸ ਟਾਈਮ ਇਸ ਦੇ ਦਾੜ੍ਹੀ ਕੇਸ ਵੀ ਕੱਟੇ ਹੋਏ ਸਨ। ਉਨ੍ਹਾਂ ਦਿਨਾਂ ਵਿਚ ਇਸ ਨੇ ਆਪਣੀ ਨਿੱਜੀ ਜ਼ਮੀਨ ਵਿਚ ਬਣੀ ਹੋਈ ਆਪਣੇ ਦਾਦੇ-ਪੜਦਾਦੇ ਦੀ ਸਮਾਧ `ਤੇ ਆਉਣਾ ਸ਼ੁਰੂ ਕਰ ਦਿੱਤਾ ਅਤੇ ਆਪਣੇ ਵਿਚ ਉਸ ਸਮਾਧ ਵਾਲੇ ਸ਼ਹੀਦ ਬਾਬਾ ਤੇਗਾ ਸਿੰਘ ਦੀ ਰੂਹ ਆਉਣ ਦਾ ਪਾਖੰਡ ਰਚਿਆ। ਪਤਾ ਲੱਗਾ ਹੈ ਕਿ ਇਹ ਆਪੇ ਬਣੇ ਬਾਬੇ ਵੱਲੋਂ ਡੇਅਰੀ ਵਿਖੇ ਨੌਕਰੀ ਦਰਮਿਆਨ ਇਕ ਵਾਰ ਆਪਣੇ-ਆਪ ਨੂੰ ਕਰਾਮਾਤੀ ਸਿੱਧ ਕਰਨ ਦੀ ਖ਼ਾਤਰ ਕਥਿਤ ਤੌਰ `ਤੇ ਡੇਅਰੀ ਵਿਚ ਅੱਗ ਲਗਾ ਦਿੱਤੀ ਗਈ ਸੀ, ਤਾਂ ਜੋ ਉਥੋਂ ਦੇ ਕਰਮਚਾਰੀ, ਅਧਿਕਾਰੀ ਇਸ ਨੂੰ ਗ਼ੈਰ ਹਾਜ਼ਰ ਰਹਿਣ `ਤੇ ਕੋਈ ਕਿੰਤੂ-ਪ੍ਰੰਤੂ ਨਾਂ ਕਰਨ, ਕਿਉਂਕਿ ਇਹ ਬਾਬਾ ਲੋਕਾਂ ਦੇ ਘਰੀਂ ਜਾ ਕੇ ਤਵੀਤ ਕੱਢਣ ਦਾ ਪਾਖੰਡ ਕਰਦਾ ਹੁੰਦਾ ਸੀ, ਇਸ ਕਰਕੇ ਇਹ ਡੇਅਰੀ ਵਿਚੋਂ ਅਕਸਰ ਗ਼ੈਰ-ਹਾਜ਼ਰ ਰਹਿੰਦਾ ਸੀ।

ਇਸ ਤੋਂ ਬਾਅਦ 1995 ਵਿਚ ਇਸ ਨੇ ਪਿੰਡ ਬੁੱਟਰ ਮੋਗਾ ਵਿਖੇ ਬੇਅਬਾਦ ਪਏ ਥੇਹ ਦੀ ਜ਼ਮੀਨ, ਜੋ ਲਗਭਗ ਚਾਰ ਕਿੱਲੇ ਦੱਸੀ ਜਾਂਦੀ ਹੈ, ਵਿਚੋਂ ਸੋਨੇ ਦੀਆਂ ਮੋਹਰਾਂ ਨਾਲ ਭਰਿਆ ਹੋਇਆ ਕੜਾਹਾ ਕੱਢਣ ਦਾ ਪਾਖੰਡ ਰਚਿਆ। ਪਿੰਡ ਬੁੱਟਰ ਦੇ ਸੂਝਵਾਨ ਲੋਕਾਂ ਨੇ ਇਸ ਪਾਖੰਡ ਵਿਰੁੱਧ ਸਟੈਂਡ ਲਿਆ ਅਤੇ ਮਿੱਥੀ ਹੋਈ ਤਰੀਕ ਤੋਂ ਤਿੰਨ ਦਿਨ ਪਹਿਲਾਂ ਹੀ ਉਸ ਜਗ੍ਹਾ `ਤੇ ਨਿਗਰਾਨੀ ਲਈ ਉਥੇ ਬੈਠ ਗਏ। ਉਨ੍ਹਾਂ ਇਸ ਸਾਰੀ ਘਟਨਾ ਦੀ ਜਾਣਕਾਰੀ ਤਰਕਸ਼ੀਲਾਂ ਨੂੰ ਵੀ ਦਿੱਤੀ। ਮਿੱਥੀ ਹੋਈ ਤਰੀਕ ਨੂੰ ਇਹ ਬਾਬਾ ਆਪਣੇ ਸ਼ਰਧਾਲੂਆਂ ਅਤੇ ਅਸਲੇ ਨਾਲ ਲੈਸ ਵਿਅਕਤੀਆਂ ਨਾਲ ਪਿੰਡ ਬੁੱਟਰ ਥੇਹ `ਤੇ ਪੁੱਜਾ, ਜਿੱਥੇ ਪਹਿਲਾਂ ਹੀ ਤਰਕਸ਼ੀਲ ਸੁਸਾਇਟੀ ਬਰਗਾਵੜੀ ਦੇ ਆਗੂ ਅਤੇ ਪਿੰਡ ਵਾਸੀਆਂ ਦਾ ਭਾਰੀ ਇਕੱਠ ਹੋ ਚੁੱਕਾ ਸੀ। ਬਾਬੇ ਨੇ ਜਦੋਂ ਮੋਹਰਾਂ ਵਾਲਾ ਕੜਾਹਾ ਕੱਢਣ ਲਈ ਉਥੋਂ ਸਭ ਨੂੰ ਚਲੇ ਜਾਣ ਲਈ ਕਿਹਾ ਤਾਂ ਲੋਕਾਂ ਨੇ ਕਿਹਾ ਕਿ ਕੜਾਹਾ ਸਭ ਦੇ ਸਾਹਮਣੇ ਕੱਢਿਆ ਜਾਵੇ। ਆਖ਼ਰ ਇਸ ਦੇ ਪਾਖੰਡ ਦਾ ਭਾਂਡਾ ਭੱਜਿਆ, ਜਦ ਉਥੋਂ ਕੁਝ ਵੀ ਹੱਥ ਪੱਲੇ ਨਾ ਪਿਆ। ਲੋਕਾਂ ਸਾਹਮਣੇ ਸੱਚ ਨੰਗਾ ਹੁੰਦਾ ਦੇਖ ਕੇ ਅਖ਼ੀਰ ਇਸ ਬਾਬੇ ਨੇ ਉਥੋਂ ਭੱਜ ਨਿਕਲਣ ਲਈ ਥਾਣਾ ਮੇਹਣਾ ਦੀ ਮਦਦ ਲਈ ਅਤੇ ਕੜਾਹਾ ਫੇਰ ਕੱਢਣ ਦੀ ਗੱਲ ਕਹਿ ਕੇ ਖਿਸਕ ਗਿਆ। ਅਸਲ ਵਿਚ ਇਹ ਬਾਬਾ ਇਸ ਚਾਰ ਕਿੱਲੇ ਜ਼ਮੀਨ, ਜੋ ਕਿ ਬੇਆਬਾਦ ਪਈ ਹੋਈ ਸੀ, ਨੂੰ ਕਰਾਮਾਤੀ ਜ਼ਮੀਨ ਦਾ ਭੁਲੇਖਾ ਪਾ ਕੇ ਇਸ `ਤੇ ਆਪਣਾ ਕਬਜ਼ਾ ਕਰਕੇ ਡੇਰਾ ਉਸਾਰਨਾ ਚਾਹੁੰਦਾ ਸੀ, ਜੋ ਪਿੰਡ ਦੇ ਲੋਕਾਂ ਦੀ ਸੋਚ ਤਰਕਸ਼ੀਲ ਹੋਣ ਕਾਰਨ ਉਨ੍ਹਾਂ ਨੇ ਬਚਾ ਲਈ। ਇਸ ਨਾਲ ਜਿੱਥੇ ਇਸ ਬਾਬੇ ਦਾ ਸੋਨੇ ਦੀਆਂ ਮੋਹਰਾਂ ਕੱਢਣ ਦਾ ਪਾਖੰਡ ਨੰਗਾ ਹੋਇਆ, ਓਥੇ ਇਸ ਬਾਬੇ ਨੇ ਤਰਕਸ਼ੀਲਾਂ ਤੋਂ ਥਾਣਾ ਬਾਘਾ ਪੁਰਾਣਾ ਵਿਖੇ ਲਿਖਤੀ ਮੁਆਫ਼ੀ ਮੰਗ ਕੇ ਖਹਿੜਾ ਛੁਡਾਇਆ ਅਤੇ ਅੱਗੇ ਤੋਂ ਇਹ ਪਾਖੰਡ ਬੰਦ ਕਰਨ ਦਾ ਵਾਅਦਾ ਵੀ ਕੀਤਾ, ਪਰ ਇਸ ਨੇ ਆਪਣੇ ਪਾਖੰਡ ਦਾ ਸਿਲਸਿਲਾ ਉਸੇ ਤਰ੍ਹਾਂ ਜਾਰੀ ਰੱਖਿਆ।

ਇਸ ਤੋਂ ਬਾਅਦ ਬਾਬੇ ਨੇ ਸਿੱਖੀ ਰੂਪ ਧਾਰਨ ਕਰਕੇ ਦਾੜ੍ਹੀ ਅਤੇ ਕੇਸ ਰੱਖ ਲਏ ਤੇ ਪੈਂਟ ਸ਼ਰਟਾਂ ਦੀ ਥਾਂ ਗੋਡਿਆਂ ਤਕ ਚੋਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸਦੇ ਨਾਲ ਹੀ ਇਸ ਨੇ ‘ਸਾਧ ਤੇ ਸਿਆਸਤ’ ਦੀ ਪਰੰਪਰਾ ਨੂੰ ਕਾਇਮ ਰਖਦਿਆਂ ਸਿਆਸੀ ਲੀਡਰਾਂ ਨਾਲ ਹੱਥ ਮਿਲਾਉਣ ਦਾ ਸਿਲਸਿਲਾ ਜਾਰੀ ਕਰ ਦਿੱਤਾ। ਇਸ ਦਾ ਸਬੂਤ ਇਸ ਦੇ ਆਲੀਸ਼ਾਨ ਬੰਗਲੇ ਰੂਪ ਡੇਰੇ ਵਿਚ ਲੱਗੀਆਂ ਤਸਵੀਰਾਂ ਮੂੰਹੋਂ ਬੋਲਦੀਆਂ ਹਨ। ਇਥੇ ਹੀ ਬਸ ਨਹੀਂ, ਇਸ ਡੇਰੇ ਨੂੰ ਜਾਂਦੇ ਕੱਚੇ ਰਸਤੇ ਨੂੰ ਅਕਾਲੀ-ਭਾਜਪਾ ਸਰਕਾਰ ਦੌਰਾਨ ਸਰਕਾਰੀ ਖਰਚੇ ਨਾਲ ਪੱਕਾ ਕੀਤਾ ਗਿਆ, ਜਿਸ ਦਾ ਉਦਘਾਟਨ ਬਾਘਾ ਪੁਰਾਣਾ ਦੇ ਅਕਾਲੀ ਵਿਧਾਇਕ ਨੇ ਕੀਤਾ।

ਅੱਜ ਦੇ ਵਿਗਿਆਨਕ ਯੁੱਗ ਵਿਚ ਜਿੱਥੇ ਕੈਂਸਰ, ਏਡਜ਼ ਅਤੇ ਹੋਰ ਜਾਨ ਲੇਵਾ ਬਿਮਾਰੀਆਂ ਲਈ ਵਿਗਿਆਨੀ ਵੀ ਜਵਾਬ ਦੇ ਜਾਂਦੇ ਹਨ, ਉਕਤ ਬਾਬਾ ਅਜਿਹੀਆਂ ਬਿਮਾਰੀਆਂ ਵਾਲੇ ਮਰੀਜ਼ਾਂ ਨੂੰ ਵੀ ਭਰਮ-ਭੁਲੇਖਿਆਂ ਵਿਚ ਪਾ ਕੇ ਉਨ੍ਹਾਂ ਨੂੰ ਆਪਣੇ ਚੰਗੁਲ ਵਿਚ ਫਸਾ ਲੈਂਦਾ ਹੈ। ਅਜਿਹੀਆਂ ਬਿਮਾਰੀਆਂ ਲਈ ਅਤੇ ਪੁੱਤਰਾਂ ਦੀਆਂ ਦਾਤਾਂ ਦੇਣ ਲਈ ਇਸ ਬਾਬੇ ਵੱਲੋਂ ਚਿੱਟੀ ਸਰ੍ਹੋਂ ਅਤੇ ਜਲ ਆਦਿ ਮੰਤਰ ਕੇ ਦਿੱਤੇ ਜਾਂਦੇ ਹਨ।

ਪੱਤਰਕਾਰਾਂ ਵੱਲੋਂ ਦੇਖਿਆ ਗਿਆ ਹੈ ਕਿ ਬਾਬਾ ਅਜਿਹੇ ਹੀ ਮਾਨਸਿਕ ਤੌਰ `ਤੇ ਬਿਮਾਰ ਵਿਅਕਤੀਆਂ, ਜਿਨ੍ਹਾਂ ਵਿਚ ਆਦਮੀ, ਔਰਤਾਂ ਅਤੇ ਅਣ-ਵਿਆਹੀਆਂ ਲੜਕੀਆਂ ਵੀ ਸ਼ਾਮਲ ਸਨ, ਨੂੰ ਆਪਣੇ ਹੱਥ ਵਿਚਲੀ ਖੂੰਡੀ ਨਾਲ ‘ਦਮ’ ਕਰ ਰਿਹਾ ਸੀ ਅਤੇ ਉਨ੍ਹਾਂ ਦੇ ਸਰੀਰ `ਤੇ ਥਾਪੜਾ ਜਿਹਾ ਦੇ ਕੇ ਉਨ੍ਹਾਂ ਦੇ ਦੁੱਖ ਦੂਰ ਹੋਣ ਦੇ ਲਾਰੇ ਲਗਾ ਰਿਹਾ ਸੀ, ਜਦਕਿ ਸਿੱਖ ਧਰਮ ਵਿਚ ਧਾਗੇ-ਤਵੀਤਾਂ, ਪੁੱਛਾਂ-ਟੇਵਿਆਂ ਆਦਿ ਵਹਿਮਾਂ-ਭਰਮਾਂ ਤੋਂ ਦੂਰ ਰਹਿਣ ਲਈ ਵਰਜਿਆ ਗਿਆ ਹੈ। ਸਿੱਖ ਧਰਮ ਨੂੰ ਕਲੰਕਿਤ ਕਰਨ ਵਾਲਾ ਇਹ ਬਾਬਾ ਹੁਣ ਭਾਵੇਂ ਅੰਮ੍ਰਿਤ ਛਕਣ ਅਤੇ ਸਾਦਾ ਜੀਵਨ ਬਤੀਤ ਕਰਨ ਦੇ ਉਪਦੇਸ਼ ਦਿੰਦਾ ਹੈ, ਪਰ ਇਸ ਬਾਬੇ ਦੀ ਟੌਹਰ ਵੱਲ ਝਾਤ ਮਾਰੀ ਜਾਵੇ ਤਾਂ ਬੜੀ ਹੈਰਾਨਗੀ ਹੁੰਦੀ ਹੈ। ਕੰਨਾਂ ਤੋਂ ਉੱਚਾ ਚੁੱਕ ਕੇ ਬੰਨ੍ਹਿਆ ਹੋਇਆ ਸਫ਼ੈਦ ਗੋਲ ਪਰਨਾ, ਅੱਖਾਂ `ਤੇ ਐਨਕ, ਗੋਲ ਕੁੰਢੀਆਂ ਮੁੱਛਾਂ, ਮੋਬਾਇਲ ਫ਼ੋਨ, ਆਵਾਜਾਈ ਦੇ ਸਾਧਨ ਲਈ ਜਿਪਸੀ, ਬਾਬੇ ਦੀ ਸੁਰੱਖਿਆ ਲਈ ਹਮੇਸ਼ਾਂ ਨਾਲ ਰਹਿਣ ਵਾਲੇ ਗੰਨਮੈਨ ਆਦਿ ਕਈ ਹੋਰ ਸਹੂਲਤਾਂ ਦਾ ਆਨੰਦ ਮਾਣ ਰਿਹਾ ਹੈ। ਇਸ ਡੇਰੇ ਵਿਚ ਮਾਨਸਿਕ ਬਿਮਾਰੀ ਨਾਲ ਪੀੜਤ ਔਰਤ ਨੂੰ ਭੂਤ-ਪ੍ਰੇਤ ਕੱਢਣ ਲਈ ਦੇਸੀ ਘਿਓ ਦੀ ਧੂਣੀ ਕੋਲ ਬਿਠਾ ਕੇ ਉਸ ਦੀ ਓਪਰੀ ਕਸਰ ਕੱਢਣ ਲਈ ਬਾਬੇ ਵੱਲੋਂ ਉਸ ਔਰਤ ਨੂੰ ਤਸੀਹੇ ਦਿੱਤੇ ਜਾਂਦੇ ਵੇਖੇ ਗਏ। ਉਸ ਦੇ ਵਾਲ ਪੁੱਟਣ ਅਤੇ ਚਿਮਟੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। ਸਭ ਤੋਂ ਅਹਿਮ ਗੱਲ ਇਹ ਹੈ ਕਿ ਇਸ ਬਾਬੇ ਕੋਲ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਵੀ ਆਉਣਾ-ਜਾਣਾ ਬਣਿਆ ਰਹਿੰਦਾ ਹੈ। ਇਹ ਬਾਬਾ ਕਿਸੇ ਨਾ ਕਿਸੇ ਬਹਾਨੇ ਜ਼ਿਲ੍ਹਾ ਪੱਧਰ ਦੇ ਅਫ਼ਸਰਾਂ ਨੂੰ ਇਥੇ ਬੁਲਾ ਲੈਂਦਾ ਹੈ ਅਤੇ ਸਿਰੋਪਾਓ ਆਦਿ ਦੇ ਕੇ ਉਨ੍ਹਾਂ ਨਾਲ ਤਾਲਮੇਲ ਬਣਾਈ ਰੱਖਦਾ ਹੈ, ਇਸ ਕਰਕੇ ਇਸ ਬਾਬੇ ਵਿਰੁੱਧ ਬੋਲਣ ਦੀ ਕੋਈ ਹਿੰਮਤ ਨਹੀਂ ਕਰਦਾ। ਇਸ ਤਰ੍ਹਾਂ ਇਹ ਡੇਰਾ ਸਿਆਸੀ ਅਤੇ ਸਰਕਾਰੀ ਛਤਰ-ਛਾਇਆ ਹੇਠ ਹਰ ਰੋਜ਼ ਫਲ-ਫੁਲ ਰਿਹਾ ਹੈ ਤੇ ਹਜ਼ਾਰਾਂ ਲੋਕਾਂ ਨੂੰ ਲੁੱਟ ਦਾ ਸ਼ਿਕਾਰ ਬਣਾ ਕੇ ਆਪਣਾ ਕੂੜ-ਪਸਾਰਾ ਫੈਲ ਰਿਹਾ ਹੈ। ਸਿੱਖ ਵਿਚਾਰਧਾਰਾ ਦੇ ਧਾਰਨੀ ਲੋਕਾਂ ਨੇ ਸ਼੍ਰੋਮਣੀ ਕਮੇਟੀ ਨੂੰ ਕਿਹਾ ਹੈ ਕਿ ਸਿੱਖ ਧਰਮ ਕਲੰਕਿਤ ਕਰਨ ਵਾਲੇ ਇਸ ਅਖੌਤੀ ਸਿੱਖ ਬਾਬੇ, ਜੋ ਸਿੱਖੀ ਦੇ ਨਾਂਅ ਹੇਠ ਲੋਕਾਂ ਨੂੰ ਅੰਧ-ਵਿਸ਼ਵਾਸਾਂ, ਮੜ੍ਹੀਆਂ-ਮਸਾਣੀਆਂ ਆਦਿ ਦੀ ਪੂਜਾ ਵਿਚ ਪਾ ਕੇ ਭਰਮਾਂ ਵਿਚ ਪਾਉਣ ਲਈ ਤੁਲਿਆ ਹੋਇਆ ਹੈ, ਦੇ ਵਿਰੁੱਧ ਤੁਰੰਤ ਕੋਈ ਠੋਸ ਕਦਮ ਉਠਾਵੇ।
.